Punjabi Geet : Karamjit Singh Gathwala

ਪੰਜਾਬੀ ਗੀਤ : ਕਰਮਜੀਤ ਸਿੰਘ ਗਠਵਾਲਾ

ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਨੂੰ ਅਰਜ਼ੋਈ

ਤੁਸੀਂ ਗੁਰੂ ਪੁੱਤਰ ਤੁਸੀਂ ਗੁਰੂ ਪਿਤਾ ਕੀ ਕਲਮ ਮੇਰੀ ਗੁਣਗਾਨ ਕਰੇ
ਕਦੇ ਹਿੰਦ ਤੋਂ ਦੇ ਨਹੀਂ ਹੋਣੇ ਉਹ ਜਿਹੜੇ ਦਾਤੇ ਨੇ ਅਹਿਸਾਨ ਕਰੇ

ਮੱਖਣ ਸ਼ਾਹ ਦਾ ਬੇੜਾ ਡੁੱਬ ਚੱਲਿਆ ਤੁਸਾਂ ਮੋਢਾ ਦੇ ਕੇ ਜਾ ਠੱਲ੍ਹਿਆ
ਉਹਦੀ ਅਰਜ਼ ਦੇ ਅੰਦਰ ਸ਼ਰਧਾ ਸੀ ਉਹਦੇ ਮਨ ਨਾ ਕੋਈ ਪਰਦਾ ਸੀ
ਤੁਸੀਂ ਮਰਦ ਮੈਦਾਨੇ ਪੂਰੇ ਸੀ ਕੀ ਜ਼ੁਰਅਤ ਫੇਰ ਤੂਫ਼ਾਨ ਕਰੇ
ਤੁਸੀਂ ਗੁਰੂ ਪੁੱਤਰ ਤੁਸੀਂ ਗੁਰੂ ਪਿਤਾ ਕੀ ਕਲਮ ਮੇਰੀ ਗੁਣਗਾਨ ਕਰੇ

ਅੱਖਾਂ ਸਾਹਮਣੇ ਸਿੱਖ ਸ਼ਹੀਦ ਹੋਏ ਲੋਕ ਹਿੰਦ ਦੇ ਨਾ ਉਮੀਦ ਹੋਏ
ਤੁਸੀਂ ਮਨ ਤੇ ਸੱਟ ਸਹਾਰੀਂ ਗਏ ਮੁੱਖੋਂ ਬਾਣੀ ਮਧੁਰ ਉਚਾਰੀਂ ਗਏ
ਤੁਹਾਡੇ ਰੋਮ ਰੋਮ ਰੱਬ ਵਸਿਆ ਸੀ ਹੋਰ ਫਿਰਦੇ ਸੀ ਇਨਸਾਨ ਡਰੇ
ਤੁਸੀਂ ਗੁਰੂ ਪੁੱਤਰ ਤੁਸੀਂ ਗੁਰੂ ਪਿਤਾ ਕੀ ਕਲਮ ਮੇਰੀ ਗੁਣਗਾਨ ਕਰੇ

ਅੱਜ ਧਰਮ ਖੰਭ ਲਾ ਉੱਡ ਗਿਆ ਲੱਗੇ ਸ਼ਹੁ-ਸਾਗਰ ਵਿੱਚ ਡੁੱਬ ਗਿਆ
ਤੁਸੀਂ ਆ ਕੇ ਰਾਹ ਵਿਖਾਵੋ ਹੁਣ ਬਾਈ ਮੰਜੀਆਂ ਫੇਰ ਚੁਕਾਵੋ ਹੁਣ
ਵੇਖੋ ਕਿੰਨੇ ਔਰੰਗੇ ਬਣ ਗਏ ਨੇ ਜਾ ਦੁਬਕਣ ਬੇਈਮਾਨ ਘਰੇ
ਤੁਸੀਂ ਗੁਰੂ ਪੁੱਤਰ ਤੁਸੀਂ ਗੁਰੂ ਪਿਤਾ ਕੀ ਕਲਮ ਮੇਰੀ ਗੁਣਗਾਨ ਕਰੇ

ਬਾਣੀ ਦਾ ਕਹਿਣਾ ਭੁੱਲ ਗਏ ਨੇ ਭਾਈ ਮਾਇਆ ਪਿੱਛੇ ਰੁਲ ਗਏ ਨੇ
ਕਿਧਰੇ ਦਿਸਦਾ ਸੱਚ ਆਚਾਰ ਨਹੀਂ ਨੇਕੀ ਨਾਲ ਕਿਸੇ ਨੂੰ ਪਿਆਰ ਨਹੀਂ
ਹੋਕਾ ਬਾਣੀ ਦਾ ਫਿਰ ਦੁਹਰਾ ਜਾਓ ਨਾਲੇ ਕਰ ਜਾਓ ਝੂਠ ਦੁਕਾਨ ਪਰੇ
ਤੁਸੀਂ ਗੁਰੂ ਪੁੱਤਰ ਤੁਸੀਂ ਗੁਰੂ ਪਿਤਾ ਕੀ ਕਲਮ ਮੇਰੀ ਗੁਣਗਾਨ ਕਰੇ

ਵਿਸਾਖੀ ਯਾਦ ਆਉਂਦੀ ਏ

ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।

ਜਦੋਂ ਕੋਈ ਗੱਲ ਕਰਦਾ ਏ ਸਿਰਲੱਥੇ ਵੀਰਾਂ ਦੀ,
ਜਦੋਂ ਕੋਈ ਗੱਲ ਕਰਦਾ ਏ ਛਾਤੀ ਖੁੱਭੇ ਤੀਰਾਂ ਦੀ,
ਜਦੋਂ ਕੋਈ ਗੱਲ ਕਰਦਾ ਏ ਨੰਗੀਆਂ ਸ਼ਮਸ਼ੀਰਾਂ ਦੀ,
ਅੱਖਾਂ ਲਾਲ ਹੋ ਜਾਵਣ, ਦਿਲੀਂ ਰੋਹ ਲਿਆਉਂਦੀ ਏ ।
ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।

ਜਦੋਂ ਕੋਈ ਗੱਲ ਕਰਦਾ ਏ ਤੇਗ਼ ਨਚਦੀ ਜਵਾਨੀ ਦੀ,
ਜਦੋਂ ਕੋਈ ਗੱਲ ਕਰਦਾ ਏ ਗੁਰੂ ਲਈ ਕੁਰਬਾਨੀ ਦੀ,
ਜਦੋਂ ਕੋਈ ਗੱਲ ਕਰਦਾ ਏ ਪੁੱਤਰਾਂ ਦੇ ਦਾਨੀ ਦੀ ।
ਸਿਰ ਸ਼ਰਧਾ 'ਚ ਝੁਕਦਾ ਏ, ਗੁਣ ਜ਼ੁਬਾਨ ਗਾਉਂਦੀ ਏ ।
ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।

ਜਦੋਂ ਕੋਈ ਗੱਲ ਕਰਦਾ ਏ ਜ਼ੁਲਮਾਂ ਦੇ ਵੇਲੇ ਦੀ,
ਜਦੋਂ ਕੋਈ ਗੱਲ ਕਰਦਾ ਏ ਸ਼ਹੀਦੀ ਦੇ ਮੇਲੇ ਦੀ,
ਜਦੋਂ ਕੋਈ ਗੱਲ ਕਰਦਾ ਏ ਸੱਚੇ ਗੁਰ-ਚੇਲੇ ਦੀ ।
ਦਿਲ ਫੜਫੜਾਉਂਦਾ ਏ, ਰੂਹੀਂ ਜਾਨ ਪਾਉਂਦੀ ਏ ।
ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।

ਜਦੋਂ ਕੋਈ ਗੱਲ ਕਰਦਾ ਏ ਬਾਗ਼ ਚੱਲੀ ਗੋਲੀ ਦੀ,
ਜਦੋਂ ਕੋਈ ਗੱਲ ਕਰਦਾ ਏ ਖੇਡੀ ਖ਼ੂਨੀ ਹੋਲੀ ਦੀ,
ਜਦੋਂ ਕੋਈ ਗੱਲ ਕਰਦਾ ਏ ਕਿਦਾਂ ਜਿੰਦ ਘੋਲੀ ਦੀ ।
ਸੂਰੇ ਕੁਰਬਾਨ ਹੁੰਦੇ ਨੇ ਆਜ਼ਾਦੀ ਹੀਰ ਆਉਂਦੀ ਏ।
ਵਿਸਾਖੀ ਯਾਦ ਆਉਂਦੀ ਏ, ਵਿਸਾਖੀ ਯਾਦ ਆਉਂਦੀ ਏ ।

ਪੌਣਾਂ ਦੇ ਸੰਗ ਖ਼ੁਸ਼ਬੂਆਂ ਨੇ ਤੇਰੀਆਂ ਸੂਹਾਂ ਘੱਲੀਆਂ ਵੇ

ਪੌਣਾਂ ਦੇ ਸੰਗ ਖ਼ੁਸ਼ਬੂਆਂ ਨੇ ਤੇਰੀਆਂ ਸੂਹਾਂ ਘੱਲੀਆਂ ਵੇ
ਜਿਨ੍ਹਾਂ ਨੂੰ ਛੋਹ ਵੱਜਣ ਲੱਗੀਆਂ ਮੇਰੇ ਮਨ ਦੀਆਂ ਟੱਲੀਆਂ ਵੇ...

ਰੋਜ਼ ਰਾਤ ਨੂੰ ਚੰਨ ਤੇ ਤਾਰੇ ਮੇਰਾ ਮੂੰਹ ਚਿੜਾਉਂਦੇ ਸੀ
ਸੌਂਦੀ ਸਾਂ ਤਾਂ ਸੁਫ਼ਨਿਆਂ ਦੇ ਵਿੱਚ ਜਿੰਨ ਭੂਤ ਹੀ ਆਉਂਦੇ ਸੀ
ਇੰਜ ਲਗਦਾ ਸੀ ਕੱਕੇ ਰੇਤੇ ਸਾਰੀਆਂ ਰਾਹਵਾਂ ਮੱਲੀਆਂ ਵੇ ।
ਪੌਣਾਂ ਦੇ ਸੰਗ ਖ਼ੁਸ਼ਬੂਆਂ ਨੇ ਤੇਰੀਆਂ ਸੂਹਾਂ ਘੱਲੀਆਂ ਵੇ…

ਅੱਖੀਆਂ ਮਲਦੀ ਮਲਦੀ ਜਾਗੀ ਬਾਹਰ ਬਾਗੇ ਬੁਲਬੁਲ ਬੋਲੇ
ਪਹਿਲਾਂ ਜਿਹੜੀ ਸੀ ਕੁਰਲਾਉਂਦੀ ਕੰਨਾਂ ਦੇ ਵਿੱਚ ਮਿਸਰੀ ਘੋਲੇ
ਪੀੜਾਂ ਲੈ ਲੈ ਮੱਲ੍ਹਮ ਆਈਆਂ ਜਿਹੜੀਆਂ ਮੈਂ ਸੀ ਝੱਲੀਆਂ ਵੇ
ਪੌਣਾਂ ਦੇ ਸੰਗ ਖ਼ੁਸ਼ਬੂਆਂ ਨੇ ਤੇਰੀਆਂ ਸੂਹਾਂ ਘੱਲੀਆਂ ਵੇ…

ਕੱਲ੍ਹ ਗੁਆਂਢਣ ਆਈ, ਤੇ ਪੁਛਦੀ 'ਤੈਨੂੰ ਦੱਸ ਕੀ ਹੋਇਆ ਨੀ ?
ਇਉਂ ਜਾਪੇ ਜਿਉਂ ਸਰਘੀ ਸਾਰਾ ਨੂਰ ਤੇਰੇ ਮੂੰਹ ਚੋਇਆ ਨੀ'
ਕੀ ਦੱਸਾਂ ਮੇਰੇ ਪੈਰ ਪਾ ਰਹੇ ਨੱਚ ਨੱਚ ਆਪੂੰ ਜੱਲੀਆਂ ਵੇ
ਪੌਣਾਂ ਦੇ ਸੰਗ ਖ਼ੁਸ਼ਬੂਆਂ ਨੇ ਤੇਰੀਆਂ ਸੂਹਾਂ ਘੱਲੀਆਂ ਵੇ…

ਮੀਂਹ ਪੈ ਹਟਿਆ ਬਾਹਰ ਤੱਕਿਆ ਬੁੱਢੀ ਮਾਂ ਨੇ ਪੀਂਘ ਚਾ ਪਾਈ
ਮਨ ਮੇਰਾ ਉਸ ਵੱਲ ਨੂੰ ਉੱਡਿਆ ਜਾ ਕੇ ਉਹਨੇ ਹੀਂਘ ਚੜ੍ਹਾਈ
ਫੜ ਲੈ ਵੇ ਤੂੰ ਫੜ ਲੈ ਆ ਕੇ ਮੈਂ ਉਪਰ ਵੱਲ ਉੱਡ ਚੱਲੀਆਂ ਵੇ
ਪੌਣਾਂ ਦੇ ਸੰਗ ਖ਼ੁਸ਼ਬੂਆਂ ਨੇ ਤੇਰੀਆਂ ਸੂਹਾਂ ਘੱਲੀਆਂ ਵੇ…

ਸੁੱਕੇ ਹੋਏ ਪੱਤਿਆਂ ਵਾਂਗੂੰ, ਉੱਡਦੇ ਪਏ ਖ਼ਿਆਲ ਨੇ

ਸੁੱਕੇ ਹੋਏ ਪੱਤਿਆਂ ਵਾਂਗੂੰ, ਉੱਡਦੇ ਪਏ ਖ਼ਿਆਲ ਨੇ
ਯਾਦਾਂ ਦੇ ਵਹਿਣੀਂ ਆ ਪਏ, ਬੀਤੇ ਹੋਏ ਸਾਲ ਨੇ

ਨੇਜ਼ੇ ਦੀ ਨੋਕ ਬੈਠੀਆਂ, ਬੀਤੇ ਦੀਆਂ ਗੱਲਾਂ ਵੇ
ਕਿੱਦਾਂ ਮੈਂ ਲਾਹਵਾਂ ਇਨ੍ਹਾਂ ਨੂੰ, ਕਿਦਾਂ ਤੈਨੂੰ ਘੱਲਾਂ ਵੇ

ਟੁੱਟਦੇ ਹੋਏ ਤਾਰੇ ਵੇਖਾਂ, ਹੰਝੂਆਂ ਜਿਉਂ ਲਗਦੇ ਨੇ
ਨੈਣਾਂ ਦੇ ਖੂਹ ਦੇ ਪਾਣੀ, ਗੱਲ੍ਹਾਂ ਤੇ ਵਗਦੇ ਨੇ

ਮਾਲੀ ਕੋਲੋਂ ਡਿੱਗੇ ਸੀ ਜਿਹੜੇ, ਫੁੱਲ ਉਹਨੇ ਚੁੱਕੇ ਨਾ
ਪੈਰਾਂ ਹੇਠ ਲੋਕਾਂ ਮਸਲੇ, ਇਕ ਪਲ ਲਈ ਰੁਕੇ ਨਾ

ਤੇਰੇ ਲਈ ਗੀਤ ਲਿਖੇ ਜੋ, ਡਾਇਰੀ ਵਿਚ ਰੁੱਲ ਗਏ
ਰਾਹ ਸਨ ਜੋ ਆਪਾਂ ਗਾਹੇ, ਸਾਰੇ ਤੈਨੂੰ ਭੁੱਲ ਗਏ

ਕਣੀਆਂ ਜੋ ਸਾਉਣ ਵਰ੍ਹਦੀਆਂ, ਚੁਭਣ ਉਹ ਤੀਰਾਂ ਜਿਉਂ
ਸੋਚਾਂ ਦੇ ਕੱਪੜੇ ਪਾਟੇ, ਹੋ ਗਏ ਨੇ ਲੀਰਾਂ ਜਿਉਂ

ਸਿਰਨਾਵੇਂ ਰਾਹਾਂ ਦੇ ਗੁਆਚੇ, ਫਿਰੀਏ ਫ਼ਕੀਰਾਂ ਜਿਉਂ
ਠੰਢੀ-ਠੰਢੀ ਵਾਅ ਦੇ ਬੁੱਲੇ ਵੀ, ਲੜਦੇ ਮਖੀਰਾਂ ਜਿਉਂ

ਬਿਰਹੁੰ ਬੁੱਲ੍ਹ ਕਰ ਗਿਆ ਨੀਲੇ, ਕੌਣ ਇਹਨੂੰ ਕੀਲੇ ਵੇ
ਰਾਂਝਾ ਬਣ ਆ ਜਾ ਸੱਜਣਾਂ, ਕਰ ਕੇ ਕੋਈ ਹੀਲੇ ਵੇ

ਰਹੀਂ ਗੀਤ ਸੁਣਾਉਂਦਾ ਤੂੰ

ਰਹੀਂ ਗੀਤ ਸੁਣਾਉਂਦਾ ਤੂੰ, ਰਹੀਂ ਗੀਤ ਸੁਣਾਉਂਦਾ ਤੂੰ ।
ਦੁੱਖ ਦਰਦ ਜ਼ਮਾਨੇ ਦੇ, ਰਹੀਂ ਗਾ ਕੇ ਘਟਾਉਂਦਾ ਤੂੰ ।

ਇਹ ਦੁਨੀਆਂ ਬਹੁ-ਰੰਗੀ ਪਰ ਏਥੇ ਵੀ ਤੰਗੀ ।
ਕੁੱਝ ਆਪ ਸਹੇੜੀ ਏ ਕੁਝ ਮਿਲੀ ਬਿਨਾਂ ਮੰਗੀ ।
ਦੋਹਾਂ ਤੋਂ ਬਚਣ ਲਈ ਰਹੀਂ ਜ਼ੋਰ ਲਗਾਉਂਦਾ ਤੂੰ।

ਸੁੱਖਾਂ ਦੇ ਦਿਨ ਬਹੁਤੇ ਤੂੰ ਆਪ ਘਟਾ ਲਏ ਨੇ ।
ਦੁੱਖਾਂ ਦੇ ਦਿਨ ਥੋੜ੍ਹੇ ਤੂੰ ਆਪ ਵਧਾ ਲਏ ਨੇ ।
ਜਿੱਥੋਂ ਮਿਲੇ ਖ਼ੁਸ਼ੀ ਕੋਈ ਰਹੀਂ ਛਾਤੀ ਲਾਉਂਦਾ ਤੂੰ ।

ਦੁੱਖ ਦਰਦ ਕਿਸੇ ਦਾ ਜੇ ਥੋੜ੍ਹਾ ਤੂੰ ਘਟਾ ਜਾਵੇਂ ।
ਤੂੰ ਆਪੇ ਵੇਖ ਲਈਂ ਕਿੰਨਾਂ ਸੁੱਖ ਪਾ ਜਾਵੇਂ ।
ਉਸ ਸੁੱਖ ਦੇ ਵਾਧੇ ਲਈ ਰਹੀਂ ਢੰਗ ਬਣਾਉਂਦਾ ਤੂੰ ।

ਇਹ ਪੰਛੀ ਗਾਉਂਦੇ ਨੇ ਇਹ ਹਵਾ ਵੀ ਗਾਉਂਦੀ ਏ ।
ਇਹ ਬੱਦਲ ਗਾਉਂਦੇ ਨੇ ਇਹ ਨਦੀ ਵੀ ਗਾਉਂਦੀ ਏ ।
ਇਹਨਾਂ ਦੇ ਗੀਤਾਂ ਸੰਗ ਰਹੀਂ ਗੀਤ ਰਲਾਉਂਦਾ ਤੂੰ ।

ਜਿਹੜੇ ਆਪਣੇ ਛੱਡ ਗਏ ਨੇ ਸੀ ਗਰਜਾਂ ਦੇ ਸਾਥੀ ।
ਸਭ ਸੁੱਖ ਦੇ ਸਾਥੀ ਸੀ ਨਾ ਸੀ ਮਰਜਾਂ ਦੇ ਸਾਥੀ ।
ਜੋ ਰਾਹ ਵਿੱਚ ਮਿਲ ਗਏ ਨੇ ਰਹੀਂ ਹਿੱਕ ਨਾਲ ਲਾਉਂਦਾ ਤੂੰ ।

ਇਹ ਨਿੱਕੇ ਬੱਚੇ ਜੋ ਹਾਸੇ ਪਏ ਵੰਡਦੇ ਨੇ ।
ਬੁੱਲ੍ਹਾਂ ਤੇ ਖ਼ੁਸ਼ੀ ਲਿਆ ਦੁੱਖਾਂ ਨੂੰ ਛੰਡਦੇ ਨੇ ।
ਇਨ੍ਹਾਂ ਦੇ ਹਾਸੇ ਲਈ ਰਹੀਂ ਖ਼ੁਸ਼ੀ ਖਿੰਡਾਉਂਦਾ ਤੂੰ ।

ਕਿਸੇ ਕੰਡੇ ਜੇ ਦਿੱਤੇ ਕਲੀਆਂ ਵੀ ਦਿੱਤੀਆਂ ਨੇ ।
ਜੇ ਹਾਰਾਂ ਨੇ ਮਿੱਲੀਆਂ ਜਿੱਤਾਂ ਵੀ ਜਿੱਤੀਆਂ ਨੇ ।
ਇਨ੍ਹਾਂ ਕਲੀਆਂ ਜਿੱਤਾਂ ਲਈ ਰਹੀਂ ਸ਼ੁਕਰ ਮਨਾਉਂਦਾ ਤੂੰ ।

ਇਹ ਜੋ ਕੁਝ ਤੇਰਾ ਏ ਤੇਰਾ ਤੇ ਕੁਝ ਵੀ ਨਹੀਂ ।
ਉਸ ਦਾਤੇ ਨੇ ਦਿੱਤਾ ਇਹ ਯਾਦ ਤੂੰ ਰਖਦਾ ਰਹੀਂ ।
ਇਸ ਯਾਦ ਨੂੰ ਰੱਖਣ ਲਈ ਰਹੀਂ ਦਿਲ 'ਚ ਵਸਾਉਂਦਾ ਤੂੰ ।

ਸ਼ੀਸ਼ੇ ਦੇ ਸ਼ਹਿਰ ਦੇ ਵਾਸੀ ਕਿਉਂ ਖੇਡੇਂ ਪੱਥਰਾਂ ਨਾਲ

ਸ਼ੀਸ਼ੇ ਦੇ ਸ਼ਹਿਰ ਦੇ ਵਾਸੀ ਕਿਉਂ ਖੇਡੇਂ ਪੱਥਰਾਂ ਨਾਲ ।
ਯੁੱਗਾਂ ਦੇ ਪੁਜਾਰੀ ਦੱਸ ਕਿਉਂ ਰੁਸਦੈਂ ਹੁਣ ਮੰਦਰਾਂ ਨਾਲ ।

ਇਹ ਤਰੇਲ ਜਿਹਨੂੰ ਕਹਿਨੈਂ ਤੂੰ ਮੋਤੀ ਕੋਈ ਅੱਖਾਂ ਦਾ ।
ਜਿਹਨੂੰ ਸਮਝ ਅਵਾਰਾ ਸੁੱਟਦਾ ਇਹ ਦਿਲ ਕੋਈ ਲੱਖਾਂ ਦਾ ।
ਕਲੀ ਆਸ ਵਾਲੀ ਨਾ ਤੋੜੀਂ ਪਾਲੀ ਏ ਸੱਧਰਾਂ ਨਾਲ ।

ਇਹ ਸਾਨੂੰ ਪਤਾ ਏ ਸਾਰਾ ਨਾ ਸਾਡੀ ਕੋਈ ਹਸਤੀ ।
ਨਾ ਗਗਨ ਦਿਲਾਸਾ ਦੇਵੇ ਨਾ ਦਰਦ ਵੰਡਾਵੇ ਧਰਤੀ ।
ਬੇਹਾਲ ਮੈਂ ਕਿਉਂ ਨਾ ਹੋਵਾਂ ਲਾ ਕੇ ਬੇਕਦਰਾਂ ਨਾਲ ।

ਲਿਵ ਤੇਰੀ ਸੰਗ ਸੀ ਜੋੜੀ ਤੂੰ ਵੀ ਏ ਏਦਾਂ ਕਰਨਾ ।
ਡੁੱਬਣਾਂ ਤੇ ਕੱਠਿਆਂ ਡੁੱਬਣਾਂ ਤਰਨਾ ਤੇ ਕੱਠਿਆਂ ਤਰਨਾ ।
ਕੀ ਸਾਡੇ ਨਾਲ ਏ ਬੀਤੀ ਤੱਕ ਆਪਣੀਆਂ ਨਜ਼ਰਾਂ ਨਾਲ ।

ਲੱਖ ਚੋਰ ਭਲਾਈਆਂ ਦੇ ਲੈ ਯਾਦ ਤੈਨੂੰ ਮੈਂ ਰਹਿਣਾ ।
ਜੇ ਮੌਤ ਬਾਅਦ ਕਿਸੇ ਪੁੱਛਿਆ ਤੂੰ ਮੇਰਾ ਇਹ ਮੈਂ ਕਹਿਣਾ ।
ਇਹ ਵਾਅਦਾ ਏ ਮੈਂ ਲਿਖਿਆ ਨੈਣਾਂ ਦੇ ਅੱਖਰਾਂ ਨਾਲ ।

ਦਿਲ ਖਿੱਚ ਲਿਆ ਮੇਰਾ ਤੂੰ

ਦਿਲ ਖਿੱਚ ਲਿਆ ਮੇਰਾ ਤੂੰ, ਦਿਲ ਖਿੱਚ ਲਿਆ ਮੇਰਾ ਤੂੰ
ਇਹ ਉਮਲ ਉਮਲ ਪੈਂਦਾ ਜਿੱਦਾਂ ਲਹਿਰਾਂ ਚੰਨ ਵੱਲ ਨੂੰ

ਮੈਂ ਕੁਝ ਵੀ ਸੋਚਾਂ ਜਾਂ ਤੇਰੀ ਯਾਦ ਆ ਜਾਂਦੀ ਏ
ਡਾਰੋਂ ਵਿਛੜੇ ਪੰਛੀ ਜਿਉਂ ਮੈਨੂੰ ਕਲਪਾਂਦੀ ਏ
ਪੱਤਝੜ ਵੇਲੇ ਰੁੱਖ ਜਿੱਦਾਂ ਬਣ ਜਾਂਦਾ ਮੇਰਾ ਮੂੰਹ
ਦਿਲ ਖਿੱਚ ਲਿਆ ਮੇਰਾ ਤੂੰ……

ਸਭ ਲੋਕੀ ਵਿੰਹਦੇ ਨੇ ਜਿੱਦਾਂ ਅਸੀਂ ਝੱਲੇ ਹਾਂ
ਭਾਵੇਂ ਸਭ ਕੁਝ ਓਵੇਂ ਹੈ ਪਰ ਲਗਦੇ ਕੱਲੇ ਹਾਂ
ਜਦ ਕੋਈ ਕੁਝ ਪੁੱਛਦਾ ਮੂੰਹੋਂ ਬਸ ਨਿਕਲੇ ਹੂੰ
ਦਿਲ ਖਿੱਚ ਲਿਆ ਮੇਰਾ ਤੂੰ……

ਕੋਈ ਕੁੰਡੀ ਦਿਸਦੀ ਨਹੀਂ ਕੁੰਡੀਆਂ ਦਾ ਜਾਲ ਪਿਆ
ਅੱਗ ਬਲਦੀ ਦਿਸਦੀ ਨਹੀਂ ਦਿਲੋਂ ਉੱਠੇ ਉਬਾਲ ਪਿਆ
ਲਾਟਾਂ ਬਲ ਬਲ ਨਿਕਲਦੀਆਂ ਜਿੱਦਾਂ ਬਲਦਾ ਏ ਰੂੰ
ਦਿਲ ਖਿੱਚ ਲਿਆ ਮੇਰਾ ਤੂੰ……

ਦਿਲਾ ਮੇਰਿਆ ਸੁਣਾਵੇਂ ਕੀਹਨੂੰ ਹਾਲ

ਦਿਲਾ ਮੇਰਿਆ ਸੁਣਾਵੇਂ ਕੀਹਨੂੰ ਹਾਲ ?
ਸਭਨਾਂ ਦੇ ਕੰਨ ਬੰਦ ਨੇ ।
ਆਪੇ ਹੋਈ ਜਾਵੇਂ ਹਾਲ ਤੋਂ ਬੇਹਾਲ,
ਸਭਨਾਂ ਦੇ ਕੰਨ ਬੰਦ ਨੇ ।

ਇਹ ਜੁ ਮਹਫ਼ਿਲਾਂ ਦੇ ਬੰਦੇ ਤੱਕੇਂ ਰੰਗਾ ਰੰਗਦੇ ।
ਦਿਲ ਤੋੜਨੋਂ ਕਿਸੇ ਦਾ ਭੈੜੇ ਨਹੀਂਉਂ ਸੰਗਦੇ ।
ਸ਼ਮਾਂ ਨਿੱਤ ਨਵੀਂ ਰੱਖਦੇ ਕੋਈ ਬਾਲ,
ਸਭਨਾਂ ਦੇ ਕੰਨ ਬੰਦ ਨੇ ।

ਅੱਖਾਂ ਇਨ੍ਹਾਂ ਦੀਆਂ ਮੋਤੀਆ ਬਿੰਦ ਹੋ ਗਿਆ ।
ਤੇਰੇ ਜਿਹਾ ਇੱਥੇ ਲੱਖਾਂ ਆ ਕੇ ਜਿੰਦ ਖੋ ਗਿਆ ।
ਕਾਹਨੂੰ ਹੰਝੂਆਂ ਦੇ ਭਰਨੈਂ ਤੂੰ ਤਾਲ,
ਸਭਨਾਂ ਦੇ ਕੰਨ ਬੰਦ ਨੇ ।

ਤੇਰੇ ਕੱਪੜੇ ਲੀਰਾਂ 'ਤੇ ਹਾਲਤ ਫ਼ਕੀਰਾਂ ;
ਸਭਨਾਂ ਪਾ ਕੇ ਲਕੀਰਾਂ, ਡੇਗੀਆਂ ਜ਼ਮੀਰਾਂ ;
ਜਿੱਥੋਂ ਵਗਦਾ ਪਿਆ ਏ ਖੂਨ ਲਾਲ ।
ਸਭਨਾਂ ਦੇ ਕੰਨ ਬੰਦ ਨੇ ।

ਮਾਰ ਮਹਫ਼ਿਲਾਂ ਨੂੰ ਲੱਤ, ਹੈਣ ਭਲੇ ਚੰਗੇ ਸੱਥ ;
ਤੇਰਾ ਖਿੱਚ ਰਹੇ ਰੱਤ, ਇਹ ਪਛਾਣ ਲੈ ਤੂੰ ਹੱਥ ;
ਨਹੀਂ ਤਾਂ ਬਚਣਾ ਹੋ ਜਾਣਾ ਏਂ ਮੁਹਾਲ ।
ਸਭਨਾਂ ਦੇ ਕੰਨ ਬੰਦ ਨੇ ।

ਮੈਂ ਲਟਕ ਲਟਕ ਜਾਂਦੀ ਮੈਨੂੰ ਲਟਕ ਲੱਗੀ ਤੇਰੀ

ਮੈਂ ਲਟਕ ਲਟਕ ਜਾਂਦੀ ਮੈਨੂੰ ਲਟਕ ਲੱਗੀ ਤੇਰੀ ।
ਪਹਿਲਾਂ ਵੀ ਕੁਝ ਮਸਤੀ ਸੀ ਹੁਣ ਮਟਕ ਲੱਗੀ ਤੇਰੀ ।

ਬਦਲਾਂ ਦੇ ਘੋੜੇ ਚੜ੍ਹ ਮੈਂ ਉਡਦੀ ਰਹਿੰਦੀ ਸਾਂ ।
ਡਾਰ ਵੇਖ ਪੰਛੀਆਂ ਦੀ ਮੈਂ ਬਿਦਦੀ ਰਹਿੰਦੀ ਸਾਂ ।
ਹਵਾ ਨਾਲ ਗੱਲਾਂ ਕਰਦੀ ਮੈਂ ਜਿਦਦੀ ਰਹਿੰਦੀ ਸਾਂ ।
ਨੈਣ ਨੀਵੇਂ ਹੋ ਰੁਕ ਗਏ ਜਾਂ ਅਟਕ ਲੱਗੀ ਤੇਰੀ ।

ਮੈਂ ਕਲੀਆਂ ਨੂੰ ਵਿੰਹਦੀ ਜਾਂ ਸੀ 'ਕੱਲੀ ਹੀ ਹੱਸਦੀ ।
ਇੰਞ ਲਗਦਾ ਸੀ ਦੁਨੀਆਂ ਹੈ ਮੇਰੇ ਨਾਲ ਵੱਸਦੀ ।
ਕੋਸੀ ਧੁੱਪ ਸਰਦੀ ਦੀ ਸੀ ਤਲੀਆਂ ਨੂੰ ਝੱਸਦੀ ।
ਝਟਕੇ ਸਭ ਖ਼ਿਆਲ ਗਏ ਜਾਂ ਝਟਕ ਲੱਗੀ ਤੇਰੀ ।

ਕੋਈ ਸਹੇਲੀ ਆ ਮੇਰੀ ਜਾਂ ਗੱਲਾਂ ਸੀ ਕਰਦੀ ।
ਜੀ ਕਦੇ ਜੇ ਕਰਦਾ ਸੀ ਤਾਂ ਹੁੰਘਾਰਾ ਸੀ ਭਰਦੀ ।
ਜਿਹੜਾ ਵੀ ਦਾਅ ਲਾਉਂਦੀ ਨਾ ਕੋਈ ਸੀ ਹਰਦੀ ।
ਨਦੀ ਹਟਕੀ ਸੋਚਾਂ ਦੀ ਜਾਂ ਹਟਕ ਲੱਗੀ ਤੇਰੀ ।

ਕੋਈ ਪਤੰਗ ਬਿਨ ਡੋਰ ਜਿਉਂ ਮੈਂ ਉਪਰ ਘੁੰਮਦੀ ਸਾਂ ।
ਅਸਮਾਨੀ ਲਟਕੰਦੜੇ ਜੋ ਸਭ ਮੋਤੀ ਚੁੰਮਦੀ ਸਾਂ ।
ਤਾਰਿਆਂ ਦੇ ਰਾਹ ਔਖੇ ਪਰ ਮੈਂ ਨਾ ਗੁੰਮਦੀ ਸਾਂ ।
ਜਖ਼ਮੀ ਦਿਲ ਵੀ ਨੱਚ ਉੱਠਿਆ ਜਾਂ ਕਟਕ ਲੱਗੀ ਤੇਰੀ ।

ਮੈਂ ਲਟਕ ਲਟਕ ਜਾਂਦੀ ਮੈਨੂੰ ਲਟਕ ਲੱਗੀ ਤੇਰੀ ।
ਪਹਿਲਾਂ ਵੀ ਕੁਝ ਮਸਤੀ ਸੀ ਹੁਣ ਮਟਕ ਲੱਗੀ ਤੇਰੀ ।

ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ

ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ
ਲੰਬੀ ਚੁੱਪ-ਨੀਂਦ ਮੈਂ ਸੌਂ ਗਿਆ ਸੁਫ਼ਨੇ ਜਗਾ ਦਿੱਤੇ

ਮੈਂ ਹੱਸਦਾ ਹੱਸਦਾ ਰੋ ਪਿਆ ਤੇਰੀ ਯਾਦ ਆਈ ਜਾਂ
ਮੈਂ ਮਾਰੂਥਲ ਦਾ ਵਾਸੀ ਸਾਂ ਉਹਨੇ ਕਰ ਦਿੱਤੀ ਆ ਛਾਂ
ਚਿੱਟੇ ਦੁੱਧ ਦਿਨ ਦੇ ਅੰਦਰ ਵੀ ਤਾਰੇ ਟਿਮਕਾ ਦਿੱਤੇ
ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ
ਲੰਬੀ ਚੁੱਪ-ਨੀਂਦ ਮੈਂ ਸੌਂ ਗਿਆ ਸੁਫ਼ਨੇ ਜਗਾ ਦਿੱਤੇ

ਕਲੀਆਂ ਨੇ ਖਿੜਨਾ ਖਿੜ ਪਈਆਂ ਪੱਤੀਆਂ ਹੱਸ ਪਈਆਂ
ਉਹਨਾਂ ਦੇ ਹਾਸੇ ਵਿੱਚੋਂ ਹੀ ਦੋ ਬੂੰਦਾਂ ਵੱਸ ਪਈਆਂ
ਉਹ ਤ੍ਰੇਲ ਉਨ੍ਹਾਂ ਦੇ ਨੈਣਾਂ ਦੀ ਹੱਥ ਵੀ ਜਲਾ ਦਿੱਤੇ
ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ
ਲੰਬੀ ਚੁੱਪ-ਨੀਂਦ ਮੈਂ ਸੌਂ ਗਿਆ ਸੁਫ਼ਨੇ ਜਗਾ ਦਿੱਤੇ

ਕਿਉਂ ਨੇ ਦੂਰ ਮੈਥੋਂ ਜਾ ਰਹੇ ਮੇਰੇ ਖ਼ਿਆਲ ਵੀ
ਇਹ ਤਾਂ ਤੂੰ ਦੱਸ ਜਾ ਆਕੇ ਕੀਤੀ ਸਾਡੇ ਨਾਲ ਕੀ
ਕਿਉਂ ਗ਼ਮ ਦੇ ਬੁਝੇ ਹੋਏ ਦੀਵੇ ਆ ਫੇਰ ਜਗਾ ਦਿੱਤੇ
ਆਜਾ ਵੇ ਸੱਜਣਾਂ ਯਾਦ ਤੇਰੀ ਹੰਝੂ ਲਿਆ ਦਿੱਤੇ
ਲੰਬੀ ਚੁੱਪ-ਨੀਂਦ ਮੈਂ ਸੌਂ ਗਿਆ ਸੁਫ਼ਨੇ ਜਗਾ ਦਿੱਤੇ

ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ

ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ
ਘਰ ਉਹਨੂੰ ਕੋਈ ਕੀ ਆਖੇ ਬਣਿਆਂ ਉਹ ਆਸ਼ਿਕ ਡੇਰਾ

ਮਾਂ ਪਈ ਲੈਲਾ ਨੂੰ ਪੁਛਦੀ, 'ਕਿੰਨੇ ਨੇ ਆਸ਼ਿਕ ਤੇਰੇ
ਜਿਧਰ ਮੈਂ ਮੂੰਹ ਨੂੰ ਫੇਰਾਂ ਮਜਨੂੰ ਨੇ ਘਰ ਵਿੱਚ ਮੇਰੇ
ਮੈਨੂੰ ਤੂੰ ਆਪ ਦੱਸ ਦੇ ਕਿਹੜਾ ਏ ਮਜਨੂੰ ਤੇਰਾ'
ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ
ਘਰ ਉਹਨੂੰ ਕੋਈ ਕੀ ਆਖੇ ਬਣਿਆਂ ਉਹ ਆਸ਼ਿਕ ਡੇਰਾ

ਸੋਚਾਂ ਵਿੱਚ ਲੈਲਾ ਪੈ ਗਈ ਸੁਝਦੀ ਨਾ ਗੱਲ ਕੋਈ
ਖਹਿੜਾ ਛੁਡਾਉਣੇ ਵਾਲਾ ਲਭਦਾ ਨਾ ਵੱਲ ਕੋਈ
ਕੰਨ ਵਿੱਚ ਗੱਲ ਮਾਂ ਨੂੰ ਕਹਿੰਦੀ ਵੇਖ ਕੇ ਚਾਰ ਚੁਫੇਰਾ
ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ
ਘਰ ਉਹਨੂੰ ਕੋਈ ਕੀ ਆਖੇ ਬਣਿਆਂ ਉਹ ਆਸ਼ਿਕ ਡੇਰਾ

'ਲੈਲਾ ਹੈ ਖ਼ੂਨ ਮੰਗਦੀ' ਮਾਂ ਆ ਕੇ ਸੁਣਾਉਂਦੀ ਐ
ਝੂਠੀ ਸਭ ਆਸ਼ਿਕ ਟੋਲੀ ਚਾਲੇ ਪਈ ਪਾਉਂਦੀ ਐ
ਮਜਨੂੰ ਹੋ ਅੱਗੇ ਕਹਿੰਦਾ, 'ਖ਼ੂਨ ਹੈ ਹਾਜ਼ਰ ਮੇਰਾ'
ਲੈਲਾ ਦੇ ਘਰ ਦੇ ਗਿਰਦੇ ਆਸ਼ਕਾਂ ਪਾਇਆ ਘੇਰਾ
ਘਰ ਉਹਨੂੰ ਕੋਈ ਕੀ ਆਖੇ ਬਣਿਆਂ ਉਹ ਆਸ਼ਿਕ ਡੇਰਾ

ਆ ਗਈਆਂ ਕਣੀਆਂ

ਆ ਗਈਆਂ ਕਣੀਆਂ, ਸਹੀਓ ਆ ਗਈਆਂ ਕਣੀਆਂ ।
ਇੰਦਰ ਹੱਥੋਂ ਕਾਹਲੀ ਦੇ ਵਿਚ ਖਿੰਡ ਗਈਆਂ ਮਣੀਆਂ ।

ਜੱਟ ਵਿੰਹਦਾ ਸੀ ਬੱਦਲਾਂ ਵੱਲੇ,
ਜਿੱਦਾਂ ਸੋਚਣ ਜੋਗੀ ਝੱਲੇ,
ਕਦੀ ਬੋਲੇ ਕਦੀ ਅੱਡੇ ਪੱਲੇ,
ਨੈਣੀਂ ਸਾਗਰ ਹੰਝੂਆਂ ਮੱਲੇ ।
ਤਾਂਘੀਂ ਫੁੱਲ ਖਿੜਾ ਗਈਆਂ ਕਣੀਆਂ ।

ਲੂ ਕਰਦੀ ਏ ਮਾਰੋ-ਮਾਰਾਂ,
ਪਪੀਹਾ ਲੋਚੇ ਪੈਣ ਫੁਹਾਰਾਂ,
ਜੇਠ-ਹਾੜ ਵਿਚ ਆਣ ਬਹਾਰਾਂ,
ਤੀਆਂ ਯਾਦ ਕਰਨ ਮੁਟਿਆਰਾਂ,
ਤਪਦੀ ਅਗਨ ਬੁਝਾ ਗਈਆਂ ਕਣੀਆਂ ।

ਬੱਚੇ ਕਿਧਰੇ ਗੁੱਡੀਆਂ ਫੂਕਣ,
ਤੱਤੀ ਵਾਅ ਦੇ ਝੋਕੇ ਸ਼ੂਕਣ,
ਪਸ਼ੂ-ਪੰਛੀ ਵੀ ਪਏ ਕੂਕਣ,
ਵਾਅ-ਵਰੋਲੇ ਕਿਧਰੇ ਘੂਕਣ,
ਸਭਨਾਂ ਤਾਈਂ ਸੁਲਾ ਗਈਆਂ ਕਣੀਆਂ ।

ਮੱਲੋਮੱਲੀ ਪਸੀਨਾ ਚੋਵੇ,
ਪਿੰਡਾ ਪਾਣੀ ਬਾਝੋਂ ਧੋਵੇ,
ਕੋਈ ਦੱਸੋ ਕੰਮ ਕੀ ਹੋਵੇ,
ਰੁੱਖਾਂ ਦਾ ਵੀ ਸਾਹ ਬੰਦ ਹੋਵੇ,
ਸਭ ਵਿਚ ਜ਼ਿੰਦਗੀ ਪਾ ਗਈਆਂ ਕਣੀਆਂ ।

ਵੀਰ ਵਹੁਟੀਆਂ ਨਿਕਲ ਆਈਆਂ,
ਕੁੜੀਆਂ ਨੇ ਵੀ ਪੀਂਘਾਂ ਪਾਈਆਂ,
ਮੋਰਾਂ ਨੇ ਵੀ ਹੇਕਾਂ ਲਾਈਆਂ,
ਸਭ ਪਾਸੇ ਖ਼ੁਸ਼ੀਆਂ ਨੇ ਛਾਈਆਂ,
ਸੁੱਕੇ ਚਮਨ ਖਿੜਾ ਗਈਆਂ ਕਣੀਆਂ ।

ਚੁੱਪ ਰਹਿਣ ਨਾ ਦੇਵੇ, ਮੇਰੇ ਗੀਤਾਂ ਦਾ ਪਰਿੰਦਾ

ਚੁੱਪ ਰਹਿਣ ਨਾ ਦੇਵੇ, ਮੇਰੇ ਗੀਤਾਂ ਦਾ ਪਰਿੰਦਾ ।
ਟਿਕ ਬਹਿਣ ਨਾ ਦੇਵੇ, ਮੇਰੇ ਗੀਤਾਂ ਦਾ ਪਰਿੰਦਾ ।

ਕਦੀ ਕੋਈ ਗੱਲ ਪੁੱਛੇ, ਕਦੀ ਕੋਈ ਗੱਲ ਦੱਸੇ ।
ਕਦੀ ਬੁੱਕੀਂ ਹੰਝੂ ਰੋਵੇ, ਕਦੀ ਖਿੜ ਖਿੜਕੇ ਹੱਸੇ ।
ਬ੍ਰਿਹੁੰ-ਭੱਠੀ ਵਿਚ ਤਪ ਕੇ, ਰਿਹਾ ਫਿਰ ਵੀ ਇਹ ਜਿੰਦਾ ।

ਤਪਦੇ ਥਲਾਂ 'ਤੇ ਉੱਡੇ ਗੱਲਾਂ ਸੱਸੀ ਦੀਆਂ ਕਰਦਾ ।
ਜਾ ਖਲੋ ਝਨਾਂ ਦੇ ਕੰਢੇ ਕੱਚੇ ਘੜੇ ਨਾਲ ਲੜਦਾ ।
ਇਹ ਦੂਤੀਆਂ ਦਾ ਵੈਰੀ, ਪਰ ਪ੍ਰੀਤ ਦਾ ਕਰਿੰਦਾ ।

ਇਹ ਸਾਗਰਾਂ ਤੇ ਜਾ ਕੇ ਉਨ੍ਹਾਂ ਦੀ 'ਵਾਜ਼ ਸੁਣਦਾ ।
ਚੁਕ ਚੁਕ ਵਣਾਂ 'ਚੋਂ ਤੀਲੇ, ਆਲ੍ਹਣਾ ਕੋਈ ਬੁਣਦਾ ।
ਸੁਹਣੀ ਰੁੱਤ ਘੁੰਡ ਲਾਹੇ, ਬਣ ਜਾਂਦਾ ਇਹ ਸਾਜ਼ਿੰਦਾ ।

ਬਿਜਲੀ ਦੀ ਚਮਕ ਤੱਕੇ ਇਹ ਉਹਦੇ ਕੋਲ ਜਾਵੇ ।
ਬੱਦਲਾਂ ਦੀ ਗਰਜ ਕੋਲੋਂ ਲੈ ਕੇ ਸੁਨੇਹੇ ਆਵੇ ।
ਪੈਂਦੀ ਫੁਹਾਰ ਜਦ ਵੀ, ਇਹ ਰੂਹ ਨੂੰ ਖੋਲ੍ਹ ਦਿੰਦਾ ।

ਵਿਸਾਖੀ ! ਤੇਰੀ ਬੁੱਕਲ ਦੇ ਵਿਚ

ਵਿਸਾਖੀ ! ਤੇਰੀ ਬੁੱਕਲ ਦੇ ਵਿਚ,
ਛੁਪੀਆਂ ਹੋਈਆਂ ਕਈ ਗੱਲਾਂ ਨੀ ।
ਕਿਤੇ ਗੱਭਰੂ ਪਾਉਂਦੇ ਭੰਗੜੇ ਨੇ,
ਕਿਤੇ ਕੁਰਬਾਨੀ ਦੀਆਂ ਛੱਲਾਂ ਨੀ ।

ਖੜਾ ਗੋਬਿੰਦ ਸਾਨੂੰ ਦਿਸਦਾ ਏ,
ਗੱਲ ਜਿਸਦੀ ਨੂੰ ਕੰਨ ਸੁਣ ਰਹੇ ਨੇ ।
ਖਿੰਡਰੇ-ਪੁੰਡਰੇ ਹੋਏ ਪੰਥ ਵਿੱਚੋਂ,
ਕੁਝ ਲਾਲ ਅਮੋਲਕ ਚੁਣ ਰਹੇ ਨੇ ।
ਜਿਨ੍ਹਾਂ ਰੁੜ੍ਹਦੇ ਜਾਂਦੇ ਧਰਮ ਤਾਈਂ,
ਪਾ ਦਿੱਤੀਆਂ ਸਨ ਠੱਲਾਂ ਨੀ ।

ਯਾਦ ਆਵੇ ਬਾਗ਼ ਜੱਲ੍ਹਿਆਂਵਾਲਾ,
ਜਿੱਥੇ ਹੜ੍ਹ ਸਨ ਖ਼ੂਨ ਵਗਾ ਦਿੱਤੇ ।
ਆਜ਼ਾਦੀ ਦੇ ਸ਼ੋਲੇ ਹੋਰ ਸਗੋਂ,
ਉਸ ਖ਼ੂਨ ਦੀ ਲਾਲੀ ਮਘਾ ਦਿੱਤੇ ।
ਖ਼ੂਨ ਡੁਲ੍ਹਿਆ ਜੋ ਪਰਵਾਨਿਆਂ ਦਾ,
ਉਸਨੇ ਪਾਈਆਂ ਤਰਥੱਲਾਂ ਨੀ ।

ਅੱਜ ਵੱਜਦੇ ਕਿਧਰੇ ਢੋਲ ਸੁਣਨ,
ਕਿਸਾਨ ਪਏ ਭੰਗੜੇ ਪਾਉਂਦੇ ਨੇ ।
ਮੁਟਿਆਰਾਂ ਦੇ ਗਿੱਧੇ ਲੋਕਾਂ ਦੇ,
ਸੋਹਲ ਦਿਲਾਂ ਤਾਈਂ ਹਿਲਾਉਂਦੇ ਨੇ ।
ਇਸ ਖੁਸ਼ੀ ਦੀ ਲੋਰ ਮੇਰਾ ਜੀਅ ਕਰਦਾ,
ਅੱਜ ਨੀਰ ਵਾਂਗ ਵਹਿ ਚੱਲਾਂ ਨੀ ।

(੧੯੭੦)

  • ਮੁੱਖ ਪੰਨਾ : ਸੰਪੂਰਣ ਕਾਵਿ ਰਚਨਾਵਾਂ, ਕਰਮਜੀਤ ਸਿੰਘ ਗਠਵਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ