Kafian : Hashmat Shah

ਕਾਫ਼ੀਆਂ : ਹਸ਼ਮਤ ਸ਼ਾਹ



1. ਮੈਨੂੰ ਸੋਹਣੇ ਦੀ ਜ਼ੁਲਫ਼ ਸਿਆਹ ਦੀ ਕਸਮ

ਮੈਨੂੰ ਸੋਹਣੇ ਦੀ ਜ਼ੁਲਫ਼ ਸਿਆਹ ਦੀ ਕਸਮ ਕਰਦੀ ਬਿਸਮਲ ਦਿਲਾਂ ਨੂੰ ਖ਼ੁਦਾ ਦੀ ਕਸਮ ਕਿਤੇ ਸੰਗਲ ਗਜ਼ਬ ਦੇ ਲਗਾਂਵਦੀ ਰਹੀ ਕਿਤੇ ਡੰਗ ਨਾਗ ਬਣਕੇ ਚਲਾਂਵਦੀ ਰਹੀ ਕਿਤੇ ਤਲਵਾਰ ਬਣਕੇ ਡਰਾਂਵਦੀ ਰਹੀ ਇਕ ਨਾ ਇਕ ਜ਼ੁਲਮ ਆਸ਼ਕ ਤੇ ਢਾਂਵਦੀ ਰਹੀ ਦਿਲੋਂ ਖਾਹਦੀ ਹੈ ਸਾਡੀ ਕਜ਼ਾ ਦੀ ਕਸਮ ਗਿਰਦ ਜੋਬਨ ਦੇ ਪਹਿਰੇ ਸਿਪਾਹੀ ਖੜੇ ਕੀਤੇ ਜ਼ਖਮੀ ਜਿਨ੍ਹਾਂ ਮਿਰਗ ਮਾਹੀ ਖੜੇ ਹੋਕੇ ਕੈਦੀ ਮੁਸਾਫ਼ਰ ਰਾਹੀ ਖੜੇ ਫੜ ਲਏ ਬੇਖਤਾ ਯਾ ਇਲਾਹੀ ਖੜੇ ਸਦਕੇ ਨੈਣਾਂ ਦੇ ਤਿਰਛੀ ਨਿਗਾਹ ਦੀ ਕਸਮ ਆਖੇ ਮੁਲਾਂ ਓ ਮਜਨੂੰ ਸ਼ਰੀਅਤ ਤੋਂ ਡਰ ਛਡ ਦੇ ਲੈਲਾ ਨੂੰ ਜਨਤ 'ਚ ਜਾ ਬੇਖ਼ਤਰ ਆਖੇ ਮਜਨੂੰ ਕੀ ਆਸ਼ਕ ਤੇ ਪੁਛਦਾ ਮਗਰ ਲਖਾਂ ਜੰਨਤ ਦੇਵਾਂ ਫੜਕੇ ਕੁਰਬਾਨ ਕਰ ਮੈਨੂੰ ਲੈਲਾ ਦੀ ਬਾਂਕੀ ਅਦਾ ਦੀ ਕਸਮ ਲਾਕੇ ਆਸ਼ਕ ਕਦੇ ਫੇਰ ਮੁੜਦਾ ਨਹੀਂ ਖੜਕੇ ਦਿਲਦਾਰ ਤੇ ਦਰ ਤੇ ਟੁਰਦਾ ਨਹੀਂ ਕਸਮ ਸ਼ੀਸ਼ੇ ਨੂੰ ਹੈ ਟੁਟਕੇ ਜੁੜਦਾ ਨਹੀਂ ਸ਼ਮਾ ਨੂੰ ਦੇਖ ਪਰਵਾਨਾ ਉਡਦਾ ਨਹੀਂ ਜਲ ਕੇ ਮਰ ਜਾਣਾ ਉਸ ਬੇ-ਨਵਾ ਦੀ ਕਸਮ

2. ਪਲੜਾ ਚੁਕ ਕੇ ਘੁੰਘਟ ਦਾ ਮੁਖੜਾ ਯਾਰ ਦਿਖਾ ਕੇ ਜਾ

(ਬਤਰਜ਼-ਯਾਦ ਨ ਕਰ ਦਿਲੇ ਹਜ਼ੀਂ ਗੁਜ਼ਰੀ ਹੁਈ ਕਹਾਣੀਆਂ) ਪਲੜਾ ਚੁਕ ਕੇ ਘੁੰਘਟ ਦਾ ਮੁਖੜਾ ਯਾਰ ਦਿਖਾ ਕੇ ਜਾ ਦਰ ਤੇ ਖੜੇ ਫਕੀਰ ਦੀ ਆਸ ਨਾ ਦਿਲਦੀ ਢਾ ਕੇ ਜਾ ਹਸਰਤ ਮੇਰੀ ਨਿਤਾਰ ਦੇ, ਜ਼ੁਲਫ਼ਾਂ ਦੇ ਪੇਚ ਸਿੰਗਾਰ ਦੇ, ਪ੍ਰੇਮ ਦੀ ਠੋਕਰ ਯਾਰ ਦੇ, ਕਬਰ ਦੀ ਖ਼ਾਕ ਉਡਾਕੇ ਜਾ ਸਦਕਾ ਅਪਣੀ ਤੇਗ਼ ਦਾ, ਮੰਨ ਸ਼ਹੀਦਾਂ ਦਾ ਵਾਸਤਾ ਤੜਫਦਾ ਛਡ ਨਾ ਕਾਤਲਾ, ਝਗੜਾ ਮੇਰਾ ਮੁਕਾ ਕੇ ਜਾ ਆਯਾ ਪਤੰਗ ਹਾਂ ਦੂਰ ਤੇ, ਆਸ਼ਕ ਸ਼ਮਾ ਦੇ ਨੂਰ ਤੇ, ਬੁਝ ਗਈ ਕਿਸ ਕਸੂਰ ਤੇ ਮੈਨੂੰ ਠਿਕਾਣੇ ਲਗਾ ਕੇ ਜਾ ਪਰਦਾ ਚੁਕ ਦੀਦਾਰ ਦੇ, ਤਾਲਬ ਦੀਦ ਹੈਂ ਖੜੇ, ਮੂਸਾ ਨਹੀਂ ਜੋ ਚੁਪ ਰਹੇ ਸੌ ਸੌ ਵਾਰ ਅਜ਼ਮਾ ਕੇ ਜਾ ਹਸ਼ਮਤਸ਼ਾਹ ਹੈ ਬੇਕਰਾਰ, ਬਾਗ਼ ਦੇ ਵਿਚ ਲੰਘ ਓ ਯਾਰ, ਨਰਗਸ ਖੜਾ ਉਮੀਦਵਾਰ ਫੁਲਾਂ ਨੂੰ ਮਸਤ ਬਣਾਕੇ ਜਾ

3. ਦੀਨ ਤੇ ਈਮਾਨ ਮੇਰਾ ਸੋਹਣੇ ਨੇ ਲੁਟਿਆ ਹਾਏ

(ਬਤਰਜ਼-ਕਜਲੇ ਦੀ ਧਾਰ ਲਾ ਕੇ ਅਖੀਆਂ ਨੇ ਪਟਿਆ ਮਾਏ) ਦੀਨ ਤੇ ਈਮਾਨ ਮੇਰਾ ਸੋਹਣੇ ਨੇ ਲੁਟਿਆ ਹਾਏ ਸੀਨੇ ਤੇ ਤੀਰ ਖ਼ੂਨੀ ਨੈਣਾਂ ਦਾ ਛੁਟਿਆ ਹਾਏ ਸੋਹਣਿਆ ਤੂੰ ਨਾ ਕਰ ਜ਼ੋਰੀ, ਬਰਛੀ ਤੈਂ ਮਾਰੀ ਚੋਰੀ, ਨਾਜ਼ਕ ਸੀ ਦਿਲ ਦਾ ਸ਼ੀਸ਼ਾ ਜ਼ਰਬਾਂ ਨਾਲ ਫਟਿਆ ਹਾਏ ਆਸਾਂ ਦੀ ਕਟਕੇ ਡੋਰੀ, ਮੁਦਤਾਂ ਦੀ ਲਗੀ ਹੋਈ ਤੋੜੀ, ਦੁਖਾਂ ਨਾਲ ਪਾਲਿਆ ਬੂਟਾ ਨੈਣਾਂ ਨੇ ਪਟਿਆ ਹਾਏ ਚਸ਼ਮਾਂ ਨੇ ਕਰਕੇ ਕਾਰੀ, ਸੀਨੇ ਤੇ ਬਰਛੀ ਮਾਰੀ, ਜ਼ੁਲਫ਼ਾਂ ਨੇ ਸੰਗਲ ਪਾਕੇ ਮਿਰਗਾਂ ਨੂੰ ਜੁਟਿਆ ਹਾਏ ਸੋਹਣਿਆਂ ਛਡਦੇ ਬੇਪ੍ਰਵਾਹੀਆਂ, ਆਸ਼ਕ ਨਾਲ ਨਾਜ਼ ਅਦਾਈਆਂ, ਨਖ਼ਰੇ ਦੀ ਛੁਰੀ ਚਲਾ ਕੇ ਜ਼ਖਮੀ ਕਰ ਸੁਟਿਆ ਹਾਏ ਹਸ਼ਮਤ ਨੂੰ ਛਡ ਤੜਫੌਣਾ, ਮੁੜਕੇ ਨਹੀਂ ਜਗ ਤੇ ਔਣਾ, ਪੰਛੀ ਇਹ ਰੂਹ ਦਾ ਜਿਸ ਦਮ ਪਿੰਜਰੇ ਚੋਂ ਛੁਟਿਆ ਹਾਏ

4. ਡਿਉੜ

ਮਸਤਾਂ ਦੇ ਸਾਕੀ ਅਜ ਬੇੜੇ ਤਰਾਈ ਜਾਂਦਾ, ਭਰ ਭਰ ਪਿਲਾਈ ਜਾਂਦਾ ਜਾਮ ਜ਼ਹੂਰ ਵਾਲੀ ਨਹਿਰ ਚਲਾਈ ਜਾਂਦਾ, ਬਦਲੀ ਬਰਸਾਈ ਜਾਂਦਾ ਜ਼ੁਲਫ਼ਾਂ ਦੇ ਸੰਗਲ ਪਾਕੇ, ਅਬਰੂ ਦੀ ਬਰਛੀ ਲਾਕੇ, ਨੈਣਾਂ ਦੇ ਤੀਰ ਚਲਾਕੇ, ਚਿੜੀਆਂ ਦੇ ਕੋਲੋਂ ਖ਼ੂਨੀ ਬਾਜ਼ ਕੁਹਾਈ ਜਾਂਦਾ, ਕਤਲ ਮਚਾਈ ਜਾਂਦਾ ਬੇਪਰਵਾਹ ਦੇ ਚਾਲੇ, ਗੂਹੜੀਆਂ ਰਮਜ਼ਾਂ ਵਾਲੇ, ਸੋਹਣੇ ਬੇਹਦ ਮਤਵਾਲੇ, ਮਿਟੀ ਦਾ ਜ਼ਰਾ ਸੂਰਜ ਨਾਲੋਂ ਚਮਕਾਈ ਜਾਂਦਾ, ਤੌਰ ਜਲਾਈ ਜਾਂਦਾ ਦੱਸਾਂ ਕੀ ਸ਼ਾਨ ਉਸਦਾ, ਆਸ਼ਕ ਰਹਿਮਾਨ ਉਸਦਾ, ਜ਼ਾਮਨ ਕੁਰਾਨ ਉਸਦਾ, ਨੈਣਾਂ ਤੋਂ ਛਪਕੇ ਖ਼ੂਨੀ ਤੀਰ ਚਲਾਈ ਜਾਂਦਾ, ਬਿਜਲੀ ਗਰਾਈ ਜਾਂਦਾ ਸੋਹਣਾ ਜਦ ਸੈਰ ਨੂੰ ਆਂਦਾ, ਕਿਆਮਤ ਦੀ ਸ਼ਾਨ ਵਖਾਂਦਾ, ਕਸਮ ਬਾਜ਼ਨੀ ਫਰਮਾਂਦਾ, ਕਬਰਾਂ ਦੇ ਮੁਰਦੇ ਠੋਕਰ ਮਾਰ ਜਗਾਈ ਜਾਂਦਾ, ਅਰਸ਼ ਹਲਾਈ ਜਾਂਦਾ ਹਸ਼ਮਤ ਕੀ ਗਲ ਸੁਣਾਵੇ, ਸੋਹਣਾ ਜਦ ਕਰਮ ਕਮਾਵੇ, ਬਰਦਿਆਂ ਨੂੰ ਤਖਤ ਬਹਾਵੇ, ਆਤਸ਼ ਖਲੀਲ ਤਾਈਂ ਜੰਨਤ ਬਨਾਈ ਜਾਂਦਾ, ਜਲਵਾ ਦਖਾਈ ਜਾਂਦਾ

5. ਅੱਖੀਆਂ

ਅੱਖੀਆਂ ਦੇ ਦੇਖਣੇ ਨੂੰ ਬੇਤਾਬ ਹੋਣ ਅਖੀਆਂ ਜ਼ਖਮੀ ਦਿਲਾਂ ਤੇ ਵਧ ਵਧ ਨਸ਼ਤਰ ਚੁਭੋਨ ਅਖੀਆਂ ਬਣਕੇ ਹਬੀਬ ਜਿਤ ਵਲ ਲੜ ਅਪਨਾ ਜੋੜ ਦੇਵਣ, ਬਹਿਰ ਗ਼ਮਾਂ ਦੇ ਵਿਚ ਕਿਸ਼ਤੀ ਹਸ ਕੇ ਰੋੜ੍ਹ ਦੇਵਣ, ਹੰਝੂਆਂ ਦੇ ਤਾਰ ਮੋਤੀ ਤਸਬੀ ਪਰੋਨ ਅਖੀਆਂ ਰੰਗੀਆਂ ਗਜ਼ਬ ਰੰਗ ਵਿਚ ਨਿਤ ਰਹਿੰਦੀਆਂ ਗੁਲਾਬੀ, ਮਸਤੀ 'ਚ ਮਸਤ ਹੋਈਆਂ ਇਹ ਬੇਖਬਰ ਸ਼ਰਾਬੀ, ਯਾਕੂਬ ਕਿਤੇ ਬਨ ਕੇ ਯੂਸਫ ਨੂੰ ਮਰਵੌਣ ਅਖੀਆਂ ਅਖੀਆਂ ਤੇ ਕਿਤੇ ਅਖੀਆਂ ਕਾਤਲ ਹੋ ਬਹਿੰਦੀਆਂ ਨੇ, ਕਿਤੇ ਬਨਕੇ ਦਰਦਮੰਦ ਜਾ ਕਦਮਾਂ ਤੇ ਢਹਿੰਦੀਆਂ ਨੇ, ਕਿਤੇ ਨੋਕ ਸੂਲੀ ਉਪਰ ਹਸ ਹਸ ਖਲੋਨ ਅਖੀਆਂ ਮਹਿਮਲ 'ਚ ਛੁਪਕੇ ਹਸ਼ਮਤ ਮੁਖੜਾ ਕਿਤੇ ਛਪਾਵਨ, ਕੁਤਿਆਂ ਦੇ ਪੈਰ ਚੁੰਮ ਕੇ ਦਿਲ ਦੀ ਲਗੀ ਬੁਝਾਵਨ, ਖੁਦ ਆਪ ਜ਼ਖਮ ਕਰਕੇ ਰੋ ਰੋ ਕੇ ਧੋਣ ਅਖੀਆਂ

6. ਵਿਚ ਇਸਦੇ ਫਰਕ ਨਹੀਂ ਤਿਲ ਦਾ

ਵਿਚ ਇਸਦੇ ਫਰਕ ਨਹੀਂ ਤਿਲ ਦਾ, ਖੁਦ ਜਾਨਦਾ ਭੇਦ ਖੁਦਾ ਦਿਲ ਦਾ ਖੁਲ ਜਾਂਦੀ ਗੰਢ ਹਕੀਕਤ ਦੀ, ਹੁੰਦਾ ਦਿਲ ਦੇ ਅੰਦਰ ਰਾਹ ਦਿਲ ਦਾ ਵਾਹ ਚੋਰਾ ਕੀ ਦਸਤੂਰ ਕੀਤਾ, ਦਿਨ ਦੀਵੀਂ ਲੁਟ ਮਜਬੂਰ ਕੀਤਾ ਦਿਲ ਕਢ ਲਿਆ ਸੀਨਾ ਚੂਰ ਕੀਤਾ, ਦਿਤਾ ਸਾਫ ਨਿਸ਼ਾਨ ਮਿਟਾ ਦਿਲ ਦਾ ਹਨੇਰੀ ਝੁਲ ਗਈ ਵਿਚ ਫਲ ਡਾਲੀ ਦੇ, ਖੁਸੇ ਪਰ ਬੁਲਬੁਲ ਮਤਵਾਲੀ ਦੇ, ਕਹਿਨੇ ਲਗਕੇ ਹਸਨ ਦੇ ਮਾਲੀ ਦੇ, ਦਿਤਾ ਆਪੇ ਹੀ ਬਾਗ਼ ਲੁਟਾ ਦਿਲ ਦਾ ਇਕ ਜਗ ਦੇ ਵਿਚ ਬੇਜ਼ਾਰ ਹੋਯਾ, ਦੂਜਾ ਯਾਰ ਦਾ ਨਾ ਦੀਦਾਰ ਹੋਯਾ, ਤੀਜਾ ਰਬ ਤੋਂ ਬੀ ਗੁਨਾਹਗਾਰ ਹੋਯਾ, ਕਹਿਣਾ ਮਨ ਕ ਬੇਪਰਵਾਹ ਦਿਲ ਦਾ ਕਾਹਨੂੰ ਲਭਦਾ ਮਸਜਦ ਮੰਦਰ ਤੂੰ, ਕਰ ਖਾਲੀ ਅਪਣਾ ਅੰਦਰ ਤੂੰ, ਬਣ ਜਾਵੀਂ ਮਸਤ ਕਲੰਦਰ ਤੂੰ, ਵਿਚੋਂ ਝਗੜਾ ਸਾਫ਼ ਮੁਕਾ ਦਿਲ ਦਾ ਛਡ ਲੁਕਨ ਛਿਪਨ ਦੀਆਂ ਘਾਤਾਂ ਨੂੰ, ਚੋਰੀ ਦਾ ਲਾਵਣਾ ਉਠ ਰਾਤਾਂ ਨੂੰ, ਛਡ ਉਰਲੀਆਂ ਪਰਲੀਆਂ ਬਾਤਾਂ ਨੂੰ, ਕਿੱਸਾ ਯਾਰ ਨੂੰ ਅਸਲ ਸੁਣਾ ਦਿਲ ਦਾ ਕੁਛ ਹੋਣਾ ਤੇ ਛਡ ਦੇ ਹੋਣੇ ਨੂੰ ਕਿੱਨ ਪੁਛਣਾ ਨਹੀਂ ਰੋਣ ਧੋਣੇ ਨੇ ਜੇ ਤੂੰ ਰਾਜ਼ੀ ਕਰਨਾ ਸੋਹਣੇ ਨੂੰ, ਉਠ ਕਰ ਨਜ਼ਰਾਨਾ ਜਾ ਦਿਲ ਦਾ ਵੇਲਾ ਗੁਜ਼ਰਿਆ ਹਥ ਨਹੀਂ ਆਵਣਾ ਏਂ, ਪਿਛੋਂ ਰੋ ਰੋ ਪਿਆ ਪਛਤਾਵਨਾ ਏਂ, ਜੇ ਤੂੰ ਦਿਲਬਰ ਯਾਰ ਨੂੰ ਪਾਵਣਾ ਏਂ, ਖਹਿੜਾ ਛਡਦੇ ਤੂੰ ਹਸ਼ਮਤ ਸ਼ਾਹ ਦਿਲ ਦਾ

7. ਦਿਲਦਾਰ ਹੁਸਨ ਦਾ ਮਤਵਾਲਾ

ਦਿਲਦਾਰ ਹੁਸਨ ਦਾ ਮਤਵਾਲਾ ਹਰ ਹਰ ਵਿਚ ਝੋਕ ਬਸਾ ਬੈਠਾ ਕਿਤੇ ਤੂਰ ਤੇ ਬਸਤਰ ਲਾ ਬੈਠਾ, ਕਿਤੇ ਸੂਲੀ ਤੇ ਯਾਰ ਮਨਾ ਬੈਠਾ ਫਾਇਨਮਾ ਤੇ ਤੂ ਆਖ ਕਿਤੇ ਨਹਨੋ ਅਕਰਬ ਵਿਚ ਜਾ ਬੈਠਾ ਕਿਤੇ ਬਣਿਆ ਇਮਾਮ ਜਾ ਵਿਚ ਮਸਜਦ ਬੁਤਖ਼ਾਨੇ ਤਿਲਕ ਲਗਾ ਬੈਠਾ ਕੋਈ ਐਹਦੋਂ ਐਹਮਦ ਬਨ ਸਰਵਰ ਰਫਰਫ ਦੀ ਵਾਗ ਉਠਾ ਬੈਠਾ ਸ਼ਬ ਰਾਤ ਮਾਅਰਾਜ ਉਡੀਕ ਅੰਦਰ, ਕੋਈ ਬਾਗ਼ ਬਹਿਸ਼ਤ ਸਜਾ ਬੈਠਾ ਸਖ਼ੀ ਪਾਕ ਹੁਸੈਨ ਸੀ ਅਬਨ ਅਲੀ ਸਚਾ ਇਸ਼ਕ ਖ਼ੁਦਾ ਨਾਲ ਲਾ ਬੈਠਾ ਕੀਤਾ ਸਬਰ ਸ਼ੁਕਰ ਵਿਚ ਕਰਬਲ ਦੇ ਗੋਦੀ ਵਿਚ ਫਰਜ਼ੰਦ ਕੁਹਾ ਬੈਠਾ ਸਖ਼ੀ ਗੌਸੁੱਲਾਜ਼ਮ ਜੀਲਾਨੀ ਸੁਨ ਹਸ਼ਮਤ ਸ਼ਾਹ ਦੀਆਂ ਅਰਜ਼ਾਂ ਨੂੰ ਸਾਨੂੰ ਕੁਠਕੇ ਹਿੰਦੁਸਤਾਨ ਅੰਦਰ ਸੋਹਣਾ ਵਿਚ ਬਗ਼ਦਾਦ ਦੇ ਜਾ ਬੈਠਾ

8. ਵਾਹ ਮਸੱਵਰਾ ਇਹ ਮੂਰਤਾਂ ਬਨਾਵਣ ਵਾਲਿਆ

ਵਾਹ ਮਸੱਵਰਾ ਇਹ ਮੂਰਤਾਂ ਬਨਾਉਣ ਵਾਲਿਆ ! ਮਿਟੀ ਵਿਚ ਜਲਵੇ ਨੂਰ ਦੇ ਚਮਕਾਉਣ ਵਾਲਿਆ ! ਪਹਿਲੀ ਮੂਰਤ ਅਪਨੇ ਵਰਗੀ ਦੇਖਕੇ ਬਨਾਈ ਤੈਂ, ਅਪਨੇ ਉਤੋਂ ਆਪੇ ਜਾਨ ਵਾਰ ਕੇ ਦਿਖਾਈ ਤੈਂ, ਆਸ਼ਕ ਹੋਕੇ ਅਰਸ਼ ਫਰਸ਼ ਵਾਲੀ ਮੌਜ ਲਾਈ ਤੈਂ, ਗਫਲਤ ਵਿਚੋਂ ਖ਼ਲਕਤ ਮਾਰ ਠੋਕਰਾਂ ਜਗਾਈ ਤੈਂ ਬੁਰਕਾ ਮੀਮ ਪਾਕੇ ਜਗ ਨੂੰ ਭਰਮਾਉਣ ਵਾਲਿਆ ਜਦੋਂ ਮੂਰਤਾਂ ਦਾ ਸ਼ੌਕ ਦਿਲ ਦੇ ਵਿਚ ਬਹਿ ਗਿਆ, ਬਹੁਤ ਮੂਰਤਾਂ ਬਨਾਈਆਂ ਡਾਢਾ ਸ਼ੋਰ ਪੈ ਗਿਆ ਖਾਕੀ ਮੂਰਤ ਦੇਖ ਨੂਰੀਆਂ ਦਾ ਮਾਨ ਢਹਿ ਗਿਆ, ਝੁਕ ਜਾਓ ਅਗੇ ਉਸਦੇ ਮੂਰਤਾਂ ਨੂੰ ਆਪ ਕਹਿ ਗਿਆ ਆਪ ਆਖ ਕੇ ਅਲਸਤ ਪਰਦਾ ਪਾਉਣ ਵਾਲਿਆ ਅਪਣੀ ਹਟੀ ਵਿਚ ਮੂਰਤਾਂ ਸਜਾ ਕੇ ਦਸਦਾ, ਸੋਹਣੀ ਮੂਰਤੀ ਜੇਹੜੀ ਉਹਦੇ ਵਿਚ ਨਹੀਓਂ ਵਸਦਾ ਹੋਈਆਂ ਮੂਰਤਾਂ ਜ਼ਿਆਦਾ ਹਟੀ ਛਡ ਨਸਦਾ, ਸ਼ੁਗਲ ਮੂਰਤਾਂ ਦੇ ਦੇਖ ਉਹਲੇ ਬਹਿ ਬਹਿ ਹਸਦਾ ਗ਼ਮਜ਼ੇ ਹੁਸਨ ਤੇ ਅੰਦਾਜ਼ ਦੇ ਲੜਾਉਣ ਵਾਲਿਆ ਆਪੇ ਮੂਰਤ ਹੁਸੈਨ ਤੈਂ ਬਣਾਈ ਜਾਣ ਕੇ, ਨੂਰੀ ਨਾਰੀਆਂ ਦੀ ਹੋਸ਼ ਤੈਂ ਭੁਲਾਈ ਜਾਣ ਕੇ ਇਜ਼ਤ ਦੇਕੇ ਆਪੇ ਖਾਕ ਵਿਚ ਰੁਲਾਈ ਜਾਣ ਕੇ, ਆਪੇ ਗਲ ਕਹਿਕੇ ਪਿਛੋਂ ਉਲਟਾਈ ਜਾਣ ਕੇ ਤੌਕ ਲਾਅਨਤ ਦਾ ਗਲੇ ਦੇ ਵਿਚ ਪਾਉਣ ਵਾਲਿਆ ਵਾਰੋ ਵਾਰੀ ਵਿਚ ਮੂਰਤਾਂ ਦੇ ਆਂਵਦਾ ਰਿਹਾ, ਕਾਰੀਗਰੀ ਤੇ ਮਸੱਵਰੀ ਜਤਾਂਵਦਾ ਰਿਹਾ ਖਾਕੀ ਮੂਰਤ ਵਾਲ ਨੂਰ ਨੂੰ ਚਮਕਾਂਵਦਾ ਰਿਹਾ, ਅਲਫ਼ ਮੀਮ ਇਕੋ ਸ਼ਾਨ ਇਹ ਸੁਣਾਂਵਦਾ ਰਿਹਾ ਕਾਲਾ ਕੰਬਲ ਲੈਕੇ ਅਰਬ ਵਿਚ ਆਉਣ ਵਾਲਿਆ ਹੈਰਤ ਗੁੰਮ ਹੁੰਦੀ ਤੇਰੀ ਇਹ ਮਅਮਾਰੀ ਦੇਖ ਕੇ, ਸੋਹਣੀ ਮੂਰਤਾਂ ਦੀ ਨਕਸ਼ ਨਗਾਰੀ ਦੇਖ ਕੇ ਮੂਰਤ ਸੂਰਤ ਉਤੇ ਮਰਦੀ ਸੋਹਣੀ ਪਿਆਰੀ ਦੇਖ ਕੇ ਆਸ਼ਕ ਖਾਕੀ ਉਤੇ ਹੋ ਗਏ ਨੂਰੀ ਨਾਰੀ ਦੇਖ ਕੇ ਸੋਹਣੀ ਸ਼ਕਲ ਅਰਬੀ ਅਹਿਮਦੀ ਬਨਾਉਣ ਵਾਲਿਆ ਤੇਰਾ ਦਸਾਂ ਕੀ ਮਸੱਵਰਾ ਬਿਆਨ ਖੋਲ ਕੇ, ਆਸ਼ਕ ਮੂਰਤਾਂ ਨੂੰ ਮੂਰਤਾਂ ਤੇ ਕਰੇਂ ਟੋਲ ਕੇ ਆਯਾ ਤਰਸ ਨਾਹੀਂ ਤੈਨੂੰ ਮਾਰ ਰੋਲ ਰੋਲ ਕੇ, ਹਸ਼ਮਤ ਸ਼ਾਹ ਤੈਨੂੰ ਦੁਖ ਕੀ ਸੁਨਾਵੇ ਫੋਲ ਕੇ ਆਪੇ ਮੂਰਤਾਂ ਬਣਾਕੇ ਪਿਛੋਂ ਢਾਉਣ ਵਾਲਿਆ

9. ਨਾ ਲੜ ਸੰਤਾਂ ਦੇ ਸੰਗ ਨੀ

ਨਾ ਲੜ ਸੰਤਾਂ ਦੇ ਸੰਗ ਨੀ ਮਤਵਾਲੀਏ ਜੋਗਣੇ ਇਹ ਤੇਰੇ ਵਿਚ ਪਰਦਾ ਜੇਹੜਾ, ਇਕ ਦਿਨ ਡੋਬੂ ਸ਼ੌਹ ਵਿਚ ਬੇੜਾ ਕਰ ਯਾਰ ਦੇ ਮਿਲਨ ਦਾ ਢੰਗ ਨੀ ਮਤਵਾਲੀਏ ਜੋਗਣੇ ਪਾਈ ਫਿਰੇਂ ਜੰਜਾਲ ਬਖੇੜੇ, ਗੋਰ ਨ ਪਹੁੰਚਾ ਤੇਰੇ ਨੇੜੇ ਤੇਰੇ ਦਿਲ ਦੇ ਰਸਤੇ ਤੰਗ ਨੀ ਮਤਵਾਲੀਏ ਜੋਗਣੇ ਸਾਰ ਤੇਰੀ ਜਦ ਗੋਰ ਨੇ ਲੈਣੀ, ਸਟ ਤੇਰੇ ਓਦੋਂ ਕਰੜੀ ਪੈਣੀ ਤੇਰਾ ਤੋੜ ਸੁਟੂ ਅੰਗ ਅੰਗ ਨੀ ਮਤਵਾਲੀਏ ਜੋਗਣੇ ਪੰਜ ਚਾਰ ਰਲ ਤੈਨੂੰ ਹੇਠ ਦਬਾਯਾ, ਦੋਨ੍ਹਾਂ ਨੇ ਦਬਕੇ ਰਗੜਾ ਲਾਯਾ ਮੈਂ ਮਾਰੀ ਤੇਰੀ ਹੋ ਨਸੰਗ ਨੀ ਮਤਵਾਲੀਏ ਜੋਗਣੇ ਜੇ ਤੂੰ ਚਾਲੀ ਛਾਲਾਂ ਮਾਰੇਂ, ਡੁਬੇ ਹੋਏ ਫਿਰ ਬੇੜੇ ਤਾਰੇਂ ਤੇਰੇ ਦਰ ਤੇ ਵਗਦੀ ਗੰਗ ਨੀ ਮਤਵਾਲੀਏ ਜੋਗਣੇ ਹਸ਼ਮਤ ਸ਼ਾਹ ਦੀ ਹੋ ਜਾ ਚੇਲੀ, ਕਰ ਦੇਵੇ ਤੇਰੀ ਸਾਫ਼ ਹਵੇਲੀ ਹੋ ਜਾਏਂ ਮਸਤ ਮਲੰਗ ਨੀ ਮਤਵਾਲੀਏ ਜੋਗਣੇ

10. ਚਲ ਸ਼ੀਸ਼ ਮਹਿਲ ਦੇ ਉਹਲੇ

ਚਲ ਸ਼ੀਸ਼ ਮਹਿਲ ਦੇ ਉਹਲੇ ਇਕ ਤੈਨੂੰ ਗਲ ਪੁਛਣੀ ਅਲਮਸਤ ਵਾਲਾ ਤੈਨੂੰ ਭੁਲ ਗਿਆ ਚੇਤਾ, ਤੋੜ ਦਿਤਾ ਕਿਉਂ ਕੌਲ ਪੁਛੇਤਾ ਹੁਣ ਕਿਉਂ ਤੇਰੀ ਜਿੰਦ ਡੋਲੇ ਇਕ ਤੈਨੂੰ ਗਲ ਪੁਛਣੀ ਜਦੋਂ ਅਲਸਤ ਖ਼ੁਦਾ ਫਰਮਾਯਾ, ਕਾਲੋ ਬਿਲਾ ਤਾਈਂ ਆਖ ਸੁਣਾਯਾ ਹੁਣ ਜੋ ਬੋਲੇ ਸੋ ਖੋਲੇ ਇਕ ਤੈਨੂੰ ਗਲ ਪੁਛਣੀ ਓਥੋਂ ਆਈ ਤੂ ਵਹਿਦਾ ਕਰਕੇ, ਆਹ ਦੇਖ ਲੈ ਚਿਠੀ ਪੜ੍ਹਕੇ ਹੁਣ ਚੜ੍ਹ ਜਾ ਅਜਲ ਦੇ ਡੋਲੇ, ਇਕ ਤੈਨੂੰ ਗਲ ਪੁਛਣੀ ਹਸ਼ਮਤ ਸ਼ਾਹ ਤੂ ਛਡ ਦੇ ਤਰਲਾ, ਸਜਦਾ ਮੁਰਸ਼ਦ ਨੂੰ ਉਠ ਕਰ ਲਾ ਕਦੇ ਨਾ ਖਾਵੇਂ ਹਚਕੋਲੇ ਇਕ ਤੈਨੂੰ ਗਲ ਪੁਛਣੀ ਇਸ ਜ਼ਿੰਦਗੀ ਦਾ ਕੀ ਭਰਵਾਸਾ, ਟੁਟ ਜਾਊ ਇਕ ਦਿਨ ਉਸਦਾ ਕਾਸਾ ਜਿੰਦ ਅੜ ਜਾਊ ਵਾਂਗ ਮਾਮੋਲੇ, ਇਕ ਤੈਨੂੰ ਗਲ ਪੁਛਣੀ

11. ਫੁਰਕਤ ਦਾ ਸ਼ਿਕਵਾ ਕੋਈ ਨਹੀਂ

ਫੁਰਕਤ ਦਾ ਸ਼ਿਕਵਾ ਕੋਈ ਨਹੀਂ, ਉਲਫ਼ਤ ਦਾ ਝਗੜਾ ਕੋਈ ਨਹੀਂ ਇਕ ਲੋੜ ਹੈ ਫਕਤ ਨਜ਼ਾਰੇ ਦੀ, ਹੋਰ ਦਿਲ ਨੂੰ ਤਮੱਨਾ ਕੋਈ ਨਹੀਂ ਅਖਾਂ ਖੋਲਕੇ ਮੂਸਾ ਦੇਖ ਜ਼ਰਾ, ਨਾ ਕੋਸ ਤੂ ਰਬੇ ਅਰਨੀ ਨੂੰ ਅਗ ਅਪਣੀ ਨਾਲ ਤੋਂ ਜਾਲਿਆ ਘਰ ਅੱਲਾ ਦਾ ਇਹ ਜਲਵਾ ਕੋਈ ਨਹੀਂ ਮੁਲਾਂ ਫਰਕ ਨੇ ਤੈਨੂੰ ਮਾਰ ਲਿਆ, ਹਰ ਤਰਫ ਹੈ ਨਕਸ਼ਾ ਸੋਹਣੇ ਦਾ ਹੈ ਇਸ਼ਕ ਮੁਹਬਤ ਦਾ ਮਤਲਬ ਬੁਤਖ਼ਾਨਾ ਤੇ ਕਾਅਬਾ ਕੋਈ ਨਹੀਂ ਆਖਾਂ ਅਹਿਮਦ ਖੌਫ ਹੈ ਵਹਿਦਤ ਦਾ ਰਬ ਕਹਾਂ ਤੇ ਲਹਿੰਦੀ ਖਲ ਅੜਿਆ ਬਸ ਫਰਕ ਹੈ ਮੀਮ ਮਰੋੜੀ ਦਾ ਰਬ ਕੋਈ ਤੇ ਬੰਦਾ ਕੋਈ ਨਹੀਂ ਕਿਤੇ ਮੰਦਰ ਵਿਚ ਬਣਿਆ ਪੰਡਤ ਕਿਤੇ ਕਾਜ਼ੀ ਬੈਤ ਮੁਕੱਦਸ ਦਾ ਉਹਦੀ ਚੌਖਟ ਤੇ ਹੈ ਸਰ ਉਸਦਾ ਹੋ ਗੈਰ ਨੂੰ ਸਜਦਾ ਕੋਈ ਨਹੀਂ ਕਿਸੇ ਕਹੇਂ ਰਕੀਬ ਕਰੇਂ ਨਫ਼ਰਤ, ਕਿਸੇ ਸਮਝਕੇ ਯਾਰ ਫ਼ਿਦਾ ਹੋਵੇਂ ਸਬ ਜਲਵਾ ਨੂਰ ਮੁਹੰਮਦ ਦਾ, ਅਪਣਾ ਤੇ ਪਰਾਯਾ ਕੋਈ ਨਹੀਂ ਬਨ ਗ਼ਾਜ਼ੀ ਸਬਰ ਤਹਿਮਲ ਦਾ ਹੋ ਸ਼ਹੀਦ ਤੂ ਹਸ਼ਮਤ ਸ਼ਾਹ ਦਿਲ ਦਾ ਦੁਨੀਆਂ ਵਿਚ ਜ਼ਿੰਦਾ ਕੋਈ ਨਹੀਂ ਅਕਬਾ ਵਿਚ ਮੁਰਦਾ ਕੋਈ ਨਹੀਂ

12. ਕਾਫੀ ਗਰ੍ਹਾ ਨੰ: ੧

ਇਕ ਦਿਨ ਲੋਕੀ ਸ਼ਮ੍ਹਾ ਨੂੰ ਕਹਿੰਦੇ ਤੇਰੇ ਦਿਲ ਵਿਚ ਤਰਸ ਨ ਆਵੇ ਜਦ ਪਰਵਾਨਾ ਲਾਟ ਤੇਰੀ ਤੇ ਬੇਖੁਦ ਜਾਨ ਜਲਾਵੇ ਉਹ ਬੇਉਜ਼ਰ ਗ਼ਰੀਬ ਵਿਚਾਰਾ ਰੋ ਰੋ ਮਾਰੇ ਆਹੀਂ ਸੁਣ ਕੇ ਉਸ ਦੀ ਦਰਦ ਕਹਾਣੀ ਕਿਉਂ ਬੁਝਦੀ ਨਾਹੀਂ ਜਾ ਜ਼ਾਲਮ ਤੂ ਹਰ ਹਰ ਰਾਤੀਂ ਲਖਾਂ ਖ਼ੂਨ ਕਰਾਵੇਂ ਉਸਦੇ ਇਵਜੋਂ ਰੋਜ਼ ਹਸ਼ਰ ਨੂੰ ਕਿਉਂਕਰ ਬਖ਼ਸ਼ੀ ਜਾਵੇਂ ਜਦ ਪਰਵਾਨਾ ਲਾਟ ਤੇਰੀ ਤੇ ਕੋਲੇ ਹੋ ਕੇ ਮਰਦਾ ਜਾਂਦੀ ਵਾਰੀ ਐਸ ਜਹਾਨੋਂ ਨਿਹ ਉਲਾਂਭਾ ਕਰਦਾ ਕਯਾ ਸਾਨੂੰ ਕਦੋਂ ਤਾਈਂ ਸੋਹਣਿਆ ਸਤਾਈ ਜਾਵੇਂਗਾ

13. ਕਾਫੀ ਗਰ੍ਹਾ ਨੰ: ੨

ਕਹਿੰਦੀ ਸ਼ਮ੍ਹਾਂ ਮੁਖਾਤਬ ਹੋਕੇ ਸੁਣ ਤੈਨੂੰ ਸਮਝਾਵਾਂ ਵਿਚ ਪਰ ਜੋਸ਼ ਕਹਿਰ ਦੀਆਂ ਸੋਜ਼ਾਂ ਕੀ ਮੈਂ ਦੁਖ ਉਠਾਵਾਂ ਮਿਟੀ ਪੁਟ ਉਜਾੜ ਚੋਂ ਮੇਰੀ ਆਪ ਕੁਮਿਹਾਰ ਲਿਆਵੇ ਸਟ ਕੇ ਮੈਨੂੰ ਪਾਕ ਜ਼ਮੀਨ ਤੇ ਕੁਟ ਮਹੀਨ ਬਨਾਵੇ ਜਦ ਮੈਂ ਸਾਫ ਬਾਰੀਕ ਹੋ ਜਾਵਾਂ ਵਿਚ ਠੰਡਾ ਨੀਰ ਮਿਲਾਵੇ ਮੁਕੀਆਂ ਦੇ ਸੀਨੇ ਵਿਚ ਮੇਰੇ ਨਰਮ ਮੁਲਾਇਮ ਕਰਾਵੇ ਚਾੜ੍ਹ ਕੇ ਚਕ ਉਤੇ ਓ ਮੈਨੂੰ ਦੀਵਾ ਸ਼ਕਲ ਬਨਾਵੇ ਧੁੱਪੇ ਰਖ ਸਕਾਵੇ ਮੈਨੂੰ ਆਵੀ ਵਿਚ ਟਿਕਾਵੇ ਦੇ ਕੇ ਅਗ ਪ੍ਰੇਮ ਇਸ਼ਕ ਦੀ ਸ਼ੌਕਾਂ ਨਾਲ ਪਕਾਵੇ ਪਕ ਗਿਆ ਜਦ ਗ਼ਮ ਦਾ ਦੀਵਾ ਇਹ ਫਰਯਾਦ ਸੁਣਾਵੇ ਕਯਾ ਸਾਨੂੰ ਕਦੋਂ ਤਾਈਂ ਸੋਹਣਿਆਂ ਸਤਾਈ ਜਾਵੇਂਗਾ

14. ਕਾਫੀ ਗਰ੍ਹਾ ਨੰ: ੩

ਪਿਛੋਂ ਕਢ ਆਵੀ ਚੋਂ ਮੈਨੂੰ ਰਖਦਾ ਲਿਆਨ ਬਾਜ਼ਾਰੇ ਲਖਾਂ ਗਾਹਕ ਦੇਖਣ ਜਦ ਮੈਨੂੰ ਕਰ ਕਰ ਜਾਨ ਇਸ਼ਾਰੇ ਇਸ ਘਰ ਵਾਲਾ ਕੀਮਤ ਦੇ ਕੇ ਮੈਨੂੰ ਮੁਲ ਲਿਆਯਾ ਅਪਣੇ ਘਰ ਦੀ ਜ਼ੀਨਤ ਖਾਤਰ ਤੇਲ ਮੇਰੇ ਵਿਚ ਪਾਯਾ ਲੈ ਕੇ ਰੂੰ ਨਰਮ ਵਿਚ ਹਥ ਦੇ ਬਤੀ ਨੂੰ ਵਟ ਪਾਵੇ ਰਖ ਜ਼ਬਾਨ ਮੇਰੀ ਤੇ ਬਤੀ ਮਗਰੋਂ ਅਗ ਲਗਾਵੇ ਹੁਸਨ ਮੇਰਾ ਇਸ ਹਨੇਰੇ ਘਰ ਨੂੰ ਰੋਸ਼ਨ ਕਰ ਦਿਖਲਾਵੇ ਜਲਦੀ ਦਰਦ ਗ਼ਮਾਂ ਦੀ ਬਤੀ ਮਿਸਰਾ ਇਹ ਅਲਾਵੇ ਕਯਾ ਸਾਨੂੰ ਕਦੋਂ ਤਾਈਂ ਸੋਹਣਿਆਂ ਸਤਾਈ ਜਾਵੇਂਗਾ

15. ਕਾਫੀ ਗਰ੍ਹਾ ਨੰ: ੪

ਪਿਛੋਂ ਲਖ ਪਰਵਾਨੇ ਆਕੇ ਹੁਸਨ ਮੇਰੇ ਤੇ ਮਰਦੇ ਲਾਟ ਮੇਰੀ ਦੇ ਕਹਿਰ ਗ਼ਜ਼ਬ ਤੋਂ ਨਾ ਓ ਬੇਖੁਦ ਡਰਦੇ ਲਖਾਂ ਜਲ ਬਲ ਕੋਲੇ ਹੋ ਗਏ ਕੀ ਮੈਂ ਹਾਲ ਸੁਣਾਵਾਂ ਦੇਖੋ ਮੇਰੇ ਇਸ਼ਕ ਸਿਦਕ ਨੂੰ ਮੈਂ ਓਵੇਂ ਜਲਦੀ ਜਾਵਾਂ ਇਕ ਪਰਵਾਨਾ ਜਲ ਬਲ ਬੁਝਦਾ ਕੋਲੇ ਹੋਕੇ ਮਰਦਾ ਮੈਂ ਜਲਦੀ ਅਜੇ ਤੀਕ ਨ ਬੁਝਦੀ ਤੂ ਕੁਛ ਇਨਸਾਫ ਨਾ ਕਰਦਾ ਰੋਜ਼ ਹਜ਼ਰ ਨੂੰ ਸਾਹਿਬ ਅਗੇ ਇਹ ਫਰਯਾਦ ਸੁਣਾਵਾਂ ਤਦੋਂ ਜਲਾਵਾਂ ਗੈਰਾਂ ਤਾਈਂ ਪਹਿਲੇ ਅਪਨਾ ਆਪ ਜਲਾਵਾਂ ਹਸ਼ਮਤ ਸ਼ਾਹ ਵਿਚ ਸੋਜ਼ ਗ਼ਮਾਂ ਦੇ ਮੈਨੂੰ ਚੈਨ ਨਾ ਭਾਵੇ ਤਨ ਮੇਰੇ ਦੀ ਲਾਟ ਬਿਰਹੋਂ ਚੋਂ ਇਹ ਅਵਾਜ਼ ਪਈ ਆਵੇ ਕਯਾ ਸਾਨੂੰ ਕਦੋਂ ਤਾਈਂ ਸੋਹਣਿਆਂ ਸਤਾਈ ਜਾਵੇਂਗਾ ਦੁਖੀ ਜਾਨ ਉਤੇ ਠੋਕਰਾਂ ਲਗਾਈ ਜਾਵੇਂਗਾ ਗਏ ਦੁਖ ਲਾਈ ਪਰੀਤ ਸੀ ਆਰਾਮ ਬਦਲੇ ਕਦ ਤਾਈਂ ਗ਼ੈਰਾਂ ਦੇ ਦਵਾਰੇ ਤੇ ਰੁਲਾਈ ਜਾਵੇਂਗਾ ਜੇਹੜੇ ਕਰਦੇ ਮੈਨੂੰ ਯਾਦ ਉਹ ਖੁਸ਼ਹਾਲ ਵਸਦੇ ਸਾਨੂੰ ਕਦਮਾਂ ਤੇ ਡਿਗਦੀਆਂ ਨੂੰ ਤੜਫਾਈ ਜਾਵੇਂਗਾ ਤਕਲਤੂਰ ਦਾ ਅਰਸ਼ਾਦ ਦਿਲ ਦੇ ਵਿਚ ਸੋਚ ਲਾ ਕਦ ਤਾਈਂ ਵਸਦੀਆਂ ਦੇ ਨਾਮ ਤੂ ਮਟਾਈ ਜਾਵੇਂਗਾ ਹਸ਼ਮਤ ਸ਼ਾਹ ਬੈਠਾ ਦਿਲ ਵਿਚ ਤੇਰੀ ਆਸ ਤਕ ਕੇ ਕਦ ਤਾਈਂ ਮੀਮ ਵਿਚ ਮੁਖੜਾ ਛੁਪਾਈ ਜਾਵੇਂਗਾ

16. ਇਹ ਤੀਰ ਜ਼ੁਲਫ਼ ਦੀਆਂ ਨੋਕਾਂ ਦਾ

ਇਹ ਤੀਰ ਜ਼ੁਲਫ਼ ਦੀਆਂ ਨੋਕਾਂ ਦਾ ਦਿਲ ਜਾਨ ਜਿਗਰ ਨੂੰ ਕਸ ਜਾਂਦਾ ਕਰ ਮੰਦੜਾ ਹਾਲ ਗਰੀਬਾਂ ਦਾ ਦਿਲਦਾਰ ਪਿਆਰਾ ਹਸ ਜਾਂਦਾ ਦੁਖ ਜਾਨ ਹਜ਼ਾਰਾਂ ਸਹਿੰਦੀ ਏ ਅਰਾਮ ਵਜੂਦੋਂ ਨਸ ਜਾਂਦਾ ਕਿਤੇ ਆਂਵਦਾ ਨੂਰ ਖੁਦਾ ਬਣਕੇ ਜਿੰਦ ਲੁਟਦਾ ਬੇਪਰਵਾਹ ਬਣਕੇ ਕਿਤੇ ਤਿਰਛੀ ਤੇਗ਼ ਅਦਾ ਬਣਕੇ ਦਿਲ ਮਹਿਬੂਬਾਂ ਦੇ ਵਸ ਜਾਂਦਾ ਜਦੋਂ ਇਸ਼ਕ ਦਿਲਾਂ ਨੂੰ ਰੰਗਦਾ ਈ ਖਲ ਲਾਹੁੰਦਾ, ਸੂਲੀ ਟੰਗਦਾ ਈ ਉਹ ਮੂਲ ਨਾ ਪਾਣੀ ਮੰਗਦਾ ਈ ਜਿਨੂੰ ਨਾਗ ਜ਼ੁਲਫ ਦਾ ਡਸ ਜਾਂਦਾ ਨਹੀਂ ੳਜ਼ਰ ਮੁਸਾਫਰ ਰਾਹੀ ਵਿਚ ਜਿੰਦ ਤੜਫੇ ਬੇਪਰਵਾਹੀ ਵਿਚ ਗਿਆ ਚੁਗਨ ਜ਼ੁਲਫ ਦੀ ਫਾਹੀ ਵਿਚ ਅਨਭੋਲ ਇਹ ਪੰਛੀ ਫਸ ਜਾਂਦਾ ਇਹ ਐਸਾਹਸ਼ ਮਤ ਸ਼ਾਹ ਦਿਲਬਰ ਰਹਿੰਦਾ ਹਰਦਮ ਬੇਪਰਵਾਹ ਦਿਲਬਰ ਛਪ ਜਾਂਦਾ ਝਲਕ ਦਿਖਾ ਦਿਲਬਰ ਮੁੜ ਪਤਾ ਨਿਸ਼ਾਨ ਨਾ ਦਸ ਜਾਂਦਾ

17. ਸਦਕਾ ਕਰੀਂ ਹੁਸਨ ਦਾ ਓ ਯੂਸਫ ਸੁਲਤਾਨਾ

ਸਦਕਾ ਕਰੀਂ ਹੁਸਨ ਦਾ ਓ ਯੂਸਫ ਸੁਲਤਾਨਾ ਕਚਕੌਲ ਮੇਰੀ ਭਰ ਦੇ ਕਾਇਮ ਰਹੇ ਖਜ਼ਾਨਾ ਆਯਾ ਤੇਰੇ ਦਵਾਰੇ ਬਨ ਕਰਕੇ ਮੈਂ ਸਵਾਲੀ ਲਖਾਂ ਗਦਾਅ ਖੜੇ ਨੇ ਦਰਬਾਰ ਤੇਰਾ ਆਲੀ ਸਦਕਾ ਸਿਆਹ ਜ਼ੁਲਫ ਦਾ ਭਰ ਦੇ ਤੂੰ ਦਾਮਨ ਖਾਲੀ ਆਬਾਦ ਰਹੇ ਸ਼ਾਹਾ ਇਹ ਤੇਰਾ ਪਰੀ ਖ਼ਾਨਾ ਬੁਲਬੁਲ ਨੂੰ ਫੜ ਨਾ ਮਾਲੀ ਸਦਕਾ ਹਰੇ ਚਮਨ ਦਾ ਯੂਸਫ਼ ਨਾ ਕੈਦ ਕਰ ਤੂੰ ਸਦਕਾ ਮਿਸਰ ਵਤਨ ਦਾ ਦੇਖੀਂ ਨਿਗਾਹ ਕਰਕੇ ਸਦਕਾ ਬਦਰ ਹਸਨ ਦਾ ਤੇਰੀ ਜ਼ੁਲਫ ਦੀ ਖਾਤਰ ਇਕ ਤੜਫਦਾ ਦੀਵਾਨਾ ਬੇਦਮ ਫਕੀਰ ਹਾਂ ਮੈਂ ਬਸ ਮੇਰਾ ਦਮ ਤੂਹੀ ਹੈ ਹਮਦਮ ਸਨਮ ਪਿਆਰਾ ਤੇਰੀ ਕਿਸਮ ਤੂਹੀ ਹੈ ਸਜਦਾ ਹੈ ਤੇਰੇ ਦਰ ਤੇ ਬੈਤੁਲ ਹਰਮ ਤੂਹੀ ਹੈ ਇਕ ਮੈਂ ਨਹੀਂ ਓ ਦਿਲਬਰ ਆਸ਼ਕ ਤੇਰਾ ਜ਼ਮਾਨਾ ਇਕ ਦਿਨ ਡਿਠਾ ਮੈਂ ਜਲਵਾ ਹੈਰਾਨ ਹੋ ਗਿਆ ਸੀ ਸਬ ਦੂਰ ਸ਼ਰਮ ਰਾਹਤ ਅਰਮਾਨ ਹੋ ਗਿਆ ਸੀ ਸਬ ਬਾਗ ਜ਼ਿੰਦਗੀ ਦਾ ਵੀਰਾਨ ਹੋ ਗਿਆ ਸੀ ਜਲਕੇ ਸ਼ਮ੍ਹਾਂ ਤੇਰੀ ਤੇ ਮੈਂ ਬਨ ਗਿਆ ਪਰਵਾਨਾ ਜਿਸ ਦਮ ਅਲਸਤ ਵਾਲੀ ਆਵਾਜ਼ ਬਣ ਕੇ ਆਈ ਜਿਸ ਦਮ ਘੜੀ ਅਜ਼ਲ ਦੀ ਪੁਰਸਾਜ਼ ਬਣਕੇ ਆਈ ਜਿਸ ਦਮ ਮੇਰੀ ਮੁਹਬਤ ਗ਼ਮ ਸ਼ਾਜ਼ ਬਣਕੇ ਆਈ ਉਸ ਦਿਨ ਥੀਂ ਫੂਕਿਆ ਸੀ ਮੇਰਾ ਗ਼ਰੀਬ ਖ਼ਾਨਾ ਹਸ਼ਮਤ ਸ਼ਾਹ ਤੇਰਾ ਖਾਦਮ ਇਕ ਵਾਰ ਤੇ ਨਜ਼ਰ ਕਰ ਅਦਬੇ ਨਿਆਜ਼ ਸਜਦਾ ਬੀਮਾਰ ਤੇ ਨਜ਼ਰ ਕਰ ਗਰਦਨ ਮੇਰੀ ਤੇ ਅਪਨੀ ਤਲਵਾਰ ਤੇ ਨਜ਼ਰ ਕਰ ਚਲਕੇ ਕਦੀ ਨਹੀਂ ਮੁੜਨਾ ਬੰਦੂਕ ਦਾ ਨਿਸ਼ਾਨਾ

18. ਕਾਫੀ ਹਕੀਕੀ ਘੜੀ

ਹਥ ਨਾਲ ਲਾਵੇਂ ਘੜੀ ਸੋਹਣੀ ਚੈਨ ਵਾਲੀ ਤੂੰ ਖਬਰ ਦੇਵੇ ਜੇਹੜੀ ਘੜੀ ਪਲ ਪਲ ਦੀ ਘੜੀ ਪੰਜ ਤਤ ਵਾਲੀ ਘੜੀ ਝਟ ਟੁਟ ਜਾਂਵਦੀ ਪੰਜ ਸਤ ਦੀ ਹਮੇਸ਼ਾ ਰਹੇ ਚਲਦੀ ਘੜੀ ਕਾਰੀਗਰ ਐਸਾ ਦਿਲ ਘੜੀਸਾਜ਼ ਦਾ ਹੋਵੇ ਜੇਹੜਾ ਵਾਕਫ ਘੜੀ ਵਾਲੇ ਰਾਜ਼ ਦਾ ਹੋਵੇ ਘੜੀ ਘੜੀ ਵਿਚ ਵਕਤ ਨਮਾਜ਼ ਦਾ ਹੋਵੇ ਲਵੇਂ ਦੇਖਕੇ ਖਰੀਦ ਐਸਾ ਦਿਲ ਦੀ ਘੜੀ ਘੜੀ ਘੜੀ ਮੇਰੀ ਜਾਨ ਨੂੰ ਅਜ਼ਾਬ ਦਿਤਾ ਸੀ ਭਰਕੇ ਸਾਕੀ ਨੇ ਨਾ ਜਾਮੇ ਸ਼ਰਾਬ ਦਿਤਾ ਸੀ ਜਿਸ ਘੜੀ ਮੈਨੂੰ ਵਸਲ ਦਾ ਜਵਾਬ ਦਿਤਾ ਸੀ ਕਰ ਲੈ ਯਾਦ ਉਹੋ ਸੋਹਣਿਆਂ ਤੂ ਕਲ ਦੀ ਘੜੀ ਖ਼ੂਨੀ ਘੜੀ ਜਦ ਹਥ ਨਾਲ ਲਗ ਜਾਂਵਦੀ ਘੜੀ ਘੜੀ ਜਾਣਕੇ ਫਤੂਰ ਪਾਂਵਦੀ ਘੜੀ ਘੜੀ ਪਿਛੋਂ ਮੈਨੂੰ ਉਹੋ ਯਾਦ ਆਂਵਦੀ ਤਬਰੇਜ਼ ਵਾਲੀ ਜੇਹੜੀ ਫੁਟੀ ਖਲਦੀ ਘੜੀ ਜਦੋਂ ਘੜੀ ਤਾਈਂ ਚਾਬੀ ਦਾ ਜ਼ਹੂਰ ਦਿਤਾ ਸੀ ਘੜੀ ਘੜੀ ਵਿਚ ਚੈਨ ਕਰ ਚੂਰ ਦਿਤਾ ਸੀ ਜਿਸ ਘੜੀ ਵਿਚ ਸੂਲੀ ਮਨਸੂਰ ਦਿਤਾ ਸੀ ਘੜੀ ਘੜੀ ਯਾਦ ਆਵੇ ਓਸ ਗਲ ਦੀ ਘੜੀ ਘੜੀ ਚਲ ਪਈ ਤੇ ਘੜੀ ਵਾਲੇ ਭੇਤ ਖੋਲਦੀ ਐਵੇਂ ਚਕ ਨਾ ਫਤੂਰ ਟਿਕ ਟਿਕ ਬੋਲਦੀ ਘੜੀ ਘੜੀ ਪਿਛੋਂ ਕਹਿੰਦੀ ਤੇ ਪਈ ਡੋਲਦੀ ਹਸ਼ਮਤ ਸ਼ਾਹ ਸਿਰੋਂ ਆਈ ਨਹੀਂ ਟਲਦੀ ਘੜੀ

19. ਸਸੀ ਸੁਤੜੀ ਸੇਜ, ਨਿਸੰਗ ਦੇ ਵਿਛੜੇ

ਸਸੀ ਸੁਤੜੀ ਸੇਜ, ਨਿਸੰਗ ਦੇ ਵਿਛੜੇ ਦਿਲਬਰ ਪਿਆਰੇ ਵਸਲੋਂ ਜਾਮ ਜ਼ੈਹਰ ਦਾ ਪੀਤਾ ਹਮਲਾ ਆ ਘਰ ਮੌਤ ਨੇ ਕੀਤਾ ਹੋਯਾ ਨਾਲ ਇਸ਼ਕ ਦੇ ਜੰਗ ਵੇ ਖੜਕੀ ਚੋਟ ਨਕਾਰੇ ਸੂਰਜ ਖੂਨੀ ਫਲਕ ਤੇ ਚੜ੍ਹਿਆ ਹੋਤਾਂ ਯਾਰ ਮੇਰਾ ਲੁਟ ਖੜਿਆ ਮੇਰਾ ਸਖਣਾ ਪਿਆ ਪਲੰਗ ਵੇ ਖਾਲੀ ਮਹਿਲ ਮੁਨਾਰੇ ਜਾਵਾਂ ਕੀਚਮ ਸ਼ਹਿਰ ਦੇ ਰਾਹੀਂ ਮਾਰਾਂ ਦਰਦ ਗਮਾਂ ਦੀ ਆਹੀਂ ਪੈਂਡਾ ਦੂਰ ਹੋਯਾ ਦਿਲ ਤੰਗ ਵੇ ਜੇ ਰਬ ਪਾਰ ਉਤਾਰੇ ਦਿਲ ਵਿਚ ਡਾਢਾ ਜੋਸ਼ ਵਸਲ ਦਾ ਹਿਜਰ ਮਾਹੀ ਦਾ ਸੀਨਾ ਸਲਦਾ ਹੋਯਾ ਥਲ ਕਰਬਲ ਦੇ ਰੰਗ ਵੇ ਸੂਰਜ ਲਾਟਾਂ ਮਾਰੇ ਹਸ਼ਮਤ ਸ਼ਾਹ ਸਸੀ ਕਰਦੀ ਝੇੜਾ ਆ ਗਿਆ ਆਖਰ ਮੌਤ ਸੁਨੇਹੜਾ ਜਲ ਗਈ ਥਲ ਵਿਚ ਵਾਂਗ ਪਤੰਗ ਵੇ ਚੜ੍ਹ ਗਈ ਮੌਤ ਦੇ ਖਾਰੇ

20. ਖੂਨੀ ਤੀਰ ਭਵਾਂ ਤੇ ਅਖੀਆਂ ਦਾ

ਖੂਨੀ ਤੀਰ ਭਵਾਂ ਤੇ ਅਖੀਆਂ ਦਾ ਜਦੋਂ ਜਿਗਰ ਤੇ ਆਕੇ ਬੈਠ ਗਿਆ ਡਿਗਾ ਤੜਫ ਕੇ ਜ਼ਖਮੀ ਹੋ ਆਸ਼ਕ ਹਥ ਸੀਨੇ ਨੂੰ ਪਾਕੇ ਬੈਠ ਗਿਆ ਗਿਆ ਸਬਰ ਹਥੋਂ ਨਾਲੇ ਸ਼ਰਮ ਗਈ ਕਹਿ ਸਲਾਮ ਅਰਾਮ ਹੋਯਾ ਰੁਖਸਤ ਦਿਲ ਯਾਰ ਖਜ਼ਾਨਾ ਵਹਿਦਤ ਦਾ ਐਵੇਂ ਮੁਫਤ ਲੁਟਾ ਕੇ ਬੈਠ ਗਿਆ ਜੇਹੜੇ ਤੀਰ ਇਸ਼ਕ ਦਾ ਖਾ ਲੈਂਦੇ ਨਹੀਂ ਮੁੜਦੇ ਸਿਰਾਂ ਨਾਲ ਲਾ ਲੈਂਦੇ ਲਗ਼ਰਾ ਹਕ ਹਕ ਸ਼ਾਹ ਮਨਸੂਰ ਕਹੇ ਖੁਦ ਸੂਲੀ ਤੇ ਜਾਕੇ ਬੈਠ ਗਿਆ ਐਵੇਂ ਮੁਫ਼ਤ ਨਾ ਖਾਕ ਰੁਲਾ ਦਿਲ ਨੂੰ ਸਿਧਾ ਅਰਥ ਇਸ਼ਕ ਦੇ ਲਾ ਦਿਲ ਨੂੰ ਕਾਰੀਗਰ ਤੋਂ ਸਿਕਲ ਕਰਾ ਦਿਲ ਨੂੰ ਹਥੋਂ ਲਾਲ ਗਵਾਕੇ ਬੈਠ ਗਿਆ ਸਖ਼ੀ ਪਾਕ ਹੁਸੈਨ ਸੀ ਇਬਨ ਅਲੀ ਪਾਯਾ ਦੀਦ ਮਹਿਬੂਬ ਦਾ ਹਸ ਹਸਕੇ ਨਹੀਂ ਡਰਿਆ ਸ਼ਿਮਰ ਦੀ ਤੇਗ਼ ਕੋਲੋਂ ਸਿਰ ਸਜਦੇ 'ਚ ਪਾਕੇ ਬੈਠ ਗਿਆ ਰਾਹੀ ਹਸ਼ਮਤ ਸ਼ਾਹ ਉਸ ਰਾਹ ਦਾ ਤੂੰ ਘਰ ਲਭ ਲੈ ਬੇਪਰਵਾਹ ਦਾ ਤੂੰ ਕਿੱਸਾ ਪੜ੍ਹ ਲੈ ਸਰਮਦ ਸ਼ਾਹ ਦਾ ਤੂੰ ਜਿਹੜਾ ਸਰ ਕਟਵਾਕੇ ਬੈਠ ਗਿਆ

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ