Matak Hulare : Bhai Vir Singh

ਮਟਕ ਹੁਲਾਰੇ : ਭਾਈ ਵੀਰ ਸਿੰਘ

ਵਿੱਛੁੜੀ ਕੂੰਜ

ਮਿੱਠੇ ਤਾਂ ਲਗਦੇ ਮੈਨੂੰ
ਫੁੱਲਾਂ ਦੇ ਹੁਲਾਰੇ,
ਜਾਨ ਮੇਰੀ ਪਰ
ਕੁੱਸਦੀ !

ਭਾਗ ਪਹਿਲਾ: ਰਸ ਰੰਗ ਛੁਹ

1. ਅਨੰਤ ਦੀ ਛੁਹ

ਹੇ ਅਨੰਤ ! ਇਕ 'ਛੁਹ ਤੁਹਾਡੀ' ਨੂੰ
ਦਿਲ ਮੰਗਦਾ ਨਹਿੰ ਰਜਦਾ,
'ਛੁਹ ਤੁਹਾਡੀ' ਦਾ ਕਹਿਰ ਵਿਛੋੜਾ
ਸੇਲੇ ਵਾਂਙੂ ਵਜਦਾ,
ਚਸ਼ਮੇਂ ਨੂੰ ਜਿਉਂ 'ਛੋਹ ਗ਼ੈਬ' ਦੀ
ਮਿਲੀ, ਪਿਆ ਨਿਤ ਖੇਡੇ,
'ਛੁਹ ਅਪਣੀ' ਦੀ ਗੋਦ ਖਿਡਾ ਤਿਉਂ-
ਮਾਂ ਨੂੰ ਇਹ ਕੁਛ ਫਬਦਾ ।

2. ਮੇਰੀ ਜਿੰਦੇ

ਤੇਰਾ ਥਾਉਂ ਕਿਸੇ ਨਦੀ ਦੇ ਕਿਨਾਰੇ
ਤੇਰਾ ਥਾਉਂ ਕਿਸੇ ਜੰਗਲ ਬੇਲੇ,
ਤੇਰੇ ਭਾਗਾਂ ਵਿਚ ਅਰਸ਼ਾਂ ਤੇ ਉੱਡਣਾ
ਤੇ ਗਾਂਦਿਆਂ ਫਿਰਨ ਅਕੇਲੇ,
ਤੇਰਾ ਜੀਵਨ ਸੀਗਾ ਤੇਰੇ ਹੀ ਜੋਗਾ
ਤੂੰ ਆਪੇ 'ਆਪੇ' ਨਾਲ ਖੇਲੇਂ,
ਤੂੰ ਕਿਵੇਂ ਰੌਲਿਆਂ ਵਿਚ ਆ ਖਲੋਤੀ
ਤੇਰੇ ਚਾਰ ਚੁਫੇਰੇ ਝਮੇਲੇ ।

3. ਚੜ੍ਹ ਚੱਕ ਤੇ ਚੱਕ ਘੁਮਾਨੀਆਂ

ਚੜ੍ਹ ਚੱਕ ਤੇ ਚੱਕ ਘੁਮਾਨੀਆਂ,
ਮਹੀਂਵਾਲ ਤੋਂ ਸਦਕੇ (ਪਈ) ਜਾਨੀਆਂ,
ਮੈਂ ਤਾਂ ਬੱਦਲਾਂ ਨੂੰ ਫਰਸ਼ ਬਨਾਨੀਆਂ,
ਉਤੇ ਨਾਚ ਰੰਗੀਲੜੇ ਪਾਨੀਆਂ,

ਬਾਜੀ ਬਿਜਲੀ ਦੇ ਨਾਲ ਲਗਾਨੀਆਂ,
ਖਿੜ ਖਿੜ ਹੱਸਨੀਆਂ ਓਨੂੰ ਸ਼ਰਮਾਨੀਆਂ,
ਤਾਰੇ ਕੇਸਾਂ ਦੇ ਵਿਚ ਗੁੰਦਾਨੀਆਂ,
ਚੰਦ ਮੱਥੇ ਤੇ ਚਾ ਲਟਕਾਨੀਆਂ,

ਨੀਲੇ ਅਰਸ਼ਾਂ ਤੇ ਠੁਮਕਦੀ ਜਾਨੀਆਂ,
ਮੀਂਹ ਕਿਰਨਾਂ ਦਾ ਪਈ ਵਸਾਨੀਆਂ,
'ਜਿੰਦ-ਕਣੀਆਂ' ਦੀ ਲੁੱਟ ਲੁਟਾਨੀਆਂ,
'ਅਰਸ਼ੀ-ਪੀਂਘ' ਕਮਾਨ ਬਨਾਨੀਆਂ,

ਰੰਗ ਰੂਪ ਦੇ ਤੀਰ ਵਸਾਨੀਆਂ,
ਨੂਰ ਅੱਖੀਆਂ ਵਿਚ ਸਮਾਨੀਆਂ,
ਨੂਰੋ ਨੂਰ ਹੁਵੰਦੜੀ ਜਾਨੀਆਂ,
ਨੂਰ ਨੂਰੀਆਂ ਨੂੰ ਪਈ ਲਾਨੀਆਂ ।

4. ਨੂਰ ਚਮਕਦਾ ਮੱਥਾ

ਅਰਸ਼ੀ 'ਛੁਹ' ਤੇਰੀ ਦੇ ਸਵਾਲੀ
ਅਸੀਂ ਦਰ ਤੇਰੇ ਤੇ ਆਏ,
ਡਰਦੇ ਡਰਦੇ, ਕੰਬਦੇ ਕੰਬਦੇ,
ਅਸਾਂ ਗਿਣ ਗਿਣ ਕਦਮ ਰਖਾਏ,
ਐਪਰ ਨੂਰ ਚਮਕਦਾ ਮੱਥਾ
ਅਸਾਂ ਜਦੋਂ ਤੁਧੇ ਦਾ ਡਿੱਠਾ,
ਛੁਹ ਬਖਸ਼ਣ ਦਾ ਸ਼ੌਕ ਤੁਸਾਂ ਵਿਚ
ਸਾਨੂੰ ਡੁਲ੍ਹਦਾ ਨਜ਼ਰੀਂ ਆਏ ।

5. ਸ਼ਹੁ ਖਿੱਚਾਂ ਵਾਲੇ

'ਅਸੀਂ ਸਿਕਦੇ, ਤੁਸੀਂ ਸਿਕਦੇ ਨਾਹੀਂ'
ਅਸਾਂ ਇਹ ਗਲ ਸੀ ਸਹੀ ਕੀਤੀ,-
ਇਕ ਦਿਨ ਸਿਕਦਿਆਂ ਲੜ ਤੇਰੇ ਦੀ
ਅਸਾਂ ਛੁਹ ਜੋ ਪ੍ਰਾਪਤ ਕੀਤੀ :
'ਸਿੱਕਣ ਸਾਡਾ ਸੀ ਖਿੱਚ ਤੁਸਾਡੀ'
ਸਾਨੂੰ ਇਹ ਗਲ ਨਜ਼ਰੀਂ ਆਈ,-
ਤੁਸੀਂ ਚੁੰਬਕ ਸ਼ਹੁ ਖਿੱਚਾਂ ਵਾਲੇ
ਤੁਸਾਂ ਸਿੱਕ ਅਸਾਂ ਦਿਲ ਸੀਤੀ ।

6. ਪ੍ਰੇਮ ਤਰੰਗੀਂ

ਪੁੰਨਿਆਂ ਨੂੰ ਸ਼ਹੁ ਸਾਗਰ ਉਛਲੇ
ਤਾਂਘ ਅਰਸ਼ ਦੀ ਕਰਦਾ,
ਦੂਰ ਵਸੇਂਦੇ ਸੁਹਣੇ ਵੱਲੇ
ਉਮਲ ਉਮਲ ਜੀ ਭਰਦਾ
ਜਿਉਂ ਜਿਉਂ ਪਰ ਉਸ ਲਗੇ ਚਾਂਦਨੀ
ਤਿਉਂ ਤਿਉਂ ਕੀ ਉਹ ਦੇਖੇ ?
ਪ੍ਰੀਤਮ ਦਾ ਦਿਲ ਪ੍ਰੇਮ ਤਰੰਗੀਂ
ਦਾਨ ਉਛਾਲੇ ਕਰਦਾ ।

7. ਵੱਧ ਪਯਾਰ ਵਿਚ-ਪ੍ਰੀਤਮ

ਸਿਕਦਾ ਸਿਕਦਾ ਵੱਛਾ ਛੁਟਿਆ
ਧਾ ਅੰਮੀ ਵਲ ਆਇਆ ।
ਅੰਮੀਂ ਉਸ ਤੋਂ ਵੱਧ ਪਿਆਰੇ
ਤਰੁਠ ਤਰੁਠ ਲਾਡ ਲਡਾਇਆ ।
ਸਿਕਦੀ ਨਦੀ ਜਾਲ ਜੱਫਰਾਂ
ਜਦ ਸ਼ਹੁ ਸਾਗਰ ਪਹੁੰਚੀ
ਉਸ ਤੋਂ ਵੱਧ ਪਯਾਰ ਵਿਚ ਪ੍ਰੀਤਮ
ਮਿਲਨ ਅਗਾਹਾਂ ਧਾਇਆ ।

8. ਮਹਿੰਦੀ

(ਸੱਜਣ ਦੇ ਹੱਥ ਲੱਗੀ ਹੋਈ)

ਆਪੇ ਨੀ ਅੱਜ ਰਾਤ ਸੱਜਨ ਨੇ
ਸਾਨੂੰ ਫੜ ਘੁਟ ਰਖਿਆ,
'ਵਸਲ ਮਾਹੀ ਦਾ, ਮਿਹਰ ਮਾਹੀ ਦੀ'
ਅੱਜ ਅਸਾਂ ਨੇ ਲਖਿਆ,-
ਜਿੰਦੜੀ ਸਾਡੀ ਅੰਗ ਸਮਾ ਲਈ
ਵੇਖ ਵੇਖ ਖ਼ੁਸ਼ ਹੋਵੇ:
ਕਿਓਂ ਸਹੀਓ ! ਕੋਈ ਸਵਾਦ ਸਜਨ ਨੇ
ਛੁਹ ਸਾਡੀ ਦਾ ਬੀ ਚਖਿਆ ?

9. ਉਡਾਰੂ ਪ੍ਰੀਤਮ ਨੂੰ ਅਥਰੂ

ਨੈਣਾਂ ਦੇ ਵਿਚ ਰੂੰ ਨ ਸੁਖਾਵੇ,
ਅਸੀਂ ਨੈਣਾਂ ਵਾਸ ਵਸਾਏ,
ਤੁਸੀਂ ਸੁਖਾਏ ਸਾਥੋਂ ਬਹੁਤੇ-
'ਅਖ-ਪੁਤਲੀ' ਨੇ ਅੰਕ ਸਮਾਏ ?
ਤੁਸੀਂ ਉਡਾਰ ਟਿਕ ਬਹੋ ਨ ਪੁਤਲੀ,
ਜਿਉਂ ਪੰਛੀ ਆਲ੍ਹਣਯੋਂ ਉੱਡੇ :-
ਨੈਣਾਂ ਨੇ ਅਸੀਂ ਮਗਰ ਤੁਸਾਡੇ
ਹੁਣ ਢੂੰਡਣ ਬਾਹਰ ਘਲਾਏ ।

10. ਫੁਹਾਰਾ

ਮੂੰਹ ਅੱਡੀ ਅਰਸ਼ਾਂ ਵਲ ਤਕੀਏ
(ਇਕ) ਬੂੰਦ ਨ ਕੋਈ ਪਾਵੇ,
ਜਦੋਂ ਅਸਾਂ ਵਿਚ ਆ ਗਿਆ ਕੋਈ
ਆ ਉਹ ਛਹਿਬਰ ਲਾਵੇ,-
ਤਦੋਂ ਅਸੀਂ ਹੋ ਦਾਤੇ ਵਸੀਏ
ਠੰਢ ਸੁਹਾਵਾਂ ਵਾਲੇ,-
ਕਿਧਰੋਂ, ਕੌਣ, ਕਦੋਂ, ਦਸ ਸਖੀਏ !
ਕਿਤ ਗੁਣ ਉਹ ਕੋਈ ਆਵੇ ?

11. ਪ੍ਰੀਤਮ ਛੁਹ

ਤੁਸਾਂ ਤੋੜਿਆ ਅਸੀਂ ਟੁਟ ਪਏ
ਵਿਛੁੜ ਗਏ ਸਾਂ ਡਾਲੋਂ,
ਤੁਸਾਂ ਸੁੰਘ ਸੀਨੇ ਲਾ ਸਟਿਆ
ਵਿਛੁੜ ਗਏ ਤੁਸਾਂ ਨਾਲੋਂ,
ਪੈਰਾਂ ਹੇਠ ਲਿਤਾੜ ਲੰਘਾਊਆਂ
ਕੀਤਾ ਖੰਭੜੀ ਖੰਭੜੀ,
ਪਰ ਸ਼ੁਕਰਾਨਾ 'ਛੁਹ ਤੁਹਾਡੀ' ਦਾ
ਅਜੇ ਨ ਭੁਲਦਾ ਸਾਨੋਂ ।

12. ਨਿਤ ਅਰਜ਼ੋਈ

ਤੁਸਾਂ ਛੇੜਿਆ, ਅਸੀਂ ਛਿੜ ਪਏ
ਬੀਨ ਜਿਵੇਂ ਸੁਰ ਹੋਈ,
ਛੋੜਯਾ ਤੁਸਾਂ ਅਸਾਂ ਚੁਪ ਕੀਤੀ
ਗੁੰਗਾ ਹੋ ਜਿਉਂ ਕੋਈ :-
ਹੱਥ ਤੁਸਾਡੇ ਜਾਦੂ ਵਸਦਾ,
ਛੁਹਿਆਂ ਜੀਉ ਜੀਉ ਪਈਏ :-
'ਸ਼ਾਲਾ ! ਕਦੇ ਵਿਛੋੜ ਨ ਸਾਨੂੰ',
ਨਿਤ ਨਿਤ ਇਹ ਅਰਜ਼ੋਈ !

13. 'ਕਵਿ ਰੰਗ' ਸੁੰਦਰਤਾ

ਅਰਥਾਤ ਉਹ 'ਉਚ ਸੁੰਦਰਤਾ ਦੀ ਪ੍ਰਤੀਤੀ' ਜਿਸਦੇ
ਆਵੇਸ਼ ਵਿਚ ਕਵੀ ਤੋਂ ਉੱਚ ਕਾਵਯ ਪ੍ਰਕਾਸ਼ਦਾ ਹੈ ।

ਕਵਿਤਾ ਦੀ ਸੁੰਦਰਤਾਈ ਉੱਚੇ ਨਛੱਤ੍ਰੀਂ ਵਸਦੀ,
ਅਪਣੇ ਸੰਗੀਤ ਲਹਿਰੇ ਅਪਣੇ ਪ੍ਰਕਾਸ਼ ਲਸਦੀ
ਇਕ ਸ਼ਾਮ ਨੂੰ ਏ ਓਥੋਂ ਹੇਠਾਂ ਪਲਮਦੀ ਆਈ,
ਰਸ ਰੰਗ ਨਾਲ ਕੰਬਦੀ ਸੰਗੀਤ ਥਰਥਰਾਈ,-
ਜਿਉਂ ਤ੍ਰੇਲ ਤਾਰ ਪ੍ਰੋਤੀ ਜਿਉਂ ਆਬ ਮੋਤੀਆਂ ਦੀ
ਨਜ਼ਰਾਂ ਦੀ ਤਾਰ ਪ੍ਰੋਤੀ ਨਾਜ਼ਕ, ਸੁਬਕ ਸੁਹਾਈ,
ਕੋਮਲ ਗਲੇ ਦੀ ਸੁਰ ਜਿਉਂ ਝੁਨਕਾਰ ਸਾਜ਼ ਦੀ ਜਿਉਂ
ਝਰਨਾਟ ਰੂਪ ਵਾਲੀ ਤਾਰੇ ਡਲ੍ਹਕ ਜਿਉਂ ਛਾਈ ।
ਜਿਉਂ ਮੀਂਡ ਥਰਕੇ ਖਿਚਿਆਂ ਖਿਚ ਖਾ ਮੈਂ ਰੂਹ ਜੋ ਕੰਬੀ,
ਹੁਸਨਾਂ ਦੇ ਰੰਗ ਲਹਿਰੇ ਰਸ ਝੂਮ ਇਕ ਝੁਮਾਈ,
ਪੰਛੀ ਉਡਾਰ ਵਾਂਙੂ ਆਪੇ ਦੇ ਖੰਭ ਫੜਕੇ
ਇਕ ਸਰੂਰ ਸਿਰ ਨੂੰ ਆਯਾ ਇਕ ਤਾਰ ਸਿਰ ਝੁਮਾਈ ।
ਪੁਛਯਾ ਅਸਾਂ: 'ਹੇ ਸੁਹਣੀ ਤੂੰ ਆਪ ਸੁੰਦਰਤਾ ਹੈਂ,
ਹੀਰੇ ਜੁਆਹਰ ਵਾਂਙੂ ਟਿਕਦੀ ਹੈਂ ਕਿਉਂ ਤੂੰ ਨਾਹੀਂ ?
ਪਰਬਤ ਖੜੇ ਸੁਹਾਵੇ ਝੀਲਾਂ ਤੇ ਬਨ ਸਮੁੰਦਰ
ਕਾਯਮ ਇਨ੍ਹਾਂ ਦੀ ਸ਼ੋਭਾ ਦਾਯਮ ਰਹੇ ਹੈ ਛਾਈ ।'
ਬੋਲੀ ਓ ਥਰਰਾਂਦੀ ਲਰਜ਼ੇ ਵਜੂਦ ਵਾਲੀ :-
'ਬਿਜਲੀ ਦੀ ਕੂੰਦ ਦਸ ਤੂੰ ਟਿਕਦੀ ਕਿਵੇਂ ਟਿਕਾਈ ?
ਲਸ ਦੇਕੇ ਕਿਰਨ ਸੂਰਜ ਲਰਜ਼ੇ ਦੇ ਦੇਸ਼ ਜਾਵੇ,
ਸੁਰ ਰਾਗ ਦੀ ਥਰਾਂਦੀ ਕਿਸਨੇ ਹੈ ਬੰਨ੍ਹ ਬਹਾਈ ?
ਉਲਕਾ ਅਕਾਸ਼ ਲਿਸ਼ਕੇ ਚਮਕਾਰ ਮਾਰ ਖਿਸਕੇ
ਜੁੱਸਾ ਧਨੁਖ ਅਕਾਸ਼ੀ ਕਿਸਨੇ ਟਿਕਾ ਲਿਆ ਈ ?
ਚੰਦੋਂ ਰਿਸ਼ਮ ਜੁ ਤਿਲਕੇ ਤਾਰਯੋਂ ਜੁ ਡਲ੍ਹਕ ਪਲਮੇਂ
ਦੇ ਕੇ ਮਟੱਕਾ ਖਿਸਕੇ ਟਿਕਦੀ ਨਜ਼ਰ ਨ ਆਈ ?
ਚਾਤ੍ਰਿਕ ਦੀ ਪਯਾਰ ਚਿਤਵਨ ਕੋਇਲ ਦੀ ਕੂਕ ਕੁਹਣੀ
ਗਮਕਾਰ ਦੇ ਨਸਾਵੇ,- ਕਾਬੂ ਕਦੋਂ ਹੈ ਆਈ ?
ਲਰਜ਼ਾ ਵਤਨ ਜਿਨ੍ਹਾਂ ਦਾ ਲਰਜ਼ਾ ਵਜ਼ੂਦ ਉਨ੍ਹਾਂ ਦਾ
ਚੱਕ੍ਰ ਅਨੰਤ ਅਟਿਕਵੇਂ ਓਹਨਾਂ ਦੀ ਚਾਲ ਪਾਈ,
ਵਿੱਥਾਂ ਅਮਿਣਵੀਆਂ ਵਿਚ ਸਿਰ ਚੀਰਦੇ ਥਰਾਂਦੇ
ਜਾਂਦੇ ਅਨੰਤ ਚਾਲੀਂ ਚਮਕਾਂ ਦੇ ਹਨ ਓ ਸਾਈਂ ।
ਚਮਕਾਰ ਰੰਗ ਦੇਣਾ, ਰਸ ਝੂਮ ਵਿਚ ਝੁਮਾਣਾਂ,
ਇਕ ਜਿੰਦ-ਛੋਹ ਲਾਣੀ ਅਟਕਣ ਨਹੀਂ ਕਿਥਾਈਂ ।
ਲਰਜ਼ਾ ਵਤਨ ਜਿਨ੍ਹਾਂ ਦਾ ਲਰਜ਼ਾ ਵਜ਼ੂਦ ਉਨ੍ਹਾਂ ਦਾ
ਰੇਖਾ ਅਨੰਤ ਅਟਿਕਵੀਂ 'ਲਰਜ਼ੇ' ਦੇ ਮੱਥੇ ਪਾਈ !'

14. ਛੁਹ ਗ਼ੈਰੀ

'ਗ਼ੈਰ ਹੱਥ ਨੇ ਕਿਉਂ ਇਹ ਸਿਹਰਾ
ਹਾਇ, ਆਣ ਮਿਰੇ ਗਲ ਪਾਇਆ ?
'ਛੁਹ ਗ਼ੈਰੀ' ਜਿਉਂ ਵਿਸ ਫਨੀਅਰ ਦੀ,
ਇਸ ਅੱਗ ਭਬੂਕਾ ਲਾਇਆ ।
ਕਰਮੋ ਵੇ ! ਇਹ ਤੋੜਾਂ ਸਿਹਰਾ
ਅਤੇ ਭੱਠੀ ਦੇ ਵਿਚ ਫੂਕਾਂ,
ਛੁਹ ਉਤਰੇ ਮਨ ਠਉਰੇ ਆਵੇ :
ਰਹੇ ਸੱਜਣ ਨੈਣ ਸਮਾਇਆ !

15. ਕੋਈ ਹਰਿਆ ਬੂਟ ਰਹਿਓ ਰੀ

ਮੀਂਹ ਪੈ ਹਟਿਆਂ ਤਾਰ ਨਾਲ ਇਕ
ਤੁਪਕਾ ਸੀ ਲਟਕੰਦਾ,
ਡਿਗਦਾ ਜਾਪੇ ਪਰ ਨ ਡਿੱਗੇ
ਪੁਛਿਆਂ ਰੋਇ ਸੁਣੰਦਾ :
'ਅਰਸ਼ਾਂ ਤੋਂ ਲੱਖਾਂ ਹੀ ਸਾਥੀ
ਕੱਠੇ ਹੋ ਸਾਂ ਆਏ,
'ਕਿਤ ਵਲ ਲੋਪ ਯਾਰ ਓ ਹੋਏ
ਮੈਂ ਲਾ ਨੀਝ ਤਕੰਦਾ ।'

16. ਫੁੱਲ ਤੇ ਯੋਗੀ

ਖਿੜੇ ਫੁੱਲ ਨੂੰ ਧਯਾਨੀ ਸੀ ਇਕ
ਧਯਾਨ ਨਾਲ ਪਯਾ ਭਰਦਾ,
ਅਸਾਂ ਪੁੱਛਿਆ, "ਜੁੜੇ ਮਨਾਂ ! ਤੂੰ,
ਕਿਉਂ ਪਯਾ ਇਸਤੇ ਮਰਦਾ ?"
ਕਹਿਣ ਲਗਾ : "ਮੈਂ ਸੁਣਨੀਆਂ ਚਾਹਾਂ
ਇਸ ਦੇ ਦਿਲ ਦੀਆਂ ਗੱਲਾਂ,
ਇਸ ਲਈ ਇਸ ਨੂੰ ਜੀਭ ਲਾਣ ਦਾ
ਜਤਨ ਪਿਆ ਹਾਂ ਕਰਦਾ ।"

ਯੋਗੀ ਧਯਾਨ ਧਰੇਂਦਾ ਹੁੱਟਾ
ਪਰ ਫੁੱਲ ਜੀਭ ਨ ਪਾਈ,
'ਜੀਭ-ਚੁੱਪ' ਤਾਂ ਬੋਲ ਰਹੀ ਸੀ
ਜੋਗੀ ਨੂੰ ਨ ਦਿਸਾਈ ।
ਕੂਕ ਕੂਕ ਸੋਹਣਾ ਪਯਾ ਆਖੇ :
"ਤਨ ਮਨ ਮੇਰਾ ਖੇੜਾ,
ਖਿੜਨ ਖਿੜਾਵਨ ਬਾਝੋਂ ਸਾਨੂੰ,
ਹੋਰ ਸੁਰਤ ਨਹਿਂ ਕਾਈ ।"

17. ਕੰਡੇ

ਫੁਲ ਗੁਲਾਬ ਤੋਂ ਕਿਸੇ ਪੁਛਿਆ:
'ਅਵੇ ਕੋਮਲਤਾ ਦੇ ਸਾਈਂ !
ਇਸ ਸੁਹਣਪ, ਇਸ ਸੁਹਲ ਸੁਹਜ ਨੂੰ
ਹੈ ਕਿਉਂ ਕੰਡਿਆਂ ਬਜ ਲਾਈ ?'
ਮਸਤ ਅਲਸਤੀ ਸੁਰ ਵਿਚ ਸੋਹਣੇ
ਹਸ ਕਿਹਾ: 'ਖਬਰ ਨਹੀਂ ਮੈਨੂੰ,
-ਤੋੜ ਨਹੀਂ- ਦੀ ਫੱਟੀ ਭਾਵੇਂ
ਮੇਰੇ ਮੌਲਾ ਨੇ ਲਿਖ ਲਾਈ ।'

18. ਸ਼ਿਕਾਰਾ ਡਲ ਨੂੰ

ਅਸੀਂ ਸ਼ਿਕਾਰੇ ਹੋ ਗਏ ਤੇਰੇ
(ਪਰ) ਬਿਨ ਚੱਪੇ ਬਿਨ ਹਾਂਝੀ
ਕੋਈ ਠਉਰ ਨ ਥਿੱਤਾ ਸਾਡਾ
'ਮੈਂ' ਤੋਂ 'ਮੈਂ' ਗਈ ਵਾਂਞੀ,
ਵੇਗ ਵਾਉ ਦੇ ਲਈ ਫਿਰ ਰਹੇ
ਏਧਰ, ਓਧਰ ਗੱਭੇ
ਪਰ 'ਰਸਦਾਤੀ ਛੁਹ' ਤੁਹਾਡੀ ਦੇ
ਰਸੀਏ ਹੋ ਗਏ ਹਾਂ ਜੀ ।

(ਹਾਂਝੀ=ਮਾਂਝੀ,ਮਲਾਹ)

19. ਕੰਬਦੀ ਕਲਾਈ

ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ
ਅਸਾਂ ਧਾ ਗਲਵਕੜੀ ਪਾਈ
ਨਿਰਾ ਨੂਰ ਤੁਸੀਂ ਹੱਥ ਨ ਆਏ
ਸਾਡੀ ਕੰਬਦੀ ਰਹੀ ਕਲਾਈ,

ਧਾ ਚਰਨਾਂ ਤੇ ਸ਼ੀਸ਼ ਨਿਵਾਇਆ
ਸਾਡੇ ਮੱਥੇ ਛੋਹ ਨ ਪਾਈ,
ਤੁਸੀਂ ਉੱਚੇ ਅਸੀਂ ਨੀਵੇਂ ਸਾਂ
ਸਾਡੀ ਪੇਸ਼ ਨ ਗਈਆ ਕਾਈ,

ਫਿਰ ਲੜ ਫੜਨੇ ਨੂੰ ਉੱਠ ਦਉੜੇ
ਪਰ ਲੜ ਉਹ 'ਬਿਜਲੀ ਲਹਿਰਾ'
ਉਡਦਾ ਜਾਂਦਾ, ਪਰ ਉਹ ਅਪਣੀ
ਛੁਹ ਸਾਨੂੰ ਗਯਾ ਲਾਈ:
ਮਿੱਟੀ ਚਮਕ ਪਈ ਇਹ ਮੋਈ
ਤੇ ਤੁਸੀਂ ਲੂੰਆਂ ਵਿਚ ਲਿਸ਼ਕੇ,-
ਬਿਜਲੀ ਕੂੰਦ ਗਈ ਥਰਰਾਂਦੀ
ਹੁਣ ਚਕਾਚੂੰਧ ਹੈ ਛਾਈ ।

ਭਾਗ ਦੂਜਾ: ਪੱਥਰ ਕੰਬਣੀਆਂ

20. ਅਵਾਂਤੀ ਪੁਰੇ ਦੇ ਖੰਡਰ

ਅਵਾਂਤੀਪੁਰਾ ਕੀ ਰਹਿ ਗਿਆ ਬਾਕੀ
ਦੋ ਮੰਦਰਾਂ ਦੇ ਢੇਰ,
ਬੀਤ ਚੁਕੀ ਸਭਯਤਾ ਦੇ ਖੰਡਰ
ਦਸਦੇ ਸਮੇਂ ਦੇ ਫੇਰ,
ਸਾਖੀ ਭਰ ਰਹੇ ਓਸ ਅੱਖ ਦੀ
ਜਿਸ ਵਿਚ ਮੋਤੀਆਬਿੰਦ
ਹੁਨਰ ਪਛਾਣਨ ਵਲੋਂ ਛਾਇਆ
ਗੁਣ ਦੀ ਰਹੀ ਨ ਜਿੰਦ ।
'ਜੋਸ਼ ਮਜ੍ਹਬ' ਤੇ 'ਕਦਰ-ਹੁਨਰ' ਦੀ
ਰਹੀ ਨ ਠੀਕ ਤਮੀਜ਼,
ਰਾਜ਼ੀ ਕਰਦੇ ਹੋਰਾਂ ਤਾਈਂ
ਆਪੂੰ ਬਣੇ ਮਰੀਜ਼ ।
ਬੁਤ ਪੂਜਾ ? 'ਬੁਤ' ਫੇਰ ਹੋ ਪਏ
'ਹੁਨਰ' ਨ ਪਰਤਯਾ ਹਾਇ !
ਮਰ ਮਰ ਕੇ 'ਬੁਤ' ਫੇਰ ਉਗਮ ਪਏ
ਗੁਣ ਨੂੰ ਕੌਣ ਜਿਵਾਇ ?

21. ਮੰਦਰ ਮਾਰਤੰਡ ਦੇ ਖੰਡਰ

ਮਾਰ ਪਈ ਜਦ ਮਾਰਤੰਡ ਨੂੰ
ਪੱਥਰ ਰੋ ਕੁਰਲਾਣੇ :-
'ਪੱਥਰ ਤੋੜੇਂ ? ਦਿਲ ਪਏ ਟੁਟਦੇ !
-ਦਿਲ ਕਾਬਾ ਰੱਬਾਣੇ-
ਲਾਇਂ ਹਥੌੜਾ ਸਾਨੂੰ ? ਪਰ ਤਕ !
-ਸੱਟ ਪਏ "ਰੱਬ-ਘਰ" ਨੂੰ
ਘਟ ਘਟ ਦੇ ਵਿਚ ਵਸਦਾ ਜਿਹੜਾ !-
ਤੂੰ ਕਿਨੂੰ ਰੱਬ ਸਿੰਞਾਣੇ ?'

22. ਕੰਬਦੇ ਪੱਥਰ

ਮਾਰਤੰਡ ਨੂੰ ਮਾਰ ਪਿਆਂ
'ਹੋਈ ਮੁੱਦਤ' ਕਹਿੰਦੀ ਲੋਈ,
ਪਰ ਕੰਬਣੀ ਪੱਥਰਾਂ ਵਿਚ ਹੁਣ ਤਕ
ਸਾਨੂੰ ਸੀ ਸਹੀ ਹੋਈ:
'ਹਾਇ ਹੁਨਰ ਤੇ ਹਾਇ ਵਿਦਯਾ
ਹਾਇ ਦੇਸ਼ ਦੀ ਹਾਲਤ !
ਹਾਇ ਹਿੰਦ ਫਲ ਫਾੜੀਆਂ ਵਾਲੇ !'
ਹਰ ਸ਼ਿਲ ਕਹਿੰਦੀ ਰੋਈ ।

ਭਾਗ ਤੀਜਾ: ਕਸ਼ਮੀਰ ਨਜ਼ਾਰੇ

23. ਭਾਗਭਰੀ ਦੇ ਦਰਸ਼ਨਾਂ ਪਰ

ਜਿਸ ਕਿਣਕੇ ਬੰਦ ਹੋਈਆਂ ਤੇਰੀਆਂ
ਰੌਸ਼ਨ ਚਸ਼ਮਾਂ ਰਹੀਆਂ,
ਜਿਸ ਕਿਣਕੇ ਹੋ ਬੁੱਢੀ ਠੇਰੀ
ਰਹੀ ਜਵਾਨੀ ਚੜ੍ਹੀਆਂ,
ਜਿਸ ਕਿਣਕੇ ਪ੍ਰਭੁ ਜੀ ਖਿਚ ਲੀਤੇ
ਸੁਧਾਸਰੋਂ ਚਲਿ ਆਏ,-
ਉਸ 'ਅਨੰਤ ਕਿਣਕੇ' ਦੀ ਚਹਿਯੇ
ਅਜ ਕੁਛ ਵੰਡ ਵੰਡਈਆਂ ।

24. ਟੁਕੜੀ ਜਗ ਤੋਂ ਨਯਾਰੀ

ਅਰਸ਼ਾਂ ਦੇ ਵਿਚ 'ਕੁਦਰਤ ਦੇਵੀ'
ਸਾਨੂੰ 'ਨਜ਼ਰੀਂ' ਆਈ,
'ਹੁਸਨ-ਮੰਡਲ' ਵਿਚ ਖੜੀ ਖੇਡਦੀ
ਖੁਸ਼ੀਆਂ ਛਹਿਬਰ ਲਾਈ ।

ਦੌੜੀ ਨੇ ਇਕ ਮੁਠ ਭਰ ਲੀਤੀ
ਇਸ ਵਿਚ ਕੀ ਕੀ ਆਇਆ :-
ਪਰਬਤ, ਟਿੱਬੇ ਅਤੇ ਕਰੇਵੇ
ਵਿਚ ਮੈਦਾਨ ਸੁਹਾਇਆ,

ਚਸ਼ਮੇ, ਨਾਲੇ, ਨਦੀਆਂ, ਝੀਲਾਂ
ਨਿੱਕੇ ਜਿਵੇਂ ਸਮੁੰਦਰ,
ਠੰਢੀਆਂ ਛਾਵਾਂ, ਮਿੱਠੀਆਂ ਹਵਾਵਾਂ,
ਬਨ ਬਾਗ਼ਾਂ ਜਿਹੇ ਸੁੰਦਰ,

ਬਰਫਾਂ, ਮੀਂਹ, ਧੁੱਪਾਂ ਤੇ ਬੱਦਲ
ਰੁੱਤਾਂ ਮੇਵੇ ਪਯਾਰੇ,
ਅਰਸ਼ੀ ਨਾਲ ਨਜ਼ਾਰੇ ਆਏ
ਉਸ ਮੁੱਠੀ ਵਿਚ ਸਾਰੇ ।

ਸੁਹਣੀ ਨੇ ਅਸਮਾਨ ਖੜੋਕੇ
ਧਰਤੀ ਵੱਲ ਤਕਾ ਕੇ,
ਇਹ ਮੁੱਠੀ ਖੁਹਲੀ ਤੇ ਸੁਟਿਆ
ਸਭ ਕੁਝ ਹੇਠ ਤਕਾ ਕੇ ।

ਜਿਸ ਥਾਵੇਂ ਧਰਤੀ ਤੇ ਆਕੇ
ਇਹ ਮੁਠ ਡਿੱਗੀ ਸਾਰੀ-
ਓਸ ਥਾਉਂ 'ਕਸ਼ਮੀਰ' ਬਣ ਗਿਆ
ਟੁਕੜੀ ਜਗ ਤੋਂ ਨਯਾਰੀ ।

ਹੈ ਧਰਤੀ ਪਰ 'ਛੁਹ ਅਸਮਾਨੀ'
ਸੁੰਦਰਤਾ ਵਿਚ ਲਿਸ਼ਕੇ,
ਧਰਤੀ ਦੇ ਰਸ, ਸਵਾਦ, ਨਜ਼ਾਰੇ,
'ਰਮਜ਼ ਅਰਸ਼' ਦੀ ਕਸਕੇ ।

(ਕਰੇਵੇ=ਉੱਚੇ ਟਿੱਬੇ)

25. ਡੱਲ
ਸ਼੍ਰੀ ਨਗਰ ਦੀ ਝੀਲ

ਨੀਵੇਂ ਲੁਕਵੇਂ ਥਾਇਂ
ਕੁਦਰਤ ਬਾਗ਼ ਲਗਾਇਆ,
ਉੱਤੇ ਪਾਣੀ ਪਾਇ
ਅਪਣੀ ਵੱਲੋਂ ਕੱਜਿਆ,
ਪਰਦਾ ਪਾਣੀ ਪਾੜ
-ਸੁੰਦਰਤਾ ਨ ਲੁਕ ਸਕੀ,-
ਰੂਪ ਸਵਾਇਆ ਚਾੜ੍ਹ
ਨਿਖਰ ਸੰਵਰ ਸਿਰ ਕੱਢਿਆ,
ਤਖਤਾ ਪਾਣੀ ਸਾਫ਼
ਵਿਛਿਆ ਹੋਇਆ ਜਾਪਦਾ,
ਪਰੀਆਂ ਜਿਉਂ ਕੋਹਕਾਫ
ਕਵਲਾਂ ਦਾ ਵਿਚ ਨਾਚ ਹੈ ।

26. ਨਸੀਮ ਬਾਗ਼

ਜਿਉਂ ਮਾਵਾਂ ਤਿਉਂ ਠੰਢੀਆਂ ਛਾਵਾਂ
ਅਸਾਂ ਤੁਧੇ ਦੀਆਂ ਡਿਠੀਆਂ,
ਠੰਢੀ ਪਯਾਰੀ ਗੋਦ ਤੁਧੇ ਦੀ
ਛਾਵਾਂ ਮਿਠੀਆਂ ਮਿਠੀਆਂ ।
ਮਾਂ ਨੂੰ ਆਪਣਾ ਬਾਲ ਪਿਆਰਾ
ਤੈਨੂੰ ਸਭ ਕੁਈ ਪਯਾਰਾ,
ਜੋ ਆਵੇ ਉਸ ਲਾਡ ਲਡਾਵੇਂ
ਠਾਰੇਂ ਜਿੰਦੀਆਂ ਲੁਠੀਆਂ ।

27. ਸ਼ਾਲਾਮਾਰ

ਜੋਗੀ ਖੜੇ ਚਨਾਰ, ਸ਼ਾਂਤੀ ਵਸ ਰਹੀ,
ਨਹਿਰ ਵਹੇ ਵਿਚਕਾਰ ਬ੍ਰਿਤੀ ਪਰਵਾਹ ਜਿਉਂ ।
ਹਰਿਆ ਭਰਿਆ ਵੰਨ ਮਖ਼ਮਲ ਘਾਹ ਦਾ,
ਛਾਇ ਸਹਿਜ ਦਾ ਰੰਗ ਸ਼ਾਂਤਿ ਏਕਾਂਤ ਹੈ ।
ਫਿਰ ਆਈ ਆਬਸ਼ਾਰ ਪਾਣੀ ਢਹਿ ਪਿਆ
ਅਲਾਪ ਸੰਗੀਤ ਉਚਾਰ ਮਨ ਨੂੰ ਮੋਹ ਰਿਹਾ;
ਰੰਗ ਬਲੌਰੀ ਵੰਨ ਡਿਗਦੇ ਦਾ ਲਸੇ,
ਫਿਰ ਕੁਝ ਕਦਮਾਂ ਲੰਘ ਹੇਠਾਂ ਜਾਂਵਦਾ,-
ਵਿਚ ਫੁਹਾਰਿਆਂ ਜਾਇ ਉੱਪਰ ਆਂਵਦਾ
ਕਲਾ-ਬਾਜ਼ੀਆਂ ਲਾਇ ਉਛਲੇ ਖੇਡਦਾ;
ਲਾਵੇ ਡਾਢਾ ਜ਼ੋਰ ਪਹਿਲ ਉਚਾਣ ਨੂੰ
ਪਹੁੰਚਾਂ ਮਾਰ ਉਛਾਲ ਪਰ 'ਖਿਚ' ਰੋਕਦੀ ।
ਉੱਚਾ ਜਾਂਦਾ 'ਖਿੱਚ' ਫਿਰ ਲੈ ਡੇਗਦੀ,
ਉਛਲ ਗਿਰਨ ਦਾ ਨਾਚ ਹੈਵੇ ਹੋ ਰਿਹਾ ।
ਵਿੱਚ ਵਿਚਾਲ ਅਜੀਬ ਬਾਰਾਂ-ਦਰੀ ਹੈ,
ਸ਼ਾਮ ਰੰਗ ਦਾ ਸੰਗ ਜਿਸਤੋਂ ਬਣੀ ਹੈ ।
ਇਸ ਦੇ ਚਾਰ ਚੁਫੇਰ ਪਾਣੀ ਖੇਡਦਾ;
ਉਠਣ ਡਿਗਣ ਦਾ ਨਾਚ ਨਾਲੇ ਰਾਗ ਹੈ,
ਮਾਨੋਂ ਸਾਵਨ ਮੀਂਹ ਹੈਵੇ ਪੈ ਰਿਹਾ ।
ਓ ਅਸਮਾਨੋਂ ਡਿੱਗ ਹੇਠਾਂ ਆਂਵਦਾ,
ਇਹ ਹੇਠੋਂ ਰਾਹ ਪਾੜ ਉਛਲ ਵੱਸਦਾ ।
ਇਸ ਦੀ ਧੁਨਿ ਸੰਗੀਤ ਚਮਕ ਸੁਹਾਵਣੀ,
ਬੈਠਿਆਂ ਇਸ ਵਿਚਕਾਰ ਝੂਟੇ ਦੇਂਵਦੀ,
ਕੁਦਰਤ ਮਾਨੋਂ ਆਪ ਨਚ ਰਹੀ ਨਾਚ ਹੈ ।
ਇਹ ਰੰਗ ਰਾਗ ਅਪਾਰ ਦਸ ਕੇ ਨੀਰ ਜੀ,
ਫਿਰ ਅੱਗੇ ਨੂੰ ਜਾਇ ਹੇਠਾਂ ਤਿਲਕਦੇ ।

28. ਚਸ਼ਮਾ ਸ਼ਾਹੀ

ਵਿਚ ਹਨੇਰੇ ਘੋਪ ਰੱਖਿਆ,
ਪਰਬਤ ਭਾਰ ਦਬਾਇਆ,
ਫਿਰ ਬੀ ਵਰਜਯਾ ਰਿਹਾ ਨ ਸੋਹਣਾ
ਚੀਰ ਪੱਥਰਾਂ ਆਇਆ,
ਉੱਮਲ ਉੱਮਲ ਪਵੇ ਮਿਲਣ ਨੂੰ :-
ਮਿਲਿਆਂ ਦੇਇ ਹਯਾਤੀ :
ਬੇਪਰਵਾਹ ਲੁਟਾਵੇ ਆਪਾ,
ਲੁਟਿ ਲੁਟਿ, ਭਰ ਭਰ ਆਇਆ ।

29. ਛੰਭ ਹਾਰਵਨ

ਛੰਭ ਹਾਰਵਨ ਲਹਿ ਲਹਿ ਕਰਦਾ
ਪਰਬਤ ਕੁੱਛੜ ਚਾਇਆ,-
ਕੀਹ ਤੂੰ ਸਚ ਮੁਚ ਪਾਣੀ ਹੈਂ
ਯਾ ਨੈਣਾਂ ਦੀ ਇਕ ਮਾਇਆ ?
ਯਾ ਕਿ ਫਰਸ਼ ਜ਼ਮੁੱਰਦ ਉੱਤੇ
ਨੀਰ ਬਲੌਰੀ ਆਇਆ ?
ਯਾ ਇਕ ਝੁੰਡ ਸਬਜ਼ ਪਰੀਆਂ ਦਾ
ਵਿਚ ਅਸਮਾਨਾਂ ਛਾਇਆ,-
ਨੀਰ ਬਲੌਰੀ ਉਨ੍ਹਾਂ ਸਮਝਿਆ
ਸ਼ੀਸ਼ਾ ਕਿਸੇ ਵਿਛਾਇਆ,
ਜੋਬਨ ਅਪਣਾ ਉਂਮਡ ਉਂਮਡ ਵਿਚ
ਇਸ ਦੇ ਚਹਿਣ ਤਕਾਇਆ,-
ਪਰਤੋ ਸਬਜ਼ ਉਨ੍ਹਾਂ ਦਾ ਇਸ ਵਿਚ
ਦੇਂਦਾ ਸਾਵੀ ਛਾਇਆ ?
ਯਾ ਪੰਨੇ ਨੇ ਪੰਘਰ ਖਾਧੀ
ਬਰਫ ਵਾਂਗ ਢਲ ਆਇਆ ?
ਪੰਨਾ ਹੋ ਪਾਣੀ ਹੈ ਭਰਿਆ
ਪਲਟ ਆਪਣੀ ਕਾਂਇਆ ?
ਯਾ ਪਰਛਾਵਾਂ ਹਰੇ ਰੰਗ ਦਾ
ਪੀਂਘ ਅਕਾਸ਼ੀ ਪਾਇਆ ?
ਯਾ 'ਹਰਿਆਵਲ ਕੁਦਰਤ' ਨੇ ਇਕ
ਤੈਂ ਵਿਚ ਰਾਜ਼ ਛੁਪਾਇਆ,
ਜੀਅ ਜੰਤ ਨੂੰ ਹਰੇ ਕਰਨ ਦਾ
ਇਹ ਹੈ ਇਕ ਕਨਾਇਆ ?
ਭਾਵੇਂ ਕੁਛ ਹੈ ਨੀਰ ਹਾਰਵਨ
ਜਦ ਤੂੰ ਨਜ਼ਰੀਂ ਆਇਆ,
ਧਾ ਸਰੂਰ ਅੱਖਾਂ ਵਿਚ ਵੜਿਆ
ਆਪਾ ਝੂਮ ਝੁਮਾਇਆ ।

(ਰਾਜ਼=ਭੇਤ, ਕਨਾਇਆ=ਸੈਨਤ)

30. ਨਿਸ਼ਾਤ ਬਾਗ਼

ਡਲ ਦੇ ਸਿਰ ਸਿਰਤਾਜ
ਖੜਾ ਨਿਸ਼ਾਤ ਤੂੰ,
ਪਰਬਤ ਗੋਦੀ ਵਿੱਚ
ਤੂੰ ਹੈਂ ਲੇਟਿਆ ।
ਟਿੱਲੇ ਪਹਿਰੇ-ਦਾਰ
ਪਿੱਛੇ ਖੜੇ ਹਨ,
ਅੱਗੇ ਹੈ ਦਰਬਾਰ
ਡਲ ਦਾ ਵਿੱਛਿਆ ।
ਸੱਜੇ ਖੱਬੇ ਰਾਹ
ਸੁਫੈਦੇ ਵੇੜ੍ਹਿਆ,
ਦਿਸਦੀ ਖੜੀ ਸਿਪਾਹ
ਜਯੋਂ ਚੁਬਦਾਰ ਹਨ ।

31. ਬੀਜ ਬਿਹਾੜੇ ਦੇ ਬੁੱਢੇ ਚਨਾਰ ਨੂੰ

ਸਦੀਆਂ ਦੇ ਹੇ ਬੁੱਢੇ ਬਾਬੇ !
ਕਿਤਨੇ ਗੋਦ ਖਿਡਾਏ ?
ਕਿਤਨੇ ਆਏ ਛਾਵੇਂ ਬੈਠੇ ?
ਕਿਤਨੇ ਪੂਰ ਲੰਘਾਏ ?

32. ਚਸ਼ਮਾਂ-ਅਨੰਤ ਨਾਗ

ਨਿਰਮਲ ਤੇਰਾ ਰੰਗ
ਨਾਉਂ ਅਨੰਤ ਹੈ,
ਗ਼ੈਬੋਂ ਨਿਕਲਯੋਂ ਆਇ
ਵਹਿੰਦਾ ਸਦਾ ਤੂੰ,
ਨਿਰਮਲਤਾ ਦਾ ਦਾਨ
ਦੇਵੇਂ ਠੰਢਿਆਂ,
'ਅਨੰਤ' ਕਾਰਵੇਂ ਯਾਦ
ਅੰਤਾਂ ਵਾਲਿਆਂ ।

33. ਗੰਧਕ ਦਾ ਚਸ਼ਮਾਂ

-ਅਨੰਤ ਨਾਗ ਕੋਲ-

"ਗੰਧਕ ਦੇ ਚਸ਼ਮੇਂ ! ਦੱਸ ਹੇਠੋਂ
ਤੂੰ ਕਯੋਂ ਬਾਹਰ ਆਇਆ ?"
ਵੱਟ ਤੀਊੜੀ ਚਸ਼ਮਾਂ ਆਖੇ :
"ਤਰਸ ਮੇਰੇ ਦਿਲ ਪਾਇਆ,
ਭੁਲਿਆਂ ਨੇ ਹਨ ਰੋਗ ਸਹੇੜੇ
ਮੈਂ ਚਾ ਲਾਵਾਂ ਦਾਰੂ,
'ਅਨੰਤ ਰਹਿਮ' ਪਤਿਤਾਂ ਬੀ ਉੱਤੇ
ਤਰੁਠਦਾ ਧੁਰ ਤੋਂ ਆਇਆ ।"

34. ਇੱਛਾ ਬਲ ਨਾਦ

ਇੱਛਾਬਲ ਜਦ ਨਾਦ ਤਿਰਾ ਆ
ਪਹਿਲਾ ਕੰਨੀਂ ਪੈਂਦਾ,
ਭਰ ਸਰੂਰ ਸਿਰ ਵਿਚ ਇਕ ਜਾਂਦਾ
ਝੂਮ ਇਲਾਹੀ ਲੈਂਦਾ,-
ਹੀਰੇ ਵਰਗੀ ਚਮਕ ਨੀਰ ਦੀ
ਅੱਖਾਂ ਨੂੰ ਮਸਤਾਂਦੀ;
ਬੇਖ਼ੁਦੀਆਂ ਦਾ ਝੂਟਾ ਆਵੇ
ਚੜਿਆ ਹੁਲਾਰਾ ਰਹਿੰਦਾ ।

35. ਇੱਛਾ ਬਲ

ਪਰਬਤ ਗੋਦੋਂ ਨੀਰ ਨਿਕਲਯਾ ਖੇਡਦਾ,
ਚਮਕੇ ਵਾਂਗ ਬਲੌਰ ਜਾਂਦਾ ਦੌੜਦਾ,
ਵਿਚ ਫੁਹਾਰਿਆਂ ਹੋਇ ਛਹਿਬਰ ਲਾਂਵਦਾ,
ਨਹਿਰਾਂ ਦੇ ਵਿਚਕਾਰ ਜਾਂਦਾ ਗਾਂਵਦਾ,
ਬੂਟਯਾਂ ਫੁੱਲਾਂ ਨਾਲ ਕਰਦਾ ਪਯਾਰ ਹੈ ।
ਉਲਟ-ਬਾਜ਼ੀਆਂ ਲਾਇ ਸੁਹਣੇ ਝਰਨਿਓਂ
ਉਛਲੇ ਬਾਗ਼ੋਂ ਬਾਹਰ ਡਿਗਦਾ ਗਾਉਂਦਾ :
ਕਰਦਾ ਨਹੀਂ ਅਰਾਮ ਤੁਰਿਆ ਜਾ ਰਿਹਾ ।

ਪੰਛੀ ਕਈ ਕਲੋਲ ਏਥੇ ਕਰ ਗਏ,
ਸ਼ਾਹਨ-ਸ਼ਾਹ ਅਮੀਰ ਬੋਲੀਆਂ ਪਾ ਗਏ,
ਕੰਗਲੇ ਕਈ ਗ਼ਰੀਬ ਸੁਖ ਆ ਲੈ ਗਏ,
ਨਾ ਟਿਕਿਆ ਏ ਨੀਰ ਆਯਾ ਟੁਰ ਗਿਆ,
ਨਾ ਟਿਕਿਆ ਤਿਰੇ ਤੀਰ ਕੋਇ ਭਿ ਆਇਕੇ ।
ਪਲਕ ਝਲਕ ਦੇ ਮੇਲ ਦੁਨੀਆਂ ਹੋ ਰਹੇ,
ਖੇਲ ਅਖਾੜਾ ਏਹ ਕੂਚ ਮੁਕਾਮ ਹੈ,
ਚੱਲਣ ਦੀ ਇਹ ਥਾਉਂ ਪਲ ਭਰ ਅਟਕਣਾ ।
ਚਲੋ ਚਲੀ ਦੀ ਸੱਦ ਹੈਵੇ ਆ ਰਹੀ,
ਝਲਕੇ ਸੁਹਣੇ ਨੈਂਇ ਦੇਂਦੀ ਜਾ ਰਹੀ ।

36. ਇੱਛਾਬਲ ਦੇ ਚਨਾਰ ਤੇ ਨੂਰ ਜਹਾਂ

-ਕਿਸੇ ਸੁੰਦਰੀ ਦੇ ਹੱਥ ਲਾਉਣ ਤੇ-

ਤੇਰੇ ਜਿਹੀਆਂ ਕਈ ਵੇਰ ਆ
ਹੱਥ ਅਸਾਨੂੰ ਲਾਏ,
ਪਯਾਰ ਲੈਣ ਨੂੰ ਜੀ ਕਰ ਆਵੇ
ਉਛਾਲ ਕਲੇਜਾ ਖਾਏ,-
ਪਰ ਉਹ ਪਯਾਰ ਸੁਆਦ ਨ ਵਸਦਾ
ਹੋਰ ਕਿਸੇ ਹੱਥ ਅੰਦਰ,
ਨੂਰ ਜਹਾਂ ! ਜੋ ਛੁਹ ਤੇਰੀ ਨੇ
ਸਾਨੂੰ ਲਾਡ ਲਡਾਏ ।

37. ਚਸ਼ਮਾ ਇੱਛਾਬਲ ਤੇ ਡੂੰਘੀਆਂ ਸ਼ਾਮਾਂ

ਪ੍ਰਸ਼ਨ-

ਸੰਝ ਹੋਈ ਪਰਛਾਵੇਂ ਛੁਪ ਗਏ
ਕਿਉਂ ਇੱਛਾਬਲ ਤੂੰ ਜਾਰੀ ?
ਨੈਂ ਸਰੋਦ ਕਰ ਰਹੀ ਉਵੇਂ ਹੀ
ਤੇ ਟੁਰਨੋਂ ਵੀ ਨਹਿੰ ਹਾਰੀ,
ਸੈਲਾਨੀ ਤੇ ਪੰਛੀ ਮਾਲੀ
ਹਨ ਸਭ ਅਰਾਮ ਵਿਚ ਆਏ,
ਸਹਿਮ ਸਵਾਦਲਾ ਛਾ ਰਿਹਾ ਸਾਰੇ
ਤੇ ਕੁਦਰਤ ਟਿਕ ਗਈ ਸਾਰੀ ।

ਚਸ਼ਮੇ ਦਾ ਉਤ੍ਰ-

ਸੀਨੇ ਖਿੱਚ ਜਿਨ੍ਹਾਂ ਨੇ ਖਾਧੀ
ਓਹ ਕਰ ਅਰਾਮ ਨਹੀਂ ਬਹਿੰਦੇ ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ
ਓਹ ਦਿਨੇ ਰਾਤ ਪਏ ਵਹਿੰਦੇ ।
ਇਕੋ ਲਗਨ ਲਗੀ ਲਈ ਜਾਂਦੀ
ਹੈ ਟੋਰ ਅਨੰਤ ਉਨ੍ਹਾਂ ਦੀ,-
ਵਸਲੋਂ ਉਰੇ ਮੁਕਾਮ ਨ ਕੋਈ,
ਸੋ ਚਾਲ ਪਏ ਨਿਤ ਰਹਿੰਦੇ ।

38. ਚਸ਼ਮਾਂ-ਕੁੱਕੜ ਨਾਗ

ਲਟਬਉਰਾ ਪਰਬਤ ਦੇ ਕੁੱਖੋਂ
ਤੂੰ ਖੇਡੰਦੜਾ ਆਇਆ,
ਵਾਂਗ ਬਲੌਰ ਚਮਕਦਾ ਸੀਤਲ
ਨੀਰ ਚਮਕਦਾ ਲਯਾਇਆ,
ਗੀਟਿਆਂ ਨਾਲ ਖੇਡਦਾ ਨਚਦਾ
ਬੂਟੀਆਂ ਦੇ ਗਲ ਲਗਦਾ,
ਮਿੱਠਾ ਨਾਦ ਕਰੇਂਦਾ ਜਾਂਦਾ
ਰੌ ਜਿੱਧਰ ਦਾ ਆਇਆ ।

39. ਵੈਰੀ ਨਾਗ ਦਾ ਪਹਿਲਾ ਝਲਕਾ

ਵੈਰੀ ਨਾਗ ! ਤੇਰਾ ਪਹਿਲਾ ਝਲਕਾ
ਜਦ ਅੱਖੀਆਂ ਵਿਚ ਵਜਦਾ,
ਕੁਦਰਤ ਦੇ ਕਾਦਰ ਦਾ ਜਲਵਾ
ਲੈ ਲੈਂਦਾ ਇਕ ਸਿਜਦਾ,
ਰੰਗ ਫੀਰੋਜ਼ੀ, ਝਲਕ ਬਲੌਰੀ,
ਡਲ੍ਹਕ ਮੋਤੀਆਂ ਵਾਲੀ
ਰੂਹ ਵਿਚ ਆ ਆ ਜਜ਼ਬ ਹੋਇ
ਜੀ ਵੇਖ ਵੇਖ ਨਹੀਂ ਰਜਦਾ ।

ਨਾ ਕੁਈ ਨਾਦ ਸਰੋਦ ਸੁਣੀਵੇ
ਫਿਰ 'ਸੰਗੀਤ-ਰਸ' ਛਾਇਆ;
ਚੁੱਪ ਚਾਨ ਪਰ ਰੂਪ ਤਿਰੇ ਵਿਚ
ਕਵਿਤਾ ਰੰਗ ਜਮਾਇਆ,
ਸਰਦ ਸਰਦ ਪਰ ਛੁਹਿਆਂ ਤੈਨੂੰ
ਰੂਹ ਸਰੂਰ ਵਿਚ ਆਵੇ,
ਗਹਿਰ ਗੰਭੀਰ ਅਡੋਲ ਸੁਹਾਵੇ !
ਤੈਂ ਕਿਹਾ ਜੋਗ ਕਮਾਇਆ ?

40. ਵੈਰੀ ਨਾਗ

-ਇਮਾਰਤਾਂ ਤੇ ਬਾਗ਼-

ਵੈਰੀ ਨਾਗ ਫੀਰੋਜ਼ੀ ਥੇਵਾ
ਜਹਾਂਗੀਰ ਜੜਵਾਇਆ,
ਪੱਕਾ ਹੌਜ਼ ਮਹਿਰਾਬਾਂ ਦਵਾਲੇ
ਦੇਕੇ ਸੁਹਜ ਵਧਾਇਆ ।
ਸਭ ਤੋਂ ਪਯਾਰਾ ਥਾਉਂ ਜਗਤ ਵਿਚ
ਦਿਲ ਉਹਦੇ ਨੂੰ ਲੱਗਾ,-
ਦਿਲ ਤੋਂ ਪਯਾਰੀ ਨੂਰ ਜਹਾਂ ਦੀ
ਇਹ ਭੀ ਭੇਟ ਚੜ੍ਹਾਇਆ ।
ਬਾਰਾਂ ਦਰੀਆਂ, ਮਹਿਲ ਮਾੜੀਆਂ
ਹੌਜ਼ ਕਿਨਾਰੇ ਬਣੀਆਂ,
ਸਭ ਢਹਿ ਢੇਰੀ ਹੋਈਆਂ, ਗੁੰਮੀਆਂ
ਕੁਛ ਅਗ ਲਗਕੇ ਸੜੀਆਂ,-
ਬਾਗ਼ ਸੁਹਾਵਾ ਪਾਤਸ਼ਾਹ ਦਾ
ਮੇਵੇ ਹੈ ਪਯਾ ਵੇਚੇ,
ਝਰਨੇ, ਬਾਰਾਂ ਦਰੀਆਂ ਸਭ ਦੀਆਂ
ਸਮਾਂ ਤੋੜ ਰਿਹਾ ਤਣੀਆਂ ।

41. ਵਿਦਸਥਾ ਦਾ ਸੋਮਾਂ

ਪਹਿਨ ਸ਼ਿੰਗਾਰ ਸਾਦਗੀ ਵਾਲਾ
ਮਿੱਟੀ ਵਿੱਚੋਂ ਸਰਿਆ,
ਕੱਚਾ ਤਾਲ ਤੇ ਘਾਹ ਉਦਾਲੇ
ਨਿਰਮਲ ਪਾਣੀ ਝਰਿਆ,-
ਜਨਮ ਸਥਾਨ ਕਹਿਣ ਜਿਹਲਮ ਦਾ
ਤੂੰ ਵੇਦਸਥਾਂ ਸੋਮਾ,
ਮੋਹ ਲਯਾ ਤੇਰੀ ਨਿਮਰਤ ਨੇ,
ਤੇਰੀ ਮਾਉਂ ਵੇਖ ਜੀ ਠਰਿਆ ।

42. ਚਸ਼ਮਾਂ-ਮਟਨ ਸਾਹਿਬ

ਬਿਸਮਿਲ ਮਾਰਤੰਡ ਦੇ ਕੰਢੇ
ਨਾਦ ਵਜਾਂਦਾ ਆਇਆ,
ਛੁਹ ਕਦਮਾਂ ਦੀ ਜਿੰਦ ਪਾਵਣੀ
ਡੁਲ੍ਹਦੀ ਨਾਲ ਲਿਆਇਆ,
ਜਾਗ ਪਏ ਪੱਥਰ ਓ ਮੋਏ
ਰੁਲ ਗਏ ਪਾਣੀ ਜੀਵੇ,
ਨਵਾਂ ਜਨਮ ਦੇ 'ਮਟਨ ਸਾਹਿਬ' ਕਰ
ਉੱਜਲ ਥੇਹ ਵਸਾਇਆ,-
ਸੁਹਣਿਆਂ ਦੇ ਸੁਲਤਾਨ ਗੁਰੂ
ਜਿਨ ਨਾਨਕ ਨਾਮ ਸਦਾਇਆ,
'ਬ੍ਰਹਮ ਦਾਸ' ਪੰਡਤ ਨੂੰ ਏਥੇ
ਅਰਸ਼ੀ ਨੂਰ ਦਿਖਇਆ,
ਚਸ਼ਮ 'ਕਮਾਲੇ' ਦੀ ਚਾ ਖੁਹਲੀ
ਕੁਦਰਤ-ਵੱਸਿਆ ਦੱਸਿਆ,
ਤਾਲ ਵਿਚਾਲੇ ਥੜਾ ਬਣਯਾ
ਗੁਰ ਬੈਠ ਸੰਦੇਸ ਸੁਣਾਇਆ ।
ਇਉਂ ਕਸ਼ਮੀਰ ਜਿਵਾਕੇ ਸੁਹਣਾ
ਜਾ ਕੈਲਾਸ਼ ਨੂੰ ਚੜ੍ਹਿਆ,
ਪਰ ਕਸ਼ਮੀਰ ਆਪ ਹੀ ਮੁੜਕੇ
ਵਿੱਚ ਤਬਾਹੀ ਵੜਿਆ ।
ਸਿੰਘ ਰਣਜੀਤ ਮਰਦ ਦਾ ਚੇਲਾ
ਦੇਖੋ ਬੁੱਕਦਾ ਆਇਆ,
ਮੁੜ ਕਸ਼ਮੀਰ ਜਿਵਾਈ ਬਿਸਮਿਲ
ਮਟਨ ਸਾਹਿਬ ਰੰਗ ਖਿੜਿਆ,
ਧਰਮਸਾਲ-ਛੇ ਬਾਰਾਂਦਰੀਆਂ
ਥੜਾ ਵਿਚਾਲ ਫਬਾਇਆ,
ਜਿਸ ਤੇ ਬੈਠ 'ਬ੍ਰਹਮ' ਦਾ ਮੂਧਾ
ਸਤਿਗੁਰ ਕੌਲ ਖਿੜਾਇਆ ।
'ਨਾਨਕ-ਛੁਹ' ਦਾ ਸੰਗ ਅਜੇ ਤਕ
ਬਗ਼ਦਾਦ ਸਾਂਭਕੇ ਰਖਿਆ,
'ਨਾਨਕ-ਛੁਹ' ਦਾ ਥੜਾ ਬੰਗਲਾ
ਕਸ਼ਮੀਰ ਨੇ ਭੰਨ ਗਵਾਇਆ ।

43. ਲਿੱਧੜ ਨੈਂ

ਸਦਾ ਸੁੱਤੀਆਂ ਬਰਫਾਂ ਕਿਧਰੋਂ
ਹੇਠਾਂ ਢਲ ਢਲ ਆਈਆਂ,
ਸੰਗ ਯਸ਼ਬ ਯਾ ਹੌਲ-ਦਿੱਲੀਆਂ,
ਪਾਣੀ ਬਣ ਬਣ ਧਾਈਆਂ,-
ਠੰਢੀਆਂ ਠਾਰ ਵਗਣ ਏ ਧਾਰਾਂ
ਕਈ ਕਈ ਹੋ ਇਕ ਹੋਵਨ,
ਨਾਦ ਕਰਨ, ਸੁਰ ਛਿੜੇ ਖਿਰਨਵੀ
ਮਸਤੀਆਂ ਝੂਮ ਝੁਮਾਈਆਂ ।

44. ਗਨੇਸ਼ ਪੁਰ ਦੇ ਟਿਬੇ ਦੀਆਂ ਜੂਹਾਂ

ਵਖੀਆਂ ਛਾਤੀਆਂ ਹੇ ਪਰਬਤ ਜੀ !
ਤੇਰੀਆਂ ਫਿਰ ਫਿਰ ਡਿੱਠੀਆਂ,
ਚੀੜ੍ਹਾਂ ਚਸ਼ਮੇਂ ਜਿੱਧਰ ਜਾਓ
ਤ੍ਰੱਬ੍ਹਕ ਤਕੇਂਦੀਆਂ ਅੱਖੀਆਂ,
ਇਉਂ ਜਾਪੇ ਜਿਉਂ ਵਾਜ ਇਲਾਹੀ
ਗੁਰ ਨਾਨਕ ਦੀ ਆਵੇ;
ਨਾਲ ਅਯਾਲੀ ਗੋਸ਼ਟ ਕਰਦੇ
ਨਦਰਾਂ ਪਾ ਪਾ ਮਿੱਠਆਂ ।

45. ਪਹਿਲਗਾਮ

-ਅਕਟੋਬਰ ਵਿਚ-

ਪਹਿਲਗਾਮ ਵੜਦਯਾਂ ਇਉਂ ਜਾਪੇ
ਵੱਸੋਂ ਦੀ ਹਦ ਚੁੱਕੀ,
'ਕੱਲ ਵਿਲਾਯਤ ਸ਼ੁਰੂ ਹੋ ਗਈ
ਰੌਣਕ ਦੀ ਹਦ ਮੁੱਕੀ,
ਮਹਿਫ਼ਲ ਚੁੱਪ, ਰਾਗ਼ ਸ਼ਾਂ ਸ਼ਾਂ ਦੇ
ਸੁਹਜ ਨਿਰਜਨੀ ਛਾਇਆ,
ਫਬਨ ਕੁਦਰਤੀ ਟੁੰਬ ਜਗਾਵੇ:-
"ਕੁਦਰਤ-ਰਸ ਚਖ ਬੁੱਕੀਂ" ।

46. ਭੁੱਲ ਚੁਕੀ ਸਭਯਤਾ

ਪੰਡਤਾਣੀ ਕਸ਼ਮੀਰ
'ਸਤਿਕਾਰ-ਲਵੇ' ਦਿਸ ਆਂਵਦੀ,
ਇੱਜ਼ਤਦਾਰ ਅਮੀਰ
ਪਹਿਰਾਵਾ ਉਸ ਸੋਹਿਣਾ
ਵਰੀ ਹਯਾ ਦੇ ਨਾਲ
ਸੁੰਦਰਤਾ ਉਸ ਫਬ ਰਹੀ,
ਫਿਰਦੀ ਖੁੱਲ੍ਹੇ ਹਾਲ-
ਸੰਗ ਨਹੀਂ ਫਿਰ ਲਾਜ ਹੈ ।

ਤੁਰ ਫਿਰ ਰਹੀ ਤਸਵੀਰ
ਕਿਸੇ ਪੁਰਾਣੇ ਸਮੇਂ ਦੀ;
ਜਦ ਹੋਸੀ ਕਸ਼ਮੀਰ
ਸਭਯ, ਪ੍ਰਬੀਨ, ਸੁਤੰਤਰਾ ।

47. ਗੁਲ ਮਰਗ

ਹੋਰ ਉਚੇਰਾ, ਹੋਰ ਉਚੇਰਾ
ਚੜ੍ਹ ਫਿਰ ਪੱਧਰ ਆਈ,
ਮਖ਼ਮਲ ਘਾਹ ਸੁਹਾਵੀ ਕਿਣਮਿਣ
ਠੰਢ ਠੰਢ ਹੈ ਛਾਈ,
ਤਪਤਾਂ ਤੇ ਘਮਸਾਨਾਂ ਛੁਟੀਆਂ
ਉੱਚੇ ਹੋਇਆਂ ਠਰ ਗਏ
ਠਰਨ, ਜੁੜਨ, ਰਸ-ਮਗਨ ਹੋਣ ਦੀ
ਚਉਸਰ ਵਿਛੀ ਇਥਾਈਂ ।

48. ਰੈਣ ਬਸੇਰੇ

ਪਰੀ ਮਹਿਲ ਤੋਂ ਹੇਠ ਉਰਲੇ ਪਰਬਤੀਂ,
ਚਸ਼ਮਾਂ ਨਿੱਕਾ ਸਾਫ, ਹੇਠਾਂ ਜਯੇਸ਼ਠਾ;
ਇਸ ਤੋਂ ਹੇਠਾਂ ਵਾਰ ਸੁਹਣੇ ਬੰਗਲੇ,
ਆਦਰ ਕਰ ਕਸ਼ਮੀਰ ਸਾਨੂੰ ਰੱਖਿਆ ।

ਡਲ ਜੀ ਦੇ ਦੀਦਾਰ ਹੇਠਾਂ ਹੋਂਵਦੇ,
ਖੜੇ ਸਫੈਦੇ ਸਾਫ ਝੂੰਮਾਂ ਦੇ ਰਹੇ,
ਖੇਤੀਆਂ ਨਾਲੇ ਬਾਗ਼ ਸਫੈਦੇ ਹਿਲ ਰਹੇ,
ਪੈਲਾਂ ਪਾਣ ਚਕੋਰ, ਪਰਬਤ ਵੱਖੀਆਂ,
'ਬਨ ਪਸੂਆਂ ਚਿਹਚੱਕ' ਰਾਤੀਂ ਸੁਣੀਂਦੀ ।
ਪਿਛੇ ਖੜੇ ਪਹਾੜ, ਨਿਰਜਨ ਸੁੰਦਰਤਾ,
ਸ਼ਾਂ ਸ਼ਾਂ ਦਾ ਸੰਗੀਤ ਕੰਨੀਂ ਆਂਵਦਾ ।

ਚੰਦ ਚੜ੍ਹੇ ਪਿਛਵਾਰ, ਅੱਗੇ ਪੈ ਰਹੇ,
ਪਰਛਾਵੇਂ ਰਮਣੀਕ ਸੁਹਣੇ ਸਹਿਮਵੇਂ;
ਇਉਂ ਜਾਪੇ ਕਿ ਸ਼ੋਰ ਉਹਲੇ ਹੋ ਗਿਆ,
ਇਕੰਤ ਵਲਾਯਤ ਵਿੱਚ ਆਕੇ ਟਿਕ ਗਏ,
ਠੰਢੀ ਵਹੇ ਸਮੀਰ ਦੇਂਦੀ ਲੋਰੀਆਂ ।

49. ਗਾਂਧਰ ਬਲ

ਬਰਫਾਂ ਨਰਮੀ ਖਾਇ ਹੇਠਾਂ ਉਤਰੀਆਂ,-
ਠੰਢਕ ਵੰਡ ਵੰਡਾਇ ਲੁਟਾਈਏ ਆਪਣੀ,
ਬਣਕੇ ਦਾਨ-ਸਰੂਪ ਏਥੇ ਆਂਦੀਆਂ,
ਨਿਰਮਲ ਨੀਰ ਅਨੂਪ ਹੋਕੇ ਵਗਦੀਆਂ ।
ਠੰਢੀ ਟੁਰੀ ਹਵਾਉ ਦਰਿਓਂ ਉੱਚਿਓਂ,
ਖੇਡੰਦੜੀ ਏ ਵਾਉ ਇਸ ਤੋਂ ਹੋ ਰਿਹਾ,
ਸੁਹਣਾ ਨਾਲ ਸੁਹਾਉ ਛਹਿਬਰ ਲਾ ਰਿਹਾ ।

ਧਰਤੋਂ ਕਢ ਸਿਰ ਬਾਰ੍ਹ ਚਿਨਾਰਾਂ ਨਿਕਲੀਆਂ,
ਛਾਵਾਂ ਠੰਢੀਆਂ ਠਾਰ ਹੋਇ ਖਲੋਤੀਆਂ,
ਠੰਢੀਆਂ ਛਾਵਾਂ ਜਾਣ ਮੀਂਹ ਜਿਉਂ ਪੈ ਰਿਹਾ,
ਸੁਹਣਿਆਂ ਵਾਲੀ ਸ਼ਾਨ ਹੋ ਰਹੀ ਦਾਨ ਹੈ ।

ਠੰਢਾ ਠੰਢਾ ਨੀਰ ਠੰਢੀ ਛਾਉਂ ਹੈ,
ਠੰਢੀ ਝੁਲੇ ਸਮੀਰ ਤ੍ਰੈ ਏ ਠੰਢੀਆਂ,
ਮਾਨੋਂ ਠੰਢੀਆਂ ਪਾਣ ਤਪਤ ਮਿਟਾਣ ਨੂੰ ।

ਤਪਤ ਹੁਨਾਲੇ ਵਿਚ ਠੰਢਾ ਥਾਉਂ ਹੈ,
ਭਿੰਨੀ ਹੈ ਖੁਸ਼ਬੋਇ ਠੰਢਕ ਪੈ ਰਹੀ ।
ਝਾਤੀ ਖੜੇ ਪਹਾੜ ਪਿੱਛੋਂ ਪਾ ਰਹੇ,
ਅੱਗੇ ਖੜਾ ਮਦਾਨ ਲੋਰੀ ਦੇ ਰਿਹਾ ।
ਸੁਖ ਦਾ ਪਿੜ ਏ ਥਾਉਂ ਕੁਦਰਤ ਸੋਹਿਣੀ,
ਵਾਂਗੂੰ ਪਯਾਰੀ ਮਾਉਂ ਬਾਲਾਂ ਵਾਸਤੇ,
ਰਚਿਆ ਅਤਿ ਰਮਣੀਕ ਸੁਹਾਵਾਂ ਵਾਲੜਾ ।

50. ਵੁੱਲਰ

ਵੁੱਲਰ ਤੇਰਾ ਖੁਲ੍ਹਾ ਨਜ਼ਾਰਾ
ਵੇਖ ਵੇਖ ਦਿਲ ਠਰਿਆ
ਖੁੱਲ੍ਹਾ, ਵੱਡਾ, ਸੁਹਣਾ, ਸੁੱਚਾ,
ਤਾਜ਼ਾ, ਹਰਿਆ ਭਰਿਆ;
ਸੁੰਦਰਤਾ ਤਰ ਰਹੀ ਤੈਂ ਉਤੇ
ਖੁਲ੍ਹ ਉਡਾਰੀਆਂ ਲੈਂਦੀ
ਨਿਰਜਨ ਫਬਨ ਕੁਆਰੀ ਰੰਗਤ
ਰਸ ਅਨੰਤ ਦਾ ਵਰਿਆ ।

51. ਕਸ਼ਮੀਰ ਤੇ ਸੁੰਦਰਤਾ

ਜਿੱਕੁਰ ਰੁਲਦੇ ਸੇਬ ਤੇ ਨਸ਼ਪਾਤੀਆਂ
ਵਿੱਚ ਗਿਰਾਂ ਕਸ਼ਮੀਰ ਤੀਕਰ ਰੁਲ ਰਹੀ
ਸੁੰਦਰਤਾ ਵਿਚ ਖਾਕ ਲੀਰਾਂ ਪਾਟੀਆਂ,
ਜਿੱਕੁਰ ਫੁੱਲ ਗੁਲਾਬ ਟੁੱਟਾ ਢਹਿ ਪਵੇ
ਮਿੱਟੀ ਘੱਟੇ ਵਿਚ ਹੋਏ ਨਿਮਾਨੜਾ ।

52. ਕ੍ਰਿਸ਼ਨ ਗੰਗਾ

ਤੇਰਾ ਨੀਰ ਨਿਪੰਗ
ਕ੍ਰਿਸ਼ਨ ਗੰਗ ਤੇਰਾ ਨਾਉਂ,
ਕੱਚਾ ਸਾਵਾ ਰੰਗ
ਧਾਈ ਆ ਰਹੀ ।
ਸੁਹਣੇ ਹਰਗੋਬਿੰਦ
ਅਰਸ਼ੋਂ ਆਇ ਜੋ,
ਤਿਨ੍ਹ ਦੇ ਚਰਨ-ਅਰਬਿੰਦ
ਵਿਚ ਤੂੰ ਲੇਟਦੀ,-
ਹੋਈਏਂ 'ਕ੍ਰਿਸ਼ਨਾ-ਗੰਗ'
ਹੁਣ ਤੂੰ ਸੁਹਣੀਏਂ !
ਚਰਣਾਂ ਦਾ ਸਤਿਸੰਗ
ਕਰਦੀ ਉਨ੍ਹਾਂ ਦਾ ।
ਅੱਗੇ ਹੋਰ ਨ ਲੰਘ
ਚਰਣਨ ਕਮਲ ਤੋਂ,
ਲੀਨ ਹੋਇ ਵਿਚ ਰੰਗ
ਜਾਹੁ ਸਮਾਇ ਤੂੰ !
ਪ੍ਰੀਤਮ ਦੀ 'ਛੁਹ-ਅੰਗ'
ਸਜਨੀਏ ! ਜੇ ਮਿਲੇ,
ਫਿਰ ਨ ਛੋਡੀਏ ਸੰਗ
ਅੰਕ ਸਮਾਵੀਏ ।

53. ਨਵਾਂ ਕਸ਼ਮੀਰ

ਮੈਂ ਰੁੰਨੀ ਮੈਂ ਰੁੰਨੀ ਵੇ ਲੋਕਾ !
ਮੀਂਹ ਕਿਉਂ ਛਹਿਬਰ ਲਾਏ:
ਟੁਰੀ ਵਿਦਸਥਾਂ ਡਲ ਭਰ ਆਏ
ਤੇ ਵੁੱਲਰ ਉਮਡ ਉਮਡਾਏ :-
ਆਪਾ ਹੇਠ ਵਿਛਾਕੇ ਸਹੀਓ !
ਅਸਾਂ ਨਵਾਂ ਕਸ਼ਮੀਰ ਬਣਾਯਾ,
ਗਾਓ ਸੁਹਾਗ ਨੀ ਸਹੀਓ ! ਸੁਹਣਾ
ਕਦੇ ਸੈਰ ਕਰਨ ਚਲ ਆਏ ।

(ਵਿਦਸਥਾਂ=ਜਿਹਲਮ ਨਦੀ, ਡਲ
ਤੇ ਵੁੱਲਰ=ਝੀਲਾਂ ਦੇ ਨਾਂ)

............................................

54. ਲੱਲੀ

ਕਸ਼ਮੀਰਨ ਇਕ ਲੱਲੀ ਆਖਦੇ
ਸਾਈਂ-ਇਸ਼ਕ ਪੁਰੋਤੀ,
ਹੋ ਬਉਰੀ ਨੰਗੀ ਪਈ ਫਿਰਦੀ
ਅੰਦਰੋਂ ਬਾਹਰੋਂ ਧੋਤੀ ।
ਚਾਣਚੱਕ ਕਪੜੇ ਪਈ ਮੰਗੇ
ਆਪਾ ਪਈ ਲੁਕਾਵੇ,
ਕਿਸੇ ਪੁੱਛਿਆ, 'ਅੱਜ ਕੀ ਹੋਇਆ ?'
ਲਲੀ ਨ ਹੋਠ ਖੁਲ੍ਹਾਵੇ ।
'ਹੂੰ' ਕਰਕੇ ਉਠ ਗਈ ਸੁਹਾਵੀ
ਮਿੱਠੀ ਤਿਉੜੀ ਪਾਈ,
'ਹੁਸਨ-ਅਹਿਸਾਸ' ਜਾਗਿਆਂ ਵਾਲੀ
ਰਮਜ਼ ਕਿਸੇ ਨਾ ਪਾਈ ।
ਨਗਨ ਸੁੰਦਰਤਾ ਨਯਾਣੀ ਨਯਾਣੀ
ਪਰਦਾ ਲੋੜ ਨ ਰਖਦੀ,
ਸੁੰਦਰਤਾ ਮੁਟਿਆਰ ਜਦੋਂ ਹੋ
ਰੰਗ ਰੂਪ ਚੜ੍ਹ ਭਖਦੀ,
'ਹੁਸਨ-ਅਹਿਸਾਸ' ਜਦੋਂ 'ਆਪੇ' ਦਾ
ਮਦ ਭਰ ਆਪੇ ਤਕਦੀ,
ਆਪੇ ਤੇ ਆਸ਼ਿਕ ਹੋ ਆਪੇ
'ਮਦ' ਆਪੇ ਦਾ ਛਕਦੀ,-
ਤਦੋਂ ਡਰੇ ਮਤ ਨਜ਼ਰ ਕਿਸੇ ਦੀ
ਪੈਕੇ ਮੈਲ ਲਗਾਵੇ,
ਨਜ਼ਰ ਦੂਸਰੀ ਤੋਂ ਸ਼ਰਮਾਵੇ
'ਆਪਾ' ਪਈ ਲੁਕਾਵੇ ।

55. ਨਿਸ਼ਾਤ ਤੇ ਨੂਰ ਜਹਾਂ

ਵਾਹ ਨਿਸ਼ਾਤ ਤਿਰੇ ਫਰਸ਼ ਸੁਹਾਵੇ
ਮਖ਼ਮਲ ਨੂੰ ਸ਼ਰਮਾਵਨ,
ਖਿੜੇ ਖੜੇ ਹਨ ਫੁੱਲ ਸੁਹਾਵੇ
ਸੁਹਣਿਆਂ ਵੇਖ ਲਜਾਵਨ,
ਨਹਿਰਾਂ ਵਗਣ, ਫੁਵਾਰੇ ਛੁੱਟਣ
ਆਬਸ਼ਾਰ ਝਰਨਾਵਨ,
ਪਾਣੀ ਕਰੇ ਕਲੋਲ ਮਸਤਵੇਂ
ਝਰਨੇ ਰਾਗ ਸੁਣਾਵਨ,
ਜਿਉਂ ਕੱਥਕ ਗਾਵਣ ਤੇ ਨੱਚਣ
ਨਾਲ ਬਤਾਵਾ ਲਾਵਨ ।
ਖੜੇ ਚਨਾਰ ਦੁਵੱਲੀ ਸੁਹਣੇ
ਠੰਢੀਆਂ ਛਾਵਾਂ ਪਾਵਨ,
ਜਿਵੇਂ ਪਾਰਖਦ ਇੰਦ੍ਰ ਪੁਰੀ ਤੋਂ
ਆਏ ਰੂਪ ਦਿਖਾਵਨ,
ਖੇੜੇ ਸੁਹਜ ਸੁੰਦਰਤਾ ਸਾਰੇ
ਹੋ ਕੱਠੇ ਰੰਗ ਲਾਵਨ ।
ਪਰ ਨਿਸ਼ਾਤ ਤੇਰੇ ਵਿਚ ਕੁਝ ਕੁਝ
ਨਜ਼ਰ ਉਦਾਸੀਆਂ ਆਵਨ,-
ਇਤਨਾ ਮਾਲ ਹੁਸਨ ਦਾ ਪਾਕੇ
ਕਿਉਂ ਦਿਲਗੀਰੀਆਂ ਛਾਵਨ ?
ਸੁਣ ਇਹ ਵਾਕ ਬਾਗ਼ ਜੀ ਰੋਏ
ਝੀਣੀ ਬਾਣਿ ਸੁਣਾਵਨ:
ਕੁਦਰਤ ਤੇ ਮਾਨੁਖ ਦੋ ਰਚਵੇਂ
ਸਾਜ ਸਮਾਨ ਬਣਾਵਨ:
ਕਮੀ ਨਹੀਂ ਮੈਂ ਰਹੀ ਕਿਸੇ ਗੱਲ
ਖੇੜੇ ਸੁਹਜ ਸੁਹਾਵਨ,
ਅੱਖਾਂ ਭੀ ਲੱਖਾਂ ਆ ਆ ਕੇ
ਮੇਰੀ ਕਦਰ ਕਰਾਵਨ,
ਵਾਹ ਵਾਹ ਕਰਨ, ਖਿੜਨ ਖੁਸ਼ ਹੋਵਨ,
ਉਸਤਤਿ ਮੇਰੀ ਗਾਵਨ;
ਐਪਰ ਨੈਣ ਓ ਨੂਰ ਜਹਾਂ ਦੇ
ਜੋ ਖਿੱਚਾਂ ਵਿਚ ਆਵਨ,
ਬਉਰੇ ਹੋ ਆਪੇ ਵਿਚ ਖਿਚਦੇ
ਨੈਣੀਂ ਨੈਣ ਸਮਾਵਨ,
ਨੈਣ ਕਟੋਰੇ ਨੂਰ-ਜਹਾਂ ਦੇ
ਮਦ ਭਰ ਮਦ ਭਰ ਲਯਾਵਨ,
ਨੈਣ ਪਿਆਸੇ ਅਪਣੇ ਉਸ ਦੇ
ਨੈਣਾਂ ਵਿੱਚ ਸਮਾਵਨ,
ਰਜ ਰਜ ਪੀਣ, ਮਸਤ ਹੋ ਨ੍ਹਾਵਨ,
ਪਯਾਰੀ ਝੂੰਮ ਝੁਮਾਵਨ,
ਰੰਗ ਰੱਤੜੇ ਓ ਨੈਣ ਓਸ ਛਿਨ,
ਪੀਂਘ ਚੜ੍ਹੇ ਰੰਗ ਲਾਵਨ,
'ਹੁਸਨ-ਅਹਿਸਾਸ' ਆਪਣੇ ਜਾਗਣ
ਮਦ ਭਰ ਮਦ ਬਰਸਾਵਨ;
ਕਦੇ ਨਜ਼ਰ ਭਰ ਵੇਖਣ ਸਾਨੂੰ
ਕਾਂਬਾ ਇਕ ਛਿੜਾਵਨ,
ਛੁਹ ਨੈਣਾਂ ਦੀ ਓਸ ਪਲਕ ਦੀ
ਬਿਜਲੀ ਦੀ ਥਰਰਾਵਨ,
ਰਗ ਰੇਸ਼ੇ ਸਾਡੇ ਵਿਚ ਫਿਰ ਕੇ
ਭਰ ਦੇਂਦੀ ਕੰਪਾਵਨ,-
ਉਹ ਰਸ ਭਰੀ ਲਹਿਰ ਸੀ ਖੇੜਾ
ਉਹ ਨਿਸ਼ਾਤ ਮਨ ਭਾਵਨ,
ਉਹ ਦੇਂਦੀ ਇਕ ਹੁਸਨ ਹੁਲਾਰਾ
ਬੇ ਮਲੂਮ ਖਿੜ-ਜਾਵਨ,
ਪਯਾਰ-ਡੋਰ ਉਹ ਨਿੱਕੀ ਜਹੀ
ਸੁਤਿਆਂ ਟੁੰਬ ਜਗਾਵਨ,
ਫਿਰ ਨਹੀਂ ਮਿਲੀ ਦਾਤ ਓ ਸਾਨੂੰ
ਪਯਾਰੀ ਲਟਕ ਲਗਾਵਨ ।
ਖੇੜੇ, ਖੁਸ਼ੀਆਂ, ਫੁੱਲ ਸੁਹਾਵੇ,
ਫਲ, ਮੇਵੇ ਪਏ ਆਵਨ,
ਡੁਲ੍ਹ ਡੁਲ੍ਹ ਪਵੇ ਸੁੰਦਰਤਾ ਆਈ;
ਹੈ ਬਹਾਰ ਤੇ ਸਾਵਨ,
ਪਰ ਉਹ ਨਜ਼ਰ ਰੰਗ ਵਿਚ ਰੱਤੀ
'ਪਯਾਰ ਪਲੀ' ਝਮਕਾਵਨ,
ਰੂਹ ਸਾਡੀ ਨੂੰ ਕਿਧਰੋਂ ਆਕੇ
ਕਰਦੀ ਨਹੀਂ ਖਿੜਾਵਨ ।
ਇਸ ਕਰਕੇ ਇਕ ਮਟਕ ਸਹਿਮਵੀਂ
ਬੇ-ਮਲੂਮ 'ਛੁਹ-ਛਾਵਨ',
ਖੇੜੇ ਸਾਡੇ ਦੇ ਵਿਚ ਵਸਦੀ,
ਹੁੰਦੀ ਕਿਸੇ ਲਖਾਵਨ,
ਪਯਾਰ-ਪੀੜ ਦੀ ਸੋਝੀ ਜਿਸ ਦਿਲ
ਸਾਈਂ ਕੀਤੀ ਪਾਵਨ ।

56. ਫ਼ਰਾਮੁਰਜ਼ ਦੀ ਵਿਲਕਣੀ

-ਸ਼ਾਲਾਮਾਰ ਦੀ ਬਾਰਾਂਦਰੀ ਵਿਚ ਸਵੇਰੇ ਸੁਫਨੇ ਤੋਂ ਉੱਠਕੇ-
ਪਾਣੀ ਸਾਫ ਸ਼ਫਾਫ ਬਲੌਰੀ ਢਲ ਰਿਹਾ;
ਪਰਬਤ ਵਖੀਓਂ ਸਾਫ ਕਿ ਟੁਰਦਾ ਆ ਗਿਆ ।
ਭਰਦਾ ਆਨ ਤਲਾਉ ਕਿ ਚਲਣ ਫੁਹਾਰੜੇ;
ਸੁਹਣਾ ਆਪ ਸੁਹਾਉ ਕਿ ਬਨ ਬਨ ਪੈ ਰਿਹਾ ।

ਬਾਰਾਂਦਰੀ ਵਿਚਾਲਿ ਜੁ ਏਸ ਤਲਾਉ ਦੇ,
ਭਰ ਖੁਸ਼ੀਆਂ ਦੇ ਨਾਲ ਜੁ ਪਯਾਰੀ ਦੇ ਰਹੀ,
ਅੰਦਰ ਪਲੰਘ ਡਹਾਇ ਕੇ ਸੁਹਣਾ ਸੌਂ ਰਿਹਾ ।
ਠੰਢੀ ਵਗੇ ਹਵਾਇ ਹਿਮਾਲਯੀ, ਸੋਹਿਣੀ ।

ਚਲਣ ਫੁਹਾਰੇ-ਨਾਦ ਕੁਦਰਤੀ ਹੋ ਰਿਹਾ,
ਮਸਤੀ ਵਾਲੇ ਸਵਾਦ ਕਿ ਬੇਖ਼ੁਦ ਸੌਂ ਰਿਹਾ ।
ਅੱਭੜ ਵਾਹੇ ਜਾਗ ਉਹ ਉਠਕੇ ਬਹਿ ਗਿਆ
'ਅੱਲਾ ਮੇਰੇ ਭਾਗ !' ਉਹ ਕਹਿ ਕਹਿ ਝੁਕ ਰਿਹਾ
ਹੱਥਾਂ ਵੰਨੇ ਵੇਖ ਉਹ ਉੱਪਰ ਵੇਖਦਾ,
ਅੰਨੇ ਸੰਨੇ ਦੇਖ ਉਹ ਮੂੰਹ ਹੱਥ ਫੇਰਦਾ:
ਉੱਪਰ ਚੁਕ ਚੁਕ ਹੱਥ ਉਹ ਕਰਦਾ ਜੋਦੜੀ:
'ਅੱਲਾ ਮੈਨੂੰ ਰੱਖ ਮੈਂ ਅਰਜ਼ ਗੁਜ਼ਾਰਦਾ' ।
ਫ਼ਰਾਮੁਰਜ਼ ਦਿਲਗੀਰ ਇਉਂ ਹੋ ਹੋ ਵਿਲਕਦਾ:
'ਬਖਸ਼ੀਂ ਮੈਂ ਤਕਸੀਰ ਕਿ ਅਰਜ਼ਾਂ ਸੁਣ ਲਈਂ
ਸੁਹਣਿਆਂ ਦੇ ਸਿਰਤਾਜ ਵੇ ਅੱਲਾ ਮੇਰਿਆ !
ਖ਼ੂਬਾਂ ਦੇ ਮਹਾਰਾਜ ! ਵੇ ਸੁਹਜਾਂ ਵਾਲਿਆ !
ਹੁਸਨਾਂ ਵਿਚ ਦੀਦਾਰ ਹੁਸਨ ਹੋਇ ਫੈਲਿਓਂ,
ਕੀਤੇ ਕਰਮ ਅਪਾਰ ਕਿ ਸੁਪਨੇ ਵਿਚ ਤੂੰ,
ਜੱਨਤ ਦਾ ਦੀਦਾਰ ਮੈਂ ਅੱਜ ਦਿਖਾਲਿਆ ।
ਤੇਰਾ ਸ਼ੁਕਰ ਹਜ਼ਾਰ ਜੁ ਮੈਨੂੰ ਦੱਸਿਆ ।
ਅਗਲਾ ਹਾਲ ਹਵਾਲ ਕਿ ਸੁਫਨੇ ਵਿਚ ਤੂੰ ।
ਖੁਸ਼ ਹੋਇਆ ਇਹ ਵੇਖ ਕਿ ਅੱਗੇ ਜਾਇਕੇ
ਮੇਰੇ ਸੁਹਣੇ ਲੇਖ ਉ ਹਸਨਾ ਵਾਲੜੇ
ਜਾਸਨ ਮੇਰੇ ਨਾਲ,-ਮੈਂ ਜੰਨਤ ਵੱਸਣਾ,
ਕਰਦਾ ਸ਼ੁਕਰ ਹਜ਼ਾਰ ਮੈਂ ਹਾਂ ਸਰਕਾਰ ਦਾ,
ਪਰ ਇਕ ਅਰਜ਼ ਗੁਜ਼ਾਰ ਮੈਂ ਮਾਣੇਂ ਮੱਤਿਆ
ਕਰਦਾ ਹਾਂ ਦਰਬਾਰ ਜੁ ਤੇਰਾ ਸੋਹਿਣਾ,
ਬਖਸ਼ਸ਼ ਨਾਲ ਅਪਾਰ ਏ ਕਰੋ ਕਬੂਲ ਜੀ:

ਜੱਨਤ ਅਜੇ ਨਸੀਬ ਉ ਮੇਰੇ ਹੋਇ ਨਾ,
ਜੱਨਤ ਇਹ ਕਸ਼ਮੀਰ ਕਿ ਮੈਨੂੰ ਬਖਸ਼ੀਓ
ਏਥੇ ਪਯਾਰੀ ਨਾਲ ਕਿ ਸੁਹਣਯਾਂ ਰਹਿਣ ਦੇ !
ਤੂੰ ਲਾਲਾਂ ਦਾ ਲਾਲ ਕਿ ਲਾਲ ਕਮਾਲ ਹੈਂ
ਪਰ ਉਹ ਲਾਲਾ-ਰੁੱਖ਼ ਮੈਂ ਬਖਸ਼ੀ ਰੱਖਣੀ ।
ਹੂਰਾਂ ਜੱਨਤ ਸੁੱਖ ਨ ਮੈਂ ਹਾਂ ਮੰਗਦਾ ।
ਸੁੱਖ ਅਗਾਹਾਂ ਢੇਰ ਮੈਂ ਸੁਫਨੇ ਦੇਖ ਲਏ ।
ਪਰ ਸੁਹਣਯਾ ! ਕਰ ਮੇਰ੍ਹ ਕਿ ਏੇ ਰਹਿਣ ਦੇ
ਸੌਂਹ ਅੱਲਾ ਦੀ ਖਾਇ ਮੈਂ ਅੱਲਾ ਆਖਦਾ:

ਝਾਕੀ ਪਹਿਲੀ ਪਾਇ ਕੇ ਲਾਲਾ-ਰੁੱਖ਼ ਦੀ
ਰੂਹ ਖਾ ਗਈ ਹਲੂਲ ਕਿ ਰੂਹ ਰੂਹ ਜਾ ਮਿਲੀ
ਸੌਂਹ ਹੈ ਨਬੀ ਰਸੂਲ ਸੀ ਮੇਰੇ ਵੱਸ ਨਾ ।
ਹਰ ਹਰ ਵਿਚ ਪਰਕਾਸ਼ ਉਹ ਕਹਿੰਦੇ ਹੋ ਰਿਹਾ'
ਤੇਰਾ ਕਹਿਣ ਨਿਵਾਸ ਹੈ ਹਰ ਇਕ ਰੰਗ ਤੇ:
ਹਿੰਦੂ ਪੱਥਰ ਵਿੱਚ ਹੈ ਤੈਨੂੰ ਵੇਖਦਾ,
ਮੁਸਲਮ ਅੱਖਾਂ ਖਿੱਚ ਅਕਾਸ਼ੀਂ ਤੱਕਦਾ,
ਕੁਦਰਤ ਦੇ ਵਿਚਕਾਰ ਸੁ ਰਸੀਏ ਵੇਖਦੇ,
ਵਿੱਚ ਅੱਗ ਦੀਦਾਰ ਤੂੰ ਦੇਵੇਂ ਗਿਬਰ ਨੂੰ ।
ਪੀਰਾਂ ਵਿਚ ਮੁਰੀਦ ਹੈ ਤੈਨੂੰ ਵੇਖਦੇ
ਮੈਨੂੰ ਮਿਲੀ ਨ ਦੀਦ ਕਿ ਕਿਧਰੋਂ ਤੁੱਧ ਦੀ ।
ਲਾਲਾ-ਰੁੱਖ਼ ਦਾ ਨੂਰ ਕਿ ਮੈਂ ਜਦ ਵੇਖਿਆ,
ਮੇਰਾ ਅਕਲ ਸ਼ਊਰ ਉ ਮੈਂ ਛਡ ਨੱਸਿਆ ।
ਝਲਕਾ ਸੀ ਦੀਦਾਰ ਉ ਤੇਰੇ ਨੂਰ ਦਾ ?
ਤੂੰ ਹੈਂ ਉਸ ਵਿਚਕਾਰ ਕਿ ਜਲਵਾ ਤੁੱਧ ਦਾ ?
ਉਹ ਸੀ ਹੁਸਨ ਕਿ ਪਯਾਰ ਕਿ ਉਹ ਕੁਈ ਸੱਚ ਸੀ ?
ਉਹ ਸੀ ਰੂਪ ਅੰਗਾਰ ਕਿ ਜਾਦੂ ਸਿਹਰ ਸੀ ?
ਅੰਦਰ ਜੋ ਕੰਪਾਇ ਕਿ ਖਾਧਾ ਮੈਂ ਤਦੋਂ,-
ਉਹ ਸੀ ਜੋ ਸੀ ਹਾਇ ਉਹ ਮੈਨੂੰ ਲੈ ਗਿਆ,
ਆਪੇ ਤੋਂ ਬੀ ਪਾਰ ਕਿ ਕਿਤੇ ਅਗੰਮ ਥਾਂ
ਕਦਮਾਂ ਦੀ ਸਹੁੰ ਧਾਰ ਮੈਂ ਅੱਲਾ ਆਖਦਾ;
ਲਾਲਾ-ਰੁੱਖ਼ ਦੀ ਛੋਹ ਕਿ ਦਰਸ਼ਨ ਓਸਦਾ,
ਕੰਨ-ਅੱਖੀਆਂ ਦੀ ਟੋਹ ਕਿ ਇੱਕ ਮਟੱਕੜਾ,
ਮੁਸਕਾਹਟ ਦੀ ਲਹਿਰ ਕਿ ਨਾਦ ਅਵਾਜ਼ ਦਾ
ਕਰ ਜਾਂਦਾ ਹੈ ਕਹਿਰ ਕਿ ਸੱਕਾਂ ਆਖ ਨਾ ।
ਆਪਾ ਜੁੰਬਸ਼ ਖਾਇ ਕੇ ਲਹਿਰੇ ਲਹਿਰ ਹੋ
ਝਰਨ ਝਰਨ ਝਰਨਾਇ ਕਿ ਥਰ ਥਰ ਥਰਕਦਾ
ਕੰਬ ਖਾਇ ਵਿਚ ਰੰਗ ਉ ਡੁਬਦਾ ਲਹਿਰਦਾ,
ਏਸ ਲਹਿਰ ਦੇ ਚੰਗ ਹੋ ਮੈਂ ਬੇਵੱਸ ਹਾਂ ।
ਇਸ ਝਲਕੇ ਦਾ ਝੱਸ ਜੁ ਇਸ ਦਾ ਸਵਾਦ ਹੈ,
ਅੱਲਾ ਅਜੇ ਨ ਖੱਸ ਮੈਂ ਬੀਬੇ ਰਾਣਿਆਂ !
ਦੂਰ ਵਲੈਤੋਂ ਧਾਇ ਕਿ ਏਥੇ ਆ ਗਿਆਂ;
ਏ ਫਿਰਦੌਸ ਸੁ ਠਾਇਂ ਕਿ ਕੌਸਰ ਏਸ ਥਾਂ ।
ਸ਼ਾਲਾ ਮਾਰ ਨਿਸ਼ਾਤ ਕਿ ਇੱਛਾਬਲ ਸਹੀ
ਚਸ਼ਮਾ ਸ਼ਾਹੀ ਝਾਤ ਹੈ ਬਾਗ਼ ਅਰੱਮ ਦੀ,
ਲਾਲਾ-ਰੁੱਖ਼ ਦੇ ਬਾਗ਼ ਉ ਬੁਲਬੁਲ ਸੋਹਿਣੀ
ਸਦਾ ਰਹੇ ਦਿਲਸ਼ਾਦ ਕਿ ਬਾਗ਼ੀਂ ਬੋਲਦੀ,
ਸਦਾ ਰਹੇ ਰਸਰੰਗ ਉ ਖਿੜੀ ਪਿਆਰੜੀ,
ਉੱਚੀ ਸੁਰਤ ਸੁਵੰਨ ਕਿ ਲਹਿਰੇ ਲੈ ਰਹੀ,
ਕਦੀ ਨ ਹੋਇ ਮਲੂਲ ਕਿ ਨਾ ਦਿਲਗੀਰ ਹੋ,
ਚੜ੍ਹਿਆ ਰਹੇ, ਚਲੂਲ ਕਿ ਰੰਗ ਗੁਲਜ਼ਾਰ ਦਾ,
ਖਿੜੀ ਰਹੇ ਗੁਲਜ਼ਾਰ ਜੁ ਉਸਦੇ ਰੂਪ ਦੀ
ਮੈਨੂੰ ਹੁਇ ਦੀਦਾਰ, ਉ ਝਲਕਾ ਰੂਪ ਦਾ ।

ਉਹ ਕਾਂਬਾ, ਉਹ ਦੀਦ ਕਿ 'ਰੂਹ-ਉਛਾਲ' ਓ,
ਜਿਸਦਾ ਹੋਇ ਸ਼ਹੀਦ ਕਿ ਮੈਂ ਹਾਂ ਜੀਉ ਰਿਹਾ,
ਜੱਨਤ ਇਹ ਕਸ਼ਮੀਰ ਜੁ ਡਿੱਠਾ ਆਣ ਮੈਂ,
ਮੇਰੀ ਕਰ ਤਕਦੀਰ ਕਿ ਏਥੇ ਮੈਂ ਰਹਾਂ ।

ਲਾਲਾ-ਰੁੱਖ਼ ਤੋਂ ਹਾਇ ਨਾ ਵਿਛੁੜਾਂ ਮੈਂ ਕਦੇ ।
ਏ ਉਪਬਨ, ਏ ਥਾਇਂ ਕਿ ਬੁਲਬੁਲ ਲਾਲ ਰੁਖ਼
ਇਸ ਬੁਲਬੁਲ ਦੇ ਗੀਤ ਕਿ ਸੁਣ ਸੁਣ ਖਿੜਾਂ ਮੈਂ,
ਸੁਹਣਾ ਇਹ ਸੰਗੀਤ ਥ੍ਰਰਾਵੇ ਦਿਲ ਮਿਰਾ ।
ਬੁਲਬੁਲ ਨੂੰ ਰਖ ਸ਼ਾਦ ਕਿ ਗਾਂਦੀ ਹੀ ਰਹੇ,
ਥਰਰਾਂਦੀ ਜਿਉਂ ਰਾਗ ਤੇ ਗ਼ਮਕਾਂ ਛੇੜਦੀ ।
ਕਦੀ ਨ ਵਿਛੁੜਾਂ ਹਾਇ ਮੈਂ ਉਸਦੀ ਛੋਹ ਤੋਂ ।
ਬਿਰਹਾ ਕਦੀ ਨ ਪਾਇ ਕਿ ਉਸ ਦੀਦਾਰ ਤੋਂ ।
ਜੱਨਤ ਅਜੇ ਨਸੀਬ ਕਿ ਮੇਰੇ ਹੋਇ ਨਾ,
ਜੱਨਤ ਇਹ ਕਸ਼ਮੀਰ ਕਿ ਖੁੱਸੇ ਨ ਅਜੇ,
ਮੇਰੀ ਲਾਲਾ-ਰੁੱਖ਼ ਨ ਮੈਥੋਂ ਵਿੱਛੁੜੇ,
ਮੈਨੂੰ ਲਾਲਾ-ਰੁੱਖ਼ ਉ ਬਖਸ਼ੀ ਰੱਖਣੀ ।
ਚਸ਼ਮੇ ਵਹਿਣ ਸ਼ਫਾਫ ਉ ਗਾਂਦੇ ਨੱਚਦੇ
ਚਲਣ ਫੁਹਾਰੇ ਸਾਫ ਕਿ ਰਾਗ ਅਲਾਪਦੇ,
ਛਾਵਾਂ ਦੇਣ ਚਨਾਰ ਪੰਘੂੜੇ ਝੂਟਦੇ,
ਨਾਖਾਂ ਲੂਚੇ ਸੇਉ ਤਿ ਮੇਵੇ ਝੂਮਦੇ,
ਰਸ ਅੰਗੂਰ ਅਮੇਉ ਉ ਵੇਲਾਂ ਤੋਂ ਝਰੇ,
ਸੂਰਜ ਚੰਦੋਂ ਨੂਰ ਕਿ ਤਾਰਯੋਂ ਚਾਨਣਾ,
ਮਿੱਠੀ ਪੌਣ ਠਰੂਰ ਹਿਮਾਲੇ ਦੀ ਜਈ,
ਪੰਛੀ ਰਾਗ ਸੁਨਾਣ ਕਲੋਲਾਂ ਕਰਨ ਤੇ
ਫੁਲ ਓ ਮੁਸ਼ਕ ਮਚਾਣ ਕਿ ਖਿਲਰੇ ਮਹਿਕ ਆ
ਰਸ ਪੀਂਦੀ ਵਿਚਕਾਰ ਉਹ ਲਾਲ ਰੁਖ਼ ਹੁਏ
ਮਸਤ ਆਪਣੇ ਪਯਾਰ ਖਿੜੀ ਇਕ ਚੰਦ ਜਿਉਂ
ਮੈਂ ਵਿਚ ਵਾਂਙ ਚਕੋਰ ਕਿ ਤੱਕਾਂ ਚੰਦ ਨੂੰ,
ਉਸ ਝਲਕੇ ਦੇ ਲੋਰ ਮੈਂ ਕੁਹਕਾਂ ਬੇਖ਼ੁਦਾ ।
ਜੱਨਤ ਅਜੇ ਨਸੀਬ ਉ ਅੱਲਾ ਨਾ ਕਰੀਂ,
ਜੱਨਤ ਇਸ ਕਸ਼ਮੀਰ ਕਿ ਮੈਨੂੰ ਰੱਖਣਾ,
ਬਖਸ਼ੀ ਲਾਲਾ-ਰੁੱਖ਼ ਜੋ ਸਦਾ ਬਹਾਰ ਮੈਂ,
ਬਖਸ਼ੀਂ ਉੱਚਾ ਸੁੱਖ ਮਟੱਕੇ ਹੁਸਨ ਦਾ ।
ਜਿਸ ਛੁਹ ਦੇ ਮੈਂ ਨਾਲ ਕਿ ਹਾਂ ਜੀ ਉੱਠਿਆ
ਜਿਸ ਛੁਹ ਦੇ ਰੰਗ ਲਾਲ ਮੈਂ ਹੈਵਾਂ ਖਿੜ ਪਿਆ
ਜਿਸ ਛੁਹ ਦੀ ਲੈ ਛੋਹ ਮੈਂ ਸੁੱਤਾ ਜਾਗਿਆ
ਉਸ ਦੀ ਛੋਹ ਹੁਣ ਖੋਹ ਨ ਕਰੋ ਅਛੋਹ ਜੀ ।
ਉਸ ਛੁਹ ਦੇ ਪਿਛਵਾਰ ਕਿ ਲੁਕਕੇ ਸੁਹਣਿਆਂ !
ਛੁਹ ਅਪਣੀ, ਦਾਤਾਰ ! ਅਸਾਂ ਨੂੰ ਬਖਸ਼ਣੀ ।'

57. ਕਸ਼ਮੀਰ ਤੋਂ ਵਿਦੈਗੀ

ਸੁਹਣਿਆਂ ਤੋਂ ਜਦ ਵਿਛੁੜਨ ਲਗੀਏ
ਦਿਲ ਦਿਲਗੀਰੀ ਖਾਵੇ,
ਪਰ ਤੈਥੋਂ ਟੁਰਦਯਾਂ ਕਸ਼ਮੀਰੇ !
ਸਾਨੂੰ ਨਾ ਦੁਖ ਆਵੇ,
'ਮਟਕ-ਹਿਲੋਰਾ' ਛੁਹ ਤੇਰੀ ਦਾ
ਜੋ ਰੂਹ ਸਾਡੀ ਲੀਤਾ
ਖੇੜੇ ਵਾਲੀ ਮਸਤੀ ਦੇ ਰਿਹਾ,
ਨਾਲ ਨਾਲ ਪਿਆ ਜਾਵੇ ।

58. ਵਿਛੁੜੀ ਰੂਹ

ਵੇ ਮਾਹੀਆ ! ਗਲੇ ਤੇਰੇ ਗਾਨੀਆਂ
ਢੋਵਾਂ ਪਾਣੀ ਨੂੰ
ਕੁਮਲਾਨੀ ਜਾਨੀ ਆਂ !

  • ਮੁੱਖ ਪੰਨਾ : ਕਾਵਿ ਰਚਨਾਵਾਂ, ਭਾਈ ਵੀਰ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ