Siharfi : Maulvi Ghulam Rasool Qila Mihan Singh

ਸੀਹਰਫ਼ੀ : ਮੌਲਵੀ ਗ਼ੁਲਾਮ ਰਸੂਲ ਕਿਲ੍ਹਾ ਮੀਹਾਂ ਸਿੰਘ

ਸੀਹਰਫ਼ੀ

ਅਲਫ਼-ਉੱਠ ਜੀਆ ਕੁਝ ਫ਼ਿਕਰ ਕੀਜੇ,
ਤੇਰੀ ਸੁੱਤਿਆਂ ਰੈਣ ਵਿਹਾ ਗਈ ਆ ।
ਤੇਰੇ ਹਾਣ ਦੀਆਂ ਸਈਆਂ ਲੱਦ ਗਈਆਂ,
ਸੁੱਤੀ ਪਈ ਨੂੰ ਜ਼ਰਾ ਨਾ ਸਾਰ ਪਈ ਆ ।
ਸਿਰ ਤੇ ਆ ਨਗਾਰੇ ਦੀ ਚੋਟ ਲਗੀ,
ਝੂਣ ਝੂਣ ਕੇ ਮੌਤ ਜਗਾ ਰਹੀਆ ।
ਨਿੱਤ ਨਿੱਤ ਗ਼ੁਲਾਮ ਦਾ ਆਵਣਾ ਈ,
ਹਾਇ ਹਾਇ ਕੁਵੇਲੜੇ ਖ਼ਬਰ ਲਈ ਆ ।

ਬੇ-ਬਸ ਸਈਓ ਮੇਰੇ ਵੱਸ ਨਾਹੀਂ,
ਵਾਰੀ ਆਪਣੀ ਆਪ ਟੁਰ ਜਾਵਣਾ ਈ ।
ਇਹੋ ਵਕਤ ਹੈ ਅਮਲ ਕਮਾਵਣੇ ਦਾ,
ਇਨ੍ਹਾਂ ਦੇਸਾਂ ਤੇ ਫੇਰ ਨਾ ਆਵਣਾ ਈ ।
ਜਿਨ੍ਹਾਂ ਦਾਜ ਦਾਉਣ ਇਥੇ ਰੰਗ ਲਇਆ,
ਉਨ੍ਹਾਂ ਕੁਰਬ ਪਿਆਰੇ ਦਾ ਪਾਵਣਾ ਈ ।
ਤੋਸ਼ਾ ਬੰਨ੍ਹ ਗ਼ੁਲਾਮ ਮੁਸਾਫ਼ਰੀ ਦਾ,
ਇਨ੍ਹਾਂ ਵੇਲਿਆਂ ਨੂੰ ਪਛੋਤਾਵਣਾ ਈ ।

ਤੇ-ਤੱਕ ਰਹੀਆਂ ਦਿਲਾ ਗ਼ਾਫ਼ਲਾ ਓਏ,
ਤੂੰ ਤਾਂ ਖੇਡ ਤੋਂ ਬਾਜ਼ ਨਾ ਆਵਨਾ ਏਂ ।
ਜਿਨ੍ਹਾਂ ਰਾਹਾਂ ਥੀਂ ਰੱਬ ਨੇ ਮਨ੍ਹਾ ਕੀਤਾ,
ਵਾਗ ਤੋੜ ਤੂੰ ਉਤੇ ਵੱਲ ਜਾਵਨਾ ਏਂ ।
ਤੈਨੂੰ ਮੌਤ ਭੀ ਗ਼ਾਫ਼ਲਾ ਹਟਕ ਰਹੀਆ,
ਜ਼ਰਾ ਵੇਖ ਤੂੰ ਕਿਆ ਕਮਾਵਨਾ ਏਂ ।
ਅੱਜ ਖ਼ੈਰ ਦੇ ਅਮਲ ਗ਼ੁਲਾਮ ਕਰੀਏ,
ਭਲਕੇ ਉੱਠ ਜਹਾਨ ਤੋਂ ਜਾਵਨਾ ਏਂ ।

ਸੇ-ਸਾਬਤੀ ਨਾਲ ਤੂੰ ਪਕੜ ਮੀਆਂ,
ਦਾਮਨ ਪਾਕ ਜਨਾਬ ਰਸੂਲ ਵਾਲਾ ।
ਰਾਤ ਡਾਢੀ ਹਨੇਰੀ ਹੈ ਬਿੱਦਤਾਂ ਦੀ,
ਸੁੰਨਤ ਅਹਿਮਦੀ ਦਾ ਕੇਹਾ ਖ਼ੂਬ ਚਾਲਾ ।
ਕੋਈ ਫ਼ਿਕਰ ਕਰੀਏ ਵੇਲਾ ਗੁਜ਼ਰ ਗਿਆ,
ਜਿਹੜੇ ਬਾਕੀ ਨੇ ਅੱਜ ਸੰਭਾਲ ਭਾਲਾ ।
ਰੋ ਰੋ ਗ਼ੁਲਾਮ ਜੇ ਧੋ ਲਏਂ,
ਨਾਮਾ ਅਮਲ ਵਾਲਾ ਤੇਰਾ ਬਹੁਤ ਕਾਲਾ ।

ਜੀਮ-ਜਾਗ ਤੂੰ ਵੇਖ ਖਾਂ ਕੀ ਕੀਤਾ,
ਤੇਰੇ ਹਾਣ ਦੀਆਂ ਚਰਖ਼ੇ ਚੁਕ ਗਈਆਂ ।
ਜੋੜੇ ਪਹਿਨ ਕੇ ਹਾਰ ਸ਼ਿੰਗਾਰ ਗਈਆਂ,
ਮੈਨੂੰ ਇਕ ਇਕੱਲੜੀ ਛੱਡ ਗਈਆਂ ।
ਸਾਰੀ ਰੈਣ ਗੁਜ਼ਰੀ ਨਹੀਂ ਜਾਗ ਉੱਠੀ,
ਪਛੀਆਂ ਪੂਣੀਆਂ ਥੀਂ ਭਰਪੂਰ ਗਈਆਂ ।
ਇੱਕੋ ਆਸ ਗ਼ੁਲਾਮ ਕੁਚੱਜੜੀ ਨੂੰ,
ਦਾਮਨ ਪਾਕ ਹਬੀਬ ਦੇ ਲਗ ਰਹੀਆਂ ।

ਹੇ-ਹਾਲ ਅਪਣਾ ਕਿਹਨੂੰ ਜਾ ਦੱਸਾਂ,
ਇਸ ਜਿੰਦ ਦਾ ਕੁਝ ਵਿਸਾਹ ਨਾਹੀਂ ।
ਰੱਬਾ ਪੁੱਜ ਕੇ ਬਹੁਤ ਕੁਚੱਜੜੀ ਨੂੰ,
ਬਾਝੋਂ ਫ਼ਜ਼ਲ ਤੇਰੇ ਕੋਈ ਵਾਹ ਨਾਹੀਂ ।
ਕੋਈ ਰਾਹ ਕੂੜੇ ਉੱਤੇ ਪਾਉਣ ਬੇੜੇ,
ਬਾਝੋਂ ਸ਼ਰਾਹ ਮੁਹੰਮਦੀ ਰਾਹ ਨਾਹੀਂ ।
ਸ਼ਮਹ ਇਸ਼ਕ ਦੀ ਬਾਲ ਗ਼ੁਲਾਮ ਚਲੀਂ,
ਕਿਸੇ ਰਾਹ ਕੁਵੱਲੜੇ ਜਾਹ ਨਾਹੀਂ ।

ਖ਼ੇ-ਖ਼ੇਸ ਕਬੀਲੇ ਤੇ ਭੈਣ ਭਾਈ,
ਓੜਕ ਵਕਤ ਨੂੰ ਕੰਮ ਨਾ ਆਵਨੀਗੇ ।
ਕਿਸੇ ਮੂਲ ਨਹੀਂ ਪੁੱਛਣੀ ਬਾਤ ਤੇਰੀ,
ਕਈ ਸੁੱਤਿਆਂ ਨਾਲ ਵਿਹਾਵਨੀਗੇ ।
ਕੁਝ ਕੱਤ ਅੜੀਏ, ਜ਼ਰਾ ਖੇਡ ਨਾਹੀਂ,
ਅਜ ਕਲ ਤੇਰੇ ਲਾਗੀ ਆਵਨੀਗੇ ।
ਕੰਢੇ ਕਬਰ ਦੇ ਬੈਠ ਗ਼ੁਲਾਮ ਸਾਰੇ,
ਬੁੱਕੋ ਬੁੱਕ ਮਿੱਟੀ ਸਿਰ ਪਾਵਨੀਗੇ ।

ਦਾਲ-ਦਰਦਾਂ ਦੀ ਉੱਠ ਕੇ ਆਹ ਮਾਰੀਂ,
ਕਹੀ ਸੁੱਤਿਆਂ ਉਮਰ ਗੁਜ਼ਾਰੀਆ ਵੇ ।
ਨਹੀਂ ਆਇਆ ਸੈਂ ਇਥੇ ਖੇਡਣੇ ਨੂੰ,
ਗ਼ਾਫ਼ਲ ਹੋ ਸ਼ਤਰੰਜ ਖਿਲਾਰੀਆ ਵੇ ।
ਰਾਤੀਂ ਦਿਨੇ ਜਹਾਨ ਦੇ ਧੰਧਿਆਂ ਵਿਚ,
ਤੂੰ ਕਬਰ ਤੇ ਮੌਤ ਵਿਸਾਰੀਆ ਵੇ ।
ਗ਼ਫ਼ਲਤ ਖ਼ਾਬ ਦੀ ਵਿਚ ਗ਼ੁਲਾਮ ਸੁੱਤੋਂ,
ਬਾਜ਼ੀ ਵਿਚ ਬੇਹੋਸ਼ੀ ਦੇ ਹਾਰੀਆ ਵੇ ।

ਜ਼ਾਲ-ਜ਼ਿਕਰ ਕਰੀਂ ਇਥੋਂ ਚਲਣਾ ਈ,
ਖ਼ਾਲੀ ਛੱਡ ਕੇ ਸਹਿਨ ਹਵੇਲੀਆਂ ਦੇ ।
ਨਿਤ ਤਿੰਞਣਾ ਵਿਚ ਨਾ ਕੱਤਨਾ ਈ,
ਨਹੀਂ ਬੈਠਣਾ ਸੰਗ ਸਹੇਲੀਆਂ ਦੇ ।
ਮੂੰਹਾਂ ਸੋਹਣਿਆਂ ਤੇ ਮਿੱਟੀ ਪਾਵਨੀਗੇ,
ਤੋੜੇ ਹੋਣਗੇ ਫੁੱਲ ਚੰਬੇਲੀਆਂ ਦੇ ।
ਅੱਲਾ ਪਾਕ ਦੇ ਨਾਲ ਪ੍ਰੀਤ ਲਾਈਂ,
ਕੂੜੇ ਸੰਗ ਗ਼ੁਲਾਮ ਨੀ ਬੇਲੀਆਂ ਦੇ ।

ਲਾਮ-ਲਦ ਗਏ ਤੇਰੇ ਸੈਨ ਸਾਥੀ,
ਤੈਨੂੰ ਅਜੇ ਨਾ ਫ਼ਿਕਰ ਤਿਆਰੀਆਂ ਦਾ,
ਵੇਖਾਂ ਰਾਤ ਪਈ ਝਬਦੇ ਪਹੁੰਚ ਮਿਲੀਏ,
ਲਦੀ ਜਾਂਦਾ ਹੈ ਸਾਥ ਬਿਉਪਾਰੀਆਂ ਦਾ ।
ਠਾਠਾਂ ਮਾਰਦੀ ਅਜਲ ਦੀ ਮੌਜ ਆਈ,
ਨਾ ਤੂੰ ਸਿਖਿਆ ਹੈ ਵੱਲ ਤਾਰੀਆਂ ਦਾ ।
ਹਜ਼ਰਤ ਨਬੀ ਗ਼ੁਲਾਮ ਸ਼ਫ਼ੀਅ ਹੋਵੇ,
ਜਿਹੜਾ ਆਸਰਾ ਹੈ ਔਗੁਨਹਾਰੀਆਂ ਦਾ ।

ਮੀਮ-ਮੁਲਾਂ ਕਿਤਾਬ ਨੂੰ ਠੱਪ ਰਖੀਂ,
ਅਜ ਵਕਤ ਹੈ ਅਮਲ ਕਮਾਵਨੇ ਦਾ ।
ਛੱਡ ਜ਼ੈਦ ਤੇ ਉਮਰ ਦੀ ਬਹਿਸ ਮੀਆਂ,
ਇੱਕੋ ਅਲਫ਼ ਹੈ ਵਿਰਦ ਪਕਾਵਨੇ ਦਾ ।
ਹਾਇ ਹਾਇ ਕੁਵੇਲੜੇ ਸਾਰ ਹੋਈ,
ਵੇਲਾ ਆ ਗਿਆ ਹੈ ਡੇਰਾ ਚਾਵਨੇ ਦਾ ।
ਭਲਾ ਉਠ ਗ਼ੁਲਾਮ ਸਲਾਮ ਕਰ ਲੈ,
ਉਤੇ ਸੱਦ ਹੋਇਆ ਡੇਰਾ ਚਾਵਨੇ ਦਾ ।
ਨੂਨ-ਨਿਤ ਵੇਖਾਂ ਖਲੀ ਰਾਹ ਤੇਰਾ,
ਕਦੀ ਸੋਹਣਿਆਂ ! ਮੁਖ ਵਿਖਾਲ ਮੈਨੂੰ ।
ਤੇਰੇ ਬਾਝ ਪਿਆਰਿਆ ਕੌਣ ਸੁਣੇ,
ਦਸਾਂ ਖੋਲ੍ਹ ਕੇ ਦੁਖ ਦਾ ਹਾਲ ਕੈਨੂੰ ?
ਤਿੱਤਰ ਵਾਂਗ ਲਵੇ ਨਾ ਉਹ ਸੁੱਖ ਸਵੇਂ,
ਲਗੀ ਯਾਰ ਦੇ ਨਾਲ ਪ੍ਰੀਤ ਜੈਂਨੂੰ ।
ਜਾਗ ਜਾਗ ਪਿਆਰੇ ਦੇ ਮਿਲਣ ਕਾਰਨ,
ਹੋਇਆ ਸੌਣ ਗ਼ੁਲਾਮ ਹਰਾਮ ਮੈਨੂੰ ।

ਵਾਉ-ਵਾਸਤੇ ਰੱਬ ਦੇ ਕਾਸਦਾ ਵੇ !
ਦੱਸੀਂ ਜਾ ਪਿਆਰੇ ਨੂੰ ਵੈਣ ਮੇਰੇ ।
ਜਿੰਦ ਲਬਾਂ ਉੱਤੇ ਵੇਖਾਂ ਰਾਹ ਤੇਰਾ,
ਹੰਝੂ ਖ਼ੂਨ ਵਹਾਂਵਦੇ ਨੈਣ ਮੇਰੇ ।
ਤੇਰੇ ਬਾਝ ਨਾ ਰਿਹਾ ਕਰਾਰ ਮੈਨੂੰ,
ਗੁਜ਼ਰੇ ਤੜਫ਼ਦਿਆਂ ਦਿਨ ਤੇ ਰੈਣ ਮੇਰੇ ।
ਕਦੀ ਲਈਂ ਗ਼ੁਲਾਮ ਦੀ ਖ਼ਬਰ ਜਾਨੀ,
ਗਏ ਨਾਲ ਵਿਛੋੜੇ ਦੇ ਚੈਨ ਮੇਰੇ ।

ਹੇ-ਹੱਸਣਾ ਖੇਡਣਾ ਛੱਡ ਦੇ ਤੂੰ,
ਕੁਝ ਕੱਤ ਕੇ ਦਾਜ ਬਣਾ ਲਈਏ ।
ਖੇਡੇ ਲਗ ਕੇ ਨਾਲ ਸਹੇਲੀਆਂ ਦੇ,
ਮਤਾਂ ਉਮਰ ਅਜ਼ੀਜ਼ ਗਵਾ ਲਈਏ ।
ਭਲਾ ਪੂਣੀਆਂ ਖੋਹ ਗਵਾ ਲਈਏ,
ਚਰਖ਼ੇ ਇਸ਼ਕ ਵਾਲੇ ਤੰਦ ਪਾ ਲਈਏ ।
ਸਾਰੀ ਰੈਣ ਗ਼ੁਲਾਮ ਨਾ ਜਾਗ ਡਿੱਠਾ,
ਹੁਣ ਜਾਗ ਕੇ ਕੁਝ ਕਮਾ ਲਈਏ ।

ਯੇ-ਯਾਦ ਨਹੀਂ ਜ਼ਰਾ ਗੋਰ ਤੈਨੂੰ,
ਜਿਸ ਰਾਹ ਇਕੱਲਿਆਂ ਜਾਵਣਾ ਈ ।
ਤੈਨੂੰ ਛੱਡ ਕੇ ਸਭ ਪਿਆਰਿਆਂ ਨੇ
ਆਪੋ ਆਪਣੇ ਘਰੀਂ ਉਠ ਜਾਵਣਾ ਈ ।
ਹੈਬਤ ਨਾਲ ਫ਼ਰਿਸ਼ਤਿਆਂ ਰੱਬ ਵੱਲੋਂ,
ਦਹਿਸ਼ਤਨਾਕ ਸਵਾਲ ਸੁਣਾਵਣਾ ਈ ।
ਇਕ ਰੋਜ਼ ਜਹਾਨ ਨੂੰ ਛੱਡ ਜਾਣਾ,
ਤੇਰਾ ਗੋਸ਼ਤ ਕੀੜਿਆਂ ਖਾਵਣਾ ਈ ।

('ਪੰਜ ਗੰਜ' ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੌਲਵੀ ਗ਼ੁਲਾਮ ਰਸੂਲ ਕਿਲ੍ਹਾ ਮੀਹਾਂ ਸਿੰਘ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ