Dr Diwan Singh Kalepani ਡਾਕਟਰ ਦੀਵਾਨ ਸਿੰਘ ਕਾਲੇਪਾਣੀ

ਡਾਕਟਰ ਦੀਵਾਨ ਸਿੰਘ ਕਾਲੇਪਾਣੀ (੨੨ ਮਈ ੧੮੯੭ -੧੩,੧੪ ਜਨਵਰੀ ੧੯੪੪) ਦਾ ਜਨਮ ਪਿੰਡ ਘਲੋਟੀਆਂ ਖੁਰਦ ਜ਼ਿਲਾ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ । ਉਨ੍ਹਾਂ ਨੂੰ ਜਪਾਨੀਆਂ ਨੇ ਬੜੇ ਅਕਹਿ ਤੇ ਅਸਹਿ ਤਸੀਹੇ ਦੇ ਕੇ ਅੰਡੇਮਾਨ (ਕਾਲਾਪਾਣੀ) ਦੀ ਸੈਲੂਲਰ ਜ਼ੇਲ ਵਿੱਚ ਸ਼ਹੀਦ ਕਰ ਦਿੱਤਾ ।ਉਹ ਫੌਜ ਵਿੱਚ ਡਾਕਟਰ ਸਨ ।ਉਹ ਲੋਕ ਭਲਾਈ ਚਾਹੁਣ ਵਾਲੇ ਅਤੇ ਆਪਣੇ ਵਿਚਾਰਾਂ ਤੇ ਅਡਿੱਗ ਰਹਿਣ ਵਾਲੇ ਇਨਸਾਨ ਸਨ ।ਉਨ੍ਹਾਂ ਦਾ ਕਾਵਿ ਸੰਗ੍ਰਹਿ ਵਗਦੇ ਪਾਣੀ ੧੯੩੮ ਵਿੱਚ ਛਪਿਆ। ਉਨ੍ਹਾਂ ਦੇ ਦੋ ਹੋਰ ਕਾਵਿ ਸੰਗ੍ਰਹਿ ਅੰਤਿਮ ਲਹਿਰਾਂ ਅਤੇ ਮਲ੍ਹਿਆਂ ਦੇ ਬੇਰ ਉਨ੍ਹਾਂ ਦੀ ਮੌਤ ਤੋਂ ਬਾਦ ਛਪੇ ਹਨ ।ਉਨ੍ਹਾਂ ਦੀ ਵਿਗਿਆਨਿਕ ਸੋਚ, ਮਨੁੱਖੀ ਮਨੋਵਿਗਿਆਨ ਦੀ ਸੂਝ, ਲੋਕਾਂ ਲਈ ਕੁਝ ਕਰਦੇ ਰਹਿਣ ਦੀ ਤਾਂਘ, ਆਜ਼ਾਦੀ ਲਈ ਤੜਪ ਅਤੇ ਕਥਨੀ ਤੇ ਕਰਨੀ ਵਿੱਚ ਫਰਕ ਨਾ ਹੋਣਾ; ਉਨ੍ਹਾਂ ਦੀ ਕਵਿਤਾ ਨੂੰ ਖਾਸ ਬਣਾਉਂਦੇ ਹਨ ।