Sukh Brar
ਸੁੱਖ ਬਰਾੜ

ਸੁਖਵੰਤ ਸਿੰਘ ਬਰਾੜ ਅਦਬੀ ਤੇ ਸੰਗੀਤ ਹਲਕਿਆਂ ਵਿੱਚ ਸੁੱਖ ਬਰਾੜ ਦੇ ਨਾਮ ਨਾਲ ਜਾਣਿਆ ਪਛਾਣਿਆ ਜੀਅ ਹੈ। ਮੁਹੱਬਤ ਦਾ ਭਰਪੂਰ ਕਟੋਰਾ। ਮਹਿਕਵੰਤਾ ਕਲਾਮ ਲਿਖਦਾ ਹੈ। ਸਵਰਗਵਾਸੀ ਹੈੱਡ ਮਾਸਟਰ ਸ. ਅਜਮੇਰ ਸਿੰਘ ਬਰਾੜ ਦੇ ਘਰ ਮਾਤਾ ਸਤਿਬਚਨ ਕੌਰ ਬਰਾੜ ਦੀ ਕੁੱਖੋਂ ਪਿੰਡ ਮਹੀਆਂ ਵਾਲਾ ਕਲਾਂ (ਤਹਿਸੀਲ ਜ਼ੀਰਾ) ਜ਼ਿਲਾ ਫੀਰੋਜ਼ਪੁਰ ਚ ਉਹ 31 ਮਾਰਚ 1968 ਨੂੰ ਜਨਮਿਆ। ਬੀ. ਐਸ ਸੀ਼ (ਮੈਡੀਕਲ) ਡੀ. ਏ.ਵੀ. ਚੰਡੀਗੜ੍ਹ ਤੋਂ ਕਰਕੇ ਉਹ ਨਵੰਬਰ 1993 ‘ਚ ਕੈਨੇਡਾ ਪਰਵਾਸ ਕਰ ਗਿਆ। ਮੌਜੂਦਾ ਸਮੇਂ ਉਹ ਕੈਲਗਰੀ (ਕੈਨੇਡਾ) ਚ ਰੀਅਲ ਅਸਟੇਟ ਦਾ ਕਾਰੋਬਾਰ ਕਰਨ ਦੇ ਨਾਲ ਨਾਲ ਸਾਹਿੱਤਕ ਗੀਤਾਂ,ਕਵਿਤਾਵਾਂ ਤੇ ਗ਼ਜ਼ਲਾਂ ਦੀ ਸਿਰਜਣਾ ਕਰ ਰਿਹਾ ਹੈ। ਪਿੰਡ ਬੁੱਟਰ (ਜ਼ਿਲ੍ਹਾ ਮੋਗਾ) ਤੋਂ ਆ ਕੇ ਮੋਗਾ ਵੱਸੇ ਪਰਿਵਾਰ ਚ ਜੰਮੀ ਜਾਈ ਰਮਨਦੀਪ ਕੌਰ ਉਸ ਦੀ ਜੀਵਨ ਸਾਥਣ ਹੈ। ਪਤਨੀ ਸਮੇਤ ਦੋ ਪੁੱਤਰਾਂ ਸੁਮੀਤ ਤੇ ਸਾਹਿਲ ਨਾਲ ਉਹ ਕੈਲਗਰੀ ‘ਚ ਸਫ਼ਲ ਸੰਤੁਲਤ ਜੀਵਨ ਬਸਰ ਕਰ ਰਿਹਾ ਹੈ। ਅਤਿ ਸੁਰੀਲੇ ਗਾਇਕਾਂ ਗਿੱਲ ਹਰਦੀਪ ਤੇ ਕਰਮਜੀਤ ਅਨਮੋਲ ਨੇ ਉਸ ਦੇ ਕੁਝ ਗੀਤ ਗਾਏ ਹਨ। ਕੈਨੇਡਾ ਦੀ ਜ਼ਿੰਦਗੀ ਨੇ ਉਸ ਵਿਚਲੇ ਪੰਜਾਬ ਦਰਦ ਨੂੰ ਹੋਰ ਪਰਚੰਡ ਕੀਤਾ ਹੈ, ਸ਼ਾਇਦ ਤਾਂ ਹੀ ਉਹ ਉੱਠ ਜਾਗ ਪੰਜਾਬ ਸਿੰਹਾਂ ਵਰਗੇ ਗੀਤ ਲਿਖ ਸਕਿਆ ਹੈ। ਆਰ ਪਾਰ, ਪਰਵਾਸ ਤੇ ਕੁਝ ਹੋਰ ਸਾਹਿੱਤਕ ਪਰਚਿਆਂ ਨੇ ਉਸ ਦੇ ਕਲਾਮ ਨੂੰ ਹਮੇਸ਼ਾਂ ਯੋਗ ਥਾਂ ਦਿੱਤੀ ਹੈ। -ਗੁਰਭਜਨ ਗਿੱਲ