Punjabi Kavita
Afzal Ahsan Randhawa
 Punjabi Kavita
Punjabi Kavita
  

Punjabi Poetry Afzal Ahsan Randhawa

ਪੰਜਾਬੀ ਕਵਿਤਾ ਅਫ਼ਜ਼ਲ ਅਹਿਸਨ ਰੰਧਾਵਾ

1. ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ

ਰੱਤ ਸਿਆਹੀ ਉਬਲੇ ਕਲਮ ਦੇ ਸੰਗਲ ਟੁੱਟਣ ।
ਕੈਦ 'ਚੋਂ ਅੰਦਰ ਵਾਲੇ ਹਰਫ਼ ਕਦੇ ਤੇ ਛੁੱਟਣ ।

ਮੈਂ ਸੋਨੇ ਜਿਹੇ ਅੱਖਰ ਮੁੱਠਾਂ ਭਰ ਭਰ ਵੰਡਾਂ,
ਚੰਗੇ ਲੋਕੀ ਹਸ-ਹਸ ਝੋਲੀਆਂ ਭਰ-ਭਰ ਲੁੱਟਣ ।

ਮੈਂ ਲਫ਼ਜ਼ਾਂ ਵਿੱਚ ਬੀਜਾਂ ਪਿਆਰ ਅਮਨ ਦੀਆਂ ਫ਼ਸਲਾਂ,
ਇਕ ਇਕ 'ਬੀ' 'ਚੋਂ ਸੌ ਸੌ ਬੂਟੇ ਫੁੱਟਣ ।

ਬੰਦੇ ਦੀ ਬੰਦਿਆਈ ਲਿਖਾਂ ਤਾਂ ਜੋ ਬੰਦੇ,
ਇਕ ਦੂਜੇ ਤੇ ਗੁੱਸੇ ਨਾਲ ਨਾ 'ਫੁੱਲ' ਵੀ ਸੁੱਟਣ ।

ਮੈਂ ਲਿਖਾਂ, ਮੈਂ ਲਿਖਾਂ ਮੈਂ ਲਿਖਦਾ ਹੀ ਜਾਵਾਂ,
'ਸ਼ਾਲਾ' ਕਲਮ ਤੇ ਹਰਫ਼ ਦੇ ਰਿਸ਼ਤੇ ਕਦੀ ਨਾ ਟੁੱਟਣ ।

'ਅਫ਼ਜ਼ਲ ਅਹਿਸਨ' ਲਫ਼ਜ਼ 'ਚ ਇਸਮੇਂ ਆਜ਼ਮ ਜਾਗੇ,
ਦੁੱਖਾਂ, ਦਰਦਾਂ ਵਾਲੇ ਦੁੱਖ ਦਰਦਾਂ ਤੋਂ ਛੁੱਟਣ ।

2. 'ਅਫ਼ਜ਼ਲ ਅਹਿਸਨ' ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ

'ਅਫ਼ਜ਼ਲ ਅਹਿਸਨ' ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ ।
ਚੁੱਕਣ ਲਈ 'ਸਲੀਬ' ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ ।

ਯਾ ਮੈਥੋਂ ਇਹ ਸੁਨਣਾ, ਬੋਲਣਾ, ਵੇਖਣਾ, ਸੋਚਣਾ ਲੈ ਲੈ,
ਯਾ ਮੈਨੂੰ ਵੀ ਅਪਣੀ ਡੂੰਘੀ, ਚੁੱਪ ਦੇ ਰੰਗ 'ਚ ਰੰਗ ।

ਯਾ ਤੇ ਮੈਨੂੰ ਅੱਖੀਆਂ ਦੇਹ ਮੈਂ ਤੈਨੂੰ ਦੇਖਾਂ-ਚਾਖਾਂ,
ਯਾ ਫਿਰ ਮੈਂ ਵੀ ਲੋਕਾਂ ਵਾਂਗੂੰ, ਬਹਿ ਕੇ ਘੋਟਾਂ ਭੰਗ ।

ਮੰਗ ਲਿਆ ਤੇ ਇਕ ਭੋਰਾ ਜਿਹਾ, ਚਾਨਣ ਵੀ ਨਹੀਂ ਦਿੰਦਾ,
ਕਹਿੰਦਾ ਹੁੰਦਾ ਸੈਂ ਮੰਗ ਲੈ, ਮੰਗ ਲੈ, ਮੰਗ ਲੈ ਨਾ ਸੰਗ ।

ਮੇਰੇ ਸਾਰੇ ਬੇਲੀ ਮੈਨੂੰ ਪੁੱਛਦੇ ਨੇ ਕੀ ਗੱਲ ਏ,
ਅੱਜ ਕੱਲ੍ਹ ਕਿਸੇ ਨਾ ਕਿਸੇ ਬਹਾਨੇ, ਟੁਰਿਆ ਰਹਿਨੈਂ ਝੰਗ ।

ਇਸ਼ਕ ਤੇ ਵਾਰਾ ਖਾ ਜਾਂਦਾ, ਪਰ ਥਾਂ ਸੀ ਬਹੁਤਾ ਉੱਚਾ,
'ਅਫ਼ਜ਼ਲ ਅਹਿਸਨ' ਮਾਰ ਗਿਆ, ਯਾਰਾਂ ਨੂੰ ਤੇੜ ਦਾ ਨੰਗ ।

3. ਬੱਚਿਆਂ ਦਾ ਕੋਈ ਖੇਲ੍ਹ ਏ ਬੱਚੜਾ

ਬੱਚਿਆਂ ਦਾ ਕੋਈ ਖੇਲ੍ਹ ਏ ਬੱਚੜਾ ।
ਜ਼ੇਲ੍ਹ ਤੇ ਓੜਕ ਜ਼ੇਲ੍ਹ ਏ ਬੱਚੜਾ ।

ਜਿਹੜਾ ਹੱਥ ਖੜ੍ਹੇ ਕਰ ਜਾਏ,
ਇਸ਼ਕ 'ਚ ਉਹੀ ਫ਼ੇਲ੍ਹ ਏ ਬੱਚੜਾ ।

ਜਿਹੜਾ ਸਾਮ੍ਹਣੇ ਆਏ, ਹੈ ਨਹੀਂ,
ਅੰਨ੍ਹੇ ਹੱਥ ਗੁਲੇਲ ਏ ਬੱਚੜਾ ।

ਸਾਡੇ ਹਿਜਰ ਤੇ ਰੋੜ੍ਹਨ ਹੰਝੂ,
ਅੱਗ ਪਾਣੀ ਦਾ ਖੇਲ੍ਹ ਏ ਬੱਚੜਾ ।

'ਬਿਜੂ' ਖੁੱਲ੍ਹੇ ਬੰਦੇ ਬੱਧੇ,
ਚੰਗਾ ਤੇਰਾ ਖੇਲ੍ਹ ਏ ਬੱਚੜਾ ।

ਨਹੀਂ ਹੰਝੂ ਕਿੱਥੋਂ ਆਉਂਣੇ ਨੇ,
ਅੱਖਾਂ ਵਿੱਚ ਤਰੇਲ ਏ ਬੱਚੜਾ ।

'ਅਫ਼ਜ਼ਲ ਅਹਿਸਨ' ਲੁੱਟ ਕੇ ਲੈ ਜਾ,
ਦਰਦ ਫ਼ਿਰਾਕ ਦੀ ਸੇਲ ਏ ਬੱਚੜਾ ।

4. ਸੱਚੀ ਗੱਲ ਏ ਇਹ ਕੋਈ ਅਫਵਾਹ ਨਹੀਂ

ਸੱਚੀ ਗੱਲ ਏ ਇਹ ਕੋਈ ਅਫਵਾਹ ਨਹੀਂ ।
ਆਹੋ ਮੈਨੂੰ ਉਹਦੀ ਕੋਈ ਪਰਵਾਹ ਨਹੀਂ ।

ਹੁਣ ਉਹ ਚਾਰੂ ਹੋ ਗਿਆ ਹਰੀਆਂ ਫ਼ਸਲਾਂ ਦਾ,
ਮੇਰੇ ਕੋਲ ਤੇ ਇਕ ਦੋ ਰੁੱਗ ਵੀ 'ਘਾਹ' ਨਹੀਂ ।

ਅਪਣੇ ਹੰਝੂਆਂ ਵਿੱਚ ਉਹ ਗੋਤੇ ਖਾਂਦਾ ਏ,
ਡੁੱਬ ਜਾਵੇਗਾ ਉਹਦਾ ਲੰਬਾ ਸਾਹ ਨਹੀਂ ।

ਹੁਣ ਉਹ ਅਪਣੇ ਸਿਰ ਦੇ ਵਿੱਚ ਕੀ ਪਾਏਗਾ,
ਸੱਤਾਂ ਚੁੱਲ੍ਹਿਆਂ ਵਿੱਚ ਤੇ ਮੁੱਠ ਸੁਆਹ ਨਹੀਂ ।

ਅੱਗ ਦੇ ਕੋਲ ਘਿਉ ਵੀ ਪੰਘਰ ਜਾਂਦਾ ਏ,
ਮੇਰੇ ਐਡੇ ਨੇੜੇ ਮੰਜੀ ਡਾਹ ਨਹੀਂ ।

ਬੱਧੇ ਸੰਗਲ ਮੈਨੂੰ ਟੁੱਟਣ ਦਿੰਦੇ ਨਹੀਂ,
ਮੌਤ ਦਾ ਮੈਨੂੰ ਰੱਤੀ ਭਰ 'ਤਰਾਹ' ਨਹੀਂ ।

ਮੇਰੇ ਦੁੱਖੋਂ ਮੌਤ ਕਿਨਾਰੇ ਬੈਠਾ ਏ,
ਉੱਤੋਂ ਆਂਹਦਾ ਮੈਨੂੰ ਕੋਈ ਪ੍ਰਵਾਹ ਨਹੀਂ ।

ਵਿੱਛੜ ਕੇ ਰੋਂਦਾ ਸੀ ਮਿਲ ਕੇ ਆਕੜ ਦਾ,
'ਅਫ਼ਜ਼ਲ ਅਹਿਸਨ' ਉਹਦਾ ਕੁਝ ਵਿਸਾਹ ਨਹੀਂ ।

5. ਸਿਰ ਤੇ ਪੱਗ ਸੰਧੂਰੀ ਮੋਢੇ ਲੋਈ ਰੱਖ

ਸਿਰ ਤੇ ਪੱਗ ਸੰਧੂਰੀ ਮੋਢੇ ਲੋਈ ਰੱਖ ।
ਉਹਨੂੰ ਮਿਲ ਕੇ ਦਿਲ ਦਾ ਦਰਦ ਲਕੋਈ ਰੱਖ ।

ਖੋਲੇਂਗਾ ਕੋਈ ਅੰਦਰ ਵੜ ਆਊਗਾ,
ਅਖਾਂ ਵਾਲੇ ਦੋਵੇਂ ਬੂਹੇ ਢੋਈ ਰੱਖ ।

ਕੁੱਝ ਤੇ ਭੁੱਖ ਦਾ ਭਰਮ ਵੀ ਰਹਿਣਾ ਚਾਹੀਦੈ,
ਹਾਂਡੀ ਉੱਤੇ ਢੱਕਣ ਤੇ ਵਿੱਚ ਡੋਈ ਰੱਖ ।

ਉਹਦੇ ਹੱਥ ਨਾਜ਼ੁਕ ਤੇ ਧਾਰਾਂ ਸਖਤੀਆਂ ਨੇ,
ਉਹ ਪਸ਼ਮਾਉਂਦਾ ਜਾਂਦੈ ਤੇ ਤੂੰ ਚੋਈ ਰੱਖ ।

ਸ਼ਿਖਰ ਦੁਪਹਿਰੇ ਫਿਰਕੇ ਦੇਖ ਚੁੜੇਲਾਂ ਨੂੰ,
ਕੰਨ ਵਿੱਚ ਰੂੰ ਦਾ ਤੂੰਬਾ ਭਿਊਂ ਖ਼ੁਸ਼ਬੋਈ ਰੱਖ ।

ਜਿੰਨੇ ਜੋਗਾ ਏਂ ਉਨਾ ਤੇ ਕਰਦਾ ਰਹੁ,
ਮੈਲੀ ਧਰਤੀ ਪਾਣੀ ਪਾ ਪਾ ਧੋਈ ਰੱਖ ।

ਇਕ ਵਾਰੀ ਤੇ ਫ਼ਸਲਾਂ ਔੜ ਨੂੰ ਭੁੱਲ ਜਾਵਣ,
'ਅਫ਼ਜ਼ਲ ਅਹਿਸਨ' ਉੱਠ ਰਾਤ ਦਿਨ ਖੂਹ ਜੋਈ ਰੱਖ ।

6. ਇੰਜ ਹਾਲੋਂ ਬੇ ਹਾਲ ਨੀ ਮਾਏ

ਇੰਜ ਹਾਲੋਂ ਬੇ ਹਾਲ ਨੀ ਮਾਏ
ਭੁੱਲ ਗਈ ਆਪਣੀ ਚਾਲ ਨੀ ਮਾਏ

ਦੋਜ਼ਖ਼ ਤੈਥੋਂ ਦੂਰ ਏ, ਜੰਨਤ
ਤੇਰੇ ਆਲ-ਦੁਆਲ ਨੀ ਮਾਏ

ਮੈਂ ਦਰਿਆਵਾਂ ਦਾ ਹਾਣੀ ਸਾਂ
ਤੁਰਨੇ ਪੈ ਗਏ ਖਾਲ਼ ਨੀ ਮਾਏ

ਮੇਰੀ ਚਿੰਤਾ ਛੱਡ ਦੇ, ਉਥੇ
ਰੁਲਦੇ ਸਭ ਦੇ ਬਾਲ ਨੀ ਮਾਏ

ਹੁਣ ਤੇ ਕੁੱਝ ਨਈਂ ਨਜ਼ਰੀਂ ਆਉਂਦਾ
ਹੋਰ ਇਕ ਦਿਓ ਉਬਾਲ ਨੀ ਮਾਏ

ਉਨੇ ਫਟ ਮੇਰੇ ਜੁੱਸੇ 'ਤੇ
ਜਿੰਨੇ ਤੇਰੇ ਵਾਲ਼ ਨੀ ਮਾਏ

ਅਫ਼ਜ਼ਲ ਅਹਸਨ ਲਾਇਆ ਸੀ, ਪਰ
ਖਾ ਗਿਆ ਦਰਦ ਜੰਗਾਲ਼ ਨੀ ਮਾਏ

(ਰਾਹੀਂ: ਮਜ਼ਹਰ ਕਯੂਮ ਧਾਰੀਵਾਲ ਜਹਾਨੀਆਂ ਪਾਕਿਸਤਾਨ)

7. ਨਵਾਂ ਘੱਲੂਘਾਰਾ

ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।

ਮੇਰੀ ਸਾਵੀ ਕੁੱਖ ਜਨਮਾ ਚੁੱਕੀ
ਜਿਹੜੀ ਗੁਰੂ ਸਿਆਣੇ ਵੀਰ ।
ਅੱਜ ਤਪਦੀ ਭੱਠੀ ਬਣ ਗਈ
ਤੇ ਉਹਦੀ ਵੇਖ ਅਸੀਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸਾਵੀ ਕੁੱਖ ਅਖ਼ੀਰ ।
ਵਿਚ ਫੁਲਿਆਂ ਵਾਂਗੂੰ ਖਿੜ ਪਏ
ਮੇਰੇ ਸ਼ੇਰ ਜਵਾਨ ਤੇ ਪੀਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਮਹਿਕਾਂ ਵੰਡਦੀ ਕੁੱਖ ।
ਅੱਜ ਮੇਰੇ ਥਣਾਂ 'ਚੋਂ ਚੁੰਘਦੇ
ਮੇਰੇ ਬਚੇ ਲਹੂ ਤੇ ਦੁੱਖ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਸੱਤ ਸਮੁੰਦਰ ਅੱਖ ।
ਅੱਜ ਝੱਲੀ ਜਾਏ ਨਾ ਜੱਗ ਤੋਂ
ਮੇਰੀ ਸ਼ਹੀਦਾਂ ਵਾਲੀ ਦੱਖ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਚੂੜੇ ਵਾਲੀ ਬਾਂਹ ।
ਅੱਜ ਵਿੱਚ ਸ਼ਹੀਦੀ ਝੰਡਿਆਂ
ਹੈ ਮੇਰਾ ਝੰਡਾ 'ਤਾਂਹ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਸਗਲੇ ਵਾਲਾ ਪੈਰ ।
ਅੱਜ ਵੈਰੀਆਂ ਕੱਢ ਵਿਖਾਲਿਆ
ਹੈ ਪੰਜ ਸਦੀਆਂ ਦਾ ਵੈਰ ।

ਅੱਜ ਤਪਦੀ ਭੱਠੀ ਬਣ ਗਈ
ਮੇਰੀ ਦੁੱਧਾਂ ਵੰਡਦੀ ਛਾਤ ।
ਮੈਂ ਆਪਣੀ ਰੱਤ ਵਿੱਚ ਡੁੱਬ ਗਈ
ਪਰ ਬਾਹਰ ਨਾ ਮਾਰੀ ਝਾਤ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਮੱਖਣ ਜਿਹਾ ਸਰੀਰ
ਮੈਂ ਕੁੱਖ ਸੜੀ ਵਿੱਚ ਸੜ ਮਰੇ
ਮੇਰਾ ਰਾਂਝਾ ਮੇਰੀ ਹੀਰ ।

ਅੱਜ ਤਪਦੀ ਭੱਠੀ ਬਣ ਗਿਆ
ਮੇਰਾ ਡਲ੍ਹਕਾਂ ਮਾਰਦਾ ਰੰਗ ।
ਮੈਂ ਮਰ ਜਾਣੀ ਵਿੱਚ ਸੜ ਗਿਆ
ਅੱਜ ਮੇਰਾ ਇੱਕ ਇੱਕ ਅੰਗ ।

ਅੱਜ ਤਪਦੀ ਭੱਠੀ ਬਣ ਗਈ
ਮੇਰੇ ਵਿਹੜੇ ਦੀ ਹਰ ਇੱਟ ।
ਜਿਥੇ ਦੁਨੀਆਂ ਮੱਥਾ ਟੇਕਦੀ
ਓਹ ਬੂਟਾਂ ਛੱਡੀ ਭਿੱਟ ।

ਮੇਰੇ ਬੁਰਜ ਮੁਨਾਰੇ ਢਾਹ ਦਿੱਤੇ
ਢਾਹ ਦਿੱਤਾ ਤਖਤ ਅਕਾਲ ।
ਮੇਰਾ ਸੋਨੇ ਰੰਗ ਰੰਗ ਅੱਜ
ਮੇਰੇ ਲਹੂ ਨਾ' ਲਾਲੋ ਲਾਲ ।

ਮੇਰੀਆਂ ਖੁੱਥੀਆਂ ਟੈਂਕਾਂ ਮੀਢੀਆਂ
ਮੇਰੀ ਲੂਹੀ ਬੰਬਾਂ ਗੁੱਤ ।
ਮੇਰੇ ਕੁੱਛੜ ਅੰਨ੍ਹੀਆਂ ਗੋਲੀਆਂ
ਭੁੰਨ ਸੁੱਟੇ ਮੇਰੇ ਪੁੱਤ ।

ਮੇਰਾ ਚੂੜਾ ਰਾਤ ਸੁਹਾਗ ਦਾ
ਹੋਇਆ ਏਦਾਂ ਲੀਰੋ ਲੀਰ ।
ਜਿੱਦਾਂ ਕਿਰਚੀ ਕਿਰਚੀ ਹੋ ਗਈ
ਮੇਰੀ ਸ਼ੀਸ਼ੇ ਦੀ ਤਸਵੀਰ ।

ਮੇਰਾ ਸ਼ੇਰ ਬਹਾਦਰ ਸੂਰਮਾ
ਜਰਨੈਲਾਂ ਦਾ ਜਰਨੈਲ ।
ਉਸ ਮੌਤ ਵਿਆਹੀ ਹੱਸ ਕੇ
ਓਹਦੇ ਦਿਲ 'ਤੇ ਰਤਾ ਨਾ ਮੈਲ ।

ਪਰ ਕੋਈ ਨਾ ਉਹਨੂੰ ਬਹੁੜਿਆ
ਉਹਨੂੰ ਵੈਰੀਆਂ ਮਾਰਿਆ ਘੇਰ ।
ਉਂਝ ਡੱਕੇ ਰਹਿ ਗਏ ਘਰਾਂ 'ਚ
ਮੇਰੇ ਲੱਖਾਂ ਪੁੱਤਰ ਸ਼ੇਰ ।

ਸੁਣ ਰਾਹੀਆ ਕਰਮਾਂ ਵਾਲਿਆ !
ਮੈਂ ਬੇਕਰਮੀ ਦੀ ਬਾਤ ।
ਮੇਰਾ ਚੜ੍ਹਦਾ ਸੂਰਜ ਡੁਬਿਆ
ਮੇਰੇ ਦਿਨ ਨੂੰ ਖਾ ਗਈ ਰਾਤ ।

ਮੇਰੇ ਲੂੰ ਲੂੰ 'ਚੋਂ ਪਈ ਵਗਦੀ
ਭਾਵੇਂ ਲਹੂ ਦੀ ਇਕ ਇਕ ਨਹਿਰ ।
ਮੈਂ ਅਜੇ ਜਿਉਂਦੀ ਜਾਗਦੀ
ਮੈਂ ਝੱਲ ਗਈ ਸਾਰਾ ਕਹਿਰ ।

ਮੈਂ ਮਰ ਨਹੀਂ ਸਕਦੀ ਕਦੇ ਵੀ
ਭਾਵੇਂ ਵੱਢਣ ਅੱਠੇ ਪਹਿਰ ।
ਭਾਵੇਂ ਦੇਣ ਤਸੀਹੇ ਰੱਜ ਕੇ
ਭਾਵੇਂ ਰੱਜ ਪਿਆਲਣ ਜ਼ਹਿਰ ।

ਮੇਰੇ ਪੁੱਤਰ ਸਾਗਰ ਜ਼ੋਰ ਦਾ
ਹਰ ਹਰ ਬਾਂਹ ਇਕ ਇਕ ਲਹਿਰ ।
ਮੇਰੇ ਪੁੱਤਰ ਪਿੰਡੋ ਪਿੰਡ ਨੇ
ਮੇਰੇ ਪੁੱਤਰ ਸ਼ਹਿਰੋ ਸ਼ਹਿਰ ।

ਮੇਰੀ ਉਮਰ ਕਿਤਾਬ ਦਾ ਵੇਖ ਲੈ
ਤੂੰ ਹਰ ਹਰ ਵਰਕਾ ਪੜ੍ਹ ।
ਜਦੋਂ ਭਾਰੀ ਬਣੀ ਹੈ ਮਾਂ 'ਤੇ
ਮੇਰੇ ਪੁੱਤਰ ਆਏ ਚੜ੍ਹ ।

ਪੜ੍ਹ ! ਕਿੰਨੀ ਵਾਰੀ ਮਾਂ ਤੋਂ
ਉਨ੍ਹਾਂ ਵਾਰੀ ਆਪਣੀ ਜਾਨ ।
ਪੜ੍ਹ ! ਕਿਸ ਦਿਨ ਆਪਣੀ ਮਾਂ ਦਾ
ਉਨ੍ਹਾਂ ਨਹੀਂ ਸੀ ਰੱਖਿਆ ਮਾਣ ।

ਸੁਣ ਰਾਹੀਆ ਰਾਹੇ ਜਾਂਦਿਆ !
ਤੂੰ ਲਿਖ ਰੱਖੀਂ ਇਹ ਬਾਤ ।
ਮੇਰਾ ਡੁੱਬਿਆ ਸੂਰਜ ਚੜ੍ਹੇਗਾ
ਓੜਕ ਮੁੱਕੇਗੀ ਇਹ ਰਾਤ ।

 
Punjabi Kavita
To veiw this site you must have Unicode fonts. Contact Us