Salok : Guru Angad Dev Ji

ਸਲੋਕ : ਗੁਰੂ ਅੰਗਦ ਦੇਵ ਜੀ

1. ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥1॥8॥

(ਪਵਣੁ=ਹਵਾ,ਪ੍ਰਾਣ, ਮਹਤੁ=ਵੱਡੀ, ਦੁਇ=ਦੋਵੇਂ,
ਦਾਇਆ=ਦਿਨ ਖਿਡਾਵਾ ਹੈ, ਦਾਈ=ਰਾਤ
ਖਿਡਾਵੀ ਹੈ, ਸਗਲ=ਸਾਰਾ, ਵਾਚੈ=ਪਰਖਦਾ ਹੈ,
ਪੜ੍ਹਦਾ ਹੈ, ਹਦੂਰਿ=ਅਕਾਲ ਪੁਰਖ ਦੀ ਹਜ਼ੂਰੀ
ਵਿਚ, ਕਰਮੀ=ਕਰਮਾਂ ਅਨੁਸਾਰ, ਕੇ=ਕਈ ਜੀਵ,
ਨੇੜੈ=ਅਕਾਲ ਪੁਰਖ ਦੇ ਨਜ਼ਦੀਕ, ਜਿਨੀ=ਜਿਨ੍ਹਾਂ
ਮਨੁੱਖਾਂ ਨੇ, ਤੇ=ਉਹ ਮਨੁੱਖ, ਮਸਕਤਿ=ਮਸ਼ੱਕਤਿ,
ਮਿਹਨਤ, ਘਾਲਿ=ਘਾਲ ਕੇ, ਮੁਖ ਉਜਲੇ=ਉੱਜਲ
ਮੁਖ ਵਾਲੇ, ਕੇਤੀ=ਕਈ ਜੀਵ, ਛੁਟੀ=ਮੁਕਤ ਹੋ
ਗਈ, ਨਾਲਿ=ਉਹਨਾਂ ਦੀ ਸੰਗਤ ਵਿਚ)


(ਇਹੋ ਸਲੋਕ ਥੋੜ੍ਹੇ ਫ਼ਰਕ ਨਾਲ ਪੰਨਾ 146 ਤੇ ਵੀ ਦਰਜ ਹੈ)

ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥2॥146॥

2. ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥2॥83॥

(ਆਗੈ=ਸਾਹਮਣੇ, ਮਰਿ ਚਲੀਐ=ਆਪਾ-ਭਾਵ ਮਿਟਾ ਦੇਈਏ,
ਤਾ ਕੈ ਪਾਛੈ=ਉਸ ਵਲੋਂ ਮੂੰਹ ਮੋੜ ਕੇ)

3. ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ

ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਦੀਜੈ ਡਾਰਿ ॥
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥1॥89॥

(ਡਾਰਿ ਦੀਜੈ=ਸੁੱਟ ਦੇਈਏ, ਬਿਰਥਾ=ਪਿਆਰ ਦੀ ਖਿੱਚ)

4. ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ

ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥
ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥
ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥
ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥2॥138।

(ਦੇਂਦੇ ਥਾਵਹੁ=ਦੇਣ ਵਾਲੇ ਨਾਲੋਂ, ਸੁਰਤਿ=ਸੂਝ, ਮਤਿ=ਅਕਲ,
ਕਿਆ ਕਰਿ ਆਖਿ=ਕੀ ਆਖ ਕੇ, ਅੰਤਰਿ ਬਹਿ ਕੈ=ਲੁਕ ਕੇ,
ਚਹੁ ਕੁੰਡੀ=ਚਹੁਆਂ ਕੂਟਾਂ ਵਿਚ, ਦਿਖਾ=ਦੇਖਾਂ,)

5. ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥1॥139॥

6. ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ

ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥
ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥
ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥
ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥2॥139॥

(ਸਾਉ=ਸੁਆਦ, ਰੁਹਲਾ=ਲੂਲ੍ਹਾ,ਪੈਰ-ਹੀਣ, ਟੁੰਡਾ=ਹੱਥ-ਹੀਣ,
ਧਾਇ=ਦੌੜ ਕੇ, ਭੈ ਕੇ=ਪ੍ਰਭੂ ਦੇ ਡਰ ਦੇ, ਕਰ=ਹੱਥ, ਭਾਵ=
ਪਿਆਰ, ਲੋਇਣ=ਅੱਖਾਂ, ਸੁਰਤਿ=ਧਿਆਨ, ਇਵ=ਇਸ ਤਰ੍ਹਾਂ)

7. ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ

ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥2॥146॥

(ਅਠੀ=ਅੱਠੇ ਪਹਰ, ਪਾਈਅਹਿ=ਲੱਭਦੇ ਹਨ,
ਅਥਾਹ ਦਰਸਨਿ ਰੂਪਿ=ਅੱਤ ਡੂੰਘੇ ਪ੍ਰਭੂ ਦੇ
ਦਰਸਨ ਵਿਚ ਤੇ ਸਰੂਪ ਵਿਚ ਜੁੜੇ ਹੋਏ,
ਕਰਮਿ=ਬਖ਼ਸ਼ਸ਼ ਨਾਲ)

8. ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ

ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥
ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥
ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥
ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥
ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥
ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥1॥146॥

(ਅਠੀ ਪਹਰੀ=ਦਿਨ ਦੇ ਅੱਠੇ ਪਹਰਾਂ ਵਿਚ, ਅਠ ਖੰਡ=ਧਰਤੀ
ਦੇ ਅੱਠ ਹਿੱਸਿਆਂ ਦੇ ਪਦਾਰਥਾਂ ਵਿਚ, ਗੁਣੀ ਗਹੀਰੁ=ਅਥਾਹ
ਗੁਣਾਂ ਵਾਲੇ ਪ੍ਰਭੂ ਨੂੰ, ਕਰਮਵੰਤੀ=ਭਾਗਾਂ ਵਾਲਿਆਂ ਨੇ, ਕਰਿ=
ਕਰ ਕੇ, ਸੁਰਤਿਆ=ਉੱਚੀ ਸੁਰਤਿ ਵਾਲਿਆਂ ਨੂੰ, ਦਰਿਆਵਾ
ਸਿਉ=ਦਰਿਆਵਾਂ ਨਾਲਿ, ਪਸਾਉ=ਬਖਸ਼ਸ਼, ਕੰਚਨ=ਸੋਨਾ, ਕਸੀਐ=
ਕੱਸ ਲਾਈ ਜਾਂਦੀ ਹੈ, ਵੰਨੀ ਚੜੈ ਚੜਾਉ=ਸੋਹਣਾ ਰੰਗ ਚੜ੍ਹਦਾ ਹੈ,
ਸਤੁ=ਉੱਚਾ ਆਚਰਨ, ਫਾਦਲੁ=ਫਜ਼ੂਲ)

9. ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ

ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥2॥147॥

(ਆਖਣੁ=ਮੂੰਹ, ਇਕ ਵੰਨ=ਇਕ ਰੰਗ ਦੇ, ਗੁਣੀ=ਗੁਣਾਂ ਦੇ ਮਾਲਕ)

10. ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ

ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥
ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥
ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥
ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥
ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥
ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥1॥148॥

(ਮੰਤ੍ਰੀ=ਮਾਂਦਰੀ, ਕੂਚਾ=ਲੰਬੂ, ਮੁਆਤਾ, ਅਤੀ ਹੂ=ਅੱਤ ਚੁਕਣ
ਦੇ ਕਾਰਨ, ਅੜੈ=ਖਹਿਬੜਦਾ ਹੈ, ਹਕਿ ਨਿਆਇ=ਸੱਚੇ ਨਿਆਂ
ਦੇ ਕਾਰਨ, ਵਿਉਪਾਇ=ਨਿਰਨਾ)

11. ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ

ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥
ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥
ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥
ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥
ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥
ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥2॥148॥

(ਸੁਜਾਣ=ਸਿਆਣਾ, ਮਾਮਲਾ=ਝੰਬੇਲਾ, ਝੇੜਾ, ਵਾਟ=
ਰਾਹ ਵਿਚ, ਮੂਲੁ=ਅਸਲਾ, ਲਬਿ=ਲੱਬ ਦੇ ਆਸਰੇ,
ਵਿਸਟੁ=ਵਿਚੋਲਾ, ਪਰਵਾਣੁ=ਮੰਨਿਆ, ਸਰੁ=ਤੀਰੁ,
ਸੰਧੈ=ਚਲਾਏ, ਬਾਣੁ=ਤੀਰ, ਅਗੰਮੁ=ਜਿਸ ਤਕ
ਪਹੁੰਚਿਆ ਨਾ ਜਾ ਸਕੇ, ਵਾਹੇਦੜੁ=ਤੀਰ ਵਾਹਣ ਵਾਲਾ,
ਹਾਣੁ=ਉਮਰ, ਹਾਣਿ=ਹਾਣੀ, ਸਤ=ਸੰਗੀ)

12. ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ

ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥
ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥2॥148॥

(ਤਸਿ=ਤਸਯ,ਉਸ ਦਾ, ਜਨਮਸਿ=(ਜਨਮ+ਅਸਤਿ) ਜਨਮ ਹੈ,
ਜਾਵਤੁ=ਜਦ ਤਕ, ਬਿੰਦਤੇ=ਜਾਣਦਾ ਹੈ, ਸੰਸਾਰਸਿ=ਸੰਸਾਰ ਦਾ,
ਤਰਹਿ=ਤਰਦੇ ਹਨ, ਕੇ=ਕਈ ਜੀਵ, ਕਰਣ=ਜਗਤ, ਕਲ=ਕਲਾ)

13. ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ

ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥
ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥
ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥
ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥2॥150॥

(ਕਿ ਕਰੇ=ਕੀਹ ਵਿਗਾੜ ਸਕਦਾ ਹੈ, ਚੀਜੀ=ਚੀਜ਼ਾਂ)

14. ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ

ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥1॥150॥

(ਦੀਖਿਆ=ਸਿੱਖਿਆ, ਬੁਝਾਇਆ=ਗਿਆਨ ਦਿੱਤਾ ਹੈ, ਸਿਫਤੀ=
ਸਿਫ਼ਤਿ-ਸਾਲਾਹ ਦੀ ਰਾਹੀਂ, ਸਮੇਉ=ਸਮਾਈ ਦਿੱਤੀ ਹੈ, ਕਿਆ=ਹੋਰ ਕੀਹ)

15. ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥2॥463॥

(ਸਉ=ਸੌ, ਏਤੇ ਚਾਨਣ=ਇਤਨੇ ਚਾਨਣ, ਘੋਰ ਅੰਧਾਰ=ਘੁੱਪ ਹਨੇਰਾ)

16. ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
ਇਕਨ੍ਹ੍ਹਾ ਹੁਕਮਿ ਸਮਾਇ ਲਏ ਇਕਨ੍ਹ੍ਹਾ ਹੁਕਮੇ ਕਰੇ ਵਿਣਾਸੁ ॥
ਇਕਨ੍ਹ੍ਹਾ ਭਾਣੈ ਕਢਿ ਲਏ ਇਕਨ੍ਹ੍ਹਾ ਮਾਇਆ ਵਿਚਿ ਨਿਵਾਸੁ ॥
ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥3॥463॥

(ਸਚੈ ਕੀ ਹੈ ਕੋਠੜੀ=ਸਦਾ ਕਾਇਮ ਰਹਿਣ ਵਾਲੇ ਰੱਬ ਦੀ ਥਾਂ ਹੈ, ਇਕਨ੍ਹਾ=
ਕਈ ਜੀਵਾਂ ਨੂੰ, ਸਮਾਇ ਲਏ=ਆਪਣੇ ਵਿਚ ਸਮਾ ਲੈਂਦਾ ਹੈ, ਭਾਣੈ=ਆਪਣੀ
ਰਜ਼ਾ ਅਨੁਸਾਰ, ਕਢਿ ਲਏ=ਕੱਢ ਲੈਂਦਾ ਹੈ, ਏਵ ਭਿ=ਏਸ ਤਰ੍ਹਾਂ ਭੀ, ਆਖਿ ਨ
ਜਾਪਈ=ਆਖੀ ਨਹੀਂ ਜਾ ਸਕਦੀ, ਜਿ=ਕਿ, ਕਿਸੈ=ਕਿਸ ਜੀਵ ਨੂੰ, ਆਣੈ ਰਾਸਿ=
ਸਿੱਧੇ ਰਾਹੇ ਪਾਉਂਦਾ ਹੈ, ਗੁਰਮੁਖਿ=ਗੁਰੂ ਦੀ ਰਾਹੀਂ, ਜਾਣੀਐ=ਸਮਝ ਆਉਂਦੀ ਹੈ,
ਜਾ ਕਉ=ਜਿਸ ਮਨੁੱਖ ਉੱਤੇ)

17. ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ

ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥2॥466॥

(ਜਾਤਿ=ਕੁਦਰਤੀ ਸੁਭਾਉ, ਹਉਮੈ ਕਰਮ=ਹਉਮੈ ਦੇ ਕੰਮ, ਏਈ=
ਇਹੈ ਹੀ, ਕਿਤੁ ਸੰਜਮਿ=ਕਿਸ ਤਰੀਕੇ ਨਾਲ, ਪਇਐ ਕਿਰਤਿ
ਫਿਰਾਹਿ=ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਅਨੁਸਾਰ ਜੀਵ ਮੁੜ
ਉਹਨਾਂ ਹੀ ਕੰਮਾਂ ਨੂੰ ਕਰਨ ਵਾਸਤੇ ਦੌੜਦੇ ਹਨ, ਦੀਰਘ=ਲੰਮਾ,
ਦਾਰੂ ਭੀ=ਇਲਾਜ ਭੀ ਹੈ, ਇਸੁ ਮਾਹਿ=ਇਸ ਹਉਮੈ ਵਿਚ,
ਇਤੁ ਸੰਜਮਿ=ਇਸ ਜੁਗਤੀ ਨਾਲ)

18. ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ

ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥3॥469॥

(ਸਬਦੰ=ਗੁਰੂ ਦਾ ਬਚਨ, ਜੋਗ ਸਬਦੰ=ਜੋਗ ਦਾ ਧਰਮ, ਸਬਦੰ
ਬ੍ਰਾਹਮਣਹ=ਬ੍ਰਾਹਮਣਾਂ ਦਾ ਧਰਮ, ਪਰਾਕ੍ਰਿਤਹ=ਪਰਾਈ ਕਿਰਤ
ਕਰਨੀ, ਸਰਬ ਸਬਦੰ=ਸਭ ਤੋਂ ਸ੍ਰੇਸ਼ਟ ਧਰਮ, ਏਕ ਸਬਦੰ=ਇਕ
ਪ੍ਰਭੂ ਦਾ ਸਿਮਰਨ ਰੂਪ ਧਰਮ, ਭੇਉ=ਭੇਦ, ਸੋਈ=ਉਹੀ ਮਨੁੱਖ,
ਨਿਰੰਜਨ ਦੇਉ=ਪ੍ਰਭੂ ਦਾ ਰੂਪ ਹੈ)

19. ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ

ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥
ਆਤਮਾ ਬਾਸੁਦੇਵਸਿ´ ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥4॥469॥

(ਏਕ ਕ੍ਰਿਸਨੰ=ਇਕ ਪਰਮਾਤਮਾ, ਸਰਬ ਦੇਵ ਆਤਮਾ=
ਸਾਰੇ ਦੇਵਤਿਆਂ ਦਾ ਆਤਮਾ, ਦੇਵ ਦੇਵਾ ਆਤਮਾ=
ਦੇਵਤਿਆਂ ਦੇ ਦੇਵਤਿਆਂ ਦਾ ਆਤਮਾ, ਤ=ਭੀ,
ਬਾਸੁਦੇਵਸਿ´=ਪਰਮਾਤਮਾ ਦਾ, ਨਿਰੰਜਨ=ਅੰਜਨ
(ਕਾਲਖ) ਤੋਂ ਰਹਿਤ ਹਰੀ)

20. ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥
ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥1॥474॥

(ਦੂਜੈ=ਕਿਸੇ ਹੋਰ ਵਿਚ, ਕਾਂਢੀਐ=ਕਿਹਾ ਜਾਂਦਾ ਹੈ,
ਰਹੈ ਸਮਾਇ=ਡੁੱਬਾ ਰਹੇ, ਚੰਗੈ=ਚੰਗੇ ਕੰਮ ਨੂੰ, ਮੰਦੈ
ਮੰਦਾ ਹੋਇ=ਮਾੜੇ ਕੰਮ ਨੂੰ ਵੇਖ ਕੇ, ਜਿ ਸੋਇ=ਜਿਹੜਾ ਮਨੁੱਖ)

21. ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ

ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥2॥474॥

(ਸਲਾਮੁ=ਸਿਰ ਨਿਵਾਣਾ, ਜਬਾਬੁ=ਇਤਰਾਜ਼, ਮੁੰਢਹੁ=
ਉੱਕਾ ਹੀ, ਦੋਵੈ=ਦੋਵੇਂ ਗੱਲਾਂ)

22. ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥1॥474॥

(ਨਾਲੇ=ਚਾਕਰੀ ਦੇ ਨਾਲ, ਗਾਰਬੁ=ਗਰਬ,ਅਹੰਕਾਰ ਵਾਲਾ,
ਵਾਦੁ=ਝਗੜਾ, ਸਾਦੁ=ਪ੍ਰਸੰਨਤਾ, ਆਪੁ=ਆਪਣੇ ਆਪ ਨੂੰ,
ਅਹੰਕਾਰ, ਤਾ=ਤਦੋਂ, ਜਿਸ ਨੋ ਲਗਾ=ਜਿਸ ਮਾਲਕ ਦੀ
ਸੇਵਾ ਕਰਦਾ ਹੈ, ਤਿਸੁ=ਉਸ ਮਾਲਕ ਨੂੰ, ਲਗਾ ਸੋ=ਮਾਲਕ
ਦੀ ਸੇਵਾ ਕਰਦਾ ਉਹ ਮਨੁੱਖ)

23. ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ

ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥2॥474॥

(ਜੀਇ=ਮਨ ਵਿਚ, ਮੁਹ ਕਾ ਕਹਿਆ=ਜ਼ਬਾਨੀ ਆਖਿਆ
ਹੋਇਆ ਬਚਨ, ਵਾਉ=ਹਵਾ, ਵੇਖਹੁ ਏਹੁ ਨਿਆਉ=ਇਸ
ਇਨਸਾਫ਼ ਨੂੰ ਵੇਖੋ)

24. ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ

ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥
ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥3॥474॥

(ਇਆਣੇ=ਮੂਰਖ,ਨਾਦਾਨ, ਜੇਹਾ ਜਾਣੈ=ਜਿਹੋ ਜਿਹੀ
ਉਸ ਅੰਞਾਣ ਦੀ ਸਮਝ ਹੁੰਦੀ ਹੈ, ਤੇਹੋ ਵਰਤੈ=ਉਹੋ
ਜਿਹਾ ਉਹ ਕੰਮ ਕਰਦਾ ਹੈ, ਕੋ=ਕੋਈ ਮਨੁੱਖ, ਨਿਰਜਾਸਿ=
ਪਰਖ ਕਰ ਕੇ, ਸਮਾਵੈ=ਪੈ ਸਕਦੀ ਹੈ, ਪਾਸਿ=ਲਾਂਭੇ,
ਸਾਹਿਬ ਸੇਤੀ=ਮਾਲਕ ਦੇ ਨਾਲ, ਬਣੈ=ਫਬਦੀ ਹੈ, ਕੂੜਿ
ਕਮਾਣੈ=ਧੋਖੇ ਦਾ ਕੰਮ ਕੀਤਿਆਂ, ਵਿਗਾਸਿ=ਅੰਦਰ ਖਿੜ
ਆਉਂਦਾ ਹੈ)

25. ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ

ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥
ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥4॥474॥

(ਵਡਾਰੂ=ਆਪਣੇ ਨਾਲੋਂ ਵੱਡਾ ਮਨੁੱਖ)

26. ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥5॥474॥

(ਇਕ ਅਧ=ਥੋੜਾ ਬਹੁਤਾ, ਵੇਰਾਸਿ=ਉਲਟ,ਖ਼ਰਾਬ)

27. ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥1॥475॥

(ਦਾਤਿ=ਬਖ਼ਸ਼ਸ਼, ਆਪਸ ਤੇ=ਆਪਣੇ ਆਪ ਤੋਂ, ਕਰਮਾਤਿ=ਬਖ਼ਸ਼ਸ਼)

28. ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥
ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ॥2॥475॥

(ਜਿਤੁ=ਜਿਸ ਦੀ ਰਾਹੀਂ, ਕਾਢੀਐ=ਆਖੀਦਾ ਹੈ, ਜਿ=ਜੋ ਸੇਵਕ,
ਸਮਾਇ=ਸਮਾ ਜਾਏ, ਇਕ-ਰੂਪ ਹੋ ਜਾਏ)

29. ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ

ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥
ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥2॥475॥

(ਜਾਈ=ਪੈਦਾ ਕੀਤੀ ਹੋਈ ਨੂੰ, ਥਾਪਿ=ਥਾਪ ਕੇ, ਉਥਾਪਿ=ਨਾਸ
ਕਰ ਕੇ, ਸਭੁ ਕਿਛੁ= ਸਭ ਕੁਝ ਕਰਨ ਦੇ ਸਮਰੱਥ)

30. ਨਕਿ ਨਥ ਖਸਮ ਹਥ ਕਿਰਤੁ ਧਕੇ ਦੇ

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥2॥653॥

(ਨਕਿ=ਨੱਕ ਵਿਚ, ਹਥਿ=ਹੱਥ ਵਿਚ, ਦੇ=ਦੇਂਦਾ ਹੈ)

31. ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ

ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥1॥787॥

(ਚਲਣ-=ਮਰਨਾ)

32. ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ

ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥
ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥2॥787॥

33. ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ

ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥3॥787॥

(ਗੁਣੁ=ਲਾਭ, ਉਪਕਾਰੁ=ਕਿਸੇ ਹੋਰ ਨੂੰ ਲਾਭ,
ਸੇਤੀ ਖੁਸੀ=ਖ਼ੁਸ਼ੀ ਨਾਲ, ਸਾਰੁ=ਚੰਗਾ)

34. ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ

ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥
ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥4॥787॥

(ਹਠਿ=ਹਠ ਨਾਲ, ਜਿਪਈ=ਜਿੱਤਿਆ ਜਾਂਦਾ, ਜਿਣੈ=ਜਿੱਤਦਾ ਹੈ,
ਸਤ ਭਾਉ=ਨੇਕ ਨੀਅਤ, ਦੇ=ਦੇ ਕੇ, ਤਰਫ= ਪਾਸਾ)

35. ਜਿਨਾ ਭਉ ਤਿਨ੍ਹ੍ਹ ਨਾਹਿ ਭਉ ਮੁਚੁ ਭਉ ਨਿਭਵਿਆਹ

ਜਿਨਾ ਭਉ ਤਿਨ੍ਹ੍ਹ ਨਾਹਿ ਭਉ ਮੁਚੁ ਭਉ ਨਿਭਵਿਆਹ ॥
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥1॥788॥

(ਮੁਚੁ=ਬਹੁਤਾ, ਪਟੰਤਰਾ=ਨਿਰਣਾ, ਦੀਬਾਣਿ=ਹਜ਼ੂਰੀ ਵਿਚ,
ਤਿਤੁ ਦੀਬਾਣਿ=ਉਸ ਰੱਬੀ ਹਜ਼ੂਰੀ ਵਿਚ)

36. ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ

ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥
ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥
ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥2॥788॥

(ਜੀਵਤਾ=ਜੀਉਂਦੇ ਦਿਲ ਵਾਲਾ,ਜ਼ਿੰਦਾ-ਦਿਲ, ਮੂਆ=ਮੁਰਦਲ,
ਜਿਨਿ=ਜਿਸ ਨੇ, ਉਡਤਾ=ਉੱਡਣ ਵਾਲਾ,ਪੰਛੀ, ਮਿਲੈ=ਸਾਥ ਕਰਦਾ ਹੈ)

37. ਨਾਨਕ ਤਿਨਾ ਬਸੰਤੁ ਹੈ ਜਿਨ੍ਹ੍ਹ ਘਰਿ ਵਸਿਆ ਕੰਤੁ

ਨਾਨਕ ਤਿਨਾ ਬਸੰਤੁ ਹੈ ਜਿਨ੍ਹ੍ਹ ਘਰਿ ਵਸਿਆ ਕੰਤੁ ॥
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥2॥791॥

(ਦਿਸਾ ਪੁਰੀ=ਪਰਦੇਸ ਵਿਚ, ਅਹਿ=ਦਿਨ, ਨਿਸਿ=ਰਾਤ)

38. ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ

ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥
ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥2॥791॥

39. ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ

ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥3॥791॥

40. ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ

ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥
ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥1॥791॥

41. ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ

ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ ॥
ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥2॥792॥

42. ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ

ਜਪੁ ਤਪੁ ਸਭੁ ਕਿਛੁ ਮੰਨਿਐ ਅਵਰਿ ਕਾਰਾ ਸਭਿ ਬਾਦਿ ॥
ਨਾਨਕ ਮੰਨਿਆ ਮੰਨੀਐ ਬੁਝੀਐ ਗੁਰ ਪਰਸਾਦਿ ॥2॥954॥

(ਸਭੁ ਕਿਛੁ=ਹਰੇਕ, ਮੰਨਿਐ=ਜੇ ਮੰਨ ਲਈਏ, ਅਵਰਿ ਕਾਰਾ=ਹੋਰ
ਸਾਰੇ ਕੰਮ, ਬਾਦਿ=ਵਿਅਰਥ, ਮੰਨਿਆ=ਜੋ ਮੰਨ ਗਿਆ ਹੈ, ਮੰਨੀਐ=
ਮੰਨੀਦਾ ਹੈ, ਪਰਸਾਦਿ=ਕਿਰਪਾ ਨਾਲ)

43. ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ

ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ ॥
ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ ॥1॥954॥

(ਰਤਨਾ=ਗੁਣ)

44. ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ

ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਇ ॥
ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥
ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥
ਰਤਨਾ ਸਾਰ ਨ ਜਾਣਨੀ ਅੰਧੇ ਵਤਹਿ ਲੋਇ ॥2॥954॥

(ਰਤਨ=ਪ੍ਰਭੂ ਦੇ ਗੁਣ, ਰਤਨੀ=ਰਤਨਾਂ ਦਾ ਪਾਰਖੂ ਸਤਿਗੁਰੂ,
ਵਖਰ=ਵੱਖਰ ਵੇਚਣ ਵਾਲਾ, ਤੈ=ਅਤੇ, ਵਣਜਾਰਾ=
ਵਣਜਨਵਾਲਾ ਗੁਰਮੁਖ, ਮਾਣਕ=ਰਤਨ,ਨਾਮ, ਸੇਇ=
ਉਹੀ ਬੰਦੇ, ਵਤਹਿ=ਭਟਕਦੇ ਹਨ, ਲੋਇ=ਜਗਤ ਵਿਚ,
ਕੇਰੀ=ਦੀ)

45. ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ

ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥
ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥1॥954॥

(ਰਾਹਿ ਦਸਿਐ=ਰਾਹ ਦੱਸਣ ਨਾਲ, ਅੰਧੇ ਕੈ ਰਾਹਿ ਦਸਿਐ=
ਅੰਨ੍ਹੇ ਦੇ ਰਾਹ ਦੱਸਣ ਨਾਲ, ਸੁ=ਉਹੀ ਮਨੁੱਖ, ਉਝੜਿ=ਕੁਰਾਹੇ,
ਏਹਿ= ਇਹ ਬੰਦੇ, ਆਖੀਅਨਿ=ਆਖੇ ਜਾਂਦੇ ਹਨ, ਮੁਖਿ=ਮੂੰਹ
ਉਤੇ, ਲੋਇਣ=ਅੱਖਾਂ)

46. ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ

ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥
ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥
ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥
ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥2॥954॥

(ਜੇਹਾ ਜਾਣੈ=ਜਿਵੇਂ ਸਮਝਦਾ ਹੈ, ਸਉ=ਸੌ ਵਾਰੀ, ਜਿਥੈ=
ਜਿਸ ਮਨੁੱਖ ਦੇ ਅੰਦਰ, ਆਪੇ ਵਰਤਉ= ਆਪਣੀ ਸਮਝ
ਦੀ ਵਰਤੋਂ, ਜਾਣਿ=ਜਾਣੋ)

47. ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ

ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥
ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥3॥954॥

(ਹੁਕਮਹੁ=ਰੱਬ ਦੇ ਹੁਕਮ ਨਾਲ, ਅੰਧਾ=ਨੇਤ੍ਰ-ਹੀਣ)

48. ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥1॥955॥

(ਤਿਸ ਹੀ=ਉਸ ਪ੍ਰਭੂ ਨੂੰ ਹੀ, ਕੋਇ=ਹੈ, ਉਪਾਇਅਨੁ=ਉਪਾਏ
ਉਸ ਨੇ, ਰੋਜੀ=ਰਿਜ਼ਕ, ਓਥੈ=ਪਾਣੀ ਵਿਚ, ਕਿਰਸ=ਖੇਤੀ,
ਆਹਾਰੁ=ਖ਼ੁਰਾਕ, ਸਾਇਰਾ=ਸਮੁੰਦਰਾਂ, ਸਾਰ=ਸੰਭਾਲ)

49. ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ

ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥1॥1093॥

(ਆਣੈ ਰਾਸਿ=ਸਿਰੇ ਚਾੜ੍ਹਦਾ ਹੈ, ਤਿਸੈ=ਤਿਸ ਹੀ, ਖਲਿਇ=ਖਲੋ ਕੇ)

50. ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ

ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ ॥
ਨਾਨਕ ਗੁਰ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ ॥1॥1237॥

(ਪਾਹੂ=ਮਾਇਆ ਦੀ ਪਾਹ, ਨਿਵਲੁ=ਨਿਉਲ, ਪਸ਼ੂਆਂ ਦੇ ਪੈਰਾਂ ਨੂੰ
ਮਾਰਨ ਵਾਲਾ ਜੰਦਰਾ, ਤਾਕੁ=ਬੂਹਾ, ਉਘੜੈ=ਖੁਲ੍ਹਦਾ, ਅਵਰ ਹਥਿ=
ਕਿਸੇ ਹੋਰ ਦੇ ਹੱਥ ਵਿਚ)

51. ਆਪਿ ਉਪਾਏ ਨਾਨਕਾ ਆਪੇ ਰਖੈ ਵੇਕ

ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥
ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ ॥
ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥
ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ ॥
ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ ॥
ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ ॥1॥1238॥

(ਵੇਕ=ਵਖੋ-ਵਖ, ਧੰਧੈ=ਧੰਧੇ ਵਿਚ, ਅਗਲਾ=ਬਹੁਤਾ, ਆਵਹਿ=
ਆਉਂਦੇ ਹਨ, ਵਿਚੇ=ਵਿਚ ਹੀ, ਨੰਗੇ=ਖ਼ਾਲੀ ਹੱਥ, ਵਿਥਾਰ=
ਖਿਲਾਰੇ, ਕਾਈ=ਕੇਹੜੀ, ਅਗੈ=ਪਰਲੋਕ ਵਿਚ)

52. ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ

ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥
ਲਿਖੇ ਉਪਰਿ ਹੁਕਮੁ ਹੋਇ ਲਈਐ ਵਸਤੁ ਸਮ੍ਹ੍ਹਾਲਿ ॥
ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥
ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥
ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥
ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥1॥1238॥

(ਸਾਹ ਵਣਜਾਰਿਆ=ਸ਼ਾਹ (ਪ੍ਰਭੂ) ਦੇ ਵਪਾਰੀ, ਚਲੇ=ਤੁਰ ਪਏ,
ਲਿਖਿਆ=ਲਿਖਿਆ ਹੋਇਆ (ਲੇਖ), ਲਿਖੇ ਉਪਰਿ=ਉਸ ਲਿਖੇ
ਲੇਖ ਅਨੁਸਾਰ, ਹੁਕਮ ਹੋਇ=ਪ੍ਰਭੂ ਦਾ ਹੁਕਮ ਵਰਤਦਾ ਹੈ, ਵਸਤੁ=
ਨਾਮ, ਵਣਜਾਰਈ=ਵਣਜਾਰਿਆਂ ਨੇ, ਇਕਿ=ਕਈ ਜੀਵ, ਸਾਬਤੁ=
ਪੂਰੀ ਦੀ ਪੂਰੀ, ਰਾਸਿ=ਪੂੰਜੀ, ਲਾਏ=ਵਰਤ ਦਿੱਤੀ)

53. ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥
ਤਿਨ੍ਹ੍ਹੀ ਪੀਤਾ ਰੰਗ ਸਿਉ ਜਿਨ੍ਹ੍ਹ ਕਉ ਲਿਖਿਆ ਆਦਿ ॥1॥1238॥

(ਤੇ=ਉਹ ਮਨੁੱਖ, ਰਤੇ=ਰੰਗੇ ਹੋਏ, ਗੁਰ ਪਰਸਾਦਿ=
ਗੁਰੂ ਦੀ ਕਿਰਪਾ ਨਾਲ, ਰੰਗ ਸਿਉ=ਮੌਜ ਨਾਲ, ਆਦਿ=ਮੁੱਢ ਤੋਂ)

54. ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ

ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥
ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥
ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥
ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥
ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥
ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥2॥1239॥

(ਕੀਤਾ=ਪੈਦਾ ਕੀਤਾ ਹੋਇਆ ਜੀਵ, ਕਰੇ=
ਜੋ ਪੈਦਾ ਕਰਦਾ ਹੈ, ਸੋਇ=ਉਸੇ ਨੂੰ, ਏਕੀ=
ਬਾਹਰਾ=ਇਕ ਪ੍ਰਭੂ ਤੋਂ ਬਿਨਾ, ਜਿਨਿ=ਜਿਸ ਨੇ,
ਆਕਾਰੁ=ਇਹ ਦਿੱਸਦਾ ਜਗਤ, ਜਿ=ਜਿਹੜਾ,
ਸਭਸੈ=ਸਭਨਾਂ ਨੂੰ, ਆਧਾਰੁ=ਆਸਰਾ, ਸਦੀਵ=
ਸਦਾ ਹੀ, ਜਿਸੁ ਭੰਡਾਰ=ਜਿਸ ਦਾ ਖ਼ਜ਼ਾਨਾ,
ਪਾਰਾਵਾਰੁ=ਪਾਰਲਾ ਤੇ ਉਰਲਾ ਬੰਨਾ)

55. ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ

ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥
ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥
ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥
ਜਿਨ੍ਹ੍ਹਾ ਚੀਰੀ ਚਲਣਾ ਹਥਿ ਤਿਨ੍ਹ੍ਹਾ ਕਿਛੁ ਨਾਹਿ ॥
ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥1॥1239॥

(ਤਿਸੁ ਸਿਉ=ਉਸ ਨਾਲ, ਜਿ=ਜੋ, ਜਾਣੁ=ਅੰਤਰਜਾਮੀ,
ਚੀਰੀ=ਚਿੱਠੀ, ਨਾ ਫਿਰੈ=ਮੋੜੀ ਨਹੀਂ ਜਾ ਸਕਦੀ, ਪਰਵਾਣੁ=
ਮੰਨਿਆ, ਮੀਰ=ਪਾਤਸ਼ਾਹ, ਸਲਾਰ=ਫ਼ੌਜ ਦੇ ਸਰਦਾਰ, ਕਾਰ=ਕੰਮ,
ਹਥਿ=ਹੱਥ ਵਿਚ, ਕਰਲਾ=ਰਾਹ, ਕਰਲੈ=ਰਸਤੇ ਤੇ, ਪਾਹਿ=ਪੈ ਜਾਂਦੇ ਹਨ)

56. ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ

ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥
ਕੁੰਜੀ ਜਿਨ ਕਉ ਦਿਤੀਆ ਤਿਨ੍ਹ੍ਹਾ ਮਿਲੇ ਭੰਡਾਰ ॥
ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥
ਨਦਰਿ ਤਿਨ੍ਹ੍ਹਾ ਕਉ ਨਾਨਕਾ ਨਾਮੁ ਜਿਨ੍ਹ੍ਹਾ ਨੀਸਾਣੁ ॥2॥1239॥

(ਬਖਸੀਐ=ਬਖ਼ਸ਼ੀਸ਼ ਵਜੋਂ ਮਿਲਦੀ ਹੈ, ਪੋਤੇਦਾਰ=ਖ਼ਜ਼ਾਨਚੀ'
ਭੰਡਾਰ=ਖ਼ਜ਼ਾਨੇ, ਜਹ ਭੰਡਾਰੀ ਹੂ=ਜਿਨ੍ਹਾਂ ਭੰਡਾਰਿਆਂ ਵਿਚੋਂ,
ਨਿਕਲਹਿ=ਪਰਗਟ ਹੁੰਦੇ ਹਨ, ਤੇ=ਉਹ, ਕੀਅਹਿ=ਕੀਤੇ ਜਾਂਦੇ
ਹਨ, ਪਰਵਾਣੁ=ਕਬੂਲ, ਨਦਰਿ=ਮਿਹਰ ਦੀ ਨਿਗਾਹ, ਨੀਸਾਣੁ=ਝੰਡਾ)

57. ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ

ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ ॥
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ ॥
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥1॥1243॥

(ਬੇਦੀਂ=ਵੇਦਾਂ ਨੇ, ਆਣੀ=ਲਿਆਂਦੀ, ਕਥਾ ਕਹਾਣੀ= ਸਿੱਖਿਆ,
ਪਾਪੁ ਪੁੰਨ ਬੀਚਾਰੁ=ਪਾਪ ਤੇ ਪੁੰਨ ਦੀ ਵਿਚਾਰ, ਦੇ ਦੇ ਲੈਣਾ=ਆਪ
ਹੱਥੋਂ ਦੇ ਕੇ ਹੀ ਲਈਦਾ ਹੈ, ਲੈ ਲੈ ਦੇਣਾ=ਜੋ ਕਿਸੇ ਪਾਸੋਂ ਲੈਂਦੇ ਹਾਂ
ਉਹ ਮੋੜਨਾ ਪਏਗਾ, ਅਵਤਾਰ=ਜੰਮਣਾ, ਮਧਿਮ=ਨੀਵਾਂ, ਜਾਤੀਂ
ਜਿਨਸੀ ਭਰਮਿ=ਜਾਤਾਂ ਦੇ ਤੇ ਕਿਸਮਾਂ ਦੇ ਭਰਮ ਵਿਚ, ਤਤੁ=
ਅਸਲੀਅਤ, ਵਖਾਣੀ=ਬਿਆਨ ਕਰਨ ਵਾਲੀ, ਆਈ=ਪਰਗਟ ਹੋਈ,
ਗੁਰਮੁਖਿ ਆਖੀ=ਗੁਰੂ ਨੇ ਉਚਾਰੀ, ਜਾਤੀ=ਸਮਝੀ, ਸੁਰਤੀਂ=ਸੁਰਤਿਆਂ
ਨੇ, ਕਰਮਿ=ਪ੍ਰਭੂ ਦੀ ਮਿਹਰ ਨਾਲ, ਵੇਖੈ=ਸੰਭਾਲ ਕਰਦਾ ਹੈ, ਅਗਹੁ=
ਪਹਿਲਾਂ, ਕੋ=ਕੋਈ, ਲਿਖੀਐ ਲੇਖੈ=ਲੇਖੇ ਵਿਚ ਲਿਖਿਆ ਜਾਂਦਾ ਹੈ)

58. ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ

ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥
ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥
ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥2॥1245॥

(ਐਸੀ ਬਨੀ ਜਰੂਰਤਿ=ਲੋੜ ਅਜੇਹੀ ਬਣੀ ਹੋਈ ਹੈ, ਕਹਾਵੈ=
ਅਖਵਾਂਦਾ ਹੈ, ਲਿੰਙ=ਨਰੋਏ ਅੰਗ, ਝਿੰਙ=ਝੜੇ ਹੋਏ ਅੰਗ,
ਐਸੀ ਕਹੀਐ ਸੂਰਤਿ=ਐਸੀ ਸੂਰਤਿ ਮਨੁੱਖਾ ਸੂਰਤਿ ਕਹੀਏ,
ਓਸੁ=ਉਸ ਪ੍ਰਭੂ ਨੂੰ, ਓਸੁ ਇਛੇ=ਉਸ ਪ੍ਰਭੂ ਨੂੰ ਮਿਲਣ ਲਈ
ਤਾਂਘਦਾ ਹੈ, ਮੂਰਤਿ=ਮਨੁੱਖਾ-ਜਾਮਾ)

59. ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ

ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ ॥
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥
ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ ॥
ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ ॥2॥1279॥

(ਵੰਞੈ=ਦੂਰ ਹੋ ਜਾਏ, ਰੋਗਾ ਘਾਣਿ=ਰੋਗਾਂ ਦਾ ਢੇਰ,
ਜਿਤੁ ਦਾਰੂ=ਜਿਸ ਦਵਾਈ ਨਾਲ, ਉਠਿਅਹਿ=ਉਡਾਏ
ਜਾ ਸਕਣ, ਤਨਿ=ਸਰੀਰ ਵਿਚ, ਆਇ=ਆ ਕੇ,
ਗਵਾਇਹਿ=ਜੇ ਤੂੰ ਦੂਰ ਕਰ ਲਏਂ)

60. ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ

ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ ਅਵਰੀ ਲਾਗਾ ਨੇਹੁ ॥1॥1280॥

(ਚਿਤਿ=ਚਿੱਤ ਵਿਚ, ਨੇਹੁ=ਪਿਆਰ, ਕੰਤੈ=ਖਸਮ ਪ੍ਰਭੂ ਨੂੰ)

61. ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ

ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥
ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ ਸਹ ਨਾਲਿ ਪਿਆਰੁ ॥2॥1280॥

(ਜਲਹਰੁ=ਬੱਦਲ, ਸੁਖਿ=ਸੁਖ ਵਿਚ, ਸਵਨੁ=ਬੇਸ਼ੱਕ ਸਉਣ)

62. ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ

ਨਾਉ ਫਕੀਰੈ ਪਾਤਿਸਾਹੁ ਮੂਰਖ ਪੰਡਿਤੁ ਨਾਉ ॥
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥1॥1288॥

(ਏਵੈ=ਇਸ ਤਰ੍ਹਾਂ, ਗੁਆਉ=ਗੁਫ਼ਤਗੂ,ਬਚਨ, ਇਲਤਿ=
ਸ਼ਰਾਰਤ, ਕੂੜੀ=ਝੂਠੀ ਜ਼ਨਾਨੀ, ਪੂਰੇ ਥਾa=ਸਭ ਤੋਂ ਅੱਗੇ
ਥਾਂ ਮੱਲਦੀ ਹੈ, ਨਿਆa=ਨਿਆਂ, ਪਾਰਖੂ=ਪਰਖ ਕਰ ਸਕਣ ਵਾਲਾ)

63. ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ

ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥
ਏਨੀ ਜਲੀਂਈਂ ਨਾਮੁ ਵਿਸਾਰਿਆ ਇਕ ਨਾ ਚਲੀਆ ਨਾਲਿ ॥2॥1290॥

(ਜਲੀਈਂ=ਸੜੀਆਂ ਹੋਈਆਂ ਨੇ, ਅਗੀ ਸੇਤੀ=ਅੱਗ ਨਾਲ,
ਜਾਲਿ=ਸਾੜ ਦੇ, ਏਨੀ=ਇਹਨਾਂ ਨੇ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ