Punjabi Poetry : Dr. Jagtar

ਪੰਜਾਬੀ ਗ਼ਜ਼ਲਾਂ/ਕਵਿਤਾਵਾਂ : ਡਾਕਟਰ ਜਗਤਾਰ

1. ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ

ਝੜਦੇ ਨਾ ਪੱਤ ਵੇਖ ਤੂੰ ਖਿੜਦੇ ਗੁਲਾਬ ਦੇਖ ।
ਦੇ ਗਈ ਹਿਯਾਤ ਮੌਤ ਨੂੰ ਕੈਸਾ ਜਵਾਬ ਦੇਖ ।

ਅੰਦਰੋਂ ਫ਼ਟੀ ਨਾ ਹੋਵੇ ਜਾਂ ਪਹਿਲੋਂ ਈ ਕਿਸੇ ਪੜ੍ਹੀ,
ਜੈਕਟ ਤੇ ਐਵੇਂ ਰੀਝ ਨਾ ਅੰਦਰੋਂ ਕਿਤਾਬ ਦੇਖ ।

ਹੈ ਦਰਦ ਬੇਹਿਸਾਬ ਤੇ ਹਾਲੇ ਬੜੀ ਹੈ ਰਾਤ,
ਕਿੰਨੀ ਕੁ ਰਹਿ ਗਈ ਹੈ ਤੂੰ ਅਪਣੀ ਸ਼ਰਾਬ ਦੇਖ ।

ਸੂਰਜ ਦਾ ਰੰਗ ਖੁਰ ਗਿਆ ਸੰਧਿਆ ਦੀ ਝੀਲ ਵਿੱਚ,
ਦਰਦਾਂ ਦੇ ਮਹਿਕ ਉਠੇ ਨੇ ਏਧਰ ਗੁਲਾਬ ਦੇਖ ।

ਤੋਤਾ, ਕਦੇ ਹੈ ਬਾਘ ਤੇ ਖ਼ਰਗੋਸ਼ ਹੈ ਕਦੇ,
ਇਕ ਆਦਮੀ ਦੇ ਕੋਲ ਨੇ ਕਿੰਨੇ ਨਕਾਬ ਦੇਖ ।

ਕਿੰਨੇ 'ਯਜ਼ੀਦ' ਨੇ ਖੜੇ ਕੰਢਿਆਂ ਦੇ ਇਰਦ ਗਿਰਦ,
ਬਣਕੇ 'ਫ਼ਰਾਤ' ਰਹਿ ਗਏ, ਸਤਲੁਜ ਚਨਾਬ ਦੇਖ ।

'ਨਾਜ਼ਮ' ਤੇ 'ਪਾਬਲੋ' ਦੇ ਅਜ ਗੀਤਾਂ ਤੇ ਬੰਦਸ਼ਾਂ,
'ਜਗਤਾਰ' ਕੈਸਾ ਆ ਗਿਆ ਹੈ ਇਨਕਲਾਬ ਦੇਖ ।
(੧੯੭੩-ਸ਼ੀਸ਼ੇ ਦਾ ਜੰਗਲ)

2. ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ

ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ ।
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ ।

ਪੱਥਰ 'ਤੇ ਨਕਸ਼ ਹਾਂ ਮੈਂ, ਮਿੱਟੀ 'ਤੇ ਤਾਂ ਨਹੀਂ ਹਾਂ,
ਜਿੰਨਾ ਕਿਸੇ ਮਿਟਾਇਆ, ਹੁੰਦਾ ਗਿਆ ਡੁੰਘੇਰਾ ।

ਕਿੰਨੀ ਕੁ ਦੇਰ ਆਖ਼ਿਰ, ਧਰਤੀ ਹਨੇਰ ਜਰਦੀ,
ਕਿੰਨੀ ਕੁ ਦੇਰ ਰਹਿੰਦਾ, ਖ਼ਾਮੋਸ਼ ਖ਼ੂਨ ਮੇਰਾ ।

ਇਤਿਹਾਸ ਦੇ ਸਫ਼ੇ 'ਤੇ, ਤੇ ਵਕਤ ਦੇ ਪਰਾਂ 'ਤੇ,
ਉਂਗਲਾਂ ਡੁਬੋ ਲਹੂ ਵਿੱਚ, ਲਿਖਿਆ ਹੈ ਨਾਮ ਤੇਰਾ ।

ਹਰ ਕਾਲ ਕੋਠੜੀ ਵਿੱਚ ਤੇਰਾ ਹੈ ਜ਼ਿਕਰ ਏਦਾਂ,
ਗਾਰਾਂ 'ਚ ਚਾਂਦਨੀ ਦਾ, ਹੋਵੇ ਜਿਵੇਂ ਬਸੇਰਾ ।

ਆ ਆ ਕੇ ਯਾਦ ਤੇਰੀ, ਜੰਗਲ ਗ਼ਮਾਂ ਦਾ ਚੀਰੇ,
ਜੁਗਨੂੰ ਹੈ ਚੀਰ ਜਾਂਦਾ, ਜਿਉਂ ਰਾਤ ਦਾ ਹਨੇਰਾ ।

ਪੈਰਾਂ 'ਚ ਬੇੜੀਆਂ ਨੇ, ਨਚਦੇ ਨੇ ਲੋਕ ਫਿਰ ਵੀ,
ਕਿਉਂ ਵੇਖ ਵੇਖ ਉੱਡਦੈ, ਚਿਹਰੇ ਦਾ ਰੰਗ ਤੇਰਾ ।

ਮੇਰੇ ਵੀ ਪੈਰ ਚੁੰਮ ਕੇ, ਇਕ ਦਿਨ ਕਹੇਗੀ ਬੇੜੀ,
ਸਦ ਸ਼ੁਕਰ ਹੈ ਕਿ ਆਇਐ, ਮਹਿਬੂਬ ਅੰਤ ਮੇਰਾ ।
(੧੯੭੬)

3. ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇ ਮੁਸਕਰਾਵਾਂਗਾ

ਮੈਂ ਸ਼ੀਸ਼ਾ ਹਾਂ ਜਦੋਂ ਵੀ ਮੁਸਕਰਾਵੇ ਮੁਸਕਰਾਵਾਂਗਾ ।
ਜ਼ਰਾ ਮੱਥੇ 'ਤੇ ਵਟ ਵੇਖੇ, ਉਥਾਂਈਂ ਤਿੜਕ ਜਾਵਾਂਗਾ ।

ਮੈਂ ਸੁਣਿਆ ਹੈ ਕਿ ਤੇਰੇ ਸ਼ਹਿਰ ਅਜ ਕਲ੍ਹ ਕਰਫ਼ਿਓ ਲੱਗੈ,
ਨਤੀਜਾ ਕੁਝ ਵੀ ਨਿਕਲੇ, ਪਰ ਮੈਂ ਆਵਾਂਗਾ ਮੈਂ ਆਵਾਂਗਾ ।

ਜੇ ਬਣ ਕੇ ਬਿਰਖ ਤੂੰ ਉੱਗੀ ਤਾਂ ਤੈਥੋਂ ਜਰ ਨਹੀਂ ਹੋਣਾ,
ਜਾਂ ਬਿਜੜਾ ਬਣ ਕੇ ਤੇਰੀ ਹਰ ਲਗਰ ਤੇ ਘਰ ਬਣਾਵਾਂਗਾ ।

ਕਦੇ ਜੁਗਨੂੰ, ਕਦੇ ਤਾਰਾ, ਕਦੇ ਮੈਂ ਅੱਥਰੂ ਬਣ ਕੇ,
ਤਿਰੇ ਵਿਹੜੇ, ਕਦੇ ਝਿੰਮਣੀ ਤਿਰੀ ਤੇ ਝਿਲਮਲਾਵਾਂਗਾ ।

ਮਿਰੀ ਨਗਰੀ ਹੈ ਜ਼ਹਿਰੀਲੀ ਤੇ ਘਰ ਦੀ ਧਰਤ ਪਥਰੀਲੀ,
ਲਿਜਾ ਕੇ ਰਾਤ ਦੀ ਰਾਣੀ ਮੈਂ ਕਿਸ ਵਿਹੜੇ 'ਚ ਲਾਵਾਂਗਾ ।

ਉਡੀਕਾਂਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ,
ਕੀ ਆਖੇਗੀ ਫ਼ਜਰ ਜਦ ਹਾਰ ਕੇ ਦੀਵੇ ਬੁਝਾਵਾਂਗਾ ।

ਜੁਦਾ ਹੋਇਆ ਤਾਂ ਹੋਵਾਂਗਾ ਜੁਦਾ ਖ਼ੁਸ਼ਬੂ ਤਰ੍ਹਾਂ ਤੈਥੋਂ,
ਨਿਭੀ ਤਾਂ ਰੰਗ ਵਾਂਗੂੰ ਆਖ਼ਰੀ ਦਮ ਤਕ ਨਿਭਾਵਾਂਗਾ ।

ਮੁਹੱਬਤ ਨਾਲ ਜਦ 'ਜਗਤਾਰ' ਨੂੰ ਸਦਿਆ ਬੁਲਾਇਆ ਤੂੰ,
ਹਵਾ ਰੁਮਕਣ ਤੇ ਅੱਖ ਝਮਕਣ ਤੋਂ ਪਹਿਲਾਂ ਪਹੁੰਚ ਜਾਵਾਂਗਾ ।
(ਦਸੰਬਰ ੧੯੭੮)

4. ਬਾਗ਼ ਅੰਦਰ ਸੜ ਰਹੀ ਹਰ ਡਾਲ ਹੈ

ਬਾਗ਼ ਅੰਦਰ ਸੜ ਰਹੀ ਹਰ ਡਾਲ ਹੈ ।
ਫੇਰ ਵੀ ਰੰਗਾਂ ਦੀ ਸਾਨੂੰ ਭਾਲ ਹੈ ।

ਵਣ ਹਰਾ ਹੈ ਪਰ ਕਿਵੇਂ ਗੁਜ਼ਰਾਂਗਾ ਮੈਂ,
ਅੱਗ ਮੇਰੇ ਜਿਸਮ ਦੀ ਵੀ ਨਾਲ ਹੈ ।

ਮੇਰੇ ਪਿੱਛੇ ਆ ਰਹੀ ਜੋ ਪੈਰ-ਚਾਪ,
ਇਹ ਵੀ ਤਨਹਾਈ ਦੀ ਕੋਈ ਚਾਲ ਹੈ ।

ਧਰਤ ਪੀਲੀ ਅਲਫ਼-ਨੰਗੀਆਂ ਟਾਹਣੀਆਂ,
ਪੌਣ ਨੂੰ ਹਾਲੇ ਵੀ ਕਿਸ ਦੀ ਭਾਲ ਹੈ ।

ਉਲਝਿਆ ਆਦਮ ਭਲਾ ਸਮਝੇਗਾ ਕੀ,
ਧਰਤ ਸਾਰੀ ਦਰਅਸਲ ਇਕ ਜਾਲ ਹੈ ।

ਮੁਸ਼ਕਿਲਾਂ ਦਾ ਸਿਲਸਿਲਾ ਟੁਟਣਾ ਨਹੀਂ,
ਪਾਰ ਵਣ ਤੋਂ, ਪਰਬਤਾਂ ਦੀ ਪਾਲ ਹੈ ।
(੧੯੬੬)

5. ਜਦੋਂ ਮੂੰਹ-ਜ਼ੋਰ ਤੇ ਅੰਨ੍ਹੀ ਹਵਾ ਸੀ

ਜਦੋਂ ਮੂੰਹ-ਜ਼ੋਰ ਤੇ ਅੰਨ੍ਹੀ ਹਵਾ ਸੀ ।
ਮੈਂ ਦੀਵੇ ਵਾਂਗ ਚੌਰਾਹੇ ਖੜਾ ਸੀ ।

ਮਿਰੇ ਚਿਹਰੇ ਤੇ ਕੀ ਲਿਖਿਆ ਗਿਆ ਸੀ,
ਜੁਦਾ ਹੋਏ ਤਾਂ ਹਰ ਇਕ ਪੜ੍ਹ ਰਿਹਾ ਸੀ ।

ਉਹ ਭਾਵੇਂ ਮੂੰਹੋਂ-ਮੂੰਹ ਭਰਿਆ ਪਿਆ ਸੀ,
ਪਰ ਉਸਦੇ ਦਿਲ 'ਚ ਤਹਿ ਦਰ ਤਹਿ ਖ਼ਲਾ ਸੀ ।

ਮੈਂ ਜਿਸਨੂੰ ਫੜ ਕੇ ਤੇਰੇ ਸ਼ਹਿਰ ਪੁੱਜਾ,
ਮਿਰੀ ਆਵਾਜ਼ ਦਾ ਹੀ ਇਕ ਸਿਰਾ ਸੀ ।

ਸਦਾ ਗੁੰਬਦ 'ਚੋਂ ਜੀਕੂੰ ਪਰਤਦੀ ਹੈ,
ਤਿਰੇ ਸ਼ਹਿਰੋਂ ਮੈਂ ਏਦਾਂ ਪਰਤਿਆ ਸੀ ।

ਤਿਰੇ ਨੈਣਾਂ 'ਚ ਹਾਲੇ ਰਤਜਗੇ ਨੇ,
ਤੂੰ ਮੈਨੂੰ ਖ਼ਾਬ ਵਿਚ ਕਦ ਵੇਖਿਆ ਸੀ ?

ਦਰਖ਼ਤਾਂ ਦਾ ਹਰਾ ਪੁਰਸ਼ੋਰ-ਲਸ਼ਕਰ,
ਹਵਾ ਦੇ ਨਾਲ ਹੀ ਬਸ ਮਰ ਗਿਆ ਸੀ ।

ਉਹ 'ਚੰਡੀਗੜ੍ਹ' 'ਚ ਪੱਥਰ ਬਣ ਗਿਆ ਹੈ,
ਜੋ 'ਰਾਜਗੁਮਾਲ' ਵਿੱਚ ਪਾਰੇ ਜਿਹਾ ਸੀ ।
(੧੯੭੫)

6. ਮਹਿਰਮ ਦਿਲਾਂ ਦੇ ਜਾਨ ਤੋਂ ਵੀ ਲਾਡਲੇ ਲਹੌਰ

ਮਹਿਰਮ ਦਿਲਾਂ ਦੇ ਜਾਨ ਤੋਂ ਵੀ ਲਾਡਲੇ ਲਹੌਰ ।
ਹੁਣ ਤਰਸਦੇ ਹਾਂ ਜਾਣ ਨੂੰ ਉਸ ਰਾਂਗਲੇ ਲਹੌਰ ।

ਕੈਸੀ ਹੈ ਦੋਸਤੀ ਤੇ ਇਹ ਕੈਸੀ ਹੈ ਦੁਸ਼ਮਣੀ,
ਧੂੰਆਂ ਛਟੇ ਤਾਂ ਰੋ ਪਵੇ ਲਗ ਕੇ ਗਲੇ ਲਹੌਰ ।

'ਮਾਧੋ' ਦੇ ਵਾਂਗ ਹੋਏਗੀ ਹਾਲਤ 'ਹੁਸੈਨ' ਦੀ,
ਏਧਰ ਹਨੇਰ ਦਰਦ ਦਾ ਪਰ ਦਿਲ ਜਲੇ ਲਹੌਰ ।

ਪਾਰੇ ਦੇ ਵਾਂਗ ਥਰਕਦੇ ਲਾਟਾਂ ਜਿਹੇ ਬਦਨ,
ਕੀ ਦੋਸਤੋ ਨਿਕਲਦੇ ਨੇ ਹੁਣ ਦਿਨ ਢਲੇ ਲਹੌਰ ।

ਟੁਟਣੀ ਕਦੇ ਵੀ ਸਾਂਝ ਨਾ ਲੋਕਾਂ ਦੇ ਦਰਦ ਦੀ,
ਦਿੱਲੀ ਵਲੇ, ਵਲੇ ਪਿਆ ਲਖ ਵਾਗਲੇ ਲਹੌਰ ।

ਗਿੱਮੀ, ਫ਼ਖ਼ਰ, ਬਸ਼ੀਰ, ਕੁੰਜਾਹੀ, ਮੁਨੀਰ, ਇਕਬਾਲ,
ਵਸਦੇ ਨੇ ਯਾਰ ਜਿਸ ਜਗ੍ਹਾ, ਫੁੱਲੇ ਫਲੇ ਲਹੌਰ ।

ਮੇਰਾ ਸਲਾਮ ਹੈ ਮਿਰਾ ਸਜਦਾ ਹੈ ਬਾਰ ਬਾਰ,
ਕਬਰਾਂ 'ਚ ਯਾਰ ਸੌਂ ਰਹੇ ਜੋ ਰਾਂਗਲੇ ਲਹੌਰ ।

ਦਿਲ ਤੋਂ ਕਰੀਬ ਜਾਨ ਤੋਂ ਪਿਆਰਾ ਹੈ ਜੋ ਅਜੇ,
ਉਹ ਦੂਰ ਹੋ ਗਿਆ ਹੈ ਜਾ ਕੇ ਲਾਗਲੇ ਲਹੌਰ ।

'ਜਗਤਾਰ' ਦੀ ਦੁਆ ਹੈ ਤਾਂ ਤੂੰ ਰੱਬ ! ਕਬੂਲ ਕਰ,
ਦਿੱਲੀ 'ਚ ਹੋਵੇ ਚਾਨਣਾ ਦੀਵਾ ਬਲੇ ਲਹੌਰ ।
(੧੯੭੫)

7. ਇਸ ਤਰ੍ਹਾਂ ਦੇ ਦੋਸਤੋ ਸਾਨੂੰ ਸਦਾ ਰਹਿਬਰ ਮਿਲੇ

ਇਸ ਤਰ੍ਹਾਂ ਦੇ ਦੋਸਤੋ ਸਾਨੂੰ ਸਦਾ ਰਹਿਬਰ ਮਿਲੇ ।
ਸਾਥੀਆਂ ਦੇ ਥਾਂ-ਗਥਾਂ, ਮੰਜ਼ਿਲਾਂ ਜਗ੍ਹਾ ਪਿੰਜਰ ਮਿਲੇ ।

ਕਿਸ ਤਰ੍ਹਾਂ ਦਾ ਦੌਰ ਹੈ, ਕੈਸੀ ਹਵਾ ਮੌਸਮ ਕੇਹਾ,
ਜਾਂ ਹਨੇਰਾ ਆਦਮੀ ਦੇ ਦਿਲ 'ਚ ਜਾਂ ਖੰਡਰ ਮਿਲੇ ।

ਯਾਰ ਨਾ ਦਿਲਦਾਰ ਗਲੀਆਂ, ਸ਼ਹਿਰ ਕੈਸਾ ਸ਼ਹਿਰ ਹੈ,
ਓਪਰੇ ਚਿਹਰੇ ਮਿਲੇ ਜਾਂ ਪੱਥਰਾਂ ਦੇ ਘਰ ਮਿਲੇ ।

ਸੁਰਖ਼ ਫੁੱਲਾਂ ਦੀ ਜਿਨ੍ਹਾਂ ਰੁੱਖਾਂ ਨੂੰ ਚਿਰ ਤੋਂ ਸੀ ਉਮੀਦ,
ਜਾਂ ਬਹਾਰ ਆਈ ਉਨ੍ਹਾਂ ਨੂੰ ਤੇਜ਼ ਤਰ ਖ਼ੰਜ਼ਰ ਮਿਲੇ ।

ਨਕਸ਼ ਸੀ ਤੇਰੇ ਉਨ੍ਹਾਂ 'ਤੇ, ਮੰਜ਼ਿਲਾਂ ਦਾ ਜਾਂ ਪਤਾ,
ਖ਼ੂਨ ਵਿੱਚ ਭਿੱਜੇ ਹੋਏ ਰਾਹਾਂ 'ਚ ਜੋ ਪੱਥਰ ਮਿਲੇ ।

ਸੜ ਗਏ ਜੰਗਲ ਦੀ ਬਸ ਕੌੜੀ ਕਸੈਲੀ ਬੂ ਮਿਲੀ,
ਜਾਂ ਮਿਲੇ ਕੁਝ ਰਾਖ ਹੋਏ, ਪੰਛੀਆਂ ਦੇ ਪਰ ਮਿਲੇ ।

ਜੋ ਸਫ਼ਰ ਕਰਦੈ ਹਵਾ ਦੇ ਨਾਲ, ਪਰ ਘੁੰਮਦਾ ਨਹੀਂ,
ਕਿਸ ਤਰ੍ਹਾਂ ਉਹ ਆਦਮੀ ਮੌਕਾ-ਸ਼ਨਾਸੋ ਘਰ ਮਿਲੇ ।

ਮੁਦਤਾਂ ਤੋਂ ਸੋਚਦਾ ਹਾਂ, ਖ਼ਤ ਲਿਖਾਂ ਪਰ ਦੋਸਤਾ,
ਮੈਂ ਜੋ ਚਾਹੇ ਉਹ ਕਦੇ ਅਜ ਤੀਕ ਨਾ ਅੱਖਰ ਮਿਲੇ ।

ਜ਼ਹਿਰ ਅੰਦਰ ਡੋਬ ਕੇ ਰੰਗੀਨ ਮੌਸਮ ਤੁਰ ਗਿਓਂ,
ਕੀ ਪਤਾ ਰੰਗਾਂ 'ਚ ਡੁੱਬਾ ਹੁਣ ਕਦੋਂ ਚੇਤਰ ਮਿਲੇ ।

ਇਸ ਜਹਾਨ ਅੰਦਰ ਕਿਸੇ ਨੂੰ ਯਾ ਖ਼ੁਦਾ 'ਜਗਤਾਰ' ਵਾਂਗ,
ਨਾ ਜੁਦਾਈ ਦਾ ਖ਼ਲਾ ਨਾ ਦਰਦ ਦਾ ਅਜਗਰ ਮਿਲੇ ।
(੧੯੭੬)

8. ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ

ਹੁਣ ਕਿਸੇ ਆਉਣਾ ਨਹੀਂ ਪਾਗਲ ਨਾ ਹੋ ।
ਐਵੇਂ ਸਰਦਲ ਨਾਲ ਤੂੰ ਸਰਦਲ ਨਾ ਹੋ ।

ਜੇ ਨਹੀਂ ਬਣਦਾ ਨਾ ਬਣ ਮੇਰਾ ਤੂੰ ਪਰ,
ਜ਼ਿੰਦਗੀ 'ਚੋਂ ਇਸ ਤਰ੍ਹਾਂ ਓਝਲ ਨਾ ਹੋ ।

ਮੌਸਮੀ ਪੰਛੀ ਨੇ ਸਭ ਉਡ ਜਾਣਗੇ,
ਸੋਨ-ਚਿੜੀਆਂ ਦੇ ਲਈ ਬਿਹਬਲ ਨਾ ਹੋ ।

ਭਾਰ ਬਣ ਕੇ ਉਮਰ ਭਰ ਦਿਲ 'ਤੇ ਰਿਹੈਂ,
ਪਲ ਕੁ ਭਰ ਹੁਣ ਪਲਕ 'ਤੇ ਬੋਝਲ ਨਾ ਹੋ ।

ਹੋਰ ਵੀ ਬੁਝ ਜਾਏਂਗਾ ਘਰ ਆਣ ਕੇ,
ਇਸ ਲਈ ਜਸ਼ਨਾਂ 'ਚ ਤੂੰ ਸ਼ਾਮਲ ਨਾ ਹੋ ।

9. ਖ਼ੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ

ਖ਼ੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ ।
ਏਸ ਦੀ ਸੁਰਖ਼ੀ ਕਦੇ ਜਾਣੀ ਨਹੀਂ ।

ਤੇਰੇ ਲਈ ਛਣਕਾ ਕੇ ਲੰਘੇ ਬੇੜੀਆਂ,
ਤੂੰ ਹੀ ਸਾਡੀ ਚਾਲ ਪਹਿਚਾਣੀ ਨਹੀਂ ।

ਦੁਸ਼ਮਣਾਂ ਹਥਿਆਰ ਸਾਰੇ ਵਰਤਣੇ,
ਜ਼ਿੰਦਗੀ ਨੇ ਮਾਰ ਪਰ ਖਾਣੀ ਨਹੀਂ ।

ਦੋਸਤੋ ਜੇ ਮਰ ਗਏ ਤਾਂ ਗ਼ਮ ਨਹੀਂ,
ਦਾਸਤਾਂ ਸਾਡੀ ਕਦੇ ਜਾਣੀ ਨਹੀਂ ।

ਕਾਫ਼ਿਲੇ ਵਿਚ ਤੂੰ ਨਹੀਂ ਭਾਵੇਂ ਰਿਹਾ,
ਯਾਦ ਤੇਰੀ ਦਿਲ 'ਚੋਂ ਪਰ ਜਾਣੀ ਨਹੀਂ ।

ਸਾਡੇ ਦਮ ਖ਼ਮ ਨਾਲ ਇਹ ਖ਼ਮ ਜਾਣਗੇ,
ਲਿਟ ਕਿਸੇ ਨੇ ਹੋਰ ਸੁਲਝਾਣੀ ਨਹੀਂ ।

ਤੇਰੀਆਂ ਜ਼ੁਲਫ਼ਾਂ ਦੀ ਛਾਂ ਵੀ ਹੈ ਅਜ਼ੀਜ਼,
ਪਰ ਥਲਾਂ ਤਕ ਨਾਲ ਇਹ ਜਾਣੀ ਨਹੀਂ ।

ਬੇੜੀਆਂ ਦੀ ਛਣਕ ਵਿਚ ਜੋ ਰਮਜ਼ ਹੈ,
ਕੌਣ ਕਹਿੰਦੈ ਲੋਕਾਂ ਪਹਿਚਾਣੀ ਨਹੀਂ ।
(੧੯੬੮)

10. ਇਸ ਨਗਰ ਵਿਚ ਦੋਸਤੀ ਨਾ ਦੁਸ਼ਮਣੀ ਦੀ ਲੋੜ ਹੈ

ਇਸ ਨਗਰ ਵਿਚ ਦੋਸਤੀ ਨਾ ਦੁਸ਼ਮਣੀ ਦੀ ਲੋੜ ਹੈ ।
ਪੱਥਰਾਂ ਵਿਚ ਖੋੜ ਏਥੇ ਸ਼ੀਸ਼ਿਆਂ ਵਿਚ ਜੋੜ ਹੈ ।

ਮੈਂ ਹਵਾ ਦੇ ਮੋਢਿਆਂ 'ਤੇ ਖਿੜ ਪਵਾਂ ਲਹਿਰਾ ਪਵਾਂ,
ਬਸ ਤੁਹਾਡੀ ਧੁੱਪ ਛਾਂ ਦੀ ਹੀ ਜ਼ਰਾ ਕੁ ਲੋੜ ਹੈ ।

ਮੇਰੇ ਘਰ ਪਹੁੰਚਣ ਤੋਂ ਪਹਿਲਾਂ ਰੋਜ਼ ਡੁੱਬ ਜਾਂਦਾ ਹੈ ਦਿਨ,
ਕੋਈ ਵੀ ਸੂਰਜ ਨਾ ਮੇਰੇ ਨਾਲ ਪੁਜਦਾ ਤੋੜ ਹੈ ।

ਜ਼ਿੰਦਗੀ ਦੀ ਰਾਹ ਤੋਂ ਮੁਸ਼ਕਿਲ ਨਹੀਂ ਹੈ ਪੁਲਸਰਾਤ,
ਹਰ ਕਦਮ ਇਕ ਹਾਦਸਾ ਹੈ ਹਰ ਕਦਮ ਇਕ ਮੋੜ ਹੈ ।

ਕੁਝ ਪਲਾਂ ਦਾ ਨਿੱਘ ਹੈ ਇਹ ਕੁਝ ਦਿਨਾਂ ਦੀ ਨੇੜਤਾ,
ਉਸ ਨੂੰ ਮੇਰੀ ਲੋੜ ਅਜ ਕਲ੍ਹ ਮੈਨੂੰ ਉਸ ਦੀ ਲੋੜ ਹੈ ।

ਝੀਲ ਹੈ, ਰੰਗਾਂ ਦਾ ਮੇਲਾ ਹੈ, ਚਰਾਗ਼ਾਂ ਦਾ ਸਮਾਂ,
ਇਸ ਸਮੇਂ ਵੀ ਹੋ ਰਹੀ ਮਹਿਸੂਸ ਤੇਰੀ ਥੋੜ ਹੈ ।

11. ਉਡਾਂਗਾ ਪੈ ਗਿਆ ਉਡਣਾ ਕਦੇ ਜੇ ਪਰ ਜਲਾ ਕੇ

ਉਡਾਂਗਾ ਪੈ ਗਿਆ ਉਡਣਾ ਕਦੇ ਜੇ ਪਰ ਜਲਾ ਕੇ ।
ਹਨੇਰਾ ਚੀਰ ਦੇ ਅਟਕਾਂਗਾ ਪਰ ਮੰਜ਼ਿਲ 'ਤੇ ਜਾ ਕੇ ।

ਤਿਰੇ ਹੱਥਾਂ ਦਾ ਹਿਲਿਆ ਮੋਰ ਮਿੱਟੀ ਦਾ ਤਿਰੇ ਪਿੱਛੋਂ,
ਬਹੁਤ ਰੋਇਆ ਜੋ ਰਖਿਆ ਸੀ ਤੂੰ ਅੰਗੀਠੀ ਸਜਾ ਕੇ ।

ਇਹ ਥਾਂ ਥਾਂ ਛੇਕ ਕੰਧਾਂ ਦੇ ਤੇ ਮੇਖਾਂ ਦਸਦੀਆਂ ਨੇ,
ਕਿਸੇ ਟੰਗੀਆਂ ਸੀ ਤਸਵੀਰਾਂ ਕਦੇ ਏਥੇ ਲਿਆ ਕੇ ।

ਨਾ ਹੋਣੀ ਹੋ ਗਈ ਹੋਵੇ ਹਵਾ ਦੇ ਹੀ ਭੁਲੇਖੇ,
ਮੁੜੀ ਹੈ ਪੈੜ ਕਿਸ ਦੀ ਮੇਰੇ ਦਰਵਾਜ਼ੇ ਤੋਂ ਆ ਕੇ ।

ਜਾਂ ਬਾਰੀ ਖੋਲ੍ਹਦਾ ਸੁੰਨਸਾਨ ਗਲੀਆਂ ਕਹਿਰ ਢਾਵਣ,
ਹਵਾ ਡੰਗੇ ਗਏ ਮੌਸਮ ਦੀਆਂ ਯਾਦਾਂ ਲਿਆ ਕੇ ।

ਤਮਾਸ਼ਾ ਮੇਰਾ ਦਿਖਲਾ ਕੇ ਤਮਾਸ਼ਾ ਖੁਦ ਨਾ ਬਣਦੀ,
ਹਵਾ ਕਿਉਂ ਰੋ ਪਈ ਮੇਰੇ ਚਰਾਗਾਂ ਨੂੰ ਬੁਝਾ ਕੇ ।

ਅਸੀਂ ਇਕ ਵਰਕ ਦੇ ਹਾਂ ਦੋ ਸਫ਼ੇ ਕੈਸਾ ਮੁਕੱਦਰ,
ਜੁਦਾ ਵੀ ਹਾਂ ਇਕੱਠੇ ਵੀ ਹਾਂ ਇਸ ਜੀਵਨ 'ਚ ਆ ਕੇ ।

ਸੀ ਮੇਰਾ ਬਿਰਛ ਵਰਗਾ ਸਬਰ ਸ਼ੀਸ਼ੇ ਵਾਂਗ ਟੁੱਟਾ,
ਮੈਂ ਖੁਦ ਹੀ ਰੋ ਪਿਆ ਉਸ ਨੂੰ ਗ਼ਜ਼ਲ ਆਪਣੀ ਸੁਣਾ ਕੇ ।

ਨਾ ਰੰਗਾਂ ਦੀ ਜੁੜੀ ਮਹਿਫ਼ਲ ਨਾ ਮੇਲੇ ਜੁਗਨੂੰਆਂ ਦੇ,
ਬੜਾ ਡਿੱਠਾ ਤਿਰੇ ਪਿਛੋਂ ਨਸੀਬਾ ਆਜ਼ਮਾ ਕੇ ।

ਉਹ ਆਪਣੇ ਘਰ 'ਚ ਹੀ ਕਟਦਾ ਜਲਾਵਤਨੀ ਜਿਹੇ ਦਿਨ,
ਕਿਸੇ ਦਿਨ ਵੇਖ ਜਾ 'ਜਗਤਾਰ' ਆਪਣੇ ਨੂੰ ਤੂੰ ਆ ਕੇ ।

12. ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ

ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ ।
ਰਿਸ਼ਤਿਆਂ ਦੀ ਭੀੜ 'ਚੋਂ ਫੁਰਸਤ ਮਿਲੇ ਤਾਂ ਖ਼ਤ ਲਿਖੀਂ ।

ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ,
ਜ਼ਿੰਦਗੀ ਵਿੱਚ ਜਦ ਕਦੇ ਤਲਖ਼ੀ ਵਧੇ ਤਾਂ ਖ਼ਤ ਲਿਖੀਂ ।

ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ,
ਤੇਰੇ ਆਂਙਣ ਵਿੱਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ ।

ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖ 'ਚੋਂ,
ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖ਼ਤ ਲਿਖੀਂ ।

ਮੇਰੀ ਬੰਜਰ ਖ਼ਾਕ ਨੂੰ ਤਾਂ ਖ਼ਾਬ ਤਕ ਆਉਣਾ ਨਹੀਂ,
ਜਦ ਤਿਰੀ ਮਿੱਟੀ 'ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ ।

ਜ਼ਿੰਦਗੀ ਦੇ ਹਰ ਪੜਾ, ਹਰ ਮੋੜ 'ਤੇ ਹਰ ਪੈਰ 'ਤੇ,
ਜਦ ਉਦਾਸੀ ਵਿਚ ਕਦੇ ਵੀ ਦਿਨ ਧੁਖੇ ਤਾਂ ਖ਼ਤ ਲਿਖੀਂ ।

ਮਹਿਫ਼ਲਾਂ ਵਿੱਚ, ਚਾਰ ਯਾਰੀ ਵਿੱਚ, ਕਿਸੇ ਉਤਸਵ 'ਚ ਵੀ,
ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖ਼ਤ ਲਿਖੀਂ ।

ਸ਼ਹਿਰ, ਪਰਬਤ, ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ,
ਕਿਸ ਤਰ੍ਹਾਂ ਲੱਗੇ, ਜੇ ਹੁਣ ਗੁਜ਼ਰੇ ਕਦੇ ਤਾਂ ਖ਼ਤ ਲਿਖੀਂ ।

ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਤੈਨੂੰ ਨਸੀਬ,
ਸਹਿ-ਸੁਭਾ ਵੀ ਪਰ ਕਦੇ ਜੇ ਅੱਖ ਭਰੇ ਤਾਂ ਖ਼ਤ ਲਿਖੀਂ ।

ਜੋ ਤਿਰਾ ਤੀਰਥ, ਇਬਾਦਤ, ਦੀਨ ਦੁਨੀਆਂ ਸੀ ਕਦੇ,
ਹੁਣ ਕਦੇ 'ਜਗਤਾਰ' ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ ।

13. ਬਾਜ਼ਾਰ ਮਿਸਰ ਵਰਗੇ, ਕੂਫੇ ਜਿਹਾ ਨਗਰ ਹੈ

ਬਾਜ਼ਾਰ ਮਿਸਰ ਵਰਗੇ, ਕੂਫੇ ਜਿਹਾ ਨਗਰ ਹੈ ।
ਦਾਮਨ ਲਹੂ ਭਰੇ ਪਰ, ਯੂਸਫ਼ 'ਤੇ ਹਰ ਨਜ਼ਰ ਹੈ ।

ਇਕ ਦਿਨ ਹਿਸਾਬ ਮੰਗਣਾ, ਲੋਕਾਂ ਨੇ ਇਸ ਲਹੂ ਦਾ,
ਤਾਕਤ 'ਚ ਮਸਤ ਦਿੱਲੀ, ਹਾਲੇ ਤਾਂ ਬੇਖ਼ਬਰ ਹੈ ।

ਕੋਇਲ ਦੇ ਸੁਰ ਦਾ ਲੂਹਾ, ਜਗ-ਬੁਝ ਟਟਹਿਣਿਆਂ ਦੀ,
ਹੈ ਦਰਦ ਦੀ ਹੀ ਸੂਰਤ, ਸਾਡੀ ਹੀ ਕਮ ਨਜ਼ਰ ਹੈ ।

ਮੀਨਾਰ ਮੰਮਟੀਆਂ 'ਤੇ, ਬੈਠੇ ਨੇ ਗਿੱਧ ਏਥੇ,
ਕਿਉਂ ਮੌਤ ਦਾ ਬਸੇਰਾ, ਹਰ ਘਰ ਹੈ ਨਗਰ ਹੈ ।

ਆਖ਼ਰ ਉਦਾਸ ਕਿਉਂ ਨੇ, ਰਾਹੀ ਵੀ ਰਹਿਨੁਮਾ ਵੀ,
ਰਸਤਾ ਹਿਯਾਤ ਦਾ ਹੈ ਜੋ ਮੌਤ ਦੀ ਡਗਰ ਹੈ ।

ਕਿਧਰੇ ਚਰਾਗ਼ ਦਿਸਦੇ ਨਾ ਬਾਰੀਆਂ 'ਚ ਤਾਰੇ,
ਆਥਣ ਬੁਝੀ ਬੁਝੀ ਹੈ, ਬੇਰੰਗ ਹਰ ਫ਼ਜਰ ਹੈ ।

ਨਾ ਝੜ ਗਏ ਨੂੰ ਰੋ ਤੂੰ ਨਾ ਬੁਝ ਗਏ ਦਾ ਗ਼ਮ ਕਰ,
'ਜਗਤਾਰ' ਸੋਚ ਉਸ ਦੀ ਤੇਰਾ ਜੋ ਹਮਸਫ਼ਰ ਹੈ ।

14. ਲਿਆਏ ਸਾਂ ਘਰਾਂ ਤੋਂ ਦੂਰੀਆਂ ਅਪਣੇ ਪਰਾਂ ਅੰਦਰ

ਲਿਆਏ ਸਾਂ ਘਰਾਂ ਤੋਂ ਦੂਰੀਆਂ ਅਪਣੇ ਪਰਾਂ ਅੰਦਰ ।
ਗੁਆ ਕੇ ਉਮਰ ਲੈ ਜਾਵਾਂਗੇ ਕੁਝ ਚੋਗਾ ਘਰਾਂ ਅੰਦਰ ।

ਜੇ ਜੰਗਾਂ ਲੱਗੀਆਂ ਤਾਂ ਬੇਕਫ਼ਨ ਸਭ ਰੁਲਣਗੇ ਲਾਸ਼ੇ,
ਕਪਾਹਾਂ ਹਸਦੀਆਂ ਨੇ ਜਿਸ ਜਗ੍ਹਾ ਤੇ ਨੱਗਰਾਂ ਅੰਦਰ ।

ਕਿਉਂ ਰਲ ਕੇ ਉਡਣ ਵੇਲੇ ਕੋਈ ਸ਼ੈ ਹੈ ਅਟਕ ਜਾਂਦੀ,
ਕਦੇ ਤੇਰੇ ਪਰਾਂ ਅੰਦਰ ਕਦੇ ਮੇਰੇ ਪਰਾਂ ਅੰਦਰ ।

ਇਹ ਕੈਸਾ ਰੌਸ਼ਨੀ ਦਾ ਦੌਰ ਹੈ ਜਾਦੂਗਰੋ ਬੋਲੋ,
ਹਨੇਰਾ ਫੈਲਦਾ ਜਾਵੇ ਦਮਾਗ਼ਾਂ ਤੇ ਘਰਾਂ ਅੰਦਰ ।

ਵਿਦਾ ਹੋ ਕੇ ਕੋਈ ਰਾਹਾਂ ਦੀਆਂ ਧੂੜਾਂ 'ਚ ਗੁੰਮ ਹੋਇਆ,
ਕੋਈ ਪੱਥਰ ਦੀ ਮੂਰਤ ਬਣ ਗਿਆ ਆ ਕੇ ਦਰਾਂ ਅੰਦਰ ।

ਬੜੇ ਹੀ ਲੋਕ ਨੇ ਭੋਲੇ ਜੋ ਹਰ ਵਾਰੀ ਨੇ ਫਸ ਜਾਂਦੇ,
ਸਿਆਸਤ ਜਾਲ ਲਾ ਬੈਠੀ ਮਸੀਤਾਂ ਮੰਦਰਾਂ ਅੰਦਰ ।

ਤੁਸੀਂ ਬੋਲੋ ਨਾ ਬੋਲੋ ਕੁਝ ਕਹੋ ਯਾ ਨਾ ਕਹੋ ਦਿਲ ਦੀ,
ਇਬਾਰਤ ਹੈ ਕਥਾ ਸਾਰੀ ਤੁਹਾਡੇ ਅੱਖਰਾਂ ਅੰਦਰ ।

ਗੁਲਾਬਾਂ ਵਿਚ ਨਹੀਂ ਖੁਸ਼ਬੂ ਨਿਰੇ ਹੀ ਰੰਗ ਨੇ ਅਜ ਕਲ੍ਹ,
ਵਫ਼ਾ ਦੀ ਮਹਿਕ ਨੂੰ 'ਜਗਤਾਰ' ਭਾਲੇ ਪੱਥਰਾਂ ਅੰਦਰ ।

15. ਜਿਸ 'ਤੇ ਛੱਡ ਆਇਆ ਸਾਂ ਦਿਲ, ਸੁਪਨੇ ਤੇ ਹਰ ਮੰਜ਼ਲ ਦੀ ਯਾਦ

ਜਿਸ 'ਤੇ ਛੱਡ ਆਇਆ ਸਾਂ ਦਿਲ, ਸੁਪਨੇ ਤੇ ਹਰ ਮੰਜ਼ਲ ਦੀ ਯਾਦ ।
ਦਾਗ਼ ਬਣ ਕੇ ਬਹਿ ਗਈ ਮੱਥੇ 'ਤੇ ਉਸ ਸਰਦਲ ਦੀ ਯਾਦ ।

ਰਾਤ ਸੁਪਨੇ ਵਿਚ ਸੀ 'ਸ਼ਬਨਮ' ਰੋ ਰਹੀ 'ਜੁਗਨੂੰ' ਉਦਾਸ,
ਦਿਨ ਚੜ੍ਹੇ ਨਾ ਟੇਕ ਆਵੇ ਆ ਰਹੀ ਜੰਗਲ ਦੀ ਯਾਦ ।

ਜ਼ਿੰਦਗੀ ਤੁਰਦੀ ਤੇ ਰੁਕਦੀ ਸੀ ਜਾਂ ਮੇਰੇ ਨਾਲ ਨਾਲ,
ਉਮਰ ਦਾ ਹਾਸਿਲ ਬਣੀ ਉਸ ਖ਼ੂਬਸੂਰਤ ਪਲ ਦੀ ਯਾਦ ।

ਇਸ ਜਨਮ ਜਾਂ ਉਸ ਜਨਮ ਵਿਚ ਕੋਈ ਸੀ ਰਿਸ਼ਤਾ ਜ਼ਰੂਰ,
ਆ ਰਹੀ ਜੋ ਖੰਡਰਾਂ, ਸੁੱਕੀ ਨਦੀ ਤੇ ਥਲ ਦੀ ਯਾਦ ।

ਉਮਰ ਭਰ ਦੇ ਹਿਜਰ ਪਿੱਛੋਂ ਇਸ ਤਰ੍ਹਾਂ ਲਗਦੈ ਮਿਲਨ,
ਇਕ ਤਰਫ਼ ਫੁੱਲਾਂ ਦੀ ਵਾਦੀ ਇਕ ਤਰਫ਼ ਦਲਦਲ ਦੀ ਯਾਦ ।

ਆ ਗਿਆ 'ਜਗਤਾਰ' ਐਸਾ ਜ਼ਿੰਦਗੀ ਦਾ ਹੁਣ ਮੁਕਾਮ,
ਨਾ ਕਿਤੇ ਜ਼ੁਲਫ਼ਾਂ ਦੀ ਛਾਂ ਹੈ ਨਾ ਕਿਸੇ ਆਂਚਲ ਦੀ ਯਾਦ ।

16. ਤੂੰ ਤਾਂ ਬੈਠ ਗਈ ਹੈਂ ਸੂਰਜ ਘਰ ਲੈ ਕੇ

ਤੂੰ ਤਾਂ ਬੈਠ ਗਈ ਹੈਂ ਸੂਰਜ ਘਰ ਲੈ ਕੇ ।
ਮੈਂ ਕਿਸ ਪਾਸੇ ਜਾਵਾਂ ਭਿੱਜੇ ਪਰ ਲੈ ਕੇ ।

ਆਲ੍ਹਣਿਆਂ ਵਿਚ ਕਿਹੜੀ ਗੁੱਠੋਂ ਸ਼ਾਮ ਢਲੇ,
ਚੋਗੇ ਦੀ ਥਾਂ ਪਰਤੇ ਪੰਛੀ ਡਰ ਲੈ ਕੇ ।

ਅੱਖ ਚੁਕ ਕੇ ਵੀ ਉਸ ਵੰਨੀਂ ਨਾ ਵੇਖ ਸਕੇ,
ਘਰੋਂ ਤੁਰੇ ਸਾਂ ਡੂੰਘੀ ਨੀਝ ਨਜ਼ਰ ਲੈ ਕੇ ।

ਹਰ ਇਕ ਸ਼ੀਸ਼ਾ ਚਿਣੀ ਚਿਣੀ ਹੈ ਹੋ ਜਾਂਦਾ,
ਕਿਸ ਦੀ ਮੂਰਤ ਬੈਠੈ ਸ਼ੀਸ਼ਾ-ਗਰ ਲੈ ਕੇ ।

ਤੇਰਾ ਹੀਜ-ਪਿਆਜ ਨਾ ਸਾਰਾ ਖੁਲ੍ਹ ਜਾਵੇ,
ਸ਼ੀਸ਼ੇ ਸੌਹੇਂ ਹੋ ਨਾ ਅੱਖਾਂ ਤਰ ਲੈ ਕੇ ।

ਰੁੱਖਾਂ ਦੇ ਪਰਛਾਵੇਂ ਪਿੱਛੇ ਛੱਡ ਗਈ,
ਉੱਡ ਗਈ ਹੈ ਨ੍ਹੇਰੀ ਛਾਵਾਂ ਪਰ ਲੈ ਕੇ ।

ਨਾ ਅਖ਼ਬਾਰਾਂ ਨਾ ਮੌਸਮ ਦਾ ਭਰਵਾਸਾ,
ਖ਼ਬਰੇ ਕਿਸ ਆਉਣੈ ਕਦ ਬੁਰੀ ਖ਼ਬਰ ਲੈ ਕੇ ।

ਵੇਖੀਂ ਤੈਨੂੰ ਇਕ ਦਿਨ ਪੱਥਰ ਕਰ ਜਾਊ,
ਮਿੱਟੀ ਦੀ ਜੋ ਬਾਜ਼ੀ ਚਲਿਐਂ ਘਰ ਲੈ ਕੇ ।

17. ਨਿਸ ਦਿਨ ਗੁਜ਼ਰਨਾ ਪੈਂਦੈ, ਖ਼ੂਨੀ ਬਜ਼ਾਰ ਏਥੇ

ਨਿਸ ਦਿਨ ਗੁਜ਼ਰਨਾ ਪੈਂਦੈ, ਖ਼ੂਨੀ ਬਜ਼ਾਰ ਏਥੇ ।
ਸਾਡੇ ਸਿਰਾਂ ਦਾ ਹਰ ਇਕ, ਹੈ ਤਲਬਗਾਰ ਏਥੇ ।

ਤਲਵਾਰ ਤਾਂ ਉਠਾਓ, ਦੀਵਾਰ ਤਾਂ ਬਣਾਓ,
ਝੁਕਣੇ ਕਦੇ ਫ਼ਤਹਿ, ਨਾ ਮਿਟਣੇ ਜੁਝਾਰ ਏਥੇ ।

'ਸਰਮਦ' ਨੂੰ ਕਤਲ ਕਰਕੇ, ਹਰ ਰਾਹ ਸਾਫ਼ ਕਰ ਕੇ,
ਝੁੰਜਲਾਏ ਫਿਰ ਰਹੇ ਨੇ, ਕਿਓਂ ਤਾਜਦਾਰ ਏਥੇ ।

ਰਖਿਆ ਹੈ ਸਿਰ ਸਦਾ ਹੀ, ਉੱਚਾ ਅਸਾਂ ਨੇ ਭਾਵੇਂ,
ਹਰ ਮੋੜ 'ਤੇ ਸਲੀਬਾਂ, ਹਰ ਪੈਰ ਦਾਰ ਏਥੇ ।

ਕਦ ਤਕ ਰਹੇਗਾ ਆਖ਼ਿਰ, ਖੁਸ਼ਬੂ ਦੇ ਸਿਰ 'ਤੇ ਪਹਿਰਾ ?
ਹੋਵੇਗੀ ਕਤਲ ਕਦ ਤਕ, ਆਖ਼ਿਰ ਬਹਾਰ ਏਥੇ ?

ਚੁੰਝਾਂ 'ਚ ਲੈ ਸਿਤਾਰੇ, ਗਿੱਧਾਂ ਦੇ ਪਾ ਇਸ਼ਾਰੇ,
ਤਾੜੇਗੀ ਬਾਜ਼ ਕਦ ਤਕ, ਕਾਵਾਂ ਦੀ ਡਾਰ ਏਥੇ ?

18. ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ

ਕਮਦਿਲਾਂ ਨੂੰ ਦਿਲ, ਨਪਰਿਆਂ ਪਰ ਦਈਂ ।
ਯਾ ਖ਼ੁਦਾ ਸਭ ਬੇਘਰਾਂ ਨੂੰ ਘਰ ਦਈਂ ।

ਹਰ ਸੁਹਾਗਣ ਦਾ ਰਹੇ ਜਿੰਦਾ ਸੁਹਾਗ,
ਉਮਰ ਬੀਤੀ ਜਾ ਰਹੀ ਨੂੰ ਵਰ ਦਈਂ ।

ਤੋਤਲੇ ਬੋਲਾਂ ਦਾ ਰਾਖਾ ਖੁਦ ਬਣੀਂ,
ਖੌਫ਼ ਹਰ ਕਾਤਿਲ ਦੇ ਸੀਨੇ ਭਰ ਦਈਂ ।

ਹਰ ਸਿਪਾਹੀ ਪਰਤ ਆਵੇ ਜੰਗ 'ਚੋਂ,
ਖ਼ਾਕ ਚਿਹਰੇ ਫਿਰ ਰੌਸ਼ਨ ਕਰ ਦਈਂ ।

ਸਾਰਿਆਂ ਦੇਸ਼ਾਂ ਨੂੰ ਬਖਸ਼ੀਂ ਅਮਨ ਤੂੰ,
ਸਭ ਗ਼ੁਲਾਮਾਂ ਨੂੰ ਸੁਤੰਤਰ ਕਰ ਦਈਂ ।

ਸਭ ਮਰੀਜ਼ਾਂ ਨੂੰ ਮਿਲੇ ਸਬਰੋ-ਕਰਾਰ,
ਮੁੱਦਤਾਂ ਦੇ ਜ਼ਖ਼ਮ ਸਾਰੇ ਭਰ ਦਈਂ ।

ਬੇੜੀਆਂ ਤੇ ਝਾਂਜਰਾਂ ਤੋਂ ਇਸ ਵਰ੍ਹੇ,
ਮੁਕਤ ਕੈਦੀ, ਕਸਬੀਆਂ ਨੂੰ ਕਰ ਦਈਂ ।

19. ਹਰ ਇਕ ਵਿਹੜੇ 'ਚ ਲੋਅ ਲੱਗੇ

ਹਰ ਇਕ ਵਿਹੜੇ 'ਚ ਲੋਅ ਲੱਗੇ, ਹਰਿਕ ਆਂਗਣ 'ਚ ਰੰਗ ਉੱਗੇ ।
ਦੁਆ ਕੀ ਹੋਰ ਕਰਨੀ ਹੈ, ਮੇਰੀ ਇੱਕੋ ਦੁਆ ਪੁੱਗੇ ।

ਸਿਹਰ ਟੁੱਟੇ, ਭਰਮ ਫੁੱਟੇ, ਇਹ ਕਿਸ ਨੇ ਆਲ੍ਹਣੇ ਲੁੱਟੇ,
ਕਰਮ ਤੇਰੇ ਗੁਨਾਹ ਮੇਰੇ, ਹੋ ਜਾਵਣ ਇਸ ਵਰ੍ਹੇ ਉੱਘੇ ।

ਜਿਨ੍ਹਾਂ ਮੱਥਿਆਂ 'ਤੇ ਕਾਲੇ ਲੇਖ ਖ਼ੰਜਰਾਂ ਨੇ ਲਿਖੇ ਜ਼ੋਰੀਂ,
ਬਦਲ ਜਾਵਣ ਮੁੱਕਦਰ ਕਾਤਿਲਾਂ ਦੀ ਆਸ ਨਾ ਪੁੱਗੇ ।

ਜਿਨ੍ਹਾਂ ਖੇਤਾਂ 'ਚ ਖ਼ਾਕੀ ਸੂਰ ਪਾ ਕੇ ਬਹਿ ਗਏ ਘੁਰਨੇ,
ਉਨ੍ਹਾਂ ਵਿੱਚ ਫੇਰ ਰੰਗ ਉੱਡਣ, ਉਨ੍ਹਾਂ ਵਿੱਚ ਫਿਰ ਮਹਿਕ ਉੱਗੇ ।

ਕਿਤੇ ਲੋਰੀ, ਕਿਤੇ ਘੋੜੀ, ਕਿਤੇ ਮਿਰਜ਼ੇ ਦੀ ਸਦ ਉਭਰੇ,
ਗਰਾਂ ਜੋ ਹੋ ਗਏ ਖੋਲੇ, ਜੋ ਆਂਙਣ ਹੋ ਗਏ ਲੁੱਗੇ ।

ਚਿੜੀ ਚੂਕੇ, ਸੁਣੇ ਮੋਰਾਂ ਦੀ ਰੁਣਝੁਣ, ਫ਼ਜਰ ਜਦ ਜਾਗੇ,
ਨਾ ਥੋਹਰਾਂ ਬੀਜ ਕੇ ਬਾਗੀਂ ਗੁਲਾਬਾਂ ਨੂੰ ਕੋਈ ਖੁੱਗੇ ।

20. ਨਾ ਮੇਰੀ ਪੇਸ਼ ਹੀ ਜਾਏ, ਨਾ ਮੈਥੋਂ ਵੇਖਿਆ ਜਾਏ

ਨਾ ਮੇਰੀ ਪੇਸ਼ ਹੀ ਜਾਏ, ਨਾ ਮੈਥੋਂ ਵੇਖਿਆ ਜਾਏ ।
ਉਜੜਦੇ ਰੋਜ਼ ਹਮਸਾਏ, ਨਾ ਮੈਥੋਂ ਵੇਖਿਆ ਜਾਏ ।

ਉਹ ਖ਼ੰਜਰ ਨਾਲ ਕਰਦੇ ਗੁਫ਼ਤਗੂ, ਅਰਥਾਂ 'ਚ ਅੱਗ ਭਰਕੇ,
ਨਾ ਮੈਥੋਂ ਬੋਲਿਆ ਜਾਏ, ਨਾ ਮੈਥੋਂ ਵੇਖਿਆ ਜਾਏ ।

ਹੈ ਜੋ ਵੀ ਫ਼ਜ਼ਰ ਹੁਣ ਆਉਂਦੀ, ਲਹੂ ਵਿਚ ਤਰ ਬਤਰ ਆਉਂਦੀ,
ਨਾ ਦੇਖੇ ਬਿਨ ਰਿਹਾ ਜਾਏ, ਨਾ ਮੈਥੋਂ ਵੇਖਿਆ ਜਾਏ ।

ਕੋਈ ਅਖ਼ਬਾਰ ਕੀ ਦੇਖੇ, ਹੈ ਹਰ ਇਕ ਹੀ ਖ਼ਬਰ ਵਿਹੁਲੀ,
ਕਿਵੇਂ ਹਰ ਹਰਫ਼ ਕੁਰਲਾਏ, ਨਾ ਮੈਥੋਂ ਵੇਖਿਆ ਜਾਏ ।

ਰਵੀ ਦੇ ਰਥ ਤੇ ਕਬਜ਼ਾ, ਧੂੰਮ-ਕੇਤੂ ਹੈ ਕਰੀ ਬੈਠਾ,
ਹਨੇਰਾ ਇਸ ਕਦਰ ਛਾਏ, ਨਾ ਮੈਥੋਂ ਵੇਖਿਆ ਜਾਏ ।

ਚੁਫੇਰੇ ਰਾਖ ਹੈ ਜਾਂ ਖ਼ਾਕ, ਹਰ ਬਸਤੀ 'ਚ ਹੈ ਉਡਦੀ,
ਇਹ ਕਿਸ ਨੇ ਪੂਰਨੇ ਪਾਏ, ਨਾ ਮੈਥੋਂ ਵੇਖਿਆ ਜਾਏ ।

ਹੈ ਹਰ ਇਕ ਹਰਫ਼ ਵਿਚ ਘੁੰਡੀ, ਤੇ ਹਰ ਮਾਅਨੇ 'ਚ ਟੇਢਾਪਨ,
ਨਾ ਮੈਥੋਂ ਵਾਚਿਆ ਜਾਏ, ਨਾ ਮੈਥੋਂ ਵੇਖਿਆ ਜਾਏ ।

ਇਹ ਕੈਸੀ ਜ਼ਿੰਦਗੀ ਹੈ ਜੋ ਅਸੀਂ ਕਿਸ਼ਤਾਂ 'ਚ ਜੀਊਂਦੇ ਹਾਂ,
ਨਾ ਇਸ ਵਲ ਪਿੱਠ ਕਰੀ ਜਾਏ, ਨਾ ਮੈਥੋਂ ਵੇਖਿਆ ਜਾਏ ।

21. ਕੈਸਾ ਅਜਬ ਸੁਆਗਤ ਮੇਰਾ ਹੋਇਆ ਹੈ

ਕੈਸਾ ਅਜਬ ਸੁਆਗਤ ਮੇਰਾ ਹੋਇਆ ਹੈ ।
ਦੀਪ ਬੁਝਾ ਤੂੰ ਤੇਲ ਬਰੂਹੀਂ ਚੋਇਆ ਹੈ ।

ਕਤਰਾ ਕਤਰਾ ਕਰ ਕੇ ਜਿਹੜਾ ਮਿਲਿਆ ਸੀ,
ਅਜ ਇਕ ਦਮ ਦਰਿਆ ਵਾਂਗੂੰ ਵਖ ਹੋਇਆ ਹੈ ।

ਹਰ ਇਕ ਪੱਤਾ ਛੇਕੋ ਛੇਕ ਹੈ ਫੁੱਲ ਜ਼ਖ਼ਮੀ,
ਕੌਣ ਖ਼ਿਜਾਵਾਂ ਚੇਤੇ ਕਰ ਕੇ ਰੋਇਆ ਹੈ ।

ਸੂਰਜ ਕੋਲੋਂ ਅੱਖ ਬਚਾ ਕੇ ਤਿਤਲੀ ਨੇ,
ਫੁੱਲਾਂ ਅੰਦਰ ਆਪਣਾ ਰੰਗ ਲਕੋਇਆ ਹੈ ।

ਉਸ ਦੀ ਇਕ ਅੱਖ ਭੰਵਰਾ ਇਕ ਅੱਖ ਨੀਲ-ਕੰਵਲ,
ਇਕ ਅੱਖ ਸੁਰਮਾ ਪਾਉਣਾ ਭੁੱਲਿਆ ਹੋਇਆ ਹੈ ।

ਸ਼ਾਮ ਢਲੇ ਕਿਉਂ ਦਿਲ ਵਿਚ ਦੀਵੇ ਵਾਂਗ ਬਲੇ,
ਜਿਸ ਨੇ ਮੈਨੂੰ ਗ਼ਮ ਦੇ ਨ੍ਹੇਰ ਡਬੋਇਆ ਹੈ ।

ਸ਼ੀਸ਼ੇ ਦੇ ਪਾਣੀ ਤੋਂ ਉਸ ਨੇ ਡਰ ਡਰ ਕੇ,
ਰੰਗਾਂ ਅੰਦਰ ਆਪਣਾ ਆਪ ਲਕੋਇਆ ਹੈ ।

ਖੁਰਦਾ ਖੁਰਦਾ ਖੁਰ ਨਾ ਜਾਏ ਆਖ਼ਰ ਇਹ,
ਪਾਣੀ ਤੇ ਜੋ ਚਿਹਰਾ ਬਣਿਆ ਹੋਇਆ ਹੈ ।

ਹਰ ਅੱਖਰ ਹੈ ਸਿੱਲਾ, ਕਾਗਜ਼ ਹੈ ਗਿੱਲਾ,
ਖ਼ਤ ਲਿਖਦਾ ਉਹ ਖ਼ਬਰੇ ਕਿੰਨਾ ਰੋਇਆ ਹੈ ।

ਤਿਲ ਤਿਲ ਪਿੱਛੇ ਸਰਕ ਰਹੇ ਹਾਂ ਦੋਵੇਂ ਹੀ,
ਤੀਜਾ ਕੌਣ ਵਿਚਾਲੇ ਆਣ ਖਲੋਇਆ ਹੈ ।

22. ਬੜੇ ਸਾਲਾਂ ਤੋਂ ਉਹ ਮੈਨਾ ਨਹੀਂ ਮੇਰੇ ਗਰਾਂ ਆਈ

ਬੜੇ ਸਾਲਾਂ ਤੋਂ ਉਹ ਮੈਨਾ ਨਹੀਂ ਮੇਰੇ ਗਰਾਂ ਆਈ ।
ਪਤਾ ਨਈਂ ਕਿਸ ਪਹਾੜ ਉੱਤੇ ਹੈ ਕਿਸੇ ਨੇ ਪਿੰਜਰੇ ਪਾਈ ।

ਕਈ ਵਾਰੀ ਕਈ ਚਿੜੀਆਂ ਪਹਾੜੋਂ ਹੋਰ ਵੀ ਆਈਆਂ,
ਕਦੇ ਪਰ ਮੇਰਿਆਂ ਰੁੱਖਾਂ 'ਤੇ ਮੁੜ ਰੌਣਕ ਨਹੀਂ ਆਈ ।

ਅਸੀਂ ਤਪਦੇ ਥਲਾਂ 'ਚੋਂ ਬਲ ਰਹੀ ਰੁੱਤੇ ਜਦੋਂ ਗੁਜ਼ਰੇ,
ਨਾ ਕਿਧਰੇ ਛਾਂ ਮਿਲੀ ਰਸਤੇ 'ਚ ਨਾ ਕਿਧਰੇ ਘਟਾ ਛਾਈ ।

ਕਿਸੇ ਹਾਰੇ ਮੁਸਾਫ਼ਰ ਵਾਂਗ ਨੀਵੀਂ ਪਾ ਕੇ ਅਜ ਗੁਜ਼ਰੀ,
ਸਦਾ ਹੀ ਛੇੜ ਕੇ ਜੋ ਲੰਘਦੀ ਸੀ ਸ਼ੋਖ ਪੁਰਵਾਈ ।

ਮਿਰੇ ਗੁਲਦਾਨ ਖ਼ਾਲੀ ਸਨ, ਖ਼ਿਜ਼ਾਂ ਜੇਬਾਂ 'ਚ ਸੀ ਬੈਠੀ,
ਇਹ ਸਭ ਕੁਛ ਵੇਖ ਕੇ ਤਿਤਲੀ ਮੇਰੇ ਘਰ ਵਿਚ ਨਹੀਂ ਆਈ ।

ਜੋ ਆਪਣੇ ਘਰ ਵਿੱਚ ਰਹਿੰਦੀ ਹੈ ਬੁਝੀ ਬੱਤੀ ਤਰਾਂ ਅਕਸਰ,
ਉਹ ਮੇਰੇ ਕਾਲਿਆਂ ਰਾਹਾਂ 'ਚ ਆਉਂਦੀ ਬਣਕੇ ਰੁਸ਼ਨਾਈ ।

ਸਹੰਸਰ ਰੰਗ ਲਹਿੰਦੇ ਵਿਚ ਜੁੜੇ, ਘਰ ਮੁੜ ਰਹੇ ਪੰਛੀ,
ਉਦਾਸੀ ਵਿਚ ਹੈ ਡੁਬਦੀ ਜਾ ਰਹੀ ਪਰ ਮੇਰੀ ਅੰਗਨਾਈ ।

ਹਵਾ ਇਸ ਸ਼ਹਿਰ ਦੀ ਕੁਝ ਤੇਜ ਵੀ, ਕੁਝ ਤਲਖ਼ ਰੁੱਖੀ ਵੀ,
ਨਾ ਤੈਨੂੰ ਹੀ ਸੁਖਾ ਸਕੀ, ਨਾ ਮੈਨੂੰ ਹੈ ਰਾਸ ਆਈ ।

ਨਾ ਮੈਨੂੰ ਰਤਜਗੇ ਦਾ ਅਰਥ ਪੁੱਛ ਮਾਸੂਮ ਬਣ ਕੇ ਤੂੰ,
ਤੇਰੇ ਨੈਣਾਂ 'ਚ ਚੁਗ਼ਲੀ ਖਾ ਰਹੀ ਰਾਤਾਂ ਦੀ ਕਜਰਾਈ ।

ਜ਼ਮਾਨਾ ਆਏਗਾ 'ਜਗਤਾਰ' ਜਦ ਕੁਝ ਲੋਕ ਸਮਝਣਗੇ,
ਬੁਲੰਦੀ ਤੇਰੇ ਸ਼ਿਅਰਾਂ ਦੀ, ਤਿਰੇ ਸ਼ਿਅਰਾਂ ਦੀ ਗਹਿਰਾਈ ।
(1976-ਸ਼ੀਸ਼ੇ ਦਾ ਜੰਗਲ)

23. ਕਦੇ ਇਹ ਬੇਵਸਾਹੀ ਨਾ ਨਗਰ ਵਿਚ ਨਾ ਗਰਾਂ ਵਿਚ ਸੀ

ਕਦੇ ਇਹ ਬੇਵਸਾਹੀ ਨਾ ਨਗਰ ਵਿਚ ਨਾ ਗਰਾਂ ਵਿਚ ਸੀ ।
ਨਾ ਐਸੀ ਮਾਤਮੀ ਚੁਪ-ਚਾਂ ਕਦੇ ਪਹਿਲੋਂ ਘਰਾਂ ਵਿਚ ਸੀ ।

ਜਦੋਂ ਦੀਵਾਰ ਬਣ ਕੇ ਸਾਂ ਖੜ੍ਹੇ ਇਕ ਦੂਸਰੇ ਗਿਰਦ,
ਨਾ ਏਨਾ ਹੌਸਲਾ, ਹਿੰਮਤ, ਦਲੇਰੀ ਜਾਬਰਾਂ ਵਿਚ ਸੀ ।

ਲਹੂ ਭਿੱਜੀ ਬਰੂਹਾਂ 'ਤੇ ਨਹੀਂ ਅਖ਼ਬਾਰ ਸੀ ਆਉਂਦੀ,
ਮੁਹੱਬਤ ਜਦ ਦਿਲਾਂ ਵਿਚ ਸਾਂਝ ਜਾਂ ਸਾਰੇ ਘਰਾਂ ਵਿਚ ਸੀ ।

ਸ਼ਿਕਾਰੀ ਖ਼ੌਫ ਖਾਂਦਾ ਸੀ, ਸਦਾ ਨਾਕਾਮ ਸੀ ਫਾਂਧੀ,
ਜਦੋਂ ਰਲ ਕੇ ਉੱਡਣ ਦੀ ਤਾਂਘ ਹਰ ਇਕ ਦੇ ਪਰਾਂ ਵਿਚ ਸੀ ।

ਬਣਾ ਕੇ ਸ਼ੀਸ਼ਿਆਂ ਦੇ ਘਰ ਤੇ ਪਿੱਛੋਂ ਵੇਚਣੇ ਪੱਥਰ,
ਅਜਿਹੀ ਚਾਲ ਪਹਿਲੋਂ ਤਾਂ ਨਹੀਂ ਸ਼ੀਸ਼ਾਗਰਾਂ ਵਿਚ ਸੀ ।

ਨਾ ਲੁੱਟੇ ਜਾਣ ਦਾ ਇਕ ਦੂਸਰੇ ਨੂੰ ਦੋਸ਼ ਹੁਣ ਦੇਵੋ,
ਪਛਾਣੋਂ ਰਾਹਮਾਰਾਂ ਦਾ ਜੋ ਸੂਹੀਆ ਰਹਿਬਰਾਂ ਵਿਚ ਸੀ ।

ਖੁਦਾ, ਮਜ਼ਹਬ, ਜ਼ਬਾਨਾਂ ਦੇ ਲਈ ਲੜਨਾ ਸਿਖਾਇਆ ਕਿਸ,
ਕੋਈ ਐਸਾ ਤਾਂ ਪੈਗ਼ੰਬਰ ਨਹੀਂ ਪੈਗ਼ੰਬਰਾਂ ਵਿਚ ਸੀ ।

24. ਕਦੀਮਾਂ ਤੋਂ ਰਹੀ ਦੁਸ਼ਮਣ ਮੇਰੀ ਤਕਦੀਰ ਦੀ ਦਿੱਲੀ

ਕਦੀਮਾਂ ਤੋਂ ਰਹੀ ਦੁਸ਼ਮਣ ਮੇਰੀ ਤਕਦੀਰ ਦੀ ਦਿੱਲੀ ।
ਫ਼ਰੰਗੀ ਦੀ ਰਹੀ ਦਿੱਲੀ, ਜਾਂ ਆਲਮਗੀਰ ਦੀ ਦਿੱਲੀ ।

ਲਹੂ ਦੇ ਨਕਸ਼ ਫ਼ਰਿਆਦੀ ਤੇ ਘਰ ਵਰਕੇ ਤਰ੍ਹਾਂ ਟੁਕੜੇ,
ਰਹੀ 'ਗ਼ਾਲਿਬ' ਦੀ ਨਾ ਕਿਧਰੇ ਰਹੀ ਹੈ 'ਮੀਰ' ਦੀ ਦਿੱਲੀ ।

ਸੁਭਾ ਹੀ ਬਣ ਗਿਆ ਇਸਦਾ, ਲਹੂ ਪੀਣਾ ਲਹੂ ਕਰਨਾ,
ਲਹੂ ਦੇ ਨਾਲ ਹਰ ਇਕ ਫੈਸਲਾ ਤਹਿਰੀਰਦੀ ਦਿੱਲੀ ।

ਰਿਹਾ ਹੇ ਫ਼ਾਸਲਾ ਪਰਜਾ ਤੇ ਹਾਕਿਮ ਵਿਚ ਹਮੇਸ਼ਾਂ ਹੀ,
ਨਿਓਟੇ ਦੀ ਹੈ ਦੁਸ਼ਮਣ, ਯਾਰ ਹਰ ਇਕ ਮੀਰ ਦੀ ਦਿੱਲੀ ।

ਬੜਾ ਹੈ ਸ਼ੋਰ ਪਹਿਲੂ ਵਿਚ, ਮੈਂ ਚਾਰਾਗਰ ਗ਼ਰੀਬਾਂ ਦੀ,
ਤਨਾਂ ਨੂੰ ਪੀੜਦੀ ਦਿੱਲੀ ਮਨਾਂ ਨੂੰ ਚੀਰਦੀ ਦਿੱਲੀ ।

ਮਸੀਤਾਂ, ਮੰਦਰਾਂ ਦੇ ਸਾਏ, ਹੇਠਾਂ ਕਤਲ ਕਰਵਾਵੇ,
ਤੇ ਦਾਅਵਾ ਵੀ ਕਰੇ, ਦਿੱਲੀ ਹੈ ਹਰ ਗ਼ਮਗੀਰ ਦੀ ਦਿੱਲੀ ।

ਮਗਰ ਕੁਝ ਯਾਰ, ਕੁਝ ਦਿਲਦਾਰ, ਕੁਝ ਗ਼ਮਖ਼ਾਰ ਨੇ ਓਥੇ,
ਦੁਆ ਹੈ ਇਸ ਲਈ ਉਜੜੇ ਨਾ 'ਊਸ਼ੀ' ਪੀਰ ਦੀ ਦਿੱਲੀ ।

25. ਹਨੇਰਾ ਹੀ ਹਨੇਰਾ ਸੀ ਕਿਤੇ ਚਾਨਣ ਜ਼ਰਾ ਨਾ ਸੀ

ਹਨੇਰਾ ਹੀ ਹਨੇਰਾ ਸੀ ਕਿਤੇ ਚਾਨਣ ਜ਼ਰਾ ਨਾ ਸੀ ।
ਖ਼ੁਦਾਵਾਂ ਦੇ ਨਗਰ ਵਿਚ ਸਭ ਖ਼ੁਦਾ ਸਨ ਪਰ ਖ਼ੁਦਾ ਨਾ ਸੀ ।

ਸੀ ਹਰ ਪਾਸੇ ਖ਼ਲਾ ਪਰ ਗੁਬਾਰੇ ਵਿਚ ਖ਼ਲਾ ਨਾ ਸੀ ।
ਸਿਤਮ ਇਹ ਸੀ ਗੁਬਾਰੇ ਵਿਚ ਤਾਂ ਸੀ ਬਾਹਰ ਹਵਾ ਨਾ ਸੀ ।

ਇਹ ਕੈਸਾ ਸ਼ਹਿਰ ਸੀ ਜਿੱਥੇ ਕੋਈ ਵੀ ਬੋਲਦਾ ਨਾ ਸੀ,
ਹਰ ਇਕ ਦੀ ਅੱਖ ਸੀ ਖੁਲ੍ਹੀ ਕੋਈ ਪਰ ਦੇਖਦਾ ਨਾ ਸੀ ।

ਭੁਲੇਖੇ ਰਾਤ ਭਰ ਪਾਏ ਕਦੇ ਪੈਛੜ ਕਦੇ ਦਸਤਕ,
ਉਹ ਜਦ ਆਏ, ਮੁਕੱਦਰ ਜਾਗਿਆ, ਮੈਂ ਜਾਗਦਾ ਨਾ ਸੀ ।

ਤੁਹਾਡਾ ਪੈਰ-ਚਿੰਨ੍ਹ ਮਿਲਿਆ, ਤਾਂ ਮੈਨੂੰ ਮਿਲ ਗਈ ਮੰਜ਼ਿਲ,
ਨਹੀਂ ਤਾਂ ਮੇਰੀ ਮੰਜ਼ਿਲ ਕੀ ਕੋਈ ਮੇਰਾ ਪੜਾ ਨਾ ਸੀ ।

ਤੁਹਾਡੇ ਹਥ 'ਚ ਵੀ ਉਸ ਵਕਤ ਪੱਥਰ ਸੀ ਨਾ ਸੀ ਸ਼ੀਸ਼ਾ,
ਮੈਂ ਸਭ ਕੁਛ ਵੇਖ ਕੇ ਸ਼ੀਸ਼ੇ ਤਰ੍ਹਾਂ ਜਦ ਬੋਲਦਾ ਨਾ ਸੀ ।

ਸੜੇ ਤੀਲੇ, ਝੜੇ ਪੱਤੇ, ਡਰੇ ਮਾਲੀ, ਮਰੇ ਪੰਛੀ,
ਹਨੇਰੀ ਆਉਣ ਤੋਂ ਪਹਿਲਾਂ ਇਹ ਨਕਸ਼ਾ ਬਾਗ ਦਾ ਨਾ ਸੀ ।

ਕਬੂਤਰ ਜਦ ਵੀ ਆਇਆ ਪਰਤ ਕੇ ਮਾਯੂਸ ਹੀ ਆਇਆ,
ਕਿਸੇ ਵੀ ਦੇਸ਼ ਵਿਚ ਜੈਤੂਨ ਦਾ ਪੱਤਾ ਹਰਾ ਨਾ ਸੀ ।

26. ਜੇ ਘਰਾਂ ਤੋਂ ਤੁਰ ਪਏ ਹੋ ਦੋਸਤੋ

ਜੇ ਘਰਾਂ ਤੋਂ ਤੁਰ ਪਏ ਹੋ ਦੋਸਤੋ !
ਮੁਸ਼ਕਿਲਾਂ ਤੇ ਔਕੜਾਂ ਤੋਂ ਨਾ ਡਰੋ ।

ਜਦ ਰੁਕੋ ਨਕਸ਼ ਬਣ ਕੇ ਹੀ ਰੁਕੋ,
ਜਦ ਤੁਰੋ ਤਾਂ ਰੌਸ਼ਨੀ ਵਾਂਗੂ ਤੁਰੋ ।

ਮਰ ਰਹੀ ਹੈ ਰਾਤ ਤਿਲ ਤਿਲ ਪੈਰ ਪੈਰ,
ਪੈਰ ਨਾ ਛੱਡੋ ਚਲੋ ਚਲਦੇ ਚਲੋ ।

ਮੰਜ਼ਿਲਾਂ ਤੇ ਪਹੁੰਚਣਾ ਮੁਸ਼ਕਿਲ ਨਹੀਂ,
ਰਸਤਿਆਂ ਦੇ ਵਾਂਗ ਜੇਕਰ ਨਾ ਫਟੋ ।

ਪਰ ਜੇ ਭਿੱਜੇ ਹੋਣ ਮੁਸ਼ਕਿਲ ਉੱਡਣਾ,
ਹੈ ਵਿਦਾ ਦਾ ਵਕਤ ਅੱਖਾਂ ਨਾ ਭਰੋ ।

27. ਚੋਗਾ ਖਿਲਾਰ ਕੁਝ ਕੁ ਪਰਿੰਦੇ ਵੀ ਪਾਲ ਰਖ

ਚੋਗਾ ਖਿਲਾਰ ਕੁਝ ਕੁ ਪਰਿੰਦੇ ਵੀ ਪਾਲ ਰਖ ।
ਹੈ ਵਕਤ ਦਾ ਤਕਾਜ਼ਾ ਮੋਢੇ ਤੇ ਜਾਲ ਰਖ ।

ਮਿੱਟੀ ਦੇ ਤੋਤਿਆਂ ਦੀ, ਵੀ ਨਾ ਭਿਆਲ ਰਖ,
ਹੁਣ ਫ਼ਸਲ ਪਕ ਗਈ ਹੈ, ਇਸਦਾ ਖ਼ਿਆਲ ਰਖ ।

ਹੁਣ ਉਸ ਦੇ ਸਾਹਮਣੇ ਤੂੰ ਆਪਣਾ ਸਵਾਲ ਰਖ,
ਦਿਲ ਦਾ ਮੁਆਮਲਾ ਹੈ ਏਨਾ ਨਾ ਟਾਲ ਰਖ ।

ਰੰਜਸ਼ ਦੇ ਨਾਲ ਹਾਲੇ ਕੁਝ ਕੁਛ ਭਿਆਲ ਰਖ,
ਸ਼ੀਸ਼ਾ ਜੋ ਤਿੜਕ ਚੁੱਕੈ, ਕੁਝ ਚਿਰ ਛੁਪਾਲ ਰਖ ।

ਮਜਨੂੰ ਦਾ ਦੌਰ ਹੈ ਨਾ, ਫ਼ਰਹਾਦ ਦਾ ਸਮਾਂ,
ਆਪਣਾ ਖ਼ਿਆਲ ਰਖ 'ਤੇ ਉਸ ਦਾ ਖ਼ਿਆਲ ਰਖ ।

ਇਸ ਸ਼ਹਿਰ ਦੀ ਹਵਾ ਤੇ ਏਨਾ ਨਾ ਕਰ ਵਿਸਾਹ,
ਪਰਦੇ ਹਟਾ ਕੇ ਸਾਰੇ ਦੀਵੇ ਨਾ ਬਾਲ ਰਖ ।

ਮੌਸਮ ਹੈ ਜਾਣ ਵਾਲਾ, ਤੀਲੇ ਟਿਕਾ ਕਿਤੇ ਤਾਂ,
ਹੁਣ ਨਾ ਨਿਗਾਹ ਆਪਣੀ ਤੂੰ ਡਾਲ ਡਾਲ ਰਖ ।

ਉਸ ਨਾਲ ਬੈਠ ਕੇ ਤੇ ਗੱਲਾਂ ਨਤਾਰ ਲੈ ਸਭ,
ਚੰਗੇ ਭਲੇ ਨਾ ਦਿਲ ਨੂੰ ਐਵੇਂ ਗੰਧਾਲ ਰਖ ।

28. ਜਦ ਵੀ ਡਿੱਗੀਆਂ ਛੱਤਾਂ , ਖ਼ਸਤਾ ਘਰ ਬਾਰਾਂ ਦੀ ਬਾਤ ਤੁਰੀ

ਜਦ ਵੀ ਡਿੱਗੀਆਂ ਛੱਤਾਂ , ਖ਼ਸਤਾ ਘਰ ਬਾਰਾਂ ਦੀ ਬਾਤ ਤੁਰੀ ।
ਰਸਤੇ ਵਿੱਚ ਦੀਵਾਰਾਂ ਬਣੀਆਂ, ਦੀਵਾਰਾਂ ਦੀ ਬਾਤ ਤੁਰੀ ।

ਸ਼ੀਸ਼ਿਆਂ ਅੰਦਰ ਫੁੱਲ ਖਿੜ ਉੱਠੇ, ਨੱਚਿਆ ਖ਼ੂਨ ਰਗਾਂ ਅੰਦਰ,
ਮੈਖ਼ਾਨੇ ਵਿੱਚ ਜਦ ਜਿੰਦਾ-ਦਿਲ ਮੈਖਾਰਾਂ ਦੀ ਬਾਤ ਤੁਰੀ ।

ਡੁੱਬਦੇ ਡੁੱਬਦੇ ਦਿਲ ਸੰਭਲੇ ਨੇ, ਬੁਝਦੇ ਬੁਝਦੇ ਦੀਪ ਜਗੇ,
ਜਦ ਵੀ ਤੇਰੀਆਂ ਰੌਸ਼ਨ ਜ਼ੁਲਫ਼ਾਂ, ਰੁਖ਼ਸਾਰਾਂ ਦੀ ਬਾਤ ਤੁਰੀ ।

ਵੇਖੀਏ ਕਿਸ ਕਿਸ ਦੇ, ਧੜ ਸਿਰ ਹੈ ਕਿਹੜੇ ਸੀਸ ਵਿਹੂਣੇ ਨੇ,
ਨਗਰੋ ਨਗਰੀ, ਸ਼ਹਿਰੋ ਸ਼ਹਿਰੀ, ਫਿਰ ਦਾਰਾਂ ਦੀ ਬਾਤ ਤੁਰੀ ।

ਜੰਗਾਲੇ ਹਥਿਆਰਾਂ ਤਾਈਂ, ਚਮਕਾਓ ਤੇਜ਼ ਕਰੋ,
ਮੁੜ ਖੇਤਾਂ ਤੇ ਖਲਿਆਣਾਂ ਵਿੱਚ ਹੱਕਦਾਰਾਂ ਦੀ ਬਾਤ ਤੁਰੀ ।

ਕੌਣ ਆਇਆ ਹੈ ਮਕਤਲ ਅੰਦਰ, ਕੰਬੇ ਹੱਥ ਜੱਲਾਦਾਂ ਦੇ,
ਫਿਰ ਘਰ ਘਰ ਵਿੱਚ ਸਿਰ ਲੱਥਾਂ, ਜੀਦਾਰਾਂ ਦੀ ਬਾਤ ਤੁਰੀ ।

29. ਸੋਚਦਾਂ ਹਾਂ ਮਹਿਕ ਦੀ ਲਿੱਪੀ 'ਚ ਤੇਰਾ ਨਾਂ ਲਿਖਾਂ

ਸੋਚਦਾਂ ਹਾਂ ਮਹਿਕ ਦੀ ਲਿੱਪੀ 'ਚ ਤੇਰਾ ਨਾਂ ਲਿਖਾਂ ।
ਪਰ ਕਿਤੇ ਮਹਿਫ਼ੂਜ਼ ਕੋਈ ਥਾਂ ਮਿਲੇ ਤਾਂ ਤਾਂ ਲਿਖਾਂ ।

ਨਾਮ ਤੇਰਾ ਮੈਂ ਲਿਖਾਂ ਆਗ਼ਾਜ਼ ਵਿੱਚ ਮਹਿੰਦੀ ਦੇ ਨਾਲ,
ਅੰਤ ਖ਼ਤ ਵਿੱਚ ਬਸ ਲਹੂ ਦੇ ਨਾਲ 'ਤੇਰਾ ਹਾਂ' ਲਿਖਾਂ ।

ਇਹ ਵੀ ਸੋਚਾਂ, ਉਸ ਨੂੰ ਪਲ ਪਲ ਦਾ ਲਿਖਾਂ ਸਾਰਾ ਹਵਾਲ,
ਕਿਸ ਤਰ੍ਹਾਂ ਫ਼ਜਰਾਂ ਤੇ ਲੰਘਣ ਕਿਸ ਤਰ੍ਹਾਂ ਸ਼ਾਮਾਂ ਲਿਖਾਂ ।

ਫੇਰ ਸੋਚਾਂ, ਪੜ੍ਹ ਕੇ ਖ਼ਤ, ਐਂਵੇ ਨਾ ਹੋ ਜਾਵੇ ਉਦਾਸ,
ਇਸ ਲਈ ਉਸਨੂੰ ਨਾ ਕੋਈ ਹਾਦਸਾ, ਸਦਮਾਂ ਲਿਖਾਂ ।

ਇਸ ਲਈ ਅੱਜ ਤੀਕ ਲਿਖ ਸਕਿਆ ਨਹੀਂ ਇਕ ਹਰਫ਼ ਵੀ,
ਸੋਚਦਾਂ ਹਾਂ ਹਰਫ਼ ਦੇਵਣ ਸਾਥ ਤਾਂ ਮੈਂ ਤਾਂ ਲਿਖਾਂ ।

ਫੇਰ ਸੋਚਾਂ ਸਾਡਾ ਹੁਣ ਰਿਸ਼ਤਾ ਹੀ ਕਿਹੜਾ ਰਹਿ ਗਿਆ,
ਜੇ ਲਿਖਾਂ ਤਾਂ ਕਿਹੜੇ ਨਾਤੇ ਖ਼ਤ ਮੈਂ ਉਸ ਦੇ ਨਾਂ ਲਿਖਾ ।

30. ਕੌਣ ਹੋਣੀ ਪੰਛੀਆਂ ਦੀ ਜਾਲ ਲਿਖ ਕੇ ਤੁਰ ਗਿਆ

ਕੌਣ ਹੋਣੀ ਪੰਛੀਆਂ ਦੀ ਜਾਲ ਲਿਖ ਕੇ ਤੁਰ ਗਿਆ ।
ਕੌਣ ਮਹਿਕਾਂ ਦਾ ਮੁਕੱਦਰ ਭਾਲ ਲਿਖ ਕੇ ਤੁਰ ਗਿਆ ।

ਵਾਕ ਬਿਸਮਿਲ, ਅਰਥ ਘਾਇਲ, ਨੈਣ ਬੋਝਲ, ਮਨ ਉਦਾਸ,
ਤੂੰ ਤਾਂ ਕੋਰਾ ਬਣ ਕੇ ਅਪਣਾ ਹਾਲ ਲਿਖ ਕੇ ਤੁਰ ਗਿਆ ।

ਜੇ ਨਾ ਰੋਵਾਂ ਬਹਿਣ ਨਾ ਦੇਵੇ, ਜੇ ਰੋਵਾਂ ਵਹਿ ਤੁਰੇ,
ਤੂੰ ਕੀ ਨੈਣਾਂ ਵਿਚ ਨਜ਼ਰ ਦੇ ਨਾਲ ਲਿਖ ਕੇ ਤੁਰ ਗਿਆ ।

ਸ਼ਾਮ, ਖੰਡਹਰ, ਖ਼ੁਸ਼ਕ ਦਰਿਆ, ਰੁਲ ਰਹੇ ਪੱਤੇ ਚਰਾਗ਼,
ਕੌਣ ਪ੍ਰਕਿਰਤੀ ਨੂੰ ਮੇਰਾ ਹਾਲ ਲਿਖ ਕੇ ਤੁਰ ਗਿਆ ।

ਜਦ ਕਦੇ ਫੁਰਸਤ ਮਿਲੇ ਤਾਂ ਯਾਦ ਕਰ ਲੈਣਾ ਤੁਸੀਂ,
ਘਰ ਦੇ ਮੱਥੇ ਇਹ ਲਹੂ ਦੇ ਨਾਲ ਲਿਖ ਕੇ ਤੁਰ ਗਿਆ ।

31. ਅਜੇ ਤਾਈਂ ਤਾਂ ਮੇਰਾ ਸਿਰ ਕਿਤੇ ਵੀ ਖ਼ਮ ਨਹੀਂ ਹੋਇਆ

ਅਜੇ ਤਾਈਂ ਤਾਂ ਮੇਰਾ ਸਿਰ ਕਿਤੇ ਵੀ ਖ਼ਮ ਨਹੀਂ ਹੋਇਆ ।
ਤੁਹਾਡੇ ਵਿਕਣ ਦਾ ਅਫ਼ਸੋਸ ਹੈ ਪਰ ਗ਼ਮ ਨਹੀਂ ਹੋਇਆ ।

ਤੁਸੀਂ ਬਖ਼ਸ਼ਿਸ਼ ਦੀ ਬਾਰਿਸ਼ ਵਿੱਚ ਵੀ ਸਰਸਬਜ਼ ਨਾ ਹੋਏ,
ਮੈਂ ਔੜਾਂ ਦੇ ਵੀ ਮੌਸਮ ਵਿਚ ਕਦੇ ਬੇਦਮ ਨਹੀਂ ਹੋਇਆ ।

ਡਰਾਵਾ ਵੀ, ਛਲਾਵਾ ਵੀ, ਭੁਲਾਵਾ ਵੀ ਬਣੇ ਰਸਤੇ,
ਮਿਰੀ ਰਫ਼ਤਾਰ ਦਾ ਅੰਦਾਜ਼ ਪਰ ਮੱਧਮ ਨਹੀਂ ਹੋਇਆ ।

ਜੁਦਾ ਤਾਂ ਹੋ ਗਏ ਸਾਂ ਹੌਸਲਾ ਕਰਕੇ ਪਰ ਅੱਜ ਤਾਈਂ,
ਜ਼ਰੂਰਤ ਤੇਰੀ ਦਾ ਇਹਸਾਸ ਪਲ ਭਰ ਕਮ ਨਹੀਂ ਹੋਇਆ ।

ਇਹ ਕੈਸਾ ਮੋਮ ਦਾ ਰਸਤਾ ਕਿਸੇ ਪਾਸੇ ਨਾ ਰਾਹ ਦੇਵੇ,
ਜਕੜ ਬੈਠਾ ਹੈ ਪੈਰਾਂ ਨੂੰ ਨਿਰਾ ਦੁਰਗਮ ਨਹੀਂ ਹੋਇਆ ।

ਬੜਾ ਚਿਰ ਸੋਚਿਆ ਹੋਵੇਗਾ ਤੂੰ, ਉਤਰਾ ਚੜ੍ਹਾ ਬਾਰੇ,
ਜੁਦਾ ਹੋਵਣ ਦਾ ਤੇਰਾ ਫੈਸਲਾ ਇਕਦਮ ਨਹੀਂ ਹੋਇਆ ।

32. ਖ਼ੈਰ ਖ਼ਾਹੋ ! ਦੋਸਤੋ ! ਚਾਰਾਗਰੋ !

ਖ਼ੈਰ ਖ਼ਾਹੋ ! ਦੋਸਤੋ ! ਚਾਰਾਗਰੋ !
ਰੋ ਕੇ ਮੇਰੀ ਵਾਟ ਨਾ ਖੋਟੀ ਕਰੋ !

ਫੇਰ ਮਕਤਲ 'ਚੋਂ ਬੁਲਾਵਾ ਆ ਗਿਐ,
ਜਸ਼ਨ ਕੋਈ ਇਸ ਖ਼ੁਸ਼ੀ ਦੇ ਪਲ ਕਰੋ ।

ਇਸ ਸਮੇਂ ਸਾਡੇ 'ਚ ਜੋ ਹਾਜ਼ਰ ਨਹੀਂ,
ਜਾਮ ਉਸਦੇ ਨਾਮ ਦਾ ਵੀ ਇਕ ਭਰੋ ।

ਹੋ ਹੀ ਜਾਏਗੀ ਹਰੀ ਹਰ ਇਕ ਉਮੀਦ,
ਬਿਰਖ ਵਾਂਗੂੰ ਪਰ ਜ਼ਰਾ ਧੀਰਜ ਧਰੋ ।

ਜ਼ਿੰਦਗੀ 'ਚੋਂ ਉਹ ਤਾਂ ਮਨਫ਼ੀ ਹੋ ਗਿਐ,
ਰਕਮ ਮੇਰੇ ਨਾਮ, ਦਰਦ ਉਸਦਾ ਕਰੋ ।

ਕਵਿਤਾਵਾਂ

1. ਵਸੀਅਤ

ਮੈਂ ਆਪਣਾ ਕਤਲਨਾਮਾ ਪੜ੍ਹ ਲਿਆ ਹੈ
ਜ਼ਰਾ ਠਹਿਰੋ !
ਕੋਈ ਬਸਤੀ 'ਚ ਤਾਂ ਬਾਕੀ ਨਹੀਂ ਬਚਿਆ
ਦਰਖ਼ਤਾਂ ਨੂੰ ਵਸੀਅਤ ਕਰ ਲਵਾਂ ਮੈਂ ।

"ਮਿਰੇ ਯਾਰੋ !
ਮਿਰੇ ਪਿੱਛੋਂ
ਤੁਸੀਂ ਕਿਸ਼ਤੀ ਵੀ ਬਣਨਾ ਹੈ
ਤੁਸੀਂ ਚਰਖ਼ਾ ਵੀ ਬਣਨਾ ਹੈ
ਤੁਸੀਂ ਰੰਗੀਲ-ਪੀੜ੍ਹਾ ਵੀ
ਤੇ ਪੰਘੂੜਾ ਵੀ ਬਣਨਾ ਹੈ
ਮਗਰ ਕੁਰਸੀ ਨਹੀਂ ਬਣਨਾ ।"

"ਮਿਰੇ ਯਾਰੋ !
ਮਿਰੇ ਪਿੱਛੋਂ
ਤੁਸੀਂ ਹਰ ਹਾਲ
ਡਿੱਗਦੀ ਛੱਤ ਦੀ ਥੰਮ੍ਹੀ ਤਾਂ ਬਣਨਾ ਹੈ
ਕਿਸੇ ਮੁਹਤਾਜ ਦੀ ਲਾਠੀ ਵੀ ਬਣਨਾ ਹੈ
ਮਗਰ ਤਲਵਾਰ ਦਾ ਦਸਤਾ ਨਹੀਂ ਬਣਨਾ"

'ਮਿਰੇ ਯਾਰੋ !
ਮਿਰੇ ਪਿੱਛੋਂ
ਕਿਸੇ ਵੀ ਭੀਲ ਦਾ ਨਾਵਕ ਤਾਂ ਬਣ ਜਾਣਾ
ਦਰੋਣਾਚਾਰੀਆ ਦੀ ਢਾਲ ਨਾ ਬਣਨਾ ।
ਕਿਸੇ ਪੂਰਨ ਦੀਆਂ ਮੁੰਦਰਾਂ ਤਾਂ ਬਣ ਜਾਣਾ
ਕਿਸੇ ਵੀ ਰਾਮ ਦੇ ਪਊਏ ਨਹੀਂ ਬਣਨਾ
ਕਿਸੇ ਚਰਵਾਲ ਦੀ ਵੰਝਲੀ ਤਾਂ ਬਣ ਜਾਣਾ
ਤਿਲਕ ਵੇਲੇ-
ਕਿਸੇ ਵੀ ਰਾਜ ਘਰ ਵਿੱਚ
ਪਰ ਸ਼ਹਾਦਤ ਦੀ ਕਦੇ ਉਂਗਲੀ ਨਹੀਂ ਬਣਨਾ ।"

'ਮਿਰੇ ਯਾਰੋ !
ਮਿਰੇ ਪਿੱਛੋਂ
ਤੁਸੀਂ ਛਾਵਾਂ ਦੇ ਰੂਪ ਅੰਦਰ
ਤੁਸੀਂ ਪੌਣਾਂ ਦੇ ਰੂਪ ਅੰਦਰ
ਤੁਸੀਂ ਫੁੱਲਾਂ, ਫਲਾਂ, ਮਹਿਕਾਂ ਦੇ ਰੂਪ ਅੰਦਰ
ਦੁਆਵਾਂ ਹੀ ਬਣੇ ਰਹਿਣਾ
ਕਦੇ ਤੂਫ਼ਾਨ ਨਾ ਬਣਨਾ ?"

'ਮਿਰੇ ਯਾਰੋ !
ਮਿਰੇ ਪਿੱਛੋਂ
ਜਦੋਂ ਇਹ ਜ਼ਰਦ ਮੌਸਮ ਖ਼ਤਮ ਹੋ ਜਾਵੇ
ਜਦੋਂ ਹਰ ਸ਼ਾਖ਼ ਦਾ ਨੰਗੇਜ਼ ਲੁਕ ਜਾਵੇ
ਜੋ ਹਿਜਰਤ ਕਰ ਗਏ ਨੇ
ਉਹ ਪਰਿੰਦੇ ਪਰਤ ਕੇ ਆਵਣ
ਤੁਸੀਂ ਇਕ ਜਸ਼ਨ ਕਰਨਾ
ਓਸ ਮਿੱਟੀ ਦਾ
ਜੋ ਪੀਲੇ ਮੌਸਮਾਂ ਵਿੱਚ ਕਤਲ ਹੋ ਕੇ ਵੀ
ਜੜ੍ਹਾਂ ਅੰਦਰ ਸਦਾ ਮਹਿਫ਼ੂਜ਼ ਰਹਿੰਦੀ ਹੈ
ਨਾ ਮਰਦੀ ਹੈ
ਨਾ ਮਿਟਦੀ ਹੈ
ਸਿਰਫ ਸ਼ਕਲਾਂ ਬਦਲਦੀ ਹੈ ।"

2. ਨਿੱਕੇ ਵੱਡੇ ਡਰ

ਧੀਆਂ ਪਿੰਡ ਚੱਲੀਆਂ
ਬਾਰ ਬਾਰ ਮੈਨੂੰ ਓਹ
ਤਕੀਦ ਕਰ ਰਹੀਆਂ ਨੇ
ਵਿਚੋ ਵਿਚ ਜਿਵੇਂ ਡਰ ਰਹੀਆਂ ਨੇ
"ਪਾਪਾ ਗੈਸ ਯਾਦ ਨਾਲ ਔਫ਼ ਕਰ ਛੱਡਨੀ
ਦੁੱਧ ਨੂੰ ਫਰਿਜ ਵਿਚ ਫੇਰ ਤੁਸੀਂ ਧਰਨਾ, ਪਹਿਲੋ ਠੰਡਾ ਕਰਨਾ
ਰਾਤੀਂ ਸੌਣ ਵੇਲੇ ਬੱਤੀ ਵੇਹੜੇ ਦੀ ਬੁਝਾ ਦੇਣਾ
ਪਹਿਲਾਂ ਕੋਰੀ-ਡੋਰ ਦੀ ਜਗਾ ਦੇਣਾ
ਬੱਦਲਾਂ ਦੀ ਰੁੱਤ ਏ
ਟੀ.ਵੀ. ਦੀ ਤਾਰ ਪਿਛੋਂ ਕੱਢ ਦੇਣੀ
ਕੱਪੜਾ ਨਾ ਕੋਈ ਬਾਹਰ ਕਿੱਲੀ ਉੱਤੇ ਰਹਿਣ ਦੇਣਾ
ਦੁੱਧ ਵਾਲਾ, ਡਾਕੀਆ ਜਾਂ ਹੋਰ ਕੋਈ ਆਵੇ ਪਿਛੋਂ
ਪਹਿਲਾਂ ਕੰਧ ਉਪਰੋਂ ਦੀ ਵੇਖਣਾ
ਅਣਸੂਹੇ ਬੰਦੇ ਨੂੰ ਟਟੋਲਣਾ
ਫੇਰ ਬੂਹਾ ਖੋਲ੍ਹਣਾ"

ਮੈਂ ਕਹਿਣਾ ਚਾਹੁੰਦਾ ਹਾਂ,
"ਸੰਭਲ ਕੇ ਬਸ ਵਿਚ ਚੜ੍ਹਨਾ
ਜਿਥੇ ਕਿਤੇ ਭੀੜ ਹੋਵੇ, ਉਥੇ ਨਹੀਓਂ ਖੜ੍ਹਨਾ
ਪਿੰਡ ਵਿਚ ਸਭ ਨੂੰ ਅਦਾਬ ਕਹਿਣਾ
ਐਵੇਂ ਨਾ ਅਭਿੱਜ ਰਹਿਣਾ"
ਪਰ ਮੈਨੂੰ ਬੋਲਣ ਦਾ ਮੌਕਾ ਨਹੀਓਂ ਦਿੰਦੀਆਂ
ਧੀਆਂ ਪਿੰਡ ਚੱਲੀਆਂ

3. ਫ਼ਾਸਲਾ

ਇਕ ਮੁਸਾਫ਼ਰ ਨੂੰ ਮੈਂ ਪੁੱਛਿਆ 'ਲੁੰਬਨੀ' ਵਿਚ
''ਕਪਲ ਵਸਤੂ ਦੂਰ ਹੈ ਕਿੰਨਾ ਕੁ ਏਥੋਂ !''
''ਕਪਲ ਵਸਤੂ !
ਕਪਲ ਵਸਤੂ ਨਾਲ ਹੀ ਹੈ ।''
''ਬੋਧ ਗੈਯਾ ਦੂਰ ਹੈ ਕਿੰਨਾ ਕੁ ਏਥੋਂ ?''
''ਜਿੰਨਾ ਕੁ ਏਥੋਂ ਕਪਲ ਵਸਤੂ ਦੂਰ ਹੈ ।''

''ਇਹ ਤਾਂ ਮੁਮਕਿਨ ਹੀ ਨਹੀਂ ?''

''ਤਿਆਗ ਵਿਚ ਤੇ ਮੋਹ 'ਚ ਜ਼ਿਆਦਾ
ਫ਼ਾਸਲਾ ਹੁੰਦਾ ਨਹੀਂ,
ਕਪਲ ਵਸਤੂ ਮੋਹ ਹੈ
ਤੇ 'ਬੋਧ ਗੈਯਾ' ਤਿਆਗ ਹੈ
ਫ਼ਾਸਲਾ ਤਾਂ ਮੋਹ ਅਤੇ ਨਿਰਵਾਨ ਵਿਚ ਹੁੰਦੈ
ਇਸ ਲਈ
ਬੋਧ ਗੈਯਾ ਤੇ ਕਪਲ ਵਸਤੂ ਦੇ ਅੰਦਰ
ਫ਼ਾਸਲਾ ਇੱਕੋ ਜਿਹਾ ਹੈ ।''

4. ਅਜਿੱਤ ਆਦਮੀ

ਉਹ ਫੇਰਾ ਲਾ ਕੇ
ਖੇਤਾਂ 'ਚੋਂ ਹਰਾ ਘਾਹ ਲਿਆਉਂਦਾ
ਘੋੜੇ ਨੂੰ ਪਾਉਂਦਾ
ਤਾਂਗੇ 'ਚੋਂ ਕੱਢ ਕੇ ਬੰਸਰੀ ਵਜਾਉਂਦਾ
ਤੇ ਅਨਾਜ ਨੂੰ ਸਜਦਾ ਕਰਕੇ
ਸੌਂ ਜਾਂਦਾ

ਇਕ ਦਿਨ ਐਸਾ ਸੈਲਾਬ ਆਇਆ
ਕਿ ਘੋੜਾ ਡੁੱਬ ਕੇ ਮਰ ਗਿਆ
ਪਤਾ ਨਹੀਂ ਬੰਸਰੀ ਕਿੱਧਰ ਰੁੜ੍ਹ ਗਈ
ਤੇ ਘਾਹ ਸੜ ਗਿਆ

ਅੱਜਕਲ ਉਹ ਨਦੀ ਕਿਨਾਰੇ ਖੜੋ ਕੇ
ਨਦੀ ਨੂੰ ਲਲਕਾਰਦਾ ਹੈ ਤੇ ਕਹਿੰਦਾ ਹੈ
"ਅਜੇ ਬਾਂਸ ਜਿੰਦਾ ਹਨ
ਘਾਹ ਦਾ ਬੀਜ ਨਹੀਂ ਮਰਿਆ"

ਹਵਾ ਜਦੋਂ ਲਿਆਉਂਦੀ ਹੈ
ਕਿਸੇ ਬਸਤੀ ਚੋਂ
ਘੋੜਿਆਂ ਦੀਆਂ ਟਾਪਾਂ ਦੀ ਆਵਾਜ਼
ਤਾਂ ਉਹ ਕਹਿੰਦਾ ਹੈ
"ਕੀ ਤੂੰ ਬੁਝਾ ਸਕੇਂਗੀ
ਮੇਰੇ ਅੰਦਰ ਜੀ ਰਹੀ
ਜ਼ਿੰਦਗੀ ਦੀ ਅੱਗ"

5. ਸਾਡੀ ਜੂਹੀਂ ਮਿਰਗ ਜੋ ਆਏ

ਸਾਡੀ ਜੂਹੀਂ ਮਿਰਗ ਜੋ ਆਏ,
ਸਾਡੀਆਂ ਜੂਹਾਂ ਸੁੱਕੀਆਂ
ਨਾ ਤਿੜ ਘਾਹ ਦੀ ਨਾ ਛਿਟ ਪਾਣੀ,
ਮਾਰੂ ਰੋਹੀਆਂ ਉੱਕੀਆਂ
ਸਾਡੀ ਜੂਹੀਂ ਮਿਰਗ ਜੋ.......

ਮਿਰਗਾਂ ਨੂੰ ਕੀ ਸਾਰ-ਖ਼ਬਰ ਕਿ,
ਏਥੇ ਲੰਮੀਆਂ ਔੜਾਂ
ਔੜਾਂ ਨੇ ਲੈ ਆਂਦੀਆਂ ਸਾਡੇ,
ਤਨ-ਮਨ ਅੰਦਰ ਸੌੜਾਂ
ਔੜਾਂ ਸਾਨੂੰ ਗੀਦੀ ਕੀਤਾ,
ਔੜਾਂ ਜੀਭਾਂ ਟੁੱਕੀਆਂ
ਸਾਡੀ ਜੂਹੀਂ ਮਿਰਗ ਜੋ.......

ਪੌਣ ਵਗੇ ਤਾਂ ਧੂੜਾਂ ਉਡਦੀਆਂ
ਰਾਤ ਪਵੇ ਤਾਂ ਠਾਰੀ
ਸੂਰਜ ਚੜ੍ਹਿਆਂ ਅੱਗਾਂ ਵਰ੍ਹਦੀਆਂ
ਇਹ ਜੂਹ ਕਰਮਾਂ ਹਾਰੀ
ਜਿਸ ਰੁੱਤ ਸਾਡਾ ਤਨ ਨਾ ਕਿਰਦਾ,
ਉਹ ਰੁੱਤਾਂ ਨਾ ਢੱਕੀਆਂ
ਸਾਡੀ ਜੂਹੀਂ ਮਿਰਗ ਜੋ.......

ਇਕ ਦੂਜੇ ਦੀ ਛਾਂ ਨੂੰ ਸਮਝਣ,
ਭੁੱਖੇ ਹਿਰਨ ਬਰੂਟੇ
ਰੇਤੇ ਨਾਲ ਜਾਂ ਮੂੰਹ ਭਰ ਜਾਵਣ,
ਪੈ ਜਾਂਦੇ ਨੇ ਝੂਠੇ
ਮਿਰਗਾਂ ਦੇ ਨੈਣਾਂ ਥੀਂ ਰੋਹੀਆਂ,
ਸ਼ਾਹ ਰਗ ਨੇੜੇ ਢੁੱਕੀਆਂ
ਸਾਡੀ ਜੂਹੀਂ ਮਿਰਗ ਜੋ.......

ਕਿਸਨੇ ਸਾਡੀਆਂ ਜੂਹਾਂ ਵਿਚੋਂ,
ਨਦੀਆਂ ਹੈਨ ਚੁਰਾਈਆਂ
ਕਿਸ ਜਾਦੂਗਰ ਟੂਣਾ ਕੀਤਾ,
ਜੂਹਾਂ ਬਾਂਝ ਬਣਾਈਆਂ
ਕਿਸਨੇ ਕੀਲੀਆਂ ਘੋਰ-ਘਟਾਵਾਂ,
ਆਉਂਦੀਆਂ ਆਉਂਦੀਆਂ ਰੁੱਕੀਆਂ
ਸਾਡੀ ਜੂਹੀਂ ਮਿਰਗ ਜੋ.......

ਆਸਾ-ਗਤ ਆਏ ਮਿਰਗਾਂ ਦਾ,
ਕੀਕੂੰ ਮਾਣ ਤਰੋੜਾਂ
ਕਿਸ ਮੂੰਹ ਨਾਲ ਕਹਾਂ ਜੀ ਆਇਆਂ,
ਕਿਸ ਮੂੰਹ ਮੈਂ ਮੂੰਹ ਮੋੜਾਂ
ਸ਼ਰਮੋਂ-ਸ਼ਰਮੀਂ ਸਾਡੀਆਂ ਰਸਮਾਂ,
ਨਾ ਰਹੀਆਂ, ਨਾ ਮੁੱਕੀਆਂ
ਸਾਡੀ ਜੂਹੀਂ ਮਿਰਗ ਜੋ ਆਏ,
ਸਾਡੀਆਂ ਜੂਹਾਂ ਸੁੱਕੀਆਂ

6. ਤਿਤਲੀਆਂ ਦੀਆਂ ਅੱਖਾਂ

ਮੈਂ ਤਿਤਲੀ ਦੀਆਂ ਅੱਖਾਂ ਨਾਲ
ਵੇਖਣਾ ਚਾਹੁੰਦਾ ਸੀ
ਅਮਰੀਕਾ ਦੇ ਨੰਗੇ, ਅੱਧ ਨੰਗੇ
ਅਪਰਾਧੀ, ਫਸਾਦੀ, ਜੱਲਾਦੀ
ਬਾਰੂਦੀ ਤੇ ਖਰੂਦੀ ਰੰਗ।
ਕਿਉਂਕਿ ਮੈਂ
ਆਪਣੀਆਂ ਅੱਖਾਂ ਨਾਲ ਵੇਖ ਸਕਦਾ ਹਾਂ
ਸਿਰਫ਼ ਕੁਝ ਰੰਗ।
ਤਿਤਲੀਆਂ ਵੇਖ ਸਕਦੀਆਂ ਹਨ
ਸਹੰਸਰ ਰੰਗ ਪਰ ਤਿਤਲੀਆਂ ਨੇ
ਅਜੇ ਅੱਖਾਂ ਦਾਨ ਕਰਨ ਦੀ
ਵਸੀਅਤ ਨਹੀਂ ਕੀਤੀ।

7. ਕੀ ਉੱਤਰ ਦਿਆਂ

ਕੀ ਉੱਤਰ ਦਿਆਂ ਸਾਡੇ ਖੇਤ ਨਹੀਂ ਹੁੰਦੇ
ਸਾਡੇ ਘਰਾਂ ਵਿਚ ਕਣਕ ਵੀ ਨਹੀਂ ਆਉਂਦੀ
ਪਰ ਜਦੋਂ ਅਸੀਂ ਮਿੱਟੀ ਵਿਚ ਪੱਲੜ ਰਲਾ ਕੇ
ਕੰਧਾਂ ਕੋਠਿਆਂ ਨੂੰ ਲਿੱਪਦੇ ਹਾਂ
ਤਾਂ ਕਣਕ ਸਾਡੇ ਬਨੇਰਿਆਂ 'ਤੇ ਉੱਗਦੀ ਹੈ।

ਅਸੀਂ ਕਣਕ ਬੀਜਦੇ ਹਾਂ
ਪਾਲਦੇ ਹਾਂ
ਵੱਢਦੇ ਹਾਂ
ਮੰਡੀ ਲੈ ਕੇ ਜਾਂਦੇ ਹਾਂ
ਪਰ ਕਣਕ ਨੂੰ ਸਾਡੇ ਘਰਾਂ ਦਾ
ਰਾਹ ਨਹੀਂ ਆਉਂਦਾ।
ਸਾਡੇ ਘਰਾਂ ਵਿਚ ਸਿਲ੍ਹੇ ਦੇ ਦਾਣੇ ਆਉਂਦੇ ਹਨ
ਪਿੜਾਂ ਦੀ ਹੂੰਝ ਆਉਂਦੀ ਹੈ
ਛਟਕਣ ਆਉਂਦਾ ਹੈ
ਪਰ ਕਣਕ ਨਹੀਂ ਆਉਂਦੀ।

ਬੱਚੇ ਪੁੱਛਦੇ ਹਨ
ਅਸੀਂ ਕਣਕ ਦੇ ਆਗਮਨ ਲਈ
ਬਨੇਰੇ ਲਿੱਪਦੇ ਹਾਂ
ਕੰਧਾਂ 'ਤੇ ਗਾਚਣੀ ਨਾਲ
ਵੇਲ ਬੂਟੇ ਪਾਉਂਦੇ ਹਾਂ
ਪਰ ਕਣਕ ਸਾਡੇ ਘਰੀਂ ਕਿਉਂ ਨਹੀਂ ਆਉਂਦੀ?
ਉੱਤਰ ਦੇਣ ਦੀ ਥਾਂ
ਮੇਰੀਆਂ ਅੱਖਾਂ ਵਿਚੋਂ
ਹੰਝੂ ਡਿੱਗ ਕੇ
ਦਾੜ੍ਹੀ ਵਿਚ ਲੋਪ ਹੋ ਜਾਂਦੇ ਨੇ
ਜਿਵੇਂ ਮੰਡੀਆਂ ਵਿਚ
ਕਣਕ ਲੋਪ ਹੋ ਜਾਂਦੀ ਹੈ।

8. ਪੰਜਾਬ ਦੇ ਪਿੰਡ ਦੀ ਸ਼ਾਮ

ਸ਼ਾਮ ਹੁਣ ਪੰਜਾਬ ਦੇ ਪਿੰਡਾਂ 'ਚ ਵੀ
ਅਲਸੀ ਦੇ ਫੁੱਲ ਵਰਗੀ ਨਹੀਂ ਹੁੰਦੀ
ਨਾ ਅਮਲਤਾਸ ਵਰਗੀ।
ਸ਼ਾਮ ਨਾ ਮਹਿੰਦੀ ਜਿਹੀ, ਕੇਸੂ ਜਿਹੀ ਹੁੰਦੀ
ਨਾ ਘੁੱਗੀ ਰੰਗ ਦੀ।
ਸ਼ਾਮ ਹੁਣ ਪੰਜਾਬ ਦੇ ਪਿੰਡਾਂ 'ਚ ਵੀ
ਸੁੱਕੇ ਤਲਾਅ ਵਰਗੀ
ਜਾਂ ਕਾਮੇ ਦੇ ਜਟੂਰੇ ਖੁਸ਼ਕ ਵਾਲਾਂ ਵਾਂਗ ਹੁੰਦੀ।
ਸ਼ਾਮ ਨਾ ਖੇਸੀ ਦੀ ਬੁੱਕਲ ਵਾਂਗ ਹੁਣ
ਹੁੰਦੀ ਹੈ ਨਿੱਘੀ।
ਸ਼ਾਮ ਨਾ ਹੁੰਦੀ ਹੈ ਹੁਣ
ਯਾਰਾਂ ਦੇ ਮੱਥੇ 'ਤੇ ਖੁਦੇ ਹੋਏ ਚੰਦ ਵਰਗੀ
ਸ਼ਾਮ ਨਾ ਬੱਚੇ ਦੇ ਚੁੰਮਣ ਵਾਂਗ ਹੁਣ
ਹੁੰਦੀ ਹੈ ਮਿੱਠੀ।
ਨਾ ਗਰਾਂ ਅੰਦਰ ਕਿਤੇ ਵੀ ਸ਼ਾਮ ਨੂੰ
ਬੋਹੜਾਂ ਦੇ ਹੇਠਾਂ
ਨਾਥ ਆ ਧੂੰਆਂ ਤਪਾਵਣ
ਨਾ ਕਿਤੇ ਚੁੱਭਿਆਂ ਦੇ ਧੂੰਏਂ
ਲਾਲਮਾਂ ਵਿਚ ਲੀਕ ਪਾਵਣ।
ਨਾ ਕਿਤੇ ਗੁੜ ਦੀ ਹੈ ਬਾਸ
ਨਾ ਕਿਤੇ ਨਕਲਾਂ ਨਾ ਰਾਸ।
ਨਾ ਕਿਤੇ ਗਲੀਆਂ ਉਹ ਮਾਵਾਂ ਵਰਗੀਆਂ
ਨਾ ਕਿਤੇ ਭੈਣਾਂ ਉਹ ਛਾਵਾਂ ਵਰਗੀਆਂ
ਨਾ ਕਿਤੇ ਸੂਰਜ ਜਿਹੇ ਨਿੱਘੇ ਭਰਾ
ਨਾ ਮਤਾਬੀ ਵਰਗੀਆਂ ਉਹ ਭਾਬੀਆਂ।
ਨਾ ਕਿਤੇ ਮਹਿਕੇ ਹੋਏ
ਜਿਸਮਾਂ ਦੀ 'ਵਾ ਵਿਚ ਬਾਸ ਹੈ
ਨਾ ਕਿਤੇ ਰੱਬ ਵਰਗਿਆਂ
ਯਾਰਾਂ ਦਾ ਹੁਣ ਵਿਸ਼ਵਾਸ ਹੈ
ਨਾ ਕਿਤੇ ਪਿੱਪਲਾਂ ਜਿਹੇ ਲੋਕਾਂ ਦਾ
ਹੁਣ ਧਰਵਾਸ ਹੈ।
ਨਾ ਕਿਤੇ ਪਾਣੀ ਨੂੰ ਅੱਗਾਂ
ਲਾਉਂਦੀਆਂ ਨੇ ਮਹਿੰਦੀਆਂ
ਨਾ ਕਿਤੇ ਗਿੱਧੇ ਨਾ ਟੱਪੇ
ਹੁਣ ਸੁਨੇਹੇ ਅੱਖੀਆਂ
ਨਾ ਦੇਂਦੀਆਂ ਨਾ ਲੈਂਦੀਆਂ
ਨਾ ਕਿਤੇ ਗੋ-ਧੂਲੀਆਂ ਉਡਣ
ਨਾ ਛਨਕਣ ਝਾਂਜਰਾਂ
ਕਿਸ ਤਰ੍ਹਾਂ ਦੇ ਹੋ ਗਏ
ਸ਼ਹਿਰ ਤਰ੍ਹਾਂ
ਖੁਸ਼ਕ ਤੇ ਰੁੱਖੇ ਜਿਹੇ
ਰੰਗਲੇ ਗਰਾਂ।

9. ਤੁਸੀਂ ਦਿੱਲੀ 'ਚ ਤਾਂ ਪੁੱਛਿਆ ਨਹੀਂ ਸੀ

ਤੁਸੀਂ ਦਿੱਲੀ 'ਚ ਤਾਂ ਪੁੱਛਿਆ ਨਹੀਂ ਸੀ,
ਕਿ ਤੇਰਾ ਨਾਮ ਕੀ ਹੈ?
ਮਿਰੀ ਪਹਿਚਾਣ
ਕਿਉਂਕਿ ਨਾਲ ਸੀ ਮੇਰੇ
ਤੁਸੀਂ ਬੱਸ ਆਉਂਦਿਆਂ ਹੀ
ਮੀਰ ਮੰਨੂੰ ਦੀ ਤਰ੍ਹਾਂ
ਮੇਰੇ ਬੱਚੇ ਜਿਬਾਹ ਕਰ ਕੇ
ਮੇਰੀ ਪਤਨੀ ਦੇ ਗਲ ਵਿਚ
ਆਂਦਰਾਂ ਪਾਈਆਂ
ਤੇ ਮੇਰੇ ਗਲ ਵਿਚ
ਅੱਗ ਦਾ ਹਾਰ ਪਾਇਆ
ਜਾਂ ਮੇਰੇ ਗਲ ਵਿਚ ਅੱਗ ਨੱਚੀ
ਤੁਸੀਂ ਮੇਰੇ ਦੁਆਲੇ ਭੁੱਖਿਆਂ ਬਾਘਾਂ ਤਰ੍ਹਾਂ
ਤ੍ਰਸ਼ੂਲ ਫੜ ਕੇ ਨਾਚ ਨੱਚੇ
ਤੁਸੀਂ ਗੁਜਰਾਤ ਵਿਚ
ਕਿਉਂ ਨਾਮ ਮੇਰਾ ਪੁੱਛ ਰਹੇ ਹੋ
ਜੇ ਮੈਂ ਆਖਾਂ ਕਿ ਨਾਂ ਹੈ 'ਰਾਮ' ਮੇਰਾ
ਤੁਸੀਂ ਹਥਿਆਰ ਮੇਰੇ ਹੱਥ ਫੜਾ ਕੇ ਆਖਣਾ
ਕਿ ਨਾਲ ਚੱਲ ਸਾਡੇ,
ਤੇ ਕਤਲਾਮ 'ਚ ਸ਼ਾਮਲ ਹੋ
ਤੁਹਾਡੇ ਨਾਲ ਪਰ ਮੈਂ ਚੱਲ ਨਹੀਂ ਸਕਦਾ
ਕਦੇ ਮੈਂ ਆਖਿਆ ਸੀ
ਕਿ ਮੇਰਾ ਨਾਂ 'ਰਾਮ ਮਹੁੰਮਦ ਸਿੰਘ' ਹੈ
ਤੁਸੀਂ ਉਸ ਨਾਂ ਦੇ ਵੀ ਟੁਕੜੇ ਸੀ ਕਰ ਦਿੱਤੇ
ਮੈਂ ਉਨ੍ਹਾਂ 'ਚੋਂ ਹੀ ਇਕ ਟੁਕੜਾ
ਅਜੇ ਵੀ 'ਮੁਹੰਮਦ ਰਾਮ ਸਿੰਘ' ਹਾਂ।

10. ਇਕ ਫਲਸਤੀਨੀ ਦਾ ਭਵਿੱਖ

ਉਸਨੇ ਘਰ ਵਿਚ ਇਕ
ਫਲਦਾਰ ਪੇੜ ਲਗਾਇਆ
ਫਲਾਂ ਦੀ ਆਸ ਵਿਚ
ਪਾਲਦਾ ਰਿਹਾ ਉਸਨੂੰ ਬੱਚਿਆਂ ਵਾਂਗ
ਤਿਲ ਤਿਲ ਵਧਦਾ ਵੇਖ ਕੇ
ਉਸਦੀਆਂ ਅੱਖਾਂ ਵਿਚ
ਤਾਰੇ ਉਤਰ ਆਉਂਦੇ।
ਦਰਖ਼ਤ ਦੇ ਬਚਪਨ ਵਿਚ
ਗਿਣਦਾ ਰਿਹਾ ਉਸਦੇ ਪੱਤੇ
ਪਲੋਸਦਾ ਰਿਹਾ ਸ਼ਾਖਾਂ
ਜਿਵੇਂ ਕੋਈ ਬੱਚੇ ਨੂੰ ਦਿੰਦਾ ਹੈ ਲੋਰੀਆਂ।
ਕਈ ਵਾਰੀ ਉਹ
ਉਸਦੀ ਛਾਂ ਮਿਣਦਾ
ਤੇ ਸੋਚ ਨਿਆਣੀ ਅਜੇ ਬੈਠਣ ਯੋਗ ਨਹੀਂ
ਉਹ ਉਸਦੀ ਵਧਦੀ ਛਾਂ ਉਡੀਕਦਾ
ਜਿਵੇਂ ਕੋਈ ਪਾਉਂਦਾ ਹੈ ਔਂਸੀਆਂ
ਕਿਸੇ ਦੀ ਉਡੀਕ ਵਿਚ।
ਹੌਲੀ ਹੌਲੀ ਰੁੱਖ ਗੱਭਰੂ ਹੋ ਗਿਆ।
ਪਰ ਉਸਨੂੰ ਕੀ ਪਤਾ ਸੀ
ਕਿ ਨਾ ਉਸਨੂੰ ਛਾਂ ਨਸੀਬ ਹੋਵੇਗੀ
ਨਾ ਫਲ
ਇਸਨੂੰ ਇਜ਼ਰਾਇਲੀ ਸਿਪਾਹੀ
ਮਾਰ ਕੇ ਟੰਗ ਦੇਣਗੇ
ਇਸਦੀ ਕਿਸੇ ਇਕ ਸ਼ਾਖ 'ਤੇ।

11. ਨਿਆਂਸ਼ਾਲਾ ਵਿਚ ਲਿਆਂਦਾ ਦੋਸ਼ੀ

ਜੀ ਮੇਰੇ ਕੋਲੋਂ ਬਦਬੂ
ਹਾਲੇ ਵੀ ਆਉਂਦੀ ਹੋਵੇਗੀ।
ਮੈਂ ਮੰਨਦਾ ਹਾਂ।
ਪਰ ਏਥੇ ਲਿਆਵਣ ਤੋਂ ਪਹਿਲਾਂ
ਮੇਰਾ ਹਰ ਉਹ ਕੱਪੜਾ
ਸਾੜ ਸੁੱਟਿਆ ਸੀ
ਜਿਸ ਵਿਚੋਂ
ਮੇਰੇ ਅੰਦਰ ਪਲੇ ਹੋਏ
ਵਿਦਰੋਹ ਦੀ ਬੂ ਆਉਂਦੀ ਸੀ।
ਮੇਰੀਆਂ ਅੱਖਾਂ
ਕੰਨ ਤੇ ਜ਼ਿਹਨ ਤਲਾਸ਼ੀ ਵੇਲੇ
ਬਖਸ਼ੀਖਾਨੇ ਅੰਦਰ
ਜਮ੍ਹਾਂ ਕਰ ਦਿੱਤੇ ਸਨ।
ਇਹ ਕੰਨ ਜ਼ਿਹਨ ਤੇ ਅੱਖਾਂ?
ਜੀ ਇਹ ਤਾਂ ਨਵੀਆਂ ਉਗੀਆਂ ਨੇ।
ਜੀ ਮੇਰੇ ਕੋਲੋਂ ਹਾਲੇ ਵੀ
ਬਦਬੂ ਆਉਂਦੀ ਹੋਵੇਗੀ,
ਮੈਂ ਮੰਨਦਾ ਹਾਂ।

+++
...ਮੈਨੂੰ ਛੇਤੀ
ਨਿਆਂਸ਼ਾਲਾ 'ਚੋਂ
ਮਕਤਲ ਵਿਚ ਲੈ ਚੱਲੋ
ਤਾਂ ਕਿ ਮੇਰਾ ਲਹੂ
ਆਪਣੇ ਗਰਭ 'ਚ ਲੈ ਕੇ
ਮਿੱਟੀ ਗਰਭਵਤੀ ਹੋ ਜਾਏ।

12. ਬਦੇਸ਼ੀ ਸੌਦਾਗਰ

ਸਾਡੇ ਅਸਟੋਰਾਂ 'ਚ ਹੈ ਬਾਰੂਦ ਭਰਿਆ
ਸਾਡੇ ਗੋਦਾਮਾਂ ਦੇ ਅੰਦਰ ਭੁੱਖ ਹੈ
ਬਹੁਤ ਹੀ ਚਾਲਾਕ ਸੌਦਾਗਰ ਨੇ ਸਾਰੇ
ਮੌਤ ਦੀ ਕਰਦੇ ਸਦਾ ਸੌਦਾਗਰੀ,
ਮੁੱਲ ਤਾਂ ਬਾਰੂਦ ਦਾ ਕਰਦੇ ਵਸੂਲ,
ਭੁੱਖ ਭਰ ਦਿੰਦੇ ਫਰੀ
ਭੁੱਖ ਹੀ ਲੜਦੀ ਹੈ
ਸਰਹੱਦਾਂ ਦੇ ਉੱਤੇ ਭੁੱਖ ਨਾਲ
ਸਾਡੇ ਅਸਟੋਰਾਂ ਦੇ ਵਿਚ
ਬਾਰੂਦ ਦੇ ਹੀ ਨਾਲ ਨਾਲ
ਭਰ ਰਹੇ
ਚਾਲਾਕ ਸੌਦਾਗਰ ਬਦੇਸ਼ੀ
ਆਪਣੀ ਮੰਡੀ ਦਾ ਮਾਲ
ਸਾਡੇ ਅਸਟੋਰਾਂ 'ਚ ਹੈ ਬਾਰੂਦ ਭਰਿਆ
ਸਾਡੇ ਗੋਦਾਮਾਂ ਅੰਦਰ ਭੁੱਖ ਹੈ

  • Punjabi Poetry of Dr Jagtar (Part2)
  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾਕਟਰ ਜਗਤਾਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ