Dr. Satinderjit Kaur Buttar
ਡਾ: ਸਤਿੰਦਰਜੀਤ ਕੌਰ ਬੁੱਟਰ

5 ਦਸੰਬਰ 1978 ਨੂੰ ਸੈਨਾ ਅਧਿਕਾਰੀ ਸ੍ਰ ਜਗਤਾਰ ਸਿੰਘ ਸੰਧੂ ਦੇ ਘਰ ਅਧਿਆਪਕ ਮਾਤਾ ਸਰਦਾਰਨੀ ਗੁਰਚਰਨ ਕੌਰ ਜੀ ਦੀ ਕੁਖੋਂ ਪੱਟੀ (ਤਰਨ ਤਾਰਨ) ਚ ਜਨਮੀ ਡਾ: ਸਤਿੰਦਰਜੀਤ ਕੌਰ ਬੁੱਟਰ ਦੋ ਪੁੱਤਰਾਂ ਤੇ ਇੱਕ ਧੀ ਦੀ ਮਾਂ ਹੈ। ਵਡਾਲਾ ਗ੍ਰੰਥੀਆਂ (ਗੁਰਦਾਸਪੁਰ) ਦੇ ਜੰਮਪਲ ਸ: ਗੁਰਚਰਨ ਸਿੰਘ ਬੁੱਟਰ ਐੱਸ ਡੀ ਓ (ਬਿਜਲੀ) ਨਾਲ ਵਿਆਹੀ ਸਤਿੰਦਰਜੀਤ ਹੁਣ ਗੁਰੂ ਤੇਗ ਬਹਾਦਰ ਕਾਲੋਨੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਵਸਨੀਕ ਹੈ। ਡਾ: ਸਤਿੰਦਰਜੀਤ ਕੌਰ ਬੁੱਟਰ ਲੈਕਚਰਾਰ ਪੰਜਾਬੀ ਵਜੋਂ ਸਿੱਖਿਆ ਵਿਭਾਗ ਪੰਜਾਬ ਚ ਕਾਰਜਸ਼ੀਲ ਹੈ।ਬਚਪਨ ਤੋ ਹੀ ਹਰ ਦੁਖੀ ਇਨਸਾਨ ਨਾਲ ਹਮਦਰਦ ਤੇ ਉਸ ਦਾ ਹਰ ਦੁੱਖ ਦੂਰ ਕਰਨਾ ਚਾਹੁੰਦੀ ਹੋਣ ਕਾਰਨ ਉਸਨੂੰ ਨੂੰ ਲਿਖਣ ਦਾ ਸ਼ੌਕ ਵਧਦਾ ਗਿਆ। ਲੋਕਾਈ ਦੇ ਦਰਦ ਤੇ ਸੰਵੇਦਨਾ ਨੂੰ ਉਸ ਨੇ ਕਾਗਜ ਤੇ ਉਲੀਕਣਾ ਸੁਰੂ ਕਰ ਦਿੱਤਾ ਜੋ ਨਿਰੰਤਰ ਜਾਰੀ ਹੈ। ਕਵਿਤਾ,ਕਹਾਣੀ ਤੇ ਲੇਖ ਰਚਨਾਵਾਂ ਦੀ ਸਿਰਜਕ ਇਸ ਲੇਖਿਕਾ ਨੇ ਸਮਾਜਿਕ ਦਰਦ ਦੀ ਸੂਝ ਤੇ ਪ੍ਰੇਰਨਾ ਆਪਣੇ ਸਤਿਕਾਰਯੋਗ ਮਾਤਾ ਜੀ ਕੋਲੋਂ ਅਤੇ ਸਾਹਿੱਤ ਵਿਚਾਰ ਪ੍ਰਗਟਾਅ ਸੂਝ ਆਪਣੇ ਪੀ ਐੱਚ ਡੀ ਨਿਗਰਾਨ ਵਿਦਵਾਨ ਅਧਿਆਪਕ ਡਾ : ਜੋਗਿੰਦਰ ਸਿੰਘ ਕੈਰੋਂ ਤੋਂ ਪ੍ਰਾਪਤ ਕੀਤੀ। ਜਸਵੰਤ ਸਿੰਘ ਕੰਵਲ ਜੀ ਦੇ ਨਾਵਲਾਂ ਵਿਚ ਲੋਕਧਾਰਾਈ ਰੂਪਾਂਤਰਣ ਤੇ ਗੁਰੂ ਨਾਨਕ ਦੇਵ ਯੂਨੀ: ਤੋਂ ਪੀ ਐੱਚ ਡੀ ਕੀਤੀ। ਪੁਸਤਕਾਂ ਦਾ ਵੇਰਵਾ ਇੰਜ ਹੈ। ਕਾਵਿ ਸੰਗ੍ਰਹਿ ਜ਼ਖ਼ਮੀ ਰੂਹ, ਤਿੜਕੇ ਰਿਸ਼ਤੇ, ਨਵੀਆਂ ਪੈੜਾਂ, ਫੁੱਲ ਕਲੀਆਂ ਤੋਂ ਇਲਾਵਾ ਵਾਰਤਕ ਰਚਨਾਵਾਂ ਧਰਤ ਪੰਜਾਬ ਦੀ, ਦਰਪਣ, ਸ਼ੀਸ਼ਾ ਬੋਲਦਾ ਹੈ ਤੇ ਸਫਰ ਸੋਚਾਂ ਦਾ ਉਸ ਦੀਆਂ ਸਾਹਿੱਤਕ ਕਿਰਤਾਂ ਹਨ।