Deewan : Ali Haider Multani

ਦੀਵਾਨ : ਅਲੀ ਹੈਦਰ ਮੁਲਤਾਨੀ

ਅਲੀ ਹੈਦਰ ਮੁਲਤਾਨੀ
ਅਲਿਫ਼

1. ਅਲਿਫ਼-ਆਖ ਵੇਖਾਂ ਨਿੱਤ ਕਹੇ ਕਾਗਾ

ਅਲਿਫ਼-ਆਖ ਵੇਖਾਂ ਨਿੱਤ ਕਹੇ ਕਾਗਾ
ਯਾਰ ਜੋ ਆਉਂਦਾ ਉਡ ਵੇਖਾਂ ।
ਭੁਲਾਵੇ ਕਾਗਾ ਚਲ ਸਹੀ ਇਹ ਭੀ
ਜੇ ਉਡ ਮੇਰੇ ਕਾਗ ਵੇਖਾਂ ।
ਜਿਵੇਂ ਸਿਰ ਗੁਜ਼ਰੀ ਜੇ ਆਖ ਨ ਸਕੇਂ
ਖੂਹ ਸੁਟੀਂ ਸਰਮੱਰਹ ਤਾਂ ।
ਜੋ ਲੁੱਟ ਪਈ ਹੈਦਰ ਹੋਸੀ,
ਛੁੱਪਿਆ ਹਾਲ ਭੀ ਸਭ ਇਆਂ ।੫੬।

2. ਅਲਿਫ਼-ਆਓ ਸਹੇਲੀਓ ਮੇਰੀਓ ਨੀ

ਅਲਿਫ਼-ਆਓ ਸਹੇਲੀਓ ਮੇਰੀਓ ਨੀ,
ਦਰਦ ਯਾਰ ਦੇ ਨੂੰ ਝੋਲੀ ਪਾ ਬੈਠੀ ।
ਇਕ ਯਾਰ ਆਹਾ ਸੋਈਓ ਰਾਜ਼ੀ ਨਾਹੀਂ
ਸੂਰਤ ਯਾਰ ਦੀ ਨੂੰ ਮੈਂ ਰੁਸਾ ਬੈਠੀ ।
ਦੁੱਖ ਲੱਗੇ ਸਨ ਨੱਢੜੀ ਬਾਲੜੀ ਨੂੰ
ਰੱਤੀ ਕਰਮਾਂ ਹੱਥੋਂ ਵੰਜਾ ਬੈਠੀ ।
ਅਲੀ ਹੈਦਰ ਮੀਆਂ ਵੇਖੀਂ ਨਬਜ਼ ਮੇਰੀ,
ਜਾਣ ਬੁੱਝ ਕੇ ਮਹੁਰਾ ਮੈਂ ਖਾ ਬੈਠੀ ।੪।

3. ਅਲਿਫ਼-ਆ ਓਏ ਸਾਈਂ ਲੱਗੀ ਤਾਂਘ ਤੇਰੀ

ਅਲਿਫ਼-ਆ ਓਏ ਸਾਈਂ ਲੱਗੀ ਤਾਂਘ ਤੇਰੀ,
ਦਿਲ ਸਿੱਕਦਾ ਕਾਰਨ ਦੀਦਾਰ ਮੇਰਾ ।
ਕਰ ਯਾਦ ਤੇਰੀ ਗੱਲ ਜਲ ਜਾਵਾਂ,
ਕਦ ਮਿਲੇਗਾ ਹੱਸ ਕੇ ਯਾਰ ਮੇਰਾ ।
ਪੌਣ ਦਿਲ ਵਹੀਰ ਤੇ ਬੋਰ ਘਨੀ
ਕਦ ਲਵੇਗਾ ਸਾਰ ਆ ਯਾਰ ਮੇਰਾ ।
ਹੈਦਰ ਯਾਰ ਨੂੰ ਵਾਰ ਹਜ਼ਾਰ ਆਖਾਂ,
ਕਦ ਹੋ ਸਕੇਗਾ ਗ਼ਮਖਾਰ ਮੇਰਾ ।੪੮।

4. ਅਲਿਫ਼-ਆਪ ਭੀ ਕਾਲਾ ਤੇ ਲੋਈ ਭੀ ਕਾਲੀ

ਅਲਿਫ਼-ਆਪ ਭੀ ਕਾਲਾ ਤੇ ਲੋਈ ਭੀ ਕਾਲੀ,
ਤੇ ਮੱਝੀ ਵੀ ਕੀਲੀਆਂ ਕਾਲੀਆਂ ਨੇ ।
ਚਾਕ ਸਦੀਵੇਂ ਤੇ ਗੁੱਸੇ ਨ ਥੀਵੇਂ,
ਸੱਭੇ ਸਿਆਲੀਆਂ ਸਾਲੀਆਂ ਨੇ ।
ਰਮਜ਼ ਨਿਹਾਨੀ ਨੂੰ ਸਮਝ ਨ ਜਾਣਨ,
ਇਹ ਉਨਹਾਂ ਦੀਆਂ ਚਾਲੀਆਂ ਨੇ ।
ਲਾਲ ਛੁਪਾਇਆਂ ਨ ਛੁਪਦੇ ਓ ਹੈਦਰ,
ਕੇਹੀਆਂ ਮਸਾਲਾਂ ਬਾਲੀਆਂ ਨੇ ।੮।

5. ਅਲਿਫ਼-ਆਪੇ ਹੱਸ ਹੱਸ ਮਿੱਠੜਾ ਭੀ

ਅਲਿਫ਼-ਆਪੇ ਹੱਸ ਹੱਸ ਮਿੱਠੜਾ ਭੀ,
ਬਿਜਲੀ ਦੇ ਵਾਂਗਰ ਮੱਥੇ ਤੇ ਵਲ ਪਾ ਨਹੀਂ ।
ਉਹ ਖੇਵੰਦੀ ਬਿਜਲੀ ਜ਼ੁਲਫ ਕੁਨੋਂ ਕਰ,
ਝੜ ਦਾ ਘੁੰਡ ਛੁਪਾ ਨਹੀਂ ।
ਉਹ ਤੇਗ ਇਰਾਕੀ ਧਰੂ ਮਿਆਨੋਂ,
ਲਾ ਮੈਨੂੰ ਤਰਸਾ ਨਹੀਂ ।
ਕਰ ਕਲਾਵੇ ਬਿਜਲੀ ਵਾਲੜੇ,
ਝੁੰਮਰ ਵਾਂਗ ਵਲਾ ਨਹੀਂ ।
ਪਾ ਸਭਾ ਗਲਵੰਗੜੀ ਮੈਨੂੰ,
ਕਰਕੇ ਬਾਂਹ ਨਗਾ ਨਹੀਂ ।
ਉਹ ਸੋਨੇ ਦੀ ਮਾਲਾ ਹਮੇਲ ਹਮਾਇਲ,
ਪਾ ਕੇ ਦੂਰੋਂ ਘਵਾ ਨਹੀਂ ।
ਮੈਨੂੰ ਮਾਰ ਕੇ ਕੋਰੜਾ ਬਿਜਲੀ ਦਾ,
ਕੰਨਲ ਤ੍ਰੋੜਕੇ ਨੱਥ ਘੜਾ ਨਹੀਂ ।
ਮੈਂ ਤਾਂ ਤੈਂਡੜੇ ਸਾਹ ਗਿਣਾਂਦੜੀ,
ਮੋਤੀ ਆਤਿਸ਼ ਵਿੱਚ ਜਮਾ ਨਹੀਂ ।
ਕਹੰਦਾ ਹੱਥੇ ਲਗਾਓ ਕਹੇ ਬਿਜਲੀ ਵੀ ਐਵੇਂ,
ਵਲ ਵਲ ਹੋਵੇ ਵਿਖਾ ਨਹੀਂ ।
ਅੰਬਾਂ ਅੰਬਾਂ ਚਮਕਣ ਮੋਤੀ ਵਾਂਗਰ,
ਨੱਥ ਜੇ ਬਿਜਲੀ ਸਭਾ ਨਹੀਂ ।
ਹੈਦਰ ਆਖ ਹਿਲਾਕੇ ਆਪੇ,
ਹੁਣ ਮੌਤ ਤਾਕ ਵੰਜਾ ਨਹੀਂ ।੩੮।

6. ਅਲਿਫ਼-ਆਪ ਕਰੇਂਦੜਾ ਕੰਮ ਸੱਭਾ

ਅਲਿਫ਼-ਆਪ ਕਰੇਂਦੜਾ ਕੰਮ ਸੱਭਾ
ਤਕਦੀਰ ਕਜ਼ਾ ਬਹਾਨੜਾ ਈ ।
ਇਹ ਜ਼ਮੀਨ ਅਸਮਾਨ ਤੇ ਅਰਸ਼ ਕੁਰਸੀ
ਇਹ ਕੁਦਰਤ ਤੈਂਡੀ ਦਾ ਆਂਡੜਾ ਈ ।
ਆਪੇ ਮਾਰੇ ਤੇ ਆਪ ਜਿਵਾਏ
ਅਤੇ ਅਜ਼ਰਾਈਲ ਬਹਾਨੜਾ ਈ ।
ਮੈਂ ਕੀ ਜਾਣਾਂ ਰਮਜ਼ਾਂ ਯਾਰ ਦੀਆਂ ਹੈਦਰ,
ਤੇ ਫਿਰਦਾ ਲੋਕ ਦੀਵਾਨੜਾ ਈ ।੩।

7. ਅਲਿਫ਼-ਅਹਮਦਪੁਰ ਦੀਆਂ ਗਲੀਆਂ ਵੇ ਲੋਕਾ

ਅਲਿਫ਼-ਅਹਮਦਪੁਰ ਦੀਆਂ ਗਲੀਆਂ ਵੇ ਲੋਕਾ,
ਸਾਨੂੰ ਸੱਭੇ ਗਲੀਆਂ ਭੁਲੀਆਂ ਨੇ । ਸੂਹੇ ਸਾਵੇ ਤੇ ਹਾਰ ਹਮੇਲਾਂ,
ਸੁਰਮੇਂ ਸਾਂਗਾਂ ਸੱਲੀਆਂ ਨੇ ।
ਹੁਣ ਡਿਠਿਆਂ ਬਾਹਜ ਨ ਰਹੰਦੇ ਆਸ਼ਿਕ
ਅਤੇ ਬਹੰਦੇ ਮਾਰ ਪਥੱਲੀਆਂ ਨੇ ।
ਓਥੇ ਕੋਝੇ ਤਰ ਤਰ ਬਹਣ ਵੇ ਹੈਦਰ,
ਅਤੇ ਸੋਹਣਿਆਂ ਦੇ ਗਲ ਟੱਲੀਆਂ ਨੇ ।੧।

8. ਅਲਿਫ਼-ਅਹਮਦ ਵਿਚ ਮੀਮ ਦਾ ਘੁੰਘਟ

ਅਲਿਫ਼-ਅਹਮਦ ਵਿਚ ਮੀਮ ਦਾ ਘੁੰਘਟ
ਛੱਪਣ ਛੋਤ ਦਰਾਜ਼ ਥੀਆ ।
ਹਿਕੋ ਨੁਕਤਾ ਵਹਦਤ ਵਾਲਾ
ਜੁੰਬਸ਼ ਖਾ ਦਰਾਜ਼ ਥੀਆ ।
ਅਸਾਂ ਰਾਗ ਪ੍ਰੇਮ ਦਾ ਸੁਣਿਆਂ
ਸੋਜ਼ਿੰਦਾ ਹੁਣ ਸਾਜ਼ ਥੀਆ ।
ਵਹਦਤ ਦੇ ਦਰਿਆ ਦੇ ਅੰਦਰ,
ਅਲੀ ਹੈਦਰ ਮੀਮ ਜਹਾਜ਼ ਥੀਆ ।੬।

9. ਅਲਿਫ਼-ਐਵੇਂ ਦੇਹ ਨ ਗਾਲੀਆਂ ਨੀਂਗਰਾ ਓਏ

ਅਲਿਫ਼-ਐਵੇਂ ਦੇਹ ਨ ਗਾਲੀਆਂ ਨੀਂਗਰਾ ਓਏ,
ਹਾਂ ਉਹ ਲਬ ਅੰਬਰਸ ਅੰਬ ਦਾ ਏ ।
ਇਹ ਤੁਰਸ਼ ਅਚਾਰ ਭੀ ਨਾਲ ਅਚਾਰ ਦੇ,
ਮਿੱਠਾ ਮੁਰੱਬਾ ਅੰਬ ਦਾ ਏ ।
ਤੋੜੇ ਮਾਇਲ ਕਿੱਥੇ ਤੇ ਕਾਲਾ ਅੰਬ,
ਖੰਡ ਬੀ, ਮੋਰ ਦੀ ਖੰਬ ਦਾ ਏ ।
ਓਸ ਠੁਮ ਠੁਮ ਚਾਲ ਦੀ ਗਾਹਲਾ ਕੀਤੀ ਦਾ,
ਕਾਲਾ ਮਿਸਲ ਅੰਬ ਖੰਬ ਦਾ ਏ ।
ਹੈ ਹੈ ਗੱਲ ਦੀ ਗਾਹਲੀ ਸਾੜੀਆਂ
ਕੇਹੀ ਕਾਹਲ ਅਲੰਬਾ ਅਲੰਬ ਦਾ ਏ ।
ਐਵੇਂ ਸਿਕਦਿਆਂ ਹੈਦਰ ਉਮਰ ਗਈ,
ਅਜੇ ਮਾਰਨ ਨੂੰ ਯਾਰ ਨ ਸੰਬ ਦਾ ਏ ।੪੯।

10. ਅਲਿਫ਼-ਐਵੇਂ ਹੁਸਨ ਜਮਾਲ ਇਹਨਾਂ ਸੋਹਣਿਆਂ ਦਾ

ਅਲਿਫ਼-ਐਵੇਂ ਹੁਸਨ ਜਮਾਲ ਇਹਨਾਂ ਸੋਹਣਿਆਂ ਦਾ,
ਗੁਲ ਰੰਗ ਨੁਮਾ ਦਾ ਰੰਗ ਨਹੀਂ ।
ਐਵੇਂ ਪਇਆ ਦੀਦੇ ਰੰਗਦਾ ਬੇਰੰਗ,
ਓਥੇ ਫਨਾਹ ਦਾ ਰੰਗ ਨਹੀਂ ।
ਅੱਖੀਆਂ ਅੱਗੇ ਅੰਨ੍ਹੇਰ ਗ਼ੁਬਾਰ ਏ,
ਨਹੀਂ ਤਾਂ ਦਾਊ ਦਾ ਰੰਗ ਨਹੀਂ ।
ਇਹ ਗੁਲ ਗੁਲ ਰੰਗੀਂ ਘੋਲਿਆ ਸੂ,
ਬਾਦੇ ਸਬਾ ਦਾ ਰੰਗ ਨਹੀਂ ।
ਸਭ ਮੋਹਣਾ ਉਹ ਬੇ-ਰੰਗ ਹੈਦਰ,
ਓਥੇ ਦਗ਼ਾ ਦਾ ਰੰਗ ਨਹੀਂ ।੩੦।

11. ਅਲਿਫ਼-ਅੱਜ ਤੈਂਡਾ ਦਿਲ ਅਵੱਲੜਾ

ਅਲਿਫ਼-ਅੱਜ ਤੈਂਡਾ ਦਿਲ ਅਵੱਲੜਾ,
ਅੱਜ ਵੱਤ ਵੇਖਾਂ ਕਿਆ ਕਟਕੀ ਏ ।
ਉਹ ਜ਼ੁਲਫਾਂ ਫੌਜਾਂ ਖਤ ਗੁਬਾਰੀ,
ਧਾਰੀ ਕਟਕ ਵੱਤ ਗਤਕੀ ਏ ।
ਭੈਂਣਾਂ ਮਰਸਾਂ ਨਾਲ ਫਾਹੀ ਏਹਾ,
ਜ਼ੁਲਫ ਜੋ ਗਲ੍ਹ ਤੋਂ ਅਟਕੀ ਏ ।
ਉਹ ਬੇਹੱਦ ਸੋਹਣਾ ਮੈਂ ਬੇਹੱਦ ਕੋਝੀ,
ਜੇ ਉਹ ਵਾਧੂ ਇਹ ਕਟਕੀ ਏ ।
ਕੇਹੀ ਸਾੜੀਆਂ ਸੋਜ਼ ਫਿਰਾਕ ਰਾਂਝਣ ਦੇ,
ਹੈਦਰ ਹੀਰੇ ਭਟਕੀ ਏ ।੨੯।

12. ਅਲਿਫ਼-ਅੱਜ ਕੂਕੇਂਦਾ ਕੂ ਕੂ

ਅਲਿਫ਼-ਅੱਜ ਕੂਕੇਂਦਾ ਕੂ ਕੂ,
ਕੂ ਕੂ ਹੀਰੇ ਨੂੰ ਹੈ ।
ਹੀਰੇ ਨੂੰ ਨੇਰ ਨਰਗਸ ਲੂੰ ਲੂੰ,
ਲੂੰ ਲੂੰ ਤੂ ਤੂ ਹੀਰੇ ਨੂੰ ਹੈ ।
ਹੈਫਲ ਝਰਮਲ ਮਾਰੂ ਢੋਲਾ ਤੂੰ,
ਕੀਨੂੰ ਕਹੂੰ ਹੀਰੇ ਨੂੰ ਹੈ ।
ਅਸੀਂ ਚਾਕ ਕੋਲੋਂ ਮਾਹੀ ਤਾਕ ਨਾਹੀਂ,
ਇਹੇ ਤਾਕ ਦਾ ਮਾਕੂ ਹੀਰੇ ਨੂੰ ਹੈ ।
ਏਸੇ ਚਾਕ ਕੀਤਾ ਦਿਲ ਚਾਕ ਹੀਰੇ,
ਇਸੇ ਚਾਕ ਦਾ ਚਾਕੂ ਹੀਰੇ ਨੂੰ ਹੈ ।
ਅਲੀ ਹੈਦਰ ਹਾ ਹਾ ਹੂ ਹੂ ਹੀ ਹੀ,
ਹਾ ਹਾ ਹੂ ਹੂ ਹੀਰੇ ਨੂੰ ਹੈ ।੯।

13. ਅਲਿਫ਼-ਅਖੀਆਂ ਮੇਰੀਆਂ ਬੱਦਲ ਹੋਈਆਂ

ਅਲਿਫ਼-ਅਖੀਆਂ ਮੇਰੀਆਂ ਬੱਦਲ ਹੋਈਆਂ
ਤੇ ਹੰਝੂ ਦਾ ਮੀਂਹ ਬਰਸਦੀਆਂ ।
ਕੇਹੀ ਰੋਣੇ ਦੀ ਚਾਟ ਪਈਓ,
ਕਦੀ ਨ ਭੈੜੀਆਂ ਹਸਦੀਆਂ ।
ਵਤ ਕਾਹੇ ਤੋਂ ਰੋਂਦੀਆਂ ਲਾਲ ਹੋਈਆਂ,
ਹੁਣ ਜੀ ਦਾ ਭੇਤ ਨ ਦਸਦੀਆਂ ।
ਅਲੀ ਹੈਦਰ ਪੁੱਛ ਤੂੰ ਅੱਖੀਆਂ ਨੂੰ,
ਹੁਣ ਲਾ ਪ੍ਰੀਤ ਕਿਉਂ ਨਸਦੀਆਂ ।੭।

14. ਅਲਿਫ਼-ਅਲਫ ਬੇ ਕਹਿਆਂ

ਅਲਿਫ਼-ਅਲਫ ਬੇ ਕਹਿਆਂ
ਅਸਾਂ ਦਿਲ ਨ ਪੜ੍ਹੈਂਦਾ ।
ਇਹ ਹਿਕ ਦੂਈ ਧਰੂਈ
ਅਸਾਂ ਮਗਜ਼ ਨ ਛਿਕੈਂਦਾ ।
ਅਲਿਫ ਅਨ ਬਨ ਇਨ ਬਿਨ
ਇਹ ਜੋੜ ਨਾਹੀਂ ਪੜ੍ਹੈਂਦਾ ।
ਜੇ ਯਾਰ ਦੇਵੇ ਗਾਹਲੀਂ
ਹਿਕੋ ਮੰਦਾ ਮਨ ਮਨੈਂਦਾ ।
ਮੈਨੂੰ ਸ਼ਕਰ ਨਬਾਤਾਂ ਠੇਰੀ
ਹਾ ਨੂੰ ਤਨ ਮਨੈਂਦਾ ।
ਪਰ 'ਨਾ ਅਬਿਤ ਬੀ ਕੂ ਅੱਬ'
ਆ ਮੈਨੂੰ ਚਾਵੇ ਮਨੈਂਦਾ ।
ਆਖ ਏਸ ਸਜਣ ਨੂੰ ਹੈਦਰ,
ਮੈਨੂੰ ਸ਼ੌਕ ਵੇ ਘਨੈਂਦਾ ।੪੩।

15. ਅਲਿਫ਼-ਅੱਨ ਬੱਨ ਇੱਨ ਬਿੱਨ ਉੱਨ ਬੁੱਨ

ਅਲਿਫ਼-ਅੱਨ ਬੱਨ ਇੱਨ ਬਿੱਨ ਉੱਨ ਬੁੱਨ
ਭੱਤਾਂ ਸੱਭੇ ਵਿਸਰੀਆਂ ।
ਜ਼ੇਰਾਂ ਜ਼ਬਰਾਂ ਜ਼ੌਹਰ ਦਿੱਸਣ,
ਬੇ ਤੇ ਤੇਗਾਂ ਸਿਰ ਦੀਆਂ ।
ਮੱਦਾਂ ਸ਼ੱਦਾਂ ਨੁਕਤੇ ਤੁੰਮੇਂ,
ਵਧੀਆਂ ਵੱਲੀਂ ਨਿਸਰੀਆਂ ।
ਹੈਦਰ ਜ਼ਹਰ ਪਿਆਰੇ ਵਾਲੀ,
ਮੈਨੂੰ ਖੰਡ ਨਵਾਤਾਂ ਮਿਸਰੀਆਂ ।੨।

16. ਅਲਿਫ਼-ਅੱਨ ਬੱਨ ਇਹਨਾਂ ਸੋਹਣੀਆਂ ਦੀ

ਅਲਿਫ਼-ਅੱਨ ਬੱਨ ਇਹਨਾਂ ਸੋਹਣੀਆਂ ਦੀ,
ਪਈ ਭਾਰੇ ਅਸਾਡੜੇ ਵਾਇਦਾ ਏ ।
ਉੱਥੈ ਤੁੱਬੇ ਸਬਕ ਇਨ੍ਹਾਂ ਦੇ,
ਆਸ਼ਿਕਾਂ ਨੂੰ ਹਾਏ ਹਾਏ ਦਾ ਏ ।
ਜ਼ੇਰ ਜ਼ਬਰ ਕਰ ਸ਼ਹਰ ਲੁਟੇਂਦੇ,
ਦਰਦਮੰਦਾਂ ਨਾਲ ਵਾਇਦਾ ਏ ।
ਹੈਦਰ ਆਖੇ ਮੇਹਰ ਕਿਚੀਵੇ,
ਵਾਸਤਾ ਨਾਮ ਖੁਦਾਇਦਾ ਏ ।੩।

17. ਅਲਿਫ਼-ਅਪਣਾ ਘੁੰਗਟ ਖੋਲ੍ਹ ਵਿਖਾ ਵੇ

ਅਲਿਫ਼-ਅਪਣਾ ਘੁੰਗਟ ਖੋਲ੍ਹ ਵਿਖਾ ਵੇ
ਗੁੱਡੀਆਂ ਨਾਲ ਵਲਾ ਨਹੀਂ ।
ਆਪ ਝੁਰਮਟ ਪੋਪਟ ਪਾਲੇ,
ਅਸਾਂ ਗੁੱਡੀਆਂ ਨਾਲ ਖਿਡਾ ਨਹੀਂ ।
ਬੰਨ੍ਹ ਨ ਗੁੱਡਾ ਭਾ ਅਸਾਡੜੇ,
ਗੁੱਡੀਆਂ ਵਾਂਗ ਉਡਾ ਨਹੀਂ ।
ਛਿੱਕ ਹੈਦਰ ਦੀ ਡੋਰ ਅਪਣੇ ਪਾਸੇ,
ਆਸੇ ਪਾਸੇ ਭੰਵਾ ਨਹੀਂ ।੧੭।

18. ਅਲਿਫ਼-ਅਸਾਂ ਦਾਉ ਨਹੀਂ ਤੈਂਡੀ ਖੇਡ ਦਾ ਵੇ

ਅਲਿਫ਼-ਅਸਾਂ ਦਾਉ ਨਹੀਂ ਤੈਂਡੀ ਖੇਡ ਦਾ ਵੇ,
ਐਡੇ ਦਾਉ ਨ ਮਾਰ ਅਸਾਂ ਹਾਰ ਆਈ ।
ਮੈਂਡਾ ਸਾਹ ਗਇਆ ਗੋਤੇ ਖਾਵੰਦਿਆਂ ਵੇ,
ਦਰਿਆ ਨ ਮਾਰ ਅਸਾਂ ਹਾਰ ਆਈ ।
ਹਾਇ ਹਾਇ ਗਰਮੀ ਹੋਈ ਮੈਂਡਾ ਜੀਉ ਗਇਆ,
ਖੁਲ ਦਾਉ ਨ ਮਾਰ ਅਸਾਂ ਹਾਰ ਆਈ ।
ਸਬਰ ਕੇਹਾ ਹੁਣ ਆਖਸੂ ਹੈਦਰ,
ਆਹ ਨ ਮਾਰ ਅਸਾਂ ਹਾਰ ਆਈ ।੨੦।

19. ਅਲਿਫ਼-ਅਸਾਂ ਪਾਣੀ ਉਤੇ ਇਮਾਰਤ ਬੱਧੀ

ਅਲਿਫ਼-ਅਸਾਂ ਪਾਣੀ ਉਤੇ ਇਮਾਰਤ ਬੱਧੀ,
ਦਮ ਦਮ ਦਹਾ ਕਰਮ ਅਸਾਂ ।
ਬਾਝ ਹਵਾ ਦੇ ਪੂਣੀਆਂ ਵਾਂਗਰ,
ਕਫ ਤੇ ਨ ਹਿਕ ਦਿਰਮ ਅਸਾਂ ।
ਪਰ ਕਿਆ ਗ਼ਮ ਚੰਗਾ ਜੇ ਕੰਮ ਕੀਤਾ,
ਨਾਲ ਕਰੀਮ ਦੇ ਕਰਮ ਅਸਾਂ ।
ਓਸੇ ਮੌਜ ਕਰਮ ਨੂੰ ਜੋਬਨਿਆਂ ਵਾਂਗਰ,
ਦੇਵਣਾ ਆਖਿਰ ਦਮ ਅਸਾਂ ।
ਜੇ ਗਲ ਲਾਈ ਖੋਲ੍ਹ ਤਨੀ,
ਕਿਆ ਚੋਲਾ ਉਤਾਰਨਾ ਚੰਮ ਅਸਾਂ ।
ਜੇ ਮੌਜ ਕਰਮ ਦੀ ਮੱਥੇ ਮਾਰੇ,
ਮੱਥੇ ਬਖਤ ਕਿਆ ਗ਼ਮ ਅਸਾਂ ।
ਜੇ ਕਾਤਿਬ ਆਪ ਕਰੀਮ ਦੇ ਹੈਦਰ,
ਲਿਖਿਆ ਮੱਥੇ ਕਰਮ ਅਸਾਂ ।੪੭।

20. ਅਲਿਫ਼-ਅਸੀਂ ਕੁਝ ਨ ਸੀ ਕਨ ਕੰਨ ਪਇਆ ਏ

ਅਲਿਫ਼-ਅਸੀਂ ਕੁਝ ਨ ਸੀ ਕਨ ਕੰਨ ਪਇਆ ਏ,
ਤਾਂ ਕੁਝ ਕੀਤੋ ਫ'ਯਕੂਨ ਥੀਆ ।
ਹੋਵੇ ਜ਼ੇਰ ਜ਼ਬਹ ਕਣ ਕਣ ਮੈਂਡੇ,
ਕੁਨ ਕੁਨ ਗੂਨਾਗੂੰ ਥੀਆ ।
ਵੱਜਿਆ ਮਾਰੂ ਇਸ਼ਕ ਅਵੱਲੇ ਦਾ,
ਸੁੱਧ ਬੁੱਧ ਹੋਸ਼ ਜਨੂਨ ਥੀਆ ।
ਹਿੱਕ ਆਸ਼ਿਕ ਹਿੱਕ ਮਾਸ਼ੂਕ ਥੀਏ,
ਏਵੇਂ ਜੂਨਾ ਜੂਨ ਥੀਆਂ ।
ਆਰਸੀਆਂ ਥਿਈ ਚੁਨੀਆਂ ਵਾਲੜੇ,
ਜਲਵਾ ਨੁਮਾ ਬੇਚੂਨ ਥੀਆ ।
ਲੈ ਲੈ ਲੇਲੀ ਨੂੰ ਦਿਲ ਮੈਂਡੜੇ,
ਕੈਸ ਖੜਾ ਮਜਨੂੰ ਥੀਆ ।
ਤੇਸ਼ਾ ਥੀਆ ਏਹੋ ਸੁਖਨ ਸ਼ੀਰੀਂ,
ਫਰਹਾਦ ਨਿਮਾਨੜਾ ਖੂਨ ਥੀਆ ।
ਇਸ ਕੁਨ ਦੇ ਕਾਫ ਦੀ ਖੂੰਡੀ ਦਾ ਨਬੀ,
ਇਸ ਖੂੰਡੀ ਦਾ ਸਿਰ ਨੂਨ ਥੀਆ ।
ਹੱਕੀਆਂ ਬੇਲੇ ਤੋਂ ਮਹੀਂ ਰਾਂਝਣ ਨੇ,
ਹੀਰੇ ਦਾ ਹਾਲ ਜ਼ੂਬੂਨ ਥੀਆ ।
ਲੈ ਵਗਿਆ ਮਿਰਜ਼ਾ ਸਾਹਿਬਾਂ ਨੂੰ
ਸਾਰੀ ਜੰਜ ਦਾ ਸ਼ਾਨ ਜ਼ੂਬੂਨ ਥੀਆ ।
ਚੜ੍ਹਦਿਆਂ ਖਾਰੇ ਢੁਕਦਿਆਂ ਜੰਜ,
ਇਹ ਇਸ਼ਕ ਦਾ ਫਨ ਫਨੂਨ ਥੀਆ ।
ਉਹ ਕਲੀਏ ਪਲਾਉ ਸ਼ੀਰੀਨੀਆਂ ਭੀ,
ਸਭ ਫੱਟਾਂ ਉਤੇ ਲੂਨ ਥੀਆਂ ।
ਉਹ ਖੰਜ਼ਰੀਆਂ ਸੁਹਾਵੀਆਂ ਹੀਰੇ,
ਦ੍ਹਾ ਦ੍ਹਾ ਦਮਾਮਾ ਘੂੰ ਥੀਆ ।
ਹੈ ਹੈ ਮਿਲੀਆਂ ਵਾਹਰਾਂ ਤੇ,
ਮਰ ਜਾਂਦੜੇ ਦਾ ਸਿਰ ਖੂਨ ਥੀਆ ।
ਸਾਹਿਬਾਂ ਵੀ ਤਰੁਟ ਮਾਰੀ ਤੈਂ ਮੋਈ,
ਹੈਦਰ ਕਨ ਫ'ਯਕੂਨ ਥੀਆ ।੧।

21. ਅਲਿਫ਼-ਅਸੀਂ ਕੁਝ ਨਹੀਂ ਸਭ ਤੇਰੀਆਂ ਠਾਠੀਂ

ਅਲਿਫ਼-ਅਸੀਂ ਕੁਝ ਨਹੀਂ ਸਭ ਤੇਰੀਆਂ ਠਾਠੀਂ,
ਵੇਖਣ ਤੋਂ ਤਰਸਾਨੀਆਂ ਮੈਂ ।
ਮੈਂ ਘੁੰਮਰ-ਘੇਰ ਦਾ ਕਾਸਾ ਬਣਾਂ ਖੁਦ
ਪਾਨੀਆਂ ਤੇ ਬਿਨ ਪਾਣੀਆਂ ਮੈਂ ।
ਮੈਂ ਕੁਝ ਨਹੀਂ ਸਭ ਤੂੰ ਹੈਂ ਤੂੰ ਹੈਂ,
ਐਵੇਂ ਪਾਣੀ ਤੇ ਨਕਸ਼ ਬਣਾਨੀਆਂ ਮੈਂ ।
ਮੈਂ ਘੁੰਮਰ-ਘੇਰ ਤੇ ਤੈਂਡੀਆਂ ਘੇਰੀ,
ਲੋਟ ਖਾਵਾਂ ਗਿਰਦਾਨੀਆਂ ਮੈਂ ।
ਮੈਂ ਤਾਂ ਕੁੱਝ ਨਹੀਂ ਕਿਆ ਘੋਲ ਵੰਜਾਂ,
ਏਹੋ ਸਦਕੜੇ ਤੇ ਕੁਰਬਾਨੀਆਂ ਮੈਂ ।
ਹੈਦਰ ਯਾਰ ਤੋਂ ਘੋਲ ਘਤੀਵੇ,
ਕੋਈ ਨਹੀਂ ਤਾਂ ਫਾਨੀਆਂ ਮੈਂ ।੨੧।

22. ਅਲਿਫ਼-ਏ ਬਾਉਲੀ ਵਾਲਿਆਂ ਬੇਦਿਲਾਂ ਤੇ

ਅਲਿਫ਼-ਏ ਬਾਉਲੀ ਵਾਲਿਆਂ ਬੇਦਿਲਾਂ ਤੇ,
ਹੈ ਹੈ ਕੜਪ ਨਹੀਂ ਝੜਿਆਂ ਦਿਲ ਵੇ ।
ਤੂੰ ਵਸ ਦਿਲਾਂ ਵਿਚ ਵਸ ਦਿਲਾਂ ਤੇ,
ਹੱਸ ਹੱਸ ਮਿੱਠਾ ਪਲ ਪਲ ਵੇ ।
ਏ ਦਹ ਦਿਲ ਵਾਲਿਆਂ ਹਿੱਕ ਦਿਲ ਵਾਲੇ ਨੂੰ,
ਸੁੱਟ ਨਹੀਂ ਵਿਚ ਦਲਦਲ ਵੇ ।
ਮੀਆਂ ਛੋੜ ਨ ਪਾਸੇ ਦਿਲ ਦਿਲ ਤੇ
ਹਿਕ ਦੁਲ ਦਲ ਤੈਂਡਾ ਲੱਖ ਦਲ ਵੇ ।
ਤੁਧੇ ਖਾਕ ਤੇ ਸੁੱਟੀਆਂ ਸੇਜ ਦੀਆਂ ਵਹੁਟੀਆਂ,
ਸੋਹਣਿਆਂ ਪਿੰਡੇ ਮਖਮਲ ਵੇ ।
ਤੁਝ ਬਿਨ ਲਗਣ ਤਬਰ ਦੀ ਫੁੱਲ ਫਲ,
ਬਾਗ ਬਹਿਸ਼ਤੀ ਫਲ ਫਲ ਵੇ ।
ਇਹ ਰੱਤੀਆਂ ਚੋਲੀਆਂ ਵਾਲੀਆਂ ਹੈਦਰ,
ਵੱਤ ਹੋਣ ਦਿਲੀਂ ਗਲ ਗਲ ਵੇ ।੧੨।

23. ਅਲਿਫ਼-ਏਸ ਦਰਦ ਫਿਰਾਕ ਦੀ ਪਾਂਧੀ

ਅਲਿਫ਼-ਏਸ ਦਰਦ ਫਿਰਾਕ ਦੀ ਪਾਂਧੀ
ਓਥੇ ਸਭ ਹਕੀਕਤ ਸਾਰਨੀ ਏ ।
ਏਸ ਭੇਤ ਦੀ ਬਾਤ ਉਸ ਮਸਤ ਨੂੰ
ਕਰ ਕਰ ਗੀਤ ਭੀ ਗੋਸ਼ ਗੁਜ਼ਾਰਨੀ ਏ ।
ਹੋਵੇ ਸਜ਼ਾਵਲ ਵਾਂਗ ਕਰਾਵਲ
ਦਿਲ ਵਲ ਬਾਤ ਚਿਤਾਰਨੀ ਏ ।
ਏਸ ਆਹੂ ਚਸ਼ਮ ਨੂੰ ਆਹੋ ਆਖੀਂ
ਜੇ ਮੰਨੇ ਨਹੀਂ ਤਾਂ ਹਾਰਨੀ ਏ ।
ਜੇ ਹਾਰ ਸਿੰਗਾਰ ਦੀ ਬਾਤ ਪੁੱਛੇ,
ਰੱਤ ਰੋਵੇ ਹੰਝੂ ਜਿੰਦ ਹਾਰਨੀ ਏ ।
ਪਰ ਕੇਹੀ ਕੰਮ ਆਸੀ ਜਿੰਦੜੀ
ਵੱਤ ਅਸਾਂ ਕੋਈ ਸਾੜਨੀ ਏ ।
ਜੇ ਵਸ ਨਾ ਲੱਗੇ ਦੱਸੇ
ਨਹੀਂ ਭੀ ਹੈਦਰ ਅਸਾਂ ਗੁਜ਼ਾਰਨੀ ਏ ।੫੭।

24. ਅਲਿਫ਼-ਹਮਜ਼ੇ ਦੇ ਸਿਰ ਲਾਮ ਨਫੀ ਦਾ ਲਿਖਿਆ

ਅਲਿਫ਼-ਹਮਜ਼ੇ ਦੇ ਸਿਰ ਲਾਮ ਨਫੀ ਦਾ ਲਿਖਿਆ,
ਡਿੰਗੜੇ ਲਾਮ ਦਾ ਈ ।
ਹੁਣ ਨਿਉਂ ਨਿਉਂ ਕਰੇ ਸਲਾਮ ਤਵਾਜ਼ਾ'
ਸਾਇਲ ਤੈਂਡੜੇ ਨਾਮ ਦਾ ਈ ।
ਵਿੱਚੋਂ ਆਂਵਣਾ ਈ ਏ ਸਿੱਧਾ ਅਲਿਫ਼,
ਤੈਨੂੰ ਵਾਸਤਾ ਆਪਣੇ ਨਾਮ ਦਾ ਈ ।
ਐ ਅਲੀ ਹੈਦਰ ਸ਼ੇਰ ਖੁਦਾ,
ਖਸਮਾਨੜਾ ਏਸ ਗੁਲਾਮ ਦਾ ਈ ।੫੨।

25. ਅਲਿਫ਼-ਇਹ ਬੇ-ਰੰਗ ਦੇ ਰੰਗ ਰੰਗ ਕੁਨੋਂ

ਅਲਿਫ਼-ਇਹ ਬੇ-ਰੰਗ ਦੇ ਰੰਗ ਰੰਗ ਕੁਨੋਂ,
ਇਹ ਰੰਗ ਪਇਆ ਸ਼ਰਮਾਵੰਦਾ ਈ ।
ਰੱਤਾ ਸਾਂਵੜਾ ਪੀਲੜਾ ਹੋ ਹੋ ਵੈਂਦਾ,
ਪਲ ਪਲ ਰੰਗ ਵਟਾਵੰਦਾ ਈ ।
ਕਰ ਕਰ ਕੇ ਬਹ ਪਖਾਰਾ ਗੁਲ ਨੂੰ,
ਤਰੇਲ ਦਾ ਨਾਮ ਸਦਾਵੰਦਾ ਈ ।
ਉੱਡ ਉਡੈਂਦਾ ਗੁਲ ਦੇ ਰੁਖ ਤੋਂ,
ਓਹਲੇ ਬਾਜ਼ ਉਡਾਵੰਦਾ ਈ ।
ਉਹ ਮੈਨੂੰ ਭੀ ਨੇੜੇ ਮੈਨੂੰ,
ਅਤੇ ਦਿਲ ਵੇਖਣ ਨੂੰ ਤਰਸਾਵੰਦਾ ਈ ।
ਦੇਂਹ ਚੋਲੀ ਦੇ ਵਿੱਚ ਗਾਇਬ ਹੈਦਰ,
ਰੰਗ ਓਥੇ ਧੁੱਪ ਛਾਵੰਦਾ ਈ ।੨੮।

26. ਅਲਿਫ਼-ਇਹ ਚਾਕ ਸਦੇਂਦੀਆਂ ਚਾਕ ਕੀ ਜਾਣਨ

ਅਲਿਫ਼-ਇਹ ਚਾਕ ਸਦੇਂਦੀਆਂ ਚਾਕ ਕੀ ਜਾਣਨ
ਸਾਰ ਵੇ ਇਨ੍ਹਾਂ ਸਾਰ ਨਹੀਂ ।
ਜੇ ਲੋਕਾਂ ਮੇਹਣਾਂ ਮੈਂ ਵਡਿਆਈ
ਯਾਰ ਵੇ ਅਸਾਂ ਵਿਸਾਰ ਨਹੀਂ ।
ਮੋਤੀ ਬਖਸ਼ਣਹਾਰ ਮੈਂਡਾ ਵਣਜਾਰਾ
ਸੀਖੇ ਵੰਜਾਰ ਨਹੀਂ ।
ਕਾਰ ਖੁਦਾਇਦੇ ਆਖ ਸੀਖੇ ਮੈਨੂੰ
ਨਾਲ ਫਿਰਾਕ ਦੇ ਮਾਰ ਨਹੀਂ ।
ਚਾਕ ਲਗਾਸੇਂ ਚਾਕ ਲਗੇ ਮੈਨੂੰ
ਲਾਕੇ ਸਾਰ ਵਿਸਾਰ ਨਹੀਂ ।
ਮੈਂਡਿਆਂ ਤਪ ਖੁਸ਼ਕ ਥੀਆ
ਲਾਲਾਂ ਮੋਤੀਆਂ ਦੇ ਗਲ ਹਾਰ ਨਹੀਂ ।
ਲਾਲਾਂ ਮੋਤੀਆਂ ਦੇ ਗਲ ਹਾਰ ਪਏ
ਮੈਂਡੇ ਬਾਂਹ ਨੂੰ ਸੋਹੇ ਸਿੰਗਾਰ ਨਹੀਂ ।
ਨ ਵਾਰ ਵਾਰ ਮਾਰ ਆਏ ਸ਼ਹ ਬਿਨ
ਕੱਪੜ ਤੇ ਕੜਕਾਰ ਨਹੀਂ ।
ਹੈਦਰ ਵਿਖਾ ਮੁਲਕ ਸਜਣ ਦਾ
ਕਿਉਂ ਉਰਾਰ ਤੇ ਪਾਰ ਨਹੀਂ ।੬੪।

27. ਅਲਿਫ਼-ਇਹ ਦਾਇਰਾ ਵਾਰਿਆ ਰੂਪ ਤੈਂਡੇ ਦਾ

ਅਲਿਫ਼-ਇਹ ਦਾਇਰਾ ਵਾਰਿਆ ਰੂਪ ਤੈਂਡੇ ਦਾ
ਹੋਰ ਪਇਆ ਆਵਾਜ਼ ਨਹੀਂ ।
ਤੈਂਡੀਆਂ ਠਾਠੀਂ ਗਾਵਣ ਤੈਂਡੇ
ਮਹਜ਼ ਸਨਾ ਆਵਾਜ਼ ਨਹੀਂ ।
ਜੇ ਮੌਜ ਹਵਾ ਆਵਾਜ਼ ਥੀਵੇ
ਕਿਉਂ ਮੌਜ ਸਖਾ ਆਵਾਜ਼ ਨਹੀਂ ।
ਕਿਆ ਠਾਠਾਂ ਉਨਾਂ ਠਾਠੀਂ ਦੀ
ਕੋਈ ਕੰਨ ਪਇਆ ਆਵਾਜ਼ ਨਹੀਂ ।
'ਯੁਸਬਹ ਅਲਾਹ' ਹਰ ਸ਼ੈ ਹੈਦਰ
ਬਾ'ਜ਼ੀ ਜਾ ਆਵਾਜ਼ ਨਹੀਂ ।੬੨।

28. ਅਲਿਫ਼-ਇਹ ਦੋਸਤੀ ਨੈਣਾਂ ਦੀ ਮਾਰਨ ਨੂੰ

ਅਲਿਫ਼-ਇਹ ਦੋਸਤੀ ਨੈਣਾਂ ਦੀ ਮਾਰਨ ਨੂੰ
ਉਹ ਮਰੇਲੀ ਮਰੇਲੀ ਧੜਕ ਪਈ ।
ਅਤੇ ਝੜੀ ਦਾ ਵਾਅਦਾ ਭਲਕੇ ਆਹਾ
ਅੱਜ ਉਤਾਵਲੇ ਧੱਕ ਪਈ ।
ਉਹ ਅੱਖੀਂ ਤੱਕ ਕੇ ਤੀਰ ਮਰੇਂਦੇ
ਲੱਗੀ ਦਿਲ ਵਿਚ ਅੱਗ ਪਈ ।
ਉਹੋ ਗ਼ਮਜ਼ਾ ਜਿਥੇ ਸ਼ਰਾਰਤ ਵਾਲਾ
ਕਿਉਂਕਰ ਵੱਸਣ ਸੁੱਕ ਪਈ ।
ਓਸ ਕਮੰਦਰੀ ਕੱਜਲ ਦੇ ਲੱਗ,
ਆਖੇ ਹੈਦਰ ਚੁੱਕ ਲਈ ।੫੪।

29. ਅਲਿਫ਼-ਇਹ ਕੇਹਾ ਕਾਸਿਦ ਯਾਰ ਦਾ ਏ

ਅਲਿਫ਼-ਇਹ ਕੇਹਾ ਕਾਸਿਦ ਯਾਰ ਦਾ ਏ,
ਹੱਥ ਨਿਸ਼ਾਨੀ ਸੇਲ੍ਹੜਾ ਈ ।
ਆਹੋ ਆਪੇ ਲਿਖਿਆ ਰਾਂਝਣ ਮੈਂ ਵਲ,
ਆਓ ਯਾਨੀ ਆਓ ਹਕੇਲੜਾ ਈ ।
ਅੱਜ ਖਲਵਤ ਇਹ ਵੇਲੜਾ ਈ,
ਯਾ ਬੇਲੀ ਵਾਲਾ ਬੇਲੜਾ ਈ ।
ਤੈਂਡੀਆਂ ਕੀਤੀਆਂ ਦੇਸਣ ਫਿਰਾਂ,
ਸਮਝੇ ਵੇਲੜਾ ਜੇ ਵੇਲੜਾ ਈ ।
ਅੱਜ ਵੱਗ ਛੇੜ ਲੈਂਦਾ ਬੇਲੀ,
ਕਲ੍ਹ ਵਟ ਡਾਂਗਾਂ ਮਰੇਲੜਾ ਈ ।
ਜੇ ਕੁਝ ਨ ਅਰਜ਼ ਤਾਂ ਕਰ ਲੈ,
ਅੱਜ ਵੱਤ ਹੀਲੇ ਦਾ ਵੇਲੜਾ ਈ ।
ਜੇ ਵੱਤ ਕੱਲ ਕਚਹਰੀ ਲੱਗੀ,
ਤਾਂ ਸ਼ਾਹਾਂ ਭੀ ਰੰਗ ਮੇਲੜਾ ਈ ।
ਯਾ ਰੱਬ 'ਅਤ ਮੁਹੰਮਦ ਨ ਅਲਵਸੀਲਤ',
ਹੈਦਰ ਵੱਡਾ ਵਸੀਲੜਾ ਈ ।੫੧।

30. ਅਲਿਫ਼-ਇਹ ਖੂਬੀਆਂ ਸੱਭੇ ਸ਼ਹੁ ਦੀਆਂ

ਅਲਿਫ਼-ਇਹ ਖੂਬੀਆਂ ਸੱਭੇ ਸ਼ਹੁ ਦੀਆਂ,
ਇਹ ਖੂਬੀਆਂ ਐਵੇਂ ਵਿਖਾਲੜਾ ਈ ।
ਇਹ ਘਿੰਨਣ ਸਭ ਉਹਾ ਦੇ ਆਹੇ,
ਚੱਕੀ ਦੇ ਮੂੰਹ ਨਵਾਲੜਾ ਈ ।
ਇਹ ਅੱਖੀਂ ਸਾਦ ਮੁਰਾਦੀਆਂ ਨੇ,
ਇਹ ਘੁਲਦਾ ਕੱਜਲ ਕਾਲੜਾ ਈ ।
ਲੁੱਟ ਪੁੱਟੀਆਂ ਵੱਸਣ ਅਖੀਆਂ
ਅਤੇ ਸੂਰਮੇ ਦੇ ਸਿਰ ਦੁੰਬਾਲੜਾ ਈ ।
ਐਵੇਂ ਅੱਖੀਆਂ ਮਿਣ ਮਿਣ ਦੇਵਣ ਗੱਲਾ
ਹਾਲੀ ਦੇ ਸਿਰ ਹਾਲੜਾ ਈ ।
ਮੱਥੇ ਦਾ ਵਲ ਸੁਖ ਨਾ ਆਹਾ,
ਅੱਖੀਆਂ ਦਾ ਲੜ ਦੰਮਾਲੜਾ ਈ ।
ਤੇਗ ਦੀ ਬੇਰੰਗ ਆਬ ਤ੍ਰਿਖੜੀ,
ਨਾਹੀਂ ਤਾਂ ਪਾਣੀ ਹਥਾਲੜਾ ਈ ।
ਜੋ ਕੁਝ ਏਹੀ ਓਹੋ ਏਹੀ,
ਬੀਬਾ ਸਭ ਕੁਸ਼ਾਲੜਾ ਈ ।
ਅੱਖੀਂ ਦੀ ਸਿੱਕ ਏਵੇਂ ਰਹਿੰਦੀ,
ਨਾਹੀਂ ਤਾਂ ਮਰਨ ਸੁਖਾਲੜਾ ਈ ।
ਥਾ ਨਾ ਤਾਕ ਨ ਚਮਕੇ ਹੈਦਰ,
ਚਾਨਣ ਸੂਰਜ ਵਾਲੜਾ ਈ ।੮।

31. ਅਲਿਫ਼-ਇਹ ਖੂਬਸੂਰਤਾਂ ਐਵੇਂ ਬਹਾਨੜਾ

ਅਲਿਫ਼-ਇਹ ਖੂਬਸੂਰਤਾਂ ਐਵੇਂ ਬਹਾਨੜਾ,
ਤੈਂਡੀਆਂ ਹੋਰ ਕਹਾਣੀਆਂ ਨੇ ।
ਇਹ ਆਪ ਗ਼ਰੀਬ ਨਿਮਾਣੀਆਂ ਆਜਿਜ਼,
ਤੈਂਡੜੇ ਦਰਦ ਰੰਜਾਣੀਆਂ ਨੇ ।
ਕੋਈ ਛਾਹ ਦੇ ਕਾਰਣ ਘਮਘਮ ਚਾਟੀ,
ਅਤੇ ਮੱਖਣ ਕਾਰਣ ਮਧਾਣੀਆਂ ਨੇ ।
ਬੇਚੂੰ ਨੂੰ ਚੂਨੀਆਂ ਵਾਲੜਾ ਆਖਣ,
ਆਸ਼ਿਕਾਂ ਦੀਆਂ ਪਰੇਸ਼ਾਨੀਆਂ ਨੇ ।
ਮੈਂ ਬੇਚੂੰ ਕੁੱਠੀਆਂ ਕੱਪਰ,
ਤੇ ਹੱਥ ਲਹਰ ਦੀਆਂ ਬੂਟੀਆਂ ਲਾਣੀਆਂ ਨੇ ।
ਇਹ ਖਵਾਬ ਖਿਆਲ ਨੇ ਸੋਹਣੇ
ਬਾਕੀ ਖੂਬੀਆਂ ਸੱਭੇ ਰੱਬਾਣੀਆਂ ਨੇ ।
ਮੈਂ ਸੋਹਣੇ ਨੂੰ ਲਾਈਂ ਸੂੰਹ ਨਾਹੀ,
ਤਾਂ ਯਾਰ ਦੀਆਂ ਕਿਤੇ ਨਿਸ਼ਾਨੀਆਂ ਨੇ ।
ਹੈਦਰ ਉਹ ਜਿੰਦ ਦਿੱਸੇ ਨਾਹੀਂ,
ਇਹ ਮੋਰੇ ਦੇ ਵਾਂਗ ਭਾਨੀਆਂ ਨੇ ।੩੫।

32. ਅਲਿਫ਼-ਇਹ ਖੁਬਸੂਰਤਾਂ ਢੋਲਣ

ਅਲਿਫ਼-ਇਹ ਖੁਬਸੂਰਤਾਂ ਢੋਲਣ,
ਅਪਣੇ ਵੇਖਣ ਕਾਰਣ ਸੰਵਾਰੀਆਂ ਨੇ ।
ਓਸ ਬੇ-ਰੰਗ ਨੂਰ ਦੇ ਵੇਖਣ ਕਾਰਣ,
ਇਹ ਵੱਤ ਰੰਗੀਨ ਬਾਰੀਆਂ ਨੇ ।
ਉਸ ਲਾਲ ਸ਼ਰਾਬ ਦੇ ਪੀਵੰਦਿਆਂ,
ਇਹ ਜਾਨਾਂ ਭੀ ਜ਼ਰਕਾਰੀਆਂ ਨੇ ।
ਇਹ ਐਨਕਾਂ ਨੇ ਦੂਰਬੀਨੀ ਦੀਆਂ,
ਦੂਰਬੀਨਾਂ ਹੱਥੋਂ ਮੁਹਾਰੀਆਂ ਨੇ ।
ਉਸ ਦਿਲਬਰ ਯਾਰ ਦੀਆਂ ਆਰਸੀਆਂ ਨੇ,
ਹੈਦਰ ਬਹੁਤ ਪਿਆਰੀਆਂ ਨੇ ।੨੫।

33. ਅਲਿਫ਼-ਇਹ ਖੁਬਸੂਰਤਾਂ ਸੋਹਣੀਆਂ ਸਭ ਠਾਠੀਂ

ਅਲਿਫ਼-ਇਹ ਖੁਬਸੂਰਤਾਂ ਸੋਹਣੀਆਂ ਸਭ ਠਾਠੀਂ,
ਬੇਰੰਗ ਪਾਕ ਦੀਆਂ ।
ਪਰ ਬੇਰੰਗ ਠਾਠੀਂ ਬੇਰੰਗ ਵਾਲੀਆਂ,
ਇੱਕੇ ਠਾਠੀਂ ਰਗ ਰਤਾਕ ਦੀਆਂ ।
ਓਸੇ ਸੂਰਜ ਦਾ ਚਮਕਾਰਾ,
ਨਹੀਂ ਇਹ ਖੂਬੀਆਂ ਖਾਕ ਦੀਆਂ ।
ਇਹ ਗਲ ਰੰਗੀਨ ਤੇ ਮਿੱਠੜੇ ਮੇਵੇ ਭੀ
ਖੂਬੀਆਂ ਚੇਤਰ ਵਿਸਾਖ ਦੀਆਂ ।
ਓਹੋ ਬੇਰੰਗ ਰੰਗ ਉਡਾਏ,
ਹੋਲੀਆਂ ਜਿਵੇਂ ਫਾਗ ਦੀਆਂ ।
ਹੈਦਰ ਸਾਖ ਫਿਰੇ ਲਬ ਕੀਮਤ,
ਚੰਦ ਵਨੀ ਹੱਥੇ ਸਾਖ ਦੀਆਂ ।੧੩।

34. ਅਲਿਫ਼-ਇਹ ਲਾਲ ਰੰਗੀਆਂ ਲਾਲੜੀਆਂ

ਅਲਿਫ਼-ਇਹ ਲਾਲ ਰੰਗੀਆਂ ਲਾਲੜੀਆਂ,
ਇਸ ਬੇਰੰਗ ਦੀਆਂ ਖੂਬੀਆਂ ਨੇ ।
ਇਹ ਲਾਲ ਬਰਖਸ਼ਾਂ ਬਹ ਬਹ ਭਖਦੀ,
ਆਤਿਸ਼ ਸੰਗ ਦੀਆਂ ਖੂਬੀਆਂ ਨੇ ।
ਰੁਖ ਗਰਦਾਂ ਖੰਜਰ ਪਿਪਨੀਆਂ ਦੇ,
ਸਾਰੀਆਂ ਜੰਗ ਦੀਆਂ ਖੂਬੀਆਂ ਨੇ ।
ਖਿਜ਼ਰ ਆਬ ਹਿਆਤ ਬਣਾਏ ਅੰਧੇਰਿਓਂ,
ਜ਼ੁਲਫ ਦੇ ਡੰਗ ਦੀਆਂ ਖੂਬੀਆਂ ਨੇ ।
ਹੈਦਰ ਭੀ ਨ ਤੇਗ ਉਲਾਰੀ,
ਇਹੋ ਸੋਨੇ ਦੀ ਵੰਗ ਦੀਆਂ ਖੂਬੀਆਂ ਨੇ ।੧੮।

35. ਅਲਿਫ਼-ਇਹ ਲੰਮੀਆਂ ਪੱਟੀਆਂ ਵਾਲੀਆਂ ਵੇ

ਅਲਿਫ਼-ਇਹ ਲੰਮੀਆਂ ਪੱਟੀਆਂ ਵਾਲੀਆਂ ਵੇ,
ਜੜ੍ਹ ਪੁੱਟ ਨ ਦਰਦ ਰੰਜਾਣੀਆਂ ਦੀ ।
ਤੈਨੂੰ ਜ਼ੁਲਫਾਂ ਲੰਮੀਆਂ ਕਾਲੀਆਂ ਦੀ ਸਹੁੰ
ਕੱਪ ਨ ਜੜ੍ਹ ਨਿਮਾਣੀਆਂ ਦੀ ।
ਤੈਂਡੀ ਆਸ ਤੇ ਸਾਵੀਆਂ ਤਾਜ਼ੀਆਂ ਵੇ,
ਤੈਂਡੇ ਰੋਸੇ ਦੇ ਨਾਲ ਕੁਮਲਾਣੀਆਂ ਦੀ ।
ਨ ਕਰ ਨਾਜ਼ ਖਵਾਬ ਗੁਮਾਨੀ,
ਜੇ ਵੱਤ ਰੁਚ ਕਹਾਣੀਆਂ ਦੀ ।
ਹੈਦਰ ਦੇ ਹੱਥ ਆਵੇ ਮੱਖਣ,
ਸੁਣ ਵੱਤ ਕੂਕ ਮਧਾਣੀਆਂ ਦੀ ।੩੧।

36. ਅਲਿਫ਼-ਇਹਨਾਂ ਨੈਣਾਂ ਵਾਲੇ ਝਰੋਖਿਆਂ ਵਿੱਚੋਂ

ਅਲਿਫ਼-ਇਹਨਾਂ ਨੈਣਾਂ ਵਾਲੇ ਝਰੋਖਿਆਂ ਵਿੱਚੋਂ
ਝਾਤ ਪਵੈਂਦੜਾ ਕੌਣ ਦੇਖਾਂ ।
ਉਹ ਭਰ ਭਰ ਦੇਂਦਾ ਪਿਆਲੇ ਸ਼ਰਾਬ ਦੇ,
ਸਾਕੀ ਆਖੇਂਦੜਾ ਕੌਣ ਦੇਖਾਂ ।
ਉਹ ਹੱਸ ਹੱਸ ਉਹਲੇ ਪਿਪਨੀਆਂ ਦੇ,
ਜੰਗ ਕਰੇਂਦੜਾ ਕੌਣ ਦੇਖਾਂ ।
ਉਹ ਸੁਰਮੇ ਸਿਆਹੀ ਆਪਣੀ ਉੱਤੇ,
ਤੇਗ ਲਬੇਂਦੜਾ ਕੌਣ ਦੇਖਾਂ ।
ਉਹ ਨੈਣ ਮਲ੍ਹੜੇ ਪਿਨੀਆਂ ਦੇ,
ਪੱਲੂ ਫਿਰੇਂਦੜਾ ਕੌਣ ਦੇਖਾਂ ।
ਵੇਖ ਮੱਥੇ ਦਾ ਵਲ ਸਿਖਰ ਤੇ ਨਾਹੀਂ,
ਕਾਨੀ ਮਰੇਂਦੜਾ ਕੌਣ ਦੇਖਾਂ ।
ਉਹ ਕੁੰਢੀਆਂ ਖਲਕਾਂ ਰੁੱਠੀਆਂ ਵਾਲਾ,
ਨ ਮੂਲ ਮੰਨੇਂਦੜਾ ਕੌਣ ਦੇਖਾਂ ।
ਉਹ ਪਲਕਾਂ ਵਾਲੀਆਂ ਕੰਕਰੀਆਂ ਤੋਂ,
ਤਾਰ ਮਰੇਂਦੜਾ ਕੌਣ ਦੇਖਾਂ ।
ਉਹ ਜ਼ੁਲਫ ਕਮੰਦ ਸਾਡੇ ਗਲ ਵਿੱਚ
ਪਾਏ ਛਿਕੇਂਦੜਾ ਕੌਣ ਦੇਖਾਂ ।
ਹੈਦਰ ਮਾਰਕੇ ਨੇਜ਼ੇ ਪਿਪਨੀਆਂ ਦੇ
ਬੈਠ ਬੁਲੇਂਦੜਾ ਕੌਣ ਦੇਖਾਂ ।੧੬।

37. ਅਲਿਫ਼- ਇਨ੍ਹਾਂ ਰੰਗੀਲਿਆਂ ਦੇ ਰੰਗ ਕੁਨੋਂ

ਅਲਿਫ਼- ਇਨ੍ਹਾਂ ਰੰਗੀਲਿਆਂ ਦੇ ਰੰਗ ਕੁਨੋਂ,
ਰੰਗ ਬੇ-ਰੰਗ ਦਾ ਨਜ਼ਰ ਆਵੰਦਾ ਈ ।
ਇਹ ਖੂਬੀਆਂ ਨੇ ਨਕਾਸ਼ ਦੀਆਂ,
ਜਿਹੜਾ ਪਾਣੀ ਤੇ ਨਕਸ਼ ਟਿਕਾਵੰਦਾ ਈ ।
ਓਹੋ ਅਕਸ ਪਵੇ ਨਕਾਸ਼ ਦਾ ਭੀ,
ਵਿੱਚ ਪਾਣੀ ਜੇ ਨਕਸ਼ ਬਣਾਵੰਦਾ ਈ ।
ਦਿੱਸੇ ਬੇ-ਰੰਗ ਰੰਗਲਾ ਹੈਦਰ,
ਪਾਣੀ ਉੱਤੇ ਨਕਸ਼ ਦਿਖਾਵੰਦਾ ਈ ।੨੨।

38. ਅਲਿਫ਼-ਇਹਨਾਂ ਸੋਹਣਿਆਂ ਵਿਚ ਬੇਰੰਗ ਰੰਗਲਾ

ਅਲਿਫ਼-ਇਹਨਾਂ ਸੋਹਣਿਆਂ ਵਿਚ ਬੇਰੰਗ ਰੰਗਲਾ,
ਰੰਗ ਥੋਂ ਆਵੇ ਨਿਆਰਾ ਨਜ਼ਰ ।
ਜਿਵੇਂ ਪਾਣੀ ਵਿਚ ਅਲਹਦਾ ਪਾਣੀ ਥੋਂ,
ਆਵੇ ਰੁਖ ਦਾ ਪੁਖਾਰਾ ਨਜ਼ਰ ।
ਅਕਸ ਭੀ ਨਾਹੀਂ ਦਿਲ ਵਿੱਚ,
ਵਿੱਚ ਆਪੇ ਆਪ ਤਿਆਰਾ ਨਜ਼ਰ ।
ਦਿਲ ਕਾਲਾ ਸਫਾ ਦਿਲ ਆਬ ਸਫਾ ਥੋਂ
ਆਵੇ ਕਰ ਕਿਨਾਰਾ ਨਜ਼ਰ ।
ਜੇ ਇਸ ਦਾ ਅਕਸ ਪਵੇ ਵਿਚ ਪਾਣੀ,
ਕਹੋ ਹੈਦਰ ਤੋਂ ਫਵਾਰਾ ਨਜ਼ਰ ।੧੦।

39. ਅਲਿਫ਼-ਇਹਨਾਂ ਸੋਹਣਿਆਂ ਵਿਚ ਜਲਵਾ ਕਰੇਂਦਾ

ਅਲਿਫ਼-ਇਹਨਾਂ ਸੋਹਣਿਆਂ ਵਿਚ ਜਲਵਾ ਕਰੇਂਦਾ,
ਮੈਂਡਾ ਦਿਲਬਰ ਯਾਰ ਸਜਣ ।
ਇਹ ਰੌਸ਼ਨ ਦੀਵੇ ਬਾਲ ਦਿਖਾਂਦੇ,
ਅਪਣਾ ਹਾਰ ਸਿੰਗਾਰ ਸਜਣ ।
ਕਰੇ ਕੁੰਦ ਨਿਗਾਹਾਂ ਤੇਜ਼ ਨਜ਼ਰ ਨਾਲ,
ਸੁਰਮਾ ਦੁੰਬਲਾਦਾਰ ਸਜਣ ।
ਹੈਦਰ ਕੀਤੀ ਸੋਨੇ ਦੇ ਗੰਜ ਦਾ,
ਜ਼ੁਲਫ ਸਿਆਹ ਤੂੰ ਮਾਰ ਸਜਣ ।੧੫।

40. ਅਲਿਫ਼-ਇਹਨਾਂ ਤੈਂਡਿਆਂ ਦੀਆਂ ਤਸਵੀਰਾਂ

ਅਲਿਫ਼-ਇਹਨਾਂ ਤੈਂਡਿਆਂ ਦੀਆਂ ਤਸਵੀਰਾਂ,
ਮੈਂਡੜਾ ਸੀਨਾ ਲੀਰਾਂ ਲੀਰਾਂ ਕੀਤਾ ।
ਇਹਨਾਂ ਤਿਖਿਆਂ ਦੇ ਤਰਵਾਰੀਂ,
ਮੈਂਡੜਾ ਕਪ ਕਪ ਹਾਲ ਲਵੀਰਾਂ ਕੀਤਾ ।
ਬੇਚੂੰ ਖੂਬੀ ਦੀ ਕੈਦ ਮੈਨੂੰ,
ਇਹਨਾਂ ਜ਼ੁਲਫਾਂ ਦੀਆਂ ਜ਼ੰਜੀਰਾਂ ਕੀਤਾ ।
ਛਾਣਨੀਆਂ ਦਿਲ ਮੈਂਡੜਾ,
ਉਹਨਾਂ ਪਿਪਨੀਆਂ ਦੇ ਤੀਰਾਂ ਕੀਤਾ ।
ਮਹਰਮ ਤੈਂਡੀਆਂ ਖੂਬੀਆਂ ਦਾ,
ਉਹਨਾਂ ਸੋਹਣੀਆਂ ਤਸਵੀਰਾਂ ਕੀਤਾ ।
ਵਾਕਿਫ ਤੈਂਡਿਆਂ ਰਾਜ਼ਾਂ ਦਾ,
ਕੁਝ ਪੀੜਾਂ ਕੀਤਾ ਕੁਝ ਪੀਰਾਂ ਕੀਤਾ ।
ਹੈਦਰ ਭਾਗ ਸੁਹਾਗ ਅਸਾਡੜਾ,
ਲੁਤਫ ਜੇ ਹਜ਼ਰਤ ਮੀਰਾਂ ਕੀਤਾ ।੩੭।

41. ਅਲਿਫ਼-ਇਹ ਸ਼ਾਇਰੀ ਮੈਂਡੀ ਦਿਲਬਰ

ਅਲਿਫ਼-ਇਹ ਸ਼ਾਇਰੀ ਮੈਂਡੀ ਦਿਲਬਰ,
ਭਾਵੇਂ ਭੌਂਕਣਾ ਤੇ ਝਕ ਮਾਰਨਾ ਏਂ ।
ਇਹ ਮਦਹ ਅਸਾਦੀ ਲ ਸਮੁੰਦਰ ਨੂੰ,
ਤ੍ਰੌਂਕਣਾ ਤੇ ਝਕ ਮਾਰਨਾ ਏਂ ।
ਐਵੇਂ ਲੋਕਾਂ ਨੂੰ ਆਖਣਾ ਆਪ ਨ ਕਰਨਾ,
ਰੋਕਣਾ ਤੇ ਝਕ ਮਾਰਨਾ ਏਂ ।
ਐਵੇਂ ਕੂਕ ਸੁਣਾਵਣ ਲੋਕਾਂ ਤਾਈਂ,
ਸ਼ੂਕਣਾ ਤੇ ਝਕ ਮਾਰਨਾ ਏਂ ।
ਇਹ ਸ਼ਾਇਰੀ ਕੇਹੀ ਸ਼ਾਇਰੀ ਏ,
ਐਵੇਂ ਭੌਂਕਣਾ ਤੇ ਝਕ ਮਾਰਨਾ ਏਂ ।
ਐਵੇਂ ਕਮਲੇ ਕੁੱਤੇ ਹਰਨਾਂ ਪਿੱਛੇ,
ਭੌਂਕਣਾ ਤੇ ਝਕ ਮਾਰਨਾ ਏਂ ।
ਐਵੇਂ ਭੱਜਣ ਭੜਕਣ ਜੰਗਲਾਂ ਦੇ ਵਿੱਚ,
ਸ਼ੂਕਨਾਂ ਤੇ ਝਕ ਮਾਰਨਾ ਏਂ ।
ਵੱਤ ਆਖਿਰ ਸਾਈਂ ਹੱਥ ਫੜੀਏ,
ਕੂਕਣਾ ਤੇ ਝਕ ਮਾਰਨਾ ਏਂ ।
ਪਰ ਵਿਚ ਖਵਾਬ ਗੁਜ਼ਾਰਣਾ ਏਂ ਹੈਦਰ,
ਚੂੰਕਣਾ ਤੇ ਝਕ ਮਾਰਨਾ ਏਂ ।੫।

42. ਅਲਿਫ਼-ਇਹ ਸੂਰਤਾਂ ਮਾਨੇ ਨੇ

ਅਲਿਫ਼-ਇਹ ਸੂਰਤਾਂ ਮਾਨੇ ਨੇ,
ਰੰਗ ਸੂਰਤਾਂ ਦਾ ਨਜ਼ਰ ਆਵੰਦਾ ਏ ।
ਇਹ ਸਰਵ ਸਹੀ ਕੱਦ ਮਾ'ਨੇ ਨੇ
ਤਾਹੀਏਂ ਅੱਖੀਆਂ ਦੇ ਵਿੱਚ ਆਵੰਦਾ ਏ ।
ਵਿੱਚ ਐਡੇ ਬਦਨ ਦੇ ਆਵੰਦੇ ਨਹੀਂ,
ਇਹ ਆਰਸੀ ਵਿੱਚ ਸਮਾਵੰਦਾ ਏ ।
ਸੂਰਤ ਨਕਸ਼ ਨ ਆਬੇ ਵਾਲੀ,
ਇਹ ਮੱਥੇ ਤੇ ਵਲ ਪਾਵੰਦਾ ਏ ।
ਇਹ ਮਾ'ਨੀ ਨੇ ਅਤੇ ਸੂਰਤ ਦਿੱਸਣ,
ਕੁਝ ਕੁਝ ਹੱਥ ਨ ਆਵੰਦਾ ਏ ।
ਖਾਲੀ ਨੇ ਸੂਰਤ ਕੋਲੋਂ ਉਲਟੇ,
ਉਲਟੇ ਨਕਸ਼ ਵਿਖਾਵੰਦਾ ਏ ।
ਵਿੱਚ ਲਾਲ ਨਗੀਨੇ ਦੇ ਉਲਟਾ ਲਿਖਿਆ,
ਅੱਖਰ ਯਾਰ ਦੇ ਨਾਵੰਦਾ ਏ ।
ਹੁੰਦੇ ਨੇ ਹੈਦਰ ਉਲਟੇ ਸਿੱਧੇ ਜੇ ਕਦੀ
ਮੇਹਰ ਦੀ ਮੁਹਰ ਲਗਾਵੰਦਾ ਏ ।੩੩।

43. ਅਲਿਫ਼-ਇਹ ਜ਼ੁਲਫ ਦਰਾਜ਼ ਵੰਜਣ

ਅਲਿਫ਼-ਇਹ ਜ਼ੁਲਫ ਦਰਾਜ਼ ਵੰਜਣ
ਕਨ ਕੈਦੀ ਵਲ ਵਲ ਪਾਵਣ ਕਿਆ ।
ਦਿਲ ਦਿਲ ਦੇ ਵਿੱਚ ਮਸ਼ਰਕ ਮਗ਼ਰਬ,
ਦਿਲ ਦਿਲ ਭੀ ਦਿਲ ਪਾਵਣ ਕਿਆ ।
ਦੇਹ ਮੈਂਡੇ ਹੱਥ ਜ਼ੁਲਫ ਦਾ ਛੱਲਾ,
ਛੱਲਿਆਂ ਨੂੰ ਗਲ ਪਾਵਣ ਕਿਆ ।
ਆਖ ਹੈਦਰ ਥੋਂ ਜੇ ਦਿਲ ਨ
ਕੰਨੀ ਤੇਲ ਮਿੱਠਾ ਮਲ ਪਾਵਣ ਕਿਆ ।੧੧।

44. ਅਲਿਫ਼-ਇਕੱਲਾ ਆਇਆ ਤੂੰ ਵੈਸੇਂ

ਅਲਿਫ਼-ਇਕੱਲਾ ਆਇਆ ਤੂੰ ਵੈਸੇਂ
ਹਿਕ ਹਿਕਲਾਵਤ ਐਵੇਂ ।
ਜ਼ੇਰਾਂ ਜ਼ਬਰਾਂ ਪੇਸ਼ ਨ ਵੈਸਨ
ਦੇਸੀ ਦਿਖਾਈ ਭਤ ਐਵੇਂ ।
ਐਵੇਂ ਅਨ ਬਨ ਅੱਬੀ ਤੱਬੀ ਐਵੇਂ
ਅੱਬਤ ਭੀ ਐਵੇਂ ਅਤ ਐਵੇਂ ।
ਹੈਦਰ ਯਾਰ ਦੀ ਬਾਤ ਨਬਾਤੜੀ
ਹੋਰ ਨਿਕੰਮੜੀ ਲਤ ਐਵੇਂ ।੬੫।

45. ਅਲਿਫ਼-ਇਕੱਲਾ ਹਮਜ਼ਾ ਆਹਾ

ਅਲਿਫ਼-ਇਕੱਲਾ ਹਮਜ਼ਾ ਆਹਾ
ਅਤੇ ਰੱਤ ਸਰੀਰ ਦੀ ਸੁੱਕ ਰਹਿਆ ।
ਯਾਰ ਦਾ ਨੁਕਤਾ ਦਿਲ ਮੈਂਡੇ ਤੇ
ਅਤੇ ਐਨ ਦੀ ਡਾਲੀ ਝੁਕ ਰਹਿਆ ।੨।

46. ਅਲਿਫ਼-ਇਕੱਲੜਾ ਹਮਜ਼ਾ ਆਹਾ

ਅਲਿਫ਼-ਇਕੱਲੜਾ ਹਮਜ਼ਾ ਆਹਾ
ਤੇ ਹਮਜ਼ਾ ਸ਼ੇਰ ਮਰੇਲੜਾ ਏ ।
ਅਲਿਫ਼ ਦਾ ਨੇਜ਼ਾ ਫੁੱਮਣ ਵਾਲਾ
ਤੇ ਇਹ ਅਸਵਾਰ ਰੁਹੇਲੜਾ ਏ ।
ਅਲਿਫ਼ ਤੇ ਹਮਜ਼ੇ ਦੀਆਂ ਗਲ ਵਿਚ ਪਖੀਂ
ਤੇ ਘੱਤੀ ਓ ਯਾਰ ਦੋਬੇਲੜਾ ਏ ।
ਹੈਦਰ ਯਾਰ ਦਾ ਟਾਹਲੀ ਤੇ ਟਾਂਗੂ,
ਤੇ ਵਹਦਤ ਨਾਲ ਦਬੇਲੜਾ ਏ ।੫।

47. ਅਲਿਫ਼-ਇਸ ਕਮਲੀ ਰਮਲੀ ਗੋਲੜੀ ਨੂੰ ਭੀ

ਅਲਿਫ਼-ਇਸ ਕਮਲੀ ਰਮਲੀ ਗੋਲੜੀ ਨੂੰ ਭੀ
ਅਪਣੀ ਕਰ ਕੁਝ ਆਖਣਾ ਈ ।
ਘੱਤ ਕੇ ਪੇਟੀ ਛੋੜ ਨ ਬੁਲਬੁਲ,
ਕਹੋ ਕਹੋ ਪਰ ਕੁਝ ਆਖਣਾ ਈ ।
ਹੱਥ ਵਿੱਚ ਰੱਖ ਪਰ ਹਾਰ ਨਾ ਛੋੜੀਂ,
ਮਰੇ ਨ ਅਰ ਕੁਝ ਆਖਣਾ ਈ ।
ਵਾਹਦਾ ਚਕ ਥੀਂ ਵਤ ਕਿਨ ਵੰਜੇ,
ਬਾਝ ਤੈਂਡੇ ਵਰ ਕੁਝ ਆਖਣਾ ਈ ।
ਜਿੱਥੇ ਗਵਾਲੜਾ ਨਾਲ ਗੈਰ ਦੇ,
ਅਪਣਾ ਕਰ ਕੁਝ ਆਖਣਾ ਈ ।
ਰਹੇ ਜੇ ਹਮੇਸ਼ਾ ਦਰ ਤੇ ਹੀ ਹੈ,
ਵੰਜੇ ਨ ਮੁੜ ਕੁਝ ਆਖਣਾ ਈ ।
ਤੈਂਡੜਾ ਪਕੜਿਆ ਦਰ ਹੈਦਰ ਕਰ ਵਿੱਚ,
ਨ ਤੂੰ ਨਜ਼ਰ ਕੁਝ ਆਖਣਾ ਈ ।੪੧।

48. ਅਲਿਫ਼-ਓਹ ਜੇਹੇ ਇਹ ਤਾਰੇ ਚੰਨ ਨ

ਅਲਿਫ਼-ਓਹ ਜੇਹੇ ਇਹ ਤਾਰੇ ਚੰਨ ਨ
ਸੂਰਜ ਨ ਇਹ ਨੂਰ ਭੀ ਨ ।
ਓਥੇ ਸੂਰਜ ਦਾ ਨੂਰ ਕੁਝ ਨ,
ਉਹਨਾਂ ਗਲੀਆਂ ਦੇ ਰਾਹ ਦੀ ਧੂੜ ਭੀ ਨ ।
ਅਤੇ ਮੈਂ ਜੇਹਾ ਕੋਈ ਕੁੱਤਾ ਭੀ ਨਾਹੀਂ,
ਰਾਫਜ਼ੀ ਸੂਰ ਭੀ ਨ ।
ਹੈਦਰ ਨੂੰ ਜੇ ਚਾ ਨਵਾਜ਼ੇ ਤਾਂ
ਸ਼ਾਹਾਂ ਦੇ ਫਜ਼ਲਾਂ ਥੀਂ ਦੂਰ ਭੀ ਨ ।੪੨।

49. ਅਲਿਫ਼-ਓਸ ਆਤਿਸ਼ ਰੰਗੀ ਥੋਂ ਹੈਰਤ ਏ ਭੈਣਾਂ

ਅਲਿਫ਼-ਓਸ ਆਤਿਸ਼ ਰੰਗੀ ਥੋਂ ਹੈਰਤ ਏ ਭੈਣਾਂ
ਚਾਂਦੀ ਰੋਵੇ ਬਲ ਨ ਪਵੇ ।
ਜਿਥੋਂ ਤੂਰ ਥੀਵੇਗਾ 'ਲਹਨ ਉਲ ਮਨਫੂਸ਼'
ਪਿੱਛੇ ਮਾਹੀ ਦੇ ਜਲ ਨ ਪਵੇ ।
ਧੂਆਂ ਨ ਹੋਵੇ ਕਦੀ ਅੰਬਰ ਤੇ ਕਦੀ
ਕਹਿੰਦਾ ਸ਼ਾਇਦ ਗਲ ਨ ਪਵੇ ।
ਤੋੜੇ ਕਰੇ ਸ਼ਰਾਰਤ ਪਿਪਨੀ ਮੈਂਡੀ
ਜੇ ਨਾਜ਼ਕ ਤੋਂ ਵਲ ਨ ਪਵੇ ।
ਹਿਕ ਚੰਦਨਹਾਰ ਦੀ ਚਾਂਦਨੀ ਫ਼ਾਨੂਸ ਨਾਹੀਂ
ਤਾਂ ਕਿਉਂਕਰ ਗਲ ਨ ਪਵੇ ।
ਏਹੋ ਚੰਦਨਹਾਰ ਨਿਸ਼ਾਨੀ ਤਾਹੀਂ
ਚਾਂਦਨੀ ਦੇ ਨਾਲ ਰਲ ਨ ਪਵੇ ।
ਚਾਂਦਨੀ ਤੇ ਮਹਤਾਬ ਗਲਾਂ ਵਿੱਚ ਹੈਦਰ
ਹਰਗ਼ਿਜ਼ ਗਲ ਨ ਪਵੇ ।੬੦।

50. ਅਲਿਫ਼-ਓਸ ਤੰਗ ਦਹਨ ਕੀਤਾ ਤੰਗ ਮੈਂਡਾ ਦਿਲ

ਅਲਿਫ਼-ਓਸ ਤੰਗ ਦਹਨ ਕੀਤਾ ਤੰਗ ਮੈਂਡਾ ਦਿਲ
ਨਾਲ ਅਦਮ ਦੇ ਭੀ ਹਮਦਮ ਆਹੀਂ ।
ਓਸ ਤੰਗ ਦਹਨ ਕੀਤਾ ਬੇਸਿਰ ਮੈਨੂੰ
ਮਹਜ਼ ਅਦਮ ਕੁਨੋਂ ਭੀ ਕਮ ਆਹੀਂ ।
ਅਜੇ ਅਦਮ ਭੀ ਯਾਦਮ ਏਹੀ
ਮੈਂ ਵਤ ਬੇਸਿਰ ਬੇਦਮ ਆਹੀਂ ।
ਉਹ ਮੂੰਹ ਕਾ'ਬਾ ਬੀਨੀ ਹਤੀਮ ਏ
ਵਿਚ ਰਕੂ ਦੇ ਗਮ ਆਹੀਂ ।
ਵਿਚ ਤਵਾਫ ਦੇ ਖਾਵਾਂ ਵਹੀਰੇ
ਕੱਪਰ ਦੇ ਵਿਚ ਜ਼ਮ-ਜ਼ਮ ਆਹੀਂ ।
ਪਵੇ ਵਹਮ ਦਾ ਅਕਸ ਉਸ ਲਾਲ ਨਗੀਨਾ
ਹਾਲ ਵਜੂਦ ਥੀ ਖਾਤਮ ਆਹੀਂ ।
ਵਹ ਮਿਲਿਆ ਮੱਥੇ ਨੁਕਤਾ ਵਹਮ ਦਾ
ਕਰੇ ਨ ਮੁਜਰਮ ਮੁਜਰਮ ਆਹੀਂ ।
ਅਲੀ ਹੈਦਰ ਹੋਵਾਂ ਮੈਂ ਸੋਨੇ ਦੀ ਬੈਂਸਰ
ਘੋਲ ਘਤੀਵਾਂ ਜਮ ਜਮ ਆਹੀਂ ।੫੯।

51. ਅਲਿਫ਼-ਓਸ ਜ਼ੁਲਫ ਸਿਆਹ ਉੱਤੇ ਲਬਾਂ ਦਾ ਅਕਸ

ਅਲਿਫ਼-ਓਸ ਜ਼ੁਲਫ ਸਿਆਹ ਉੱਤੇ ਲਬਾਂ ਦਾ ਅਕਸ
ਦਿਲ ਅੰਦਰ ਆਰਸੀ ਨੂੰ ।
ਵਹੀ ਇਨਾ ਆਅਤ ਆ' ਅਤਯਨਕ ਵਲ ਕੌਸਰ
ਨਾਲੇ ਕੌਸਰ ਆਰਸੀ ਨੂੰ ।
ਉਹ ਲਬ ਨਾਲ ਤੇ ਮੱਸੀ ਵਾਲਿਆ
ਵੇਖ ਵੇ ਨੀਂਗਰ ਆਰਸੀ ਨੂੰ ।
ਸਰਚਸ਼ਮਾ ਆਬਿਹਿਆਤੀ ਜ਼ੁਲਮਤ ਵਾਲੀ
ਵਾਕਰ ਆਰਸੀ ਨੂੰ ।
ਕਲ ਪਈ ਅੱਖੀਂ ਕਲ ਪੋਸ ਅੱਖੀਂ ਵਿੱਚ
ਗੁੱਡੀਆਂ ਧਰ ਆਰਸੀ ਨੂੰ ।
ਪਲਕ ਨ ਲਗਸ ਖਵਾਬ ਕੇਹਾ ਤੋੜੇ
ਗੋਡਿਆਂ ਨੇ ਧਰ ਆਰਸੀ ਨੂੰ ।
ਜੇ ਗੋਡਿਆਂ ਤੇ ਧਰ ਗੋਡਿਆਂ ਤੇ ਕਰ
ਗੁਲਸ਼ਨ ਪਿੰਜਰ ਆਰਸੀ ਨੂੰ ।
ਮੁੱਠਾਂ ਮੋਹਣੀਆਂ ਘਰ ਆਰਸੀ ਨੂੰ
ਸੋਹਣੇ ਲੈ ਕਰ ਆਰਸੀ ਨੂੰ ।
ਖੁਬਸੂਰਤਾਂ ਆਰਸੀ ਬਾਝ ਨ ਰਹਿੰਦੀਆਂ,
ਵੇਖ ਵੇ ਹੈਦਰ ਆਰਸੀ ਨੂੰ ।੫੦।

52. ਅਲਿਫ਼-ਉਹ ਆਉਂਦਾ ਮੈਂ ਮਨ ਭਾਉਂਦਾ

ਅਲਿਫ਼-ਉਹ ਆਉਂਦਾ ਮੈਂ ਮਨ ਭਾਉਂਦਾ,
ਭੰਨਾ ਕਾਸਿਦ ਦਿਲਬਰ ਯਾਰ ਦਾ ਏ ।
ਜੈਂ ਦੀ ਧੂੜ ਨੂਰ ਅਖੀਂ ਦਾ,
ਸੋ ਬੇਸ਼ਕ ਓਸੇ ਯਾਰ ਦਾ ਏ ।
ਧੂੜ ਕੇਹੀ ਕੋਈ ਮੁਸ਼ਕ ਅਬੀਰੀ,
ਮਾਯਾ ਕਲ ਅਨਵਾਰ ਦਾ ਏ ।
ਸੋ ਬਣ ਰਸੂਲ ਮੁਹੰਮਦ ਬਰ ਹੱਕ,
ਭੇਜਿਆ ਸਿਰਹਣਹਾਰ ਦਾ ਏ ।
ਬੇਲੀ ਆਪਣੇ ਨੂੰ ਕਰ ਕਾਸਿਦ ਭੇਜਣਾ,
ਮਹਜ਼ ਕਰਮ ਦਿਲਦਾਰ ਦਾ ਏ ।
ਭੈਣਾਂ ਪੁਛਿਆ ਮੈਂ ਉਸ ਕਾਸਿਦ ਕੋਲੋਂ,
ਜੋ ਮਹਰਮ ਸਭ ਅਸਰਾਰ ਦਾ ਏ ।
ਵੇਖਾਂ ਕਿਹੜੀ ਚੀਜ਼ ਅਜਾਇਬ ਤੁਹਫਾ,
ਜੋ ਲਾਇਕ ਦਰਬਾਰ ਦਾ ਏ ।
ਹੈਦਰ ਆਖਿਆ ਕਾਸਿਦ ਓਥੇ,
ਬਹੁਤ ਪਿਆਰ ਪਿਆਰ ਦਾ ਏ ।੪।

53. ਅਲਿਫ਼-ਉਹ ਬੇਰੰਗ ਰੰਗ ਕਰੇ

ਅਲਿਫ਼-ਉਹ ਬੇਰੰਗ ਰੰਗ ਕਰੇ
ਵਿੱਚ ਓਹਨਾਂ ਸੂਹੇ ਸਾਲੂ ਵਾਲੀਆਂ ਦੇ ।
ਵਿੱਚ ਹਾਰ ਸਿੰਗਾਰਿਆਂ ਸੋਹਣਿਆਂ ਦੇ
ਰੌਸ਼ਨ ਸੁਬ੍ਹਾ ਮਿਸਾਲੀਆਂ ਦੇ ।
ਜਿਵੇਂ ਨਸ਼ਾ ਸ਼ਰਾਬ ਦਾ ਰੰਗ ਕਰੇ
ਵਿੱਚ ਉਹਨਾਂ ਅੱਖੀ ਮਤਵਾਲੀਆਂ ਦੇ ।
ਜਿਵੇਂ ਮਾਂ 'ਨੀ ਤੈਂਡੇ ਨੇ ਹੱਥ ਰੰਗੇ
ਨਾਲ ਤੈਂ ਤਾਲੀਆਂ ਦੇ ।
ਜਿਵੇਂ ਹਰ ਜਿੰਦ ਦਰਕਦਾਈ ਖੰਜਰ
ਵਿੱਚ ਰੰਗਾ ਰੰਗ ਵਿਖਾਲੀਆਂ ਦੇ ।
ਵੇਖ ਤੰਬੂ ਕਨਾਤਾਂ ਬੇਰੰਗ ਹੈਦਰ
ਵਿੱਚ ਸਫੈਦੀਆਂ ਲਾਲੀਆਂ ਦੇ ।੬੧।

54. ਅਲਿਫ਼-ਉਹ ਬੇਰੰਗ ਉਸ ਰੰਗ ਸੂਹੇ ਨੂੰ

ਅਲਿਫ਼-ਉਹ ਬੇਰੰਗ ਉਸ ਰੰਗ ਸੂਹੇ ਨੂੰ,
ਬੇਰੰਗ ਦੇ ਰੰਗ ਰੰਗਾਵੰਦਾ ਈ ।
ਜੇ ਵੱਤ ਰੰਗ ਦਾ ਰੰਗ ਭੀ ਹੋਵੇ,
ਤਸਲਸੁਲ ਲਾਜ਼ਮ ਆਵੰਦਾ ਈ ।
ਜੇ ਵੱਤ ਹੋਵੇ ਤਸਲਸੁਲ ਓਹੋ,
ਬੇ ਹੱਦ ਹੁਸਨ ਵਿਖਾਵੰਦਾ ਈ ।
ਬੇ-ਰੰਗ ਹੈਦਰ ਜ਼ਾਹਰ ਏਹੀ,
ਪਰਦੇ ਥੋਂ ਰੰਗ ਛੁਪਾਵੰਦਾ ਈ ।੨੪।

55. ਅਲਿਫ਼-ਉਹ ਭਰ ਭਰ ਭਾਹ ਜਿਉਂ ਬੇਰੰਗ ਭੜਕੇ

ਅਲਿਫ਼-ਉਹ ਭਰ ਭਰ ਭਾਹ ਜਿਉਂ ਬੇਰੰਗ ਭੜਕੇ,
ਸੰਗ ਭੀ ਸ਼ੋਰ ਥੋਂ ਸੰਗਦਾ ਏ ।
ਇਹ ਭਾਹ ਭੀ ਥਰ ਥਰ ਕੰਬਦਾ ਈ,
ਹੋਵੇ ਸ਼ੁ'ਲਾ ਜ਼ਬਾਨ ਖੈਰ ਮੰਗਦਾ ਏ ।
ਜਲਵਾ ਪਵੇ ਵਿੱਚ ਭਾਹ ਸਮੁੰਦਰ
ਭਾਹ ਜਨਾ ਜਲ ਗੰਗ ਦਾ ਏ ।
ਪਰ ਖਾਮ ਸਮੁੰਦਰ ਸੋਜ਼ ਥੋਂ ਸੰਗੇ,
ਮਰਦ ਨ ਮੌਤ ਤੋਂ ਸੰਗਦਾ ਏ ।
ਐਥੇ ਖਵਾਜਾ ਸਰ ਸਮੁੰਦਰ ਏਹੀ,
ਆਤਿਸ਼-ਖ਼ਾਨਾ ਪਤੰਗ ਦਾ ਏ ।
ਐਵੇਂ ਕੂੜ ਸਮੁੰਦਰ ਆਖੇ 'ਅਨਾ ਅਨਾਰ'
ਹੱਕ ਪਤੰਗ ਦੇ ਅੰਗ ਦਾ ਏ ।
ਵਤ ਖਾਲ ਤੇ ਖਤ ਕਟਕ ਕੇਹਾ,
ਜੇ ਯਾਰ ਸਾਮਾਨ ਨ ਜੰਗ ਦਾ ਏ ।
ਹਾਇ ਹਾਇ ਸਾੜਿਆ ਰੰਗ ਨੂੰ,
ਬੇਰੰਗ ਤਾਂ ਭੀ ਕਾਲੜਾ ਦਾਰੂ ਤੁਫੰਗ ਦਾ ਏ ।
ਵੇਖੋ ਹੱਥੀਂ ਕਰੀਮ ਦੇ ਪੌਂਦ ਕਿਦਾਂ,
ਉਹ ਸੋਨਾ ਜੋ ਹੱਥਾਂ ਦੀ ਵੰਗ ਦਾ ਏ ।
ਵੇਖੇ ਪਿੱਛੇ ਲਾਲਾਂ ਦੇ ਸੰਗ ਉਹ ਵੰਗ ਭੀ,
ਹੋਰ ਕੀ ਆਰਜ਼ ਮੰਗਦਾ ਏ ।
ਓਸ ਬੇਰੰਗ ਭਾਹ ਦਾ ਘੁੰਗਟ
ਜਲ ਸਿਆਹ ਥੀਵੇ ਤੋੜੇ ਸੰਗਦਾ ਏ ।
ਹੈਦਰ ਦੇਵੇ ਸਾਹ ਤਾਂ ਉਹੋ ਦੇਵੇ,
ਸਾਹ ਜੋ ਘੁੰਗਟ ਅੰਗਦਾ ਏ ।੩੯।

56. ਅਲਿਫ਼-ਉਹ ਦਰਿਆ ਜੇ ਤਰੋੜੇ ਬਣੀਆਂ

ਅਲਿਫ਼-ਉਹ ਦਰਿਆ ਜੇ ਤਰੋੜੇ ਬਣੀਆਂ,
ਮਹੇ ਸ਼ੀਸ਼ੇ ਕਰ ਕਰ ਕੌਣ ਪੁੱਛੇ ।
ਓਥੇ ਕਰ ਕਰ ਕਰ ਕਰ ਹੱਕਾ ਪੱਥਰ,
ਮਾਰੇ ਕਿਉਂਕਰ ਕੌਣ ਪੁੱਛੇ ।
ਓਥੇ ਓਹੀ ਨੇ ਸ਼ੀਸ਼ੇ ਤੇ ਓਹੀ ਨੇ ਪੱਥਰ ਮਾਰਦਾ,
ਬਰਸਰ ਕੌਣ ਪੁੱਛੇ ।
ਓਥੇ ਕਰ ਕਰ ਕਰ ਕਰ ਸੁਣੀਏ ਨਾਹੀਂ ਕਰ ਕੁਨ,
ਕੱਪਰ ਕੌਣ ਪੁੱਛੇ ।
ਓਥੇ ਠਾਠੀਂ ਬਾਜ਼ੂ ਤੇ ਸਰੀਆਂ ਪਾਣੀ,
ਲਹਰ ਦੀ ਧਰ ਧਰ ਕੌਣ ਪੁੱਛੇ ।
ਓਥੇ ਦਰਿਆ ਦਾ ਪੈਰ ਤਿਲਕੇ ਲਹਰ ਕੰਬਦਾ,
ਥਰ ਥਰ ਕੌਣ ਪੁੱਛੇ ।
ਕਈ ਸੰਗ ਦਿਲੀਂ ਓਥੇ ਰੋ ਰੋ ਲਹਰਦੇ,
ਮੈਂਡੇ ਮੈਂਡ ਮੁੜ ਮੁੜ ਕੌਣ ਪੁੱਛੇ ।
ਇਹ ਬੈਤ ਮੁਕਰਰ ਨਾਹੀਂ ਮੁਕਰਰ
ਇਹੀ ਮੁਕਰਰ ਕੌਣ ਪੁੱਛੇ ।
ਹੈਦਰ ਸੁਣਿਆ ਕਿਨ ਕਹਿਆਂ ਓਥੇ,
ਪਾਣੀ ਫੜ ਫੜ ਕੌਣ ਪੁੱਛੇ ।੪੦।

57. ਅਲਿਫ਼-ਉਹ ਹਾਰ ਸਿੰਗਾਰ ਜੋ ਭਾਣਾ ਯਾਰ ਨ ਕੀਤਾ

ਅਲਿਫ਼-ਉਹ ਹਾਰ ਸਿੰਗਾਰ ਜੋ ਭਾਣਾ ਯਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।
ਵੇਖ ਕੱਜਲ ਦੀ ਧਾਰ ਧਾਰ ਦੇ ਯਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।
ਅਸਾਂ ਕੀਤਾ ਡਰਦਿਆਂ ਮੂਲ ਸ਼ਿਕਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।
ਡੰਗੇ ਜ਼ੁਲਫ ਸਿਆਹ ਮਾਰ ਦੇ ਧਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।
ਕੋਲੋ ਕੋਲ ਤਮਾਸ਼ਾ ਬਾਗ਼ ਬਹਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।
ਹੈਦਰ ਚੋਲਾ ਪਾੜ ਲੰਗਾਰ ਨ ਕੀਤਾ,
ਅਸਾਂ ਕਿਆ ਕੀਤਾ ਅਸਾਂ ।੩੪।

58. ਅਲਿਫ਼-ਉਹ ਜਲਵਾ ਬੇਰੰਗ ਕਿਸੇ ਦਿਲੀਂ

ਅਲਿਫ਼-ਉਹ ਜਲਵਾ ਬੇਰੰਗ ਕਿਸੇ ਦਿਲੀਂ
ਇਹ ਰੰਗ ਤੇਰਾ ਮਾਸ਼ੂਕ ਨਹੀਂ ।
ਇਹ ਕਾਕੁਲ ਹਰਫ ਨਵੇਂ ਨੇ
ਸਬ ਕਲਾਮ ਖੁਦਾ ਮਖ਼ਲੂਕ ਨਹੀਂ ।
ਇਹ ਕਰਨ ਦਲਾਲਤ ਓਸੇ
ਉਹ ਹਕ ਕੁਨੋਂ ਮਫਰੂਕ ਨਹੀਂ ।
ਉਹ ਮੋਤੀ ਹਾਰ ਸਿੰਗਾਰ ਸਜਣ ਦਾ
ਅੰਦਰ ਓਸ ਸੰਦੂਕ ਨਹੀਂ ।
ਉਹ ਬਰਕ ਫਲਕ ਤੇ ਲਸ਼ਕਰ ਚਮਕੇ
ਆਤਿਸ਼ ਵਿਚ ਬੰਦੂਕ ਨਹੀਂ ।
ਪਰ ਇਹ ਭੀ ਬਰਕ-ਅੰਦਾਜ਼ ਅੱਖੀਂ ਦੇ
ਤੋੜੇ ਇਹ ਮਬਰੂਕ ਨਹੀਂ ।
ਇਹ ਭੀ ਹਾਫਿਜ਼ ਕਾਰੀ ਨੇ ਹੈਦਰ,
ਤੋੜੇ ਉਹ ਮਨਤੂਕ ਨਹੀਂ ।੫੮।

59. ਅਲਿਫ਼-ਉਹ ਕੀਚਨ ਧਿਆਨ ਕੀਚਨੀਆਂ

ਅਲਿਫ਼-ਉਹ ਕੀਚਨ ਧਿਆਨ ਕੀਚਨੀਆਂ
ਅਰਬੇਲੀਆਂ ਫਨੀਆਂ ਕੰਨ ਚੁਨੀਆਂ ।
ਨਾਲ ਬੇਤਾਲ ਖਿਆਲਾਂ ਤੇ,
ਕਦੀ ਅਖੀਂ ਨ ਡਿੱਠੀਆਂ ਕੰਨ ਸੁਣੀਆਂ ।
ਓਨ੍ਹਾਂ ਲਾਲ ਲਬਾਂ ਦੀਆਂ ਗਾਲੀਆਂ
ਮੈਨੂੰ ਲਾਲੜੀਆਂ ਯਾ ਕੰਨ ਚੁਨੀਆਂ ।
ਨਾ ਥੀਆ ਨਾ ਨਥੀਆਂ ਘੁੰਗਰੂ ਪਾਵਨ
ਤੇ ਛਣ ਛਣ ਕੰਨ ਚੁਨੀਆਂ ।
ਇਨ੍ਹਾਂ ਛੁਣ ਛੁਣਿਆਂ ਕੀਤੀ ਛਾਣਨੀਆਂ,
ਦਿਲ ਛੱਡੀਆਂ ਨੇ ਕੁਝ ਅਨਛਣੀਆਂ ।
ਨਹੀਂ ਸਲਾਮਤ ਤੈਂਡੀ ਇੱਜ਼ਤ ਜੇਹੀਆਂ,
ਨਾਲ ਅਸਾਲਤ ਕੰਚਨੀਆਂ ।
ਮੈਨੂੰ ਖਾਰੇ ਦਾ ਨਿੱਤ ਅਵਾਜ਼ ਪਵੇ,
ਮੈਂ ਦੇਵਣ ਕਿਆ ਨਿਤ ਭੋਛਣੀਆਂ ।
ਪਰ ਨਾਲ ਕਰਮ ਜੇ ਫ਼ਜ਼ਲ ਕਰੇ ਹਕ,
ਖੋਲ ਸਵੇਂ ਗਲ ਹਨ ਤਣੀਆਂ ।
ਪਰ ਹੈਦਰ ਪੀਰ ਜਵਾਨ ਅਸਾਲਤ,
ਮੁਸ਼ਕਲ ਗੱਲੀਂ ਇਹ ਬਣੀਆਂ ।੩੨।

60. ਅਲਿਫ਼-ਉਹ ਮੈਥੋਂ ਭੀ ਨੇੜੇ ਵੱਸੇ ਨੀ ਭੈਣਾਂ

ਅਲਿਫ਼-ਉਹ ਮੈਥੋਂ ਭੀ ਨੇੜੇ ਵੱਸੇ ਨੀ ਭੈਣਾਂ,
ਪਿੱਟੀਆਂ ਅੱਖੀਆਂ ਪਿੱਟੀਆਂ ਮੈਂ ।
ਹਾਇ ਹਾਇ ਅੱਖੀਂ ਨਹੀਂ, ਪਰ ਵੇਖਣ ਦੀ ਸਿੱਕ
ਪੱਟੀਆਂ ਮੈਂ ਅੱਖੀਆਂ ਪੱਟੀਆਂ ਮੈਂ ।
ਓਥੇ ਯੂਸਫ ਆਹਾ ਸੁਫਨੇ ਵਿੱਚ,
ਪੱਟੀਆਂ ਮੈਂ ਅੱਖੀਂ ਪੱਟੀਆਂ ਮੈਂ ।
ਲਿਖੀ ਸੂਰਤ ਡਿੱਠੀ ਸੋਹਣੀ ਮੈਂ,
ਜੇ ਪੱਟੀਆਂ ਮੈਂ ਅੱਖੀਆਂ ਪੱਟੀਆਂ ਮੈਂ ।
ਲੋਟ ਪੋਟ ਹੋਈਆਂ ਅੱਖੀਂ ਨਾਲ ਅੱਖੀਂ ਦੇ,
ਪੱਟੀਆਂ ਮੈਂ ਅੱਖੀਆਂ ਪੱਟੀਆਂ ਮੈਂ ।
ਕੂਰ ਕੂਰ ਕਰੇਂ ਮੈਨੂੰ ਕੋਈ ਨਾ ਕਰੇ,
ਜੇ ਵੱਤ ਪੱਟੀਆਂ ਮੈਂ ਅੱਖੀਂ ਪੱਟੀਆਂ ਮੈਂ ।
ਲੱਗਾ ਦਿਲ ਵਿੱਚ ਹੈਦਰ ਤੀਰ ਨਿਗਾਹ ਦਾ,
ਪੱਟੀਆਂ ਮੈਂ ਅੱਖੀਂ ਪੱਟੀਆਂ ਮੈਂ ।੨੭।

61. ਅਲਿਫ਼-ਉਹ ਮਿੱਠੜਾ ਹਾਸੜਾ ਸਾਦਾ ਭੀ ਨ

ਅਲਿਫ਼-ਉਹ ਮਿੱਠੜਾ ਹਾਸੜਾ ਸਾਦਾ ਭੀ ਨ,
ਅਕਸ ਉਸ ਪਾਕ ਦੀ ਜ਼ਾਤ ਦਾ ਏ ।
ਮਿੱਠੀ ਗਾਹਲ ਉਸ ਲਾਲ ਖਾਮੋਸ਼ੀ ਦੀ ਭੀ,
ਅਕਸ ਉਸ ਬਾਤ ਨਬਾਤ ਦਾ ਏ ।
ਉਹ ਛਮ ਛਮ ਨੂਰ ਜੋ ਵਿੱਚ ਝਰੋਕੇ,
ਨੈਣਾਂ ਦੇ ਸ਼ਾਹ ਦੀ ਝਾਤ ਦਾ ਏ ।
ਮੈਨੂੰ ਹੈਦਰ ਸ਼ਾਹ ਰੁਖ ਕੀਤਾ,
ਜ਼ਿਕਰ ਮਮਾਤ ਹਿਆਤ ਦਾ ਏ ।੪੫।

62. ਅਲਿਫ਼-ਉਹਨਾਂ ਨੈਣਾਂ ਵਿਚ ਨਿਗਾਹ ਕਚਹਰੀ

ਅਲਿਫ਼-ਉਹਨਾਂ ਨੈਣਾਂ ਵਿਚ ਨਿਗਾਹ ਕਚਹਰੀ,
ਲਾਈ ਨ ਦਿਸੇ ਦਿਸਦਿਆਂ ।
ਕਰੇ ਅਦਾਲਤ ਸੱਥ ਚੁਕਾਈ,
ਲਾਈ ਨ ਦਿਸੇ ਦਿਸਦਿਆਂ ।
ਚੋਬਾਂ ਪਲਕਾਂ ਖੜੇ ਪਿਆਦੇ,
ਚਾਈ ਨ ਦਿਸੇ ਦਿਸਦਿਆਂ ।
ਜੱਗ ਵਿੱਚ ਹੈਦਰ ਜ਼ਾਤ ਖੁਦਾਈ,
ਆਈ ਨ ਦਿਸੇ ਦਿਸਦਿਆਂ ।੪੪

63. ਅਲਿਫ਼-ਉਹਨਾਂ ਸੋਹਣਿਆਂ ਦੇ ਗੁਲ ਰੰਗਾਂ ਕੋਲੋਂ

ਅਲਿਫ਼-ਉਹਨਾਂ ਸੋਹਣਿਆਂ ਦੇ ਗੁਲ ਰੰਗਾਂ ਕੋਲੋਂ,
ਸਾਨੂੰ ਬੇਰੰਗ ਦੀ ਬੂ ਆਵੰਦੀ ਏ ।
ਏਹਾ ਬੇ-ਰੰਗ ਦੀ ਬੂ ਘੁੰਗਟ ਕਰ,
ਗੁਲਬਰਗ ਧਰੂੰ ਹੂ ਆਵੰਦੀ ਏ ।
ਜੋ ਸ਼ਬਨਮ ਬੇ-ਰੰਗ ਲਹੰਦੀ ਰੰਗ,
ਜੋ ਗੁਲਸ਼ਨ ਦੇ ਰੂ ਆਵੰਦੀ ਏ ।
ਵੰਜੋ ਸਈਦਾਂ ਦੇ ਵਿੱਚ ਸੀਨੇ ਕਲਦੇ
ਜੇ ਮਹਿੰਦੀ ਨੂੰ ਬੂ ਆਵੰਦੀ ਏ ।
ਵੰਜਾਂ ਕੇਹੀ ਫੁੱਲਾਂ ਦੀ ਸੇਜ ਉਤੋਂ,
ਜਿਵੇਂ ਕੰਤ ਕੁਨੋਂ ਜੂ ਆਵੰਦੀ ਏ ।
ਹੈਦਰ ਸੋਹਣੀਆਂ ਪਾਸ ਰਨ ਦਿੱਤੇ,
ਧੂੜ ਧੂੜ ਮਹੀਂ ਸੂ ਆਵੰਦੀ ਏ ।੪੬

64. ਅਲਿਫ਼-ਉਹਨਾਂ ਸੋਹਣਿਆਂ ਖੂਬਸੂਰਤਾਂ ਅੰਦਰ

ਅਲਿਫ਼-ਉਹਨਾਂ ਸੋਹਣਿਆਂ ਖੂਬਸੂਰਤਾਂ ਅੰਦਰ,
ਜਲਵਾ ਭੀ ਮੈਂਡੇ ਯਾਰ ਦਾ ਏ ।
ਇਹ ਗੁਲ ਗੁਲ ਰੰਗ ਰੰਗਾ ਚਮਨ ਦਾ ਭੀ,
ਹੁਸਨ ਬਸੰਤ ਬਹਾਰ ਦਾ ਏ ।
ਉਹਨਾਂ ਮੂਰਤਾਂ ਸੰਗੀਂ ਦੇ ਵਿੱਚ,
ਲਾਲ ਦਾ ਰੰਗ ਸਵਾਰਦਾ ਏ ।
ਇਹ ਤਾਲ ਬੇਤਾਲ ਇਹਨਾਂ ਕੰਚਨੀਆਂ ਦਾ,
ਨਚਾਉ ਵਡੇ ਹੰਕਾਰ ਦਾ ਏ ।
ਇਹ ਥਈਆ ਥਈਆ ਛਣ ਛਣ ਭੀ,
ਘੁੰਗਰੂ ਦੀ ਛਣਕਾਰ ਦਾ ਏ ।
ਇਸ ਦਾਮ ਦਿਰਮ ਦੀ ਛਣਕ ਛਣਕ ਜੋ,
ਦਾਨ ਇਸ ਦੇਵਣ ਹਾਰ ਦਾ ਏ ।
ਉਸ ਦਾਨੇ ਦਾਨਾ ਜੇਹੇ ਬਹਾਰ ਦੇ ਅੰਦਰ,
ਆਤਿਸ਼ ਦੀ ਭੜਕਾਰ ਦਾ ਏ ।
ਜੇ ਮਨਸੂਰ ਅਨਲਹਕ ਆਖਿਆ,
ਜਾਨਸ਼ੀਨ ਸਰਦਾਰ ਦਾ ਏ ।
ਜਿਸ ਕਪੀ ਏ ਸ਼ਹਰਗ ਅਪਣੀ,
ਸੋਈ ਵਾਕਫ਼ ਉਸ ਗੁਫਤਾਰ ਦਾ ਏ ।
ਜਿਹੜਾ ਮਹਰਮ ਥੀਆ ਵਿੱਚ ਕੁਰਬ ਦਰੀਦ ਦੇ,
ਮਹਰਮ ਅਸਰਾਰ ਦਾ ਏ ।
ਉਹ ਬੇਲੀ ਬੇਲੇ ਥੋਂ ਬਾਹਰ ਨ ਪਰ,
ਬੇਲਾ ਧੁੰਦੂਕਾਰ ਦਾ ਏ ।
ਜਿਹੜਾ ਬੇਲੀ ਦੇ ਨਾਲ ਬੇਲੀ ਹੋਵੇ,
ਸੋ ਅਪਣੀ ਜ਼ਾਤ ਇਨਕਾਰ ਦਾ ਏ ।
ਬੇਲਾ ਭੀ ਅਤੇ ਬੇਲੀ ਬੇਲੀ,
ਹੀਰ ਦੇ ਕਹਣੇ ਸਾਰਦਾ ਏ ।
ਹੈਦਰ ਮਹੀਂ ਦਾ ਕੱਢ ਸਿੰਗ ਅਨਾ,
ਮਾਹੀ ਖੁੰਡੀ ਸਾਰ ਦਾ ਏ ।੩੬।

65. ਅਲਿਫ਼-ਉਹਨਾਂ ਸੋਹਣਿਆਂ ਵਿੱਚ ਜਲਵਾਨੁਮਾ

ਅਲਿਫ਼-ਉਹਨਾਂ ਸੋਹਣਿਆਂ ਵਿੱਚ ਜਲਵਾਨੁਮਾ
ਭੀ ਬੇਰੰਗ ਖੂਬੀ ਯਾਰ ਦੀ ਏ ।
ਬੇਰੰਗ ਹੋਇਆ ਜੇ ਚਾਂਦਨੀ ਅੰਦਰ
ਜ਼ਾਹਰ ਵਾਂਗ ਦੀਵਾਰ ਦੀ ਏ ।
ਦਸੇ ਉਤੇ ਗਲ ਪਵੇ ਨਹੀਂ
'ਲਾਇਯਦਰਕਅਲਅਬਸਾਰ' ਦੀ ਏ ।
ਨਾਹੀਂ ਤਾਂ ਬਿਨ ਜੌਹਰ ਅਰਜ਼ ਨੂੰ
ਕਿਉਂਕਰ ਤਰਾ' ਕਰਾਰ ਦੀ ਏ ।
ਚਮਕੇ ਹਵਾ ਮਹਤਾਬ ਕੁਨੋਂ ਗੁਲ ਪਵੇ
ਗੱਲ ਅਸਰਾਰ ਦੀ ਏ ।
ਤਾਕਚਾ ਬਜ਼ਮ ਸ਼ੀਸ਼ਾ ਹੋਇਆ
ਦੀਵਾਰ ਉਸ ਦਿਲਦਾਰ ਦੀ ਏ ।
ਹਰ ਖੁਬਸੂਰਤ ਨਾਰ ਨੂੰ ਖੂਬੀ
'ਲੋ ਲਮ ਤਮਸਾ' ਨਾਰ ਦੀ ਏ ।
ਨੂਰਨ ਅਲਾ ਨੂਰ ਕਰੇ ਤਮਾਸ਼ਾ
ਮਜ਼ਹਰ ਸਿਰਜਨਹਾਰ ਦੀ ਏ ।
ਉਹ ਆਪ ਸੂਰਜ ਹੈਦਰ ਬਹੁਤ ਬੁਲੰਦ
ਇਹ ਗੱਲ ਤਾਂ ਦੋ ਚਮਕਾਰ ਦੀ ਏ ।੬੩।

66. ਅਲਿਫ਼-ਉਹੋ ਸੂਰਜ ਜਗਮਗ ਚਮਕੇ

ਅਲਿਫ਼-ਉਹੋ ਸੂਰਜ ਜਗਮਗ ਚਮਕੇ
ਪਰ ਨ ਦਿੱਸੇ ਅੱਖੀਂ ਬੇਕਾਰੀਆਂ ਥੋਂ ।
ਬੰਦ ਰਹਾਂ ਵਿੱਚ ਹੈਰਤ ਦੇ
ਖੁਬਸੂਰਤਾਂ ਹਾਰ ਸਿੰਗਾਰੀਆਂ ਥੋਂ ।
ਇਹੀ ਜ਼ੱਰਾ ਥੀਆ ਕਤਰਾ ਅੱਖੀਂ ਵਿੱਚ
ਕਿਉਂਕਰ ਵੇਖਾਂ ਬਾਰੀਆਂ ਥੋਂ ।
ਓਸ ਮਿਸਰੀ ਦੰਦ ਦੀ ਪੌਂਦੀ ਗਲ
ਉਹਨਾਂ ਲਾਲ ਸ਼ਕਰ ਗੁਫਤਾਰੀਆਂ ਥੋਂ ।
ਜਿਵੇਂ ਨਾਜ਼ ਕਮਾਂਦੀ ਪਵੇ ਗਲ
ਉਹਨਾਂ ਠੁਮਕ ਠੁਮਕ ਰਫਤਾਰੀਆਂ ਥੋਂ ।
ਜਿਵੇਂ ਹੈਦਰ ਜ਼ਖਮਾਂ ਦੇਵਣ ਖਬਰਾਂ,
ਤੇਗਾਂ ਜ਼ੌਹਰਦਾਰੀਆਂ ਥੋਂ ।੫੫।

67. ਅਲਿਫ਼-ਉਹ ਸ਼ਮਾਂ' ਘਰ ਫਰਕਾਏ ਜ਼ਬਾਨ

ਅਲਿਫ਼-ਉਹ ਸ਼ਮਾਂ' ਘਰ ਫਰਕਾਏ ਜ਼ਬਾਨ
ਤੈਂਡੀ ਖੂਬੀ ਕੁਨੋਂ ਮਕਾਲ ਕਰੇ ।
ਅੱਗੇ ਆਖ ਨ ਸਕੇ ਕਹੀਏ
ਬੇਰੰਗ ਦੀ ਕੋਈ ਗਾਲ ਕਰੇ ।
ਪਰਵਾਨੜਾ ਦੇਹਸ ਮੂੰਹ ਤੇ ਝੁੱਲ
ਮਤਾਂ ਕੀਲ-ਓ-ਕਾਲ ਕਰੇ ।
ਮਤਾਂ ਗਰਦਨ ਬਾਰੀ ਸਿਰ
ਜੇ ਮਿਸਲ ਦੀ ਕੋਈ ਮਿਸਾਲ ਕਰੇ ।
ਹੈ ਹੈ ਰੋਵੇ ਕਦੀ ਆਹੀਂ ਕੇਹੀਆਂ
ਉਹ ਜਿਉਂ ਜਿਉਂ ਤੈਂਡਾ ਖਿਆਲ ਕਰੇ ।
ਜੋ ਕੁਝ ਇਸ਼ਕ ਤੁਸਾਡੜੇ ਸ਼ੁ'ਲੜਾ
ਸ਼ਮਾਂ' ਨਿਮਾਨੜੀ ਨਾਲ ਕਰੇ ।
ਸੋਹਣੀ ਨਾਲ ਸੱਸੀ ਸਾਹਿਬਾਂ ਸਹਤੀ
ਤਾਂ ਨਾਲ ਹੀਰ ਸਿਆਲ ਕਰੇ ।
ਉਹ ਗ਼ਮਜ਼ੇ ਦੇ ਤੀਰ ਥੋਂ ਸ਼ਮਾਂ' ਜੋ
ਕੰਬੇ ਤੇ ਕੂਕੇ ਹਾਲ ਵੇ ਹਾਲ ਕਰੇ ।
ਕਦੇ ਕੋਈ ਫਾਨੂਸ ਦਾ ਵਾਟ ਕਰੇ
ਕਦੇ ਪਰ ਪਰਵਾਨੜੇ ਦੀ ਢਾਲ ਕਰੇ ।
ਓਸ ਦਰਾਜ਼ ਦੀ ਗੈਰਤ ਥੋਂ ਦੇਖੋ
ਸ਼ਮਾਂ ਕੀ ਆਖਿਰ ਹਾਲ ਕਰੇ ।
ਲੁੜਕ ਮੇਰੇ ਨਾਲ ਅੰਬਰ ਭੰਨੀ
ਜਾਨਵਰ ਨੂੰ ਧੂੰ ਦਾਲ ਕਰੇ ।
ਹੈ ਹੈ ਸਾਰੀ ਰਾਤ ਪੜ੍ਹੇ ਪਰ ਪਰਵਾਨੜਾ
ਤਨ ਮਨ ਬਾਲ ਮਸਾਲ ਕਰੇ ।
ਵੇਖਾਂ ਕਿਆ ਕੁਝ ਲਗਿਆ ਬਾਲ ਇਆਣੇ
ਹੱਥ ਵਿੱਚ ਦੀਵਾ ਬਾਲ ਕਰੇ ।
ਹੈਦਰ ਹੋ ਪਰਵਾਨੜਾ ਤਾਂ ਯਾਰ ਭੀ
ਤੈਂਡੜੀ ਏਵੇਂ ਸੰਭਾਲ ਕਰੇ ।੫੩।

68. ਅਲਿਫ਼-ਉਹ ਜ਼ੁਲਫਾਂ ਸਿਆਹ ਕਿਉਂ ਹੱਥੋਂ ਦੇਵਾਂ

ਅਲਿਫ਼-ਉਹ ਜ਼ੁਲਫਾਂ ਸਿਆਹ ਕਿਉਂ ਹੱਥੋਂ ਦੇਵਾਂ,
ਨਾ ਜਾਣਾਂ ਕਰਵੈਨੀਆਂ ਨੂੰ ।
ਹਿਕ ਤਿਲ ਛਾਬੜੀ ਛਲੀਆਂ ਦੀ ਵਿੱਚ
ਕਹਿਆ ਸੌਦਾ ਕਰਵੈਨੀਆਂ ਨੂੰ ।
ਐਵੇਂ ਠੱਗ ਲਇਆ ਹੁਣ ਦਿਲ ਦੇ ਜ਼ਾਲਿਮ,
ਕੋਈ ਸੌਦਾ ਕਰਵੈਨੀਆਂ ਨੂੰ ।
ਕਿਉਂ ਦਿਲ ਦਿੱਤਿਆਂ ਓਹਾ ਅਦਾ ਕਰ,
ਜਿਸ ਅਦਾ ਕਰਵੈਨੀਆਂ ਨੂੰ ।
ਪਾਸ ਗੁਲ ਦੇ ਸ਼ਮਾ' ਕਿਉਂ ਫੁਲੇਲਾ,
ਜ਼ੁਲਫ ਜੁਦਾ ਕਰਵੈਨੀਆਂ ਨੂੰ ।
ਵੱਡੇ ਚਰਾਗ ਹੁੰਦੇ ਕੀਤੇ ਛਲੀਆਂ,
ਵੰਨੀ ਵਧਾ ਕਰਵੈਨੀਆਂ ਨੂੰ ।
ਸੜਨ ਸੇ ਪਰਵਾਨੇ ਵੇ
ਅੰਧੇਰ ਵਡਾ ਕਰਵੈਨੀਆਂ ਨੂੰ ।
ਬਹੁੰ ਵੱਣੀਆ ਜ਼ੁਲਫਾਂ ਹੈਦਰ ਅਸਾਂ,
ਜੁਦਾ ਜੁਦਾ ਕਰਵੈਨੀਆਂ ਨੂੰ ।੭।

69. ਅਲਿਫ਼-ਉਸ ਬੇ-ਰੰਗ ਪਾਕ ਦਾ ਰੰਗ

ਅਲਿਫ਼-ਉਸ ਬੇ-ਰੰਗ ਪਾਕ ਦਾ ਰੰਗ
ਇਹਨਾਂ ਖੂਬਸੂਰਤਾਂ ਨੂੰ ਚਮਕਾਵੰਦਾ ਏ ।
ਉਸ ਸੂਰਜ ਦਾ ਨੂਰ ਤਾਈਂ ਇਹਨਾਂ,
ਮਹ-ਪਾਰਿਆਂ ਨੂੰ ਚਮਕਾਵੰਦਾ ਏ ।
ਦੇਵੇ ਤੇਗ ਦੀ ਬੇਰੰਗ ਆਬ ਗੁਲਾਂ ਨੂੰ,
ਰੱਤ ਦੇ ਰੰਗ ਰੰਗਾਵੰਦਾ ਏ ।
ਪਰ ਜਾਣੇ ਨ ਓਸ ਨੂੰ ਵਾਂਗ ਇਹਨਾਂ,
ਕੋਈ ਵਿੱਚ ਖਿਆਲ ਸਮਾਵੰਦਾ ਏ ।
ਕੋਈ ਨਕਸ਼ ਨਹੀਂ ਨੱਕਾਸ਼ ਜੇਹਾ,
ਤੋੜੇ ਆਪਣਾ ਰੰਗ ਬਣਾਵੰਦਾ ਏ ।
ਦੋ ਖਲਿਆਂ ਤਾਂ ਚੀਖ ਖਿਆਲ ਓਥੇ,
ਚਾਵਲ ਦੁੱਧ ਨੂੰ ਲਾਵੰਦਾ ਏ ।
ਯਾ' ਨੀ ਹੈਦਰ ਓਥੋਂ ਆਕਿਲ ਬਣਿਆਂ
ਕੁੱਝ ਹੱਥ ਨ ਆਵੰਦਾ ਏ ।੨੬।

70. ਅਲਿਫ਼-ਉਸ ਚੌਪੜਬਾਜ਼ ਦੇ ਨਾਲ ਅਸਾਂ

ਅਲਿਫ਼-ਉਸ ਚੌਪੜਬਾਜ਼ ਦੇ ਨਾਲ ਅਸਾਂ,
ਬਾਝ ਹਾਰਨ ਦੇ ਕੋਈ ਦਾ ਨਹੀਂ ।
ਬਿਨ ਛੇ ਛੇ ਪੌਨੇ ਸਾਰੀਆਂ ਦੇ,
ਇਸ ਬਾਜ਼ੀ ਦਾ ਹੋਰ ਦਾ ਨਹੀਂ ।
ਇਹ ਲੜਾਈਆਂ ਡਿਠੀਆਂ ਨ ਕਦੀ,
ਮਾਰਿਆਂ ਕੁੱਠਿਆਂ ਘਾ ਨਹੀਂ ।
ਮਾਰੇਂ ਮਾਰ ਜਿਵਾਏਂ ਅਤੇ
ਇਹਨਾਂ ਪਲਕਾਂ ਨੂੰ ਠਹਰਾ ਨਹੀਂ ।
ਦਿਲ ਮਾਰ ਜਿਵਾਏਂ ਵਲ ਇਸ ਤਾਈਂ,
ਮਾਰਨ ਦਾ ਕੋਈ ਸਾਹ ਨਹੀਂ ।
ਉਹ ਪੱਕੀਆਂ ਕੱਚੀਆਂ ਦੇਖੇ ਨਾਹੀਂ,
ਅਲੀ ਹੈਦਰ ਓਥੇ ਬਚਾ ਨਹੀਂ ।੨੩।

71. ਅਲਿਫ਼-ਉਸ ਲਾਲ ਸ਼ਰੀਫ ਨੇ ਮੈਂ ਕੀ ਜਾਣਾਂ

ਅਲਿਫ਼-ਉਸ ਲਾਲ ਸ਼ਰੀਫ ਨੇ ਮੈਂ ਕੀ ਜਾਣਾਂ,
ਖਤ ਕਟਕ ਕਰ ਧਾਵੰਦਾ ਏ ।
ਖਾਤਮ ਲਾਲ ਸੁਲੇਮਾਨ ਵਾਲੀ ਤੇ,
ਉਲਟੇ ਨਕਸ਼ ਲਿਖਾਵੰਦਾ ਏ ।
ਉਹ ਮੁਲਕ ਅਜ਼ੀਮ ਸੁਲੇਮਾਨ ਦਾ,
ਇਹਨਾਂ ਕੀੜਿਆਂ ਤੋਂ ਲਿਤੜਾਵੰਦਾ ਏ ।
ਉਹ ਗਾਲ ਸਫਾ ਤੇ ਖਾਲ ਭੀ ਤੱਕੇ,
ਸੂ ਧੂ ਧੁਮਾਈ ਆਵੰਦਾ ਏ ।
ਖਤ ਨਹੀਂ ਮੈਂ ਭੁਲੀਆਂ,
ਸ਼ਾਇਦ ਅਬਰ ਇਸ ਜ਼ੁਲਫ ਦੀ ਛਾਵੰਦਾ ਏ ।
ਉਹ ਮੁੱਖ ਨੂਰ ਲਬਾਂ ਤੇ ਨੂਰਾ
ਪੈਰੀਂ ਭੀ ਨੇਵਰਾਂ ਪਾਵੰਦਾ ਏ ।
ਚਾਨਣ ਆਵੇ ਆਬ ਕੁਨੋਂ ਇਹ,
ਉਲਟਾ ਨੂਰਾ ਧਾਵੰਦਾ ਏ ।
ਈਦ ਦਾ ਚੰਨ ਦਿਸੀਵੇ ਕਦੀ
ਨੂਰਾ ਪਾਂਵਤ ਨਿੱਤ ਦਿਖਾਵੰਦਾ ਏ ।
ਹੈਦਰ ਨੂਰਾ ਨੂਰ ਸ਼ਰੀਫ ਏ
ਹੁਣ ਰੀ ਨੂਰ ਨਿਵਾਵੰਦਾ ਏ ।੧੪।

72. ਅਲਿਫ਼-ਉਸ ਵੱਟੀਆਂ ਜ਼ੁਲਫਾਂ ਹਲੂ ਹਲੂ

ਅਲਿਫ਼-ਉਸ ਵੱਟੀਆਂ ਜ਼ੁਲਫਾਂ ਹਲੂ ਹਲੂ,
ਅਸਾਂ ਚੰਦ ਡਿਠਾ ਈਦ ਸੁਨੇਵਿਆਂ ਦੇ ।
ਪਈ ਗਲ ਛੱਲੇ ਨੇ ਵਟੀਆਂ ਵੱਟੇ,
ਇਸੇ ਰਾਤ ਈਦ ਦੇ ਦੀਵਿਆਂ ਦੇ ।
ਤੀਰ ਮਾਰਕੇ ਜ਼ਾਲਿਮ ਛਿੱਕ ਨ ਲੈ,
ਦਿਲ ਜਿੰਦ ਨ ਲੈ ਦਿਲ ਜੀਵਿਆਂ ਦੇ ।
ਉਹ ਤਿਲ ਲਾਲ ਸ਼ਕਰਵਾਲਾ ਹੈਦਰ,
ਜਿੰਦ ਇਹ ਹੈ ਸਭ ਮੇਵਿਆਂ ਦੇ ।੧੯।

73. ਅਲਿਫ਼-ਉੱਠ ਸਵਾਣੀ ਤੇ ਘੱਤ ਮਧਾਣੀ

ਅਲਿਫ਼-ਉੱਠ ਸਵਾਣੀ ਤੇ ਘੱਤ ਮਧਾਣੀ,
ਵੇਲਾ ਪਿੱਛਲੀ ਰਾਤ ਦਾ ਈ ।
ਉੱਤੋਂ ਹੋਈ ਧੱਮੀ ਤੇ ਦਹੀਂ ਨ ਜੰਮੀ,
ਰਿੜਕਣਾ ਭੀ ਕਿਸ ਘਾਤ ਦਾ ਈ ।
ਜੁੱਟ ਨ ਟੁੱਟੇ ਤੇ ਦੁਧ ਨ ਵਿੱਟੇ,
ਵੇਲਾ ਵਕਤ ਬਰਾਤ ਦਾ ਈ ।
ਜਿਵੇਂ ਦੁਧ ਥੀਂ ਦਹੀ ਤੇ ਮੱਖਣ ਵੇ ਹੈਦਰ,
ਤਿਵੇਂ ਫਰਕ ਨ ਰੱਬ ਦੀ ਜ਼ਾਤ ਦਾ ਈ ।੯।

74. ਅਲਿਫ਼-ਉੱਠ ਸਵਾਣੀ ਤੇ ਘੱਤ ਮਧਾਣੀ

ਅਲਿਫ਼-ਉੱਠ ਸਵਾਣੀ ਤੇ ਘੱਤ ਮਧਾਣੀ
ਵੇਲਾ ਪਿਛਲੀ ਰਾਤ ਦਾ ਈ ।
ਉਤੋਂ ਹੋ ਗਈ ਧੰਮੀ ਤੇ ਦੁਧ ਨਹੀਂ ਜੰਮੀ
ਰਿੜਕਣਾ ਭੀ ਕਿਸੇ ਘਾਤ ਦਾ ਈ ।
ਜੁੱਟ ਨਾ ਟੁੱਟੇ ਤੇ ਦੁੱਧ ਨ ਵਿੱਟੇ
ਤੇ ਵੇਲਾ ਵਕਤ ਬਰਾਤ ਦਾ ਈ ।
ਜਿਵੇਂ ਦੁੱਧ ਥੀਂ ਦਹੀਂ ਵਤ ਮੱਖਣ ਵੇ ਹੈਦਰ
ਤਿਵੇਂ ਫਰਕ ਨ ਰੱਬੇ ਦੀ ਜ਼ਾਤ ਦਾ ਈ ।੬੬।

ਐਨ

1. ਐਨ-ਅਲਹਦਾ ਮਿੱਸੀ ਦਾ ਰੰਗ

ਐਨ-ਅਲਹਦਾ ਮਿੱਸੀ ਦਾ ਰੰਗ
ਤੇ ਪਾਨਾਂ ਦਾ ਰੰਗ ਅਲਹਦੜਾ ਏ ।
ਸ਼ਾਮ ਸ਼ਫਕ ਦਾ ਰੰਗ ਅਲਹਦਾ
ਤੇ ਤਲਿਆਂ ਦਾ ਰੰਗ ਅਲਹਦੜਾ ਏ ।
ਉਹ ਲਬ ਗਾਹਲੀਆਂ ਦੇਂਦੜੇ ਮੈਨੂੰ
ਇਹਨਾਂ ਦਾ ਰੰਗ ਅਲਹਦੜਾ ਏ ।
ਹੈਦਰ ਲਾਲ ਲਬਾਂ ਦਾ ਸਾਇਲ,
ਤੇ ਖ਼ਾਲ ਪਲੰਗ ਅਲਹਦੜਾ ਏ ।੨।

2. ਐਨ-ਇਲਮ ਦਾ ਪੜ੍ਹਣਾ ਨੇਕ ਬਹੂੰ

ਐਨ-ਇਲਮ ਦਾ ਪੜ੍ਹਣਾ ਨੇਕ ਬਹੂੰ
ਪਰ ਇਸ਼ਕੇ ਦੀ ਬਾਤ ਅਣੋਖੜੀ ਏ ।
ਚੰਨ ਤੇ ਸੂਰਜ ਦੀ ਰੋਸ਼ਣੀ ਬਹੂੰ
ਪਰ ਯਾਰ ਦੀ ਝਾਤ ਅਣੋਖੜੀ ਏ ।
ਸ਼ਬ ਕਦਰ ਦੀ ਰਾਤ ਭੀ ਬਹੂੰ ਚੰਗੀ
ਪਰ ਵਸਲ ਦੀ ਰਾਤ ਅਣੋਖੜੀ ਏ ।
ਮੁਸ਼ਕਲ ਘਾਤਾਂ ਸਭੇ ਓ ਹੈਦਰ
ਪਰ ਬਿਰਹੋਂ ਦੀ ਘਾਤ ਅਣੋਖੜੀ ਏ ।੧।

3. ਐਨ-ਇਲਮ ਮਆਨੀ ਤੇ ਮੰਨਤਕ ਪੜ੍ਹ ਕੇ

ਐਨ-ਇਲਮ ਮਆਨੀ ਤੇ ਮੰਨਤਕ ਪੜ੍ਹ ਕੇ
ਸਿੱਖੀਆਂ ਖ਼ੁਸ਼ ਮਕਾਲੀਆਂ ਨੇ ।
ਅਬਤਰ ਜ਼ੁਲਫ ਨੂੰ ਵੇਖਕੇ ਤੇ
ਸਭੇ ਭੁੱਲੀਆਂ ਗਹਮ ਖਿਆਲੀਆਂ ਨੇ ।
ਜਦ ਪੀਤਾ ਜਾਮ ਮੁਹੱਬਤ ਦਾ ਭੈਣਾਂ
ਤੇਲ ਮੁਤਾਲਾ' ਦੀਆਂ ਪਿਆਲੀਆਂ ਨੇ ।
ਅਲੀਹੈਦਰ ਮਤੱਵਲ ਤੂਲ ਕੁਨੋਂ ਖ਼ੁਸ਼,
ਮਿੱਠੀਆਂ ਯਾਰ ਦੀਆਂ ਗਾਲ੍ਹੀਆਂ ਨੇ ।੩।

ਬੇ

1. ਬੇ-ਬਾਗ ਬਹਿਸ਼ਤ ਭੀ ਤੁਝ ਬਿਨ ਯਾਰ ਵੇ

ਬੇ-ਬਾਗ ਬਹਿਸ਼ਤ ਭੀ ਤੁਝ ਬਿਨ ਯਾਰ ਵੇ
ਅਸਾਂ ਸੋਹਣਾ ਤੇ ਗੁਲਜ਼ਾਰ ਨਹੀਂ ।
ਸਾਰਿਆਂ ਸੋਜ਼ ਫਿਰਾਕ ਸਤਾਵੇ
ਭਾਹ ਦਾ ਇਹ ਭੜਕਾਰ ਨਹੀਂ ।
ਵਲ ਵਲ ਡੰਗੇ ਸਿਆਹੇ ਮਾਰ ਦੀ
ਸੁਹਣਾਵਤ ਤਾਰ ਨਹੀਂ ।
ਹਰ ਦਿਲ ਦੇ ਵਿੱਚ ਸੋਜ਼ ਦਾ ਕੈਦੀ,
ਦਿਲਾਂ ਦਾ ਕੋਈ ਸ਼ੁਮਾਰ ਨਹੀਂ ।
ਕਰਦੇ ਕੀਤੀ ਏ ਜ਼ੁਲਫ਼ ਦੌਰਾਂ
ਬਾਝ ਸਿਤਮ ਦੀ ਕਾਰ ਨਹੀਂ ।
ਜ਼ੁਲਫ਼ ਸ਼ਰੀਫ ਕਿਆ ਜ਼ਾਲਿਮ ਹੈਦਰ,
ਡਿੱਠਾ ਏਡਾ ਅੰਧਾਰ ਨਹੀਂ ।੯।

2. ਬੇ-ਬਾਹਝ ਤੇਰੇ ਹੋਰ ਕੌਣ ਖੁਦਾਇਆ ਮਾਰੇ

ਬੇ-ਬਾਹਝ ਤੇਰੇ ਹੋਰ ਕੌਣ ਖੁਦਾਇਆ ਮਾਰੇ
ਤੇ ਮਾਰ ਜਿਵਾਏਂ ਤੂੰ ਹੀ ।
ਜਿੱਥੇ ਪਵਣ ਵਹੀਰ ਤੇ ਕੜਕਣ ਕੱਪੜ
ਹੱਥਾਂ ਤੇ ਚਾ ਲੰਘਾਏਂ ਤੂੰ ਹੀ ।
ਜਿੱਥੇ ਪਵੇ ਜਹਾਜ਼ਾਂ ਨੂੰ ਵਾਉ ਮੁਖਾਲਿਫ
ਲੰਗਰ ਘੱਤ ਲਗਾਏਂ ਤੂੰ ਹੀ ।
ਕਰੇਂ ਭਾਹ ਸਮੁੰਦਰ ਸਮੁੰਦਰ ਕਾਰਣ
ਮੱਛੀਆਂ ਵਾਂਗ ਤਰਾਏਂ ਤੂੰ ਹੀ ।
ਜਿੱਥੇ ਰਗ ਤਬੀਬਾਂ ਨੂੰ ਹੱਥ ਨ ਆਵੇ
ਤਾਂ ਰਗਲਾ ਪਛਾਏਂ ਤੂੰ ਹੀ ।
ਜਿੱਥੇ ਆਜਿਜ਼ ਹੋਂਦੇ ਤਬੀਬ ਸਿਆਣੇ
ਤਾਂ ਦਾਰੂਆਂ ਬਾਹਝ ਛੁਡਾਏਂ ਤੂੰ ਹੀ ।
ਜਿੱਥੇ ਆਜਿਜ਼ ਰੋਂਦੜੇ ਨੇ ਰੱਤ ਨਿਰਾਸੇ
ਹੱਸ ਹੱਸ ਯਾਰ ਮਿਲਾਏਂ ਤੂੰ ਹੀ ।
ਜਿੱਥੇ ਧੁੰਦੀ ਗਾਹਰੀ ਖਲੀ ਉੜਾਵੇ
ਓਥੇ ਝਬਰ ਮੀਂਹ ਵਸਾਏਂ ਤੂੰ ਹੀ ।
ਜਿੱਥੇ ਪਵੇ ਵਬਾ ਤੇ ਮੁਸ਼ਕਲ ਜੀਵਣ
ਅਮਨ-ਅਮਾਨ ਰਖਾਏਂ ਤੂੰ ਹੀ ।
ਇਹ ਆਜਿਜ਼ ਬੰਦਾ ਕਿਆ ਕੁੱਝ ਮੰਗੇ
ਸਭ ਕੁੱਝ ਦਏਂ ਦਿਵਾਏਂ ਤੂੰ ਹੀ ।
ਇਹ ਹੈਦਰ ਆਜਿਜ਼ ਹੋ ਮੰਗਣ ਥੋਂ ਭੀ,
ਆਪੇ ਦੇਵੇਂ ਮੰਗਾਏਂ ਤੂੰ ਹੀ ।੧੭।

3. ਬੇ-ਬਹੁਤ ਸ਼ਿਕਾਰ ਦਿਲੀਂ ਦੇ ਜ਼ਾਲਿਮ

ਬੇ-ਬਹੁਤ ਸ਼ਿਕਾਰ ਦਿਲੀਂ ਦੇ ਜ਼ਾਲਿਮ
ਚਾਈ ਵਾਂਗ ਨ ਜਾਵਣਾ ਈ ।
ਫੜਕਦਾ ਛੋੜ ਨ ਵੰਜ ਵੇ ਜ਼ਾਲਿਮ
ਉੱਤਰ ਸਮੁੰਦਰੋਂ ਆਵਣਾ ਈ ।
ਕਰ ਤਕਬੀਰ ਉਸ ਲਕੜੀ ਤੇਰੀ ਨੂੰ
ਪਕੜ ਹੱਥਾਂ ਨਾਲ ਚਾਵਣਾ ਈ ।
ਇਸ ਹੈਦਰ ਗੰਢੜੀ ਅਪਣੀ ਨੂੰ,
ਵਿੱਚ ਕਜਕੇ ਦੇ ਲੜਕਾਵਣਾ ਈ ।੬।

4. ਬੇ-ਬੈਂਸਰ ਝੁਕ ਲਬਾਂ ਤੇ ਆਈ

ਬੇ-ਬੈਂਸਰ ਝੁਕ ਲਬਾਂ ਤੇ ਆਈ
ਆਬਿ-ਹਿਆਤ ਦੇ ਪੀਵਣੇ ਨੂੰ ।
ਯਾ ਵਤ ਚਾਹਿਜ਼ਨਖਦਾਂ ਅੰਦਰ
ਲਟਕ ਸੁਨਹਰੀ ਥੀਵਣੇ ਨੂੰ ।
ਯਾ ਵਤ ਪਏ ਜਲੇਬ ਹੁਸਨ ਦੇ
ਪਏ ਕੜਾਹ ਤਲੀਵਣੇ ਨੂੰ ।
ਅਲੀ ਹੈਦਰ ਮੈਂ ਭੀ ਬੈਂਸਰ ਥੀਵਾਂ,
ਭੱਠ ਘੱਤਾਂ ਏਸ ਜੀਵਣੇ ਨੂੰ ।੨੧।

5. ਬੇ-ਭਾਏ ਨ ਹੁਸਨ ਨੂੰ ਗਿਰਹ ਦਿਲ ਨਿਕਲੇ

ਬੇ-ਭਾਏ ਨ ਹੁਸਨ ਨੂੰ ਗਿਰਹ ਦਿਲ ਨਿਕਲੇ
ਤੇ ਦਿਲ ਕਮ ਨਾਜ਼ ਦਾ ਈ ।
ਕਾਈ ਕਿਸ਼ਤੀ ਨਹੀਂ ਆਜਿਜ਼ਾਂ ਦੇ
ਇਸ ਜੀਵਨ ਨੂੰ ਖੁਮ ਨਾਜ਼ ਦਾ ਈ ।
ਮਾਰੇ ਬਿਜਲੀ ਹਿਕੇ ਦਮ ਕਹੰਦੀ ਮਜਾਲ
ਇਸ ਆਤਿਸ਼ ਨੂੰ ਦਮ ਨਾਜ਼ ਦਾ ਈ ।
ਵਾਅਦਾ ਵਿਸਾਲ ਕਿਆਮਤ ਬਰ ਹੱਕ,
ਹੈਦਰ ਮੈਂ ਗ਼ਮ ਨਾਜ਼ ਦਾ ਈ ।੧੯।

6. ਬੇ-ਭਾਈ ਮੈਂਡੇ ਕੇਹੀਆਂ

ਬੇ-ਭਾਈ ਮੈਂਡੇ ਕੇਹੀਆਂ
ਇਹ ਸੱਪ ਦੀਆਂ ਲੀਕਾਂ ।
ਮੈਨੂੰ ਸ਼ੂਕਦਾ ਤੇ ਸ਼ੇਰ ਆਇਆ
ਊ ਬੂ ਚੀਕਾਂ ।
ਮੈਨੂੰ ਯਾਰ ਝੋਕ ਝੋਕੀ ਕਿਥੋਂ
ਲਿਖੀਆਂ ਇਹ ਲੀਕਾਂ ।
ਮੈਨੂੰ ਬਾਗ ਤੇ ਬਹਾਰਾਂ
ਓ ਬੂਟੜੇ ਛੀਕਾਂ ।
ਪੜ੍ਹਾਂ ਬੇ ਤੇ ਸੇ ਮੈਂ
ਕਿਹੜਿਆਂ ਰਫੀਕਾਂ ।
ਮੈਂਡੇ ਦਰਸ ਦੋਜ਼ੀ ਮਹੀਂ
ਉਹ ਰੰਗ ਤੇ ਕਹੀਕਾਂ ।
ਵੇਖਾਂ ਜ਼ੇਰਾਂ ਜ਼ਬਰਾਂ ਹੈਦਰ,
ਕਿ ਮੈਂ ਯਾਰ ਉਡੀਕਾਂ ।੧੫।

7. ਬੇ-ਭੈਣਾਂ ਆਹੋ ਵੇਖਾਂ ਕਾਈ ਗੱਲ ਕਹੇ

ਬੇ-ਭੈਣਾਂ ਆਹੋ ਵੇਖਾਂ ਕਾਈ ਗੱਲ ਕਹੇ
ਉਸ ਰੁੱਠੜੇ ਯਾਰ ਮਨਾਵਣ ਦੀ ।
ਉਸ ਲਬ ਨਾਲ ਹੰਸਾਵਣ ਦੀ
ਉਸ ਮੱਥੇ ਦੇ ਵਲ ਖੁਲ੍ਹਾਵਣ ਦੀ ।
ਉਸ ਭੜਕੀ ਭਾਹ ਬੁਝਾਵਣ ਦੀ
ਤੇ ਬਿਜਲੀ ਦੇ ਵਾਂਗ ਹਸਾਵਣ ਦੀ ।
ਤੇਗ ਧਰੂ ਮਿਆਨੋਂ ਠੱਗਣ(ਕੱਢਣ) ਦੀ
ਕਿਵੇਂ ਆਈ ਦੇ ਮੂੰਹੋਂ ਬਚਾਵਣ ਦੀ ।
ਸੁੱਤੀ ਸੇਜ ਤੇ ਮੈਂ ਮਤਵਾਲੀ ਭੀ
ਯਾਰ ਮੇਹਰ ਕੀਤੀ ਰਾਤੀਂ ਆਵਣ ਦੀ ।
ਯਾਰ ਵਲ ਵਲ ਸਦਿਆਂ ਨਾਮ ਕਰਮ
ਸੁਣ ਬਾਤ ਕਰੀਂ ਮਨ ਭਾਵਣ ਦੀ ।
ਤੇਰੇ ਭਾਗ ਸੁਹਾਗ ਜਗਾਵਣ ਦੀ
ਤੇ ਖੋਲ੍ਹ ਤਨੀ ਗਲ ਲਾਵਣ ਦੀ ।
ਮੈਂ ਉੱਬੜ੍ਹਵਾਹੇ ਨਚੋਕੀ ਉੱਠੀ
ਤਕਸੀਰ ਭੀ ਚਿਰ ਲਾਵਣ ਦੀ ।
ਹੈਦਰ ਆਖ ਉਸ ਯਾਰ ਦੇ ਬੇਲੀ ਨੂੰ,
ਕਾਈ ਗੱਲ ਕਰੇ ਬਖਸ਼ਾਵਣ ਦੀ ।੭।

8. ਬੇ-ਭੈਣਾਂ ਆਖੋ ਨੀ ਤੁਸੀਂ ਚੂਚਕ ਤਾਈਂ

ਬੇ-ਭੈਣਾਂ ਆਖੋ ਨੀ ਤੁਸੀਂ ਚੂਚਕ ਤਾਈਂ
ਵਾਸਤਾ ਮੌਲਾ ਪਾਕ ਦਾ ਈ ।
ਮੈਂ ਵਤ ਰੰਗੀਆਂ ਬਿਰਹੋਂ ਰਾਂਝਣ ਦੇ
ਖੇੜੇ ਦਾ ਨਾਮ ਕੁਆਕ ਦਾ ਈ ।
ਖੇੜੇ ਦੇ ਨਾਲ ਨਾ ਬਣਦੀ ਏ ਮੇਰੀ
ਰਾਂਝਣ ਲਾਇਕ ਸਾਕ ਦਾ ਈ ।
ਪੈਵੰਦ ਕਾਰਣ ਸਾਕ ਕਚੀਵਣ
ਪੈਵੰਦ ਵਤ ਹੱਕ ਚਾਕ ਦਾ ਈ ।
ਖੇੜੇ ਦਾ ਸਾਕ ਨਾਪਾਕ ਨੀ ਭੈਣਾਂ
ਇਹ ਵਤ ਸਾਕ ਅਰਾਕ ਦਾ ਈ ।
ਤੂੰ ਭੀ ਨਾਉਂ ਖੁਦਾ ਦਾ ਆਖ ਵੇ ਹੈਦਰ,
ਲੈ ਵਤ ਬਾਹਰਾ ਸਾਕ ਦਾ ਈ ।੧੮।

9. ਬੇ-ਭੈਣਾਂ ਹੀਰੇ ਹੀਰੇ ਕਰ ਆਹੋ ਨਹੀਂ

ਬੇ-ਭੈਣਾਂ ਹੀਰੇ ਹੀਰੇ ਕਰ ਆਹੋ ਨਹੀਂ
ਔਰ ਔਰ ਨ ਰਾਂਝਣ ਭਾਵੰਦੀ ਏ ।
ਦੂਰ ਦੂਰ ਭੰਨੀਆਂ ਮੈਂਡੇ ਕੋਲ ਨ ਆਉ
ਯਾਰ ਨੂੰ ਗੈਰਤ ਆਵੰਦੀ ਏ ।
ਭੈਣਾਂ ਵੀਰਾ ਵੀਰਾ ਕਰ ਗਾਵੋ ਤੁਸੀਂ
ਹੀਰ ਬੇਲੀ ਦੇ ਗਾਵੰਦੀ ਏ ।
ਭੈਣਾਂ ਵਾਹਣਾ ਦੇ ਵਿੱਚ ਨਾਹੋ ਤੁਸੀਂ
ਹੀਰ ਕਪੜ ਦੇ ਵਿੱਚ ਨਹਾਵੰਦੀ ਏ ।
ਭੈਣਾਂ ਕੰਢਿਆਂ ਤੇ ਤੁਸੀਂ ਝੁੱਮਰ ਪਾਓ
ਹੀਰ ਲਹਰੇ ਝਨਾਵੰਦੀ ਏ ।
ਛੰਨੇ ਚੂਰੀ ਦੇ ਕੁੱਟ ਖਾਓ ਤੁਸੀਂ
ਹੀਰੇ ਘੁੰਮਰ-ਘੇਰੀ ਖਾਵੰਦੀ ਏ ।
ਬੂਰ ਬੂਰ ਤੇ ਸੋਹਣੀ ਕਰ ਕਰ
ਮਾਹੀ ਨੂੰ ਮਹੀਂ ਮਿਲਾਵੰਦੀ ਏ ।
ਹੀਰ ਆਪਣਾ ਨਾਂ ਵਿਚ ਚਾਹੇ ਹੈਦਰ,
ਆਸ਼ਿਕ ਯਾਰ ਦੇ ਨਾਵੰਦੀ ਏ ।੩।

10. ਬੇ-ਭੈਣਾਂ ਹਿੱਕਾ ਕੀਤੀ ਨਿਗਾਹ ਪਿਆਰੇ

ਬੇ-ਭੈਣਾਂ ਹਿੱਕਾ ਕੀਤੀ ਨਿਗਾਹ ਪਿਆਰੇ
ਵਤ ਮੈਂਡਾ ਦਿਲ ਸਿਕਦਾ ਈ ।
ਓਹਾ ਹਿੱਕਾ ਤੇਗ ਜੋ ਵਾਹੀ ਜ਼ਾਲਿਮ
ਜ਼ਖਮ ਮੈਂਡਾ ਨਿੱਤ ਚਿਕਦਾ ਈ ।
ਕੇਹੀ ਕਾਲੀ ਤੇ ਕੋਝੀ ਡਰਾਵਣੀਆਂ
ਤੇਗ ਬਿਜਲੀ ਵਾਂਗਰ ਨਾ ਫਿਕਦਾ ਈ ।
ਮੈਂਡਾ ਟੱਪ ਸੀਨੜਾ ਭਾਹ ਥੀਆ
ਦਿਲ ਦਾਣਾ ਵਾਂਗਰ ਨ ਟਿਕਦਾ ਈ ।
ਹਿਕਸ ਹੈਦਰ ਮਾਰੀਆਂ ਤਾਰੀਆਂ,
ਮੁਲਕ ਭੀ ਓਸੇ ਹਿੱਕ ਦਾ ਈ ।੧੦।

11. ਬੇ-ਭੈਣਾਂ ਕੁਝ ਨਾ ਚੋਖਾ ਯਾਰ ਬਿਨਾਂ

ਬੇ-ਭੈਣਾਂ ਕੁਝ ਨਾ ਚੋਖਾ ਯਾਰ ਬਿਨਾਂ
ਕੁਝ ਥੀਵਣ ਦਾ ਕੋਈ ਸਾ ਨਹੀਂ ।
ਉਸ ਜੁਗ ਜੁਗ ਜੀਵਨ ਜੋਗੇ ਬਿਨਾਂ
ਇਸ ਜੀਵਣ ਦਾ ਕੋਈ ਸਾ ਨਹੀਂ ।
ਬਿਨ ਸੋਜ਼ਨ ਪਲਕਾਂ ਤ੍ਰਿਖੀਆਂ ਦੇ
ਫੱਟ ਸੀਵਣ ਦਾ ਕੋਈ ਸਾ ਨਹੀਂ ।
ਹੈਦਰ ਯਾਰ ਪਿਆਰੇ ਬਿਨਾਂ
ਮਧ ਪੀਵਣ ਦਾ ਕੋਈ ਸਾ ਨਹੀਂ ।੮।

12. ਬੇ-ਭੈਣਾਂ ਮਾਰੀਆਂ ਮੈਂ ਖੁਦੀ ਯਾਰ ਦੀ ਨੇ

ਬੇ-ਭੈਣਾਂ ਮਾਰੀਆਂ ਮੈਂ ਖੁਦੀ ਯਾਰ ਦੀ ਨੇ
ਵੱਸੇ ਹਿਕ ਵੇਹੜੇ ਵਲ ਵੇਖੇ ਨਹੀਂ ।
ਮੈਂ ਆਰਸੀਆਂ ਹੱਥ ਯਾਰ ਦੇ
ਵੇਖੇ ਆਪ ਨੂੰ ਮੈਂ ਵਲ ਵੇਖੇ ਨਹੀਂ ।
ਵੇਖੇ ਅਪਣਾ ਬਾਗ ਬਹਾਰ
ਅਸਾਂ ਵਲ ਵੇਖਦਾ ਭੁੱਲ ਵਲ ਵੇਖੇ ਨਹੀਂ ।
ਜਿਵੇਂ ਮੁਕੀ ਅੱਖੀਂ ਦੇ ਮਾਰੇ ਦਿਲ ਵਿੱਚ
ਅੱਖੀਆਂ ਨੂੰ ਭੁੱਲ ਵਲ ਵੇਖੇ ਨਹੀਂ ।
ਮੈਂਡੇ ਅੰਦਰ ਬਾਹਰ ਓਹੋ ਓਹੋ
ਚਸ਼ਮ ਉਹੀ ਮੈਂ ਵਲ ਵੇਖੇ ਨਹੀਂ ।
ਕਿਥੋਂ ਸੁਣੀਵੇ ਕੂਕ ਆਰਸੀ ਦੀ,
ਜੇਹੜਾ ਤੇਰਾ ਨਿਗਾਹ ਝੱਲ ਵੇਖੇ ਨਹੀਂ ।
ਮੱਥੇ ਤੇ ਵਲ ਪਾਇਓ ਸੂ ਹੈਦਰ,
ਮੈਂ ਵਲ ਭੀ ਕਲ ਵੇਖੇ ਨਹੀਂ ।੧।

13. ਬੇ-ਭੈਣਾਂ ਨਾਜ਼ ਸੱਜਣ ਦੇ ਮਾਰੀਆਂ ਮੈਂ

ਬੇ-ਭੈਣਾਂ ਨਾਜ਼ ਸੱਜਣ ਦੇ ਮਾਰੀਆਂ ਮੈਂ
ਕੋਈ ਗੱਲ ਕਰੇਂ ਲਾਉਬਾਲੀਆਂ ਦੀ ।
ਭੈਣਾਂ ਨਾਜ਼ ਸਜਣ ਦੇ ਮਾਰੀਆਂ ਮੈਂ
ਕੀ ਗੱਲ ਕਰੇਂ ਭਾਹੀਂ ਬਾਲੀਆਂ ਦੀ ।
ਭੈਣਾਂ ਪੁੱਛੇ ਨਾ ਵਾਤ ਸਿਆਲੀਂ ਦੀ
ਇਹਨਾਂ ਸੂਹੇ ਸਾਲੂ ਵਾਲੀਆਂ ਦੀ ।
ਇਹਨਾਂ ਜ਼ੁਲਫਾਂ ਕਾਲੀਆਂ ਕਾਲੀਆਂ ਦੀ
ਇਹਨਾਂ ਮਸਤ ਅੱਖੀਂ ਮਤਵਾਲੀਆਂ ਦੀ ।
ਇਹੀ ਜ਼ੁਲਫਾਂ ਨੇ ਆਹ ਜੇ ਸੱਚ ਪੁਛੇਂ
ਗਲ ਪੌਂਦੀਆਂ ਨੇ ਸੌਦਿਆਂ ਵਾਲੀਆਂ ਦੀ ।
ਇਹ ਲਹਬਰ ਲੰਮੜੇ ਉੱਚੜੇ ਭੀ
ਸਭ ਖਾਕ ਕੰਤ ਸੰਭਾਲੀਆਂ ਦੀ ।
ਰੋਂਦਿਆਂ ਰੋਂਦਿਆਂ ਮਰ ਮਰ ਗਈਆਂ ਦੀ
ਸੰਦੀਆਂ ਤੇ ਸਿਆਲੀਆਂ ਦੀ ।
ਹੈਦਰ ਆਖਿਰ ਖਾਕ ਜੋ ਹੋਣਾ,
ਰੀਝ ਕੇਹੀ ਹੈ ਨਿਹਾਲੀਆਂ ਦੀ ।੧੩।

14. ਬੇ-ਭੈਣਾਂ ਸੋਹਣੀ ਨੂੰ ਨਹੀਂ ਸੋਹਣਾ ਨਾਜ਼

ਬੇ-ਭੈਣਾਂ ਸੋਹਣੀ ਨੂੰ ਨਹੀਂ ਸੋਹਣਾ ਨਾਜ਼
ਅਸਾਂ ਕੋਝੀਣੀਆਂ ਬਹੁਤ ਨਾਜ਼ ਨਹੀਂ ।
ਮਤਾਂ ਗਾਲੀਂ ਦੇ ਨਾਲ ਦਿਲਾ ਯਾਦ ਲੇਵੇ
ਗਲ ਦੀ ਜ਼ੁਲਫ ਦਰਾਜ਼ ਨਹੀਂ ।
ਅਸਾਂ 'ਕਾਲੂ ਬਲਾ' ਭੁੱਲ ਆਖਿਆ ਏ
ਅੱਖੀਂ ਮਸਤ ਅਲਸਤ ਨਿਆਜ਼ ਨਹੀਂ ।
ਉਹਨਾਂ ਲਾਲ ਲਬਾਂ ਨਾਲ ਮਿੱਸੀ ਮਿਸਵਾਕ
ਹਕੀਕਤ ਨਾਲ ਮਜਾਜ਼ ਨਹੀਂ ।
ਉਹ ਕੋਝੜਾ ਹਾਸਾ ਕਿਆ ਰਾਜ਼ ਨਿਹਾਨੀ
ਗਮਜ਼ੇ ਕਿਆ ਗੁਮਾਜ਼ ਨਹੀਂ ।
ਜੇ ਮੱਥੇ ਦਾ ਵਲ ਸ਼ੋਖ ਕਰੇ
ਉਹ ਨੈਣ ਗਰੀਬ-ਨਵਾਜ਼ ਨਹੀਂ ।
ਕੂਕ ਵੇ ਹੈਦਰ ਤਾਨਾ ਰੀ ਰੀ ਤਨ,
ਤੰਬੂਰੇ ਦਾ ਸਾਜ਼ ਨਹੀਂ ।੧੧।

15. ਬੇ-ਭੈਣਾਂ ਤੋਬਾ ਹੈ ਮੈਂ ਯਾਰ ਬਿਨਾ ਵਤ

ਬੇ-ਭੈਣਾਂ ਤੋਬਾ ਹੈ ਮੈਂ ਯਾਰ ਬਿਨਾ ਵਤ
ਪੋਪਟ ਖੰਡ ਨਾ ਗਾਵਣਾ ਭੀ ।
ਤਾੜੀਆਂ ਮਾਰੀਆਂ ਭੈੜੀਆਂ ਦੇਵਣ
ਨੇਵਰ ਨੂੰ ਛਣਕਾਵਣਾ ਭੀ ।
ਸ਼ਾਦੀ ਖ਼ੁਸ਼ੀ ਦੇ ਸੇਹਰੇ ਗਾਵਣ
ਨਾਜ਼ਾਂ ਦੇ ਨਾਲ ਬਤਾਵਣਾ ਭੀ ।
ਹੈਦਰ ਵਾਲੇ ਵੇਹੜੇ ਆਖਣ
ਰਮਜ਼ਾਂ ਨਾਲ ਬੁਝਾਵਣਾ ਭੀ ।
ਵੱਤ ਮੱਸੀ ਮਿਸਵਾਕ ਦੇ ਪਾਨ ਚਬਾਵਾਂ
ਅੱਖੀਆਂ ਸੁਰਮਾ ਪਾਵਣਾ ਭੀ ।
ਧੜੀ ਗੁੰਦਾਵਣ ਮਾਂਗ ਭਰਾਵਣ
ਘਸ ਘਸ ਚੰਦਨ ਲਾਵਣਾ ਭੀ ।
ਤੋਬਾ ਹੈ ਹੈਦਰ ਦੂਰ ਸਜਣ ਥੋਂ,
ਜੀਵਣਾ ਭੀ ਮਰ ਜਾਵਣਾ ਭੀ ।੪।

16. ਬੇ-ਭੈਣਾਂ ਉਹ ਮੁਖ ਸੋਹਣਾ ਸੁਧ ਕਰਮ

ਬੇ-ਭੈਣਾਂ ਉਹ ਮੁਖ ਸੋਹਣਾ ਸੁਧ ਕਰਮ
ਅਤੇ ਗੁੱਸਾ ਅਜਬ ਹਾ ਨੂੰ ਲਗਦਾ ਏ ।
ਉਹ ਹੱਸਣ ਫੁੱਲ ਤੇ ਬੇਖਾਰ ਗੁਲ
ਤੇ ਖਾਰ ਗਜ਼ਬ ਹਾ ਨੂੰ ਲਗਦਾ ਏ ।
ਐਵੇਂ ਹਾਸੇ ਹਾਸੇ ਮੱਥੇ ਵਲ
ਵੇਖ ਹਸਦੀ ਲਬ ਹਾ ਨੂੰ ਲਗਦਾ ਏ ।
ਜੇ ਵੱਤ ਗੁੱਸਾ ਅਸਾਂ ਥੋਂ ਆਇਆ
ਤੇ ਇਹ ਸਬਬ ਹਾ ਨੂੰ ਲਗਦਾ ਏ ।
ਹੈਦਰ ਅਪਣਾ ਕੀਤਾ ਲੈਂਦੇ ਹਰ ਕੋਈ,
ਵਸ ਨਾ ਰੱਬ ਹਾ ਨੂੰ ਲਗਦਾ ਏ ।੧੨।

17. ਬੇ-ਭੈਣਾਂ ਵੱਜਿਆ ਮਾਰੂ ਇਸ਼ਕ ਅਵੱਲੇ ਦਾ

ਬੇ-ਭੈਣਾਂ ਵੱਜਿਆ ਮਾਰੂ ਇਸ਼ਕ ਅਵੱਲੇ ਦਾ
ਦਮ ਤਰਵਾਰ ਦਾ ਵਾਰ ਥੀਆ ।
ਕਿਆ ਸਾਹਿਰੀ ਇਸ਼ਕ ਅਵੱਲੜਾ ਜ਼ਾਲਿਮ
ਕਤਰਾ ਪਾਣੀ ਦਾ ਨਾਰ ਥੀਆ ।
ਸ਼ਪ ਸ਼ਪ ਤੇਗਾਂ ਦੀ ਠਾ ਠਾਠਾਂ ਦੀ ਥੀਂ
ਕਪਰ ਦਾ ਕਰੜਕਾਰ ਥੀਆ ।
ਸਾਂਗ ਦੀ ਤਾਂਗ ਨੂੰ ਹੈਦਰ ਠੱਲਿਆ
ਇੰਨਸ਼ਾ-ਅੱਲਾਹ ਪਾਰ ਥੀਆ ।੫।

18. ਬੇ-ਭਲਾ ਵੇ ਸਾਹਿਬ ਮੈਂ ਭੀ ਤੈਂਡੀਆਂ

ਬੇ-ਭਲਾ ਵੇ ਸਾਹਿਬ ਮੈਂ ਭੀ ਤੈਂਡੀਆਂ
ਹਿਕ ਤਲਵਾਰ ਦਾ ਵਾਰ ਨਹੀਂ ।
ਕੇਹੀ ਝੜ ਤਰਵਾਰ ਏ ਬਿਜਲੀ ਦੀ
ਸਿਰ ਖੁੰਡੀ ਐਡਾ ਅੰਧਾਰ ਨਹੀਂ ।
ਮੀਆਂ ਅੱਜ ਭੀ ਤੂੰ ਹੈਂ ਤੇ ਕਲ ਭੀ ਤੂੰ ਹੈਂ
ਕਿਆ ਭਾਣਾ ਵਾਰ ਨਹੀਂ ।
ਕੂਚੇ ਜ਼ੁਲਫ ਦੇ ਰਾਤੀਂ ਚਾਨਣ ਕਿਆ
ਗਲ ਬੰਨਾਂ ਮਾਰ ਮਾਰ ਨਹੀਂ ।
ਬਿਨ ਫਾਲ ਦੇ ਚੋਰ ਤੇ ਨਗ ਦੇ ਡਿੱਠਾ
ਸ਼ੋਰ ਅਤੇ ਮਾਰ ਮਾਰ ਨਹੀਂ ।
ਉਹ ਪਲਕਾਂ ਕੱਢ ਵੁਠਾ ਸ਼ਾਹਦ ਹੈ
ਹੋ ਅਪੁੱਠਿਆਂ ਮਾਰ ਨਹੀਂ ।
ਹੈਦਰ ਇਹ ਪੁੱਠੀਆਂ ਸਿਧੀਆਂ ਤੋਂ,
ਆਸ ਸਾਰ ਦੀ ਸਾਰ ਨਹੀਂ ।੨।

19. ਬੇ-ਭਰ ਭਰ ਰਹੀ ਸਪਾਰੇ ਇਹ

ਬੇ-ਭਰ ਭਰ ਰਹੀ ਸਪਾਰੇ ਇਹ
ਦਿਲ ਫੜੀਂ ਕੀਤੇ ਸੀਪਾਰੇ ।
ਹਰ ਹਰ ਪਾਰਾ ਪਾਰੇ ਵਾਂਗੂੰ
ਨਿਕਲ ਗਇਆ ਉਸ ਪਾਰੇ ।
ਪੜ੍ਹੀ ਕਿਤਾਬ ਹੁਸਨ ਤੇਰੇ ਦੀ
ਰਹੀ ਕੁਰਾਨ ਸੀ ਪਾਰੇ ।
ਨਜ਼ਰੋਂ ਅਲਿਫ਼ ਕੀਤੋ ਸੀ ਜ਼ਾਹਰ
ਬੇ ਤੇ ਸਭ ਵਿਸਾਰੇ ।
ਬੇ ਤੇ ਉਤੇ ਜ਼ੇਰਾਂ ਹੈਦਰ,
ਸੱਭੇ ਕੂੜ ਪਸਾਰੇ ।੧੬।

20. ਬੇ-ਭੀ ਜ਼ਹਰ ਨਹੀਂ ਜੋ ਖਾ ਮਰਨ

ਬੇ-ਭੀ ਜ਼ਹਰ ਨਹੀਂ ਜੋ ਖਾ ਮਰਨ
ਕੁਛ ਸ਼ਰਮ ਨ ਹਿੰਦੁਸਤਾਨੀਆਂ ਨੂੰ ।
ਕਿਆ ਹਿਆ ਇਹਨਾਂ ਰਾਜਿਆਂ ਨੂੰ
ਕੁਝ ਲੱਜ ਨਹੀਂ ਤੂਰਾਨੀਆਂ ਨੂੰ ।
ਭੈੜੇ ਭਰ ਭਰ ਕੇ ਦੇਵਣ ਖਜ਼ਾਨੇ
ਫ਼ਾਰਸੀਆਂ ਖੁਰਾਸਾਨੀਆਂ ਨੂੰ ।
ਵਿਚ ਢੂਣੀਆਂ ਦੇ ਪਾਣੀ ਨੱਕ ਡੋਬਣ
ਜੇ ਲਹਿਣ ਨਾ ਵੱਡਿਆਂ ਪਾਣੀਆਂ ਨੂੰ ।
ਹਿੱਕੇ ਤਾਂ ਮਾਰ ਕਟਾਰੀ ਮਰੋ
ਜੇ ਸਕੋ ਨ ਮਾਰ ਈਰਾਨੀਆਂ ਨੂੰ ।
ਦਾੜ੍ਹੀਆਂ ਚਾ ਮੁਨਾਈਆਂ ਅਖੀਵਨ
ਕਸ਼ਫ(ਹੈਫ) ਏ ਇਹਨਾਂ ਜ਼ਨਾਨੀਆਂ ਨੂੰ ।
ਤੋਪਚੀਆਂ ਜ਼ੰਬੂਰਚੀਆਂ ਨੂੰ
ਬਰਕੰਦਾਜ਼ਾਂ ਬਾਨੀਆਂ ਨੂੰ ।
ਇਹਨਾਂ ਬਾਂਕਿਆਂ ਟੇਢਿਆਂ ਡਿੰਗਿਆਂ ਨੂੰ
ਇਹਨਾਂ ਤੁਰਕੀਆਂ ਆਕੜਖਾਨੀਆਂ ਨੂੰ ।
ਨੋਕ ਬੰਦਾਂ ਦੱਖਣੀ ਜਾਮੇ ਬਾਂਕੇ
ਤੇ ਪੋਸ਼ ਕਮਾਨੀਆਂ ਨੂੰ ।
ਇਹਨਾਂ ਪਲੱਥੇਬਾਜ਼ਾਂ ਨੂੰ
ਇਹਨਾਂ ਫੀਲਕੱਦਾਂ ਅਫਗਾਨੀਆਂ ਨੂੰ ।
ਇਹਨਾਂ ਤੱਬਤੀਆਂ ਕੁਸ਼ਤੀਗੀਰਾਂ ਨੂੰ
ਇਹਨਾਂ ਤੀਰਅੰਦਾਜ਼ ਕਮਾਨੀਆਂ ਨੂੰ ।
ਹੈਦਰ ਆਖ ਇਹਨਾਂ ਹੀਜੜਿਆਂ ਨੂੰ,
ਹੇਜ਼ਾ ਨਾ-ਮਰਦਾਨੀਆਂ ਨੂੰ ।੧੪।<ਬਰ/

21. ਬੇ-ਬੁਲਾਕ ਰੰਗੀਲ ਸੁਨਹਰੀ

ਬੇ-ਬੁਲਾਕ ਰੰਗੀਲ ਸੁਨਹਰੀ
ਲਟਕ ਰਹੀ ਮਿਰਜਾਨ ਉਤੇ ।
ਯਾ ਕਿਸੇ ਕਾਤਿਬ ਰਕੂਅ' ਪਾਇਆ
ਸੂਰਤ ਉਲ ਰਹਮਾਨ ਉਤੇ ।
ਯਾ ਸਿਆਦ ਲਗਾਈ ਫਾਹੀ
ਮੈਂ ਜੇਹੇ ਮਿਰਗ ਫੰਸਾਣ ਉਤੇ ।
ਪਰ ਹੈਦਰ ਰਕਮ ਕੱਤਲ ਦਾ ਸੀ ਲਿਖਿਆ,
ਆਸ਼ਿਕ ਬੇ-ਫਰਮਾਨ ਉਤੇ ।੨੦।

ਡਾਲ,ਦਾਲ

1. ਡਾਲ-ਡਿੱਠੀ ਗੋਲੜੀ ਇਕ ਇਹਨਾਂ ਸਾਹਿਬਾਂ ਦੀ

ਡਾਲ-ਡਿੱਠੀ ਗੋਲੜੀ ਇਕ ਇਹਨਾਂ ਸਾਹਿਬਾਂ ਦੀ
ਮਿੱਠੇ ਬੋਲ ਇਹਨਾਂ ਦੇ ਬੋਲ ਦਿਸੇ ।
ਨਾਲ ਹਿਕ ਤਿਲ ਲਾਲ ਲਬਾਂ ਦੇ ਕੋਈ
ਲਖ ਤਵੰਗਰ ਤੋਲ ਦਿਸੇ ।
ਵਿਚ ਪਤ ਸ਼ੱਕਰ ਨਿੱਤ ਘੋਲ ਦਿਸੇ
ਕਿ ਦਾਰ ਜਲੇਬੀ ਖੋਲ ਦਿਸੇ ।
ਸਾਇਆ ਭੀ ਓਸੇ ਸਰਵ ਰਵਾਂ ਦਾ
ਲਟਕ ਭੀ ਓਸੇ ਚੋਲ ਦਿਸੇ ।
ਇਹ ਫੌਜ ਭੀ ਓਸੇ ਲਸ਼ਕਰ ਦੀ
ਇਹ ਧਾੜ ਭੀ ਓਸੇ ਕੋਲ ਦਿਸੇ ।
ਧੁੰਮਦੀ ਸੀ ਸੋ ਸੁਬ੍ਹਾ ਕਿਆਮਤ
ਜੇ ਉਹ ਘੁੰਘਟ ਖੋਲ ਦਿਸੇ ।
ਖੁਲੀਂ ਵਾਲੀ ਜਾਲੀ ਦੀ ਚੋਲੀ
ਨਦੀਆਂ ਨੈਣ ਦਰ ਮੋਲ ਦਿਸੇ ।
ਪਈ ਕੱਪਰ ਉੱਤੇ ਕਮਲੀ ਸ਼ਾਇਦ
ਬੇਲੀ ਮਾਹੀ ਕੋਲ ਦਿਸੇ ।
ਸ਼ਾਇਦ ਪਾਸਨੇ ਵਤੇ ਢੋਲਣ
ਹੈਦਰ ਖਾਏ ਧਰੋ ਧੋਲ ਦਿਸੇ ।੪।

2. ਦਾਲ-ਦੇ ਸੁਪਨਿਆਂ ਵਲ ਡਿੱਠਿਆਂ ਪਰ ਵਿੱਚ

ਦਾਲ-ਦੇ ਸੁਪਨਿਆਂ ਵਲ ਡਿੱਠਿਆਂ ਪਰ ਵਿੱਚ
ਚਾ' ਜ਼ਰਫ ਨ ਸਮਾਵੰਦਾ ਈ ।
ਚਾਰ ਤਰਫ ਤੋਂ ਪਾਕ ਪਿਆਰਾ
ਤਰਫਾਂ ਆਪ ਬਣਾਵੰਦਾ ਈ ।
ਵਸੇ ਭੀ ਉਹਲੇ ਦਿਸੇ ਨ ਅੱਖੀਂ
ਵੇਖਦਿਆਂ ਕੱਜਲ ਪਾਵੰਦਾ ਈ ।
ਯਾਰ ਆਰਸੀ ਅੰਦਰ ਨਾਹੀਂ
ਅਤੇ ਵਿੱਚ ਆਰਸੀ ਰੁੱਖ ਵਿਖਾਵੰਦਾ ਈ ।
ਓਹੋ ਦੀਵਾਲ ਦਿਖਾਕੇ ਰੁਖ ਉੱਤੇ
ਸਮਾ' ਚਾ ਟਿਕਾਵੰਦਾ ਈ ।
ਤਾਹੀਏਂ ਤਾਂ ਵਸਲ ਹਿਆਤੀ ਉੱਤੇ
ਤੈਹੋਂ ਪਤੰਗ ਨੂੰ ਯਾਰ ਜਲਾਵੰਦਾ ਈ ।
ਇਹ ਸੋਹਣੇ ਆਪ ਨ ਸੋਹਣੇ
ਓਹੋ ਬੇਰੰਗ ਰੂਪ ਚਮਕਾਵੰਦਾ ਈ ।
ਜੇ ਵਤ ਸੋਹਣਾ ਨਕਸ਼ ਇਹਨਾਂ ਦਾ
ਕਿਉਂ ਬੇਜਾਨ ਹੋਇਆ ਡਰਾਵੰਦਾ ਈ ।
ਜੇ ਵਤ ਸੋਹਣੀ ਜਿੰਦ ਅਖੀਵੇ
ਕਿਉਂ ਕੋਹਜੜਾ ਮੂਲ ਨ ਭਾਵੰਦਾ ਈ ।
ਜੇ ਵਤ ਦੋਹੀਂ ਅੱਖੀਉਂ ਤੱਕੇ
ਕਿਉਂ ਕਦੀ ਦੁਸ਼ਮਨ ਹਾਵੰਦਾ ਈ ।
ਉਹੋ ਬੇਚੂੰ ਦਿਸੇ ਤੇ ਦਿਸੇ ਗ਼ੈਰ ਨਾ
ਅਪਣਾ ਨਕਸ਼ ਦਿਖਾਵੰਦਾ ਈ ।
ਅਲੀ ਹੈਦਰ ਓਹੋ ਬੇਰੰਗ
ਝਾਤੀ ਲੁਕ ਲੁਕ ਪਾ ਵਿਖਾਵੰਦਾ ਈ ।੩।

3. ਦਾਲ-ਦੋਹੜੇ ਆਖੇ ਮੈਂ ਜੱਗ ਵਾਲੇ

ਦਾਲ-ਦੋਹੜੇ ਆਖੇ ਮੈਂ ਜੱਗ ਵਾਲੇ
ਰੋ ਰੋ ਜੱਗ ਹਸਾਵਣ ਨੂੰ ।
ਮਤਾਂ ਯਾਰ ਸੁਣੇ ਤੇ ਹਾਸਾ ਕਰੇ
ਮੈਂਡਾ ਰੂਹ ਥੀਆ ਖੰਡ ਖਾਵਣ ਨੂੰ ।
ਤੇਲੀ ਭੀ ਯਾਰ ਤੇ ਰੁੱਖਾ ਭੀ ਖਾਜੇ
ਜ਼ੁਲਫ ਦੇਵਨ ਹਥ ਲਾਵਣ ਨੂੰ ।
ਹੁਣ ਵਾ' ਦਾ ਵਿਸਾਲ ਦੇ ਮਾਹ ਥੀਂ
ਪੂਰੇ ਲੱਗੀਆਂ ਪੀਰਾਂ ਜਾਵਣ ਨੂੰ ।
ਅੱਜ ਦੀ ਰਾਮ ਉਮੀਦਵਾਰੀ ਦੇਹ
ਜਾਵਣ ਇਹ ਦਿਨ ਆਵਣ ਨੂੰ ।
ਕਰ ਮੱਸ ਲਬਾਂ ਤੇ ਮਿਸ ਕਰੇ
ਪਰ ਲਿਖਿਆ ਕੌਣ ਮਿਟਾਵਣ ਨੂੰ ।
ਕੂਚ ਕਰੈਂਦਾ ਹੁਸਨ ਜਨਾਂ
ਦੇਖਾਂ ਹੁਦੀ ਕਨ ਲੰਘਾਵਣ ਨੂੰ ।
ਰਹਜ਼ਨ ਖਾਲ ਬਹੁਤ ਮਲਾਹਜ਼ਾ
ਚਾਹੀਏ ਕਿਉਂ ਨਕਦ ਮੁਹਾਵਣ ਨੂੰ ।
ਤੋੜੇ ਮੱਥੇ ਦਾ ਵਲ ਅਵਲਾ ਸਿਪਾਹੀ
ਸਾਥ ਥੀਆਂ ਪਹੁੰਚਾਵਣ ਨੂੰ ।
ਜ਼ੋਰੀ ਲਾਲ ਤੇ ਪੌਂਦਾ ਤਿਲ ਤੋੜੇ
ਸਾਂਗਾ ਨੈਣ ਭਵਾਵਣ ਨੂੰ ।
ਹੁਣ ਰਾਜ਼ੀ ਕਰੇ ਗੱਲ ਧਿੰਗਾਣੇ
ਜੌਰ-ਓ-ਸਿਤਮ ਬਖਸ਼ਾਵਣ ਨੂੰ ।
ਹੁਣ ਜ਼ਾਲਿਮ ਖਾਲ ਭੀ ਹਾਜ਼ਰ
ਤਿਲ ਤਿਲ ਹੱਕ ਚੁਕਾਵਣ ਨੂੰ ।
ਪਲ ਪਲ ਨੈਣ ਕਰੇਂਦੇ ਕੁਰਨਸ਼
ਪਲਕਾਂ ਨਾਲ ਵਿਛਾਵਣ ਨੂੰ ।
ਹੁਣ ਜ਼ੁਲਫ ਸਿਆਹ ਭੀ ਲਟਕ ਪਈ
ਗਲ ਲੱਗੀ ਸੋਜ਼ ਵਗਾਵਣ ਨੂੰ ।
ਹੁਣ ਲੜ ਗਇਆ ਨਾਗ ਸਿਆਹ ਮੱਥੇ
ਛਿੱਕਣ ਤੇ ਪਛਤਾਵਣ ਨੂੰ ।
ਹੁਣ ਫੜਿਆ ਮੰਦਰ ਫਕੀਰ ਦਾ
ਸ਼ਾਇਦ ਇਹੋ ਸੂ ਹੱਥ ਸਿਆਵਣ ਨੂੰ ।
ਹੈਦਰ ਹੁਣ ਜ਼ੁਲਫ ਦਾ ਛਿੱਕਾ ਖਤ
ਆਇਆ ਈ ਦਾਦ ਦਿਵਾਵਣ ਨੂੰ ।੨।

4. ਦਾਲ-ਦੂਰੋਂ ਨੇੜਿਉਂ ਦੂਰ ਪਿਆਰਾ

ਦਾਲ-ਦੂਰੋਂ ਨੇੜਿਉਂ ਦੂਰ ਪਿਆਰਾ
ਅਤੇ ਸ਼ਾਹ-ਰਗ ਥੀਂ ਭੀ ਨੇੜੇ ਵਲੇ ।
ਕੋਈ ਬਿਜਲੀ ਦੀ ਅੱਗ ਭੜਕ ਉਠੀ
ਮੀਂਹ ਵੱਸੇ ਦੇਖਾਂ ਦੇਸ ਕਿਹੜੇ ਵਲੇ ।
ਸੈ ਵੇਹੜੀਂ ਆਪ ਨੂੰ ਵੇਹੜੇ ਕਹਿਆ
ਤਾਂ ਬਿਜਲੀ ਨੂੰ ਝੜ ਵੇਹੜੇ ਵਲੇ ।
ਮੈਨੂੰ ਮਾਰ ਨ ਵੀਰ ਵੇਹੜਾ ਨ ਆਪ ਤੋਂ
ਘਤ ਵਿਹਾਰੀਂ ਪਰੇ ਵਲੇ ।
ਨਿਤ ਵੇਲੇ ਚੱਕੀ ਚਾਕ ਨੂੰ ਬਾਬਲ
ਮਹੀਂ ਨਿੱਜ ਸਹੇੜੇ ਵਲੇ ।
ਮੈਨੂੰ ਲੈ ਚਲ ਰਾਂਝਣ ਤਖਤ ਹਜ਼ਾਰੇ
ਇਹ ਖੇੜਿਆਂ ਦੀ ਜੜਹੇ ਵਲੇ ।
ਕਾਜ਼ੀ ਕਿਹੜੀ ਕਿਤਾਬ ਅੰਦਰ ਡਿੱਠੇ
ਹੀਰੇ ਦੇ ਭਾਈ ਖੇੜੇ ਵਲੇ ।
ਖੇੜੇ ਨੂੰ ਮਰ ਵਖੇੜੇ ਨ ਕਰ
ਛੋੜ ਵੇ ਕਾਜ਼ੀ ਬਖੇੜੇ ਵਲੇ ।
ਰਾਂਝਣ ਹੀਰ ਤੇ ਹੀਰ ਏ ਰਾਂਝਣ
ਹਿਕ ਨੂੰ ਕੌਣ ਨਿਖੇੜੇ ਵਲੇ ।
ਇਸ਼ਕ ਥੋਂ ਜੰਮਿਆਂ ਸ਼ਰਾ' ਵੇ ਕਾਜ਼ੀ
ਖਾਵੇ ਨਾਹੀਂ ਅਨ੍ਹੇੜੇ ਵਲੇ ।
ਆਸ਼ਿਕਾਂ ਦੀ ਕੂਕ ਡਾਹਡੀ ਕੇਹੀ
ਕਪੜ ਮਾਰੇ ਸੂ ਬੇੜੇ ਵਲੇ ।
ਉਹ ਖੁਤੀ ਤਰੁੱਟੀ ਅੱਜ ਕਲ ਹੈਦਰ
ਸੰਦਲ ਨਾਲ ਗਹੇੜੇ ਵਲੇ ।੧।

ਫ਼ੇ

1. ਫ਼ੇ-ਫ਼ਨਾਹ ਹੋਈ ਸਾਰੀ ਜਾਨ ਮੇਰੀ

ਫ਼ੇ-ਫ਼ਨਾਹ ਹੋਈ ਸਾਰੀ ਜਾਨ ਮੇਰੀ
ਅਤੇ ਸੋਹਣੇ ਨੂੰ ਕੁਝ ਪ੍ਰਵਾਹ ਨਾਹੀਂ ।
ਰਾਤ ਦੇਹਾਂ ਜਾਨੀ ਸਖਤ ਬੋਲੇ
ਕਦੇ ਮੇਹਰ ਦੇ ਨਾਲ ਨਿਗਾਹ ਨਾਹੀਂ ।
ਰੁੱਠੇ ਯਾਰ ਨੂੰ ਆਪ ਮਨਾਉਣਾ ਏਂ
ਓਥੇ ਹੋਰ ਵਕੀਲਾਂ ਦੀ ਜਾ ਨਾਹੀਂ ।
ਅਲੀ ਹੈਦਰ ਮੀਆਂ ਮੌਲਾ ਖੁਸ਼ ਰੱਖੇ
ਹੱਸ ਬੋਲੇ ਦਾ ਕੁਝ ਗੁਨਾਹ ਨਾਹੀਂ ।


ਗਾਫ

1. ਗਾਫ-ਘੋਲ ਘੱਤਾਂ ਇਨਹਾਂ ਸੋਹਣਿਆਂ ਤੋਂ

ਗਾਫ-ਘੋਲ ਘੱਤਾਂ ਇਨਹਾਂ ਸੋਹਣਿਆਂ ਤੋਂ
ਜ਼ੁਲਫਾਂ ਜਿਨਹਾਂ ਦੀਆਂ ਝਾਲੀਆਂ ਨੇ ।
ਕੁਰਲਾ ਹੋਈਆਂ ਨੇ ਰਲ ਅਗਾਹਾਂ ਨੂੰ
ਰਾਤੀਂ ਲੰਮੀਆਂ ਕਾਲੀਆਂ ਨੇ ।
ਹੀਲੇ ਕੀਤੇ ਜਿਨਹਾਂ ਆਤਿਸ਼ ਤੇ
ਪਰ ਸੋਨੇ ਦੇ ਨਾਲ ਕੁਠਾਲੀਆਂ ਨੇ ।
ਓਸ ਗਲ ਦੀ ਸੋਨੇ ਦੀ ਸ਼ਰਮ ਕੁਨੋਂ
ਗਲ ਪੌਂਦੀਆਂ ਸੋਬੰਦੀਆਂ ਵਾਲੀਆਂ ਨੇ ।
ਮੈਂਡੀਆਂ ਕਿਉਂ ਤਕਸੀਰਾਂ ਸੰਮ੍ਹਾਲੀਆਂ ਨੇ
ਮੱਥੇ ਦੇ ਵਲ ਵਾਲੀਆਂ ਨੇ ।
ਸਭ ਕੁਝ ਤੈਂਡੇ ਹੱਥ ਦਾ ਧੱਬਾ
ਜੇ ਵਤ ਗਾਹਲੀਂ ਸੰਮ੍ਹਾਲੀਆਂ ਨੇ ।
ਹਿਕ ਵਾਲ ਭੀ ਡਿੰਗਾ ਨਾ ਥੀਵੇ ਅਸਾਥੋਂ
ਅਸਾਂ ਤੇ ਕੇਹੀਆਂ ਜ਼ੁਲ ਜਲਾਲੀਆਂ ਨੇ ।
ਅਲੀਹੈਦਰ ਦੇ ਹੱਥੋਂ ਖੱਸ ਨਹੀਂ,
ਉਹੀ ਜ਼ੁਲਫਾਂ ਘੁੰਗਰਿਆਲੀਆਂ ਨੇ ।੨੧।

ਗ਼ੈਨ

1. ਗ਼ੈਨ-ਗ਼ੈਰ ਕੋਲੋਂ ਮੈਂਡਾ ਯਾਰ ਸੋਹਣਾ

ਗ਼ੈਨ-ਗ਼ੈਰ ਕੋਲੋਂ ਮੈਂਡਾ ਯਾਰ ਸੋਹਣਾ
ਵਿੱਚ ਘੁੰਡ ਦੇ ਮੁਖ ਛੁਪਾਵੰਦਾ ਏ ।
ਹਿਕ ਆਪ ਨਾਜ਼ਰ ਤੇ ਮਨਜ਼ੂਰ ਨਜ਼ਰ
ਲਖ ਰੰਗ ਬਣਾ ਵਿਖਾਵੰਦਾ ਏ ।
ਕਈ ਆਸ਼ਿਕਾਂ ਦੇ ਜਿਗਰ ਫੱਟ ਸੁੱਟੇ
ਲਖ ਨਾਮ ਨਿਸ਼ਾਨ ਧਰਾਵੰਦਾ ਏ ।
ਅਲੀਹੈਦਰ ਯਾਰ ਪਿਆਰੇ ਬਾਹਜੋਂ,
ਹੁਣ ਮਲੜਾ ਵੇਸ ਸਦਾਵੰਦਾ ਏ ।੧।

ਹੇ

1. ਹੇ-ਹਾਲ ਨਹੀਂ ਅਤਣ ਬੈਠਣੇ ਦਾ

ਹੇ-ਹਾਲ ਨਹੀਂ ਅਤਣ ਬੈਠਣੇ ਦਾ
ਬੋੜ ਚਰਖੇ ਨੇ ਕੌਣ ਭਵਾਂਸੀਆ ।
ਅਸਾਂ ਵਿੱਚ ਭੰਗੂੜੇ ਦੇ ਖਵਾਬ ਡਿੱਠੀ
ਰਾਂਝਾ ਤਖਤ ਹਜ਼ਾਰਿਉਂ ਆਵਸੀਆ ।
ਕੌਣ ਪੂਣੀ ਵੱਟੇ ਕੌਣ ਤੰਦ ਘੱਤੇ
ਢਿੱਲੀ ਮਾਹਲ ਕੌਣ ਬਣਾਵਸੀਆ ।
ਅਲੀ ਹੈਦਰ ਸਿਉਣਾ ਯਾਰ ਸੋਹਣਾਂ
ਲੋਕ ਐਵੇਂ ਹੀ ਧੁੱਮਾਂ ਪਾਵਸੀਆ ।੪।

2. ਹੇ-ਹੈ ਹੈ ਘੁੰਘਟ ਕੱਢ ਨ ਮਾਰ ਵੇ ਜ਼ਾਲਿਮ

ਹੇ-ਹੈ ਹੈ ਘੁੰਘਟ ਕੱਢ ਨ ਮਾਰ ਵੇ ਜ਼ਾਲਿਮ
ਮੈਂ ਤਰਵਾਰ ਸੰਜਾਨੀਆਂ ।
ਮੀਆਂ ਹੁਣ ਮੁਨਾਸਿਬ ਆਖੇਂ
ਪਰ ਮੈਂ ਚੋਰੀ ਕਾਰ ਸੰਜਾਨੀਆਂ ।
ਜੇ ਤੂੰ ਮੂੰਹ ਪਲੋ ਤਾਈਂ ਮੂੰਹ ਪਲੋ
ਮੈਂ ਰੋਵਾਂ ਪੁਕਾਰ ਸੰਜਾਨੀਆਂ ।
ਹਾਲ ਦੇ ਅਕਰ ਫੜਿਆ ਇਹ ਜ਼ਾਲਿਮ
ਧਾਰ ਸੰਜਾਨੀਆਂ ।
ਇਹਨਾਂ ਰੰਗ ਬਰੰਗੀਆਂ ਭਤਾਂ ਕੁਨੋਂ
ਤੇਗ਼ ਜੌਹਰਦਾਰ ਸੰਜਾਨੀਆਂ ।
ਇਹ ਗਲ ਗਲ ਦਬਦੀ ਲਕ ਨਹੀਂ
ਮੈਂ ਡਿੰਗਰੀ ਫਾਰ ਸੰਜਾਨੀਆਂ ।
ਮੀਆਂ ਇਸ਼ਕ ਤੇ ਮੁਸ਼ਕ ਨ ਗੁੱਝਾ ਰਹਿੰਦਾ
ਮੈਂ ਗੁਲਜ਼ਾਰ ਸੰਜਾਨੀਆਂ ।
ਲੁੱਟ ਵੇ ਜ਼ਾਲਿਮ ਜੋ ਮਨ ਭਾਵੇ
ਵਲ ਵਲ ਮਾਰ ਸੰਜਾਨੀਆਂ ।
ਹੈਦਰ ਆਖੇਂ ਵਤ ਕਿਰਦਾਰ ਤੋਂ ਵੇਖਾਂ,
ਮੈਂ ਭੀ ਵਾਰ ਸੰਜਾਨੀਆਂ ।੨।

3. ਹੇ-ਹੈ ਹੈ ਮਾਰਿਆ ਈ ਇਹ ਲਾ ਪ੍ਰੇਮ ਦੀ

ਹੇ-ਹੈ ਹੈ ਮਾਰਿਆ ਈ ਇਹ ਲਾ ਪ੍ਰੇਮ ਦੀ
ਮਾਰਿਆ ਈ ਮਾਰ ਸੱਟਿਆ ਈ ।
ਹੁਣ ਵਤ ਕਿਉਂ ਜ਼ੁਲਫਾਂ ਨੂੰ ਵੱਟਿਆ ਈ
ਮੱਥਾ ਅੱਗੇ ਕਿਆ ਮਾਰ ਵੱਟਿਆ ਈ ।
ਪੀਵਾਂ ਆਬਿ-ਹਿਆਤੀ ਮੈਂ ਇਸ ਲਬ ਥੋਂ
ਕਰ ਬੇਸਿਰ ਜੇ ਸਿਰ ਕੱਟਿਆ ਈ ।
ਕਦੀ ਨਾਲ ਵਿਸਾਲ ਦੇ ਮਰਹਮ ਲਾਈ
ਜੇ ਨਾਲ ਫਿਰਾਕ ਦੇ ਫੱਟਿਆ ਈ ।
ਇਹੋ ਨਾਜ਼ ਦਾ ਕੇਹੜਾ ਫੱਟਿਆ ਈ
ਕਦੀ ਆਖ ਸੋਹਣਿਆਂ ਭੀ ਫੱਟਿਆ ਈ ।
ਉਸ ਵਲ ਵਲ ਪੱਟੀਆਂ ਵਾਲੇ ਜ਼ਾਲਿਮ
ਵਲ-ਵਲ ਮੈਨੂੰ ਫੱਟਿਆ ਈ ।
ਹੈਦਰ ਜੁੱਗ ਜੁੱਗ ਜੀਵੇਂ ਸੱਜਣ,
ਤੇਰੇ ਮਾਰਨ ਨੂੰ ਖੋਹ ਖੱਟਿਆ ਈ ।੧੦।

4. ਹੇ-ਹੈ ਹੈ ਮਾਰੀਆਂ ਭੈਣਾਂ ਨਾਜ਼ ਸੱਜਣ ਦੇ

ਹੇ-ਹੈ ਹੈ ਮਾਰੀਆਂ ਭੈਣਾਂ ਨਾਜ਼ ਸੱਜਣ ਦੇ
ਕੁਝ ਹਥ ਮੂਲ ਨ ਆਵੰਦਾ ਈ ।
ਕੇਹੀਆਂ ਸੋਹਣੀਆਂ ਖੂਬਸੂਰਤਾਂ ਮੂਰਤਾਂ
ਖਾਕ ਥੋਂ ਚਾ ਬਣਾਵੰਦਾ ਈ ।
ਕਰਕੇ ਰੌਸ਼ਨ ਸੂਰਜ ਚੰਨ ਥੋਂ
ਖਾਕ ਦੇ ਨਾਲ ਮਿਲਾਵੰਦਾ ਈ ।
ਇਸ ਸੂਰਜ ਨੂੰ ਭੀ ਅੰਬਰ ਚਾਹੜਕੇ,
ਹੈਦਰ ਚਾ ਦਬਾਵੰਦਾ ਈ ।੭।

5. ਹੇ-ਹੈ ਹੈ ਰਾਤੀਂ ਅੱਧੀ ਘੁੰਡ ਭੋਛਣ ਦਾ

ਹੇ-ਹੈ ਹੈ ਰਾਤੀਂ ਅੱਧੀ ਘੁੰਡ ਭੋਛਣ ਦਾ
ਮੈਂਡੇ ਯਾਰ ਕੀਤਾ ਦੀਦਾਰ ਕੁਨੋਂ ।
ਪਰ ਪਵੇ ਉਛਾਵਲਾ ਭੋਛਣ ਦੇ ਵਿਚੋਂ
ਜ਼ੁਲਫ ਅਤੇ ਰੁਖਸਾਰ ਕੁਨੋਂ ।
ਕੇਹੇ ਛਣ-ਛਣ ਦੇਂਹ ਤੇ ਤਾਰੇ ਬਣੇ
ਇਸ ਭੋਛਣ ਦੀ ਹਰ ਤਾਰ ਕੁਨੋਂ ।
ਕਿਆ ਛਣ-ਛਣ ਬਣਿਆ ਰੌਸ਼ਨ ਦੇਂਹ
ਉਸ ਚਮਕਣ ਦੇ ਚਮਕਾਰ ਕੁਨੋਂ ।
ਕੇਹੀ ਛਣ-ਛਣ ਰਾਤ ਅਨ੍ਹੇਰੀ ਬਣੀ
ਇਨਹਾਂ ਜ਼ੁਲਫਾਂ ਦੀ ਕਾਲੀ ਇਨਹਾਰ ਕੁਨੋਂ ।
ਅਤੇ ਵਲ ਵਲ ਪੌਂਦੀਆਂ ਦੇਂਹ ਤੇ ਰਾਤੀਂ
ਆਪਣੀ ਅਸਲ ਕਾਰ ਕੁਨੋਂ ।
ਜਿਵੇਂ ਵਲ ਵਲ ਗੁਲ ਤੇ ਸੁੰਬਲ ਪੌਂਦਾ
ਜੇ ਘੱਲੇ ਵਾਉ ਬਹਾਰ ਕੁਨੋਂ ।
ਸ਼ਾਲਾ ਜਮ ਜਮ ਖੁਲਣ ਥੰਡਰੀ ਬਹੁੜੀ,
ਹੈਦਰ ਅਲੀ ਕਹਾਰ ਕੁਨੋਂ ।੮।

6. ਹੇ-ਹੈ ਹੈ ਵਲ ਵਲ ਜ਼ੁਲਫਾਂ ਮਾਰਿਆ ਮੈਨੂੰ

ਹੇ-ਹੈ ਹੈ ਵਲ ਵਲ ਜ਼ੁਲਫਾਂ ਮਾਰਿਆ ਮੈਨੂੰ
ਮਾਰ ਸਿਆਹ ਡੰਗ ਮਾਰਿਆ ਈ ।
ਹੈ ਹੈ ਪੀਵ ਲਇਆ ਸਾਹ ਪੀਵਣ ਸਾਹ ਨੂੰ
ਸਾਹ ਅਸਾਂ ਕੋਈ ਹਾਇਆ ਈ ।
ਮੈਂਡੇ ਦਮ ਤੇ ਕਾਦਰੀਂ ਉਲਟ ਪਈਆਂ
ਅਤੇ ਜ਼ੁਲਫਾਂ ਨੂੰ ਵਾਉ ਖਿਲਾਰਿਆ ਈ ।
ਇਸ ਲਾਲ ਲਬਾਂ ਵਾਲੀ ਵਾਗ ਇਨਹਾਂ
ਨਾਲ ਅੱਟੀ ਤਾਂ ਮੰਦਰ ਵਿਸਾਰਿਆ ਈ ।
ਇਸ ਮਾਂਦਰੀ ਦੇ ਨਾਲ ਮੰਦਰ ਇਨਹਾਂ
ਮੈਂਡਾ ਮਾਰ ਨਾਗਨੀ ਸਾੜਿਆ ਈ ।
ਨਿਤ ਡੰਗਿਉਂ ਅਹਦ ਅਸਾਡਾ ਡੰਗ
ਜੇ ਡੰਗ ਸਵਾਰਿਆ ਈ ।
ਵਲ ਵਲ ਨਹੀਂ ਦਿਲ ਆਮਣਾ ਸਾਮਣਾ,
ਹੈਦਰ ਵਰ ਨਿਗਾਰਿਆ ਈ ।੯।

7. ਹੇ-ਹੈ ਹੈ ਯਾਰ ਬਿਨਾਂ ਹੱਥੀਂ ਸੋਨੇ ਦੀ ਵੰਗ ਭੀ

ਹੇ-ਹੈ ਹੈ ਯਾਰ ਬਿਨਾਂ ਹੱਥੀਂ ਸੋਨੇ ਦੀ ਵੰਗ ਭੀ
ਸੱਪ ਮੈਨੂੰ ਆਸਤੀਨ ਦਾ ਈ ।
ਭੈਣਾਂ ਮੱਥੇ ਮੈਂਡੇ ਨਿਤ ਮੱਥੇ ਤੇ ਵਲ
ਮੇਹਰ ਕਹੇਂ ਬੁੱਤ ਚੀਨ ਦਾ ਈ ।
ਪਰ ਪੂਜਾ ਕੀਤਾ ਸਿਧ ਧੀਵੇ ਤੋੜੇ
ਉਲਟਾ ਨਕਸ਼ ਨਗੀਨ ਦਾ ਈ ।
ਪੁਛੇ ਇਨਹਾਂ ਖੂਬਸੂਰਤਾਂ ਦੀ
ਜੇ ਸੱਚ ਪੁਛੇ ਕੰਮ ਦੀਨ ਦਾ ਈ ।
ਉਹ ਖਾਲ ਸਿਆਹ ਲਬਾਂ ਵਾਲਾ ਹੈਦਰ,
ਬੇਸ਼ਕ ਨੁਕਤਾ ਯਕੀਨ ਦਾ ਈ ।੬।

8. ਹੇ-ਹਰ ਜ਼ੱਰਾ ਸੱਜਣ ਦੀ ਆਰਸੀ ਪਰ

ਹੇ-ਹਰ ਜ਼ੱਰਾ ਸੱਜਣ ਦੀ ਆਰਸੀ ਪਰ
ਇਹਨਾਂ ਉਹਨਾਂ ਵਿਚ ਜਲਵਾ ਘਣਾ ।
ਖੁਦੀ ਨਾਜ਼ ਗੁਮਾਨ ਕੁਨੋਂ ਉੱਠ
ਭੌਂਡੀ ਬੇਰੰਗ ਰੂਪ ਦਾ ਫਲਵਾ ਘਣਾ ।
ਪਰ ਸ਼ੁਕਰ ਕੁਨੋਂ ਸਰ ਆਪਣੇ ਪਰ
ਸ਼ੀਰੀਂ ਖੰਡ ਦਾ ਹਲਵਾ ਘਣਾ ।
ਦੇਂਹ ਦੇਵੇਂ ਸੁਨਹਰੀ ਤਾਰਿਆਂ ਵਲ
ਪਰ ਮੂੰਹ ਵਲ ਭਜੇ ਜਲਵਾ ਘਣਾ ।
ਹਰ ਮੱਛੀ ਹੱਛੀ ਦਰਿਆ ਦੀ ਪਰ,
ਹੱਛੀ ਹੈਦਰ ਪਲਵਾ ਘਣਾ ।੪।

9. ਹੇ-ਹਵਾਲੜੇ ਅਲਾ ਦੇ

ਹੇ-ਹਵਾਲੜੇ ਅਲਾ ਦੇ
ਅਸਾਂ ਧੁਮ ਦੀ ਨੂੰ ਕੂਚ ਦਮ ਦੀ ਏ ।
ਮੈਂਡੇ ਨਕ ਦਾ ਮੋਤੀ ਠੰਡਾ ਲਗੇ
ਸ਼ੋਖੀ ਦੇਵੇ ਦਾਈ ਕੰਮ ਦਾ ਧਮਦੀ ਏ ।
ਦਮ ਤਕ ਅਸਾਂ ਥੀਂ ਵੇ ਦਮ
ਉਤਾਵਲ ਕੇਹੀ ਕੰਮ ਦੀ ਏ ।
ਮਹੀਂ ਪਲੜ੍ਹ ਤੋੜ ਪਈਆਂ ਛਿੜ
ਹੀਰੇ ਕਮਲੇ ਮਾਹੀ ਨੂੰ ਥਮਦੀ ਏ ।
ਕਰਹਾਂ ਦੇ ਰੰਗ ਸੁਣੈਂਦੇ ਨਾਹੀਂ
ਸੱਸੀ ਹੈਦਰ ਗਾਫਿਲ ਸਮਦੀ ਏ ।੩।

10. ਹੇ-ਹਿਆਤੀ ਜੇ ਹੈ ਦਿਲ ਆਵਨਾ ਤੁਸਾਹਾਂ

ਹੇ-ਹਿਆਤੀ ਜੇ ਹੈ ਦਿਲ ਆਵਨਾ ਤੁਸਾਹਾਂ ।
ਭੀ ਰੋਕ ਰੋਕ ਗੱਲਾਂ ਸੁਣਾਵਣਾ ਤੁਸਾਹਾਂ ।
ਮੁੱਖ ਪਾਏ ਝਾਤੀ ਜੀਵਾਣਾ ਤੁਸਾਹਾਂ ।
ਮੱਤਾਂ ਦੇਹ ਦੇਹ ਗਾਹਲੀਂ ਹੰਸਾਵਣਾ ਤੁਸਾਹਾਂ ।
ਮੈਂ ਤਾਂ ਖੋਲ ਖੋਲ ਤਣੀਆਂ ਗਲ ਲਾਵਣਾ ਤੁਸਾਹਾਂ ।
ਹੈਦਰ ਆਖ ਜ਼ਿੱਮਾ ਮੇਰਾ ਭੀ ਚਾਵਣਾ ਤੁਸਾਹਾਂ ।੩।

11. ਹੇ-ਹੋਂਦਿਆਂ ਓਸ ਜਮਾਲ ਕਮਾਲ ਕਰਮ

ਹੇ-ਹੋਂਦਿਆਂ ਓਸ ਜਮਾਲ ਕਮਾਲ ਕਰਮ
ਅਸਾਂ ਗੁਜ਼ਾਰੇ ਨਾਲ ਸਵਾਲ ਅਜਬ ।
ਓਸ ਰੁਖਸਾਰ ਕੀਤਾ ਜੱਗ ਰੌਸ਼ਨ ਉੱਤੇ
ਸਿਆਹ ਹਿਕ ਖਾਲ ਅਜਬ ।
ਓਸ ਵਸਦਿਆਂ ਹੱਥ ਕਰਮ ਉੱਤੇ
ਲਾਈਂ ਅੱਖੀਆਂ ਭੀ ਭਸ ਕਾਲ ਅਜਬ ।
ਉਹ ਖਾਸ ਸਿਆਹ ਲਬਾਂ ਵਾਲਾ
ਆਖੇ ਬਾਗ ਬਲੰਦ ਬਲਾਲ ਅਜਬ ।
ਇਹ ਦਸਤ ਨ ਜ਼ੁਲਫ ਦਰਾਜ਼ ਨੂੰ ਹੈਦਰ,
ਖਾਲ ਸਿਆਹ ਲਬ ਨਾਲ ਅਜਬ ।੧।

12. ਹੇ-ਹੁਣ ਛੱਡ ਭੈਣਾਂ ਖੇਡ ਰਾਤ ਕਈ ਘਣੀ

ਹੇ-ਹੁਣ ਛੱਡ ਭੈਣਾਂ ਖੇਡ ਰਾਤ ਕਈ ਘਣੀ
ਵੇਲੜਾ ਖਵਾਬ ਖਿਆਲ ਦਾ ਈ ।
ਭੈਣਾਂ ਲਟਕੀ ਰਾਤ ਲਟਕਣ ਤਾਰੇ ਭੀ
ਲਟਕਣ ਪਾਰ ਸੰਮ੍ਹਾਲ ਦਾ ਈ ।
ਛੋਟੇ ਘਾਹ ਘੱਤਣ ਗਲਵਕੜੀ ਪਲਕਾਂ ਭੀ
ਸ਼ੋਖ ਇਸ ਲਾਲ ਦਾ ਈ ।
ਛੋੜ ਛੋੜ ਭੈਣਾਂ ਮਤਾਂ ਰੁਸ ਵੰਜੇ
ਖੌਫ ਓਸ ਅਣੋਖੜੇ ਬਾਲ ਦਾ ਈ ।
ਆਖੇ ਮਤਾਂ ਤੈਨੂੰ ਖੇਡ ਪਿਆਰੀ
ਸ਼ੌਕ ਨ ਮੈਂਡੇ ਵਿਸਾਲ ਦਾ ਈ ।
ਮਤਾਂ ਗਾਹਲੀਆਂ ਦੇਵੇ ਮਾਰੇ ਸਾਹਿਬ
ਇਜ਼ਤ ਬਹੁਤ ਕਮਾਲ ਦਾ ਈ ।
ਜੇ ਵਤ ਰਾਂਝਣ ਏਵੇਂ ਭਾਵੇਂ ਤਾਂ
ਉਜ਼ਰ ਕਿਆ ਹੀਰ ਸਿਆਲ ਦਾ ਈ ।
ਕਿਆ ਡਰ ਵਿਚ ਅਨ੍ਹੇੇਰ ਕੋਠੇ
ਜੇ ਉਹ ਮੁੱਖ ਦਾ ਦੀਵਾ ਬਾਲਦਾ ਈ ।
ਪਰ ਹੈਦਰ ਇਨਸ਼ਾ ਅੱਲਾ ਓਥੇ
ਖਵਾਬ ਉਰੂਸ ਮਿਸਾਲ ਦਾ ਈ ।੫।

13. ਹੇ-ਹੁਸਨ ਏਹਨਾਂ ਖੂਬਸੂਰਤਾਂ ਦਾ

ਹੇ-ਹੁਸਨ ਏਹਨਾਂ ਖੂਬਸੂਰਤਾਂ ਦਾ
ਓਸੇ ਬੇਰੰਗ ਦੀ ਚਮਕਾਰ ਦਾ ਏ।
ਦਿਸੇ ਅੱਖੀਂ ਗਲ ਪੌਸੀ ਤਾਹੀਂ
'ਲਾਤਦਰਕ ਅਲ ਅਬਸਾਰ' ਦਾ ਏ ।
ਤੈਨੂੰ ਸਾਰ ਨਹੀਂ ਕਿਆ ਪਵੇ ਸੁਣ
'ਇਨੀ ਅਨਾ ਅਲਾਹ' ਸਾਰ ਦਾ ਏ ।
ਇਸ ਠਾਠ ਤਾਕ ਦਾ ਰੂਪ ਤਾਹੀਂ
ਓਸੇ ਸੂਰਜ ਦੇ ਅਨਵਾਰ ਦਾ ਏ ।
ਕੋਹ-ਤੂਰ ਦੀ ਆਤਿਸ਼ ਭੁੱਲ ਗਈ
ਮੂਸਾ 'ਰੱਬ ਅਰਿਨੀ' ਪੁਕਾਰ ਦਾ ਏ ।
ਨਾਲ 'ਲਨਤਰਾਨੀ' ਦੀ 'ਸੋਫ ਤਰਾਨੀ'
ਮਾਰਦਾ ਏ ਦਿਲ ਤਾਰਦਾ ਏ ।
"ਖੱਰਾ ਮਸਾ ਸ' ਇਕਾ ਹੈਦਰ
ਮਸਤ ਓਸੇ ਗੁਫਤਾਰ ਦਾ ਏ ।੨।

14. ਹੇ-ਹੁਸਨ ਉਸ ਰੰਗ ਦਾ ਵੇਖ ਨਾ ਫੁੱਲ

ਹੇ-ਹੁਸਨ ਉਸ ਰੰਗ ਦਾ ਵੇਖ ਨਾ ਫੁੱਲ
ਉਸ ਬੇਰੰਗ ਯਾਰ ਜਮੀਲ ਦਾ ਈ ।
ਉਸ ਰੰਗ ਕੀਤਾ ਕਿਆ ਰੰਗ ਕੀਤਾ
ਉਹ ਗੁਲ ਚੰਬੇ ਰਾਵੀਲ ਦਾ ਈ ।
ਇਹ 'ਦਹਯਾ ਕਲਬੀ' ਵੇਖ ਨ ਭੁੱਲ
ਇਹ ਵਹੀ ਏਸ ਜਿਬਰੀਲ ਦਾ ਈ ।
ਖੁਬਸੂਰਤਾਂ ਰੰਗਾ ਰੰਗੀਨ ਹੋਵਣ
ਹੁਸਨ ਓਸੇ ਜਿਬਰੀਲ ਦਾ ਈ ।
ਕਿਆ ਇਕ ਕਤਰਾ ਮਿੱਠਾ ਲੱਗੇ
ਓਥੇ ਚਸ਼ਮਾ ਸਲਸਬੀਲ ਦਾ ਈ ।
ਇਹ ਨੀਲੀ ਫਲਕ ਭੀ ਕਤਰਾ ਹਿਕ,
ਏਸ ਦਰਿਆ ਬੇਰੰਗ ਨੀਲ ਦਾ ਈ ।
ਓਸ ਬੁਤ ਕੁਨੋਂ ਸੈ ਬਾਹੀਂ ਥੀਵਣ
ਸ਼ੋਕ ਭੀ ਹਿਕ ਮੰਦੀਲ ਦਾ ਈ ।
ਇਹ ਮੋਤੀ ਦਾਣਾ ਗੱਲ੍ਹ ਤੇ ਹੈਦਰ
ਕਤਰਾ ਬੇਰੰਗ ਤ੍ਰੇਲ ਦਾ ਈ ।੧।

ਜੀਮ

1. ਜੀਮ-ਜੱਗ ਮੰਗੇ ਤੈਨੂੰ ਸੂਰਜ ਦੀ

ਜੀਮ-ਜੱਗ ਮੰਗੇ ਤੈਨੂੰ ਸੂਰਜ ਦੀ
ਇਹ ਜ਼ੱਰਾ ਭੀ ਹਿੱਕ ਜ਼ੱਰਾ ਮੰਗੇ ।
ਸੂਰਜ ਨਾਲ ਕੀ ਜ਼ੱਰਾ ਲੱਗੇ
ਪਰ ਕਰੇ ਜੇ ਮੇਹਰ ਕਿਆ ਜ਼ੱਰਾ ਲੱਗੇ ।
ਜੇ ਜ਼ੱਰਾ ਨੂੰ ਭੀ ਸੂਰਜ ਸਾਜੇ
ਕਿਆ ਕੁਝ ਦਿਲਬਰ ਤੈਂਡੇ ਅੱਗੇ ।
ਸੂਰਜ ਹੈਦਰ ਜ਼ੱਰਾ ਭੀ ਨਾਹੀਂ
ਹੁਣ ਵਤ ਵੇਖੇਂ ਚਮਕ ਲੱਗੇ ।੨।

2. ਜੀਮ-ਜਲਵਾ ਬੇਰੰਗ ਯਾਰ ਦਾ ਸੋਹਣਾ

ਜੀਮ-ਜਲਵਾ ਬੇਰੰਗ ਯਾਰ ਦਾ ਸੋਹਣਾ
ਵਿੱਚ ਦਿਸਦਾ ਈ ਪਰ ਕਲ ਨ ਪਵੇ ।
ਉਹ ਬੇਚੂੰ ਚਗੂੰ ਨ ਦਿਸਦਾ ਈ
ਅਤੇ ਬੁੱਤਾਂ ਵਾਂਗ ਗਲ ਨ ਪਵੇ ।
ਜਿਵੇਂ ਮਿੱਠੀ ਲਾਲ ਲਬਾਂ ਦੀ ਭਾਵੇ
ਬੇਰੰਗ ਸ਼ੱਕਰ ਗਲ ਨ ਪਵੇ ।
ਦਿੱਸੇ ਸੈਕਲ ਕੀਤੇ ਬੇਜ਼ੰਗ ਤੇਗ
ਅੰਦਰ ਜੌਹਰ ਗਲ ਨ ਪਵੇ ।
ਵੱਸੇ ਬੇ ਬਹਾ ਕੀ ਬੇਸ਼ ਬਹਾਦਰ
ਹੈਦਰ ਗਲ ਨ ਪਵੇ ।੧।

3. ਜੀਮ-ਜਮਾਂ' ਆਇਆ ਸਰਪਰ ਕੱਤਣਾ ਮੈਂ

ਜੀਮ-ਜਮਾਂ' ਆਇਆ ਸਰਪਰ ਕੱਤਣਾ ਮੈਂ ।
ਅੱਜ ਰੱਖ ਦੇ ਕਿਤਾਬਾਂ ਕੇਹਾ ਕੱਤਣਾ ਮੈਂ ।
ਅੱਜ ਸਮਝਦਾ ਨ ਕੁਝ ਮੈਂ ਅੱਜ ਦੇਹ ਮੱਤ ਨ ਮੈਂ ।
ਮੀਆਂ ਦੇਹ ਚਿੱਠੀ ਮੈਨੂੰ ਆਵੇ ਕਾਈ ਭੱਤ ਨ ਮੈਂ ।
ਕਦੀ ਛੋੜ ਬੇਲੇ ਮਾਹੀ ਨਾਲ ਵਤਨਾ ਮੈਂ ।
ਕੇਹੀ ਅਬਤ ਤੇ ਕਵਾਤ ਦੇ ਸਹਾਂ ਏਡੀ ਅੱਤ ਨ ਮੈਂ ।
ਅਲੀ ਹੈਦਰ ਅਨ ਬਨ ਮੈਥੀਂ ਰਹਾਂ ਭਤ ਨ ਮੈਂ ।੯।

4. ਜੀਮ-ਜੇ ਬਾਤ ਨਬਾਤ ਕਹੀ ਮਿੱਠੀ ਸ਼ੀਰੀਂ

ਜੀਮ-ਜੇ ਬਾਤ ਨਬਾਤ ਕਹੀ ਮਿੱਠੀ ਸ਼ੀਰੀਂ
ਕਿ ਹਾਸਾ ਸਕਰ ਭੀ ਤੂੰਹੀ ਤੂੰਹੀ ।
ਜੇ ਅਬਰੂ ਕਮਾਣ ਕਿ ਪਲਕਾਂ ਤੀਰ
ਕਿ ਤੇਗ ਨਜ਼ਰ ਭੀ ਤੂੰਹੀ ਤੂੰਹੀ ।
ਜੇ ਸਰਵ ਦੇ ਕੱਦ ਕਿ ਗੁਲ ਦਾ ਰੰਗ
ਕਿ ਬੂਏ ਇਤਰ ਭੀ ਤੂੰਹੀ ਤੂੰਹੀ ।
ਜੇ ਮਿੱਸੀ ਮਿਸਵਾਕ ਕਿ ਪਾਨ ਦਾ ਬੀੜਾ
ਕਿ ਮੁਸ਼ਕ ਅਗਰ ਭੀ ਤੂੰਹੀ ਤੂੰਹੀ ।
ਜੇ ਰੁਖ਼ ਬਾਗ ਕਿ ਬੂਏ ਗੁਲਾਂ ਦੀ
ਕਿ ਖਾਲ ਭੁੰਨੜਾ ਭੀ ਤੂੰਹੀ ਤੂੰਹੀ ।
ਜੇ ਲਬ ਕੰਦ ਕਿ ਸੋਨੇ ਦੀ ਨੱਥ
ਕਿ ਲਾਲ ਗੌਹਰ ਭੀ ਤੂੰਹੀ ਤੂੰਹੀ ।
ਜੇ ਚੀਰ ਸੁਨਹਰੀ ਕਿ ਦੱਖਣੀ ਜਾਮਾ
ਜ਼ੱਰੀਂ ਕਮਰ ਭੀ ਤੂੰਹੀ ਤੂੰਹੀ ।
ਜੇ ਲੁੱਟ ਲਇਆ ਦਿਲ ਹੈਦਰ ਦਾ
ਉਸ ਸ਼ੋਖ ਪਿਸਰ ਭੀ ਤੂੰਹੀ ਤੂੰਹੀ ।੧੪।

5. ਜੀਮ-ਜੇ ਦਰਦ ਅਸਾਡੇ ਦਾ ਵਾਕਿਫ ਨਹੀਂ

ਜੀਮ-ਜੇ ਦਰਦ ਅਸਾਡੇ ਦਾ ਵਾਕਿਫ ਨਹੀਂ
ਤਾਂ ਵੇਖ ਵੇ ਨੀਂਗਰਾ ਆਰਸੀ ਨੂੰ ।
ਵੇਖਾਂ ਕਿਆ ਕੁਝ ਥੀਆ ਦਿਲ ਨੂੰ
ਕਿਆ ਕੁਝ ਆਵਸੇਂ ਬਰਸਰ ਆਰਸੀ ਨੂੰ ।
ਜੇ ਚੜ੍ਹੇਂ ਜਹਾਜ਼ੇ ਮੱਕੇ ਨੂੰ ਮੁੱਖ ਕਰੇਂ
ਸੂਰਤ ਬੰਦਰ ਆਰਸੀ ਨੂੰ ।
ਪਵੇ ਵਾਉ ਮੁਖਾਲਿਫ ਥਕਣ ਠਾਠੀਂ
ਕੜਕਣ ਕੱਪੜ ਆਰਸੀ ਨੂੰ ।
ਤਾਂ ਵੱਤ ਹਾਲ ਅਸਾਡੜਾ ਜਾਨੀ
ਘੱਤੇਂ ਲੰਗਰ ਆਰਸੀ ਨੂੰ ।
ਪਰ ਭੜਕ ਲੱਗੇ ਮਤਾਂ ਤ੍ਰਿਖੜੀ ਆਤਿਸ਼
ਵੇਖ ਨ ਦਿਲਬਰ ਆਰਸੀ ਨੂੰ ।
ਕਰ ਨ ਸਮੁੰਦਰ ਜੌਹਰ ਤਾਈਂ
ਕਰ ਨ ਉਹ ਸੁੰਦਰ ਆਰਸੀ ਨੂੰ ।
ਇਸ ਸੰਗੀਂ ਦਿਲ ਦੇ ਕਾਰਣ ਦਿਲਬਰ
ਜਗਮਗ ਨ ਕਰ ਆਰਸੀ ਨੂੰ ।
ਜੇ ਆਪ ਨੂੰ ਵੇਖੇਂ ਤਾਂ ਵਤ ਆਖੇਂ
ਸੱਚ ਓ ਹੈਦਰ ਆਰਸੀ ਨੂੰ ।੧੩।

6. ਜੀਮ-ਜੇ ਦਰਸਣ ਬਾਹਝ ਨ ਹੋਵੇ ਯਾਰੀ

ਜੀਮ-ਜੇ ਦਰਸਣ ਬਾਹਝ ਨ ਹੋਵੇ ਯਾਰੀ
ਤਾਂ ਜਿੰਦ ਦੇ ਨਾਲ ਪਿਆਰ ਕਿਆ ।
ਜੇ ਦੋਸਤ ਨਹੀਂ ਜਿਸ ਜਿੰਦ ਸਵਾਰੀ
ਤਾਂ ਜਿੰਦ ਦੇ ਨਾਲ ਪਿਆਰ ਕਿਆ ।
ਜੇ ਜਿੰਦ ਦੀ ਜਿੰਦ ਨ ਹੋਵੇ ਪਿਆਰੀ
ਤਾਂ ਜਿੰਦ ਦੇ ਨਾਲ ਪਿਆਰ ਕਿਆ ।
ਜੇ ਹੈਦਰ ਯਾਰ ਥੋਂ ਜਿੰਦ ਨ ਵਾਰੀ
ਤਾਂ ਜਿੰਦ ਦੇ ਨਾਲ ਪਿਆਰ ਕਿਆ ।੭।

7. ਜੀਮ-ਜੇ ਦਿਲ ਮੈਂਡਾ ਚਾਵਲ ਮੰਗੇ

ਜੀਮ-ਜੇ ਦਿਲ ਮੈਂਡਾ ਚਾਵਲ ਮੰਗੇ
ਤਾਂ ਸੁਰ ਮਠੇ ਪੀਰ ਚਾਵਲੇ ਨੂੰ ।
ਜੋ ਤਕ ਆਵੇ ਪਾਵੇ ਫਲ ਉਹ
ਘੱਤੇ ਖੈਰ ਉਤਾਵਲੇ ਨੂੰ ।
ਜੇ ਤੂੰ ਚਾਹੇਂ ਤਾਂ ਚਾ ਨਵਾਜ਼ੇਂ
ਸੰਦਲ ਮੌਜੀ ਬਾਵਲੇ ਨੂੰ ।
ਅਲੀ ਹੈਦਰ ਉਤੇ ਜੇ ਕਰਮ ਕਰੇਂ
ਤਾਂ ਥੀਵੇ ਸਾਰ ਸਮਾਵਲੇ ਨੂੰ ।੧੨।

8. ਜੀਮ-ਜੇ ਮੌਜ ਕਰਮ ਥੀਵੇ

ਜੀਮ-ਜੇ ਮੌਜ ਕਰਮ ਥੀਵੇ
ਮੱਥੇ ਵਲ ਨਹੀਂ ਕਿਸੇ ਵਲਣਾ ਨਹੀਂ ।
ਜੇ ਉੱਛਲ ਦਰਿਆ ਪੱਲਾ ਭਵਾਏ
ਬੇਲੀ ਵੇ ਕਿਸੇ ਥਲਣਾ ਨਹੀਂ ।
ਜੇ ਅੱਗੇ ਭਾਹ ਸਮੁੰਦਰ ਬੁੱਕਲ
ਜਲ ਵਿਚ ਪੌਸਾਂ ਮੈਂ ਹੱਲਣਾ ਨਹੀਂ ।
ਜੇ ਪੜ੍ਹ ਤਕਬੀਰ ਵਹਾਏ ਖੰਜਰ
ਪਲਕ ਨ ਝਮਕੇ ਹਲਣਾ ਨਹੀਂ ।
ਅਲੀ ਹੈਦਰ ਜੇ ਪਰਵਾਨੜਾ ਪੁੱਛੇ
ਸ਼ਮਾਂ' ਤੇ ਜਲਨਾ ਟਲਣਾ ਨਹੀਂ ।੧੦।

9. ਜੀਮ-ਜੇ ਰੰਗ ਦੇ ਖੰਡ ਤੇ ਨੈਣ ਨ ਅਟਕਣ

ਜੀਮ-ਜੇ ਰੰਗ ਦੇ ਖੰਡ ਤੇ ਨੈਣ ਨ ਅਟਕਣ
ਬੇਰੰਗ ਅੰਦਰੋਂ ਦਿਸਦਾ ਈ ।
ਜੇ ਚੁੰਨੀ ਨ ਕਰਾਂ ਅੰਨੇਰ ਤਾਂ ਉਹ
ਰੁਖਸਾਰਾ ਵਿਚੋਂ ਦਿਸਦਾ ਈ ।
ਖੋਲ ਅੱਖੀਂ ਵੇਖ ਆਤਿਸ਼ ਰੌਸ਼ਣ ਨੂੰ
ਵਤ ਨ ਜੇ ਧੂੰਆਂ ਦਿਸਦਾ ਈ ।
ਏਹਾ ਹਰਫਾਂ ਦੀ ਸੂਰਤ ਵਲ ਵਲ ਵੈਰੀ
ਨਾਹੀਂ ਤਾਂ ਮਜ਼ਮੂਨ ਦਿਸਦਾ ਈ ।
ਵਿੱਚ ਸੂਰਤ ਵੇ ਤਨ ਵੇਖਣ ਮੁਸ਼ਕਲ
ਤਾਹੀਂ ਤਾਂ ਜ਼ੈਤੂਨ ਦਿਸਦਾ ਈ ।
ਹੈਦਰ ਮਾਂ ਨੀ ਮੈਂ ਤੂੰ ਆਹੀਂ
ਸੋ ਮੈਨੂੰ ਤੈਨੂੰ ਦਿਸਦਾ ਈ ।੮।

10. ਜੀਮ-ਜੇ ਸਿਰ ਚਾਹੇ ਢੋਲਣ ਮੈਂਡਾ

ਜੀਮ-ਜੇ ਸਿਰ ਚਾਹੇ ਢੋਲਣ ਮੈਂਡਾ
ਸਰ ਅਤੇ ਸਿਰ ਦੇਵਣਾ ਏਂ ।
ਭੰਨਿਆ ਜ਼ਹਰ ਪਿਆਲਾ ਰਾਂਝਣ ਵਾਲਾ
ਅੰਬਰਸ ਕਰ ਕਰ ਪੀਵਣਾ ਏਂ ।
ਉਸ ਚਾਕ ਕੀਤਾ ਸੀਨਾ ਚਾਕ ਮੈਂਡਾ
ਭੈਣਾਂ ਚਾਕ ਨਾ ਸਿਉਣਾ ਸੀਵਣਾ ਏਂ ।
ਇਹ ਹਾਰ ਸਿੰਗਾਰ ਤੇ ਖਾਸੇ ਦਾ ਭੋਛਣ
ਓਹੋ ਦੇ ਨਾਲ ਭੇਵਣਾ ਏਂ ।
ਜੇ ਵਲਵਲ ਜੀਵਾਂ ਮੈਂ ਯਾਰ ਥੋਂ ਹੈਦਰ
ਵਲ ਵਲ ਘੋਲ ਘਤੀਵਣਾ ਏਂ ।੩।

11. ਜੀਮ-ਜੇ ਵਿਚ ਘੁੰਘਟ ਮਾਰੇ ਪਿਆਰਾ

ਜੀਮ-ਜੇ ਵਿਚ ਘੁੰਘਟ ਮਾਰੇ ਪਿਆਰਾ
ਤਾਂ ਕਰਸੀ ਘੁੰਡ ਉਤਾਰਿਆਂ ਕਿਆ ।
ਤੇਗ਼ ਵਿੱਚ ਮਿਆਨ ਦੇ ਕਰਦੇ ਦੋ ਟਕ
ਤਾਂ ਕਰਸੀ ਘੋਲਿਆਂ ਵਾਰਿਆਂ ਕਿਆ ।
ਲੇਟੇ ਵਿਚ ਨਿਹਾਲੀਆਂ ਬਿਸਮਿਲ ਏਵੇਂ
ਤਾਂ ਕਰਸੀ ਬਾਹਝ ਉਲਾਰਿਆਂ ਕਿਆ ।
ਜੇ ਚੋਲੀ ਸਹਜ ਨ ਮਾਵੇ ਘਤ
ਤਾਂ ਕਰਸੀ ਘੋਲਿਆਂ ਵਾਰਿਆਂ ਕਿਆ ।
ਜੇ ਵਟੀਆਂ ਜ਼ੁਲਫਾਂ ਕੀਤਾ ਅਨ੍ਹੇਰ
ਤਾਂ ਵਾਉ ਨਾਲ ਖਿਲਾਰਿਆਂ ਕਿਆ ।
ਜੇ ਛਣ ਛਣ ਵੈਂਦਾ ਐਂਵੇ ਦਿਲ
ਤਾਂ ਨੇਵਰ ਨੂੰ ਛਣਕਾਰਿਆਂ ਕਿਆ ।
ਜੇ ਭੀ ਐਵੇਂ ਧਰ ਰਾਣੇ ਦੇ
ਤਾਂ ਨਾਲ ਨਿਸ਼ਾਨੀਆਂ ਨਕਾਰਿਆਂ ਕਿਆ ।
ਰਲ ਸੋਹਣਿਆਂ ਵਿਚ ਮਾਰੇ ਪਿਆਰਾ
ਤਾਂ ਕਰਸੀ ਆਪ ਨਿਆਰਿਆਂ ਕਿਆ ।
ਹੈਦਰ ਪੁੱਛ ਪਿਆਰੇ ਤਾਈਂ
ਦੇ ਦੇ ਮਾਰਨ ਲਾਰਿਆਂ ਕਿਆ ।੬।

12. ਜੀਮ-ਝਬਦੇ ਕਾਤਿਲ ਮਾਰ ਨਹੀਂ

ਜੀਮ-ਝਬਦੇ ਕਾਤਿਲ ਮਾਰ ਨਹੀਂ
ਤਕ ਵੇਖਣ ਦੇਹ ਰੁਖ ਅਨਵਰ ਨੂੰ ।
ਤੈਨੂੰ ਪਲਕਾਂ ਕੱਢੀਆਂ ਤਰਿਖਿਆਂ ਦੀ ਸਹੁੰ
ਮੋੜ ਜ਼ੱਰਾ ਹਿਕ ਖੰਜਰ ਨੂੰ ।
'ਅਕਰਬ ਹਬਲ ਉਲਵਰੀਦ' ਕਰ ਪੜ੍ਹਣਾ
ਮੂੰਹ ਰਖ ਵਲ ਜਮਧਰ ਨੂੰ ।
ਪਗੜ ਨਹੀਂ ਵੇ ਲੋਟਣ ਦੇਵੀਂ
ਹਿਕ ਪਲ ਏਸ ਕਬੂਤਰ ਨੂੰ ।
ਮੈਨੂੰ ਛੋੜ ਨ ਜਾਹ ਹਿਕੱਲਿਆਂ
ਜਿੰਦੜੀ ਫੜਕਣ ਦੇਵੀਂ ਸ਼ਹਪਰ ਨੂੰ ।
ਬਿਨ ਤਕਬੀਰ ਨ ਵਾਹ ਵੇ ਕਾਨੀ
ਕਰ ਯਾਦ ਅੱਲਾ ਹੋ ਅਕਬਰ ਨੂੰ ।
ਹੋਂਦਿਆਂ ਵਸ ਨ ਰਹਸਾਂ ਸਾਥੋਂ
ਲੈ ਉਡਣਾ ਨਾਲੇ ਹੈਦਰ ਨੂੰ ।੪।

13. ਜੀਮ-ਝੜ ਮਰੀਆਂ ਝੋਕਾਂ ਝੜ ਮਰੀਆਂ

ਜੀਮ-ਝੜ ਮਰੀਆਂ ਝੋਕਾਂ ਝੜ ਮਰੀਆਂ
ਝੜ ਮਰੀਆਂ ਝੋਕਾਂ ਝੜ ਮਰੀਆਂ ।
ਦੰਦ ਭੰਨੇ ਹੱਡ ਖੋਰੇ ਹੋਏ ਪਈ
ਪੱਟ ਪੜੀਆਂ ਝੋਕਾਂ ਝੜ ਮਰੀਆਂ ।
ਖੇਰੂ ਆਣ ਲਿਬਾਸ ਵਟਾਏ ਰੰਗ ਵਟਾਏ
ਕੁੜੀਆਂ ਝੋਕਾਂ ਝੜ ਮਰੀਆਂ ।
ਸਹਜ ਮੋਏ ਸਰ ਲੀਰੇ ਹੋਏ ਜੱਟੀ
ਨੋਕਾਂ ਅੜੀਆਂ ਝੋਕਾਂ ਝੜ ਮਰੀਆਂ ।
ਨ ਉਹ ਕੱਜਲ ਮਿਸਵਾਕ ਨ ਮਹਿੰਦੀ
ਲੌਂਗਾਂ ਦੀਆਂ ਪੁੜੀਆਂ ਝੋਕਾਂ ਝੜ ਮਰੀਆਂ ।
ਸੁਕੀ ਨਾਰ ਨ ਹੋਵੇ ਸਾਵੀ ਘੱਤ ਘੱਤ ਪਾਣੀ
ਪੜੀਆਂ ਝੋਕਾਂ ਝੜ ਮਰੀਆਂ ।
ਜੇ ਰੱਜ ਖਾਉਂ ਤਾਂ ਭਾਰ ਘਨੇਰਾ ਪੇਟ ਵਿਕੇਂਦਾ
ਨੜੀਆਂ ਝੋਕਾਂ ਝੜ ਮਰੀਆਂ ।
ਖੰਘ ਖੁਰਕ ਅਤੇ ਤੜਕ ਥੜਕ ਹੁਣ ਨਾਲ ਮਹੀਂ ਦੇ
ਜੜੀਆਂ ਝੋਕਾਂ ਝੜ ਮਰੀਆਂ ।
ਤਾਰੇ ਗਿਣਦਿਆਂ ਰੈਣ ਵਿਹਾਣੀ
ਅੱਖੀਂ ਮੂਲ ਨ ਜੁੜੀਆਂ ਝੋਕਾਂ ਝੜ ਮਰੀਆਂ ।
ਇਹ ਦਿਲ ਚਾਹੇ ਮਜਲਸ ਕੀਜੇ ਹੁਣ
ਨ ਦੇਵਣ ਕੁੜੀਆਂ ਝੋਕਾਂ ਝੜ ਮਰੀਆਂ ।
ਹੈਦਰ ਬੋਲਿਆ ਕਿਸੇ ਨਾ ਭਾਵੇ
ਨ ਕਰ ਗੱਲਾਂ ਲੜੀਆਂ ਝੋਕਾਂ ਝੜ ਮਰੀਆਂ ।੧੧।

14. ਜੀਮ-ਜਿਸ ਕੀਤਾ ਸੀਨਾ ਚਾਕ ਮੈਂਡਾ

ਜੀਮ-ਜਿਸ ਕੀਤਾ ਸੀਨਾ ਚਾਕ ਮੈਂਡਾ
ਵਿਚ ਚਾਕ ਦੇ ਪਾਇਆ ਚਾਕੋਇਆ ਮੈਂ ।
ਸਾਹ ਲਇਆਈ ਪਈ ਜ਼ੁਲਫ ਸਿਆਹ
ਦਮ ਮਾਰਦਾ ਸੀ ਸਾਰਕੋਇਆ ਮੈਂ ।
ਸਾਹ ਮੈਂਡਾ ਸਾਹ ਯਾਰ ਦਾ ਈ
ਮੈਂ ਜਲ ਜਲ ਪਈ ਤੰਮਾਕੋਇਆ ਮੈਂ ।
ਉਹ ਸੂਰਜ ਮੈਂ ਵਿੱਚ ਠਾਠ ਮਰੇਂਦਾ
ਹੈਦਰ ਤੋੜੇ ਰਤਾਕੋਇਆ ਮੈਂ ।੫।

15. ਜੀਮ-ਜਿਵੇਂ ਸੋਹਣਿਆਂ ਹੱਥ ਸੋਂਹਦਾ ਕਰਮ

ਜੀਮ-ਜਿਵੇਂ ਸੋਹਣਿਆਂ ਹੱਥ ਸੋਂਹਦਾ ਕਰਮ
ਏਵੇਂ ਖਵੇਂਦੀ ਤੇਗ ਭੀ ਹੱਥ ਸੋਹੇ ।
ਚੜ੍ਹਦਾ ਬਾਦਲ ਵਸਦਾ ਮੋਤੀ ਨਾਲੇ
ਬਿਜਲੀ ਖਵੇਂਦੀ ਭੀ ਵੱਤ ਸੋਹੇ ।
ਇਸ ਲਬ ਤੇ ਪਾਨ ਦਾ ਰੰਗ ਸੋਹੇ
ਮੂੰਹ ਤੇਗ ਤੇ ਮੈਂਡੜੀ ਰੱਤ ਸੋਹੇ ।
ਜੇ ਗੁੱਝੜਾ ਹਾਸਾ ਨੁਕਤੇ ਮੱਥੇ
ਵਲ ਜਲੇਬੀ ਮੱਤ ਸੋਹੇ ।
ਜੇ ਖੁਲਕ ਸਜਣ ਦਾ ਬਹੁਤ ਅਜਾਇਬ
ਸ਼ੋਖੀ ਭੀ ਅਚਰਜ ਦਸਤ ਸੋਹੇ ।
ਜੇ ਜ਼ੁਲਫ ਕਰੇਂਦੀ ਕੈਦ ਦਿਲੀਂ
ਵਤ ਸ਼ਾਹਾਂ ਨੂੰ ਬੰਦੋਬਸਤ ਸੋਹੇ ।
ਉਹ ਖਾਲ ਸਿਆਹ ਹਲਾਲ ਥੀਆ
ਜੇ ਕੌਸਰ ਵਾਂਗਰ ਨੱਥ ਸੋਹੇ ।
ਨਬੀ ਮੂਸਾ ਦੇ ਹੱਥ ਨਾਗ ਅਸਾਂ ਭੀ
ਜੇ ਵਤ ਬੈਜ਼ਾ ਦਸਤ ਸੋਹੇ ।
ਓਥੇ ਬਾਗ ਬਹਿਸ਼ਤ ਜੇ ਸੋਂਹਦਾ ਹੈਦਰ
ਭੜਕਦੀ ਭਾਹ ਭੀ ਅਤ ਸੋਹੇ ।੧੫।

ਖ਼ੇ

1. ਖ਼ੇ-ਖ਼ੂਬੀ ਬੇਰੰਗ ਯਾਰ ਲਤੀਫ ਦੀ

ਖ਼ੇ-ਖ਼ੂਬੀ ਬੇਰੰਗ ਯਾਰ ਲਤੀਫ ਦੀ
ਇਹਨਾਂ ਸੋਹਣਿਆਂ ਦੇ ਵਿੱਚ ਰੰਗ ਕਰੇ ।
ਸ਼ਾਹਦ ਮੁਤਲਕ ਬੇਹੱਦ ਤੋਂ
ਇਹ ਜਾਮਾ ਰੰਗ ਦਾ ਤੰਗ ਕਰੇ ।
ਮੈਂ ਫੁੱਟ ਪਈ ਉਹ ਬਹ ਬਹ ਭਾਹ
ਕਿਉਂ ਦੀਦ ਮੈਂਡੀ ਕੁਨੋਂ ਸੰਗ ਕਰੇ ।
ਸੋ ਸੜ ਨ ਪਵੇ ਪਰਾਵਾਹ ਘੋਲਿਆ
ਸ਼ਮਾ ਜੇ ਏਸ ਥੋਂ ਸੰਗ ਕਰੇ ।
ਕਿਉਂ ਫਾਨੂਸ ਦਾ ਬਰਕਾ ਫੇਰੇ
ਸਕਦਾ ਚਾ ਪਤੰਗ ਕਰੇ ।
ਹੋਵੇ ਤੇਗ ਦੀ ਬੇਰੰਗ ਆਬ ਰਤੀ
ਮੈਂਡੇ ਜ਼ਖਮ ਕੁਨੋਂ ਰੰਗ ਰੰਗ ਕਰੇ ।
ਹਾਲ ਵੇ ਹੈਦਰ ਬਾਹੁੜੀਂ ਆ ਪੁੱਛ
ਵਾਸਤਾ ਕਿਆ ਕੋਈ ਜੰਗ ਕਰੇ ।੩।

2. ਖ਼ੇ-ਖ਼ੂਬੀ ਗਾਲ ਲਤੀਫ ਘੁੰਘਟ ਥੋਂ ਵੇ

ਖ਼ੇ-ਖ਼ੂਬੀ ਗਾਲ ਲਤੀਫ ਘੁੰਘਟ ਥੋਂ ਵੇ
ਛਮ ਛਮਕਾਰੇ ਭੀ ਤੂੰਹੀਂ ਤੂੰਹੀਂ ।
ਕਦੀ ਛਿਕ ਛਿਕ ਦਰਿਆ ਘੁੰਘਟ ਢਾਂਦਾ
ਠਾਠੀਂ ਮਾਰੇ ਭੀ ਤੂੰਹੀਂ ਤੂੰਹੀਂ ।
ਜੇ ਕਰ ਬਹਾਰ ਭੀ ਘੁੰਘਟ ਹੋਕਦਾ
ਘੁੰਡ ਉਤਾਰੇ ਭੀ ਤੂੰਹੀਂ ਤੂੰਹੀਂ ।
ਜੇ ਸੈ ਠਾਠੀਂ ਭੀ ਘੁੰਡ ਕਰੇ
ਭੁੰਬ ਨਜ਼ਾਰੇ ਭੀ ਤੂੰਹੀਂ ਤੂੰਹੀਂ ।
ਜੇ ਕਰੇ ਖਰਾਬ ਹਬਾਬ ਨੂੰ ਦਰਿਆ
ਫੇਰ ਸੰਵਾਰੇ ਭੀ ਤੂੰਹੀਂ ਤੂੰਹੀਂ ।
ਕਈ ਯੁਗ ਵਿਹਾਣੀਆਂ ਮਿਰਜ਼ੇ ਯਾਰੀਆਂ
ਇਸ਼ਕ ਦੇ ਨਾ'ਰੇ ਭੀ ਤੂੰਹੀਂ ਤੂੰਹੀਂ ।
ਮਿਰਜ਼ਾ ਯਾਰ ਰੱਬ ਨਾ ਮਾਰੀਂ
ਸਾਹਿਬਾਂ ਖੜੀ ਪੁਕਾਰੇ ਭੀ ਤੂੰਹੀਂ ਤੂੰਹੀਂ ।
ਹੈਦਰ ਬਾਦਲ ਦੇ ਵਿੱਚ
ਬਿਜਲੀ ਦੇ ਲਿਸ਼ਕਾਰੇ ਭੀ ਤੂੰਹੀਂ ਤੂੰਹੀਂ ।੨।

3. ਖ਼ੇ-ਖ਼ੂਬੀ ਇਨ੍ਹਾਂ ਖ਼ੂਬਸੂਰਤਾਂ ਦੀ

ਖ਼ੇ-ਖ਼ੂਬੀ ਇਨ੍ਹਾਂ ਖ਼ੂਬਸੂਰਤਾਂ ਦੀ
ਚਮਕਾਰੜਾ ਬੇਰੰਗ ਵਾਲੜਾ ਈ ।
ਇਹ ਹੁਸਨ ਜਮਾਲ ਭੀ ਬੇਰੰਗ ਦਾ
ਇਹ ਰੰਗ ਦਾ ਐਵੇਂ ਵਿਖਾਲੜਾ ਈ ।
ਰੰਗ ਨਹੀਂ ਉਸ ਆਬ ਸਫਾ ਦਾ
ਰੰਗ ਐਵੇਂ ਪਿਆਲੜਾ ਈ ।
ਨਕਸ਼ ਨਹੀਂ ਉਤੇ ਨੂਰ ਚਰਾਗ ਦੇ
ਚੜ੍ਹਿਆ ਏਹੋ ਜਾਲੜਾ ਈ ।
ਤਾਰ ਦੀ ਤੇਗਾਂ ਦੀ ਬੇਰੰਗ ਆਬ ਇਹ
ਰੰਗ ਦਾ ਪਾਣੀ ਹਥਾਲੜਾ ਈ ।
ਅਲੀ ਹੈਦਰ ਪੀਂਦਾ ਈ ਸਾਫ ਸ਼ਰਾਬ
ਇਹਨਾਂ ਅੱਖੀਆਂ ਦਾ ਮਤਵਾਲੜਾ ਈ ।੫।

4. ਖ਼ੇ-ਖ਼ੂਬੀ ਇਨ੍ਹਾਂ ਖ਼ੂਬਸੂਰਤਾਂ ਦੀ ਭੀ

ਖ਼ੇ-ਖ਼ੂਬੀ ਇਨ੍ਹਾਂ ਖ਼ੂਬਸੂਰਤਾਂ ਦੀ ਭੀ
ਖ਼ੂਬੀ ਓਸੇ ਦਿਲਦਾਰ ਦੀ ਏ ।
ਬੇਚੂੰ-ਚਗੂਨ ਜ਼ੁਲਫਾਂ ਦੀ ਇਹ
ਖ਼ੂਬੀ ਜਹਾਨ ਇਕ ਤਾਰ ਦੀ ਏ ।
ਉਸ ਆਬ ਨ ਰੰਗ ਤੇ ਖ਼ੂਬੀਆਂ ਰੰਗੀਨ
ਇਹ ਭੀ ਖ਼ੂਬੀ ਯਾਰ ਦੀ ਏ ।
ਓਹੋ ਬੇਰੰਗ ਠਾਠ ਤੇ ਰੰਗੀਨ ਠਾਠ ਭੀ
ਬੇਰੰਗ ਦੇ ਕਾਰ ਦੀ ਏ ।
ਜਿਵੇਂ ਬੂ ਗੁਲਾਂ ਦੀ ਤੇ ਰੰਗ ਗੁਲਾਂ ਦਾ ਭੀ
ਖ਼ੂਬੀ ਜੋਸ਼ ਬਹਾਰ ਦੀ ਏ ।
ਯਾ ਬੇਚੂੰ ਹਾਰ ਸਿੰਗਾਰ ਦੀ ਏ
ਯਾ ਬੇਚੂੰ ਲਾਲਾਂ ਦੇ ਹਾਰ ਦੀ ਏ ।
ਯਾ ਤੇਗ ਦੀ ਬੇਰੰਗ ਆਪ ਆਖੀਂਦਾ
ਖ਼ੂਨ ਦੀਆਂ ਮੌਜਾਂ ਮਾਰ ਦੀ ਏ ।
ਯਾ ਵਤ ਬੇਚੂੰਨੋਂ ਚੂੰ ਚਗੂਨਗੀ
ਨਿਰਖ ਅਤੇ ਖਰੀਦਾਰ ਦੀ ਏ ।
ਯਾ ਬੇਰੰਗ ਹੈਦਰ ਰੰਗ ਕਰੇ
ਕਿਆ ਗਰਮੀ ਏਸ ਬਾਜ਼ਾਰ ਦੀ ਏ ।੬।

5. ਖ਼ੇ-ਖ਼ੂਬੀ ਯਾਰ ਦੀ ਰੰਗਾ ਰੰਗ

ਖ਼ੇ-ਖ਼ੂਬੀ ਯਾਰ ਦੀ ਰੰਗਾ ਰੰਗ
ਇਹਨਾਂ ਖੂਬਾਂ ਦੇ ਤਨ ਰੰਗ ਨਹੀਂ ।
ਓਸੇ ਛਣ ਛਣ ਚੂੜੇ ਸੁਨਹਰੀ ਦੀ
ਹੱਥ ਉਨ੍ਹਾਂ ਦੇ ਹਿਕ ਵੰਗ ਨਹੀਂ ।
ਬਾਜ਼ੂ ਬਾਜ਼ੂਬੰਦ ਕੀਤੇ ਬਾਂਹ ਦਿੱਤੀ
ਨੱਕ ਹਥੀਂ ਬਿਨ ਤੰਗ ਨਹੀਂ ।
ਮੈਨੂੰ ਤਖਤ ਹਜ਼ਾਰੇ ਗਾਰੇ ਤਖਤੀ
ਰੰਗਪੁਰ ਦਾ ਹਿਕ ਅੰਗ ਨਹੀਂ ।
ਇਹ ਮਾਲਾ ਕੀ ਮਾਲਾ ਖੋਹ ਘੱਤਾਂ
ਮੈਨੂੰ ਖੇੜਿਆਂ ਦਾ ਵਤ ਸੰਗ ਨਹੀਂ ।
ਮੈਂ ਵੈਸਾਂ ਜੁਮੇ ਦੇ ਮੇਲੇ
ਮਿਲਸਾਂ ਯਾਰ ਨੂੰ ਓਥੇ ਸੰਗ ਨਹੀਂ ।
ਜੇ ਵਤ ਸੰਗਾਂ ਖਲਵਤ ਮੰਗਾਂ
ਕਿਉਂ ਮੀਆਂ ਨਿਜ਼ਾਮ ਦਾ ਝੰਗ ਨਹੀਂ ।
ਓਥੇ ਗੁਰੂ ਚਬੂਤਰਾ ਹਾਕਮ ਦੀ ਜਾਉ
ਰਹ ਵੇ ਨੀਂਗਰਾ ਝੰਗ ਨਹੀਂ ।
ਰਹ ਵੇ ਹੈਦਰ ਛੱਡ ਇਹ ਗੱਲੀਂ
ਜੇ ਤੂੰ ਪੀਤੀ ਭੰਗ ਨਹੀਂ ।੧।

6. ਖ਼ੇ-ਖ਼ੂਨ ਥੀਆ ਫਰਹਾਦ ਨੀ ਭੈਣਾਂ

ਖ਼ੇ-ਖ਼ੂਨ ਥੀਆ ਫਰਹਾਦ ਨੀ ਭੈਣਾਂ
ਇਹ ਭੀ ਸ਼ੀਰੀਂ ਦੰਗ ਕੀਤਾ ।
ਪੁਖਤੇ ਮੇਵੇ ਰੰਗ ਵਟਾਇਆ
ਇਹ ਭੀ ਸ਼ੀਰੀਂ ਰੰਗ ਕੀਤਾ ।
ਸੂਹਾ ਬਾਈਆਂ ਮਿਰਚੇ ਤਾਈਂ
ਕਪ ਲਵੀਰਾਂ ਰੰਗ ਕੀਤਾ ।
ਚੜ੍ਹਕੇ ਕਪੜੇ ਨੌਸ਼ਹ ਵਾਲੇ
ਮਾਰ ਕੇ ਤੀਰੀਂ ਰੰਗ ਕੀਤਾ ।
ਹੈਦਰ ਯਾਰ ਦੀ ਬਾਤ ਨਬਾਤੀ
ਜਿਸ ਇਹ ਸਭ ਰੰਗ ਕੀਤਾ ।੭।

7. ਖ਼ੇ-ਖ਼ੁਸ਼ੀ ਜੁਮੇ ਦੀ ਛੁੱਟੀ

ਖ਼ੇ-ਖ਼ੁਸ਼ੀ ਜੁਮੇ ਦੀ ਛੁੱਟੀ
ਕੰਮ ਅਖੀਰ ਅਸਾਂ ਕਰਣਾ ।
ਓਸ ਬੇਲੀ ਨਾਲ ਬੇਲੇ ਅੰਦਰ
ਅੱਜ ਸੈਰ ਅਸਾਂ ਕਰਣਾ ।
ਸਿਰ ਪੀਰ ਅਸਾਂ ਕਰਣਾ
ਸਰ ਪਰ ਅਸਾਂ ਕਰਣਾ ।
ਕਰ ਉਸ ਦਾ ਬਹਾਨਾ ਹੈਦਰ
ਨਾਹੀਂ ਗ਼ੈਰ ਅਸਾਂ ਕਰਣਾ ।੪।

8. ਖ਼ੇ-ਖ਼ੁਸ਼ੀ ਵੱਸੇ ਉਹ ਦੇਸ ਰਾਵੀ

ਖ਼ੇ-ਖ਼ੁਸ਼ੀ ਵੱਸੇ ਉਹ ਦੇਸ ਰਾਵੀ
ਜਿੱਥੇ ਵਸਦੀਆਂ ਕੁਲ ਕਵਾਰੀਆਂ ਨੇ ।
ਘੜਾ ਘਿੰਨ ਕੇ ਢਾਕਾਂ ਤੇ ਚਾੜ੍ਹਣ
ਉਹ ਤਾਂ ਦੋ ਨੈਣਾਂ ਦੀਆਂ ਮਾਰੀਆਂ ਨੇ ।
ਵੰਜ ਵੰਜ ਵੇ ਨੀਂਗਰਾ ਛੇੜ ਨਾਹੀਂ
ਮਤਾਂ ਆਵਣ ਅਸਾਡੀਆਂ ਵਾਰੀਆਂ ਨੇ ।
ਓੜਕ ਇਸ਼ਕ ਕੁਨੋਂ ਅਲੀ ਹੈਦਰ ਕੀ ਹਾਸਲ
ਜੈਂ ਜਿੱਤੀਆਂ ਬਾਜ਼ੀਆਂ ਹਾਰੀਆਂ ਨੇ ।੮।

ਲਾਮ

1. ਲਾਮ-ਲੱਗੀਆਂ ਅੱਖੀਆਂ ਰਹਣ ਨਾਹੀਂ

ਲਾਮ-ਲੱਗੀਆਂ ਅੱਖੀਆਂ ਰਹਣ ਨਾਹੀਂ
ਕਿਸੇ ਸ਼ਹਰ ਮਹਬੂਬ ਦੇ ਵੱਸੀਏ ਜੀ ।
ਉਹ ਜਗ੍ਹਾ ਕਿਹੜੀ ਜਿਥੇ ਇਸ਼ਕ ਨਾਹੀਂ
ਦੁਨੀਆਂ ਛੋੜ ਕਿਤੇ ਵਲ ਨੱਸੀਏ ਜੀ ।
ਕੱਚੀ ਨਾਰ ਦੇ ਨਾਲ ਨ ਨੇਹੁੰ ਲਾਈਏ,
ਹੋਛੇ ਯਾਰ ਦੇ ਨਾਲ ਨ ਹੱਸੀਏ ਜੀ ।
ਦਿਲ ਵਿੱਚ ਖੋਟ ਰਹੇ ਮੂੰਹੋਂ ਹੱਸ ਬੋਲੇ
ਕੱਚੇ ਯਾਰ ਨੂੰ ਭੇਤ ਨ ਦੱਸੀਏ ਜੀ ।
ਅਲੀ ਹੈਦਰ ਮੀਆਂ ਦਿਲ ਹਿੱਕ ਹੋਵੇ,
ਭਾਵੇਂ ਸੌ ਕੋਹਾਂ ਉੱਤੇ ਵੱਸੀਏ ਜੀ ।੧।

2. ਲਾਮ-ਲਾਹ ਦੋਪੱਟਾ ਮਜ਼ਾਜ ਵਾਲਾ

ਲਾਮ-ਲਾਹ ਦੋਪੱਟਾ ਮਜ਼ਾਜ ਵਾਲਾ
ਹਿਕ ਵਾਰ ਦੀਦਾਰ ਵਿਖਾ ਗਇਆ ।
'ਫਲਮਾ ਤਜੱਲਾ' ਦਾ ਜਲਵਾ ਦੇ ਕੇ
ਤੂਰ ਪਹਾੜ ਜਲਾ ਗਇਆ ।
ਪਹਲੇ ਲਨਤਰਾਨੀ ਫਿਰ ਸੌਫ ਤਰਾਨੀ
'ਇਨੀ ਅਨਾ ਅੱਲਾ ਹੂ' ਕਹਾ ਗਇਆ ।
'ਖੱਰਾ ਮੂਸਾ ਸਇਕਾ' ਵੇ ਹੈਦਰ,
ਨੀ ਉਹ ਮਸਤ ਬੇਹੋਸ਼ ਭੁਲਾ ਗਇਆ ।੩।

3. ਲਾਮ-ਲਿਖ ਕਲਮ ਕਾਈ ਗੱਲ ਪ੍ਰੇਮ ਦੀ

ਲਾਮ-ਲਿਖ ਕਲਮ ਕਾਈ ਗੱਲ ਪ੍ਰੇਮ ਦੀ
ਜੇ ਉਸ ਦਰਬਾਰ ਕਬੂਲ ਪਵੇ ।
ਵਿੱਚ ਏਸੇ ਰਾਹ ਦੇ ਸਿਰ ਦੇ ਪਰਨੇ
ਕਰ ਰਫਤਾਰ ਕਬੂਲ ਪਵੇ ।
ਸਿਰ ਦਾ ਲਿਖਿਆ ਮਿਟਦਾ ਨਾਹੀਂ
ਸਿਰ ਨਾਲ ਚਤਰਾਰ ਕਬੂਲ ਪਵੇ ।
ਮੂੰਹ ਮੋੜ ਨਹੀਂ ਉਸ ਰਾਹ ਕੁਨੋਂ
ਸਿਰ ਤੇ ਝੱਲ ਤਲਵਾਰ ਕਬੂਲ ਪਵੇ ।
ਦਹੀ ਸੁਰਮਾ ਚੱਕੀ ਪਲਕ ਦੀ ਨੋਕੋਂ
ਰੂਪਕਾਰ ਕਬੂਲ ਪਵੇ ।
ਪਰ ਦਰਦ ਅਸਾਡਾ ਲਿਖ ਚਪਾਤੀਆਂ
ਥਮ ਚਰਕਾਰ ਕਬੂਲ ਪਵੇ ।
ਮਤ ਕਲ ਮਾਨੀ ਥੀਵਨ ਅੱਖਰ
ਕਰ ਨ ਅੰਧਾਰ ਕਬੂਲ ਪਵੇ ।
ਗਾਲ ਨ ਅੱਖਰ ਮਾਨੀ ਦਾਨਾ
ਘੰਡ ਉਤਾਰ ਕਬੂਲ ਪਵੇ ।
ਲਿਖ ਕਿਤਾ' ਮਕੱਤਾ' ਨ ਕਰ ਵੇ ਜ਼ਾਲਿਮ
ਕੁਤ ਨ ਮਾਰ ਕਬੂਲ ਪਵੇ ।
ਤੈਂਡੇ ਨਾਮ ਬਿਨਾ ਕਿਆ ਲਾਇਕ ਮੈਂਥੇ
ਉਸ ਦਰਬਾਰ ਕਬੂਲ ਪਵੇ ।
ਇਹ ਜਿੰਦੜੀ ਬੇਕਾਰ ਜਿਹੀ ਮੇਰੀ
ਜੇ ਇਸ ਦਰਬਾਰ ਕਬੂਲ ਪਵੇ ।
ਸਿਰ ਸਦਕੜੇ ਤੇ ਕੁਰਬਾਨ ਵੇ ਹੈਦਰ,
ਘੱਤਾਂ ਵਾਰ ਕਬੂਲ ਪਵੇ ।੨।

  • Next (Meem,Noon,Qaaf,Re,Se,Seen,Sheen,Suad,Te,Vao,Ye,Zaal,Ze)