Punjabi Poetry/Kafian : Sayyed Shah Murad

ਪੰਜਾਬੀ ਕਾਫ਼ੀਆਂ/ਕਵਿਤਾਵਾਂ : ਸੱਯਦ ਸ਼ਾਹ ਮੁਰਾਦ

1. ਲਗਾ ਨੇਹੁ ਰਹਿਆ ਹੁਣ ਮੈਂ ਥੀਂ

ਲਗਾ ਨੇਹੁ ਰਹਿਆ ਹੁਣ ਮੈਂ ਥੀਂ,
ਸੁਰਮਾ ਮਉਲੀ ਮਹਿੰਦੀ ।੧।ਰਹਾਉ।

ਸਈਆਂ ਦੇਖ ਦਿਵਾਨੀ ਆਖਣ,
ਕੋਲ ਨ ਕਾਈ ਬਹਿੰਦੀ ।੧।

ਲਖ ਬਦੀਆਂ ਤੇ ਸਉ ਤਾਨੇ,
ਸੁਣ ਸੁਣ ਸਿਰ ਤੇ ਸਹਿੰਦੀ ।੨।

ਸ਼ਾਹ ਮੁਰਾਦ ਨੇਹੁ ਆਪੇ ਲਾਇਆ,
ਕੀਤਾ ਅਪਨਾ ਲਹਿੰਦੀ ।੩।
(ਰਾਗ ਦੇਵ ਗੰਧਾਰੀ)

2. ਨੇਹੁੜਾ ਦਿਹਾੜਾ ਮਹੀਆਂ

ਨੇਹੁੜਾ ਦਿਹਾੜਾ ਮਹੀਆਂ,
ਅਗੈ ਭੀ ਕੇ ਲਾਇਆ ਕਹੀਆਂ,
ਕਾਹਿਲ ਕਿਉਂ ਕੀਤੀ ਸਈਆਂ
ਹੋਇਆ ਕਿਆ ਜਲੀਖਾਂ ਨੂੰ ।੧।ਰਹਾਉ।

ਬੂਬਨਾ ਅਤੇ ਜਲਾਲੁ
ਸੋਹਨੀ ਅਤੇ ਮਹੀਵਾਲ,
ਹੀਰੇ ਨਾਲਿ ਰਾਂਝਨ ਪਿਆਰੁ,
ਹਿਤ ਪਿਆਰ ਪੂਰਾ ਆਹਾ,
ਸਸੀ ਨਾਲਿ ਪੁੰਨੂੰ ਨੂੰ ।੧।

ਮੱਛੀ ਨਾਲਿ ਪਾਣੀ ਪਿਆਰੁ,
ਦੀਵੇ ਦਾ ਪਤੰਗ ਯਾਰ,
ਫੂਲੋਂ ਉਪਰਿ ਭਉਰ ਵਾਰ,
ਹਿਤ ਪਿਆਰੁ ਪੂਰਾ ਆਹਾ,
ਲੈਲਾਂ ਨਾਲਿ ਮਜਨੂੰ ਨੂੰ ।੨।

ਆਖੇ ਹੁਣਿ ਮੁਰਾਦ ਸਾਹੁ,
ਅਗੇ ਭੀ ਤੇ ਏਹੋ ਰਾਹੁ,
ਨੇਹੁੜਾ ਚਰੋਕਾ ਲੋਕਾ,
ਖੋਲੋ ਦੇਖਿ ਕਿਤਾਬਾਂ ਨੂੰ ।੩।
(ਰਾਗ ਜੈਜਾਵੰਤੀ)

3. ਅਉਗੁਣਆਰੀ ਨੂੰ ਕੋਇ ਗੁਣ ਨਾਹੀ

ਅਉਗੁਣਆਰੀ ਨੂੰ ਕੋਇ ਗੁਣ ਨਾਹੀ,
ਕੀ ਅਰਜ ਕਰਾਂ ਦੀਦਾਰ ਦੀ ।੧।ਰਹਾਉ।

ਪਲਕ ਬਹਾਰੀ ਝਾੜੂ ਦੇਵੈ,
ਚੂਹੜੀ ਹਾਂ ਦਰਬਾਰ ਦੀ ।੧।

ਆਪ ਘੋਲੀ ਸਭ ਪਾਰਾ ਘੋਲੀ,
ਸਿਰ ਘਰਿ ਤੈਥੋਂ ਵਾਰਦੀ ।੨।

ਸ਼ਾਹ ਮੁਰਾਦ ਜੇ ਇਕ ਝਾਤੀ ਪਾਏਂ,
ਜਾਨ ਸ਼ਰੀਨੀ ਤਾਰਦੀ ।੩।
(ਰਾਗ ਰਾਮਕਲੀ)

(ਪਾਰਾ=ਪਰਿਵਾਰ)

4. ਨਉ ਰੰਗ ਜੋਬਨ, ਨਈ ਬਹਾਰ

ਨਉ ਰੰਗ ਜੋਬਨ, ਨਈ ਬਹਾਰ,
ਬਿਨ ਪ੍ਰੀਤਮ ਹੋਤ ਛਾਰ ।੧।ਰਹਾਉ।

ਉਡ ਰੇ ਭਉਰੇ ਜਾਇੰ ਬਿਦੇਸ,
ਮੇਰੇ ਪੀਆ ਕੋ ਕਹੀਅਉ ਸਤ ਸੰਦੇਸ ।
ਮੋਕਉ ਬਿਰਹੁ ਸਤਾਵੈ ਬਾਰ ਬਾਰ,
ਮੋਹਿ ਨਿਮਾਣੀ ਕੀ ਕਰਹੁ ਸਾਰੁ ।੧।

ਇਕ ਤੋ ਜਾਰੀ ਰੁਤਿ ਬਸੰਤੁ,
ਦੂਜੇ ਜਾਰੀ ਬਿਨ ਆਪਨੇ ਕੰਤੁ ।
ਤੀਜੈ ਕੋਇਲ ਬੋਲੈ ਅੰਬ ਡਾਰ,
ਚਉਥੈ ਪਾਪੀ ਪਪੀਹਰਾ ਪੀਆ ਪੀਆ ਕਰੈ ਪੁਕਾਰ ।੨।

ਮੁਰਾਦ ਪੁਕਾਰੇ ਪੀਉ ਪੀਉ,
ਜਿਨ ਡਿਠਿਆਂ ਠਰੇ ਮੇਰਾ ਜੀਉ ।
ਮੇਰੀਆਂ ਰਗਾਂ ਪੁਕਾਰਨ ਤਾਰ ਤਾਰ,
ਮੇਰਾ ਹੀਅਰਾ ਪੁਕਾਰੇ ਯਾਰ ਯਾਰ ।੩।
(ਰਾਗ ਬਸੰਤੁ)

(ਛਾਰ=ਸੁਆਹ,ਖ਼ਾਕ, ਜਾਰੀ=ਫੂਕੀ)

5. ਜਾਗਣ ਚੰਗਾ ਤੇ ਨੀਂਦਰ ਮੰਦੀ

ਜਾਗਣ ਚੰਗਾ ਤੇ ਨੀਂਦਰ ਮੰਦੀ,
ਨੀਂਦਰ ਯੂਸਫ਼ ਨੂੰ ਖੂਹ ਸੁਟਾਇਆ ।
ਨੀਂਦਰ ਮਾਰ ਜ਼ੁਲੈਖ਼ਾ ਕਮਲੀ ਕੀਤੀ,
ਜਿਸ ਸੱਸੀ ਨੂੰ ਥਲੀਂ ਰੁਲਾਇਆ ।
ਨੀਂਦਰ ਜੇਡ ਵੈਰੀ ਨਾ ਕਾਈ,
ਜਿਸ ਮਿਰਜ਼ਾ ਖੜ ਕੁਹਾਇਆ ।
ਸ਼ਾਹ ਮੁਰਾਦ ਆਸ਼ਕ ਕਿਉਂਕਰ ਸੌਂਦੇ,
ਜਿਨ੍ਹਾਂ ਨਿਹੁੰ ਹਾਦੀ ਵਲ ਲਾਇਆ ।

6. ਪਿਆਰੇ ਬਿਨ ਸਈਓ ਨੀ

ਪਿਆਰੇ ਬਿਨ ਸਈਓ ਨੀ !
ਮੈਂਢੀ ਦਿਲ ਨਹੀਉਂ ਰਹਿੰਦੀ ਰੱਖੀ,
ਆਜਿਜ਼ੀ ਕਰ ਥੱਕੀ ।
ਉਠਣ ਬਹਿਣ ਅਰਾਮ ਨਾ ਆਵੇ,
ਨੀਂਦਰ ਨਾ ਪੈਂਦੀ ਅੱਖੀ ।
ਬਾਝ ਪਿਆਰੇ ਮੇਰਾ ਹੋਰ ਨਾ ਕੋਈ ਦਾਰੂ,
ਕਿਤ ਵਲ ਜਾਵਾਂ ਤੱਤੀ ।
ਕਿਤਨੇ ਮੈਂ ਲਾ ਦਲਾਸੇ ਰਹੀਆਂ,
ਮੈਂਢੀ ਦਿਲਬਰ ਧਿਰ ਲਗਦੀ ਨਾ ਰਤੀ ।
ਸ਼ਾਹ ਮੁਰਾਦ ਘਰ ਆਵੇ ਪਿਆਰਾ,
ਦਿਲ ਸਦਕੇ ਕਰ ਕਰ ਘੱਤੀ ।

7. ਮਨ ਅੱਤਾਰ ਸੱਤਾਰ ਕਹਾਇਆ

ਮਨ ਅੱਤਾਰ ਸੱਤਾਰ ਕਹਾਇਆ, ਵਾਹਦਤ ਅੰਦਰ ਵੜਿਆ ।
ਸ਼ਾਹ ਮੁਰਾਦ ਹਿਕ ਲਫ਼ਜ਼ ਜੋਹਾਂ, ਮਨਸੂਰ ਕਿਉਂ ਸੂਲੀ ਚੜ੍ਹਿਆ ।

ਹਰ ਹੋਵਾਂ ਤਾਂ ਹਰ ਕੋਈ ਪਕੜੇ, ਕਿਉਂ ਅਲਾ ਆਪ ਕਹਾਇਆ ।
ਮੈਂ ਤੂੰ ਆਖਿਆਂ ਸਾਹਿਬ ਮਾਰੇ, ਬਨ ਮੈਂ ਕੰਤ ਕਹਾਇਆ ।
ਸ਼ਾਹ ਮੁਰਾਦ ਹੈਰਾਨੀ ਅੰਦਰ, ਕਿਸੇ ਸਾਧੂ ਪੀਰ ਕੈ ਪਾਇਆ ।

ਘਰ ਵਿਚ ਪੁੰਨ ਚੰਗੇਰਾ, ਕਿਆ ਮੱਕਾ ਕਿਆ ਤੀਰਥ ਗੰਗਾ ।
ਯਾਰ ਰਿਹਾ ਕੁਝ ਪਾਰ ਸਾਈਂ ਦੇ, ਯਾ ਭੁੱਖਾ ਨੰਗਾ ।
ਯਾ ਮਸਹਫ਼ ਯਾ ਵੇਦ ਮਨੀਵੇ, ਹੁਕਮ ਕਿਹਾ ਦੋਰੰਗਾ ।
ਮੋਮਨ ਸ਼ਾਹ ਮੁਰਾਦ ਭਲਾ, ਯਾ ਹਿੰਦੂ ਕੋਈ ਚੰਗਾ ।

ਨੇਕੀ ਬਦੀ ਅਸਾਂ ਤੇ ਲਾਈ, ਕਿਸ ਤੇ ਹੁਕਮ ਚਲਾਈਏ ।
ਸ਼ਾਹ ਮੁਰਾਦ ਹੁਕਮ ਦੋਰੰਗੀ, ਕਿਸ ਤੇ ਅਮਲ ਕਰਾਈਏ ।

ਸੁਰਗੇ ਨਰਕੇ ਦਾਖ਼ਲ ਹੋਸੀ, ਇਹ ਚੰਗਾ ਉਸ ਰਾਹ ।
ਸ਼ਾਹ ਮੁਰਾਦ ਕਰਨੀ ਭਰਨੀ ਆਪੋ ਅਪਣੀ, ਰੱਬ ਥੀਂ ਸਮਝਾ ।

ਹਿਕਨਾ ਦਾ ਮੁੱਲ ਲਾਲ ਜਵਾਹਰ, ਹਿਕਨਾ ਮੁੱਲ ਪਚੀਜ਼ ਕਰੇ ।
ਰੱਬ ਸਾਹਿਬ ਘਮਢੋਲ ਮਚਾਯਾ, ਸ਼ਾਹ ਮੁਰਾਦ ਤਮੀਜ਼ ਕਰੇ ।

ਆਸ਼ਿਕ ਕਹਿਣਾ ਸਹਿਲ ਹੈ, ਇਸ਼ਕ ਦਾ ਮਹਿਲ ਹੈ ਦੂਰ ।
ਕੇਤੇ ਵਹਿਣ ਵਹਿ ਗਏ, ਇਸ਼ਕ ਬਿਨਾਂ ਸਭ ਕੂੜ ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੱਯਦ ਸ਼ਾਹ ਮੁਰਾਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ