Lal Das Khiali ਲਾਲ ਦਾਸ ਖਿਆਲੀ

ਇਹ ਉਦਾਸੀ ਸਾਧੂ ਸਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਲੱਖੀ ਜੰਗਲ ਦੇ ਕਵੀ ਦਰਬਾਰ ਵਿਚ ਸ਼ਾਮਿਲ ਹੋਏ । ਇਸ ਤੋਂ ਬਾਦ ਇਹ ਗੁਰੂ ਜੀ ਦੇ ਨਾਲ ਹੀ ਰਹੇ । 'ਖਿਆਲੀ' ਅਤੇ 'ਦਰਿਆਈ' ਪਦ ਇਹਨਾਂ ਦੇ ਨਾਂ ਨਾਲ ਲੱਗਿਆ ਮਿਲਦਾ । ਕਿਹਾ ਜਾਂਦਾ ਹੈ ਕਿ ਉਹ ਲੁਧਿਆਣਾ ਜਿਲ੍ਹੇ ਦੇ ਪਿੰਡ ਖਿਆਲੀ ਦੇ ਸੁਨਿਆਰ ਸਨ ।

ਮਾਝਾਂ ਲਾਲ ਦਾਸ ਖਿਆਲੀ

ਮਹਿਬੂਬਾਂ ਦੇ ਦਰਸ਼ਨ ਕਾਰਣ, ਕੱਖ ਗਲੀ ਦਾ ਥੀਵਾਂ
ਵਗੇ ਵਾਉ ਪੁਰੇ ਦੀ ਜਿਉਂ ਜਿਉਂ, ਦਰ ਤੇ ਜਾਇ ਸੁਟੀਵਾਂ
ਆਂਦੇ ਜਾਂਦੇ ਦਾ ਦਰਸ਼ਨ ਪਾਵਾਂ, ਚਰਨੀਂ ਕਦੀ ਛੁਹੀਵਾਂ
ਚਰਨ ਧੂੜਿ ਬਣ ਸਤਿਗੁਰ ਵਾਲੀ, ਮਰ ਮਰ ਕੇ ਮੈਂ ਜੀਵਾਂ ।੧।

ਮਹਿਬੂਬਾਂ ਦੇ ਵੇਖਣਿ ਕਾਰਣਿ, ਸੁਰਮਾ ਆਪ ਪਿਹਾਇਆ
ਦੇ ਦੇ ਧਮਕਾ ਨਿੱਕਾ ਕੀਤਾ, ਪੱਥਰ ਜ਼ੋਰਿ ਸਹਾਇਆ
ਜਿਉਂ ਜਿਉਂ ਘਸੈ ਤਿਉਂ ਤਿਉਂ ਰਸੈ, ਚੜ੍ਹਦਾ ਰੂਪ ਸਵਾਇਆ
ਲਾਲ ਖਿਆਲਿ ਮੁਆ ਫਿਰ ਜੀਵੈ, ਪਰ ਚਸ਼ਮਾਂ ਦਾਖਲ ਆਇਆ ।੨।

ਬਿਨ ਮੁਹੱਬਤਿ ਕੋਈ ਪਾਰ ਨਾ ਪਉਸੀ, ਕਿਆ ਸ਼ੇਖ਼ ਮਸਾਇਕ ਹਾਜ਼ੀ
ਤੀਹੇ ਰੱਖਣ ਤੇ ਪੰਜ ਗੁਜ਼ਾਰਨ, ਅੱਠੇ ਪਹਿਰ ਨਿਮਾਜ਼ੀ
ਜੇ ਸਉ ਵਾਰੀ ਮੱਕੇ ਜਾਂਦੇ, ਹੱਜ ਗੁਜ਼ਾਰਨ ਹਾਜੀ
ਲਾਲ ਖਿਆਲਿ ਸਾ ਬਾਤ ਨਿਰਾਲੀ, ਜਿਤ ਸ਼ਹੁ ਥੀਵਹਿ ਰਾਜ਼ੀ ।੩।

ਦਾਇਮ ਇਸ਼ਕ ਨ ਥੀਵੈ ਮੈਲਾ, ਸੂਲ ਕਦੇ ਨ ਹੋਣ ਪੁਰਾਣੇ
ਨੈਣਾਂ ਨਾਗਾਂ ਦੀ ਵਹਦਤਿ ਮੰਦੀ, ਕਦੇ ਨ ਹੋਣ ਸਿਆਣੇ
ਡੰਗ ਮਰੀਂਦੇ ਜ਼ਹਿਰ ਘੁਲੀਂਦੇ, ਕੈਂ ਦੇ ਸਬਰ ਰੰਞਾਣੇ
ਭਾਵੇਂ ਜਾਣ ਨ ਜਾਣ ਸਯਾਮਾ, ਅਸੀਂ ਤੈਂਡੇ ਦਸਤ ਵਿਕਾਣੇ ।੪।

ਭਾਵੇਂ ਜਾਣ ਨ ਜਾਣ ਪਿਆਰਿਆ, ਅਸੀਂ ਤੁਸਾਡੇ ਆਹੇ
ਲਖ ਲਖ ਬਦੀਆਂ ਤੇ ਲਖ ਲਖ ਖ਼ੁਦੀਆਂ, ਸਿਰ ਪਰ ਖੜੇ ਝਲਾਂਹੇ
ਨਦਰਿ ਤੁਸਾਡੀ ਕੀਤੀ ਜੀਵਾਂ, ਬਿਨ ਡਿਠੇ ਮਰ ਜਾਂਹੇ
ਖਿਆਲੀ ਕੁਈ ਕਿਵੈਂ ਕਹਿ ਆਖਹੁ, ਅਸੀਂ ਵੇਖਣ ਨ ਛੱਡਸਾਂਹੇ ।੫।

ਮਾਇਲ ਕਰਕੈ ਘਾਇਲ ਕੀਤੀ, ਵਾਹੁ ਮੁਹੱਬਤਿ ਤੇਰੀ
ਮਿਟੀ ਚਾਟ ਚਟਾਇ ਕਰਕੈ, ਖਬਰਿ ਨ ਲੱਧੀ ਮੇਰੀ
ਜਿਤ ਵਲ ਵੰਞਾਂ ਤਿਤ ਵਲਿ ਤੂੰਹੇਂ, ਝੁਲੀ ਪ੍ਰੇਮ ਅੰਧੇਰੀ
ਲੋਹੇ ਦੀਆਂ ਜੰਜ਼ੀਰਾਂ ਕੋਲਹੁੰ, ਨੈਣਾਂ ਦੀ ਬੰਦਿ ਡਢੇਰੀ ।੬।

ਜਿਤ ਦਿਨ ਆਵੈ ਇਸ਼ਕ ਦੀ ਚਉਕੀ, ਪਹਿਲਾਂ ਅਕਲ ਰੰਞਾਣੈ
ਗੁੰਗੇ ਦੇ ਗੁੜ ਖਾਧੇ ਵਾਂਙੂ, ਕਿਆ ਕੋਈ ਆਖਿ ਵਖਾਣੈ
ਲਖ ਚਤੁਰਾਈਆਂ ਐਵੇਂ ਜਾਸਨ, ਉਡਣੁ ਵਾਂਗੁ ਟਿਨਾਣੈ
ਲਾਲ ਖਿਆਲਿ, ਪ੍ਰੇਮ ਦੀਆਂ ਝੋਕਾਂ, ਕੁਇਲ ਹੋਇ ਸੁ ਜਾਣੈ ।੭।

ਮੁਸ਼ਕਲ ਮਿਲਣ ਮਾਹੀ ਨੂੰ ਹੀਰੇ, ਲਖ ਔਝੜ ਝੰਗ ਬਲਾਈਂ
ਕਰਿ ਕਰਿ ਸ਼ੇਰ ਜਮਾਤੀਂ ਬੈਠੇ, ਨਾਗ ਕੁੰਡਲ ਵਲ ਪਾਈਂ
ਪੰਧ ਮੁਹਾਲ ਨ ਦੇਂਦੇ ਜਾਵਣ, ਮੱਲ ਡਾਕੇ ਬਹਿਣ ਸਰਾਈਂ
ਅਗੇ ਬੇਪ੍ਰਵਾਹੁ ਰੰਝੇਟਾ, ਭਾਵੈ ਮਿਲਣ ਰਜਾਈਂ ।੮।

ਘਲਿ ਕੇ ਕਾਜ਼ੀ ਮਤਾ ਪਕਾਇਆ, ਹੀਰ ਪੈਰ ਪਿਆਂਦੀ ਆਂਦੀ
ਸੱਚ ਨਸੀਹਤਿ ਦੇਵਣ ਲਗੇ, 'ਤੂੰ ਖੇੜਿਆਂ ਦੀ ਬਾਂਦੀ'
ਅਸਾਂ ਤੇ ਖੇੜਿਆਂ ਦੇ ਦਿਲ ਅੰਦਰਿ, ਸੈ ਕੋਹਾਂ ਦੀ ਕਾਂਜੀ
ਮਿਤੁ ਰਾਂਝਣ ਦੇ ਭੁਲਾਵੇ ਭੁੱਲੀ, ਨਹੀਂ ਆਵੈ ਕੈਂ ਦੀ ਆਂਦੀ ।੯।

ਰਹੁ ਵੇ ਕਾਜ਼ੀ ! ਮੈਂਡੀ ਜਾਨ ਨ ਰਾਜ਼ੀ, ਮੈਂ ਜੇਹੀਆਂ ਤੁਧ ਧੀਆਂ
ਮਿਤੁ ਰਾਂਝਣ ਪੋਸਤੁ ਮੈਂਡੀ ਹੱਡੀਂ ਰਵਿਆ, ਪੀਤੇ ਬਾਝੁ ਨ ਜੀਵਾਂ
ਅਕੇ ਤ ਰਾਂਝਣ ਆਣਿ ਮਿਲਾਵਹੁ, ਅਕੈ ਮੈਂ ਬੈਰਾਗਣਿ ਥੀਵਾਂ ।੧੦।

ਜਾਂ ਜਾਂ ਇਸ਼ਕ ਇਲਾਹੀ ਅੰਦਰਿ, ਗ਼ਫ਼ਲਤਿ ਛੋਡਿ ਸਿਆਲੀ
ਦੂਜੀ ਛੋਡਿ ਸਭਾ ਦਿਲ ਪਕੜੇ, ਥੀਵਹਿ ਰਾਂਝਣ ਵਾਲੀ
ਦਮ ਦਮ ਨਾਲਿ ਸਮਾਲੇ ਸ਼ਹੁ ਨੂੰ, ਕੋ ਦਮ ਜਾਇ ਨ ਖਾਲੀ
ਆਖ ਦਿਖਾ ਰਤ-ਰੁੰਨਿਆਂ ਬਾਝਹੁ, ਕੇਹੜੀ ਕੰਤ ਸਮਾਲੀ ।੧੧।

ਜੋਰੀਂ ਦਸਤ ਬਧੋ ਨੇ ਗਾਨਾ, ਕਰਿ ਰਾਂਝਣ ਦਾ ਹੀਲਾ
ਜਿਉਂ ਜਿਉਂ ਜੰਞ ਖੇੜਿਆਂ ਦੀ ਆਵੈ, ਰੰਗ ਹੀਰ ਦਾ ਪੀਲਾ
ਦਿਲ ਦਾ ਮਹਿਰਮ ਕੋਈ ਨ ਮਿਲਿਆ, ਘੱਤਾਂ ਵਿਚ ਵਸੀਲਾ
ਲਾਲ ਖਿਆਲਿ ਇਕ ਰਾਂਝੇ ਬਾਝਹੁੰ, ਮੈਂਡਾ ਦੁਸ਼ਮਣ ਸਭ ਕਬੀਲਾ ।੧੨।

ਮਾਹੀਅੜਾ ਕੂਕੇਂਦੀ ਵਤਾਂ, ਰਾਂਝਣ ਸੁਣਦਾ ਨਾ ਹੀ
ਹਟ ਪਟਣ ਦਰਵਾਜ਼ੇ ਚਾੜ੍ਹੇ, ਦਾਰੂ ਲਗਦਾ ਨਾਹੀ
ਚੂੜਾ ਭੰਨਾਂ ਪੱਥਰ ਸੇਤੀ, ਸਿਰਹੁ ਪਰਾਂਦਾ ਲਾਹੀਂ
ਵੇਖਹੁ ਲੋਕਾ ! ਭਾਇ ਤੱਤੀ ਦੇ, ਰਾਤ ਪਈ ਦਿਨ ਮਾਹੀਂ ।੧੩।

ਵਖਤ ਪਏ ਰੰਝੇਟਾ ਟੁਰਿਆ, ਰੱਬ ਦੇਸ ਅਸਾਡੇ ਆਂਦਾ
ਸਾਈ ਕਾਈ ਜਾਹੁ ਮਨਾਵਣ, ਆਵਹਿ ਜੈਂ ਦਾ ਆਂਦਾ
ਜੋ ਦਿਨ ਰਾਂਝੇ ਬਾਝਹੁ ਗੁਜ਼ਰੇ, ਪਛੋਤਾਉ ਤਿਨ੍ਹਾਂ ਦਾ ।੧੪।

ਸੁਪਨੇ ਅੰਦਰਿ ਭਇਓ ਸੁਦਾਗਰ, ਸੁਪਨੇ ਲੀਤੇ ਰੇਜ਼ੇ
ਸੁਪਨੇ ਅੰਦਰ ਖੇਪ ਚਲਾਏ, ਸੁਪਨੇ ਹੁੰਡੀ ਭੇਜੇ
ਸੁਪਨੇ ਅੰਦਰਿ ਨਾਰਿ ਉਪਾਇਉ, ਸੁਪਨੈ ਸੁਤੇ ਸੇਜੇ
ਲਾਲ ਖਿਆਲਿ ਸਭ ਸੁਪਨੋ ਸੁਪਨਾ, ਢਾਹਿ ਚਲੀ ਸਭ ਨੇਜੇ ।੧੫।

ਸਭ ਕੁਟੰਬ ਪ੍ਰੋਜਨ ਦਾ ਪ੍ਰੀਤਮ, ਕਿਸੈ ਹਰਿ ਕੀ ਭਗਤਿ ਨ ਭਾਂਦੀ
ਭਾਈ ਬਾਪੁ ਕੁਟੰਬ ਕਬੀਲਾ, ਸਭ ਮੰਗਤਿ ਅਪਣੇ ਸੁਖਾਂ ਦੀ
ਜਾਂ ਸੁਖ ਵੇਖਣ ਤਾਂ ਸਭ ਮਿਲ ਬੈਠਣ, ਦੁਖ ਦੇਖਿ ਸਭਾ ਭਜ ਜਾਂਦੀ
ਲਾਲ ਖਿਆਲਿ ਇਹ ਠੱਗ ਬਜ਼ਾਰੀ, ਲੈ ਜਾਸਨ ਮਾਲ ਸਿਰ੍ਹਾਂਦੀ ।੧੬।

ਕਰ ਪੁਰਖਾਰਥ ਸਿਮਰ ਨਰਾਇਣ, ਵੈਂਦੀ ਅਉਧ ਵਿਹਾਂਦੀ
ਇਹ ਜਨਮੁ ਅਮੋਲਕ ਦਿਤਾ ਠਾਕੁਰ, ਮੁੱਲ ਨ ਲੱਖ ਮਣ ਚਾਂਦੀ
ਸਿਮਰਨ ਕਰਕੈ ਪ੍ਰਗਟ ਹੋਵਹਿ, ਮਿਤ ਨ ਕਛੁ ਸੁਖਾਂਦੀ
ਲਾਲ ਖਿਆਲਿ ਗਲ ਸਿਮਰਨ ਵਾਲੀ, ਆਪਿ ਪ੍ਰਭੂ ਕਉ ਭਾਂਦੀ ।੧੭।

ਇਕ ਦਮ ਕੂਚ ਮਕਾਮ ਹੋਊ ਕੁਲ, ਆਲਮ ਆਮ ਡਿਸੀਂਦਾ
ਲਡਿ ਲਡੇ ਸਾਥ ਸਥੋਈ ਵੈਂਦੇ, ਤੈਨੂੰ ਨਾਹਿੰ ਤਦਹੁੰ ਸੁਣੀਂਦਾ
ਸੁਣਿ ਸੁਣਿ ਗੱਲਾਂ ਕੁਝ ਨ ਕੀਤਾ, ਅਉਸਰ ਬਣੀ ਕਿ ਥੀਂਦਾ ?
ਪ੍ਰਭੁ ਕਾ ਸਿਮਰਨ ਕਰਹੁ ਖਿਆਲੀ, ਮਤਾਂ ਅੱਜ ਕੱਲ ਸਾਥ ਲਡੀਂਦਾ ।੧੮।

ਚਿਤ ਚਾਹੇ ਪ੍ਰਭੁ ਕ੍ਰਿਪਾ ਤੁਮ੍ਹਾਰੀ, ਰਹਿੰਦਾ ਸਦਾ ਸੁਆਲੀ
ਨਿਸ ਦਿਨ ਤਕ ਥੱਕਾਂ ਚਾਤ੍ਰਿਕ ਜਿਉਂ, ਮੰਗਾਂ ਮੇਘ ਵਸਾਲੀ
ਸੋਈ ਕਰਾਏ ਜਿਉਂ ਕਰ ਤਉ ਭਾਵਾਂ, ਚਲਾਂ ਸਾਧਾਂ ਕੀ ਚਾਲੀ
ਸਭਸੈ ਦੇ ਮਨ ਦੀਆਂ ਮੰਨਦਾ, ਇਕ ਮੈਂਡੀ ਭਿ ਮੰਨਿ ਖਿਆਲੀ ।੧੯।

ਕਾਫ਼ੀਆਂ ਲਾਲ ਦਾਸ ਖਿਆਲੀ



ਸਾਨੂੰ ਮਾਹੋਮਾਹੀ ਦੇਹਿ, ਦਿਲਾਂ ਦਿਆ ਭਾਗੀ ਭਰਿਆ ਵੇ ।੧।ਰਹਾਉ।
ਖਾਲੀ ਛਡਣ ਮੁਨਾਸਬ ਨਾਹੀ, ਅਸਾਂ ਤੇਰਾ ਲੜ ਫੜਿਆ ਵੇ ।੧।
ਪਾਰ ਭਉਜਲ ਦੇ ਸੋਈ ਲੰਘਦੇ, ਨਾਮ ਤੇਰਾ ਜਿਨ੍ਹਾਂ ਪੜ੍ਹਿਆ ਵੇ ।੨।
ਸਾਰੀ ਖ਼ਲਕਤਿ ਮੰਗਣਹਾਰੀ, ਸਭ ਜਗ ਲੈ ਲੈ ਤੈਥੋਂ ਤਰਿਆ ਵੇ ।੩।
ਜੋ ਤੂੰ ਦੇਇ ਸੋ ਲਏ ਖਿਆਲੀ, ਡਾਢੇ ਨਾਲਿ ਨ ਜਾਂਦਾ ਅੜਿਆ ਵੇ ।੪।
(ਰਾਗ ਹਿੰਡੋਲ)



ਬਾਬਾ ਹਮਰੀ ਜਾਤ ਸੁਨਾਰ ਰੇ ! ਹਮਰਾ ਚੋਰੀ ਸਿਉਂ ਬਿਉਹਾਰ ਰੇ ।
ਹਰਿ ਰਸ ਲੂਟ ਸਰਬ ਸੁਖ ਪਾਇਆ, ਸਤਿਗੁਰ ਦੀਆ ਕਰਾਰ ਰੇ ।੧।ਰਹਾਉ।
ਸੰਨ੍ਹੀ ਸ਼ਾਂਤਿ ਧਰੀ ਰਿਦ ਅੰਤਰਿ, ਗੁਰ ਕਾ ਸਬਦੁ ਹਥਉੜਾ ਰੇ ।
ਪੰਚ ਦੂਤ ਭੂਤ ਮਤਵਾਰੇ, ਭਾਂਤ ਭਾਂਤ ਕਰਿ ਤੋੜਾ ਰੇ ।੧।
ਨਾਲਿ ਨਾਮ ਹਰਿ ਨਿਸ ਦਿਨ ਜਪੀਐ, ਦੁਬਿਧਾ ਫੂਕ ਉਡਾਈ ਰੇ ।
ਸਤਿਗੁਰ ਦਿਆਲ ਭਏ ਹਮ ਊਪਰਿ, ਸਮ ਕਰ ਸਫਾ ਵਿਛਾਈ ਰੇ ।੨।
ਲੇਤ ਚੁਰਾਵਹਿ ਦੇਤ ਚੁਰਾਵਹਿ, ਚੁਰਾਵਹਿ ਤੋਲ ਤੁਲਾਰਾ ਰੇ ।
ਪੂਰਾ ਕਰ ਖਸਮੈ ਪਹੁੰਚਾਵਹਿ, ਤਉ ਭੇਟਹਿ ਕਰਤਾਰਾ ਰੇ ।੩।
ਗਗਨ ਮੰਡਲ ਮਹਿ ਵਾਸ ਹਮਾਰਾ, ਤਹਾਂ ਜਨ ਕੀਆ ਪਹਾਰਾ ਰੇ ।
ਗਿਆਨ ਧਿਆਨ ਦੁਇ ਗਹਿਣੇ ਪਹਿਰੈ, ਲਾਲ ਖਿਆਲਿ ਸੁਨਿਆਰਾ ਰੇ ।੪।
(ਰਾਗ ਰਾਮਕਲੀ)

ਸਲੋਕ ਦਾਸ ਖਿਆਲੀ

ਅੱਖੀਂ ਥੀਵਨਿ ਅੰਨ੍ਹੀਆਂ, ਜੋ ਦੂਜੀ ਦ੍ਰਿਸ਼ਟਿ ਪਿਖੰਨਿ
ਜਿਤ ਵਲਿ ਦੇਖਾਂ ਖਿਆਲੀਆ, ਤਿਤ ਵਲਿ ਪਿਰੀ ਦਿਸੰਨਿ ।