Kafian : Khwaja Ghulam Farid

ਕਾਫ਼ੀਆਂ : ਖ਼ਵਾਜਾ ਗ਼ੁਲਾਮ ਫ਼ਰੀਦ

101. ਹਿਕੋ ਅਲਫ਼ ਮੈਨੂੰ ਬਰਮਾਵਮ ੜੀ

ਹਿਕੋ ਅਲਫ਼ ਮੈਨੂੰ ਬਰਮਾਵਮ ੜੀ ।ਤੱਤੀ ਬੇ ਤੇ ਮੂਲ ਨ ਭਾਵਮ ੜੀ ।
ਸੋਹਣੀ ਵਹਦਤ ਪਰਮ ਪਰੀਤਾਂ ਨੈਂ ।ਜ਼ੌਕੀ ਘਾਤਾਂ ਇਸ਼ਕੀ ਗੀਤਾਂ ਨੈਂ ।
ਕੋਝੀ ਕਸਰਤ ਕੋਝਾਂ ਰੀਤਾਂ ਨੈਂ ।ਦਿਲ ਗੈਰੋਂ ਗ਼ੈਰਤ ਖਾਵਿਮ ੜੀ ।
ਹਰ ਚਾਲੋਂ ਨਾਜ਼ ਨਵਾਜ਼ ਡਿੱਸੇ ।ਸਬ ਹੁਸਨ ਅਜ਼ਲ ਦਾ ਰਾਜ਼ ਡਿੱਸੇ ।
ਕੁਲ ਆਲਮ ਆਲਮ ਸਾਜ਼ ਡਿੱਸੇ ।ਹਿੱਕੋ ਨੂਰ ਨਜ਼ਰ ਵਿੱਚ ਆਵਿਮ ੜੀ ।
ਗੈਰੀਅਤ ਮਹਜ਼ ਮੁਹਾਲ ਡਿੱਸੇ ।ਚੌ ਤਰਫ਼ੋ ਹੁਸਨ ਜਮਾਲ ਡਿੱਸੇ ।
ਹਰ ਵੇਲੇ ਵਸਲ ਵਸਾਲ ਡਿੱਸੇ ।ਡੇਂਹ ਰਾਤ ਪੁੱਨਲ ਗੱਲ ਲਾਵਿਮ ੜੀ ।
ਕਿਉਂ ਕਰਦੀ ਹਾਰ ਸਿੰਗਾਰ ਮੁੱਠੀ ।ਕਿਉਂ ਸੁਰਖ਼ੀ ਕੱਜਲਾ ਧਾਰ ਮੁੱਠੀ ।
ਜੇ ਜਾਣਾ ਸਾਂਵਲ ਯਾਰ ਮੁੱਠੀ ।ਵਲ ਮੁਲਕ ਮਲ੍ਹੇਰ ਸਿਧਾਵਿਮ ੜੀ ।
ਤੱਤਾਂ ਦਰਦ ਜਦੀਦ ਸ਼ਦੀਦ ਥੀਆ ।ਹਰ ਰੋਜ਼ ਏ ਸੋਜ਼ ਮਜ਼ੀਦ ਥੀਆ ।
ਹਿੱਕੇ ਦੀਦ ਖ਼ਰੀਦ ਥੀਆ ।ਬਿਨ ਢੋਲਣ ਘਰ ਵਰਤਾਂਵਿਮ ੜੀ ।

102. ਹਿੱਕੋ ਡਿੱਠਮ ਹਰ ਗਾਲ ਕਨੂੰ

ਹਿੱਕੋ ਡਿੱਠਮ ਹਰ ਗਾਲ ਕਨੂੰ ।ਹਿੱਕਾ ਰਮਜ਼ ਲੱਧਮ ਹਰ ਚਾਲ ਕਨੂੰ ।
ਹਰ ਸੂਰਤ ਮਨ ਨੂੰ ਮੋਂਹਦੀ ਹੈ ।ਹਰ ਮੂਰਤ ਦਿਲ ਨੂੰ ਕੋਂਹਦੀ ਹੈ ।
ਸਬ ਨਿਸਬਤ ਯਾਰ ਨੂੰ ਸੋਂਹਦੀ ਹੈ ।ਹਰ ਹਾਲ ਕਨੂੰ ਹਰ ਕਾਲ ਕਨੂੰ ।
ਕਥੇ ਦਿਲਬਰ ਥੀ ਮਨ ਮੋਂਹਦਾ ਹੈ ।ਕਥੇ ਆਸ਼ਕ ਹੋ ਕਰ ਰੋਂਦਾ ਹੈ ।
ਕਥੇ ਰੱਬ ਤੋਂ ਫਾਰਗ ਹੋਂਦਾ ਹੈ ।ਗ਼ਮ ਨਾਜ਼ ਦੀ ਕੈਦ ਵਬਾਲ ਕਨੂੰ ।
ਬਦਨਾਮੀ ਮੈਡਾ ਨਾਮ ਹੋਇਆ ।ਗ਼ਮ ਖਾਵਣ ਸ਼ਰਬ ਮਦਾਮ ਹੋਇਆ ।
ਰਤ ਪੀਵਣ ਕਾਮ ਦਵਾਮ ਹੋਇਆ ।ਛੁਟ ਪੈਵਸੇ ਸ਼ਰਮ ਦੀ ਜਾਲ ਕਨੂੰ ।
ਡੇਖੋ ਹੁਸਨ ਹਕੀਕੀ ਜ਼ਾਹਰ ਹੈ ।ਕਿਆ ਅੰਦਰ ਹੈ ਕਿਆ ਬਾਹਰ ਹੈ ।
ਕਿਥੇ ਨਾਸੀ ਹੈ ਕੱਥੇ ਮਾਹਰ ਹੈ ।ਸੋਹਣਾ ਆਪਨੇ ਵਸਲ ਵਸਾਲ ਕਨੂੰ ।
ਜਡਾਂ ਇਸ਼ਕ ਫ਼ਰੀਦ ਉਸਤਾਦ ਥੀਆ ।ਸਬ ਇਲਮੋ ਅਮਲ ਬਰਬਾਦ ਥੀਆ ।
ਪਰ ਹਜ਼ਰਤੇ ਦਿਲ ਆਬਾਦ ਥੀਆ ।ਸੋ ਵਜਦ ਕਨੂੰ ਲੱਖ ਹਾਲ ਕਨੂੰ ।

103. ਹੁਣ ਦਿਲ ਬਦਲਾਇਮ ਸੁਰ ਸਾਈਂ

ਹੁਣ ਦਿਲ ਬਦਲਾਇਮ ਸੁਰ ਸਾਈਂ ।ਗਿਆ ਦਰਦੋਂ ਜੀਅੱੜਾ ਝੁਰ ਸਾਈਂ ।
ਦਰਦ ਦੇ ਕੰਡਰੇ ਸੀਨੇ ।ਲਗੜੇ ਹਿਨ ਦੇਰੀਨੇ ।
ਪਏ ਨਿਕਲਨ ਭੁਰ ਭੁਰ ਸਾਈਂ ।
ਡੁੱਖੜੇ ਰੋਜ਼ ਸਵਾਏ ।ਜੈਂ ਡੇਂਹ ਸੱਜਨ ਸਿੱਧਾਏ ।
ਸ਼ਹਿਰ ਭੰਭੋਰੋਂ ਟੁਰ ਸਾਈਂ ।
ਡੇਹਾਂ ਰਾਤੀਂ ਮਾਤਮ ।ਡੁੱਖ ਆਇਆ ਸੁਖ ਵਾਟਮ ।
ਖੁਸ਼ੀਆਂ ਦੇ ਥਏ ਪੁੜ ਸਾਈਂ ।
ਯਾਰ ਨ ਆਵੇ ਅੱਖੀਆਂ ।ਰੋ ਰੋ ਹੁੱਟੀਆਂ ਥੱਕੀਆਂ ।
ਡੇਂਹ ਰਾਤੀ ਦੀ ਫੁਰ ਫੁਰ ਸਾਈਂ ।
ਚਮੜਾ, ਮਾਸ, ਲਵੀਰਾਂ ।ਕੱਪੜੇ ਲੀਰ ਕਤੀਰਾਂ ।
ਬਿਰਹੋਂ ਡਿੱਤੋ ਸੇ ਪੁਰ ਸਾਈਂ ।
ਸਬਰ ਫ਼ਰੀਦ ਨ ਆਵੇ ।ਘਰ ਖਾਵੇ ਤੇ ਝੜ ਤਾਵੇ ।
ਦਿੱਲੜੀ ਕੀਤਮ ਲੁਰ ਸਾਈਂ ।

104. ਹੁਣ ਇਸ਼ਕ ਵੰਜਾਇਮ ਚੱਸ ਸਾਈਂ

ਹੁਣ ਇਸ਼ਕ ਵੰਜਾਇਮ ਚੱਸ ਸਾਈਂ ।ਲੱਖ ਵਾਰ ਅਸਾਡੀ ਬੱਸ ਸਾਈਂ ।
ਰਾਤ ਡੇਂਹਾਂ ਤੜਫਾਵਾਂ ।ਅਤੇ ਰੋ ਰੋ ਹਾਲ ਵੰਜਾਵਾਂ ।
ਰਹਿਮ ਨ ਕੀਤੋ ਖੱਸ ਸਾਈਂ ।
ਕਲ੍ਹੜੀ ਪਈ ਕੁਰਲਾਵਾਂ ।ਖਪਦੀ ਉੱਮਰ ਨਿਭਾਵਾਂ ।
ਧਾਂ ਕਰਾਂ ਬੇ ਵੱਸ ਸਾਈਂ ।
ਚਾਕ ਮਹੀਂ ਮਨ ਭਾਣੇ ।ਮੇਹਣੀਂ ਡੇਵਮ ਨਨਾਣੇ ।
ਤਾਅਨੇ ਮਾਰਮ ਸੱਸ ਸਾਈਂ ।
ਨਿੰਦਰ ਸਭੋ ਡੁੱਖ ਲਾਇਮ ।ਸੁੱਤੜੀਂ ਸਾਥ ਲਡਾਇਮ ।
ਨਾ ਕਈ ਖ਼ਬਰ ਨ ਡੱਸ ਸਾਈਂ ।
ਇਸ਼ਕੋਂ ਸੂਦ ਨ ਪਾਇਮ ।ਸਾਰਾ ਭਰਮ ਵੰਜਾਇਮ ।
ਜੋ ਲਗੜੀ ਸੋ ਕਸ ਸਾਈਂ ।
ਡੁਖੇ ਪੈਂਡੇ ਥਲ ਦੇ ।ਪੂਰ ਪੌਵਿਨ ਪਲ ਪਲ ਦੇ ।
ਦਰਦੀਂ ਦੀ ਹੱਥ ਰੱਸ ਸਾਈਂ ।
ਦਰਦ ਅੰਦੋਹ ਘਨੇਰੇ ।ਕਰਦੇ ਸੂਲ ਵਹੀਰੇ ।
ਨੱਸ ਗਿਉਂ ਦਿਲ ਖੱਸ ਸਾਈਂ ।
ਗ਼ਮ ਫ਼ਰੀਦ ਸਤਾਇਮ ।ਡੂੱਖ਼ੜਾ ਨੇਹੜਾ ਲਾਇਮ ।
ਮੂਹ ਸਰ ਪਾਇਮ ਭੱਸ ਸਾਈਂ ।

105. ਹੁਣ ਕੀਤਮ ਬਿਰਹੋਂ ਤੰਗ ਸਾਈਂ

ਹੁਣ ਕੀਤਮ ਬਿਰਹੋਂ ਤੰਗ ਸਾਈਂ ।ਦਿਲ ਨਾਲ ਅਸਾਡੀ ਜੰਗ ਸਾਈਂ ।
ਗ਼ਮਜੇ ਸਖਤ ਅਵੈੜੇ ।ਝੇੜੇ ਕਰਨ ਬਖ਼ੇੜੇ ।
ਨਾ ਕੁਝ ਤਰਸ ਨਾ ਸੰਗ ਸਾਈਂ ।
ਇਸ਼ਕ ਮਰੀਲੇ ਲੁਟੀਆਂ ।ਹੁੱਟੀਆਂ ਮੁੱਠੀਆਂ ਕੁਠੀਆਂ ।
ਤਨ ਮਨ ਚੂਰ ਚੌਰੰਗ ਸਾਈਂ ।
ਗੁਜ਼ਰੇ ਵੇਲੇ ਸੁਖ਼ ਦੇ ।ਜੀ ਜੁਖ਼ਦੇ ਪਿਆ ਡੁੱਖਦੇ ।
ਰਗ ਰਗ ਤੇ ਅੰਗ ਅਮਗ ਸਾਈਂ ।
ਦਰਦ ਅੰਦੋਹ ਪੁਰਾਣੇ ।ਝੁਰਦੀ ਝੋਰ ਝਗਾਣੇ ।
ਯਾਰ ਮਿਲਮ ਦਿਲ ਸੰਗ ਸਾਈਂ ।
ਇਸ਼ਕ ਅਲਾਮਤ ਜ਼ਾਹਰ ।ਸੂਲ ਘਣੇ ਤੇ ਲਾਗ਼ਰ ।
ਸਾਵਾ ਪੀਲਾ ਰੰਗ ਸਾਈਂ ।
ਨੇਂਹ ਨਗਲੀ ਛਾਤੇ ।ਮਿਲੀ ਫ਼ਰੀਦ ਬਚਾਤੇ ।
ਗਿਆ ਨਾਮੂਸ ਤੇ ਨੰਗ ਸਾਈਂ ।

106. ਹੁਣ ਮੈਂ ਰਾਂਝਣ ਹੋਈ

ਹੁਣ ਮੈਂ ਰਾਂਝਣ ਹੋਈ ।ਰਿਹਾ ਫ਼ਰਕ ਨ ਕੋਈ ।
ਜੈ ਸੰਗ ਦਿੱਲੜੀ ਪੀਤ ਲਗਾਈ ।ਆਖ਼ਰ ਬਣ ਗਈ ਸੋਈ ।
ਹੀਰ ਸਲੇਟੀ ਚੂਚਕ ਬੇਟੀ ।ਵੰਜ ਕਿਸ ਜਾ ਖੜੋਈ ।
ਹੀਰੋਂ ਹੀਰਾ ਥੀਸੀ ਜੇਕਰ ।ਸਰ ਹੀਂ ਰਾਹ ਡਿਤੋਈ ।
ਪਹਿਲੇ ਖਾ ਕਰ ਦਰਦ ਕਸ਼ਾਲੇ ।ਓੜਕ ਥਈ ਦਿਲ ਜੋਈ ।
ਸ਼ਾਬਸ ਅਸਲੋਂ ਮਹਜਨ ਹਾਰਿਓਂ ।ਜਿਤਨਾ ਬਾਰ ਚਤੋਈ ।
ਜੋ ਕੋਈ ਸਿਲਕ ਮੁਹਬਤ ਦੇ ਵਿੱਚ ।ਮਰਣ ਦੇ ਅੱਗੇ ਮੋਈ ।
ਸੇਝ ਸੁਹਾਗ ਸੁਹਾਇਸ ਥੀ ਖੁਸ਼ ।ਸ਼ਾਮ ਸੁੰਦਰ ਸੰਗ ਸੋਈ ।
ਨਾਲ ਖਿਆਲ ਅਨਾ ਦੇ ਜੈ ਨੇ ।ਮੈਲ ਦੂਈ ਦੀ ਧੋਈ ।
ਸਾਰੇ ਜਗ ਵਿੱਚ ਹਿੱਕ ਮੈਂ ਰਹਿ ਗਈ ।ਨਾ ਤੂਈ ਨਾ ਊਈ ।
ਥਇਆ ਮਨਸੂਰ ਫ਼ਰੀਦ ਹਮੇਸ਼ਾ ।ਜੈ ਏ ਰਾਜ਼ ਲਧੋਈ ।

107. ਹੁਣ ਵਤਨ ਬਿਗਾਨੇ ਦਿਲ ਨਹੀਂ ਆਵਨੜਾਂ

ਹੁਣ ਵਤਨ ਬਿਗਾਨੇ ਦਿਲ ਨਹੀਂ ਆਵਨੜਾਂ ।ਯਾਦ ਕੀਤਮ ਦਿਲਦਾਰ ਨੀਂ ।
ਕੋਲੇ ਰਹਿਸਾਂ ਮੂਲ ਨ ਸਹਿਸਾਂ ।ਹਿਜਰ ਦਾ ਬਾਰੀ ਬਾਰ ਨੀਂ ।
ਵਿੱਸਰਿਆ ਸਾਰਾ ਰਾਜ ਬਬਾਨੜਾਂ ।ਵਿਸਰ ਗਿਆ ਘਰ ਬਾਰ ਨੀਂ ।
ਭਾਂੜ ਮਨੜੇਸਾਂ ਮਾਂੜ ਨਭੇਸਾਂ ।ਘੋਲੇ ਆਰ ਵ ਯਾਰ ਨੀਂ ।
ਸੁਰਖੀ ਕੱਜਲ ਮਸਾਗ ਕਿਉਂ ਸੇ ।ਬੱਠ ਪਿਆ ਹਾਰ ਸਿੰਗਾਰ ਨੀਂ ।
ਪਾਰੋਂ ਡਿਸਦੀ ਝੋਕ ਸੱਜਨ ਦੀ ।ਕਿਉਂ ਰਹਿਸਾਂ ਉਰਵਾਰ ਨੀਂ ।
ਮੈਂ ਮਨਤਾਰੀ ਤੇ ਨੈ ਬਾਰੀ ।ਕਾਦਰ ਨੇਸਮ ਪਾਰ ਨੀਂ ।
ਬੱਠ ਪਈ ਸਿੰਧੜੀ ਕੀਤਮ ਮੂਲਾ ।ਮੁਲਕ ਮਲ੍ਹੇਰ ਮਲ੍ਹਾਰ ਨੀਂ ।
ਦੇਸ ਅਰਬ ਦਾ ਮੁਲਕ ਤਰਬਦਾ ।ਸਾਰਾ ਬਾਗ਼ ਬਹਾਰ ਨੀਂ ।
ਰੋਹੀ ਰਾਵੀਂ ਰੋਹੀ ਰੁਲਸੀ ।ਨੱਸ ਗਿਆ ਕਰਹੋਂ ਕਤਾਰ ਨੀਂ ।
ਡੇਂਹ ਡੁੱਖਾਂ ਦਾ ਡੂੰਗਰ ਡਿੱਸਦਾ ।ਰਾਤ ਗ਼ਮਾਂ ਦੀ ਮਾਰ ਨੀਂ ।
ਸਾਂਵਲ ਆਇਆ ਰੋਹੀ ਵੱਠੜੀ ।ਬਾਰ ਥਈ ਗੁਲਜ਼ਾਰ ਨੀਂ ।
ਦਾਰ ਮਦਾਰ ਫ਼ਰੀਦ ਹੈ ਦਿਲ ਨੂੰ ।ਡੁੱਖੜੇ ਤਾਰੋ ਤਾਰ ਨੀਂ ।

108. ਹੁਸਨ ਅਜ਼ਲ ਦਾ ਥੀਆ ਇਜ਼ਹਾਰ

ਹੁਸਨ ਅਜ਼ਲ ਦਾ ਥੀਆ ਇਜ਼ਹਾਰ ।ਅਹਿਦੋਂ ਵੇਸ ਵਟਾ ਥੀ ਅਹਿਮਦ ।
ਸਲਬ ਸਬੂਤ ਜਥਾਂ ਮਸਲੂਬੇ ।ਉਥ ਨ ਤਾਲਬ ਨ ਮਤਲੂਬੇ ।
ਹੈ ਲਾਇਦ ਰਿਕਾ ਅਲਅਬ ਸਾਰ ।ਬੇਹਦ ਮੁਤਲਕ, ਮੁਤਲਕ ਬੇਹਦ ।
ਗੈਬਲਗੈਬ ਦੇ ਦੇਸੋਂ ਆਇਆ ।ਸ਼ਹਿਰ ਸ਼ਹਾਦਤ ਦੇਰ ਅਲਾਇਆ ।
ਅਹਿਦੀਅਤ ਦਾ ਘੁੰਡ ਉਤਾਰਾ ।ਥੀਆ ਇਤਲਾਕੋਂ ਮਹਜ ਮੱਕੀਅਦ ।
ਹਕ ਬਾਤਲ ਹਕ ਹੈ ਹਕ ਹੈ ।ਪਰਾਏ ਰਾਜ਼ ਬਹੂੰ ਮੁਗ਼ਲਕ ਹੈ ।
ਯਾਰ ਹੈ ਯਾਰ ਹੈ ਯਾਰ ਹੈ ਯਾਰ ।ਸੋਹਣਾ ਕੋਝਾ ਨੇਕ ਅਤੇ ਬਦ ।
ਓ ਦਿਲਬਰ ਬੇ ਚੂੰ ਵ ਚਗੂਨਾ ।ਨਾਹੀਂ ਜੇਹਦਾ ਮਿਸਲ ਨਮੂਨਾ ।
ਤਿਸਦਾ ਹੈ ਬੇ ਸ਼ਕ ਤਕਰਾਰ ।ਦੁਨੀਆਂ ਅਕਬਾ ਮਜੋਲਾ ਮਸ਼ਹਦ ।
ਗਈ ਤਕਲੀਦ ਆਈ ਤਹਕੀਕੇ ।ਥੀਏ ਵਾਜ਼ਿਆ ਮਕਸ਼ੂਫ ਦਕੀਕੇ ।
ਫ਼ਾਸ਼ ਮਬੀਅਨ ਕਲ ਇਸਰਾਰ ।ਬਰਜੁਖ ਜ਼ੋਰ ਜ਼ਬਰ ਸ਼ਦਮਦ ।
ਕੀਤਾ ਅਜ਼ਲੀ ਲੁਤਫ ਜਹੂਰਾ ।ਸੌ ਸੌ ਸ਼ੁਕਰ ਮਿਲਿਆ ਗੁਰ ਪੂਰਾ ।
ਥੀਆ ਦਿਲ ਕੂੰ ਤਸਕੀਂ ਕਰਾਰ ।ਹੋਏ ਖਤਰਾਤ ਸ਼ਕੂਕ ਸਭੇ ਰਦ ।
ਪੀਰੇ ਮਗਾਂ ਮਸਜੂਦੁ ਜਤੌ ਸੇ ।ਫ਼ਰਜ ਫ਼ਰੀਦ ਨਮਾਜ ਨਤੋਸੇ ।
ਕੀਤਾ ਮਨ ਕਰ ਮੱਨ ਇਕਰਾਰ ।ਹੈ ਖ਼ੁਦ ਅਸਲ ਹਕੀਕੀ ਮਕਸਦ ।

109. ਇਹ ਨਾਜ਼ ਅਦਾ ਸਾਂਵਲੜੇ ਦੇ

ਇਹ ਨਾਜ਼ ਅਦਾ ਸਾਂਵਲੜੇ ਦੇ ।ਹਿਨ ਬਾਇਸ ਇਸ਼ਕ ਅਵੱਲੜੇ ਦੇ ।
ਗਏ ਵੇਲੇ ਭਾਗ ਸਵਲੜੇ ਦੇ ।ਆਏ ਦਰਦ ਕਲੱਲੜੇ ਦੇ ।
ਡਿੱਤੇ ਪੇਸ਼ ਫ਼ਰਾਕ ਪੁੱਨਲੜੇ ਦੇ ।ਡੁੱਖੇ ਪੈਂਡੇ ਮਾਰੂ ਥੱਲੜੇ ਦੇ ।
ਗਏ ਗੁਜ਼ਰ ਡਿਹਾੜੇ ਰਲੜੇ ਦੇ ।ਤਰਸਲੜੇ ਅੇਸ ਸੁਖਲੜੇ ਦੇ ।
ਹੁਣ ਪਰਭਤ ਰੋਹ ਜ਼ਬਲੜੇ ਦੇ ।ਸੁਖਪਾਲ ਥਏ ਦਿਲ ਜੱਲੜੇ ਦੇ ।
ਜੁੜ ਕੀਤੀ ਬਿਰਹੇਂ ਛੋਲ ਮੁਠੀ ।ਗਿਆ ਹਾਰ ਸ਼ਿੰਗਾਰ ਦਾ ਤੋਲ ਉਠੀ ।
ਲਗੀ ਫਕੜੀ ਹੂ ਹੂ ਦੋਲ ਰੁੱਠੀ ।ਵਾਹ ਭਲੜੇ ਭਾਗ਼ਾ ਭੱਲੜੇ ਦੇ ।
ਸਬ ਮਿਸ਼ਰੀ ਖੰਡ ਨਬਾਤ ਭੁਲੇਮ ।ਐਜ਼ਾਜ ਮਸੀਹ ਦੀ ਬਾਤ ਭੁਲੇਮ ।
ਮੈ ਕੰਸਰ ਆਬ ਹਯਾਤ ਭੁਲੇਮ ।ਸੁਣ ਸ਼ੋਖ ਸੁਖਨ ਗੱਵਲੜੇ ਦੇ ।
ਲਗਾ ਨੇਂਹ ਨਿਆਰੜੀ ਪੀੜ ਅਸਾਂ ।ਦਿਲ ਚੁਭੜੇ ਬਰਛੇ ਤੀਰ ਅਸਾਂ ।
ਸੌ ਸੌ ਨਸਤਰ ਲੱਖ਼ ਲੱਖ ਸੀੜ ਅਸਾਂ ।ਨਿਭ ਵਕਤ ਚਕੇ ਦਰਮਲੜੇ ਦੇ ।
ਲਗੀ ਨੋਕ ਨਜ਼ਰ ਗਿਆ ਹੋਸ਼ ਹੁਨਰ ।ਰਹੋ ਦਰਦ ਅੰਦਰ ਸਦਾ ਸੂਲ ਜਿਗਰ ।
ਡੋੜੇ ਜ਼ੁਲਮ ਕਹਿਰ ਢਾਂ ਮੂੰਹ ਦੇ ਭਰ ।ਡੁੱਖੇ ਰੋਹ ਡੂੰਗਰ ਰਾਹ ਵੱਲੜੇ ਦੇ ।
ਸੱਟ ਨਹਮਲ ਮਲਮਲ ਰੰਗ ਮਹਲ ।ਗਏ ਸਾਂਗ ਬਦਲ ਕੋਈ ਲਹਿਮ ਨ ਕਲ ।
ਰਿੱਛ ਰਾਖਸ ਘਲ ਮਮੀਂ ਡੈਣੀ ਦਲ ।ਆਏ ਪੇਸ਼ ਸੰਭਲ ਸਰ ਕਲੜੇ ਦੇ ।
ਵਲ ਵਲ ਪਿਆ ਜ਼ੁਲਫ ਪੁੱਨਲ ਦਾ ਗਲ ।ਪਏ ਸ਼ੋਜ਼ ਓਛਲ ਪਏ ਰੋਗ ਓਟਲ ।
ਗਏ ਸੁਖੜੇ ਢਲ ਗਈਆਂ ਖੁਸ਼ੀਆਂ ਜਲ ।ਦਿਲ ਚਲੜੇ ਨੇਸ਼ ਅੱਜਲੜੇ ਦੇ ।
ਕੁਲ ਕਾਰੈਂ ਇਸ਼ਕ ਫ਼ਰੀਦ ਕੀਤਾ ।ਘਰ ਬਾਰੋ ਬਿਰਹੇਂ ਬਈਦ ਕੀਤਾ ।
ਹਰ ਪਲ ਪਲ ਸ਼ੌਂਕ ਜਦੀਦ ਕੀਤਾ ।ਮੂੰਹ ਨੂਰ ਭਰੇ ਨਿਰਮੱਲੜੇ ਦੇ ।

110. ਇਸ਼ਕ ਅਨੋਖੜੀ ਪੀੜ

ਇਸ਼ਕ ਅਨੋਖੜੀ ਪੀੜ ।ਸੌ ਸੌ ਸੂਲ ਅੰਦਰ ਦੇ ।
ਨੈਣ ਵਹਾਇਮ ਨੀਰ ।ਅੱਲੜੇ ਜ਼ਖਮ ਜਿਗਰ ਦੇ ।
ਬਿਰਹੋਂ ਬਖੇੜਾ ਸਖ਼ਤ ਆਵੈੜਾ ।ਖਵੇਸ਼ ਕਬੀਲਾ ਲਾਵਿਮ ਝੇੜਾ ।
ਮਾਰਗ ਮਾ ਪਿਉ ਵੀਰ ।ਦੁਸਮਨ ਲੋਕ ਸ਼ਹਿਰ ਦੇ ।
ਤਾਂਗ ਅਵੱਲੜੀ ਸਾਂਗ ਕਲੱਲੜੀ ।ਜਿੰਦੜੀ ਜਲੜੀ ਦਿੱਲੜੀ ਗਲੜੀ ।
ਤਨ ਮਨ ਦੇ ਵਿੱਚ ਤੀਰ ।ਮਾਰੇ ਯਾਰ ਹੁਨਰ ਦੇ ।
ਗ਼ਮਜੇ ਸਿਹਰੀ ਰਮਜ਼ਾਂ ਵੈਰੀ ।ਅੱਖੀਆਂ ਜਾਦੂ ਦੀਦ ਲੁਟੇਰੀ ।
ਜੁਲਮੀਂ ਜ਼ੁਲਫ਼ ਜ਼ੰਜੀਰ ।ਪੇਚੀ ਪੇਚ ਕਹਿਰ ਦੇ ।
ਪੀਤ ਪੁੱਨਲ ਦੀ ਸਿਕ ਪਲ ਪਲ ਦੀ ।ਮਾਰੂਥਲ ਦੀ ਰੀਤ ਅਜ਼ਲ ਦੀ ।
ਡੁੱਖ ਲਾਵਿਨ ਤੜਭੇੜ ।ਜੋ ਸਰਦੇ ਸੋ ਕਰਦੇ ।
ਤੁਲ ਨਿਹਾਲੀ ਡੇਣ ਡਿਖਾਲੀ ।ਸਬਰ ਆਰਾਮ ਦੀ ਵਿਸਰਿਅਮ ਚਾਲੀ ।
ਲੂੰ ਲੂੰ ਲੱਖ ਲੱਖ ਚੀਰ ।ਕਾਰੀ ਤੇਗ਼ ਤਬਰ ਦੇ ।
ਯਾਰ ਫ਼ਰੀਦ ਨ ਪਾਇਮ ਫੇਰਾ ।ਲਾਇਆ ਦਰਦਾਂ ਦਿਲ ਵਿੱਚ ਦੇਰਾ ।
ਸਰ ਗਿਉਮ ਸੀਸ ਸਰੀਰ ।ਨੈਸਾਂ ਦਾਗ਼ ਕਬਰ ਦੇ ।

111. ਇਸ਼ਕ ਅਸਾਂਝੀ ਜਾ ਆਹੇ ਇਨਸਾਫ

ਇਸ਼ਕ ਅਸਾਂਝੀ ਜਾ ਆਹੇ ਇਨਸਾਫ ।
ਜ਼ੁਲਮ ਨਭਾਏਂ ਦਸ ਤਾਂਭੀ ਤਹੰਜਾ ਥੋਗ ਗਾਏਂਦਸ ।
ਸਿਜਦਾ ਜਾਨਬ ਤਹੰਜੀ, ਤਹੰਜੇ ਗਿਰਦ ਤਵਾਫ ।ਕਦਮ ਕਦਮ ਤੇ ਸੀਸ ਨਵਾਏਂਦਸ ।
ਤੁਹੰਜੀ ਸੀਰਤ, ਸੂਰਤ ਸੋਹਣੀ ਕਿਵੇਂ ਕਿਆਂ ਔਸਾਰ ।
ਜਿੰਦੜੀ ਤੋਂ ਤੂੰ ਘੋਲ ਘੁਮਾਏਂਦਸ ।
ਤਨ ਮਨ ਸੋਹਣਾਂ ਮੁਲਕ ਹੈ ਤੁਹੰਝਾ ਸਚ ਆਹੇ ਨਾ ਹੈ ਲਾਫ ।
ਕਸਮ ਅਵਾਂਝੇ ਸਰ ਜੀ ਖਾਏਂਦਸ ।
ਜ਼ਿਕਰ ਊਂ ਫਿਕਰ ਹੈ ਤਹੰਜਾ, ਦਮ ਦਮ ਚੁਏਂਦਸ ਸਾਫ ਜਾ ਸਾਫ ।
ਅਬਦ ਮਅਬੂਦ ਮੈਂ ਤੋਖੇ ਯਾਏਂਦਸ ।
ਬਾਂਦੀ ਗੋਲੀ ਯਾਰ ਦੀ ਆਹੀਆਂ ਨਾ ਹੈ ਫਰੀਦ ਖਲਾਫ ।
ਉਨ੍ਹੇ ਭੈ ਭਾਏਦਸ ਖੂਹ ਨ ਭਾਏਂਦਸ ।

112. ਇਸ਼ਕ ਅਵੱਲੜੀ ਚਾਲ ਭਲਾ ਯਾਰ ਵੇ

ਇਸ਼ਕ ਅਵੱਲੜੀ ਚਾਲ ਭਲਾ ਯਾਰ ਵੇ ।ਯਾਰੀਆਂ ਲਾਵਣ ਸਰ ਮੰਗਦੀਆਂ ।
ਜ਼ੁਲਫ਼ਾ ਦਿਲ ਨੂੰ ਪਾਵਿਨ ਜਾਲੀ ।ਅੱਖੀਆਂ ਕਰਦੀਆਂ ਮਸਤ ਮਵਾਲੀ ।
ਨਾਜ਼ ਨਿਗਾਹਾਂ ਦੇ ਨਾਲ ਭਲਾ ਯਾਰ ਵੇ ।ਬਿਰਹੋਂ ਬਛੇਂਦੀਆਂ ਨਹੀਂ ਸੰਗਦੀਆਂ ।
ਚਸ਼ਮਾਂ ਕਹਿਰੀ ਰਮਜ਼ਾਂ ਵੈਰੀ ।ਅੱਖ਼ੀਆਂ ਜ਼ਾਲਮ ਦੀਦ ਲੁਟੇਰੀ ।
ਡੇਵਨ ਜਿੰਦੜੀ ਗਾਲ ਭਲਾ ਯਾਰ ਵੇ ।ਸਿਰਹੋ ਬਹਾਦੁਰ ਹੁਨ ਜੰਗਦੀਆਂ ।
ਨਾਜ਼ਕ ਚਾਲੀਂ ਯਾਰ ਸੱਜਨ ਦੀਆਂ ।ਮੋਹਣੀਆਂ ਗਾਲ੍ਹੀ ਮਨ ਮੋਹਨ ਦੀਆਂ ।
ਕਰਨ ਦਿਲੀਂ ਪਾਮਾਲ ਭਲਾ ਯਾਰ ਵੇ ।ਹਰ ਹਰ ਆਨ ਖੜੀਆਂ ਤੰਗਦੀਆਂ ।
ਚਿਹਰੀ ਤਰਜ਼ ਡਿਖਾਵਨ ਅੱਖੀਆਂ ।ਜ਼ੁਲਫਾਂ ਤੇਲ ਫੁਲੇਲ ਦੀਆਂ ਮੱਖੀਆਂ ।
ਘਤਦੀਆਂ ਜੀ ਜੰਜਾਲ ਭਲਾ ਯਾਰ ਵੇ ।ਜ਼ੋਰੇ ਰਗ ਰਗ ਨੂੰ ਡੰਗਦੀਆਂ ।
ਇਸ਼ਕ ਫ਼ਰੀਦ ਕਸ਼ਾਲੇ ਘੱਲੇ ।ਆਸ ਉਮੀਦ ਤੱਸਲੇ ਭੱਲੇ ।
ਕੂੜਾ ਵਹਿਮ ਖ਼ਿਆਲ ਭਲਾ ਯਾਰ ਵੇ ।ਡਿੱਠੜੀਆਂ ਪੀਤਾਂ ਦਿਲ ਸੰਗਦੀਆਂ ।

113. ਇਸ਼ਕ ਅਵਲੜੀ ਪੀੜ ਵੋ

ਇਸ਼ਕ ਅਵਲੜੀ ਪੀੜ ਵੋ ।ਲੋਕਾਂ ਖ਼ਬਰ ਨ ਕਾਈ ।
ਜ਼ੁਲਫ਼ ਡੰਗੇਦੀਂ ਮੂਲ ਨ ਸੰਗੀ ।ਚਸ਼ਮਾਂ ਸਰਹੋਂ ਬਹਾਦਰ ਜੰਗੀ ।
ਨਾਜ਼ ਨਿਗਾਹ ਦੇ ਤੀਰ ਵੋ ।ਨਿੱਤ ਕਰਨ ਲੜਾਈ ।
ਸ਼ਾਲਾ ਨੇੜਾ ਕੋਈ ਨ ਲਾਵੇ ।ਦਰਦ ਅੰਦੇਸ਼ੇ ਸੋਜ਼ ਸਵਾਏ ।
ਦਮ ਦਮ ਦਿਲਗਰ ਵੋ ।ਸਰ ਤੇ ਸਖ਼ਤੀ ਆਈ ।
ਹਿੱਕ ਬੇਵਾਹੀ ਬਿਆ ਫਟ ਜਾਹੀ ।ਮੂੰਝ ਮੁੰਝਾਰੀ ਗਲ ਦੀ ਫਾਈ ।
ਤੱਕ ਤੱਕ ਰਾਹ ਮਲ੍ਹੇਰ ਵੋ ।ਰੋਦੀਂ ਮੋਇਮ ਅਜਾਈਂ ।
ਸੁੰਜ ਬਰ ਚੜੜੇ ਸ਼ੀਹ ਮਰੇਲੇ ।ਬਸ਼ੀਰ ਬਦ ਬਘਿਆਰ ਬਘੇਲੇ ।
ਡੁੱਖ ਡੁੱਖੜੇ ਥਏ ਵੀਰ ਵੋ ।ਗ਼ਮ ਸਕੜੇ ਭਾਈ ।
ਸੈਣੀਂ ਭੈਣੀਂ ਵੈਣ ਅਲਾਵਮ ।ਵੀਰਣ ਵੈਰੀ ਸਖ਼ਤ ਸੁਭਾਵਮ ।
ਮਾਰਮ ਬੇ ਤਕਸੀਰ ਵੋ ।ਏ ਬੇਦਰਦ ਕਸਾਈ ।
ਸੂਲਮ ਮੂਲ ਨ ਡਿੱਤੜਮ ਸਾਹੀ ।ਕਾਦਰ ਏਂਵੇਂ ਕਲਮ ਵਹਾਈ ।
ਕੀਤਮ ਤੇ ਤਕਦੀਰ ਵੋ ।ਸੋਹਣੇ ਨਾਲ ਜੁਦਾਈ ।
ਜਿੰਦੜੀ ਜੁੱਖਦੀ ਜੀਅੜਾ ਦੁਖਦਾ ।ਵੇਲ੍ਹਾ ਵਕਤ ਨਿਭਾਇਆ ਸੁਖਦਾ ।
ਰੰਜੋ ਆਲਮ ਦੀ ਭੀੜ ਵੋ ।ਆਫ਼ਤ ਪਿਉਸ ਸਮਾਈ ।
ਮਿਜ਼ੇਗੀਂ ਨਸ਼ਤਰ ਹਾਦੀ ਮਾਰੀ ।ਪਲਕੀ ਲਾਈ ਕੈਬਰ ਕਾਰੀ ।
ਜ਼ਖਮ ਕਲੱਲੜੇ ਚੀਰ ਵੋ ।ਵੈਂਦੀਂ ਚੋਟ ਚਲਾਈ ।
ਲੂੰ ਲੂੰ ਸੜਦੀ ਹੱਡ ਚੰਮ ਗਲਦਾ ।ਦਿੱਲੜੀ ਜਲਦੀ ਸੀਨਾ ਬਲਦਾ ।
ਰਗ ਰਗ ਛੁਟੜੀ ਸੀੜ੍ਹ ਵੋ ।ਤੈਡੇ ਬਿਰਹੋਂ ਛੁਡਾਈ ।
ਸਬਰ ਕਰਾਰ ਆਰਾਮ ਗਿਉਸੇ ਬਾਰ ਮਲਾਮਤ ਮੁਫ਼ਤ ਚਤੋਸੇ ।
ਕਾਨੀ ਬੇ ਤਦਬੀਰ ਵੋ ।ਜਾਨੀ ਲਾ ਡਿਖਲਾਈ ।
ਯਾਰ ਫ਼ਰੀਦ ਨ ਖੜ ਮੁਕਲਾਇਆ ।ਕੇਚ ਗਿਆ ਵੱਲ ਘਰ ਨ ਆਇਆ ।
ਡਿੱਤੜਮ ਜੁੜ ਤਾਅਜ਼ੀਰ ਵੋ ।ਕੀਤੋਸ ਖ਼ੂਬ ਭਲਾਈ ।

114. ਇਸ਼ਕ ਭੁਲਾਇਆ ਤਾਆਤਾਂ

ਇਸ਼ਕ ਭੁਲਾਇਆ ਤਾਆਤਾਂ ।
ਏ ਘਰ ਮੇਰਾ ਘਰ ਸੁਖ ਮੰਦਰ ।ਮਅਮੂਰ ਖ਼ਫ਼ੀ ਦੇ ਅੰਦਰ ।
ਜਿਥ ਬਹਿਰ ਮਹੀਤ ਦਾ ਮੰਦਰ ।ਉਥ ਹਰ ਜਿਨਸੋਂ ਮਿਲਨ ਸੌਗਾਤਾਂ ।
ਆਈ ਹਾਲ ਮਕਾਮ ਦੀ ਵਾਰੀ ।ਥੱਈ ਰਫ਼ਾ ਹਜਬ ਯਕ ਬਾਰੀ ।
ਗਈ ਜ਼ਹਦ ਇਬਾਦਤ ਸਾਰੀ ।ਹੱਜ ਜ਼ਕਵਾਤਾਂ ਸੌਮ ਸਲਵਾਤਾਂ ।
ਥਈ ਨਸਰਤ ਫ਼ਤਹ ਫ਼ਤੂਹੀ ।ਸਬ ਸਰੀ ਕਲਬੀ ਰੂਹੀ ।
ਗਈ ਜ਼ੁਲਮਤ ਨੂਰ ਸਬੂਹੀ ।ਕੀਤੀਆਂ ਜਿਸਮ ਅਜਬ ਪਰਭਾਤਾਂ ।
ਸੱਰ ਅਨਹਦ ਤਬਲ ਸ਼ਹਾਨਾ ।ਖੁਸ਼ ਮਤਰਬ ਤਾਨ ਤਰਾਨਾ ।
ਗਿਆ ਨਫ਼ਲ ਨਮਾਜ਼ ਦੋਗਾਨਾ ।ਵਿੱਸਰੀਆਂ ਡੋਂ ਤਿਰੇ ਚਾਰ ਰਕਅਤਾਂ ।
ਗੁਰ ਬਾਤ ਬਤਾਈ ਪੂਰੀ ।ਤੀਫੂਰੀ ਤੇ ਮਨਸੂਰੀ ।
ਥਈ ਫਾਸ਼ ਤੱਜਲੀ ਤੂਰੀ ।ਹਰ ਜਾ ਐਮਨ ਤੇ ਮੀਕਾਤਾਂ ।
ਏ ਵਜਦਾਨੀ ਸ਼ਤਹਾਤਾਂ ।ਹਨ ਵਹਦਤ ਦੀਆਂ ਆਯਾਤਾਂ ।
ਕਰ ਤਮਸ ਦਿਲੀਂ ਸਤਵਾਤਾਂ ।ਕਰਦਾ ਜ਼ਾਹਰ ਏ ਕਲਮਾਤਾਂ ।
ਕੁਲ ਉਠ ਗਏ ਫ਼ਗਨ ਜ਼ਲਾਜ਼ਲ ।ਭੱਜ ਪਏ ਅਗਲਾਲ ਸਲਾਸਲ ।
ਦਿਲ ਹਿਕ ਪਾਸੇ ਸ਼ਾਗਲ ।ਬੱਠ ਦਰਕਾਤਾਂ ਤੇ ਦਰਜਾਤਾਂ ।
ਥਏ ਭਾਗ ਫ਼ਰੀਦ ਭਲੇਰੇ ।ਦਿਲ ਦਿਲਬਰ ਲਾਏ ਦੇਰੇ ।
ਆ ਕਾਨ੍ਹ ਦਵਾਰੇ ਮੇਰੇ ।ਬੰਸੀ ਜੋੜ ਸੁਣਾਈਆਂ ਘਾਤਾਂ ।

115. ਇਸ਼ਕ ਚਲਾਏ ਤੀਰ

ਇਸ਼ਕ ਚਲਾਏ ਤੀਰ ।ਡਾਢੇ ਜ਼ੁਲਮ ਕਹਿਰ ਦੇ ।
ਯਾਰ ਮਿਲਿਆ ਬੇ ਪੀਰ ।ਲੂੰ ਲੂੰ ਵਿੱਚ ਸੌ ਦਰਦੇ ।
ਇਸ਼ਕ ਉਜਾੜੀ ਝੋਕ ਅਮਨ ਦੀ ।ਨਜ਼ਰ ਨ ਆਵਮ ਜੋਹ ਜਤਨ ਦੀ ।
ਸੋਜ਼ ਡਿਤੋਸ ਜਾਗੀਰ ।ਜੀਅੜਾ ਸੂਲਾਂ ਸੜਦੇ ।
ਤੂਲ ਡੁੱਖਾਂ ਦੀ ਸੇਝ ਨ ਭਾਂਦੀ ।ਸੂਲ ਸਰ੍ਹਾਂਦੀ ਦਰਦ ਪਵਾਂਦੀ ।
ਰਗ ਰਗ ਵਿੱਚ ਹੈ ਪੀੜ ।ਡਿੱਸਦਾ ਰੋਗ ਅੰਦਰ ਦੇ ।
ਰਹਿਣ ਨ ਡੇਂਦੀ ਪੀੜ ਪਰਾਈ ।ਸਿੱਕ ਮਹੀਂਵਾਲ ਦੀ ਰੋਜ਼ ਸਵਾਈ ।
ਕੀਜੋ ਲੋੜ੍ਹੇਮ ਸੀੜ੍ਹ ।ਬੋੜਿਮ ਕਨ ਕੱਪਰ ਦੇ ।
ਸੁਖ ਸੋਮਣ ਦਾ ਵਕਤ ਵਿਹਾਇਆ ।ਬਾਰ ਬਿਰਹੋਂ ਦਾ ਸਰ ਤੇ ਆਇਆ ।
ਗੁਜ਼ਰ ਗਈ ਤਦਬੀਰ ।ਨਿਭ ਗਏ ਵਕਤ ਹੁਨਰ ਦੇ ।
ਨਿਭਨ ਫ਼ਰੀਦ ਏ ਡੁੱਖ ਡੁਹਲੇ ।ਸ਼ਾਲਾ ਨਾਲ ਵਸਾਲ ਸੁਹੀਲੇ ।
ਹੋਵਾਂ ਸ਼ਕਰ ਸ਼ੀਰ ।ਗੁਜ਼ਰਨ ਡੇਂਹ ਸਫ਼ਰ ਦੇ ।

116. ਇਸ਼ਕ ਲਗਾ ਘਰ ਵਿਸਰਿਆ

ਇਸ਼ਕ ਲਗਾ ਘਰ ਵਿਸਰਿਆ ।ਜ਼ਰ ਵਿਸਰੀ ਵਰ ਵਿਸਰਿਆ ।
ਗੁਜ਼ਰੇ ਨਾਜ਼ ਹੁਸਨ ਦੇ ਮਾਨੜੇ ।ਜ਼ੇਵਰ ਤਰੇਵਰ ਵਿਸਰਿਆ ।
ਵਿਸਰੇ ਕਜਲੇ ਸੁਰਖੀ ਮੇਦੀਆਂ ।ਬੱਲਾ ਬੈਂਸਰ ਵਿਸਰਿਆ ।
ਦਰਦ ਅੰਦੇਸ਼ੇ ਦਿਲ ਦੀ ਮੂੜੀ ।ਬਿਆਕੁਲ ਜੋਹਰ ਵਿਸਰਿਆ ।
ਦੈਰ ਕਨਿਸ਼ਤ ਦਵਾਰਾ ਮੰਦਰ ।ਮਸਜਦ ਮੰਬਰ ਵਿਸਰਿਆ ।
ਹਕ ਦੇ ਸ਼ਾਂਗੇ ਹਕਦੀ ਸੌਂਹ ਹੈ ।ਖੈਰ ਭਲੀ ਸ਼ਰ ਵਿਸਰਿਆ ।
ਹਰ ਵੇਲ਼ੇ ਹਰ ਯਾਦ ਅਸਾਨੂੰ ।ਹੋਰ ਅਮਾਨ ਹਰ ਵਿਸਰਿਆ ।
ਵੈਸਾਂ ਕੀਚ ਫਰੀਦ ਨ ਮੁੜਸਾਂ ।ਸੁੰਜ ਬਰਦਾ ਡਰ ਵਿਸਰਿਆ ।

117. ਇਥਾਂ ਮੈਂ ਮੁਠੜੀ ਜਿੰਦ ਜਾਨ ਬਲਬ

ਇਥਾਂ ਮੈਂ ਮੁਠੜੀ ਜਿੰਦ ਜਾਨ ਬਲਬ ।ਓਤਾਂ ਖ਼ੁਸ਼ ਵਸਦਾ ਮੁਲਕ ਅਰੱਬ ।
ਹਰ ਵੇਲੇ ਯਾਰ ਦੀ ਤਾਂਘ ਲਗੀ ।ਸੁੰਜੇ ਸੀਨੇ ਸਿਕ ਦੀ ਸਾਂਗ ਲਗੀ ।
ਡੁਖੀ ਦਿਲੜੀ ਦੇ ਹੱਥ ਟਾਂਘ ਲਗੀ ।ਥੈ ਮਿਲ ਮਿਲ ਸੂਲ ਸਮੋਲੇ ਸਬ ।
ਤਤੀ ਥੀ ਜੋਗਣ ਚੌਧਾਰ ਫਿਰਾਂ ।ਹਿੰਦ ਸਿੰਧ ਪੰਜਾਬ ਤੇ ਮਾੜ ਫਿਰਾਂ ।
ਸੁੰਜ ਬਾਰ ਤੇ ਸ਼ਹਿਰ ਬਾਜ਼ਾਰ ਫਿਰਾਂ ।ਮਤਾਂ ਯਾਰ ਮਿਲਮ ਕਹੀ ਸਾਂਗ ਸਬਬ ।
ਜੈਂ ਡੇਂਹ ਦਾ ਨੇਂਹ ਦੇ ਸ਼ੀਹ ਫੱਟਿਆ ।ਲਗੀ ਨੇਸ਼ ਡੁਖਾਦੀ ਐਸ਼ ਘਟਿਆ ।
ਸਬ ਜੋਬਨ ਜੋਸ਼ ਖਰੋਸ਼ ਹੱਟਿਆ ।ਸੁਖ ਸੜ ਗਏ ਮਰ ਗਈ ਤਰ੍ਹਾ ਤਰਬ ।
ਤੋੜ ਧਕੜੇ ਧੋੜੇ ਖਾਂਦੜੀ ਹਾਂ ।ਤੈਂਡੇ ਨਾਮ ਤੋਂ ਮੁਫ਼ਤ ਵਕਾਂਦੜੀ ਹਾਂ ।
ਤੈਂਡੀ ਬਾਂਦੀਆਂ ਦੀ ਮੈਂ ਬਾਂਦੜੀ ਹਾਂ ।ਹੈ ਦਰ ਦਿਆਂ ਕੁਤਿਆਂ ਨਾਲ ਅਦਬ ।
ਵਾਹ! ਸੋਹਣਾ ਢੋਲਨ ਯਾਰ ਸਜਨ ।ਵਾਹ ਸਾਂਵਲ ਹੋਤ ਹਜਾਜ਼ ਵਤਨ ।
ਆ ਡੇਖ ਫਰੀਦ ਦਾ ਬੈਤ ਹਜ਼ਨ ।ਹਿਮ ਰੋਜ਼ ਅਜ਼ਲ ਦੀ ਤਾਂਘ ਤਲਬ ।

118. ਜਗ ਵਹਿਮ ਖ਼ਿਆਲ ਤੇ ਖ਼ਵਾਬੇ

ਜਗ ਵਹਿਮ ਖ਼ਿਆਲ ਤੇ ਖ਼ਵਾਬੇ ।ਸਬ ਸੂਰਤ ਨਕਸ਼ ਬਰ ਆਬੇ ।
ਜੇ ਪੁਛਦੀਂ ਹਾਲ ਹਕੀਕਤ ।ਸੁਣ ਸਮਝ ਅਤੇ ਰੱਖ ਇਬਰਤ ।
ਜਿਵੇਂ ਬਹਿਰ ਮਹੀਤ ਹੈ ਵੱਹਦਤ ।ਕੁਲ ਕਸਰਤ ਸ਼ਕਲ ਹਬਾਬੇ ।
ਨਹੀਂ ਅਸਲੋਂ ਅਸਲ ਦੂਈ ਦਾ ।ਖ਼ੁਦ ਜਾਣ ਹੈ ਨਸਲ ਦੂਈ ਦਾ ।
ਗਿਆ ਫੋਕਾ ਨਿਕਲ ਦੂਈ ਦਾ ।ਵਲ ਓਹੀ ਆਬ ਦਾ ਆਬੇ।
ਨ ਕਾਫ਼ੀ ਜਾਣ ਕਫਾਇਆ ।ਨ ਹਾਦੀ ਸਮਝ ਹਦਾਇਆ ।
ਕਰ ਪੁਰਜ਼ੇ ਜਲਦ ਵਕਾਇਆ ।ਏਹਾ ਦਿਲ ਕੁਰਾਨ ਕਤਾਬੇ ।
ਹੈ ਪਰਮ ਗਿਆਨ ਵੀ ਦਿੱਲੜੀ ।ਹੈ ਬੇਦ ਪੁਰਾਨ ਵੀ ਦਿੱਲੜੀ ।
ਹੈ ਜਾਨ ਜਹਾਨ ਵੀ ਦਿੱਲੜੀ ।ਦਿਲ ਬਤਨ ਬਤੂਨ ਦਾ ਬਾਬੇ ।
ਦਿਲ ਲੁਬ ਹੈ ਕੋਨ ਮਕਾਂ ਦਾ ।ਦਿਲ ਗਾਇਤ ਅਸਲ ਜਹਾਂ ਦਾ ।
ਦਿਲ ਮਰਕਜ਼ ਜ਼ਮੀਂ ਜ਼ਮਾਂ ਦਾ ।ਬਿਆ ਕੂੜ ਪਲਾਲ ਹਜਾਬੇ ।
ਵਿੱਚ ਸੂਰਤ ਦੇ ਨਾਸੂਤੀ ।ਵਿੱਚ ਮਾਨੇ ਦੇ ਮਲਕੂਤੀ ।
ਜਬਰੂਤ ਅਤੇ ਲਾਹੂਤੀ ।ਦਿਲ ਅੰਦਰ ਸਬ ਅਸਬਾਬੇ ।
ਰੱਖ ਅਮਤਰ ਧਿਆਨ ਫ਼ਰੀਦੀ ।ਸੱਟ ਸੁਖੜੀ ਪੀਰ ਮੁਰੀਦੀ ।
ਹੈ ਦੂਰੀ ਸਖ਼ਤ ਬਈਦੀ ।ਜੀ ਸੁਖੜੀਂ ਕਾਣ ਅਜ਼ਾਬੇ ।

119. ਜੈਂ ਰਮਜ਼ ਗਵਲ ਜੀ ਬੁੱਝੀ

ਜੈਂ ਰਮਜ਼ ਗਵਲ ਜੀ ਬੁੱਝੀ ।ਤਿਨ ਖੇ ਮੁਸ਼ਾਹਦਾ ਰਾਤ ਦਿਨ ।
ਨਹੀਂ ਜਾ ਅਥਾਂ ਅਫੀਯੂਨ ਦੀ ।ਨਾ ਭੰਗ ਨਾ ਮਾਜੂਨ ਦੀ ।
ਜਿਨ੍ਹਾਂ ਸੁਧ ਲਖੀ ਬੇਚੂਨ ਦੀ ।ਨਿੱਤ ਮਸਤ ਰੇ ਪੈਤੀਂ ਵਤਨ ।
ਰਲ ਵੱਸਦੇ ਲੋਕਾਂ ਨਾਲ ਹਨ ।ਪਰ ਅਸਲ ਫ਼ਾਰਗਬਾਲ ਹਨ ।
ਹਰ ਆਨ ਗ਼ਰਕ ਖਿਆਲ ਹਨ ।ਸ਼ਾਗਲ ਸੁਮ੍ਹਨ ਸ਼ਾਗਲ ਉਠਨ ।
ਖ਼ੁਦ ਤੋਂ ਖ਼ੁਦੀ ਤੋਂ ਦੂਰ ਹਨ ।ਸਰ ਮਸਤ ਜਾਮ ਤਹੂਰ ਹਨ ।
ਹੱਕ ਦੇ ਹਮੇਸ਼ ਹਜੂਰ ਹਨ ।ਅਵਲੀਂ ਵਿਚੋਂ ਭੋਲੋ ਭਨਨ ।
ਨਹੀਂ ਮਿਲਕ ਮੁਲਕ ਤੇ ਮਾਲ ਦੇ ।ਨਹੀਂ ਜ਼ਾਲ ਦੇ ਨਹੀਂ ਬਾਲਦੇ ।
ਹਨ ਜੌਕ ਵਜਦ ਤੇ ਹਾਲ ਦੇ ।ਗੁਮ ਕਰ ਗੁਮਾਨ ਯਕਰੂਰ ਹਨ ।
ਸਿਰ ਡੇ ਲਹਨ ਸਿਰਵਾ ਲਕਾ ।ਗਏ ਮਹਜ਼ ਮਰਨੋਂ ਸਿਰ ਲੁਕਾ ।
ਹੋਕਰ ਫਨਾ ਪਾਵਨ ਬਕਾ ।ਸੌ ਸੂਦ ਨੁਕਸਾਨੋ ਕਰਨ ।
ਵੰਜ ਵੁੱਠੜੇ ਦੇਸ ਸੁਹਾਗ ਦੇ ।ਸੁਖ ਰੂਪ ਮਾਨੜਨ ਭਾਗ ਦੇ ।
ਬਾਰਾ ਮਹੀਨੇ ਫਾਗ ਦੇ ।ਪਾ ਚੈਨ ਚੜ੍ਹ ਸੇਜੀਂ ਬਹਿਨ ।
ਜੈਂ ਮਾਨ ਮੰਦਰ ਪਾਇਆ ਪੀਆ ।ਡੁੱਖ ਪਾਪ ਸਾਰਾ ਮਿਟ ਗਿਆ ।
ਥੀ ਮਹਵ ਅਸਬਾਤੀ ਥੀਆ ।ਰਹਿੰਦਾ ਫ਼ਰੀਦ ਫ਼ਰੀਦ ਬਨ ।

120. ਜੜਾਂ ਜਾਇਮ ਪਾਕਰ ਝੋਲੀ

ਜੜਾਂ ਜਾਇਮ ਪਾਕਰ ਝੋਲੀ ।ਕਰ ਵੈਣ ਡਿੱਤੀ ਮਾ ਲੋਲੀ ।
ਪਹਿਲੋਂ ਪੀਤ ਨ ਪਈ ਪਿਉ ਮਾ ਦੀ ।ਵਤ ਹੋਤ ਬਲੋਚ ਨ ਰਾਧੀ ।
ਮੈਂ ਮੁੱਠੜੀ ਜਾਵਣ ਲਾ ਦੀ ।ਹਮ ਬਖ਼ਤ ਸੜੀ ਡੁੱਖ ਰੋਲੀ ।
ਘਰ ਫ਼ਖ਼ਰ ਪਿਆ ਪੂੰ ਪਾਵੇ ।ਆ ਉਜੜੀ ਝੋਕ ਵਸਾਵੇ ।
ਰਲ ਚੇਤਰ ਬਹਾਰ ਸੁਹਾਵੇ ।ਵੱਸ ਹੱਸ ਰੱਸ ਖੇਡੂੰ ਹੋਲੀ ।
ਤੋੜੇ ਦਰਸ਼ਨ ਮੂਲ ਨ ਪੇਸਾਂ ।ਤਾਂ ਵੀ ਨਾਜ਼ਕ ਨੇਂਹ ਨਿਭੇਸਾਂ ।
ਵਿੱਚ ਕੋਟ ਸ਼ਹਿਰ ਮਰ ਵੈਸਾਂ ।ਥੀ ਦਰ ਦਿਲਬਰ ਦੀ ਗੋਲੀ ।
ਸਾਰਾ ਬੋਛਨ ਘਾਘੇ ।ਗਏ ਜ਼ੇਵਰ ਤਰੇਵਰ ਲਾਂਘੇ ।
ਸਰ ਮਾਂਗ ਮਰੇਂਦੀ ਸਾਂਗੇ ।ਥਈ ਸੁਰਖ਼ੀ ਜ਼ਹਿਰ ਦੀ ਗੋਲੀ ।
ਬਿਨ ਯਾਰ ਨ ਸੇਜ ਸੁਹੇਸਾਂ ।ਫ਼ੁਲ ਸਿਹਰੇ ਤਰੋੜ ਸਟੇਸਾਂ ।
ਭਨ ਬੇਂਸਰ ਬੋਲ ਸੜੇਸਾਂ ।ਬੱਠ ਚੰਦਨ ਹਾਰ ਬਨੋਲੀ ।
ਸਈਆਂ ਰਲ ਮਿਲ ਮੇਹਣੇ ਡੇਂਦੀਆਂ ।ਖਲ ਹਾਸੇ ਕੀਸ ਕਰੇਂਦੀਆਂ ।
ਮਾ ਭੈਣੀਂ ਵੈਣ ਅਲੇਂਦੀਆਂ ।ਸੱਸ ਮਾਰਿਮ ਸੌ ਸੌ ਬੋਲੀ ।
ਜਿਦ ਜਲੜੀ ਜਿੰਦੜੀ ਝੂਲੀ ।ਜਥ ਕਰੜ ਕੰਡਾ ਸਬ ਸੂਲੀ ।
ਡਿੱਸੇ ਕਕਰੇ ਰਤੇਰੜ ਕੂਲੀ ।ਦਿਲ ਦਰਦ ਚਲਾਈ ਗੋਲੀ ।
ਹਰ ਪਲ ਪਲ ਪੀਤ ਪੁੱਨਲ ਦੀ ।ਸਿੱਕ ਸਾਂਵਲ ਬਾਰੋਚਲ ਦੀ ।
ਹੈ ਤੈਡੀ ਰੋਜ਼ ਅਜ਼ਲ ਦੀ ।ਏਹਾ ਕੋਝੀ ਕਮਲੀ ਭੋਲੀ ।
ਦਿਲ ਯਾਰ ਫ਼ਰੀਦ ਨ ਆਇਆ ।ਸਰ ਸੂਲੀਂ ਸਾਂਗ ਰਸਾਇਆ ।
ਸਬ ਹਾਰ ਸਿੰਗਾਰ ਵਿਹਾਇਆ ।ਗਈ ਨਾਜ਼ ਨਵਾਜ਼ ਦੀ ਟੋਲੀ ।

121. ਜੀਵਣ ਡੇਂਹ ਅਢਾਹੀਂ ਵੋ ਯਾਰ

ਜੀਵਣ ਡੇਂਹ ਅਢਾਹੀਂ ਵੋ ਯਾਰ ।ਸਟ ਘਤ ਫਖਰ ਵਡਾਈ ਵੋ ਯਾਰ ।
ਕਿਥ ਓ ਪੀਂਘ ਪਿਪਲ ਮਲਕਾਣੇ ।ਨਾਜ਼ ਹੁਸਨ ਕਥ ਰਾਜ ਬਬਾਣੇ ।
ਕਥ ਮਾ ਭੈਣੀਂ ਭਾਈ ਵੋ ਯਾਰ ।
ਕਿਥ ਰਾਂਝਨ ਕਿਥ ਖੇੜੇ ਭੈੜੇ ।ਕਿਥ ਰਹਿ ਗਏ ਓਹ ਝਗੜੇ ਝੇੜੇ ।
ਕਿਥ ਚੂਚਕ ਦੀ ਜਾਈ ਵੋ ਯਾਰ ।
ਕਿਥ ਓ ਮਕਰ ਫ਼ਰੇਬ ਦਾ ਚਾਲਾ ।ਕਿਥ ਵਤ ਜੋਗੀ ਮੁਦਰਾਂ ਵਾਲਾ ।
ਪਰਮ ਜੜੀ ਜੈਂ ਲਾਈ ਵੋ ਯਾਰ ।
ਮਾਹੀ, ਮੰਝੀਆਂ, ਹੀਰ ਸਲੇਟੀ ।ਅਤਰੋਂ ਭਿਨੜੀ ਮੁਸ਼ਕ ਲਪੇਟੀ ।
ਗਏ ਸਬ ਝੋਕ ਲਡਾਈ ਵੋ ਯਾਰ ।
ਜੋਬਨ ਸਾਥੀ ਚਾਰ ਡਿਹਾਂ ਦਾ ।ਝਟ ਪਟ ਜ਼ੁਅਫ਼ ਬਢੇਪਾ ਆਂਦਾ ।
ਕੂੜੀ ਆਸ ਪਰਾਈ ਵੋ ਯਾਰ ।
ਹੈ ਹੈ ਡਿੱਠੜੀ ਕਹੀਂ ਨ ਵੈਂਦੀ ।ਕਜਲ ਮਸਾਗ ਤੇ ਸੁਰਖੀ ਮਹਿੰਦੀ ।
ਸੁਰਮਾ ਸੇਂਧ ਸਲਾਈ ਵੋ ਯਾਰ ।
ਮੌਸਮ ਰੁਲ ਫਿਰ ਵਲ ਘਰ ਆਈ ।ਵੰਜਣ ਨ ਵਕਤ ਨਿਰਾਸ ਅਜਾਈ ।
ਆਵਣ ਦੀ ਕਰ ਕਾਈ ਵੋ ਯਾਰ ।
ਕੂੜੀ ਸੁਹਬਤ ਕੂੜੀ ਸੰਗਤ ।ਕੂੜੇ ਨਖਰੇ ਕੂੜੀ ਰੰਗਤ ।
ਲੱਪ ਧੂੜੀ ਬੁਕ ਛਾਈ ਵੋ ਯਾਰ ।
ਮਛਲੀਂ ਪੀਗੀਂ ਲਾਸੂ ਤਾਰੀਂ ।ਚਣਕੀ ਘੰਡੜੀ ਹੋਰਾਂ ਤਵਾਰੀ ।
ਸਹਿਜੋਂ ਰਾਂਦ ਰਸਾਈ ਵੋ ਯਾਰ ।
ਥੀਆਂ ਸਰਸਬਜ਼ ਫ਼ਰੀਦ ਦੀਆਂ ਝੋਕਾਂ ।ਮਿਹਰੋਂ ਸਬਜ਼ ਥੀਆਂ ਵਲ ਸੋਕਾਂ ।
ਬਖਤੀਂ ਵਾਗ ਵਲਾਈ ਵੋ ਯਾਰ ।

122. ਝੋਪੜ ਜੋੜੂੰ ਚਿਕ ਖਿਪ ਥਡ ਤੇ

ਝੋਪੜ ਜੋੜੂੰ ਚਿਕ ਖਿਪ ਥਡ ਤੇ ।ਏਝਾਂ ਨ ਹੋਵੇ ਸਾਰੇ ਮਡ ਤੇ ।
ਨ ਵਕੜੇ ਨ ਬੰਦ ਤੇ ਬਹਿਸਾਂ ।ਨ ਗਠ ਪਾੜ ਦੀ ਖੱਡ ਤੇ ।
ਸਾਂਵਣ ਆਨ ਸੁਹੇਸਾਂ ਰੋਹੀ ।ਸਿੰਧੜੋਂ ਸਘਰੀ ਲੱਡ ਤੇ ।
ਜੇ ਪਾਣੀ ਖੁਟ ਵੈਸੀ ਬਹਿਸੂੰ ।ਢਾਏ ਤੇ ਕਲ ਅੱਡ ਤੇ ।
ਸ਼ਹਿਰ ਭੰਭੋਰ ਵੀ ਖਾਵਣ ਓਸਮ ।ਹੋਤ ਨਾ ਜਾਵੀਂ ਛੱਡ ਕੇ ।
ਤੇਗ਼ ਫ਼ਰੀਦ ਬਿਰਹੋਂ ਦੀ ਵੈਹ ਗਈ ।ਚਮ ਚਮ ਤੇ ਹੱਡ ਹੱਡ ਤੇ ।

123. ਜਿੰਦੜੀ ਉਚਾਕੇ ਜੀੜਾ ਉਦਾਸੇ

ਜਿੰਦੜੀ ਉਚਾਕੇ ਜੀੜਾ ਉਦਾਸੇ ।ਜਾਪੇ ਤੱਤੀ ਕੂੰ ਕੇਂਦੀ ਪਿਆਸੇ ।
ਪੇਕੀਂ ਸੁਰੀਝੀਂ ਗਿੱਲੜੇ ਵੇਖੋ ਹੈ ।ਡੇਂਦੀ ਮੁੱਠੀ ਨੂੰ ਮਾ ਭੈਣ ਡੋਹੇ ।
ਕਿਸਮਤ ਦੀਆਂ ਗਾਲ੍ਹੀਂ ਦਿਲਬਰ ਵੀ ਦਰੋਹੇ ।ਏਡੋਂ ਗਿਉ ਸੇ ਓਡੋਂ ਗਿਆਸੇ ।
ਥਈ ਆਸ ਪਾਸੇ ਆਈ ਯਾਸ ਪਾਸੇ ।ਜ਼ਰਬਫ਼ਰਤ ਡੋਰੇ ਮਲਮਲ ਤੇ ਖ਼ਾਸੇ ।
ਖੰਡੜੀਆਂ ਨਬਾਤਾਂ ਮਿਸਰੀਆਂ ਪਤਾਸੇ ।ਕਚੜੇ ਉਡਾਹੇ ਕੂੜੇ ਦਲਾਸੇ ।
ਲਿਖੜੀ ਮਥੇ ਦੀ ਪਲੜੇ ਪਿਆਸੇ ।ਵਹ ਵਾਹ ਖ਼ੁਦਾ ਦੇ ਕੰਮ ਬੇ ਕਿਆਸੇ ।
ਜੇੜ੍ਹੀਂ ਕੂੰ ਮੁੰਹ ਵੀ ਲੇਂਦੇ ਨ ਹਾਸੇ ।ਮਿਲ ਮਿਲ ਕਰੇਂਦੀਆਂ ਖਲ ਟੋਕ ਹਾਸੇ ।
ਮੂੰਹ ਵੇੜ੍ਹ ਠਡੜੇ ਪਈ ਸਾਹ ਭਰਦੀ ।ਵੈਂਦੀ ਨਿਧਾਈ ਡੇਂਹ ਵ ਡੇਂਹ ਨ ਜ਼ਰਦੀ ।
ਚਸ ਰਸ ਨ ਮਾਨੜਿਮ ਘਰ ਦੀ ਨ ਵਰਦੀ ।ਹਿੱਕ ਪਲ ਨ ਡਿੱਤੜਮ ਸਿਖ ਸੇਜ ਪਾਸੇ ।
ਬਿਰਹੋਂ ਬਛੇਂਦਾ ਲੱਖ ਲੱਖ ਬਲਾਈਂ ।ਥੀ ਥੀ ਡਖਾਰੀ ਮੰਗਦੀ ਦੁਆਈਂ ।
ਸ਼ਾਲਾ ਕਹਿਦੀਆਂ ਯਾ ਰਬ ਕਡਾਹੀਂ ।ਦੀਦਾਂ ਨ ਅਟਕਨ ਦਿੱਲੜੀ ਨ ਫਾਸੇ ।
ਸਾਂਵਲ ਸਲੋਣਾ ਮਾਰੂ ਮਰੇਲਾ ।ਨਿਖੜਿਆ ਨ ਡਿੱਠੜਮ ਕੋਈ ਵਕਤ ਵੇਲ੍ਹਾ ।
ਸ਼ੁਰਖ਼ੀ ਡੁਹਾਗਿਣ ਕੱਜਲਾ ਡੋਹੇਲਾ ।ਗਲ ਗਿਆ ਫ਼ਰੀਦਾ ਜੋਬਨ ਨਰਾਸੇ ।

124. ਜਿੰਦ ਸੂਲਾਂ ਦੇ ਵਾਤ ਨੇ

ਜਿੰਦ ਸੂਲਾਂ ਦੇ ਵਾਤ ਨੇ ।ਡਿੱਤਰੀ ਬਿਰਹੋਂ ਬਰਾਤ ਨੇ ।
ਕਡੀਂ ਡੇਂਹ ਡੁੱਖਾਂ ਦਾ ਸਿਰ ਤੇ ।ਕਡੀਂ ਗ਼ਮਾਂ ਦੀ ਰਾਤ ਨੇ ।
ਤੂਲ ਤਲੇਂਦੀ ਸੇਝ ਸੜੇਂਦੀ ।ਜਲਦੀ ਥਈ ਪਰਭਾਤ ਨੇ ।
ਰੋਂਦੀ ਉਮਰ ਵਿਹਾਣੀ ਸਾਰੀ ।ਯਾਰ ਨ ਪਾਇਮ ਝਾਤ ਨੇ ।
ਪੁਨਲ ਹੈ ਮਸਜੂਦ ਦਿਲੀਂ ਦਾ ।ਦੀਨ ਈਮਾਨ ਦੀ ਬਾਤ ਨੇ ।
ਅਹਿਦ ਤੇ ਅਹਿਮਦ ਫ਼ਰਕ ਨ ਕੋਈ ।ਵਾਹਦ ਜ਼ਾਤ ਸਿਫ਼ਾਤ ਨੇ ।
ਹੁਸਨ ਪਰਸਤੀ ਤੇ ਮੈਖਵਾਰੀ ।ਸਾਡੀ ਸੂਮ ਸਲੂਤ ਨੇ ।
ਫ਼ਕਰ ਫਨਾ ਦਾ ਰਾਹ ਅੜਾਗਾ ।ਤਿੱਨ ਲੱਖ ਲੱਖ ਆਫ਼ਾਤ ਨੇ ।
ਠਡੜੇ ਸਾਹ ਤੇ ਹਾਰ ਹੰਝੂ ਦੇ ।ਮੁਤੜੀ ਇਸ਼ਕ ਸੁਗਾਤ ਨੇ ।
ਸਾੜੇ ਸੂਲ ਫ਼ਰੀਦ ਦੀ ਸੰਗਤ ।ਦਰਦ ਕਸ਼ਾਲੇ ਸਾਤ ਨੇ ।

125. ਜਿਥ ਥਲੜਾ, ਜਿਥ ਦਰਬੂੰ ਹੈ ਯਾਰ

ਜਿਥ ਥਲੜਾ, ਜਿਥ ਦਰਬੂੰ ਹੈ ਯਾਰ ।ਉਥ ਹਰ ਵੇਲੇ ਲਦਬੂੰ ਹੈ ਯਾਰ ।
ਤਡੜੇ ਚੀਕਨ ਗੀਰੇ ਘੂਕਿਨ ।ਜਰਖਾਂ ਤਰਖਾਂ ਲੂੰਬੜ ਕੂਕਿਨ ।
ਗੇਂਹੀ ਸ਼ੂਕਿਨ, ਸਾਨੂੰ ਫੂਕਿਨ ।ਨਾਂਗੀ ਦੀ ਸ਼ੂੰ ਸ਼ੂੰ ਹੈ ਯਾਰ ।
ਸੋਹਣੀਆਂ ਠੇੜੀਆਂ ਟਿਬੜੇ ਭਿਟੜੇ ।ਨਾਜੋ ਵਾਲੇ ਕਕੜੇ ਵਟੜੇ ।
ਪਾਂਹੀ, ਥੋਭੇ, ਪਾੜੇ, ਘਟੜੇ ।ਡਿਠੜੀਂ ਡੁਖੜਾ ਵੂੰ ਹੈ ਯਾਰ ।
ਕੰਡਰੀ ਕਾਠੀਂ ਨਸ਼ਤਰ ਮਾਰੀ ।ਸਮਝੂੰ ਯਾਰੀ ਤੇ ਗ਼ਮਖਵਾਰੀ ।
ਅਲੜੀ ਫਟੜੀ ਤੋਂ ਰਤ ਜਾਰੀ ।ਖਾਸ ਸੁਹਾਗ ਦੀ ਪੌ ਹੈ ਯਾਰ ।
ਹਿਨ ਖਿਲੇ ਹਾਸੇ ਸਾਡੇ ਪੇਸ਼ੇ ।ਸੂਲ ਸੜਾਪੇ ਦਰਦ ਅੰਦੇਸ਼ੇ ।
ਜ਼ੀਰੇ ਜ਼ਖਮ ਤੇ ਜ਼ਖਮੀ ਰੇਸ਼ੇ ।ਸਬ ਡੁਖ ਡਿਤੜਾ ਤੂੰ ਹੈ ਯਾਰ ।
ਰੋਹੀ ਮਹਿਜ਼ ਬਸ਼ਾਰਤ ਦਰਸੋਂ ।ਮਰਸੂੰ, ਭੁਰਸੂੰ, ਮੂਲ ਨ ਡਰਸੂੰ ।
ਬੇਦਰਦਾਂ ਦੀ ਦਿਲੜੀ ਤਰਸੂੰ ।ਡੇਂਹ ਰਾਤੀਂ ਘੌਂ, ਮੌਂ ਹੈ ਯਾਰ ।
ਜੈ ਡੇਂਹ ਹੋਤ ਨੀਤੇ ਪਟ ਦੇਰੇ ।ਸ਼ਹਿਰ ਭੰਭੋਰੋਂ ਸਖਤ ਪਰੇਰੇ ।
ਦਿਲ ਦੀਆਂ ਬੋਟੀਆਂ ਹਾਂ ਦੇ ਬੇਰੇ ।ਸਾਨੀ ਦੀ ਮੂੰ ਮੂੰ ਹੈ ਯਾਰ ।
ਤੌਂ ਬਿਨ ਯਾਰ ਫ਼ਰੀਦ ਦਾ ਜੀਵਣ ।ਜੀਦੀਂ ਜਗ ਵਿਚ ਡੁਖੜਾ ਥੀਵਣ ।
ਜ਼ਹਿਰ ਡਸਿਓ ਏ ਖਾਵਣ ਪੀਵਣ ।ਤੈਡੇ ਸਿਰ ਦੀ ਸੌਂ ਹੈ ਯਾਰ ।

126. ਜੋਸੀ ਤੂੰ ਪੋਥੀ ਫੋਲ ਵੇ

ਜੋਸੀ ਤੂੰ ਪੋਥੀ ਫੋਲ ਵੇ ।ਵਸਸੀ ਕਡਾਂ ਸੋਹਣਾਂ ਕੋਲ ਵੇ ।
ਰੋ ਰੋ ਥੱਕੀ ਪਿੱਟ ਪਿੱਟ ਹੁੱਟੀ ।ਕੇ ਡੇ ਵੇਸਾਂ ਡੁੱਖੜੀਂ ਕੁੱਠੀਂ ।
ਸੂਲਾਂ ਲੁੱਟੀ ਦਰਦਾਂ ਮੁੱਠੀ ।ਮਾਹੀ ਪੁੱਨਲ ਗਿਉਮ ਰੋਲ ਵੇ ।
ਪਾਂਧੀਂ ਪੁੱਛਾਂ ਵਾਟੀਂ ਤਕਾਂ ।ਸੜ ਸੜ ਭੁੱਜਾਂ ਭੁੱਜ ਭੁੱਜ ਪਕਾਂ ।
ਟੁਰ ਟੁਰ ਭੁੱਜਾਂ ਭਜ ਭਜ ਥੱਕਾਂ ।ਸੁੰਜ ਬਰ ਰੁਲਾਇਮ ਢੋਲ ਵੇ ।
ਜੀੜਾਂ ਗ਼ਮਾਂ ਵਿੱਚ ਵੜ ਗਿਆ ।ਡੁੱਖ ਉੜ ਗਿਆ ਸੁਖ ਲੁੜ ਗਿਆ ।
ਦਰਿਆ ਗਜਬ ਦਾ ਚੜ੍ਹ ਗਿਆ ।ਸੌ ਝੋਲ ਲੱਖ ਲੱਖ ਛੋਲ ਵੇ ।
ਸਿਕ ਸਾਥ ਸਾਵਲ ਦੀ ਸਦਾ ।ਦਰਦੋਂ ਨਾ ਥੀਉਮ ਦਿਲ ਜੁਦਾ ।
ਸ਼ਾਲਾ ਪੁੱਨਲ ਮੇਲਮ ਖ਼ੁਦਾ ।ਜਿੰਦੜੀ ਘੱਤਾਂ ਮੈਂ ਘੋਲ ਵੇ ।
ਜ਼ਾਹਦ ਵੱਟਾ ਹੁਣ ਜੋਲ ਵੇ ।ਬਿਰਹੋਂ ਚਬੋਲਾਂ ਬੋਲ ਵੇ ।
ਪਤਰੀ ਪਰਮ ਦੀ ਖੋਲ ਵੇ ।ਦਿੱਲੜੀ ਅਸਾਜੜੀ ਚੋਲ ਵੇ ।
ਡਖਾਂ ਨੇਂਹ ਅਨੋਖਾ ਰਾਜ਼ ਵੇ ।ਤੱਤਾ ਸੋਜ਼ ਦੇ ਹੱਥ ਸਾਜ਼ ਵੇ ।
ਮੁੱਠੀ ਧਾਂ ਫ਼ਰੀਦ ਆਵਾਜ਼ ਵੇ ।ਹੂ ਹੂ ਮਲਾਮਤ ਦੋਲ ਵੇ ।

127. ਕਹਾਂ ਪਾਊਂ ਕਹਾਂ ਪਾਊਂ ਯਾਰ

ਕਹਾਂ ਪਾਊਂ ਕਹਾਂ ਪਾਊਂ ਯਾਰ ।
ਜਿਨ ਇਨਸਾਨ ਮਲਾਇਕ ਸਾਰੇ ।ਕਿਆ ਸਗਲਾ ਸੰਸਾਰ ।
ਹੈਰਤ ਦੇ ਕੁਲਜ਼ਮ ਵਿਚ ਕੁਲਥੀਏ ।ਮੁਸਤਗਰਕ ਸਰਸ਼ਾਰ ।
ਸੂਫੀ ਸ਼ਾਗਲ ਗਿਆਨੀ ਧਿਆਨੀ ।ਗਏ ਓੜਕ ਸਭ ਹਾਰ ।
ਅਰਸ਼ੀ ਅਤੇ ਬਸਤਾਮੀ ਗਲ ਲਗ ।ਰੋਵਨ ਜ਼ਾਰੋ ਜ਼ਾਰ ।
ਬਤਲੀਮੂਸ ਤੇ ਰੀਸਾ ਗੌਰਸ ।ਕਰ ਕਰ ਸੋਚ ਬਚਾਰ ।
ਖੋਜ ਸੁਰਾਗ ਨ ਪਾਇਆ ਪਤਾ ।ਥਕ ਬੈਠੇ ਤਨ ਮਾਰ ।
ਬੁਧ ਮਜੂਸ ਯਹੂਦ ਨਸਾਰਾ ।ਹਿੰਦੂ ਤੇ ਦੀਨਦਾਰ ।
ਆਖਨ ਪਾਕ ਮਨਜ਼ਹ ਹੈ ।ਬੇ ਅੰਤ ਅਲਖ ਅਪਾਰ ।
ਪੀਰ ਪੈਗੰਬਰ ਗੌਸ ਕੁਤਬ ।ਕਿਆ ਮੁਰਸਲ ਕਿਆ ਔਤਾਰ ।
ਕਰਨ ਮਨਾਦੀ ਰੋ ਰੋ ਕੇ ।ਲਾ ਯਦ ਕਕ੍ਹਅਲ ਅਬਸਾਰ ।
ਆਲਮ ਫਾਜਲ ਆਰਫ ਕਾਮਲ ।ਇਜਜ਼ ਕੀਤਾ ਇਕਰਾਰ ।
ਆਖ ਫ਼ਰੀਦ ਨਮਾਣਾ ਭੋਲਾ ।ਤੂੰ ਵਿਚ ਕੌਨ ਕਤਾਰ ।

128. ਕਹੀਂ ਡੁੱਖੜੀ ਲਾਇਮ ਯਾਰੀ

ਕਹੀਂ ਡੁੱਖੜੀ ਲਾਇਮ ਯਾਰੀ ।ਰੋਂਦੀ ਉਮਰ ਗੁਜ਼ਾਰਿਮ ਸਾਰੀ ।
ਸੋਹਣੇ ਹੋਤ ਬਲੋਚ ਅਵੈੜੇ ।ਡਾਢੇ ਕੀਤੇ ਸਖ਼ਤ ਨਖੇੜੇ ।
ਨ ਸੁਧ ਸਲਾਮ ਸਨੇਹੜੇ ।ਕੇਡੇ ਵੈਸਾਂ ਸੂਲਾਂ ਮਾਰੀ ।
ਏਹੋ ਰਾਵਲ ਰਾਂਝਣ ਮਾਹੀ ।ਖੱਸ ਦਿੱਲੜੀ ਥੀਦਾਂ ਰਾਹੀ ।
ਵਲ ਕਰਦਾ ਬੇ ਪਰਵਾਹੀ ।ਵਾਹ ਜੁਲਮ ਤੇ ਬੇ ਨਰ ਵਾਰੀ ।
ਮਹੀਂਵਾਲ ਨਿਹਾਲ ਨ ਕੀਤਮ ।ਛੱਡ ਕਲੜ੍ਹੀ ਨਾਲ ਨ ਨੀਤਮ ।
ਭਰ ਜਾਮ ਡੁਖਾਂਦਾ ਪੀਤਮ ।ਪੇਸ਼ ਆਈ ਸ਼ਹਿਰ ਖਵਾਰੀ ।
ਸਰ ਆਇਆ ਬਿਰਹੋਂ ਬਖੇੜਾ ।ਡੇਂਹ ਰਾਤ ਹਮੇਸ਼ਾ ਝੇੜਾ ।
ਪਿਆ ਖਾਵਣ ਆਵਿਮ ਵੇਹੜਾ ।ਢੋਲੇ ਅਸਲੋਂ ਮਹਜ਼ ਵਸਾਰੀ ।
ਜੀ ਜਾਨੀ ਕਾਰਣ ਲੋਹਦਾ ।ਗ਼ਮ ਦਰਦ ਅਲਮ ਨਿੱਤ ਕੋਂਹਦਾ ।
ਗਲ ਹਾਰ ਗ਼ਮਾਂ ਦਾ ਸੋਂਹਦਾ ।ਸਰ ਸਿਹਰੇ ਮੂੰਝ ਮੁੰਝਾਰੀ ।
ਮਾਹੀ ਆਨ ਵਸਾਵੇ ਝੋਕਾਂ ।ਕਿਉਂ ਕਰਨ ਸਿਆਲੀ ਟੋਕਾਂ ।
ਮੈਡੀਆਂ ਸਬਜ਼ ਥੀਵਨ ਵਲ ਸੋਕਾਂ ।ਵੰਜਾਂ ਵਾਰੀ ਲੱਖ ਲੱਖ ਵਾਰੀ ।
ਸੈ ਰੋਗ ਹਜ਼ਾਰ ਕਸ਼ਾਲੇ ।ਤੈਡੇ ਕਾਰਣ ਜਿੰਦੜੀ ਜਾਲੇ ।
ਥਲ ਮਾਰੂ ਪੱਰਬਤ ਕਾਲੇ ।ਲਾਚਾਰ ਤੱਤੀ ਹੁਣ ਹਾਰੀ ।
ਜੈਂ ਦਿਲਬਰ ਦੀ ਦਿਲ ਬਰ ਦੀ ।ਤੈਂਹ ਬਾਝ ਫ਼ਰੀਦ ਨ ਸਰਦੀ ।
ਜੁੜ ਲਾਇਸ ਚੋਟ ਅੰਦਰ ਦੀ ।ਵਾਹ ਜ਼ਖਮ ਕੁਲੱਲੜਾ ਕਾਰੀ ।

129. ਕੈਂ ਪਾਇਆ ਬਾਝ ਫ਼ਕੀਰਾਂ

ਕੈਂ ਪਾਇਆ ਬਾਝ ਫ਼ਕੀਰਾਂ ।ਜਜ਼ਬਾ-ਏ-ਇਸ਼ਕ ਕੀ ਲੱਜ਼ਤ ਕੋ ।
ਕੁਲ ਸ਼ੈ ਵਿੱਚ ਕੁਲ ਸ਼ੈ ਡਿਠੋਸੇ ।ਹਮਾ ਓਸਤ ਦਾ ਦਰਸ ਕਿਤੋਸੇ ।
ਬਰਕਤ ਸੁਹਬਤ ਪੀਰਾਂ ।ਪੀ ਕਰ ਬਾਦਾ ਵੱਹਦਤ ਕੋ ।
ਜਬ ਮਦਹੋਸ਼ੀ ਨਾਜ਼ ਡਿਖਾਇਆ ।ਉਰਬਾਨੀ ਨੇ ਰੰਗ ਜਮਾਇਆ ।
ਖਿਰਕਾ ਪਾੜ ਲਵੀਰਾਂ ।ਪਹਿਨਿਯਮ ਰਿੰਦੀ ਖ਼ਲਕਤ ਕੋ ।
ਦਰਦ ਮੰਦਾਂ ਕੂੰ ਦਰਦ ਸਲਾਮਤ ।ਬਾਰ ਮੁਹੱਬਤ ਪੰਡ ਮਲਾਮਤ ।
ਦੁਖ ਦੁਖ਼ ਉਠਦੀਆਂ ਪੀੜਾਂ ।ਘੋਲ ਘਤਾਂ ਸਬ ਰਾਹਤ ਕੋ ।
ਹੁਸਨ ਫ਼ਰੀਦ ਕਈ ਘਰ ਲੂਟੇ ।ਰੁਲਦਿਆਂ ਫ਼ਿਰਦਿਆਂ ਜੰਗਲ ਬੂਟੇ ।
ਸੈ ਸੱਸੀਆਂ ਲੱਖ ਹੀਰਾਂ ।ਡੇਖੋ ਇਸ਼ਕ ਦੀ ਸ਼ਿਦਤ ਕੋ ।

130. ਕਲ੍ਹੜੀ ਰੋਲ ਮਲ੍ਹੇਰ ਗਿਉਂ

ਕਲ੍ਹੜੀ ਰੋਲ ਮਲ੍ਹੇਰ ਗਿਉਂ ।ਯਾਰ ਵਲਾ ਹੁਣੇ ਹੁਣੇ ਵਾਗਾਂ ।
ਰੋਹ ਜਬਲੜੇ ਔਖੜੇ ।ਡੁੱਖੜੇ ਥੱਲੜੇ ਝਾਗਾਂ ।
ਕਦਮ ਕਦਮ ਤੇ ਢੈ ਪੌਵਾਂ ।ਦਿੱਲੜੀ ਲਗੜੀਆਂ ਲਾਗਾਂ ।
ਰੋਹੀ ਵੁੱਠੜੀ ਘਾ ਥਏ ।ਮੱਟੜੀਂ ਲਗੜੀਆਂ ਜਾਗਾਂ ।
ਗਾਂਈਂ ਸਹੰਸ ਸਵਾਈਆਂ ।ਸੈ ਸੈ ਚਰਨ ਕੁਰਾਗਾਂ ।
ਸਿੰਧੜੀ ਡੁੱਖੜੇ ਘਾਟੜੇ ।ਰੋਹੀ ਮਲੜੇ ਭਾਗਾਂ ।
ਲਾਣੇ ਫੋਗ ਫੁਲਾਰੀਏ ।ਰਲ ਮਿਲ ਚਾਰੋਂ ਡਾਗਾਂ ।
ਡੈਹਾਂ ਡੋੜੇ ਡੋੜਾਪੜੇ ।ਰਾਤੀ ਰੋਂਦੀ ਜਾਗਾਂ ।
ਸੰਗੀਆਂ ਸੂਰਤੀਆਂ ਮਿਲ ਮਿਲਾ ।ਸੁਰਖ਼ੀਆਂ ਕੱਜਲ ਮਸਾਗਾਂ ।
ਮੈਲੇ ਵੇਸ ਸੁਹਾਉਂਦੇ ।ਫੇਰੀ ਕੰਡ੍ਹ ਸੁਹਾਗਾਂ ।
ਦਰਦ ਫ਼ਰੀਦ ਉਜਾੜਿਆ ।ਡੁੱਖੜੇ ਡਿਤਮ ਡੁਹਾਗਾਂ ।

131. ਕਾਂ ਕੋ ਕੋ ਕਰਲਾਊਂਦਾ ਹੈ

ਕਾਂ ਕੋ ਕੋ ਕਰਲਾਊਂਦਾ ਹੈ ।ਕੋਈ ਕਾਸਦ ਯਾਰ ਦਾ ਆਉਂਦਾ ਹੈ ।
ਰੁੱਤ ਸਾਵਣ ਦੀ ਡੇਹ ਮਲ੍ਹਾਰੀ ।ਬਾਦ ਸਮਾਲੀ ਕਿਣ ਮਿਣ ਜਾਰੀ ।
ਬੁਈ ਲਾਣੀ ਖਿਪ ਖ਼ੂਬ ਫੁਲਾਰੀ ।ਕਰੜ ਕੰਡਾ ਸਬ ਭਾਉਂਦਾ ਹੈ ।
ਆਸ ਆਈ ਤੇ ਯਾਸ ਸਿੱਧਾਈ ।ਝੁੜ ਬਾਦਲ ਆ ਝੁੜਮੁਰ ਲਾਈ ।
ਉਜੜੀਆਂ ਝੋਕਾਂ ਖ਼ੁਨਕੀ ਚਾਈ ।ਗ਼ਮ ਡਰ ਡਰ ਲੁਕ ਪੌਂਦਾ ਹੈ ।
ਮੀਂਹ ਬਰਸਾਤ ਖ਼ੁਸ਼ੀ ਦੇ ਵੇਲ੍ਹੇ ।ਛੇੜਨ ਛੇੜ ਵ ਛਾਂਗ ਸਵੇਲੇ ।
ਆਪੇ ਦਿਲਬਰ ਕੀਤੇ ਮੇਲੇ ।ਜੈਂ ਬਿਨ ਜੀ ਤੜਫਾਉਂਦਾ ਹੈ ।
ਟਿੱਬੇ ਰੇਖਾਂ ਥਲ ਤੇ ਡਹਰ ।ਕੁਲ ਗਲ ਡਿਸਦੇ ਅਹਿਮਰ ਅਸਫ਼ਰ ।
ਡੁੱਖ ਕਸ਼ਾਲੇ ਗੁਜ਼ਰੇ ਯਕਸਰ ।ਸੁੱਖ ਰਗ ਰਗ ਵਿੱਚ ਧੌਂਦਾ ਹੈ ।
ਡੁਖ ਡੁਹਾਗ ਦਾ ਵਕਤ ਵਿਹਾਇਆ ।ਭਾਗ ਸੁਹਾਗ ਦਾ ਵੇਲ੍ਹਾ ਆਇਆ ।
ਯਾਰ ਫ਼ਰੀਦ ਅੰਗਨ ਪੋਂਪਾਇਆ ।ਹਾਰ ਸਿੰਗਾਰ ਸਹਾਉਂਦਾ ਹੈ ।

132. ਕਰਨ ਨਜ਼ਾਰੇ ਤੇਜ਼ ਨਜ਼ਰ ਸ਼ਾਲਾ ਜੀਵੇਂ

ਕਰਨ ਨਜ਼ਾਰੇ ਤੇਜ਼ ਨਜ਼ਰ ਸ਼ਾਲਾ ਜੀਵੇਂ ।ਨੂਰ ਵਜੂਦ ਅਯਾਨੇ ।
ਸੱਰੇ ਸੁਬਹਾਨੀ ਰਾਜ਼ ਅਨਲਹਕ ।ਰਿੰਦੀ ਵਿਰਦ ਲਿਸਾਨੇ ।
ਵਿਰਦ ਮਬਾਨੀ ਕਸ਼ਫ ਮੁਆਨੀ ।ਅਹਿਲ ਦੇਲੋਂਦਾ ਸ਼ਾਨੇ ।
ਸਮਝ ਸੁੰਜਾਣੀ ਗੈਰ ਨ ਜਾਣੀ ।ਸਬ ਸੂਰਤ ਸੁਬਹਾਨੇ ।
ਅੱਵਲ ਆਖਰ ਜ਼ਾਹਰ ਬਾਤਨ ।ਯਾਰ ਅਯਾਨ ਬਿਆਨੇ ।
ਕੱਥ ਮਨਸੂਰੀ ਤੇ ਤੀਫੂਰੀ ।ਕੱਥ ਸਰਮਦ ਸਨਆਨੇ ।
ਹੁਸਨ ਪਰਸਤੀ ਸ਼ਾਹਦ ਮਸਤੀ ।ਸਾਡਾ ਦੀਨ ਈਮਾਨੇ ।
ਰਾਹ ਤੌਹੀਦੀ ਰੀਤ ਫ਼ਰੀਦੀ ।ਅਪਨੇ ਆਪ ਦਾ ਧਿਆਨੇ ।

133. ਕਰ ਯਾਰ ਅਸਾਂ ਵਲ ਆਵੰਨਡੀ

ਕਰ ਯਾਰ ਅਸਾਂ ਵਲ ਆਵੰਨਡੀ ।ਅੱਜ ਸਹਿਜ ਕਨੂੰ ਅਖ ਫੁਰਕੇ ਵੋ ।
ਗੁਜਰੀ ਡੁੱਖ ਡੁਹਾਗ਼ ਦੀ ਵਾਰੀ ।ਰੋਹੀ ਗੁਲ ਫੁਲ ਨਾਲ ਸਿੰਗਾਰੀ ।
ਮੁਦ ਮਸਤਾਨੀ ਡੇਂਹ ਮਲਾਰੀ ।ਬਾਦ ਸ਼ਮਾਲੀ ਲੁਰਕੇ ਵੋ ।
ਕੀਤੀ ਭਾਗ ਸੁਹਾਗ ਉਤਾਵਲ ।ਰੁਤ ਆਈ ਕਰ ਤੁਰਤ ਉਬਾਹਲ ।
ਕਿਣ ਮਿਣ ਕਣੀਆਂ ਰਿੱਮ ਝਿੱਮ ਬਾਦਲ ।ਬਾਰਸ਼ ਬੁਰਕੇ ਬੁਰਕੇ ਵੋ ।
ਸਿਧੜੀ ਥਈ ਵਲ ਕਿਸਮਤ ਪੁੱਠੜੀ ।ਆਪੇਂ ਮਨੜੀ ਰਾਹਤ ਰੁੱਠੜੀ ।
ਸੋਹਣੀ ਮੌਸਮ ਰੋਹੀ ਵੁੱਠੜੀ ।ਵਹਸ਼ਤ ਡੂੰ ਦਿਲ ਸੁਰਕੇ ਵੋ ।
ਠਡਰੀਆਂ ਹੀਲਾਂ ਪੂਰਬ ਵਾਲੀਆਂ ।ਕੱਜਲੇ ਬਾਦਲ ਲੱਸੜੀਆਂ ਕਾਲੀਆਂ ।
ਸੰਗੀਆਂ ਸੁਰਤੀਆਂ ਨੂੰ ਖੁਸ਼ਹਾਲੀਆਂ ।ਹਿੱਕ ਵੈਰਨ ਪਈ ਕੁਰਕੇ ਵੋ ।
ਆਪੇ ਯਾਰ ਫ਼ਰੀਦ ਸੰਭਾਲਿਅਮ ।ਸੋਹਣੇ ਸਾਂਵਲ ਪ੍ਰੀਤਾਂ ਪਾਲਿਅਮ ।
ਬਖਤੀ ਸੁੰਜਰੀ ਟਾਲਿਅਮ ।ਜੀ ਮੁਸਕੇ ਦਿਲ ਮੁਰਕੇ ਵੋ ।

134. ਕੌਨ ਕਿਰਮ ਨਿਰਵਾਰ ਤੇਗ ਬਿਰਹੋਂ ਦੀ ਕੁੱਠੀਆਂ ਕੁੱਠੀਆਂ

ਕੌਨ ਕਿਰਮ ਨਿਰਵਾਰ ਤੇਗ ਬਿਰਹੋਂ ਦੀ ਕੁੱਠੀਆਂ ਕੁੱਠੀਆਂ ।
ਅਨਹਦ ਬੀਨ ਬਜਾ ਮਨ ਮੋਹਿਸ ।ਗਵਲ ਜੋਗੀ ਲੁੱਟੀਆਂ ਲੁੱਟੀਆਂ ।
ਗਜ਼ ਹਕੀਕੀ ਫਾਸ਼ ਡਿੱਠੋਸੇ ।ਇਲਮੋ ਅਮਲ ਤੋਂ ਛੁੱਟੀਆਂ ਛੁੱਟੀਆਂ ।
ਇਸ਼ਕ ਨਹੀਂ ਹੈ ਆਗ ਗਜ਼ਬ ਦੀ ।ਧਾਂ ਕਰੇਂਦੀ ਹੁੱਟੀਆਂ ਹੁੱਟੀਆਂ ।
ਕਲ੍ਹੜੀ ਛੱਡ ਕੇ ਕੇਚ ਸਿਧਾਇਉਂ ।ਅੱਖੀਂ ਮਲੇਂਦੀਂ ਉੱਠੀਆਂ ਉੱਠੀਆਂ ।
ਜਾਮ ਜ਼ਹਿਰ ਦੇ ਜ਼ੁਲਮ ਕਹਿਰ ਦੇ ।ਦਰਦ ਪਲੇਂਦਾ ਘੁੱਟੀਆਂ ਘੁੱਟੀਆਂ ।
ਇਸ਼ਕ ਫ਼ਰੀਦ ਨਹੀਂ ਅੱਜ ਕਲ ਦਾ ।ਰੋਜ਼ ਅਜ਼ਲ ਦੇ ਦੀ ਮੁੱਠੀਆਂ ਮੁੱਠੀਆਂ ।

135. ਕੇਚ ਗਿਉਂ ਯਾਰ ਬਰੋਚਲ

ਕੇਚ ਗਿਉਂ ਯਾਰ ਬਰੋਚਲ ।ਕਲ ਨਾ ਲਧੜੋ ਸਾਵਲ ਵਲ ।
ਮਿਸਰੀ ਖੰਜ ਨਬਾਤੜੀ ।ਡਿਸਦੀਆਂ ਜ਼ਹਿਰ ਹਲਾਹਲ ।
ਘੋਲੇ ਜ਼ੇਵਰ ਭਾ ਲਗੇ ।ਬਠ ਪਏ ਡੋਰੇ ਮਲਮਲ ।
ਜੋਭਨ ਜੋਸ਼ ਜਵਾਨੜੀ ।ਨਾਜ਼ ਨਹੋਰੇ ਗਏ ਗਲ ।
ਕਪੜੇ ਲੀਰ ਕਤੀਰੜੇ ।ਲਿੰਗੜੀ ਜਾਈ ਮਿਲਜਲ ।
ਅੱਖੀਆਂ ਕਜਲੋਂ ਕਾਲੀਆਂ ।ਪੇਚੀ ਜ਼ੁਲਫ ਵਲੋ ਵਲ ।
ਓ ਦਿਲ ਚੋਟ ਚਲਾਂਦੀਆਂ ।ਏ ਥੀ ਫਾਈ ਪਏ ਗਲ ।
ਡਿਠਮ ਮਲਕ ਮਲ੍ਹੇਰ ਡੂੰ ।ਕਾਲੇ ਕਾਲੇ ਬਾਦਲ ।
ਸਿੰਧੜੇ ਰਹਿਨ ਨ ਡੇਂਦੀਆਂ ।ਲਗੜੀਆਂ ਤਾਘਾ ਪਲਪਲ ।
ਰੋਹੀ ਮੇਂਘ ਮਲ੍ਹਰੜਾ ।ਖਮਦੀਆਂ ਖਮਨੀਆਂ ਅਜਕਲ ।
ਦਿਲੜੀ ਸਿਦਕੀ ਦੇਸ ਡੂੰ ।ਅਖੜੀਂ ਹੰਝਣੂੰ ਬਲਬਲ ।
ਡੇਖਾਂ ਬਾਗ ਬਗੋਚੜੇ ।ਜੀਅੜਾ ਜਾਨਵਿਮ ਜਲਬਲ ।
ਲਾਣੇ ਫੋਗ ਫ਼ਰੀਦ ਦੇ ।ਦਰਦ ਦਲੇਂਦੇ ਦਰਮਲ ।

136. ਕਿਸ ਧਰਤੀ ਸੇ ਆਏ ਹੋ ਤੁਮ

ਕਿਸ ਧਰਤੀ ਸੇ ਆਏ ਹੋ ਤੁਮ ।ਕਿਸ ਨਗਰੀ ਕੇ ਬਾਸੀ ਰੇ ।
ਪਰਮ ਨਗਰ ਹੈ ਦੇਸ ਤੁਮ੍ਹਾਰਾ ।ਫਿਰਤੇ ਕਹਾਂ ਉਦਾਸੀ ਰੇ ।
ਕਿਉਂ ਹੋਤੇ ਹੋ ਜੋਗੀ ਭੋਗੀ ।ਰੋਗੀ ਤਰਹ ਬਰਾਗੀ ਰੇ ।
ਅੰਗ ਭੱਭੂਤ ਰਮਾ ਕੇ ਕਿਉਂ ਕਰ ।ਰਖਤੇ ਬਦਨ ਸਨਿਆਸੀ ਰੇ ।
ਅਪਨਾ ਆਪ ਸੰਭਾਲ ਕੇ ਦੇਖੋ ।ਕਰਕੇ ਨਜ਼ਰ ਹਕੀਕਤ ਕੀ ।
ਫ਼ਿਕਰ ਨ ਕੀਜੋ ਯਾਰੋ ਹਰਗਿਜ਼ ।ਆਸੀ ਯਾ ਨ ਆਸੀ ਰੇ ।
ਤੁਮ ਹੋ ਸਾਗੀ ਤੁਮ ਹੋ ਸਾਗੀ ।ਵਾਗੀ ਜ਼ਰਾ ਨ ਵਾਗੀ ਰੇ ।
ਅਪਨੀ ਜ਼ਾਤ ਸਿਫ਼ਾਤ ਕੋ ਸਮਝੋ ।ਅਪਨੀ ਕਰੋ ਸ਼ਨਾਸੀ ਰੇ ।
ਬਾਤ ਫ਼ਰੀਦੀ ਸੋਚ ਕੇ ਸੁਣਿਉ ।ਲਾਕਰ ਦਿਲ ਕੇ ਕਾਨੋਂ ਕੋ ।
ਦੋਨੋ ਜਗ ਕੇ ਮਾਲਕ ਤੁਮ ਹੋ ।ਭੁਲੇ ਅੱਲਾ-ਰਾਸੀ ਰੇ ।

137. ਕਿਵੇਂ ਤੂੰ ਫਰਦ ਤੇ ਜੁਜਵ ਸਡਾਵੇਂ ਤੂੰ ਕੁੱਲ ਤੂੰ

ਕਿਵੇਂ ਤੂੰ ਫਰਦ ਤੇ ਜੁਜਵ ਸਡਾਵੇਂ ਤੂੰ ਕੁੱਲ ਤੂੰ ।
ਬਾਗ ਬਹਿਸ਼ਤ ਦਾ ਤੂੰ ਹੈਂ ਮਾਲਕ ।ਖੁਦ ਬੁਲਬੁਲ ਖੁਦ ਗੁਲ ।
ਅਰਸ਼ ਵੀ ਤੈਡਾ ਫਰਸ਼ ਵੀ ਤੈਡਾ ।ਤੂੰ ਆਲੀ ਅਣਮੁਲ ।
ਚੜ੍ਹ ਦਾਰੀ ਮਨਸ਼ਰ ਦੇ ਭਾਈ ।ਕਰਨ ਅਜਬ ਗੁਲਗੁਲ ।
ਰੂਹ ਮਿਸਾਲ ਸ਼ਹਾਦਤ ਤੂੰ ਹੈਂ ।ਸਮਝ ਸੰਜਾਣ ਨਾ ਭੁਲ ।
ਦੁਨੀਆ ਉਕਬਾ ਬਰਜੁਖ ਅੰਦਰ ।ਨਾਹੀਂ ਤੈਡਰਾ ਤੁਲ ।
ਯਾਰ ਫ਼ਰੀਦਾ ਕੋਲ ਹੈ ਤੈਡੇ ।ਨਾ ਬੇਹੂਦਾ ਰੁਲ ।

138. ਕੋਈ ਮਾਹਣੂੰ ਆਏ ਮੈਂ ਯਾਰ ਦਾ

ਕੋਈ ਮਾਹਣੂੰ ਆਏ ਮੈਂ ਯਾਰ ਦਾ ।ਸਾਥੀ ਖੜਾ ਸਨੇਹੜਾ ਡੇਂਦਾ ।
ਇਸ਼ਕ ਨਹੀਂ ਹੈ ਤੀਰ ਬਲਾ ਦਾ ।ਜ਼ੁਲਮੀਂ ਚੋਟ ਚਲੇਂਦਾ ।
ਨਾਜ਼ ਅਦਾ ਕੁਝ ਕਰੇ ਨ ਟਾਲਾ ।ਹੁਕਮੀ ਬਿਰਹੋਂ ਬਛੇਂਦਾ ।
ਰਮਜ਼ ਰਮੂਜ਼ ਤੇ ਗੁਝੜੇ ਹਾਸੇ ।ਸਭ ਕੁਝ ਦਰਦ ਸਝੇਂਦਾ ।
ਸੋਜ਼ ਫਰਾਕ ਤੇ ਦਰਦ ਅੰਦੇਸ਼ੇ ।ਤਨ ਮਨ ਫੂਕ ਜਲੇਂਦਾ ।
ਹਰਗਿਜ਼ ਸੂਲ ਨ ਸਹਿੰਦੀ ਦਿਲੜੀ ।ਯਾਰ ਐ ਬਾਰ ਸਹੇਂਦਾ ।
ਹਿਜ਼ਰ ਫਰੀਦ ਕੀਤੀ ਦਿਲ ਜ਼ਖਮੀ ।ਦੋਸਤ ਨ ਮਰਹਮ ਲੈਂਦਾ ।

139. ਕੁਲ ਗ਼ੈਰ ਕਨੂੰ ਜੀ ਵਾਂਦੇ

ਕੁਲ ਗ਼ੈਰ ਕਨੂੰ ਜੀ ਵਾਂਦੇ ।ਮੁੱਠੀ ਰੀਤ ਅਨੋਖੀ ਰਾਂਦੇ ।
ਸੱਟ ਕਰ ਖਵੇਸ਼ ਕਬੀਲਾ ਥਿਓਸੇ ।ਬਰਦੇ ਤੈਡੜੇ ਨਾਂ ਦੇ ।
ਸਬ ਸੂਰਤ ਵਿੱਚ ਢੋਲ ਸੰਜਾਣੋ ।ਥਿਓ ਵ ਨਾ ਦਰਮਾਂਦੇ ।
ਸੀਨੇ ਝੋਕਾਂ ਦੀਦੀਂ ਦੇਰੇ ।ਸੋਹਣੇ ਦੋਸਤ ਦਿਲਾਂ ਦੇ ।
ਹਰ ਪਲ ਪਲ ਵਿੱਚ ਕੋਲ ਬਗਲ ਵਿੱਚ ।ਯਾਰ ਮਿੱਠੇ ਮਨ ਭਾਂਦੇ ।
ਅੱਖੀਆਂ ਦੇ ਵਿੱਚ ਕਤਰ ਨ ਮਾਵੇ ।ਸਾਰੇ ਸੱਜਨ ਸਮਾਂਦੇ ।
ਸ਼ਾਲਾ ਵੰਜ ਕਰ ਹਜ਼ਰਤ ਰੋਹੀ ।ਡੇਖੂੰ ਘਰ ਮਿੱਤਰਾਂ ਦੇ ।
ਸੱਟ ਕਰ ਵਿਰਦ ਫ਼ਰੀਦ ਹਮੇਸ਼ਾਂ ।ਗੀਤ ਪਰਮ ਦੇ ਗਾਂਦੇ ।

140. ਕਿਆ ਡੁੱਖ਼ੜਾ ਨੇਂਹ ਲਿਉਸੇ

ਕਿਆ ਡੁੱਖ਼ੜਾ ਨੇਂਹ ਲਿਉਸੇ ।ਡੁੱਖ ਬਾਝ ਪੱਲੇ ਨ ਪਿਉ ਸੇ ।
ਇਸ਼ਕ ਨਹੀਂ ਹੈ ਨਾਰ ਗ਼ਜ਼ਬ ਦੀ ।ਤਨ ਮਨ ਕੀਤੁਸ ਕੋਲੇ ।
ਸੂਲਾਂ ਸੜਦੀਂ ਆਹੀ ਭਰਦੀਂ ।ਸਾਰੀ ਉੱਮਰ ਨਿਭਿਉਸੇ ।
ਨਾ ਗਮਖ਼ਾਰ ਨਾ ਕੋਈ ਸਾਥੀ ।ਨਾ ਕੋਈ ਹਾਲ ਵੰਡਾਵੇ ।
ਇਸ਼ਕ ਜੇਹਾਂ ਡੁੱਖ ਹੋਰ ਨ ਕੋਈ ।ਮਾ ਪਿਉ ਵੈਰੀ ਥਿaੁਸੇ ।
ਖ਼ਵੇਸ਼ ਕਬੀਲਾ ਹਰ ਕੋਈ ਜਾਣੇ ।ਮੰਜ਼ਿਲ ਯਾਰ ਦੀਆਂ ਝੋਕਾਂ ।
ਸੇਂਗੀਆਂ ਸੁਰਤੀਆਂ ਕਰਦੀਆਂ ਟੋਕਾਂ ।ਸਾਰਾ ਭਰਮ ਲੁੜ੍ਹਿaੁਸੇ ।
ਗਲੀਆਂ ਕੂਚੇ ਸ਼ਹਿਰ ਬਜ਼ਾਰਾਂ ।ਲੋਗ ਮਰੇਂਦਾ ਕਾਨੇ ।
ਨੰਢੜੇ ਵਡੜੇ ਡੇਵਨ ਤਾਨੇ ।ਸ਼ਰਮ ਸ਼ਉਰ ਵੰਜਿਉਸੇ ।
ਗਾਲ੍ਹ ਨਹੀਂ ਅੱਜ ਕਲ ਦੀ ਸੁੰਜੜੀ ।ਰੋਜ਼ ਅਜ਼ਲ ਦੀ ਮੁੱਠੜੀ ।
ਬੇ ਨਿਸ਼ਾਨ ਸੱਜਣ ਦੇ ਕੀਤੇ ।ਨਾਸ ਨਿਸ਼ਾਨ ਗੰਵਿਉਸੇ ।
ਹਾਰ ਹੰਜੂੰ ਦਾ ਗਲ ਵਿੱਚ ਪਾਵਾਂ ।ਬੈਠੀ ਰੋ ਰੋ ਹਾਲ ਵੰਜਾਵਾਂ ।
ਪੀਤ ਸੁਵਾ ਬਈ ਰੀਤ ਨ ਕਾਈ ।ਡੇ ਸਿਰ ਮੁਫ਼ਤ ਰਾਧਿਉਸੇ ।
ਮੂੰਝ ਮੁੰਝਾਰੀ ਦਰਦ ਵਿਛੋੜਾ ।ਲਿਖਿਆ ਬਾਬ ਤੱਤੀ ਦੇ ਡੋੜਾ ।
ਯਾਰ ਫ਼ਰੀਦ ਖ਼ਰੀਦ ਨ ਕੀਤਾ ।ਰੋ ਰੋ ਖ਼ਲਕ ਰੁਵਿਉਸੇ ।

141. ਕਿਆ ਹਾਲ ਸੁਣਾਵਾਂ ਦਿਲ ਦਾ

ਕਿਆ ਹਾਲ ਸੁਣਾਵਾਂ ਦਿਲ ਦਾ ।ਕੋਈ ਮਹਰਮ ਰਾਜ਼ ਨ ਮਿਲਦਾ ।
ਮੁੰਹ ਧੂੜ ਮਿਟੀ ਸਿਰ ਪਾਇਮ ।ਸਾਰਾ ਨੰਗ ਨਮੂਜ਼ ਵੰਜਾਇਮ ।
ਕੋਈ ਪੁਛਣ ਨ ਵੇਹੜੇ ਆਇਮ ।ਹਥੋ ਉਲਟਾ ਆਲਮ ਖਿਲਦਾ ।
ਆਇਆ ਬਾਰ ਬਿਰਹੋ ਸਿਰ ਬਾਰੀ ।ਲਗੀ ਹੂੰ ਹੂੰ ਸ਼ਹਿਰ ਖਵਾਰੀ ।
ਰੋਂਦੀ ਉਮਰ ਗੁਜ਼ਰੇਮ ਸਾਰੀ ।ਨਾ ਪਾਇਮ ਡਸ ਮਨਜ਼ਲ ਦਾ ।
ਦਿਲ ਯਾਰ ਕੀਤੇ ਕੁਰਲਾਵੇ ।ਤੜਫ਼ਾਵੇ ਤੇ ਗਮ ਖਾਵੇ ।
ਡੁਖ ਪਾਵੇ ਸੂਲ ਨਿਭਾਵੇ ।ਏਹੋ ਤੌਰ ਤੈਂਡੇ ਬੇਦਿਲਦਾ ।
ਕਈ ਸਹੰਸ ਤਬੀਬ ਕਮਾਵਨ ।ਸੈ ਪੁੜੀਆਂ ਝੋਲ ਪਲਾਵਨ ।
ਮੈਡੇ ਦਿਲ ਦਾ ਭੇਦ ਨ ਪਾਵਨ ।ਪਵੇ ਫਰਕ ਨਹੀਂ ਇਕ ਤਿਲਦਾ ।
ਪੁਨੂੰ ਹੋਤੇ ਨ ਖੜ ਮੁਕਲਾਇਆ ।ਛਡ ਕਲ੍ਹੜੀ ਕੀਚ ਸਿਧਾਇਆ ।
ਸੋਹਣੇ ਜਾਣ ਪਛਾਣ ਰੋਲਾਇਆ ।ਕੂੜਾ ਉਜਰ ਨਭਾਇਮ ਘਿਲਦਾ ।
ਸੁਣ ਲੇਲਾ ਧਾਂਹ ਪੁਕਾਰੇ ।ਤੈਂਡਾ ਮਜਨੂੰ ਜ਼ਾਰ ਨਜ਼ਾਰੇ ।
ਸੋਹਣਾ ਯਾਰ ਤੂਣੇ ਹਿਕਵਾਰੇ ।ਕਡੀ ਚਾ ਪਰਦਾ ਮੁਹਮਲ ਦਾ ।
ਦਿਲ ਪ੍ਰੇਮ ਨਗਰ ਡੂੰ ਤਾਂਘੇ ।ਜਥਾਂ ਪੈਂਡੇ ਸਖਤ ਅੜਾਂਗੇ ।
ਨਾਰਾਹ ਫ਼ਰੀਦਨ ਲਾਂਘੇ ।ਪੰਧ ਬਹੂੰ ਮੁਸ਼ਕਲ ਦਾ ।

142. ਕਿਆ ਇਸ਼ਕ ਅੜਾਹ ਮਚਾਇਆ ਹੈ

ਕਿਆ ਇਸ਼ਕ ਅੜਾਹ ਮਚਾਇਆ ਹੈ ।ਹਰ ਰੋਜ਼ ਇਹ ਸੋਜ਼ ਸਵਾਇਆ ਹੈ ।
ਸਰ ਤਨ ਮਨ ਫੂਕ ਜਲਾਇਆ ਹੈ ।ਮੁੱਠਾ ਜੋਬਨ ਮੁਫ਼ਤ ਗੰਵਾਇਆ ਹੈ ।
ਭੈੜੀ ਦਿੱਲੜੀ ਮਾਰ ਮੁੰਝਾਇਆ ਹੈ ।ਦਮ ਦਮ ਵਿੱਚ ਦਰਦ ਸਵਾਇਆ ਹੈ ।
ਸੱਟ ਸੇਝ ਇਕੇਲੀ ਹੋਤ ਨੱਸੇ ।ਗ਼ਮ ਪਾ ਕਰ ਝੋਲੀ ਐਸ਼ ਖ਼ੱਸੇ ।
ਗਲ ਹਾਰ ਫੁਲਾਂ ਦਾ ਨਾਂਗ ਡਿੱਸੇ ।ਡੁੱਖੀ ਕਿਸਮਤ ਸਬ ਡੁੱਖ ਲਾਇਆ ਹੈ ।
ਸੋਹਣਾ ਸਾਂਗ ਹਿਜਰ ਦੀ ਮਾਰ ਗਿਆ ।ਯਕਬਾਰੀ ਯਾਰ ਵਸਾਰ ਗਿਆ ।
ਕਰ ਜ਼ਾਰ ਨਜ਼ਾਰ ਖਵਾਰ ਗਿਆ ।ਤੱਤੀ ਬੇ ਵੱਸ ਬਾਰ ਸਹਾਇਆ ਹੈ ।
ਏਹਾ ਦਿੱਲੜੀ ਇਸ਼ਕ ਦੀ ਕੁੱਠੜੀ ਹੈ ।ਜੈਂ ਸਬਰ ਆਰਾਮ ਵੰਜਾਇਆ ਹੈ ।
ਮਾ ਡਿੱਤੜੀ ਸ਼ੌਕ ਦੀ ਗੁੱਠੜੀ ਹੈ ।ਜੈਂ ਸਬਰ ਆਰਾਮ ਵੰਜਾਇਆ ਹੈ ।
ਦਿਲ ਲਾਵਣ ਹਾਲ ਵੰਜਾਵਣ ਹੈ ।ਸੁਖ ਡੇਵਣ ਤੇ ਡੁੱਖ ਪਾਵਣ ਹੈ ।
ਗ਼ਮ ਖਾਵਣ ਦਰਦ ਨਿਭਾਵਣ ਹੈ ।ਨੇੜਾ ਬੇਸ਼ਕ ਕੂੜਾ ਜਾਇਆ ਹੈ ।
ਸੋਹਣੇ ਬਾਝ ਫ਼ਰੀਦ ਕਰਾਰ ਗਿਆ ।ਕੰਮ ਕਾਰ ਸਭੋ ਘਰ ਬਾਰ ਗਿਆ ।
ਸਬ ਨਾਜ਼ ਨਵਾਜ਼ ਸੰਗਾਰ ਗਿਆ ।ਸਰ ਬਾਰ ਡੁਹਾਗ ਸਹਾਇਆ ਹੈ ।

143. ਕਿਆ ਰੀਤ ਪਰੀਤ ਸਿਖਾਈ ਹੈ

ਕਿਆ ਰੀਤ ਪਰੀਤ ਸਿਖਾਈ ਹੈ ।ਸਬ ਡਿੱਸਦਾ ਹੁਸਨ ਖ਼ੁਦਾਈ ਹੈ ।
ਡਿੱਸਦੀ ਯਾਰ ਮਿੱਠਲ ਦੀ ਸੂਰਤ ।ਕੁਲ ਤਸਵੀਰ ਅਤੇ ਕੁਲ ਮੂਰਤ ।
ਹਰ ਵੇਲੇ ਹੈ ਸ਼ਗਨ ਮਹੂਰਤ ।ਗ਼ੈਰ ਦੀ ਖ਼ਬਰ ਨ ਕਾਈ ਹੈ ।
ਨਾਜ਼ ਨਿਹੋਰੇ ਯਾਰ ਸੱਜਣ ਦੇ ।ਇਸ਼ਵੇ ਗ਼ਮਜ਼ੇ ਮਨ ਮੋਹਨ ਦੇ ।
ਹਰ ਹਰ ਆਨ ਅਨੋਖੜੇ ਵੰਦੇ ।ਵਾਹ ਜ਼ੀਨਤ ਜ਼ੇਬਾਈ ਹੈ ।
ਨਖ਼ਰੇ ਨਖ਼ਰੇ ਨੋਕਾਂ ਟੋਕਾਂ ।ਦਿੱਲੜੀ ਜੋੜ ਚੁਭੇਂਦੀਆਂ ਚੋਂਕਾਂ ।
ਸੋਕਾਂ ਸਬਜ਼ ਥੀਆਂ ਵੱਲ ਝੋਕਾਂ ।ਖ਼ੂਬੀ ਖ਼ੁਨਕੀ ਚਾਈ ਹੈ ।
ਨਾਜ਼ਕ ਚਾਲੀਂ ਨੂਰ ਨੋਲ ਦੀ ।ਰਮਜ਼ਾਂ ਬਾਕੀ ਤਰਜ਼ ਜਦਲ ਦੀ ।
ਧਾੜ ਕੱਜਲ ਦੀ ਧਾੜਾ ਜਲਦੀ ।ਸੁਰਖ਼ੀ ਭਾ ਭੜਕਾਈ ਹੈ ।
ਡੁੱਖ ਡੁਹਾਗ ਤੇ ਦਰਦ ਜੁਦਾਈ ।ਰਲ ਮਿਲ ਵੈਂਦੇ ਸਾਥ ਲਡਾਈ ।
ਇਸ਼ਕ ਫ਼ਰੀਦ ਥਿਉਸੇ ਭਾਈ ।ਇਸ਼ਰਤ ਰੋਜ਼ ਸਵਾਈ ਹੈ ।

144. ਕਿਆ ਥਿਆ ਜੋ ਤੈਡੀ ਨ ਬਣੀ

ਕਿਆ ਥਿਆ ਜੋ ਤੈਡੀ ਨ ਬਣੀ ।ਥੀਸੀ ਓਹਾ ਜੋ ਰੱਬ ਗਿਣੀ ।
ਦੌਲਤ ਕੂੰ ਚੂਚੀ ਲਾ ਅੜਾ ।ਠਗ ਬਾਜ਼ ਦਾ ਡਟਕੋ ਨ ਖਾ ।
ਆਜ਼ਾਦ ਥੀ ਸਫਨ ਸਫ਼ਾ ।ਚੁਣ ਘਿਨ ਸੁੰਜਾਏਂਦੀ ਅਣੀ ।
ਦੁਨੀਆਂ ਦਾ ਨ ਥੀ ਆਸ਼ਨਾ ।ਹੈ ਏ ਮਕਾਰਾ ਬੇ ਵਫ਼ਾ ।
ਖਾਵੀਂ ਨ ਮੁਜ਼ਿਣ ਦਾ ਦਗ਼ਾ ।ਹੈ ਪੰਜ ਕਣੀ ਤੈਕੂੰ ਘਣੀ ।
ਧੱਜ ਵੱਜ ਦੀ ਝੱਗ ਮੱਗ ਤਰੋੜ ਵੇ ।ਡੋਰੇ ਭੇ ਮਲਮਲ ਛੋੜ ਵੇ ।
ਹੈ ਡਿਲ੍ਹ ਪੱਥਰ ਦੀ ਭੋਰ ਵੇ ।ਤੈਂ ਕਾਣ ਹੀਰੇ ਦੀ ਕਣੀ ।
ਮੁਲਾਂ ਨਹੀਂ ਕਹੀਂ ਕਾਰ ਦੇ ।ਸ਼ੇਵੇ ਨ ਜਾਣਿਨ ਯਾਰ ਦੇ ।
ਸਮਝਣ ਨ ਭੇਤ ਇਸਰਾਰ ਦੇ ।ਵੰਜ ਕੰਡ ਦੇ ਭਰਨੇ ਥਏ ਦਣੀ ।
ਈਂ ਰਾਹ ਡੋ ਆਂਵੀ ਨਾ ਹਾ ।ਜੇ ਆਈਂ ਕਦਮ ਡੇਹੋਂ ਡੇਂਹ ਵਧਾ ।
ਪਿਛੋਂ ਤੇ ਨਾ ਡੇਖੀਂ ਮੂੰਹ ਵਲਾ ।ਹੀਲਾ ਕਰੀਂ ਸਰ ਤਈਂ ਤਣੀ ।
ਨਿਞ੍ਹੀ ਤਰਸ ਬਾਰੋਚਲ ਰਤੀ ।ਰੋਹੀਂ ਪਹਾੜੀ ਵਿਚ ਤੱਤੀ ।
ਸ਼ੋਦੀ ਸੱਸੀ ਰੁਲਦੀ ਵੱਤੀ ।ਨੇਹੀਂ ਅਲ੍ਹੜੀ ਹਿੱਕ ਜਣੀ ।
ਹੈ ਵਲ ਕਹਿਰ ਦੀ ਮੁਬਤਲਾ ।ਹੈ ਓ ਗਜ਼ਬ ਦਾ ਬੇ ਵਫ਼ਾ ।
ਮਨ ਛੱਡ ਅਤੇ ਮਨ ਡੇ ਵੀਆ ।ਆਪਤ ਦੇ ਵਿੱਚ ਖੜਬੜ ਬਣੀ ।
ਸੁਣ ਬੇਵਫਾ ਦੀ ਗਾਲ੍ਹ ਵੇ ।ਪੁਛਦੇ ਨ ਹਰਗਿਜ਼ ਮਾਲ ਵੇ ।
ਅਸਲੋਂ ਨ ਲਹਮ ਸੰਭਾਲ ਵੇ ।ਡੇਵੇ ਨ ਚੋਲੀ ਦੀ ਤਣੀ ।
ਥੀ ਖ਼ੁਸ਼ ਫ਼ਰੀਦ ਤੇ ਸ਼ਾਦਵਲ ।ਡੁਖ਼ੜੀਂ ਕੂੰ ਨ ਕਰ ਯਾਦ ਵਲ ।
ਅਝੂ ਥੀਵਮ ਝੋਕ ਆਬਾਦ ਵਲ ।ਏਹਾ ਨੈਂ ਨ ਵੈਹਸੀ ਹਿਕ ਮਣੀ ।

145. ਕਿਉਂ ਲੋੜ, ਕਲ੍ਹੜੀ ਵਿੱਚ ਕੁਨ ਕਪਰਦੇ

ਕਿਉਂ ਲੋੜ, ਕਲ੍ਹੜੀ ਵਿੱਚ ਕੁਨ ਕਪਰਦੇ ।ਰੋਧੇ ਡਿਤੋ ਨੀ ਪਿਛਲੀ ਉੱਮਰ ਦੇ ।
ਤੈਂ ਬਾਝ ਜੀਵੇਂ ਅਸਲੋਂ ਨ ਜੀਵਾਂ ।ਤੈਡੇ ਅੱਖ਼ੀਂ ਦੇ ਸਾਹਮੇ ਪੁਰੀਵਾਂ ।
ਮਾਰੂ, ਮਰੀਲਾ, ਭੌਂ ਬਿਨ ਨਾ ਥੀਵਾਂ ।ਬੱਠ ਡੇਂਹ ਹਿਜਰ ਦੇ ਔਖੇ ਗੁਜ਼ਰਦੇ ।
ਮਾਰਾਂ ਮਰੋੜਾ ਧੱਕੜੇ ਤੇ ਧੋੜੇ ।ਭੇਜੀਆਂ ਸੌਗਾਤਾਂ ਤੈਡੇ ਵਿਛੋੜੇ ।
ਡੁੱਖੜੇ ਡੇਂਹੋਂ ਡੇਂਹ ਡੇਢੇ ਤੇ ਡੋੜੇ ।ਹੈ ਹੈ ਨ ਜੀਂਦੇ ਜੀਅੜਾ ਨ ਮਰਦੇ ।
ਗਏ ਵਕਤ ਵੇਲ੍ਹੇ ਯਾਰੋ ਭਲੇੜੇ ।ਡੁੱਖੜੇ ਡੁੱਖੀ ਤੇ ਕੀਤੇ ਵਹੀਰੇ ।
ਸ਼ਾਲਾ ਡਿਹਾੜੇ ਥੀਵਮ ਥੁਲੇਰੇ ।ਪਾੜੇ ਗੁਜ਼ਾਰੂੰ ਸਜਣੀਂ ਦੇ ਘਰ ਦੇ ।
ਘੋਲੀ ਤੁਸੈਡੀ ਗੋਲੀ ਤੁਸੈਡੀ ।ਡੇ ਕਨ ਤੇ ਸੁਣੀਂ ਪੀੜ ਮੈਡੀ ।
ਪਾਣੀ ਅਸਾਡਾ ਥਈ ਰੱਤ ਅਸੇਡੀ ।ਰੋਟੀ ਹੈ ਟੁੱਕੜੇ ਹਾਂ ਦੇ ਜਿਗਰ ਦੇ ।
ਮੁੰਢ ਲਾਦੀ ਜਿੰਦੜੀ ਡੁਖੜੇਂਦੀ ਡੋਹੜੀ ।ਦਰਦੇਂਦੀਂ ਬੱਧੜੀ ਸੋਜ਼ੇਂਦੀ ਰੋਹੜੀ ।
ਹਿੱਕ ਤੂੰ ਤੱਤੀ ਦੀ ਵੱਲ ਕਲ ਨ ਲਧੜੀ ।ਪਏ ਸੂਲ ਸਦਮੇ ਚੌਥੇ ਪਹਿਰ ਦੇ ।
ਰਹਿ ਗਿਉਮ ਖੁਸ਼ੀਆਂ ਵਿਸਰੇ ਨਨਢੇਪੇ ।ਧਾਂ ਧਾਂ ਕਰਦੇ ਆਏ ਬੁਢੇਪੇ ।
ਥਏ ਬੇਨਵਾਈ ਡਿੱਤੜੇ ਰੰਡੇਪੇ ।ਆਏ ਬਾਰ ਸਿਰ ਤੇ ਬਾਰੀ ਕਹਿਰ ਦੇ ।
ਜੋਗੀ ਬਰਾਗੀ ਥੀਕਰ ਢੂੰਡੇਸਾਂ ।ਕਫ਼ਨੀ ਡੁੱਖਾਂ ਦੀ ਪਾਗਲ ਸੁਹੇਸਾਂ ।
ਏਵੇਂ ਫ਼ਰੀਦਾਂ ਉਮਰਾਂ ਨਭੇਸਾਂ ।ਜੇ ਤਈਂ ਨਾ ਥੀਸਾਂ ਦਾਖਲ ਕਬਰਦੇ ।

146. ਲੱਜ ਲੋਈ ਕੀਂ ਉਤਾਰੇਂਦਸ

ਲੱਜ ਲੋਈ ਕੀਂ ਉਤਾਰੇਂਦਸ ।ਤੁਹੰਜਾ ਨਹਮਲ ਭਾ ਮੈਂ ਬਾਰੇਂਦਸ ।
ਤੁਹੰਜਾ ਜ਼ੋਰ ਜ਼ਲਲ ਔਂ ਮਕਰ ਵਦਗਾ ।
ਤੁਹੰਜੇ ਜ਼ੁਲਮ ਜਇਆਂ ਗਾਰ੍ਹੇਉ ਉਮਰਾਦਾ ।
ਵੰਜੀਂ ਵਿਹੇੜੀਜਨ ਸਾਂ ਗਾਰੇਂਦਸ ।
ਥਰ ਨਪ੍ਹਵਾਰਨ ਜਾ ਡੇਸ ਵਤਨ ।
ਥਰ ਆਹੇ ਸੰਹਜ਼ਾ ਮੁਲਕ ਵਤਨ ਖੁਸ਼ ਸੇਂਗੀ ਸਾਂ ਗੁਜਾਰੇਂਦਸ ।
ਹਿਨ ਕੈਦ ਮੇਂ ਕੇੜ੍ਹੋ ਕਾਮਕਿਆਂ ।ਸਾਲਾ ਮਾਰਨ ਵਾਰੇ ਨਹਨ ਵਯਾਂ ।
ਜਾ ਥੀ ਵਾਰ ਉਗਾਰ ਬੁਹਾਰੇਦਸ ।
ਹੁਜੈ ਹਰਦਮ ਡੇਂਹ ਅਬਾਣੇ ਮੇਂਹ ।ਆਹੇ ਸਿਕ ਸਾੜਿਆ ਜੇ ਰਾਤੀਂ ਡੇਂਹ ।
ਵੈਠੀ ਧਾਂ ਕੰਦਸ ਹੰਜੂੰ ਹਾਰੇਂਦਸ ।
ਬਠ ਮਾੜਿਓਂ ਔਂ ਮਹਲਾਤ ਜਾ ਘਰ ।ਆਖੇ ਮਰਕ ਫਰੀਦ ਜਾ ਮਾਰੂਥਰ ।
ਵਹਿਣ ਸਾਂਗੇ ਅੜਨ ਜੇ ਚਾਰੇਂਦਸ ।

147. ਮਾਡੀ ਦਿਲੜੀ ਅੜੀ

ਮਾਡੀ ਦਿਲੜੀ ਅੜੀ ।ਹੋਤ ਪੁਨਲ ਦੀ ਸਾਂਗ ।
ਸਟ ਕਰ ਖਵੇਸ਼ ਕਬੀਲੜੇ ।ਸਿਕ ਸਾਂਵਲ ਦੀ ਸਾਂਗ ।
ਰਗ ਰਗ ਜ਼ੁਲਫ ਦੇ ਪੇਚੜੇ ।ਨਾਂਗ ਅਜਲ ਦੇ ਸਾਂਗ ।
ਵਿਸਰੇ ਇਸ਼ਕ ਮਜਾਜ਼ੜੇ ।ਹੁਸਨ ਅਜ਼ਲ ਦੀ ਸਾਂਗ ।
ਤਾਂਘ ਫਰੀਦ ਕੂੰ ਰੋਲਦੀ ।ਮਾਰੂ ਥਲ ਦੀ ਸਾਂਗ ।

148. ਮਾਡੀ ਦਿਲੜੀ ਅੜੀ

ਮਾਡੀ ਦਿਲੜੀ ਅੜੀ ।ਯਾਰ ਸਜਨ ਦੇ ਸਾਂਗ ।
ਜੈਂਦੀ ਮੇਲਾ ਰਬ ਕਰਮ ।ਜੋਹ ਜਤਨ ਦੇ ਸਾਂਗ ।
ਨਾਜ਼ ਵ ਢੋਲ ਦੇ ਨਾਜ਼ ਵੇ ।ਹਰ ਹਰ ਵਨ ਦੇ ਸਾਂਗ ।
ਭੁਲੜੇ ਸਕੜੇ ਸੋਹਰੜੇ ।ਮਨ ਮੋਹਨ ਦੇ ਸਾਂਗ ।
ਲਾਣੀ ਫੋਗ ਫੁਲਾਰੀ ।ਸਬ ਪਨ ਪਨ ਦੇ ਸਾਂਗ ।
ਵਕਤ ਜ਼ਈਫ ਬੁਢੇਪੜੇ ।ਸਨ ਜੋਭਨ ਦੇ ਸਾਂਗ ।
ਤਾਂਗ ਫ਼ਰੀਦ ਕੂੰ ਆਖਦੀ ।ਬੈਤ ਹਜ਼ਨ ਦੇ ਸਾਂਗ ।

149. ਮਾਣ ਮਹੀਂ ਦਾ ਚਾਕ

ਮਾਣ ਮਹੀਂ ਦਾ ਚਾਕ ।ਅਸਾਡੇ ਮਨ ਭਾਂਵਦਾ ।
ਹਰਦਮ ਹੋਵੀਂ ਕੋਲ ਮੈਂਡੇ ।ਕਰ ਰਖਾਂ ਦਿਲ-ਪਾਕ,
ਵਤਾਂ ਗਲੱਕੜੀ ਪਾਂਵਦਾ ।
ਰਾਤੀਂ ਰੋਂਦੀ ਪਿਟਦੀ ਖਪਦੀਂ ।ਫਟ ਗਈ ਹਮ ਬਾਖ,
ਕਿਉਂ ਗਲ ਨਹੀਂ ਲਾਂਵਦਾ ।
ਸਾਂਵਣ ਸਹਿਜੋਂ ਮੇਘ ਮਲ੍ਹਾਰਾਂ ।ਆਈ ਮਿਲਣ ਦੀ ਮਦ ਸਾਖ,
ਨੇਹੜਾ ਜੀੜਾ ਤਾਂਵਦਾ ।
ਦਰਦੋਂ ਠਡਰੀਆਂ ਸਾਹੀਂ ਕੱਢਦੀ ।ਰੋ ਰੋ ਡੇਵਾਂ ਬਾਕ,
ਡੁੱਖੜਾ ਅੰਗ ਨ ਮਾਂਵਦਾ ।
ਨਾਲ ਫ਼ਰੀਦ ਦੇ ਸੱਚ ਨਾ ਕੀਤੋ ।ਆਵਣ ਦੀ ਗਿਓਂ ਆਖ,
ਸੋ ਹੁਣ ਵਲ ਨਹੀਂ ਆਂਵਦਾ ।

150. ਮਾਹੀ ਬਾਝ ਕਲੱਲੀਆਂ

ਮਾਹੀ ਬਾਝ ਕਲੱਲੀਆਂ ।ਦਿਲਦਾਰ ਬਗੈਰ ਅਵੱਲੀਆਂ ।
ਮਾਹੀ ਝੋਕ ਲਡਾਈ ਵੈਂਦਾ ।ਸਾਰਾ ਹਿਜਰ ਦੇ ਰਲੀਆਂ ।
ਤਰਸ ਨ ਆਵੇ ਹਿਕ ਤਿਲ ਤੈਨੂੰ ।ਸਖ਼ਤ ਗ਼ਮਾਂ ਵਿੱਚ ਗਲੀਆਂ ।
ਵੇੜਾ ਖਾਵੇ ਅੰਗਨ ਨ ਭਾਵੇ ।ਅੱਗ ਫ਼ਰਾਕ ਦੀ ਜਲੀਆਂ ।
ਸ਼ਰਮ ਵੰਜਾਇਮ ਭਰਮ ਗੰਵਾਇਮ ।ਰੁਲਦੀ ਕੂਚੇ ਗਲੀਆਂ ।
ਇਸ਼ਕ ਫ਼ਰੀਦ ਬਹੂੰ ਡੁੱਖ ਡੇਸਮ ।ਅੱਜ ਕਲ ਮੋਈ ਮੋਈ ਭਲੀਆਂ ।

  • Next......(151-200)
  • Previous......(51-100)
  • ਮੁੱਖ ਪੰਨਾ : ਕਾਵਿ ਰਚਨਾਵਾਂ, ਖ਼ਵਾਜਾ ਗ਼ੁਲਾਮ ਫ਼ਰੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ