Anwar Udas
ਅਨਵਰ 'ਉਦਾਸ'

ਨਾਂ-ਮੁਹੰਮਦ ਅਨਵਰ, ਕਲਮੀ ਨਾਂ-ਅਨਵਰ ਉਦਾਸ,
ਪਿਤਾ ਦਾ ਨਾਂ-ਮੀਆਂ ਨੂਰ ਮੁਹੰਮਦ,
ਜਨਮ ਤਾਰੀਖ਼-29 ਅਪਰੈਲ 1955,
ਜਨਮ ਸਥਾਨ-ਤਹਿਸੀਲ ਫ਼ੀਰੋਜ਼ਪੁਰ, ਜ਼ਿਲਾ ਸ਼ੇਖ਼ੂਪੁਰਾ, ਪੰਜਾਬ,
ਵਿਦਿਆ-ਦਸਵੀਂ, ਕਿੱਤਾ-ਨੌਕਰੀ,
ਛਪੀਆਂ ਕਿਤਾਬਾਂ-ਸਾਹਵਾਂ ਦੀ ਖ਼ੁਸਬੂ, 1984 (ਗ਼ਜ਼ਲਾਂ), ਸਾਵੀਂ ਰੁੱਤ ਦੇ ਦੀਵੇ 1991 (ਗ਼ਜ਼ਲਾਂ),
ਪਤਾ-12, ਕੈਨਾਲ ਪਾਰਕ, ਮੁਰੀਦਕੇ, ਪੰਜਾਬ ।

ਪੰਜਾਬੀ ਗ਼ਜ਼ਲਾਂ (ਸਾਵੀਂ ਰੁੱਤ ਦੇ ਦੀਵੇ 1991 ਵਿੱਚੋਂ) : ਅਨਵਰ 'ਉਦਾਸ'

Punjabi Ghazlan (Saveen Rutt De Deeve 1991) : Anwar Udas



ਯਾਰ ਕਹਿੰਦਾ ਸੀ ਜੋ ਗ਼ਰਜ਼ਾਂ ਦਾ

ਯਾਰ ਕਹਿੰਦਾ ਸੀ ਜੋ ਗ਼ਰਜ਼ਾਂ ਦਾ ਪੁਜਾਰੀ ਨਿਕਲਿਆ । ਮੈਂ ਰਿਹਾ ਸਾਦਾ ਸਮਝਦਾ ਉਹ ਮਦਾਰੀ ਨਿਕਲਿਆ । ਕਿਸ ਤਰ੍ਹਾਂ ਜੀਵਨ ਬਿਤਾਵਾਂ ਯਾਰ ਮੇਰੇ ਦੀ ਤਰ੍ਹਾਂ, ਅੱਜ ਮਿਰਾ ਸਾਇਆ ਵੀ ਦੁਸ਼ਮਨ ਦਾ ਹਵਾਰੀ ਨਿਕਲਿਆ । ਮੰਜ਼ਿਲਾਂ ਤੇ ਜਾਣ ਦੇ ਪੁਖ਼ਤਾਂ ਇਰਾਦੇ ਸਨ ਮਿਰੇ, ਪਰ ਮਿਰਾ ਜੁੱਸਾ ਮੇਰੀ ਹਿੰਮਤ ਤੋਂ ਭਾਰੀ ਨਿਕਲਿਆ । ਸੋਚ ਦੇ ਪੱਤੇ ਹਰੇ ਹੋਏ ਖ਼ਿਜ਼ਾ ਰੁੱਤੇ ਜਦੋਂ, ਝੂਠ ਦੀ ਬਸਤੀ ਚੋਂ ਇਕ ਸੱਚਾ ਲਿਖਾਰੀ ਨਿਕਲਿਆ । ਲੁੱਟਿਆ ਏ ਕਾਫ਼ਲੇ ਨੂੰ ਕਾਫ਼ਲੇ ਦੇ ਆਗੂਆਂ, ਰਹਿਨੁਮਾ ਦੇ ਭੇਸ ਵਿਚ ਹਰ ਇਕ ਸ਼ਿਕਾਰੀ ਨਿਕਲਿਆ । ਪਿਆਰ ਦੇ ਬਦਲੇ 'ਚ 'ਅਨਵਰ' ਨਫ਼ਰਤਾਂ ਉਸ ਮੋੜੀਆਂ, ਬੇ-ਵਿਹਾਰੇ ਦੌਰ ਵਿਚ ਬੰਦਾ ਵਿਹਾਰੀ ਨਿਕਲਿਆ ।

ਦਿਲ ਵਿਚ ਤੇਰਾ ਦਰਦ ਤੇ ਅੱਖੀਂ

ਦਿਲ ਵਿਚ ਤੇਰਾ ਦਰਦ ਤੇ ਅੱਖੀਂ ਸੁਫ਼ਨੇ ਤੇਰੇ ਰੱਖੇ । ਮੈਂ ਯਾਦਾਂ ਦੇ ਬਾਲ ਕੇ ਦੀਵੇ ਆਸ ਬਨੇਰੇ ਰੱਖੇ । ਤੇਰੇ ਲਈ ਨਿੱਤ ਖੁੱਲੇ੍ਹ ਰੱਖੇ ਅੱਖੀਆਂ ਦੇ ਦਰਵਾਜ਼ੇ, ਪਰ ਖ਼ਬਰੇ ਬੇਦਰਦਾ ਤੂੰ ਕਿਸ ਪਾਸੇ ਫ਼ੇਰੇ ਰੱਖੇ । ਇਹ ਤੇ ਮੇਰੀ ਹਿੰਮਤ ਕਿ ਮੈਂ ਏਥੇ ਤੀਕ ਆ ਪੁੱਜਾ, ਰਾਹਵਾਂ ਦੇ ਵਿਚ ਪੱਥਰ ਸੱਜਣਾ ਉਂਜ ਵਧੇਰੇ ਰੱਖੇ । ਮੇਰੇ ਸ਼ਿਅਰਾਂ ਦਾ ਮਤਲਬ ਉਹ ਸਮਝੇ ਯਾ ਨਾ ਸਮਝੇ, ਮੈਂ ਤੇ ਅੱਖਰਾਂ ਵਿਚ ਛੁਪਾ ਕੇ ਹੈਨ ਸਵੇਰੇ ਰੱਖੇ । ਉਹਨੇ ਅੰਨ੍ਹਿਆਂ ਲੋਕਾਂ ਨੂੰ ਹੈ ਕੀ ਚਾਨਣ ਵਰਤਾਣਾ, ਜੀਹਨੇ ਸਫ਼ਰਾਂ ਦੇ ਵਿਚ ਆਪਣੇ ਨਾਲ ਹਨ੍ਹੇਰੇ ਰੱਖੇ । ਉਹਦੇ ਮੁੱਖ ਦੀ ਲਾਲੀ ਪਈ ਸੀ ਸੂਰਜ ਨੂੰ ਸ਼ਰਮਾਂਦੀ, ਉਹਦੀਆਂ ਜ਼ੁਲਫ਼ਾਂ ਕਿੰਨੇ ਹੀ ਸਨ ਕੀਲ ਸਪੇਰੇ ਰੱਖੇ । 'ਅਨਵਰ' ਮੇਰੇ ਮੂੰਹ ਤੇ ਜਿਸ ਨੇ ਸਿਫ਼ਤਾਂ ਦੇ ਪੁਲ ਬੰਨ੍ਹੇ, ਕੰਡ ਪਿਛੇ ਉਸ ਐਬ ਉਛਾਲੇ ਭਰਮ ਨਾ ਮੇਰੇ ਰੱਖੇ ।

ਸੂਰਜ ਵਾਂਗੂੰ ਧਰਤੀ ਉੱਤੇ ਰੋਸ਼ਨੀਆਂ ਵਰਤਾਵਾਂ

ਸੂਰਜ ਵਾਂਗੂੰ ਧਰਤੀ ਉੱਤੇ ਰੋਸ਼ਨੀਆਂ ਵਰਤਾਵਾਂ । ਵਸ ਚੱਲੇ ਤੇ ਘੁੱਪ ਹਨ੍ਹੇਰੀਆਂ ਰਾਤਾਂ ਨੂੰ ਅੱਗ ਲਾਵਾਂ । ਸਾਥ ਨਿਭਾਣ ਦੀ ਥਾਂ ਜੋ ਹੋਵਣ ਦੁਸ਼ਮਣ ਨਾਲ ਖਲੋਤੇ, ਆਪਣੇ ਐਸੇ ਸੱਜਣਾਂ ਨੂੰ ਮੈਂ ਕਿਹੜੇ ਖਾਤੇ ਪਾਵਾਂ । ਪਿਛਲੇ ਮੌਸਮ ਦੇ ਵਿਚ ਵੀ ਸੀ ਇਹ ਅਨਹੋਣੀ ਹੋਈ, ਜੁਰਮਾਂ ਵਾਲਿਆਂ ਨੇ ਦਿੱਤੀਆਂ ਬੇਜੁਰਮਾਂ ਤੀਕ ਸਜ਼ਾਵਾਂ । ਸ਼ਹਿਰਾਂ ਦੇ ਵਿਚ ਅੱਗ ਤੇ ਲਹੂ ਦੀ ਬਾਰਸ਼ ਹੁੰਦੀ ਤੱਕ ਕੇ, ਜਸ਼ਨ ਮਨਾਵਣ ਵਾਲਿਆ ਕੀਵੇਂ ਤੇਰਾ ਸਾਥ ਨਿਭਾਵਾਂ । ਜੇਕਰ ਪੈਸੇ ਹੋਵਣ ਮੇਰੇ ਕੋਲ ਕਿਤਾਬਾਂ ਜੋਗੇ, ਕੁਲਫ਼ੀਆਂ ਵੇਚਣ ਦੀ ਥਾਂ ਪੁੱਤਰ ਨੂੰ ਅਸਕੂਲ ਘੱਲਾਵਾਂ । ਮੁਨਸਫ਼ ਹੀ ਜਦ ਡਾਕੂ ਹੋਵੇ, ਤੇ ਫਿਰ ਦੱਸ ਖ਼ਾਂ 'ਅਨਵਰ', ਆਪਣੇ ਲੁੱਟਿਆ ਜਾਵਣ ਦਾ ਮੈਂ ਕੀਹਨੂੰ ਹਾਲ ਸੁਨਾਵਾਂ ।

ਜਿੱਥੇ ਕੀਤੀ ਜਦ ਵੀ ਕੀਤੀ

ਜਿੱਥੇ ਕੀਤੀ ਜਦ ਵੀ ਕੀਤੀ, ਗੱਲ ਸੁਚੇਰੀ ਕੀਤੀ । ਝੂਠਾਂ ਦੇ ਇਸ ਦੌਰ 'ਚ ਉਸਨੇ, ਖ਼ੂਬ ਦਲੇਰੀ ਕੀਤੀ । ਤੇਰੇ ਸ਼ਹਿਰ ਦਿਆਂ ਲੋਕਾਂ ਨੇ, ਉਸੇ ਨੂੰ ਵਡਿਆਇਆ, ਜੀਹਨੇ ਹਰ ਕੰਮ ਦੇ ਵਿਚ ਏਥੇ, ਹੇਰਾ ਫੇਰੀ ਕੀਤੀ । ਜਦ ਦੁਨੀਆਂ ਤੋਂ ਰੁਖ਼ਸਤ ਹੋਇਆ, ਖ਼ਾਲੀ ਹੱਥ ਸਨ ਉਸ ਦੇ, ਉਹ ਬੰਦਾ ਜਿਸ ਜਿਉਂਦੀ ਜਾਨੇ, ਮੇਰੀ ਮੇਰੀ ਕੀਤੀ । ਮਹਿਫ਼ਲ ਦੇ ਵਿਚ ਮੈਂ ਤੇ ਹੈ ਬਸ, ਆਪਣਾ ਰੋਣਾਂ ਰੋਇਆ, ਤੂੰ ਕਿਉਂ ਸਮਝੇਂ ਬੇਦਰਦਾਂ ਕਿ, ਗੱਲ੍ਹ ਮੈਂ ਤੇਰੀ ਕੀਤੀ । ਮੁਨਸਿਫ਼ ਨੇ ਛੱਡ ਦਿੱਤਾ ਉਸ ਜ਼ਾਲਮ ਨੂੰ ਰਿਸ਼ਵਤ ਲੈ ਕੇ, ਇਕ ਬੇਵਾਹ ਦੀ ਵਸਦੀ ਦੁਨੀਆ, ਜੇਸ ਹਨੇਰੀ ਕੀਤੀ । ਉਹਨੇ ਮੈਨੂੰ ਗਾਲਾਂ ਕੱਢ ਕੇ, ਆਪਣਾ ਭਰਮ ਗਵਾਇਆ, ਉੱਤੋਂ ਮੈਂ ਚੁੱਪ ਰਹਿਕੇ ਉਹਦੇ, ਨਾਲ ਵਥੇਰੀ ਕੀਤੀ । 'ਅਨਵਰ' ਅੱਜ ਉਸ ਬੰਦੇ ਦੇ ਕੰਮ, ਮੈਂ ਕੀਵੇਂ ਨਾ ਆਵਾਂ, ਔਖੇ ਪਲ ਜਿਸ ਹਰ ਸ਼ੈ ਮੇਰੇ, ਅੱਗੇ ਢੇਰੀ ਕੀਤੀ ।

ਸੋਚਾਂ ਆਪਣੇ ਪੈਰਾਂ ਸਿਰ ਜਦ ਹੋਣਗੀਆਂ

ਸੋਚਾਂ ਆਪਣੇ ਪੈਰਾਂ ਸਿਰ ਜਦ ਹੋਣਗੀਆਂ । ਸੁੱਖਾਂ ਦੇ ਸੂਰਜ ਲਈ ਮਿੱਟੀ ਗੋਣਗੀਆਂ । ਇਹ ਵੇਲਾ ਵੀ ਜੀਵਨ ਦੇ ਵਿਚ ਤੱਕਣਾ ਸੀ, ਲਾਸ਼ਾਂ ਵੀ ਰੂਹਾਂ ਦੇ ਪੱਥਰ ਢੋਣਗੀਆਂ । ਹੰਝੂਆਂ ਦੇ ਨਾਲ ਚਿਹਰਾ ਤੇ ਧੁਲ ਸਕਦਾ ਏ, ਅੱਖਾਂ ਦਿਲ ਦੇ ਦਾਗ਼ ਭਲਾ ਕਿੰਜ ਧੋਣਗੀਆਂ । ਅੱਜ ਫਿਰ ਕਾਵਾਂ ਦਾ ਲੱਗਾ ਦਾਅ ਬੋਟਾਂ ਤੇ, ਅੱਜ ਫਿਰ ਚਿੜੀਆਂ ਸ਼ਾਖ਼ਾਂ ਤੇ ਬਹਿ ਰੋਣਗੀਆਂ । ਕੀ ਏ ਜੇ ਅੱਜ ਉਹਦੀਆਂ ਵਾਗਾਂ ਖੁੱਲੀਆਂ ਨੇ, ਕੱਲ ਉਹਦੇ ਲਈ ਸੜਕਾਂ ਵੀ ਤੰਗ ਹੋਣਗੀਆਂ । ਕਹਿਰ ਹਨੇਰੇ ਛਟ ਜਾਵਣਗੇ ਅੰਤ 'ਉਦਾਸ' ਰਾਤਾਂ ਕਦ ਤੱਕ ਜ਼ੁਲਮ ਦੀ ਚੱਕੀ ਝੋਣਗੀਆਂ ।

ਸੰਨ੍ਹਾਂ ਲਾਵਣ ਪਹਿਰੇਦਾਰ ਤੇ ਕੀ ਕਰੀਏ

ਸੰਨ੍ਹਾਂ ਲਾਵਣ ਪਹਿਰੇਦਾਰ ਤੇ ਕੀ ਕਰੀਏ । ਮੁਨਸਫ਼ ਹੋਵਣ ਡੰਡੀ ਮਾਰ ਤੇ ਕੀ ਕਰੀਏ । ਬੋਲਣ ਦਾ ਵਲ ਕੱਲ੍ਹ ਜਿਨ੍ਹਾਂ ਨੂੰ ਦੱਸਿਆ ਸੀ, ਉਹ ਵੀ ਕਰਨ ਜੇ ਅੱਜ ਤਕਰਾਰ ਤੇ ਕੀ ਕਰੀਏ । ਜਿਹਨਾਂ ਤੇ ਸੀ ਗ਼ਮਖ਼ਾਰੀ ਦਾ ਮਾਨ, ਜੇ ਉਹਰਾਹ ਦੀ ਬਣ ਜਾਵਣ ਦੀਵਾਰ ਤੇ ਕੀ ਕਰੀਏ । ਔਖੇ ਵੇਲੇ ਭਾਰ ਵੰਡਣ ਦੀ ਥਾਂ ਜੇਕਰ, ਛੱਡ ਜਾਵਣ ਸਾਨੂੰ ਦਿਲਦਾਰ ਤੇ ਕੀ ਕਰੀਏ । ਜਿਨ੍ਹਾਂ ਦੇ ਨਾਂ ਆਪਣਾ ਜੀਵਨ ਲਾਇਆ ਸੀ, ਪੁੱਛਣ ਨਾ ਜੇ ਉਹ ਵੀ ਸਾਰ ਤੇ ਕੀ ਕਰੀਏ । ਰਿਸ਼ਵਤ ਬਾਝੋਂ ਮਜ਼ਦੂਰੀ ਵੀ ਲੱਭਦੀ ਨਈਂ, ਫਿਰੀਏ ਨਾ ਜੇ ਇੰਜ ਬੇਕਾਰ ਤੇ ਕੀ ਕਰੀਏ । ਉਹ ਦਿਨ-ਰਾਤੀ ਆਵਣ ਟੀ. ਵੀ. ਤੇ 'ਅਨਵਰ' ਸਾਨੂੰ ਛਾਪਣ ਨਾ ਅਖ਼ਬਾਰ ਤੇ ਕੀ ਕਰੀਏ ।

ਗੂਹੜੇ ਬੱਦਲ ਜਦ ਤੋਂ ਮੀਂਹ ਵਰਸਾ ਗਏ ਨੇ

ਗੂਹੜੇ ਬੱਦਲ ਜਦ ਤੋਂ ਮੀਂਹ ਵਰਸਾ ਗਏ ਨੇ । ਭੁੱਖੇ ਦਰਿਆ ਸਾਰੀਆਂ ਫ਼ਸਲਾਂ ਖਾ ਗਏ ਨੇ । ਜਿਹੜਾ ਲੋਅ ਵਰਤਾਂਦਾ ਸੀ ਇਸ ਨਗਰੀ ਨੂੰ, 'ਵਾ ਦੇ ਬੁੱਲੇ ਉਹੋ ਦੀਪ ਬੁਝਾ ਗਏ ਨੇ । ਖ਼ਬਰੇ ਕੀਵੇਂ ਦਾ ਇਹ ਸੂਰਜ ਚੜ੍ਹਿਆ ਏ, ਇਨਸਾਨਾਂ ਦੇ ਜੁੱਸੇ ਈ ਪਥਰਾ ਗਏ ਨੇ । ਰਾਖੀ ਕਰਨੀ ਸੀ ਜਿਨਹਾਂ ਨੇ ਫੁੱਲਾਂ ਦੀ, ਗੁਲਸ਼ਨ ਦੇ ਵਿਚ ਉਹੋ ਅੱਗਾਂ ਲਾ ਗਏ ਨੇ । ਤਾਰੇ ਗਿਣ-ਗਿਣ ਹੁਣ ਮੈਂ ਰਾਤ ਲੰਘਾਂਦਾ ਹਾਂ, ਬੇਦਰਦਾਂ ਦੇ ਚੇਤੇ ਨੀਂਦ ਉਡਾ ਗਏ ਨੇ । ਆਪਣੇ ਯਾਰਾਂ ਨੂੰ ਕਿਉਂ ਭੈੜਾ ਆਖਾਂ ਮੈਂ, ਕੀ ਹੋਇਆ ਜੇ ਮੈਥੋਂ ਨੈਣ ਚੁਰਾ ਗਏ ਨੇ । 'ਅਨਵਰ' ਅੱਜ ਫਿਰ ਭੇਸ ਵਟਾ ਕੇ ਹੰਝੂਆਂ ਦਾ, ਪਲਕਾਂ ਉੱਤੇ ਦਿਲ ਦੇ ਦੁਖੜੇ ਆ ਗਏ ਨੇ ।

ਕਾਹਦੇ ਰਿਸ਼ਤੇ ਕਾਹਦੀਆਂ ਸਾਂਝਾਂ

ਕਾਹਦੇ ਰਿਸ਼ਤੇ ਕਾਹਦੀਆਂ ਸਾਂਝਾਂ ਰਹਿ ਗਈਆਂ । ਹੁਣ ਤੇ ਗੱਲਾਂ ਹੀ ਬਸ ਗੱਲਾਂ ਰਹਿ ਗਈਆਂ । ਸੱਜਣ ਪਰਤ ਘਰਾਂ ਨੂੰ ਟੁਰ ਗਏ ਸਾਰੇ ਈ, ਮੇਰੇ ਨਾਲ ਸਫ਼ਰ ਵਿਚ ਰਾਹਵਾਂ ਰਹਿ ਗਈਆਂ । ਪਤਝੜ ਰੁੱਤ ਨੇ ਲੀੜੇ ਲਾਹ ਲਏ ਰੁੱਖਾਂ ਦੇ, ਨੰਗਮ-ਨੰਗੀਆਂ ਹੋ ਕੇ ਸ਼ਾਖ਼ਾਂ ਰਹਿ ਗਈਆਂ । ਮਹਿਲਾਂ ਨੂੰ ਰੁਸ਼ਨਾਇਆ ਚੜ੍ਹਦੇ ਸੂਰਜ ਨੇ, ਝੁੱਗੀਆਂ ਦੇ ਵਿਚ ਫਲਦੀਆਂ ਸ਼ਾਮਾਂ ਰਹਿ ਗਈਆਂ । ਜ਼ੁਰਮਾਂ ਵਾਲੇ ਛੁਟ ਗਏ ਓਸੇ ਵੇਲੇ ਈ, ਹੱਥੀਂ ਬੇਦੋਸ਼ਾਂ ਹਥਕੜੀਆਂ ਰਹਿ ਗਈਆਂ । ਖ਼ਬਰੇ ਕਿੱਧਰ ਟੁਰ ਗਏ ਵਾਸੀ ਏਥੋਂ ਦੇ, ਆਪਸ ਦੇ ਵਿਚ ਝੁਰਦੀਆਂ ਕੰਧਾਂ ਰਹਿ ਗਈਆਂ । 'ਅਨਵਰ' ਅੰਨ੍ਹਾ ਜ਼ੁਲਮ ਕਮਾਇਆ ਉਸੇ ਨੇ, ਦੰਦਾਂ ਹੇਠਾਂ, ਆਈਆਂ ਜੀਭਾਂ ਰਹਿ ਗਈਆਂ ।

ਉਹ ਗਿਆ ਤੇ ਬਹੁਤ ਚੰਗਾ ਹੋ ਗਿਆ

ਉਹ ਗਿਆ ਤੇ ਬਹੁਤ ਚੰਗਾ ਹੋ ਗਿਆ । ਸੋਚ ਦਾ ਮਿਆਰ ਉਚਾ ਹੋ ਗਿਆ । ਖਾ ਗਿਆ ਬੇੜੀ ਦੇ ਸਾਰੇ ਪੂਰ ਨੂੰ, ਇਸ ਕਦਰ ਦਰਿਆ ਪਿਆਸਾ ਹੋ ਗਿਆ । ਆ ਗਿਆ ਕੀਵੇਂ ਦਾ ਵੇਲਾ ਸ਼ਹਿਰ ਤੇ, ਹਰ ਕੋਈ ਗੁੂੰਗਾ ਤੇ ਬੋਲਾ ਹੋ ਗਿਆ । ਜ਼ੁਲਮ ਨੂੰ ਵੀ ਜ਼ੁਲਮ ਨਹੀਂ ਗਾ ਆਖਦਾ, ਇਸ ਕਦਰ ਮਜਬੂਰ ਬੰਦਾ ਹੋ ਗਿਆ । ਮੰਜ਼ਿਲਾਂ ਦੇ ਪੰਧ ਖੋਟੇ ਹੋ ਗਏ, ਰਹਿਨੁਮਾ ਵੀ ਹੁਣ ਲੁਟੇਰਾ ਹੋ ਗਿਆ । ਆਸ ਨਾ 'ਅਨਵਰ' ਕੋਈ ਬਾਕੀ ਰਹੀ, ਸ਼ਹਿਰ ਦਿਲ ਦਾ ਇੰਜ ਸੁੰਨਾ ਹੋ ਗਿਆ ।

ਜੁੱਸਾ ਦੋਜ਼ਖ਼ ਵਾਂਗ ਤਪਾਈ ਰੱਖਦੇ ਨੇ

ਜੁੱਸਾ ਦੋਜ਼ਖ਼ ਵਾਂਗ ਤਪਾਈ ਰੱਖਦੇ ਨੇ । ਤੇਰੇ ਚੇਤੇ ਅੱਗਾਂ ਲਾਈ ਰੱਖਦੇ ਨੇ । ਜਿਨ੍ਹਾਂ ਜੱਗ ਵਿਚ ਪਿਆਰ ਨਿਭਾਉਣਾ ਹੁੰਦਾ ਏ ਦਿਲ ਵਿਚ ਆਪਣਾ ਯਾਰ ਵਸਾਈ ਰੱਖਦੇ ਨੇ । ਉਨ੍ਹਾਂ ਨੇ ਕੀ ਸੱਚ ਦਾ ਕਲਮਾ ਕਹਿਣਾ ਏ, ਜਿਹੜੇ ਆਪਣੀ ਧੌਣ ਨਿਵਾਈ ਰੱਖਦੇ ਨੇ । ਇਹ ਵਸਤੀ ਏ ਸਾਰੀ ਚੋਰਾਂ ਠੱਗਾਂ ਦੀ, ਏਥੇ ਸਾਰੇ ਭੇਸ ਵਟਾਈ ਰੱਖਦੇ ਨੇ । ਮੈਂ ਉਨ੍ਹਾਂ ਨੂੰ ਪਾਗਲ ਹੀ ਕਹਿ ਸਕਨਾ ਵਾਂ, ਜਿਹੜੇ ਲੋਕੀ ਆਸ ਪਰਾਈ ਰੱਖਦੇ ਨੇ । ਝੱਲਾ ਏਂ ਤੂੰ ਸ਼ੀਸ਼ਾ ਚੁੱਕੀ ਫਿਰਨਾ ਏਂ, ਏਥੇ ਤੇ ਸਭ ਪੱਥਰ ਚਾਈ ਰੱਖਦੇ ਨੇ । 'ਅਨਵਰ' ਕੀਵੇਂ ਝੂਠਾ ਹਾਸਾ ਹੱਸਾਂ ਮੈਂ, ਦੁਖੜੇ ਮੇਰੀ ਜਾਨ ਸੁਕਾਈ ਰੱਖਦੇ ਨੇ ।

ਕੁਝ ਹੋਰ ਰਚਨਾਵਾਂ : ਅਨਵਰ 'ਉਦਾਸ'



ਨਾਲ ਸੂਰਜ ਦੇ ਟਾਕਰਾ ਹੋਇਆ

ਨਾਲ ਸੂਰਜ ਦੇ ਟਾਕਰਾ ਹੋਇਆ। ਪਹਿਲਾ ਜੀਵਨ 'ਚ ਹਾਦਸਾ ਹੋਇਆ। ਅੱਖਾਂ ਮਿਲੀਆਂ ਤੇ ਦਿਲ ਗਿਆ ਹੱਥੋਂ, ਨਾਲ ਪਿਆਰਾਂ ਦੇ ਪਾਲਿਆ ਹੋਇਆ। ਅੱਜ ਲਗਦਾ ਏ ਓਪਰਾ ਮੈਨੂੰ, ਸ਼ਹਿਰ ਪਹਿਲਾਂ ਦਾ ਵੇਖਿਆ ਹੋਇਆ। ਘਰ ਨੂੰ ਜਾਵਾਂ ਮੈਂ ਕਿਸ ਤਰ੍ਹਾਂ ਦੱਸੋ, ਘਰ ਦਾ ਰਸਤਾ ਹੈ ਭੁੱਲਿਆ ਹੋਇਆ। ਭਾਵੇਂ ਕੇਡਾ 'ਉਦਾਸ' ਹੋਇਆ ਵਾਂ, ਫਿਰ ਵੀ ਨਹੀਂਓਂ ਬੇਆਸਰਾ ਹੋਇਆ।

ਰੁਸ਼ਨਾਈਆਂ ਵਿਚ ਨ੍ਹੇਰਾ ਪਲਦਾ ਵੇਖ ਰਿਹਾਂ

ਰੁਸ਼ਨਾਈਆਂ ਵਿਚ ਨ੍ਹੇਰਾ ਪਲਦਾ ਵੇਖ ਰਿਹਾਂ। ਸੂਰਜ ਨੂੰ ਵੀ ਮੈਂ ਹਥ ਮਲਦਾ ਵੇਖ ਰਿਹਾਂ। ਸੂਰਜ ਵਰਗੀ ਚੜ੍ਹਤਲ ਜਿਸਦਾ ਜੋਬਨ ਸੀ, ਉਹਨੂੰ ਗ਼ਜ਼ਲਾਂ ਅੰਦਰ ਢਲਦਾ ਵੇਖ ਰਿਹਾਂ। ਸ਼ਹਿਰ 'ਚ ਜਾ ਕੇ ਪਿੰਡ ਦਾ ਰਸਤਾ ਭੁੱਲਿਆ ਏ, ਉਹਦਾ ਰਸਤਾ ਬੈਠਾ ਕੱਲ੍ਹ ਦਾ ਵੇਖ ਰਿਹਾਂ। ਖ਼ੋਰੇ ਕਿੰਨ੍ਹੇ ਮੌਸਮ ਨੂੰ ਅੱਗ ਲਾਈ ਏ, ਚਾਰ ਚੁਫੇਰੇ ਮਚਦਾ ਬਲਦਾ ਵੇਖ ਰਿਹਾਂ। ਤੱਤੇ ਲੇਖੀਂ, ਠੰਢੇ ਹੌਕੀਂ, ਸੰਗ 'ਉਦਾਸ' ਜਲ ਅੰਦਰ ਇਕ ਭਾਂਬੜ ਬਲਦਾ ਵੇਖ ਰਿਹਾਂ।

ਉਡਦਾ ਟੁਕੜਾ ਬੱਦਲ ਦਾ

ਉਡਦਾ ਟੁਕੜਾ ਬੱਦਲ ਦਾ। ਜਾਪੇ ਪੱਲਾ ਆਂਚਲ ਦਾ। ਏਨੇ ਹੋਸ਼ ਗਵਾਚੇ ਨੇ, ਰਸਤਾ ਭੁੱਲਿਐ ਮੰਜ਼ਲ ਦਾ। ਸੋਚਾਂ ਵਿਚ ਅਸਮਾਨਾਂ 'ਤੇ, ਤਾਲਿਬ ਉਹਦੀ ਸਰਦਲ ਦਾ। ਕਾਬੂ ਕੀਤੈ ਨਾਗਾਂ ਨੂੰ, ਲੀੜਾ ਲੈ ਉਸ ਮਲਮਲ ਦਾ। ਅੱਖਾਂ ਸ੍ਹਾਵੇਂ ਰਹੇ 'ਉਦਾਸ', ਮੰਜ਼ਰ ਉਸਦੀ ਮਹਿਫ਼ਲ ਦਾ।