Giani Gurmukh Singh Musafir
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ

Punjabi Kavita
  

27 January Giani Gurmukh Singh Musafir

27 ਜਨਵਰੀ ਗੁਰਮੁਖ ਸਿੰਘ ਮੁਸਾਫ਼ਿਰ

"ਇਸ ਥੜੇ ਉੱਤੇ, ਇੱਕ ਵੱਡੇ ਛਤਰ ਹੇਠਾਂ ਰਾਸ਼ਟਰਪਤੀ ਜੀ ਬੈਠੇ ਸਨ। ਪ੍ਰੇਡ-ਸਲਾਮੀ ਲਈ ਰਾਸ਼ਟਰਪਤੀ ਜੀ ਇੱਥੇ ਖਲੋਤੇ ਸਨ। ਇਥੇ ਮਲਕਾ ਰਾਣੀ ਬੈਠੀ ਸੀ। ਮਲਕਾ ਦਾ ਮਾਲਕ, ਪਰਧਾਨ ਮੰਤਰੀ ਜੀ ਤੇ ਉਨ੍ਹਾਂ ਦੇ ਵਜ਼ੀਰ ਇਥੇ ਬੈਠੇ ਸਨ। ਉਪ-ਰਾਸ਼ਟਰਪਤੀ, ਅਹੁ ਬਿਲਕੁਲ ਸਾਹਮਣੇ; ਉਹ ਜਗ੍ਹਾ ਬਦੇਸ਼ੀ ਪ੍ਰਾਹੁਣਿਆਂ ਲਈ ਸੀ। ਮੈਂਬਰ ਲੋਕ ਤੇ ਹੋਰ ਸ਼ਹਿਰ ਦੇ ਪਤਵੰਤੇ ਇਨ੍ਹਾਂ ਕੁਰਸੀਆਂ ਅਤੇ ਬੈਂਚਾਂ 'ਤੇ ਬੈਠੇ ਸਨ। ਆਮ ਦੁਨੀਆਂ ਅਹੁ ਸਾਹਮਣੇ ਫਵ੍ਹਾਰੇ ਦੇ ਨਾਲ ਨਾਲ ਜਾਂਦੇ ਜੰਗਲੇ ਦੇ ਅੰਦਰ ਤਾੜੀ ਹੋਈ ਸੀ। ਮੈਂ ਜੰਗਲਾ ਟੱਪ ਕੇ ਉਥੇ ਅਹੁ ਸਾਹਮਣੇ ਨਿਕਿਆਂ ਅਫ਼ਸਰਾਂ ਵਾਲੀ ਜਗ੍ਹਾ ਤੇ ਪਹੁੰਚ ਗਿਆ ਸਾਂ। ਜ਼ਰਾ ਹਿੰਮਤ ਕਰ ਕੇ ਮੈਂ ਸਭ ਕੁੱਝ ਵੇਖ ਲਿਆ।" ਇੱਕ ਜੁਆਨ ਜਿਹਾ ਜਮਾਂਦਾਰ, ਮਾੜੂਏ ਜਿਹੇ, ਕੁੱਬੇ, ਬੁੱਢੇ ਜਮਾਂਦਾਰ ਨੂੰ ਇਹ ਸਭ ਕੁੱਝ ਵਿਖਾ ਰਿਹਾ ਸੀ। ਕੁੱਬਾ ਜਮਾਂਦਾਰ ਝਾੜੂ ਦੇਂਦਿਆਂ ਬੜੀ ਮੁਸ਼ਕਲ ਨਾਲ ਧੌਣ ਉੱਚੀ ਕਰ ਕੇ ਦੇਖਦਾ ਸੀ। ਨੌਜਵਾਨ ਦੀ ਸਾਰੀ ਗੱਲ ਸੁਣ ਕੇ ਬੁੱਢੜੇ ਨੇ ਬੜੀ ਹੈਰਾਨੀ ਨਾਲ ਕਿਹਾ:
"ਨਾਨੂੰ, ਸੱਚਮੁੱਚ ਤੂੰ ਆਪਣੀਂ ਅੱਖੀਂ ਇਹ ਸਭ ਕੁੱਝ ਵੇਖਿਆ ਹੈ?"
"ਹਾਂ! ਚਾਚਾ ਝੰਡੂ, ਹਾਂ!"
ਨਾਨੂੰ ਦਾ ਜਵਾਬ ਏਨਾ ਜੋਸ਼ੀਲਾ ਸੀ ਤੇ ਉਸ ਵਿੱਚ ਫ਼ਖ਼ਰ ਤੇ ਵਡਿਆਈ ਦੀ ਏਨੀ ਝਲਕ ਸੀ ਕਿ ਝੰਡੂ ਨੇ ਇੱਕ ਵੇਰਾਂ ਆਪਣੇ ਕਮਾਨ ਵਰਗੇ ਸਰੀਰ ਨੂੰ ਤੀਰ ਵਾਂਗ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ।
ਇੰਡੀਆ ਗੇਟ ਵਿੱਚ ਜਿਨ੍ਹਾਂ ਲੋਹੇ ਦੀਆਂ ਕੰਡਿਆਲੀਆਂ ਤਾਰਾਂ ਨੂੰ ਕੱਲ੍ਹ ਸਵੇਰ ਤੀਕ ਮਜ਼ਬੂਤ ਤੋਂ ਮਜ਼ਬੂਤ ਬਣਾਉਣ ਦੇ ਯਤਨ ਹੁੰਦੇ ਰਹੇ ਸਨ, ਜਿਨ੍ਹਾਂ ਜੰਗਲਿਆਂ ਨੂੰ ਕੱਲ੍ਹ ਸਵੇਰ ਤਕ ਲੋਹੇ ਦੇ ਮਜ਼ਬੂਤ ਡੰਡਿਆਂ ਨਾਲ ਇੱਕ ਤਰ੍ਹਾਂ ਜਿਹਲਖ਼ਾਨੇ ਦਾ ਰੂਪ ਦਿੱਤਾ ਜਾ ਰਿਹਾ ਸੀ, ਕੱਲ੍ਹ ਸਵੇਰ ਤਕ ਮਹੀਨਿਆਂ ਤੋਂ ਜੋ ਪਰਬੰਧ ਕੀਤੇ ਜਾ ਰਹੇ ਸਨ, ਜੋ ਸੜਕਾਂ ਸਜਾਈਆਂ ਜਾ ਰਹੀਆਂ ਸਨ, ਜੋ ਸਫ਼ਾਈਆਂ ਕੀਤੀਆਂ ਜਾ ਰਹੀਆਂ ਸਨ, ਅੱਜ ਸਵੇਰ ਸਭ ਕੁੱਝ ਟੁੱਟਿਆ ਭੱਜਿਆ, ਖਿਲਰਿਆ ਪੁਲਰਿਆ ਪਿਆ ਸੀ। ਨਾ ਕੋਈ ਤਾਰ ਸਾਬਤ ਸੀ, ਨਾ ਕੋਈ ਜੰਗਲਾ ਨਾ ਕੋਈ ਪੁਲ। ਸਾਰੇ ਇੰਡੀਆ ਗੇਟ ਦੀ ਹਾਲਤ ਐਸੀ ਹੀ ਸੀ ਜੈਸੀ ਮੁਸਾਫ਼ਰਾਂ ਦੇ ਤੁਰ ਜਾਣ ਵਾਲੀ ਸਵੇਰ ਨੂੰ ਸਰਾਂ ਦੇ ਕਮਰੇ ਦੀ ਹੁੰਦੀ ਹੈ। ਬੈਂਚ ਅੱਧ ਟੁੱਟੇ, ਕੁਰਸੀਆਂ ਮੂਧੀਆਂ; ਕਾਗਜ਼ਾਂ, ਪੱਤਲਾਂ, ਡੂਨਿਆਂ, ਛਿੱਲੜਾਂ ਦੇ ਢੇਰ, ਇਵੇਂ ਸਨ ਜਿਵੇਂ ਕੱਲ੍ਹ ਕੋਈ ਜ਼ੋਰ ਦਾ ਝੱਖੜ ਝੁੱਿਲਆ ਹੋਵੇ, ਜਿਸ ਨਾਲ ਸਭ ਕੁੱਝ ਉੱਡ ਕੇ ਇੰਡੀਆ ਗੇਟ ਆਣ ਕੇ ਜਮ੍ਹਾਂ ਹੋ ਗਿਆ ਹੋਵੇ।
ਝੰਡੂ ਕੂੜਾ ਇਕੱਠਾ ਕਰਨ ਵਾਲੀ ਟੋਕਰੀ ਮੂਧੀ ਮਾਰ ਕੇ ਉਪਰ ਬਹਿ ਗਿਆ ਸੀ, ਕਿਉਂਕਿ ਝਾੜੂ ਫੇਰਦਿਆਂ ਉਹ ਨਾਨੂੰ ਵਲੋਂ ਵਿਖਾਈਆਂ ਜਾ ਰਹੀਆਂ ਥਾਵਾਂ ਨੂੰ ਠੀਕ ਵੇਖ ਨਹੀਂ ਸੀ ਸਕਦਾ ਤੇ ਨਾਨੂੰ ਵਿਖਾਣ ਤੇ ਤੁਲਿਆ ਹੋਇਆ ਸੀ। ਉਸਨੂੰ ਆਪਣੀ ਖ਼ੁਸ਼ਕਿਸਮਤੀ 'ਤੇ ਮਾਣ ਸੀ, ਉਸ ਨੂੰ ਬੜਾ ਮਾਣ ਸੀ ਨੇੜੇ ਹੋ ਕੇ ਪ੍ਰੇਡ ਵੇਖਣ ਦਾ, ਫਿਰ ਆਪਣੇ ਆਗੂਆਂ ਨੂੰ ਵੇਖਣ ਦਾ, ਤੇ ਸਭ ਤੋਂ ਵਧੀਕ ਮਲਕਾ ਰਾਣੀ ਨੂੰ ਵੇਖਣ ਦਾ ਜੋ ਇਸ ਸਾਲ ਰੀਪਬਲਿਕ ਡੇ ਦੀ ਪ੍ਰੇਡ ਵਾਸਤੇ ਖਿੱਚ ਦਾ ਕਾਰਨ ਸੀ। ਮੂਧੀ ਟੋਕਰੀ 'ਤੇ ਜਿਵੇਂ ਕੋਈ ਪਾਟੀ ਹੋਈ ਖਿਦੋ ਪਈ ਹੋਵੇ, ਝੰਡੂ ਬੋਲਣ ਲੱਗਿਆ ਇਵੇਂ ਲਗਦਾ ਸੀ। ਏਨੇ ਨੂੰ ਏਥੇ ਕਾਮਿਆਂ ਦਾ ਜਲਸਾ ਜਿਹਾ ਹੋਣ ਲੱਗ ਪਿਆ। ਸਰਦੀ ਕਰ ਕੇ ਬਹੁਤਿਆਂ ਦੇ ਹੱਥ ਅਜੇ ਕੱਛਾਂ ਵਿੱਚ ਹੀ ਸਨ। ਝੰਡੂ ਨੇ ਹੀ ਅਜੇ ਝਾੜੂ ਹਿਲਾਇਆ ਸੀ। ਉਹ ਵੀ ਤੁਰਤ ਹੀ ਨਾਨੂੰ ਦੀਆਂ ਗੱਲਾਂ ਸੁਣਨ ਤੇ ਉਸ ਵੱਲੋਂ ਵਖਾਈਆਂ ਜਾ ਰਹੀਆਂ ਥਾਵਾਂ ਦੇ ਵੇਖਣ ਲਈ ਬਹਿ ਗਿਆ ਸੀ। ਸੂਰਜ ਦੀ ਟਿੱਕੀ ਨੇ ਚਮਕ ਕੇ ਸਾਰਿਆਂ ਵਿੱਚ ਕੋਈ ਜਾਨ ਜਿਹੀ ਪੈਦਾ ਕਰ ਦਿੱਤੀ।
"ਹੈੱਡ ਜਮਾਂਦਾਰ ਨੇ ਅੱਜ ਸਵੇਰੇ ਹੀ ਪੁੱਟ ਜਗਾਇਆ; ਅੱਜ ਤੇ ਸਰਦੀ ਕਰ ਕੇ ਹੱਥ ਪੈਰ ਵੀ ਨਹੀਂ ਖੁੱਲ੍ਹਦੇ।"
"ਉਹ ਫੱਟੇ ਸਾਰੇ ਮੈਂ ਮੋਢਿਆਂ ਤੇ ਢੋਏ, ਗੱਡਿਆਂ ਵਾਲੇ ਤੇ ਚੁਰੱਸਤੇ ਵਿੱਚ ਹੀ ਉਤਾਰ ਜਾਂਦੇ ਹਨ।"
"ਕੰਡਿਆਲੀਆਂ ਤਾਰਾਂ ਨਾਲ ਮੇਰੇ ਹੱਥ ਅਜੇ ਵੀ ਛਿੱਲੇ ਪਏ ਹਨ। ਤਾਰਾਂ ਵਿੱਚ ਤਾਰਾਂ ਹੱਥ ਲਾਏ ਬਿਨਾਂ ਫਸਦੀਆਂ ਨਹੀਂ ਸਨ।"
ਇਹ ਗੱਲਾਂ ਸੁਣ ਕੇ ਝੰਡੂ ਆਖਣ ਲੱਗਾ, "੨੫ ਤਰੀਕ ਦੀ ਰਾਤ ਤੱਕ ਤਾਂ ਅਸੀਂ ਸਾਰੇ ਇੰਡੀਆ ਗੇਟ ਦੇ ਜਿਵੇਂ ਮਾਲਕ ਸਾਂ; ਅਸਾਂ ਇੱਥੇ ਇੱਕ ਕੱਖ ਵੀ ਖਿਲਰਨ ਨਹੀਂ ਦਿੱਤਾ, ਪਰ ਖ਼ੁਸ਼ੀ ਵਾਲੇ ਦਿਨ ੨੬ ਤਰੀਕ ਸਵੇਰੇ ਹੀ ਸਾਡੀ ਸਾਰੀ ਮਾਲਕੀ ਖੁੱਸ ਗਈ, ਕਿਸੇ ਨੇੜੇ ਨਹੀਂ ਲੱਗਣ ਦਿੱਤਾ, ਤੇ ਅੱਜ ਸਵੇਰੇ ਹੀ ਫਿਰ ਆਣ ਡਾਹਿਆ ਨੇ।"
ਝੰਡੂ ਦਾ ਗਿਲਾ ਸੁਣ ਕੇ ਕੋਲੋਂ ਲੰਘਦਾ ਇੱਕ ਬੰਦਾ ਖਲੋ ਗਿਆ ਅਤੇ ਕਹਿਣ ਲੱਗਾ, "ਪਾਸ ਲੈ ਲੈਣਾ ਸੀ ਨਾ!"
ਦੂਜੇ ਸੁਣਨ ਵਾਲੇ ਖਿੜਖਿੜਾ ਕੇ ਹੱਸ ਪਏ, "ਝੰਡੂ ਨੂੰ ਪਾਸ! ਅਖੇ ਉਠ ਨਾ ਸਕਾਂ ਤੇ ਮਿਲ ਮਿਲ ਮਾਰਾਂ।"
"ਕਿਉਂ ਝੰਡੂ ਬੰਦਾ ਨਹੀਂ?"
ਝੰਡੂ ਨੇ ਇਸ ਵੇਲੇ ਆਪਣੀ ਸ਼ਕਤੀ ਤੋਂ ਵਧੀਕ ਜ਼ੋਰ ਲਾ ਕੇ ਆਖਿਆ, "ਖ਼ਬਰੇ ਸਾਨੂੰ ਬੰਦਾ ਨਾ ਹੀ ਸਮਝਿਆ ਜਾਂਦਾ ਹੋਵੇ। ਪਰ ਪਾਸ ਤੇ ਇੱਕ ਸਾਨੂੰ ਵੀ ਹੱਥ ਆ ਹੀ ਗਿਆ ਸੀ। ਸਾਡਾ ਗੁਆਂਢੀ ਇੱਕ ਮੁੰਡਾ ਇੱਥੇ ਅਫ਼ਸਰ ਏ, ਚਿੱਠੀਆਂ ਲਿਆਣ ਪੁਚਾਣ ਤੇ; ਉਹ ਕਿਧਰੋਂ ਪਾਸ ਲੈ ਆਇਆ ਸੀ। ਇਥੋਂ ਦਾ ਨਹੀਂ, ਉਥੋਂ ਦਾ ਜਿਥੇ ਸਾਡੇ ਬਾਦਸ਼ਾਹ ਰਾਸ਼ਟਰਪਤੀ ਜੀ ਰਹਿੰਦੇ ਨੇ, ਜਿਥੇ ਮਲਕਾ ਰਾਣੀ ਆਈ ਹੋਈ ਏ।"
"ਵਾਹ ਵਾਹ, ਉਥੇ ਤਾਂ ਫ਼ਿਰ ਮਲਕਾ ਨੂੰ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਸੀ।" ਨਾਨੂੰ ਦੀ ਗੱਲ ਸੁਣ ਕੇ ਝੰਡੂ ਨੇ ਉਬਾਸੀ ਲੈਂਦਿਆਂ ਕਿਹਾ, "ਪਾਸ ਲੈ ਕੇ ਮੇਰਾ ਮੁੰਡਾ ਓਥੇ ਗਿਆ ਸੀ, ਪਰ ਉਸਨੂੰ ਕਿਸੇ ਅੰਦਰ ਨਹੀਂ ਜਾਣ ਦਿੱਤਾ। ਕੱਪੜੇ ਤਾਂ ਸਾਡੇ ਇਹੋ ਜਿਹੇ ਹੀ ਹੋਣੇ ਹੋਏ। ਸੰਤਰੀਆਂ ਨੇ ਉਲਟਾ ਉਸਨੂੰ ਡਾਂਟਿਆ, ਤੇ ਦੋ ਧੱਕੇ ਦੇ ਕੇ ਪਿੱਛੇ ਮੋੜ ਦਿੱਤਾ, ਪਾਸ ਵੀ ਖੋਹ ਲਿਆ ਤੇ ਕਿਹਾ, 'ਭੱਜ ਜਾ ਨਹੀਂ ਤਾਂ ਚੋਰੀ ਵਿੱਚ ਪਕੜਿਆ ਜਾਵੇਂਗਾ, ਤੂੰ ਕਿਸੇ ਦਾ ਪਾਸ ਚੁਕ ਲਿਆਇਆ ਏਂ।"
"ਗ਼ਰੀਬ ਨੂੰ ਰੱਬ ਦੀ ਮਾਰ," ਝੰਡੂ ਨਾਲ ਹਮਦਰਦੀ ਜਤਲਾਣ ਲਈ ਬਹੁਤਿਆਂ ਦੇ ਮੂੰਹੋਂ ਨਿਕਲਿਆ। ਨਾਨੂੰ ਆਖਣ ਲੱਗਾ, "ਅਸਾਂ ਤੇ ਅਜਿਹੇ ਮੌਕਿਆਂ ਲਈ ਇੱਕ ਜੋੜਾ ਸਵਾ ਰੱਖਿਐ।"
"ਝੰਡੂ ਦਾ ਮੁੰਡਾ ਝਕ ਗਿਆ ਹੋਵੇਗਾ, ਬਈ ਐਡੇ ਵੱਡੇ ਲੋਕਾਂ ਵਿੱਚ ਕੀਕਣ ਜਾਵੇ?"
ਇਹ ਗੱਲ ਸੁਣ ਕੇ ਨਾਨੂੰ ਨੇ ਕਿਹਾ, "ਗੱਲ ਠੀਕ ਏ- ਡਰਿਆ ਕਿ ਮਰਿਆ। ਅਸੀਂ ਕਦੇ ਨਹੀਂ ਡਰੇ। ਜੇ ਡਰਦੇ ਤਾਂ ਇਹ ਕੁੱਝ ਕਲ ਵੇਖ ਸਕਦੇ ਸਾਂ?"
"ਇਸ ਵਾਰ ਪਾਬੰਦੀ ਵੀ ਬੜੀ ਸੀ।"
"ਡਰੇ ਨਾ ਤਾਂ ਕਰੇ ਵੀ ਕੀ? ਬੜਾ ਫ਼ਰਕ ਏ। ਸਾਡੇ ਕੱਪੜਿਆਂ ਤੋਂ ਈ ਪਤਾ ਲੱਗ ਜਾਂਦੈ; ਗ਼ਰੀਬ ਦਾ, ਅਮੀਰ ਦਾ, ਪੇਂਡੂ ਦਾ, ਸ਼ਹਿਰੀ ਦਾ।"
"ਵਲੈਤ ਵਿੱਚ ਆਖਦੇ ਨੇ, ਕੁੱਝ ਪਤਾ ਨਹੀਂ ਲਗਦਾ। ਦਿਸਣ ਵਿੱਚ ਸਾਰੇ ਇਕੋ ਜਿਹੇ ਲਗਦੇ ਨੇ।"
"ਇਹ ਗਲ ਠੀਕ ਏ। ਇਥੇ ਜਿਹੜੀਆਂ ਮੇਮਾਂ ਤੇ ਸਾਹਬ ਲੋਕ ਬਜ਼ਾਰ ਵਿੱਚ ਤੁਸੀਂ ਤੁਰਦੇ ਫਿਰਦੇ ਦੇਖਦੇ ਹੋ ਉਨ੍ਹਾਂ ਵਿੱਚ ਮਲਕਾ ਅਰ ਉਸ ਦੇ ਮਾਲਕ ਦੇ ਲਿਬਾਸ ਵਿੱਚ ਕੋਈ ਫ਼ਰਕ ਨਹੀਂ ਦਿੱਸਦਾ।
"ਹਾਂ ਹਾਂ ਬਿਲਕੁਲ ਠੀਕ ਏ, ਇਹੋ ਮਲਕਾ ਕਿਤੇ ਬਜ਼ਾਰ ਵਿੱਚ ਜਾ ਰਹੀ ਹੋਵੇ ਤਾਂ ਇਹੋ ਜਾਪੇਗਾ ਕਿ ਕੋਈ ਮੇਮ ਜਾ ਰਹੀ ਏ। ਤੇ ਕਿਸੇ ਵੀ ਮੇਮ ਨੂੰ ਮਲਕਾ ਸਮਝਣ ਦਾ ਭੁਲੇਖਾ ਲਗ ਸਕਦਾ ਏ।"
"ਸਾਡੇ ਵੀ ਇਹੋ ਹਾਲਤ ਹੋ ਜਾਵੇਗੀ; ਜ਼ਰਾ ਸਾਡੇ ਦੇਸ਼ ਲਈ ਅਣਥੱਕ ਮਿਹਨਤ ਦੀ ਲੋੜ ਏ।"
"ਹੱਛਾ?" ਆਸਾਂ ਭਰਪੂਰ ਲਹਿਜੇ ਵਿੱਚ ਝੰਡੂ ਨੇ ਕਿਹਾ। "ਮਿਹਨਤ ਤੇ ਅਸਾਂ ਵੀ ਘੱਟ ਨਹੀਂ ਕੀਤੀ। ਇਹ ਸਾਰਾ ਸਾਜ ਸਮਾਨ; ਅਸਾਂ ਸਾਰਿਆਂ ਘਟ ਮਿਹਨਤ ਕੀਤੀ ਏ?"
"ਓ ਝੰਡੂ ਚਾਚਾ, ਇਹ ਬੜੀ ਨਿੱਕੀ ਜਿਹੀ ਗਲ ਏ। ਸਾਰੇ ਦੇਸ਼ ਦੀ ਸਾਂਝੀ ਉੱਨਤੀ ਲਈ ਸਾਰੇ ਰਲ ਕੇ ਮਿਹਨਤ ਕਰਨ ਤਾਂ ਕਾਇਆ ਪਲਟ ਜਾਂਦੀ ਏ ਮੁਲਕਾਂ ਦੀ।"
"ਪਰ ਨਾਨੂੰ, ਬਣਨ ਬਣਾਣ ਪਿੱਛੋਂ ਸਾਡੇ ਗ਼ਰੀਬਾਂ ਨਾਲ ਉਦੋਂ ਵੀ ਉਹੋ ਸਲੂਕ ਹੋਵੇਗਾ ਕਿ!"
"ਸਾਡੇ ਸੋਚਣ ਵਿੱਚ ਈ ਫ਼ਰਕ ਏ। ਤੂੰ ਹੀ ਦਸ ਚਾਚਾ ਝੰਡੂ ਅਸੀਂ ਕਿਸੇ ਦਾ ਮਕਾਨ ਬਣਾਣ ਲਈ ਮਜ਼ਦੂਰ ਜਾਂ ਰਾਜ ਲਗੇ ਹੋਏ ਹੋਈਏ, ਜਦੋਂ ਮਕਾਨ ਬਣ ਜਾਏ, ਤਾਂ ਆਖੀਏ, ਇਸ ਵਿੱਚ ਰਹਿਣ ਦਾ ਵੀ ਸਾਡਾ ਹੱਕ ਏ ਤਾਂ ਕੋਈ ਮੰਨੇਗਾ?"
"ਵਾਹ ਬਈ ਵਾਹ, ਇਹ ਨਾਨੂੰ ਕਿੱਡਾ ਚਾਪਲੂਸ ਹੋ ਗਿਆ ਜੇ, ਕਿਥੇ ਕਿਸੇ ਦੇ ਮਕਾਨ ਦੀ ਗੱਲ ਤੇ ਕਿੱਥੇ ਸਾਂਝੇ ਦੇਸ਼ ਦੀ ਉੱਨਤੀ ਲਈ ਮਿਹਨਤ ਦੀ ਗੱਲ!"
"ਬਸ, ਬਸ, ਮੇਰਾ ਮਤਲਬ ਤੁਸੀਂ ਆਪ ਈ ਪੂਰਾ ਕਰ ਦਿੱਤਾ। ਸਾਂਝੇ ਦੇਸ਼ ਲਈ ਅਸਾਂ ਜੋ ਵੀ ਮਿਹਨਤ ਕੀਤੀ, ਸਮਝੋ ਦੇਸ਼ ਦੀ ਸੇਵਾ ਵੀ ਕੀਤੀ। ਚਾਚੇ ਝੰਡੂ ਨੂੰ ਦਿਲ ਨਾਲ ਨਹੀਂ ਲਾ ਲੈਣਾ ਚਾਹੀਦਾ ਕਿ ਸਾਨੂੰ ਨੇੜੇ ਨਹੀਂ ਆਣ ਦਿੱਤਾ।"
"ਉਸ ਤੇ ਐਵੇਂ ਗੱਲਾਂ ਵਿੱਚ ਗੱਲ ਆਖੀ ਏ। ਦਿਲ ਨਾਲ ਲਾ ਲਈ ਤਾਂ ਕਿਹੜਾ ਉਸ ਕਿਲ੍ਹਾ ਢਾਹ ਲੈਣਾ ਏਂ!"
ਗੱਲਾਂ ਹੋ ਹੀ ਰਹੀਆਂ ਸਨ ਕਿ ਸਾਰੇ ਆਪੋ ਆਪਣੇ ਕੰਮਾਂ ਵਿੱਚ ਲੱਗ ਪਏ। "ਖ਼ਬਰੇ ਮਲਕਾ ਨੇ ਅੱਜ ਫ਼ਿਰ ਉਸ ਰਸਤਿਓਂ ਲੰਘਣਾ ਹੈ," ਕਿਸੇ ਦੇ ਮੂੰਹੋਂ ਨਿਕਲਿਆ।
"ਜ਼ਰਾ ਗੱਲਾਂ ਦਾ ਮਜ਼ਾ ਤਾਂ ਲੈਣ ਦਿਓ," ਝੰਡੂ ਦੇ ਮੁੜ ਇਹ ਆਖਣ ਪੁਰ ਫਿਰ ਮਜਮਾ ਇਕੱਠਾ ਹੋ ਗਿਆ। ਮੋਟਰ-ਸਾਈਕਲ ਤੇ ਆਉਂਦੇ ਇੱਕ ਬੰਦੇ ਨੂੰ ਦੇਖ ਕੇ ਸਾਰੇ ਕੰਮ ਲੱਗ ਗਏ ਸਨ। ਉਹ ਦੋ ਮਿੰਟ ਹੀ ਕੰਮ ਲਈ ਆਖ ਵੇਖ ਕੇ ਟੁਰ ਗਿਆ।
ਇਸ ਮਜਮੇ ਵਿੱਚ ਸਫ਼ਾਈ ਵਾਲੇ ਜਮਾਂਦਾਰ ਸਨ, ਜਾਂ ਚੀਜ਼ਾਂ ਢੋਣ ਵਾਲੇ ਮਜ਼ਦੂਰ, ਠੋਕਾ-ਠਾਕੀ ਕਰਨ ਵਾਲੇ ਕੁੱਝ ਛੋਟੇ ਕਾਰੀਗਰ ਤੇ ਕੁੱਝ ਗੱਡਿਆਂ ਵਾਲੇ। ਕੁੱਝ ਤਾਂ ਐਵੇਂ ਯੱਭਲੀਆਂ ਹੀ ਮਾਰਦੇ ਸਨ, ਪਰ ਕਈ ਏਨੀਆਂ ਸੁਆਦਲੀਆਂ, ਪਤੇ ਦੀਆਂ, ਸਿਆਣੀਆਂ ਤੇ ਹਸਾਉਣੀਆਂ ਗੱਲਾਂ ਕਰਦੇ ਸਨ; ਕਿ ਕੋਲੋਂ ਲੰਘਦੇ ਇੰਡੀਆ ਗੇਟ ਸੈਰ ਕਰਨ ਆਏ ਲੋਕ ਸੁਣ ਕੇ ਖਲੋ ਗਏ ਸਨ। ਫਿਰ ਗੱਲਾਂ ਸ਼ੁਰੂ ਹੋ ਗਈਆਂ- "ਇਸ ਵਾਰੀ ਪਿੰਡਾਂ ਦੇ ਲੋਕ ਲੱਖਾਂ ਦੀ ਗਿਣਤੀ ਵਿੱਚ ਆਏ।" "ਲੈ ਮਲਕਾ ਨੇ ਕੋਈ ਰੋਜ਼ ਰੋਜ਼ ਆਉਣਾ ਸੀ!"
"ਮਲਕਾ ਵਾਸਤੇ ਆਏ ਨੇ?" ਇੱਕ ਦੇ ਪੁੱਛਣ ਤੇ ਦੂਜੇ ਨੇ ਕਿਹਾ, "ਨਾਲੇ ਪੁੰਨ ਨਾਲੇ ਫ਼ਲੀਆਂ, ਦੋਵੇਂ ਕੰਮ ਹੋ ਗਏ।"
ਇੱਕ ਮਜ਼ਦੂਰ ਦੇ ਹੱਥ ਵਿੱਚ ਬੜੀ ਸੋਹਣੀ ਰਜਾਈ ਫੜੀ ਹੋਈ ਸੀ। ਸਾਰਿਆਂ ਨੂੰ ਰਜਾਈ ਵਿਖਾ ਕੇ ਉਹ ਆਖਣ ਲੱਗਾ, "ਲਓ ਸਾਨੂੰ ਤੇ ਫ਼ਲ ਮਿਲ ਗਿਆ ਇਸ ਦਿਨ ਦੀ ਮਿਹਨਤ ਤੇ ਖ਼ੁਸ਼ੀ ਦਾ। ਇਹ ਰਜਾਈ ਰਾਹ ਵਿੱਚ ਪਈ ਸੀ। ਮੈਂ ਖਿਆਲ ਕੀਤਾ, ਸਾਰੇ ਟੱਬਰ ਦਾ ਸਿਆਲ ਲੰਘ ਜਾਵੇਗਾ। ਪਰ ਘਰ ਵਾਲੀ ਨਹੀਂ ਮੰਨੀ। ਉਹ ਆਖਦੀ ਏ, ਇਸ ਪਵਿੱਤਰ ਦਿਹਾੜੇ ਤੇ ਚੋਰੀ ਦਾ ਮਾਲ ਘਰ ਨਹੀਂ ਲਿਆਉਣਾ, ਮੈਂ ਵਾਪਸ ਲੈ ਆਇਆ ਹਾਂ, ਪਰ ਹੁਣ ਦੇਵਾਂ ਕਿਸ ਨੂੰ?"
ਇਹ ਸੁਣ ਕੇ ਝੰਡੂ ਨੇ ਝੱਟ ਕਿਹਾ, "ਮੂਰਖਾ! ਮੈਨੂੰ ਬੁਢੇ ਨੂੰ ਦੇ ਦੇ। ਉਮਰ ਦੇ ਆਖਰੀ ਚਾਰ ਦਿਨ ਟੰਗਾਂ ਪਸਾਰ ਕੇ ਸੌਂ ਤਾਂ ਲਵਾਂਗੇ।"
"ਪਰ ਪ੍ਰੇਡ ਵਿੱਚ ਇਹ ਰਜਾਈ ਆ ਕਿੱਥੋਂ ਗਈ?"
ਇਸ ਸੁਆਲ ਦੇ ਜੁਆਬ ਵਿੱਚ ਨਾਨੂੰ ਨੇ ਝੱਟ ਦੱਸਿਆ, "ਖੂਹ ਦਿਓ ਡੱਡੂਓ, ਤੁਸੀਂ ਕੁੱਝ ਦੇਖਿਆ ਈ ਨਹੀਂ। ਰਾਸ਼ਟਰਪਤੀ ਭਵਨ ਤੋਂ ਲੈ ਕੇ ਇਥੇ ਬਾਹਰ ਤੱਕ ਭੀੜ ਖੜੀ ਸੀ, ਉਹ ਲੋਕੀ ੨੫ ਤਰੀਕ ਦੀ ਰਾਤ ਨੂੰ ਹੀ ਇਥੇ ਆ ਗਏ ਸਨ। ਰਜਾਈਆਂ ਉਹ ਨਾਲ ਲਿਆਏ ਸਨ; ਉਨ੍ਹਾਂ 'ਚੋਂ ਹੀ ਕਿਸੇ ਦੀ ਰਹਿ ਗਈ ਹੋਵੇਗੀ।"
"ਹੱਛਾ! ਲੋਕ ਰਾਤੀਂ ਹੀ ਆ ਗਏ ਸਨ?"
"ਲੈ, ਸਵੇਰੇ ਤਾਂ ਸਿਰਫ਼ ਪਾਸਾਂ ਵਾਲੇ ਹੀ ਆਏ ਸਨ, ਜਾਂ ਹਮਾਤੜ ਜਿਨ੍ਹਾਂ ਦੇ ਜੁੱਸੇ ਵਿੱਚ ਰੱਤ ਏ।" ਨਾਨੂੰ ਨੇ ਬੜੇ ਅਭਿਮਾਨ ਭਰੇ ਲਹਿਜੇ ਵਿੱਚ ਕਿਹਾ।
ਇਕ ਬੜੀ ਸੋਹਣੀ ਨਾਜ਼ਕ ਜਿਹੀ ਜ਼ਨਾਨਾ ਜੁੱਤੀ ਇੱਕ ਮੁੰਡਾ ਬਦੋ ਬਦੀ ਅੜਾਈ ਫਿਰਦਾ ਸੀ। ਜੁੱਤੀ ਸੋਹਣੀ ਸੀ, ਪੈਰਾਂ ਵਿੱਚ ਅੜਦੀ ਨਹੀਂ ਸੀ। ਸਾਰੇ ਉਸ ਵੱਲ ਵੇਖ ਰਹੇ ਸਨ। ਇੱਕ ਨੇ ਕਿਹਾ, "ਇਹ ਤਾਂ ਕਿਸੇ ਪਾਸ ਵਾਲੀ ਦੀ ਹੀ ਜਾਪਦੀ ਹੈ। ਉਸ ਨੂੰ ਕੀ ਭਾਜੜ ਪੈ ਗਈ ਸੀ ਕਿ ਜੁੱਤੀ ਹੀ ਸੁੱਟ ਗਈ?"
"ਲਓ, ਉਥੇ ਤਾਂ ਮਾਵਾਂ ਪੁੱਤਾਂ ਨੂੰ ਨਹੀਂ ਸੰਭਾਲ ਸਕੀਆਂ। ਜਾਣ ਵੇਲੇ ਤਾਂ ਪਾਸ ਵੇਖਦੇ ਹਨ, ਆਣ ਵੇਲੇ ਭੀੜ ਭੜੱਕਾ ਹੋ ਗਿਆ। ਕਈਆਂ ਨੇ, ਜਿਹੜੇ ਬਾਹਰ ਦੂਰ ਖੜੇ ਸਨ, ਰਸਤੇ ਖੁੱਲ੍ਹੇ ਵੇਖ ਕੇ ਅੰਦਰ ਧਾਵਾ ਬੋਲ ਦਿੱਤਾ- ਚਲੋ ਉਹ ਥਾਂ ਈ ਵੇਖ ਲਈਏ, ਜਿਥੇ ਪਾਸਾਂ ਵਾਲੇ ਬੈਠੇ ਸਨ। ਬਸ ਤੁਰਨ ਲੱਗਿਆਂ ਭੀੜ ਵਿੱਚ ਕਿਸੇ ਦੀ ਜੁੱਤੀ ਰਹਿ ਗਈ।
ਨਾਨੂੰ ਦੀ ਗੱਲ ਸੁਣ ਕੇ ਝੰਡੂ ਆਖਣ ਲੱਗਾ, "ਵੱਡਿਆਂ ਲੋਕਾਂ ਨੂੰ ਜੁੱਤੀਆਂ ਦਾ ਕੀ ਘਾਟਾ ਏ!" ਝੰਡੂ ਦੀ ਇਸ ਗੱਲ ਤੋਂ ਪਏ ਚੰਗੇ ਹਾਸੇ ਵਿਚਕਾਰ ਈ ਸਭ ਨੇ ਵੇਖਿਆ ਕਿ ਇੱਕ ਬੀਬੀ ਤੇ ਇੱਕ ਬਾਬੂ ਇਹ ਗੱਲਾਂ ਸੁਣਨ ਲਈ ਖਲੋ ਗਏ ਸਨ। ਲਿਬਾਸ, ਸ਼ਕਲ ਸੂਰਤ, ਗਲ ਕਰਨ ਦਾ ਢੰਗ ਇਸ ਜੋੜੀ ਦਾ ਐਸਾ ਸੀ ਕਿ ਸਭ ਦੀ ਤਵੱਜੋ ਇਹਨਾਂ ਵੱਲ ਹੋ ਗਈ। ਬੀਬੀ ਬਾਬੂ ਨੂੰ ਆਖ ਰਹੀ ਸੀ, "ਅਸੀਂ ਚੰਗੇ ਰਹੇ, ਜੇ ਇੱਥੇ ਆ ਜਾਂਦੇ ਤਾਂ ਨਾਲੇ, ਧੱਕੇ ਖਾਂਦੇ ਨਾਲੇ ਕੁੱਝ ਗੁਆ ਕੇ ਜਾਂਦੇ ਤੇ ਨਾਲੇ ਮਖੌਲ ਕਰਵਾਂਦੇ।"
"ਤੁਸੀਂ ਵੀ ਪ੍ਰੇਡ ਨਹੀਂ ਵੇਖੀ?" ਨਾਨੂੰ ਨੇ ਬੜੀ ਹੈਰਾਨੀ ਨਾਲ ਪੁਛਿਆ।
"ਨਹੀਂ, ਅਸਾਂ ਪੂਰੀ ਪ੍ਰੇਡ ਵੇਖੀ ਏ। ਇੱਕ ਇੱਕ ਆਈਟਮ ਨੂੰ ਵੇਖਿਆ ਏ, ਬੜੇ ਆਰਾਮ ਨਾਲ, ਘਰ ਬਹਿ ਕੇ ਵੇਖਿਆ ਏ। ਇਹ ਸਾਡੀ ਘਰ ਵਾਲੀ ਨਹੀਂ ਸੀ ਮੰਨਦੀ। ਇਹ ਆਖਦੀ ਸੀ, ਜ਼ਰੂਰ ਇੰਡੀਆ ਗੇਟ ਜਾਵਾਂਗੇ। ਪਰ ਹੁਣ ਤੁਹਾਡੀਆਂ ਗੱਲਾਂ ਸੁਣ ਕੇ ਇਹ ਵੀ ਆਖਦੀ ਏ- ਚੰਗੇ ਰਹੇ।"
ਬਾਬੂ ਦੀ ਗੱਲ ਸੁਣ ਕੇ ਇੱਕ ਨੇ ਪੁੱਛਿਆ, "ਫ਼ਿਰ ਤੁਸੀਂ ਘਰ ਬੈਠ ਕੇ ਸਭ ਕੁੱਝ ਕਿਸ ਤਰ੍ਹਾਂ ਵੇਖ ਲਿਆ?"
ਇਸ ਤੋਂ ਪਹਿਲਾਂ ਕਿ ਬੀਬੀ ਜਾਂ ਬਾਬੂ ਵਿਚੋਂ ਕੋਈ ਉੱਤਰ ਦਿੰਦਾ, ਨਾਨੂੰ ਵਿੱਚੋਂ ਈ ਬੋਲ ਪਿਆ, "ਇਨ੍ਹਾਂ ਘਰ ਵਿੱਚ ਬੈਠਿਆਂ ਮੂਰਤਾਂ ਈ ਵੇਖ ਲਈਆਂ ਹੋਣਗੀਆਂ।"
ਬਾਬੂ ਨੇ ਕਿਹਾ, "ਨਹੀਂ, ਅਸਾਂ ਟੈਲੀਵਿਯਨ ਤੇ ਸਭ ਕੁੱਝ ਵੇਖਿਆ ਹੈ।"
"ਲੈ, ਤੇ ਫਿਰ ਟੈਲੀਵਿਯਨ ਹੋਰ ਕੀ ਏ, ਮੂਰਤਾਂ ਹੀ ਤੇ ਹਨ। ਇਥੇ ਆ ਕੇ ਵੇਖਣ ਤੇ ਟੈਲੀਵਿਯਨ ਵੇਖਣ ਵਿੱਚ ਏਨਾ ਹੀ ਫ਼ਰਕ ਏ, ਜਿਨਾਂ ਅਸਲੀ ਆਦਮੀ ਤੇ ਉਸਦੀ ਮੂਰਤ ਵੇਖਣ ਵਿੱਚ ਏ।"
ਇਹ ਗਲ ਸੁਣ ਕੇ ਸਾਰੇ ਨਾਨੂੰ ਵੱਲ ਵੇਖਣ ਲਗ ਪਏ। "ਇਹ ਸਾਰੀਆਂ ਗੱਲਾਂ ਜਾਣਦਾ ਜੇ!"
"ਫ਼ਰਕ ਕੀ ਪਿਆ? ਸਾਹਮਣੇ ਤੇ ਟੈਲੀਵਿਯਨ ਵਿੱਚ ਸਭ ਕੁੱਝ ਦਿਸਦਾ ਸੀ।"
ਬਾਬੂ ਦੀ ਗੱਲ ਸੁਣ ਕੇ ਨਾਨੂੰ ਨੇ ਬੀਬੀ ਨੂੰ ਸੰਬੋਧਨ ਕਰਦਿਆਂ ਕਿਹਾ, "ਬਾਬੂ ਜੀ ਗਏ ਹੋਣ ਪਰਦੇਸ, ਤੁਸੀਂ ਘਰ ਉਨ੍ਹਾਂ ਨੂੰ ਉਡੀਕ ਰਹੇ ਹੋਵੋ, ਇਹ ਆਪ ਆਉਣ ਦੀ ਬਜਾਏ ਆਪਣੀ ਮੂਰਤ ਭੇਜ ਦੇਣ, ਇਸ ਵਿੱਚ ਕੋਈ ਫ਼ਰਕ ਨਹੀਂ?"
ਹਾਸਾ ਮਚ ਗਿਆ। ਬਾਬੂ ਦੀ ਵਹੁਟੀ ਹਾਸੇ ਵਿੱਚ ਸ਼ਾਮਲ ਹੋਈ, ਪਰ ਬਾਬੂ ਨੂੰ ਕੁੱਝ ਫ਼ਿਕਰ ਜਿਹਾ ਲੱਗ ਗਿਆ।
"ਝੰਡੂ ਨੇ ਕਿਹਾ, "ਚਲੋ ਸਾਡੇ ਨਾਲੋਂ ਤੇ ਇਹ ਵੀ ਚੰਗੇ ਰਹੇ; ਅਸਾਂ ਤੇ ਮੂਰਤਾਂ ਵੀ ਨਹੀਂ ਵੇਖੀਆਂ।"
"ਲੈ, ਇਹ ਵੀ ਆਪਣਾ ਮੁਕਾਬਲਾ ਬਾਬੂਆਂ ਨਾਲ ਕਰਨ ਲੱਗ ਪਿਆ ਈ। ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ।"
"ਚਲੋ, ਕਿਸੇ ਵੇਖ ਲਿਆ, ਕਿਸੇ ਸੁਣ ਲਿਆ। ਵੱਡੀ ਗੱਲ ਤਾਂ ਇਹ ਹੈ ਕਿ ਮਲਕਾ ਰਾਣੀ ਦਾ ਸੁਆਗਤ ਇਥੇ ਬੜਾ ਹੋਇਆ।
"ਹਾਂ! ਹਾਂ! ! ਰੂਸ ਦੇ ਮੁੱਖ ਮੰਤਰੀ ਨਾਲੋਂ ਵੱਧ, ਅਮਰੀਕਾ ਦੇ ਪਰਧਾਨ ਨਾਲੋਂ ਵੱਧ। ਇਉਂ ਜਾਪਦਾ ਸੀ ਜਿਵੇਂ ਅੰਗਰੇਜ਼ਾਂ ਨੂੰ ਏਥੋਂ ਤੋਰ ਕੇ ਹਿੰਦੁਸਤਾਨੀ ਪਛਤਾ ਰਹੇ ਹਨ।"
"ਇਹ ਨਾਨੂੰ ਬੜਾ ਬੋਲੀ ਬਾਜ ਏ।"
"ਨਹੀਂ ਓ ਨਹੀਂ, ਮਹਾਰਾਣੀ ਕਰ ਕੇ ਸੁਆਗਤ ਹੋਇਆ, ਕੋਈ ਮਹਾਰਾਜਾ ਹੁੰਦਾ ਤਾਂ ਏਨਾ ਨਹੀਂ ਸੀ ਹੋਣਾ।"
"ਵੇਖੋ, ਇਹ ਕਿਹੜਾ ਨਾਨੂੰ ਨਾਲੋਂ ਘੱਟ ਜੇ।"
"ਪਰਧਾਨ ਮੰਤਰੀ, ਪਰਧਾਨਾਂ ਦੇ ਬਾਦਸ਼ਾਹਾਂ ਦਾ ਸੁਆਗਤ ਵਿੱਚ ਮੁਕਾਬਲਾ ਨਹੀਂ ਕਰੀਦਾ। ਬਾਦਸ਼ਾਹ ਦੀ ਨੁਮਾਇਸ਼ ਵਧੀਕ ਤੇ ਅਖ਼ਤਿਆਰ ਘੱਟ ਹੁੰਦੇ ਨੇ।"
"ਇਥੇ ਇੱਕ ਤੋਂ ਇੱਕ ਟਿਪਣੀ ਬਾਜ ਏ।"
"ਇਥੋਂ ਦੇ ਰਾਜਿਆਂ ਮਹਾਂਰਾਜਿਆਂ ਵੱਲੋਂ ਤਾਂ ਮਲਕਾ ਦਾ ਸੁਆਗਤ ਇਸ ਵਾਸਤੇ ਵਧੀਕ ਹੋਇਆ ਕਿ ਇਕੋ ਬਰਾਦਰੀ ਜੁ ਹੋਈ।"
"ਨਹੀਂ, ਇਹ ਬੜਾ ਚਿਰ ਸਾਡੇ ਹਾਕਮ ਰਹੇ ਨੇ। ਉਹ ਪੁਰਾਣਾ ਗੁਲਾਮੀ ਵਾਲਾ ਪਰਭਾਵ ਵੀ ਅਜੇ ਸਾਡੇ ਵਿੱਚ ਮੌਜੂਦ ਏ।"
"ਮੇਰਾ ਤਾਂ ਖ਼ਿਆਲ ਏ ਅੰਗਰੇਜ਼ ਅਖ਼ੀਰ ਭਲੇਮਾਣਸੀ ਨਾਲ ਇੱਥੋਂ ਚਲੇ ਗਏ ਸਨ। ਇਹ ਅਹਿਸਾਨ ਵੀ ਸਾਡੇ ਲੀਡਰਾਂ ਨੂੰ ਯਾਦ ਏ।"
"ਇਹ ਕਿਹੜੀ ਗੱਲ ਏ, ਪ੍ਰਾਹੁਣਾਚਾਰੀ ਲਈ ਤਾਂ ਸਾਡਾ ਦੇਸ਼ ਮਸ਼ਹੂਰ ਈ ਏ। ਅਜਿਹੇ ਮੌਕਿਆਂ ਤੇ ਖ਼ਰਚ-ਵਰਚ ਦੀ ਪਰਵਾਹ ਅਸੀਂ ਨਹੀਂ ਕਰਦੇ ਹੁੰਦੇ। ਸਾਡੇ ਲਈ ਪ੍ਰਾਹੁਣਾ ਆ ਜਾਏ ਤਾਂ ਆਪ ਨੂੰ ਭਾਵੇਂ ਪਿੱਛੋਂ ਚਾਰ ਦਿਨ ਭੁੱਖਿਆਂ ਵੀ ਕੱਟਣੇ ਪੈ ਜਾਣ, ਪ੍ਰਾਹੁਣੇ ਦੀ ਖਾਤਰ ਅਸੀਂ ਵਿਤੋਂ ਵੱਧ ਹੀ ਕਰਦੇ ਹਾਂ। ਆਪਣੀਆਂ ਰਵਾਇਤਾਂ ਕੋਈ ਛੱਡਦਾ ਏ?"
"ਅਸਲੀ ਗੱਲ ਕਿਸੇ ਦੱਸੀ ਹੀ ਨਹੀਂ। ਇਹ ਮਲਕਾ ਅਲੈਜ਼ਬੈੱਥ ਇੰਗਲੈਂਡ ਦੀ ਬਾਦਸ਼ਾਹ ਜੁ ਹੋਈ, ਅਸੀਂ ਇਸ ਦਾ ਆਦਰ ਮਾਣ ਸੁਆਗਤ ਕਰਾਂਗੇ ਤਾਂ ਸਮਝੋ ਕਰੋੜਾਂ ਬੰਦਿਆਂ ਦਾ ਆਦਰ ਕਰਾਂਗੇ। ਉਹਨਾਂ ਨਾਲ ਸਾਡੇ ਸੰਬੰਧ ਵਧੀਕ ਚੰਗੇ ਹੋਣਗੇ। ਅਖ਼ੀਰ ਇਸ ਦਾ ਫ਼ਾਇਦਾ ਸਾਡੇ ਮੁਲਕ ਨੂੰ ਵੀ ਪੁੱਜੇਗਾ।"
"ਹਾਂ, ਠੀਕ, ਬਾਈ ਠੀਕ! ਆਦਰ ਵਾਲੇ ਨੂੰ ਆਦਰ ਮਿਲਣਾ ਹੀ ਚਾਹੀਦਾ ਏ। ਇਹ ਗੱਲ ਸਹੀ ਏ। ਇਹ ਸਿਆਣੀ ਗੱਲ ਏ।"
"ਵੱਡਿਆਂ ਦਾ ਆਦਰ ਕਰਨ ਵਾਲਾ ਵੀ ਵੱਡਾ ਹੀ ਸਮਝਿਆ ਜਾਂਦਾ ਏ।"
"ਹੈ ਵੀ ਇਹ ਗੱਲ ਠੀਕ ਕਿ ਵੱਡਿਆਂ ਦਾ ਆਦਰ ਕਰ ਹੀ ਵੱਡੇ ਹੋ ਸਕਦੇ ਨੇ।"
ਝੰਡੂ ਪਹਿਲਾਂ ਤੇ ਸਭ ਕੁੱਝ ਸੁਣਦਾ ਰਿਹਾ। ਹੁਣ ਉਸ ਜ਼ੋਰ ਨਾਲ ਤਾੜੀ ਮਾਰੀ- "ਫ਼ਿਰ ਤੇ ਹਮਾਤੜ ਵੀ ਵੱਡਿਆਂ ਵਿੱਚ ਹੋ ਗਏ। ਮਲਕਾ ਦੇ ਆਦਰ ਲਈ ਕੁੱਝ ਨਾ ਕੁੱਝ ਤੇ ਅਸਾਂ ਵੀ ਕੀਤਾ ਈ ਏ ਨਾ!"
"ਹੁਣ ਚਾਚੇ ਝੰਡੂ ਨੂੰ ਸਮਝ ਆਈ ਜੇ।"
ਨਾਨੂੰ ਤੋਂ ਇਹ ਸੁਣ ਕੇ ਝੰਡੂ ਆਖਣ ਲੱਗਾ, "ਬਈ ਨਾਨੂੰ, ਤੈਨੂੰ ਤੇ ਬੜੀ ਹੀ ਵਾਕਫ਼ੀ ਜਾਪਦੀ ਏ; ਇੱਕ ਗੱਲ ਮੈਨੂੰ ਹੋਰ ਸਮਝਾ ਦੇਈਂ।"
"ਹਾਂ, ਦੱਸ ਚਾਚਾ!"
ਝੰਡੂ ਪੈਰ ਵਿੱਚ ਪਾਈ ਹੋਈ ਟੁੱਟੀ ਫੁੱਟੀ ਜੁੱਤੀ ਨੂੰ ਹੱਥਾਂ ਨਾਲ ਪੂੰਝ ਰਿਹਾ ਸੀ। ਫਿਰ ਪਾਟੇ ਹੋਏ ਪਜਾਮੇ ਦੇ ਲੰਗਾਰਾਂ ਨੂੰ ਗੰਢਾਂ ਮਾਰਨ ਲੱਗਾ। ਅਖ਼ੀਰ ਉਸ ਆਪਣੀ ਮੈਲੀ ਖਲ ਟੋਪੀ ਨੂੰ ਉਲਟਿਆਂ ਕਰ ਕੇ ਸਿਰ ਤੇ ਰੱਖਦਿਆਂ ਪੁਛਿਆ, "ਨਾਨੂੰ, ਸੁਣਿਐਂ ਮਲਕਾ ਦਿਨ ਵਿੱਚ ਪੰਜ ਛੇ ਵਾਰੀ ਪੁਸ਼ਾਕ ਬਦਲਦੀ ਏ?"
"ਚਾਚਾ ਵਲੈਤ ਵਿੱਚ ਸਾਰੇ ਹੀ ਇਸੇ ਤਰ੍ਹਾਂ ਛੰਡੇ ਫੂਕੇ ਰਹਿੰਦੇ ਨੇ।"

ਪੰਜਾਬੀ ਕਹਾਣੀਆਂ (ਮੁੱਖ ਪੰਨਾ)