Rasool Hamzatov Poetry in Punjabi

ਰਸੂਲ ਹਮਜ਼ਾਤੋਵ ਦੀ ਕਵਿਤਾ ਦਾ ਪੰਜਾਬੀ ਅਨੁਵਾਦ

1. ਦਾਗਿਸਤਾਨ

ਜਿੱਥੇ ਵਾਦੀਆਂ ਧੁੰਦ-ਧੁੰਦਲੀਆਂ,
ਰੁੱਖ ਸਿੰਗ ਜਿਹੇ ਬਿਨ ਫਲਾਂ,
ਉੱਠ ਦੀ ਪਿੱਠ ਤੋਂ ਉੱਚੇ ਪਰਬਤ,
ਝਰ ਝਰ ਝਰਨੇ ਵਹਿਣ ਤਹਾਂ,
ਏਦਾਂ ਜਿਦਾਂ ਸ਼ੇਰ ਦਹਾੜਨ,
ਪਹਾੜੀ ਨਦੀਆਂ ਗਰਜਦੀਆਂ,
ਜਲ-ਝਰਨੇ ਨੇ ਵਾਂਗ ਅਯਾਲਾਂ,
ਪੰਖੀ-ਨੈਣ ਜਿਹੇ ਸੋਤ ਤਹਾਂ ।
ਸਿੱਧੀਆਂ ਸੁੱਖੜ ਚਟਾਨਾਂ ਵਿੱਚੋਂ,
ਜਿਉਂ ਰਾਹ ਪੱਥਰਾਂ 'ਚੋਂ ਨਿਕਲਣ
ਗੀਤ ਗੂੰਜਦੇ ਟਿੱਲਿਆਂ ਵਿਚੋਂ
ਧੂਹ ਲੈਂਦੇ ਦਿਲ ਇਨਸਾਨਾਂ ਦੇ ।

2. ਕਿੰਨੇ ਮੂੜ੍ਹ ਨੇ ਪਾਣੀ ਨਦੀ ਪਹਾੜੀ ਦੇ

ਕਿੰਨੇ ਮੂੜ੍ਹ ਨੇ ਪਾਣੀ ਨਦੀ ਪਹਾੜੀ ਦੇ
ਨਮੀਓਂ ਬਿਨਾਂ ਚਟਾਨਾਂ ਏਥੇ ਤਿੜਕਦੀਆਂ,
ਕਿਉਂ ਏਨੇ ਕਾਹਲੇ ਉਧਰ ਵਹਿੰਦੇ ਜਾਂਦੇ ਓ,
ਬਿਨਾਂ ਤੁਹਾਡੇ ਜਿੱਥੇ ਲਹਿਰਾਂ ਮਚਲਦੀਆਂ ?
ਬੜੀ ਮੁਸੀਬਤ ਹੈਂ ਤੂੰ ਮੇਰੇ ਦਿਲ ਪਾਗਲ
ਪਿਆਰੇ ਨੇ ਜੋ, ਪਿਆਰ ਉਨ੍ਹਾਂ ਨੂੰ ਨਹੀਂ ਕਰਦਾ,
ਖਿੱਚਿਆ ਜਾਨੈਂ ਤੂੰ ਤਾਂ ਉਧਰ ਹੀ ਸਦਾ
ਜਿਧਰ ਕੋਈ ਨੈਣ ਨਾ ਤੇਰੀ ਰਾਹ ਤੱਕਦਾ ।

3. ਉਕਾਬ ਅਤੇ ਤਾਰੇ ਨੂੰ

ਨਦੀਆਂ ਅਤੇ ਚਟਾਨਾਂ ਉੱਪਰ ਉੱਚਾ ਉੱਡਣ ਵਾਲੇ
ਕਿਹੜੈ ਤੇਰਾ ਵੰਸ਼ ਉਕਾਬਾ ਕਿਸ ਥਾਂ ਤੋਂ ਤੂੰ ਆਇਆ ?

'ਅਨੇਕਾਂ ਤੇਰੇ ਪੁੱਤ-ਪੋਤਰੇ ਮਾਤਭੂਮੀ ਲਈ ਮਰ ਮਿਟੇ
ਦਿਲ ਉਨ੍ਹਾਂ ਦਾ ਖੰਭ ਉਨ੍ਹਾਂ ਦੇ
ਸਾਡੇ ਵਿੱਚੋਂ ਹਰ ਕੋਈ ਲਾ ਕੇ ਇਸ ਧਰਤੀ ਤੇ ਆਇਆ ।'

ਦੂਰ ਹਨੇਰੇ ਅੰਬਰ ਦੇ ਵਿੱਚ ਝਿਲਮਿਲ ਕਰਦੇ ਤਾਰਿਓ,
ਤੁਹਾਡਾ ਕਿਹੜਾ ਵੰਸ਼ ਏ ਦੱਸੋ ਕਿਸ ਥਾਂ ਤੋਂ ਹੋ ਆਏ ?

'ਅਨੇਕਾਂ ਤੇਰੇ ਵੀਰ ਸੂਰਮੇ ਰਣ ਖੇਤਰ ਜੋ ਰਹਿ ਗਏ
ਚਮਕ ਉਨ੍ਹਾਂ ਦੀ ਅੱਖ ਦੀ ਲੈ ਕੇ, ਹਾਂ ਬਣ ਰੌਸ਼ਨੀ ਆਏ ।'

4. ਪਹਾੜੀ ਉਕਾਬ

ਮੇਰੀ ਧਰਤੀ ਓਤਪੋਤ ਹੈ ਸ਼ਕਤੀ ਸ਼ਾਨੋ-ਸ਼ੌਕਤ ਨਾਲ,
ਤਰ੍ਹਾਂ ਤਰ੍ਹਾਂ ਦੇ ਪੰਛੀ ਪਿਆਰੇ, ਜਿਨ੍ਹਾਂ ਦੇ ਮਧੁਰ ਤਰਾਨੇ ਨੇ,
ਉਨ੍ਹਾਂ ਦੇ ਉੱਤੇ ਉਡਦੇ ਰਹਿੰਦੇ ਪੰਛੀ ਦੇਵਤਿਆਂ ਵਰਗੇ,
ਉਹ ਉਕਾਬ, ਜਿਨ੍ਹਾਂ ਦੇ ਬਾਰੇ ਬਹੁਤ ਗੀਤ ਅਫਸਾਨੇ ਨੇ ।

ਇਸੇ ਲਈ ਕਿ ਉੱਚੇ ਨਭ ਵਿਚ, ਉਨ੍ਹਾਂ ਦੀ ਮਿਲਦੀ ਝਲਕ ਰਹੇ,
ਬਣੇ ਸੰਤਰੀ ਰਹਿਣ, ਭਿਆਨਕ ਦੁਰ-ਦਿਨ ਜਦੋਂ ਵੀ ਆਉਂਦੇ ਨੇ ।
ਦੂਰ, ਪਹੁੰਚ ਤੋਂ ਬਾਹਰ ਚੱਟਾਨਾਂ, ਉੱਚੀਆਂ ਉੱਚੀਆਂ ਦਿਸਣ ਜੋ,
ਰਹਿਣ ਲਈ ਉਹ, ਅੰਬਰ ਛੂੰਹਦੇ, ਆਲ੍ਹਣੇ ਉੱਥੇ ਪਾਉਂਦੇ ਨੇ ।

ਕਦੇ ਇਕੱਲਾ, ਬੜੀ ਸ਼ਾਨ ਨਾਲ, ਜਦੋਂ ਉਡਾਰੀ ਭਰਦਾ ਏ,
ਖੰਭਾਂ ਨਾਲ ਧੁੰਦ ਚੀਰ ਚੀਰ ਕੇ ਫਿਰ ਉਹ ਅੱਗੇ ਵਧਦਾ ਏ'
ਭੀੜ ਕਦੇ ਵੀ ਪੈ ਜਾਵੇ ਜੇ, ਝੁੰਡ ਉਨ੍ਹਾਂ ਦਾ ਬਣ ਕੇ ਲਸ਼ਕਰ,
ਨੀਲੇ ਸਾਗਰ, ਮਹਾਂਸਾਗਰ ਦੇ, ਉੱਤੇ ਉੱਤੇ ਉੱਡਦਾ ਏ ।

ਦੂਰ, ਬਹੁਤ ਉਚਾਈਆਂ ਤੇ ਉਹ, ਧਰਤ ਦੇ ਉੱਤੇ ਉੱਡਦੇ ਨੇ,
ਬਣ ਕੇ ਰਾਖੇ ਏਸ ਧਰਤ ਨੂੰ, ਤੇਜ਼ ਨਜ਼ਰ ਨਾਲ ਤੱਕਦੇ ਨੇ,
ਡੂੰਘੀ ਭਾਰੀ, ਸੁਰ ਦੀ ਕਿਲਕਾਰੀ, ਸੁਣ ਕੇ ਕਾਲੇ ਕਾਂ,
ਭੱਜ ਜਾਂਦੇ ਨੇ ਡਰ ਕੇ ਦੂਰ, ਦਿਲ ਧੱਕ ਧੱਕ ਉਨ੍ਹਾਂ ਦੇ ਕਰਦੇ ਨੇ ।

ਜਿਵੇਂ ਆਪਣੇ ਬਚਪਨ ਵਿੱਚ ਮੈਂ, ਚੋਟੀਆਂ ਬਰਫਾਂ ਮੜ੍ਹੀਆਂ ਨੂੰ,
ਘੰਟਿਆਂ ਬੱਧੀ ਵੇਂਹਦਾ ਸਾਂ, ਵੇਖ ਅਜੇ ਵੀ ਸਕਦਾ ਹਾਂ,
ਉੱਥੇ ਆਪਣੇ ਖੰਭ ਫੈਲਾ ਕੇ ਕਿਦਾਂ ਉੱਡਣ ਉਕਾਬ,
ਮਜਨੂੰ ਜੇਹਾ ਮਸਤ ਦੀਵਾਨਾ ਹੋ ਅਜੇ ਵੀ ਸਕਦਾ ਹਾਂ ।

ਦੂਰ ਕਦੇ ਪਹਾੜਾਂ ਉੱਤੋਂ ਆਪਣੀ ਨਜ਼ਰ ਦੌੜਾਉਂਦੇ ਨੇ,
ਸਤੈਪੀ ਦੇ ਮੈਦਾਨਾਂ ਵਿਚੋਂ ਕਦੇ ਉਹ ਉੱਡਦੇ ਜਾਂਦੇ ਨੇ ,
ਸਭ ਤੋਂ ਵੱਧ ਦਲੇਰ ਤੇ ਸਾਹਸੀ ਪਰਬਤਵਾਸੀ ਜੋ ਹੁੰਦੇ,
ਉਹ ਉਕਾਬ ਧਰਤ ਮੇਰੀ ਦੇ, ਸਭ ਥਾਈਂ ਅਖਵਾਉਂਦੇ ਨੇ ।

5. ਕੈਸਪੀ ਦੇ ਕੰਢੇ ਤੇ

ਬਰਫ-ਸਫੇਦ ਸਾਗਰ ਦੀਓ ਲਹਿਰੋ ਦੱਸੋ ਤਾਂ ਜ਼ਰਾ
ਕਿਸ ਬੋਲੀ ਵਿੱਚ ਗੱਲ ਕਰਦੀਆਂ, ਮੈਨੂੰ ਦਿਓ ਸਮਝਾ ।

ਨਾਲ ਚੱਟਾਨਾਂ ਤੁਸੀਂ ਟਕਰਾਕੇ ਸ਼ੋਰ ਮਚਾਓ ਏਦਾਂ
ਪਿੰਡ ਦੀ ਮੰਡੀ ਦੇ ਵਿਚ ਰੌਲਾ ਪੈਂਦਾ ਰਹਿੰਦਾ ਜਿੱਦਾਂ ।

ਉੱਥੇ ਵੀਹਾਂ ਭਾਸ਼ਾਵਾਂ ਦਾ ਰੋਲ ਘਚੋਲਾ ਚੱਲੇ
ਅੱਲ੍ਹਾ ਵੀ ਚਾਹੇ ਤਾਂ ਉਹਦੇ ਪੈਂਦਾ ਨਾ ਕੁਝ ਪੱਲੇ ।

ਜ਼ਰਾ ਨਾ ਗਰਜਨ ਹੋਵੇ ਐਸਾ ਕਦੇ ਕਦੇ ਦਿਨ ਆਵੇ
ਲਹਿਰਾਂ ਹੌਲੀ ਵਹਿਣ ਕਿ ਜਾਣੋ ਘਾਹ ਕਿਤੇ ਲਹਿਰਾਵੇ ।

ਕਦੇ ਕਦੇ ਇਹ ਸਾਹ ਤੁਹਾਡੇ ਚੱਲਣ ਤੇਜ਼ ਤੇ ਭਾਰੇ ਗੌਰੇ
ਜਿਉਂ ਪੁੱਤਰ ਦੇ ਗਮ ਵਿਚ ਸਿਸਕੇ ਮਾਂ ਲੈ ਲੈ ਹਟਕੋਰੇ ।

ਵਾਰਸ ਆਪਣਾ ਮਰ ਜਾਣ ਤੇ ਬੁੱਢਾ ਬਾਪ ਭਰੇ ਜਿਉਂ ਆਹਾਂ
ਵਹਿੰਦੀਆਂ ਲਹਿਰਾਂ ਵਿਚ ਡੋਲਦਾ, ਜਿਉਂ ਘੋੜਾ ਲੱਭੇ ਰਾਹਾਂ ।

ਛਲਛਲ ਕਰਦਿਆਂ ਕਦੇ ਕਦੇ ਤੂੰ ਉੱਚਾ ਸ਼ੋਰ ਮਚਾਉਨੈਂ
ਆਪਣੀ ਭਾਸ਼ਾ ਵਿਚ ਤੂੰ ਸਾਗਰ, ਦਿਲ ਦੀ ਗੱਲ ਸੁਣਾਉਨੈਂ ।

ਤੇਰੇ-ਮੇਰੇ ਦਿਲ ਦੀ ਗਹਿਰਾਈ ਵਿਚ ਏ ਕੋਈ ਬੰਧਨ
ਤਾਹੀਓਂ ਸਮਝ ਜਾਵਾਂ ਮੈਂ ਤੇਰੇ ਸਾਰੇ ਰੂਪ ਜੋ ਬਦਲਣ ।

ਕੀ ਕਦੇ ਨਾ ਮੇਰੇ ਦਿਲ ਵਿਚ ਖੂਨ ਉਬਾਲੇ ਖਾਂਦਾ
ਟਕਰਾਕੇ ਕੌੜੀਆਂ ਜੀਵਨ-ਲਹਿਰਾਂ ਸੰਗ ਫਿਰ ਫਿਰੇ ਪਛਤਾਂਦਾ ।

ਪਰ ਮਗਰੋਂ ਹੌਲੀ ਹੌਲੀ ਸ਼ਾਂਤ ਤੂੰ ਹੀ ਹੋ ਜਾਵੇਂ
ਸ਼ਕਤੀਹੀਣ ਹੋ ਢਾਲੂ ਤੱਟ ਨੂੰ ਤੂੰਹੀਓਂ ਨਾ ਸਹਿਲਾਵੇਂ ?

ਤੇਰੀ ਗਹਿਰਾਈ ਵਿਚ ਸਾਗਰ ਤੇਰੇ ਰਾਜ਼ ਛੁਪੇ ਨਾ ਹੋਏ ?
ਸਾਡੇ ਦੋਹਾਂ ਦੇ ਸੁਖ-ਦੁੱਖ ਦਾ ਰੂਪ ਨਾ ਇਕੋ ਹੋਏ ?

ਪਰ ਵੱਖਰਾ ਇਕ, ਖਾਸ ਦਰਦ ਜੋ, ਮੇਰਾ, ਮੈਂ ਸੁਣਾਵਾਂ,
ਪੀ ਨਾ ਸੱਕਾਂ ਸਾਗਰ, ਖਾਰਾ, ਜੋ ਮੈਂ ਪੀਣਾ ਚਾਹਵਾਂ ।

6. ਹਾਜੀ-ਮੁਰਾਤ ਦਾ ਸਿਰ

ਵੱਢਿਆ ਪਿਆ ਸਿਰ ਵੇਖ ਰਿਹਾ ਹਾਂ
ਲਹੂ ਦੀਆਂ ਨਦੀਆਂ ਵਹਿਣ ਪਈਆਂ
ਵੱਢੋ, ਮਾਰੋ ਦਾ ਸ਼ੋਰ ਮੱਚੇ
ਕਿਵੇਂ ਲੋਕੀ ਸੋਚਣ ਚੈਨ ਦੀਆਂ ।

ਤਿੱਖੀਆਂ ਤੇਜ਼-ਧਾਰ ਤਲਵਾਰਾਂ
ਉੱਚੀਆਂ-ਉੱਚੀਆਂ ਲਹਿਰਾਵਣ
ਰਾਹਾਂ ਟੇਢੀਆਂ ਔਝੜ ਉਤੇ
ਸ਼ੇਰ-ਮੁਰੀਦ ਗੱਜਦੇ ਜਾਵਣ ।

ਲਹੂ-ਗੜੁੱਚ ਸਿਰ ਤੋਂ ਇਹ ਪੁੱਛਿਆ-
" ਕਿਰਪਾ ਕਰ ਕੇ ਦਸ ਤਾਂ ਏਹ
ਸੂਰਮਿਆਂ, ਸੈਂ ਗਿਆ ਕਿਸ ਤਰ੍ਹਾਂ
ਨਾਲ ਤੂੰ ਸੱਤ ਬੇਗਾਨਿਆਂ ਦੇ ?"

" ਰੱਖਾਂ ਭੇਦ ਨਾ ਕਦੇ ਲੁਕਾ ਕੇ
ਹਾਜੀ-ਮੁਰਾਤ ਦਾ ਸਿਰ ਹਾਂ ਮੈਂ
ਭਟਕਿਆ ਸਾਂ ਤਾਂ ਵੱਢਿਆ ਗਿਆ ਹਾਂ
ਏਨਾ ਦਸ ਰਿਹਾ ਹਾਂ ਮੈਂ ।

ਰਾਹ ਗਲਤ ਤੇ ਚੱਲਿਆ ਸਾਂ ਮੈਂ
ਮਾਰਿਆ ਹੋਇਆ ਘੁਮੰਡ ਦਾ ਸਾਂ…"
ਭਟਕਿਆ ਹੋਇਆ ਸਿਰ ਦੇਖ ਰਿਹਾ ਸਾਂ
ਵੱਢਿਆ ਪਿਆ ਸੀ ਜੋ ਵਿਚਾਰਾ ।

ਪੁਰਖ ਪਹਾੜਾਂ ਵਿਚ ਜੋ ਜੰਮਦੇ
ਬੇਸ਼ਕ ਦੂਰ ਦੁਰਾਡੇ ਜਾਈਏ
ਹੋਈਏ ਜ਼ਿੰਦਾ ਜਾਂ ਫਿਰ ਮੁਰਦਾ
ਆਖਰ ਮੁੜ ਕੇ ਏਥੇ ਆਈਏ ।

(ਹਾਜੀ-ਮੁਰਾਤ=ਦਾਗਿਸਤਾਨੀ ਸੂਰਮਾ ਜੋ
ਵੈਰੀ ਨਾਲ ਰਲਿਆ, ਜੋ ਉਹਦਾ ਸਿਰ
ਵੱਢ ਲੈ ਗਏ, ਪਰ ਦਿਲ (ਧੜ)
ਦਾਗਿਸਤਾਨ ਹੀ ਰਹਿ ਗਿਆ ।)

7. ਤਸਾਦਾ ਦਾ ਕਬਰਿਸਤਾਨ

ਸਫ਼ੇਦ ਕਫ਼ਨ ਨਾਲ, ਹਨੇਰੇ ਵਿਚ ਢੱਕੇ,
ਪਿਆਰੇ ਹਮਸਾਇਓ, ਕਬਰਾਂ ਵਿਚ ਹੋ ਦਫ਼ਨ ਪਏ,
ਤੁਸੀਂ ਓ ਨੇੜੇ, ਫਿਰ ਕੀ ਘਰ ਨਾ ਪਰਤੋਗੇ
ਮੁੜਿਆ ਮੈਂ ਘਰ, ਦੂਰ ਦੂਰ ਜਾ, ਕਿਤੇ ਕਿਤੇ ।

ਮੇਰੇ ਪਿੰਡ ਦੇ ਬੇਲੀ ਬਹੁਤ ਹੀ ਘੱਟ ਰਹਿਗੇ,
ਰਿਸ਼ਤੇਦਾਰ ਹੁਣ ਮੇਰੇ ਬਾਹਲੇ ਰਹਿਗੇ ਨਾ,
ਵੱਡੇ ਵੀਰ ਦੀ ਬੇਟੀ ਮੇਰੀ ਭਤੀਜੀ ਵੀ,
ਸਵਾਗਤ ਕਰੇ, ਬੁਲਾਏ ਚਾਚਾ ਕਹਿਕੇ ਨਾ ।

ਹੱਸਮੁੱਖ ਅੱਲੜ੍ਹ ਬੱਚੀਏ ਤੇਰੇ ਤੇ ਬੀਤੀ ਕੀ ?
ਲੰਘਦੇ ਜਾਂਦੇ ਸਾਲ ਜਿੱਦਾਂ ਨਦੀ ਵਹੇ,
ਖਤਮ ਹੋਈ ਪੜ੍ਹਾਈ ਨਾਲ ਦੀਆਂ ਸਖੀਆਂ ਦੀ
ਪਰ ਤੂੰ ਜਿੱਥੇ ਏਂ ਓਥੇ ਕੁਝ ਨਾ ਕਦੀ ਬਚੇ ।

ਲੱਗਾ ਮੈਨੂੰ ਅਜਬ, ਬੇਤੁਕਾ ਬਾਹਲਾ ਈ,
ਏਥੇ ਨਾ ਕੋਈ ਜੀਅ ਸਭ ਸੁੰਨਸਾਨ ਪਿਆ,
ਓਥੇ ਜਿੱਥੇ ਕਬਰ ਏ ਮੇਰੀ ਬੇਲੀ ਦੀ,
ਅਚਾਨਕ ਉਹਦਾ ਜੁਰਨਾ ਵਾਜਾ ਟੁਣਕ ਪਿਆ ।

ਜਿਵੇਂ ਪੁਰਾਣੇ ਵੇਲਿਆਂ ਵਾਂਗੂੰ ਓਦਾਂ ਹੀ,
ਖੰਜੜੀ ਉਹਦੇ ਸਾਥੀ ਦੀ ਵੀ ਗੂੰਜ ਪਈ,
ਮੈਨੂੰ ਲੱਗਾ ਜਿੱਦਾਂ ਕਿਸੇ ਗੁਆਂਢੀ ਦੀ,
ਖੁਸ਼ੀ ਮਨਾਉਂਦੇ ਪਏ ਨੇ ਉਹਦੀ ਸ਼ਾਦੀ ਦੀ ।

ਨਹੀਂ, ਏਥੇ ਜੋ ਰਹਿੰਦੇ ਸ਼ੋਰ ਮਚਾਉਂਦੇ ਨਹੀਂ,
ਕੋਈ ਵੀ ਤਾਂ ਏਥੇ ਦਏ ਜਵਾਬ ਨਾ,
ਕਬਰਿਸਤਾਨ ਤਸਾਦਾ ਦਾ ਸੁੰਨਸਾਨ ਈ,
ਅੰਤਮਘਰ ਏ ਇਹ ਮੇਰੇ ਪਿੰਡ ਵਾਸੀਆਂ ਦਾ ।

ਤੂੰ ਵਧਦਾ ਜਾਏਂ ਤੇਰੀਆਂ ਹੱਦਾਂ ਫੈਲ 'ਗੀਆਂ,
ਤੰਗ ਹੁੰਦਾ ਜਾਂਦਾ ਤੇਰਾ ਹਰ ਇਕ ਕੋਣਾ ਏ,
ਹੈ ਮੈਨੂੰ ਪਤਾ ਕਿ ਇਕ ਦਿਨ ਐਸਾ ਆਏਗਾ,
ਜਦ ਆਖਰ ਮੈਂ ਵੀ ਏਥੇ ਆ ਕੇ ਸੌਣਾ ਏ ।

ਲੈ ਜਾਣ ਰਾਹਾਂ ਕਿਤੇ ਵੀ ਸਾਨੂੰ, ਆਖਰ ਤਾਂ,
ਹਸ਼ਰ ਏ ਸਭ ਦਾ ਇਕੋ ਮਿਲਦੀਆਂ ਸਭ ਇਥੇ,
ਪਰ ਤਸਾਦਾ ਦੇ ਕੁਝ ਲੋਕਾਂ ਦੀਆਂ ਕਬਰਾਂ,
ਨਜ਼ਰ ਨਾ ਆਉਂਦੀਆਂ ਮੈਨੂੰ ਲੱਭਿਆਂ ਵੀ ਕਿਤੇ ।

ਨੌਜਵਾਨ ਵੀ, ਬੁੱਢੇ ਵੀਰ ਸਿਪਾਹੀ ਵੀ,
ਸੌਣ ਹਨੇਰੀ ਕਬਰੀਂ ਘਰ ਤੋਂ ਦੂਰ ਜਾ,
ਪਤਾ ਨ੍ਹੀ ਕਿੱਥੇ ਹਸਨ ਕਿੱਥੇ ਮਹਿਮੂਦ ਏ,
ਪੁੱਤ-ਪੋਤਰੇ ਮੋਏ ਕਿਧਰੇ ਦੂਰ ਜਾ ।

ਤੁਸੀਂ ਵੀਰਨੋ ਕਿੱਥੇ ਗਏ ਸ਼ਹੀਦ ਹੋ,
ਨਾਲ ਤੁਹਾਡੇ ਮੇਲ ਨ੍ਹੀ ਹੋਣਾ ਪਤਾ ਹੈ ਇਹ,
ਪਰ ਤੁਹਾਡੀਆਂ ਕਬਰਾਂ ਵਿਚ ਤਸਾਦਾ ਏ,
ਮਿਲਦੀਆਂ ਨਹੀਓਂ ਦੁਖੀ ਕਰੇਂਦਾ ਹਾਲ ਇਹ ।

ਦੂਰ ਕਿਤੇ ਜਾ ਗੋਲੀ ਵੱਜੀ ਸੀਨੇ ਤੇ,
ਪਿੰਡੋਂ ਦੂਰ, ਜ਼ਖਮੀ ਹੋ ਮਰ ਗਏ ਕਿਤੇ,
ਕਬਰਾਂ ਤੇਰੀਆਂ ਕਬਰਿਸਤਾਨ ਤਸਾਦਾ ਦੇ,
ਫੈਲੀਆਂ ਕਿੰਨੀਆਂ ਦੂਰ ਦੂਰ ਪਰੇ ਕਿਤੇ ।

ਠੰਢੀਆਂ ਥਾਵਾਂ, ਹੁਣ ਤਾਂ ਗਰਮ ਪਰਦੇਸਾਂ ਤੇ,
ਵਰ੍ਹਦੀ ਅੱਗ, ਜਿੱਥੇ ਹਿਮ-ਤੁਫਾਨ ਚਲੇ,
ਲੋਕੀ ਅਉਂਦੇ ਲੈ ਕੇ ਫੁੱਲ ਪਿਆਰਾਂ ਦੇ,
ਸ਼ਰਧਾ ਵਾਲੇ ਸੀਸ, ਉਹ ਝੁਕਾਣ ਪਏ ।

8. ਸਾਰਸ

ਕਦੇ ਕਦੇ ਲਗਦੈ ਉਹ ਸੂਰੇ,
ਰੱਤੀ ਭੋਂ ਤੋਂ ਜੋ ਮੁੜ ਨਾ ਆਏ,
ਮਰੇ ਨਹੀਂ ਬਣ ਸਾਰੇ ਸਾਰਸ,
ਉੱਡੇ ਗਗਨੀਂ, ਉਨ੍ਹਾਂ ਖੰਭ ਫੈਲਾਏ ।

ਉਨ੍ਹਾਂ ਹੀ ਦਿਨਾਂ ਤੋਂ, ਬੀਤੇ ਯੁੱਗ ਤੋਂ,
ਉੱਡਦੇ ਗਗਨੀਂ, ਵਾਜਾਂ ਗੂੰਜਣ,
ਕੀ ਏਸੇ ਕਾਰਨ ਅੱਖਾਂ ਚੁੱਪ ਰਹਿਕੇ,
ਭਾਰੇ ਮਨ ਨਾਲ ਨੀਲਾ ਨਭ ਤੱਕਣ ।

ਅੱਜ ਸ਼ਾਮ ਜਿਉਂ ਘਿਰਨ ਹਨੇਰੇ,
ਧੁੰਦ ਵਿਚ ਵੇਖਾਂ ਸਾਰਸ ਉੱਡਦੇ,
ਫੌਜ ਬਣਾ ਇਨਸਾਨਾਂ ਵਾਂਗੂੰ,
ਜਿਉਂ ਸਨ ਚਲਦੇ ਧਰਤੀ ਉਤੇ ।

ਉੱਡਣ, ਲੰਮੀਆਂ ਮੰਜ਼ਲਾਂ ਤੈਅ ਕਰਦੇ,
ਤੇ ਜਿਉਂ ਬੋਲਣ ਨਾਂਅ ਕਿਸੇ ਦੇ,
ਸ਼ਾਇਦ ਏਸੇ ਬੋਲੀ ਦੇ ਨਾਲ,
ਸ਼ਬਦ ਅਸਾਡੀ ਬੋਲੀ ਦੇ ਮਿਲਦੇ ।

ਥੱਕੇ ਥੱਕੇ ਸਾਰਸ ਉੱਡਦੇ ਜਾਂਦੇ,
ਧੁੰਦ ਵਿੱਚ ਵੀ, ਜਦੋਂ ਦਿਨ ਢਲਦਾ,
ਉਨ੍ਹਾਂ ਦੀ ਤਿਕੋਣ' ਚ ਜੋ ਖਾਲੀ ਥਾਂ ਏ,
ਮੇਰੇ ਲਈ ਏ, ਮੈਨੂੰ ਲੱਗਦਾ ।

ਸਾਰਸ-ਦਲ ਨਾਲ ਉੱਡ ਜਾਵਾਂਗਾ,
ਨੀਲੇ-ਗਗਨੀਂ, ਉਹ ਦਿਨ ਆਏਗਾ,
ਧਰਤ ਤੇ ਪਿਛੇ ਰਹਿ ਗਿਆਂ ਨੂੰ,
ਸਾਰਸਾਂ ਵਾਂਗੂੰ ਮਾਰਾਂਗਾ ਵਾਜਾਂ ।

9. ਖੰਜਰ ਅਤੇ ਕੁਮਜ਼

ਇਕ ਗੱਭਰੂ ਦੱਰਰੇ ਦੇ ਪਿਛੇ
ਰਹਿੰਦਾ ਸੀ ਪਰਬਤ ਦੇ ਉੱਤੇ
ਅੰਜੀਰ ਦਾ ਰੁੱਖ ਤੇ ਦੂਜਾ ਖੰਜਰ
ਬੱਸ, ਇਹੀ ਸਨ ਉਹਦਾ ਕੁੱਲ ਜ਼ਰ ।

ਇਕ ਸੀ ਬੱਕਰੀ ਉਹਦੇ ਕੋਲ
ਰੋਜ਼ ਚਰਾਵੇ ਜਾ ਕੇ ਬਣ
ਇਕ ਦਿਨ ਕਿਸੇ ਖਾਨ ਦੀ ਬੇਟੀ
ਵੱਸ ਗਈ ਆ ਕੇ ਉਹਦੇ ਮਨ ।

ਉਹ ਗੱਭਰੂ ਸੀ ਸ਼ੇਰ ਸਿਆਣਾ
ਡੋਲੇ ਲਈ ਕਿਹਾ ਖਾਨ ਨੂੰ ਜਾ ਕੇ
ਹੱਸਿਆ ਖਾਨ ਗੱਭਰੂ ਦੀ ਸੁਣ ਕੇ
ਦਿਤਾ ਜੁਆਬ ਸਾਫ਼ ਉਲਟਾ ਕੇ ।

"ਇਕ ਰੁੱਖ ਤੇ ਖੰਜਰ ਦਾ ਮਾਲਕ
ਜਾਹ, ਮੂੰਹ ਧੋ ਰੱਖ ਆਪਣਾ ਜਾ ਕੇ ।
ਕੱਢਿਆ ਕਰ ਧਾਰ ਬੱਕਰੀ ਦੀ
'ਰਾਮ ਨਾਲ ਆਪਣੇ ਘਰ ਜਾ ਕੇ ।"

ਧੀ ਦਿੱਤੀ ਉਸ ਖਾਨ ਨੇ ਉਹਨੂੰ
ਕੋਲ ਜਿਹਦੇ ਸਨ ਢੇਰਾਂ ਮੋਹਰਾਂ ।
ਚਰਦੀਆਂ ਰਹਿਣ ਚਰਾਂਦਾਂ ਅੰਦਰ
ਭੇਡ ਬੱਕਰੀਆਂ ਇੱਜੜ ਢੇਰਾਂ ।

ਗ਼ਮਾਂ ਵਿਚ ਡੁੱਬ ਗਿਆ ਉਹ ਗੱਭਰੂ
ਦਿਲ ਦਾ ਚੂਰਾ ਚੂਰਾ ਹੋਇਆ ।
ਬਿਰਹ-ਤੜਪ ਵਿਚ ਤੜਪ ਕੇ ਉਹਨੇ
ਖੰਜਰ ਹੱਥ ਵਿਚ ਚੁੱਕ ਲਿਆ ।

ਪਹਿਲੋਂ ਉਹਨੇ ਬੱਕਰੀ ਵੱਢੀ
ਵੱਢ ਦਿੱਤਾ ਫਿਰ ਰੁੱਖ ਉਹ ਜਾ ਕੇ ।
ਜਿਹਨੂੰ ਪਿਆਰ ਨਾਲ ਸੀ ਲਾਇਆ
ਕੀਤਾ ਵੱਡਾ ਸਿੰਜ ਸਿੰਜਾ ਕੇ ।

ਰੁੱਖ ਦਾ ਉਸ ਕੁਮੁਜ਼ ਬਣਾਇਆ
ਬਣਾ ਕੇ ਕੀਤਾ ਵਾਜਾ ਤਿਆਰ ।
ਬਕਰੀ ਦੀਆਂ ਉਸ ਲੈ ਕੇ ਆਦਰਾਂ
ਉਤੇ ਚੜ੍ਹਾਈ ਤਾਰ ।

ਵਾਜੇ ਦੀ ਜਿਉਂ ਤਾਰ ਉਸ ਛੇੜੀ
ਸੁਰ ਇਕ ਐਸਾ ਨਿਕਲਿਆ
ਧਰਮ ਗਰੰਥ ਦਾ ਸ਼ਬਦ ਜਿਉਂ ਹੋਵੇ
ਹੋਵੇ ਜਿਉਂ ਕੋਈ ਸੁਰਗ-ਕਲਾ ।

ਇਹ ਮਹਿਬੂਬਾ ਹੋਏ ਨਾ ਬੁੱਢੀ
ਹੈ ਉਦੋਂ ਤੋਂ ਉਹਦੇ ਕੋਲ
ਕੁਮੁਜ਼ ਤੇ ਖੰਜਰ ਦੋ ਖਜ਼ਾਨੇ
ਬਸ ਇਹੀ ਨੇ ਜਿਹਦੇ ਕੋਲ ।

ਪਿੰਡ ਸਦਾ ਹੀ ਧੁੰਦ 'ਚ ਘਿਰਿਆ
ਉਤਾਂਹ, ਚੱਟਾਨਾਂ ਉੱਤੇ
ਕੁਮੁਜ਼ ਤੇ ਖੰਜਰ ਲਟਕ ਰਹੇ ਨੇ
ਨਾਲੋ ਨਾਲ ਹੀ ਉੱਥੇ ।

10. ਅੱਗ

ਪੱਥਰ ਨਾਲ ਪੱਥਰ ਟਕਰਾਓ-ਨਿਕਲੇਗੀ ਉਨ੍ਹਾਂ ਵਿਚੋਂ ਚਿੰਗਿਆੜੀ ।
ਦੋ ਚੱਟਾਨਾਂ ਨੂੰ ਟਕਰਾਓ-ਨਿਕਲੇਗੀ ਉਨ੍ਹਾਂ ਵਿਚੋਂ ਚਿੰਗਿਆੜੀ ।
ਤਲੀ ਨਾਲ ਤਲੀ ਟਕਰਾਓ-ਨਿਕਲੇਗੀ ਉਨ੍ਹਾਂ ਵਿਚੋਂ ਚਿੰਗਿਆੜੀ ।
ਸ਼ਬਦ ਨਾਲ ਸ਼ਬਦ ਟਕਰਾਓ-ਨਿਕਲੇਗੀ ਉਨ੍ਹਾਂ ਵਿਚੋਂ ਚਿੰਗਿਆੜੀ ।
ਜ਼ੁਰਨੇ ਦੇ ਤਾਰਾਂ ਨੂੰ ਛੇੜੋ-ਨਿਕਲੇਗੀ ਉਨ੍ਹਾਂ ਵਿਚੋਂ ਚਿੰਗਿਆੜੀ ।
ਵਾਦਕ, ਗਾਇਕ ਦੀਆਂ ਅੱਖਾਂ ਵਿਚ ਝਾਕੋ, ਲੱਭੇਗੀ ਚਿੰਗਿਆੜੀ ।

(ਜ਼ੁਰਨਾ=ਇਕ ਸਾਜ਼)

11. ਸਾਗਰ ਦੀ ਸੁਣੋ

ਸਾਗਰ ਆਪਣੀ ਗੱਲ ਕਹੇ ਤੁਸੀਂ ਧਾਰੀ ਮੌਨ ਰਹੋ
ਆਪਣੀਆਂ ਖੁਸ਼ੀਆਂ ਤੇ ਨਾ ਆਪਣੇ ਦਿਲ ਦਾ ਦਰਦ ਕਹੋ ।
ਉਹ ਮਹਾਂ ਕਵੀ ਦਾਂਤੇ ਵੀ ਉਸ ਰਾਤ ਮੂਕ ਸੀ ਰਹਿੰਦਾ,
ਕਿਤੇ ਪਾਸ ਜਦ ਉਹਦੇ ਨੀਲਾ ਸਾਗਰ ਕਦੇ ਸੀ ਵਹਿੰਦਾ ।
ਸਾਗਰ-ਤਟ ਤੇ ਭੀੜ ਹੋਵੇ ਜਾਂ ਹੋਵੇ ਸੁੰਨਮਸਾਣ,
ਮੂੰਹ 'ਚੋਂ ਸ਼ਬਦ ਨਾ ਇਕ ਵੀ ਕੱਢੋ ਸਾਗਰ ਨੂੰ ਦਿਓ ਗਾਣ ।
ਉਹ ਗੱਲਾਂ ਦੇ ਫਨ ਦਾ ਮਾਹਰ, ਪੁਸ਼ਕਿਨ ਵੀ ਚੁਪ ਰਹਿੰਦਾ,
ਜਦ-ਜਦ ਸਾਗਰ ਆਪਣੇ ਦਿਲ ਦੀ ਕਹਿੰਦਾ ।

12. ਸਾਗਰ ਨਾਲ ਗੱਲਾਂ

'ਸਾਗਰ ਮੈਨੂੰ ਇਹ ਤਾਂ ਦੱਸ ਦੇਹ, ਕਿਉਂ ਤੇਰੇ ਜਲ ਖਾਰੇ ?'
'ਕਿਉਂ ਜੋ ਲੋਕਾਂ ਦੇ ਮਿਲੇ ਨੇ ਇਸ ਵਿਚ ਹੰਝੂ ਖਾਰੇ ।'
'ਸਾਗਰ ਮੈਨੂੰ ਇਹ ਤਾਂ ਦੱਸ ਦੇਹ, ਕਿਨ ਰੂਪ ਸੰਵਾਰਿਆ ਤੇਰਾ ?'
'ਮੂੰਗਿਆਂ ਅਤੇ ਮੋਤੀਆਂ ਨੇ ਹੀ ਰੂਪ ਨਿਖਾਰਿਆ ਮੇਰਾ ।'
'ਸਾਗਰ ਮੈਨੂੰ ਇਹ ਤਾਂ ਦੱਸ ਦੇਹ, ਕਿਉਂ ਤੂੰ ਏਨਾ ਬਿਹਬਲ ?'
'ਕਿਉਂਕਿ ਭੰਵਰਾਂ ਵਿਚ ਨੇ ਡੁੱਗ ਗਏ ਕਿੰਨੇ ਹੀ ਸੂਰੇ ਬੀਰਬਲ ।
ਕੁਝ ਨੇ ਚਾਹਿਆ, ਸੁਪਨ ਵੇਖਿਆ, ਮਿੱਠਾ ਕਰ ਦੇਣੈ ਜਲ ਖਾਰਾ
ਬਾਕੀ ਮੂੰਗੇ ਲੱਭਣ ਨਿਕਲੇ ਦਿਲ ਵਿਚ ਚਾਅ ਪਿਆਰਾ !'

13. ਘੱਟ ਹੋ ਪਰ ਤੁੱਛ ਨਾ ਸਮਝੋ

ਸਿਰ ਵਿਦਵਾਨ ਪਤੀ ਹਿਲਾਵੇ ਦੁੱਖ ਵਿਚ ਵਿਆਕੁਲ ਹੋ ਕੇ,
ਕਵੀ, ਲੇਖਕ ਸੰਤਾਪ ਭੋਗਦੇ ਦਿਲ ਵਿਚ ਦਰਦ ਸੰਜੋਕੇ ।
ਦੁੱਖ ਇਨ੍ਹਾਂ ਨੂੰ ਇਹੀਓ ਹੈ ਕਿ ਕਾਸਪੀ ਤਟ ਤੋਂ ਹਟਦਾ ਜਾਏ,
ਹੁੰਦੀ ਜਾਏ ਘੱਟ ਗਹਿਰਾਈ ਇਹ ਨੀਵਾਂ ਹੁੰਦਾ ਜਾਏ ।
ਇਹ ਬਕਵਾਸ ਹੈ ਸਾਰੀ ਮੈਨੂੰ ਕਦੇ ਕਦੇ ਇੰਜ ਲਗਦਾ,
ਬੁੱਢਾ ਕਾਸਪੀ ਘੱਟ ਡੂੰਘਾ ਹੋ'ਜੇ ਹੋ ਕਦੇ ਨਹੀਂ ਸਕਦਾ,
ਤੁੱਛ ਹੋ ਰਹੇ ਕੁਝ ਲੋਕਾਂ ਦੇ ਦਿਲ ਇਹੀਓ ਹੀ ਡਰ ਮੈਨੂੰ,
ਬਾਕੀ ਸਭ ਚੀਜ਼ਾਂ ਤੋਂ ਜ਼ਿਆਦਾ, ਚਿੰਤਤ ਵਿਆਕੁਲ ਕਰਦਾ ।

14. ਪਹਾੜੀ ਗੀਤ ਦਾ ਜਨਮ

ਲੋਕਾਂ ਦੇ ਸੁਪਨਿਆਂ ਵਿੱਚੋਂ ਇਹਨੇ ਜਨਮ ਲਿਆ ।
ਪਰ ਨਾ ਕੋਈ ਜਾਣੇ, ਕਦੋਂ ਕਿੱਥੇ ਇਹਨੇ ਜਨਮ ਲਿਆ ।
ਜਾਣੋਂ ਚੌੜੀ ਛਾਤੀ ਅੰਦਰ ਇਹ ਸੀ ਪਿਘਲਿਆ,
ਗਰਮ ਖੂਨ ਦੀਆਂ ਵਹਿਣੀਆਂ ਅੰਦਰ ਸੀ ਇਹ ਉਬਲਿਆ ।

ਇਹ ਸੀ ਗਗਨ ਦੇ ਤਾਰਿਆਂ ਕੋਲੋਂ ਧਰਤ ਦੇ ਉਤੇ ਆਇਆ ।
ਦਾਗਿਸਤਾਨੀ ਪਿੰਡਾਂ ਦੇ ਲੋਕਾਂ ਖੂਬ ਹੀ ਇਹਨੂੰ ਗਾਇਆ ।
ਉਸ ਤੋਂ ਪਹਿਲਾਂ ਜਦੋਂ ਕਿਸੇ ਨੇ ਤੈਨੂੰ ਇਹ ਸੁਣਾਇਐ ।
ਪੁਸ਼ਤਾਂ ਸੈਆਂ ਤੋਂ ਲੋਕਾਂ ਨੇ ਸੁਣਿਆ ਅਤੇ ਸੁਣਾਇਐ ।

15. ਮਾਂ ਦੀ ਲੋਰੀ ਪੁੱਤ ਲਈ

1

ਮੇਰੇ ਲਾਲ ਤੂੰ ਵੱਡਾ ਹੋ ਕੇ ਸ਼ਕਤੀਵਾਨ ਹੋ ਜਾਵੇਂਗਾ ।
ਖੂਨੀ ਬਘਿਆੜਾਂ ਦੇ ਦੰਦੋਂ ਕੱਢ ਕੇ ਮਾਸ ਲਿਆਵੇਂਗਾ ।

ਹੋਵੇਂਗਾ ਜਦ ਲਾਲ ਤੂੰ ਵੱਡਾ, ਫੁਰਤੀ ਐਸੀ ਆਏਗੀ,
ਚੀਤੇ ਦੇ ਪੰਜਿਆਂ ਦੇ ਵਿਚੋਂ ਪੰਛੀ ਕੱਢ ਲਿਆਏਗੀ ।

ਹੋਵੇਂਗਾ ਜਦ ਲਾਲ ਤੂੰ ਵੱਡਾ, ਫਨ ਤੈਨੂੰ ਸਭ ਆਵਣਗੇ,
ਵੱਡਿਆਂ ਦੀ ਗੱਲ ਮੰਨੇਗਾ ਤੂੰ, ਮੀਤ ਬਹੁਤ ਬਣ ਜਾਵਣਗੇ ।

ਹੋਵੇਂਗਾ ਜਦ ਲਾਲ ਤੂੰ ਵੱਡਾ, ਸਮਝਦਾਰ ਬਣ ਜਾਵੇਂਗਾ,
ਤੰਗ ਪੰਘੂੜਾ ਹੋ ਜਾਵਣ ਤੇ, ਲਾ ਕੇ ਖੰਭ ਉੱਡ ਜਾਵੇਂਗਾ ।

ਮੈਂ ਹੀ ਜਨਮ ਏ ਦਿੱਤਾ ਤੈਨੂੰ, ਮੇਰਾ ਪੁੱਤ ਰਹੇਂਗਾ ਤੂੰ,
ਜਿਹਦਾ ਬਣੇਂਗਾ ਤੂੰ ਜੁਆਈ, ਉਹਨੂੰ ਸੱਸ ਕਹੇਂਗਾ ਤੂੰ ।

ਜਦੋਂ ਜੁਆਨ ਹੋਵੇਂਗਾ ਪੁੱਤਰਾ, ਸੋਹਣੀ ਵਹੁਟੀ ਲਿਆਵੇਂਗਾ,
ਪਿਆਰੇ ਦੇਸ਼, ਵਤਨ ਦੀ ਖਾਤਰ, ਮਧੁਰ ਤਰਾਨੇ ਗਾਵੇਂਗਾ ।

2

ਖੁਸ਼ਕ, ਗਰਮ ਮੌਸਮ ਵਿਚ ਬਰਖਾ - ਮੇਰੇ ਬੱਚੇ, ਤੂੰ ਏਂ ਉਹ ।
ਬਰਸਾਤੀ ਗਰਮੀ ਵਿਚ ਸੂਰਜ - ਮੇਰੇ ਬੱਚੇ, ਤੂੰ ਏਂ ਉਹ ।
ਬੁਲ੍ਹ ਸ਼ਹਿਦੋਂ ਵੀ ਮਿੱਠੇ ਮਿੱਠੇ - ਮੇਰੇ ਬੱਚੇ, ਤੂੰ ਏਂ ਉਹ ।
ਸਿਆਹ ਅੰਗੂਰਾਂ ਜਿਹੀਆਂ ਅੱੱੱੱਖਾਂ - ਮੇਰੇ ਬੱਚੇ, ਤੂੰ ਏਂ ਉਹ ।
ਨਾਂਅ ਵੀ ਸ਼ਹਿਦ ਤੋਂ ਵਧ ਕੇ ਮਿੱਠਾ - ਮੇਰੇ ਬੱਚੇ, ਤੂੰ ਏਂ ਉਹ ।
ਚੈਨ ਨੈਣਾਂ ਨੂੰ ਜੋ ਮੁੱਖ ਦੇਵੇ - ਮੇਰੇ ਬੱਚੇ, ਤੂੰ ਏਂ ਉਹ ।
ਜਿਉਂਦਾ ਦਿਲ ਜੋ ਧੜਕ ਰਿਹਾ ਏ - ਮੇਰੇ ਬੱਚੇ, ਤੂੰ ਏਂ ਉਹ ।
ਧੜਕੇ ਦਿਲ ਦੀ ਚਾਬੀ ਵਾਂਗੂੰ - ਮੇਰੇ ਬੱਚੇ, ਤੂੰ ਏਂ ਉਹ ।
ਸੰਦੂਕ ਜੋ ਚਾਂਦੀ ਨਾਲ ਏ ਮੜ੍ਹਿਆ - ਮੇਰੇ ਬੱਚੇ, ਤੂੰ ਏਂ ਉਹ ।
ਸੰਦੂਕ ਜੋ ਸੋਨੇ ਨਾਲ ਏ ਭਰਿਆ - ਮੇਰੇ ਬੱਚੇ, ਤੂੰ ਏਂ ਉਹ ।

3

ਅਜੇ ਨਿਰਾ ਧਾਗੇ ਦਾ ਗੋਲਾ, ਇਕ ਦਿਨ ਗੋਲੀ ਬਣ ਜਾਵੇਂਗਾ ।
ਤੋੜੇਂਗਾ ਤੂੰ ਪਰਬਤ, ਪੱਥਰ, ਭਾਰੀ ਹਥੌੜਾ ਬਣ ਜਾਵੇਂਗਾ ।
ਤੀਰ ਬਣੇਂਗਾ ਇਕ ਦਿਨ ਐਸਾ, ਐਨ ਨਿਸ਼ਾਨੇ ਜਾਵੇਂਗਾ ।
ਨਾਚ ਹੋਵੇਗਾ ਤੇਰਾ ਦਿਲਕਸ਼, ਮਧੁਰ ਤਰਾਨੇ ਗਾਵੇਂਗਾ ।
ਆਪਣੇ ਹਰ ਇਕ ਹਾਣੀ ਨਾਲੋਂ, ਦੌੜਾਂ ਤੇਜ਼ ਲਗਾਵੇਂਗਾ ।
ਘੁੜ ਦੌੜਾਂ ਵਿਚ ਹਰ ਇਕ ਤਾਈਂ, ਪਿੱਛੇ ਛੱਡ ਤੂੰ ਜਾਵੇਂਗਾ ।
ਵਾਦੀ ਵਿਚੋਂ ਤੇਜ਼ ਦੌੜਾਂਦਾ, ਘੋੜਾ ਤੂੰ ਲੈ ਜਾਵੇਂਗਾ ।
ਬਣ ਕੇ ਬੱਦਲ ਅੰਬਰ ਪਹੁੰਚੇ, ਐਸੀ ਧੂੜ ਉਡਾਵੇਂਗਾ ।

16. ਮਾਂ ਦੀ ਲੋਰੀ ਧੀ ਲਈ

1

ਸੋਨ ਸੁਨਹਿਰੇ, ਧਾਗੇ ਦੇ ਗੋਲੇ ਜੇਹੀ - ਧੀ ਮੇਰੀ ਏ ।
ਚਾਂਦੀ ਵੰਨੇ, ਚਮਚਮ ਕਰਦੇ, ਫੀਤੇ ਜੇਹੀ - ਧੀ ਮੇਰੀ ਏ ।
ਉੱਚੇ ਪਰਬਤ ਉੱਤੇ ਜੋ ਚਮਕੇ, ਉਸ ਚੰਨ ਜੇਹੀ - ਧੀ ਮੇਰੀ ਏ ।
ਪਰਬਤ ਉੱਤੇ ਜੋ ਕੁੱਦੇ ਟੱਪੇ, ਉਸ ਬੱਕਰੀ ਜੇਹੀ - ਧੀ ਮੇਰੀ ਏ ।

ਕਾਇਰ, ਬੁਜ਼ਦਿਲ, ਜਾਹ ਦੂਰ ਹੋ ਜਾ,
ਮਿਲੇ ਨਾ ਕਿਸੇ ਕਾਇਰ ਤਾਈਂ – ਇਹ ਮੇਰੀ ਧੀ ।
ਝੇਂਪੂ ਬੂਹੇ ਨਾ ਆਈਂ ਸਾਡੇ,
ਮਿਲੇ ਨਾ ਕਿਸੇ ਵੀ ਝੇਂਪੂ ਤਾਈਂ – ਇਹ ਮੇਰੀ ਧੀ ।

ਬਸੰਤੀ ਫੁੱਲਾਂ ਜੇਹੀ ਸੋਹਣੀ - ਧੀ ਮੇਰੀ ਏ ।
ਬਸੰਤੀ ਫੁੱਲਾਂ ਦੀ ਮਾਲਾ ਜੇਹੀ - ਧੀ ਮੇਰੀ ਏ ।
ਹਰੇ ਮਖਮਲੀ ਘਾਹ ਜੇਹੀ ਕੋਮਲ - ਧੀ ਮੇਰੀ ਏ ।

ਇੱਜੜ ਤਿੰਨ ਭੇਡਾਂ ਦੇ ਭੇਜੇਂ,
ਨਾ ਧੀ ਦੇ ਭਰਵੱਟੇ ਦਾ ਵੀ ਵਾਲ ਦਿਆਂ ।
ਥੈਲੀਆਂ ਤਿੰਨ ਸੋਨੇ ਦੀਆਂ ਭੇਜੇਂ,
ਨਾ ਧੀ ਦੀ ਗੱਲ੍ਹ ਨੂੰ ਛੋਹਣ ਦਿਆਂ ।
ਥੈਲੀਆਂ ਤਿੰਨ ਦੇ ਬਦਲੇ ਵਿਚ ਵੀ
ਨਾ ਧੀ ਦੀ ਗੱਲ੍ਹ ਦਾ ਜਲਾਲ ਦਿਆਂ ।
ਕਾਲੇ ਕਾਂ ਨੂੰ ਧੀ ਨਾ ਦੇਵਾਂ,
ਨਾ ਦੇਵਾਂ ਮੋਰ ਦਿਆਲੂ ਨੂੰ ।
ਤੂੰ ਏਂ ਧੀਏ-ਤਿਤਲੀ ਮੇਰੀ
ਨੰਨ੍ਹੀ ਮੁੰਨੀ ਸਾਰਸ ਮੇਰੀ ।

2

ਮਾਰ ਕੇ ਡੰਡਾ ਚੀਤਾ ਸੁੱਟੇ,
ਧੀ ਉਸੇ ਨੂੰ ਦੇ ਦੇਵਾਂ ।
ਮਾਰ ਕੇ ਮੁੱਕਾ ਪੱਥਰ ਭੰਨੇ,
ਧੀ ਉਸੇ ਨੂੰ ਦੇ ਦੇਵਾਂ ।
ਮਾਰ ਕੋਰੜੇ ਗੜ੍ਹਾਂ ਨੂੰ ਜਿੱਤੇ,
ਧੀ ਉਸੇ ਨੂੰ ਦੇ ਦੇਵਾਂ ।
ਵਾਂਗ ਪਨੀਰ ਜੋ ਚੰਨ ਨੂੰ ਚੀਰੇ,
ਧੀ ਉਸੇ ਨੂੰ ਦੇ ਦੇਵਾਂ ।
ਰੋਕੇ ਨਦੀ ਦੇ ਵਹਿਣਾ ਨੂੰ ਜੋ,
ਧੀ ਉਸੇ ਨੂੰ ਦੇ ਦੇਵਾਂ ।
ਤਾਰੇ ਫੁੱਲਾਂ ਵਾਂਗੂੰ ਤੋੜੇ,
ਧੀ ਉਸੇ ਨੂੰ ਦੇ ਦੇਵਾਂ ।
ਬੰਨ੍ਹੇ ਖੰਭ ਪੌਣ ਦੇ ਜਿਹੜਾ,
ਧੀ ਉਸੇ ਨੂੰ ਦੇ ਦੇਵਾਂ ।
ਲਾਲ ਸੇਬ ਜਿਹੀਆਂ ਗੱਲ੍ਹਾਂ ਵਾਲੀ,
ਤੂੰ ਏਂ ਮੇਰੀ ਪਿਆਰੀ ਧੀ ।

3

ਜਦੋਂ ਕਿਤੇ ਵੀ ਖਿੜਦੀ ਏ ਕੋਈ ਕਲੀ,
ਪਹਿਲੋਂ ਉਸ ਤੋਂ ਖਿੜ ਜਾਂਦੀ ਏ ਮੇਰੀ ਧੀ ।

ਨਦੀਆਂ ਜਦ ਤਕ ਉਛਲਣ ਭਰ ਭਰ ਪਾਣੀਆਂ,
ਆਪਣੀ ਧੀ ਲਈ ਗੁੰਦਾਂ ਸੁੰਦਰ ਵੇਣੀਆਂ ।

ਧਰਤੀ ਉੱਤੇ ਬਰਫ਼ ਅਜੇ ਤੱਕ ਨਹੀਂ ਆਈ,
ਆਏ ਕਿੰਨੇ ਲੋਕ ਲੈ ਕੇ ਕੁੜਮਾਈ ।

ਕੁੜਮਾਈ ਮੇਰੀ ਧੀ ਦੀ ਲੈ ਕੇ ਜੋ ਆਵਣ
ਭਰਿਆ ਸ਼ਹਿਦ ਦਾ ਪੀਪਾ ਲੈ ਕੇ ਉਹ ਆਵਣ ।
ਲੈ ਆਉਣ ਲੇਲੇ ਭੇਡਾਂ ਬੱਕਰੀਆਂ,
ਹੈ ਕੁੜੀ ਦਾ ਬਾਪ, ਅਸੀਂ ਇਹ ਦੱਸਦੀਆਂ ।

ਭੇਜਣ ਪਿਤਾ ਦੇ ਕੋਲ, ਜੋ ਘੋੜੇ ਹਵਾ ਸਮਾਨ,
ਕਰਨ ਪਿਤਾ ਦਾ ਏਦਾਂ, ਉਹ ਇੱਜ਼ਤ ਤੇ ਮਾਣ ।

ਇਸ ਤੋਂ ਪਹਿਲੋਂ ਕਿ ਸਰਘੀ ਵੇਲੇ, ਪੰਛੀ ਗੀਤ ਸੁਣਾਏ ।
ਖੇਤਾਂ ਬੰਨੇ ਮੇਰੀ ਧੀ ਦਾ ਕੋਈ ਮਨ ਪਰਚਾਏ ।

ਇਸ ਤੋਂ ਪਹਿਲੋਂ, ਕਿ ਦੂਰ ਦੁਰਾਡੇ, ਕੋਈ ਕੋਇਲ ਕੂਕੇ ਜੰਗਲੀਂ ।
ਖੇਡੇ-ਕੁੱਦੇ ਵਿਚ ਚਰਾਂਦਾਂ ਮੌਜ ਕਰੇ ਉਹ ਮਨ ਦੀ ।

ਜਦ ਤਕ ਨਾਲ ਦੀਆਂ ਮੁਟਿਆਰਾਂ ਨਿਕਲਣਗੀਆਂ ਸਜਕੇ ।
ਮੇਰੀ ਧੀ ਤਾਂ ਲੈ ਆਵੇਗੀ, ਚਸ਼ਮੇ ਤੋਂ ਪਾਣੀ ਭਰ ਕੇ ।

17. ਹਾਜੀ-ਮੁਰਾਤ ਦੀ ਲੋਰੀ

1

ਮੁੱਖੜੇ 'ਤੇ ਮੁਸਕਾਨ ਲਿਆ ਕੇ,
ਸੁਣ, ਪੁੱਤਰਾ ਮੈਂ ਗੀਤ ਸੁਣਾਵਾਂ ।
ਇਕ ਸੂਰਮੇ ਦਾ ਇਹ ਕਿੱਸਾ,
ਸੂਰੇ ਪੁੱਤਰ ਤਾਈਂ ਸੁਣਾਵਾਂ ।

ਮਾਣ ਬੜੇ ਨਾਲ ਖੜਗ ਆਪਣੀ,
ਲੱਕ ਦੇ ਨਾਲ ਉਹ ਬੰਨ੍ਹਦਾ ਸੀ ।
ਸਰਪਟ ਘੋੜੇ ਉਤੇ ਉੱਛਲ,
ਵੱਸ ਵਿਚ ਉਹਨੂੰ ਕਰਦਾ ਸੀ ।

ਤੇਜ਼ ਪਹਾੜੀ ਨਦੀਆਂ ਵਾਂਗੂੰ,
ਹੱਦਾਂ ਲੰਘਦਾ ਜਾਂਦਾ ਸੀ ।
ਉੱਚੀਆਂ ਪਰਬਤ ਦੀਆਂ ਕਤਾਰਾਂ,
ਨਾਲ ਖੜਗ ਦੇ ਵੱਢਦਾ ਜਾਂਦਾ ਸੀ ।

ਸਦੀ ਪੁਰਾਣੇ ਸ਼ਾਹ ਬਲੂਤ ਨੂੰ,
ਇਕੋ ਹੱਥ ਨਾਲ ਉਹ ਮੋੜੇ ।
ਉਹੋ ਜਿਹਾ ਹੀ ਬਣੇਂ ਸੂਰਮਾ,
ਸੰਗ ਸੂਰਿਆਂ ਜਾ ਜੋੜੇ ।

2

(ਇਹ ਗੀਤ ਉਸ ਸਮੇਂ ਦਾ ਹੈ ਜਦੋਂ ਉਹ
ਵੈਰੀ ਨਾਲ ਜਾ ਰਲਿਆ ਸੀ)

ਤੂੰ ਪਹਾੜਾਂ aੁੱਤੋਂ, ਖੱਡਾਂ ਵਿਚ ਛਾਲਾਂ ਮਾਰੀਆਂ,
ਘਬਰਾਹਟ ਕਦੇ ਵੀ ਛੋਹੀ, ਤੇਰੇ ਮਨ ਦੇ ਤਾਈਂ ਨਾ ।
ਪਰ ਜਿੰਨਾਂ ਨੀਵਾਂ ਜਾ ਕੇ, ਹੁਣ ਤੂੰ ਡਿਗ ਗਿਆ ਏਂ,
ਉਥੋਂ ਕਦੇ ਵੀ ਮੁੜ ਕੇ, ਘਰ ਨੂੰ ਵਾਪਸ ਆਈਂ ਨਾ ।

ਤੇਰੇ ਪਹਾੜਾਂ ਉਤੇ, ਜਦ ਜਦ ਵੀ ਹਮਲੇ ਹੋਏ,
ਰਾਹ ਤੇਰਾ ਰੋਕ ਨਾ ਸੱਕੇ, ਕਾਲੇ ਸ਼ਾਹ ਹਨੇਰੇ,
ਤੂੰ ਬਣਿਐਂ ਜਾ ਕੇ ਆਪੇ, ਦੁਸ਼ਮਣ ਦਾ ਸ਼ਿਕਾਰ,
ਕਦੇ ਨਾ ਮੁੜ ਕੇ ਆਈਂ, ਏਧਰ ਘਰ ਨੂੰ ਮੇਰੇ ।

ਮੈਂ ਮਾਂ ਹਾਂ, ਮੇਰੇ ਦਿਨ ਵੀ, ਹੁਣ ਤੋਂ ਹੋਏ ਕਾਲੇ,
ਕੜਵਾਹਟ, ਸੁੰਨੇਪਣ ਦੇ ਫੈਲੇ ਸੰਘਣੇ ਸਾਏ,
ਫੌਲਾਦੀ ਪੰਜਿਆਂ ਵਿਚੋਂ, ਫਾਂਸੀ ਫੰਦਿਆਂ ਵਿਚੋਂ,
ਕਦੇ ਨਾ ਕੋਈ ਨਿਕਲੇ, ਵਾਪਸ ਘਰ ਨੂੰ ਆਏ ।

ਜ਼ਾਰ, ਸ਼ਾਮੀਲ ਦੇ ਤਾਈਂ, ਨਫ਼ਰਤ ਜੇ ਕੋਈ ਕਰਦੈ,
ਸਮਝ ਆ ਜਾਵੇ ਇਹ ਗੱਲ, ਹਰ ਇਕ ਨੂੰ ਸਭਨਾਂ ਤਾਈਂ,
ਪਰ ਤੂੰ ਨਿਰਾਦਰ ਕੀਤੈ, ਏਹਨਾਂ ਪਰਬਤਾਂ ਦਾ,
ਹੁਣ ਕਦੇ ਵੀ ਮੁੜ ਕੇ, ਤੂੰ ਵਾਪਸ ਘਰ ਨਾ ਆਈਂ ।

3

(ਇਹ ਗੀਤ ਉਸ ਵੇਲੇ ਦਾ ਹੈ ਜਦੋਂ ਉਹ ਦੁਸ਼ਮਣਾਂ
ਨੂੰ ਛੱਡ ਕੇ ਆਉਣ ਵੇਲੇ ਮਾਰਿਆ ਗਿਆ)

ਚੱਲੇ ਖੜਗ ਦੇ ਵਾਰ ਭਰਪੂਰ ਉਹਦੇ,
ਸਿਰ ਧੜ ਤੇ ਨਹੀਂ ਰਿਹਾ ਉਹਦੇ,
ਕੋਈ ਜੰਗ ਦਾ ਭੇੜ ਜਾਂ ਜੁਗਤ ਬੰਦੀ,
ਹੁੰਦੀ ਕਦੇ ਨਾ ਸੀ ਬਿਨਾਂ ਉਹਦੇ ।

ਇਹ ਫਜ਼ੂਲ ਏ ਸੜਕ ਦੇ ਕਿਸੇ ਕੰਢੇ,
ਦਫਨ ਸਿਰ ਤੋਂ ਬਿਨਾਂ ਏ ਧੜ ਉਹਦਾ ।
ਕਿਲਿਆਂ, ਜੰਗਾਂ ਵਿਚ ਹੱਥ ਤੇ ਪਏ ਮੋਢੇ,
ਕਿਵੇਂ ਛੱਡਾਂਗੇ ਅਸੀਂ ਭੀ ਲੜ ਉਹਦਾ ।

ਪੁੱਛੋ ਖੰਜਰ ਤੇ ਆਪਣੀ ਖੜਗ ਤਾਈਂ,
ਭਲਾ ਹਾਜੀ ਹੁਣ ਕਿਤੇ ਰਿਹਾ ਨਹੀਂਓਂ ?
ਭਲਾ ਮੁਸ਼ਕ ਬਾਰੂਦ ਦੀ ਪਰਬਤਾਂ 'ਚੋਂ,
ਕਿਤੋਂ ਆਵੇ ਜਾਂ ਉੱਡਦਾ ਧੂੰਆਂ ਨਹੀਂਓਂ ?

ਵਾਂਗ ਗਰੁੜ ਦੇ ਉੱਡ ਕੇ ਚੋਟੀਆਂ ਤੇ,
ਉਹਦਾ ਨਾਂਅ ਗਿਆ ਅੰਤ ਨੂੰ ਧੁੰਦਲਾਇਆ ।
ਵਲ ਸਭ ਸ਼ਮਸ਼ੀਰਾਂ ਕਰ ਦੇਣ ਸਿੱਧੇ,
ਲਾਹ ਦੇਣਗੀਆਂ ਧੱਬਾ ਜੋ ਖੁਦ ਲਾਇਆ ।

18. ਗੀਤ ਲੈ ਆਣੇ

ਪੈਂਡੇ ਪੈਣ ਤੋਂ ਪਹਿਲਾਂ ਪਾਂਧੀ
ਕੀ ਰਸਤੇ ਲਈ ਨਾਲ ਵਿਚਾਰੇ ?
ਕੁਝ ਪੀਣਾ, ਕੁਝ ਖਾਣਾ ਲੈਂਦਾ
ਪਰ, ਮੇਰੇ ਮਹਿਮਾਨ ਪਿਆਰੇ

ਆ, ਸਾਡੇ ਸਿਰ ਮੱਥੇ ਉੱਤੇ,
ਸਭ ਕਾਸੇ ਦਾ ਫਿਕਰ ਹਟਾਈ
ਪੀਣਾ ਤੈਨੂੰ ਅਸੀਂ ਦਿਆਂਗੇ
ਖਾਣਾ ਕੋਈ ਪਰਬਤ ਦੀ ਜਾਈ ।

ਪੈਂਡੇ ਪੈਣ ਤੋਂ ਪਹਿਲਾਂ ਪਾਂਧੀ
ਕੀ ਰਸਤੇ ਲਈ ਨਾਲ ਵਿਚਾਰੇ ?
ਤੇਜ਼ ਧਾਰ ਖੰਜਰ ਇਕ ਲੈਂਦਾ ।
ਪਰ, ਮੇਰੇ ਮਹਿਮਾਨ ਪਿਆਰੇ

ਸਭ, ਪਰਬਤ-ਰਾਹਾਂ ਉੱਤੇ,
ਤੇਰੇ ਸਨਮਾਨ 'ਚ ਨੈਨ ਵਿਛਾਉਂਦੇ ।
ਜੇ ਇਕ ਖੰਜਰ ਵਾਰ ਕਰੇ ਤਾਂ
ਸੌ ਖੰਜਰ ਰਾਖੀ ਲਈ ਆਉਂਦੇ ।

ਪੈਂਡੇ ਪੈਣ ਤੋਂ ਪਹਿਲਾਂ ਪਾਂਧੀ
ਕੀ ਰਸਤੇ ਲਈ ਨਾਲ ਵਿਚਾਰੇ ?
ਗੀਤ, ਜੋ ਪੈਂਡਾ ਸੌਖਾ ਕਰ ਦਏ ।
ਪਰ, ਮੇਰੇ ਮਹਿਮਾਨ ਪਿਆਰੇ

ਪਰਬਤਾਂ ਵਿਚ ਅਣਗਿਣਤ ਪਏ ਨੇ
ਸਾਡੇ ਕੋਲ ਵੀ ਅਦਭੁਤ ਗਾਣੇ ।
ਪਰ ਕਿਹੜਾ ਇਹ ਬੋਝ ਏ ਭਾਰਾ
ਬੇਸ਼ਕ ਤੁਸੀਂ ਵੀ ਨਾਲ ਲੈ ਆਣੇ ।

19. ਮਾਂ-ਬੋਲੀ

ਸੁਪਨੇ ਬੜੀ ਵਿਚਿਤਰ ਦੁਨੀਆਂ ਹੁੰਦੇ ਨੇ ।
ਅੱਜ ਸੁਪਨੇ ਵਿਚ ਦੇਖਾਂ-ਮੈਂ ਮਰਿਆ ਹੋਇਆ ।
ਸਿਖਰ ਦੁਪਹਿਰੇ ਦਾਗਿਸਤਾਨ ਦੀ ਵਾਦੀ ਵਿਚ
ਸੀਨੇ ਗੋਲੀ ਖਾਧੀ, ਮੈਂ ਨਿਰਜਿੰਦ ਪਿਆ ।

ਕੋਲੋਂ ਦੀ ਰੌਲਾ ਪਾਉਂਦੀ ਇਕ ਨਦੀ ਵਹੇ ।
ਅੱਜ ਕਿਸੇ ਨੂੰ ਚੇਤਾ, ਨਾ ਹੀ ਲੋੜ ਮੇਰੀ ।
ਜਿਸ ਧਰਤੀ ਤੋਂ ਜੰਮਿਆ, ਅੱਜ ਉਡੀਕ ਰਿਹਾ,
ਕਦ ਬਣ ਜਾਵਾਂ ਮੈਂ ਓਸੇ ਦੀ ਇਕ ਢੇਰੀ ।

ਮੈਂ ਅੰਤਮ ਸਾਹਾਂ 'ਤੇ, ਕਿਸੇ ਨੂੰ ਪਤਾ ਨਹੀਂ,
ਨਾ ਕੋਈ ਅੱਜ ਵਿਦਾ ਕਹਿਣ ਹੀ ਆਏਗਾ ।
ਸਿਰਫ ਕਿਤੇ ਅਸਮਾਨੀ ਚੀਲ੍ਹਾਂ ਚੀਕਦੀਆਂ,
ਹਿਰਣੀਆਂ ਨੂੰ ਬੇਵਸ ਕਿਤੇ ਹਉਕਾ ਆਇਗਾ ।

ਨਾ ਕੋਈ ਮੇਰੀ ਮੜ੍ਹੀ ਤੇ ਆ ਕੇ ਰੋਇਗਾ,
ਕਿ ਤੁਰ ਗਿਆ ਮੈਂ, ਜਦ ਸੀ ਜੀਵਨ ਦੀ ਸਿਖਰ ਦੁਪਹਿਰ,
ਨਾ ਮਾਂ, ਨਾ ਕੋਈ ਬੋਲੀ, ਨਾ ਕੋਈ ਚੰਨਮੁਖੀ,
ਨਾ ਕੋਈ ਹੋਰ, ਤੇ ਨਾ ਹੀ ਕੋਈ ਵੀ ਨੌਹਾਗਰ ।

ਮੈਂ ਇੰਝ ਪਿਆ ਨਿਸੱਤਾ ਸਾਂ ਦਮ ਤੋੜ ਰਿਹਾ,
ਅਚਨਚੇਤ ਮੇਰੇ ਕੰਨੀਂ ਕੋਈ 'ਵਾਜ ਪਈ ।
ਦੋ ਬੰਦੇ ਨੇੜੇ ਸਨ ਆ ਰਹੇ; ਉਹਨਾਂ ਵਿਚ
ਮੇਰੀ ਮਾਂ-ਬੋਲੀ ਵਿਚ ਚਰਚਾ ਚੱਲ ਰਹੀ ।

ਸਿਖਰ ਦੁਪਹਿਰੇ ਦਾਗਿਸਤਾਨ ਦੀ ਵਾਦੀ ਵਿਚ,
ਮੈਂ ਦਮ ਤੋੜਾਂ, ਪਰ ਉਹ ਗੱਲੀਂ ਮਸਤ, ਵੈਲੀ,
ਕਿਸੇ ਹਸਨ ਦੀ ਖਚਰ-ਵਿਦਿਆ ਦੀਆਂ, ਜਾਂ ਕੋਈ
ਚਾਰ-ਸੌ-ਵੀਹ ਦੀਆਂ ਜੋ ਕੀਤੀ ਸੀ ਕਿਸੇ ਅਲੀ ।

ਅਧਮੋਇਆ, ਮੈਂ ਮਾਂ-ਬੋਲੀ ਦੀ ਧੁਨੀ ਸੁਣੀ,
ਜਾਨ ਪਈ; ਤੇ ਇਸ ਚਾਨਣ ਦੀ ਆਈ ਘੜੀ,
ਕਿ ਮੇਰੇ ਦੁੱਖਾਂ ਦਾ ਦਾਰੂ ਮਾਂ-ਬੋਲੀ,
ਨਾ ਕੋਈ ਵੈਦ ਹਕੀਮ, ਨਾ ਕੋਈ ਜਾਦੂਗਰੀ ।

ਇਕਨਾ ਦਾ ਦੁਖ ਹਰਨ ਪਰਾਈਆਂ ਬੋਲੀਆਂ ਵੀ,
ਪਰ ਮੈਂ ਉਹਨਾਂ ਵਿਚ ਨਹੀਂ ਕੁਝ ਗਾ ਸਕਦਾ ।
ਕੂਚ-ਤਿਆਰੀ ਅੱਜ ਕਰਾਂ ਜੇ ਮੈਂ ਜਾਣਾਂ,
ਕੱਲ ਨੂੰ ਕਾਲ ਮੇਰੀ ਬੋਲੀ ਨੂੰ ਖਾ ਸਕਦਾ ।

ਉਸ ਲਈ ਮੇਰੇ ਦਿਲ ਵਿਚ ਸਦਾ ਹੀ ਕਸਕ ਰਹੇ ।
ਜੋ ਕਹਿੰਦੇ ਨੇ ਨਿਰਧਨ ਇਸਨੂੰ ਕਹਿਣ ਦਿਓ ।
ਬੇਸ਼ਕ ਮਹਾਂਸਭਾ ਦੇ ਮੰਚ ਤੇ ਨਾ ਗੂੰਜੇ,
ਮੇਰੀ ਮਾਂ-ਬੋਲੀ, ਮੇਰੇ ਲਈ ਰਹਿਣ ਦਿਓ ।

ਕੀ ਮਹਿਮੂਦ ਨੂੰ ਸਮਝਣ ਲਈ ਮੇਰੇ ਵਾਰਸ,
ਉਸਦੇ ਉਲਥੇ ਹੀ ਸਚਮੁਚ ਪੜ੍ਹਨ ਪੜ੍ਹਾਉਣਗੇ ?
ਕੀ ਸਚਮੁਚ ਮੈਂ ਹਾਂ ਉਸ ਅੰਤਮ ਟੋਲੀ 'ਚੋਂ
ਜੋ ਅਵਾਰ ਬੋਲੀ ਵਿਚ ਲਿਖਣਗੇ, ਗਾਉਣਗੇ ?

ਮੈਨੂੰ ਪਿਆਰਾ ਜੀਵਨ ਤੇ ਦੁਨੀਆਂ ਸਾਰੀ,
ਇਸਦੀ ਹਰ ਨੁੱਕਰ ਤੋਂ ਮੈਂ ਘੋਲੀ ਵਾਰੀ:
ਸੋਵੀਅਤਾਂ ਦੀ ਭੂਮੀ ਪਰ ਸਭ ਤੋਂ ਪਿਆਰੀ,
ਜਿਸਨੂੰ ਮਾਂ-ਬੋਲੀ ਵਿਚ ਗਾਵਾਂ ਉਮਰ ਸਾਰੀ ।

ਸਖਾਲੀਨ ਤੇ ਬਾਲਟਿਕ ਤੱਕ-ਫੁੱਲਾਂ ਲੱਦੀ
ਤੇ ਸਵਤੰਤਰ ਪਿਆਰੀ ਇਸ ਸਭ ਧਰਤੀ ਤੇ,
ਮੈਂ ਤਨ, ਮਨ, ਧਨ, ਸਭ ਵਾਰਾਂ, ਜੇ ਲੋੜ ਪਵੇ:
ਕਬਰ ਬਣੇ ਪਰ ਮੇਰੀ ਦੂਰ ਨਾ ਆਊਲ ਤੋਂ ।

ਤਾਂ ਕਿ ਆਊਲ ਦੇ ਨੇੜੇ ਮੇਰੀ ਕਬਰ ਉੱਤੇ
ਕਦੀ ਕਦੀ ਫਿਰ ਲੱਗੇ ਸਭਾ ਅਵਾਰਾਂ ਦੀ,
ਜੋ ਮਾਂ-ਬੋਲੀ ਵਿਚ ਯਾਦ ਕਰਨ ਹਮਵਤਨ ਰਸੂਲ-
ਤਸਾਦਾ ਦੇ ਹਮਜ਼ਾਤ ਦਾ ਜੋ ਬੇਟਾ ਸੀ ।

20. ਕਵਿਤਾ

ਪਹਿਲਾਂ ਕੰਮ ਤੇ ਕੰਮ ਤੋਂ ਬਾਅਦ ਆਏ ਆਰਾਮ ।
ਸੈਨਾ ਕੂਚ ਕਰੇ, ਫਿਰ ਦਸ ਮਿੰਟ ਲਈ ਵਿਸ਼ਰਾਮ ।
ਤੂੰ ਮੇਰੇ ਲਈ ਦੋਵੇਂ-ਕੂਚ ਅਤੇ ਵਿਸ਼ਰਾਮ
ਤੂੰ ਮੇਰੇ ਲਈ ਦੋਵੇਂ-ਮਿਹਨਤ ਅਤੇ ਆਰਾਮ

ਤੂੰ ਲੋਰੀ ਸੈਂ, ਜਿਸ ਸੀ ਮੈਨੂੰ ਸਹਿਲਾਇਆ ।
ਬੀਰਤਾ ਅਤੇ ਬਹਾਰ ਦੇ ਸੁਪਨ 'ਚ ਤੇਰੀ ਛਾਇਆ ।
ਪਿਆਰ ਮੇਰੇ ਦੀ ਤੂੰ ਹਾਣੀ; ਤੇ ਪਿਆਰ ਮੇਰਾ
ਜਨਮਿਆ ਸੀ ਜਦ ਮੈਂ ਸਾਂ ਦੁਨੀਆਂ ਤੇ ਆਇਆ ।

ਬੱਚਾ ਸਾਂ ਤਾਂ, ਲਗਦਾ ਸੀ, ਤੂੰ ਮਾਂ ਮੇਰੀ
ਹੁਣ ਤੂੰ ਜਿਉਂ ਮਹਿਬੂਬ; ਤੇ ਜਦ ਬੁੱਢਾ ਹੋਇਆ,
ਤਾਂ ਤੂੰ ਖ਼ਿਆਲ ਰਖੇਂਗੀ ਪਿਆਰੀ ਧੀ ਵਾਂਗੂੰ
ਚਮਕੇਂਗੀ ਬਣ ਯਾਦ ਤੂੰ, ਜਦ ਮੈਂ ਨਾ ਰਿਹਾ ।

ਕਦੀ ਕਦੀ ਜਾਪੇ ਤੂੰ ਕੋਈ ਅਪਹੁੰਚ ਸਿਖਰ
ਕਦੀ ਤੂੰ ਜਾਪੇਂ ਸਹਿਕਦਾ ਪੰਛੀ, ਰਖਿਆ ਘਰ ।
ਤੂੰ ਖੰਭ ਬਣੇਂ ਮਿਰੇ, ਮੈਂ ਜਦ ਉੱਡਣਾ ਚਾਹਾਂ
ਤੂੰ ਮੇਰਾ ਹਥਿਆਰ ਬਣੇਂ ਜਦ ਯੁਧ ਕਰਾਂ ।
ਸਿਵਾਏ ਚੈਨ ਦੇ, ਕਵਿਤਾ ! ਤੂੰ ਸਭ ਕੁਝ ਮੇਰੀ,
ਵਫਾਦਾਰ ਪਰੇਮੀ ਵਾਂਗ ਸੇਵਾ ਕਰਾਂ ਤੇਰੀ ।

ਕਿਥੇ ਕੰਮ ਦਾ ਅੰਤ, ਤੇ ਕਿਥੇ ਸ਼ੁਰੂ ਆਰਾਮ ?
ਕਿਥੇ ਕੂਚ ਤੇ ਕਿਥੇ ਦਸ ਮਿੰਟ ਦਾ ਵਿਸ਼ਰਾਮ ?
ਤੂੰ ਮੇਰੇ ਲਈ ਦੋਵੇਂ-ਕੂਚ ਅਤੇ ਵਿਸ਼ਰਾਮ
ਤੂੰ ਮੇਰੇ ਲਈ ਦੋਵੇਂ-ਮਿਹਨਤ ਅਤੇ ਆਰਾਮ

21. ਕਵਿਤਾ

ਤੇਰੇ ਬਾਝੋਂ ਇਹ ਦੁਨੀਆਂ ਹੈ, ਜਿਉਂ ਕੋਈ ਗੁਫ਼ਾ ਹਨੇਰੀ ।
ਚਾਨਣ ਜਿਸਦੀ ਸਮਝ ਨਾ ਆਏ, ਸੂਰਜ ਚੀਜ਼ ਪਰਾਈ ।
ਜਾਂ ਆਕਾਸ਼ ਜਿੱਥੇ ਕੋਈ ਤਾਰਾ, ਪਾਏ ਕਦੇ ਨਾ ਫੇਰੀ ।
ਜਾਂ ਫਿਰ ਪਿਆਰ ਜਿਨ੍ਹੇ ਗਲਵਕੜੀ, ਨਾ ਕੋਈ ਚੁੰਮਣ ਹੰਢਾਈ ।

ਤੇਰੇ ਬਾਝੋਂ ਇਹ ਦੁਨੀਆਂ, ਜਿਉਂ ਸਾਗਰ ਬਿਨਾਂ ਨੀਲੱਤਨ
ਠੰਡਾ ਯੱਖ, ਨਾ ਜਿਹੜਾ ਆਪਣੀ ਅਜ਼ਲੀ ਚਮਕ ਦਿਖਾਵੇ ।
ਜਾਂ ਫਿਰ ਬਾਗ਼ ਨਾ ਜਿਥੇ ਉੱਗੇ ਕੋਈ ਫੁੱਲ ਕੋਈ ਘਾਹ ਦਾ ਤਿਣ
ਨਾ ਕੋਈ ਬਿੰਡਾ ਰਾਗ ਅਲਾਪੇ, ਨਾ ਕੋਈ ਬੁਲਬੁਲ ਗਾਵੇ ।

ਤੇਰੇ ਬਿਨ ਰੁੱਖ ਸਦਾ ਖੜੋਤੇ, ਰੁੰਡ-ਮਰੁੰਡ, ਉਦਾਸ,
ਸਦਾ ਨਵੰਬਰ-ਕਦੀ ਨਾ ਆਏ ਹੁਨਾਲ, ਸਿਆਲ, ਬਹਾਰ ।
ਲੋਕ ਤੇਰੇ ਬਿਨ ਨਿਰਧਨ, ਵਹਿਸ਼ੀ, ਜਾਪਣ ਘੋਰ ਨਿਰਾਸ਼ ।
ਤੇ ਤੇਰੇ ਬਿਨ ਸੱਖਣਾ ਹੋਵੇ ਗੀਤਾਂ ਦਾ ਸੰਸਾਰ ।

22. ਸ਼ਾਮੀਲ-ਇਕ ਵੀਰ-ਯੋਧਾ

(ਸ਼ਾਮੀਲ ਜ਼ਾਰਸ਼ਾਹੀ ਵਿਰੁੱਧ ਦਾਗਿਸਤਾਨ ਦਾ ਵੀਰ ਯੋਧਾ ਸੀ,
ਸਰਕਾਰ ਨੇ ਉਸਨੂੰ ਕੌਮਾਂ ਵਿਚ ਫੁੱਟ ਪਾਉਣ ਵਾਲਾ ਐਲਾਨ ਦਿੱਤਾ,
ਰਸੂਲ ਨੇ ਜੋਸ਼ ਵਿਚ ਸ਼ਾਮੀਲ ਵਿਰੁੱਧ ਕਵਿਤਾ ਰਚੀ, ਇਹ ਕਵਿਤਾ
ਉਸੇ ਦਾ ਪਛਤਾਵਾ ਹੈ ।)

ਫਿਰ ਉਹ ਜ਼ਖਮ ਪੁਰਾਣਾ ਜਿਹੜਾ ਆਖਰ ਕਦੀ ਨਾ ਭਰਿਆ,
ਦਿਲ ਮੇਰੇ 'ਤੇ ਛੁਰੀ ਚਲਾਵੇ, ਤੇ ਅੱਗ ਦੇ ਵਿਚ ਬਾਲੇ ।
ਇਹ ਸੀ ਕਥਾ ਕੋਈ ਵੱਡਿਆਂ ਦੀ, ਇਸਨੂੰ ਮੈਂ ਬਚਪਨ ਤੋਂ
ਜਾਣਾਂ ਜਿਵੇਂ ਇਹ ਉਣੀ ਹੋਈ ਸੀ ਉਸਦੇ ਨਾਂ ਦੁਆਲੇ ।

ਸੀ ਇਹ ਕਥਾ ਜਿੱਥੇ ਯਥਾਰਥ ਦੇ ਵਿਚ ਗੁੱਝੀ ਹੋਈ
ਜਿਸਨੂੰ ਬਚਪਨ ਵਿਚ ਸੁਣਦਾ ਸਾਂ ਇਕਮਨ, ਇਕਚਿਤ ਹੋ ਕੇ,
ਜਦ ਕਿ ਉਸਦੇ ਹੁਕਮ 'ਚ ਚਲਦੀਆਂ ਬਹਾਦਰ ਫੌਜਾਂ ਵਾਂਗੂੰ
ਬੱਦਲ ਸੰਧਿਆ ਦੇ ਤਰਦੇ ਸਨ ਘਰਾਂ ਦੇ ਉੱਤੇ ਹੋ ਕੇ ।

ਸੀ ਇਹ ਗੀਤ ਗ਼ਮਾਂ ਦਾ ਜਿਹੜਾ ਮਾਂ ਗਾਇਆ ਕਰਦੀ ਸੀ ।
ਉਸਦੀਆਂ ਨਿਰਮਲ ਅੱਖਾਂ ਵਿਚ ਹੰਝੂ ਦੇਂਦੇ ਲਿਸ਼ਕਾਰੇ ।
ਅੱਜ ਤੱਕ ਨਹੀਂ ਭੁਲਾ ਸਕਦਾ ਮੈਂ ਕਿ ਫਿਰ ਕਿਵੇਂ ਉਨ੍ਹਾਂ ਤੋਂ
ਸੰਧਿਆ ਦੀ ਵਾਦੀ ਵਿਚ ਬਣ ਜਾਂਦੇ ਸਨ ਸ਼ਬਨਮ-ਤਾਰੇ ।

ਕੰਧ ਨਾਲ ਲੱਗੇ ਫਰੇਮ ਤੇ ਸਾਰੇ ਸਕਲੀਆ ਨੂੰ ਸੀ ਤਕਦਾ
ਬਜ਼ੁਰਗ ਬਹਾਦਰ ਰਣਜੋਧਾ ਉਹ-ਫੌਜੀ ਵਰਦੀ ਪਾਈ ।
ਖੱਬ-ਹੱਥਾ ਸੀ ਉਹ-ਤੇ ਸ਼ਸਤਰ ਸੱਜੇ ਪਾਸੇ ਲਟਕੇ
ਆਪ ਖੜਾ ਕਿਰਪਾਨ ਦੀ ਮੁੱਠ 'ਤੇ ਖੱਬਾ ਹੱਥ ਟਿਕਾਈ ।

ਯਾਦ ਹੈ ਮੈਨੂੰ, ਜਦ ਉਸਨੇ ਤਸਵੀਰ ਤੋਂ ਹੇਠਾਂ ਤਕਦੇ
ਦੋ ਮੇਰੇ ਵੱਡੇ ਵੀਰੇ ਜੰਗ ਲਈ ਵਿਦਾ ਸੀ ਕੀਤੇ ।
ਤੇ, ਤਾਂ ਜੋ ਉਸਦੇ ਨਾਂ ਉੱਤੇ ਟੈਂਕ ਕੋਈ ਬਣ ਸਕੇ,
ਭੈਣ ਮੇਰੀ ਨੇ ਗਾਨੀ ਤੇ ਬਾਜ਼ੂਬੰਦ ਸੀ ਦੇ ਦਿੱਤੇ ।

ਤੇ ਮੇਰੇ ਪਿਓ ਨੇ ਵੀ ਕੁਝ ਚਿਰ ਹੀ ਬਸ ਮਰਨ ਤੋਂ ਪਹਿਲਾਂ,
ਕਵਿਤਾ ਉਸ ਯੋਧੇ ਬਾਰੇ ਸੀ ਲਿਖੀ । ਪਰ ਹਾਏ, ਕਮਬਖਤੀ !
ਤਦ ਤਕ ਸ਼ਾਮੀਲ ਬਿਨਾਂ ਕਸੂਰੋਂ ਐਵੇਂ ਗਿਆ ਕਲਖਾਇਆ
ਉਸਦੇ ਨਾਂ ਤੇ ਆ ਗਈ ਝੂਠੀ ਦੰਦਕਥਾ ਦੀ ਸਖਤੀ ।

ਅਚਨਚੇਤ ਇਹ ਸੱਟ ਨਾ ਪੈਂਦੀ ਤਾਂ ਫਿਰ ਹੋ ਸਕਦਾ ਸੀ
ਪਿਓ ਮੇਰਾ ਕੁਝ ਹੋਰ ਜਿਉਂਦਾ…ਮੈਂ ਵੀ ਦੋਸ਼-ਭਿਆਲੀ ਪਾਈ:
ਮੰਨ ਗਿਆ ਸਭ ਕੁਝ, ਤੇ ਜਲਦੀ ਜਿਹੇ ਗੀਤ ਝਰੀਟਿਆ ਮੈਂ ਵੀ,
ਦੋਸ਼-ਗਾਨ ਵਿਚ ਤੂਤੀ ਆਪਣੀ ਦੀ ਮੈਂ 'ਵਾਜ ਰਲਾਈ ।

ਵਡ-ਵਡੇਰੇ ਦੀ ਤਲਵਾਰ ਨੂੰ, ਜਿਸਨੇ ਸਦੀ ਚੁਥਾਈ
ਬਿਨ-ਥੱਕਿਆਂ, ਜੰਗ ਵਿਚ ਸੀ ਦੁਸ਼ਮਨ ਦੇ ਆਹੂ ਲਾਹੇ,
ਮੈਂ, ਭਟਕੇ ਨੇ, ਮੁੰਡਪੁਣੇ ਵਾਲੀ ਕਵਿਤਾ ਵਿਚ ਲਿਖਿਆ,
ਉਹ ਹਥਿਆਰ ਕਿ ਜਿਸਨੂੰ ਕੇਵਲ ਇਕ ਗ਼ੱਦਾਰ ਹੀ ਪਾਏ ।

ਭਾਰੀ ਕਦਮ ਓਸਦੇ ਹੁਣ ਰਾਤਾਂ ਨੂੰ ਸਾਫ਼ ਸੁਣੀਂਦੇ ।
ਬਾਰੀ ਨਾਲ ਲੱਗਾ ਦਿੱਸੇ ਜਿਉਂ ਹੀ ਬੱਤੀ ਬੰਦ ਹੋਵੇ ।
ਆਊਲ ਅਖੂਲਗੋ ਦਾ ਉਹ ਰਖਿਅਕ ਕਹਿਰੀ ਨਜ਼ਰਾਂ ਵਾਲਾ
ਗੁਨੀਬ ਦਾ ਬੁਢ-ਸਿਆਣਾ ਫਿਰ ਮੇਰੇ ਕੋਲ ਆਣ ਖਲੋਵੇ ।

ਉਹ ਆਖੇ, "ਜੰਗਾਂ ਦੇ ਵਿਚ ਤੇ ਮੱਚਦੇ ਭਾਂਬੜਾਂ ਦੇ ਵਿਚ,
ਬੇਹਦ ਡੋਹਲਿਆ ਖੂਨ ਸੀ ਮੈਂ, ਤੇ ਬੇਹੱਦ ਦੁਖ ਉਠਾਇਆ ।
ਉੁੱਨੀਂ ਘਾਉ ਸਹੇ ਬਲਦੇ ਉਹਨਾਂ ਵਿਚ ਜਿਸਮ ਮੇਰੇ ਨੇ,
ਤੂੰ, ਦੁੱਧ ਪੀਂਦੇ ਬੱਚੇ, ਮੈਨੂੰ ਵੀਹਵਾਂ ਘਾਉ ਲਗਾਇਆ ।

ਖੰਜਰਾਂ ਤੋਂ ਤੇ ਗੋਲੀਆਂ ਤੋਂ ਲੱਗੇ ਮੈਂ ਜ਼ਖਮ ਸਹੇ ਸੀ ।
ਪਰ ਤੇਰਾ ਡੰਗ ਸਭਨਾਂ ਨਾਲੋਂ ਤਿਗੁਣੀ ਪੀੜ ਪੁਚਾਵੇ-
ਕਿਉਂਕਿ ਕਿਸੇ ਪਹਾੜੀ ਤੋਂ ਇਹ ਪਹਿਲਾ ਜ਼ਖਮ ਸੀ ਲੱਗਾ
ਹੋਰ ਕੋਈ ਬੇਇਜ਼ਤੀ ਨਾ ਸ਼ਿੱਦਤ ਵਿਚ ਇਸ ਤੁੱਲ ਆਵੇ ।

ਹੋ ਸਕਦਾ ਹੈ ਅੱਜ ਜਹਾਦ ਦੀ ਲੋੜ ਨਾ ਪਵੇ ਤੁਹਾਨੂੰ ।
ਪਰ ਕਦੀ ਇਹਨਾਂ ਪਰਬਤਾਂ ਦੀ ਉਸਨੇ ਸੀ ਕੀਤੀ ਰਾਖੀ ।
ਹੋ ਸਕਦਾ ਹੈ ਅੱਜ ਮੇਰੇ ਸ਼ਸਤਰ ਹੋ ਗਏ ਪੁਰਾਣੇ,
ਪਰ ਆਜ਼ਾਦੀ ਦੀ ਸੇਵਾ ਕੀਤੀ ਦੇ ਇਹ ਨੇ ਸਾਖੀ ।

ਮੈਂ ਲੜਿਆ ਜੰਗਾਂ ਬਿਨ-ਥੱਕਿਆਂ, ਪਰਬਤ-ਜਾਏ ਦੇ ਹਠ ਨਾਲ,
ਸਮਾਂ ਕਦੀ ਨਾ ਮਿਲਿਆ ਮੈਨੂੰ ਗੀਤਾਂ ਤੇ ਜਸ਼ਨਾਂ ਦਾ ।
ਇੰਝ ਹੁੰਦਾ ਸੀ ਕਿ ਤੁਕਬਾਜ਼ਾਂ ਨੂੰ ਕੋੜੇ ਸਾਂ ਲਾਉਂਦਾ,
ਕਥਾਘਾੜਿਆਂ ਨੂੰ ਤੱਕ ਕੇ ਮੈਨੂੰ ਤਾਅ ਸੀ ਚੜ੍ਹ ਜਾਂਦਾ ।

ਸ਼ਾਇਦ ਗਲਤੀ 'ਤੇ ਸਾਂ ਜਦ ਉਹਨਾਂ ਨਾਲ ਕੀਤੀ ਸਖਤੀ
ਆਪਣਾ ਗਰਮ ਸੁਭਾਅ ਕਾਬੂ ਰੱਖਣ ਦਾ ਨਹੀਂ ਸਾਂ ਆਦੀ ।
ਪਰ ਤੇਰੇ ਜਿਹੇ ਹੋਛੇ ਤੁਕਬਾਜ਼ਾਂ ਨੂੰ ਅੱਜ ਵੀ ਦੇਖਾਂ
ਤਾਂ ਲੱਗੇ ਮੈਂ aਦੋਂ ਵੀ ਨਹੀਂ ਸੀ ਗ਼ਲਤੀ ਖਾਧੀ ।"

ਸਵੇਰ ਹੋਣ ਤੱਕ ਖੜਾ ਸਿਰਹਾਣੇ ਇੰਝ ਉਹ ਦੇਵੇ ਗਾਲ੍ਹਾਂ,
ਸਾਫ ਦਿਖਾਈ ਦੇਵੇ, ਭਾਵੇਂ ਅੱਧੀ ਰਾਤ ਹਨੇਰਾ ।
ਪਾਪਾਖੇ ਦੇ ਉੱਤੇ ਚਲਮਾ ਕੱਸ ਕੇ ਬੰਨ੍ਹਿਆ ਹੋਇਆ
ਤੇ ਮਹਿੰਦੀ-ਰੰਗੇ ਦਾਹੜੇ ਵਾਲਾ ਉਹ ਭਰਵਾਂ ਚਿਹਰਾ ।

ਮੈਂ ਨਿਰੁਤਰ ! ਉਸਦੇ ਸਾਹਵੇਂ ਅਤੇ ਤੁਹਾਡੇ ਸਾਹਵੇਂ ਵੀ
ਮੇਰੇ ਲੋਕੋ, ਮੈਂ ਨਾ-ਮੁਆਫੀਯੋਗ ਗੁਨਾਹ ਹੈ ਕੀਤਾ !
ਨਾਇਬ ਇਮਾਮ ਦਾ ਸੀ ਇਕ ਡਾਢਾ ਹੰਢਿਆ ਹੋਇਆ ਸਿਪਾਹੀ
ਹਾਜੀ ਮੁਰਾਤ ਸੀ ਨਾਂ, ਜਿਸਨੇ ਬੇਦਾਵਾ ਸੀ ਲਿਖ ਦਿੱਤਾ ।

ਆਪਣੇ ਆਪ ਤੇ ਸ਼ਰਮਿੰਦਾ, ਉਸ ਮੁੜਨ ਦਾ ਫੈਸਲਾ ਕੀਤਾ,
ਪਰ ਜਾ ਫਸਿਆ ਵਿਚ ਦਲਦਲ ਦੇ, ਦੰਡ ਪੂਰਾ ਉਸ ਪਾਇਆ ।
ਮੈਂ ਮੁੜ ਜਾਵਾਂ ਕੋਲ ਇਮਾਮ ਦੇ ? ਕਿਆ ਗੱਲ ਹਾਸੋਹੀਣੀ !
ਨਾ ਉਹ ਮੇਰਾ ਰਾਹ ਹੈ ਤੇ ਨਾ ਹੀ ਹੁਣ ਉਹ ਹੈ ਸਮਾਂ ਰਿਹਾ ।

ਬਿਨ-ਸੋਚੇ ਕੀਤੀ ਰਚਨਾ ਆਪਣੀ ਲਈ ਮੈਂ ਸ਼ਰਮਿੰਦਾ,
ਸਖਤ ਉਨੀਂਦੇ ਝਾਗਾਂ ਰਾਤੀਂ, ਇਉਂ ਉਸਦਾ ਫਲ ਪਾਵਾਂ ।
ਮੈਂ ਚਾਹੁੰਦਾ ਹਾਂ ਇਮਾਮ ਨੂੰ ਮਾਫੀ ਦੇ ਲਈ ਅਰਜ਼ ਗੁਜ਼ਾਰਾਂ
ਪਰ ਇਸਦੇ ਲਈ, ਮੈਂ ਨਹੀਂ ਚਾਹੁੰਦਾ, ਦਲਦਲ ਵਿਚ ਫਸ ਜਾਵਾਂ ।

ਤੇਗ਼ ਨਾਲ ਲਿਖਦਾ ਹੈ ਜਿਹੜਾ ਉਹ ਨਾ ਰੰਜਸ਼ ਭੁੱਲੇ ।
ਕੀ ਫਾਇਦਾ ਅਰਜੋਈਆਂ ਦਾ ਜਦ ਨਾ ਕੋਈ ਅਰਜ਼ ਕਬੂਲੇ ।
ਮੇਰੀ ਕੱਚ-ਉਮਰੀ ਕਵਿਤਾ ਨੇ ਜੋ ਤੁਹਮਤ ਸੀ ਲਾਈ
ਸਾਰੀ ਉਮਰ ਰਹਾਂਗਾ ਉਸਦਾ ਦਿਲ 'ਤੇ ਬੋਝ ਉਠਾਈ ।

ਸੁੱਖ !...ਪਰ ਤੂੰ ਐ ਕੌਮ ਮੇਰੀ ! ਮੇਰੀ ਭੁੱਲ ਬਖਸ਼ੀਂ ਮੈਨੂੰ,
ਬਿਨ-ਸੀਮਾ ਆਖਰ ਜੀਵਨ ਭਰ ਪਿਆਰ ਕੀਤਾ ਮੈਂ ਤੈਨੂੰ ?
ਮੇਰੀ ਮਾਂ-ਭੂਮੀ ! ਦੇਖੀਂ ਨਾ ਕਵੀ ਨੂੰ ਏਸ ਨਜ਼ਰ ਨਾਲ,
ਜਿਉਂ ਕੋਈ ਮਾਂ ਸ਼ਰਮਿੰਦਾ ਹੋਵੇ ਪੁੱਤ ਦੇ ਬੁਰੇ ਹਸ਼ਰ ਨਾਲ ।

(ਸਕਲੀਆ=ਝੁੱਗੀ, ਆਊਲ=ਪਿੰਡ)

Poems translated by Faiz Ahmed Faiz

1. ਮੈਂ ਤੇਰੇ ਸਪਨੇ ਦੇਖੂੰ

ਬਰਖ਼ਾ ਬਰਸੇ ਛੱਤ ਪਰ, ਮੈਂ ਤੇਰੇ ਸਪਨੇ ਦੇਖੂੰ
ਬਰਫ਼ ਗਿਰੇ ਪਰਬਤ ਪਰ, ਮੈਂ ਤੇਰੇ ਸਪਨੇ ਦੇਖੂੰ
ਸੁਬਹ ਕੀ ਨੀਲ ਪਰੀ, ਮੈਂ ਤੇਰੇ ਸਪਨੇ ਦੇਖੂੰ
ਕੋਯਲ ਧੂਮ ਮਚਾਯੇ, ਮੈਂ ਤੇਰੇ ਸਪਨੇ ਦੇਖੂੰ
ਆਯੇ ਔਰ ਉੜ ਜਾਯੇ, ਮੈਂ ਤੇਰੇ ਸਪਨੇ ਦੇਖੂੰ
ਬਾਗ਼ੋਂ ਮੇਂ ਪੱਤੇ ਮਹਕੇਂ, ਮੈਂ ਤੇਰੇ ਸਪਨੇ ਦੇਖੂੰ
ਸ਼ਬਨਮ ਕੇ ਮੋਤੀ ਦਹਕੇਂ, ਮੈਂ ਤੇਰੇ ਸਪਨੇ ਦੇਖੂੰ
ਇਸ ਪਯਾਰ ਮੇਂ ਕੋਈ ਧੋਖਾ ਹੈ
ਤੂ ਨਾਰ ਨਹੀਂ ਕੁਛ ਔਰ ਹੈ ਸ਼ੈ
ਵਰਨਾ ਕਯੋਂ ਹਰ ਏਕ ਸਮਯ
ਮੈਂ ਤੇਰੇ ਸਪਨੇ ਦੇਖੂੰ

2. ਭਾਈ

ਆਜ ਸੇ ਬਾਰਹ ਬਰਸ ਪਹਲੇ ਬੜਾ ਭਾਈ ਮਿਰਾ
ਸਤਾਲਿਨਗਰਾਦ ਕੀ ਜੰਗਾਹ ਮੇਂ ਕਾਮ ਆਯਾ ਥਾ
ਮੇਰੀ ਮਾਂ ਅਬ ਭੀ ਲੀਯੇ ਫਿਰਤੀ ਹੈ ਪਹਲੂ ਮੇਂ ਯੇ ਗ਼ਮ
ਜਬ ਸੇ ਅਬ ਤਕ ਹੈ ਵਹ ਤਨ ਪੇ ਰਿਦਾ-ਏ-ਮਾਤਮ
ਔਰ ਉਸ ਦੁਖ ਸੇ ਮੇਰੀ ਆਂਖ ਕਾ ਗੋਸ਼ਾ ਤਰ ਹੈ
ਅਬ ਮੇਰੀ ਉਮਰ ਬੜੇ ਭਾਈ ਸੇ ਕੁਛ ਬੜ੍ਹਕਰ ਹੈ

(ਰਿਦਾ-ਏ-ਮਾਤਮ=ਸ਼ੋਕ ਦੀ ਚਾਦਰ)

3. ਦਾਗ਼ਿਸਤਾਨੀ ਖ਼ਾਤੂਨ ਔਰ ਸ਼ਾਇਰ ਬੇਟਾ

ਉਸਨੇ ਜਬ ਬੋਲਨਾ ਨ ਸੀਖਾ ਥਾ
ਉਸਕੀ ਹਰ ਬਾਤ ਮੈਂ ਸਮਝਤੀ ਥੀ
ਅਬ ਵੋ ਸ਼ਾਇਰ ਬਨਾ ਹੈ ਨਾਮੇ-ਖ਼ੁਦਾ
ਲੇਕਿਨ ਅਫ਼ਸੋਸ ਕੋਈ ਬਾਤ ਉਸਕੀ
ਮੇਰੇ ਪੱਲੇ ਜ਼ਰਾ ਨਹੀਂ ਪੜਤੀ

4. ਬ-ਨੋਕੇ-ਸ਼ਮਸ਼ੀਰ

ਮੇਰੇ ਆਬਾ ਕੇ ਥੇ ਨਾਮਹਰਮੇ-ਤੌਕੋ-ਜ਼ੰਜੀਰ
ਵੋ ਮਜ਼ਾਮੀ ਜੋ ਅਦਾ ਕਰਤਾ ਹੈ ਅਬ ਮੇਰਾ ਕਲਮ
ਨੋਕੇ-ਸ਼ਮਸ਼ੀਰ ਪੇ ਲਿਖਤੇ ਥੇ ਬ-ਨੋਕੇ-ਸ਼ਮਸ਼ੀਰ
ਰੌਸ਼ਨਾਈ ਸੇ ਜੋ ਮੈਂ ਕਰਤਾ ਹੂੰ ਕਾਗ਼ਜ਼ ਪੇ ਰਕਮ
ਸੰਗੋ-ਸਹਰਾ ਪੇ ਵੋ ਕਰਤੇ ਥੇ ਲਹੂ ਸੇ ਤਹਰੀਰ

(ਆਬਾ=ਪੁਰਖੇ, ਨਾਮਹਰਮੇ-ਤੌਕੋ-ਜ਼ੰਜੀਰ=ਕੈਦੀਆਂ ਦੇ ਗਲ ਵਿਚ ਪੈਣ
ਵਾਲੀ ਹੰਸਲੀ ਅਤੇ ਬੇੜੀ ਤੋਂ ਅਣਜਾਣ, ਮਜ਼ਾਮੀ=ਵਿਸ਼ੇ, ਰੌਸ਼ਨਾਈ=
ਸਿਆਹੀ, ਸੰਗੋ-ਸਹਰਾ=ਪੱਥਰ ਤੇ ਮਾਰੂਥਲ)

5. ਆਰਜ਼ੂ

ਮੁਝੇ ਮੋਜਜ਼ੋਂ ਪੇ ਯਕੀਂ ਨਹੀਂ ਮਗਰ ਆਰਜ਼ੂ ਹੈ ਕਿ ਜਬ ਕਜ਼ਾ
ਮੁਝੇ ਬਜ਼ਮੇ-ਦਹਰ ਸੇ ਲੇ ਚਲੇ
ਤੋ ਫਿਰ ਏਕ ਬਾਰ ਯੇ ਅਜ਼ਨ ਦੇ
ਕਿ ਲਹਦ ਸੇ ਲੌਟ ਕੇ ਆ ਸਕੂੰ
ਤਿਰੇ ਦਰ ਪੇ ਆ ਕੇ ਸਦਾ ਕਰੂੰ
ਤੁਝੇ ਗ਼ਮ-ਗੁਸਾਰ ਕੀ ਹੋ ਤਲਬ ਤੋ ਤਿਰੇ ਹੁਜ਼ੂਰ ਮੇਂ ਜਾ ਰਹੂੰ
ਯੇ ਨ ਹੋ ਤੋ ਸੂਏ-ਰਹੇ-ਅਦਮ ਮੇਂ ਫਿਰ ਏਕ ਬਾਰ ਰਵਾਨਾ ਹੂੰ

(ਮੋਜਜ਼ੋਂ=ਕਰਾਮਾਤਾਂ, ਕਜ਼ਾ=ਮੌਤ, ਦਹਰ=ਦੁਨੀਆਂ, ਅਜ਼ਨ=ਇਜਾਜ਼ਤ,
ਲਹਦ=ਕਬਰ, ਸੂਏ-ਰਹੇ-ਅਦਮ=ਪਰਲੋਕ ਦੇ ਰਾਹ ਤੇ)

6. ਸਾਲਗਿਰਹ

ਸ਼ਹਰ ਕਾ ਜਸ਼ਨੇ- ਸਾਲਗਿਰਹ ਹੈ, ਸ਼ਰਾਬ ਲਾ
ਮਨਸਬ ਖ਼ਿਤਾਬ ਰੁਤਬਾ ਉਨਹੇਂ ਕਯਾ ਨਹੀਂ ਮਿਲਾ
ਬਸ ਨੁਕਸ ਹੈ ਤੋ ਇਤਨਾ ਕਿ ਮਸਦੂਹ ਨੇ ਕੋਈ
ਮਿਸਰਾ ਕੋਈ ਕਿਤਾਬ ਕੇ ਸ਼ਾਯਾਂ ਨਹੀਂ ਲਿਖਾ

(ਮਸਦੂਹ=ਜਿਸਦੀ ਤਾਰੀਫ਼ ਕੀਤੀ ਗਈ ਹੋਵੇ, ਸ਼ਾਯਾਂ=ਯੋਗ)

7. ਏਕ ਚੱਟਾਨ ਕੇ ਲੀਏ ਕਤਬਾ

ਜਵਾਂਮਰਦੀ ਉਸੀ ਰਿਫ਼ਅਤ ਪੇ ਪਹੁੰਚੀ
ਜਹਾਂ ਸੇ ਬੁਜ਼ਦਿਲੀ ਨੇ ਜਸਤ ਕੀ ਥੀ

(ਕਤਬਾ=ਕਬਰ ਤੇ ਲੱਗੀ ਪੱਟੀ, ਰਿਫ਼ਅਤ=ਉਚਾਈ,
ਜਸਤ=ਛਾਲ ਮਾਰਨਾ)

8. ਤੀਰਗੀ ਜਾਲ ਹੈ

ਤੀਰਗੀ ਜਾਲ ਹੈ ਔਰ ਭਾਲਾ ਹੈ ਨੂਰ
ਇਕ ਸ਼ਿਕਾਰੀ ਹੈ ਦਿਨ, ਇਕ ਸ਼ਿਕਾਰੀ ਹੈ ਰਾਤ
ਜਗ ਸਮੰਦਰ ਹੈ ਜਿਸਮੇਂ ਕਿਨਾਰੇ ਸੇ ਦੂਰ
ਮਛਲੀਯੋਂ ਕੀ ਤਰਹ ਇਬਨੇ-ਆਦਮ ਕੀ ਜ਼ਾਤ
ਜਗ ਸਮੰਦਰ ਹੈ, ਸਾਹਿਲ ਪੇ ਹੈਂ ਮਾਹੀਗੀਰ
ਜਾਲ ਥਾਮੇ ਕੋਈ, ਕੋਈ ਭਾਲਾ ਲੀਯੇ
ਮੇਰੀ ਬਾਰੀ ਕਬ ਆਯੇਗੀ ਕਯਾ ਜਾਨੀਯੇ
ਦਿਨ ਕੇ ਭਾਲੇ ਸੇ ਮੁਝਕੋ ਕਰੇਂਗੇ ਸ਼ਿਕਾਰ
ਰਾਤ ਕੇ ਜਾਲ ਮੇਂ ਯਾ ਕਰੇਂਗੇ ਅਸੀਰ

(ਤੀਰਗੀ=ਹਨੇਰਾ, ਮਾਹੀਗੀਰ=ਮਛੇਰੇ, ਅਸੀਰ=ਕੈਦੀ)

9. ਨੁਸਖਾ-ਏ-ਉਲਫ਼ਤ ਮੇਰਾ

ਗਰ ਕਿਸੀ ਤੌਰ ਹਰ ਇਕ ਉਲਫ਼ਤੇ-ਜਾਨਾਂ ਕਾ ਖ਼ਯਾਲ
ਸ਼ੇ'ਰ ਮੇਂ ਢਲ ਕੇ ਸਨਾ-ਏ-ਰੁਖ਼ੇ-ਜਾਨਾਨਾ ਬਨੇ
ਫਿਰ ਤੋ ਯੂੰ ਹੋ ਕਿ ਮੇਰੇ ਸ਼ੇਰੋ-ਸੁਖ਼ਨ ਕਾ ਦਫ਼ਤਰ
ਤੂਲ ਮੇਂ ਤੂਲੇ-ਸ਼ਬੇ-ਹਿਜਰ ਕਾ ਅਫ਼ਸਾਨਾ ਬਨੇ
ਹੈ ਬਹੁਤ ਤਿਸ਼ਨਾ ਮਗਰ ਨੁਸਖਾ-ਏ-ਉਲਫ਼ਤ ਮੇਰਾ
ਇਸ ਸਬਬ ਸੇ ਕਿ ਹਰ ਇਕ ਲਮਹਾ-ਏ-ਫ਼ੁਰਸਤ ਮੇਸ
ਦਿਲ ਯੇ ਕਹਤਾ ਹੈ ਕਿ ਹੋ ਕੁਰਬਤੇ ਜਾਨਾਂ ਮੇਂ ਬਸਰ

10. ਫ਼ੰਡ ਕੇ ਲੀਏ ਸਿਫ਼ਾਰਿਸ

ਫ਼ੰਡਵਾਲੋਂ ਸੇ ਗੁਜ਼ਾਰਿਸ਼ ਹੈ ਕਿ ਕੁਛ ਸਦਕਾ-ਏ-ਜ਼ਰ
ਸਾਇਲੇ-ਮੁਹੱਵਲ-ਏ-ਬਾਲਾ ਕੋ ਮਿਲੇ ਬਾਰੇ-ਦਿਗਰ
ਪੋਚ ਲਿਖਤੇ ਹੈਂ ਜੋ ਵੋ ਲਿਖਤੇ ਹੈਂ ਤਸਲੀਮ ਮਗਰ
ਉਨਕੀ ਔਲਾਦ ਵ ਅੱਜ਼ਾ ਕੋ ਨਹੀਂ ਉਸਕੀ ਖ਼ਬਰ
ਆਲ ਬੇਹੂਦਾ-ਨਵੀਸਾਂ ਕੇ ਲੀਏ ਬਾਨੇ-ਜੂਈ
ਟਾਲਸਟਾਯ ਕੇ ਘਰਾਨੇ ਸੇ ਅਹਮ ਕਮ ਤੋ ਨਹੀਂ

(ਸਦਕਾ-ਏ-ਜ਼ਰ=ਧਨ ਦਾ ਦਾਨ, ਸਾਇਲੇ-ਮੁਹੱਵਲ-ਏ-ਬਾਲਾ=
ਲੋੜਵੰਦ, ਬਾਰੇ-ਦਿਗਰ=ਦੁਬਾਰਾ, ਪੋਚ=ਘਟੀਆ, ਅੱਜ਼ਾ=ਸੰਤਾਨ,
ਬੇਹੂਦਾ-ਨਵੀਸਾਂ=ਘਟੀਆ ਲੇਖਕ, ਬਾਨੇ-ਜੂਈ=ਭੁੱਖ ਦਾ ਕਾਰਣ)

11. ਹਮਨੇ ਦੇਖਾ ਹੈ

ਹਮਨੇ ਦੇਖਾ ਹੈ ਮਯਗੁਸਾਰੋਂ ਕੋ
ਪੀ ਕੇ ਔਰ ਜੀ ਕੇ ਅਖ਼ਿਰਸ਼ ਮਰਤੇ
ਜੋ ਨਹੀਂ ਪੀਤੇ ਮੌਤ ਕੋ ਉਨਸੇ
ਕਿਸਨੇ ਦੇਖਾ ਹੈ ਦਰਗੁਜ਼ਰ ਕਰਤੇ

12. ਮਰਦੇ-ਦਾਨਾ

ਮਰਦੇ-ਦਾਨਾ ਪੀ ਕੇ ਅਹਮਕ ਸੇ ਕਭੀ ਬਦਤਰ ਹੁਆ
ਔਰ ਕਭੀ ਬਰਅਕਸ ਇਸਕੇ ਹੁਆ, ਅਕਸਰ ਹੁਆ

(ਮਰਦੇ-ਦਾਨਾ=ਸਿਆਣਾ ਆਦਮੀ, ਬਰਅਕਸ=ਉਲਟ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਰਸੂਲ ਹਮਜ਼ਾਤੋਵ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ