Misc. Poetry : Ali Haider Multani

ਵਿਵਿਧ ਸੀਹਰਫ਼ੀਆਂ : ਅਲੀ ਹੈਦਰ ਮੁਲਤਾਨੀ

1. ਨਜ਼ਮ

ਪੰਜ ਸੀਹਰਫ਼ੀਆਂ ਹੈਦਰ ਆਖੀਆਂ

ਪੰਜ ਸੀਹਰਫ਼ੀਆਂ ਹੈਦਰ ਆਖੀਆਂ,
ਪੰਜੇ ਗੰਜ ਮਆਨੀ ਦੇ ਨੇ ।
ਵਾਂਗ ਹਰੂਫ ਮੁਕੱਤਾ, ਦੇ ਇਹ,
ਰਾਜ਼ ਰਮੂਜ਼ ਨਿਹਾਨੀ ਦੇ ਨੇ ।
ਜਾਹਲਾਂ ਨੂੰ ਏਥੇ ਬਾਰ ਨਹੀਂ,
ਇਹ ਸਿੱਰ ਹਕਾਇਕਦਾਨੀ ਦੇ ਨੇ ।
ਇਹ ਗੁੱਝੀਆਂ ਰਮਜ਼ਾਂ ਇਸ਼ਕੇ ਵਾਲੀਆਂ,
ਮਾਨੀ ਹਰੂਫ ਮਆ'ਨੀ ਦੇ ਨੇ ।
ਇਹ ਹਿੰਦਸਾ ਵੇਖਕੇ ਭੁੱਲ ਨਹੀਂ,
ਇਹ ਕੌਲ ਜਲਾਲ ਦੀਵਾਨੀ ਦੇ ਨੇ ।
ਇਹ ਗੱਲਾਂ ਜ਼ੁਲੈਖਾਂ ਵਾਲੀਆਂ ਨੇ,
ਅਤੇ ਇਹ ਕਿੱਸੇ ਭੀ ਯੂਸਫ ਸਾਨੀ ਦੇ ਨੇ ।
ਇਹ ਦੋਹੜੇ ਵੇਖਕੇ ਭੁੱਲ ਨਹੀਂ,
ਇਹ ਕਾਸਿਦ ਦਿਲਬਰ ਜਾਨੀ ਦੇ ਨੇ ।
ਇਹ ਸ਼ਾਰਹ ਕੌਲ ਅਨਲਹਕ ਦੇ,
ਅਤੇ ਮਾਨੀਂ ਭੀ ਆ'ਜ਼ਮ ਸਾਨੀ ਦੇ ਨੇ ।
ਇਹ ਗਾਹਲੀਂ ਜ਼ੁਲਫ਼ ਤੇ ਪੀਰੀ ਦੀਆਂ,
ਅਤੇ ਸ਼ੁਅਲੇ ਭੀ ਇਸ਼ਕ ਜਵਾਨੀ ਦੇ ਨੇ ।
ਇਹ ਗੁੱਝੜੇ ਹਾਸੇ ਲਾਲ ਲਬਾਂ ਦੇ,
ਤੇ ਗਮਜ਼ੇ ਨਿਗ੍ਹਾ ਮਸਤਾਨੀ ਦੇ ਨੇ ।
ਇਹ ਸੋਹਣੇ ਰਾਹ ਖੁਦਾ ਦੇ ਨੇ,
ਅਤੇ ਬਾਇਸ ਅਮਨ ਅਮਾਨੀ ਦੇ ਨੇ ।
ਇਹ ਤੋਸ਼ੇ ਮੰਜ਼ਲ ਉਕਬਾ ਦੇ,
ਅਤੇ ਪਰਚੇ ਭੀ ਦੁਨੀਆਂ ਫਾਨੀ ਦੇ ਨੇ ।
ਇਹ ਨਾਤਾਂ ਜੋ ਸਭ ਮੁਹੰਮਦ ਵਾਲੀਆਂ
ਹਮਦ ਖੁਦਾ ਸਬਹਾਨੀ ਦੇ ਨੇ ।
ਇਹ ਵਾਲ ਕੁਨੋਂ ਬਾਰੀਕ ਬਹੂੰ
ਸ਼ਾਹਦ ਮੁਮਿਆਨੀ ਦੇ ਨੇ ।
ਇਹ ਵਲ ਵਲ ਪੇਚ ਤੇ ਤਾਬ ਜੋ ਖਾਂਦੇ,
ਸ਼ਾਹਿਦ ਤੰਗ ਦਹਾਨੀ ਦੇ ਨੇ ।
ਇਹ ਕੁਲ ਕੁਲ ਸ਼ੀਸ਼ੇ ਸ਼ਰਾਬ ਦੇ ਤੇ
ਇਹ ਹਾ ਹੂ ਬਜ਼ਮ ਸ਼ਾਹਾਨੀ ਦੇ ਨੇ ।
ਇਹ ਘਿੰਨ ਪਿਆਲਾ ਤੇ ਦੇਵੇ ਸਾਕੀ,
ਬਹੁੰ ਮਿੱਠੇ ਮੈਂਡੇ ਹਾਣੀ ਦੇ ਨੇ ।
ਇਹ ਛਣ ਛਣ ਚੂੜੇ ਤੇ ਨੇਵਰ ਦੀ,
ਅਤੇ ਹੈਵਰ ਉਸ ਮਨਭਾਣੀ ਦੇ ਨੇ ।
ਇਹ ਨੇਹੁੰ ਥੀਆ ਕੋਚਨੀਆਂ ਮੂੰਹ
ਸੁੰਦਰ ਅਤੇ ਮੂੰਹ ਜਾਨੀ ਦੇ ਨੇ ।
ਇਹ ਤਲਾ ਦੇ ਤਾਲ ਤੇ ਛਣ-ਛਣ-ਛਣ
ਛਣ ਪਾਉਂਦੇ ਜ਼ਾਲਿਮ ਆਨੀ ਦੇ ਨੇ ।
ਇਹ ਘੂਕਦੇ ਘੁੰਗਰੂ ਲਾਟੂ ਵਾਂਗੂੰ
ਫੇਰਿਆਂ ਤੇ ਕਰਵਾਨੀ ਦੇ ਨੇ ।
'ਹਾਏ ਪੀਆ ਮੋਰਾ ਜੀਉ ਗਇਆ,'
ਇਹ ਧੁਰਪਤ ਮੁਤਰਬ ਆਨੀ ਦੇ ਨੇ ।
'ਨ ਵਲ ਸਾਈਂ ਥੀਉ ਪਰੇ,'
ਇਹ ਨਾਜ਼ ਪਰੀ ਮੁਲਤਾਨੀ ਦੇ ਨੇ ।
'ਕੌਣ ਬਲਾ ਕਿਸੇ ਦੇਸ ਕਾ ਥਾ ਯੇਹ,'
ਕਹੀਏ ਹਿੰਦੁਸਤਾਨੀ ਦੇ ਨੇ ।
'ਕੀਮਤ ਬਜ਼ੁਲਫਮ ਦਸਤ ਜ਼ਨਦ,'
ਇਹ ਸ਼ੋਖ ਸੁਖਨ ਮੁਗਲਾਨੀ ਦੇ ਨੇ ।
'ਇਜ਼ਹਬ ਅੰਤਾ ਇਲਾ ਮਨ ਤਹਵਾ,'
ਨੇਕ ਸੁਖਨ ਇਬਰਾਨੀ ਦੇ ਨੇ ।
'ਵੱਡਾ ਹੋਵੇਂ ਮੈਨੂੰ ਹੱਥ ਨ ਲਾਈਂ,'
ਇਹ ਮਾਨ ਜੱਟੀ ਚੂਚਕਾਨੀ ਦੇ ਨੇ ।
' ਛੋੜ ਦੇ ਨੀਂਗਰ ਇਆਣਾ ਤੂੰ,
ਮੈਂਡੇ ਦਿਲੇ ਦਾ ਅਲੀ', ਪਹਾੜਨੀ ਦੇ ਨੇ ।
ਸੁਰਖ ਅਖੀਂ ਰੰਗ ਜ਼ਰਦ ਹਮੇਸ਼ਾ,
ਇਹ ਅਹਵਾਲ ਰੰਜਾਨੀ ਦੇ ਨੇ ।
ਛਣ ਛਣ ਚੂੜਾ ਤੇ ਘਮ ਘਮ ਚਾਟੀ,
ਇਹ ਘੁੰਮਕਾਰ ਮਧਾਣੀ ਦੇ ਨੇ ।
ਅਲੀ ਹੈਦਰ ਜੇ ਹੱਥ ਮੱਖਣ ਆਵੇ,
ਤਾਂ ਮਤਲਬ ਏਸ ਨਿਮਾਣੀ ਦੇ ਨੇ ।

2. ਅਲ੍ਹਾ ਦੇ ਦਰਬਾਰ ਮੈਂ ਕੂਕਾਂ

ਅਲ੍ਹਾ ਦੇ ਦਰਬਾਰ ਮੈਂ ਕੂਕਾਂ ਲਾ ਰਸੂਲ ਖ਼ੁਦਾ ਦੇ ।
ਸਬ ਸਲਵਾਤਾਂ ਤੈਂਡੇ ਭਾ ਰਸੂਲ ਖ਼ੁਦਾ ਦੇ ।
ਕਿਉਂ ਕਰ ਆਖੇ ਗੋਲੀ ਆ ਵੱਲਾ ਰਸੂਲ ਖ਼ੁਦਾ ਦੇ ।
ਮਾਲ ਅਸਾਡਾ ਚੋਰਾਂ ਥੋਂ ਵੱਲਾ ਰਸੂਲ ਖ਼ੁਦਾ ਦੇ ।
ਹੈਦਰ ਦੇ ਸਿਰ ਪਗੜੀ ਆ ਵੱਲਾ ਰਸੂਲ ਖ਼ੁਦਾ ਦੇ ।
ਕਿਥੇ ਵੈਂਦਾ ਚੋਰ ਮੁਹਾਰ ਵੱਲਾ ਰਸੂਲ ਖ਼ੁਦਾ ਦੇ ।
ਕਿਉਂਕਰ ਆਖੇ ਕੁੱਛੇ ਆ ਵੱਲਾ ਰਸੂਲ ਖ਼ੁਦਾ ਦੇ ।
ਦੇਹ ਦੀਦਾਰ ਸੁਹਾਰਾ ਆ ਵੇਖਾਂ ਰਸੂਲ ਖ਼ੁਦਾ ਦੇ ।
ਬਿਨ ਪਾਣੀ ਮੱਛੀ ਮਰਦੀ ਆ ਵੱਲਾ ਰਸੂਲ ਖ਼ੁਦਾ ਦੇ ।
ਸ਼ੌਂਕ ਤੈਂਡੇ ਦਾ ਵੇਲਾ ਗਇਆ ਵਿਹਾ ਰਸੂਲ ਖ਼ੁਦਾ ਦੇ ।
ਸੋਹਣਾ ਮੁੱਖ ਮੁਬਾਰਕ ਆ ਵਿਖਾ ਰਸੂਲ ਖ਼ੁਦਾ ਦੇ ।
ਸੁੱਕ ਅੰਗੂਰੀ ਚੱਲੀ ਮੀਂਹ ਵਸਾ ਰਸੂਲ ਖ਼ੁਦਾ ਦੇ ।
ਨਾਉਂ ਖੁਦਾ ਦੇ ਕੋਈ ਉਤੇ ਆ ਵਸਾ ਰਸੂਲ ਖ਼ੁਦਾ ਦੇ ।
ਨੌਸ਼ਹ ਰੁੱਠਾ ਵਰ੍ਹਿਆਂ ਦਾ ਆ ਮੰਨਾ ਰਸੂਲ ਖ਼ੁਦਾ ਦੇ ।
ਲੁੜ੍ਹਦੀ ਵੈਂਦੀ ਬੇੜੀ ਬੱਨੇ ਲਾ ਰਸੂਲ ਖ਼ੁਦਾ ਦੇ ।
ਅੱਲਾ ਮੌਲਾ ਅੱਗੇ ਕਰ ਦੁਆ ਰਸੂਲ ਖ਼ੁਦਾ ਦੇ ।
ਰਾਫਜ਼ੀਆਂ ਨੂੰ ਮਾਰੇ ਆਪ ਖੁਦਾ ਰਸੂਲ ਖ਼ੁਦਾ ਦੇ ।
ਫਾਰਸੀਆਂ ਦੀ ਆਤਿਸ਼ ਫੜੂ ਸਮਾ ਰਸੂਲ ਖ਼ੁਦਾ ਦੇ ।
ਰਾਫਜ਼ੀ ਹੋਏ ਗ਼ਾਲਿਬ ਤੂੰ ਹਟਾ ਰਸੂਲ ਖ਼ੁਦਾ ਦੇ ।
ਨੌਬਤ ਸੁੱਨੀ ਦੇ ਦੀਨੇ ਦੀ ਵਜਾ ਰਸੂਲ ਖ਼ੁਦਾ ਦੇ ।
ਰਾਫਜ਼ੀਆਂ ਦੇ ਸਿਰ ਤੇ ਤੇਰਾ ਰਸੂਲ ਖ਼ੁਦਾ ਦੇ ।
ਰਾਫ਼ਜ਼ੀਆਂ ਦੇ ਹੱਥੋਂ ਰਤੂ ਛੁੜਾ ਰਸੂਲ ਖ਼ੁਦਾ ਦੇ ।
ਉਨ੍ਹਾਂ ਰਾਫਜ਼ੀਆਂ ਪਿੱਛੇ ਕੁੱਤੇ ਲਾ ਰਸੂਲ ਖ਼ੁਦਾ ਦੇ ।
ਅਲ੍ਹਾ ਮੌਲਾ ਕੋਲੋਂ ਖੈਰ ਦਵਾ ਰਸੂਲ ਖ਼ੁਦਾ ਦੇ ।
ਲਿਸ਼ਕਣ ਲੱਗੀਆਂ ਤੇਗਾਂ ਖੈਰ ਕਰਾ ਰਸੂਲ ਖ਼ੁਦਾ ਦੇ ।
ਛੱਪਰ ਦੇ ਸਿਰ ਕੱਪਰ ਤੂੰ ਵਸਾ ਰਸੂਲ ਖ਼ੁਦਾ ਦੇ ।
ਝੇੜਿਉਂ ਝਗੜਿਉਂ ਖ਼ੁਸ਼ ਸੁਖ ਵਿਖਾ ਰਸੂਲ ਖ਼ੁਦਾ ਦੇ ।
ਨਾਜ਼ਕ ਵੇਲਾ ਦੋ ਦਿਲ ਮੱਕੇ ਆ ਰਸੂਲ ਖ਼ੁਦਾ ਦੇ ।
ਹਵਾ ਸਵਾਰ ਘਵਾਰ ਵਿਚ ਵਗਾ ਰਸੂਲ ਖ਼ੁਦਾ ਦੇ ।
ਵੱਜਿਆ ਮਾਰੂ ਪਲੋ ਨੂੰ ਫਿਰਾ ਰਸੂਲ ਖ਼ੁਦਾ ਦੇ ।
ਭੜਕੀ ਆਤਿਸ਼ ਉਤੇ ਪਾਣੀ ਪਾ ਰਸੂਲ ਖ਼ੁਦਾ ਦੇ ।
ਪਰਬਤ ਕਿਉਂਕਰ ਵਾਲੇ ਆ ਵੱਲਾ ਰਸੂਲ ਖ਼ੁਦਾ ਦੇ ।
ਜ਼ਿੱਮਾ ਹੈਦਰ ਅਜ਼ਿਜ਼ ਦਾ ਤੂੰ ਚਾ ਰਸੂਲ ਖ਼ੁਦਾ ਦੇ ।

3. ਅਲਿਫ਼-ਅਜ਼ਲ ਅਲਸਤ ਦੀ ਯਾਰੀ ਲੱਗੀ

ਅਲਿਫ਼-ਅਜ਼ਲ ਅਲਸਤ ਦੀ ਯਾਰੀ ਲੱਗੀ,
ਰਹੀ ਹੀਰ ਯਤੀਮ ਦੀ ਏ ।
ਅਸਾਂ ਰਾਂਝਾ ਵਿੱਚ ਰਸੂਲਾ ਡਿੱਠਾ,
ਕਸਮ ਤੇ ਅਰਜ਼ ਅਜ਼ੀਮ ਦੀ ਹੈ ।
ਉਹਦੇ ਮੋਂਢੇ ਮੁਜ਼ਿਮਲ ਕੰਬਲ ਭਾਰੀ,
ਹਥ ਖੂੰਡੀ ਹਾਮੀਮ ਦੀ ਏ ।
ਅਲੀਹੈਦਰ ਰਾਂਝਾ ਅੱਜ ਪਛਾਤਾ,
ਉਹ ਤੇ ਜ਼ਾਹਿਰ ਸੂਰਤ ਮੀਮ ਦੀ ਏ ।੧।

4. ਅਲਿਫ਼-ਅੰਦਰ ਘੁੰਘਟ ਦੇ ਮਾਰਿਆ ਈ

ਅਲਿਫ਼-ਅੰਦਰ ਘੁੰਘਟ ਦੇ ਮਾਰਿਆ ਈ,
ਵੇਖਾਂ ਘੁੰਘਟ ਉਤਾਰਿਆਂ ਹੋਵੇਗਾ ਕਿਆ ।
ਤੈਂਡੀ ਗੰਦੀ ਮਹੰਦੀ ਅੰਧੇਰ ਪਾਇਆ,
ਵੇਖਾਂ ਵਲ ਉਤਾਰਿਆਂ ਹੋਵੇਗਾ ਕਿਆ ।
ਤੇਗ ਵਿੱਚ ਮਿਆਨ ਦੋ ਟੱਕ ਕਰੇ,
ਵੇਖਾਂ ਧੂ ਉਤਾਰਿਆਂ ਹੋਵੇਗਾ ਕਿਆ ।
ਅਲੀਹੈਦਰ ਪੁੱਛ ਪਿਆਰਿਆਂ ਨੂੰ,
ਸਾਨੂੰ ਲਾ ਲਾ ਲਾਰਿਆਂ ਹੋਵੇਗਾ ਕਿਆ ।੨।

5. ਐਨ-ਅਰਸ਼ ਕੰਬੇ ਕੌਲ ਇਸ਼ਕ ਦੇ ਥੀਂ

ਐਨ-ਅਰਸ਼ ਕੰਬੇ ਕੌਲ ਇਸ਼ਕ ਦੇ ਥੀਂ,
ਕੁਰਸੀ ਹੋ ਹੈਰਾਨ ਖਲੋ ਰਹੀ ।
ਪਇਆ ਸ਼ੋਰ ਸੀ ਦੋਹਾਂ ਜਹਾਨਾਂ ਅੰਦਰ,
ਤਦੋਂ ਛੱਪ ਕੇ ਕੀਤੀ ਸੀ ਜਾਲ ਵਹੀ ।
ਆਸ਼ਿਕ ਬੇ ਬੇ ਤੇ ਨ ਜਾਣਦੇ ਨੇ,
ਨਹੀਂ ਜਾਣਦੇ ਸੀਗਾ ਤੇ ਅਮਰ ਨਹੀਂ ।
ਹੈਦਰ ਵਾਰੇ ਜਾਈਏ ਇਨਹਾਂ ਆਸ਼ਿਕਾਂ ਤੋਂ,
ਜਿਨਹਾਂ ਕੁਫਰ ਵਿਚੋਂ ਕੀਤਾ ਰੱਬ ਸਹੀ ।੧੬।

6. ਐਨ-ਇਸ਼ਕ ਦਾ ਮੁਸ਼ਕ ਅਵੱਲੜਾ ਈ

ਐਨ-ਇਸ਼ਕ ਦਾ ਮੁਸ਼ਕ ਅਵੱਲੜਾ ਈ,
ਹੀਰੇ ਸੁੰਘ ਨਾਹੀਂ ਮਤਾਂ ਧਾ ਜਾਈ ।
ਇਹ ਇਸ਼ਕ ਮਰੇਲੜਾ ਸ਼ੇਰ ਖੂਨੀ,
ਨੇੜੇ ਵੰਜੇ ਨਾਹੀਂ ਮਤਾਂ ਖਾ ਜਾਈ ।
ਸੌਦੇ ਦਿਲਾਂ ਦਿਆਂ ਨੂੰ ਹੱਥ ਨ ਘੱਤ ਹੀਰੇ,
ਮਤਾਂ ਹੱਥਾਂ ਤੇ ਜਾਨ ਵਿਹਾ ਜਾਈ ।
ਹੈਦਰ ਅਪਣਾ ਸ਼ੌਹ ਮੰਨਾ ਲੈ,
ਮਤਾਂ ਡੂੰਘੜੇ ਨੀਰ ਰੁੜ੍ਹਾ ਜਾਈ ।੧੭।

7. ਐਨ-ਇਸ਼ਕ ਦੀ ਮੰਜ਼ਲ ਦੂਰ ਸਈਓ

ਐਨ-ਇਸ਼ਕ ਦੀ ਮੰਜ਼ਲ ਦੂਰ ਸਈਓ,
ਪਿੰਡ ਪਹਾੜਾਂ ਪੱਟਿਆਂ ਦਾ ।
ਇਹ ਤਾਂ ਲਿਖਿਆ ਮੂਲ ਨ ਮਿਟਦਾ ਈ,
ਕੋਈ ਹਰਫ ਮੁਲਾਣਿਆਂ ਪੱਟਿਆਂ ਦਾ ।
ਤੇਰੀ ਬੇਪਰਵਾਹੀ ਤੇ ਫੱਟੀਆਂ ਮੈਂ,
ਨੇਹੁੰ ਜ਼ਖਮ ਮੇਰਾ ਲਾਇਕ ਪੱਟਿਆਂ ਦਾ ।੧੮।

8. ਐਨ-ਇਸ਼ਕ ਜਿਨਹਾਂ ਦੇ ਖਿਆਲ ਪਇਆ

ਐਨ-ਇਸ਼ਕ ਜਿਨਹਾਂ ਦੇ ਖਿਆਲ ਪਇਆ,
ਮਸਜਿਦ ਛੋੜ ਕਿਤਾਬਾਂ ਨੂੰ ਠੱਪ ਗਏ ਨੇ ।
ਕਾਗਜ਼ ਪਾੜ ਕੇ ਚਾ ਲਵੀਰਾਂ ਕੀਤੇ,
ਕਲਮ ਤੋੜ ਦਵਾਤਾਂ ਨੂੰ ਕੱਪ ਗਏ ਨੇ ।
ਅਗੇ ਕਹਕਾ ਦੀਵਾਰ ਦੀ ਕੰਧ ਆਹੀ,
ਛਾਲੀ ਮਾਰ ਉੱਤੋਂ ਸਾਰੇ ਟੱਪ ਗਏ ਨੇ ।
ਰੰਗਣ ਚੜ੍ਹੀ ਵੇ ਹੈਦਰ ਰਸੂਲ ਵਾਲੀ,
ਜਿਨਹਾਂ ਰਪਣਾ ਸੀ ਸੋਈ ਰਪ ਗਏ ਨੇ ।੧੯।

9. ਐਨ-ਇਸ਼ਕ ਮਾਹੀ ਦੀ ਭੱਠੀ ਤਪਦੀ

ਐਨ-ਇਸ਼ਕ ਮਾਹੀ ਦੀ ਭੱਠੀ ਤਪਦੀ,
ਤਪਦੀ ਤੇ ਭਾਹ ਭਾਹ ਕਰੇ ।
ਆਸ਼ਿਕ ਸੜਦੇ ਤੇ ਤੜ ਤੜ ਕਰਦੇ,
ਬਾਹਰ ਇਸ਼ਕ ਪਇਆ ਵਾਹ ਵਾਹ ਕਰੇ ।
ਸੁਲੇਮਾਨ ਭਠਿਆਰੀ ਦਾ ਭੱਠ ਝੋਕੇ,
ਅਤੇ ਰੰਗ ਮਚਿਆਨੀ ਵਿਆਹ ਕਰੇ ।
ਜਿਨਹਾਂ ਅਪਣੀ ਆਪ ਮਾਰੀਆ ਵੇ ਹੈਦਰ,
ਤੇਰੀ ਜੱਨਤ ਦੀ ਕੀ ਪ੍ਰਵਾਹ ਕਰੇ ।੧੫।

10. ਬੇ-ਬਾਬਲ ਅਸਾਡੇ ਨੇ ਵਣਜ ਵਿਹਾਜਿਆ

ਬੇ-ਬਾਬਲ ਅਸਾਡੇ ਨੇ ਵਣਜ ਵਿਹਾਜਿਆ,
ਮੱਝੀਂ ਭੀ ਘਣੀਆਂ ਲਈਆਂ ਲਈਆਂ ।
ਕੜਕਣ ਕਾਹ ਲੜਕਣ ਬੇਲੇ,
ਸ਼ੇਰ ਬੁੱਕਣ ਵਿੱਚ ਲਈਆਂ ਲਈਆਂ ।
ਅੱਧੀ ਰਾਤੀਂ ਕੋੜੇ ਸੋਤੇ,
ਝਲ ਬੇਲੇ ਵਿਚ ਪਈਆਂ ਪਈਆਂ ।
ਕਿਸੇ ਹੋਰੀ ਵੀ ਇਸ਼ਕ ਕਮਾਇਆ ਵੇ ਹੈਦਰ,
ਕਿ ਚੋਰੀ ਕੀਤੀ ਮੀਆਂ ਮੀਆਂ ।੬।

11. ਬੇ-ਬਹੁਤ ਮਲਾਮਤਾਂ ਛੱਡ ਮੋਈਏ

ਬੇ-ਬਹੁਤ ਮਲਾਮਤਾਂ ਛੱਡ ਮੋਈਏ,
ਜੇ ਕਰ ਯਾਰ ਦੀ ਹਾਜ਼ਰੀ ਲੋੜਨੀ ਏਂ ।
ਨਾਲੇ ਸ਼ਰਮ ਹਿਆ ਦੀ ਲੱਜ ਰੱਖੇਂ,
ਨਾਲੇ ਨੈਣ ਨੈਣਾਂ ਨਾਲ ਜੋੜਨੀ ਏਂ ।
ਦਿਲ ਚਾਹੁੰਦਾ ਈ ਗਲੇ ਲੱਗਣੇ ਨੂੰ,
ਨਾਲੇ ਘੁੰਡ ਕੱਢੇਂ ਮੁੱਖ ਮੋੜਨੀ ਏਂ ।
ਅਲੀਹੈਦਰ ਕਹੰਦਾ ਪਰੇ ਵੰਝ ਮੋਈਏ,
ਕਾਹਨੂੰ ਆਸ਼ਿਕਾਂ ਦੇ ਦਿਲ ਤੋੜਨੀ ਏਂ ।੪।

12. ਬੇ-ਬਲਣ ਨ ਲੋਕਾਂ ਦੀ ਸੁੱਕੀਆਂ ਨੀ

ਬੇ-ਬਲਣ ਨ ਲੋਕਾਂ ਦੀ ਸੁੱਕੀਆਂ ਨੀ,
ਕਰਮਾਂ ਨਾਲ ਬਲੇਂਦੀਆਂ ਸੁੰਨੀਆਂ ਨੇ ।
ਇਕਨਾਂ ਸੁੱਤਿਆਂ ਸ਼ਹੁ ਮਨਾ ਲਇਆ,
ਇਕ ਚਾਹੜ ਸੇਜਾਂ ਉੱਤੇ ਰੁੰਨੀਆਂ ਨੇ ।
ਇੱਕ ਸੋਹਣੀਆਂ ਦੇ ਮੱਥੇ ਭਾਗ ਨਹੀਂ,
ਇਕ ਕੋਝੀਆਂ ਕੇਸਰ ਭਿੰਨੀਆਂ ਨੇ ।
ਅਲੀਹੈਦਰ ਅੱਲਾ ਦੀ ਜ਼ਾਤ ਕੋਲੋਂ,
ਕੁੱਲ ਦੀਆਂ ਆਸਾਂ ਪੁੰਨੀਆਂ ਨੇ ।੩।

13. ਬੇ-ਬੇ ਦੀ ਬੈ ਨਾ ਵੱਸ ਮੁੱਲਾਂ

ਬੇ-ਬੇ ਦੀ ਬੈ ਨਾ ਵੱਸ ਮੁੱਲਾਂ,
ਓੁਹੋ ਅਲਿਫ਼ ਸਿੱਧਾ ਖਮ ਘੱਤ ਆਇਆ ।
ਓਹਾ ਯਾਰ ਗਲਵਕੜੀ ਰਾਤ ਵਾਲਾ,
ਹੁਣ ਭੇਸ ਵਟਾ ਕੇ ਵਤ ਆਇਆ ।
ਸੋਹਣਾ ਮੀਮ ਦੀ ਚਾਦਰ ਪਹਣ ਕੇ ਜੀ,
ਕੇਹਾ ਜ਼ੁਲਫਾਂ ਦਾ ਘੁੰਘਟ ਘੱਤ ਆਇਆ ।
ਅਲੀਹੈਦਰ ਉਹਾ ਯਾਰ ਪਿਆਰਾ,
ਹੁਣ ਅਹਮਦ ਬਣ ਕੇ ਵੱਤ ਆਇਆ ।੫।

14. ਦਾਲ-ਦਰਸ਼ਨ ਤੇਰੇ ਨੇ ਦਰਸ਼ ਭੁਲਾਏ

ਦਾਲ-ਦਰਸ਼ਨ ਤੇਰੇ ਨੇ ਦਰਸ਼ ਭੁਲਾਏ,
ਮੁੱਲਾਂ ਮੁਫਤੀਆਂ ਕਾਜ਼ੀਆਂ ਨੂੰ ।
ਸਰਫੀ ਨਹਵੀ ਭੁੱਲ ਭੁੱਲ ਜਾਂਦੇ,
ਪੜ੍ਹਣ ਮਜ਼ਾਰੇ ਮਾਜ਼ੀਆਂ ਨੂੰ ।
ਖਤ ਤੁਸਾਡੇ ਦੇ ਖਤ ਜੋ ਡਿਠੀਆਂ,
ਭੁੱਲੇ ਬਿਆਜ਼ ਬਿਆਜ਼ੀਆਂ ਨੂੰ ।
ਹੈਦਰ ਯਾਰ ਦੇ ਦਰਸ਼ਨ ਕੀਤਿਆਂ,
ਭੁੱਲੇ ਨਫ਼ਲ ਨਿਮਾਜ਼ੀਆਂ ਨੂੰ ।੩੮।

15. ਦਾਲ-ਦੀਨ ਈਮਾਨ ਤੂੰ ਸਮਝ ਆਪੇ

ਦਾਲ-ਦੀਨ ਈਮਾਨ ਤੂੰ ਸਮਝ ਆਪੇ,
ਮੇਰਾ ਦੀਨ ਭੀ ਤੂੰ ਈਮਾਨ ਭੀ ਤੂੰ ।
ਸਕਾ ਸਹੁਰਾ ਖਵੇਸ਼ ਕਬੀਲਾ,
ਸਾਕ ਭੀ ਤੂੰ ਤੇ ਸੈਨ ਭੀ ਤੂੰ ।
ਤੇਰੀ ਖੜ ਖੜ ਨੌਬਤ ਖਾੜ ਕਰੇਂਦੀ,
ਝੰਡਾ ਭੀ ਤੂੰ ਨਿਸ਼ਾਨ ਭੀ ਤੂੰ ।
ਤੇਰੀ ਲਾਲ ਲਬਾਂ ਤੇ ਮਿੱਠੜਾ ਹਾਸਾ,
ਸ਼ੀਰੀਂ ਭੀ ਤੂੰ ਤੇ ਪਾਨ ਭੀ ਤੂੰ ।
ਅਲੀਹੈਦਰ ਯਾਰ ਬਜਾਣੇ ਵਾਲਾ,
ਤਾਲ ਭੀ ਤੂੰ ਤੇ ਤਾਨ ਭੀ ਤੂੰ ।੯।

16. ਦਾਲ-ਦਿਲ ਦਾ ਘੁੰਘਟ ਮੁਸ਼ਕਲ ਖੁਲ੍ਹਦਾ

ਦਾਲ-ਦਿਲ ਦਾ ਘੁੰਘਟ ਮੁਸ਼ਕਲ ਖੁਲ੍ਹਦਾ,
ਮਦਦ ਬਾਹਜ ਨ ਖੁਲ੍ਹਦਾ ਈ ।
ਲੱਖ ਹਜ਼ਾਰਾਂ ਵੱਜਣ ਸੱਟਾਂ,
ਦਿਲ ਦਾ ਰਾਜ਼ ਨ ਖੁਲ੍ਹਦਾ ਈ ।
ਛੱਪਣ ਲੁਕਣ ਦੇ ਵਿਚ ਆਵੇ,
ਸ਼ੀਸ਼ਾ ਐਨਕ ਕੁਲ ਦਾ ਈ ।
ਹੈਦਰ ਯਾਰ ਗਲੇ ਵਿੱਚ ਲੈ ਕੇ,
ਦਰਸ਼ਨ ਦੇਂਦਾ ਮੁੱਲ ਦਾ ਈ ।੮।

17. ਫੇ-ਫਿਕਰ ਲੱਗਾ ਸੋਹਣੇ ਯਾਰ ਸੰਦਾ

ਫੇ-ਫਿਕਰ ਲੱਗਾ ਸੋਹਣੇ ਯਾਰ ਸੰਦਾ,
ਅਤੇ ਬੰਦ ਖੁਲ੍ਹੇ ਮੈਂਡੀ ਚੋਲੜੀ ਦੇ ।
ਏਸ ਇਸ਼ਕ ਨੇ ਚਾ ਬਦਨਾਮ ਕੀਤਾ,
ਮੱਥੇ ਲੇਖ ਲਿਖੇ ਮੈਂਡੇ ਭੋਲੜੀ ਦੇ ।
ਜਿਵੇਂ ਡੰਗ ਜਾਂਦਾ ਕਾਲਾ ਨਾਗ ਮੈਨੂੰ,
ਕੁੰਡਲ ਮਾਰ ਬੈਠਾ ਵਿਚ ਝੋਲੜੀ ਦੇ ।
ਹੈਦਰ ਯਾਰ ਥੀਂ ਮੁੱਖ ਨ ਮੂਲ ਮੋੜਾਂ,
ਭਾਵੇਂ ਨ ਚੜ੍ਹਸਾਂ ਵਿਚ ਡੋਲੜੀ ਦੇ ।੨੨।

18. ਫੇ-ਫਿਕਰ ਨ ਰਹਿਆ ਤੇ ਘੁੰਘਟ ਕਿਆ

ਫੇ-ਫਿਕਰ ਨ ਰਹਿਆ ਤੇ ਘੁੰਘਟ ਕਿਆ,
ਤੇ ਘੁੰਡ ਉਠਾਵੀਂ ਓ ਵਾਸਤਾ ਈ ।
ਮੁੱਖ ਤੈਂਡੇ ਦੀ ਸਿੱਕ ਅਸਾਂ ਨੂੰ,
ਤੇ ਝੁੰਨ ਮਾਰੀਂ ਓ ਵਾਸਤਾ ਈ ।
ਦਿਲ ਅਸਾਡੜਾ ਡਰਦਾ ਜਾਂਦੜਾ,
ਅਤੇ ਪਕੜ ਖਿਲਾੜੀਂ ਓ ਵਾਸਤਾ ਈ ।
ਜਾਮ ਵਸਲ ਦਾ ਦੇਵੀਂ ਹੈਦਰ,
ਅਤੇ ਸੀਨਾ ਚਾ ਫਾੜੀਂ ਓ ਵਾਸਤਾ ਈ ।੨੧।

19. ਗੈਨ-ਗਮ ਕਰਾਂ ਨਾਲੇ ਮੈਂ ਮਰਾਂ

ਗੈਨ-ਗਮ ਕਰਾਂ ਨਾਲੇ ਮੈਂ ਮਰਾਂ,
ਮੇਰੇ ਯਾਰ ਦੀ ਯਾਰੀ ਕੁਝ ਹੋਰ ਹੋ ਗਈ ।
ਅੱਗੇ ਯਾਰ ਦੇ ਨਾਲ ਪ੍ਰੀਤ ਆਹੀ,
ਹੁਣ ਨਾਲ ਅਸਾਡੇ ਅਨਜੋੜ ਹੋ ਗਈ ।
ਅੱਗੇ ਹੁਸਨ ਦੀ ਮੱਤੀ ਮੈਂ ਪਈ ਫਿਰਾਂ,
ਹੁਣ ਰੋ ਰੋ ਮੈਂ ਕਮਜ਼ੋਰ ਹੋ ਗਈ ।
ਅਲੀਹੈਦਰ ਓਸੇ ਸਭਨਾਂ ਸਈਆਂ ਵਿਚੋਂ,
ਮੈਂ ਨਿਕੰਮੜੀ ਚੋਰ ਹੋ ਗਈ ।੨੦।

20. ਹੇ-ਹੂਰਾਂ ਵੇਖ ਜਮਾਲ ਸੱਜਣ ਦਾ

ਹੇ-ਹੂਰਾਂ ਵੇਖ ਜਮਾਲ ਸੱਜਣ ਦਾ,
ਸੰਗਦੀਆਂ ਸੰਗਦੀਆਂ ਸੰਗ ਗਈਆਂ ।
ਇਕੋ ਨਜ਼ਾਰਾ ਬਰਾਏ ਖੁਦਾ ਦੇ,
ਮੰਗਦੀਆਂ ਮੰਗਦੀਆਂ ਮੰਗ ਗਈਆਂ ।
ਚੋਟੀ ਨੂੰ ਮੱਖਣ ਤੇ ਪੈਰਾਂ ਨੂੰ ਮਹੰਦੀ,
ਰੰਗਦੀਆਂ ਰੰਗਦੀਆਂ ਰੰਗ ਗਈਆਂ ।
ਇਹ ਦੋਵੇਂ ਜ਼ੁਲਫਾਂ ਦਾ ਸ਼ਮਸ ਵੇ ਹੈਦਰ,
ਡੰਗਦੀਆਂ ਡੰਗਦੀਆਂ ਡੰਗ ਗਈਆਂ ।੩੭।

21. ਹੇ-ਹੋਸ਼ ਨ ਛੱਡੀ ਇਸ਼ਕ ਤੇਰੇ

ਹੇ-ਹੋਸ਼ ਨ ਛੱਡੀ ਇਸ਼ਕ ਤੇਰੇ,
ਇਸ ਵਿਚ ਬਹੁਤ ਦਿਲਗੀਰੀਆਂ ਨੇ ।
ਜਿਨਹਾਂ ਇਸ਼ਕ ਦੀ ਚੋਲੜੀ ਰੰਗ ਲਈ
ਉਨਹਾਂ ਚਿਟੀਆਂ ਚਾਦਰਾਂ ਚੀਰੀਆਂ ਨੇ ।
ਬਾਦਸ਼ਾਹਾਂ ਦੇ ਪੁੱਤਰ ਕੰਗਾਲ ਕੀਤੇ,
ਜਿਨਹਾਂ ਮੱਲੀਆਂ ਚਾ ਫਕੀਰੀਆਂ ਨੇ ।
ਅਲੀਹੈਦਰ ਵੇ ਜਿੱਥੇ ਇਸ਼ਕ ਰਹਿੰਦਾ,
ਓਥੇ ਰਹੰਦੀਆਂ ਨਹੀਂ ਅਮੀਰੀਆਂ ਨੇ ।੩੬।

22. ਕਾਫ-ਕਾਲੀਆਂ ਕਿੱਡੀਆਂ ਸੋਹੰਦੀਆਂ ਨੇ ਬੇਲੇ

ਕਾਫ-ਕਾਲੀਆਂ ਕਿੱਡੀਆਂ ਸੋਹੰਦੀਆਂ ਨੇ ਬੇਲੇ,
ਭੌਂਦੀਆਂ ਝੱਲ ਵਲੱਲੀਆਂ ਨੇ ।
ਵੱਜਣ ਟੱਲ ਤੇ ਰੜਕਣ(ਖੜਕਣ) ਟੱਲੀਆਂ,
ਇਸ਼ਕ ਆਵਾਜ਼ੇ ਤੇ ਸੱਲੀਆਂ ਨੇ ।
ਮੀਏਂ ਰਾਂਝੇ ਦੇ ਹੱਥ ਇਸ਼ਕ ਦੀ ਖੂੰਡੀ
ਮੱਝੀਂ ਵੇਲੇ ਵਲ ਵਲੀਆਂ ਨੇ ।
ਮਾਹੀ ਬਾਝੋਂ ਕੌਣ ਚਰਾਵੇ,
ਹੈਦਰ ਮਹੀਂ ਖਲੀਆਂ ਨੇ ।੨੯।

23. ਕਾਫ-ਕਚੀ ਕਵਾਰੜੀ ਮੈਂ ਫਿਰਾਂ

ਕਾਫ-ਕਚੀ ਕਵਾਰੜੀ ਮੈਂ ਫਿਰਾਂ,
ਨੇਹੁੰ ਲਾ ਬੈਠੀ ਨਾਲ ਰਾਹੀਆਂ ਦੇ ।
ਰਾਹੀ ਲੱਦ ਗਏ ਮੈਨੂੰ ਛੱਡ ਗਏ ਬੇਲੇ,
ਢੂੰਡ ਥੱਕੀ ਨਾਲ ਮਾਹੀਆਂ ਦੇ ।
ਲਾਵਾਂ ਭਾਹ ਮੈਂ ਸੂਵੇ(ਸੂਹੇ) ਸਾਵਿਆਂ ਨੂੰ,
ਚੂੜਾ ਭੱਨ ਸੁੱਟਾਂ ਨਾਲ ਬਾਹੀਆਂ ਦੇ ।
ਹੈਦਰ ਵੰਜ ਕੇ ਪੁੱਛ ਕਵਾਰੀਆਂ ਥੀਂ,
ਕੀ ਬੀਤੀ ਏ ਨਾਲ ਵਿਆਹੀਆਂ ਦੇ ।੨੭।

24. ਕਾਫ-ਕਦਮਾਂ ਮੈਂ ਤੇਰੀਆਂ ਦੀ ਖਾਕ ਹੋਵਾਂ

ਕਾਫ-ਕਦਮਾਂ ਮੈਂ ਤੇਰੀਆਂ ਦੀ ਖਾਕ ਹੋਵਾਂ,
ਏਵੇਂ ਆ ਪਿਆਰਿਆ ਬਿਸਮਿੱਲਾ ।
ਦਮਦਮ ਮੈਨੂੰ ਤੇਰੇ ਦੇਖਣ ਦਾ ਰਹੰਦਾ,
ਚਾ ਪਿਆਰਿਆ ਬਿਸਮਿੱਲਾ ।
ਅੱਖੀਂ ਫਰਸ਼ ਕੀਤੀਆਂ ਤੇਰੇ ਵੇਖਣੇ ਨੂੰ,
ਬੈਠੇ ਜਾ ਪਿਆਰਿਆ ਬਿਸਮਿੱਲਾ ।
ਅਲੀਹੈਦਰ ਕਹੰਦਾ ਕਦੇ ਸਿੱਕਦੀ ਨੂੰ,
ਗਲੇ ਲਾ ਪਿਆਰਿਆ ਬਿਸਮਿੱਲਾ ।੨੪।

25. ਕਾਫ-ਕਾਫਿਰ ਹੋਈਆਂ ਸੋਹਣੇ ਯਾਰ ਪਿੱਛੇ

ਕਾਫ-ਕਾਫਿਰ ਹੋਈਆਂ ਸੋਹਣੇ ਯਾਰ ਪਿੱਛੇ,
ਮੁੱਲਾਂ ਧੱਕੀਂ ਨਿਮਾਜ਼ ਪੜ੍ਹਾਵੰਦੇ ਨੇ ।
ਦੀਨ ਮਜ਼ਹਬ ਨਹੀਂ ਕੋਈ ਆਸ਼ਿਕਾਂ ਦਾ,
ਤਸਬੀਹ ਤੋੜ ਜੰਜੂ ਗਲ ਪਾਵੰਦੇ ਨੇ ।
ਆਸ਼ਿਕ ਸਿਜਦਾ ਕਰਦੇ ਬੁੱਤ ਯਾਰ ਦੇ ਨੂੰ,
ਲੋਕ ਮੱਕੇ ਨੂੰ ਸੀਸ ਨਿਵਾਵੰਦੇ ਨੇ ।
ਹੈਦਰ ਵਾਰੇ ਜਾਈਏ ਉਨਹਾਂ ਆਸ਼ਿਕਾਂ ਦੇ,
ਜਿਹੜੇ ਕੁਫਰ ਵਿਚੋਂ ਸ਼ਹੁ ਪਾਵੰਦੇ ਨੇ ।੩੧।

26. ਕਾਫ-ਕੱਪਰ ਦੇ ਬੇੜੇ ਤੇ ਮੈਂ ਚੜ੍ਹੀ

ਕਾਫ-ਕੱਪਰ ਦੇ ਬੇੜੇ ਤੇ ਮੈਂ ਚੜ੍ਹੀ,
ਮੇਰਾ ਬੇਲੀ ਉਤੇ ਵਲ ਕੂਕਦਾ ਈ ।
ਓਸੇ ਬੇਲੀ ਤੇ ਓਸੇ ਕੰਧੀ,
ਮੱਝੀਂ ਨੂੰ ਪਇਆ ਹੂਕਦਾ ਈ ।
ਚੂਚਕ ਬਾਪ ਦੇ ਘਰ ਘਾੜ ਘੜੈਂਦੇ,
ਭਾਹ ਸੁਨਿਆਰਾ ਫੂਕਦਾ ਈ ।
ਹੀਰੇ ਨੂੰ ਪਾਣੀ ਚਲੀਏਂ ਵੇ ਹੈਦਰ,
ਧੰਮੀ ਨਕਾਰੜਾ ਕੂਚਦਾ ਈ ।੨੮।

27. ਕਾਫ-ਕੜੀਆਂ ਦੀ ਕੜ ਕੜਕਈ ਨੀ ਸਈਓ

ਕਾਫ-ਕੜੀਆਂ ਦੀ ਕੜ ਕੜਕਈ ਨੀ ਸਈਓ,
ਇਹ ਕੜੀਆਂ ਕਲੇਜੇ ਵਿਚ ਅੜੀਆਂ ਕੜੀਆਂ ।
ਇਕ ਆਪ ਜ਼ਾਲਿਮ ਦੂਜਾ ਕੜੀਆਂ ਜ਼ਾਲਿਮ,
ਤੀਜਾ ਜ਼ਾਲਿਮਾਂ ਦੀ ਪੈਰੀਂ ਚੜੀਆਂ ਕੜੀਆਂ ।
ਇਹ ਛਣਕਾਰ ਕਲੇਜੇ ਨੂੰ ਪਾ ਜਾਂਦਾ,
ਕਿਸੇ ਜ਼ਾਲਿਮ ਸੁਨਿਆਰੇ ਨੇ ਘੜੀਆਂ ਕੜੀਆਂ ।
ਅਲੀਹੈਦਰ ਵੇ ਤੈਨੂੰ ਕਿਉਂ ਨ ਸਾੜਣ ਜਿਹੜੀਆਂ
ਅੱਗੇ ਕੁਠਿਆਲੀ ਵਿੱਚ ਸੜੀਆਂ ਕੜੀਆਂ ।੨੬।

28. ਕਾਫ-ਕੜੀਆਂ ਕੜੀਆਂ ਛਣ ਛਣ ਛਣਕਣ

ਕਾਫ-ਕੜੀਆਂ ਕੜੀਆਂ ਛਣ ਛਣ ਛਣਕਣ
ਦਿਲ ਅਸਾਡੜੇ ਨੂੰ ਖਸਦੀਆਂ ।
ਵਾਂਗ ਅਨਾ ਅਲਹਦ ਜ਼ਿਕਰ ਰਬਾਣੇ,
ਪੌਣ ਘਣਘੋਰਾਂ ਰਸ ਦੀਆਂ ।
ਯਾ ਵਤ ਟੱਲੀ ਦੋਵੇਂ ਰੜਕਣ,
ਕੂਚ ਦੀਆਂ ਖ਼ਬਰਾਂ ਦਸਦੀਆਂ ।
ਹੈਦਰ ਵੇਖਕੇ ਹਾਲ ਮੇਰੇ ਨੂੰ,
ਤਾਹੀਏਂ ਖਿੜ ਖਿੜ ਹਸਦੀਆਂ ।੩੦।

29. ਕਾਫ-ਕਹਰ ਦੀ ਨਜ਼ਰ ਨ ਵੇਖ ਪਿਆਰੇ

ਕਾਫ-ਕਹਰ ਦੀ ਨਜ਼ਰ ਨ ਵੇਖ ਪਿਆਰੇ,
ਕਰ ਠਾਲਾ ਤੇ ਮੋਇਆਂ ਨੂੰ ਮਾਰ ਨਹੀਂ ।
ਕੋਹੰਦਾ ਮੋਹੰਦਾ ਫਿਰੇਂ ਜੱਗ ਸਾਰੇ ਤਾਈਂ,
ਤੇਰਾ ਕੌਣ ਬਨਾ ਕੋਈ ਕਾਰ ਨਹੀਂ ।
ਤੇਰੀਆਂ ਅੱਖੀਆਂ ਡਾਹਡੀਆਂ ਤ੍ਰਿੱਖੀਆਂ ਨੇ,
ਐਸੀ ਤ੍ਰਿੱਖੀ ਤਾਂ ਕੋਈ ਤਲਵਾਰ ਨਹੀਂ ।
ਆਸ਼ਿਕ ਕੁੱਠੇ ਮਾਸ਼ੂਕ ਵੇ ਹੈਦਰ,
ਅਜ਼ਰਾਈਲ ਆਵਣ ਦਰਕਾਰ ਨਹੀਂ ।੨੩।

30. ਕਾਫ-ਕੁਝ ਨਾ ਕੁਝ ਮੈਂ ਜਾਣਦੀ ਸਾਂ

ਕਾਫ-ਕੁਝ ਨਾ ਕੁਝ ਮੈਂ ਜਾਣਦੀ ਸਾਂ,
ਏਸ ਇਸ਼ਕ ਬਲਾ ਚਾ ਕੁਝ ਕੀਤਾ ।
ਮੇਰੀ ਬੁੱਕਲ ਵਿਚੋਂ ਇਕ ਸ਼ੀਂਹ ਪਇਆ,
ਓਸ ਮਾਰ ਨਾ'ਰਾ ਚਾ ਕੁਝ ਕੀਤਾ ।
'ਅਲੱਸਤੁ ਬਿਰਬਿਕੁਮ' ਸੁਣਿਆ ਦਿਲ ਮੇਰੇ,
ਓਸ ਸੁਣਦਿਆਂ ਈ ਚਾ ਕੁਝ ਕੀਤਾ ।
ਅਲੀਹੈਦਰ ਮਿਲਿਆ ਸੋਹਣਾ ਯਾਰ ਮੈਨੂੰ,
ਉਸ ਮਿਲਦਿਆਂ ਈ ਚਾ ਕੁਝ ਕੀਤਾ ।੨੫।

31. ਕਾਫ-ਕੁਝ ਨ ਸਾਂ ਕੁਝ ਥੀ ਪਈਆਂ

ਕਾਫ-ਕੁਝ ਨ ਸਾਂ ਕੁਝ ਥੀ ਪਈਆਂ,
ਸਦ ਕੁਨ ਦੀ ਫੱਦ(ਸੱਦ) ਉਠਾਈਆਂ ਮੈਂ ।
'ਅਨਾ ਆਨਤ' ਅੱਗੇ ਹੈਸਾਂ,
ਅਤੇ ਪਕੜ ਅਲੱਸਤ ਨਿਵਾਈਆਂ ਮੈਂ ।
'ਸੁਮਮ ਬੁਕਮਮ ਉੱਮੀ' ਹੈਸਾਂ
ਅਤੇ ਤੋਤੇ ਵਾਂਗ ਬੁਲਾਈਆਂ ਮੈਂ ।
ਹੈਦਰ ਰਾਜ਼ ਓਸੇ ਨੂੰ ਮਾਲਮ,
ਜਿਸ ਕੁਦਰਤ ਨਾਲ ਬਣਾਈਆਂ ਮੈਂ ।੩੨।

32. ਖੇ-ਖਲਕ ਖੁਦਾ ਦੀ ਇਲਮ ਪੜ੍ਹਦੀ

ਖੇ-ਖਲਕ ਖੁਦਾ ਦੀ ਇਲਮ ਪੜ੍ਹਦੀ,
ਸਾਨੂੰ ਇੱਕਾ ਮਤਾਲੇ ਯਾਰ ਦਾ ਏ ।
ਜਿਨਹਾਂ ਖੋਲ੍ਹਕੇ ਇਸ਼ਕ ਕਿਤਾਬ ਡਿੱਠੀ,
ਸੀਗੇ ਸਰਫ ਤੇ ਸਭ ਵਿਸਾਰ ਦਾ ਏ ।
ਜਿਨਹਾਂ ਯਾਰਾਂ ਦੇ ਨਾਮ ਦਾ ਸਬਕ ਪੜ੍ਹਿਆ,
ਏਥੇ ਜਾਏ ਨ ਸਬਰ ਕਰਾਰ ਦਾ ਏ ।
ਹੈਦਰ ਮੁੱਲਾਂ ਨੂੰ ਫਿਕਰ ਨਿਮਾਜ਼ ਦਾ ਏ,
ਇਨਹਾਂ ਆਸ਼ਿਕਾਂ ਤਲਬ ਦੀਦਾਰ ਦਾ ਏ ।੭।

33. ਮੀਮ-ਮਿਰਜ਼ਾ ਮਸਤ ਵਿਸਾਲ ਦਾ ਏ

ਮੀਮ-ਮਿਰਜ਼ਾ ਮਸਤ ਵਿਸਾਲ ਦਾ ਏ,
ਕਰੇ ਜਾਨ ਸਦਕੜੇ ਸਾਹਿਬਾਂ ਤੋਂ ।
ਰੋਣਾ ਸਾਹਿਬਾਂ ਹਾਲ ਵੇ ਹਾਲ ਅਸਾਂ,
ਘੋਲ ਘਤੀਓਂ ਸਾਹਿਬਾਂ ਤੋਂ ।
ਅਸਾਂ ਆਹੀ ਸਿੱਕ ਚਿਰੋਕੀ,
ਤੇਗਾਂ ਨਾਲ ਕਪੀਓਂ ਸਾਹਿਬਾਂ ਤੋਂ ।
ਓਨਹਾਂ ਅਖੀਆਂ ਅੱਗੇ ਬੇੜੀ ਥੀਵਣ,
ਸਦਕਾ ਥੀਓਂ ਸਾਹਿਬਾਂ ਤੋਂ ।
ਖ਼ਵਾਬ ਬਹਾਨਾ ਮਤਲਬ ਸਾਰੇ,
ਜੀਉ ਵਰੀਓਂ ਸਾਹਿਬਾਂ ਤੋਂ ।
ਮਿਰਜ਼ੇ ਭਾਹੀਂ ਲਾਵਾਂ ਹੈਦਰ,
ਵਾਰ ਸਟੀਓਂ ਸਾਹਿਬਾਂ ਤੋਂ ।੩੪।

34. ਮੀਮ-ਮੁਹੰਮਦ ਕਿਨ ਬਣਾਇਆ

ਮੀਮ-ਮੁਹੰਮਦ ਕਿਨ ਬਣਾਇਆ,
ਕਿਨ ਬਣਾਇਆ ਵਹੀ ਓ ਯਾਰ ।
ਅਰਬਾ ਅਨੁਸਾਰ ਬੁੱਤ ਬਣਾਕੇ,
ਵਿੱਚ ਉਹਦੇ ਵੜ ਬਹੀਂ(ਬਹੇਂ) ਓ ਯਾਰ ।
ਮੈਂ ਹਾਂ ਲੋਹਾ ਤੂੰ ਹੈਂ ਪਾਰਸ,
ਨਾਲ ਅਸਾਂ ਜ਼ਰਾ ਖਹੀਂ ਓ ਯਾਰ ।
ਅਲੀਹੈਦਰ ਇਹ ਗੰਜ ਵਹਦਤ ਵਾਲੇ,
ਬੱਸ ਵੀ ਹੋਂਦੇ ਨਹੀਂ ਓ ਯਾਰ ।੩੩।

35. ਰੇ-ਰੱਖ ਮੁੱਲਾਂ ਕਨਜ਼ ਕਾਫੀਏ ਨੂੰ

ਰੇ-ਰੱਖ ਮੁੱਲਾਂ ਕਨਜ਼ ਕਾਫੀਏ ਨੂੰ,
ਏਥੇ ਮੁੰਨੀਏ ਤੇ ਕੁੰਨੀਏ ਦੀ ਜਾ ਨਾਹੀਂ ।
ਏਥੇ ਇਸ਼ਕ ਦਾ ਮਸਲਾ ਖੁਲ੍ਹਦਾ ਏ,
ਪੜ੍ਹ ਆਇਤਾਂ ਬਸ ਸੁਣਾ ਨਾਹੀਂ ।
ਅਸਾਂ ਇਸ਼ਕ ਦੇ ਕਾਇਦਿਉਂ ਸਬਕ ਪੜ੍ਹਿਆ,
ਮੁੱਲਾਂ ਹੋਰ ਕੋਈ ਵਾਇਦਾ ਪਾ ਨਾਹੀਂ ।
ਹੈਦਰ ਮਜ਼ਹਬ ਰੰਝੇਟੇ ਦੇ ਹੋ ਰਹੀਆਂ,
ਏਥੇ ਖੇੜਿਆਂ ਦੀ ਕੋਈ ਵਾ ਨਾਹੀਂ ।੧੦।

36. ਸੀਨ-ਸੱਠ ਮੈਂ ਹਾਰ ਸਿੰਗਾਰ ਲਾਏ

ਸੀਨ-ਸੱਠ ਮੈਂ ਹਾਰ ਸਿੰਗਾਰ ਲਾਏ,
ਤੌਕ ਯਾਰ ਵਾਲਾ ਗਲੀਂ ਪਾਨੀਆਂ ਮੈਂ ।
ਵੇ ਮੈਂ ਹਾਂ ਕੁੱਤੀ ਲੌਂਗੀ ਨਾਉਂ ਮੇਰਾ,
ਨਿੱਤ ਦਰ ਤੇ ਆ ਹੂਕਾਨੀਆਂ ਮੈਂ ।
ਦੁਰਕਾਰ ਦੇਵੇਂ ਕਾਈ ਉਜ਼ਰ ਨਹੀਓਂ,
ਤੋਹੇ ਤੋਹੇ ਕਰੇਂ ਭੱਨੀ ਆਨੀਆਂ ਮੈਂ ।
ਹੈਦਰ ਯਾਰ ਦਾ ਦਰ ਨ ਮੂਲ ਛੱਡਾਂ,
ਤੋੜੇ ਭਾਨੀਆਂ ਤੋੜੇ ਨਾ ਭਾਨੀਆਂ ਮੈਂ ।੧੨।

37. ਸੀਨ-ਸਵਾਲ ਜਵਾਬ ਥੀਂ ਸੋਈ ਛੁੱਟੇ

ਸੀਨ-ਸਵਾਲ ਜਵਾਬ ਥੀਂ ਸੋਈ ਛੁੱਟੇ,
ਜਿਹੜੇ ਇਸ਼ਕ ਦੀ ਤੇਗ ਸ਼ਹੀਦ ਹੋਏ ।
ਜਾ ਕੇ ਫਲ ਪਏ ਨੇ ਫੌਜ ਇਮਾਮਾਂ ਵਾਲੀ,
ਉਹ ਤਾਂ ਇੱਕ ਦੀਦਾਰ ਖਰੀਦ ਹੋਏ ।
ਆਲਮ ਤੇ ਫਾਜ਼ਿਲ ਸ਼ਾਗਿਰਦ ਉਨਹਾਂ ਦੇ,
ਕੁਝ ਪੀਰ ਤੇ ਕੁਝ ਮੁਰੀਦ ਹੋਏ ।
ਜਿਨਹਾਂ ਇਸ਼ਕ ਦੀ ਮਰਜ਼ ਨ ਲੱਧੀ ਓ ਹੈਦਰ,
ਉਹ ਫਰਊਨ ਬਜ਼ੀਦ ਪਲੀਦ ਹੋਏ ।੧੩।

38. ਸੁਆਦ-ਸਬਰ ਨਹੀਂ ਆਉਂਦਾ ਅੱਖੀਆਂ ਨੂੰ

ਸੁਆਦ-ਸਬਰ ਨਹੀਂ ਆਉਂਦਾ ਅੱਖੀਆਂ ਨੂੰ,
ਦਰ ਯਾਰ ਦੇ ਰੋਂਦੀਆਂ ਰਹੰਦੀਆਂ ਨੇ ।
ਮੇਰੇ ਮਾਹੀ ਦਾ ਨਿਤ ਦੀਦਾਰ ਮੰਗਣ,
ਘੜੀ ਪਲਕ ਫਿਰਾਕ ਨ ਸਹੰਦੀਆਂ ਨੇ ।
ਜਦੋਂ ਸੋਹਣਿਆਂ ਦੀ ਦੱਸ ਨਹੀਂ ਪੈਂਦੀ,
ਵਾਂਗੂ ਉੜਦੇ ਬਦਲੀਂ ਲਹੰਦੀਆਂ ਨੇ ।
ਹੈਦਰ ਬਾਲ ਕੇ ਚਿਖਾ ਪ੍ਰੇਮ ਵਾਲੀ,
ਮੱਲ ਰਾਹ ਮਸ਼ੂਕਾਂ ਦਾ ਬਹੰਦੀਆਂ ਨੇ ।੩੯।

39. ਵਾਉ-ਵੇਖਾਂ ਹੁਸਨ ਜਮਾਲ ਉਨਹਾਂ ਸੋਹਣਿਆਂ ਦਾ

ਵਾਉ-ਵੇਖਾਂ ਹੁਸਨ ਜਮਾਲ ਉਨਹਾਂ ਸੋਹਣਿਆਂ ਦਾ,
ਕਿਆ ਕੁਝ ਹੱਥ ਨ ਆਵੰਦਾ ਈ ।
ਨ ਉਹ ਰੰਗ ਨ ਸੂਰਤ,
ਪਰ ਖੁਬਸੂਰਤਾਂ ਥੋਂ ਉੱਠ ਧਾਵੰਦਾ ਈ ।
ਜੇ ਵਤ ਹੋਵੇ ਅੱਖੀਆਂ ਕਿਉਂ,
ਗੁਲ ਨਰਗਸ ਭਾਹ ਨ ਲਾਵੰਦਾ ਈ ।
ਜੇ ਵਤ ਹੋਵੇ ਪਲਕਾਂ,
ਕਿਉਂ ਨ ਡਿੰਗੜਾ ਖਾਰ ਸੁਹਾਵੰਦਾ ਈ ।
ਜੇ ਵਤ ਹੋਵੇ ਜ਼ੁਲਫ ਸਿਆਹ,
ਕਿਉਂ, ਕਾਲੜਾ ਨਾਗ ਡਰਾਵੰਦਾ ਈ ।
ਓਹੋ ਬੇਰੰਗਾ ਹੈਦਰ ਆਖ ਨਹੀਂ,
ਕੋਈ ਲੋਹੜਾ ਕੰਜ ਸੁਣਾਵੰਦਾ ਈ ।੩੫।

40. ਜ਼ੇ-ਜ਼ੁਲਫ ਤੇਰੀ ਕਾਲੀ ਨਾਗਣੀ ਏ

ਜ਼ੇ-ਜ਼ੁਲਫ ਤੇਰੀ ਕਾਲੀ ਨਾਗਣੀ ਏ,
ਦੂਰੋਂ ਵੇਖ ਯਤੀਮਾਂ ਨੂੰ ਡੰਗਦੀ ਏ ।
ਭੁੱਖੀ ਨਾਗਣੀ ਤੇ ਲਹੂ ਆਸ਼ਿਕਾਂ ਦਾ
ਜ਼ਰਾ ਪੀਵਣੋਂ ਮੂਲ ਨ ਸੰਗਦੀ ਏ ।
ਪੀ ਪੀ ਜਾਵੇ ਬਸ ਨ ਕਰੇ,
ਜਿੰਦ ਜਾਨ ਪਿਆਰ ਥੀਂ ਮੰਗਦੀ ਏ ।
ਅਲੀਹੈਦਰ ਪਿਆਰੇ ਦਾ ਸਾਇਆ ਡਾਹਡਾ,
ਜੈਂਦੀ ਸ਼ੋਖੀ ਤੇ ਚਾਲ ਪਤੰਗ ਦੀ ਏ ।੧੧।

41. ਜ਼ੋਏ-ਜ਼ਾਹਿਰ ਕਾਰਣ ਅਸਾਡੇ ਦੀ, ਲਿਖਿਆ

ਜ਼ੋਏ-ਜ਼ਾਹਿਰ ਕਾਰਣ ਅਸਾਡੇ ਦੀ, ਲਿਖਿਆ,
'ਰੱਬ ਅਲਮ ਨਸ਼ਰਹ' ।
ਇਬਰਾਹੀਮ ਚਿਖਾ ਦੇ ਵੇਲੇ ਕਹੰਦਾ,
'ਰੱਬ ਅਲਮ ਨਸ਼ਰਹ' ।
ਮੂਸਾ ਵਕਤ ਕਲਾਮ ਇਲਾਹੀ ਕਹੰਦਾ,
ਉਹ ਤੂੰ 'ਰੱਬ ਅਲਮ ਨਸ਼ਰਹ' ।
ਹੋਰ ਸੱਭੇ ਦਾਵੇ ਝੂਠੇ ਹੈਦਰ,
ਸ਼ਾਨ ਰਸੂਲ ਅਲਮ ਨਸ਼ਰਹ ।੧੪।