Punjabi Poetry : Darshan Singh Ashat

ਪੰਜਾਬੀ ਕਵਿਤਾਵਾਂ : ਦਰਸ਼ਨ ਸਿੰਘ ਆਸ਼ਟ

ਕਿੱਧਰ ਗੁੰਮ ਗਏ ਖੇਲ

ਲੁਕਣਮੀਟੀ ਤੇ ਗੁੱਲੀ ਡੰਡਾ, ਕਿੱਧਰ ਗੁੰਮ ਗਏ ਖੇਲ?
ਨਜ਼ਰ ਕਿਤੇ ਹੁਣ ਆਉਂਦੀ ਕਿਉਂ ਨਾ, ਬੱਚਿਆਂ ਵਾਲੀ 'ਰੇਲ'।

ਨਾ ਘੁੱਤੀ, ਨਾ ਬੰਟੇ ਦਿਸਦੇ, ਨਾ ਪੀਚੋ, ਨਾ ਕਿੱਕਲੀ।
ਕੋਈ ਬਣਦਾ ਰਾਜਾ ਰਾਣੀ, ਜਾਂ ਬਣਦਾ ਫੁੱਲ ਤਿਤਲੀ।
ਰੱਸੀ ਖਿੱਚਣਾ, ਊਠਕ ਬੈਠਕ ਜਾਂ ਫਿਰ ਹੈੱਡ ਕਿ ਟੇਲ?
ਲੁਕਣਮੀਟੀ ਤੇ ਗੁੱਲੀ ਡੰਡਾ, ਕਿੱਧਰ ਗੁੰਮ ਗਏ ਖੇਲ?

ਕੂਕਾਂ ਕਾਂਗੜੇ ਤੇ ਗਲੀਆਂ ਵਿੱਚ, ਚੱਲਦੀ ਸੀ ਪਿੱਲ ਚੋਟ।
ਖ਼ੂਬ ਹਾਰਦੇ ਜਿੱਤਦੇ ਸਾਂ, ਇੱਕ ਦੂਜੇ ਤੋਂ ਅਖਰੋਟ।
'ਰਾਜਾ' ਵੀ ਝੱਟ 'ਚੋਰ' ਨੂੰ ਫੜ ਕੇ, ਭਿਜਵਾ ਦਿੰਦਾ ਜੇਲ੍ਹ।
ਲੁਕਣਮੀਟੀ ਤੇ ਗੁੱਲੀ ਡੰਡਾ, ਕਿੱਧਰ ਗੁੰਮ ਗਏ ਖੇਲ?

ਪੀਲ ਪਲਾਂਘੜਾ ਖੇਡਣ ਲਈ, ਸਾਂ ਬੋਹੜ, ਪਿੱਪਲ 'ਤੇ ਚੜ੍ਹਦੇ।
ਖੇਡਣ ਵੇਲੇ ਫਿੰਡ-ਖੂੰਡੀ, ਸਿੰਙ ਇੱਕ ਦੂਜੇ ਦੇ ਅੜਦੇ।
ਖੇਡ ਖੇਡਦੇ ਤਾਸ਼ ਦੀ ਸੌਖੀ, ਹਾਇ! ਹੁਣ ਕਿੱਥੇ ਵਿਹਲ?
ਲੁਕਣਮੀਟੀ ਤੇ ਗੁੱਲੀ ਡੰਡਾ, ਕਿੱਧਰ ਗੁੰਮ ਗਏ ਖੇਲ?

ਟੀ.ਵੀ.ਕੰਪਿਊਟਰ ਮੋਬਾਈਲਾਂ ਨੇ, ਆਪਣਾ ਜਾਲ ਫੈਲਾਇਆ।
ਸਾਡੀਆਂ ਦੇਸੀ ਖੇਡਾਂ ਦਾ, ਕਰ ਦਿੱਤਾ ਆਣ ਸਫ਼ਾਇਆ।
ਟਿਊਸ਼ਨ ਬੋਝ ਨੇ ਮੈਦਾਨਾਂ ਨੂੰ, ਕਰ ਦਿੱਤਾ ਏ ਫੇਲ੍ਹ।
ਲੁਕਣਮੀਟੀ ਤੇ ਗੁੱਲੀ ਡੰਡਾ, ਕਿੱਧਰ ਗੁੰਮ ਗਏ ਖੇਲ?
ਨਜ਼ਰ ਕਿਤੇ ਹੁਣ ਆਉਂਦੀ ਕਿਉਂ ਨਾ, ਬੱਚਿਆਂ ਵਾਲੀ 'ਰੇਲ'।

ਗੱਡੀ

ਗੱਡੀ ਚੱਲੀ ਗੱਡੀ ਚੱਲੀ ਛੁਕ ਛੁਕ ਛੁਕ।
ਸਾਡੀ ਗੱਡੀ ਚੱਲੀ ਗੱਡੀ ਚੱਲੀ ਛੁਕ ਛੁਕ ਛੁਕ।

ਸਾਡਾ ਦੇਸ਼ ਹੈ ਮਹਾਨ।
ਇਹ ਹੈ ਸਾਡੀ ਜਿੰਦ ਜਾਨ।
ਸਾਰੀ ਦੁਨੀਆਂ ਦੇ ਵਿੱਚ
ਇਹਦੀ ਬਿਊਟੀਫੁੱਲ ਲੁੱਕ।
ਗੱਡੀ ਚੱਲੀ ਗੱਡੀ ਚੱਲੀ ਛੁਕ ਛੁਕ ਛੁਕ।
ਸਾਡੀ ਗੱਡੀ ਚੱਲੀ ਗੱਡੀ ਚੱਲੀ ਛੁਕ ਛੁਕ ਛੁਕ।

ਅਸੀਂ ਰਲ ਮਿਲ ਰਹੀਏ।
ਮੰਦਾ ਬੋਲ ਨਾ ਕੋਈ ਕਹੀਏ।
ਦੇਈਏ ਪਿਆਰ ਦਾ ਸੁਨੇਹਾ
ਕਰੀਏ ਨਾ ਆੜੀ ਟੁੱਕ।
ਗੱਡੀ ਚੱਲੀ ਗੱਡੀ ਚੱਲੀ ਛੁਕ ਛੁਕ ਛੁਕ।
ਸਾਡੀ ਗੱਡੀ ਚੱਲੀ ਗੱਡੀ ਚੱਲੀ ਛੁਕ ਛੁਕ ਛੁਕ।

ਡੱਬੇ ਏਕਤਾ ਦੇ ਜੋੜੇ।
ਦੱਸੋ ਕਿਹੜਾ ਸਾਨੂੰ ਤੋੜੇ?
ਅਸੀਂ ਨੰਨ੍ਹੇ ਹਾਂ ਸਿਪਾਹੀ
ਕਿਹੜਾ ਵੇਖੇ ਅੱਖ ਚੁੱਕ।
ਗੱਡੀ ਚੱਲੀ ਗੱਡੀ ਚੱਲੀ ਛੁਕ ਛੁਕ ਛੁਕ।
ਸਾਡੀ ਗੱਡੀ ਚੱਲੀ ਗੱਡੀ ਚੱਲੀ ਛੁਕ ਛੁਕ ਛੁਕ।

ਸਾਡਾ ਪੱਕਾ ਹੈ ਇਰਾਦਾ।
ਅਸੀਂ ਕਰਦੇ ਹਾਂ ਵਾਅਦਾ।
ਕਾਇਮ ਰੱਖਣੀ ‘ਆਸ਼ਟ’
ਦੇਸ਼ ਆਪਣੇ ਦੀ ਠੁੱਕ।
ਗੱਡੀ ਚੱਲੀ ਗੱਡੀ ਚੱਲੀ ਛੁਕ ਛੁਕ ਛੁਕ।
ਸਾਡੀ ਗੱਡੀ ਚੱਲੀ ਗੱਡੀ ਚੱਲੀ ਛੁਕ ਛੁਕ ਛੁਕ।

ਚਿੜੀ

ਕਿੱਥੇ ਗਈ ਏਂ ਮਾਰ ਉਡਾਰੀ ਨੀਂ ਚਿੜੀਏ?
ਸੁਣਦੀ ਨਹੀਂ ਤੇਰੀ ਚੀਂ ਚੀਂ ਪਿਆਰੀ ਨੀਂ ਚਿੜੀਏ।

ਦਿੱਸਦੀ ਨਾ ਹੁਣ ਸਾਡੇ ਨੇੜੇ ਤੇੜੇ ਨੀਂ।
ਸੁੰਨ੍ਹੀਆਂ ਘਰ ਦੀਆਂ ਛੱਤਾਂ, ਸੁੰਨ੍ਹੇ ਵਿਹੜੇ ਨੀਂ।
ਕਿਹੜਾ ਫਾਹ ਲੈ ਗਿਆ ਸ਼ਿਕਾਰੀ ਨੀਂ ਚਿੜੀਏ?
ਕਿੱਥੇ ਗਈ ਏਂ ਮਾਰ ਉਡਾਰੀ ਨੀਂ ਚਿੜੀਏ?

ਨੰਨ੍ਹੇ ਬੋਟਾਂ ਦੇ ਮੂੰਹ ਚੋਗਾ ਪਾਉਂਦੀ ਸੈਂ।
ਮੀਂਹ ਮੰਗਣ ਲਈ ਮਿੱਟੀ ਦੇ ਵਿੱਚ ਨਾਹੁੰਦੀ ਸੈਂ।
ਕਿਹੜੀ ਪੈ ਗਈ ਬਿਪਤਾ ਭਾਰੀ ਨੀਂ ਚਿੜੀਏ?
ਕਿੱਥੇ ਗਈ ਏਂ ਮਾਰ ਉਡਾਰੀ ਨੀਂ ਚਿੜੀਏ?

ਆਲ੍ਹਣਾ ਵੀ ਛੱਤਾਂ ਵਿੱਚ ਬਣਾਉਂਦੀ ਸੈਂ।
ਸੁਬ੍ਹਾ ਬਨੇਰੇ ਬਹਿ ਕੇ ਰੌਣਕ ਲਾਉਂਦੀ ਸੈਂ।
ਕਰੇ ਉਡੀਕਾਂ ਡੇਕ ਵਿਚਾਰੀ ਨੀਂ ਚਿੜੀਏ?
ਕਿੱਥੇ ਗਈ ਏਂ ਮਾਰ ਉਡਾਰੀ ਨੀਂ ਚਿੜੀਏ?

ਪੰਜਿਆਂ ਦੇ ਵਿੱਚ ਲੈ ਗਿਆ ਤੈਨੂੰ ਬਾਜ਼ ਕੋਈ।
ਜਾਂ ਫਿਰ ਕਾਂ ਦੇ ਨਾਲ ਕੋਈ ਤਕਰਾਰ ਹੋਈ।
ਜਾਂ ਫਿਰ ਡੁੱਲ੍ਹ ਗਈ ਖਿਚੜੀ ਸਾਰੀ ਨੀਂ ਚਿੜੀਏ?
ਕਿੱਥੇ ਗਈ ਏਂ ਮਾਰ ਉਡਾਰੀ ਨੀਂ ਚਿੜੀਏ?

ਮੋਬਾਈਲਾਂ ਦੇ ਉੱਚੇ ਉੱਚੇ ਟਾਵਰ ਨੀਂ।
ਤੇਰੇ ਲਈ ਨੇ ਬਣ ਕੇ ਆਏ ਜਾਬਰ ਨੀਂ।
ਜ਼ਹਿਰ ਤਰੰਗਾਂ ਨੇ ਤੂੰ ਮਾਰੀ ਨੀਂ ਚਿੜੀਏ।
ਕਿੱਥੇ ਗਈ ਏਂ ਮਾਰ ਉਡਾਰੀ ਨੀਂ ਚਿੜੀਏ?

ਆ ਨੀਂ ਚਿੜੀਏ ਕਿੱਧਰੋਂ ਉੱਡ ਕੇ ਆ ਜਾ ਤੂੰ।
ਤਰਸ ਗਏ ਨੇ ਬੱਚੇ ਮਨ ਪਰਚਾ ਜਾ ਤੂੰ।
ਮਾਂ ਨੇ ਚੂਰੀ ਕੁੱਟ ਖਿਲਾਰੀ ਨੀਂ ਚਿੜੀਏ?
ਕਿੱਥੇ ਗਈ ਏਂ ਮਾਰ ਉਡਾਰੀ ਨੀਂ ਚਿੜੀਏ?

ਦਰਸ਼ਨ ‘ਆਸ਼ਟ’ ਕਵਿਤਾ ਲਿਖ ਕੇ ਗਾਊਗਾ।
ਲੋਭੀ ਬੰਦੇ ਨੂੰ ਇਹ ਗੱਲ ਸਮਝਾਊਗਾ।
ਰੁੱਖਾਂ ’ਤੇ ਨਾ ਫੇਰੇ ਆਰੀ ਨੀਂ ਚਿੜੀਏ?
ਕਿੱਥੇ ਗਈ ਏਂ ਮਾਰ ਉਡਾਰੀ ਨੀਂ ਚਿੜੀਏ?

ਚੂਹੇ ਦੀ ਹੱਟੀ

ਚੂਹੇ ਨੇ ਇੱਕ ਹੱਟੀ ਪਾਈ
ਵੇਚਣ ਲੱਗਾ ਦੁੱਧ ਮਲਾਈ
ਨਾਲ ਮੁਨਾਦੀ ਖ਼ੂਬ ਕਰਾਈ
"ਆ ਜੋ ਭੈਣੋ ਆ ਜੋ ਭਾਈ
ਖੁੱਲ੍ਹ ਗਿਆ ਏ ਮਿਲਕ ਸਟਾਲ।
ਇੱਥੇ ਮਿਲੇਗਾ ਸਸਤਾ ਮਾਲ"
ਸੁਬ੍ਹਾ ਸਵੇਰੇ ਬਿੱਲੀ ਆਈ
ਕਹਿੰਦੀ ਵੀਰੇ! ਹੋਏ ਵਧਾਈ
ਪਰ ਤੈਨੂੰ ਇੱਕ ਗੱਲ ਸਮਝਾਵਾਂ।
ਗੱਲ ਸਿਆਣੀ ਪੱਲੇ ਪਾਵਾਂ।
ਤਾਜ਼ਾ ਵੇਚੀਂ ਮੱਖਣ ਦੁੱਧ
ਖੋਆ ਮਲਾਈ ਰੱਖੀਂ ਸ਼ੁੱਧ
ਜੇ ਵੇਚਿਆ ਨਕਲੀ ਮਾਲ
ਬੰਦ ਹੋਜੂ ਤੇਰਾ ‘ਮਿਲਕ ਸਟਾਲ’।
ਅਹਿ ਫੜ ਸੌ, ਤੂੰ ਬੋਹਣੀ ਕਰ
ਦੁੱਧ ਨਾਲ ਮੇਰੀ ਬੋਤਲ ਭਰ।
ਚੂਹਾ ਗੱਲਾਂ ਦੇ ਵਿੱਚ ਆਇਆ
ਨੋਟ ਪਕੜਿਆ ਤੇ ਮੁਸਕਾਇਆ।
ਫਿਰ ਦੁੱਧ ਬੋਤਲ ਵਿੱਚ ਪਾਇਆ।
ਗਿਣ ਕੇ ਲੱਗਾ ਦੇਣ ਬਕਾਇਆ
ਜਦ ਉਹ ਗਿਣਦਾ ਪਿਆ ਸੀ ਨੋਟ
ਕੰਮ ਬਿੱਲੀ ਦੇ ਆ ਗਿਆ ਲੋਟ
ਝੱਟ ਬਿੱਲੀ ਨੇ ਸ਼ਿਸ਼ਤ ਲਗਾਈ।
ਛਾਲ ਮਾਰ ਉਹਦੀ ਪੂਛ ਦਬਾਈ।
ਇਕਦਮ ਇਹ ਕੁਝ ਵਾਪਰਿਆ।
ਚੂਹੇ ਜੀ ਦੇ ਸੁੱਕ ਗਏ ਸਾਹ
ਖ਼ੁਦ ਨੂੰ ਝਟਕੇ ਨਾਲ ਛੁਡਾਇਆ
ਖੁੱਡ ਵਿੱਚ ਵੜ ਬੂਹਾ ਲਾਇਆ
ਸਾਰਾ ਦੁੱਧ ਮਲਾਈ ਖਾ ਗਈ।
ਬਿੱਲੀ ਆਪਣਾ ਦਾਅ ਚਲਾ ਗਈ।
ਜਾਂਦੀ ਹੋਈ ਕਰ ਗਈ ਟਾਟਾ
ਚੂਹੇ ਜੀ ਨੂੰ ਪੈ ਗਿਆ ਘਾਟਾ
‘ਦਰਸ਼ਨ ਆਸ਼ਟ’ ਕਹੇ ਵਿਚਾਰ।
ਸੋਚ ਸਮਝ ਕੇ ਕਰੋ ਵਪਾਰ।

ਕਿਉਂ?

ਤੱਕ ਕੇ ਪੜਦਾਦਾ ਜੀ ਵੱਲ।
ਭੋਲੂ ਪੁੱਛ ਰਿਹਾ ਸੀ ਕੱਲ੍ਹ।
ਮੇਰੇ ਮਨ ਵਿੱਚ ਕਈ ਸਵਾਲ।
ਉਮਰ ਤੁਹਾਡੀ ਕਿੰਨੇ ਸਾਲ?
ਕਿੱਥੇ ਗਏ ਥੋਡੇ ਸਿਰ ਦੇ ਵਾਲ?
ਕਿਉਂ ਤੁਰਦੇ ਹੋ ਸੋਟੀ ਨਾਲ?
ਕਿਉਂ ਅੱਖਾਂ ’ਤੇ ਐਨਕ ਲਾਈ?
ਕਿਉਂ ਹੈ ਚਿੱਟੀ ਦਾੜ੍ਹੀ ਆਈ?
ਮੈਂ ਥੋਡੇ ਤੋਂ ਇਹ ਵੀ ਪੁੱਛਾਂ,
ਮੇਰੇ ਕਿਉਂ ਨਹੀਂ ਆਈਆਂ ਮੁੱਛਾਂ
ਦੌੜ ਸਕੋ ਨਾ ਮੇਰੇ ਵਾਂਗ
ਕਿਉਂ ਨਹੀਂ ਸਕਦੇ ਮਾਰ ਛਲਾਂਗ?
ਕਿਸ ਨੇ ਥੋਡੇ ਦੰਦ ਚੁਰਾਏ?
ਸਿੱਧਾ ਕਿਉਂ ਨਾ ਤੁਰਿਆ ਜਾਏ?
ਐਸੀ ਕਿਹੜੀ ਗੱਲ ਹੈ ਖ਼ਾਸ?
ਸੁੰਗੜ ਗਿਆ ਕਿਉਂ ਥੋਡਾ ਮਾਸ?
ਸੁਣ ਪੜਦਾਦਾ ਜੀ ਪਏ ਹੱਸ।
ਬੋਲੇ, ਇਹ ਕੁਦਰਤ ਦੇ ਵੱਸ।
ਤੂੰ ਅਜੇ ਅਨਜਾਣ ਹੈਂ ਬੱਚਿਆ,
ਸਮਾਂ ਬੜਾ ਬਲਵਾਨ ਹੈ ਬੱਚਿਆ।
ਰੱਬ ਦੀ ਮਾਇਆ ਸਮੇਂ ਦੇ ਰੰਗ,
ਹੋਇਆ ਤੂੰ ਜਿਸ ਕਰਕੇ ਦੰਗ।
ਜਦ ਤੂੰ ਮੇਰੀ ਉਮਰ ’ਚ ਆਣਾ।
ਫਿਰ ਮੇਰੇ ਵਾਂਗਰ ਬਣ ਜਾਣਾ।
ਮਿਲ ਜਾਣੇ ਸਭ ਤੈਨੂੰ ਉੱਤਰ।
ਆਈ ਗੱਲ ਸਮਝ ਵਿੱਚ ਪੁੱਤਰ?
‘ਆਸ਼ਟ’ ਜਦ ਪੈ ਗਈ ਗੱਲ ਪੱਲੇ
ਭੋਲੂ ਬੋਲਿਆ, ਬੱਲੇ ਬੱਲੇ !

ਭਾਲੂ ਦਾ ਸੁਪਨਾ

ਚਿੜੀਆ ਘਰ ਵਿਚ ਰਹਿੰਦਾ ਭਾਲੂ
ਜਿਸ ਨੂੰ ਸਾਰੇ ਕਹਿੰਦੇ ‘ਕਾਲੂ’
ਇਕ ਦਿਨ ਉਸਨੇ ਬਣਤ ਬਣਾਈ।
ਸਾਬਣ ਦੀ ਪੇਟੀ ਮੰਗਵਾਈ।
ਕਹਿੰਦਾ ਮੈਨੂੰ ਏਹੋ ਝੋਰਾ।
ਰੰਗ ਨਹੀਂ ਕਿਉਂ ਮੇਰਾ ਗੋਰਾ ?
ਹੁਣ ਮੈਂ ਮਲ ਮਲ ਸਾਬਣ ਨ੍ਹਾਣਾ।
ਸਭ ਕਾਲਾ ਰੰਗ ਉੱਤਰ ਜਾਣਾ।
ਸੋਹਣਾ ਹੋ ਜਾਊ ਮੇਰਾ ਰੰਗ।
ਜੰਗਲ ਵਾਸੀ ਹੋਣੇ ਦੰਗ।
ਸਭ ਨੇ ਬੜਾ ਸੁਨੱਖਾ ਕਹਿਣਾ।
ਬਸ ਫਿਰ ਆਪਾਂ ਬਣ ਠਣ ਰਹਿਣਾ।
ਫ਼ਿਲਮਾਂ ਦੇ ਵਿਚ ਮਿਲੇਗਾ ਕੰਮ।
ਮਾਇਆ ਬਰਸੇਗੀ ਛਮ ਛਮ।
ਪੇਟੀ ਬਾਰਾਂ ਸਾਬਣਾਂ ਵਾਲੀ।
ਇਕ ਇਕ ਕਰਕੇ ਕੀਤੀ ਖਾਲੀ।
ਦੋ ਘੰਟੇ ਮਲ ਮਲ ਕੇ ਨ੍ਹਾਇਆ।
ਫਰਕ ਨਾ ਰੰਗ ਵਿਚ ਭੋਰਾ ਆਇਆ।
ਉਪਰੋਂ ਉਸਨੂੰ ਹੋਇਆ ਜ਼ੁਕਾਮ।
ਛਿੱਕਾਂ ਕੀਤਾ ਬੇਅਰਾਮ।
ਡਾਕਟਰ ਨੂੰ ਉਸ ਫੋਨ ਘੁਮਾਇਆ।
ਲੂੰਬੜ ਡਾਕਟਰ ਝਟਪਟ ਆਇਆ।
ਬੁਰਾ ਹਾਲ ਜਦ ਤੱਕਿਆ ਖਾਸਾ।
ਰੋਕ ਨਾ ਸਕਿਆ ਲੂੰਬੜ ਹਾਸਾ।
ਕਹਿੰਦਾ, ‘‘ਗੱਲ ਸੁਣ ਭਾਲੂ ਝੱਲੇ।
ਕੰਮ ਕਿਉਂ ਕਰਦੈਂ ਝੱਲ-ਵਲੱਲੇ।
ਭਾਵੇਂ ਸੌ ਮਣ ਸਾਬਣ ਲਾ ਲੈ।
ਸ਼ੈਪੂ ਵਰਤ, ਦਵਾਈਆਂ ਖਾ ਲੈ।
ਏਦਾਂ ਵੀ ਕਦੇ ਬਦਲੇ ਰੰਗ ?
ਕਿਉਂ ਨਹੀਂ ਤੈਨੂੰ ਆਉਂਦੀ ਸੰਗ।
ਰੱਬ ਜਿਸ ਰੰਗ ਵਿਚ ਸ਼ਕਲ ਬਣਾਈ।
ਉਸ ਵਿਚ ਹੀ ਖੁਸ਼ ਰਹਿ ਤੂੰ ਭਾਈ। ”
ਝਿੜਕਾਂ ਸੁਣ ਭਾਲੂ ਸ਼ਰਮਾਇਆ।
ਮੁੜ ਕੇ ਕੰਨਾਂ ਨੂੰ ਹੱਥ ਲਾਇਆ।

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ