Punjabi Poetry : Tera Singh Chan

ਪੰਜਾਬੀ ਕਵਿਤਾਵਾਂ : ਤੇਰਾ ਸਿੰਘ ਚੰਨ

1. ੧੫ ਅਗਸਤ ੧੯੪੭

ਇਹ ਉਹ ਦਿਨ ਹੈ ਜਿਸ ਦਿਨ ਲੀਡਰਾਂ ਨੇ,
ਨਾਂਵੇਂ ਪਾਏ ਅਸਾਡੀ ਤਕਦੀਰ ਉਤੇ ।
ਜਿਵੇਂ ਬੁਰਸ਼ ਦੀ ਥਾਂ ਤੇ ਛੁਰੀ ਲੈ ਕੇ,
ਚੀਰ ਪਾ ਦਏ ਕੋਈ ਤਸਵੀਰ ਉਤੇ ।
ਗਲ ਪੁਗ ਗਈ ਕੈਦੋਆਂ ਲੰਗਿਆਂ ਦੀ,
ਟੁਟ ਪਏ ਖੇੜੇ ਜੱਟੀ ਹੀਰ ਉਤੇ ।
ਕੇਵਲ ਇਕੋ ਅਖੀਰੀ ਸੀ ਸੱਟ ਬਾਕੀ,
ਟਾਂਕੇ ਲੱਗ ਗਏ ਹੋਰ ਜ਼ੰਜੀਰ ਉਤੇ ।

ਇਹ ਉਹ ਦਿਨ ਹੈ ਜਿਸ ਦਿਨ ਲੀਡਰਾਂ ਨੇ,
ਚਿੱਟੇ ਦਿਨ ਸ਼ਹੀਦਾਂ ਦੀ ਰੱਤ ਵੇਚੀ ।
ਲਾਲ ਸਤਲੁਜ ਦੇ ਕੰਢੇ ਦੇ ਵੇਚ ਦਿਤੇ,
ਮਹਿੰਗੀ ਪੰਨਿਆਂ ਤੋਂ ਲਾਜ ਪੱਤ ਵੇਚੀ ।
ਕੰਧਾਂ ਵੇਚੀਆਂ ਧਰਮ ਈਮਾਨ ਦੀਆਂ,
ਲਾਹ ਕੇ ਅਣਖ ਦੀ ਸਿਰਾਂ ਤੋਂ ਛੱਤ ਬੇਚੀ ।
ਟੋਟੇ ਜਿਸਮ ਦੇ ਪਾਪੀਆਂ ਇੰਜ ਕੀਤੇ,
ਕਿਧਰੇ ਬਾਂਹ ਵੇਚੀ, ਕਿਧਰੇ ਲੱਤ ਬੇਚੀ ।

ਇਹ ਓਹ ਦਿਨ ਹੈ ਜਿਸ ਦਿਨ ਗੋਰਿਆਂ ਦੇ,
ਮੁਰਦਾ ਜਿਸਮ ਅੰਦਰ ਮੁੜ ਕੇ ਜਾਨ ਪੈ ਗਈ ।
ਸਿਰੋਂ ਕਈ ਹਨੇਰੀਆਂ ਲੰਘ ਗਈਆਂ,
ਅਤੇ ਮਧਮ ਤੂਫ਼ਾਨਾਂ ਦੀ ਸ਼ਾਨ ਪੈ ਗਈ ।
ਲਹੂ ਫੁਲਾਂ ਦਾ ਪਾਪੀਆਂ ਰੱਜ ਪੀਤਾ,
ਰੋਂਦੇ ਬੁੱਲ੍ਹਾਂ ਦੇ ਵਿਚ ਮੁਸਕਾਨ ਪੈ ਗਈ ।
ਐਪਰ ਬੁਰਾ ਕੀਤਾ ਆਪਣੇ ਲੀਡਰਾਂ ਨੇ,
ਉਲਟਾ ਵਾੜ ਹੀ ਖੇਤ ਨੂੰ ਖਾਣ ਪੈ ਗਈ ।

ਇਹ ਉਹ ਦਿਨ ਹੈ ਰਾਤ ਤੋਂ ਵੱਧ ਕਾਲਾ,
ਲੈ ਕੇ ਆਇਆ ਜੋ ਘੁਪ ਹਨੇਰਿਆਂ ਨੂੰ ।
ਗਿਣੇ ਜਾਣ ਤਾਰੇ, ਐਪਰ ਗਿਣੇ ਕਿਹੜਾ,
ਇਹਦੇ ਆਉਣ ਤੇ ਹੰਝੂਆਂ ਕੇਰਿਆਂ ਨੂੰ ।
ਇਹਦੇ ਨ੍ਹੇਰ ਵਿਚ ਕਾਲੇ ਦੇ ਮਗਰ ਲੁਕ ਕੇ,
ਗੋਰੇ ਹੱਥ ਲੂਹਿਆ ਬਾਲ ਚੇਹਰਿਆਂ ਨੂੰ ।
ਐਪਰ ਬੱਦਲਾਂ ਮਗਰ ਲੁਕੋ ਸਕੇ,
ਕਿਹੜਾ ਜੰਮਿਆਂ ਸੋਨ ਸਵੇਰਿਆਂ ਨੂੰ ।

ਇਹ ਉਹ ਦਿਨ ਹੈ ਜਿਸ ਦਿਨ ਲੀਡਰਾਂ ਨੇ,
ਤੋੜੀ ਪੀਂਘ ਸੀ ਚੜ੍ਹੀ ਹੁਲਾਰਿਆਂ ਤੇ ।
ਤਾਰੇ ਲੱਗੇ ਮਹੱਲਾਂ ਦਿਆਂ ਕਿੰਗਰਿਆਂ ਨੂੰ,
ਬਿਜਲੀ ਟੁਟ ਪਈ ਝੁਗੀਆਂ ਢਾਰਿਆਂ ਤੇ ।
ਬੇੜੀ ਡੁਬ ਗਈ ਕੰਢੇ ਦੇ ਕੋਲ ਆ ਕੇ,
ਲੋਕੀ ਵੇਖਦੇ ਰਹੇ ਕਿਨਾਰਿਆਂ ਤੇ ।
ਐਪਰ ਕਿਹੜਾ ਮਾਨੁਖ ਦੇ ਕਦਮ ਰੋ ਕੇ,
ਧੂੜੇ ਨ੍ਹੇਰ ਜੋ ਲਿਸ਼ਕਦੇ ਤਾਰਿਆਂ ਤੇ ।

2. ਅਕਤੂਬਰ ਇਨਕਲਾਬ

'ਚੰਨ' ਵੇਖ ਕੇ ਜ਼ਿਮੀਂ ਤੇ ਚੌਧਵੀਂ ਦਾ,
ਵੇਲਾ ਯਾਦ ਆ ਗਿਆ ਹਨੇਰਿਆਂ ਦਾ ।
ਕਿਵੇਂ ਕੜ ਹਨੇਰਾਂ ਦਾ ਪਾਟਿਆ ਸੀ,
ਤਕਿਆ ਮੂੰਹ ਸੀ ਕਿਵੇਂ ਸਵੇਰਿਆਂ ਦਾ ।
ਤਾਰੇ ਮਿਹਨਤ ਦੇ ਵਾਲਾਂ 'ਚ ਚਮਕ ਉੱਠੇ,
ਪਿਆ ਮੁਲ ਮਾਨੁਖ ਦੇ ਜੇਰਿਆਂ ਦਾ ।
ਖਿੜਿਆ ਫੁੱਲ ਖ਼ਿਜ਼ਾਂ ਦੀ ਕਬਰ ਉੱਤੇ,
ਖਾਰਾਂ ਰੂਪ ਵਟਾ ਲਿਆ ਸੇਹਰਿਆਂ ਦਾ ।
ਕਦੇ ਕਦੇ ਪਹਿਲਾਂ ਘਟਾਂ ਕਾਲੀਆਂ 'ਚੋਂ,
ਬਿਜਲੀ ਵਾਂਗ ਚਾਨਣ ਝਾਤਾਂ ਮਾਰਦਾ ਸੀ ।
ਜਿਵੇਂ ਲੀਰਾਂ ਦੇ ਹਿਲਣ ਤੇ ਲਿਸ਼ਕ ਪੈਂਦਾ,
ਜੋਬਨ ਕਿਸੇ ਗਰੀਬ ਮੁਟਿਆਰ ਦਾ ਸੀ ।

ਪਹਿਲੀ ਵਾਰ ਜ਼ਮੀਨ ਦੀ ਗੋਦ ਅੰਦਰ,
ਉਤਰੀ ਅਰਸ਼ ਤੋਂ ਰੂਹ ਜਵਾਨੀਆਂ ਦੀ ।
ਪਹਿਲੀ ਵਾਰ ਜ਼ਮਾਨੇ ਨੂੰ ਮਿਲੀ ਉਜਰਤ,
ਥਾਂ ਥਾਂ ਕੀਤੀਆਂ ਕਈ ਕੁਰਬਾਨੀਆਂ ਦੀ ।
ਪਹਿਲੀ ਵਾਰ ਸਰਮਾਏ ਦੀ ਹਿੱਕ ਉਤੇ,
ਰੱਖੀ ਨੀਂਹ ਮਿਹਨਤ ਹੁਕਮਰਾਨੀਆਂ ਦੀ ।
ਪਹਿਲੀ ਵਾਰ ਮਾਨੁਖ ਦੇ ਹੱਥ ਅੰਦਰ,
ਆਈ ਵਾਗ ਜਮਹੂਰ ਸੁਲਤਾਨੀਆਂ ਦੀ ।
ਪਾ ਕੇ ਝਾਂਜਰਾਂ ਪੈਰਾਂ 'ਚ ਦਾਤਰੀ ਨੇ,
ਪਹਿਲੀ ਵਾਰ ਬਹਾਰਾਂ ਦਾ ਨਾਚ ਨਚਿਆ ।
ਪਹਿਲੀ ਵਾਰ ਹਥੌੜਿਆਂ ਬੰਨ੍ਹ ਸੇਹਰੇ,
ਪੁੰਗਰ ਸੋਹਲ ਪਿਆਰਾਂ ਦਾ ਨਾਚ ਨਚਿਆ ।

ਆਸਾਂ ਟਹਿਕੀਆਂ, ਸੁਪਨਿਆਂ ਛਿੰਜ ਪਾਈ,
ਕਾਸੇ ਟੁਟ ਗਏ ਹੱਥੋਂ ਸੁਆਲੀਆਂ ਦੇ ।
ਜਮ ਖ਼ੁਸ਼ੀ 'ਚ ਅੱਥਰੂ ਬਣੇ ਮੁੱਕੇ,
ਸੂਹੇ ਮੂੰਹ ਹੋ ਗਏ ਕੰਗਾਲੀਆਂ ਦੇ ।
ਚੜ੍ਹਤ ਵੇਖ ਕੇ ਚਾਨਣੇ ਲਸ਼ਕਰਾਂ ਦੀ,
ਤਖ਼ਤ ਡੋਲ ਗਏ ਤਾਕਤਾਂ ਕਾਲੀਆਂ ਦੇ ।
ਝੰਡੇ ਕੌਮੀ ਆਜ਼ਾਦੀ ਦੇ ਏਸ਼ੀਆ 'ਚੋਂ,
ਲੈ ਕੇ ਉਭਰੇ ਨਿਸ਼ਾਨੇ ਖੁਸ਼ਹਾਲੀਆਂ ਦੇ ।
ਮੂੰਹ ਹਾਕਮਾਂ ਦੇ ਝੁਰ ਝੁਰ ਹੋਏ ਬੱਗੇ,
ਨੈਣ ਲਿਸ਼ਕ ਉਠੇ ਨੌਆਬਾਦੀਆਂ ਦੇ ।
ਸੀਨੇ ਸੀਨੇ ਬਗਾਵਤਾਂ ਸੁਲਗ ਪਈਆਂ,
ਨਾਹਰੇ ਲਾਏ ਗ਼ੁਲਾਮਾਂ ਆਜ਼ਾਦੀਆਂ ਦੇ ।

ਓਸੇ 'ਚੰਨ' ਨੂੰ ਦੇਣ ਸਲਾਮੀਆਂ ਅੱਜ,
ਥਾਂ ਥਾਂ ਤਾਰਿਆਂ ਵਾਂਗ ਅਵਾਮ ਉਠੇ ।
ਨੈਣਾਂ ਵਿਚ ਸਵੇਰ ਲੈ ਜ਼ਿੰਦਗੀ ਦੀ,
ਹੱਥਾਂ ਵਿਚ ਲੈ ਜਬਰ ਦੀ ਸ਼ਾਮ ਉਠੇ ।
ਵੀਤਨਾਮ ਮਲਾਇਆ ਦੇ ਦੇਸ਼ ਸੂਰੇ,
ਲੈ ਕੇ ਘਰੋਂ ਬਗ਼ਾਵਤ ਦੇ ਜਾਮ ਉਠੇ ।
ਭੜਕੇ ਹੋਏ ਈਰਾਨ ਦੇ ਤੇਲ ਵਿਚੋਂ,
ਲੈ ਬਰੂਦ ਨੇ ਅੱਧ ਗ਼ੁਲਾਮ ਉਠੇ ।
ਅੱਜ ਲੈਨਿਨ ਸਟਾਲਿਨ ਦੇ ਮਕਬਰੇ ਤੇ,
ਨਜ਼ਰਾਂ ਝੁਕੀਆਂ ਕੁਲ ਜਹਾਨ ਦੀਆਂ ।
ਸੌਹਾਂ ਰੱਤੀਆਂ ਖਾ ਕੇ ਲੋਕ ਉਠੇ,
ਜੜ੍ਹਾਂ ਪੁਟਣ ਲਈ ਬਾਕੀ "ਸ਼ੈਤਾਨ" ਦੀਆਂ ।

3. ਹੋਲੀ

ਭੁੱਖੀਆਂ ਆਸਾਂ ਰੋਂਦੇ ਜਜ਼ਬੇ, ਕੁਝ ਚਿਰ ਤਾਂ ਮੁਸਕਾ ਲੈਂਦੇ ਨੇ ।
ਬੱਚਿਆਂ ਵਾਂਗੂੰ ਖੇਡ ਕੇ ਹੋਲੀ ਆਪਣਾ ਜੀ ਪਰਚਾ ਲੈਂਦੇ ਨੇ ।

ਪਿੰਜਰੇ ਵਿਚ ਡੱਕੀ ਹੋਈ ਬੁਲਬੁਲ, ਨੱਚ ਪੈਂਦੀ ਏ ਵੇਖ ਬਹਾਰਾਂ,
ਉਸਦੇ ਸੀਤੇ ਬੁੱਲ੍ਹਾਂ ਤੇ ਵੀ ਨਗ਼ਮੇ ਰੰਗ ਜਮਾ ਲੈਂਦੇ ਨੇ ।

ਪਾਟੀ ਚੁੰਨੀ ਤੇ ਚਿਹਰੇ ਤੇ, ਚੜ੍ਹ ਜਾਂਦੀ ਏ ਗਿੱਠ ਗਿੱਠ ਲਾਲੀ,
ਮੁਦਤਾਂ ਤੋਂ ਮੈਲੇ ਪਟਕੇ ਵੀ, ਆਪਣਾ ਮੂੰਹ ਲਿਸ਼ਕਾ ਲੈਂਦੇ ਨੇ ।

ਬੁਲ੍ਹੀਆਂ ਤੇ ਗੀਤਾਂ ਦੀ ਡੁਸਕਣ ਪੀ ਜਾਂਦੇ ਨੇ ਨੈਣ ਪਿਆਸੇ,
ਰੰਗ ਬਰੰਗਾ ਪਾਣੀ ਪਾ ਕੇ, ਬਲਦੀ ਅੱਗ ਬੁਝਾ ਲੈਂਦੇ ਨੇ ।

ਕੁਝ ਚਿਰ ਜ਼ਖ਼ਮਾਂ ਦੇ ਮੂੰਹਾਂ ਤੇ ਸਿੰਮ ਸਿੰਮਕੇ ਲਹੂ ਜਮ ਜਾਂਦਾ ਏ,
ਖ਼ੂਨ ਦੀ ਜੰਮੀ ਤਹਿ ਤੇ ਛਿਨ ਪਲ, ਹਾਸੇ ਜਿਹੇ ਚਿਪਕਾ ਲੈਂਦੇ ਨੇ ।

ਮੁੜ੍ਹਕੇ ਤੇ ਹੰਝੂਆਂ ਦਾ ਪਾਣੀ, ਭਰ ਕੇ ਓਹ ਪਿਚਕਾਰੀ ਅੰਦਰ,
ਘੋਲ ਕੇ ਉਸ ਵਿਚ ਖ਼ੂਨ ਦਿਲਾਂ ਦਾ ਵਾ ਦੇ ਵਿਚ ਖਿੰਡਾ ਲੈਂਦੇ ਨੇ ।

ਆਪਣੇ ਪੀਲੇ ਜੁੱਸਿਆਂ ਉਤੇ, ਮਲ ਲੈਂਦੇ ਨੇ ਰੰਗ ਅਨੇਕਾਂ,
ਕਬਰਾਂ ਉਤੇ ਸਾਲ ਦੇ ਪਿਛੋਂ, ਦੀਵੇ ਜਹੇ ਜਗਾ ਲੈਂਦੇ ਨੇ ।

ਮੁਰਝਾਇਆ ਕੁਮਲਾਇਆ ਫਿਕਾ ਜੀਵਨ ਕੁਝ ਚਿਰ ਖਿੜ ਪੈਂਦਾ ਏ,
ਦਿਲ ਦੀਆਂ ਟੁਟੀਆਂ ਤਾਰਾਂ ਗੰਢ ਕੇ ਦੋ ਦਿਨ ਕੁੱਝ ਤਾਂ ਗਾ ਲੈਂਦੇ ਨੇ ।

ਗ਼ਮ ਦੀ ਕਾਲੀ ਰਾਤ ਦੇ ਅੰਦਰ, ਭੁਲ ਨਾ ਜਾਵੇ ਕਿਤੇ ਸਵੇਰਾ,
ਕਦੇ ਕਦੇ ਉਹ ਰਾਤ ਦੇ ਮੂੰਹ ਤੋਂ ਘੁੰਡ ਜ਼ਰਾ ਸਰਕਾ ਲੈਂਦੇ ਨੇ ।

4. ਹੇ ਕਸ਼ਮੀਰੀ ਲੋਕੋ

ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!
ਆਪਣੀ ਫੁਲਵਾੜੀ ਤੇ ਵੱਸਣੋ ਅੱਜ ਅੰਗਿਆਰੇ ਰੋਕੋ !

ਜਨਤਾ ਦੀ ਗੋਦੀ ਵਿਚ ਬਲਦੀ ਦੋਜ਼ਖ ਕਰ ਦਿਉ ਠੰਢੀ,
ਪੈਣ ਨਾ ਦੇਵੋ ਆਪਣੀ ਹਿਕ ਤੇ ਕੋਈ ਡਾਲਰ ਦੀ ਮੰਡੀ,
ਆਵੇ ਨਾ ਕੋਈ ਮੌਤ ਵਪਾਰੀ, ਰਸਤੇ ਸਾਰੇ ਰੋਕੋ,
ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!

'ਚਿੱਟੀਆਂ ਜੀਪਾਂ' ਉਗਲ ਰਹੀਆਂ ਜੋ ਥਾਂ ਥਾਂ ਧੂੰਆਂ ਕਾਲਾ,
'ਲਾਲਾ ਰੁਖ' ਦੇ ਬੁਲ੍ਹਾਂ ਤੇ ਨਾ ਪਾਵੇ ਵਿਹੁ ਦਾ ਛਾਲਾ,
'ਯੂ. ਐਨ. ਓ.' ਦੇ ਝੰਡੇ ਪਿੱਛੇ ਹੱਥ ਹਤਿਆਰੇ ਰੋਕੋ,
ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!

ਤਾਲ ਦੇਂਦੀਆਂ ਉਚੀਆਂ ਚੀਲਾਂ, ਗੀਤ ਸੁਣਾਂਦੇ ਝਰਨੇ,
ਇਹਨਾਂ ਦੇ ਸਾਹਾਂ ਤੇ ਪਾਪੀ, ਚਾਹੁੰਦੇ ਪੱਥਰ ਧਰਨੇ,
ਲੈਣ ਬਹਾਰਾਂ ਦੇਣ ਉਜਾੜਾਂ, ਇਹ ਵਣਜਾਰੇ ਰੋਕੋ,
ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!

'ਮਾਨ ਸਰੋਵਰ' ਰੋ ਰੋ ਕਿਧਰੇ ਹੋ ਨਾ ਜਾਵੇ ਖਾਰੀ,
'ਵੈਰੀ ਨਾਗ' 'ਚ ਉਲਟੇ ਨਾ ਕੋਈ ਨਾਗਾਂ ਭਰੀ ਪਟਾਰੀ,
ਫਿਰਨ ਚਨਾਰਾਂ ਦੇ ਨਾ ਮੁੱਢੀਂ ਵਧਦੇ ਆਰੇ ਰੋਕੋ,
ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!

ਅਜੇ ਵੀ ਨਾਖਾਂ ਵਿਚ ਨੇ ਬੈਠੇ ਸੁਰ ਸੁਰ ਕਰਦੇ ਕੀੜੇ,
ਚੱਟ ਗਏ ਜੇੜ੍ਹੇ ਤੁਹਾਡੇ ਤਨ ਤੋਂ ਕੁਲ ਰੇਸ਼ਮ ਦੇ ਲੀੜੇ,
ਲੂਹ ਨਾ ਸੁੱਟਣ ਕਿਤੇ ਬਹਾਰਾਂ ਮੌਤ ਸ਼ਰਾਰੇ ਰੋਕੋ,
ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!

ਕਸ਼ਮੀਰੀ ਹੂਰਾਂ ਦੇ ਤਨ ਤੇ ਲੀਰਾਂ ਕਰਨ ਇਸ਼ਾਰੇ,
ਚੁਣ ਚੁਣ ਕੇਸਰ ਰੂਪ ਜਿਨ੍ਹਾਂ ਦਾ ਕੇਸਰ ਦੀ ਭਾਹ ਮਾਰੇ,
ਸਾਡੇ ਹੁਸਨ ਗਗਨ ਨੂੰ ਕਿਹੜਾ ਤਾਰਿਆਂ ਨਾਲ ਸ਼ੰਗਾਰੇ,
ਭੁੱਖ ਦੀ ਭੱਠੀ ਸੜਨੋਂ ਸਾਡੇ ਚਾਅ ਕੰਵਾਰੇ ਰੋਕੋ,
ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!

ਕੋਈ ਰੱਤ ਚੋਂਦੀ ਅੱਖ ਨਾ ਝਾਕੇ ਸ਼ਾਲਾਮਾਰ ਦੇ ਵਲੇ,
ਕੋਈ ਵੀ ਰਾਵਣ ਭੇਖ ਵਟਾ ਕੇ ਸੀਤਾ ਨੂੰ ਨਾ ਛਲੇ,
ਅੰਦਰੋਂ ਬਾਹਰੋਂ ਚੀਰਨ ਵਾਲੇ ਇਹ ਦੋਧਾਰੇ ਰੋਕੋ,
ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!

ਨਾ ਕੋਈ ਹਾਤੋ ਮਿਹਨਤ ਵੇਚਣ ਵਿਚ ਪਰਦੇਸਾਂ ਜਾਵੇ,
ਜਿਸ ਦਾ ਮੁੜ੍ਹਕਾ ਉਸ ਦੇ ਮੋਤੀ ਜੋ ਬੀਜੇ ਸੋ ਖਾਵੇ,
ਸੁਣੋਂ ! ਨਵਾਂ ਕਸ਼ਮੀਰ ਤੁਹਾਨੂੰ ਪਿਆ ਵੰਗਾਰੇ ਲੋਕੋ,
ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!

ਕੇਸਰ ਦੇ ਖੇਤਾਂ ਤੇ ਧੂੜੋ ਸੇਆਂ ਦੀ ਹੁਣ ਲਾਲੀ,
ਧਰਤੀ ਦੇ ਕੁਛੜ ਬਾਗਾਂ ਦੀ ਭਰ ਦਿਓ ਡਾਲੀ ਡਾਲੀ,
ਆਪਣੇ ਗਗਨੋਂ ਨੂਰ ਖਿੰਡਾਂਦੇ ਡਿਗਣੋਂ ਤਾਰੇ ਰੋਕੋ,
ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!

ਆਪਣੀਆਂ ਬਾਗਾਂ ਆਪ ਸੰਭਾਲੋ, ਤੋੜ ਦਿਓ ਸਭ ਫੰਦੇ,
ਆਪਣੇ ਘਰਾਂ 'ਚੋਂ ਬਾਹਰ ਵਗਾਓ, ਚੁਣ ਚੁਣ ਆਂਡੇ ਗੰਦੇ,
ਰਾਜ ਮਹੱਲਾਂ ਹੇਠਾਂ ਦਬਣੋਂ ਝੁੱਗੀਆਂ ਢਾਰੇ ਰੋਕੋ,
ਹੇ ਕਸ਼ਮੀਰੀ ਲੋਕੋ ! ਹੇ ਕਸ਼ਮੀਰੀ ਲੋਕੋ !!

5. ਇਕ ਮਈ ਦਿਹਾੜਾ

ਅੱਜ ਜਦ ਕਿ ਦੁਨੀਆਂ ਵਿੱਚ ਹਰ ਥਾਂ, ਫੈਲ ਰਿਹਾ ਹੈ ਸੁਰਖ ਸਵੇਰਾ ।
ਲੁਕ ਲੁਕ ਵੇਂਹਦਾ ਪਿਛੇ ਦੇ ਵੱਲ, ਖਿਸਕੀ ਜਾਵੇ ਘੁੱਪ ਹਨੇਰਾ ।
ਚਮਕ ਰਿਹਾ ਹੈ ਸੂਰਜ ਵਾਂਗੂੰ, ਆਸ ਉਭਰੀ ਮਿਹਨਤ ਦਾ ਚਿਹਰਾ ।
ਜੀਵਣ ਦੀ ਹਰ ਨੁਕਰ ਵਿਚੋਂ, ਉਠਦਾ ਜਾਵੇ ਰਾਤ ਦਾ ਫੇਰਾ ।
ਅਜ ਜਦ ਉਠੀਆਂ ਬਾਹਾਂ ਅੰਦਰ, ਆਈ ਜਾਵੇ ਚਾਰ ਚੁਫੇਰਾ ।
ਹਰ ਥਾਂ ਝੰਡੇ ਗੱਡੀ ਜਾਵੇ, ਮਜ਼ਦੂਰਾਂ ਦਾ ਲਾਲ ਫਰੇਰਾ ।

ਅੱਜ ਜਦ ਕਿ ਇਕ ਲੜੀ ਦੇ ਅੰਦਰ, ਕੁਲ ਮਜ਼ਦੂਰ ਗਏ ਨੇ ਪਰੋਤੇ ।
ਤਾਜਾਂ ਦੀਆਂ ਹੱਡੀਆਂ ਉੱਤੇ, ਕਾਮੇ ਛਾਤੀਆਂ ਤਾਣ ਖਲੋਤੇ ।

ਅਜ ਜਦ ਕਿ ਚਿਮਨੀ ਦਾ ਧੂੰਆਂ, ਲਾਲੀ ਦੀ ਭਾਹ ਮਾਰ ਰਿਹਾ ਹੈ ।
ਹਰ ਇਕ ਦੇਸ਼ ਦੇ ਵਿਹਲੜ ਤਾਈਂ, ਹਰ ਕਾਮਾ ਲਲਕਾਰ ਰਿਹਾ ਹੈ ।

ਅਜ ਜਦ ਕਿ ਅੱਧੀ ਦੁਨੀਆਂ ਤੇ ਮਿਹਨਤ ਖਿੜ ਖਿੜ ਹੱਸ ਰਹੀ ਹੈ ।
ਲਹਿ ਲਹਿ ਕਰਦੇ ਸਿੱਟਿਆਂ ਅੰਦਰ ਮੋਤੀ ਬਣ ਕੇ ਵੱਸ ਰਹੀ ਹੈ ।

ਅਜ ਦੇ ਦਿਨ ਲਹਿਰਾਂਦੇ ਨਿਕਲੇ, ਕਾਮੇ ਹਰ ਥਾਂ ਲਾਲ ਫਰੇਰੇ ।
ਆਪਣੇ ਹੱਕਾਂ ਲਈ ਨਿਤਰੇ ਨੇ, ਜਸ਼ਨ ਮਨਾਂਦੇ ਚਾਰ ਚੁਫੇਰੇ ।
ਅਜ ਦੇ ਦਿਨ ਕਰਿਮਲਨ ਦੇ ਤਾਰੇ ਦੀ ਜੋਤੀ ਹੋਰ ਵਧੇਰੇ ।
ਖਿੰਡ ਖਿੰਡ ਕੇ ਲਿਸ਼ਕਾਂਦੀ ਜਾਵੇ, ਮਜ਼ਦੂਰਾਂ ਦੇ ਸੂਹੇ ਚੇਹਰੇ ।

ਅੱਜ ਦੀ ਦੁਨੀਆਂ ਵੇਖ ਕੇ ਮੈਨੂੰ, ਚੇਤੇ ਆਈ ਯਾਦ ਪੁਰਾਣੀ ।
ਅੱਖਾਂ ਦੇ ਵਿਚ ਆ ਕੇ ਨੱਚੀ, ਲਹੂ ਵਿਚ ਭਿੱਜੀ ਕੁਲ ਕਹਾਣੀ ।

ਪਹਿਲੀ ਵਾਰੀ ਸ਼ਹਿਰ ਸ਼ਿਕਾਗੋ, ਵੇਖੇ ਹੈਸਨ ਅਜਬ ਨਜ਼ਾਰੇ ।
ਕਾਨਾਂ 'ਚੋਂ ਸੜਕਾਂ ਤੇ ਆਏ, ਕਾਮੇ ਜੱਟ ਸਾਰੇ ਦੇ ਸਾਰੇ ।

ਆਪਣੇ ਹੱਕਾਂ ਦੀ ਖਾਤਰ ਓਹ, ਆਪਣੇ ਸੀਨੇ ਤਾਣ ਕੇ ਨਿਕਲੇ ।
ਦੁਸ਼ਮਨ ਦਾ ਦਮ ਵੇਖ ਕੇ ਨਿਕਲੇ, ਜੋ ਕੁਝ ਹੋਣਾ ਏਂ ਜਾਣਕੇ ਨਿਕਲੇ ।
ਮਾਂ ਦੀ ਸੱਧਰ, ਚਾ ਵਹੁਟੀ ਦਾ, ਆਪਣੇ ਪਲਿਉਂ ਝਾੜ ਕੇ ਨਿਕਲੇ ।
ਅੱਜ ਦਾ ਯੁਗ, ਜ਼ੁਲਮ ਦੀ ਚੱਕੀ, ਦੋ ਨੈਣਾਂ ਵਿਚ ਹਾੜ ਕੇ ਨਿਕਲੇ ।

ਇਕ ਧਿਰ ਮਜ਼ਦੂਰਾਂ ਦੇ ਸੀਨੇ, ਦੂਜੇ ਵੱਲ ਬੰਦੂਕਾਂ ਤਣੀਆਂ ।
ਮੀਂਹ ਗੋਲੀ ਦਾ ਝੱਲਣ ਦੇ ਲਈ, ਛਾਤੀਆਂ ਏਧਰ ਢਾਲਾਂ ਬਣੀਆਂ ।

ਵਹਿ ਨਿਕਲੇ ਗਲੀਆਂ ਦੇ ਅੰਦਰ, ਮਜ਼ਦੂਰਾਂ ਦੇ ਖ਼ੂਨ ਦੇ ਫੁਹਾਰੇ ।
ਅੱਜ ਓਹ ਲਹੂ ਹਰ ਕਾਮੇ ਦੀਆਂ ਨਾੜਾਂ ਦੇ ਵਿਚ ਲਏ ਹੁਲਾਰੇ ।

ਹੁਣ ਤੀਕਣ ਡੁਲ੍ਹਿਆ ਹੋਇਆ, ਗਲੀਆਂ 'ਚੋਂ ਓਹ ਖ਼ੂਨ ਨਹੀਂ ਸੁਕਿਆ ।
ਮੁਕ ਜਾਵੇਗਾ ਛੇਤੀ ਹੀ ਪਰ ਪੂਰਾ ਪੈਂਡਾ ਅਜੇ ਨਹੀਂ ਮੁਕਿਆ ।

ਅੱਜ ਵੀ ਓਹੋ ਖ਼ੂਨੀ ਪੰਜਾ ਕੋਰੀਆ ਉਤੇ ਅੱਗ ਵਸਾਵੇ ।
ਹਸਦੀ ਗੋਦੀ ਝੁਲਸੀ ਜਾਵੇ, ਫੁਲਾਂ ਨੂੰ ਅੱਗ ਲਾਈ ਜਾਵੇ ।

ਐਪਰ ਅੱਜ ਲੋਕਾਂ ਦਾ ਏਕਾ, ਮੂੰਹ ਜਬਰ ਦਾ ਮੋੜ ਦਏਗਾ ।
ਮਿਹਨਤ ਦਾ ਫੌਲਾਦੀ ਪੰਜਾ, ਖ਼ੂਨੀ ਪੰਜਾ ਤੋੜ ਦਏਗਾ ।

ਅੱਜ ਦੇ ਦਿਨ ਸ਼ਿਕਾਗੋ ਦੀਆਂ ਮੈਂ, ਲਹੂ ਭਿੱਜੀਆਂ ਗਲੀਆਂ ਚੁੰਮਾਂ ।
ਰਹਿਣ ਸਦਾ ਇਹ ਜਸ਼ਨ ਮਨੀਂਦੇ, ਕਾਇਮ ਹਮੇਸ਼ਾਂ ਰਹਿਣ ਇਹ ਧੁੰਮਾਂ ।

6. ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ

ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ
ਮਾਖਿਓਂ ਵਰਗੀ ਮਸਤੀ ਜਿਸ ਕਣ-ਕਣ ਵਿਚ ਘੋਲੀ

ਸ਼ੁੱਧ ਕੁੰਦਨ ਦੇ ਵਿਚ ਨੀ ਇਹਦੀ ਚੁੰਝ ਮੜ੍ਹਾਵੋ
ਮੋਰ ਤੇ ਤਿੱਤਰ ਇਹਦਿਆਂ ਖੰਭਾਂ ਤੇ ਪਾਵੋ
ਬੰਨ੍ਹੋ ਨੀ ਇਹਦੇ ਪਹੁੰਚਿਆਂ ਵਿਚ ਕੋਈ ਰੱਤੀ ਮੌਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ

ਪਾਵੋ ਨੀ ਇਹਦੇ ਨੈਣਾਂ ਵਿਚ ਕੋਈ ਸੁਰਮ ਸਲਾਈਆਂ
ਧਰਤੀ ਉੱਤੇ ਏਸ ਨੇ ਮਿਹਰਾਂ ਬਰਸਾਈਆਂ
ਜਿਵੇਂ ਫੁਲੇਰਾ ਉਲਟ ਦਏ ਫੁੱਲਾਂ ਦੀ ਝੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ

ਦੇਸ਼ ਦੇਸ਼ ਵਿਚ ਦਿੱਤਾ ਨੀ ਇਸ ਅਮਨ ਸੁਨੇਹਾ
ਮੂੰਹ ਲੋਕਾਂ ਦਾ ਲਿਸ਼ਕਿਆ ਸੁਣ ਸੋਨੇ ਜੇਹਾ
ਪਿੱਤਲ ਵਰਗੀ ਹੋ ਗਈ ਲਹੂ ਪੀਣੀ ਟੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ

ਕੱਢ ਲਿਆਵੋ ਅੰਦਰੋਂ ਨੀ ਮੱਖਣਾਂ ਦੇ ਪੇੜੇ
ਕੁੱਟ-ਕੁੱਟ ਪਾਵੋ ਚੂਰੀਆਂ ਨੀ ਇਹ ਪੰਧ ਨਬੇੜੇ
ਝਬਦੇ ਲਿਆਵੋ ਧਰਤ 'ਤੇ ਸ਼ਗਨਾਂ ਦੀ ਡੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ

ਪਾ ਲਏ ਅੰਦਰੋਂ ਕੱਢ ਕੇ ਵਿਧਵਾ ਨੇ ਗਹਿਣੇ
ਖੁਸ਼ ਹੈ ਹੁਣ ਨਹੀਂ ਕਦੇ ਵੀ ਤਨ ਉੱਤੋਂ ਲਹਿਣੇ
ਵਰੀ ਸੂਹੀ ਦੀ ਪੋਟਲੀ ਉਸ ਵਿਹੜੇ ਵਿਚ ਖੋਲ੍ਹੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ

ਫੜ ਲਈ ਬੁੱਢੇ ਪਿਓ ਨੇ ਹੱਥ ਫੇਰ ਡੰਗੋਰੀ
ਹੁਣ ਨਹੀਂ ਹੋਣੀ ਕਦੇ ਵੀ ਇਹ ਪੋਰੀ ਪੋਰੀ
ਪਿੱਪਲਾਂ ਥੱਲੇ ਨੱਚ ਪਈ ਗਿੱਧੇ ਦੀ ਬੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ

ਪਲਕਾਂ ਨਾਲ ਜਹਾਨ ਦੀ ਇਸ ਕਾਲਖ ਚੁੱਗੀ
ਇਸ ਦੀ ਨਜ਼ਰੋਂ ਰਹੀ ਨਾ ਇਕ ਵਿੱਥ ਵੀ ਲੁੱਗੀ
ਟੁਰ ਟੁਰ ਪੱਬਾਂ ਭਾਰ ਏਸ ਹਰ ਨੁੱਕਰ ਫੋਲੀ
ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ

7. ਜਾਗ ਮੇਰੇ ਲਾਲ

ਲਾਲ ਮੇਰੇ ਉਠ ਫੜ ਕੇ ਪੀ ਲੈ, ਦੁਧ ਦੀ ਭਰੀ ਕਟੋਰੀ ।
ਸ਼ਾਲਾ ਹੋਰ ਲੰਮੇਰੀ ਹੋਵੇ, ਉਮਰ ਤੇਰੀ ਦੀ ਡੋਰੀ ।

ਜਾਗ ਪਿਆ ਸੂਰਜ ਦਾ ਬਚਪਨ ਖੋਲ੍ਹ ਲਈਆਂ ਉਸ ਅੱਖਾਂ ।
ਓਹਦੀਆਂ ਬੁਲ੍ਹੀਆਂ ਚੋਂ ਮੁਸਕਾਨਾਂ, ਡੁਲ੍ਹ ਡੁਲ੍ਹ ਪਈਆਂ ਲੱਖਾਂ ।
ਬੁਲ੍ਹੀਆਂ ਛੋਹ ਕੇ ਤੂੰ ਵੀ ਦੁਧ ਵਿਚ ਭਰ ਦੇ ਗੀਤ ਹਜ਼ਾਰਾਂ,
ਚੰਨ ਦੀਆਂ ਰਿਸ਼ਮਾਂ ਇਸਦੇ ਅੰਦਰ ਰਾਤੀਂ ਮਿਸ਼ਰੀ ਖੋਰੀ ।

ਵੇਖ ਨਾ ! ਇਸ ਵਿਚ ਖਿੜ ਖਿੜ ਹਸੇ, ਤੇਰੇ ਵਰਗਾ ਚਿਹਰਾ ।
ਮੈਂ ਤੇਰੇ ਬੰਦ ਨੈਣਾਂ ਅੰਦਰ, ਵੇਖਾਂ ਸੋਹਲ ਸਵੇਰਾ ।
ਏਸ ਸਵੇਰੇ ਅੰਦਰ ਉਸਰਨ, ਤੇਰੀਆਂ ਆਸਾਂ ਸਧਰਾਂ,
ਜਾਗ ! ਕਿਧਰੇ ਨਾ ਇਸ ਤੇ ਧੂੜੇ ਰਾਤ ਸਿਹਾਈ ਚੋਰੀ ।

ਦੁਧ 'ਚੋਂ ਆਵੇ ਤੇਰੇ ਪਿਓ ਦੇ, ਮੁੜ੍ਹਕੇ ਦੀ ਖ਼ੁਸ਼ਬੋਈ ।
ਹੁਣ ਤਾਂ ਓਹਦੀਆਂ ਹਡੀਆਂ ਵਿਚ ਵੀ ਬੂੰਦ ਰਹੀ ਨਹੀਂ ਕੋਈ ।
ਓਹਦੀਆਂ ਨਜ਼ਰਾਂ ਤੈਨੂੰ ਨਾਪਣ ਸਰਘੀ ਖੇਤੀਂ ਜਾਂਦੇ,
ਓਹਦੀ ਹਿੰਮਤ ਟੋਲ ਰਹੀ ਏ, ਹੁਣ ਤਾਂ ਕੋਈ ਡੰਗੋਰੀ ।

ਔਹ ਤਕ ਬੈਠਾ ਕਾਂ ਬੇਰੀ ਤੇ ਆਲ੍ਹਣੇ ਵਲ ਪਿਆ ਘੂਰੇ ।
ਆਲ੍ਹਣੇ ਵਿਚਲੇ ਆਂਡਿਆਂ ਦੇ ਹੁਣ ਦਿਨ ਦਿਸਦੇ ਨੇ ਪੂਰੇ ।
ਦੇਰ ਨਾ ਕਰ ! ਹੁਣ ਛੇਤੀ ਉਠ ਕੇ ਗਟ ਗਟ ਕਰਦਾ ਪੀ ਜਾ,
ਇਹ ਵੀ ਇਲ ਕੋਈ ਡੋਲ੍ਹ ਨਾ ਦੇਵੇ ਮਾਰ ਕੇ ਝੁੱਟੀ ਜ਼ੋਰੀ ।

8. ਹੇ ਪਿਆਰੀ ਭਾਰਤ ਮਾਂ

ਹੇ ਪਿਆਰੀ ਭਾਰਤ ਮਾਂ, ਅਸੀਂ ਤੈਨੂੰ ਸੀਸ ਨਿਵਾਂਦੇ ਹਾਂ
ਤੇਰੇ ਤੋਂ ਸਦਕੇ ਜਾਂਦੇ ਹਾਂ ।

ਸਾਨੂੰ ਲੋਰੀਆਂ ਦਿੱਤੀਆਂ ਮਾਂ, ਤੇਰੇ ਗਿੱਧਿਆਂ ਦੀ ਬੋਲੀ ਨੇ
ਸਾਨੂੰ ਹੱਸਣਾ ਦੱਸਿਆ ਮਾਂ, ਤੇਰੇ ਭੰਗੜੇ ਦੀ ਟੋਲੀ ਨੇ ।
ਅਸੀਂ ਡਿਗ-ਡਿਗ ਹੋਏ ਜਵਾਨ, ਨਾ ਸਮਝੇ ਸਾਨੂੰ ਕੋਈ ਨਾਦਾਨ,
ਅਗਾਂਹ ਨੂੰ ਕਦਮ ਵਧਾਂਦੇ ਹਾਂ ।

ਸਾਨੂੰ ਟੁਰਨਾ ਦੱਸਿਆ ਮਾਂ, ਤੇਰੇ ਵਗਦੇ ਦਰਿਆਵਾਂ ਨੇ
ਸਾਨੂੰ ਨੱਚਣਾ ਦੱਸਿਆ ਮਾਂ, ਲਹਿਰਾਂ ਦੀਆਂ ਸ਼ੋਖ ਅਦਾਵਾਂ ਨੇ
ਤੇਰੀ ਮਿੱਠੜੀ ਮਸਤ ਹਵਾ, ਸਾਨੂੰ ਅਰਸ਼ੀਂ ਦਏ ਪੁਚਾ
ਸੁਰਗ ਦੇ ਕੋਲ ਬੁਲਾਂਦੇ ਹਾਂ ।

ਸਾਨੂੰ ਹਿੰਮਤ ਦਿੱਤੀ ਮਾਂ, ਤੇਰੇ ਇਸ ਉੱਚ ਹਿਮਾਲੇ ਨੇ
ਸਾਨੂੰ ਦਿੱਤਾ ਸੱਚ, ਨਿਆਂ, ਗੰਗਾ ਦੇ ਇਕ ਉਛਾਲੇ ਨੇ
ਤੇਰੇ ਹਰੇ-ਭਰੇ ਨੇ ਖੇਤ, ਕਿ ਤੇਰੀ ਸੋਨੇ ਵਰਗੀ ਰੇਤ
ਮੱਥੇ 'ਤੇ ਧੂੜੀ ਲਾਂਦੇ ਹਾਂ ।

ਸਾਨੂੰ ਜਿਊਣਾ ਦੱਸਿਆ ਮਾਂ, ਤੇਰੀਆਂ ਮਸਤ ਬਹਾਰਾਂ ਨੇ
ਸਾਨੂੰ ਮਰਨਾ ਦੱਸਿਆ ਮਾਂ, ਭਗਤ ਸਿੰਘ ਜਹੇ ਸਰਦਾਰਾਂ ਨੇ
ਸਾਨੂੰ ਬੁੱਧ ਵਰਗੇ ਭਗਵਾਨ, ਤੇ ਸਾਡੇ ਗਾਂਧੀ ਜਹੇ ਇਨਸਾਨ
ਉਹਨਾਂ ਤੋਂ ਸਿੱਖਿਆ ਪਾਂਦੇ ਹਾਂ ।

ਅਸੀਂ ਸਹੁੰ ਖਾਂਦੇ ਹਾਂ ਮਾਂ, ਭਗਤ ਸਿੰਘ ਦੀ ਕੁਰਬਾਨੀ ਦੀ
ਅਸੀਂ ਸਹੁੰ ਖਾਂਦੇ ਹਾਂ ਮਾਂ, ਤੇਰੀ ਝਾਂਸੀ ਦੀ ਰਾਣੀ ਦੀ
ਤੇਰੇ ਵੱਲ ਜਿਹੜਾ ਤੱਕੇਗਾ, ਉਹ ਸਾਥੋਂ ਬਚ ਨਹੀਂ ਸਕੇਗਾ
ਅਸੀਂ ਇਹ ਕਸਮਾਂ ਖਾਂਦੇ ਹਾਂ ।


(ਇਸ ਰਚਨਾ 'ਤੇ ਕੰਮ ਜਾਰੀ ਹੈ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਤੇਰਾ ਸਿੰਘ ਚੰਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ