Punjabi Poetry : Dr. Jagtar

ਪੰਜਾਬੀ ਗ਼ਜ਼ਲਾਂ/ਕਵਿਤਾਵਾਂ : ਡਾਕਟਰ ਜਗਤਾਰ

1. 'ਨ੍ਹੇਰੇ 'ਚ ਰਲ ਗਏ ਕਦੇ ਚਾਨਣ 'ਚ ਰਲ ਗਏ

'ਨ੍ਹੇਰੇ 'ਚ ਰਲ ਗਏ ਕਦੇ ਚਾਨਣ 'ਚ ਰਲ ਗਏ।
ਜਿਸ ਰੰਗ ਵਿਚ ਤੂੰ ਵੇਖਿਆ ਓਸੇ 'ਚ ਢਲ ਗਏ।

ਕਾਲੇ ਰੜੇ ਪਹਾੜ 'ਤੇ ਘਟ ਤਾਂਬੜੇ ਜਿਹੀ,
ਉਹ ਆ ਰਹੇ ਹੋਣੇ ਨੇ ਜੋ ਮੌਸਮ ਬਦਲ ਗਏ।

ਰਾਤਾਂ ਦਾ ਨੀਂਦਰਾਂ ਕਿਤੇ ਸੂਰਜ ਹੈ ਸੌਂ ਗਿਆ,
ਤਾਹੀਂ ਤਾਂ, ਥਿੜਕ ਕੇ ਹਨੇਰੇ ਫਿਰ ਸੰਭਲ ਗਏ।

ਫੁੱਲਾਂ ਦੀ ਕੀ ਮਜਾਲ ਸੀ ਅਗਨੀ ਸੰਭਾਲਦੇ,
ਮਹਿਕਾਂ ਦੇ ਨਾਲ ਲਗਦਿਆਂ ਪੱਥਰ ਪਿਘਲ ਗਏ।

ਸੀ ਆਸ ਬੱਦਲਾਂ 'ਤੇ ਮੇਰੇ ਦਾਗ਼ ਧੋਣਗੇ,
ਕਾਲਖ਼ ਸਗੋਂ ਨੇ ਹੋਰ ਵੀ ਚਿਹਰੇ 'ਤੇ ਮਲ ਗਏ।
(1965-ਸ਼ੀਸ਼ੇ ਦਾ ਜੰਗਲ)

2. ਕਿਉਂ ਰਾਤ ਦੀ ਇਲ ਬੈਠੇ, ਮੇਰੇ ਹੀ ਬਨੇਰੇ

ਕਿਉਂ ਰਾਤ ਦੀ ਇਲ ਬੈਠੇ, ਮੇਰੇ ਹੀ ਬਨੇਰੇ ।
ਇਸ ਸ਼ਹਿਰ 'ਚ ਹੋਰ ਵੀ ਨੇ ਘਰ ਬਾਰ ਬਥ੍ਹੇਰੇ ।

ਪੱਤੇ ਨੇ ਚੁਫੇਰੇ ਜਾਂ ਸ਼ੀਸ਼ੇ ਇਹ ਤਖੇਰੇ।
ਇਕ ਪੈਰ ਵੀ ਜੰਗਲ ਵਿਚ ਉਠਦਾ ਨਾ ਅਗੇਰੇ।

ਦੁਸ਼ਮਣ ਨੇ ਕਦਮ ਮੇਰੇ, ਕਿਸ ਥਾਂ 'ਤੇ ਲਿਆਏ,
ਸ਼ੀਸ਼ੇ ਦਾ ਬਦਨ ਮੇਰਾ, ਪੱਥਰ ਨੇ ਚੁਫ਼ੇਰੇ ।

ਜੋ ਰਾਤ ਦੇ ਜੰਗਲ 'ਚੋਂ , ਬੇਖ਼ੌਫ ਗੁਜ਼ਰਦੇ,
ਉਹਨਾਂ ਦੇ ਹੀ ਪੈਰਾਂ ਨੂੰ ਚੁੰਮਦੇ ਨੇ ਸਵੇਰੇ ।

ਸੁਨਸਾਨ ਦਾ ਅੰਨਾ ਖੂਹ, ਤੂੰ ਜਾਣ ਨਾ ਮੈਨੂੰ,
ਇਸ ਵਿਚ ਵੀ ਕਬੂਤਰ ਆਬਾਦ ਬਥ੍ਹੇਰੇ ।
(1972-ਸ਼ੀਸ਼ੇ ਦਾ ਜੰਗਲ)

3. ਬਸਤੀ ਅੰਦਰ ਮਹਿਕਿਆ ਜਦੋਂ ਕਰੁੱਤਾ ਅੰਬ

ਬਸਤੀ ਅੰਦਰ ਮਹਿਕਿਆ ਜਦੋਂ ਕਰੁੱਤਾ ਅੰਬ ।
ਘਰ ਘਰ ਅੰਦਰ ਬਣ ਗਈ, ਖੁਸ਼ਬੂ ਅਗ ਦੀ ਲੰਬ ।

ਰੰਗ ਜ਼ਮੀਂ 'ਤੇ ਡੁੱਲਿਆ, ਭੇਤ ਪਟਾਰਾ ਖੁੱਲਿਆ,
ਬਿਸਤਰ ਦੇ ਵਿਚ ਰਹਿ ਗਿਆ ਸੋਨ-ਚਿੜੀ ਦਾ ਖੰਭ ।

ਹੋਵੇ 'ਰਾਣੀ-ਰਾਤ' ਦੀ, ਜਾਂ ਕੋਈ ਮੌਲਸਰੀ,
ਹੱਦੋਂ ਵਧ ਜਾਂ ਮੁਸ਼ਕਦੀ, ਝੱਖੜ ਜਾਂਦੇ ਝੰਬ ।

ਇਸ ਨਗਰੀ ਵਿਚ ਆਣ ਕੇ, 'ਜੋਗਾ' ਕਿਉਂ ਨਾ ਡੋਲਦਾ ,
ਨਦੀਆਂ ਖੇਖਣ-ਹਾਰੀਆਂ, ਟੂਣੇਹਾਰੇ ਅੰਬ ।

ਤਰਨ ਜਦੋਂ ਮੁਰਗਾਬੀਆਂ, ਤੇਰੀਆਂ ਨਜ਼ਮਾਂ ਲਗਦੀਆਂ,
ਵੇਖਾਂ ਜਦੋਂ 'ਮੁਨੀਰ ਜੀ', ਖ਼ਾਨੇਪੁਰ ਦਾ ਛੰਭ ।

ਉਹ ਆਖੇ ਦਰਵੇਸ਼ ਮੈਂ, ਮੈਂ ਆਖਾਂ ਮੈਂ ਠੱਗ,
ਸ਼ਬਦਾਂ ਹੇਠ ਲਕੋਈਦਾ, ਆਪੋ ਆਪਣਾ ਦੰਭ ।
(1976-ਸ਼ੀਸ਼ੇ ਦਾ ਜੰਗਲ)
(ਨਗਰੀ=ਹੁਸ਼ਿਆਰਪੁਰ, ਜੋਗਾ=ਜੋਗਾ ਸਿੰਘ ਜੋ ਗੁਰੂ ਗੋਬਿੰਦ
ਸਿੰਘ ਜੀ ਦਾ ਸੁਨੇਹਾ ਮਿਲਣ 'ਤੇ ਆਪਣਾ ਅਧੂਰਾ ਵਿਆਹ ਛੱਡ
ਕੇ ਆਨੰਦਪੁਰ ਲਈ ਚਲ ਪਿਆ ਸੀ, ਪਰ ਹੁਸ਼ਿਆਰਪੁਰ ਆ ਕੇ
ਉਸ ਦਾ ਈਮਾਨ ਇਕ ਵੇਸਵਾ 'ਤੇ ਡੋਲ ਗਿਆ, ਮੁਨੀਰ ਜੀ=
ਪਾਕਿਸਤਾਨ ਦਾ ਪ੍ਰਸਿੱਧ ਕਵੀ ਮੁਨੀਰ ਨਿਆਜ਼ੀ)

4. ਪੀਲੇ ਰੁੱਖ 'ਤੇ ਕਾਲਾ ਸੂਰਜ ਬੈਠਾ ਹੈ

ਪੀਲੇ ਰੁੱਖ 'ਤੇ ਕਾਲਾ ਸੂਰਜ ਬੈਠਾ ਹੈ।
ਮੇਰੀ ਬੱਚੀ ਕੈਸਾ ਚਿਤਰ ਬਣਾਇਆ ਹੈ।

ਤੇਰੇ ਨੈਣਾਂ ਦੇ ਤਰਬੂਜ਼ੀ ਡੋਰਿਆਂ ਵਿਚ,
ਕਿਹੜੀ ਕਿਹੜੀ ਰਾਤ ਦਾ ਸ਼ਾਮਿਲ ਕਿੱਸਾ ਹੈ।

ਤੇਰੀ ਮੂਰਤ ਲਾਹ ਕੇ ਮੇਰੀ ਐਲਬਮ 'ਚੋਂ,
ਕਿਸ ਨੇ ਭਰਿਆ ਵਰਕਾ ਸੁੰਨਾ ਕੀਤਾ ਹੈ।

ਧੁੱਪ -ਕਪਾਹੀ, ਧਾਨੀ ਫ਼ਸਲਾਂ, ਨੀਲ ਗਗਨ,
ਮੈਨੂੰ ਲੈਂਡ-ਸਕੇਪ ਇਹ ਡਾਢ੍ਹਾ ਜਚਿਆ ਹੈ।

ਗੱਡੀ ਜਦ ਵੀ 'ਸ਼ਾਮ-ਚੁਰਾਸੀ' ਹੈ ਰੁਕਦੀ,
ਪਿੰਡ ਪਰਾਇਆ ਅਪਣਾ ਅਪਣਾ ਲਗਦਾ ਹੈ।

ਤੀਜੀ ਗਲੀ, ਕਮਾਲਪੁਰੇ ਵਿਚ ਪੀਲੇ ਘਰ,
ਖ਼ਾਕਾਨਸ਼ੀ ਦਰਵੇਸ਼ਾਂ ਦਾ ਇਕ ਡੇਰਾ ਹੈ।
(1976-ਸ਼ੀਸ਼ੇ ਦਾ ਜੰਗਲ)

5. ਥੋਰ੍ਹਾਂ ਦੀ ਵਲਗਣ ਵਿਚ ਤਕ ਕੇ

ਥੋਰ੍ਹਾਂ ਦੀ ਵਲਗਣ ਵਿਚ ਤਕ ਕੇ
ਲਾਲ ਮਹੱਲਾਂ ਦੇ ਖੰਡਰਾਤ ।
ਕਾਲੇ ਦਿਨਾਂ 'ਚ ਆਈ ਚੇਤੇ,
ਇਕ ਬੀਤੀ ਹੋਈ ਉਜਲੀ ਰਾਤ।

ਸੰਝ ਪਈ, ਤਕੀਏ 'ਤੇ ਬਲਦੇ,
ਦੀਵੇ, ਛੇੜੇ ਇੰਝ ਹਵਾ,
ਮਿੱਤਰ ਜੀਕੂੰ ਮੁੜ ਮੁੜ ਛੇੜਨ,
ਪਿਛਲੀ ਉਮਰੇ ਤੇਰੀ ਬਾਤ।

ਸੱਪਾਂ ਦੀ ਹੀ ਸ਼ੂਕ ਸੁਣੀ ਹੈ
ਸਾਰੀ ਰਾਤ ਹਵਾਵਾਂ 'ਚੋਂ,
ਦਿਨ ਚੜ੍ਹਿਆ ਤਾਂ ਮਾਰ ਨਾ ਹੋਵੇ,
ਪੀਲੀਆਂ ਗਲੀਆਂ ਵੰਨੀਂ ਝਾਤ ।

ਰਾਤ ਮਿਰੇ ਹੱਡਾਂ ਵਿਚ ਗ਼ਮ ਦਾ,
ਖ਼ੰਜਰ ਡੂੰਘਾ ਲੱਥ ਗਿਆ,
ਹੁਣ ਫ਼ਿਕਰਾਂ ਦੀ ਸੂਲੀ ਲੈ ਕੇ,
ਬੂਹੇ ਆ ਢੁੱਕੀ ਪਰਭਾਤ।

ਜੋ ਰੁੱਖਾਂ ਦੇ ਸਿਰ 'ਤੇ ਕਲ੍ਹ ਤਕ,
ਘਣਛਾਵਾਂ ਦਾ ਕੇਂਦਰ ਸਨ,
ਵੇਖ ਸਿਰਾਂ ਤੋਂ ਨੰਗੀਆਂ ਹੋਈਆਂ,
ਅਜ ਉਹ ਸ਼ਾਖ਼ਾਂ ਰਾਤੋ ਰਾਤ ।

ਜਿਸ ਨੂੰ ਦਾਅਵਾ ਹੈ ਪਿੰਗਲ ਦਾ,
ਮੇਰੇ ਵਰਗੇ ਸ਼ਿਅਰ ਕਹੇ,
ਜੇ ਨਈਂ ਸੋਚ, ਬੁਲੰਦੀ, ਜਜ਼ਬਾ,
ਕਿਸ ਕੰਮ ਇਹ ਫਿਅਲੁਨ ਫਿਅਲਾਤ
(1970-ਸ਼ੀਸ਼ੇ ਦਾ ਜੰਗਲ)

6. ਅਜਨਬੀ ਚਿਹਰੇ ਮਿਲੇ ਕੋਈ ਆਸ਼ਨਾ ਚਿਹਰਾ ਨਾ ਸੀ

ਅਜਨਬੀ ਚਿਹਰੇ ਮਿਲੇ ਕੋਈ ਆਸ਼ਨਾ ਚਿਹਰਾ ਨਾ ਸੀ।
ਇਸ ਤਰ੍ਹਾਂ ਲੱਗਾ ਕਿ ਮੈਂ ਇਸ ਸ਼ਹਿਰ ਵਿਚ ਰਹਿੰਦਾ ਨਾ ਸੀ।

ਲੋਕ ਪਹਿਲੋਂ ਵੀ ਮਿਲੇ ਸਨ, ਹਸ ਹਸਾ ਕੇ ਤੁਰ ਗਏ,
ਤੇਰੇ ਵਾਂਗੂੰ ਹਾਦਸਾ ਬਣ ਕੇ ਕੋਈ ਆਇਆ ਨਾ ਸੀ ।

ਤੰਦ ਸਨ ਅਹਿਸਾਸ ਦੇ ਜਿਸ ਨਾਲ ਸਾਂ ਦੋਵੇ ਜੁੜੇ,
ਤੂੰ ਜੋ ਦਿਲ ਵਿਚ ਮਿਥ ਲਿਆ ਅਪਣਾ ਕਦੇ ਰਿਸ਼ਤਾ ਨਾ ਸੀ।

ਜ਼ਿੰਦਗੀ ਦੇ ਥਲ 'ਚ ਚਾਹਿਆ ਸੀ, ਕਿਤੇ ਤਾਂ ਛਾਂ ਮਿਲੇ,
ਬਿਰਛ ਕੀ ਰਸਤੇ 'ਚ ਕਿਧਰੇ ਥ੍ਹੋਰ ਦਾ ਸਾਇਆ ਨਾ ਸੀ।

ਇਸ 'ਚ ਵੀ ਰੌਣਕ ਸੀ, ਹਸਦੀ ਜ਼ਿੰਦਗੀ ਸੀ, ਰੰਗ ਸਨ,
ਇਕ ਜ਼ਮਾਨਾ ਸੀ ਇਹ ਘਰ ਸੀ ਇਸ ਤਰ੍ਹਾਂ ਮਲਬਾ ਨਾ ਸੀ ।

ਰਾਤ ਦਸਤਕ ਸੁਣ ਕੇ ਬੂਹਾ ਖੋਲ੍ਹ ਕੇ ਜਾਂ ਵੇਖਿਆ,
ਆਉਣ ਵਾਲੇ ਤੇਰਾ ਘਰ ਪੁਛਿਆ ਮਿਰੇ ਆਇਆ ਨਾ ਸੀ ।

ਮੈਂ ਨਿਰਾ ਹੀ ਨੂਰ ਸਾਂ ਐਸੇ ਵੀ ਕੁਝ ਆਏ ਮਕਾਮ,
ਇਸ ਤਰ੍ਹਾਂ ਦੇ ਵੀ ਪੜਾ ਆਏ ਕਿ ਮੈਂ ਸਾਇਆ ਨਾ ਸੀ ।

ਪੌਣ ਲਿਪਟੀ, ਰੰਗ ਝਗੜੇ, ਮਹਿਕ ਜੀ ਆਇਆਂ ਕਿਹਾ,
ਫੇਰ ਵੀ ਪਰ ਸ਼ਹਿਰ ਤੇਰਾ ਤੇਰੇ ਬਿਨ ਜਚਦਾ ਨਾ ਸੀ ।

ਦੂਰ ਤੈਥੋਂ ਹੋ ਕੇ ਆਪਣੇ ਨੇੜ ਹਾਂ ਮੈਂ ਹੋ ਗਿਆ,
ਪਹਿਲੋਂ ਇਹ 'ਜਗਤਾਰ' ਨੂੰ ਮਿਲਿਆ ਨਾ ਸੀ ।
(1976-ਸ਼ੀਸ਼ੇ ਦਾ ਜੰਗਲ)

7. ਘਰ ਦੀ ਮੌਲਸਰੀ ਵਿਹੜੇ ਵਿਚ, ਤਰਿਹਾਈ ਤੇ ਮੁਰਝਾਈ

ਘਰ ਦੀ ਮੌਲਸਰੀ ਵਿਹੜੇ ਵਿਚ, ਤਰਿਹਾਈ ਤੇ ਮੁਰਝਾਈ।
ਸੜਕਾਂ ਕੰਢੇ ਕਿੱਕਰਾਂ ਨੂੰ, ਪਾਣੀ ਦੇਵੇ ਮਨ ਹਰਜਾਈ।

ਸਿਖ਼ਰ ਦੁਪਹਿਰੇ, ਸੜਦੀ ਰੁੱਤੇ, ਸੁੱਕੇ ਅੰਬਰ, ਮੀਂਹ ਵਰ੍ਹਿਆ,
ਤੇਰੀ ਯਾਦ ਜਦੋਂ ਵੀ ਆਈ, ਇਕ ਮੌਸਮ ਬਣ ਕੇ ਆਈ।

ਨਾ ਉਹ ਖ਼ੁਸ਼ਬੂ, ਨਾ ਹਰਿਆਲੀ, ਨਾ ਟੀਸੀ ਦਾ ਮਾਣ ਰਿਹੈ,
ਹੁਣ ਕਿਉਂ ਡਿਗਿਆ ਪੱਤਾਂ ਤਾਈਂ, ਮੁੜ ਮੁੜ ਛੇੜੇ ਪੁਰਵਾਈ।

ਘਰ ਘਰ ਦੀਵਾਰਾਂ 'ਤੇ ਦੋਸਤ, ਅੱਜ ਕੱਲ੍ਹ ਹੈ ਤਸਵੀਰ ਬਣੀ,
ਲੀਕ ਲਹੂ ਦੀ 'ਨੇਰੇ ਵਿਚ ਜੋ, ਤੂੰ ਤੇ ਮੈਂ ਰਲ ਸੀ ਪਾਈ।

ਇਹ ਮੌਸਮ ਦਾ ਫੇਰ ਹੈ ਜਾਂ ਫਿਰ, ਟੂਣਾ ਤੇਰੇ ਬਿਰਹਾ ਦਾ,
ਕੰਵਲਾਂ ਦਾ ਮੂੰਹ ਕਦੇ ਨਾ ਡਿੱਠਾ, ਜਦ ਉੱਗੀ, ਉੱਗੀ ਕਾਈ।

ਇਸ ਬਸਤੀ 'ਚੋਂ ਚੁੱਪ ਚਪੀਤਾ, ਮੈਂ ਕਿਧਰੇ ਤੁਰ ਚਲਿਆ ਹਾਂ,
ਅਪਣੇ ਸੁੰਨੇ, ਨ੍ਹੇਰੇ ਘਰ ਨੂੰ, ਸੌਂਪ ਕੇ ਅਪਣੀ ਤਨਹਾਈ।

ਧੁੱਪ ਜਿਹਾ ਰੰਗ ਜਦ ਤੋਂ ਹੋਇਐ, ਜੰਗਲ ਦੀ ਖ਼ੁਰਮਾਨੀ ਦਾ,
ਉਸ ਦੇ ਰਸੇ ਬਦਨ 'ਤੇ ਹਰ ਇਕ ਤੋਤੇ ਦੀ ਅੱਖ ਲਲਚਾਈ।
(1970-ਸ਼ੀਸ਼ੇ ਦਾ ਜੰਗਲ)

8. ਵੇਖ ਕੇ ਤੇ ਚੀਕਦੀ ਫਿਰਦੀ ਹਵਾ ਜੰਗਲ ਦੇ ਅੰਦਰ

ਵੇਖ ਕੇ ਤੇ ਚੀਕਦੀ ਫਿਰਦੀ ਹਵਾ ਜੰਗਲ ਦੇ ਅੰਦਰ।
ਸਮਝ ਨਈਂ ਆਉਂਦੀ ਕਿ ਮੈਂ ਕਿਉਂ ਰੋ ਪਿਆ ਜੰਗਲ ਦੇ ਅੰਦਰ।

ਵੇਖ ਕੇ ਜਿੱਨਾਂ ਜਹੇ ਰੁੱਖਾਂ ਦੇ ਸਾਏ ਕੰਬਦੇ,
ਡਰ ਕੇ ਮੇਰਾ ਸਾਯਾ ਮੈਨੂੰ ਲਿਪਟਿਆ ਜੰਗਲ ਦੇ ਅੰਦਰ।

ਮੈਂ ਜਦੋਂ ਵੀ ਪਹੁੰਚਦਾਂ, ਉਸ ਵਕਤ ਮਰ ਜਾਂਦੀ ਅਵਾਜ਼,
ਮੈਂ ਜਦੋਂ ਪਰਤਾਂ ਕੋਈ ਫਿਰ ਚੀਕਦਾ ਜੰਗਲ ਦੇ ਅੰਦਰ।

ਗਰਦ ਬਹਿ ਜਾਏਗੀ ਸਾਰੀ ਤੇ ਦਿਸਣ ਲਗ ਜਾਏਗਾ
ਵਰ੍ਹ ਗਈ ਆ ਕੇ ਜਦੋਂ ਕੋਈ ਘਟਾ ਜੰਗਲ ਦੇ ਅੰਦਰ।

ਪੱਤਿਆਂ ਦੀ ਸਰਸਰਾਹਟ ਦੇਰ ਤੱਕ ਸੁਣਦੀ ਰਹੀ,
ਜਾਣ ਵਾਲੇ ਦਾ ਨਾ ਮਿਲਿਆ ਥਹੁ-ਪਤਾ ਜੰਗਲ ਦੇ ਅੰਦਰ ।

ਉਸਦੇ ਨੰਗੇ ਜਿਸਮ ਦੀ ਸੀ ਤੇਜ਼ ਏਨੀ ਰੌਸ਼ਨੀ,
ਸੜ ਗਿਆ ਸਭ ਕੁਝ ਮੈਂ ਅੰਨ੍ਹਾ ਹੋ ਗਿਆ ਜੰਗਲ ਦੇ ਅੰਦਰ ।

ਜਦ ਸਵੇਰੇ ਦੇਖਿਆ, ਪੱਤਾ ਨਾ ਸੀ ਇਕ ਬਿਰਛ 'ਤੇ,
ਫਿਰ ਗਈ ਰਾਤੀਂ ਕੋਈ ਐਸੀ ਬਲਾ ਜੰਗਲ ਦੇ ਅੰਦਰ ।

ਖ਼ੂਬਸੂਰਤ ਜੁਗਨੂੰਆਂ ਦਾ ਰਾਤ ਸੀ ਮੇਲਾ ਬੜਾ,
ਦਿਨ ਚੜ੍ਹੇ ਬਸ ਮੈਂ ਇੱਕਲਾ ਰਹਿ ਗਿਆ ਜੰਗਲ ਦੇ ਅੰਦਰ ।
(1966-ਸ਼ੀਸ਼ੇ ਦਾ ਜੰਗਲ)

9. ਅਰਗ਼ਵਾਨੀ, ਚਿੱਟੀਆਂ, ਹਰੀਆਂ, ਸੁਨਹਿਰੀ ਬਦਲੀਆਂ

ਅਰਗ਼ਵਾਨੀ, ਚਿੱਟੀਆਂ, ਹਰੀਆਂ, ਸੁਨਹਿਰੀ ਬਦਲੀਆਂ ।
ਹਿਰਨੀਆਂ ਦੇ ਵਾਂਗ ਉਡੀਆਂ ਫਿਰਨ ਲਹਿਰੀ ਬਦਲੀਆਂ ।

ਜਦ ਕਦੇ ਬਰਸਣ ਤਾਂ ਬਰਸਣ ਬਦਲੀਆਂ ਪਿੰਡ ਦੀਆਂ,
ਇਹ ਤਾਂ ਨਿਰੀਆਂ ਹੀ ਠਗਾਊ ਯਾਰ ਸ਼ਹਿਰੀ ਬਦਲੀਆਂ ।

ਕੌਣ ਹੈ ਏਥੇ, ਤੂੰ ਮੈਨੂੰ ਵੇਲ ਵਾਂਗੂੰ ਲਿਪਟ ਜਾ,
ਜਾਂ ਕਲਹਿਰੀ ਮੋਰ ਏਥੇ, ਜਾਂ ਰੁਪਹਿਰੀ ਬਦਲੀਆਂ।

ਵੇਖਣੇ ਨੂੰ ਭੋਲੀਆਂ ਮਾਸੂਮ ਤੇ ਸ਼ਰਮੀਲੀਆਂ,
ਉਂਝ ਨਿਰੀਆਂ ਅਗ ਦੀਆਂ ਨਾੜਾਂ ਨੇ ਕਹਿਰੀ ਬਦਲੀਆਂ।

ਘੁਸਮੁਸੇ ਵਿਚ ਝੀਲ ਅੰਦਰ ਤਰਦੀਆਂ ਨੇ ਸ਼ਾਮ ਨੂੰ,
ਕਣਕਵੰਨੀਆਂ, ਸੌਲੀਆਂ, ਚਿਟੀਆਂ, ਸੁਨਹਿਰੀ ਬਦਲੀਆਂ।

ਔੜ ਹੈ ਏਥੇ ਕਿਤੇ ਬਦਲੀ ਦੀ ਇਕ ਕਾਤਰ ਨਹੀਂ,
ਰੋਜ਼ ਪੈਲਾਂ ਪਾਉਣ ਚੰਡੀਗੜ੍ਹ 'ਚ ਲਹਿਰੀ ਬਦਲੀਆਂ।

ਕਿਸ ਤਰ੍ਹਾਂ 'ਜਗਤਾਰ' ਬਚ ਜਾਏਗਾ ਭਿੱਜਣ ਤੋਂ ਭਲਾ,
ਵਰ੍ਹਦੀਆਂ ਹੁਸ਼ਿਆਰਪੁਰ ਵਿਚ ਨਿਤ ਸੁਨਹਿਰੀ ਬਦਲੀਆਂ।

10. ਭਾਵੇਂ ਅੱਖਾਂ ਨੂਟ ਲੈ, ਭਾਵੇਂ ਸੀ ਲੈ ਹੋਟ

ਭਾਵੇਂ ਅੱਖਾਂ ਨੂਟ ਲੈ, ਭਾਵੇਂ ਸੀ ਲੈ ਹੋਟ ।
ਤੇਰੀ ਮੇਰੀ ਬੇਲੀਆ, ਹੋ ਨਾ ਸਕਣੀ ਛੋਟ ।

ਚਾਰ ਚੁਫੇਰੇ ਚੁੱਪ ਸੀ, ਸ਼ਹਿਰ 'ਚ ਨ੍ਹੇਰਾ ਘੁੱਪ ਸੀ,
ਰਾਤ ਗੁਲਾਬੀ ਕਰ ਗਿਆ, ਪਰ ਇਕ ਸਾਵਾ ਨੋਟ ।

ਉਸ ਦੀਆਂ ਅੱਖਾਂ ਤਿਤਲੀਆਂ, ਗੱਲ੍ਹੀਂ ਥਿੜਕਣ ਮਛਲੀਆਂ,
ਐਸਾ ਪੀਡਾ ਜਿਸਮ ਹੈ, ਜਿਉਂ ਕਾਠਾ ਅਖ਼ਰੋਟ ।

ਓਸ ਭਲਾ ਕੀ ਜਿੱਤਣਾ, ਭੇਤ ਜਾਂ ਖੁਲ੍ਹਿਆ ਪਿੱਟਣਾ,
ਜਿਸ ਦੀ ਬੀਵੀ ਪਾ ਗਈ, ਹੋਰ ਕਿਸੇ ਨੂੰ ਵੋਟ।

ਰਹਿ ਰਹਿ ਬੂਹਾ ਖੜਕਿਆ, ਪਰ ਨਾ ਉੱਤਰ ਪਰਤਿਆ,
ਅੰਦਰ ਕੋਈ ਸੌਂ ਰਿਹੈ, ਖ਼ਬਰੇ ਕਿਹੜੇ ਲੋਟ।

ਇਸ ਤੋਂ ਅਪਣੇ ਦਿਲਾਂ ਦਾ, ਲਾਈਏ ਆਪ ਗਵੇੜ,
ਮੇਰੇ ਪਿੰਡ 'ਚ ਮਛਲੀਆਂ, ਤੇਰੇ ਸ਼ਹਿਰ ਅਖ਼ਰੋਟ।

ਹੱਥੀਂ ਸੱਜਣ ਘੱਲ ਕੇ, ਬੈਠੀ ਬੂਹਾ ਮੱਲ ਕੇ,
ਸ਼ਾਹੀਏਂ ਪੈਂਦੀ ਜਾ ਰਹੀ, ਹੁਣ ਤਿੱਲੇ ਦੀ ਗੋਟ।

ਬਚੀ ਖੁਚੀ ਹੁਣ ਕੱਢ ਤੂੰ, ਯਾਰ ਬਹਾਨੇ ਛੱਡ ਤੂੰ,
ਅੱਖਾਂ ਅੰਦਰ ਵੇਖ ਲੈ, ਝਾਕ ਰਹੀ ਏ ਤੋਟ।

ਰੇਤਾ ਬਣ ਬਣ ਕਿਰ ਗਏ, ਰੰਗ ਬਿਰੰਗੇ ਖ਼ਾਬ,
ਰੰਗਲੀ ਉਮਰ ਗੁਆ ਲਈ, ਔਲਖ, ਝੁਰੜ, ਮਲੋਟ।
(1963-ਸ਼ੀਸ਼ੇ ਦਾ ਜੰਗਲ)

11. ਮੰਜ਼ਿਲ 'ਤੇ ਜੋ ਨਾ ਪਹੁੰਚੇ, ਪਰਤੇ ਨਾ ਜੋ ਘਰਾਂ ਨੂੰ

ਮੰਜ਼ਿਲ 'ਤੇ ਜੋ ਨਾ ਪਹੁੰਚੇ, ਪਰਤੇ ਨਾ ਜੋ ਘਰਾਂ ਨੂੰ।
ਰ੍ਹਾਵਾਂ ਨੇ ਖਾ ਲਿਆ ਹੈ, ਉਨ੍ਹਾਂ ਮੁਸਾਫ਼ਰਾਂ ਨੂੰ।

ਸੜਦੇ ਹੋਏ ਵਣਾਂ ਨੂੰ, ਕੋਈ ਹੀ ਗੌਲਦਾ ਹੈ,
ਲਗਦੀ ਹੈ ਲਾਸ ਅਗ ਦੀ ਅਪਣੇ ਜਦੋਂ ਪਰਾਂ ਨੂੰ।

ਬਰਬਾਦ ਕਰ ਕੇ ਸਾਨੂੰ, ਜੋ ਝੋਲ ਪਾਉਣ ਘੋਗੇ,
ਆਉ ਨਕੇਲ ਪਾਈਏ, ਉਨ੍ਹਾਂ ਸਮੁੰਦਰਾਂ ਨੂੰ।

ਤਪਦੇ ਥਲਾਂ 'ਚ ਏਦਾਂ ਆਈ ਹੈ ਯਾਦ ਤੇਰੀ,
ਕਮਲਾਂ ਦੇ ਖ਼ਾਬ ਆਵਣ ਜਿਉਂ ਸੁਕ ਗਏ ਸਰਾਂ ਨੂੰ।

ਤਨਹਾਈ ਨੇ ਹੀ ਮੇਰਾ, ਹਥ ਆ ਕੇ ਅੰਤ ਫੜਿਆ,
ਸਭ ਲੋਕ, ਅਪਣੇ ਅਪਣੇ ਜਾਂ ਤੁਰ ਗਏ ਘਰਾਂ ਨੂੰ।

ਭੁੱਖਾਂ ਦੇ ਨਾਲ ਹੰਭੇ , ਝੱਖੜ ਦੇ ਨਾਲ ਝੰਬੇ,
ਲੋਕੀ ਉਡੀਕਦੇ ਨਾ, ਰੁੱਤਾਂ ਨੂੰ ਰਹਿਬਰਾਂ ਨੂੰ।

ਬਾਜ਼ਾਂ ਨੇ ਅੰਤ ਉਡਣਾ, ਅੰਬਰ ਤੋਂ ਵੀ ਅਗੇਰੇ,
ਪਾਏਗਾ ਡੋਰ ਕੋਈ, ਕਦ ਤਕ ਭਲਾ ਪਰਾਂ ਨੂੰ
(1971-ਸ਼ੀਸ਼ੇ ਦਾ ਜੰਗਲ)

12. ਤਾਕਾਂ 'ਚ ਦੀਪ ਜਲ ਰਹੇ ਭਾਵੇਂ ਦੁਪਹਿਰ ਨੂੰ

ਤਾਕਾਂ 'ਚ ਦੀਪ ਜਲ ਰਹੇ ਭਾਵੇਂ ਦੁਪਹਿਰ ਨੂੰ ।
ਫਿਰ ਵੀ ਹਨੇਰ ਖਾ ਰਿਹਾ ਹੈ ਸ਼ਹਿਰ ਸ਼ਹਿਰ ਨੂੰ ।

ਕਾਲੇ ਥਲਾਂ ਨੇ ਪੀ ਲਈ ਪਾਣੀ ਦੀ ਬੂੰਦ ਬੂੰਦ ,
ਮਰਦੇ ਨੇ ਲੋਕ, ਕੀ ਕਰਾਂ ਸ਼ੀਰੀ ਦੇ ਸ਼ਹਿਰ ਨੂੰ ।

ਸਿਰ ਧਰ ਲਿਆ ਤਲੀ 'ਤੇ ਜਾਂ ਕਿਉਂ ਸੋਚੀਏ ਭਲਾ,
ਮਕਤਲ ਨੂੰ ਸੜਕ ਜਾ ਰਹੀ ਕਿ ਤੇਰੇ ਸ਼ਹਿਰ ਨੂੰ ।

ਹਰ ਆਦਮੀ ਮਜ਼ਾਰ ਹੈ, ਹਰ ਘਰ ਹੈ ਮਕਬਰਾ,
ਯਾਰੋ ਕੀ ਹੋ ਗਿਆ ਭਲਾ 'ਸਰਮਦ' ਦੇ ਸ਼ਹਿਰ ਨੂੰ ।

ਖੰਭਾਂ 'ਚ ਡੋਰ ਅੜ ਗਈ ਮੁੜ ਨਾ ਨਿਕਲ ਸਕੀ,
ਦਿਲ ਤਾਂ ਉਡਾਰ ਮਾਰਦੈ ਲਾਹੌਰ ਸ਼ਹਿਰ ਨੂੰ ।

ਸ਼ੀਸ਼ੇ ਦੇ ਲੋਕ,ਪੱਥਰ ਦੇ ਘਰ, ਠਗਾਊਂ ਛਾਂ,
'ਜਗਤਾਰ' ਫਿਰ ਵੀ ਤੜਪਦਾ ਹੈ ਓਸ ਸ਼ਹਿਰ ਨੂੰ ।
(ਸ਼ੀਸ਼ੇ ਦਾ ਜੰਗਲ)

13. ਲੋਕ ਗੁੰਬਦ ਦੇ ਵਾਂਗੂੰ ਨੇ ਖਾਮੋਸ਼ ਕਿਉਂ

ਲੋਕ ਗੁੰਬਦ ਦੇ ਵਾਂਗੂੰ ਨੇ ਖਾਮੋਸ਼ ਕਿਉਂ,
ਕਰਫ਼ਿਊ 'ਤੇ ਕਦੋਂ ਤੀਕ 'ਨੇਰ੍ਹਾ ਰਹੂ ?
ਦੋਸਤੋ ਸੂਰਜਾਂ ਦੇ ਦੁਆਲੇ ਭਲਾ,
ਰਾਹੂ ਕੇਤੂ ਦਾ ਕਦ ਤੀਕ ਘੇਰਾ ਰਹੂ ?

ਹਥ ਦੁਆਵਾਂ 'ਚ ਉੱਠੇ ਹੀ ਪਥਰਾ ਗਏ,
ਨਾ ਖ਼ੁਦਾ ਬਹੁੜਿਆ ਨਾ ਸ਼ਫ਼ਾ ਹੀ ਮਿਲੀ,
ਹੋਰ ਕਿੰਨਾ ਕੁ ਚਿਰ ਸਰਦਲਾਂ 'ਤੇ ਭਲਾ,
ਸਿਰ-ਵਿਹੂਣੇ ਧੜਾਂ ਦਾ ਬਸੇਰਾ ਰਹੂ ।

ਤੈਨੂੰ ਗੀਤਾਂ ਦੇ ਬੋਲ ਤੋਂ ਨਫ਼ਰਤ ਬੜੀ,
ਹਿਣਕਦੇ ਰਣ 'ਚ ਘੋੜੇ ਬਹੁਤ ਭਾ ਰਹੇ,
ਬੰਸਰੀ ਦੀ ਹੀ ਸੁਰ ਜਾਂ ਤਾਂ ਜ਼ਿੰਦਾ ਰਹੂ,
ਜਾਂ ਇਹ ਤਲਵਾਰ ਦਾ ਰਾਜ ਤੇਰਾ ਰਹੂ ।

ਕਤਲਗ਼ਾਹਾਂ ਤੇ ਨਗਰਾਂ ਦੀ ਹਰ ਕੰਧ 'ਤੇ,
ਰਖ ਦਿਆਂਗੇ ਸਿਰਾਂ ਦੇ ਦੀਏ ਬਾਲ ਕੇ,
ਫ਼ੈਸਲਾ ਹੈ ਕਿ ਹੁਣ ਰੌਸ਼ਨੀ ਗਾਏਗੀ
ਜਾਂ ਘਰਾਂ ਵਿਚ ਹਮੇਸ਼ਾਂ ਹਨੇਰਾ ਰਹੂ ।

ਤੇਰੀ ਖ਼ਾਤਿਰ ਜੋ ਤੁਰਿਆ ਹੈ ਤਲਵਾਰ 'ਤੇ,
ਤੈਨੂੰ ਵੀ ਹੈ ਗਿਲਾ ਆਪਣੇ 'ਜਗਤਾਰ' 'ਤੇ?
ਐ ਹਿਯਾਤੀ! ਤੂੰ ਸਮਝਣ ਦੀ ਕੋਸ਼ਿਸ਼ ਤਾਂ ਕਰ,
ਤੇਰਾ 'ਜਗਤਾਰ' ਤੇਰਾ ਹੈ ਤੇਰਾ ਰਹੂ ।
(੧੯੭੬-ਸ਼ੀਸ਼ੇ ਦਾ ਜੰਗਲ)

14. ਪੈਰਾਂ ਨੂੰ ਬੇੜੀਆਂ 'ਚ ਵੀ ਨਚਣਾ ਸਿਖਾ ਸਕਾਂ

ਪੈਰਾਂ ਨੂੰ ਬੇੜੀਆਂ 'ਚ ਵੀ ਨਚਣਾ ਸਿਖਾ ਸਕਾਂ ।
ਕੋਸ਼ਿਸ਼ ਤਾਂ ਕਰ ਰਿਹਾਂ ਤੇਰੀ ਗਾਥਾ ਦੁਹਰਾ ਸਕਾਂ ।

ਅਪਣੇ ਲਹੂ 'ਚ ਇਸ ਲਈ ਖ਼ੰਜਰ ਡਬੋ ਰਿਹਾਂ,
ਮੈਂ ਵੀ ਸਲੀਬ 'ਤੇ ਕਦੀ ਇਕ ਲੀਕ ਪਾ ਸਕਾਂ ।

ਅੱਖਾਂ 'ਚ ਰੇਤ ਰਾਹ ਦੀ ਨ੍ਹੇਰੀ ਹੈ ਹਰ ਗਲੀ,
ਤੂੰ ਲਾਟ ਵਾਂਗ ਮਚ ਕਿ ਤੇਰੇ ਕੋਲ ਆ ਸਕਾਂ ।

ਇਹ ਪੀਲੀ ਪੀਲੀ ਰੌਸ਼ਨੀ, ਇਹ ਜ਼ਰਦ ਜ਼ਰਦ ਲੋਕ,
ਤੇਰੇ ਕਹੇ ਪੱਥਰ ਕਿਵੇਂ ਹਸਦੇ ਵਿਖਾ ਸਕਾਂ ।

ਮੈਨੂੰ ਨਿਸ਼ੰਗ ਮਾਰ, ਪਰ ਨਜ਼ਰਾਂ ਮਿਲਾ ਕੇ ਮਾਰ,
ਮੈਂ ਵੀ ਤਾਂ ਸ਼ੌਂਕ ਆਪਣੇ ਨੂੰ ਅਜ਼ਮਾ ਸਕਾਂ ।

ਮੇਰਾ ਬਦਨ ਹੈ ਰੇਤ ਦਾ ਤੂੰ ਸ਼ੂਕਦੀ ਨਦੀ,
ਸੰਭਵ ਨਹੀਂ ਕਿ ਏਸ 'ਚੋਂ ਹੁਣ ਪਾਰ ਜਾ ਸਕਾਂ ।
(੧੯੬੭-ਸ਼ੀਸ਼ੇ ਦਾ ਜੰਗਲ)

15. ਕਰ ਰਿਹੈ 'ਜਗਤਾਰ' ਪਥਰਾਂ ਦੇ ਨਗਰ ਸ਼ੀਸ਼ਾ ਗਰੀ

ਕਰ ਰਿਹੈ 'ਜਗਤਾਰ' ਪਥਰਾਂ ਦੇ ਨਗਰ ਸ਼ੀਸ਼ਾ ਗਰੀ ।
ਰਾਜ਼ਦਾਰਾਂ 'ਕਾਜ਼ੀਆਂ' ਦੇ ਕੋਲ ਕੀਤੀ ਮੁਖ਼ਬਰੀ ।

ਕਾਲੀਆਂ ਧੁੱਪਾਂ ਸੀ ਪਹਿਲੋਂ, ਨੀਲੀਆਂ ਧੁੱਪਾਂ ਨੇ ਹੁਣ,
ਕਿਸ ਤਰ੍ਹਾਂ ਖੇਤਾਂ 'ਚ ਹੋਵੇ ਦੋਸਤੋ ਖੇਤੀ ਹਰੀ ।

ਕਤਲ ਕਰਵਾਏ ਸੀ ਮੇਰੇ ਯਾਰ ਜਿਨਹਾਂ ਨੇ ਕਦੇ,
ਉਹ ਬਦਲਕੇ ਭੇਸ ਅਜਕਲ੍ਹ ਦੇ ਰਹੇ ਨੇ ਦਿਲਬਰੀ

ਜ਼ਿੰਦਗੀ ਤੈਨੂੰ ਕਦੇ ਇਤਬਾਰ ਤਾਂ ਆਉਣਾ ਨਹੀਂ
ਔਖ ਕਿਹੜੀ ਪਰ ਅਸੀਂ ਤੇਰੇ ਲਈ ਨਈਂਓ ਜਰੀ ।

ਡੰਗ ਨੇ ਓਹੀ ਹਵਾ ਦੇ, ਰਾਤ ਕਹਿਰੀ, ਦਿਨ ਉਦਾਸ,
ਜਿਸ ਤਰ੍ਹਾਂ ਦੀ ਸੀ ਜੁਲਾਈ, ਉਸ ਤਰ੍ਹਾਂ ਦੀ ਜਨਵਰੀ ।

ਕਿਸ ਤਰ੍ਹਾਂ ਦਾ ਸ਼ਹਿਰ ਕੈਸੇ ਲੋਕ ਨੇ ਹੁਸ਼ਿਆਰਪੁਰ,
ਨਾ ਕਿਸੇ ਵਿਚ ਨਿੱਘ ਹੈ, ਨਾ ਦੋਸਤੀ, ਨਾ ਦਿਲਬਰੀ ।

ਬੇਰੁਕਾ ਮੌਸਮ, ਹਵਾ ਅੰਨ੍ਹੀ ਤੇ ਹਰ ਇਕ ਪੈਰ ਮੌਤ,
ਕੌਣ ਕਰਦਾ, ਸ਼ਹਿਰ ਵਿਚ 'ਜਗਤਾਰ' ਦੀ ਚਾਰਾਗਰੀ ।
(੧੯੭੭-ਸ਼ੀਸ਼ੇ ਦਾ ਜੰਗਲ)

16. ਜ਼ੁਲਫ਼ ਤੋਂ ਜ਼ੰਜੀਰ ਤਕ ਦਾ ਫ਼ਾਸਲਾ

ਜ਼ੁਲਫ਼ ਤੋਂ ਜ਼ੰਜੀਰ ਤਕ ਦਾ ਫ਼ਾਸਲਾ ।
ਕਹਿਣ ਨੂੰ ਸੌਖਾ ਹੈ, ਪਰ ਔਖਾ ਬੜਾ ।

ਪੱਤਿਆਂ 'ਤੇ ਆਏ ਹਰਿਆਲੀ ਕਿਵੇਂ,
ਮੁੱਦਤਾਂ ਤੋਂ ਵਗ ਰਹੀ ਪੀਲੀ ਹਵਾ ।

ਜੋ ਵੀ ਲਿਖਣਾ, ਲਿਖ ਤੂੰ ਖ਼ੰਜਰ ਨਾਲ, ਪਰ,
ਜਿਸਮ ਮੇਰਾ ਮਸ਼ਕ ਦਾ ਤਖ਼ਤਾ ਬਣਾ ।

ਦਿਲ ਜਲਾ ਕੇ ਆਉ ਕਰੀਏ ਰੌਸ਼ਨੀ,
ਧੁੰਦ ਨੇ ਸੂਰਜ ਪੁਰਾਣਾ ਖਾ ਲਿਆ ।

'ਨ੍ਹੇਰ ਵਿਚ ਜੇ ਡੁਬ ਗਈ ਸਾਡੀ ਅਵਾਜ਼,
ਪੈਰ-ਚਿੰਨ੍ਹ ਤਦ ਦੇਣਗੇ ਸਾਡਾ ਪਤਾ ।

ਆਸ ਰੱਖੋ ਦਿਲ ਨਾ ਛੱਡੋ ਦੋਸਤੋ,
ਹੋ ਗਈ ਹੈ ਜੇ ਖ਼ਿਜ਼ਾਂ ਲੰਬੀ ਜ਼ਰਾ ।

ਹੋ ਗਈ ਤੇਰੀ ਕਮੀ ਪੂਰੀ ਕਿ ਦਿਲ ,
ਦਰਦ ਦਾ ਹੁਣ ਯਾਰ ਗੂੜ੍ਹਾ ਬਣ ਗਿਆ ।
(੧੯੭੩-ਸ਼ੀਸ਼ੇ ਦਾ ਜੰਗਲ)

17. ਰਾਤ ਦਾ ਅੰਤਲਾ ਪਹਿਰ ਹੈ ਦੋਸਤੋ

ਰਾਤ ਦਾ ਅੰਤਲਾ ਪਹਿਰ ਹੈ ਦੋਸਤੋ ।
ਇਸ ਸਮੇਂ ਠਹਿਰਨਾ ਕਹਿਰ ਹੈ ਦੋਸਤੋ ।

ਖਿੜ ਰਹੀ ਹੈ ਕਿਤੇ ਨੇੜ ਸੂਰਜ-ਮੁਖੀ,
ਆ ਰਹੀ ਮਹਿਕਦੀ ਲਹਿਰ ਹੈ ਦੋਸਤੋ।

ਰੌਸ਼ਨੀ ਦਾ ਕਿਵੇਂ ਦੌਰ ਹੋਇਆ ਭਲਾ?
ਸ਼ਹਿਰ ਦਰ ਸ਼ਹਿਰ ਜਦ ਗਹਿਰ ਹੈ ਦੋਸਤੋ ।

ਰੋਜ਼ ਪੀ ਕੇ ਵੀ ਮਰਦਾ ਨਹੀਂ ਆਦਮੀ,
ਜ਼ਿੰਦਗੀ ਵੀ ਅਜ਼ਬ ਜ਼ਹਿਰ ਹੈ ਦੋਸਤੋ।

ਫ਼ਸਲ ਬਲਦੀ ਪਈ, ਬਿਰਖ ਸੜਦੇ ਪਏ,
ਕਿੰਨੀ ਬੇਰੁਖ਼ ਮਗਰ ਨਹਿਰ ਹੈ ਦੋਸਤੋ ।

ਜੀਭ ਠਾਕਣ 'ਤੇ ਹੀ ਬੋਲ ਕਿਉਂ ਮਰ ਗਏ,
ਕੀ ਇਹ 'ਸਰਮਦ' ਦਾ ਹੀ ਸ਼ਹਿਰ ਹੈ ਦੋਸਤੋ?
(੧੦ ਮਾਰਚ, ੧੯੭੬-ਸ਼ੀਸ਼ੇ ਦਾ ਜੰਗਲ)

18. ਮੇਰਿਆਂ ਪੈਰਾਂ ਨੂੰ ਫੜ ਕੇ ਬਹਿ ਗਈ ਹੈ ਚਾਨਣੀ

ਮੇਰਿਆਂ ਪੈਰਾਂ ਨੂੰ ਫੜ ਕੇ ਬਹਿ ਗਈ ਹੈ ਚਾਨਣੀ।
ਯਾਰ ਮੇਰੇ ਸਮਝਦੇ, ਮੈਂ ਡਰ ਗਿਆਂ ਤੁਰਨੋਂ ਖਣੀ।

ਨਾ ਮਿਰੀ ਆਵਾਜ਼ ਪਰਤੇ, ਨਾ ਕੋਈ ਉੱਤਰ ਮਿਲੇ,
ਰਾਤ ਦੇ ਜੰਗਲ 'ਚ ਯਾਰਾਂ ਨਾਲ ਖਬਰੇ ਕੀ ਬਣੀ?

ਲੱਖ ਕੋਈ ਜ਼ਹਿਰਾਂ ਪਿਆਵੇ, ਹੋਣ ਨਾ ਦੇਂਦੀ ਅਸਰ,
ਤੇਰੇ ਸੂਹੇ ਰੇਸ਼ਮੀ ਹੋਠਾਂ ਦੀ ਮਿੱਠੀ ਚਾਸ਼ਣੀ।

ਚੀਰ ਜਾਵਾਂਗਾ ਨੁਕੀਲੇ ਪੱਥਰਾਂ ਨੂੰ ਜਲ ਤਰ੍ਹਾਂ,
ਰੇਤ ਹੋ ਜਾਵਾਂਗਾ ਪਰ ਮੈਂ, ਤੂੰ ਜਦੋਂ ਪੱਥਰ ਬਣੀ।

ਵੇਖ ਕੇ ਉਡਦੇ ਟਟਹਿਣੇ ਦੀਪ ਮੰਜ਼ਲ ਦੇ ਨਾ ਜਾਣ,
ਠੀਕ ਹੀ ਸੋਨਾ ਨਹੀਂ ਹੁੰਦੀ ਹੈ ਹਰ ਸ਼ੈ ਲਿਸ਼ਕਣੀ।

ਮੇਰਿਆਂ ਸ਼ਬਦਾਂ ਦਿਆਂ ਤੀਰਾਂ ਦਾ ਵੇਖੋ ਚਮਤਕਾਰ,
ਰਾਤ ਦਾ ਸਾਰਾ ਬਦਨ ਹੋਇਆ ਪਿਆ ਹੈ ਛਾਨਣੀ।

19. ਨਾ ਮੇਰੇ ਪਾਸ ਸ਼ੀਸ਼ਾ ਸੀ, ਨਾ ਉਸ ਦੇ ਪਾਸ ਚਿਹਰਾ ਸੀ

ਨਾ ਮੇਰੇ ਪਾਸ ਸ਼ੀਸ਼ਾ ਸੀ, ਨਾ ਉਸ ਦੇ ਪਾਸ ਚਿਹਰਾ ਸੀ,
ਸੀ ਸਾਡੇ ਦਰਮਿਆਨ ਇਕ ਫ਼ਾਸਲਾ, ਪਰ ਫਿਰ ਵੀ ਰਿਸ਼ਤਾ ਸੀ।

ਅਗਨ ਸ਼ਸਤਰ ਵੀ ਮੇਰੇ ਕੋਲ ਸੀ ਦੁਸ਼ਮਣ ਵੀ ਸੀ ਸਾਹਵੇਂ,
ਮਗਰ ਮੈਂ ਡਰ ਗਿਆ, ਉਹ ਸਿਰ ਤੋਂ ਪੈਰਾਂ ਤੀਕ ਨੰਗਾ ਸੀ।

ਸਫ਼ਰ 'ਤੇ ਜਾ ਰਿਹਾ ਲਗਦਾ ਸੀ ਉਹ ਇਕ ਕਾਫ਼ਲਾ ਅਕਸਰ,
ਮਗਰ ਸੌ ਕਮਰਿਆਂ ਵਾਲੇ ਮਕਾਨ ਅੰਦਰ ਵੀ ਤਨਹਾ ਸੀ।

ਹਵਾ ਇਕ ਦਮ ਰੁਕੀ ਤੇ ਡਰ ਗਈ ਇਹ ਵੇਖ ਕੇ ਕੌਤਕ,
ਘਣੀ ਪਤਝੜ 'ਚ ਵੀ ਪੱਥਰ ਦੀ ਅੱਖ ਵਿਚ ਸਬਜ਼ ਪੱਤਾ ਸੀ।

ਡੁਬੋ ਕੇ ਮੈਨੂੰ ਲਹਿਰਾਇਆ, ਉਛਲਿਆ, ਗਰਜਿਆ, ਹੱਸਿਆ,
ਸਮੁੰਦਰ ਦਿਲ ਦਾ ਕਮਜ਼ੋਰਾ ਸੀ ਪਰ ਸਾਜਿਸ਼ 'ਚ ਗਹਿਰਾ ਸੀ।

20. ਤੂੰ ਏਨਾ ਵੀ ਨਹੀਂ ਤੜਪੀ ਜੁਦਾ ਹੋ ਕੇ ਜੁਦਾ ਕਰਕੇ

ਤੂੰ ਏਨਾ ਵੀ ਨਹੀਂ ਤੜਪੀ ਜੁਦਾ ਹੋ ਕੇ ਜੁਦਾ ਕਰਕੇ
ਕਿ ਜਿੰਨੀ ਤੜਪਦੀ ਹੈ ਛਾਂ ਮੁਸਾਫਿ਼ਰ ਨੂੰ ਵਿਦਾ ਕਰਕੇ

ਘਟਾ ਬਣ ਕੇ ਮਿਲੀ ਸਾਂ ਜਿਸਨੂੰ ਮੈਂ ਸੜਦੇ ਥਲਾਂ ਅੰਦਰ
ਉਹ ਮੈਨੂੰ ਥਲ ਬਣਾ ਕੇ ਛੱਡ ਗਿਐ ਬੇਆਸਰਾ ਕਰਕੇ

ਇਹ 'ਦਰਿਆ ਦਿਲ ' ਸਹੀ ਦਰਿਆ, ਕਰੂ ਪਰ ਸਬਰ ਕਿੰਨਾ ਚਿਰ
ਨਹਾਇਆ ਕਰ ਨਾ ਨੰਗੀ ਤੂੰ ਨਹਾ ਕੁਝ ਅੜਤਲਾ ਕਰਕੇ

ਬੜਾ ਟੁੱਟੇ, ਜਲ਼ੇ, ਤੜਪੇ, ਸਿਤਾਰੇ ਮੈਂ ਅਤੇ ਦੀਵੇ
ਨਾ ਜਾਣੇ ਕਿਉਂ ਨਹੀਂ ਆਇਆ, ਉਹ ਮੇਰੀ ਕਿਸ ਖ਼ਤਾ ਕਰਕੇ

ਹਵਾ ਦੀ ਚੁੱਕ ਵਿਚ ਪੱਤੀ ਉਡੀ ਸੂਲਾਂ 'ਚ ਫਿਰ ਡਿੱਗੀ
ਝਰੀਟੀ ਜਾਏਗੀ ਸੂਲ਼ਾਂ 'ਚ ਹੁਣ ਓਸੇ ਹਵਾ ਕਰਕੇ

ਦੁਆ ਕੀਤੇ ਬਿਨਾਂ ਹੀ ਪਰਤ ਆਇਆ ਖ਼ਾਨਗਾਹ 'ਚੋਂ ਮੈਂ
ਜਾਂ ਵੇਖੀ ਜਿ਼ੰਦਗੀ ਵਰਗੀ ਕੁੜੀ ਮੁੜਦੀ ਦੁਆ ਕਰਕੇ

  • Punjabi Poetry of Dr Jagtar (Part2)
  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾਕਟਰ ਜਗਤਾਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ