Chhalla Punjabi Lok Geet

ਛੱਲਾ ਪੰਜਾਬੀ ਲੋਕ ਗੀਤ

ਛੱਲਾ ਉਤਲੀ ਹੋ ਵੇ, ਵੋ ਛੱਲਾ ਉਤਲੀ ਹੋ ਵੇ।
ਨੀਂਗਰ ਚੱਕੀ ਝੋ ਵੇ, ਬੁੰਦਿਆਂ ਲਾਈ ਠੋਹ ਵੇ।
ਸੁਣ ਯਾਰ ਦਿਆ ਛੱਲਿਆ, ਜੋਬਨ ਵੈਂਦਾ ਏ ਢੱਲਿਆ।
(ਉਤਲੀ ਹੋ= ਉਤਾਂਹ ਹੋ ਗਿਆ, ਲਾਈ ਠੋਹ ਵੇ=
ਆਪਸ ਵਿਚ ਹਿਲ ਹਿਲ ਕੇ ਖਹਿੰਦੇ ਹਨ)

ਛੱਲਾ ਉਤਲੀ ਟਾਂਗੂ, ਵੋ ਛੱਲਾ ਉਤਲੀ ਟਾਂਗੂ।
ਰੋਂਦੀ ਬੱਦਲਾਂ ਵਾਗੂ, ਨਹੀਂ ਮਿਲਿਆ ਰਾਂਝੂ।
ਉੱਡ ਵਾਂਗ ਕਾਂਵਾਂ, ਲਿਖਾਂ ਯਾਰ ਦਾ ਨਾਵਾਂ।
(ਉਤਲੀ ਟਾਂਗੂ=ਉੱਚੀ ਥਾਂ ਟੰਗਿਆ ਹੋਇਆ ਹੈ)

ਛੱਲਾ ਉਤਲੇ ਪਾਂ ਦੂੰ
ਲਦੇ ਯਾਰ ਗੁਵਾਂਢੂੰ,
ਰੁਨੀਂ ਬਦਲੀ ਵਾਂਗੂੰ ।
ਸੁਣ ਮੇਰਾ ਮਾਹੀ ਵੇ,
ਛੱਲੇ ਧੂੜ ਜਮਾਈ ਵੇ ।

ਛੱਲਾ ਆਇਆ ਪਾਰ ਦਾ, ਵੋ ਛੱਲਾ ਆਇਆ ਪਾਰ ਦਾ।
ਪੀਪਾ ਧਰਿਆ ਖਾਰ ਦਾ, ਤੇ ਚੋਲਾ ਰਹਿ ਗਿਆ ਯਾਰ ਦਾ।
ਇੱਕ ਪਾਸੇ ਪਈਆਂ, ਭਜ ਵੰਗਾਂ ਗਈਆਂ।

ਛੱਲਾ ਆਇਆ ਪਾਰੂੰ, ਵੋ ਛੱਲਾ ਆਇਆ ਪਾਰੂੰ।
ਲੰਘਿਆ ਵੈਨਾ ਏਂ ਬਾਹਰੂੰ, ਮੇਰੇ ਦਿਲ ਦੀ ਦਾਰੂੰ।
ਸੁਣ ਛੱਲੇ ਦਿਆ ਨੂਰਾ, ਛੱਲਾ ਕਰਦੇ ਪੂਰਾ।

ਛੱਲਾ ਇਨਸਾਂ ਮਿਨਸਾਂ, ਵੋ ਛੱਲਾ ਇਨਸਾਂ ਮਿਨਸਾਂ।
ਲੋਟਾ ਚਾ ਕੇ ਪਿੱਨਸਾਂ, ਵਦੀ ਯਾਰ ਕੂ ਮਿਲਸਾਂ।
ਇੱਕੇ ਪਾਸੇ ਪਈਆਂ, ਭੱਜ ਵੰਗਾਂ ਗਈਆਂ।

ਛੱਲਾ ਸਾਵਾ ਤੂਤ ਏ, ਵੋ ਛੱਲਾ ਸਾਵਾ ਤੂਤ ਏ।
ਲੱਗਾ ਆਵੀਂ ਖੂਹ ਤੇ, ਮੇਰੀ ਜਾਨ ਮਲੂਕ ਏ।
ਸੁਣ ਯਾਰ ਪਠਾਨਾਂ, ਦੱਸ ਜਾ ਨਿਕਾਣਾ।

ਛੱਲਾ ਸਾਵੀਆਂ ਛਮਕਾਂ, ਵੋ ਛੱਲਾ ਸਾਵੀਆਂ ਛਮਕਾਂ।
ਉੱਠੀਂ ਬੀਬੀ ਜੰਨਤਾਂ, ਤੇਰੀਆਂ ਮੰਨਾਂ ਮੰਨਤਾਂ।
ਸੁਣ ਮਾਸੀ ਤੁਲਸੀ, ਝੱਖੜ ਕਿਉਂ ਨਾ ਝੁੱਲਸੀ ?

ਛੱਲਾ ਸਾਵੀਆਂ ਲਈਆਂ,
ਅਗਲੀਆਂ ਉਧਲ ਗਈਆਂ,
ਨਵੀਆਂ ਲੈਣੀਆਂ ਪਈਆਂ,
ਸੁਣ ਮੇਰਾ ਮਾਹੀ ਵੇ,
ਛੱਲੇ ਧੂੜ ਜਮਾਈ ਏ ।

ਛੱਲਾ ਸਾਵੀ ਸੋਟੀ,
ਨੀਂਗਰ ਚੱਕੀ ਝੋਤੀ,
ਬੁੰਦਿਆਂ ਲਾਈ ਏ ਲੋਟੀ,
ਆ ਵੜ ਵੇਹੜੇ,
ਮੁਕ ਵੰਝਣ ਝੇੜੇ ।

ਛੱਲਾ ਸਾਵੀ ਸੋਟੀ,
ਲੱਡੇ ਵੈਂਦੇ ਨੇ ਊਠੀਂ,
ਵਿਚ ਸਾਂਵਲ ਹੋਸੀ,
ਸੁਣ ਮੇਰਾ ਚੰਨ ਵੇ,
ਲੰਮੇ ਕੇਹੜਾ ਕੰਮ ਏ ।

ਛੱਲਾ ਸਾਵੀ ਚੋਟੀ, ਵੋ ਛੱਲਾ ਸਾਵੀ ਚੋਟੀ।
ਨੀਂਗਰ ਚੱਕੀ ਝੋਤੀ, ਬੁੰਦਿਆਂ ਘੱਤੀ ਲੋਟੀ।
ਇੱਕ ਪਾਸੇ ਪਈਆਂ, ਭੱਜ ਵੰਗਾਂ ਗਈਆਂ।

ਛੱਲਾ ਕਾਲਾ ਨਾਗ ਏ, ਵੋ ਛੱਲਾ ਕਾਲਾ ਨਾਗ ਏ।
ਲੱਗਾ ਯਾਰ ਦਾ ਦਾਗ ਏ, ਰਾਤੀਂ ਦੋਹਾਂ ਤਾਂਘ ਏ।
ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ।

ਛੱਲਾ ਕਾਲਾ ਰੋੜ ਏ, ਵੇ ਛੱਲਾ ਕਾਲਾ ਰੋੜ ਏ।
ਸਾਂਵਲ ਮੂੰਹ ਮਰੋੜ ਏ, ਤੁਸਾਂ ਨੂੰ ਕਾਈ ਨਾ ਲੋੜ ਏ।
ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ।

ਛੱਲਾ ਗੁੜ ਦੀ ਰੋੜੀ, ਵੋ ਛੱਲਾ ਗੁੜ ਦੀ ਰੋੜੀ।
ਚੱਕੀ ਸੀਨਾ ਤ੍ਰੋੜੀ, ਚਰਖਾ ਕੁਝ ਨਾ ਛੋੜੀ।
ਸੁਣ ਅੱਲਾ ਦੀ ਜਾਂ 'ਤੇ, ਮੰਜੀ ਘੱਤ ਲੈ ਛਾਂ 'ਤੇ।

ਛੱਲਾ ਛੱਲ ਛਲਾਈਦਾ,
ਢੋਲ ਮੇਰਾ ਕਠਵਾਈਦਾ ।
ਊਂਦਾ ਚਿੱਟਾ ਸ਼ਮਲਾ,
ਦਿਲ ਮੈਂਡਾ ਕਮਲਾ,
ਧਾੜ ਮੈਂਡੇ ਛਲਿਆ,
ਦਾਣਾ ਪਾਣੀ ਹਲਿਆ ।

ਛੱਲਾ ਟੱਲਮ ਟੱਲੀਆਂ, ਵੋ ਛੱਲਾ ਟੱਲਮ ਟੱਲੀਆਂ।
ਢੋਲ ਮਾਣੇ ਗਲੀਆਂ ਵੋ, ਮੈਂ ਵੈਂਦੀ ਖਲੀਆਂ।
ਆ ਵੜ ਤੂੰ ਵਿਹੜੇ, ਮੁੱਕ ਵੈਸਨ ਝੇੜੇ ।

ਛੱਲਾ ਨੌਂ ਨੌਂ ਨੀਲ ਏ,
ਜੇਹਲਮ ਵਿਚ ਤਹਿਸੀਲ ਏ,
ਮੈਂ ਜੇਹਲਮ ਵਿਚ ਰਹਾਵਾਂ,
ਹਾਇ ਓ ਮੇਰਿਆ ਛੱਲਿਆ,
ਦਿਲ ਮਾਹੀ ਨਾਲ ਰਲਿਆ ।

ਛੱਲਾ ਪਿਆ ਸਿਲ 'ਤੇ, ਵੋ ਛੱਲਾ ਪਿਆ ਸਿਲ 'ਤੇ।
ਪਾਰੂੰ ਆਈਆਂ ਠਿੱਲਕੇ, ਸਾਨੂੰ ਜਾਵੀਂ ਮਿਲ ਕੇ।
ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ।

ਛੱਲਾ ਪਿਆ ਜੂਹ ਤੇ,
ਮਾਹੀ ਮਿਲਿਆ ਖੂਹ ਤੇ,
ਗੱਲਾਂ ਕੀਤੀਆਂ ਮੂੰਹ ਤੇ,
ਸ਼ਾਬਾ ਮੇਰੇ ਛੱਲਿਆ,
ਦਾਣਾ ਪਾਣੀ ਰਲਿਆ ।
ਪੱਲਾ ਪੱਲਾ ਖਾਂਦਾ
ਖਤ ਕਿਉਂ ਨਾ ਪਾਂਦਾ ।

ਛੱਲਾ ਪਿਆ ਬਨੇਰੇ;
ਮੁੜ ਮੁੜ ਪਾਨਾ ਏਂ ਫੇਰੇ,
ਵੱਸ ਨਹੀਂ ਕੁਝ ਮੇਰੇ,
ਵੱਸ ਮੇਰੀ ਮਾਂ ਦੇ,
ਘਲੇਗੀ ਤਾਂ ਜਾਵਾਂਗੇ,
ਹਾਇ ਓ ਮੇਰਿਆ ਛੱਲਿਆ,
ਦਾਣਾ ਪਾਣੀ ਰਲਿਆ ।

ਛੱਲਾ ਪਿਆ ਲਿੱਦ ਤੇ,
ਸੌਂਕਣ ਪੈ ਗਈ ਜਿੱਦ ਤੇ,
ਲੱਤਾਂ ਮਾਰੇ ਢਿੱਡ ਤੇ,
ਹਾਇ ਓ ਮੇਰਿਆ ਛੱਲਿਆ,
ਦਿਲ ਮਾਹੀ ਨਾਲ ਰਲਿਆ ।

ਛੱਲਾ ਬੇਰ ਦੀ ਗੱਕੜ ਏ, ਵੋ ਛੱਲਾ ਬੇਰ ਦੀ ਗੱਕੜ ਏ।
ਮੀਏਂ ਮਾਰੀ ਹੱਕਲ ਏ, ਅਸਾਂ ਜਾਤੀ ਨੱਕਲ ਏ।
ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ।
(ਗੱਕੜ=ਗਿਟਕ, ਹੱਕਲ=ਹਾਕ)

ਛੱਲਾ ਬੇਰੀ ਬੂਰ ਏ, ਵੋ ਛੱਲਾ ਬੇਰੀ ਬੂਰ ਏ।
ਯਾਰੀ ਲਾਵਣ ਕੂੜ ਏ, ਸਾਡਾ ਵਤਨ ਦੂਰ ਵੇ।
ਸੁਣ ਯਾਰ ਦਿਆ ਛੱਲਿਆ, ਜੋਬਨ ਜਾਂਦਾ ਏ ਢੱਲਿਆ।

ਛੱਲਾ ਬੇਰੀਂ, ਬੂਰ ਏ ।
ਵਤਨ ਯਾਰ ਦਾ ਦੂਰ ਏ ।
ਮਿਲਨਾ ਲਾ ਜ਼ਰੂਰ ਏ ।
ਸੁਣ ਅੱਲਾ ਦੇ ਨਾਂ ਤੇ ।
ਮੰਜੀ ਘਤੇਂ ਛਾਂ ਤੇ ।

ਛੱਲਾ ਮਾਰਿਆ ਕੁਤੀ ਨੂੰ
ਛੋੜੀਂ ਵੈਨਾਂ ਏਂ ਸੁਤੀ ਨੂੰ,
ਚੁਮਸਾਂ ਯਾਰ ਦੀ ਜੁੱਤੀ ਨੂੰ,
ਸੁਣ ਮੇਰਾ ਚੰਨ ਵੇ,
ਕਲੀ ਛੋੜ ਨ ਵੰਝ ਵੇ ।

ਛੱਲਾ ਮਾਰਿਆ ਕੁੱਤੀ ਨੂੰ, ਵੋ ਛੱਲਾ ਮਾਰਿਆ ਕੁੱਤੀ ਨੂੰ।
ਛੇੜੀ ਵੈਨਾਂ ਸੁੱਤੀ ਨੂੰ, ਚੁੰਮਾਂ ਯਾਰ ਦੀ ਜੁੱਤੀ ਨੂੰ।
ਸੁਣ ਬੀਬੀ ਫਜ਼ਲਾਂ, ਝੜ ਲਾਇਆ ਬੱਦਲਾਂ।

ਛੱਲਾ ਮਾਰ ਦਿਵਾਰ ਨੂੰ, ਵੋ ਛੱਲਾ ਮਾਰ ਦਿਵਾਰ ਨੂੰ।
ਫੇਰਾ ਮਾਰ ਬਜ਼ਾਰ ਨੂੰ, ਮਿਲਾਂ ਸਾਂਵਲ ਯਾਰ ਨੂੰ।
ਹਾਏ ਹਾਏ ਕਰੇਨੀਆਂ, ਠੰਢੇ ਸਾਹ ਭਰੇਨੀਆਂ।

ਛੱਲਾ ਮੁੰਜ ਦੀਆਂ ਧਾਈਆਂ, ਛੱਲਾ ਮੁੰਜ ਦੀਆਂ ਧਾਈਆਂ।
ਦਿਲ ਲੁੱਟਿਆ ਰਾਹੀਆਂ, ਰੋਂਦੀ ਘਰ ਨੂੰ ਆਈਆਂ।
ਸੁਣ ਯਾਰ ਦਿਆ ਯਾਰਾ, ਲੱਗਾ ਵੱਤ ਕੁਆਰਾ।

ਛੱਲਾ ਮੇਰੇ ਹੱਥ ਦਾ,
ਪੁਤ ਮੇਰੀ ਸੱਸ ਦਾ,
ਭੇਤ ਵੀ ਨਹੀਂ ਦੱਸਦਾ,
ਹਾਇਓ ਮੇਰਿਆ ਛੱਲਿਆ,
ਦਾਣਾ ਪਾਣੀ ਰਲਿਆ ।

ਛੱਲਾ ਮੈਂ ਨਾ ਦੇਂਦੀ, ਵੋ ਛੱਲਾ ਮੈਂ ਨਾ ਦੇਂਦੀ।
ਘਰ ਮਾਂ ਮਰੇਂਦੀਂ, ਸਸ ਤਾਨ੍ਹੇ ਦੇਂਦੀ।
ਸੁਣ ਛੱਲੇ ਦਿਆ ਹਾਣੀਆਂ, ਛੱਲੇ ਮੌਜਾਂ ਮਾਣੀਆਂ।

ਛੱਲਾ ਲਿੜ੍ਹਕੇ ਲਾਂਹਦਾ, ਵੋ ਛੱਲਾ ਲਿੜ੍ਹਕੇ ਲਾਂਹਦਾ।
ਚੂੜਾ ਛਣਕੇ ਬਾਂਹ ਦਾ, ਤੈਨੂੰ ਘੁੱਟਾ ਹਾਂ ਦਾ ।
ਸੁਣ ਯਾਰ ਦਿਆ ਛੱਲਿਆ, ਜੋਬਨ ਵੈਂਦਾ ਏ ਢੱਲਿਆ।
(ਲਿੜ੍ਹਕੇ ਲਾਂਹਦਾ=ਚੱਕੀ ਪੀਂਹਦਿਆਂ ਉਂਗਲੀ ਦੇ ਦੁਆਲੇ
ਘੁੰਮਦਾ ਹੈ, ਘੁੱਟਾ ਹਾਂ ਦਾ=ਦਿਲ ਦਾ ਰੋਗ)

ਛੱਲਾ ਵੱਟ ਮਰੋੜ ਏ,
ਤੈਂਡੀ ਸਾਕੂੰ ਲੋੜ ਏ,
ਤੈਂਡਾ ਮੈਂਡਾ ਜੋੜ ਏ,
ਸੁਣ ਅਲਾਹ ਦੇ ਨਾਂ ਤੇ ।
ਵਿਸਰੇ ਨੇਂ ਹਾਂ ਤੇ ।

ਛੱਲਾ ਵਿੱਚ ਲਾਹੌਰ ਦੇ, ਵੋ ਛੱਲਾ ਵਿੱਚ ਲਾਹੌਰ ਦੇ।
ਯਾਰੀ ਲਾਈ ਹੋਰ ਦੇ, ਮੇਰਾ ਖਹਿੜਾ ਛੋੜ ਦੇ।
ਸੁਣ ਛੱਲੇ ਦਿਆ ਨੂਰਾ, ਛੱਲਾ ਕਰ ਦੇ ਪੂਰਾ।

  • ਮੁੱਖ ਪੰਨਾ : ਪੰਜਾਬੀ ਲੋਕ ਕਾਵਿ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ