Punjabi Ghazlan Shaukat Ali Qamar

ਪੰਜਾਬੀ ਗ਼ਜ਼ਲਾਂ ਸ਼ੌਕਤ ਅਲੀ ਕਮਰ

੧. ਗੁੰਝਲ ਵਾਂਗਰ ਖੁੱਲ੍ਹ ਜਾਵਾਂਗਾ

ਗੁੰਝਲ ਵਾਂਗਰ ਖੁੱਲ੍ਹ ਜਾਵਾਂਗਾ ।
ਨ੍ਹੇਰੀ ਵਾਂਗਰ ਝੁੱਲ ਜਾਵਾਂਗਾ ।

ਮੈਂ ਵੇਲੇ ਦਾ ਡੂੰਘਾ ਨਾਵਲ,
ਵਰਕਾ ਵਰਕਾ ਥੁੱਲ ਜਾਵਾਂਗਾ ।

ਸਾਰੇ ਜੱਗ ਨੂੰ ਸੁਰਤਾਂ ਦੇ ਕੇ,
ਸੁਫ਼ਨੇ ਵਾਂਗਰ ਭੁੱਲ ਜਾਵਾਂਗਾ ।

ਮੇਰੀ ਹਸਤੀ ਸੱਤ ਸਮੁੰਦਰ,
ਕਤਰਾ-ਕਤਰਾ ਡੁੱਲ੍ਹ ਜਾਵਾਂਗਾ ।

ਮੈਂ ਪਿਆਰਾਂ ਦਾ ਸੁੱਚਾ-ਗਹਿਣਾ,
ਕੱਖਾਂ ਨਾਲ ਵੀ ਤੁੱਲ ਜਾਵਾਂਗਾ ।

ਕੰਡਿਆਂ ਦਾ ਮੈਂ ਸਾਥ ਨਹੀਂ ਦੇਣਾ,
ਫੁੱਲਾਂ ਦੇ ਸੰਗ ਰੁਲ ਜਾਵਾਂਗਾ ।

'ਕਮਰ' ਮੈਂ ਖ਼ੁਸ਼ਬੂ ਦਾ ਇਕ ਬੱਦਲ,
ਧਰਤੀ ਦੇ ਵਿੱਚ ਘੁਲ੍ਹ ਜਾਵਾਂਗਾ ।

੨. ਅਪਣੀਆਂ ਲੋੜਾਂ ਗਾਉਂਦੇ ਫਿਰਦੇ

ਅਪਣੀਆਂ ਲੋੜਾਂ ਗਾਉਂਦੇ ਫਿਰਦੇ ।
ਲੋਕੀਂ ਸ਼ਹਿਰ ਵਸਾਉਂਦੇ ਫਿਰਦੇ ।

ਰੁੱਖਾਂ ਹੇਠ ਕੁਹਾੜੇ ਚਮਕਣ,
ਪੰਛੀ ਜਾਨ ਬਚਾਉਂਦੇ ਫਿਰਦੇ ।

ਅੱਜ ਵੀ ਹੱਕ ਦੇ ਨ੍ਹਾਅਰੇ ਲਾ ਕੇ,
ਝੱਲੇ, ਝੱਲੀ ਪਾਉਂਦੇ ਫਿਰਦੇ ।

ਭੁੱਖੇ ਤੋਤੇ ਪਿੰਜਰੇ ਪੈ ਕੇ-
'ਮਿੱਠੂ ਮੀਆਂ' ਕਹਾਉਂਦੇ ਫਿਰਦੇ ।

ਦਿਲ ਨੂੰ ਕਿਰਚੀ-ਕਿਰਚੀ ਕਰਕੇ,
ਮਿੱਤਰ ਲੁੱਡੀਆਂ ਪਾਉਂਦੇ ਫਿਰਦੇ ।

'ਕਮਰ' 'ਫ਼ਜ਼ਰ' ਨੂੰ ਮਾਰ ਕਲਾਵੇ,
'ਨ੍ਹੇਰੇ' ਅੱਜ ਡਰਾਉਂਦੇ ਫਿਰਦੇ ।

੩. ਸੱਜਣਾਂ ਦੇ ਵਿੱਚ ਸ਼ਿਅਰ ਸੁਣਾਉਣੇ ਪੈ ਗਏ ਨੇ

ਸੱਜਣਾਂ ਦੇ ਵਿੱਚ ਸ਼ਿਅਰ ਸੁਣਾਉਣੇ ਪੈ ਗਏ ਨੇ ।
ਫੱਟ ਜਿਗਰ ਦੇ ਖੋਲ੍ਹ ਵਿਖਾਉਣੇ ਪੈ ਗਏ ਨੇ ।

ਅੱਜ ਬੱਦਲਾਂ ਦੀ ਕਿਣ-ਮਿਣ ਨੇ ਅੱਗ ਲਾਈ ਏ,
ਅੱਜ ਯਾਦਾਂ ਦੇ ਦੀਪ ਜਗਾਉਣੇ ਪੈ ਗਏ ਨੇ ।

ਸਿੰਮਦੀ ਅੱਖ ਦੀ ਦਰਦ-ਕਹਾਣੀ ਸੁਣਕੇ ਤੇ,
ਪੱਥਰਾਂ ਨੂੰ ਵੀ ਹੋਂਠ ਹਿਲਾਉਣੇ ਪੈ ਗਏ ਨੇ ।

ਮੇਲੇ ਵਿੱਚ ਹਰ ਬੰਦਾ 'ਕੱਲਾ ਲੱਗਦਾ ਏ,
ਸਾਂਝਾਂ ਦੇ ਬੱਸ ਢੋਲ ਵਜਾਉਣੇ ਪੈ ਗਏ ਨੇ ।

ਅਪਣੇ ਈ ਪਰਛਾਵੇਂ ਤੋਂ ਡਰ ਲੱਗਦਾ ਹੈ,
ਅਪਣੇ ਚਿਹਰੇ ਆਪ ਲੁਕਾਉਣੇ ਪੈ ਗਏ ਨੇ ।

ਚਿਹਰਿਆਂ ਉਤੋਂ ਲਾਲੀ ਖੁੱਸਦੀ ਜਾਂਦੀ ਏ,
ਪਿੰਡਿਆਂ ਉੱਤੇ ਜ਼ਖ਼ਮ ਸਜਾਉਣੇ ਪੈ ਗਏ ਨੇ ।

ਅੱਜ ਤੇ ਦਿਲ ਦੀ ਧਰਤੀ 'ਤੇ ਅੱਗ ਵਰ੍ਹਦੀ ਏ,
ਅੱਜ ਅੱਖੀਆਂ 'ਚੋਂ 'ਸਾਉਣ' ਵਗਾਉਣੇ ਪੈ ਗਏ ਨੇ ।

ਇੱਕ-ਦੂਜੇ ਨੂੰ ਧੋਖਾ ਦੇ ਕੇ ਮਾਰਨ ਲਈ,
ਚਿਹਰੇ ਉੱਤੇ ਖ਼ੋਲ ਚੜ੍ਹਾਉਣੇ ਪੈ ਗਏ ਨੇ ।

ਬਰਫ਼-ਦਿਲਾਂ ਨੂੰ ਦਿਲ ਦਾ ਸੇਕ ਪੁਚਾਉਣ ਲਈ,
ਅਪਣੇ ਦਿਲ ਵਿੱਚ ਭਾਂਬੜ ਲਾਉਣੇ ਪੈ ਗਏ ਨੇ ।

ਯਾਰ 'ਕਮਰ' ਇਹ ਸ਼ਿਅਰ ਵੀ ਸੁੱਚੇ ਮੋਤੀ ਨੇ,
ਇਹ ਮੋਤੀ ਜੋ ਆਪ ਲੁਟਾਉਣੇ ਪੈ ਗਏ ਨੇ ।

੪. ਛੇਵੀਂ ਹਿਸ ਦੀ ਖ਼ਬਰ ਜਿਹੀ ਏ

ਛੇਵੀਂ ਹਿਸ ਦੀ ਖ਼ਬਰ ਜਿਹੀ ਏ ।
ਉਹਦੀ ਦਿਲ 'ਤੇ ਨਜ਼ਰ ਜਿਹੀ ਏ ।

ਮਿੱਠੀਆਂ-ਮਿੱਠੀਆਂ ਮੁਸਕਾਨਾਂ ਨੇ,
ਦਿਲ ਵਿੱਚ ਪਿੰਡ ਦੀ ਫ਼ਜ਼ਰ ਜਿਹੀ ਏ ।

ਅੱਥਰੂ, ਚੀਕਾਂ, ਹੌਕੇ, ਹਾਵੇ,
ਦਿਲ ਦੀ ਹਾਲਤ 'ਹਸ਼ਰ' ਜਿਹੀ ਏ ।

ਰਾਤੀਂ ਲੱਗਦੈ ਰੋਂਦੇ ਰਹੇ ਓ !
ਗੱਲ੍ਹਾਂ 'ਤੇ ਕੁਝ ਲਸਰ ਜਿਹੀ ਏ ।

ਹੋਂਠ 'ਤੇ ਉਹਦਾ ਨਾਂ ਆਇਆ ਏ,
ਮੂੰਹ ਵਿੱਚ ਖੰਡ ਤੇ ਸ਼ਕਰ ਜਿਹੀ ਏ ।

ਪੈਂਡੇ, ਧੂੜਾਂ, ਠੇਡੇ, ਸੂਲਾਂ,
ਜਿੰਦੜੀ ਦੁਖ ਦਾ ਸਫ਼ਰ ਜਿਹੀ ਏ ।

ਸੁਖ ਦੇ ਨਾਂ 'ਤੇ ਦੁਖ ਮਿਲਦੇ ਨੇ,
ਅਦਲ ਦੀ ਸੂਰਤ, ਜਬਰ ਜਿਹੀ ਏ ।

ਬੰਦੇ ਬਰਫ਼ ਦੇ ਬਾਵੇ ਲੱਗਦੇ,
ਦੁਨੀਆਂ ਉਜੜੀ-ਕਬਰ ਜਿਹੀ ਏ ।

ਸੱਚ ਦੀ ਰਾਹ 'ਤੇ ਯਾਰ 'ਕਮਰ' ਜੀ,
ਖ਼ੌਫ਼ ਦੇ ਜਾਦੂ-ਨਗਰ ਜਿਹੀ ਏ ।

੫. ਇਹ ਵੀ ਨੇਕੀ ਕਰ ਜਾਵਾਂਗੇ

ਇਹ ਵੀ ਨੇਕੀ ਕਰ ਜਾਵਾਂਗੇ ।
ਤੇਰੇ ਉੱਤੇ ਮਰ ਜਾਵਾਂਗੇ ।

ਇਸ਼ਕ ਸਮੁੰਦਰ ਤੋਂ ਕੀ ਡਰਨਾਂ,
ਡੁੱਬੇ ਵੀ ਤਾਂ ਤਰ ਜਾਵਾਂਗੇ ।

ਤੈਨੂੰ ਜਿੱਤਣ ਦੇ ਚਾਵਾਂ ਵਿੱਚ,
ਅਪਣਾ ਆਪ ਵੀ ਹਰ ਜਾਵਾਂਗੇ ।

ਜੇ ਤੂੰ ਸਾਨੂੰ ਛੱਡ-ਛੁੱਡ ਜਾਵੇਂ,
ਜੀਂਦੇ ਜੀਂਦੇ ਮਰ ਜਾਵਾਂਗੇ ।

ਰਾਤਾਂ ਨੂੰ ਆਵਾਰਾ ਗਰਦੀ,
ਸਰਘੀ ਵੇਲੇ ਘਰ ਜਾਵਾਂਗੇ ।