Vaar Jaimal Fatte Di in Gurmukhi

ਵਾਰ ਜੈਮਲ ਫੱਤੇ ਦੀ

('ਲੋਕ ਵਾਰਾਂ' ਵਿਚ ਅਹਿਮਦ ਸਲੀਮ ਨੇ ਗਵੰਤ੍ਰੀ ਗੁਲਾਮ
ਮੁਹੰਮਦ ਰੁਲੀਆ ਤੋਂ ਸੁਣਕੇ ਇਹ ਵਾਰ ਦਰਜ ਕੀਤੀ ਹੈ)

ਮਤੇ ਹੋਏ ਦਰਬਾਰ ਵਿਚ, ਰਾਜਾ ਜੈਮਲ ਆਇਆ
ਅਕਬਰ ਬਾਦਸ਼ਾਹ ਜਲਾਲੁਦੀਨ, ਹਜ਼ੂਰਿ ਬੁਲਾਇਆ
'ਬੇਟੀ ਦੇ ਦੇ ਜੈਮਲਾ, ਤੈਨੂੰ ਬਾਦਸ਼ਾਹ ਫੁਰਮਾਇਆ'
ਦਿਲ ਵਿਚ ਝੂਰੇ ਜੈਮਲਾ, ਪਾਪੀ ਨੇ ਪਾਪ ਕਮਾਇਆ
ਸ਼ਾਇਰ ਬਾਤਾਂ ਜੋੜੀਆਂ, ਹੋਣੀ ਨੇ ਮੇਲ ਕਰਾਇਆ ।੧।

2

ਬੋਲੇ ਰਾਜਾ ਜੈਮਲਾ, 'ਸੁਣ ਅਕਬਰ ਗਾਜ਼ੀ
ਚੀਣੇ ਦਾ ਧੱਗੜ ਨ ਪਕੇ, ਜੀਹਦਾ ਮੁੱਢ ਪਰਾਲੀ
ਦਾਦਾ ਤੇਰਾ ਤਿਮਰਲੰਗ, ਜਿਨ ਬੱਕਰੀ ਚਾਰੀ
ਦਾਦੀ ਤੇਰੀ ਨੂੰ ਜਾਣੀਏ, ਚੱਕੀ ਪੀਸਣਹਾਰੀ
ਮਾਂ ਤੇਰੀ ਨੂੰ ਜਾਣੀਏ, ਹੂੰਝੇ ਭੇਡਾਂ ਦੀ ਵਾੜੀ
ਚਾਚੇ ਤੇਰੀ ਨੂੰ ਜਾਣੀਏ, ਸਾਡੇ ਹਲਾਂ ਦਾ ਹਾਲੀ
ਭੈਣ ਤੇਰੀ ਨੂੰ ਜਾਣੀਏ, ਟੁਕੜੇ ਮੰਗਣਣਹਾਰੀ
ਕੱਲ ਤੇਰਾ ਬਣ ਗਿਆ ਆਗਰਾ, ਕੋਟ ਲਹੌਰ ਅਟਾਰੀ
ਸਾਡਾ ਗੜ੍ਹ ਚਿਤੌੜ ਹੈ, ਤੇਰੀ ਦਿੱਲੀ ਨਾਰੀ
ਧੀ ਦਾ ਡੋਲਾ ਮੰਗਦੈਂ, ਕੌਣ ਹੋਂਦਾ ਏਂ ਪਾਜੀ
ਤੈਨੂੰ ਬੇਟੀ ਦੇਣ ਨੂੰ ਮੁਗਲਾ ! ਸਾਡਾ ਚਿੱਤ ਨਹੀਂ ਰਾਜ਼ੀ
ਲਹੂ ਦਾ ਪਿਆਲਾ ਤਿਆਰ ਐ, ਭਰ ਦਿਆਂਗੇ ਤੋਲ ਤਰਾਜ਼ੀ' ।੨।

3

ਬੋਲੇ ਅਕਬਰ ਬਾਦਸ਼ਾਹ, 'ਸੁਣੀਏ ਜੈ ਮੱਲਾ !
ਕੀਹਨੂੰ ਬੇਟੀ ਦੇਵੇਂਗਾ, ਕੌਣ ਮੈਥੋਂ ਭਲਾ
ਤੇਰਾ ਤੋੜਾਂ ਗੜ੍ਹ ਚਿਤੌੜ, ਵਿਚ ਫੇਰਾਂ ਪੱਲਾ
ਲਸ਼ਕਰ ਮੇਰੇ ਬਹੁਤ ਨੇ, ਘੋੜੇ ਗਜ ਗੱਲਾ
ਇਥੋਂ ਬਾਂਧਾਂ ਤੇਰੀਆਂ, ਬੰਨ੍ਹ ਕਾਬਲ ਘੱਲਾਂ
ਮੈਨੂੰ ਬੇਟੀ ਦਾ ਡੋਲਾ ਲੈ ਮਿਲ, ਜੇ ਚਾਹਵੇਂ ਭਲਾ' ।੩।

4

ਬੋਲੇ ਰਾਜਾ ਜੈਮਲਾ, 'ਸੁਣ ਅਕਬਰ ਗਾਜ਼ੀ
ਤੂੰਏਂ ਅਕਬਰ ਬਾਦਸ਼ਾਹ, ਧਜਾ ਝੁਲ ਰਹੀ ਹਮਾਰੀ
ਸਾਡੇ ਆਵਣ ਬ੍ਰਾਹਮਣਾਂ, ਤੇਰੇ ਮੁੱਲਾਂ ਕਾਜ਼ੀ
ਹਮ ਤੋ ਜਪੈਂ ਰਾਮ ਰਾਮ, ਤੁਮ ਕਲਮਾ ਸਾਜੀ
ਤੈਨੂੰ ਬੇਟੀ ਦੇਣ ਨੂੰ, ਚਿਤ ਨਾਹੀਂ ਰਾਜ਼ੀ' ।੪।

5

ਬੋਲੇ ਅਕਬਰ ਬਾਦਸ਼ਾਹ, 'ਸੁਣ ਜੈਮਲ ਗੀਦੀ
ਹਿੰਦੂਆਂ ਪੈਰ ਨ ਕੰਡਾ ਚੁਭਸੀ, ਜੇ ਰਾਹ ਚਲਸੇਂ ਸੀਧੀ
ਤੇਰੇ ਤੋੜਾਂ ਗੜ੍ਹ ਚਿਤੌੜ ਨੂੰ, ਜਿਉਂ ਕੁੱਪੀ ਬੀਧੀ
ਬਾਂਧਾਂ ਤੇਰੀਆਂ ਬੰਨ੍ਹ ਲਵਾਂ, ਕੁਲ ਬਾਂਦੀ ਥੀਵੀ
ਧੀ ਦਾ ਡੋਲਾ ਲੈ ਮਿਲ, ਕਰ ਨੀਅਤ ਸੀਧੀ ।੫।

6

ਬੋਲੇ ਰਾਜਾ ਜੈਮਲਾ, ਫੱਤੇ ਦਾ ਭਾਈ
'ਵੀਰਾ ! ਉਸ ਵਡੇ ਦਰਬਾਰ ਵਿਚ, ਪਤ ਰਹੀ ਨ ਕਾਈ
ਕਿਸੇ ਦੂਤੀ ਦੁਸ਼ਮਣ ਨੇ, ਭਰ ਕੇ ਚੁਗਲੀ ਲਾਈ
ਮੈਥੋਂ ਗਜਪਤਿ ਹਾਥੀ ਮੰਗਿਆ, ਘੋੜਾ ਦਰਿਆਈ
ਬਾਦਸ਼ਾਹ ਉਹ ਸੁਖਨ ਬੋਲਦਾ, ਗੱਲ ਕਹੀ ਨ ਜਾਈ
ਬੇਟੀ ਦਾ ਡੋਲਾ ਮੰਗ ਲਿਆ, ਸੀ ਜੈਮਲ-ਜਾਈ
ਜਾਦਾ ਭੋਜਨ ਨਹੀਂ ਰੁਚਦਾ, ਅੰਨ ਕੀ ਕੁਝ ਖਾਵਾਂ
ਜਾਂ ਮਾਰਾਂ ਬਾਦਸ਼ਾਹ ਨੂੰ, ਨਹੀਂ ਤਾਂ ਆਪ ਸਮਾਵਾਂ
ਦੂਤੀ ਵਿੰਨ੍ਹਾਂ ਨਾਲ ਸਾਣ ਦੇ, ਧਰ ਲਾ ਪਿਠ ਗਵਾਵਾਂ
ਬੇਟੀ ਘੋੜਾ ਦੇ ਕੇ ਜੱਦ ਨੂੰ ਔਲਖ ਪਿੱਠ ਲਾਵਾਂ' ।੬।

7

ਬਾਮ੍ਹਣ ਜੈਮਲ ਦਾ ਬੋਲਦਾ, 'ਸੱਚੀਆਂ ਦੇਵਾਂ ਸੁਣਾ
ਕਾਛੀ ਕੁਰਤ ਦੇ ਪੱਤਰੇ, ਮੈਨੂੰ ਗਏ ਹਥ ਆ
ਜੇ ਮੇਰੀ ਪੱਤ੍ਰੀ ਹੋਗੀ ਝੂਠੀ, ਪਾਣੀ ਵਿਚ ਦੇਵਾਂ ਰੁੜ੍ਹਾ
ਜੇ ਮੇਰੀ ਪੱਤ੍ਰੀ ਹੋਗੀ ਝੂਠੀ, ਅੱਗ ਵਿਚ ਦੇਵੀਂ ਸੜਾ
ਇਸ ਪੱਤ੍ਰੀ ਵਿਚ ਹਾਰ ਏ, ਕੁਝ ਦਿਨ ਨਿਉਂਕੇ ਘੜੀ ਲੰਘਾ
ਤੁਸੀਂ ਗੜ੍ਹ ਮੇਰਠੇ ਦੇ ਸੂਰਮੇ, ਉਹ ਵਿਚ ਦਿੱਲੀ ਬਾਦਸ਼ਾਹ
ਤੁਸੀਂ ਦੋਵੇਂ ਕੱਲੇ ਭਾਈ ਜੇ, ਉਹਦੀਆਂ ਫੌਜਾਂ ਬੇਬਹਾ
ਤੁਹਾਡੀਆਂ ਲੈ ਜਾਊ ਬਾਂਧਾਂ ਬੰਨ੍ਹ ਕੇ, ਫੌਜਾਂ ਗਈਆਂ ਚੜ੍ਹ ਆ
ਮੈਂ ਸੱਚੀ ਗੱਲ ਦੱਸ ਦਿਤੀ, ਤੁਹਾਡਾ ਨਮਕ ਰਿਹਾ ਸਾਂ ਖਾ
ਜੰਮਣਾ ਤੇ ਮਰਿ ਜਾਵਣਾ, ਮਰਦਾਂ ਦੇ ਬੋਲ ਰਹਿਣ ਸਿਰ ਜਾ ।੭।

8
ਸ਼ਾਇਰ ਦਾ ਕੌਲ

ਅਕਲ ਕਹੇ ਮੈਂ ਸਭ ਤੋਂ ਵੱਡੀ, ਨਿਤ ਕਚਹਿਰੀ ਵਿਚ ਲੜਦੀ
ਇਲਮ ਕਹੇ ਮੈਂ ਸਭ ਤੋਂ ਵੱਡਾ, ਖਬਰ ਦਿਆਂ ਪਲ ਪਲ ਦੀ
ਹੁਸਨ ਕਹੇ ਮੈਂ ਸਭ ਤੋਂ ਵੱਡਾ, ਮੇਰੀ ਦੁਨੀਆਂ ਸਿਫਤਾਂ ਕਰਦੀ
ਮਾਇਆ ਕਹੇ ਮੈਂ ਸਭ ਤੋਂ ਵੱਡੀ, ਮੇਰਾ ਦੁਨੀਆਂ ਪਾਣੀ ਭਰਦੀ
ਹੋਣੀ ਕਹੇ ਤੁਸੀਂ ਸਾਰੇ ਝੂਠੇ, ਮੈਂ ਜੋ ਚਾਹਾਂ ਸੋ ਕਰਦੀ ।੮।

9

ਬੋਲੇ ਮਾਤਾ ਕੇਸਰਾਂ, 'ਸੁਣ ਜੈਮਲ ਦਾਨੇ !
ਪੁਤ੍ਰ ! ਤੁਹਾਡੇ ਤੇ ਬਾਦਸ਼ਾਹ, ਦੇ ਹੋਏ ਸੁਖਨ ਦਿਵਾਨੇ
ਤੁਸੀਂ ਮਹਿੰਦੀ ਲਾ ਲਓ, ਮੌਤ ਦੇ ਹੱਥ ਬੰਨ੍ਹੋ ਗਾਨੇ
ਜੰਗ ਕਰੋ ਬਾਦਸ਼ਾਹ ਨਾਲ, ਗੱਲਾਂ ਰਹਿਣ ਜਹਾਨੇ
ਜੀਉਂਦੇ ਧੀ ਤੁਸੀਂ ਨ ਦਿਓ, ਕਸਮ ਧਰਮ ਈਮਾਨੇ' ।੯।

10

ਜੈ ਮੱਲ ਅਗੜੀ ਫਤਿਹ ਚੰਦ, ਬੋਲਦੇ ਨਾਲ ਸਭਾ
ਚੜ੍ਹ ਪਏ ਉਤੇ ਘੋੜਿਆਂ, ਵਾਗਾਂ ਲਈਆਂ ਝੁਕਾ
ਘੋੜੇ ਓਥੋਂ ਚਲ ਪਏ, ਗੱਲਾਂ ਕਰਦੇ ਨਾਲ ਹਵਾ
ਘੋੜਿਆਂ ਪੰਧ ਮੁਕਾ ਲਿਆ, ਪਹੁੰਚੇ ਦਿਲੀ ਜਾ
ਆਉਂਦੇ ਘੋੜੇ ਵੇਖ ਕੇ, ਅਕਬਰ ਲਏ ਤਕਾ
ਕਹਿ ਕਹਿ ਕਰ ਕੇ ਹੱਸਿਆ, ਹੱਸਿਆ ਨਾਲ ਸਭਾ
ਗੁਣੀਵੰਦਾਂ ਸਿਰ ਫੇਰ ਲਏ, ਕਿਉਂ ਹੱਸੇ ਜੇ ਬਾਦਸ਼ਾਹ
ਬਾਦਸ਼ਾਹ ਨੇ ਅਗੋਂ ਆਖਿਆ, 'ਜੈਮਲ ਫੱਤਾ ਗਏ ਜੇ ਆ
ਕੱਲ੍ਹ ਹਸਦਿਆਂ ਗੱਲਾਂ ਹੋਈਆਂ, ਅਜ ਆ ਗਏ ਦੋਵੇਂ ਭਰਾ
ਡੋਲਾ ਵੀ ਦੇ ਜਾਣਗੇ, ਕਰਕੇ ਆ ਗਏ ਆਪ ਸਲਾਹ'
ਸ਼ਾਇਰ ਨੇ ਬਾਤਾਂ ਜੋੜੀਆਂ, ਹੋਣੀ ਨੇ ਦਿਤਾ ਮੇਲ ਕਰਾ ।੧੦।

11

ਫੱਤਾ ਧੂਹ ਮਿਆਨੋਂ ਮਾਰਦਾ, ਸੱਟ ਡਾਢੀ ਮਾਰੇ
ਵੱਢਕੇ ਸੁੱਟ ਦਿੱਤਾ ਸਿਰ ਨੂੰ, ਬਿਜਲੀ ਲਿਸ਼ਕਾਰੇ
ਦੂਜੀ ਵੇਰਾਂ ਮਾਰਦਾ, ਪਠਾਣ ਨੂੰ ਮਾਰੇ
ਡਿਗਦਾ ਪਠਾਣ ਬੋਲਿਆ, ਮੂੰਹੋਂ ਕਲਮਾ ਚਿਤਾਰੇ
ਮੂਜ਼ੀ ਮਾਰ ਮੁਕਾ ਦਿਤੇ, ਕੀਤੇ ਦੋਫਾੜੇ
ਜੈਮਲ ਫੱਤਾ ਰਾਜਪੂਤ, ਗੈਰਤ ਦੇ ਲਾੜੇ ।੧੧।

12

ਟੋਡਰ ਮੱਲ ਤੇ ਮਾਨ ਸਿੰਘ, ਮਨ੍ਹਾ ਨਹੀਂ ਕਰਦੇ
ਮੈਥੋਂ ਡਰਦਾ ਕਾਸ਼ਮੀਰ, ਪਹਾੜ ਵੀ ਡਰਦੇ
ਮੈਂ ਮਾਰਿਆ ਪੁੱਤ ਫਰੀਦ ਦਾ, ਦੁੱਲਾ ਬਾਰ ਚੋਂ ਫੜ ਕੇ
ਮੈਂ ਬੰਨ੍ਹਿ ਲਿਆਂਦੇ ਜੋਧ ਵੀਰ, ਕਰ ਇਸ ਸੇ ਟਪ ਕੇ
ਮੈਂ ਮਾਰਿਆ ਮੀਆਂ ਮੀਰਦਾਦ, ਤਲਵਾਰੀਂ ਲੜ ਕੇ
ਇਹ ਧਮਕੀ ਦੇਂਦੇ ਆ ਕੇ, ਘੋੜੇ ਤੇ ਚੜ੍ਹ ਕੇ
ਤੈਨੂੰ ਜਾਣੂੰ ਓ ਜੈਮਲਾ, ਜੇ ਜੜ੍ਹ ਰਖ ਲਏਂ ਲੜ ਕੇ ।੧੨।

13

ਜੈਮਲ ਫੱਤਾ ਆ ਖੜੇ, ਵਿਚ ਆਣ ਬਾਜ਼ਾਰੀਂ
ਜੈਮਲ ਘੋੜਾ ਛੇੜਿਆ, ਆ ਕੇ ਧੁੰਮ ਉਠਾਈ
ਨੱਠੇ ਖਤ੍ਰੀ ਰਾਜਪੂਤ, ਨੱਠੇ ਹਲਵਾਈ
ਤੁਸਾਂ ਹਿੰਦੂਆਂ ਨੂੰ ਨ ਮਾਰਨਾ, ਦੋਹੋਂ ਰਾਮ ਦੁਹਾਈ
ਗਿੱਧਾ ਪਾਉਣ ਕਲਿਜੋਗਣਾਂ, ਜੀਹਨੇ ਕਲਾ ਵਧਾਈ
ਭਰਿ ਭਰਿ ਖਪਰੇ ਪੀਂਦੀਆਂ, ਨਾਲੇ ਦੇਣ ਦੁਆਈਂ
ਮੋਤੀ ਵਿਚ ਬਾਜ਼ਾਰ ਦੇ, ਆ ਕੇ ਲੁੱਟ ਮਚਾਈ
ਫੜ ਫੜ ਸੁਟਦੇ ਬੋਰੀਆਂ, ਸ਼ੁਹਦੇ ਦੇਣ ਦੁਆਈਂ
ਧੰਨ ਓ ਰਾਜਾ ਜੈਮਲਾ, ਤੇਰੀ ਜੰਮਦੀ ਮਾਈ ।੧੩।

14

ਨਾਰਦ ਆਂਹਦਾ ਹੋਣੀਏ ! ਤੂੰ ਬੜੀ ਕੁਪੱਤੀ
ਜਦੋਂ ਦਾ ਤੈਨੂੰ ਵਿਆਹ ਲਿਆਂਦਾ, ਕੋਈ ਖੱਟੀ ਨ ਖੱਟੀ
ਨ ਤੂੰ ਚੌਂਕੇ ਬੈਠੀਓਂ ਤੇ ਨ ਟਿੱਕੀ ਪੱਕੀ
ਜਿਧਰ ਪੈ ਜਾਏਂ ਧਾ ਕੇ ਕਰ ਦਏਂ ਚੌੜ ਚਪੱਟੀ ।੧੪।

15

ਜੈਮਲ ਅਕਬਰ ਬਾਦਸ਼ਾਹ ਦਾ, ਪੈ ਗਿਆ ਪਵਾੜਾ
ਆ ਜਾਊ ਦਿਲੀ ਜਹਾਨਾਬਾਦ, ਵਿਚ ਘੱਲੂਘਾਰਾ
ਅਗੜੀ ਫਤਿਹ ਚੰਦ ਨੇ, ਜਦੋਂ ਵਾਹਿਆ ਖੰਡਾ ਦੁਧਾਰਾ
ਵੱਢ ਵੱਢ ਸੁੱਟਣ ਸਿਰਾਂ ਨੂੰ, ਪੈ ਜਾਊ ਗੁਬਾਰਾ
ਕਈ ਜਵਾਨ ਮਰ ਜਾਣਗੇ, ਦੁਖ ਪੈ ਗਿਆ ਭਾਰਾ
ਘੋੜਾ ਖੱਚਰ ਖਾਇ ਕੇ ਮੂੰਹ ਕਰੀਂ ਕਰਾਰਾ
ਆਦਮ ਥੋੜ੍ਹਾ ਵਰਤ ਲਈਂ, ਕਰ ਲਈਂ ਗੁਜ਼ਾਰਾ ।੧੫।

16

ਚੜ੍ਹ ਪਿਆ ਅਕਬਰ ਬਾਦਸ਼ਾਹ, ਹਾਥੀਆਂ ਨੋ ਮਦਾਂ ਪਿਆਈਆਂ
ਭਰਕੇ ਨਸ਼ੇ ਦੀਆਂ ਬੋਤਲਾਂ, ਹਾਥੀਆਂ ਦੇ ਸੁੰਡਾਂ ਵਿਚ ਵਹਾਈਆਂ
ਜਦੋਂ ਵਗੀ ਪੁਰੇ ਦੀ ਵਾ, ਹਾਥੀਆਂ ਨੂੰ ਚੜ੍ਹੀਆਂ ਮਸਤਾਈਆਂ
ਫੌਜਾਂ ਉਥੋਂ ਚਲਕੇ, ਗੜ੍ਹ ਚਿਤੌੜ ਦੇ ਨੇੜੇ ਆਈਆਂ
ਹਾਥੀਆਂ ਤਾਕ ਭੰਨੇ ਸਣ ਸਰਦਲਾਂ, ਹਟ ਹਟਕੇ ਟਕਰਾਂ ਲਾਈਆਂ
ਸਿਪਾਹੀ ਸਤਰੀਂ ਜਾ ਵੜੇ, ਮੁਗਲ ਕਰਦੇ ਮਨਾਂ ਦੀਆਂ ਆਈਆਂ
ਸਾੜ੍ਹ ਸਾੜ੍ਹ ਮਾਰਨ ਕੋਰੜੇ, ਰਾਣੀਆਂ ਕੂੰਜਾਂ ਵਾਂਗ ਕੁਰਲਾਈਆਂ
ਰਾਣੀਆਂ ਅਗੜ ਪਛਾੜੀ ਬੰਨ੍ਹ ਲਈਆਂ, ਰਾਹ ਦਿਲੀ ਦੇ ਪਾਈਆਂ
ਅਗੜੀ ਫਤਿਹ ਚੰਦ ਜੈਮਲ ਵੀ ਬੰਨ੍ਹ ਲਏ, ਮੁਸ਼ਕਾਂ ਬੰਨ੍ਹ ਹਾਥੀ ਤੇ ਪਾਈਆਂ
ਭਉਂ ਕੇ ਦਿਲੀ ਜਹਾਨਾਬਾਦ ਲੈ ਗਏ, ਓਥੇ ਜਾ ਕੇ ਬਾਂਧਾਂ ਲਾਹੀਆਂ
ਰਹਿੰਦੇ ਖੂੰਹਦੇ ਸਾਰੇ ਮਾਰ ਦਿਤੇ, ਤੇ ਰਾਣੀਆਂ ਮਾਰ ਮੁਕਾਈਆਂ
ਜੈਮਲ ਤੇ ਫੱਤਾ ਮਾਰ ਦਿਤੇ, ਜਵਾਨਾਂ ਦੀਆਂ ਛਾਤੀਆਂ ਚ ਗੋਲੀਆਂ ਲਾਈਆਂ
ਅਕਬਰ ਬਾਦਸ਼ਾਹ ਨੇ ਬਾਂਧਾਂ ਲੈ ਆਂਦੀਆਂ, ਅੱਲ੍ਹਾ ਪਾਕ ਦੀਆਂ ਬੇਪ੍ਰਵਾਹੀਆਂ
ਹੁਕਮ ਨਹੀਂ ਮੋੜ ਸਕਦਾ ਕੋਈ ਉਸ ਦਾ, ਨਹੀਂ ਮੁੜਦੀਆਂ ਕਲਮਾਂ ਵਾਹੀਆਂ
ਪੂਰੀ ਵਾਰ ਫਤਿਹ ਚੰਦ ਦੀ ਹੋ ਗਈ, ਨ ਟਲਣ ਤਕਦੀਰਾਂ ਆਈਆਂ ।੧੬।

(ਨੋਟ=ਜੈਮਲ ਤੇ ਫੱਤਾ ਜਿਉਂਦੇ ਨਹੀਂ ਸਨ ਫੜੇ ਗਏ, ਸਗੋਂ ਮੈਦਾਨੇ-ਜੰਗ ਵਿਚ
ਸ਼ਹੀਦੀ ਪਾ ਗਏ ਸਨ; ੯ ਰਾਣੀਆਂ, ੫ ਰਾਜਪੁਤ੍ਰੀਆਂ, ੨ ਰਾਜਕੁਮਾਰ
ਤੇ ਅਨੇਕ ਹੋਰ ਰਾਜਪੂਤਾਣੀਆਂ ਅੱਗ ਵਿਚ ਪੈ ਕੇ ਸਤੀ ਹੋ ਗਈਆਂ । ਇਹ
ਸਾਕਾ ੧੧ ਚੇਤ ਨੂੰ ਹੋਇਆ, ਜਿਸਨੂੰ ਅਜ ਵੀ ਸਾਰਾ ਰਾਜਸਥਾਨ ਬੜੇ ਮਾਣ
ਨਾਲ ਚੇਤੇ ਕਰਦਾ ਹੈ ।)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ