Punjabi Poetry Karam Ali Shah

ਪੰਜਾਬੀ ਕਲਾਮ ਕਰਮ ਅਲੀ ਸ਼ਾਹ

ਇਸ਼ਕ ਪਿਆਰੇ ਦਾ ਮੈਨੂੰ ਆਂਵਦਾ

ਇਸ਼ਕ ਪਿਆਰੇ ਦਾ ਮੈਨੂੰ ਆਂਵਦਾ, ਕਰ ਕਰ ਜ਼ੋਰ ।
ਚੁਪ ਚੁਪਾਤੀ ਨੂੰ ਮੈਨੂੰ ਲਗਿਆ, ਮੁਲਖੀਂ ਪੈ ਗਿਆ ਸ਼ੋਰ ।
ਨੀਂਦਰ ਭੁਖ ਅਰਾਮ ਨ ਮੂਲੇ, ਮਾਰੀ ਗਈ ਸਭ ਤੌਰ ।
ਬਿਰਹੋਂ ਚੜ੍ਹ ਕੇ ਸੀਨੇ ਮੇਰੇ, ਲੀਤਾ ਖ਼ੂਨ ਨਿਚੋੜ ।
ਹਿਜਰ ਅਸਾਡਾ ਖ਼ਿਆਲ ਨ ਛਡਦਾ, ਮੁਢਾਂ ਦਾ ਹੀ ਚੋਰ ।
ਕਰਮ ਅਲੀ ਮੈਂ ਹੁਸੈਨ ਦੇ ਅਗੇ, ਨਿਤ ਅਰਜ਼ਾਂ ਕਰਾਂ ਹਥ ਜੋੜ ।

ਪਿਆਰੇ ਦੇ ਲੜ ਲਗ ਕੇ

ਪਿਆਰੇ ਦੇ ਲੜ ਲਗ ਕੇ, ਹੋਈਆਂ ਨਜ਼ਰੋਂ ਨਜ਼ਰ ਨਿਹਾਲ।
ਜਿੰਦ ਕਰਾਂ ਕੁਰਬਾਨ ਨੀ ਓਸ ਥੋਂ, ਦੂਜੀ ਕਰੇਸਾਂ ਮਾਲ ।
ਬਹਿਸਾਂ ਤਖ਼ਤ ਹਜ਼ਾਰੇ ਨੀ ਮਾਏ, ਭੱਠ ਪਏ ਝੰਗ ਸਿਆਲ ।
ਮੈਂ ਉਸ ਮਾਹੀ ਦੀ ਹੀਰ ਸਲੇਟੀ, ਕੀ ਹੋਰ ਕਿਸੇ ਦੀ ਮਜ਼ਾਲ ।
ਮਲੀਰ ਕੋਟਲਾ ਕਰਮ ਅਲੀ ਨੂੰ ਦਿਤਾ, ਪੀਰ ਹੁਸੈਨ ਜਮਾਲ ।

ਅਜ ਕੋਈ ਆਵੰਦੜਾ

ਅਜ ਕੋਈ ਆਵੰਦੜਾ, ਹਲਨ ਚੋਲੀ ਦੇ ਬੰਦ ।
ਰੱਬ ਕਰੇ ਜੇ ਪਿਆਰਾ ਆਵੇ, ਹੋ ਬੈਠਾਂ ਮੈਂ ਆਨੰਦ ।
ਲੇਖ ਅਸਾਡੇ ਹੋਵਨ ਚੰਗੇ, ਘਰ ਆ ਜਾਵੇ ਚੰਦ ।
ਚਰਖਾ ਚੁਕ ਪਰੇ ਕਰੋ ਸਈਓ, ਪਵੇ ਨ ਮੈਥੋਂ ਤੰਦ ।
ਕਰਮ ਅਲੀ ਨਿਤ ਪੀਰ ਹੁਸੈਨ ਦਾ, ਖੜੀ ਉਡੀਕਾਂ ਪੰਧ ।

ਵੇ ਦਿਲਾਂ ਦਿਆ ਜਾਨੀਆਂ

ਵੇ ਦਿਲਾਂ ਦਿਆ ਜਾਨੀਆਂ, ਕਿਉਂ ਗਇਆ ਸਾਨੂੰ ਛੱਡ ।
ਵਾਸਤੇ ਰੱਬ ਦੇ ਤੂੰ ਇਕ ਵਾਰੀ, ਭੇਜ ਕੇ ਕਾਸਦ ਸੱਦ ।
ਕੀ ਕਰਾਂ ਅਰਾਮ ਨਾ ਆਵੇ, ਇਸ਼ਕ ਰਚਿਆ ਹੱਡ ਹੱਡ ।
ਤਖ਼ਤ ਹਜ਼ਾਰੇ ਲੈ ਚਲ ਮੈਨੂੰ, ਖੇੜਿਆਂ ਤੇ ਲਵੀਂ ਕੱਢ ।
ਕਰਮ ਅਲੀ ਨੂੰ ਪਿਆਰਾ ਲਗਦਾ, ਪੀਰ ਹੁਸੈਨ ਦਾ ਕੱਦ ।

ਮੰਨ ਤੂੰ ਖਾਵੰਦ ਦਾ ਕੁੜੇ ਫ਼ਰਮਾਉਣਾ

ਮੰਨ ਤੂੰ ਖਾਵੰਦ ਦਾ ਕੁੜੇ ਫ਼ਰਮਾਉਣਾ ।
ਭਾਵੇਂ ਲਖ ਲਖ ਛਿਮਕਾਂ ਮਾਰੇ, ਸਿਰ ਸਿਜਦਿਓਂ ਨਹੀਂ ਚਾਵਣਾ ।
ਇਸ ਬੁਤ ਨੂੰ ਪਏ ਕੀੜੇ ਖਾਵਣ, ਕੋਈ ਦਿਨ ਦਾ ਹਈ ਪਰਾਹੁਣਾ ।
ਜੋ ਕੁਛ ਕਰੇਂ ਸੋ ਨੇਕੀ ਕਰ ਲੈ, ਫਿਰ ਏਥੇ ਨਹੀਂ ਆਉਣਾ ।
ਭਾਵੇਂ ਲਖ ਝਿੜਕਾਂ ਓਹ ਦੇਵੇ, ਫਿਰ ਉਸ ਨੇ ਹੈ ਗਲ ਲਾਵਣਾ ।
ਕਰਮ ਅਲੀ ਰਖ ਖਾਵੰਦ ਰਾਜ਼ੀ, ਫਿਰ ਦੂਜੀ ਵਾਰ ਨਾ ਆਵਣਾ ।

ਹਾਦੀ ਸੰਗ ਪ੍ਰੀਤ ਲਗਾ

ਹਾਦੀ ਸੰਗ ਪ੍ਰੀਤ ਲਗਾ, ਕੁੜੇ ਨਹੀਂ ਮੁੜਨਾ ।
ਦੇਖ ਕੇ ਆਜਜ਼ ਮੈਨੂੰ ਉਸ ਨੇ, ਲਾ ਲਈ ਅਪਨੇ ਚਰਨਾ ।
ਭਾਵੇਂ ਦੋਜ਼ਖ ਵਿੱਚ ਲਿਜਾਵੇ, ਪਿੱਛੇ ਹੋ ਕੇ ਤੁਰਨਾ ।
ਸ਼ਹੁ ਦਰਿਆਉ ਚਲਣ ਜੇ ਖ਼ੂਨੀ, ਬਿਨ ਬੇੜੀ ਤੇ ਤਰਨਾ ।
ਕੀ ਹੋਇਆ ਜੇ ਹਟਕਨ ਮਾਪੇ, ਨੀ ਦੂਜਾ ਯਾਰ ਨਾ ਕਰਨਾ ।
ਲੋਕ ਦੇਵਨ ਜੇ ਲਖ ਲਖ ਤਾਹਨੇ, ਮੂਲ ਨਹੀਂ ਅਸਾਂ ਡਰਨਾ ।
ਜਾਣ ਕੇ ਉਸ ਨੂੰ ਖ਼ਾਨਾ ਕਾਅਬਾ, ਸਿਰ ਕਦਮਾਂ ਪਰ ਧਰਨਾ ।
ਕਰਮ ਅਲੀ ਲੈ ਪੀਰ ਹੁਸੈਨ ਨੂੰ, ਸ਼ਹਿਰ ਵਟਾਲੇ ਵੜਨਾ ।

ਹੁਣ ਸਾਨੂੰ ਸਦ ਲੈ ਜੀ

ਹੁਣ ਸਾਨੂੰ ਸਦ ਲੈ ਜੀ, ਪਿਆਰੇ ਆਪਣੇ ਕੋਲ ।
ਦਿਲ ਸਾਡੇ ਨੂੰ ਪਿਆਰੇ ਲਗਦੇ, ਮਿਠੜੇ ਤੇਰੇ ਬੋਲ ।
ਸਾਡੇ ਵਲੋਂ ਜੇ ਕਸਮ ਹੈ ਤੈਨੂੰ, ਮਨ ਦੀਆਂ ਘੁੰਡੀਆਂ ਖੋਹਲ ।
ਜੇ ਇਕ ਵਾਰੀ ਨਜ਼ਰੀ ਆਵੇਂ, ਜਿੰਦੜੀ ਦੇਵਾਂ ਘੋਲ ।
ਸੀਨੇ ਦੇ ਸੰਗ ਲਾ ਕੇ ਤੈਨੂੰ, ਹਸ ਹਸ ਕਰਾਂ ਕਲੋਲ ।
ਪੀਰ ਹੁਸੈਨ ਦੇ ਬਾਝੋਂ ਜਿੰਦੜੀ, ਗਈ ਕਰਮ ਅਲੀ ਅਨਮੋਲ ।

ਸੁਣ ਮੇਰੀ ਜਿੰਦੇ

ਸੁਣ ਮੇਰੀ ਜਿੰਦੇ, ਬਚ ਬਚ ਕੇ ਹੁਣ ਰਹੀਏ ।
ਭੇਤ ਦਿਲਾਂ ਦਾ ਮਹਿਰਮ ਬਾਝੋਂ, ਨਾ ਹੋਰ ਕਿਸੇ ਨੂੰ ਕਹੀਏ ।
ਕਾਮ ਕ੍ਰੋਧ ਲੋਭ ਮੋਹ ਹੰਕਾਰੀ, ਫਿਰ ਇਨ ਕੋ ਮਾਰ ਖਲਈਏ ।
ਸੋਹੰਗ ਓਹੰਗ ਹਿਰਦੇ ਲਾ ਕੇ, ਤਾੜੀ ਜਮਾ ਕੇ ਬਹੀਏ ।
ਕਰਮ ਅਲੀ ਨਿਤ ਪੀਰ ਹੁਸੈਨ ਦੇ, ਗਾਈਏ ਖ਼ੂਬ ਸਵਈਏ ।

ਤੈਂ ਗਲਾਂ ਕੀ ਕੀਤੀਆਂ ਅਛੀਆਂ

ਤੈਂ ਗਲਾਂ ਕੀ ਕੀਤੀਆਂ ਅਛੀਆਂ,
ਵੇ ਪਰ ਯਾਦ ਰਖੀਂ ਸੱਜਣਾ ।
ਰੋਜ਼ ਹਸ਼ਰ ਤਕ ਖਿਆਲ ਨਾ ਛਡਸਾਂ,
ਪਰ ਮੈਂ ਭੀ ਨਹੀਂ ਕੋਈ ਕਚੀਆਂ ।
ਵੇ ਪਰ ਯਾਦ ਰਖੀਂ ਸੱਜਣਾ,
ਕੀ ਹੈ ਸ਼ਰਮ ਕਿਸੇ ਦੀ ਸਾਨੂੰ,
ਜਦ ਖੋਹਲ ਖੋਹਲ ਘੁੰਗਟ ਮੈਂ ਨਚੀਆਂ ।
ਖ਼ੂਨੀ ਨੈਣ ਤੇਰੇ ਦੀਆਂ ਨੋਕਾਂ,
ਵਿਚ ਸੀਨੇ ਦੇ ਧਸੀਆਂ ।
ਮੈਂ ਪੀਰ ਹੁਸੈਨ ਦੇ ਸੀਨੇ ਲਗ ਕੇ,
ਕਰਮ ਅਲੀ ਫਿਰ ਹਸੀਆਂ ।

ਤੈਨੂੰ ਕਸਮ ਅੱਲਾ ਦੀ

ਤੈਨੂੰ ਕਸਮ ਅੱਲਾ ਦੀ, ਜਮ ਜਮ ਆ
ਕੌਣ ਤੁਸਾਨੂੰ ਏਥੇ ਰੋਕੇ,
ਗੱਲ ਸੁਣੀਂ ਤੂੰ ਮੇਰੀ ਖਲੋ ਕੇ
ਹੁਣ ਜੀਅ ਨਾ ਤਰਸਾ।

ਤੇਰੇ ਬਾਝੋਂ ਨੀਂਦ ਨ ਆਵੇ,
ਦਮ ਦਮ ਤੇਰਾ ਇਸ਼ਕ ਸਤਾਵੇ
ਮੇਰੇ ਸੀਨੇ ਆਣ ਸਮਾ।

ਤੂੰ ਸਾਹਿਬ ਮੈਂ ਤੇਰੀ ਬੰਦੀ,
ਸ਼ਰਮ ਤੈਨੂੰ ਹੈ ਜਹੀਆਂ ਮੰਦੀ
ਕਰ ਤੂੰ ਆਣ ਅਤਾ।

ਛੇਜ ਅਸਾਂ ਦੀ ਪਈ ਡਰਾਵੇ,
ਜੇ ਕਿਤੇ ਤੇਰੇ ਮਨ ਵਿਚ ਆਵੇ
ਤੂੰ ਅਪਣਾ ਕਦਮ ਟਿਕਾ।

ਪੀਰ ਹੁਸੈਨ ਦਾ ਸਿਰ ਪੁਰ ਸਾਇਆ,
ਕਰਮ ਅਲੀ ਦੁਖ ਗਇਆ ਗਵਾਇਆ
ਹੁਣ ਅਨਹੱਦ ਨਾਦ ਬਜਾ।

ਹੂਲ ਇਸ਼ਕ ਦੀ

ਮੇਰੇ ਸੀਨੇ ਵਜਦੀ ਹੂਲ,
ਇਸ਼ਕ ਪਿਆਰੇ ਦੀ

ਤੁਰਨ ਫਿਰਨ ਥੀਂ ਆਜਿਜ਼ ਕੀਤੀ,
ਲਗੀ ਕਲੇਜੇ ਸੂਲ
ਇਸ਼ਕ ਪਿਆਰੇ ਦੀ।

ਇਕ ਦੁਖ ਲਗਿਆ ਸਾਨੂੰ ਕਾਰੀ ਹੋਇਆ,
ਆਰਾਮ ਨਾ ਮੂਲ,
ਇਸ਼ਕ ਪਿਆਰੇ ਦੀ।

ਕਰਮ ਅਲੀ ਨੂੰ ਦੇਵੇ ਦਿਖਾਈ,
ਮੁਖ ਯਾਰ ਦਾ ਰੱਬ ਰਸੂਲ,
ਇਸ਼ਕ ਪਿਆਰੇ ਦੀ।

ਮਿੰਨਤਾਂ ਕਰ ਕਰ ਕੇ

ਕੋਈ ਲਿਆਵੋ ਨੀ ਪੀਆ ਨੂੰ ਮੋੜ
ਮਿੰਨਤਾਂ ਕਰ ਕਰ ਕੇ।

ਇਸ ਦੇ ਬਦਲੇ ਮੇਰੀ ਮਾਏ !
ਦਿਉ ਹੋਰ ਕਿਸੇ ਨੂੰ ਟੋਰ,
ਮਿੰਨਤਾਂ ਕਰ ਕਰ ਕੇ,

ਹੌਲੀ ਹੌਲੀ ਤੁਸੀਂ ਕਰੋਂ ਨੀ ਗੱਲਾਂ,
ਤੁਸੀਂ ਪਾਓ ਨਾ ਸਈਓ ਸ਼ੋਰ,
ਮਿੰਨਤਾਂ ਕਰ ਕਰ ਕੇ,

ਪੀਰ ਹੁਸੈਨ ਸਿਵਾ ਨਾ ਕੋਈ,
ਕਰਮ ਅਲੀ ਦਾ ਹੋਰ,
ਮਿੰਨਤਾਂ ਕਰ ਕਰ ਕੇ।

ਪ੍ਰੀਤ ਮਾਹੀ ਸੰਗ ਲਗੀ ਕੁੜੇ!

ਮੇਰੀ ਪ੍ਰੀਤ ਮਾਹੀ ਸੰਗ ਲਗੀ ਕੁੜੇ,
ਹੈ ਕੁਨ ਫ਼ੀਯਕੁਨ ਕਦੀ ਕੁੜੇ!

ਨਣਦ ਜਿਠਾਣੀਆਂ ਤਾਹਨੇ ਦਿੰਦੀਆਂ,
ਮੂਲ ਨ ਹੋਵਾਂ ਮੈਂ ਸ਼ਰਮਿੰਦੀਆਂ,
ਬੈਠਾਂ ਲਾ ਲਾ ਮੱਥੇ ਬਿੰਦੀਆਂ,
ਜੜ੍ਹ ਸ਼ਰਮ ਹਯਾ ਦੀ ਵਢੀ ਕੁੜੇ!

ਕਿਉਂ ਮੈਂ ਲੋਕਾਂ ਕੋਲੋਂ ਡਰਸਾਂ,
ਮੋਲ ਠਗਾਣੇ ? ਫਿਰ ਕਿਉਂ ਮਰਸਾਂ,
ਦੂਜਾ ਖ਼ਾਵੰਦ ਮੂਲ ਨ ਕਰਸਾਂ.
ਲੱਖ ਕਰਨ ਖੇੜੇ ਭਾਵੇਂ ਤੱਦੀ ਕੁੜੇ!

ਯਾ ਰਾਂਝਾ ਮੇਰਾ ਕਾਬ੍ਹਾ ਖ਼ਾਨਾ,
ਜਾਣੇ ਮੈਨੂੰ ਕੁਲ ਜ਼ਮਾਨਾ,
ਉਸ ਬਿਨ ਨਾ ਕੋਈ ਹੋਰ ਟਿਕਾਣਾ,
ਏਹ ਪ੍ਰੀਤ ਨਾ ਜਾਂਦੀ ਛੱਡੀ ਕੁੜੇ!

ਆ ਪੀਰ ਹੁਸੈਨ ਦਿਖਾਈ ਦਿੱਤੀ,
ਹਸ ਹਸ ਕਦਮਾਂ ਦੇ ਵਲ ਨੱਠੀ,
ਕਰਮ ਅਲੀ ਲਾ ਸੀਨਾ ਮੈਂ ਸੁੱਤੀ,
ਬਹਿਸਾਂ ਸ਼ਹਿਰ ਵਟਾਲੇ ਦੀ ਗੱਦੀ ਕੁੜੇ!

ਸਤਿਗੁਰਾਂ ਦੀ ਚਰਨੀਂ ਲਗ

ਸਤਿਗੁਰਾਂ ਦੀ ਚਰਨੀਂ ਲਗ ਪਿਆਰੇ ਸਤਿਗੁਰਾਂ ਦੇ

ਬੇਮੁਖ ਹੋਏਂ ਮੂਲ ਨਾ ਹਰਗਿਜ਼, ਭਾਵੇਂ ਤਾਅਨੇ ਦੇਵੇ ਸਾਰਾ ਜਗ,
ਸਿਜਦਿਉਂ ਮੂਲ ਨਾ ਮੁਖ ਹਟਾਈਏ, ਭਰਮ ਦਾ ਤੋੜੀਏ ਤੱਗ
ਹਿਜਰ ਫ਼ਰਾਕ ਦੇ ਜੋ ਕੁਝ ਅੰਦਰ, ਸੀਤਲ ਹੋਵੇ ਅੱਗ
ਜੀਵੇ ਰਾਂਝਾ ਬਣ ਬਣ ਪਾਲੀ, ਹੀਰ ਦੇ ਚਾਰੇ ਵੱਗ
'ਕਰਮ ਅਲੀ' ਕਰ ਕਰ ਅਰਜ਼ੋਈਆਂ, ਦਿਲ ਨੂੰ ਲਈਏ ਠੱਗ।

ਪੀਰ ਆਰਾਧਨਾ

੧.
ਕਰਮ ਅਲੀ ਹੁਣ ਵਾਰੇ, ਵਾਰੇ,
ਪੀਰ ਹੂਸੈਨ ਨੀ ਤਾਰੇ ਤਾਰੇ
ਦੁੱਖ ਗਏ ਹੁਣ ਸਾਡੇ ਸਾਰੇ,
ਹੋਏ ਸਤਿਗੁਰੂ ਮਿਹਰਬਾਨ ਕੁੜੇ।

੨.
ਰੋਂਦੀ ਨੂੰ ਮੈਨੂੰ ਮੁੱਦਤਾਂ ਹੋਈਆਂ,
ਕਦੇ ਦੇਵੇ ਆਣ ਜਮਾਲ,
ਦਿਲ ਨੂੰ ਤਾਬ ਨਹੀਂ।

ਰੱਬ ਦੀ ਸਰਬ-ਵਿਆਪਕਤਾ

ਮਸਲਾ ਕਰ ਕਰ ਵਾਅਜ਼ ਕਰਉਂਦਾ,
ਕਰ ਕਰ ਲੋਕਾਂ ਜਮਾ ਬਿਠਉਂਦਾ,
ਦੀਨ ਦੀਆਂ ਬਾਤਾਂ ਖ਼ੂਬ ਸੁਣਉਂਦਾ,
ਕੁਫ਼ਰ ਇਸਲਾਮ ਫਾੜਿਆ ਹੈ।

ਤਿਲਕ ਲਗਾ ਕੇ ਮੱਥੇ ਬਸਦਾ,
ਗਲ ਵਿੱਚ ਪਹਿਨ ਜਨੇਉ ਦਸਦਾ,
ਓਥੇ ਕਰ ਭਜਨ ਨਹੀਂ ਰੱਜਦਾ,
ਪੜ੍ਹ ਪੜ੍ਹ ਉਹ ਓਂਕਾਰਿਆ ਹੈ।

ਕਿਤੇ ਈਸਾਈ ਬਣਿਆ ਫ਼ਰੰਗੀ,
ਕਰੇ ਲੜਾਈ ਬਣ ਬਣ ਜੰਗੀ,
ਹੱਥ ਤੇਰੇ ਹੈ ਮੰਦੀ ਚੰਗੀ,
ਧਰ ਟੋਪੀ ਸ਼ਮਲਾ ਉਤਾਰਿਆ ਹੈ।

ਲੋਰੀਆਂ

ਲੋਰੀ ਲੈ ਵੇ ਸੱਯਦ ਜਲਾਲਾ
ਖ਼ੁਸ਼ ਹੋਵੇ ਦੇਖਣ ਵਾਲਾ;
ਤੇਰਾ ਮੌਲਾ ਅਲੀ ਰਖਵਾਲਾ
ਘਰ ਕਰਮ ਅਲੀ ਦੇ ਉਜਾਲਾ।

ਲੋਰੀ ਦੇਂਦੇ ਬਾਬਲ ਹੱਸਦਾ,
ਪੜ੍ਹ ਪੜ "ਵਜ ਹੁਲਾ' ਫਿਰ ਦਸਦਾ
ਦੂਈ ਵਹਿਮ ਪਰ੍ਹੇ ਹੋ ਵਸਦਾ,
ਕਰਮ ਅਲੀ ਚੜ੍ਹ ਅਨਹਦ ਬਸਦਾ।

ਦੋਹਾ

ਵਕਤ ਆਖ਼ਰੀ ਆ ਗਿਆ, ਘਲੇ ਮੌਤ ਪੈਗ਼ਾਮ,
ਚਲ ਕਰਮ ਸ਼ਾਹ ਚਲੀਏ, ਝਗੜੇ ਮਿਟਣ ਤਮਾਮ।