Punjabi Kafian : Sain Maula Shah

ਪੰਜਾਬੀ ਕਾਫ਼ੀਆਂ : ਸਾਈਂ ਮੌਲਾ ਸ਼ਾਹ

1. ਕਿਉਂ ਫਿਰਨੀ ਹੈਂ ਮਸਤਾਨੀ

ਕਿਉਂ ਫਿਰਨੀ ਹੈਂ ਮਸਤਾਨੀ,
ਸਦਾ ਨਾ ਰਹੂਗੀ ਜਵਾਨੀ ।

ਖ਼ਮਰ ਪਿਆਲੇ ਪੀ ਕੇ ਪਿਆਰੀ,
ਭੁਲ ਗਈ ਤੈਨੂੰ ਸਾਡੀ ਯਾਰੀ,
ਅਜ਼ਲੀ ਪ੍ਰੀਤ ਪੁਰਾਣੀ ।

ਯਾਰ ਵਲੋਂ ਕਿਉਂ ਮੁਖੜਾ ਮੋੜੇਂ,
ਛਡ ਇਕ ਨੂੰ ਕਿਉਂ ਦੂਸਰਾ ਲੋੜੇਂ,
ਆਖ਼ਰ ਇਹ ਜਗ ਫ਼ਾਨੀ ।

ਖੋਹਲ ਕੇ ਘੁੰਗਟ ਦੇਖ ਨਜ਼ਾਰਾ,
ਨਜ਼ਰ ਆਵੇ ਤੈਨੂੰ ਯਾਰ ਪਿਆਰਾ,
ਕਿਉਂ ਹੋਈ ਹਾਲ ਹੈਰਾਨੀ ।

ਯਾਰ ਯਾਰਾਂ ਨੂੰ ਸੀਨੇ ਲਾਵਨ,
ਲਾ ਕੇ ਪ੍ਰੀਤਾਂ ਤੋੜ ਨਿਭਾਵਨ,
ਜਾਨ ਕਰਨ ਕੁਰਬਾਨੀ ।

ਯਾਰ ਬਣਾ ਕੇ ਨਾ ਭੁਲ ਜਾਵੀਂ,
ਕਾਲੂ ਬਲਾ ਦਾ ਕੌਲ ਨਿਭਾਵੀਂ,
ਜੋ ਕੀਤਾ ਕੌਲ ਜ਼ਬਾਨੀ ।

ਯਾਰ ਯਾਰਾਂ ਦੀ ਕੀ ਅਸ਼ਨਾਈ,
ਜੇ ਨਾ ਦੂਈ ਦੂਰ ਹਟਾਈ,
ਐਵੇਂ ਉਮਰ ਵਿਹਾਣੀ ।

ਬੈਠ ਗੈਰਾਂ ਨਾਲ ਦੁਖ ਸੁਖ ਫੋਲੇਂ,
ਯਾਰ ਬੁਲਾਵੇ ਕਿਉਂ ਨ ਬੋਲੇਂ,
ਸੋਹਣਾ ਤੇਰਾ ਦਿਲ ਜਾਨੀ ।

ਯਾਰ ਰੁੱਸੇ ਨਾ ਕਿਧਰੇ ਢੋਈ,
ਸੁਮ ਬਕਮ ਕਿਉਂ ਚੁਪ ਹੋਈ,
ਦੋ ਦਮ ਦੀ ਜ਼ਿੰਦਗਾਨੀ ।

ਮੌਲਾ ਸ਼ਾਹ ਨਾਲ ਨਾ ਕਰ ਠਗੀਆਂ,
ਕਾਲੀਆਂ ਜ਼ੁਲਫ਼ਾਂ ਹੋਸਣ ਬਗੀਆਂ,
ਦਾਮ ਪਕੜ ਜੀਲਾਨੀ ।

(ਖ਼ਮਰ=ਨਸ਼ਾ, ਫ਼ਾਨੀ=ਨਾਸ਼ਵਾਨ,
ਅਸ਼ਨਾਈ=ਪਿਆਰ, ਦਾਮ=ਪੱਲਾ,
ਜੀਲਾਨੀ=ਪੀਰ ਜੀਲਾਨੀ)

2. ਆ ਵੇ ਮਾਹੀ ਲਗ ਜਾ ਛਾਤੀ

ਆ ਵੇ ਮਾਹੀ ਲਗ ਜਾ ਛਾਤੀ,
ਬਾਂਕਿਆਂ ਨੈਣਾਂ ਵਾਲਿਆ ।

ਆਪ ਛਿੜ ਨਾਲ ਮਹੀਆਂ ਦੇ ਜਾਵੇਂ,
ਸਾਨੂੰ ਕਿਉਂ ਨਾ ਨਾਲ ਲੈ ਜਾਵੇਂ ।
ਹਾਲ ਮੇਰੇ ਦੀ ਖ਼ਬਰ ਨਾ ਤੈਨੂੰ,
ਕੈਂਹ ਦੇ ਦਿਆ ਰਖਵਾਲਿਆ ।

ਤੁਰਕਾਂ ਵਾਂਗੂੰ ਚੜ੍ਹ ਕੇ ਘੋੜੇ,
ਕਿਲੇ ਸਿਆਲਾਂ ਦੇ ਤੂੰ ਤੋੜੇ ।
ਖ਼ਬਰ ਨਾ ਤੈਨੂੰ ਚੂਚਕ ਬੇਟੀ,
ਜਿਸ ਨੇ ਪਾਲੀ ਪਾਲਿਆ ।

ਤੂੰ ਬੇਲੇ ਮੈਂ ਤ੍ਰਿੰਞਣ ਗਾਵਾਂ,
ਅਉਂਸੀਆਂ ਪਾ ਪਾ ਕਾਗ ਉਡਾਵਾਂ ।
ਬੰਸੀ ਵਾਲਿਆ ਕਿਉਂ ਚਿਰ ਲਾਇਆ,
ਕਿਸ ਤੈਨੂੰ ਭਰਮਾ ਲਿਆ ।

ਫ਼ਜ਼ਰ ਗਿਆ, ਨਾ ਸ਼ਾਮੀ ਆਇਆ,
ਰੁਸ ਬੈਠਾ ਨਾ ਗਲ ਨਾਲ ਲਾਇਆ ।
ਹਾੜੇ ਸਈਓ ਇਹ ਕੀ ਹੋਇਆ,
ਸੂਰਜ ਮੁਖ ਛੁਪਾ ਲਿਆ ।

ਮੈਂ ਸਰਦਾਰ ਸਹੇਲੀਆਂ ਸਠ ਵੇ,
ਤਖ਼ਤ ਹਜ਼ਾਰੇ ਦਾ ਤੂੰ ਜਟ ਵੇ ।
ਵਾਰ ਸੁਟੀ ਮੈਂ ਕਿਸ ਗਲੋਂ ਤੂੰ,
ਰੋਸਾ ਨਵਾਂ ਜਗਾ ਲਿਆ ।

ਤੇਰੀ ਮੇਰੀ ਲਗੀ ਯਾਰੀ,
ਚੜ੍ਹ ਤੁਰਕਾਂ ਜਿਉਂ ਦਿੱਲੀ ਮਾਰੀ ।
ਮੁਲਾਂ ਮਥੇ ਤਿਲਕ ਲਗਾਇਆ,
ਮਾਸ ਬ੍ਰਾਹਮਣਾ ਖਾ ਲਿਆ ।

ਮੈਂ ਤ੍ਰਿੰਞਣ ਤੂੰ ਗਾਵੇਂ ਝੱਲਾਂ,
ਮੌਲਾ ਸ਼ਾਹ ਵੇਖ ਰਬ ਦੀਆਂ ਗੱਲਾਂ ।
ਸਿਹਾ ਪਕੜ ਕੇ ਚੂਹੜਿਆਂ ਖਾਧਾ,
ਸੂਰ ਮਸੀਤੇਂ ਢਾਹ ਲਿਆ ।

(ਫ਼ਜ਼ਰ=ਸਵੇਰਾ, ਝੱਲਾਂ=ਬੇਲੇ,ਜੰਗਲ)

3. ਵੇ ਮਿਤ੍ਰਾ ਛਡ ਵੀਣੀ

ਭਜ ਗਈਆਂ ਮੇਰੀਆਂ ਵੰਗਾਂ,
ਵੇ ਮਿਤ੍ਰਾ ਛਡ ਵੀਣੀ ।

ਕਰ ਇਕਰਾਰ ਨਾ ਜੋਗੀ ਬਹੁੜੇ,
ਸੁੰਦਰਾਂ ਰਾਣੀ ਰਹੀ ਲੈਂਦੀ ਹੋੜੇ,
ਕੂੜੇ ਕੌਲ ਮਲੰਗਾਂ,
ਵੇ ਮਿਤ੍ਰਾ ਛਡ ਵੀਣੀ ।

ਤੈਨੂੰ ਆਪਣੀ ਖ਼ਬਰ ਨਾ ਕੋਈ,
ਕੀ ਜਾਣੇ ਕੌਣ ਜੋ ਸਾਡੇ ਨਾਲ ਹੋਈ,
ਪੀ ਬੈਠੋਂ ਸ਼ਰਾਬੀ ਭੰਗਾਂ,
ਵੇ ਮਿਤ੍ਰਾ ਛਡ ਵੀਣੀ ।

ਛਡ ਨਿਮਾਜ਼ ਕੁਰਾਨ ਪੜ੍ਹੇਂ ਤੂੰ,
ਗਿਦੜਾਂ ਤੋਂ ਡਰ ਕੇ ਸ਼ੇਰਾਂ ਨਾਲ ਲੜੇਂ ਤੂੰ,
ਮੈਂ ਇਹ ਗਲ ਪੁਛਦੀ ਸੰਗਾਂ,
ਵੇ ਮਿਤ੍ਰਾ ਛਡ ਵੀਣੀ ।

ਅਟਕ ਝਨਾਂ ਵਿਚ ਤਰਦੇ ਬੇੜੇ,
ਡਾਢਾ ਖ਼ੌਫ਼ ਪਿਆ ਦਿਲ ਮੇਰੇ,
ਵੇਖ ਰਾਵੀ ਦੀਆਂ ਝੱਗਾਂ,
ਵੇ ਮਿਤ੍ਰਾ ਛਡ ਵੀਣੀ ।

ਇਨਸਾਨ ਹੈਵਾਨ ਇਸ਼ਕ ਗਰਜ਼ੀ ਮਰਦੇ,
ਦੇਖ ਸ਼ਮਾਂ ਨੂੰ ਜਲ ਜਲ ਮਰਦੇ,
ਅਕਲ ਕੀ ਗਰਜ਼ ਪਤੰਗਾਂ,
ਵੇ ਮਿਤ੍ਰਾ ਛਡ ਵੀਣੀ ।

ਹਾਲਾ ਸਕੰਦਰ ਭਰਿਆ ਸਾਰੇ,
ਜਗ ਤੋਂ ਟੁਟ ਗਿਆ ਮੇਰਾ ਹਾਰੇ,
ਦੇ ਮਣਕੇ ਚੁਗ ਤੂੰ, ਮੈਂ ਹਾਸਲ ਤੈਥੋਂ ਮੰਗਾਂ,
ਵੇ ਮਿਤ੍ਰਾ ਛਡ ਵੀਣੀ ।

ਜਮਨਾ ਗੰਗਾ ਤੇ ਹਾਜੀ ਨੁਹਾਵਣ,
ਮੌਲਾਣੇ ਗਊਆਂ ਤੇ ਚੜ੍ਹਦੇ ਪੰਡਤ ਕੱਸਣ ਪਲਾਣ,
ਮੌਲਾ ਸ਼ਾਹ ਖ਼ੁਦਾ ਦੇ ਵੇਖ ਰੰਗਾਂ,
ਵੇ ਮਿਤ੍ਰਾ ਛਡ ਵੀਣੀ ।

4. ਮੈਂਡੇ ਮਾਹੀ ਤੋੜ ਨਾ ਮੈਂਡਾ ਪਿਆਰ ਵੇ

ਮੈਂਡੇ ਮਾਹੀ ਤੋੜ ਨਾ ਮੈਂਡਾ ਪਿਆਰ ਵੇ ।

ਬਲਾ ਕਿਆਮਤ ਤੇਰੇ ਨਾਜ਼ ਤੋਂ ਘੋਲਿਆ,
ਨਾ ਕਰ ਮੇਰੇ ਨਾਲ ਰੋਲ ਤੂੰ ਰੋਲੀਆ,
ਚੀਰੇ ਬੈਠੀ ਨਰਦ ਨਾ ਮਾਰ ਵੇ ।

ਅਰਸ਼ ਖ਼ੁਦਾ ਦੇ ਢਹਿ ਪੈਣ ਮੁਨਾਰੇ,
ਯਾਰੀ ਲਾ ਕੇ ਜਦੋਂ ਰੁਸਦੇ ਪਿਆਰੇ,
ਕਸਮ ਤੇਰੀ ਦਿਲਦਾਰ ਵੇ ।

ਕੌਣ ਚੰਗੀ ਤੈਨੂੰ ਸਾਡੇ ਨਾਲੋਂ ਹੋਰ ਵੇ,
ਕਿਸ ਗਲ ਦਾ ਦਸ ਤੈਨੂੰ ਜ਼ੋਰ ਵੇ,
ਕਾਲੇ ਤਿਲ ਦਾ ਹਾਸਲ ਦੇ ਦੇ ਯਾਰ ਵੇ ।

ਇਸ ਤਰ੍ਹਾਂ ਲੁਟ ਲਿਆ ਤੂੰ ਮੈਨੂੰ ਫੜ ਕੇ,
ਜਿਸ ਤਰ੍ਹਾਂ ਘੋੜਿਆਂ ਤੇ ਤੁਰਕਾਂ ਚੜ੍ਹ ਕੇ,
ਕੀਤੇ ਹਰਨ ਸ਼ਿਕਾਰ ਵੇ ।

ਘੁੰਗਟ ਵਿਹਲੇ ਜ਼ੁਲਫ਼ਾਂ ਨਾਗ ਪਟਾਰੀ,
ਨੈਣ ਸਿਪਾਹੀ ਸਮਰਕੰਦ ਬੁਖ਼ਾਰੀ,
ਤੁਰਕੀ ਅਰਬੀ ਲਬ ਤੇਰੇ ਸਰਦਾਰ ਵੇ ।

ਵਗਦੀ ਆ ਰਾਵੀ ਕੰਢੇ ਸ਼ੂਕਨ ਕੁੱਕੂ ਕਾਨੇ,
ਤੇਰੇ ਕੋਲ ਆਈ ਮੈਂ ਕਰ ਕੇ ਲਖ ਬਹਾਨੇ,
ਕੁੜੀਆਂ ਦਾ ਛਡ ਕੇ ਭੰਡਾਰ ਵੇ ।

ਯਾਰ ਯਾਰਾਂ ਨੂੰ ਲਾਂਵਦੇ ਛਾਤੀ,
ਤੀਰਥ ਜਾਣ ਕੁਸਤੀ ਪਾਪੀ,
ਮੱਕੇ ਜਾਂਦੇ ਗੁਨਾਹਗਾਰ ਵੇ ।

ਮਲ੍ਹਾਰ ਗਾਵੇਂ ਬਰਸੇ ਮੀਂਹ ਹੋਵੇ ਸਬਜ਼ੀ,
ਮੌਲਾ ਸ਼ਾਹ ਵੇਖ ਕੁਦਰਤ ਰੱਬ ਦੀ,
ਦੀਪਕ ਗਾਵੇਂ ਭੜਕੇ ਨਾਰ ਵੇ ।

(ਨਰਦ=ਚੌਪੜ ਦੀ ਗੋਟੀ, ਕੁਸਤੀ=ਝੂਠੇ,
ਸਬਜ਼ੀ=ਹਰਿਆਵਲ, ਨਾਰ=ਅੱਗ)

5. ਦਿਨ ਰਾਤ ਮਿਤਰਾ ਵੇ ਸਾਨੂੰ ਤਾਂਘਾਂ ਤੇਰੀਆਂ

ਦਿਨ ਰਾਤ ਮਿਤਰਾ ਵੇ ਸਾਨੂੰ ਤਾਂਘਾਂ ਤੇਰੀਆਂ ।

ਬਲਿਹਾਰ ਮੈਂ ਬਲਿਹਾਰ ਗਈਆਂ ਲੱਖ ਕਰੋੜਾਂ,
ਜਿਹੜਾ ਆਈਨਾ ਕਲੀ ਮਾਰ ਸੰਗ ਤੇ ਤੋੜਾਂ,
ਚੜ੍ਹ ਅੰਬਰਾਂ ਤੇ ਉਡੀਆਂ ਪਤੰਗਾਂ ਤੇਰੀਆਂ ।

ਮੋਤੀ ਬੇਸਰ ਜਿਉਂ ਤਾਰੇ ਚਮਕਨ ਲਟਕਨ ਵਾਲੀਆਂ,
ਬਾਂਕੇ ਨੈਣ ਮਸਤ ਤੇਰੇ ਦੋਵੇਂ ਜ਼ੁਲਫ਼ਾਂ ਕਾਲੀਆਂ,
ਚੰਦ ਵਾਂਗ ਚੰਦ ਮੁਖੜੇ ਤੇ ਮਾਂਹਗਾਂ ਤੇਰੀਆਂ ।

ਵੇਖ ਕਾਜ਼ੀ ਕਹੇ ਹੁਸਨ ਤੇਰਾ ਅਕਲ ਗਵਾਈ,
ਲਬ ਤੁਰਕਾਂ ਵਾਂਗ ਤੇਰੇ ਕਰਦੇ ਲੜਾਈ,
ਲਗਣ ਆਸ਼ਕਾਂ ਦੇ ਸੀਨੇ ਦੇ ਵਿਚ ਸਾਂਗਾਂ ਤੇਰੀਆਂ ।

ਕਿਤੇ ਤਵਾਇਫ਼ ਲੋਕ ਗੀਤ ਗਾਵਨ ਮੁਜਰੇ ਖਲੋ ਕੇ,
ਕਿਤੇ ਵਜਦ ਸੂਫ਼ੀ ਖੇਲਣ ਯਾਦ ਯਾਰ ਦੀ ਰੋ ਕੇ,
ਕਿਤੇ ਵਿਚ ਮਸੀਤੇ ਮਿਲਦੀਆਂ ਨੀ ਬਾਂਗਾਂ ਤੇਰੀਆਂ ।

ਤੇਰੇ ਸਦਕੇ ਦਿਆਂ ਬਕਰੇ, ਕੈਦੀ ਦਸ ਸੌ ਛੁਡਾਵਾਂ,
ਮੰਨਾਂ ਚੂਰੀ ਬਾਲਾਂ ਦੀਵੇ ਖ਼ਾਜਾ ਖ਼ਿਜਰ ਮਨਾਵਾਂ,
ਮੇਰੇ ਅੰਙਣ ਕਦਮ ਪੈਣ ਜੇ ਉਲਾਂਘਾਂ ਤੇਰੀਆਂ ।

ਭਲਾ ਕੌਣ ਕੋਈ ਤੇਰੇ ਨਾਲ ਯਾਰੀ ਲਾਵੇ,
ਤੂੰ ਬੇਅੰਤ ਹੈਂ ਮਿਤਰਾ ਤੇਰਾ ਕੋਈ ਅੰਤ ਨਾ ਆਵੇ,
ਤੂੰ ਹੈਂ ਮੌਜ ਬਹਿਰੇ ਆਬ ਚੜ੍ਹਨ ਕਾਂਗਾਂ ਤੇਰੀਆਂ ।

ਮੌਲਾ ਸ਼ਾਹ ਸਾਈਂ ਮੁਦਾ ਸ਼ਾਇਕਾਂ ਦੀ ਦਿਲਾ ਤੂੰ,
ਅਦਮ ਮੁਤਲਕ ਇਜ਼ਾਫ਼ੀ ਦੀ ਨਾ ਪਾ ਬਾਤ ਬਜਾ ਤੂੰ,
ਪਈਆਂ ਧਰਤੀ ਤੇ ਅਗਾਸ ਤੇ ਧਾਂਗਾਂ ਤੇਰੀਆਂ ।

(ਆਈਨਾ=ਸ਼ੀਸ਼ਾ, ਸੰਗ=ਪੱਥਰ, ਮਾਂਹਗਾਂ=ਮਾਂਗ,ਚੀਰਨੀ,
ਸਾਂਗਾਂ=ਤਲਵਾਰਾਂ, ਤਵਾਇਫ਼=ਨਾਚੀ, ਵਜਦ=ਮਸਤੀ,
ਖੁਮਾਰੀ, ਮੌਜ ਬਹਿਰੇ ਆਬ=ਸਮੁੰਦਰੀ ਪਾਣੀ ਦੀ ਲਹਿਰ,
ਕਾਂਗਾਂ=ਹੜ੍ਹ, ਸ਼ਾਇਕ=ਚਾਹਵਾਨ,ਸ਼ੁਕੀਨ, ਅਦਮ ਮੁਤਲਕ
ਇਜ਼ਾਫ਼ੀ=ਰੱਬ ਦੀ ਹੋਂਦ ਜਾਂ ਅਣਹੋਂਦ ਸੰਬੰਧੀ, ਧਾਂਗਾਂ=ਧਾਂਕਾਂ)

6. ਤੇਰੇ ਨਿਤ ਦੇ ਨਿਹੋਰੇ ਚੰਗੇ ਨਾ ਵੇ ਲਗਦੇ

ਤੇਰੇ ਨਿਤ ਦੇ ਨਿਹੋਰੇ ਚੰਗੇ ਨਾ ਵੇ ਲਗਦੇ ।

ਤੇਰੀ ਮੇਰੀ ਵੇਖ ਮੁਹੱਬਤ ਦੁਨੀਆਂ ਕਲ ਦੀ,
ਤੇਰੀ ਖ਼ਾਤਰ ਪਿਆਰਿਆ ਮੈਂ ਸਿਰ ਤੇ ਝਲਦੀ,
ਲੱਖਾਂ ਕਰੋੜਾਂ ਤਾਹਨੇ ਮਾਰੇ ਜਗ ਦੇ ।

ਕਿੱਕਰ ਸੂਲਾਂ ਉਗੀਆਂ ਜਿਥੇ ਦਾਬ ਗੁਲਾਬ ਬੀਜਾਈ,
ਵਾਰ ਘੜੀ ਉਹ ਕਿਹੜੀ ਸਾਇਤ, ਜਦ ਮੈਂ ਯਾਰੀ ਲਾਈ,
ਭੁਲ ਭੁਲੇਖੇ ਤੇਰੇ ਨਾਲ ਠਗ ਦੇ ।

ਅਪਨੀ ਪ੍ਰੀਤ ਮੁਹੱਬਤ ਗੱਲਾਂ ਗ਼ੈਰ ਕਿਸੇ ਨਾ ਦਸੀਏ,
ਜਦ ਮਿਲੀਏ ਆਪੇ ਰੋਈਏ ਆਪੇ ਹਸੀਏ,
ਦੂਤੀ ਨਾ ਬੇਲੀ ਸਾਡੇ ਲਗਣ ਪਗ ਵੇ ।

ਅਧੀ ਰਾਤ ਅੰਧੇਰੇ ਤਾਰੇ ਲਿਸ਼ਕਣ ਗਿਟੀਆਂ,
ਛੋਪ ਰਲਾ ਕੇ ਕੱਤਣ ਗਾਵਣ ਕੰਵਾਰੀਆਂ ਜੱਟੀਆਂ,
ਚਰਖੇ ਰੰਗੀਲ ਵਹਿਨ ਘੂਕ ਵਗਦੇ ।

ਚੀਫ਼ ਕੋਰਟ ਵਿਚ ਹਾਜ਼ਰ ਰਈਅਤ, ਬੈਠੀ ਲਾ ਕੇ ਤਾਂਘਾਂ,
ਮੋਮਨ ਹਾਜ਼ਰ ਮਸਜਦ ਹੋਂਦੇ, ਜਦ ਮਿਲ ਜਾਂਦੀਆਂ ਬਾਂਗਾਂ,
ਵਜਨ ਤੁਰੀਆਂ ਹਿੰਦੂ ਹਾਜ਼ਰ ਤਬਲੇ ਨਾਲ ਆਵਾਜ਼ ਧਰੱਗਦੇ ।

ਮੌਲਾ ਸ਼ਾਹ ਮਹਿਬੂਬ ਦੀ ਜ਼ੁਲਫ਼ ਦੇ ਇਕ ਇਕ ਵਾਲ ਥੋਂ,
ਖ਼ਾਕੀ ਨੂਰੀ ਪਦਮ ਕਰੋੜਾਂ ਕੁਰਬਾਨ ਸਿਆਹ ਖ਼ਾਲ ਥੋਂ,
ਸ਼ਮਸੀ ਰੋਸ਼ਨ ਜ਼ੱਰੇ ਜਿਹੜੇ ਵਿਚ ਮਘਦੇ ।

(ਧਰੱਗਦੇ=ਵੱਜਦੇ, ਸ਼ਮਸ=ਸੂਰਜ)

7. ਵੇ ਸਿਪਾਹੀਆ ਜਮੂਏ ਦੀ ਚਾਕਰੀ

ਵੇ ਤੂੰ ਜਾ ਨਾ
ਵੇ ਸਿਪਾਹੀਆ ਜਮੂਏ ਦੀ ਚਾਕਰੀ ।

ਬਰਫ਼ਾਂ ਪੈਂਦੀਆਂ ਪਰਬਤ ਧਾਰਾਂ ਬੀਬਾ,
ਕੋਈ ਨਾ ਪੁਛਦਾ ਪ੍ਰਦੇਸ ਵਿਚ ਸਾਰਾਂ ਵੇ ।
ਹਾੜੇ ਘੱਤਾਂ ਮੈਂ ਮੁੜ ਘਰ ਆ ਜਾ
ਵੇ ਸਿਪਾਹੀਆ ਜਮੂਏ ਦੀ ਚਾਕਰੀ ।

ਤੇਰੀ ਚਾਕਰੀ ਨੂੰ ਅੱਗ ਲਾਵਾਂ ਬੀਬਾ,
ਤੂੰ ਪ੍ਰਦੇਸ ਮੈਂ ਕਾਗ ਉਡਾਵਾਂ ਵੇ ।
ਵਸ ਸੱਸ ਨਨਦ ਨਾ ਪਾ ਜਾ
ਵੇ ਸਿਪਾਹੀਆ ਜਮੂਏ ਦੀ ਚਾਕਰੀ ।

ਫ਼ਾਲ ਪੰਡਤ ਨਜੂਮੀ ਕੋਲੋਂ ਪੁਛ ਬੀਬਾ,
ਨਵੇਂ ਸੂਰਜ ਨਾ ਸਾਡੇ ਨਾਲ ਰੁਸ ਵੇ ।
ਸ਼ੁਭ ਵਾਰ ਮਹੂਰਤ ਮਨਾ ਕੇ
ਵੇ ਸਿਪਾਹੀਆ ਜਮੂਏ ਦੀ ਚਾਕਰੀ ।

ਕੂਲਾਂ ਚੋਇਆਂ ਦੇ ਪਾਣੀ ਗੋਲੀ ਮਾਰ ਵੱਗਣ,
ਆਫ਼ਤਾਬ ਮਹਿਤਾਬ ਕਿਸਦੇ ਯਾਰ ਲਗਣ,
ਨੁਕਤਾ ਗੈਨ ਕਰ ਉਜਲਾ ਨਾ ਮਿਟਾ ਜਾ
ਵੇ ਸਿਪਾਹੀਆ ਜਮੂਏ ਦੀ ਚਾਕਰੀ ।

ਮੌਲਾ ਸ਼ਾਹ ਨਾ ਦੁਨੀਆਂ ਜਾਣ ਬੀਬਾ,
ਦੇਸ਼ ਆਪਣੇ ਖ਼ੁਸ਼ੀਆਂ ਮਾਣ ਵੇ ।
ਸਾਨੂੰ ਵੰਗਾਂ ਤੇ ਹੋਰ ਚੜ੍ਹਾ ਜਾ
ਵੇ ਸਿਪਾਹੀਆ ਜਮੂਏ ਦੀ ਚਾਕਰੀ ।

(ਫ਼ਾਲ=ਰਮਲ ਦਾ ਲਗਨ, ਆਫ਼ਤਾਬ=
ਸੂਰਜ, ਮਹਿਤਾਬ=ਚੰਨ)

8. ਤੈਨੂੰ ਡਰ ਕਾਹਦਾ ਖੜੀ ਨਜ਼ਾਰੇ ਮਾਰ

ਤੈਨੂੰ ਡਰ ਕਾਹਦਾ ਖੜੀ ਨਜ਼ਾਰੇ ਮਾਰ ।

ਖ਼ੌਫ਼ ਖ਼ਤਰ ਸਭ ਦੂਰ ਹਟਾਵੀਂ,
ਲੇਖਾ ਪੱਤਾ ਪਾੜ ਗਵਾਵੀਂ,
ਨੰਗ ਨਾਮੂਸ ਉਤਾਰ ।

ਹਾਦੀ ਤੈਨੂੰ ਬਾਂਗ ਸੁਣਾਈ,
ਜਿਸ ਵਿਚ ਦੂਜਾ ਹਰਫ਼ ਨਾ ਕਾਈ,
ਤੂੰ ਆਪ ਰਹੀਮ ਕਹਾਰ ।

ਜਪ ਨੂੰ ਛੋੜਾ ਜਪ ਵਿਚ ਰਹਿਣਾ,
ਹੱਦ ਨੂੰ ਤਿਆਗ ਅਨਹੱਦ ਵਿਚ ਬਹਿਣਾ,
ਇਹ ਸਮਝੀਂ ਅਸਰਾਰ ।

ਖ਼ੌਫ਼ ਜਿਦ੍ਹਾ ਤੈਨੂੰ ਹਰਦਮ ਪੈਂਦਾ,
ਉਹ ਪਿਆਰਾ ਤੇਰੇ ਘਰ ਵਿਚ ਰਹਿੰਦਾ,
ਮੌਲਾ ਸ਼ਾਹ ਲੈ ਗੁਰ ਥੋਂ ਸਾਰ ।

(ਨੰਗ ਨਾਮੂਸ=ਮਾਣ,ਇੱਜ਼ਤ, ਅਸਰਾਰ=
ਭੇਦ)

9. ਉਹ ਚਾਕ ਸਿਆਲਾਂ ਵਾਲਾ

ਜੋਗੀ ਭੇਸ ਵਟਾ ਕੇ ਆਇਆ, ਉਹ ਚਾਕ ਸਿਆਲਾਂ ਵਾਲਾ ।
ਲਾਈ ਭਸਮ ਪਿੰਡੇ ਮੂੰਹ ਕਾਲਾ, ਉਹ ਚਾਕ ਸਿਆਲਾਂ ਵਾਲਾ ।

ਕਿਥੋਂ ਤਾਜੇ ਕੰਨ ਪੜਵਾ ਕੇ, ਤਿਲਕ ਲਾਮ ਅਲਫ਼ ਮੱਥੇ ਲਾ ਕੇ ।
ਉਬਦ ਆ ਦਾ ਘੁੰਗਟ ਪਾ ਕੇ, ਅਸਲੇ ਅਪਣੇ ਨੂੰ ਆਪ ਛਿਪਾ ਕੇ ।
ਖ਼ਾਤਰ ਹੀਰ ਜੱਟੀ ਫੜ ਚਾਲਾ, ਉਹ ਚਾਕ ਸਿਆਲਾਂ ਵਾਲਾ ।

ਆਇਆ ਖੇੜੀਂ ਕਰ ਕੇ ਓਹਲਾ, ਮਾਹੀ ਹੀਰ ਸਿਆਲ ਦਾ ਗੋਲਾ ।
ਉਹਨੂੰ ਇਸ਼ਕ ਪਿਆਰ ਸਤਾਇਆ, ਬਣ ਕਾਫ਼ਰ ਰੂਪ ਵਟਾਇਆ ।
ਨਿਹੁੰ ਲਾਵਣ ਨੈਣ ਸੁਖਾਲਾ, ਉਹ ਚਾਕ ਸਿਆਲਾਂ ਵਾਲਾ ।

ਵੇਖ ਖ਼ਲਕ ਤੁਅੱਜਬ ਹੋਈ, ਜੋਗੀ ਯਾਰ ਨਾ ਦੂਸਰਾ ਕੋਈ ।
ਇਹਦਾ ਕੋਈ ਨਾ ਮਜ੍ਹਬ ਦੀਨ, ਬਿਨ ਨੁਕਤੇ ਦੇ ਨਵੇਂ ਸੀਨ ।
ਚੰਦ ਸੂਰਜ ਫ਼ਰਕ ਨਿਰਾਲਾ, ਉਹ ਚਾਕ ਸਿਆਲਾਂ ਵਾਲਾ ।

ਦਿਨੇ ਚਾਨਣ ਰਾਤ ਅੰਧੇਰਾ, ਦਿੱਸੇ ਹੱਥ ਨਾ ਤੇਰਾ ਮੇਰਾ ।
ਤਰੈ ਹੀ ਲੋਕੀ ਮੱਥਾ ਟੇਕਣ, ਸ਼ਾਨ ਹੁਸਨ ਸੂਰਤ ਵਲ ਵੇਖਣ ।
ਸਿਰ ਛਤਰ ਸੇਲੀ ਗਲ ਮਾਲਾ, ਉਹ ਚਾਕ ਸਿਆਲਾਂ ਵਾਲਾ ।

ਜੋਗੀ ਬਣਿਆ ਛਡ ਚੌਧਰਾਈ, ਕੰਨ ਮੁੰਦਰਾਂ ਰਾਖ ਮੂੰਹ ਲਾਈ ।
ਵਿਚੋਂ ਰਾਂਝਾ ਯਾਰ ਜੱਟੀ ਦਾ, ਆਸ਼ਕ ਜ਼ੁਲਫ਼ ਸਿਆਹ ਪੱਟੀ ਦਾ ।
ਕਿਸ ਅਕਸ ਆਬ ਚੰਦ ਡਾਲਾ, ਉਹ ਚਾਕ ਸਿਆਲਾਂ ਵਾਲਾ ।

ਮੰਗੂ ਬੇਲੇ ਚੌਣੇ ਚਾਰੇ, ਹੋਈਆਂ ਖ਼ਬਰਾਂ ਜਗ ਵਿਚ ਸਾਰੇ ।
ਵਿਆਹੀ ਹੀਰ ਕੋਈ ਪੇਸ਼ ਨਾ ਚੱਲੀ, ਝੁੱਗੀ ਨਾਥ ਕਿਸੇ ਜਾ ਮੱਲੀ ।
ਕੌਲ ਯਾਰ ਨੇ ਯਾਰ ਦਾ ਪਾਲਾ, ਉਹ ਚਾਕ ਸਿਆਲਾਂ ਵਾਲਾ ।

ਬਹਿਰ ਇਸ਼ਕ ਜਿਧਰ ਨੂੰ ਚੜ੍ਹਦਾ, ਪਿੰਡ ਵੱਸੋਂ ਚੌੜ ਢਾਹ ਕਰਦਾ ।
ਮੌਲਾ ਸ਼ਾਹ ਬੀ ਨੁਕਤਾ ਪੈਂਦਾ, ਸੂਰਤ ਵਿਚ ਰਲਾ ਨਾ ਰਹਿੰਦਾ ।
ਵੇਲੇ ਵਕਤ ਦਾ ਮੰਗਲ ਗਾ ਲਾ, ਉਹ ਚਾਕ ਸਿਆਲਾਂ ਵਾਲਾ ।

(ਤੁਅੱਜਬ=ਹੈਰਾਨ, ਆਬ=ਪਾਣੀ, ਬਹਿਰ=ਸਮੁੰਦਰ)

10. ਸਾਨੂੰ ਭੌਰਿਆਂ ਵਾਲਿਆ ਦਰਸ ਦਿਖਾਵੀਂ

ਸਾਨੂੰ ਭੌਰਿਆਂ ਵਾਲਿਆ ਦਰਸ ਦਿਖਾਵੀਂ ।
ਦਰਸ ਦਿਖਾਵੀਂ ਸਾਨੂੰ ਕਾਲੇ ਕੰਬਲ ਵਾਲਿਆ, ਦਰਸ ਦਿਖਾਵੀਂ ।

ਪਹਿਲਾਂ ਦਰਸ ਦਿਖਾ ਕੇ ਪਿਆਰੇ, ਤੀਰ ਵਿਛੋੜੇ ਦੇ ਕਿਉਂ ਮਾਰੇ ।
ਸਾਨੂੰ ਹੋਇਓਂ ਛੋੜ ਕਿਨਾਰੇ, ਮੈਂ ਜੰਗਲ ਬੇਲਾ ਭਾਲਿਆ, ਦਰਸ ਦਿਖਾਵੀਂ ।

ਬੋਲ ਅਲਸਤ ਬੋਲੀ ਮਿੱਠੀ, ਦਰਦ ਗ਼ਮਾਂ ਦੀ ਦੇ ਹੱਥ ਚਿੱਠੀ ।
ਇਹ ਅਦਾ ਮੈਂ ਤੇਰੀ ਡਿੱਠੀ, ਮੁਖੜਾ ਤੂੰ ਛੁਪਾ ਲਿਆ, ਦਰਸ ਦਿਖਾਵੀਂ ।

ਤੂੰ ਹਾਕਮ ਮੈਂ ਰਈਅਤ ਤੇਰੀ, ਨਾਮ ਅੱਲਾ ਦੇ ਪਾਵੀਂ ਫੇਰੀ ।
ਲਾ ਸੀਨੇ ਜਿੰਦ ਤਰਸੇ ਮੇਰੀ, ਰਾਹਤ ਦੇ ਰਖਵਾਲਿਆ, ਦਰਸ ਦਿਖਾਵੀਂ ।

ਅਲ ਇਨਸਾਨ ਹੈ ਰਮਜ਼ ਨਿਰਾਲੀ, ਜ਼ਾਤ ਸਫ਼ਾਤੋਂ ਰੁਤਬਾ ਆਲੀ ।
ਤਾਜ ਲੌਲਾਕੀ ਕੰਬਲੀ ਕਾਲੀ, ਸ਼ਹਿਰ ਮਦੀਨੇ ਵਾਲਿਆ, ਦਰਸ ਦਿਖਾਵੀਂ ।

ਜਿਸ ਦੀ ਤਾਲਬ ਕੁਲ ਲੌਕਾਈ, ਤੇਰਾ ਤਾਲਬ ਖ਼ਾਸ ਇਲਾਹੀ ।
ਜ਼ਾਤ ਮੁਕੱਦਸ ਭੇਜ ਸਿਪਾਹੀ, ਤੈਨੂੰ ਪਾਸ ਬੁਲਾ ਲਿਆ, ਦਰਸ ਦਿਖਾਵੀਂ ।

ਲਨਤਰਾਨੀ ਕਹਿ ਕੇ ਦੱਸਿਆ, ਭੇਦ ਛੁਪਾਇਆ ਮੂਲ ਨਾ ਦੱਸਿਆ ।
ਔਗੁਣ ਦੇਖ ਅਸਾਡੇ ਨਸਿਆ, ਸਦਾ ਦੇ ਮਤਵਾਲਿਆ, ਦਰਸ ਦਿਖਾਵੀਂ ।

ਅਹਦ ਮੁਹੰਮਦ ਇਕ ਕਰ ਜਾਤਾ, ਜ਼ਾਹਰ ਬਾਤਨ ਖ਼ੂਬ ਪਛਾਤਾ ।
ਮੌਲਾ ਸ਼ਾਹ ਨਾਲ ਕਰ ਕੇ ਨਾਤਾ, ਅਬਦਾ ਘੁੰਗਟ ਪਾ ਲਿਆ, ਦਰਸ ਦਿਖਾਵੀਂ ।

(ਜ਼ਾਤ ਸਫ਼ਾਤੋਂ=ਨਿੱਜੀ ਖ਼ੂਬੀਆਂ,ਗੁਣ-ਔਗੁਣ, ਰੁਤਬਾ ਆਲੀ=ਉੱਚੀ ਪਦਵੀ,
ਲੌਲਾਕੀ=ਹਜ਼ਰਤ ਮੁਹੰਮਦ, ਮੁਹੰਮਦ ਸਾਹਿਬ ਦੇ ਪੈਰੋਕਾਰ, ਤਾਲਬ=ਚਾਹਵਾਨ,
ਮੁਕੱਦਸ=ਪੂਜਨੀਕ,ਮਾਣ-ਯੋਗ)

11. ਮੋੜ ਲੈ ਮੁਹਾਰਾਂ ਸਾਡੇ ਵਲ ਵੇ

ਅਸਵਾਰਾ ਨੀਲੀ ਵਾਲਿਆ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ ।

ਨਾ ਮੈਂ ਕਮੀਨੀ ਨਾ ਤੂੰ ਜੱਟ ਵੇ,
ਦੱਸ ਕਿਉਂ ਵਲ ਪਾ ਲਿਆ ਵੱਟ ਵੇ,
ਜਿਸ ਤੋਂ ਰੁਸ ਪਿਉਂ ਉਹ ਕਿਹੜੀ ਗੱਲ ਵੇ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ ।

ਪਾ ਕੇ ਯਾਰੀ ਕਰ ਗਿਓਂ ਠੱਗੀਆਂ,
ਭੁੱਲ ਗਈਆਂ ਨੇ ਮਸੀਤੀਂ ਲੱਗੀਆਂ,
ਹੁਣ ਬੈਠੋਂ ਰਾਹ ਵੀ ਮੱਲ ਵੇ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ ।

ਬਰਾਹਮਨ ਕਾਸਿਦ ਹਾਂ ਘਲਦੀ,
ਖ਼ਬਰ ਕੀ ਕਿਸਨੂੰ ਪਰਸੋਂ ਕਲ ਦੀ,
ਕੋਈ ਖ਼ਤ ਜਾਂ ਸੰਦੇਸਾ ਘੱਲ ਵੇ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ ।

ਮੌਲਾ ਸ਼ਾਹ ਦੇ ਭਰ ਦੇ ਹਾਲੇ,
ਦੁਨੀਆਂ ਉਕਬਾ ਵਕਤ ਸੁਖਾਲੇ,
ਪਾ ਯਾਰੀ ਨਾ ਕਰ ਵਲ ਛਲ ਵੇ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ ।

ਅਸਵਾਰਾ ਨੀਲੀ ਵਾਲਿਆ,
ਮੋੜ ਲੈ ਮੁਹਾਰਾਂ ਸਾਡੇ ਵਲ ਵੇ ।

12. ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ

ਵੱਸ ਝੰਗ ਸਿਆਲੀਂ ਯਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ ।

ਮੰਗੂ ਬਾਬਲ ਦਾ ਚਾਰ ਲਿਆਵੀਂ,
ਦੁਨੀਆਂ ਭਾਣੇ ਚਾਕ ਸਦਾਵੀਂ,
ਮੇਰਾ ਵੇ ਤੂੰ ਸਰਦਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ ।

ਹੀਰ ਜੱਟੀ ਨਾਲ ਯਾਰੀ ਲਾ ਕੇ,
ਈਸਾ ਵਾਂਗਰ ਮੁਰਦੇ ਜਗਾ ਕੇ,
ਨਾ ਚਾੜ੍ਹ ਫਾਂਸੀ ਦਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ ।

ਆਨਾ ਆਨਾ ਅੰਤਾ ਅੰਤਾ,
ਨੇਹੁੰ ਪਿਆਰ ਕਰਾਏ ਮਨਤਾ,
ਮੈਂ ਜੱਟੀ ਤੂੰ ਜੱਟ ਗਵਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ ।

ਨੇਹੁੰ ਤੇਰਾ ਤੁਰਕ ਫ਼ਰੰਗੀ,
ਮੌਲਾ ਸ਼ਾਹ ਬ੍ਰਾਹਮਣ ਭੰਗੀ,
ਯਾਰੀ ਤੋੜ ਨਾ ਹੋ ਗੁਨਾਹਗਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ ।

ਵੱਸ ਝੰਗ ਸਿਆਲੀਂ ਯਾਰ,
ਤਖ਼ਤ ਹਜ਼ਾਰੇ ਨਾ ਜਾ ਰੁੱਸ ਕੇ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸਾਈਂ ਮੌਲਾ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ