Punjabi Poetry : Lal Singh Dil

ਪੰਜਾਬੀ ਕਵਿਤਾਵਾਂ : ਲਾਲ ਸਿੰਘ ਦਿਲ


1. ਮਾਂ ਭੂਮੀ

ਪਿਆਰ ਦਾ ਵੀ ਕੋਈ ਕਾਰਨ ਹੁੰਦੈ ? ਮਹਿਕ ਦੀ ਵੀ ਕੋਈ ਜੜ ਹੁੰਦੀ ਹੈ ? ਸੱਚ ਦਾ ਹੋਵੇ ਨਾ ਹੋਵੇ ਕੋਈ ਝੂਠ ਕਦੇ ਬੇਮਕਸਦ ਨਹੀਂ ਹੁੰਦਾ ! ਤੇਰੇ ਨੀਲੇ ਪਰਬਤਾਂ ਕਰਕੇ ਨਹੀਂ ਨਾ ਨੀਲੇ ਪਾਣੀਆਂ ਲਈ ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ ਗੋਹੜੇ-ਰੰਗੇ ਵੀ ਹੁੰਦੇ ਤਦ ਵੀ ਮੈਂ ਤੈਨੂੰ ਪਿਆਰ ਕਰਦਾ ਇਹ ਦੌਲਤਾਂ ਦੇ ਖਜ਼ਾਨੇ ਮੇਰੇ ਲਈ ਤਾਂ ਨਹੀਂ ਭਾਵੇਂ ਨਹੀਂ ਪਿਆਰ ਦਾ ਕੋਈ ਕਾਰਨ ਨਹੀਂ ਹੁੰਦਾ ਝੂਠ ਕਦੇ ਬੇਮਕਸਦ ਨਹੀਂ ਹੁੰਦਾ ਖਜ਼ਾਨਿਆਂ ਦੇ ਸੱਪ ਤੇਰੇ ਗੀਤ ਗਾਉਂਦੇ ਨੇ ਸੋਨੇ ਦੀ ਚਿੜੀ ਕਹਿੰਦੇ ਹਨ

2. ਗ਼ਜ਼ਲ-ਪਿਘਲਦੀ ਚਾਂਦੀ ਵਹੇ ਪਾਣੀ ਨਹੀਂ

ਪਿਘਲਦੀ ਚਾਂਦੀ ਵਹੇ ਪਾਣੀ ਨਹੀਂ ਇਹ ਫੁਆਰੇ ਪਿਆਸ ਦੇ ਹਾਣੀ ਨਹੀਂ ਤੁਰ ਗਿਆ ਕੋਈ ਦਿਲ 'ਚ ਲੈ ਕੇ ਸਾਦਗੀ ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ ਸਿਰ ਬਿਨਾ ਤੁਰਦੇ ਰਹੇ ਸੰਗਰਾਮੀਏ ਕੀ ਐ 'ਦਿਲ' ! ਜੇ ਹਮਸਫਰ ਹਾਣੀ ਨਹੀਂ

3. ਸ਼ਾਮ ਦਾ ਰੰਗ

ਸ਼ਾਮ ਦਾ ਰੰਗ ਫਿਰ ਪੁਰਾਣਾ ਹੈ ਜਾ ਰਹੇ ਨੇ ਬਸਤੀਆਂ ਨੂੰ ਫੁਟ ਪਾਥ ਜਾ ਰਹੀ ਹੈ ਝੀਲ ਕੋਈ ਦਫਤਰੋਂ ਨੌਕਰੀ ਤੋਂ ਲੈ ਜਵਾਬ ਪੀ ਰਹੀ ਏ ਝੀਲ ਕੋਈ ਜਲ ਦੀ ਪਿਆਸ ਤੁਰ ਪਿਆ ਏ ਸ਼ਹਿਰ ਕੁੱਝ ਪਿੰਡਾਂ ਦੇ ਰਾਹ ਸੁੱਟ ਕੇ ਕੋਈ ਜਾ ਰਿਹਾ ਸਾਰੀ ਕਮਾਈ ਪੂੰਝਦਾ ਕੋਈ ਆ ਰਿਹਾ ਧੋਤੀ ਦੇ ਨਾਲ ਕਮਜ਼ੋਰ ਪਸ਼ੂਆਂ ਦੇ ਪਿੰਡੇ ਤੋਂ ਆਰਾਂ ਦਾ ਖ਼ੂਨ ਸ਼ਾਮ ਦਾ ਰੰਗ ਫਿਰ ਪੁਰਾਣਾ ਹੈ... ਛੱਡ ਤੁਰੇ ਹਨ ਇੱਕ ਹੋਰ ਗੈਰਾਂ ਦੀ ਜ਼ਮੀਨ ਛੱਜਾਂ ਵਾਲੇ ਜਾ ਰਿਹਾ ਏ ਲੰਮਾ ਲਾਰਾ ਝਿੜਕਾਂ ਦੇ ਭੰਡਾਰ ਲੱਦੀਂ ਲੰਮੇ ਸਾਇਆਂ ਦੇ ਨਾਲ ਨਾਲ ਗਧਿਆਂ ਤੇ ਬੈਠੇ ਨੇ ਜੁਆਕ ਪਿਉਆਂ ਦੇ ਹੱਥਾਂ 'ਚ ਕੁੱਤੇ ਹਨ ਮਾਵਾਂ ਦੇ ਪਿੱਠ ਪਿਛੇ ਬਨ੍ਹੇ ਪਤੀਲੇ ਹਨ ਪਤੀਲਿਆਂ 'ਚ ਮਾਵਾਂ ਦੇ ਪੁੱਤ ਸੁੱਤੇ ਹਨ ਜਾ ਰਿਹਾ ਏ ਲੰਮਾ ਲਾਰਾ ਮੋਢਿਆਂ ਤੇ ਚੁੱਕੀ ਕੁੱਲੀਆਂ ਦੇ ਬਾਂਸ ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ? ਇਹ ਜਾ ਰਹੇ ਨੇ ਰੋਕਣ ਕਿਸ ਭਾਰਤ ਦੀ ਜ਼ਮੀਨ! ਨੌਜੁਆਨਾਂ ਨੂੰ ਕੁੱਤੇ ਪਿਆਰੇ ਹਨ ਉਹ ਕਿੱਥੇ ਪਾਲਣ ਮਹਿਲਾਂ ਦੇ ਚਿਹਰਿਆਂ ਦਾ ਪਿਆਰ? ਉਹ ਭੁੱਖਾਂ ਦੇ ਸ਼ਿਕਾਰ, ਛੱਡ ਤੁਰੇ ਹਨ ਇਕ ਹੋਰ ਗੈਰਾਂ ਦੀ ਜ਼ਮੀਨ ਜਾ ਰਿਹਾ ਏ ਲੰਮਾ ਲਾਰਾ ਇਨ੍ਹਾਂ ਨੂੰ ਕੀ ਪਤਾ ਹੈ? ਕਿੰਨੇ ਕੁ ਬੰਨ੍ਹੇ ਕੀਲਿਆਂ ਦੇ ਨਾਲ ਜਾਲੇ ਜਾਂਦੇ ਨੇ ਰੋਜ਼ ਲੋਕ ਜੋ ਛੱਡ ਵੀ ਸਕਦੇ ਨਹੀਂ ਬਸਤੀਆਂ ਨੂੰ ਕਿਸੇ ਰੋਜ਼ ਜਾ ਰਿਹਾ ਏ ਨਾਲ ਨਾਲ ਬਸਤੀ ਦੇ ਰੁੱਖਾਂ ਦਾ ਸਾਇਆ ਫੜ ਰਿਹਾ ਏ ਓਦਰੇ ਪਸ਼ੂਆਂ ਦੇ ਪੈਰ ਜਾ ਰਿਹਾ ਏ ਲੰਮਾ ਲਾਰਾ... ਜਾ ਰਿਹਾ ਏ ਲੰਮਾ ਲਾਰਾ ਹਰ ਜਗ੍ਹਾ ਜਾ ਰਹੇ ਨੇ ਬੀਰ ਪਰਤੀ ਦੇ ਕਿਸਾਨ ਮੋਢਿਆਂ ਤੇ ਬਰਛਿਆਂ ਦਾ ਭਾਰ ਲਈ ਜੰਗਲੀ ਰਾਹਾਂ ਦੇ ਨਾਲ ਕਤਲ ਹੋਏ ਕਲ੍ਹ ਖੇਤਾਂ ਦੇ ਪਿਆਰ ਕੁੱਲੀਆਂ ਤੋਂ ਉੱਠੀ ਕਲ੍ਹ ਅੱਗਾਂ ਦੀ ਲਾਟ ਜਾ ਰਿਹਾ ਏ ਲੰਮਾ ਲਾਰਾ ।

4. ਕਾਂਗਲਾ ਤੇਲੀ

ਜਦੋਂ ਤੇਲ ਕਾਂਗਲਾ ਜਵਾਨ ਸੀ ਬੁੱਢਾ ਭੋਜ ਜਾਂਵਦਾ ਸੀ ਦੂਰ ਦੂਰ ਭਾਲਦਾ ਸ਼ਿਕਾਰ ਨੂੰ ਇਕ ਦਿਨ ਰੱਥਾਂ ਵਾਲਾ ਕਾਰਵਾਂ ਕੁੱਲੀਆਂ ਦੇ ਦਰਾਂ ਕੋਲੋਂ ਲੰਘਿਆ ਦੂਰ ਬੰਨੇ ਤੱਕਿਆ ਵਜੀਰ ਨੇ ''ਮਹਾਰਾਜ! ਤੱਕੋ ਔਹ ਚਾਨਣੀ ਘੜੇ ਨੂੰ ਉਠਾਈ ਜਿਹੜੀ ਆਂਵਦੀ ਬੁੱਤ ਸੋਹਲ ਅੰਗ ਦਾ ।'' ਤੱਕਿਆ ਜਾਂ ਕੁੜੀ ਵੰਨੀ ਭੋਜ ਨੇ ਕੰਬ ਜਿਵੇਂ ਗਿਆ ਬੁੱਤ ਸੰਗ ਦਾ ਚੁੱਪ ਹੋ ਕੇ ਸੂਹਾ ਜਿਹਾ ਹੋ ਗਿਆ ਲੜਾਂ ਨੂੰ ਸੰਭਾਲਦਾ । ਰੋਕ ਦਿੱਤਾ ਗਿਆ ਸਾਰਾ ਕਾਰਵਾਂ 'ਭੋਜ' ਤੇ ਵਜੀਰ ਥੱਲੇ ਉਤਰੇ ਢਕੋ ਢੁਕੀ ਪਿੰਡ ਮੱਥੇ ਟੇਕਦਾ ਪਿੰਡ ਦੇ ਬੁਲਾਏ ਪੰਜੇ ਚੌਧਰੀ ਬਾਪ ਆ ਰਹਿਮਤਾਂ ਦਾ ਬੋਲਦਾ ''ਮਹਾਰਾਜ! ਪੁੱਤ ਪੀਰੂ ਸ਼ਾਹ ਦਾ ਜੋ ਕਾਂਗਲਾ ਬੇਟੀ ਦਾ ਸੁਹਾਗ ਹੈ, ਅਜੇ ਮੁਕਲਾਈ ਨਾਂ ।'' ਵਿੱਚੋਂ ਟੋਕ ਆਖਿਆ ਵਜੀਰ ਨੇ, ''ਬੁੱਢਿਆ, ਕਿਥੇ ਰਾਜਾ ਭੋਜ ਕਿਥੇ ਕਾਂਗਲਾ?'' ਦਰਾਂ ਦੇ ਸਤਾਰੇ ਢੱਠੀ ਅੰਮੜੀ ਹੰਝੂਆਂ ਦੇ ਨਾਲ ਭਿੱਜੀ ਰਹਿਮਤਾਂ ਰੱਥਾਂ 'ਚ ਬਠਾਈ ਜਾ ਕੇ ਬੁੱਢੀਆਂ ਨਾਲੇ ਦਿਲੋਂ ਰੋਂਦੀਆਂ ਸੁਆਣੀਆਂ ।... ਪੀਰੂ ਸ਼ਾਹ ਤੇਲੀ ਤੀਜੇ ਪਿੰਡ ਦਾ ਰਾਜਿਆਂ ਦੇ ਨਾਲ਼ ਰਿਹਾ ਅੜ੍ਹਕਦਾ ਬੇਲੀਆਂ ਦਾ ਮਾਣ ਪੀਰੂ ਨਾਲ ਸੀ ਵੈਲੀਆਂ ਨੂੰ ਭੈਅ ਸੀ ਪੀਰੂ ਰਾਠ ਦਾ ਬੱਬਰ ਸ਼ੇਰ ਪੁੱਤ ਹੈ ਸੀ ਕਾਂਗਲਾ ਜਦੋਂ ਪਿੰਡਾਂ ਨਾਲ਼ ਪਿੰਡ ਟੱਕਰੇ ਮੋਢੇ ਉਤੇ ਡਾਂਗ ਲੈ ਕੇ ਕਾਂਗਲਾ ਅੱਗੇ ਹੋ ਕੇ ਲੀਕ ਲੰਮੀ ਖਿੱਚਦਾ ਭੈਣਾਂ ਸਭ ਧੀਆਂ ਤੋਂ ਪਿਆਰੀਆਂ ਮਾਵਾਂ ਸਭ ਅੰਮੀਆਂ ਸਿਆਣੀਆਂ ਤੱਕੜੀ ਦੇ ਇਕ ਛਾਬੇ ਤੇਲ ਹੈ ਦੂਜੇ ਪੱਲੇ ਘਿਉਂ ਲੈਂਦਾ ਤੋਲ ਕੇ । ਦਾਣੇ ਤਾਂ ਲਿਆਉਂਦਾ ਪੀਰੂ ਬੁੱਢੜਾ ਇਕ ਦਿਨ ਵੈਲੀ ਦਰਬਾਰ ਦੇ ਸੱਪ ਵਾਂਗ ਕੁੱਟ ਆਇਆ ਕਾਂਗਲਾ ਪਰ ਲੋਕੀ ਕਾਂਗਲੇ ਤੋਂ ਦੂਰ ਦੇ ਗੱਲਾਂ ਜਾਂ ਮੁਕਾਉਣ ਪਿਛੋਂ ਆਖਦੇ ''ਕਿਥੇ ਰਾਜਾ ਭੋਜ ਕਿਥੇ ਕਾਂਗਲਾ?'' ਦਾਰੂ ਨਾਲ਼ ਰਾਜਾ ਭੱਜ ਰੱਜਿਆ ਉਪਰਲੀਆਂ ਮੰਜਲਾਂ ਤੇ ਪਹੁੰਚਿਆ ਤੱਕਿਆ ਜਾਂ ਰਹਿਮਤਾਂ ਨੇ ਦੂਰ ਤੋਂ ਪਰਦਿਆਂ 'ਚ ਅੜ੍ਹਕਿਆ ਤੇ ਢਹਿ ਪਿਆ ਫੇਰ ਨਾ ਉਹ ਹਿੱਲਿਆ ਨਾ ਬੋਲਿਆ ਬਾਰੀ ਵਿੱਚੋਂ ਰਹਿਮਤਾਂ ਨੇ ਤੱਕਿਆ ਉੱਡਦੇ ਟਟਹਿਣੇ 'ਨ੍ਹੇਰ ਪੱਛਦੇ ਦੂਰ ਦੂਰ ਤੀਕ ਡਲ੍ਹਕਦੇ ਕੋਹਾਂ ਦੇ ਉਜਾੜ ਤੇ ਦੀਵਾ ਕੋਈ ਦੂਰ ਏਦਾਂ ਜਾਪਦਾ ਅੰਮੜੀ ਨੇ ਬਾਲਿਆ ਜਾਪਿਆ ਇਉਂ ਹੇਠ ਆਇਆ ਕਾਂਗਲਾ ਨਾਲ਼ ਹਥਿਆਰਾਂ ਵਾਲ਼ੇ ਗੱਭਰੂ ਕਾਂਗਲੇ ਦੀ ਜੰਝ ਦੇ ਮਾਂ ਕਹਿ ਕੇ ਸੱਖਣੇ ਉਜਾੜ ਨੂੰ ਛਾਲ ਲਾ ਕੇ ਹੇਠਾਂ ਮੋਈ ਰਹਿਮਤਾਂ ... ਰਾਤ ਟੁੱਟੀ ਨਸ਼ਾ ਸਾਰਾ ਟੁੱਟਿਆ ਮਰਮਰਾਂ ਤੋਂ ਭੋਜਪਾਲ ਉੱਠਿਆ ਤੱਕਿਆ ਜਾਂ ਸੱਖਣੀ ਨਵਾਰ ਨੂੰ ਹੀਰੇ ਠੰਡੀ ਰੋਸ਼ਨੀ 'ਚੋਂ ਬੋਲਦੇ 'ਰਹਿਮਤਾਂ ਤਾਂ ਕੈਦ ਰੱਖੀ ਗਈ ਨਾ ।' ਪੀਰੂ ਦੇ ਜਾਂ ਕੰਨੀ ਪਈ ਵਾਰਤਾ ਭੋਜਪਾਲ ਲੈ ਗਿਆ ਹੈ ਰਹਿਮਤਾਂ ਭੈਣ ਤੇਰੀ ਵਾਂਗ ਦੂਜੀ ਆਬਰੂ ਲੁੱਟ ਲਈ ਲੁਟੇਰਿਆਂ ਸੁਣਦੇ ਹੀ ਸਾਰ ਪੀਰੂ ਸ਼ਾਹ ਨੇ ਸਾਹ ਦੂਜੇ ਪੌਣ ਤੋਂ ਨਾ ਮੰਗਿਆ ਕਾਂਗਲੇ ਨੂੰ ਦੂਰ ਕਿਸੇ ਲਾਮ ਤੇ ਪਤਾ ਏਨਾ ਲੱਗਿਆ ਭੋਜ ਨੇ ਰਹਿਮਤਾਂ ਪਿਆਰ ਕੇ ਦੂਜੇ ਰੋਜ਼ ਟੰਗ ਦਿੱਤੀ ਅੱਗ ਤੇ ਬੋਲਿਆ ਨਾ ਹੱਸਿਆ ਨਾ ਉੱਠਿਆ ਪਿੰਡ ਜਦੋਂ ਪਹੁੰਚਿਆ ਤਾਂ ਪਿੰਡ ਨੇ ਕਦੋਂ ਦਾ ਹੀ ਪੀਰੂ ਦੇ ਸਰੀਰ ਨੂੰ ਮਣਾਂ ਮੂੰਹਾਂ ਮਿੱਟੀ ਹੇਠ ਦੱਬਿਆ ਕਾਂਗਲੇ ਦੇ ਕੋਲ ਕੰਧਾਂ ਡੁਲ੍ਹੀਆਂ ਪਹੁੰਚਿਆਂ ਦੁਆਰੇ ਪ੍ਰੀਤੂ ਭੰਗੀ ਦੇ ਕੀਲੇ ਨਾਲੋਂ ਸਾਵਾ ਘੋੜਾ ਬੀੜਿਆ ਸਿਰ ਤੇ ਮੜਾਸਾ ਪ੍ਰੀਤੂ ਪਹੁੰਚਿਆ ਦਾੜੀ ਭਰੀ ਹੋਈ ਨਾਲ ਕੰਡ ਦੇ ਕਾਂਗਲੇ ਨੂੰ ਜੱਫੀ ਪਾ ਕੇ ਚੁੰਮਿਆ ''ਯਾਰ! ਸਾਡੀ ਆਬਰੂ ਦੇ ਸਾਂਝਿਆਂ ਪੱਗ ਸੀ ਵਟਾਈ ਆਪਾਂ ਚਿਰਾਂ ਤੋਂ ਪੰਜ ਆਂ ਭਰਾ ਅਸੀਂ ਪੱਗ ਦੇ ਜਾਪਦਾ ਹਰਾਮ ਖਾਣਾ ਪੀਵਣਾ ਮੇਰਾ ਔਹ ਗੰਡਾਸਾ ਖੱਲੀਂ ਸੁੱਟਿਆ ਰਾਤ ਸਾਰੀ ਰਿਹਾ ਮੈਨੂੰ ਘੂਰਦਾ ਬੱਕੀ ਮੇਰੀ ਰੋਜ਼ ਕੰਨਾਂ ਭੰਨਦੀ ਤੇਰੇ ਦੁੱਖ ਨਾਲ ਵੀਰੇ ਕਾਂਗਲੇ ਹਿੱਕੜੀ ਦੇ ਵਿਚ ਲਾਵਾ ਜੀ ਪਿਆ ਰਾਤ ਮੈਨੂੰ ਦੁਸ਼ਮਣਾ ਨੇ ਆਖਿਆ, ''ਕਿਥੇ ਪ੍ਰੀਤੂ ਚੂਹੜਾ ਕਿਥੇ ਭੋਜ ਪਾਲ ।'' ਇੱਕ ਦਿਨ ਰੁੱਖੀ ਜਿਹੀ ਸ਼ਾਮ ਨੂੰ ਰਾਜਾ ਤੇ ਵਜ਼ੀਰ ਦੋਵੇਂ ਸੈਰ ਨੂੰ ਨਿਕਲੇ ਵਜ਼ੀਰ ਦੇ ਆ ਮਹਿਲ ਤੇ ਥੋਹੜੀ ਦੇਰ ਬਾਅਦ ਦੋਵੇਂ ਮਹਿਲ ਚੋਂ ਦੂਜੇ ਦਰਾਂ ਵਿਚੀਂ ਦੂਰ ਨਿਕਲੇ ਹਫੇ ਹੋਏ ਘੜੇ ਨਾਲ ਬੱਕੀਆਂ ਝਬ ਆਣ ਮਹਿਲਾਂ ਉੱਤੇ ਲੱਥੀਆਂ ਪਹਿਲਾਂ ਤਾਂ ਉਡਾਏ ਦੋਵੇਂ ਸੰਤਰੀ ਬੱਧੇ-ਮੂੰਹਾਂ ਵਾਲਿਆਂ ਜੁਆਨਾਂ ਨੇ ਹੱਥਾਂ 'ਚ ਗੰਡਾਸੇ ਨਾਲ ਬਰਛੀਆ ਮਹਿਲਾਂ 'ਚ ਦੁੜਾਉਂਦੇ ਘੋੜੇ ਵੇਖਦੇ ਰੁੱਖ ਤੇ ਤਲਾ ਦੇ ਗੱਦੇ ਸੱਖਣੇ ਵਾਗਾਂ ਨੂੰ ਵਗ੍ਹਾ ਕੇ ਸਾਰੇ ਉਤਰੇ ਦਰਾਂ ਨੂੰ ਗੰਡਾਸੇ ਨਾਲ ਤੋੜ ਕੇ ਕੋਨਾ ਕੋਨਾ ਵੇਖਿਆ ਪ੍ਰੀਤੂ ਨੇ ਥੋਹੜੀ ਦੇਰ ਬਾਅਦ ਲਾਟਾਂ ਉਠੀਆਂ ਮੀਨਾ ਕਾਰੀ ਸਣੇ ਛੱਤਾਂ ਢਹਿੰਦੀਆਂ ਮੁੜੇ ਜਦੋਂ ਰਾਹ ਜਿਹਨੇ ਰੋਕਿਆ ਅੱਗਾਂ 'ਚ ਵਗ੍ਹਾ ਕੇ ਦੂਰ ਮਾਰਿਆ ਚੜ੍ਹਦੀ ਸਵੇਰ ਗੱਲਾਂ ਉੱਠੀਆਂ ਚੇਤੇ ਆਇਆ ਬੁੱਢਿਆਂ ਨੂੰ ਕਾਂਗਲਾ ਕਿਤੇ ਕਿਤੇ ਹਾਰੀ ਹੰਭੀ ਜ਼ਿੰਦਗੀ ਮੋਈ ਵਾਜ ਨਾਲ ਆਖੇ, ''ਪਾਗਲੋ, ਕਿਥੇ ਰਾਜਾ ਭੋਜ ਕਿਥੇ ਕਾਂਗਲਾ?'' ਸ਼ਾਹੀ ਟਿੱਕੇ ਲੈ ਕੇ ਢਾਲਾਂ ਬਰਛੀਆਂ ਘੋੜਿਆਂ ਤੇ ਚੜ੍ਹੇ ਪਿੰਡੀਂ ਘੁੰਮਦੇ ਪਾਣੀ ਤੋਂ ਪਿਆਸੇ ਢਿੱਡੋਂ ਸੱਖਣੇ । ਡੌਰ-ਭੌਰ ਛੇਤੀ ਪਿੰਡ ਲੰਘਦੇ ਜਾਪਦੇ ਜੁਆਨ ਸਾਰੇ ਕਾਂਗਲੇ ਦੂਹਰੇ ਹੋਏ ਬੁੱਢਿਆਂ ਦੇ ਹੱਥੀਂ ਵੀ ਜਾਪਦੀਆਂ ਸੋਟੀਆਂ ਗੰਡਾਸੀਆਂ ਜੀਹਦੇ ਉਹ ਸਵੇਰੇ ਮੱਥੇ ਲੱਗਦੇ ਉਹੀ ਜਣਾ ਸੋਚਦਾ ਰੋਟੀ ਵੀ ਨਾ ਸ਼ਾਦਿ ਅੱਜ ਲੱਭਣੀ ਤੀਵੀਆਂ ਸੁਣਾ ਕੇ ਮੰਦਾ ਬੋਲੀਆਂ । ਇੱਕ ਦਿਨ ਕਾਂਗਲਾ ਤੇ ਹੋਰ ਵੀ ਬਣੀ ਚੋਂ ਸੀ ਲੰਘੇ ਲੰਘੇ ਜਾਂਵਦੇ ਛੱਪੜਾਂ ਕਿਨਾਰੇ ਮੇਲਾ ਲੱਗਿਆ ਮੱਝੀਆਂ ਤੇ ਭੇਡਾਂ ਸਣੇ ਬੱਕੀਆਂ ਘਾਹੀ, ਛੇੜੂ, ਹਾਲੀ ਸਾਰੇ ਆਣ ਕੇ ਕਾਂਗਲੇ ਦੇ ਨਾਲ ਮਿੱਠਾ ਬੋਲਦੇ 'ਵਾਜਾ ਲਾਈਆਂ ਹਾਲੀਆਂ ਤੇ ਛੇੜੂਆਂ ਢੱਡ ਵੀ ਵਜਾਈ ਬੀਰੂ ਮੀਰ ਨੇ ਸਾਰਿਆਂ ਸਜਾਏ ਘੋੜੇ ਘੋੜੀਆਂ ਹੱਥ ਜੋੜ ਕਿਹਾ ਬੀਰੂ ਮੀਰ ਨੇ ''ਅਸਾਂ ਨੇ ਵੀ ਯਾਰਾਂ ਨਾਲ ਚੱਲਣਾ, ਫੇਰ ਮੇਲ ਹੋਏ ਭਾਵੇਂ ਹੋਏ ਨਾ ।'' ਨਦੀ ਵਾਲੇ ਪਾਸੇ ਲੱਥਾ ਕਾਰਵਾਂ ਕੂਲੀ ਕੂਲੀ ਧੁੱਪ ਸੀ ਸਵੇਰ ਦੀ ਤਿੰਨ ਰੱਥਾਂ ਵਿੱਚੋਂ ਤੇਰਾਂ ਗੱਭਰੂ ਤੀਰਾਂ ਤਲਵਾਰਾ ਵਾਲੇ ਉੱਤਰੇ ਨਦੀ ਕੋਲੋਂ ਡੰਡੀ ਵਣੀ ਚੀਰਦੀ ਤੁਰੇ ਜਿਸ ਉੱਤੇ ਲਾਰਾ ਬੰਨ੍ਹ ਕੇ ਤੁਰਦਾ ਵਿਚਾਲੇ ਰਾਜਾ ਭੋਜ ਪਾਲ ਮੋਢੇ ਤੇ ਕਮਾਨ ਲਾ ਕੇ ਖਿੱਚਦਾ ਮਿਰਗਾਂ ਦੀ ਭਾਲ ਵਾਲੇ ਗੱਭਰੂ ਖਿੰਡੇ ਨੇੜੇ ਦੂਰ ਵਧੇ ਸਾਹਮੇ ਸੰਘਣਿਆਂ ਰੁੱਖਾਂ ਨਾਲ਼ ਭੋਜਪਾਲ ਭਾਲਦਾ ਸੀ ਜਦੋਂ ਹਿਰਨੋਟੜੇ ਪਿਛੋਂ ਬੱਬਰ ਸ਼ੇਰ ਨੇ ਵੰਗਾਰਿਆ ਤੱਕਿਆ ਜਾਂ ਪਿਛੇ ਭੋਜਪਾਲ ਨੇ ਤਾਜ ਗਿਆ ਝਾੜੀਆਂ ਤੇ ਟੰਗਿਆ ਛੋਟੇ ਰੁੱਖਾਂ ਉਤੋਂ ਛਾਲਾਂ ਮਾਰਦੇ ਇਕ ਇਕ ਉੱਤੇ ਟੁੱਟੇ ਗੱਭਰੂ ਨੇੜੇ ਆ ਕੇ ਭੋਜ ਦੇ ਜਾਂ ਕਾਂਗਲੇ ਚਿਹਰੇ ਉਤੋਂ ਕੱਪੜਾ ਉਤਾਰਿਆ ਅੱਖਾਂ ਨਾ ਦੁਬਾਰਾ ਓਸ ਪੁੱਟੀਆਂ... ਥੋਹੜੀ ਦੇਰ ਬਾਅਦ ਸੁੱਕੀ ਵਣੀ 'ਚੋਂ ਲਾਵਿਆਂ ਦੇ ਵਾਂਗ ਲਾਟਾਂ ਉੱਠੀਆਂ ਲਾਟਾਂ 'ਚ ਵਗ੍ਹਾ ਕੇ ਸਾਰਾ ਕਾਰਵਾਂ ਫੁੱਟ ਫੁੱਟ ਰੋਇਆ ਤੇਲੀ ਕਾਂਗਲਾ ਮਤਾਂ ਨਾਲ ਹੋਏ ਕਿਤੇ ਰਹਿਮਤਾਂ । ਪਰਦਿਆਂ ਦੇ ਨਾਲ ਸੜ ਜਾਏ ਨਾ ਹੌਲੀ ਹੌਲੀ ਧਾ ਕੇ ਤੇਲੀ ਕਾਂਗਲੇ ਰੱਥਾਂ ਦੀਆਂ ਨੁੱਕਰਾਂ ਫਰੋਲੀਆਂ ਬੱਕੀ ਸਣੇ ਪ੍ਰੀਤੂ ਵੀ ਚੰਘਾੜ ਕੇ ਕਾਂਗਲੇ ਦੇ ਕੋਲ ਆ ਕੇ ਬੋਲਿਆ! ''ਲਾਟਾਂ ਸਾਡੇ ਨੇੜੇ ਦੂਰ ਉੱਠੀਆਂ ਅੰਗ ਅੰਗ ਤੇ ਲਾਟਾਂ ਮੱਚੀਆਂ ਚੰਗਾ ਨਹੀਓਂ ਕੀਤਾ ਵੀਰੇ ਕਾਂਗਲੇ ਕੋਈ ਵੀ ਅਸਾਡੇ ਚੋਂ ਨਾ ਜਾਏਗਾ ਨਾ ਹੀ ਕੋਈ ਬੱਕੀ ਨਾ ਹੀ ਗੱਭਰੂ । ਪਿੰਡ ਪਿੰਡ ਸ਼ਹਿਰ ਸ਼ਹਿਰ ਦੂਰ ਦੂਰ ਪੌਣ ਨਾਲੋਂ ਤੇਜ਼ ਗੱਲਾਂ ਚਲੀਆਂ ਕੋਈ ਕਹੇ ਸ਼ੇਰਾਂ ਭੋਜ ਮਾਰਿਆ ਗਿਆ ਸੀ ਸ਼ਿਕਾਰ ਨੂੰ ਕੋਈ ਆਖੇ ਭੋਜਪਾਲ ਕਾਂਗਲੇ ਨੇ ਡੂੰਘਾ ਕਿਤੇ ਦੱਬਿਆ ਕੋਈ ਆਖੇ, ਹਾਰੀ ਹੰਭੀ, ਵਾਜ ਥੀਂ ''ਕਿਥੇ ਰਾਜਾ ਭੋਜ, ਕਿਥੇ ਕਾਂਗਲਾ!!''

5. ਜਾਤ

ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ ਸਾਡੇ ਸਕੇ ਮੁਰਦੇ ਵੀ ਇਕ ਥਾਂ ਨਹੀਂ ਜਲਾਉਂਦੇ।

6. ਨਾਚ

ਜਦ ਮਜੂਰਨ ਤਵੇ 'ਤੇ ਦਿਲ ਨੂੰ ਪਕਾਉਂਦੀ ਹੈ ਚੰਨ ਟਾਹਲੀ ਥੀਂ ਹੱਸਦਾ ਹੈ ਬਾਲ ਛੋਟੇ ਨੂੰ ਪਿਉ ਬਹਿ ਕੇ ਵਰਾਉਂਦਾ ਹੈ ਕੌਲੀ ਵਜਾਉਂਦਾ ਹੈ ਤੇ ਬਾਲ ਜਦ ਦੂਜਾ ਵੱਡਾ ਤੜਾਗੀ ਦੇ ਘੁੰਗਰੂ ਵਜਾਉਂਦਾ ਹੈ ਤੇ ਨੱਚਦਾ ਹੈ ਇਹ ਗੀਤ ਨਹੀਂ ਮਰਦੇ ਨਾ ਦਿਲਾਂ 'ਚੋਂ ਨਾਚ ਮਰਦੇ ਨੇ।

7. ਸਵੇਰ

ਜ਼ਿੰਦਗ਼ੀ ਦੇ ਯੁਗ ਦੀ ਸਵੇਰ ਆਏਗੀ ਜ਼ਰੂਰ ਇਕ ਵੇਰ। ਕੱਲ੍ਹ ਹੋਣਗੇ ਸਾਡੇ ਪੈਰਾਂ ਹੇਠ ਡਿੱਗੀਆਂ ਇਮਾਰਤਾਂ ਦੇ ਢੇਰ। ਗਲ ਜਾਣੇ ਗੋਹਿਆਂ 'ਚ ਤਾਜ ਆਸਣਾਂ ਤੋਂ ਸੁੱਕਣੇ ਕਨੇਰ।

8. ਵੇਸਵਾਵਾਂ ਤ੍ਰੀਮਤਾਂ

ਮਿੱਤਰੋ! ਜਿੰਨਾ ਮਰਜ਼ੀ ਘਿ੍ਣਤ ਤੁਸੀਂ ਮੈਨੂੰ ਸਮਝੋ ਇਹ ਵੇਸਵਾਵਾਂ ਤ੍ਰੀਮਤਾਂ ਕੁੜੀਆਂ ਮੇਰੀਆਂ ਮਾਵਾਂ, ਭੈਣਾਂ ਤੇ ਧੀਆਂ ਹਨ ਤੇ ਤੁਹਾਡੀਆਂ ਵੀ ਇਹ ਗਊਆਂ ਪੂਜਣ ਵਾਲੇ ਹਿੰਦੋਸਤਾਨ ਦੀਆਂ ਮਾਵਾਂ, ਭੈਣਾਂ ਤੇ ਧੀਆਂ ਹਨ ਅਹਿੰਸਾ ਤੇ ਬੁੱਧ ਦੇ ਪੁਜਾਰੀ ਭਾਰਤ ਦੀਆਂ ਮਾਵਾਂ, ਭੈਣਾਂ ਤੇ ਧੀਆਂ ਹਨ ਇਹ ਵੱਡੇ ਪੂੰਜੀਦਾਰਾਂ ਦੀਆਂ ਮਾਵਾਂ, ਭੈਣਾਂ ਤੇ ਧੀਆਂ ਹਨ ਜੇ ਨਹੀਂ ਤਾਂ ਇਹ ਆਉਣ ਵਾਲੇ ਇਨਕਲਾਬ ਦੀਆਂ ਮਾਵਾਂ, ਭੈਣਾਂ ਤੇ ਧੀਆਂ ਹਨ

9. ਜਜ਼ਬੇ ਦੀ ਖੁਦਕੁਸ਼ੀ

ਮੈਂ ਚਾਹਿਆ ਚੰਨ ਤੇ ਲਿਖ ਦੇਵਾਂ ਤੇਰੇ ਨਾਂ ਨਾਲ਼ ਨਾਂ ਆਪਣਾ ਮੈਂ ਚਾਹਿਆ ਹਰ ਜ਼ੱਰੇ ਦੇ ਨਾਲ਼ ਕਰ ਦੇਵਾਂ ਸਾਂਝੀ ਖੁਸ਼ੀ ਤੇਰੀ ਉਸ ਦਿਲਬਰੀ ਅੰਦਰ ਮੇਰਾ ਕੁੱਝ ਹਾਲ ਸੀ ਏਦਾਂ ਮੈਂ ਤੇਰੇ ਪਿਆਰ ਦੀ ਗੱਲ ਨੂੰ ਕਿਵੇਂ ਨਾ ਭੇਤ ਕਰ ਸਕਿਆ ਤੂੰ ਮੈਨੂੰ ਫਿਰ ਨਹੀਂ ਮਿਲਿਓਂ ਇਕੇਰਾਂ ਵੀ ਨਾ ਮਿਲ ਸਕੀਓਂ ਮੈਂ ਆਪਣੀ ਸਾਧਨਾ ਅੰਦਰ ਕਿਹੜੇ ਜੰਗਲ ਨਹੀਂ ਤੁਰਿਆ ਕਿਹੜੇ ਸਾਗਰ ਨਹੀਂ ਤਰਿਆ ਕਿਹੜੇ ਅੰਬਰ ਨਹੀਂ ਟੋਹੇ ਕੁੱਝ ਵੀ ਤੇਰੇ 'ਚੋਂ ਪਰ ਤੇਰਾ ਨਹੀਂ ਮਿਲਿਆ ਮੇਰੇ ਝੱਲਾਂ ਦੀ ਅੱਖ ਖੁੱਲ੍ਹੀ ਜ਼ਮਾਨੇ ਦੇ ਨਗਰ ਆ ਕੇ ਨਾਂ ਤੇਰੇ ਨਾਲ਼ ਨਾਂ ਮੇਰਾ ਲਿਆ ਜਾਂਦਾ ਸੀ ਕੁੱਝ ਏਦਾਂ ਜਿਵੇਂ ਕੋਈ ਧਰ ਦੋਵੇਂ ਰੇਸ਼ਮ ਦੇ ਉੱਤੇ ਕੋਹਜੀਆਂ ਲੀਰਾਂ ਮੈਂ ਕਿਸੇ ਮਿੱਲਾਂ 'ਚ ਰੁਲਦੇ ਬਾਪ ਦੀ ਰੂਹ ਹਾਂ ਮੈਂ ਕਿਸੇ ਲੀਰਾਂ 'ਚ ਉਲਝੀ ਮਾਂ ਦਾ ਦਿਲ ਹਾਂ ਕਿਸ ਤਰ੍ਹਾਂ ਤੂੰ ਜਰ ਲਈ ਹੋਵੇਗੀ ਇਹ ਚਰਚਾ ਨੀਂਦ ਵੀ ਨੈਣਾਂ 'ਚ ਪਈ ਹੋਣੀ ਨਹੀਂ ਤੈਨੂੰ ਅਚਾਨਕ ਬੁੱਲਿਆਂ ਤੇ ਖੜਕਦੇ ਹੋਵਣਗੇ ਜਦ ਪੱਤੇ ਤਾਂ ਤੈਨੂੰ ਜਾਪਦਾ ਹੋਣੈ ਜੀਕਣ ਹਸ ਰਹੇ ਲੋਕੀ ਇਕੇਰਾਂ ਨਾ ਮਿਲਣ ਉਤੇ ਭਰ ਗਏ ਸਨ ਨੈਣ ਜੋ ਤੇਰੇ ਅਜ ਉਹ ਵੇਖਦੇ ਹੋਵਣਗੇ ਮਿਲ ਜਾਵਾਂ ਨਾ ਮੈਂ ਕਿਧਰੇ ਚੁੰਮ ਜਾਂਦੇ ਨੇ ਜੋ ਅੰਗਾਰੇ ਤੇਰੇ ਦਿਲ ਨੂੰ ਨਹੀਂ ਵੇਖਾਂਗਾ ਰਾਹ ਫਿਰ ਮੈਂ ਆਬਰੂ ਤੇਰੀ ਦੇ ਕੰਬ ਜਾਂਦੇ ਨੇ ਜੋ ਪੱਲੂ ਨਹੀਂ ਬਾਲਾਂਗਾ ਫਿਰ ਦੀਵੇ ਨਹੀਂ ਦੇਖਾਂਗਾ ਰਾਹ ਤੇਰੇ... ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ ਸਾਡੇ ਸਕੇ ਮੁਰਦੇ ਵੀ ਇਕ ਥਾਂ ਤੇ ਨਹੀਂ ਜਲਾਉਂਦੇ

10. ਸ਼ਕਤੀ

ਲੋਕ ਮਾਰੇ ਮਾਰੇ ਫਿਰਦੇ ਹਨ ਹੈਂ ਜੀ ਹੈਂ ਜੀ ਕਰਦੇ ਹਨ ਹਨੇਰੀਆਂ ਨੁੱਕਰਾਂ 'ਚ ਬਹਿੰਦੇ ਹਨ ਉਨਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਦੇਵਤੇ ਦੇ ਪੈਰ 'ਚੋਂ ਜੰਮਦੇ ਨੇ ਸ਼ਕਤੀ ਮਾਰੀ ਮਾਰੀ ਫਿਰਦੀ ਹੈ ਅੱਖਾਂ ਤੋਂ ਮੱਖੀਆਂ ਝੱਲਦੀ ਹੈ ਨੀਵੀਂ ਪਾ ਪਾ ਤੁਰਦੀ ਹੈ ਸ਼ਕਤੀ ਆਪਣੇ ਡੌਲਿਆਂ ਨੂੰ ਲੱਤਾਂ ਨੂੰ ਕੰਮ ਦੇ ਸੰਦ ਸਮਝਦੀ ਹੈ ਏਦੂੰ ਵੱਧ ਕੁਝ ਨਹੀਂ ਉਨਾਂ ਤੋਂ ਲੁਕਾਇਆ ਜਾਂਦੈ ਕਿ ਉਹ ਸਭ ਦਰਾਵੜ ਸਨ।

11. ਅਸੀਂ ਵੱਡੇ ਵੱਡੇ ਪਹਿਲਵਾਨ

ਅਸੀਂ ਵੱਡੇ ਵੱਡੇ ਪਹਿਲਵਾਨ ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ ਲੜਨ ਲਈ ਭੁਖ ਨੰਗ ਨਾਲ ਜੋੜ ਤੋੜ ਜੋੜ ਤੋੜ ਕਰਦੇ ਰਹਿਣਾ ਸਾਰੀ ਕਸਰਤ ਹੈ। ਦਾਅ ਬਹੁਤ ਡਾਢੇ ਨੇ ਬੋਲਣ ਦੀ ਥਾਂ ਚੁੱਪ ਕਰ ਜਾਣਾ ਪੀਣ ਦੀ ਥਾਂ ਪਿਆਸੇ ਮਰ ਜਾਣਾ ਖਾਣ ਦੀ ਥਾਂ ਕਸਮ ਖਾਣੀ ਲੜਦੇ ਰਹਿਣ ਦੀ। ਪਛਾੜਦੇ ਹਾਂ ਵੱਡੇ ਵੱਡੇ ਪਹਿਲਵਾਨ ਗਰਦਣ ਤੇ ਗੋਡਾ ਧਰਕੇ ਖੇਤ ਪਏ ਗਧੇ ਵਾਲੀ ਜੂਨ ਭੁਗਤਦੇ ਹਾਂ ਪਰ ਤਾਂ ਵੀ ਅਸੀਂ ਵੱਡੇ ਵੱਡੇ ਪਹਿਲਵਾਨ ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ।

12. ਸਤਲੁਜ ਦੀ ਹਵਾ

(ਪਹਿਲਾ ਭਾਗ) ਜਦੋ ਤੇਰੇ ਪੱਲੂਆਂ ਨੂੰ ਕਾਹੀ ਦਿਆਂ ਖੇਤਾਂ ਵਿਚੋਂ ਲਹਿਰਾਂਦੇ ਮੈਂ ਤੱਕਿਆ ਮਨ ਵਿਚੋਂ ਮੋਹ ਜਿਹਾ ਉੁੱਠਿਆ ਮੈਂ ਤੈਨੂੰ ਸਾਹਾਂ ਵਿਚ ਬਾਹਾਂ ਵਿਚ ਤੱਕਿਆ ਕਿਓੁਂ ਜੋ ਰਾਜ-ਭਵਨਾਂ ਦੇ ਗੰਦੇ ਸਾਹ ਛੂਹ ਨਾ ਸਕੇ ਤੇਰੀ ਪਾਕ ਆਤਮਾ ਤੂੰ ਇਹਨਾਂ ਵਹਿਣਾਂ ਵਿਚੋਂ ਉੱਠਦੀ ਜਿਹਨਾਂ ਦਿਆਂ ਦੁਖੀ ਦਿਲਾਂ ਕਦੇ ਬੁੱਕਲਾਂ 'ਚ ਸਾਂਭੇ- ਲਹੌਰ ਦੀਆਂ ਫਾਹੀਆਂ 'ਤੋਂ ਲਾਹੇ ਹੋਏ ਸ਼ਹੀਦ । ਏਥੇ ਹਰ ਸਵੇਰ ਰਾਤ ਦੇ ਦੁਪਿਹਰ, ਸ਼ਾਮ ਸੋਗੀ ਹੁੰਦੀ ਗੀਤ ਇਥੇ ਉੱਠਦੇ ਦੂਰ ਝੋਟਿਆਂ ਦੇ ਚਲਦੇ ਵੱਗ ਚਾਰਦੇ ਜੁਆਕ ਪਾਣੀ ਲੰਘਦੇ ਮੈਂ ਤੈਨੂੰ ਉੁਦਾਸ ਤੱਕਦਾ ਤੇਰੇ ਉੱਡਦੇ ਪੱਲੂ ਜਜ਼ਬਿਆਂ ਦੇ ਜਜ਼ੀਰਿਆਂ ਵੱਲ ਮੇਰੇ ਬਾਦਬਾਨ ਬਣਦੇ ਮੈਂ ਤੈਨੂੰ ਰੁੱਖਾਂ ਵਿਚ ਤੱਕਿਆ ਕਣਕਾਂ ਦੀ ਉੁਦਾਸੀ ਵਿਚ ਕਿੱਕਰਾਂ ਦੀ ਮਹਿਕ ਵਿਚ ਤੂੰ ਦੂਰ ਦੂਰ ਤੱਕਦੀ ਕਾਵੇਰੀ ਤਕ ਖੋਹੀ ਜਾਂਦੀ ਥਾਂ ਕਣਕਾਂ ਦੀ ਪੱਤ ਧਾਨਾਂ ਦੇ ਜਲਾਏ ਜਾਂਦੇ ਏ ਹਾਸੇ ਤੂੰ ਦੂਰ ਦੂਰ ਤੱਕਦੀ ਏ ਰਾਜ-ਭਵਨ ਜੋ ਸਾਂਭੀ ਬੈਠੇ ਅੱਜ ਤੀਕ ਗੋਰੇ ਦੀਆਂ ਫਾਂਸੀਆਂ

13. ਚੰਦ ਵਿਚਾਰ ਨਾ ਮਿਟਣ ਮਿਟਾਏ

ਚੰਦ ਵਿਚਾਰ ਨਾ ਮਿਟਣ ਮਿਟਾਏ ਪਰ ਉਹ ਹੋਣ ਮੁਜਾਹਿਦ ਗਾਏ ਕਿਉਂ ਕਰ ਅੱਖੀਂ ਹੰਝ ਵਹਾਏ? ਕਿਉਂ ਕਰ ਤੇਰੀ ਤੌਹੀਨ ਸਦਾਏ? ਤੂੰ ਵੱਖਰਾ ਏਂ ਲਿਸ਼ਕਣ-ਹਾਰਾ ਜਿਸ ਦਾ ਹਰ ਪਾਸੇ ਲਿਸ਼ਕਾਰਾ ਜੋ ਇਹ ਰੌਸ਼ਨ ਸੁਰਖ਼ ਮੁਨਾਰਾ ਸਦਾ ਲਈ ਚਾਨਣ ਜੱਗ ਸਾਰਾ ਭੱਜਣ ਬਾਹਾਂ ਦਰਦ ਅਨੋਖੇ ਨਾ ਉਫ਼ ਕੀਤੀ ਨਾ ਇਹ ਜੋਖੇ ਜੇ ਰੋਠੀਏ ਤਾਂ ਕਿਹੜਾ ਟੋਕੇ? ਅੱਗੇ ਵੀ ਨੇ ਧੱਕੇ ਧੋਖੇ ਉਹ ਜੋ ਹੱਕ ਦਾ ਗੀਤ ਨਾ ਗਾਂਦੇ ਲਾਸ਼ ਗਧੇ ਦੀ ਖਾ ਉਠ ਜਾਂਦੇ ਪਰ ਸੂਰਜ ਤਾਂ ਕਰਮ ਪੁਗਾਂਦੇ ਨੂਰ ਦੀਆਂ ਕਿਰਨਾਂ ਵਰਸਾਂਦੇ ਇਕ ਚਾਨਣ ਤੇ ਇਕ ਹਨੇਰਾ ਛਿੜਿਆ ਹੋਇਆ ਯੁੱਧ ਲੰਮੇਰਾ ਜਿੱਥੇ ਨਾ ਰਿਸ਼ਮਾਂ ਦਾ ਪਹਿਰਾ ਧਰੇ ਹਨੇਰਾ ਡੰਡਾ ਡੇਰਾ

14. ਵੀਅਤਨਾਮ

ਇਹ ਝੂਠ ਹੈ ਕਿ ਉਥੇ ਵਿਦਿਆਲੇ ਨਹੀਂ ਖੁਲਦੇ ਇਹ ਝੂਠ ਹੈ ਕਿ ਉਥੋਂ ਦੇ ਲੋਕਾਂ 'ਚ ਦਹਿਲ ਹੈ ਉਹ ਜੇ ਕੰਬ ਕੇ ਤੁਰਦੇ ਤਾਂ ਬੰਦਾ ਇਕ ਵੀ ਉਥੇ ਕਿਵੇਂ ਹੁੰਦਾ? ਉਥੇ ਮਸਾਂ ਤੁਰਨ ਵਾਲੇ ਬੁੱਢੇ ਵੀ ਪਿੰਡਾਂ ਤੋਂ ਦੂਰ ਤੁਰਦੇ ਹਨ ਜੋ ਡਿਗਦੇ ਬੰਬ ਅੰਦਰ ਇਉਂ ਮਾਰਦੇ ਨੇ ਸੋਟੀ ਕਿ ਮੁੜ ਕੇ ਬੰਬ ਦੁਸ਼ਮਣ ਦੇ ਕੈਂਪਾਂ 'ਚ ਫਟਦਾ ਹੈ ਗਾਂਧੀਆਂ ਨੂੰ ਇੰਨੀ ਖੁਲ੍ਹ ਨਹੀਂ ਹੈ ਉਥੇ ਕਿ ਭਗਤ ਸਿੰਘ ਦੀ ਫ਼ਾਂਸੀ ਦੇ ਮਸ਼ਵਰੇ ਖ਼ਾਤਰ ਓਹ ਦੁਸ਼ਮਣਾਂ ਦੇ ਕੈਪਾਂ 'ਚ ਚਲੇ ਜਾਵਣ।

15. ਗ਼ਜ਼ਲ-ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ ਹੁੰਦੇ ਨੇ

ਸਿਤਾਰੇ ਉਂਝ ਹੀ ਰੋਸ਼ਨ ਨਾ ਰਾਤਾਂ ਵਿਚ ਹੁੰਦੇ ਨੇ ਬੜੇ ਹੀ ਜਿਗਰੇ ਲੋਕਾਂ ਦੇ ਜਿਨ੍ਹਾਂ ਵਾਲਾਂ 'ਚ ਗੁੰਦੇ ਨੇ ਅਸਾਡਾ ਹੌਸਲਾ ਵੀ ਧਿਆਨ ਖਿਚੇਗਾ ਬਜ਼ਾਰਾਂ ਦਾ ਸ਼ਹਿਰ ਤੇਰੇ 'ਚ ਸੁਣਿਆਂ ਹੈ ਸਿਰਾਂ ਦੇ ਮੁੱਲ ਹੁੰਦੇ ਨੇ ਪਲਕਾਂ ਢੋਣ ਤੋਂ ਪਹਿਲਾਂ ਹੀ ਆ ਬਹਿੰਦੈ ਨਜ਼ਰ ਅੰਦਰ ਨਿਹੋਰੇ ਨਾਲ ਸੂਰਜ ਤੋਂ ਬਥੇਰੇ ਨੈਣ ਮੁੰਦੇ ਨੇ ਜਿਸਦਾ ਨਾਂ ਸੁਣਨ ਤੇ ਕੰਨਾਂ 'ਚ ਪੈ ਜਾਂਦਾ ਰਿਹਾ ਸਿੱਕਾ ਪਰ ਉਸ ਪ੍ਰਭਾਤ ਦੇ ਕੰਨਾਂ 'ਚ ਤਾਂ ਚਾਨਣ ਦੇ ਬੁੰਦੇ ਨੇ ਚਲੀ ਜਾਵੇਗੀ ਧਰਤੀ ਤੋਂ ਅਸਾਡੀ ਲਾਸ਼ ਦੀ ਬੂ ਵੀ ਕਿ ਧੁਲ ਕੇ ਖ਼ੂਨ ਦੇ ਹੀ ਨਾਲ ਜ਼ੱਰੇ ਪਾਕ ਹੁੰਦੇ ਨੇ

16. ਦੀਵਾਲੀ ਦੀ ਰਾਤ

ਲਹਿਰਦੀ ਹੋਏਗੀ ਕਾਹੀ ਲਹਿਰਦੇ ਹੋਣਗੇ ਪਾਣੀ ਕਿਸੇ ਦੀ ਨਜ਼ਰ ਚੁੰਮਣ ਨੂੰ ਠਹਿਰਦੇ ਹੋਣਗੇ ਪਾਣੀ ਐਵੇਂ ਢਲ ਆਉਂਦੀਆ ਅੱਖਾਂ ਕਿਨਾਰੇ ਕੋਲ ਆਥਣ ਤੇ ਕਿਸੇ ਦੇ ਨੈਣਾਂ ਦੀ ਰੌਣਕ ਲੱਗੀ ਹੋਵੇਗੀ ਪੱਤਣ ਤੇ ਹਵਾਓ ਨੀਂ, ਮੇਰਾ ਆਦਾਬ ਲੈ ਜਾਉ ਤੇ ਕਹਿਣਾ- 'ਦਿਲ ਥੋੜ੍ਹਾ ਨਈਂ ਕਰੀਦਾ, ਏਦਾਂ ਕਿਸੇ ਖ਼ਾਤਿਰ'

17. ਦਿਓ ਕੋਈ ਸਮਾਜ ਖੁੱਲ੍ਹਾ-ਡੁੱਲ੍ਹਾ

ਦਿਓ ਕੋਈ ਸਮਾਜ ਖੁੱਲ੍ਹਾ-ਡੁੱਲ੍ਹਾ ਅੰਬਰੀ ਨੀਲੱਤਣਾਂ ਤੋਂ ਖੁੱਲ੍ਹਾ ਇਕ ਪਰਿਵਾਰ, ਇਕ ਪਿਆਲੇ ਇਕ ਪਰਿਵਾਰ ਇਕ ਚੁੱਲ੍ਹਾ ਗਿਰਜੀਂ ਮਸੀਤੀਂ ਝੁੱਲੇ ਨ੍ਹੇਰੀ ਮੰਦਰ ਉਡਾਏ ਕੋਈ ਬੁੱਲ੍ਹਾ ਗੀਤ ਕੋਈ ਮਿਹਨਤਾਂ ਦੇ ਗਾਏ ਛੱਡ ਰਾਂਝਾ ਹੀਰ ਭੱਟੀ ਦੁੱਲਾ ਬੁੱਕਲਾਂ 'ਚੋਂ ਖੋਹੇ ਨਾ ਕੋਈ ਦਾਣੇ ਕੱਜਣਾ ਤੋਂ ਲਾਹੇ ਨਾ ਕੋਈ ਜੁੱਲਾ ਛੇੜੋ ਛੇੜੋ ਦਿਲ ਦੀਆਂ ਗੱਲਾਂ ਕਰੋ ਕਿਤੇ ਕੋਈ ਹੱਲਾ-ਗੁੱਲਾ

18. ਸਸਤਾ ਸੌਦਾ

ਤਿੰਨ ਪੈਸੇ ਦਾ ਰੰਗ ਲਿਆਵਾਂ ਦੋ ਪੈਸੇ ਦੀ ਅੱਟੀ ਮੱਥੇ ਉਤੇ ਤਿਲਕ ਲਗਾਵਾਂ ਧੋਤੀ ਪਹਿਨਾਂ ਖੱਟੀ ਮੂੰਹ ਰੰਗ ਚੌਰਾਹੇ ਬੈਠਾਂ ਸ਼ਾਮਲਾਤ ਜਾਂ ਹੱਟੀ ਆਪੇ ਰਾਮ ਬਣਾ ਜਾਂ ਲਛਮਣ ਪੂਜਣ ਜੱਟਾ ਜੱਟੀ ਮੇਲੇ ਭੀੜਾਂ ਵਿਚ ਗੁਆਚਾਂ ਦੌਲਤ ਹੋਏ ਇਕੱਠੀ ਏਨੀ ਦੌਲਤ ਏਨੀ ਦੌਲਤ ਜਿਉਂ ਪਾਰਸ ਦੀ ਵੱਟੀ ਦਾਖ ਨਰੇਲ ਨਾਰੀਅਲ ਚੋਖਾ ਤੇ ਦਾਰੂ ਦੀ ਮੱਟੀ ਤਿੰਨ ਪੈਸੇ ਦਾ ਰੰਗ ਲਿਆਵਾਂ ਦੋ ਪੈਸੇ ਦੀ ਅੱਟੀ

19. ਲਾਲ ਸਿੰਘ ਦਿਲ ਦੀ ਚਿੱਠੀPosted on August 16, 2007

ਹੁਣ ਮੈਂ ਸਮਰਾਲੇ ਨਹੀਂ ਰਹਿੰਦਾ ਉਹ ਸਰਨਾਵਾਂ ਬਦਲ ਗਿਆ ਹੈ ਨਵਾਂ ਅਜੇ ਤਕ ਮਿਲਿਆ ਨਾਹੀਂ ਇਹ ਬਸਤੀ ਵੀ ਪੁੱਛ ਲੈਂਦੀ ਹੈ ਪਹਿਲਾਂ ਕਿਹੜਾ ਕੰਮ ਕਰਦਾ ਸੀ ਮਰਿਆ ਵੀ ਤਾਂ ਮੌਤ 'ਚ ਮਰ ਕੇ ਵੀ ਨਹੀਂ ਮਰਿਆ ਸੜਿਆ ਵੀ ਤਾਂ ਅੱਗ 'ਚ ਸੜ ਕੇ ਵੀ ਨਹੀਂ ਸੜਿਆ ਜਦ ਤਕ ਨਵਾਂ ਪਤਾ ਨਹੀਂ ਮਿਲਦਾ ਚਿੱਠੀ ਪੱਤਰ 'ਵਾਇਆ (Via) ਕਵਿਤਾ' ਕਰਨਾ

20. ਫ਼ੌਜੀ ਗੱਡੀ 'ਚ ਬੈਠੇ ਦੋਸਤ

(ਸਵਰਨ ਦੇ ਨਾਂ) ਫ਼ੌਜੀ ਗੱਡੀ 'ਚ ਬੈਠੇ ਦੋਸਤੋ ਦੱਸਦੇ ਤੁਹਾਡੇ ਚਿਹਰੇ ਕੱਪੜੇ ਭਰਤੀ ਹੋ ਕੇ ਜਾ ਰਹੇ ਹੋ ਅੱਜ ਹੀ ਜਾ ਰਹੇ ਹੋ ਦੂਰ ਮੈਥੋਂ ਦੌੜਦੇ ਚਿਹਰੇ ਮੇਰੇ ਦੀ ਹੈਰਾਨੀ ਭਾਂਪਦੇ। ਹਾਂ ਮੇਰੇ ਕੋਲ ਗੱਲ ਹੈ ਕੁਝ ਕਹਿਣ ਨੂੰ... ਭੀੜਾਂ ਪਿੱਛੇ ਛੱਡੀ ਜਾਂਦੇ ਦੋਸਤੋ ਕਹਿ ਰਹੇ ਨੇ ਨਕਸ਼ ਨਜ਼ਰਾਂ ਆਪਣੇ ਕਿ ਪਿਉ ਬੇਵਸ ਕਿਧਰੇ ਅੱਜ ਵੀ ਰੋਟੀਆਂ ਦੀ ਪੈੜ ਥੱਲੇ ਹੋਣਗੇ ਜਾਂ ਜਨੌਰਾਂ ਵਾਂਗ ਹੋ ਸੀ ਡਰਦੀਆਂ ਰੋਜ਼ੀਆਂ ਦੀ ਧਰਤ ਮਾਵਾਂ ਤੁਰਦੀਆਂ ਜੇ ਤੁਸੀਂ ਕਿਰਸਾਨ ਹੋ ਤਾਂ ਸੱਚ ਹੈ ਜਾ ਰਹੇ ਹੋ ਛੱਡ ਵਿਕੀਆਂ ਪੈਲੀਆਂ ਜਾਂ ਖਿੰਡਾ ਦਿੱਤੀ ਹੋਏਗੀ ਫੇਰ ਅੱਜ ਪੁਲਿਸ ਨੇ ਵੱਡੇ ਭਰਾ ਦੀ ਛਾਬੜੀ। ਚੱਲੇ ਹੋ ਮਿੱਲਾਂ ਬਚਾਵਣ? ਅਲਵਿਦਾ! ਮਿੱਲਾਂ ਜਿਥੇ ਮਿੱਝ ਦਾ ਬਣਦਾ ਘਿਓ ਕਾਮਿਆਂ ਦੀ ਖੱਲ ਜਿੱਥੇ ਸੁੱਕਦੀ। ਕਰੋਗੇ ਯਾਰ ਕਿੰਝ ਤਿੱਖੀਆਂ ਮਾਰਚਾਂ ਟਾਲ੍ਹੀਆਂ ਦੇ ਵਾਂਗ ਧੌਣਾਂ ਚੁੱਕ ਕੇ ਟਾਲ੍ਹੀਆਂ ਕਿ ਜਿਥੋਂ ਡੱਕੇ ਲਾਹੁੰਦੀਆਂ ਝਿੜਕਾਂ ਦੇ ਕੇ ਮਾਵਾਂ ਲਾਹੀਆਂ ਜਾਂਦੀਆਂ। ਚੱਲੇ ਹੋ ਮਹਿਲਾਂ ਦੀ ਖ਼ਾਤਿਰ? ਅਲਵਿਦਾ! ਮਹਿਲ ਜਿਥੇ ਕਿ ਲੜਾਈਆਂ ਦੇ ਦਿਨੀਂ ਨਫ਼ੇ ਦੀ ਸੂਚੀ ਹੈ ਰਾਤੀਂ ਨੱਚਦੀ। ਚਲੇ ਹੋ ਸਰਹੱਦਾਂ ਖ਼ਾਤਰ? ਅਲਵਿਦਾ! ਇਹ ਤਾਂ ਝਗੜੇ ਨੀਤੀਆਂ ਦੀ ਜਾਨ ਨੇ ਜਾ ਰਹੇ ਹੋ ਜਿੱਥੇ ਸ਼ਾਇਦ ਆਪ ਨੂੰ ਨਾ ਪਤਾ ਹੋਏਗਾ ਮੇਰੇ ਦੋਸਤੋ ਕੀਤੀਆਂ ਜਿਥੇ ਸੰਗੀਨਾਂ ਜਾਂਦੀਆਂ ਭੁੱਖੀਆਂ ਭੀੜਾਂ ਦੇ ਡਰ ਤੋਂ ਸਾਵਧਾਨ। ਕੁੱਲੀਆਂ ਦੇ ਕੱਖ ਜਿੱਥੇ ਸਾੜ ਕੇ ਧਰਤ ਦੇ ਗੇੜੇ ਨੂੰ ਫੜਿਆ ਜਾ ਰਿਹਾ ਤੁਰਦੀਆਂ ਜਿੱਥੇ ਕੇ ਲਾਟਾਂ ਬਾਲ ਕੇ ਧਰਤੀਆਂ ਬਣ ਬਣ ਕੇ ਨਕਸਲਬਾੜੀਆਂ। ਜਿੱਥੇ ਉੱਚੇ ਉੱਚੇ ਜੰਗਲ ਤੋਂ ਬਿਨਾਂ ਚਾਹ ਪੱਤੀਆਂ ਦੇ ਹੱਥੀਂ ਵੀ ਹਥਿਆਰ ਨੇ। ਜਾ ਰਹੇ ਹੋ ਸ਼ਾਇਦ ਆਪ ਨੂੰ ਨਾ ਪਤਾ....

21. ਸੰਸਕ੍ਰਿਤੀ

ਤੂੰ ਕੀ ਏਂ ? ਕਿਉਂ ਚਿਹਰਾ ਲੁਕਾਇਆ ਏ ? ਓਹਲਿਆਂ 'ਚ ਤੁਰਦੀ ਏਂ ਕਿਉਂ ? ਕਿਉਂ ਨਹੁੰ ਵੀ ਲੁਕਾਏ ਨੇ ਆਪਣੇ ? ਆਖ਼ਰ ਤੂੰ ਹੈ ਕੌਣ ? ਉਸ ਬੰਦੇ ਨੂੰ ਕਿਤੇ ਵੇਖੋ ਜੋ ਦਿਨ ਰਾਤ ਭਾਰਾ ਰੱਥ ਖਿੱਚਦਾ ਹੈ ਉਸਦੇ ਕੰਨਾਂ 'ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ ਉਸ ਦੇ ਪਿੰਡੇ ਤੇ ਉਨ੍ਹਾਂ ਬੈਂਤਾਂ ਦੀਆਂ ਲਾਸਾਂ ਹਨ ਜਿਨ੍ਹਾਂ ਨੂੰ ਵਰਤਦੇ ਰਹੇ ਰਜਵਾੜੇ, ਕਿਤੋਂ ਦੇ ਵੀ ਉਹ ਜ਼ਰੂਰ ਪਛਾਣਦਾ ਹੋਏਗਾ ਉਹ ਰਾਤਾਂ 'ਚ ਕਦੇ ਕਦੇ ਅੰਬਰ ਜੇਡਾ ਹੌਕਾ ਭਰਦਾ ਹੈ ਤਾਰੇ ਮੁਰਝਾ ਜਿਹੇ ਜਾਂਦੇ ਹਨ ਉਹ ਕਹਿੰਦਾ ਹੈ "ਧਰਤੀ ਮੇਰੀ ਪਹਿਲੀ ਮੁਹੱਬਤ ਹੈ !" ਉਹ ਜ਼ਿਕਰ ਕਰਦਾ ਹੈ 'ਇਹ ਤਾਰੇ ਅਸਮਾਨ ਵਿਚ ਮੈਂ ਜੜੇ ਸਨ' ਉਹ ਈਸਾ ਦੇ ਵਤਨਾਂ 'ਚ ਫਿਰਿਆ ਹੈ ਉਹ ਗੌਤਮ ਦੇ ਮੁਲਕਾਂ 'ਚ ਤੁਰਿਆ ਹੈ ਉਸਦੇ ਕੰਨਾਂ 'ਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ

22. ਪੰਜਾਬ

ਹਰ ਪਾਸੇ ਪੰਜਾਬ ਏ ਸਭ ਪਾਸੇ ਰੁਖਾਂ 'ਚ ਘਿਰੇ ਪਿੰਡ ਹਨ ਘਾਹ ਦੀਆਂ ਗੰਢਾਂ ਹੇਠ ਸਿਞਾਣੇ ਨਹੀਂ ਜਾਂਦੇ ਲਿਬਾਸ ਮੈਲਾ ਪਰਨਾ ਵਧੀ ਦਾਹੜ੍ਹੀ ਕੰਡ ਤੇ ਮੁੜ੍ਹਕੇ ਦਾ ਕਾਲਾ ਕੀਤਾ ਝੱਗਾ ਲੱਤਾਂ ਨੰਗੀਆਂ ਪੈਰ ਪਾਟੇ ਕੀ ਬੰਗਾਲ ਕੀ ਕੇਰਲਾ ਪਸ਼ੂਆਂ ਪਿੱਛੇ ਜਾਂਦੇ ਛੇੜੂ ਧੂੜ ਵਿਚ ਹਰ ਪਾਸੇ ਪੰਜਾਬੀ ਲੱਗਦੇ ਹਨ. ਰਾਹਾਂ ਦੇ ਪਿੱਪਲ ਖਜੂਰਾਂ ਬੱਦਲ ਹਰ ਪਾਸੇ ਮਾਛੀਵਾੜਾ ਏ

23. ਸਤਲੁਜ ਦੀਏ 'ਵਾਏ

ਸਤਲੁਜ ਦੀਏ 'ਵਾਏ ਨੀ ਪ੍ਰੀਤ ਤੇਰੇ ਨਾਲ ਸਾਡੀ 'ਵਾਏ ਨੀ ਫੇਰ ਅਸੀਂ ਕੋਲ ਤੇਰੇ ਆਏ ਨੀ ਦਿਲ ਪਹਿਚਾਣ ਸਾਡਾ ਉਠ ਕੇ ਸਿਰ ਅਸੀਂ ਨਾਲ ਨਾ ਲਿਆਏ ਨੀ ਆਏ ਸੱਤਾਂ ਸਾਗਰਾਂ ਨੂੰ ਚੀਰ ਕੇ ਪਾਣੀ ਤੇਰਿਆਂ ਦੇ ਤ੍ਰਿਹਾਏ ਨੀ ਪਿਆਰ ਤੇਰਾ ਛੋਹੇ ਜਿਹੜੇ ਦਿਲ ਨੂੰ ਉਹ ਸੂਰਜਾਂ ਦੀ ਅੱਗ ਬਣ ਜਾਏ ਨੀ ਬੀਜ ਉਹ ਬਗਾਵਤਾਂ ਦੇ ਬੀਜਦਾ ਗੀਤ ਉਹ ਆਜ਼ਾਦੀਆਂ ਦੇ ਗਾਏ ਨੀ

24. ਦਇਆ ਸਿੰਘ ਲਈ

ਸ਼ਹੀਦਾ ਤੇਰੇ ਲਹੂ ਵਰਗਾ ਦਿਹੁੰ ਚੜ੍ਹਿਆ ਹਿੱਕ 'ਚ ਅਨ੍ਹੇਰਿਆਂ ਨੇ ਆਪਣੀ ਇਕ ਕਿੱਲ ਹੋਰ ਜੜਿਆ ਦਿਹੁੰ ਚੜ੍ਹਿਆ ਇਕ ਮੁਸਕਾਨ ਤੇਰੇ ਨੂਰ ਦੀ ਕਿਸੇ ਨੂੰ ਵੀ ਨਹੀਂ ਭੁੱਲਦੀ ਅੱਖ ਡੁੱਲ੍ਹਦੀ ਇਕ ਵਿਸ਼ਵਾਸ ਤੇਰੇ ਬੋਲ ਦਾ ਸਾਂਭ ਦਰਿਆਵਾਂ ਰੱਖਿਆ ਖੇਤਾਂ ਚੱਖਿਆ ਜਿਉਂ ਦਿਲ ਨਾਲੋਂ ਕੁਝ ਗੁੰਮਿਆ ਕਈ ਰੋਜ਼ ਦਿਨ ਖੜ੍ਹਿਆ ਦਿਹੁੰ ਚੜ੍ਹਿਆ ਰੋਜ਼ ਲੋਕੀਂ ਮਰ ਮਰ ਜਾਂਵਦੇ ਖੰਭਾ ਨਾਲੋਂ ਮੌਤਾਂ ਹੌਲੀਆਂ ਕਿਹਨੇ ਗੌਲੀਆਂ ਇਕ ਮੌਤ ਸਾਡੀ ਜੱਗ ਤੇ ਸੱਚ ਦੇ ਪਹਾੜ ਵਰਗੀ ਝੁਕੇ ਸਰਘੀ 'ਮੌਤ ਇਕ ਆਮ ਜਿਹੀ ਗੱਲ ਹੈ' ਅਸਾਂ ਨੇ ਸਬਕ ਪੜ੍ਹਿਆ ਦਿਹੁੰ ਚੜ੍ਹਿਆ ਹਿੱਕ 'ਚ ਅਨ੍ਹੇਰਿਆਂ ਨੇ ਆਪਣੀ ਇਕ ਕਿੱਲ ਹੋਰ ਜੜਿਆ ਦਿਹੁੰ ਚੜ੍ਹਿਆ…

25. ਦੀਵਾ, ਪੈੱਨ ਤੇ ਕਾਪੀ

ਨਮਸਕਾਰ ਇਸ ਦੀਵੇ ਨੂੰ ਸਰ੍ਹੋਂ ਦਾ ਤੇਲ ਜਿਸ ਵਿਚ ਲੋਗੜ ਦੀ ਮੋਟੀ ਬੱਤੀ ਥੀਂ ਜਲ ਰਿਹੈ ਇਸ ਦੀ ਲਾਟ ਸੇਕ ਤੇ ਮਹਿਕ ਬਣਦੀ ਦੂਰ ਦੂਰ ਜਾਂਦੀ ਹੈ ਦਰਾਵੜਾਂ ਦੀਆਂ ਲਾਸ਼ਾਂ ਦੇ ਪੈਰਾਂ ਕੋਲ ਜੋ ਆਰੀਆਂ ਦੇ ਮੁੱਢਲੇ ਹੱਲਿਆਂ 'ਚ ਮਰ ਗਏ ਸਨ ਪੈੱਨ ਚੋਂ ਸਮੁੰਦਰ ਛਲਕਦਾ ਹੈ ਕਾਪੀ ਤੇ ਕਾਗ਼ਜ਼ ਵਾਸਮੱਤੇ ਰੁਖਾਂ ਦੇ ਪੱਤੇ ਹਨ ਜਿਨ੍ਹਾਂ ਨੂੰ ਬਾਗ਼ੀ ਆਪਣੇ ਸਿਰਾਂ ਤੇ ਬੰਨ੍ਹਦੇ ਹਨ ਤੁੱਰਰਿਆਂ ਵਾਂਙ ਨੇਜ਼ਿਆਂ ਵਾਂਙ

26. ਤਰਾਨਾ

ਜਾਨ ਜਾਂਦੀ, ਜਾਵੇ, ਦੇਖਣਾ ਨਜ਼ਾਰਾ ਦੋਸਤਾ ਜਦੋ-ਜਹਿਦ ਪੀਂਘ ਦਾ ਹੁਲਾਰਾ ਦੋਸਤਾ ਉਨ੍ਹਾਂ ਨਾਲ ਪਾਂਧੇ-ਪੱਤਰੀ ਦੀ ਗੱਲ ਨਾ ਕਰੋ ਜਿਨ੍ਹਾਂ ਬਦਲ ਦੇਣਾ ਹੁੰਦਾ ਏ ਸਿਤਾਰਾ ਦੋਸਤਾ ਸਿਰਫ਼ਿਰਿਆਂ ਦੀ ਗੱਲ ਉੱਤੇ ਕੁਝ ਤਾਂ ਯਕੀਨ ਕਿਉਂ ਭਰਨਾ ਵੀ ਛਡਿਆ ਹੁੰਗਾਰਾ ਦੋਸਤਾ ਇਸ਼ਕ ਜਿਨ੍ਹਾਂ ਦਾ ਹੈ ਜ਼ਹਿਰ ਦੇ ਪਿਆਲਿਆਂ ਦੇ ਨਾਲ ਨਹੀਂ ਸਿਦਕ ਤੋਂ ਉਹ ਕਰਦੇ ਕਿਨਾਰਾ ਦੋਸਤਾ ਮੌਤ ਨਸਦੀ ਹੈ ਆਸ਼ਕਾਂ ਨੂੰ ਛੇੜ ਛੇੜ ਕੇ ਜਿਵੇਂ ਮਿਲਦਾ ਏ ਹੱਸ ਕੇ ਪਿਆਰਾ ਦੋਸਤਾ ਘੁੰਡੀ ਹੋਵੇ ਨਾ ਜੇ ਐ ਦਿਲ, ਮਨ 'ਚ ਹੋਰ ਫਿਰ ਤਾਂ ਕਾਫ਼ੀ ਹੀ ਹੁੰਦਾ ਏ ਇਸ਼ਾਰਾ ਦੋਸਤਾ

27. ਜਦ ਜੰਗਲ ਸੜਦਾ ਹੈ

ਜਦ ਜੰਗਲ ਸੜ ਜਾਂਦਾ ਹੈ ਮੁੜ ਫੁੱਟਣ ਵਾਲੀਆਂ ਕੋਪਲਾਂ ਘਾਹ ਦੇ ਤਿੱਖੇ ਤ੍ਰਿਣ ਸਾਵੇ ਪੀਲੇ ਤੇ ਮਿੱਟੀ ਸਭ ਕੁਝ ਮਹਿਕੀਲਾ ਹੁੰਦਾ ਹੈ ਪਰ ਇਥੇ ਹਰ ਅਗਨ ਤੋਂ ਬਾਅਦ ਦੁਰਗੰਧ ਉੱਠਦੀ ਹੈ ਜਿਸ ਹੇਠ ਮਿੱਟੀ ਬੇਵੱਸ ਹੁੰਦੀ ਹੈ ਕੋਂਪਲਾਂ ਉਸੇ ਗੰਧ ਵਿਚ ਪੁੰਗਰਦੀਆਂ ਤੇ ਵਧਦੀਆਂ ਹਨ ਜੰਗਲ ਸਾਰੇ ਦਾ ਸਾਰਾ ਉੱਗ ਖੜ੍ਹਦਾ ਹੈ ਅਸੀਂ ਗੁਲਾਮ ਰਹਿੰਦੇ ਹਾਂ

28. ਹੀਜੜੇ

ਹੀਜੜੇ ਗਾਉਂਦੇ ਨੇ ਪਿਆਰ ਉਹ ਗ਼ਲਤ ਗਾਉਂਦੇ ਨੇ ਉਹ ਗਾਉਂਦੇ ਨੇ ਤਿਰੰਗਾ ਉਹ ਗ਼ਲਤ ਗਾਉਂਦੇ ਨੇ ਉਹ ਗਾਉਂਦੇ ਨੇ ਮੋਨਾ-ਲੀਜ਼ਾ ਜਾਂ ਸੁੰਦਰੀ ਯੂਨਾਨ ਦੀ ਉਹ ਗ਼ਲਤ ਗਾਉਂਦੇ ਨੇ ਉਹ ਗਾਉਂਦੇ ਨੇ ਬਿਰਹਾ ਬਿਰਹਾ ਉਹ ਗ਼ਲਤ ਗਾਉਂਦੇ ਨੇ ਉਹ ਨੱਚਦੇ ਨੇ ਵਿਚਾਰੀ ਥਾਂ ਰੋਂਦੀ ਹੈ

29. ਥਕੇਵਾਂ

ਕੁਝ ਵੀ ਕਰਨ ਨੂੰ ਤੇ ਨਾ ਕਰਨ ਨੂੰ ਦਿਲ ਨਹੀਂ ਕਰਦਾ ਬੰਦ ਕੀੜੇ ਵਾਂਗ ਸੋਚ ਤੁਰਦੀ ਹੈ ਜੇ ਕੋਈ ਕਹੇ : 'ਤੇਰੀ ਸਜਣ ਕੁੜੀ ਗੱਡੀ ਦੇ ਪਹੀਏ ਹੇਠ ਕੁਚਲੀ ਗਈ' ਤਾਂ ਵੀ ਸ਼ਇਦ…………………… ਜੇ ਪਤਾ ਚਲੇ : ਭਰਾ ਪਾਗਲ ਹੋ ਗਿਆ ਹੈ ਤਾਂ ਰਤਾ ਤੜਪਾਂਗਾ ਜੇ ਕੋਈ ਕਹੇ : ਤੇਰੀ ਮਾਂ ਪੁਲਸ ਨੇ ਨੰਗੀ ਕਰ ਦਿੱਤੀ ਤਾਂ ਇਹ ਸਧਾਰਨਤਾ ਲੰਘ ਜਾਏਗੀ ਗਡੀ ਦੇ ਪਹੀਏ ਵਾਂਙ ਬਿਨਾ ਤੜਪਿਆਂ, ਥਕੇਵਾਂ ਸਿਰਫ਼ ਅੰਗਾਂ 'ਚ ਹੈ, ਦੀਵੇ ਦੀ ਰੌਸ਼ਨੀ 'ਚ ਮੱਝ ਦਾ ਆਨਾ ਚਮਕਦਾ ਹੈ ਜਿਸਦਾ ਗੋਹਾ ਚੁਕਣ ਲਗਿਆਂ ਰੋਜ਼ ਸ਼ੈਕਸਪੀਅਰ ਮਹਿਸੂਸ ਕਰਦਾਂ ਆਪਣੇ ਆਪ ਨੂੰ ਜਿਸ ਦੀਆਂ ਆਣਗਿਣਤ ਸ਼ਾਮਾਂ ਤੇ ਸਵੇਰਾਂ ਲਿੱਦ ਸੁੰਘਦੀਆਂ ਸਨ ਮੇਰੀਆਂ ਬਾਹਾਂ ਦਾ ਬਲ ਨਾ ਘਟਦਾ ਹੈ ਨਾ ਵਧਦਾ ਹੈ ਦਿਲ ਉਸੇ ਕਹਿਰ ਦੀ ਕਾਂਗ ਹੋਈ ਧੜਕਦਾ ਹੈ ਇਹ ਪਰਬਤ ਉਠਾ ਦੇਵਾਂ ਕਹੀ ਦੇ ਚੇਪੇ ਵਾਂਙ ਹੂੰਝ ਦੇਵਾਂ ਇਹ ਭਵਨ ਸੜਕਾਂ ਤੋਂ, ਕੁੱਤੇ ਭੌਂਕਦੇ ਹਨ: ਮੇਰਾ ਘਰ, ਮੇਰਾ ਘਰ' ਜਗੀਰਦਾਰ: 'ਮੇਰਾ ਪਿੰਡ ਮੇਰੀ ਸਲਤਨਤ' ਲੀਡਰ: "ਮੇਰਾ ਦੇਸ਼, ਮੇਰਾ ਦੇਸ਼" ਲੋਕ ਕਹਿੰਦੇ ਹਨ "ਮੇਰੀ ਕਿਸਮਤ, ਮੇਰੀ ਕਿਸਮਤ" ਮੈਂ ਕੀ ਆਖਾਂ? ਕੁਝ ਵੀ ਕਰਨ ਨੂੰ ਤੇ ਨਾ ਕਰਨ ਨੂੰ ਦਿਲ ਨਹੀਂ ਕਰਦਾ ਮੇਰਾ ਭਰਾ ਸੱਜਣ ਕੁੜੀ, ਮਾਂ, ਦੇਸ਼ ਕੁਝ ਵੀ ਨਹੀਂ ਮੇਰਾ ਦਿਲ ਉਸੇ ਕਹਿਰ ਦੀ ਕਾਂਗ ਹੋਈ ਧੜਕਦਾ ਹੈ…

30. ਅਜੂਬਾ

ਔਰਤ ਇਕ ਅਜੂਬਾ ਹੈ ਧਰਤੀ ਦਾ ਬਾਕੀ ਤਾਂ ਗਿਣਤੀ ਹੈ ਪਿੱਛੇ ਦੀ ਜਿਹੜਾ ਆਦਿ ਕਾਲ ਤੋਂ ਜੀਵਨ ਦਾ ਅੰਮ੍ਰਿਤ ਦੇਂਦਾ ਹੈ ਨਿੱਤ-ਨਵੇਂ ਇਸ ਚਿੱਤਰ ਅੰਦਰ, ਮਤਲਬ ਭਰਦਾ ਹੈ ਆਦਿ ਕਾਲ ਤੋਂ ਨੈਣ ਏਸ ਨੂੰ ਤੱਕ ਨਾ ਰੱਜੇ ਖੋਹਾਂ ਹੋਰ ਡੂੰਘੀਆਂ ਹੋਈਆਂ ਲੋਕ ਕਹਿਣ ਕਿ ਬਲਦ ਦੇ ਸਿੰਙਾਂ 'ਤੇ ਧਰਤੀ ਮੈਂ ਮੁਨਕਰ ਹਾਂ ਪਰ ਮੇਰਾ ਵਿਸ਼ਵਾਸ ਅਟੱਲ ਹੈ ਕਿ ਆਪਣੇ ਹੱਥਾਂ ਉੱਤੇ ਧਰਤੀ ਔਰਤ ਨੇ ਹੈ ਚੁੱਕੀ ਹੋਈ ਇਸੇ ਲਈ ਤਾਂ ਮਹਿਕ ਧਰਤ ਦੀ ਬਦਨ ਜਿਹੀ ਹੈ ਇਸੇ ਲਈ ਤਾਂ ਲਹਿਰਨ ਫ਼ਸਲਾਂ ਪੱਲੂਆਂ ਵਾਕਣ ਇਸੇ ਲਈ ਤਾਂ ਧਰਤੀ ਦੇ ਪਾਣੀ ਏਨੇ ਨਿਰਮਲ ਤੇ ਠੰਡੇ ਹਨ ਇਸੇ ਲਈ ਚਾਨਣ ਦੀ ਰਾਤੇ ਖੜਕਣ ਪੱਤੇ ਜਿਵੇਂ ਸਿਤਾਰੇ ਜੜੀਆਂ ਚੁੰਨੀਆਂ ਇਸੇ ਲਈ ਫੁਲਾਂ ਉੱਤੇ ਬੁੱਲ੍ਹਾਂ ਵਰਗਾ ਭੋਲਾਪਨ ਹੈ ਤਿਤਲੀਆਂ ਵਿਚ ਨੈਣਾ ਦੀ ਮਸਤੀ ਧਰਤੀ ਤੇ ਔਰਤ ਦੀ ਪੀੜਾ ਕਿੰਨੀ ਇਕ ਹੈ ਮਿਹਨਤ ਦੇ ਹਿੱਸੇ ਭੁੱਖਾਂ ਹਨ ਸਿਤਮ ਦੇ ਨੈਣੀ ਹੰਝੂ ਹਨ ਔਰਤ ਦੇ ਨੈਣੀ ਹੰਝੂ ਹਨ ਇਸੇ ਲਈ ਸਾਗਰ ਖਾਰੇ ਹਨ ਅੱਜ ਇਸ ਨੂੰ ਗੌਰਵ ਪਿਆਰਾ ਹੈ ਅੱਜ ਇਸ ਦੇ ਨੇੜੇ ਤਾਰੇ ਹਨ ਔਰਤ ਇਕ ਅਜੂਬਾ ਹੈ ਧਰਤੀ ਦਾ

31. ਕੋਹਲੂ

ਚਲਦਾ ਹੈ ਕੋਹਲੂ ਨੱਚੇ ਪਿਆ ਉਹ ਵੀ ਪਿਸ ਜਾਊ ਜੋ ਬਚੇ ਪਿਆ ਮਿਟ ਜਾਂਦੇ ਨੇ ਸਭ ਦੇ ਸਭ ਹੀ ਵਿਖਰੇਵੇਂ ਨਾ ਟੋਕਰੀ ਵਾਲਾ ਹਟੇ ਪਿਆ ਉੱਡ ਰਹੀਆਂ ਖੁਸ਼ਬੋਆਂ ਮਿਟ ਕੇ ਤੇਲ ਤੁਪਕਾ ਤੁਪਕਾ ਰਸੇ ਪਿਆ ਮਿਟਦੀ ਏਥੇ ਤੇਰੀ ਮੇਰੀ ਦਿਨ ਰਾਤੀਂ ਇਹ ਕੋਹਲੂ ਸੁਸਤ ਨਾ ਕਦੇ ਪਿਆ ਭਰ ਭਰ ਕੇ ਮਜ਼ਦੂਰ ਪਾਉਂਦੇ ਨੇ ਦਾਣੇ ਚੰਨ ਚਮਕੇ ਸੂਰਜ ਤਪੇ ਪਿਆ ਪਈ ਟਿਕ ਟਿਕ ਸੁਣਦੀ ਕੋਹਲੂ ਦੀ ਮੇਰੇ ਅੰਦਰ ਕਵਿਤਾ ਰਚੇ ਪਿਆ ਆਕੜ ਫੁੱਟਦੀ ਤਿੜ ਤਿੜ ਹੁੰਦੀ ਮਜ਼ਦੂਰ ਖੁਸ਼ੀ ਤੇ ਅੜੇ ਪਿਆ ਦੇਖਾਂ ਘੂੰਗਰੂ ਖੜਕਣ ਐ ਦਿਲ ਕੰਮ ਤਾਂ ਖਾਸਾ ਅਜੇ ਪਿਆ

32. ਕੰਮ ਤੋਂ ਪਿਛੋਂ

ਦਿਨ ਭਰ ਦੀ ਮਿਹਨਤ ਮਗਰੋਂ ਉਹ ਲੜਾਂ ਨਾਲ ਬੰਨ੍ਹ ਲੈਂਦੇ ਆਪਣੇ ਬੱਚੇ ਦੀ ਦਿਨ ਭਰ ਦੀ ਮਿਹਨਤ ਦਾ ਮੁੱਲ ਦੋ ਰੋਟੀਆਂ ਦੀ ਵਕਾਲਤ ਕਰਦੇ ਹਨ ਖੁਸ਼ਾਮਦੀ ਬਣਦੇ ਹਨ ਮੁੰਡੇ ਦੀ ਮਾਂ ਦਾ ਹਾਲ ਦੱਸਦੇ ਹਨ ਉੱਚੀ ਹੱਸਦੇ ਹਨ ਬਹੁਤ ਚੁੱਪ ਕਰਦੇ ਹਨ ਚਲੇ ਜਾਂਦੇ ਹਨ

33. ਪੈੜ

ਕੀ ਤੁਹਾਨੂੰ ਦਿੱਸਦਾ ਹੈ ਹਰ ਰੁੱਖ ਨੱਚਦਾ ਹੈ ਰਾਹਾਂ ਦੀ ਧੂੜ ਸਾਹ ਲੈਂਦੀ ਹੈ ਖੂਹਾਂ ਦਾ ਪਾਣੀ ਬਾਹਰ ਆਉਂਦਾ ਹੈ ਨਹਿਰ ਦੀਆਂ ਛੱਲਾਂ 'ਚ ਜੀਵਨ ਹੈ ਕਿਸਾਨ ਤੁਰ ਪਏ ਹਨ ਰਾਹਾਂ ਤੇ ਉਘੜ ਆਈ ਹੈ – ਜੁਝਾਰੂਆਂ ਦੀ ਪੈੜ ਚੰਨ ਆਪਣਾ ਨਿੱਕਾ ਪੰਧ ਮੁਕਾ ਬੈਠਾ ਹੈ

34. ਮਾਇਆ

ਅੰਤਿਮ ਜਿੱਤ ਦੇ ਨਸ਼ੇ 'ਚ ਮਾਇਆ ਦੇ ਢੇਰ ਤੇ ਜਾ ਬੈਠਣ ਵਾਲੇ ਭੁੱਲ ਗਏ ਕਿ ਮੱਖੀ-ਭਖ਼ਸ਼ ਰੁੱਖ ਵਾਂਙ ਇਹ ਮਾਇਆ ਦਾ ਢੇਰ ਮੂੰਹ ਖੋਲ੍ਹਦਾ ਹੈ ਤੇ ਭਖ਼ਸ਼ ਕਰ ਲੈਂਦਾ ਹੈ

35. ਗ਼ੈਰ ਵਿਦਰੋਹੀ ਨਜ਼ਮ ਦੀ ਤਲਾਸ਼

ਮੈਨੂੰ ਕਿਸੇ ਗ਼ੈਰ ਵਿਦਰੋਹੀ ਨਜ਼ਮ ਦੀ ਤਲਾਸ਼ ਹੈ ਤਾਂ ਕਿ ਮੈਨੂੰ ਕੋਈ ਦੋਸਤ ਮਿਲ ਸਕੇ ਮੈਂ ਆਪਣੀ ਸੋਚ ਦੇ ਨਹੁੰ ਕੱਟਣੇ ਚਾਹੁੰਦਾ ਹਾਂ ਤਾਂ ਕਿ ਮੈਨੂੰ ਕੋਈ ਦੋਸਤ ਮਿਲ ਸਕੇ ਮੈਂ ਤੇ ਉਹ ਸਦਾ ਲਈ ਘੁਲ ਮਿਲ ਜਾਈਏ. ਪਰ ਕੋਈ ਵਿਸ਼ਾ ਗ਼ੈਰ ਵਿਦਰੋਹੀ ਨਹੀਂ ਮਿਲਦਾ ਤਾਂ ਕਿ ਮੈਨੂੰ ਕੋਈ ਦੋਸਤ ਮਿਲ ਸਕੇ

36. ਕੁੜੇਲੀ ਪਿੰਡ ਦੀਆਂ ਵਾਸਣਾ

ਕੁੜੇਲੀ ਪਿੰਡ ਦੀਆਂ ਵਾਸਣਾ ਕਾਲੇ ਕਾਲੇ ਸੂਟ ਪਹਿਨੀਂ ਹਰਿਆਂ ਬਾਗਾਂ ਵਿੱਚੋਂ ਦੀ ਲੰਘਦੀਆਂ ਹਨ ਖੇਤਾਂ ਤੇ ਕੰਧਾਂ ਦੀ ਮਜ਼ੂਰੀ ਲਈ ਉਹ ਜਾਣਦੀਆਂ ਹਨ ਰਾਵਣ ਦੇ ਬੰਦੇ ਕਾਲੇ ਕੱਪੜੇ ਪਹਿਨਦੇ ਸਨ ਫਿਰ ਵੀ ਉਹ ਕਾਲਾ ਪਹਿਨਦੀਆਂ ਹਨ ਉਹ ਜਾਣਦੀਆਂ ਹਨ ਕਿ ਰਾਖਸ਼ ਕਾਲਾ ਪਹਿਨਦੇ ਸਨ ਫਿਰ ਵੀ ਉਹ ਕਾਲਾ ਪਹਿਨਦੀਆਂ ਹਨ ਉਹ ਜਾਣਦੀਆਂ ਹਨ ਚੋਰਾਂ ਦੇ ਕੱਪੜੇ ਕਾਲੇ ਹੋਂਵਦੇ ਫਿਰ ਵੀ ਉਹ ਕਾਲਾ ਪਹਿਲਦੀਆਂ ਹਨ ਜਦ ਕਿ ਮੌਸਮ ਦੀ ਸਿੱਲ ਵਿੱਚ ਸਾਵ ਬਾਗ਼ ਲਹਿਰਦੇ ਹਨ ਬਾਗਾਂ ਵਿੱਚ ਕਲੱਤਣ ਲਹਿਰਦੀ ਹੈ ਉਹ ਜਾਣਦੀਆਂ ਹਨ ਕੁੜੇਲੀ ਇੱਕ ਸੱਪਣੀ ਦਾ ਨਾਂ ਏ ਸਭ ਤੋਂ ਵੱਧ ਜ਼ਹਿਰ ਵਾਲੀ ਸੱਪਣੀ ਫਿਰ ਵੀ ਇਹ ਉਨ੍ਹਾਂ ਦੇ ਪਿੰਡ ਦਾ ਨਾਂ ਏ ਤੇ ਉਹ ਕਾਲਾ ਪਹਿਨਦੀਆਂ ਹਨ ਉਹ ਜਾਣਦੀਆਂ ਹਨ...

37. ਛੱਲ

ਉਹ ਸਾਂਵਲੀ ਤੀਵੀਂ ਜਦ ਕਦੇ ਖ਼ੁਸ਼ੀ ਦੇ ਬੱਠਲ ਵਾਂਗ ਭਰੀ ਕਹਿੰਦੀ ਹੈ "ਮੈਂ ਬੜੀ ਹਰਾਮਣ ਆਂ" ਉਹ ਬਹੁਤ ਕੁਝ ਵਗਾਹ ਦੇਂਦੀ ਏ ਮੇਰੇ ਵਾਂਙ ਲੁੱਕ ਹੇਠ ਬਲਦੀ ਅੱਗ ਦੇ ਟੋਏ ਵਿਚ ਮੂਰਤਾਂ ਪੋਥੀਆਂ ਆਪਣੀ ਜੁੱਤੀ ਦਾ ਪੈਰ ਤੇ ਬਣ ਰਹੀ ਛੱਤ ਉੱਤੇ ਇੱਟਾਂ ਇੱਟਾਂ ਇੱਟਾਂ

38. ਜ਼ਿੰਦਗੀ ਦੇ ਯੁੱਗ ਦੀ ਸਵੇਰ

ਜ਼ਿੰਦਗੀ ਦੇ ਯੁੱਗ ਦੀ ਸਵੇਰ ਆਏਗੀ ਜ਼ਰੂਰ ਇਕ ਵੇਰ ਸੋਨੇ ਦੇ ਦੀਵਿਆਂ ’ਚ ਬਾਲ ਹੋਰ ਸਾਨੂੰ ਵੰਡ ਲੈ ਅਨ੍ਹੇਰ। ਕਲ ਹੋਣੇ ਸਾਡੇ ਪੈਰਾਂ ਹੇਠ ਡਿੱਗੀਆਂ ਇਮਾਰਤਾਂ ਦੇ ਢੇਰ ਵੇਖ ਕਿੱਦਾਂ ਉੱਠਿਆ ਤੂਫਾਨ ਘੇਰ ਏਹਨੂੰ ਮੂਹਰੇ ਹੋ ਕੇ ਘੇਰ ਸੂਹੇ ਹੋਏ ਟੀਸੀਆਂ ਤੋਂ ਰੁੱਖ ਤੇਰੇ ਸ਼ਬਦ-ਕੋਸ਼ ਥੋੜ੍ਹੀ ਦੇਰ ਗਲ ਜਾਣੇ ਗੋਹਿਆਂ ’ਚ ਤਾਜ ਆਸਣਾ ਤੋਂ ਸੁਕਣੇ ਕਨੇਰ ਜ਼ਿੰਦਗੀ ਦੇ ਯੁੱਗ ਦੀ ਸਵੇਰ ਆਏਗੀ ਜ਼ਰੂਰ ਇਕ ਵੇਰ

39. ਬੇਗਾਨੀਆਂ

ਖੁਰਲੀਆਂ ਸੰਭਰਦੀਆਂ ਗੋਹੇ ਚੁਗਦੀਆਂ ਬੱਲਾਂ ਦੇ ਕਸੀਰ ਚੁਣਦੀਆਂ ਕਿੰਨਾਂ ਕੰਮ ਕਰਦੀਆਂ ਨੇ ਇਹ ਗਊਆਂ ਬੇਗਾਨੀਆਂ ਧੀਆਂ ਤਿੱਖੀ ਤੂੜੀ, ਤਵੇ ਧਾਰ ਵਾਲੀਆਂ ਸਾਗ ਚੀਰਨੀਆਂ ਦਾਤੀਆਂ ਸੂਈਆਂ ਸਭ ਕੁਝ ਜਿਵੇਂ ਉਨ੍ਹਾਂ ਦੇ ਹੱਥਾਂ ਪੈਰਾਂ ’ਚ ਪੁੜਨ ਸਿੱਖਿਆ ਹੋਵੇ ਔਹ ਤਸਲਾ ਜੋ ਸਦਾ ਉਸਦੇ ਸਿਰ ਤੇ ਰਹਿੰਦਾ ਹੈ ਉਸ ਦੇ ਫ਼ੌਜ ਵਿਚ ਕਲਰਕ ਪਤੀ ਦੀ ਟੋਪੀ ਹੈ ਜਿਸ ਨਾਲ ਇਹ 'ਲੜਾਕੂ' ਲਗਦੀ ਹੈ ਮੈਂ ਇਸਨੂੰ ਨਚਦਿਆਂ ਵੀ ਤੱਕਿਆ ਹੈ ਗਾਉਂਦਿਆਂ ਵੀ ਸੁਣਿਆ ਹੈ ਉਫ਼ ! ਉਹ ਰੋਣ ਜਿਵੇਂ ਰੰਗਦਾਰ ਕੰਧਾਂ ਭਿੱਜੀਆਂ ਹੋਣ ਕੌਣ ਤੱਕ ਸਕਦਾ ਹੈ

40. ਬਾਬਲ ਤੇਰੇ ਖੇਤਾਂ ਵਿਚ

ਬਾਬਲ ਤੇਰੇ ਖੇਤਾਂ ਵਿਚ ਕਦੇ ਕਦੇ ਮੈਂ ਨੱਚ ਉਠਦੀ ਹਾਂ ਹਵਾ ਦੇ ਬੁੱਲ੍ਹੇ ਵਾਂਙ, ਐਵੇਂ ਭੁੱਲ ਜਾਂਦੀ ਆਂ ਕਿ ਖੇਤ ਤਾਂ ਸਾਡੇ ਨਹੀਂ ਕੁਝ ਦਿਨ ਰਹਿਣ ਦਾ ਬਹਾਨਾ ਮੁਕੱਦਮੇਂ ਹਾਰ ਬੈਠੇ ਹਾਂ ਪੈਸੇ ਖੁਣੋਂ ਸਲੀਪਰ ਟੁੱਟ ਚੁੱਕੇ ਹਨ ਭਖੜਾ ਉੱਗ ਆਇਆ ਹੈ ਬਾਬਲ ਤੇਰੇ ਖੇਤਾਂ ਵਿਚ ਟਰੈਕਟਰ ਨੱਚਣਗੇ ਕਿਸੇ ਦਿਨ ਬਾਬਲ ਤੇਰੇ ਖੇਤਾਂ ਵਿਚ

41. ਝਾਲਿਆਂ ਦੇ ਲਾੜੇ ਵੇਂਹਦੇ ਹਨ

ਝਾਲਿਆਂ ਦੇ ਲਾੜੇ ਵੇਂਹਦੇ ਹਨ ਮਿੱਤਰ ਪਿਆਰਿਆਂ ਦਾ ਰਾਹ ਚੱਕ ਕੇ ਟੁੱਟੇ ਛੱਪਰਾਂ ਦਾ ਫ਼ੂਸ ਸਿਹਰੇ ਦੀ ਝਾਲਰ ਤਰ੍ਹਾਂ ਝਾਲਿਆਂ ਦੇ ਲਾੜੇ ਲੜ ਬੰਨਦੇ ਹਨ ਕਾਗਜ਼ ਕਰਜ਼ੇ ਕੁਰਕੀ ਦੇ ਕੁਝ ਵਿਸ਼ਵਾਸ ਨਹੀਂ ਕਿੱਧਰ ਨੂੰ ਜਾਂਦੇ ਨੇ ਝਾਲੇ ਸਮੁੰਦਰ ਚੋਂ ਟੁਟੀ ਨੌਂ ਵਾਂਙ ਮੁਟਿਆਰਾਂ ਹੁਸਨ ਕਢਦੀਆਂ ਹਨ ਚੁਣਦੀਆਂ ਹਨ ਬੁਣਦੀਆਂ ਹਨ ਰੋਂਦੀਆਂ ਹਨ ਤਵੇ ਦੀ ਓਟ ’ਚ ਛਿਪ ਕੇ ਚੁੱਲ੍ਹੇ ਦੀ ਅੱਗ ਵਾਂਙ

42. ਕਾਮਰੇਡਾਂ ਦਾ ਗੀਤ

ਅਸੀਂ ਕਾਮਰੇਡ ਚੰਗੇ ਵੇ ਲੋਕਾ ਅਸੀਂ ਕਾਮਰੇਡ ਚੰਗੇ ਦੁਸ਼ਮਣ ਦੇ ਤਾਂ ਮਿੱਤਰ ਹੋਏ ਲੋਕਾਂ ਨਾਲ ਦੰਗੇ ਵੇ ਲੋਕਾ ਅਸੀਂ ਕਾਮਰੇਡ... ਦੁਨੀਆਂ ਭਰ ਦਾ ਭਾਸ਼ਨ ਦੇਈਏ ਜਾਨ ਦੇਣ ਤੋਂ ਸੰਗੇ ਵੇ ਲੋਕਾ ਅਸੀਂ ਕਾਮਰੇਡ... ਇਨਕਲਾਬ ਦਾ ਨਾਉਂ ਕਿਉਂ ਲਈਏ ਇਹ ਤਾਂ ਬਲੀਆਂ ਮੰਗੇ ਵੇ ਲੋਕਾ ਅਸੀਂ ਕਾਮਰੇਡ... ਬੇਸਮਝੀ ਦੇ ਮਾਰੇ ਹੋਏ ਲੋਕੀਂ ਭੁੱਖੇ ਨੰਗੇ ਵੇ ਲੋਕਾ ਅਸੀਂ ਕਾਮਰੇਡ ਚੰਗੇ ਵੇ ਲੋਕਾ ਅਸੀਂ ਕਾਮਰੇਡ...

43. ਕੈਦੀ ਲੰਬੜਦਾਰ

ਉਹ ਜੇਲ੍ਹ ਦਾ ਸੀ ਲੰਬੜਦਾਰ, ਨੰਗਾ ਲੰਗੋਟੇ ਵਿਚ ਨਿੰਮ ਹੇਠ ਟਹਿਲਦਾ ਹੈ ਸੀ ਉਸ ਦਿਨ, ਮੇਰੀ ਚੱਕੀ ’ਗਾੜੀ ਆ ਕੇ ਰੁਕਿਆ ਬਾਹਵਾਂ ਉਲਾਰੀਆਂ ਘੋੜੇ ਦੀ ਟਾਪ ਨਾਚ ਨੱਚਿਆ ਤੇ ਕੂਕਿਆ : 'ਸਾਡੇ ਖੇਤ....ਸਾਡੇ ਖੇਤ' ਕਹਿੰਦਾ ਅੱਗੇ ਵਧ ਗਿਆ ਮੁਜ਼ਾਰੇ ਦਾ ਉਹ ਪੁੱਤ ਸੀ ਬਰਛੇ ਨ’ ਵਿੰਨ੍ਹਿਆ ਸੀ ਓਸ ਜ਼ਿਮੀਦਾਰੇ ਪੁਤ ਨੂੰ ਜੋ ਸੀ ਉਹਦੇ ਹਾਣ ਦਾ

44. ਘੋੜੇ ਚਾਰਨ ਵਾਲੀਏ ਕੁੜੀਏ

ਘੋੜੇ ਚਾਰਨ ਵਾਲੀਏ ਕੁੜੀਏ ਕੋਈ ਗੀਤ ਸੁਣਾ ਤੇਰਾ ਗੀਤ ਮੈਨੂੰ ਚੰਗਾ ਲੱਗ ਜਾਏਗਾ ਜਿਹੜਾ ਉਨ੍ਹਾਂ ਦਿਨਾਂ 'ਚ ਗਾਇਆ ਹੋਵੇ ਘੋੜੇਆਂ ਨੂੰ ਚਾਰਦਿਆਂ ਮਨ ਭਰ ਆਇਆ ਹੋਵੇ ਜਦੋਂ ਹੱਥ ਤੇ ਕੰਧਲਾ ਤੇਰੇ ਜ਼ਿਮੀਂਦਾਰ ਮਾਰਿਆ ਸੀ ਕਿਵੇਂ ਤੜਫੀ ਸੀ ਮਾਂ ਕਿਵੇਂ ਉਹ ਸਹਾਰਿਆ ਸੀ ? ਕਦੋਂ ਜਾਗਣਗੇ ਵੀਰ ਕਦੋਂ ਹੋਣਗੇ ਜਵਾਨ ਕਦੋਂ ਚਾਰਨਗੇ ਘੋੜੇ ਕਦੋਂ ਚੁੱਕਣਗੇ ਕਮਾਨ

45. ਅਲਵਿਦਾ

ਅਲਵਿਦਾ ਹੇ ਡੁਬਦੇ ਸੂਰਜ ਕੱਲ ਨੂੰ ਜ਼ਰੂਰ ਆਵੀਂ ਮੈਂ ਨਿਵਾਂਗਾ ਪਰ ਤੇਰੇ ਬੁਲ੍ਹਾਂ ਨੂੰ ਪਾਣੀ ਲਾਣ ਜਿਹਾ ਪਖੰਡ ਮੈਂ ਨਹੀਂ ਰਚਾਂਗਾ : ਮੈਂ ਤਾਂ ਹਥਿਆਰ ਚੁੱਕਾਂਗਾ ਨਾ ਆਵੀਂ - ਲੋਕ ਹਥਿਆਰ ਚੁਕੱਣਗੇ ਤੂੰ ਚੰਨ ਨੂੰ ਵੀ ਲੁਕਾ ਲਵੀਂ ਮੈਂ ਹਥਿਆਰ ਚੁੱਕਾਂਗਾ... ਕੀ ਤੂੰ ਨਹੀਂ ਜਾਣਦਾ ਮਨੁੱਖਤਾ ਆਪ ਉਸ ਸੂਰਜ ਦੀ ਅਗਨ ਹੈ ਜਿਸ ਦੇ ਗੀਤ ਦਾ ਇਕ ਦੀਪਕ ਹੈ ਤੇਰਾ ਪ੍ਰਕਾਸ਼ ਨਮਸਕਾਰ ! ਅਲਵਿਦਾ !! ਹੇ ਡੁੱਬਦੇ ਸੂਰਜ !!!

46. ਉਲਟ ਇਨਕਲਾਬ ਦੇ ਪੈਰ

ਸੁਪਨਾ ਹੀ ਰਹਿ ਗਿਆ ਕਿ ਟੋਪ ਪਹਿਨਾਵਾਂਗੇ ਬੁਰੇ ਸ਼ਰੀਫ਼ਜ਼ਾਦਿਆਂ ਨੂੰ ਉਹ ਲਕੀਰਾਂ ਕਢਣਗੇ ਨੱਕ ਨਾਲ ਹਿਸਾਬ ਦੇਣਗੇ ਲੋਕਾਂ ਅੱਗੇ ਉਲਟ ਇਨਕਲਾਬ ਦੇ ਪੈਰ ਸਾਡੀਆਂ ਹਿੱਕਾਂ ਤੇ ਆਣ ਟਿਕੇ ਜ਼ਲੀਲ ਹੋਣਾ ਹੀ ਸਾਡਾ ਜਿਵੇਂ ਇੱਕੋ ਇੱਕ ਪੜਾਅ ਰਹਿ ਗਿਆ

47. ਦੂਰੀ

ਇਹ ਪੈਂਡੇ ਧਰਤੀ ਤੇ ਮੰਗਲ ਦੇ ਨਹੀਂ ਜਿਨ੍ਹਾਂ ਨੂੰ ਰਾਕਿਟ ਮਿਣ ਸਕਦੇ ਨੇ, ਨਾ ਇਹ ਰਸਤੇ ਦਿੱਲੀ ਤੋਂ ਮਾਸਕੋ ਜਾਂ ਵਾਸ਼ਿੰਗਟਨ ਦੇ ਹਨ ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਮਿਣਦੇ ਹੋ ਇਹ ਦੂਰੀ ਜੋ ਅਸਾਡੇ ਤੇ ਤੁਹਾਡੇ ਵਿਚਕਾਰ ਹੈ, ਤੀਰਾਂ ਦੇ ਮਿਣਨ ਖ਼ਾਤਰ ਹੈ

48. ਰਾਜੇ ਸ਼ੀਂਹ

ਨਾਨਕ ਚੀਨ ਗਿਆ ਇਹ ਦੱਸਣ ਕਿ ਲਾਲੋ ਦਾ ਲਹੂ ਚੂਸਦੇ ਇਹ ਰੱਤ ਪੀਣੇ ਰਾਜੇ ਪਾਲੇ ਜਿਨ੍ਹਾਂ ਮੁੱਕਦਮ ਕੁੱਤੇ ਕਦ ਐਵੇਂ ਹਨ ਜਾਂਦੇ ਬੋਲ ਮਹਾਂ-ਪੁਰਸ਼ਾਂ ਦੇ ਬੇਦਰਦੀ ਸੰਗ ਮਾਰੇ "ਰਾਜੇ ਸ਼ੀਂਹ ਮੁੱਕਦਮ ਕੁੱਤੇ"

49. ਸ਼ਬਦ

ਸ਼ਬਦ ਤਾਂ ਕਹੇ ਜਾ ਚੁੱਕੇ ਹਨ ਅਸਾਥੋਂ ਵੀ ਬਹੁਤ ਪਹਿਲਾਂ ਤੇ ਅਸਾਥੋਂ ਵੀ ਬਹੁਤ ਪਿੱਛੋਂ ਦੇ, ਅਸਾਡੀ ਹਰ ਜ਼ੁਬਾਨ ਜੇ ਹੋ ਸਕੇ ਤਾਂ ਕੱਟ ਲੈਣਾ ਪਰ ਸ਼ਬਦ ਤਾਂ ਕਹੇ ਜਾ ਚੁੱਕੇ ਹਨ

50. ਸਾਨ੍ਹ

ਬਹੁਤ ਛਟਪਟਾਇਆ ਸਾਨ੍ਹ ਖੱਸੀ ਹੋਣ ਤੋਂ ਪਹਿਲਾਂ ਮਸੀਤ ਹੀ ਢਾਹ ਸੁੱਟੀ ਹੁਣ ਉਹ ਪਹਿਲੇ ਸੰਸਾਰ ਨੂੰ ਦੇਖ ਹੀ ਨਹੀਂ ਰਿਹਾ ਅੱਕ ਦੀ ਰੂਈਂ ਵਾਂਗ ਹਵਾ ’ਚ ਤੁਰਿਆ ਫਿਰਦਾ ਹੈ ਪਹਿਲਾਂ ਜੋ ਬੁੜ੍ਹਕਦਾ ਸੀ ਮਿੱਟੀ ਖੁਰਚਦਾ ਸੀ, ਮਿੱਟੀ ਖੁਰਚਦੇ ਸਿੰਙਾਂ ਦੀ ਖੁਜਲੀ ਰੁਕ ਗਈ ਹੁਣ ਕੋਈ ਫਰਕ ਨਹੀਂ ਰਹਿ ਗਿਆ ਉਸ ਲਈ ਬੁੜ੍ਹਕਣ ਤੇ ਚੁੱਪ ਹੋਣ ਦਾ 'ਹੁਤ' ਕਰਨ 'ਤੇ ਜੂਲੇ ਹੇਠ ਸਿਰ ਦੇਣ ਦਾ

51. ਕਵਿਤਾ

ਇਸ 'ਚ ਕੋਈ ਸ਼ੱਕ ਨਹੀਂ ਜੀਵਨ ਏਨੇ ਡੂੰਘੇ ਟੋਇਆਂ 'ਚ ਡਿੱਗ ਪਿਆ ਹੈ ਕਿ ਬੇਹੋਸ਼ ਲੋਕ ਰਾਤਾਂ ਨੂੰ ਖੁਦਕੁਸ਼ੀਆਂ ਬਾਰੇ ਸੋਚਦੇ ਨੇ ਮੈਂ ਸੋਚਦਾ ਹਾਂ ਚੌਂਕੀਦਾਰਾ ਕਰਾਂ ਤੇ ਇਨ੍ਹਾਂ ਨੂੰ ਜਾਗਦੇ ਰੱਖਾਂ

52. ਬਦੇਸ਼ੀ ਮਜ਼ਦੂਰ

ਬਦੇਸ਼ੀ ਮਜ਼ਦੂਰ ਹੀਆ ਹੀਆ ਦਾ ਗੀਤ ਅਲਾਪਦੇ ਮੋਟੀ ਤਾਰ ਖਿੱਚਦੇ ਇਕ ਸਾਰ ਜ਼ੋਰ ਲਉਣ ਹਿਤ ਉਹ ਗੀਤ ਜਿਹਾ ਗਾਉਂਦੇ ਕੋਲੋਂ ਦੀ ਨੀਲੇ ਸ਼ਾਲ ਵਾਲੀ ਮਖਣੀ ਹਸਦੀ ਹਸਦੀ ਲੰਘਦੀ

53. ਕੰਮ ਕਾਰ

ਕੰਮ ਜਦੋਂ ਅਧੂਰੇ ਜਾਂ ਅਣਛੋਹੇ ਪਏ ਰਹਿਣ ਲੱਗਣ ਉਦੋਂ ਸੋਚਿਆ ਜਾ ਸਕਦੈ ਕਿ ਮੌਤ ਕਿਤੇ ਨੇੜੇ ਤੇੜੇ ਮੰਡਲਾ ਰਹੀ ਹੈ। ਹੱਥ ਜਦੋਂ ਖਿਚੇ ਖਿਚੇ ਰਹਿਣ ਲੱਗਣ ਤਾਂ ਸਮਝੋ ਜ਼ਮੀਨ ਤੇ ਪਟਕੇ ਜਾਣ ਵਾਲੇ ਹੋ

54. ਐਟਮ

ਐਟਮਾਂ ਦਾ ਡਰ ਕੀ ? ਲੋਕਾਂ ਦੀਆਂ ਜੇਬਾਂ ਦੇ ਖਿਡਾਉਣੇ ਇਹ ਵੀਅਤਨਾਮ ਜਾਣਦਾ ਹੈ ਐਟਮਾਂ ਦੇ ਜ਼ੋਰ ਨੂੰ ਇਹ ਦੇਖ ਸਾਡੇ ਨੇੜੇ ਉੱਗੀਆਂ ਸਿਆਸਤਾਂ ਨੂੰ ਫੁੱਲ ਆਏ ਵਿਦੇਸ਼ੀ ਟਰੈਕਟਰ ਵੱਡੇ ਵੱਡੇ ਕਾਮਿਆਂ ਦੇ ਕੋਠੇ ਨੇ ਉਜਾੜਦੇ ਉਹ ਵੀ ਅੱਜ ਜਾਣਦੇ ਸਿਆਸਤ ਕੋਈ ਜੇਬਾਂ ਵਾਲੀ ਚੀਜ਼ ਨਾ ਚੌਕਾਂ ਵਿਚ ਛੱਟੀ ਜਾਂਦੀ ਚੀਜ਼ ਹੈ

55. ਇਕ ਸੋਚ

ਉਹ ਖਿਆਲ ਬਹੁਤ ਰੁੱਖੇ ਸਨ ਮੈਂ ਤੇਰੇ ਤਰ ਵਾਲਾਂ ਨੂੰ ਜਦ ਮੁਕਤੀ ਸਮਝ ਬੈਠਾ

56. ਅੱਖਾਂ ਵਾਲਾ

ਅੱਖਾਂ ਵਾਲਾ ਦੇਖ ਰਿਹਾ ਸੀ ਕਿ ਤਕੜੇ ਨੇ ਮਾੜੇ ਦੀ ਪੈਲੀ ’ਚ ਪਾਣੀ ਛੱਡ ਦਿੱਤਾ ਹੈ ਮੁਰਗੀ ਫਾਰਮ ਦਾ ਗੰਦਾ ਪਾਣੀ ਜੋ ਉਦੋਂ ਤੀਕ ਵਹਿੰਦੇ ਰਹਿਣਾ ਹੈ ਜਦ ਤੀਕ ਉਹ ਸਸਤੇ ਭਾਅ ਵੇਚ ਕੇ ਲਾਂਭੇ ਨਹੀਂ ਹੁੰਦਾ ਅੱਖਾਂ ਵਾਲਾ ਦੇਖ ਰਿਹਾ ਸੀ ਕਿ ਇਹ ਪੱਖਪਾਤੀ ਨੌਕਰੀ ਹੈ ਉਹ ਚੁੱਪ ਸੀ

57. ਦੱਜਾਲ

ਦੱਜਾਲ ਆ ਚੁੱਕਾ ਹੈ ਸਹਿਮ ਇੰਝ ਸੀ, ਜਣਾ ਖਣਾ ਬਾਹਾਂ ਚੁੱਕ ਈਨ ਮੰਨੇ ਕਿ ਉਹੀ ਹੈ ਸਭ ਕੁਝ, ਉਸ ਦੇ ਚਲਾਏ ਚਲਦੇ ਨੇ ਚੰਦ ਸੂਰਜ ਜਿਉਂ ਹੀ ਕਿਸੇ ਨੇ ਕਿਹਾ ਸੀ- ਕਿ ਜੇ ਗੱਲ ਇੰਝ ਹੈ ਤਾਂ ਆਪਣੀ ਦੂਜੀ ਅੱਖ ਤਾਂ ਲਿਆ, ਦਜਾਲ ਦੇ ਗੁੱਸੇ ਦਾ ਭਾਂਬੜ ਬਲਿਆ ਕਹਿਣ ਵਾਲਾ ਕਤਲ ਹੋ ਗਿਆ ਇੰਝ ਉਸਦੇ ਸਭ ਰਸਤੇ ਬੰਦ ਹੋ ਗਏ ਨੇ ਹਰ ਚਿਹਰੇ ਦੀ ਚੁੱਪ ਅੰਦਰ ਉਹੀ ਸਵਾਲ ਹੈ

58. ਲਹਿਰ

ਕੀ ਇਹ ਲਹਿਰ ਡੁੱਬ ਜਾਏਗੀ ? ਹੁਣ ਤਾਂ ਜਹਾਜ਼ ਲੰਗਰ ਵੀ ਨਹੀਂ ਸੁਟ ਸਕਦੇ ਕਿਤੇ, ਗਹਿਰਾਈਆਂ ਦੀ ਦ੍ਰਿਸ਼ਟੀ ਹੋਰ ਗਹਿਰੀ ਹੈ, ਖੰਭ ਹਿਲਾਉਂਦੇ ਪੰਛੀ ਪਾਣੀਆਂ ਦੇ ਉਭਾਰ ਖਿੱਚਦੇ ਹਨ, ਫ਼ਨਾਹ ਨੂੰ ਜਿੱਤਣ ਦੇ ਅਹਿਸਾਸਾਂ ਦੀ ਲਹਿਰ ਕੀ ਡੁੱਬ ਜਾਏਗੀ ?

59. ਇਕ ਸ਼ਿਅਰ

ਬੰਦਾ ਜਲਾਉਂਦਾ ਹੈ ਜਦ ਵੀ ਕਦੇ ਦਿਲ ਨੂੰ ਸੂਰਜ ਵੀ ਤਾਅ ਲੈ ਕੇ ਮਸਤਕ ਨੂੰ ਮਲਦੇ ਨੇ

60. ਮੁਖ਼ਾਤਬ

ਕਿੰਨੇ ਮਿੱਠੇ ਹਨ ਈਸ਼ਵਰ ਨੂੰ 'ਮੁਖ਼ਾਤਬ ਸ਼ਬਦ' ਮੇਰੀ ਇੱਛਾ ਮੇਰੇ ਅੰਤਮ ਸ਼ਬਦ ਇਹ ਹੋਵਣ ਕਿ ''ਤੇਰੇ ਵਿੱਚ ਸੰਪੂਰਨ ਵਿਸ਼ਵਾਸ਼ ਹੈ ਮੈਨੂੰ ।'' ਮੈਂ ਚਾਹੁੰਦਾ ਹਾਂ ਚੁਰਾ ਲਵਾਂ ਇਹ ਸਤਰਾਂ ਤੇ ਇਨਕਲਾਬ ਨੂੰ ਮੁਖ਼ਾਤਬ ਕਰਾਂ ।

61. ਕਵਿਤਾ : ਖਾਦ ਖੁਣੋਂ ਕੋਈ ਮਰਦੀ ਖੇਤੀ

ਖਾਦ ਖੁਣੋਂ ਕੋਈ ਮਰਦੀ ਖੇਤੀ ਵੀ ਕਵਿਤਾ ਹੈ ਖਾਦ ਨਾਲ਼ ਕੋਈ ਸੜਦੀ ਖੇਤੀ ਵੀ ਕਵਿਤਾ ਹੈ ਮਿੱਲ ਕਵਿਤਾ ਹਨ ਜਾਬਰ ਦੇ ਛੁਰਿਆਂ ਦੇ ਥੱਲੇ ਵੀ ਕਵਿਤਾ ਹੈ ਉਸ ਦੀਆਂ ਹਾਰਾਂ ਵੀ ਕਵਿਤਾ ਹਨ ਰਥਾਂ ਦੇ ਪਹੀਆਂ ਵਾਂਗ ਦੌੜਦੇ ਭਾਰੀਆਂ ਰੇਲਾਂ ਨਾਲੋਂ ਭਾਰੇ ਮਿੱਲ ਕਵਿਤਾ ਹਨ ਬਰਫ਼ਾਂ ਵੇਚਣ ਵਾਲ਼ਾ ਜੱਟੂ ਤਾਪ ਨਾਲ਼ ਬਲਦਾ ਹੇ ਜਲਦਾ ਜੰਗਲ ਵੀ ਕਵਿਤਾ ਹੈ ਮੇਰੇ ਪਿਓ ਦੇ ਹਾਸੇ ਅੰਦਰ ਵੀ ਕਵਿਤਾ ਹੈ ਤੁਰਦਾ ਹੈ ਜਿੱਧਰ, ਭੁਰਦਾ ਹੈ ਹੱਸਦਾ, ਜਿਸ ਗੱਲ ਤੇ ਹੱਸਦਾ ਹੈ ਛੱਤਣ ਵੱਲ ਨੂੰ ਵੇਂਹਦਾ ਫਾਲਾ ਪੋਰ ਦੀ ਨਾਲੀ ਵੀ ਕਵਿਤਾ ਹੈ ਮਿੱਲ ਕਵਿਤਾ ਹਨ ਮੇਲਿਆਂ ਅੰਦਰ ਬਰਫ਼ਾਂ ਖਾਂਦੇ ਬੱਚੇ ਕਵਿਤਾ ਪਹਿਲਵਾਨ ਜੋ ਲਿੱਸੇ ਹੋ ਹੋ ਘੁਲਣਾ ਛੱਡਣ ਵੀ ਕਵਿਤਾ ਹੈ ਮਿੱਲ ਕਵਿਤਾ ਹਨ ਕੇਰਲ ਕਵਿਤਾ ਅੱਜ ਬੰਗਾਲ ਨਿਰੀ ਕਵਿਤਾ ਹੈ ਪੱਥਰ ਅੰਦਰ ਸੌ ਕਵਿਤਾ ਹੈ ਮੇਰੇ ਅੰਦਰ ਸੌ ਕਵਿਤਾ ਹੈ ਮਿੱਲ ਕਵਿਤਾ ਹਨ ਪੱਥਰ ਢੋਂਦੇ ਢੋਲ ਵਜਾਉਂਦੇ ਭੋਲੀਆਂ ਭਾਲੀਆਂ ਬਾਤਾਂ ਪਾਉਂਦੇ ਵੀ ਕਵਿਤਾ ਹਨ ਮਿੱਲ ਕਵਿਤਾ ਹਨ ਸ਼ਾਮ ਪਈ ਤਾਂ ਗਧਿਆਂ ਵਾਲ਼ੇ ਸੱਪਾਂ ਵਾਲੇ ਛੱਜਾਂ ਵਾਲੇ ਸਭ ਕਵਿਤਾ ਹਨ ਮਿੱਲ ਕਵਿਤਾ ਹਨ ਜਾਬਰ ਦੇ ਛੁਰਿਆਂ ਦੇ ਥੱਲੇ ਵੀ ਕਵਿਤਾ ਹੈ ਜਾਬਰ ਦੀ ਗਰਦਨ ਦੇ ਉਤੇ ਵੀ ਕਵਿਤਾ ਹੈ ਮਿੱਲ ਕਵਿਤਾ ਹਨ

62. ਮਾਛੀਵਾੜਾ

ਹਰ ਪਾਸੇ ਪੰਜਾਬ ਏ ਸਭ ਪਾਸੇ ਰੁੱਖਾਂ 'ਚ ਘਿਰੇ ਪਿੰਡ ਹਨ ਘਾਹ ਦੀਆਂ ਗੰਢਾਂ ਹੇਠ ਸਿਆਏ ਨਹੀਂ ਜਾਂਦੇ ਲਿਬਾਸ ਮੈਲ਼ਾ ਪਰਨਾ ਵਧੀ ਦਾਹੜੀ ਮੁੜ੍ਹਕੇ ਤੇ ਕੰਡ ਦਾ ਕਾਲਾ ਕੀਤਾ ਝੱਗਾ ਲੱਤਾਂ ਨੰਗੀਆਂ ਪੈਰ ਪਾਟੇ ਕੀ ਬੰਗਾਲ ਕੀ ਕੇਰਲਾ ਪਸ਼ੂਆਂ ਪਿੱਛੇ ਜਾਂਦੇ ਛੇੜੂ ਧੂੜ ਵਿੱਚ ਹਰ ਪਾਸੇ ਪੰਜਾਬੀ ਲੱਗਦੇ ਹਨ ਰਾਹਾਂ ਦੇ ਪਿੱਪਲ ਖਜੂਰਾਂ ਬੱਦਲ ਹਰ ਪਾਸੇ ਮਾਛੀਵਾੜਾ ਏ ।

63. ਦੇਸ਼

ਇੱਕ ਮੇਰੇ ਵਤਨ ਦੀ ਦੂਜੀ ਸ਼ਕਲ ਹੈ ਇੱਕ ਮੇਰੀ ਕੌਮ ਕੋਈ ਹੋਰ ਵੀ ਹੈ ਜਿਥੇ ਕਿਤੇ ਇੱਕ ਵੀ ਮੁਹੱਲਾ ਅੱਧ-ਭੁੱਖਾ ਅੱਧ-ਸੁੱਤਾ ਸੌਂ ਰਿਹਾ ਹੈਕਿਤੇ ਵੀ ਜਿੱਥੇ ਮੁਸ਼ੱਕਤ ਦੁੱਖ ਰਹੇ ਅੰਗਾਂ ਦਾ ਦਿਲ ਪਰਚਾਣ ਲਈ ਤਾਰੇ ਗਿਣੇ ਮੇਰੇ ਦੇਸ਼ ਤੋਂ ਪਰ੍ਹਾਂ ਜਿਥੇ ਕਿਤੇ ਵੀ ਉਹ ਮੇਰਾ ਵਤਨ ਹੈ ਕਿਤੇ ਵੀ ਵਸਦੀ ਉਹ ਮੇਰੀ ਕੌਮ ਹੈ । ਜਦ ਵੀ ਕਦੇ ਮੈਂ ਏਸ ਆਪਣੇ ਵਤਨ ਦਾ ਕੋਈ ਗੀਤ ਗਾਵਣ ਦੇ ਲਈ ਛੇੜਾਂ ਸਿਤਾਰ ਸਾਗਰਾਂ ਦੇ ਪਾਰੋਂ ਤੁਰ ਆਉਂਦੇ ਸÉਾਂਗ ਕੌਣ ਹੈ ਜੋ ਇਨ੍ਹਾਂ ਦਾ ਸੁਆਗਤ ਕਰੇ? ਕੌਣ ਹੈ ਜੋ ਇਨ੍ਹਾਂ ਸਰਹੱਦਾਂ ਦੇ ਨਾਲ ਖ਼ੂਨ ਦੇ ਦਰਿਆ ਚਲਾਉਂਦਾ ਹਰ ਵਰ੍ਹੇ? ਇੱਕ ਮੇਰੇ ਵਤਨ ਦੀ ਦੂਜੀ ਸ਼ਕਲ ਹੈ ਇੱਕ ਮੇਰੀ ਕੌਮ ਕੋਈ ਹੋਰ ਵੀ ਹੈ ।

64. ਬੇਰੁਜ਼ਗਾਰ

ਘਸ ਚੁੱਕੇ ਕਮੀਜ਼ ਦੀਆਂ ਬਾਹਵਾਂ ਲੁਕਾ ਕੇ ਤੁਰਨਾਂ ਟੁੱਟੀ ਜੁੱਤੀ ਨਾਲ਼ ਚੱਲਣ ਦੀ ਮੁਹਾਰਤ ਜੀਭ ਨਾਲੋ ਛਾਂਟਣਾ ਮੁਰਵੱਤ ਦਾ ਜ਼ਿਕਰ ਪਲਕਾਂ ਵਿੱਚ ਅਰਥੀਆ ਛੁਪਾਉਣਾ-ਮੁਸਕਰਾਉਣਾ । ਪਰ ਮੇਰੇ ਸਾਹਵੇਂ, ਇਸ ਸ਼ੀਸ਼ੇ ਦੇ ਹਨ ਤੇਰੇ ਬਸਤਰ ਸਾਫ਼ ਸ਼ੀਸ਼ੇ ਦਾ ਬਦਨ ਸਾਫ਼ ਦਿਸਦਾ ਏ ਤੇਰੇ ਵਿੱਚ, ਚਲਦਾ ਲਹੂ ਕਿਉਂਕਿ ਅਸੀਂ ਬਹੁਤ ਵਾਰ ਇਕੱਠੇ ਮਿਲਦੇ ਹਾਂ ਤੀਜੇ ਦਰਜ਼ਿਆਂ ਵਿੱਚ ਚਾਹਾਂ ਦੇ ਢਾਬਿਆਂ ਜਾਂ ਕੁਬਾੜੀ ਦੀ ਦੁਕਾਨ ਮੈਂ ਵੀ ਉਹ ਆਪਣੇ ਕਾਗਜ਼ ਜਿਹੜੇ ਰੋਜ਼ਗਾਰ ਦਫਤਰ ਦੇ ਕਰਮਚਾਰੀ ਕਦੇ ਕਦੇ ਜੰਗਲੇ ਥੀਂ ਬਾਹਰ ਸੁੱਟਦੇ ਹਨ ਹਵਾ 'ਚੋਂ ਉਡਦੇ ਚੁੱਕੇ ਹਨ ।

65. ਕੋਹੜੀ

ਜ਼ਮੀਰਾਂ ਨਜ਼ਰਾਂ ਤੇ ਹੌਂਸਲੇ ਸੜ ਚੁੱਕੇ ਹਨ ਸਰੀਰ ਕੋਹੜੀ ਹਨ ਸਿਧਾਂਤ ਕਲਾ ਤੇ ਸਾਹਿਤ ਦੇ ਪਹਾੜਾਂ ਜਿਹੇ ਗ੍ਰੰਥ ਹਵਾ ਵਿੱਚ ਖੁੱਲ੍ਹੇ ਪਏ ਹਨ ਤੇਜ਼ ਪੌਣ ਵਰਕੇ ਪਲਟਦੀ ਹੈ ਕੋਹੜੀ ਹੱਥ ਧਰੀ ਜਿਨ੍ਹਾਂ ਤੇ ਵਿਦਵਾਨ ਪਏ ਹਨ ਆਦਰਸ਼ ਦੀਆਂ ਤਸਵੀਰਾਂ 'ਚ ਕੂੜਾ ਪਾ ਕੇ ਬਾਹਰ ਸੁੱਟ ਦਿੱਤਾ ਹੈ 'ਮੋਨਾ ਲੀਜ਼ਾ' ਦੇ ਆਸ਼ਕਾਂ ਨੇ ਘਰ ਸਜਾਏ ਹਨ । ਉਹ ਜਿਹੜੇ ਐਟਮਾਂ ਦਾ ਡਰ ਦੱਸਦੇ ਹਨ । ਐਟਮ ਤਾਂ ਚਲ ਚੁੱਕੇ ਹਨ ਜ਼ਮੀਰਾਂ ਨਜ਼ਰਾਂ ਤੇ ਹੌਂਸਲੇ ਸੜ ਚੁੱਕੇ ਹਨ ।

66. ਫਾਲ੍ਹਿਆਂ ਤੋਂ ਤਿੱਖੇ ਦੰਦ

ਅਸੀਂ ਜੱਟ ਹਾਂ ਅਸੀਂ ਥੱਕ ਗਏ ਅਸੀਂ ਲੜ ਨਹੀਂ ਸਕਦੇ ਜ਼ਮੀਨ ਸਾਡੇ ਪੈਰਾਂ ਤੋਂ ਬਹੁਤ ਦੂਰ ਚਲੀ ਗਈ (ਜ਼ਮੀਨ ਨੂੰ ਸਾਡਾ ਹੱਥ ਲੁਆਓ) ਅਸੀਂ ਜੱਟ ਹਾਂ ਅਸੀਂ ਕਦੇ ਨਹੀਂ ਥੱਕਦੇ ਅਸੀਂ ਲੜਾਂਗੇ ਬੰਦਿਆ ਤੂੰ ਜੰਮੂ ਦਾ ਤੈਨੂੰ ਤਾਂ ਬਈ ਗੁਰੂ ਨੇ ਸੀ ਆਖਿਆ ਵਿਆਹ ਕਰਵਾਈਾ ਨਾ ਦੱਸ ਸ਼ੇਰੇ ਪੰਜਾਬ ਇਕ ਵਾਰਗੀ ਕਿੱਥੇ ਟੱਕ ਮਾਰੀਏ? ਤੇਰੀ ਸੱਸੜੀ ਦੇ ਪਲੰਘ ਤੇ ਜਾਂ ਗੋਰੇ ਦੇ? ਭੂਪਾ ਅਵਤਾਰ ਫੇਰ ਮੇਘ ਵਾਂਗ ਛਾ ਗਿਆ ਧੀਆਂ ਦਾ 'ਜਗੀਰੋ' ਨਾਮ ਪਾ ਗਿਆ ਅੱਜ ਸੰਤਾਲੀ ਏ ਪੇਟਾਂ ਵਿੱਚੀਂ ਬੱਚੇ ਅਸਾ ਮਾਰਨੇ ਫੇਰ ਤਾਂ ਜਮੀਨਾਂ ਸਭੋ ਸਾਡਆਂ ਮੈਂ ਜੱਟ! ਜੱਟਾਂ ਦੀਆਂ ਵੋਟਾਂ ਸਭੋ ਮੇਰੀਆਂ ਸਿਨਮੇ ਅਫ਼ੀਮਾਂ ਸਭੋ ਮੇਰੀਆਂ ਜੱਟਾਂ ਘਰ ਬਿਜਲੀ ਮਸ਼ੀਨਰੀ ਗੈਰਜਾਂ ਗੁਦਾਮਾਂ ਵਿੱਚ ਖਾਦਾਂ ਦੀਆਂ ਢੇਰੀਆਂ ਉਹ ਵੀ ਕੋਈ ਜੱਟ ਨੇ ਫਾਲ੍ਹਿਆਂ ਤੋਂ ਤਿੱਖੇ ਦੰਦ ਜਿਨ੍ਹਾਂ ਦੇ

67. ਬੇ-ਲਚਕ

ਉਹ ਤਾਂ ਸਾਨੂੰ ਓਥੇ ਸੁੱਟਦੇ ਹਨ ਜਿੱਥੇ ਸ਼ਹੀਦ ਡਿਗਿਆ ਕਰਦੇ ਨੇ ਅਤੇ ਡਿਗਦੇ ਆਏ ਨੇ ਨਹਿਰਾਂ ਦਰਿਆਵਾਂ ਵਿੱਚ ਜਿਹੜੇ, ਉਹ ਸਾਡੇ ਹਨ ਤੇ ਕਾਨੂੰਨ ਦੇ ਸਿਵਿਆਂ ਵਿਚ ਜਿਹੜੇ ਉਹ, ਅੰਗਰੇਜ਼ ਵਾਲੇ ਹਨ ਓਥੇ ਲੱਖਾਂ ਕਰੋੜਾਂ ਦੇਸ਼ ਭਗਤਾਂ ਦੀ ਰਾਖ ਹੈ ਉਨ੍ਹਾਂ ਸਰਮਾਏਦਾਰ ਤਾਂ ਇਕ ਵੀ ਨਹੀਂ ਜਾਲਿਆ ਉਨ੍ਹਾਂ ਤਾਂ ਜੱਟਾਂ ਸੈਣੀਆਂ ਦੇ ਪੁੱਤ ਤੇ ਝੀਊਰ ਪਾਣੀ ਢੋਂਦੇ ਹੀ ਜਲਾਏ ਨੇ ਤੇ ਭੱਠਿਆਂ 'ਚ ਕੋਲਾ ਪਾਉਣ ਵਾਲੇ ਲੋਕ ਕਾਲੇ ਕਾਲੇ ਪਿਆਰੇ ਨਕਸ਼ਾਂ ਵਾਲੇ ਪੂਰਬੀ । ਉਹ ਤਾਂ ਸਾਨੂੰ ਸੁੱਟਦੇ ਨੇ ਸਾਵੀ ਲਚਕੀਲੀ ਕਾਹੀ ਵਿੱਚ ਜਾਂ ਪਹਾੜੀ ਕਿੱਕਰਾਂ ਦੀ ਮਹਿਕ ਵਿੱਚ ਅਸੀਂ ਉਨ੍ਹਾਂ ਨੂੰ ਨਾਲੀਆਂ ' ਗੋਹਿਅ 'ਚ ਕੁੱਤਿਆਂ ਥੀਂ ਲੋਕਾਂ ਦੀਆਂ ਜੁੱਤੀਆਂ ਦੇ ਹੇਠੋਂ ਦੀ ਘੜੀਸਾਂਗੇ ।

68. ਸ਼ੀਸ਼ੇ ਦੀ ਕੈਦ

ਕਿਸੇ ਦੇ ਰਹਿਮ ਤੇ ਕੁੱਝ ਵੀ ਸਾਨੂੰ ਮਨਜੂਰ ਨਹੀਂ ਕੋਈ ਸਵਰਗ ਕੋਈ ਧਰਮਰਾਜ ਦਾ ਰਾਜ ਜਾਂ ਕੋਈ 'ਸਮਾਜਵਾਦ' ਤੁਸੀਂ ਸਾਨੂੰ ਰਤਾ ਇਹ ਦੱਸੋ ਕਿ ਤੁਸੀਂ ਸਾਡੇ ਲਈ ਕੁੱਝ ਕਰਨ ਵਾਲੇ ਕੌਣ ਹੁੰਦੇ ਹੋ? ਤੁਹਾਨੂੰ ਬਹੁਤ 'ਸੰਸਾ' ਹੈ ਅਸਾਡੇ ਖੂਨ ਡੁਲ੍ਹਣ ਦਾ ਤੇ ਇਸ ਲਹੂ ਨੂੰ ਸਾਂਭਣ ਲਈ ਜਿਨ੍ਹਾਂ ਮਰਤਬਾਨਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਉਨ੍ਹਾਂ ਨੂੰ ਠੁੱਡਿਆਂ ਦੇ ਨਾਲ ਲੋਕੀ ਤੋੜ ਦੇਵਣਗੇ ਸ਼ੀਸ਼ਿਆਂ 'ਚ ਲਿਸ਼ਕਣਾ ਸਾਨੂੰ ਮਨਜੂਰ ਨਹੀਂ, ਕੋਈ ਵੀ ਰੰਗ ਚਾਨਣ ਦਾ ਕੋਈ ਸੁਪਨਾ ਕਿਤੋਂ ਦਾ ਵੀ ਕਿਸੇ ਦੇ ਰਹਿਮ ਤੇ ਕੁਝ ਵੀ ਸਾਨੂੰ ਮਨਜ਼ੂਰ ਨਹੀਂ

69. ਸੋਚ ਥਿੜਕਦੀ ਨਹੀਂ

ਮੈਂ ਥਿੜਕ ਜਾਵਾਂ ਪਰ ਸੋਚ ਥਿੜਕਦੀ ਨਹੀਂ ਹੁਣ ਘੁੰਡ ਕਾਹਦਾ?

70. ਬੁੱਧੀਜੀਵੀਆਂ ਦਾ ਦੁਖਾਂਤ

ਬੁੱਧੀ ਜੀਵੀ ਤੇਜ਼ ਦੌੜਨ ਵਾਲਾ ਹਿਰਨ ਹੈ ਸਮੇਂ ਜਿੰਨਾਂ ਤਰਾਰ ਬੁੱਧੀ ਜੀਵੀ ਦੂਰ ਦੀ ਸੋਚਦਾ ਹੈ । ਪਰ ਉਹ, ਉਹ ਖਰਗੋਸ਼ ਹੈ ਜਿਸ ਕੱਛੂ ਦੀ ਤੋਰ ਨੂੰ ਮਜ਼ਾਕ ਸਮਝਿਆ ।

71. ਢੀਠਤਾਈ

ਅਸੀਂ ਢੀਠ ਹੋਏ ਰਹਿੰਦੇ ਹਾਂ ਮਰਨ ਤੱਕ ਕਿ ਉਹ ਤਾਂ ਇੱਕ ਦਿਨ ਆਵੇਗਾ ਹੀਸਭ ਦੁਨੀਆਂ ਮਰਦੀ ਹੈ । ਏਥੋਂ ਤੱਕ ਕਿ ਏਨਾ ਵੀ ਨਹੀਂ ਸੋਚਦੇ ਕਿ ਜੇ ਮੌਤ ਹੋਵੇ ਤਾਂ ਕਿਸ ਕਿਸਮ ਦੀ ।

72. ਸ਼ਾਂਤੀ

ਅਸੀਂ ਸ਼ਾਂਤੀ ਵਾਲੀ ਹੱਦ ਕਰੇ ਰਹੇ ਹਾਂ ਹੱਦ ਕਰਦੇ ਰਹਾਂਗੇ । ਦੋਸਤ ਅਸੀਂ ਤੁਹਾਨੂੰ ਅਜੇ ਵੀ ਦੁਸ਼ਮਣ ਨਹੀਂ ਕਹਿੰਦੇ । ਬੇਸ਼ੱਕ ਤੁਹਾਨੂੰ ਕਠਪੁਤਲੀ-ਨਾਚ ਨਚਾਉਣ ਵਾਲਿਆਂ ਨੂੰ ਕਦੇ ਮੁਆਫ ਨਹੀਂ ਕਰਾਂਗੇ । ਭਾਵੇਂ ਅਸੀਂ ਸ਼ਾਂਤੀ ਵਾਲੀ ਹੱਦ ਕਰ ਰਹੇ ਹਾਂ ।

73. ਨਰਕ 'ਚ

ਨਰਕ 'ਚ ਥੋਹਰਾਂ ਦੇ ਗੀਤ ਥੋਹਰਾਂ ਦੇ ਭੋਜਨ

74. ਰੌਣ ਮਹਾਤਮਾ

ਜਿਸਨੂੰ ਏਥੇ ਹੀ ਸਜ਼ਾ ਮਿਲ ਗਈ ਉਸਨੂੰ ਅੱਗੇ ਸਜ਼ਾ ਕਾਹਦੀ? ਉਹ ਰਿਸ਼ਤਾ ਕੀ ਸੀ? ਉਹ ਤੀਰ ਸੀ ਉਹ ਸੀਨਾ ਸੀ ਇਹ ਤੇਰੀ ਮੇਰੀ ਕਿਸਮਤ ਨਹੀਂ ਸੀ ਉਹ ਤਾਂ ਮਹਾਤਮਾ ਹੋ ਗਿਆ ਸਮੁੰਦਰ ਦੀ ਝੱਗ ਵਰਗੇ ਸਾਰੇ ਗੁਨਾਹ ਕੀ ਉਸ ਧੋਬੀ ਰਾਮ ਤੋਂ ਵੀ ਨਹੀਂ ਧੁਲੇ ਜੋ ਖੁਦ ਆਪ ਸੀ ਰੌਣ ਬਿਨ ਖੁਦਾਈ ਕੀ ਹੋਵੇਗੀ? ਸੱਚ ਹੱਕ ਦੀ ਸਫ਼ਾਈ ਕੀ ਹੋਵੇਗੀ?

75. ਭਾਰਤੀ ਸਭਿਆਚਾਰ

ਕੋਈ ਸਭਿਆਚਾਰ ਨਹੀਂ ਸਿਰਫ ਇੱਕ ਭਾਰਤੀ ਸਭਿਆਚਾਰ ਬਾਕੀ-ਸਭ ਨਦੀਆਂ ਇਸੇ ਸਮੁੰਦਰ 'ਚ ਆ ਮਿਲਦੀਆਂ ਨੇ ਹਾਥੀ ਦੀ ਪੈੜ 'ਚ ਹਰ ਪੈੜ ਆ ਜਾਂਦੀ ਹੈ ਡਾਕੂਆਂ ਦਾ ਸਭਿਆਚਾਰ ਭਾਰਤੀ ਸਭਿਆਚਾਰ ਨਹੀਂ ।

76. ਗਿਰਾਵਟ

ਮਰਨ ਵਾਲਿਆਂ ਤੇ ਲੋਕ ਇਤਬਾਰ ਨਹੀਂ ਕਰਦੇ । ਉਹ ਨਿੱਕਲ ਜਾਣ ਦਿੰਦੇ ਹਨ ਜੰਗਬਾਜ਼ ਨੂੰ ਘਰ ਚੋਂ ਔਖੇ ਸੌਖੇ ਉਸਦੇ ਪਰਤਣ ਦੀ ਦੁਆ ਤਾਂ ਕਰਦੇ ਹਨ ਆਸ ਨਹੀਂ ਜੇ ਪਰਤ ਆਉਣ ਵੀ ਤਾਂ ਉਨ੍ਹਾਂ ਨੂੰ ਦੁਬਾਰਾ ਉਨ੍ਹਾਂ ਦੇ ਦਿਲਾਂ ਵਿੱਚ ਥਾਂ ਬਣਾਉਣੀ ਪੈਂਦੀ ਹੈ

77. ਐਟਮ ਬੰਬ

ਜੇ ਜ਼ਾਲਮ ਨੂੰ ਸਜ਼ਾ ਦਿੱਤੀ ਤਾਂ ਐਟਮ ਬੰਬ ਚੱਲ ਜਾਣਗੇ । ਜੇ ਗੱਦਾਰਾਂ ਨੂੰ ਨੰਗਿਆਂ ਕੀਤਾ ਤਾਂ ਐਟਮ ਬੰਬ ਚੱਲ ਜਾਣਗੇ । ਚੱਲ ਜਾਣ

  • ਮੁੱਖ ਪੰਨਾ : ਕਾਵਿ ਰਚਨਾਵਾਂ, ਲਾਲ ਸਿੰਘ ਦਿਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ