Punjabi Poetry : Ashraf Suhail

ਪੰਜਾਬੀ ਕਵਿਤਾ : ਅਸ਼ਰਫ਼ ਸੁਹੇਲ

1. ਜੰਗਲ ਦਾ ਗੀਤ

ਇਹ ਜੰਗਲ ਸਾਡਾ ਮੋਰਾਂ ਦਾ। ਇਹ ਮੋਰਾਂ ਚੰਨ ਚਕੋਰਾਂ ਦਾ।
ਇਹ ਜੰਗਲ ਸਾਡਾ ਮੋਰਾਂ ਦਾ ।

ਜਾਂ ਫ਼ਜ਼ਰੇ ਦੀ ’ਵਾ ਝੁੱਲੇ ਪਈ। ਫੁੱਲਾਂ ਦੇ ਵਰਕੇ ਥੱਲੇ ਪਈ।
ਖ਼ੁਸ਼ਬੂ ਵੀ ਰਸਤੇ ਭੁੱਲੇ ਪਈ। ਮੀਂਹ ਵਰਦਾ ਇੱਥੇ ਜ਼ੋਰਾਂ ਦਾ।
ਇਹ ਜੰਗਲ ਸਾਡਾ ਮੋਰਾਂ ਦਾ।

ਇੱਕ ਰੋਜ਼ ਸ਼ਿਕਾਰੀ ਧਾਏ ਸੀ। ਆ ਜਾਲ ਉਹਨਾਂ ਨੇ ਲਾਏ ਸੀ।
ਇਕ ਰਾਜਾ ਰਾਣੀ ਆਈ ਸੀ। ਦਾਅ ਲੱਗਾ ਕਾਲੇ ਚੋਰਾਂ ਦਾ।
ਇਹ ਜੰਗਲ ਸਾਡਾ ਮੋਰਾਂ ਦਾ।

ਉਹ ਬਾਬਲ ਮੇਰਾ, ਮੇਰੀ ਮਾਂ, ਲੈ ਗਏ ਸ਼ਿਕਾਰੀ ਕਿਹੜੀ ਥਾਂ।
ਮੈਂ ਕਹਿੰਦਾ ਕੀ ਮੈਂ ਗੂੰਗਾ ਸਾਂ, ਮੂੰਹ ਵੇਖ ਰਿਹਾ ਸਾਂ ਹੋਰਾਂ ਦਾ।
ਇਹ ਜੰਗਲ ਸਾਡਾ ਮੋਰਾਂ ਦਾ।
ਇਹ ਮੋਰਾਂ ਚੰਨ ਚਕੋਰਾਂ ਦਾ।

2. ਕਾਂ ਬੋਲ

ਰੁੱਖ ਦੀ ਉੱਚੀ ਟਾਹਣੀ ਉੱਤੇ
ਬੈਠਾ ਬੋਲੇ ਕਾਂ
ਸਜਣੋ! ਬੋਲੀ ਉਹੀਓ ਚੰਗੀ
ਜਿਹੜੀ ਬੋਲੇ ਮਾਂ

ਮਾਂ ਬੋਲੀ ਤੋਂ ਟੁੱਟਣ ਵਾਲੇ
ਜੜਾਂ ਇਹਦੀਆਂ ਪੁੱਟਣ ਵਾਲੇ
ਰੁਲਦੇ ਨੇ ਥਾਂ ਥਾਂ

ਰੁੱਸ ਜਾਂਦੀ ਫਿਰ ਉਨ੍ਹਾਂ ਕੋਲੋਂ
ਜ਼ੰਨਤ ਵਰਗੀ ਛਾਂ
ਰੁਖ ਦੀ ਉੱਚੀ ਟਾਹਣੀ ਉੱਤੇ
ਬੈਠਾ ਬੋਲੇ ਕਾਂ
(ਲਿਪੀਅੰਤਰ: ਦਰਸ਼ਨ ਸਿੰਘ ਆਸ਼ਟ)

3. ਗਾਲੜ੍ਹ

ਗਾਲੜ੍ਹ ਸਾਡੀ ਛੱਤ 'ਤੇ ਆਉਂਦਾ।
ਮੈਂ ਕੁਝ ਉਸ ਨੂੰ ਕਹਿਣਾ ਚਾਹੁੰਦਾ।

ਰੋਟੀ ਉਸ ਨੂੰ ਪਾਉਣੀ ਚਾਹੁੰਦਾ।
ਉਸ ਨਾਲ ਸਾਂਝ ਵਧਾਉਣੀ ਚਾਹੁੰਦਾ।

ਪਰ ਉਹ ਵੇਖ ਕੇ ਮੈਨੂੰ ਡਰਦਾ।
ਪੂਛਲ ਚੁੱਕ ਕੇ ਜਾਵੇ ਭੱਜਦਾ।

ਪਰ ਉਸ ਨੂੰ ਕਿਹੜਾ ਸਮਝਾਵੇ?
'ਆਮਰ' ਉਸ ਨੂੰ ਕਿੰਨਾ ਚਾਹਵੇ?

4. ਪੜ੍ਹਿਆ ਬਾਂਦਰ

ਵਿਚ ਸਕੂਲੇ ਬਾਂਦਰ ਆਇਆ,
ਹੱਥ ਤਖ਼ਤੀ, ਗਲ ਬਸਤਾ ਪਾਇਆ।
ਕਹਿੰਦਾ ਸੀ, 'ਮੈਂ ਪੜ੍ਹਨਾ ਚਾਹਵਾਂ।
ਇਲਮ ਦੀ ਪੌੜੀ ਚੜ੍ਹਦਾ ਜਾਵਾਂ।
ਹੋਮਵਰਕ ਕਰ ਆਵਾਂਗਾ ਮੈਂ,
ਸੁੰਦਰ ਲਿਖਤ ਬਣਾਵਾਂਗਾ ਮੈਂ।
ਪੜ੍ਹ-ਲਿਖ ਕੇ ਮੈਂ ਇਹੀਓ ਚਾਹਵਾਂ,
ਇਲਮ ਦੇ ਦੀਵੇ ਹੋਰ ਜਗਾਵਾਂ।
ਜੰਗਲ ਦੇ ਵਿਚ ਸਭ ਅਨਪੜ੍ਹ,
ਮੈਂ ਸਭ ਦਾ ਬਣਨਾ ਟੀਚਰ।'

5. ਆਲ੍ਹਣਾ

ਤੀਲ੍ਹਾ ਤੀਲ੍ਹਾ ਮੂੰਹ ਵਿਚ ਪਾਇਆ,
ਚਿੜੀ ਆਲ੍ਹਣਾ ਖੂਬ ਸਜਾਇਆ।
ਫਿਰ ਉਸ ਵਿਚ ਦੋ ਦਿੱਤੇ ਆਂਡੇ,
ਚਿੜਾ ਵਿਚਾਰਾ ਮਾਂਜੇ ਭਾਂਡੇ।
ਤੀਲ੍ਹੇ ਹੇਠਾਂ ਡਿਗਦੇ ਰਹਿੰਦੇ,
ਅੰਮੀ ਜੀ ਗੁੱਸੇ ਵਿਚ ਕਹਿੰਦੇ-
'ਪਾਉਣ ਪਖੇਰੂ ਡਾਢਾ ਗੰਦ।
ਕਰੋ ਇਨ੍ਹਾਂ ਦਾ ਆਉਣਾ ਬੰਦ।'
ਅੰਮੀ ਅੱਗੇ ਤਰਲਾ ਪਾਇਆ,
ਮੈਂ ਉਨ੍ਹਾਂ ਨੂੰ ਮਸਾਂ ਮਨਾਇਆ।
ਆਂਡਿਆਂ ਵਿਚੋਂ ਨਿਕਲੇ ਬੱਚੇ,
ਚੀਂ-ਚੀਂ ਸੁਣ ਕੇ ਦੋਸਤ ਨੱਚੇ।
ਘਰ ਵਿਚ ਚੰਗੀ ਰੌਣਕ ਹੋ ਗਈ,
ਫਿਰ ਬੋਟਾਂ ਨਾਲ ਚਿੜੀ ਔਹ ਗਈ।

6. ਨਾਂਅ ਮੇਰਾ ਸੁਹੇਲ

ਨਾਂਅ ਮੇਰਾ ਮਾਪਿਆਂ ਨੇ, ਰੱਖਿਆ ਸੁਹੇਲ ਏ।
ਹਾਕੀ-ਫੁੱਟਬਾਲ, ਮੇਰੀ ਮਰਜ਼ੀ ਦਾ ਖੇਲ੍ਹ ਏ।
ਰਹਿੰਨਾ ਮੈਂ ਲਾਹੌਰ ਵਿਚ ਜਿਹੜਾ ਮਸ਼ਹੂਰ ਏ।
ਧੁੰਮ ਇਹਦੀ ਦੁਨੀਆ 'ਚ, ਪਈ ਦੂਰ-ਦੂਰ ਏ।
ਜੇ ਕਦੀ ਘਰ ਦਾ ਮੈਂ ਰਾਹ ਭੁੱਲ ਜਾਨਾ ਵਾਂ।
ਉਸੇ ਵੇਲੇ ਪਾਪਾ ਨੂੰ, ਮੈਂ ਫੋਨ 'ਤੇ ਬੁਲਾਨਾ ਵਾਂ।
ਨੰਬਰ ਮੇਰੇ ਫੋਨ ਦਾ, ਤੁਸੀਂ ਵੀ ਨੋਟ ਕਰ ਲਵੋ।
ਹੋ ਸਕੇ ਤਾਂ ਕਿਸੇ ਵੇਲੇ, ਯਾਦ ਮੈਨੂੰ ਕਰ ਲਵੋ।
ਛੇ, ਅੱਠ, ਪੰਜ, ਸਿਫਰ, ਡਬਲ ਛੇ, ਨੌਂ।
ਇਹ ਚੇਤੇ ਰੱਖਣਾ, ਮੈਂ ਜਾਨਾ ਛੇਤੀ ਸੌਂ।

7. ਭਾਲੂ ਨੱਚਿਆ

ਸਾਡੀ ਗਲੀ 'ਚ ਭਾਲੂ ਨੱਚਿਆ,
ਬਾਲਾਂ ਦੇ ਵਿਚ ਸ਼ੋਰ ਸੀ ਮੱਚਿਆ।
ਭਾਲੂ ਅਜੇ ਨਿਆਣਾ ਸੀ,
ਨਾਚ ਤੋਂ ਵੀ ਅਣਜਾਣਾ ਸੀ।
ਫਿਰ ਵੀ ਲੱਕ ਮਟਕਾਂਦਾ ਸੀ ਉਹ,
ਨਾਚ ਕਦੇ ਭੁੱਲ ਜਾਂਦਾ ਸੀ ਉਹ।
ਛੇਤੀ ਸੀ ਚੜ੍ਹ ਜਾਂਦਾ ਸਾਹ,
ਬਹਿ ਜਾਂਦਾ ਮੂੜ੍ਹੇ 'ਤੇ ਆ।
ਮਾਲਕ ਉਸ 'ਤੇ ਗੁੱਸਾ ਝਾੜੇ,
ਭਾਲੂ ਕਹਿੰਦਾ 'ਹਾੜ੍ਹੇ ਹਾੜ੍ਹੇ'।
ਕੁਝ ਦਿਨ ਤੱਕ ਸਿੱਖ ਜਾਵਾਂਗਾ ਮੈਂ,
ਡਿਸਕੋ-ਨਾਚ ਵਿਖਾਵਾਂਗਾ ਮੈਂ।
(ਲਿਪੀਅੰਤਰ : ਦਰਸ਼ਨ ਸਿੰਘ ਆਸ਼ਟ)
(ਇਸ ਰਚਨਾ 'ਤੇ ਕੰਮ ਜਾਰੀ ਹੈ)