Shabad : Bhagat Jaidev Ji

ਸ਼ਬਦ : ਭਗਤ ਜੈਦੇਵ ਜੀ

ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪
ੴ ਸਤਿਗੁਰ ਪ੍ਰਸਾਦਿ ॥

ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥
ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ ॥੧॥
ਕੇਵਲ ਰਾਮ ਨਾਮ ਮਨੋਰਮੰ ॥
ਬਦਿ ਅੰਮ੍ਰਿਤ ਤਤ ਮਇਅੰ ॥
ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥
ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥
ਭਵ ਭੂਤ ਭਾਵ ਸਮਬ੍ਹਿਅੰ ਪਰਮੰ ਪ੍ਰਸੰਨਮਿਦੰ ॥੨॥
ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥
ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥
ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥
ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥
ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥
ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥੫॥੧॥(੫੨੬)

(ਪਰਮਾਦਿ=ਪਰਮ+ਆਦਿ,ਪਰਮ=ਸਭ ਤੋਂ ਉੱਚਾ, ਆਦਿ=ਮੁੱਢ,
ਪੁਰਖਮਨੋਪਿਮੰ=ਪੁਰਖੰ+ਅਨੋਪਿਮੰ, ਪੁਰਖ=ਸਰਬ ਵਿਆਪਕ,
ਅਨੋਪਿਮ=(ਅਨ+ਉਪਮ) ਜਿਸ ਵਰਗਾ ਹੋਰ ਕੋਈ ਨਹੀਂ,
ਸਤਿ=ਸਦਾ-ਥਿਰ ਰਹਿਣ ਵਾਲਾ, ਆਦਿ=ਆਦਿਕ, ਭਾਵ=
ਗੁਣ, ਰਤੰ=ਰੱਤਾ ਹੋਇਆ, ਸਤਿ ਆਦਿ ਭਾਵ ਰਤੰ=ਜਿਸ
ਵਿਚ ਥਿਰਤਾ ਆਦਿਕ ਗੁਣ ਮੌਜੂਦ ਹਨ, ਪਰਮਦਭੁਤੰ=
(ਪਰੰ+ਅਦਭੁਤੰ), ਪਰੰ=ਬਹੁਤ ਹੀ, ਅਦਭੁਤ=ਅਸਚਰਜ,
ਪਰਕ੍ਰਿਤਿ=ਪ੍ਰਕ੍ਰਿਤਿ,ਮਾਇਆ, ਪਰਕ੍ਰਿਤਿ ਪਰੰ=ਮਾਇਆ
ਤੋਂ ਪਾਰ, ਜਦਿਚਿੰਤਿ=(ਜਦ+ਅਚਿੰਤਿ), ਜਦ=ਜੋ, ਅਚਿੰਤਿ=
ਜਿਸ ਦਾ ਮੁਕੰਮਲ ਸਰੂਪ ਸੋਚ-ਮੰਡਲ ਵਿਚ ਨਹੀਂ ਆ ਸਕਦਾ,
ਸਰਬ ਗਤੰ=ਜੋ ਹਰ ਥਾਂ ਅੱਪੜਿਆ ਹੋਇਆ ਹੈ, ਮਨੋਰਮੰ=
ਮਨ ਨੂੰ ਮੋਹਣ ਵਾਲਾ, ਬਦਿ=ਬੋਲ,ਉੱਚਾਰ, ਅੰਮ੍ਰਿਤ ਮਇਅੰ=
ਅੰਮ੍ਰਿਤ ਨਾਲ ਭਰਪੂਰ; ਅੰਮ੍ਰਿਤ-ਰੂਪ, ਦਨੋਤਿ=ਦੁੱਖ ਦੇਂਦਾ ਹੈ,
ਜਸਮਰਣੇਨ=(ਜਸ+ਸਮਰਣੇਨ), ਜਸ=ਜਿਸ ਦਾ, ਸਮਰਣੇਨ=
ਸਿਮਰਨ ਕਰਨ ਨਾਲ, ਜਰਾਧਿ=(ਜਰਾ+ਆਧਿ),ਜਰਾ=ਬੁਢੇਪਾ,
ਆਧਿ=ਰੋਗ,ਮਾਨਸਕ ਰੋਗ, ਭਇਅੰ=ਭਯ,ਡਰ, ਇਛਸਿ=
ਇੱਛਸਿ,ਜੋ ਤੂੰ ਚਾਹੁੰਦਾ ਹੈਂ, ਜਮਾਦਿ=(ਜਮ+ਆਦਿ),ਜਮ
ਆਦਿਕ, ਪਰਾਭਯੰ=ਪਰਾਭਵੰ, ਕਿਸੇ ਨੂੰ ਜਿੱਤਣਾ, ਜਸੁ=
ਸੋਭਾ,ਵਡਿਆਈ, ਸ੍ਵਸਤਿ=ਕਲਿਆਣ,ਸੁਖ, ਸੁਕ੍ਰਿਤ=ਭਲਾਈ,
ਨੇਕ ਕੰਮ, ਸੁਕ੍ਰਿਤ ਕ੍ਰਿਤੰ=ਨੇਕ ਕੰਮ ਕਰਨਾ, ਭਵ=ਹੁਣ ਵਾਲਾ
ਸਮਾ, ਭੂਤ=ਗੁਜ਼ਰ ਚੁੱਕਾ ਸਮ, ਭਾਵ=ਆਉਣ ਵਾਲਾ ਸਮਾ,
ਸਮਬ੍ਹਿਅੰ=ਪੂਰਨ ਤੌਰ ਤੇ ਨਾਸ-ਰਹਿਤ, ਪ੍ਰਸੰਨਮਿਦੰ=ਪ੍ਰਸੰਨੰ+ਇਦੰ,
ਇਦੰ=ਇਹ (ਪਰਮਾਤਮਾ), ਲੋਭਾਦਿ=ਲੋਭ ਆਦਿਕ, ਦ੍ਰਿਸਟਿ=
ਨਜ਼ਰ, ਗ੍ਰਿਹ=ਘਰ, ਪਰ=ਪਰਾਇਆ, ਜਦਿਬਿਧਿ= ਜੋ ਵਿਧੀ ਦੇ
ਉਲਟ ਹੈ, ਮੰਦਾ, ਅਬਿਧਿ ਆਚਰਨ=ਮੰਦਾ ਆਚਰਨ, ਤਜਿ=ਛੱਡ
ਦੇਹ, ਸਕਲ=ਸਾਰੇ, ਦੁਹਕ੍ਰਿਤ=(ਦੁਹ+ਕ੍ਰਿਤ), ਭੈੜੇ ਕੰਮ, ਦੁਰਮਤੀ=
ਭੈੜੀ ਮੱਤ, ਭਜੁ=ਜਾਓ, ਚਕ੍ਰਧਰ=ਚੱਕ੍ਰਧਾਰੀ,ਸੁਦਰਸ਼ਨ ਚੱਕ੍ਰਧਾਰੀ,
ਹਰਿ ਭਗਤ ਨਿਜ=ਹਰੀ ਦੇ ਨਿਜ ਭਗਤ, ਨਿਹਕੇਵਲ=ਪੂਰਨ ਤੌਰ ਤੇ
ਪਵਿਤ੍ਰ। ਕਰਮਣਾ=ਕੰਮ ਦੀ ਰਾਹੀਂ, ਬਚਸਾ=ਬਚਨ ਦੀ ਰਾਹੀਂ, ਕਿੰ=
ਕੀਹ ਲਾਭ ਹੈ? ਤਪਸਾ=ਤਪ ਦੀ ਰਾਹੀਂ, ਤਪਸਾ ਕਿੰ=ਤਪ ਦੀ ਰਾਹੀਂ
ਕੀਹ ਲਾਭ? ਗੋਬਿੰਦੇਤਿ=(ਗੋਬਿੰਦ+ਇਤਿ), ਇਤਿ=ਇਹ,ਇਉ,
ਸਕਲ ਸਿਧਿ ਪਦੰ=ਸਾਰੀਆਂ ਸਿੱਧੀਆਂ ਦਾ ਟਿਕਾਣਾ, ਤਸ=ਉਸ ਦੀ
(ਸਰਨ), ਸਫੁਟੰ=ਪ੍ਰਤੱਖ ਤੌਰ ਤੇ)


ਅਰਥ:ਕੇਵਲ ਪਰਮਾਤਮਾ ਦਾ ਸੁੰਦਰ ਨਾਮ ਸਿਮਰ, ਜੋ ਅੰਮ੍ਰਿਤ-ਭਰਪੂਰ ਹੈ,
ਜੋ ਅਸਲੀਅਤ-ਰੂਪ ਹੈ, ਅਤੇ ਜਿਸ ਦੇ ਸਿਮਰਨ ਨਾਲ ਜਨਮ ਮਰਨ, ਬੁਢੇਪਾ,
ਚਿੰਤਾ, ਫ਼ਿਕਰ ਅਤੇ ਮੌਤ ਦਾ ਡਰ ਦੁੱਖ ਨਹੀਂ ਦੇਂਦਾ।੧।ਰਹਾਉ।
ਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਹੈ, ਸਭ ਦਾ ਮੂਲ ਹੈ, ਸਭ ਵਿਚ
ਵਿਆਪਕ ਹੈ, ਉਸ ਵਰਗਾ ਹੋਰ ਕੋਈ ਨਹੀਂ, ਉਸ ਵਿਚ ਥਿਰਤਾ ਆਦਿਕ
(ਸਾਰੇ) ਗੁਣ ਮੌਜੂਦ ਹਨ; ਉਹ ਪ੍ਰਭੂ ਬਹੁਤ ਹੀ ਅਸਚਰਜ ਹੈ, ਮਾਇਆ
ਤੋਂ ਪਰੇ ਹੈ, ਉਸ ਦਾ ਮੁਕੰਮਲ ਸਰੂਪ ਸੋਚ-ਮੰਡਲ ਵਿਚ ਨਹੀਂ ਆ ਸਕਦਾ,
ਅਤੇ ਉਹ ਹਰ ਥਾਂ ਅੱਪੜਿਆ ਹੋਇਆ ਹੈ।੧।
ਜੇ ਤੂੰ ਜਮ ਆਦਿਕ ਨੂੰ ਜਿੱਤਣਾ ਚਾਹੁੰਦਾ ਹੈਂ, ਜੇ ਤੂੰ ਸੋਭਾ ਤੇ ਸੁਖ ਚਾਹੁੰਦਾ
ਹੈਂ ਤਾਂ ਲੋਭ ਆਦਿਕ ਛੱਡ ਦੇਹ, ਪਰਾਏ ਘਰ ਵਲ ਤੱਕਣਾ ਛੱਡ ਦੇ, ਉਹ
ਆਚਰਨ ਤਜ ਦੇਹ ਜੋ ਮਰਯਾਦਾ ਦੇ ਉਲਟ ਹੈ ਸਾਰੇ ਮੰਦੇ ਕੰਮ ਛੱਡ ਦੇਹ,
ਦੁਰਮਤਿ ਤਿਆਗ ਦੇਹ, ਅਤੇ ਉਸ ਪ੍ਰਭੂ ਦੀ ਸਰਨ ਪਉ ਜੋ ਸਭ ਨੂੰ ਨਾਸ
ਕਰਨ ਦੇ ਸਮਰੱਥ ਹੈ, ਜੋ ਹੁਣ ਪਿਛਲੇ ਸਮੇ ਤੇ ਅਗਾਂਹ ਲਈ ਸਦਾ ਹੀ
ਪੂਰਨ ਤੌਰ ਤੇ ਨਾਸ-ਰਹਿਤ ਹੈ ਜੋ ਸਭ ਤੋਂ ਉੱਚੀ ਹਸਤੀ ਹੈ, ਤੇ ਜੋ ਸਦਾ
ਖਿੜਿਆ ਰਹਿੰਦਾ ਹੈ।੨, ੩।
ਪਰਮਾਤਮਾ ਦੇ ਪਿਆਰੇ ਭਗਤ ਮਨ ਬਚਨ ਅਤੇ ਕਰਮ ਤੋਂ ਪਵਿਤ੍ਰ ਹੁੰਦੇ
ਹਨ।ਉਹਨਾਂ ਨੂੰ ਜੋਗ ਨਾਲ ਕੀਹ ਵਾਸਤਾ? ਉਹਨਾਂ ਨੂੰ ਜੱਗ ਨਾਲ ਕੀਹ
ਪ੍ਰਯੋਜਨ? ਉਹਨਾਂ ਨੂੰ ਦਾਨ ਅਤੇ ਤਪ ਨਾਲ ਕੀਹ?।੪।
ਗੋਬਿੰਦ ਦਾ ਭਜਨ ਕਰ, ਗੋਬਿੰਦ ਨੂੰ ਜਪ, ਉਹੀ ਸਾਰੀਆਂ ਸਿੱਧੀਆਂ ਦਾ
ਖ਼ਜ਼ਾਨਾ ਹੈ। ਜੈਦੇਵ ਭੀ ਹੋਰ ਆਸਰੇ ਸਾਰੇ ਛੱਡ ਕੇ ਉਸੇ ਦੀ ਸਰਨ
ਆਇਆ ਹੈ, ਉਹ ਹੁਣ ਭੀ, ਪਿਛਲੇ ਸਮੇ ਭੀ (ਅਗਾਂਹ ਨੂੰ ਭੀ) ਹਰ
ਵੇਲੇ ਹਰ ਥਾਂ ਮੌਜੂਦ ਹੈ।੫।੧।

ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥

ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥
ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥
ਮਨ ਆਦਿ ਗੁਣ ਆਦਿ ਵਖਾਣਿਆ ॥
ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥
ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵ ਲੀਣੁ ਪਾਇਆ ॥੨॥੧॥(੧੧੦੬)

(ਚੰਦ=ਚੰਦ੍ਰਮਾ ਨਾੜੀ,ਖੱਬੀ ਨਾਸ ਦੀ ਨਾੜੀ, ਸਤ=ਪ੍ਰਾਣ, ਭੇਦਿਆ=ਵਿੰਨ੍ਹ ਲਿਆ,
(ਪ੍ਰਾਣ) ਚਾੜ੍ਹ ਲਏ, ਨਾਦ=ਸੁਖਮਨਾ, ਪੂਰਿਆ=(ਪ੍ਰਾਣ) ਰੋਕ ਲਏ, ਸੂਰ=ਸੱਜੀ ਸੁਰ,
ਖੋੜਸਾ=ਸੋਲਾਂ ਵਾਰੀ (ਓਂ ਆਖ ਕੇ), ਦਤੁ ਕੀਆ=(ਪ੍ਰਾਣ ਬਾਹਰ) ਕੱਢੇ, ਅਬਲ ਬਲੁ=
(ਵਿਕਾਰਾਂ ਵਿਚ ਪੈਣ ਕਰਕੇ) ਕਮਜ਼ੋਰ ਮਨ ਦਾ ਬਲ, ਅਚਲ ਚਲੁ=ਅਮੋੜ ਮਨ ਦਾ
ਸੁਭਾਉ, ਥਪਿਆ=ਰੋਕ ਲਿਆ, ਅਘੜੁ=ਅੱਲ੍ਹੜ ਮਨ, ਅਪਿਉ=ਅੰਮ੍ਰਿਤ, ਆਦਿ ਗੁਣ=
ਜਗਤ ਦੇ ਮੂਲ ਪ੍ਰਭੂ ਦੇ ਗੁਣ, ਆਦਿ=ਆਦਿਕ, ਦੁਬਿਧਾ ਦ੍ਰਿਸਟਿ= ਵਿਤਕਰੇ ਵਾਲਾ ਸੁਭਾਉ,
ਸੰਮਾਨਿਆ=ਪੱਧਰਾ ਹੋ ਜਾਂਦਾ ਹੈ, ਅਰਧਿ=ਅਰਾਧਣ-ਜੋਗ ਪ੍ਰਭੂ, ਸਰਧਿ=ਸਰਧਾ ਰੱਖਣ
ਜੋਗ, ਸਲਲ=ਪਾਣੀ, ਬਦਤਿ=ਆਖਦਾ ਹੈ, ਜੈਦੇਵ=ਪਰਮਾਤਮਾ, ਉਹ ਦੇਵ ਜਿਸ ਦੀ ਸਦਾ
ਜੈ ਹੁੰਦੀ ਹੈ, ਰੰਮਿਆ=ਸਿਮਰਿਆਂ । ਨਿਰਬਾਣੁ=ਵਾਸ਼ਨਾ ਰਹਿਤ, ਲਿਵਲੀਣੁ=ਆਪਣੇ
ਆਪ ਵਿਚ ਮਸਤ ਪ੍ਰਭੂ)


ਅਰਥ=ਹੇ ਮਨ! ਜਗਤ ਦੇ ਮੂਲ-ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਤੇਰਾ ਵਿਤਕਰੇ
ਵਾਲਾ ਸੁਭਾਉ ਪੱਧਰਾ ਹੋ ਗਿਆ ਹੈ ।੧।ਰਹਾਉ।
(ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਖੱਬੀ ਸੁਰ ਵਿਚ ਪ੍ਰਾਣ ਚੜ੍ਹ ਭੀ ਗਏ ਹਨ,
ਸੁਖਮਨਾ ਵਿਚ ਅਟਕਾਏ ਭੀ ਗਏ ਹਨ, ਤੇ ਸੱਜੀ ਸੁਰ ਰਸਤੇ ਸੋਲਾਂ ਵਾਰੀ 'ਓਂ' ਆਖ
ਕੇ (ਉਤਰ) ਭੀ ਆਏ ਹਨ (ਭਾਵ, ਪ੍ਰਾਣਾਯਾਮ ਦਾ ਸਾਰਾ ਉੱਦਮ ਸਿਫ਼ਤਿ-ਸਾਲਾਹ
ਵਿਚ ਹੀ ਆ ਗਿਆ ਹੈ, ਸਿਫ਼ਤਿ-ਸਾਲਾਹ ਦੇ ਟਾਕਰੇ ਤੇ ਪ੍ਰਾਣ ਚਾੜ੍ਹਨ, ਟਿਕਾਣ ਅਤੇ
ਉਤਾਰਨ ਵਾਲੇ ਸਾਧਨ ਪ੍ਰਾਣਾਯਾਮ ਦੀ ਲੋੜ ਹੀ ਨਹੀਂ ਰਹਿ ਗਈ) । (ਇਸ ਦਾ ਸਦਕਾ)
ਕਮਜ਼ੋਰ (ਹੋਏ) ਮਨ ਦਾ ('ਦੁਬਿਧਾ ਦ੍ਰਿਸਟਿ' ਵਾਲਾ) ਬਲ ਟੁੱਟ ਗਿਆ ਹੈ, ਅਮੋੜ ਮਨ
ਦਾ ਚੰਚਲ ਸੁਭਾਉ ਰੁਕ ਗਿਆ ਹੈ, ਇਹ ਅਲ੍ਹੜ ਮਨ ਹੁਣ ਸੋਹਣੀ ਘਾੜਤ ਵਾਲਾ ਹੋ ਗਿਆ
ਹੈ, ਇਥੇ ਅੱਪੜ ਕੇ ਇਸ ਨੇ ਨਾਮ-ਅੰਮ੍ਰਿਤ ਪੀ ਲਿਆ ਹੈ ।੧।
ਜੈਦੇਉ ਆਖਦਾ ਹੈ—ਜੇ ਆਰਾਧਣ-ਜੋਗ ਪ੍ਰਭੂ ਦੀ ਆਰਾਧਨਾ ਕਰੀਏ, ਜੇ ਸਰਧਾ-ਜੋਗ ਪ੍ਰਭ
ਵਿਚ ਸਿਦਕ ਧਾਰੀਏ, ਤਾਂ ਉਸ ਨਾਲ ਇਕ-ਰੂਪ ਹੋ ਜਾਈਦਾ ਹੈ, ਜਿਵੇਂ ਪਾਣੀ ਨਾਲ ਪਾਣੀ ।
ਜੇਦੈਵ-ਪ੍ਰਭੂ ਦਾ ਸਿਮਰਨ ਕੀਤਿਆਂ ਉਹ ਵਾਸ਼ਨਾਂ-ਰਹਿਤ ਬੇ-ਪਰਵਾਹ ਪ੍ਰਭੂ ਮਿਲ ਪੈਂਦਾ ਹੈ ।੨।੧।

  • ਮੁੱਖ ਪੰਨਾ : ਕਾਵਿ ਰਚਨਾਵਾਂ, ਸੰਤ ਜੈ ਦੇਵ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ