Punjabi Kafian Jai Singh

ਪੰਜਾਬੀ ਕਾਫ਼ੀਆਂ ਜੈ ਸਿੰਘ

1. ਸਾਈਂ ਮੈਂਡੀ ਕਿਉਂ ਨਹੀਂ ਲੈਂਦਾ ਸਾਰ

ਸਾਈਂ ਮੈਂਡੀ ਕਿਉਂ ਨਹੀਂ ਲੈਂਦਾ ਸਾਰ,
ਮੈਂ ਤਉ ਬਾਝ ਈਵੈਂ ਕੁਰਲਾਵਾਂ,
ਜਿਉਂ ਕੂੰਜ ਵਿਛੁਨੜੀ ਡਾਰ ।੧।ਰਹਾਉ।

ਜੇ ਅਸੀਂ ਭੁਲ ਚੁਕੇ ਸਾਈਆਂ,
ਤਾਂ ਤੇਰਾ ਨਾਮ ਸੱਤਾਰ ।੧।

ਜੈ ਸਿੰਘ ਦੀ ਸੁਣ ਕੂਕ ਪਿਆਰਿਆ,
ਦੇਹ ਕਦੀ ਦੀਦਾਰ ।੨।
(ਰਾਗ ਦੇਵਗੰਧਾਰੀ)

2. ਸਜਣਾ ਅਸੀਂ ਡਿੱਠੇ ਬਾਝ ਨ ਰਹਿੰਦੇ ਵੋ

ਸਜਣਾ ਅਸੀਂ ਡਿੱਠੇ ਬਾਝ ਨ ਰਹਿੰਦੇ ਵੋ,
ਸਿੱਕਣ ਸੂਲ ਤੇ ਦਰਦ ਵਿਛੋੜਾ,
ਅਸੀਂ ਤਉ ਬਿਨ ਕਹੀਂ ਨ ਕਹਿੰਦੇ ।੧।ਰਹਾਉ।

ਰਾਤੀਂ ਦਿਹੇਂ ਧਿਆਨ ਤੁਸਾਡਾ,
ਅਸੀਂ ਕਰ ਅਰਾਮ ਨਹੀਂ ਬਹਿੰਦੇ ।੧।

ਜੈ ਸਿੰਘ ਦੀ ਸੁਣ ਅਰਜ ਪਿਆਰਿਆ,
ਅਸੀਂ ਇਸ਼ਕ ਦਰੀਆਉ ਨਿਤ ਵਹਿੰਦੇ ।੨।
(ਰਾਗ ਦੇਵਗੰਧਾਰੀ)