Punjabi Poetry/Ghazlan Muhammad Ali Muztar

ਪੰਜਾਬੀ ਗ਼ਜ਼ਲਾਂ ਮੁਹੰਮਦ ਅਲੀ ਮੁਜ਼ਤਰ

1. ਅੱਖਾਂ ਦੀ ਰਖਵਾਲੀ ਰੱਖ

ਅੱਖਾਂ ਦੀ ਰਖਵਾਲੀ ਰੱਖ
ਐਨਕ ਭਾਵੇਂ ਕਾਲ਼ੀ ਰੱਖ

ਜਿਵੇਂ ਰਾਤ ਹਨੇਰੀ ਏ
ਦਿਲ ਦਾ ਦੀਵਾ ਬਾਲ਼ੀ ਰੱਖ

ਉੱਤੋਂ ਰਾਵਣ ਨੱਚਣ ਦੇ
ਵਿੱਚੋਂ ਰਾਮ ਦਿਵਾਲ਼ੀ ਰੱਖ

ਗੁੱਸਾ, ਗਿਲ੍ਹਾ, ਕਾਮ, ਕਰੋਧ
ਏਨੇ ਸੱਪ ਨਾ ਪਾਲ਼ੀ ਰੱਖ

ਇੱਕੋ ਯਾਰ ਨਾਲ਼ ਯਾਰੀ ਲਾ
ਦੁਸ਼ਮਣ ਪੈਂਤੀ ਚਾਲੀ ਰੱਖ

ਚੰਨਾ ਦਿਲ ਦੀਆਂ ਗੱਲਾਂ ਨੂੰ
ਗੱਲੀਂ ਬਾਤੀਂ ਟਾਲ਼ੀ ਰੱਖ

ਮੁਜ਼ਤਰ ਮੰਜ਼ਿਲ ਆ ਪੁੱਜੀ
ਜੋੜੀ ਖੋਲ ਪੰਜਾਲ਼ੀ ਰੱਖ

2. ਟੁਰਦਾ ਜਾਵੀਂ ਸਿੱਧੇ ਹੱਥ

ਟੁਰਦਾ ਜਾਵੀਂ ਸਿੱਧੇ ਹੱਥ
ਸੌ ਸਿਆਣੇ ਇੱਕੋ ਮੱਤ

ਸ਼ਾਲਾ ਐਵੇਂ ਵਿੱਸ ਨਾ ਘੋਲ਼
ਤੇਰੀ ਮੇਰੀ ਇੱਕੋ ਰੱਤ

ਸੱਜੇ ਖੱਬੇ ਵੈਰੀ ਤੇਰੇ
ਵੈਰੀ ਤੇਰੇ ਪੰਜ ਨਾ ਸੱਤ

ਧੱਕਾ ਖਾ ਕੇ ਸਿੱਧਾ ਹੋਇਆ
ਕੁੱਬੇ ਨੂੰ ਰਾਸ ਆ ਗਈ ਲੱਤ

ਸੌਹਰਿਆਂ ਤੋਂ ਸੱਦਾ ਆਇਆ
ਉੱਠ ਧੀਏ ਹੁਣ ਸੂਤ ਨਾ ਕੱਤ

ਚਿੱਤ ਨਾ ਚੇਤੇ ਵਾਂਗ ਬਰੇਤੇ
ਸੁੱਕੇ ਅੰਬਰ ਡਿੱਗੀ ਛੱਤ

ਊਠਾਂ ਵਾਲ਼ੇ ਲਾਹ ਕੇ ਲੈ ਗੈ
ਹਰੀਆਂ ਟਾਹਣੀਆਂ, ਕੱਚੇ ਪੱਤ

ਦੁਨੀਆ ਹੰਝੂ ਰੋਵੈ ਮੁਜ਼ਤਰ
ਮੈਂ ਰੋਵਾਂ ਉੱਬਲਦੀ ਰੱਤ

3. ਚੰਨਾ ਵੇ ਤੇਰੀ ਚਾਨਣੀ, ਤਾਰਿਆ ਵੇ ਤੇਰੀ ਲੋ

ਚੰਨਾ ਵੇ ਤੇਰੀ ਚਾਨਣੀ, ਤਾਰਿਆ ਵੇ ਤੇਰੀ ਲੋ
ਚੰਨ ਪਕਾਵੇ ਰੋਟੀਆਂ, ਤਾਰਾ ਲਵੇ ਕਨਸੋ

ਅਸੀਂ ਸਾਏ ਸਿਖ਼ਰ ਦੁਪਹਿਰ ਦੇ ਸਾਨੂੰ ਕੰਧਾਂ ਲਿਆ ਲੁਕੋ
ਸਾਨੂੰ ਜਿਥੇ ਆਖਿਆ ਯਾਰ ਨੇ, ਅਸੀਂ ਓਥੇ ਰਹੇ ਖੜੋ

ਮੈਂ ਕਰਾਂ ਤੇ ਕੱਲੀ ਕੀ ਕਰਾਂ? ਕਦੇ ਹੱਸ ਪਵਾਂ ਕਦੇ ਰੋ
ਕਦੇ ਚਰਖ਼ਾ ਉੱਠ ਕੇ ਡਾਹ ਲਵਾਂ, ਕਦੇ ਚੱਕੀ ਦੇਵਾਂ ਝੋ

ਅੱਜ ਲਹਿਰਾਂ ਖਾਵਣ ਪੈਂਦੀਆਂ, ਅੱਜ ਭੁੱਖਾ ਘੁੰਮਣ ਘੇਰ
ਤੂੰ ਬੇੜੀ ਠੇਲ ਮੁਹਾਨਿਆਂ! ਜੋ ਰੱਬ ਕਰੇ ਸੋ ਹੋ

ਅਸੀਂ ਹੱਸ ਹੱਸ ਉਮਰ ਲੰਘਾ ਲਈ, ਤੈਨੂੰ ਸ਼ੱਕ ਨਾ ਦਿੱਤਾ ਪੈਣ
ਜੋ ਜ਼ਖ਼ਮ ਸੀ ਤੇਰੇ ਹਿਜਰ ਦੇ, ਉਹ ਤੈਥੋਂ ਲਏ ਲੁਕੋ

ਸੋਚਾਂ ਦੇ ਤੰਬੂ ਤਾਣ ਕੇ, ਅਸੀਂ ਵੇਲ਼ਾ ਲਿਆ ਲੰਘਾ
ਯਾਦਾਂ ਦੇ ਧਾਘੇ ਕੱਤ ਕੇ, ਅਸੀਂ ਹੰਝੂ ਲਏ ਪਰੋ

ਸਭਨਾਂ ਦੇ ਸਾਂਝੇ ਰਾਂਝਣਾ! ਤੂੰ ਜਾਵੇਂ ਕਿਹੜੇ ਰਾਹ
ਤੇਰਾ ਆਸ਼ਕ ਕੁਲ ਜਹਾਨ ਏ ਤੇਰੇ ਆਸ਼ਕ ਇੱਕ ਨਾ ਦੋ

ਮੈਂ ਸੂਰਜ ਅੱਧੀ ਰਾਤ ਦਾ, ਮੇਰੇ ਬਰਫ਼ਾਂ ਚਾਰ ਚੁਫ਼ੇਰ
ਮੇਰੀ ਅੱਗ ਤਾਂ ਅੱਗੇ ਬੁਝ ਗਈ, ਮੇਰਾ ਨੂਰ ਨਾ ਮੈਥੋਂ ਖੋ

ਕੱਲ ਤਾਰਿਆਂ ਹੇਠ ਖੜੋ ਕੇ ਮੈਂ ਮੁਜ਼ਤਰ, ਅੱਧੀ ਰਾਤ
ਜਦ ਖਿੜਕੀ ਖੋਲ੍ਹੀ ਵਕਤ ਦੀ ਆਈ ਸਦੀਆਂ ਦੀ ਖ਼ੁਸ਼ਬੋ