Punjabi Poetry : Faiz Ahmed Faiz

ਪੰਜਾਬੀ ਕਵਿਤਾਵਾਂ : ਫ਼ੈਜ਼ ਅਹਿਮਦ ਫ਼ੈਜ਼

ਰੱਬਾ ਸੱਚਿਆ

ਰੱਬਾ ਸੱਚਿਆ ਤੂੰ ਤੇ ਆਖਿਆ ਸੀ
ਜਾਹ ਓਏ ਬੰਦਿਆ ਜਗ ਦਾ ਸ਼ਾਹ ਹੈਂ ਤੂੰ
ਸਾਡੀਆਂ ਨੇਹਮਤਾਂ ਤੇਰੀਆਂ ਦੌਲਤਾਂ ਨੇ
ਸਾਡਾ ਨੈਬ ਤੇ ਆਲੀਜਾਹ ਹੈਂ ਤੂੰ

ਏਸ ਲਾਰੇ ਤੇ ਟੋਰ ਕਦ ਪੁੱਛਿਆ ਈ
ਕੀਹ ਏਸ ਨਿਮਾਣੇ ਤੇ ਬੀਤੀਆਂ ਨੇ
ਕਦੀ ਸਾਰ ਵੀ ਲਈ ਓ ਰੱਬ ਸਾਈਆਂ
ਤੇਰੇ ਸ਼ਾਹ ਨਾਲ ਜਗ ਕੀ ਕੀਤੀਆਂ ਨੇ

ਕਿਤੇ ਧੌਂਸ ਪੁਲਿਸ ਸਰਕਾਰ ਦੀ ਏ
ਕਿਤੇ ਧਾਂਦਲੀ ਮਾਲ ਪਟਵਾਰ ਦੀ ਏ
ਐਂਵੇਂ ਹੱਡਾਂ 'ਚ ਕਲਪੇ ਜਾਨ ਮੇਰੀ
ਜਿਵੇਂ ਫਾਹੀ 'ਚ ਕੂੰਜ ਕੁਰਲਾਂਵਦੀ ਏ
ਚੰਗਾ ਸ਼ਾਹ ਬਣਾਇਆ ਈ ਰੱਬ ਸਾਈਆਂ
ਪੌਲੇ ਖਾਂਦਿਆਂ ਵਾਰ ਨਾ ਆਂਵਦੀ ਏ
ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਮੇਰੇ
ਮੈਂ ਤੇ ਇੱਜ਼ਤ ਦਾ ਟੁੱਕੜ ਮੰਗਨਾਂ ਹਾਂ
ਮੈਨੂੰ ਤਾਂਘ ਨਹੀਂ, ਮਹਿਲਾਂ ਮਾੜੀਆਂ ਦੀ
ਮੈਂ ਤੇ ਜੀਵੀਂ ਦੀ ਨੁੱਕਰ ਮੰਗਨਾਂ ਹਾਂ

ਮੇਰੀ ਮੰਨੇ ਤੇ ਤੇਰੀਆਂ ਮੈਂ ਮੰਨਾਂ
ਤੇਰੀ ਸੌਂਹ ਜੇ ਇਕ ਵੀ ਗੱਲ ਮੋੜਾਂ
ਜੇ ਇਹ ਮੰਗ ਨਹੀਂ ਪੁਜਦੀ ਤੈਂ ਰੱਬਾ
ਫੇਰ ਮੈਂ ਜਾਵਾਂ ਤੇ ਰੱਬ ਕੋਈ ਹੋਰ ਲੋੜਾਂ

ਇਕ ਤਰਾਨਾ ਪੰਜਾਬੀ ਕਿਸਾਨ ਦੇ ਲਈ

ਉੱਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਨੈਂ
ਭੁਲਿਆ, ਤੂੰ ਜਗ ਦਾ ਅੰਨਦਾਤਾ
ਤੇਰੀ ਬਾਂਦੀ ਧਰਤੀ ਮਾਤਾ
ਤੂੰ ਜਗ ਦਾ ਪਾਲਣ ਹਾਰਾ
ਤੇ ਮਰਦਾ ਕਿਉਂ ਜਾਨੈਂ
ਉੱਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਨੈਂ

ਜਰਨਲ, ਕਰਨਲ, ਸੂਬੇਦਾਰ
ਡਿਪਟੀ, ਡੀ ਸੀ, ਥਾਨੇਦਾਰ
ਸਾਰੇ ਤੇਰਾ ਦਿੱਤਾ ਖਾਵਣ
ਤੂੰ ਜੇ ਨਾ ਬੀਜੇਂ, ਤੂੰ ਜੇ ਨਾ ਗਾਹਵੇਂ
ਭੁੱਖੇ, ਭਾਣੇ ਸਭ ਮਰ ਜਾਵਣ
ਇਹ ਚਾਕਰ, ਤੂੰ ਸਰਕਾਰ
ਮਰਦਾ ਕਿਉਂ ਜਾਨੈਂ
ਉੱਠ ਉਤਾਂਹ ਨੂੰ ਜੱਟਾ
ਮਰਦਾ ਕਿਉਂ ਜਾਨੈਂ

ਵਿਚ ਕਚਹਰੀ, ਚੁੰਗੀ, ਥਾਣੇ
ਕੀਹ ਅਨਭੋਲ ਤੇ ਕੀਹ ਸਿਆਣੇ
ਕੀਹ ਅਸਰਾਫ਼ ਤੇ ਕੀਹ ਨਿਮਾਣੇ
ਸਾਰੇ ਖੱਜਲ ਖ਼ਵਾਰ
ਮਰਦਾ ਕਿਉਂ ਜਾਨੈਂ
ਉੱਠ ਉਤਾਂਹ ਨੂੰ ਜੱਟਾ

ਏਕਾ ਕਰ ਲੋ ਹੋ ਜੋ ਕੱਠੇ
ਭੁੱਲ ਜੋ ਰੰਘੜ, ਚੀਮੇ, ਚੱਠੇ
ਸੱਭੇ ਦਾ ਇਕ ਪਰਵਾਰ
ਮਰਦਾ ਕਿਉਂ ਜਾਨੈਂ

ਜੇ ਚੜ੍ਹ ਆਵਣ ਫ਼ੌਜਾਂ ਵਾਲੇ
ਤੂੰ ਵੀ ਛਵੀਆਂ ਲੰਬ ਕਰਾ ਲੈ
ਤੇਰਾ ਹਕ ਤੇਰੀ ਤਲਵਾਰ
ਮਰਦਾ ਕਿਉਂ ਜਾਨੈਂ

ਦੇ 'ਅੱਲ੍ਹਾ ਹੂ' ਦੀ ਮਾਰ
ਤੂੰ ਮਰਦਾ ਕਿਉਂ ਜਾਨੈਂ
ਉੱਠ ਉਤਾਂਹ ਨੂੰ ਜੱਟਾ

ਲੰਮੀ ਰਾਤ ਸੀ ਦਰਦ ਫ਼ਿਰਾਕਵਾਲੀ

ਲੰਮੀ ਰਾਤ ਸੀ ਦਰਦ ਫ਼ਿਰਾਕਵਾਲੀ
ਤੇਰੇ ਕੌਲ ਤੇ ਅਸਾਂ ਵਸਾਹ ਕਰਕੇ
ਕੌੜਾ ਘੁੱਟ ਕੀਤੀ ਮਿੱਠੜੇ ਯਾਰ ਮੇਰੇ
ਮਿੱਠੜੇ ਯਾਰ ਮੇਰੇ ਜਾਨੀ ਯਾਰ ਮੇਰੇ
ਤੇਰੇ ਕੌਲ ਤੇ ਅਸਾਂ ਵਸਾਹ ਕਰਕੇ
ਝਾਂਜਰਾਂ ਵਾਂਗ, ਜ਼ੰਜੀਰਾਂ ਝਣਕਾਈਆਂ ਨੇ
ਕਦੀ ਪੈਰੀਂ ਬੇੜੀ(ਆਂ) ਚਾਈਆਂ ਨੇ
ਕਦੀ ਕੰਨੀਂ ਮੁੰਦਰਾਂ ਪਾਈਆਂ ਨੇ
ਤੇਰੀ ਤਾਂਘ ਵਿਚ ਪੱਟ ਦਾ ਮਾਸ ਦੇ ਕੇ
ਅਸਾਂ ਕਾਗ ਸੱਦੇ, ਅਸਾਂ ਸੀਂਹ ਘੱਲੇ

ਰਾਤ ਮੁਕਦੀ ਏ, ਯਾਰ, ਆਂਵਦਾ ਏ
ਅਸੀਂ ਤੱਕਦੇ ਰਹੇ ਹਜ਼ਾਰ ਵੱਲੇ
ਕੋਈ ਆਇਆ ਨਾ ਬਿਨਾ ਖ਼ੁਨਾਮੀਆਂ ਦੇ
ਕੋਈ ਪੁੱਜਾ ਨਾ ਸਿਵਾ ਉਲਾਹਮਿਆਂ ਦੇ

ਅੱਜ ਲਾਹ ਉਲਾਹਮੇ ਮਿੱਠੜੇ ਯਾਰ ਮੇਰੇ
ਅੱਜ ਆ ਵਿਹੜੇ ਵਿਛੜੇ ਯਾਰ ਮੇਰੇ
ਫ਼ਜਰ ਹੋਵੇ ਤੇ ਆਖੀਏ ਬਿਸਮਿੱਲਾਹ
ਅਜ ਦੌਲਤਾਂ ਸਾਡੇ ਘਰ ਆਈਆਂ ਨੇ
ਜਿਹਦੇ ਕੌਲ ਤੇ ਅਸਾਂ ਵਸਾਹ ਕੀਤਾ
ਉਹਨੇ ਓੜਕ ਤੋੜ ਨਿਭਾਈਆਂ ਨੇ

ਗੀਤ

ਕਿਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ
ਕਾਗ ਉਡਾਵਾਂ ਸ਼ਗਨ ਮਨਾਵਾਂ
ਵਗਦੀ ਵਾ ਦੇ ਤਰਲੇ ਪਾਵਾਂ
ਤੇਰੀ ਯਾਦ ਆਵੇ ਤੇ ਰੋਵਾਂ
ਤੇਰਾ ਜ਼ਿਕਰ ਕਰਾਂ ਤਾਂ ਹੱਸਾਂ
ਕਿਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ

ਦਰਦ ਨਾ ਦੱਸਾਂ ਘੁਲਦੀ ਜਾਵਾਂ
ਰਾਜ਼ ਨਾ ਖੋਲ੍ਹਾਂ, ਮੁਕਦੀ ਜਾਵਾਂ
ਕਿਸ ਨੂੰ ਦਿਲ ਦੇ ਦਾਗ਼ ਦਿਖਾਵਾਂ
ਕਿਸ ਦਰ ਅੱਗੇ ਝੋਲੀ ਡਾਹਵਾਂ
ਵੇ ਮੈਂ ਕਿਸ ਦਾ ਦਾਮਨ ਖੱਸਾਂ
ਕਿਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ

ਸ਼ਾਮ ਉਡੀਕਾਂ, ਫ਼ਜਰ ਉਡੀਕਾਂ
ਆਖੇਂ ਤੇ ਸਾਰੀ ਉਮਰ ਉਡੀਕਾਂ
ਆਂਢ ਗਵਾਂਢੀ ਦੀਵੇ ਬਲਦੇ
ਰੱਬਾ ਸਾਡਾ ਚਾਨਣ ਘੱਲ ਦੇ
ਜਗ ਵਸਦਾ ਏ ਮੈਂ ਵੀ ਵੱਸਾਂ
ਕਿਧਰੇ ਨਾ ਪੈਂਦੀਆਂ ਦੱਸਾਂ
ਕਿਧਰੇ ਨਾ ਪੈਂਦੀਆਂ ਦੱਸਾਂ
ਕਿਧਰੇ ਨਾ ਪੈਂਦੀਆਂ ਦੱਸਾਂ
ਵੇ ਪਰਦੇਸੀਆ ਤੇਰੀਆਂ

ਮੇਰੀ ਡੋਲੀ ਸ਼ੌਹ ਦਰਿਆ

(੧੯੭੪ ਦੇ ਹੜ੍ਹ-ਪੀੜਤਾਂ ਦੇ ਸਹਾਇਤਾ-ਕੋਸ਼ ਦੇ ਲਈ ਰਚੀ ਗਈ)

ਕੱਲ੍ਹ ਤਾਂਈਂ ਸਾਨੂੰ ਬਾਬਲਾ
ਤੂੰ ਰੱਖਿਆ ਹਿੱਕ ਨਾਲ ਲਾ
ਸਤਖ਼ੈਰਾਂ ਸਾਡੀਆਂ ਮੰਗੀਆਂ
ਜਦ ਝੁੱਲੀ ਤੱਤੀ ਵਾ
ਅੱਜ ਕੀਕਣ ਵਿਹੜਿਓਂ ਟੁਰਿਆ
ਕਿਵੇਂ ਲਾਹੇ ਨੀ ਮੇਰੇ ਚਾ
ਮੇਰੇ ਗਹਿਣੇ ਨੀਲ ਹੱਥ ਪੈਰ ਦੇ
ਮੇਰੀ ਡੋਲੀ ਸ਼ੌਹ ਦਰਿਆ
ਅੱਜ ਲੱਥੇ ਸਾਰੇ ਚਾ
ਮੇਰੀ ਡੋਲੀ ਸ਼ੌਹ ਦਰਿਆ

ਨਾਲ ਰੁੜ੍ਹਦਿਆਂ ਰੁੜ੍ਹ ਗਈਆਂ ਸੱਧਰਾਂ
ਨਾਲ ਰੋਂਦਿਆਂ ਰੁਲ ਗਏ ਨੀਰ
ਨਾਲ ਹੂੰਝੇ ਹੂੰਝ ਕੇ ਲੈ ਗਏ
ਮੇਰੇ ਹੱਥ ਦੀ ਲੇਖ ਲਕੀਰ
ਮੇਰੇ ਚੁੰਨੀ ਬੁੱਕ ਸਵਾਹ ਦੀ
ਮੇਰਾ ਚੋਲਾ ਲੀਰੋ-ਲੀਰ
ਮੇਰੇ ਲੱਥੇ ਸਾਰੇ ਚਾ
ਮੇਰੀ ਡੋਲੀ ਸ਼ੌਹ ਦਰਿਆ

ਸੱਸੀ ਮਰ ਕੇ ਜੰਨਤ ਹੋ ਗਈ
ਮੈਂ ਤੁਰ ਕੇ ਔਤਰ ਹਾਲ
ਸੁਣ ਹਾੜ੍ਹੇ ਇਸ ਮਸਕੀਨ ਦੇ
ਰੱਬਾ ਪੂਰਾ ਕਰ ਸਵਾਲ
ਮੇਰੀ ਝੋਕ ਵਸੇ, ਮੇਰਾ ਵੀਰ ਵਸੇ
ਫੇਰ ਤੇਰੀ ਰਹਿਮਤ ਨਾਲ

ਕੋਈ ਪੂਰਾ ਕਰੇ ਸਵਾਲ ਰੱਬਾ
ਤੇਰੀ ਰਹਿਮਤ ਨਾਲ
ਮੇਰੇ ਲੱਥੇ ਸਾਰੇ ਚਾ
ਮੇਰੀ ਡੋਲੀ ਸ਼ੌਹ ਦਰਿਆ

ਕਤਾ

ਅੱਜ ਰਾਤ ਇਕ ਰਾਤ ਦੀ ਰਾਤ ਜੀ ਕੇ
ਅਸਾਂ ਜੁਗ ਹਜ਼ਾਰਾਂ ਜੀ ਲਿਤਾ ਏ
ਅੱਜ ਰਾਤ ਅੰਮ੍ਰਿਤ ਦੇ ਜਾਮ ਵਾਂਗੂੰ
ਇਨ੍ਹਾਂ ਹੱਥਾਂ ਨੇ ਯਾਰ ਨੂੰ ਪੀ ਲਿਤਾ ਏ

ਇਕ ਗੀਤ ਦੇਸ਼-ਛੱਡ ਕੇ ਜਾਣ ਵਾਲਿਆਂ ਲਈ

"ਵਤਨੇ ਦੀਆਂ ਠੰਡੀਆਂ ਛਾਈਂ ਓ ਯਾਰ
ਟਿਕ ਰਹੁ ਥਾਈਂ ਓ ਯਾਰ"
ਰੋਜ਼ੀ ਦੇਵੇਗਾ ਸਾਂਈਂ ਓ ਯਾਰ
ਟਿਕ ਰਹੁ ਥਾਈਂ ਓ ਯਾਰ

ਹੀਰ ਨੂੰ ਛੱਡ ਟੁਰ ਗਿਉਂ ਰੰਝੇਟੇ
ਖੇੜਿਆਂ ਦੇ ਘਰ ਪੈ ਗਏ ਹਾਸੇ
ਪਿੰਡ ਵਿਚ ਕੱਢੀ ਟੌਹਰ ਸ਼ਰੀਕਾਂ
ਯਾਰਾਂ ਦੇ ਢੈ ਪਏ ਮੁੰਡਾਸੇ
ਵੀਰਾਂ ਦੀਆਂ ਟੁੱਟ ਗਈਆਂ ਬਾਹੀਂ, ਓ ਯਾਰ
ਟਿਕ ਰਹੁ ਥਾਈਂ ਓ ਯਾਰ
ਰੋਜ਼ੀ ਦੇਵੇਗਾ ਸਾਂਈਂ

ਕਾਗ ਉਡਾਵਨ ਮਾਵਾਂ ਭੈਣਾਂ
ਤਰਲੇ ਪਾਵਨ ਲੱਖ ਹਜ਼ਾਰਾਂ ਖ਼ੈਰ ਮਨਾਵਨ ਸੰਗੀ ਸਾਥੀ
ਚਰਖ਼ੇ ਓਹਲੇ ਰੋਵਨ ਮੁਟਿਆਰਾਂ
ਹਾੜਾਂ ਕਰਦੀਆਂ ਸੁੰਜੀਆਂ ਰਾਹੀਂ ਓ ਯਾਰ
ਟਿਕ ਰਹੁ ਥਾਈਂ ਓ ਯਾਰ

ਵਤਨੇ ਦੀਆਂ ਠੰਡੀਆਂ ਛਾਈਂ
ਛੱਡ ਗ਼ੈਰਾਂ ਦੇ ਮਹਿਲ-ਚੋਮਹਿਲੇ
ਅਪਨੇ ਵਿਹੜੇ ਦੀ ਰੀਸ ਨਾ ਕਾਈ
ਅਪਨੀ ਝੋਕ ਦੀਆਂ ਸੱਤੇ ਖ਼ੈਰਾਂ
ਬੀਬਾ ਤੁਸਾਂ ਨੇ ਕਦਰ ਨਾ ਪਾਈ
ਮੋੜ ਮੁਹਾਰਾਂ
ਤੇ ਆ ਘਰ-ਬਾਰਾਂ
ਮੁੜ ਆ ਕੇ ਭੁੱਲ ਨਾ ਜਾਈਂ, ਓ ਯਾਰ
ਟਿਕ ਰਹੁ ਥਾਈਂ ਓ ਯਾਰ

  • ਮੁੱਖ ਪੰਨਾ : ਕਾਵਿ ਰਚਨਾਵਾਂ, ਫ਼ੈਜ਼ ਅਹਿਮਦ ਫ਼ੈਜ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ