Dr. Lakhwinder Singh Gill
ਡਾ. ਲਖਵਿੰਦਰ ਸਿੰਘ ਗਿੱਲ

ਅੰਗਰੇਜ਼ੀ ਸਾਹਿੱਤ ਅਧਿਆਪਨ ਨੂੰ ਪਰਣਾਏ ਪੰਜਾਬੀ ਕਵੀ ਡਾ. ਲਖਵਿੰਦਰ ਸਿੰਘ ਗਿੱਲ ਦਾ ਜਨਮ ਪਿੰਡ ਗਿੱਲਾਂਵਾਲੀ ਨੇੜੇ ਧਿਆਨਪੁਰ ( ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ)ਵਿਖੇ ਸਰਦਾਰ ਗੁਰਬਖ਼ਸ਼ ਸਿੰਘ ਗਿੱਲ ਦੇ ਘਰ ਮਾਤਾ ਜੀ ਸਰਦਾਰਨੀ ਹੰਸ ਕੌਰ ਦੀ ਕੁੱਖੋਂ 2 ਅਪ੍ਰੈਲ 1961 ਨੂੰ ਹੋਇਆ। ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕਰਕੇ ਹਾਈ ਸਕੂਲ ਸਿੱਖਿਆ ਸ਼੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ ਚੋਂ 1977 ਚ ਦਸਵੀਂ ਪਾਸ ਕੀਤੀ। ਪਿੰਡ ਦੇ ਹੀ ਸਿੱਖਿਆ ਸ਼ਾਸਤਰੀ ਗਿਆਨੀ ਜਸਵੰਤ ਸਿੰਘ ਗਿੱਲ ਕੋਲੋਂ ਸਾਹਿਤਕ ਪੁਸਤਕਾਂ ਪੜ੍ਹਨ ਦੀ ਚੇਟਕ ਲੱਗੀ। ਪੰਜਾਬੀ ਸਾਹਿੱਤ ਸਭਾ ਧਿਆਨਪੁਰ ਦੀਆਂ ਸਾਹਿੱਤਕ ਸਰਗਰਮੀਆਂ ਨੇ ਸਾਹਿੱਤਕ ਚਿਣਗ ਹੋਰ ਤੇਜ਼ ਕੀਤੀ। ਸਕੂਲ ਅਧਿਆਪਕ ਗਿਆਨੀ ਗੁਰਦਿਆਲ ਸਿੰਘ ਮੰਮਣ ਦੀ ਸਿੱਖਿਆ ਵਿਧੀ ਨੇ ਇਹ ਸਾਹਿੱਤਕ ਜੜ੍ਹਾਂ ਹੋਰ ਪਰਪੱਕ ਕੀਤੀਆਂ। ਲਖਵਿੰਦਰ ਨੇ ਗੌਰਮਿੰਟ ਗੁਰੂ ਨਾਨਕ ਕਾਲਿਜ ਕਾਲਾ ਅਫ਼ਗਾਨਾ ਤੋਂ ਪ੍ਰੀ ਯੂਨੀਵਰਸਿਟੀ ਤੇ ਡੀ ਏ ਵੀ ਕਾਲਿਜ ਬਟਾਲਾ ਤੋਂ ਗਰੈਜੂਏਸ਼ਨ ਕੀਤੀ। ਐੱਮ ਏ ਅੰਗਰੇਜ਼ੀ ਤੇ ਡਾਕਟਰੇਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਰਕੇ ਪੰਜਾਬ ਦੇ ਉਚੇਰੀ ਸਿੱਖਿਆ ਵਿਭਾਗ ਚ ਲੈਕਚਰਰ ਲੱਗ ਗਏ। ਗੁਰੂ ਨਾਨਕ ਕਾਲਿਜ ਬਟਾਲਾ, ਗੌਰਮਿੰਟ ਗੁਰੂ ਨਾਨਕ ਕਾਲਿਜ ਕਾਲਾ ਅਫਗਾਨਾ, ਗੌਰਮਿੰਟ ਕਾਲਿਜ ਤਰਨਤਾਰਨ ਤੇ ਮਾਤਾ ਸਰੂਪ ਰਾਣੀ ਗੌਰਮਿੰਟ ਮਹਿਲਾ ਕਾਲਿਜ ਅੰਮ੍ਰਿਤਸਰ ਵਿੱਚ ਲੰਮਾ ਸਮਾਂ ਪੜ੍ਹਾਇਆ। ਇਥੋਂ ਹੀ ਆਪ ਇਸੇ ਸਾਲ ਡਿਪਟੀ ਡਾਇਰੈਕਟਰ(ਕਾਲਿਜਜ਼) ਬਣ ਕੇ ਚੰਡੀਗੜ੍ਹ ਚਲੇ ਗਏ। ਡਿਪਟੀ ਡੀ ਪੀ ਆਈ (ਕਾਲਿਜਜ਼ )ਵਜੋਂ ਅਪਰੈਲ 2020 ਚ ਹੀ ਸੇਵਾ ਮੁਕਤ ਹੋਏ ਹਨ। ਡਾ. ਲਖਵਿੰਦਰ ਸਿੰਘ ਗਿੱਲ ਦੀ ਜੀਵਨ ਸਾਥਣ ਡਾ. ਕੰਵਲਪ੍ਰੀਤ ਗਿੱਲ ਐੱਮ ਡੀ ਡਾਕਟਰ ਹਨ ਅਤੇ ਗੁਰੂ ਰਾਮ ਦਾਸ ਮੈਡੀਕਲ ਕਾਲਿਜ ਅੰਮ੍ਰਿਤਸਰ ਵਿਖੇ ਪ੍ਰੋਫੈਸਰ ਹਨ। ਬੇਟਾ ਅਨਹਦ ਪ੍ਰੀਤ ਸਿੰਘ ਗਿੱਲ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿੱਚ ਪੜ੍ਹ ਕੇ ਸੌਫਟਵੇਅਰ ਇੰਜਨੀਅਰ ਵਜੋਂ ਕਾਰਜਸ਼ੀਲ ਹੈ। 190 ਡਾਇਮੰਡ ਐਵੇਨਿਊ ਮਜੀਠਾ ਰੋਡ ਅੰਮ੍ਰਿਤਸਰ ਚ ਵੱਸਦੇ ਡਾ. ਲਖਵਿੰਦਰ ਸਿੰਘ ਗਿੱਲ ਦੀ ਇਕਲੌਤੀ ਕਾਵਿ ਪੁਸਤਕ ਦਾ ਨਾਮ ਤੂੰ ਕਿਉਂ ਨਹੀਂ ਬੋਲਦਾ? ਹੈ। ਸਾਹਿੱਤ ਸਿਰਜਣਾ ਨਿਰੰਤਰ ਜਾਰੀ ਹੈ।

ਡਾ. ਲਖਵਿੰਦਰ ਸਿੰਘ ਗਿੱਲ ਨੇ ਪੀ ਐੱਚ ਡੀ ਗਿਰੀਸ਼ ਕਰਨਾਡ ਦੇ ਨਾਟਕਾਂ ਤੇ ਡਾ: ਤੇਜਵੰਤ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ। Ph. D topic : Tradition and Modernity in Girish Karnad’s plays Books: 1.Girish Karnad as a Playwright, 2.Girish Karnad’s Hayavadana: A Critical Study, 3 Critical Reflections in Indian Literature.( ed), Papers published in Indian Sahitya Academy’ s Journal ‘Indian Literature’, The commonwealth Review, Indo Canadian Literature and other such international Journals.

ਮੈਨੂੰ ਮਾਣ ਹੈ ਕਿ ਮੇਰੇ ਵਾਲੇ ਸਕੂਲ ਧਿਆਨਪੁਰ ਤੇ ਕਾਲਾ ਅਫਗਾਨਾ ਕਾਲਿਜ ਦੇ ਪੜ੍ਹੇ ਡਾ. ਲਖਵਿੰਦਰ ਸਿੰਘ ਗਿੱਲ ਨੇ ਸਾਹਿੱਤ ਸਿਰਜਣਾ ਤੇ ਸਿੱਖਿਆ ਪ੍ਰਬੰਧਨ ਵਿੱਚ ਬੁਲੰਦੀਆਂ ਛੋਹੀਆਂ ਹਨ।-ਗੁਰਭਜਨ ਗਿੱਲ