Baranmah : Pal Singh Arif

ਬਾਰਾਂਮਾਹ : ਪਾਲ ਸਿੰਘ ਆਰਫ਼

ਚੇਤਰ ਚੈਨ ਨਾ ਇਕ ਪਲ ਉਸ ਨੂੰ, ਜਿਸ ਨੂੰ ਇਸ਼ਕ ਸਤਾਵੇ ਖ਼ੂਨ ਸੁਕਾਵੇ
ਬਾਝੋਂ ਯਾਰ ਦਿਸੇ ਜਗ ਖਾਲੀ, ਘਰ ਦਰ ਮੂਲ ਨਾ ਭਾਵੇ ਤਖ਼ਤ ਛੁਡਾਵੇ
ਮੇਹੀਂਵਾਲ ਸੋਹਣੀ ਦੀ ਖਾਤਰ, ਸਭ ਜਰ ਚਾਇ ਲੁਟਾਵੇ ਭੀਖ ਮੰਗਾਵੇ
ਬਿਨਾ ਦੀਦਾਰ ਯਾਰ ਦੇ ਇਕ ਪਲ, ਦਿਲ ਨੂੰ ਸਬਰ ਨਾ ਆਵੇ ਲੈਂਦਾ ਹਾਵੇ
ਜਿਸ ਨੂੰ ਤੀਰ ਲੱਗੇ ਇਸ਼ਕੇ ਦਾ, ਜੀਤਾ ਹੀ ਮਰ ਜਾਵੇ ਮੌਤ ਨਾ ਪਾਵੇ
ਪਾਲ ਸਿੰਘ ਤਬ ਛੱਡੇ ਖ਼ੂਨੀ, ਜਬ ਜਿੰਦ ਮਾਰ ਗੁਆਵੇ ਖ਼ਾਕ ਰਲਾਵੇ ।੧।

ਵੈਸਾਖ ਵੇਖ ਲੈ ਚਾਲ ਇਸ਼ਕ ਦੀ, ਜਿਸ ਦੇ ਦਿਲ ਵਿਚ ਵੜਦਾ ਓਹੀ ਸੜਦਾ
ਫੜ ਤਲਵਾਰ ਯਾਰ ਵਲ ਜਾਵੇ, ਮਰਨੋਂ ਮੂਲ ਨਾ ਡਰਦਾ ਵੀਣੀ ਫੜਦਾ
ਹੋ ਮਨਸੂਰ ਦੂਰ ਡਰ ਕਰਕੇ, ਅਨਲਹੱਕ ਉਚਰਦਾ ਸੂਲੀ ਚੜ੍ਹਦਾ
ਜਿੱਥੇ ਪੰਖ ਪੰਖ ਨਹੀਂ ਮਾਰੇ, ਪੈਰ ਉਥਾਹੀਂ ਧਰਦਾ ਬੇਸ਼ਕ ਮਰਦਾ
ਜੈਸੇ ਸ਼ਮ੍ਹਾ ਉਤੇ ਪਰਵਾਨਾ, ਤਿਉਂ ਦਿਲਬਰ ਪਰ ਜਰਦਾ ਖ਼ੌਫ਼ ਨਾ ਕਰਦਾ
ਪਾਲ ਸਿੰਘ ਕੀ ਖ਼ੌਫ਼ ਤਿਨ੍ਹਾਂ ਨੂੰ, ਪ੍ਰੇਮ ਜਿਨ੍ਹਾਂ ਨੂੰ ਹਰਦਾ ਤੇਹੀ ਸਵਰਦਾ ।੨।

ਜੇਠ ਜਿਗਰ ਨੂੰ ਚੀਰੇ ਹਰਦਮ, ਐਸੀ ਬ੍ਰਿਹੋਂ ਕਟਾਰੀ ਇਸ਼ਕੇ ਮਾਰੀ
ਕਾਰਨ ਯਾਰ ਸਭੀ ਜਗ ਦੁਸ਼ਮਨ, ਹੋਵੇ ਮਾਰੋ ਮਾਰੀ ਤਰਫਾ ਚਾਰੀ
ਕਾਫ਼ਰ ਕਾਫ਼ਰ ਕਹੇ ਹਮੇਸ਼ਾ, ਸਾਨੂੰ ਖ਼ਲਕਤ ਸਾਰੀ ਜੋ ਨਰ ਨਾਰੀ
ਨਾ ਹਮ ਮੋਮਨ ਨਾ ਹਮ ਕਾਫ਼ਰ, ਮੇਰਾ ਮਜ਼੍ਹਬ ਗ਼ੁਫਾਰੀ ਤੇ ਨਿਰੰਕਾਰੀ
ਪਹਲੇ ਸੀਸ ਤਲੀ ਪਰ ਧਰਕੇ, ਪੀਛੇ ਲਾਵੇ ਯਾਰੀ ਨਾਲ ਪਿਆਰੀ
ਪਾਲ ਸਿੰਘ ਤੂੰ ਦੇਖ ਜ਼ਿਕਰੀਆ, ਚੀਰ ਦੀਆ ਧਰ ਆਰੀ ਨਾਲ ਖੁਆਰੀ ।੩।

ਹਾੜ ਹਮੇਸ਼ਾਂ ਹਰਿ ਹਰਿ ਕਰਕੇ, ਆਪੇ ਹਰਿ ਹੋ ਜਾਵੇ ਆਪ ਗੁਵਾਵੇ
ਜੈਸੇ ਬੀਜ ਆਪ ਫੁਟ ਪਹਿਲੇ, ਪੀਛੇ ਬ੍ਰਿਛ ਬਨਾਵੇ ਖ਼ੂਬ ਸੁਹਾਵੇ
ਕਤਰਾ ਆਪ ਸਮੁੰਦਰ ਹੋਵੇ, ਜਾ ਵਿਚ ਸਿੰਧ ਸਮਾਵੇ ਦਵੈਤ ਮਿਟਾਵੇ
ਜਾ ਮੁਖ ਦੇਖੇ ਦਿਲਬਰ ਵਾਲਾ, ਜੋ ਸਿਰ ਤਲੀ ਟਿਕਾਵੇ ਖ਼ੌਫ਼ ਨਾ ਖਾਵੇ
ਯਾਰੋ ਯਾਰ ਕਹੇ ਹਰ ਵੇਲੇ, ਦੂਈ ਦੂਰ ਹਟਾਵੇ 'ਮੈਂ ਹੱਕ' ਗਾਵੇ
ਪਾਲ ਸਿੰਘ ਜਿਸ ਯਾਰ ਮਿਲੇ ਘਰ, ਉਹ ਕਿਉਂ ਜੰਗਲ ਧਾਵੇ ਕਿਉਂ ਕੁਰਲਾਵੇ ।੪।

ਸਾਵਨ ਸਾਰੇ ਦਿਸੇ ਦਿਲਬਰ, ਜਿਧਰ ਅੱਖ ਉਠਾਵਾਂ ਨਜ਼ਰ ਟਿਕਾਵਾਂ
ਕਿਸ ਦੀ ਖਾਤਰ ਮੱਕੇ ਜਾਵਾਂ, ਓਥੋਂ ਕੀ ਕੁਝ ਪਾਵਾਂ ਤੇ ਲੈ ਆਵਾਂ
ਜਿਸ ਨੂੰ ਮਿਲਣਾ ਥੋ ਸੋ ਮਿਲਿਆ, ਹੁਣ ਕੀ ਵੇਸ ਵਟਾਵਾਂ ਕਿਸ ਦਿਖਲਾਵਾਂ
ਮੇਰਾ ਖੇਲ ਮੈਂ ਹੀ ਹਰਿ ਰੰਗੀ, ਕਿਸ ਨੂੰ ਬੇਦ ਪੜ੍ਹਾਵਾਂ ਜਾਪ ਜਪਾਵਾਂ
ਦੁਨੀਆਂ ਦੁਸ਼ਮਨ ਹੋਵੇ ਪਲ ਮੈਂ, ਜੈਸੇ ਸਾਚ ਸੁਨਾਵਾਂ ਖੱਲ ਲੁਹਾਵਾਂ
ਪਾਲ ਸਿੰਘ ਨਹੀਂ ਛਪਦਾ ਮੈਥੀਂ, ਕੀਕਰ ਇਸ਼ਕ ਛਪਾਵਾਂ 'ਮੈਂ ਹੱਕ' ਗਾਵਾਂ ।੫।

ਭਾਦਰੋਂ ਭੂਤ ਪਾਂਚ ਸਭ ਪਸਰੇ, ਜੋ ਦੀਸੇ ਸੰਸਾਰਾ, ਬਹੁ ਪਰਕਾਰਾ
ਸੁਪਨ ਸਮਾਨ ਤਮਾਸ਼ੇ ਸਭ ਹੀ, ਈਸ਼ਰ ਜਾਣਨਹਾਰਾ, ਲਏ ਨਜ਼ਾਰਾ
ਰੰਗ ਰੰਗ ਦੇ ਟਹਿਕਨ ਬੂਟੇ, ਜਗਤ ਖਿਲੀ ਗੁਲਜ਼ਾਰਾ ਅਪਰ ਅਪਾਰਾ
ਕਾਦਰ ਕੁਦਰਤ ਸਾਜੀ ਐਸੇ, ਜੈਸੇ ਖੇਲ ਮਦਾਰਾ ਪਲਕ ਪਸਾਰਾ
ਚੌਦਾਂ ਤਬਕ ਕੀਏ ਇਕ ਪਲ ਮੈਂ, ਸੂਰਜ ਚੰਦ ਸਤਾਰਾ ਬੇਸ਼ੁਮਾਰਾ
ਪਾਲ ਸਿੰਘ ਕੋਈ ਜਾਨ ਨਾ ਸਕੇ, ਪੀਰ ਵਲੀ ਅਵਤਾਰਾ ਖੇਲ ਤੁਮਾਰਾ ।੬।

ਅਸੂ ਅਪਨੇ ਮਤਲਬ ਦੇ ਹੈਂ, ਮਾਤ ਪਿਤਾ ਸੁਤ ਭਾਈ ਔਰ ਲੁਕਾਈ
ਪੈਸਾ ਦੇਖ ਯਾਰ ਹੈਂ ਲਾਖੋਂ, ਬਿਨ ਪੈਸੇ ਨਹੀਂ ਕਾਈ ਲੈ ਅਜ਼ਮਾਈ
ਸੁਖ ਮੈਂ ਸਭੇ ਫਿਰਨ ਚੁਫੇਰੇ, ਦੁਖ ਬਣੇ ਭਜ ਜਾਈ ਰਹੇ ਨਾ ਕਾਈ
ਪੰਡਤ ਕਾਜ਼ੀ ਸਭੀ ਲੁਟੇਰੇ, ਬੈਠੇ ਜਾਲ ਵਿਛਾਈ ਮਕਰ ਫੈਲਾਈ
ਆਪ ਭੁਲੇ ਫਾਥੇ ਤ੍ਰੈਕਾਂਡੀਂ, ਸਾਰੀ ਖਲਕ ਭੁਲਾਈ ਉਲਟ ਭੜਾਈ
ਪਾਲ ਸਿੰਘ ਦੇਵੋ ਤੁਮ ਏਥੇ, ਆਗੇ ਮਿਲਸੀ ਜਾਈ ਐਸੇ ਖਾਈ ।੭।

ਕੱਤਕ ਕਰੇ ਕੀ ਮੌਤ ਉਸ ਨੂੰ, ਜੇਹੜਾ ਮੋਇਆ ਜੀਤਾ ਹੂਆ ਅਤੀਤਾ
ਅਠੇ ਪਹਿਰ ਫਿਰੇ ਮਸਤਾਨਾ, ਮਸਤ ਪਿਆਲਾ ਪੀਤਾ ਸਾਥ ਪਰੀਤਾ
ਜਾਤ ਸਫ਼ਾਤ ਨ ਫ਼ਕਰਾਂ ਸੰਦੀ, ਭੇਖ ਨਹੀਂ ਕੋਈ ਕੀਤਾ ਡਿੰਭ ਨਾ ਲੀਤਾ
ਦੁਨੀਆਂ ਛੋਡ ਮਿਲੇ ਸੰਗ ਦਿਲਬਰ, ਢਾਹ ਭਰਮ ਕੀ ਭੀਤਾ ਤੇ ਮਨ ਜੀਤਾ
ਹਮੇਂ ਕੁਰਾਹੀ ਕਾਫ਼ਰ ਬਿਗਰੇ, ਢਾਹ ਜਗਤ ਕੀ ਰੀਤਾ ਮਿਲ ਗਏ ਮੀਤਾ
ਪਾਲ ਸਿੰਘ ਸਮ ਜਾਨੇ ਗੁਰਮੁਖ, ਉਜਲ ਜਿਨਕੀ ਨੀਤਾ ਸਾਫ਼ ਅਤੀਤਾ ।੮।

ਮਘਰ ਮਗਨ ਰਹਣ ਹਰਿ ਹਾਲੇ, ਬੂਝ ਆਪਕੋ ਪਿਆਰੇ ਛੋਡ ਪੁਵਾਰੇ
ਥਾਵਰ ਜੰਗਮ ਜੀਵ ਜੰਤ ਲੌ, ਤੂਹੀ ਹਰ ਪਰਕਾਰੇ ਤਰਫਾ ਚਾਰੇ
ਕਿਧਰੇ ਰਾਜਾ ਕਿਧਰੇ ਪਰਜਾ, ਰੰਗ ਤੁਮਾਰੇ ਸਾਰੇ ਦੇਖ ਬਿਚਾਰੇ
ਸਾਗਰ ਏਕ ਦੇਖ ਲਖ ਲਹਿਰਾਂ, ਬੀਜ ਬ੍ਰਿਛ ਪਸਾਰੇ ਫੂਲ ਹਜ਼ਾਰੇ
ਕਿਸ ਦਾ ਜਾਪ ਜਪੇਂ ਹਰ ਵੇਲੇ, ਤੂੰ ਖ਼ੁਦ ਹੀ ਕਰਤਾਰੇ ਦੂਈ ਡਾਰੇ
ਪਾਲ ਸਿੰਘ ਜਿਸ ਦਿਲਬਰ ਮਿਲਿਆ, ਸੋਏ ਪਾਂਵ ਪਸਾਰੇ ਜਿਉਂ ਨਰ ਨਾਰੇ ।੯।

ਪੋਹ ਪਰਮੇਸ਼ਰ ਪ੍ਰੇਮ ਬਿਨਾ ਨਹਿ, ਪ੍ਰੇਮ ਕਰੇ ਸੋ ਪਾਵੇ ਨਾਮ ਧਿਆਵੇ
ਪ੍ਰੇਮ ਦੇਖ ਕੇ ਕ੍ਰਿਸ਼ਨ ਘਨਈਆ, ਸਾਥ ਗੋਪੀਆਂ ਗਾਵੇ ਨਾਚ ਨਚਾਵੇ
ਧੰਨਾ ਗਨਕਾ ਔਰ ਭੀਲਨੀ, ਪ੍ਰੇਮ ਕਰੇ ਪ੍ਰਭ ਪਾਵੇ ਤੇ ਗੁਨ ਗਾਵੇ
ਜਾਤ ਪਾਤ ਨਹੀਂ ਪੂਛੇ ਕੋਈ, ਪ੍ਰੇਮ ਕਰੇ ਸੋ ਭਾਵੇ ਬੇਦ ਬਤਾਵੇ
ਬੇੜਾ ਬੇਦ ਮਲਾਹ ਸੰਤ ਸਭ, ਪੈਸਾ ਪ੍ਰੇਮ ਲਿਆਵੇ ਸੋ ਚੜ੍ਹ ਜਾਵੇ
ਪਾਲ ਸਿੰਘ ਕਰ ਪ੍ਰੇਮ ਸੰਤ ਸਿਉਂ, ਊਚ ਨੀਚ ਤਰ ਜਾਵੇ ਪਾਰ ਲੰਘਾਵੇ ।੧੦।

ਮਾਘ ਮਸਤ ਰਹਿੰਦੇ ਨਿਤ ਆਸ਼ਕ, ਪੀ ਕਰ ਵਸਲ ਪਿਆਲੇ ਦਿਲਬਰ ਵਾਲੇ
ਦਿਲ ਤੇ ਖ਼ੌਫ਼ ਨਾ ਰਖਦੇ ਰੱਤੀ, ਸੋਵਨ ਹੋਏ ਸੁਖਾਲੇ, ਏਕ ਨਰਾਲੇ
ਸੋਹਨੀ ਸੂਰਤ ਦੇਖ ਪੀਆ ਦੀ, ਰਹਿਣ ਸਦਾ ਮਤਵਾਲੇ ਮਸਤ ਖਿਆਲੇ
ਜਾਤ ਬਰਨ ਕੁਲ ਲਾਜ ਨਾ ਰਾਖਨ, ਤੋੜੇ ਤਸਬੀਆਂ ਮਾਲੇ ਸਾਗਰ ਡਾਲੇ
ਸੂਰਜ ਇਸ਼ਕੇ ਵਾਲਾ ਚੜ੍ਹਿਆ, ਦੂਰ ਦੂਈ ਦੇ ਪਾਲੇ ਕੀਏ ਸੁਜਾਲੇ
ਪਾਲ ਸਿੰਘ ਲੈ ਅਗਨ ਗਿਆਨ ਕੀ, ਕਰਮ ਕਾਂਡ ਸਭ ਬਾਲੇ ਰਹੇ ਅਕਾਲੇ ।੧੧।

ਫਗਣ ਫੂਲ ਖਿਲੇ ਬਹੁਰੰਗੀ, ਟਹਿਕ ਰਹੀਆਂ ਗੁਲਜ਼ਾਰਾਂ ਖ਼ੂਬ ਬਹਾਰਾਂ
ਚੰਬਾ ਮਰੂਆ ਔਰ ਕੇਵੜਾ, ਫੂਲੇ ਫੂਲ ਹਜ਼ਾਰਾਂ ਬਹੁ ਪਰਕਾਰਾਂ
ਰਲ ਮਿਲ ਹੋਰੀ ਖੇਲਨ ਗਾਵਨ, ਧਾਵਨ ਵਿਚ ਬਜ਼ਾਰਾਂ ਸਭ ਨਰ ਨਾਰਾਂ
ਨੈਣ ਜਿਨ੍ਹਾਂ ਦੇ ਬਲਨ ਮਸਾਲਾਂ, ਹੁਸਨ ਜਿਵੇਂ ਤਲਵਾਰਾਂ ਸੈਫ ਕਟਾਰਾਂ
ਜੇਕਰ ਯਾਰ ਮਿਲੇ ਇਕ ਵਾਰੀ, ਲੱਖ ਵਾਰ ਸਿਰ ਵਾਰਾਂ ਆਪ ਗੁਜ਼ਾਰਾਂ
ਪਾਲ ਸਿੰਘ ਪਿਆਰੇ ਨੂੰ ਮਿਲ ਕਰ, ਭੁਲ ਗਈਆਂ ਸਭ ਕਾਰਾਂ ਬਿਨ ਦਿਲਦਾਰਾਂ ।੧੨।

  • ਮੁੱਖ ਪੰਨਾ : ਕਾਵਿ ਰਚਨਾਵਾਂ, ਪਾਲ ਸਿੰਘ ਆਰਿਫ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ