ਕਹਾਣੀ ਕੌਣ ਲਿਖੇਗਾ (ਕਹਾਣੀ) : ਅਤਰਜੀਤ

ਸੌ ਕੁ ਬੰਦੇ ਤੇ ਪੰਜ ਛੇ ਔਰਤਾਂ ਹੀ ਜਲੂਸ ਵਿਚ ਸ਼ਾਮਲ ਹੋ ਸਕੇ ਸਨ। ਅਸੀ ਮੂਹਰਲੀਆਂ ਕਤਾਰਾਂ ਵਿਚ ਤੁਰ ਰਹੇ ਸਾਂ। ਅਸੀ ਹੱਥਾਂ ਵਿੱਚ ਫਿਰਕੂ ਸਦਭਾਵਨਾਂ ਦੇ ਨਾਰਿਆਂ ਨਾਲ ਸਜੇ ਮਾਟੋਂ ਅਤੇ ਬੈਨਰ ਚੁੱਕੇ ਹੋਏ ਸਨ । ਕੋਈ ਵੀ ਖਾਲੀ ਹੱਥ ਨਹੀ ਸੀ। ਸਭ ਤੋਂ ਅੱਗੇ ਸਾਡੀ ਸਭਾ ਦਾ ਬੈਨਰ ਸੀ ਜਿਸ ਨੂੰ ਬਾਂਸ ਦੀਆਂ ਸੋਟੀਆਂ ਵਿਚ ਪਾ ਕੇ ਦੋ ਸਾਥੀਆਂ ਨੇ ਉਪਰ ਤਣਿਆ ਹੋਇਆ ਸੀ। ਉਸ ਤੋਂ ਪਿੱਛੇ ਕੁੱਝ ਹੋਰ ਭਰਾਤਰੀ ਜਥੇਬੰਦੀਆਂ ਤੇ ਰਾਜਨੀਤਿਕ ਸਮਾਜ ਸੁਧਾਰਕ ਸੰਸਥਾਵਾਂ ਦੇ ਲੋਕ ਚਲ ਰਹੇ ਸਨ।

ਬੇਬੇ ਧਰਮ ਕੌਰ ਬਹੁਤ ਹੀ ਨਾਟਕੀ ਢੰਗ ਨਾਲ ਜਲੂਸ ਵਿਚ ਸ਼ਾਮਲ ਹੋਈ ਸੀ । ਇਸ ਤੋਂ ਪਹਿਲਾਂ ਸਾਡੀਆਂ ਕਈ ਜਣਿਆਂ ਦੀਆਂ ਨਿਗਾਹਾਂ ਨੇ ਜਲੂਸ ਵਿਚ ਇਕ ਖਾਸ ਕਿਸਮ ਦਾ ਖਾਲੀਪਣ ਵੇਖਿਆ ਸੀ । ਸਾਡੀਆਂ ਕਈ ਜਾਣੂ- ਪਛਾਣੂਆਂ ਦੀਆਂ ਨਿਗਾਹਾਂ ਨੂੰ ਬੇਬੇ ਧਰਮ ਕੌਰ ਦਾ ਵਿਚਕਾਰ ਨਾ ਹੋਣਾ ਖਟਕਿਆ ਸੀ ਤੇ ਖਾਸ ਕਰਕੇ ਫਾਤਮਾ ਬੀਬੀ ਤੇ ਦਰਪੋਤੀ ਤੋਂ ਬਿਨਾ ਜਿਵੇਂ ਜਲੂਸ ਵਿਚ ਰੂਹ ਹੀ ਨਹੀ ਸੀ ਪੈਦਾ ਹੋਈ ।

ਅਸੀਂ ਗਲੀ ਦੇ ਅਖੀਰ ਅਤੇ ਮੁੱਖ ਬਾਜ਼ਾਰ ਦੇ ਆਰੰਭਕ ਦੁਆਰ ਤੇ ਅੱਪੜ ਗਏ ਸਾਂ। ਇਹ ਅਜਿਹੀ ਥਾਂ ਸੀ ਜਿਥੇ ਮਿਊਂਸੀਪੈਲਟੀ ਦੇ ਸਫਾਈ ਸੇਵਕ ਰੇੜੀਆਂ ਉਲਟਾ ਕੇ ਜਾਇਆ ਕਰਦੇ ਸਨ। ਇਹ ਗਲੀ ਇਥੋਂ ਚੌੜੀ ਵੀ ਸ਼ਾਇਦ ਇਸੇ ਕਰਕੇ ਸੀ ਤਾਂ ਜੋ ਸ਼ਹਿਰ ਦੇ ਗੰਦ ਨੂੰ ਇਥੇ ਢੇਰ ਲੱਗਣ ਦੀ ਆਗਿਆ ਮਿਲ ਸਕੇ । ਇਥੇ ਇਕ ਹੋਰ ਗਲੀ ਵੀ ਮਿਲਦੀ ਸੀ ਜਿਧਰੋਂ ਬੇਬੇ ਧਰਮ ਕੌਰ , ਫਾਤਮਾ ਬੀਬੀ , ਦਰੋਪਤੀ ਤੇ ਧਾਗਾ ਫੈਕਟਰੀਆਂ ਦੀਆਂ ਦਰਜਨ ਕੁ ਕੁੜੀਆਂ ਆ ਪਰਗਟ ਹੋਈਆਂ ਸਨ। ਜਦੋਂ ਅਸੀ ਸਾਰੇ ਅੱਗੇ ਅੱਗੇ ਵੱਧਦੇ ਜਾ ਰਹੇ ਸਾਂ ਤਾਂ ਬੇਬੇ ਧਰਮ ਕੌਰ ਨੇ ਸਭ ਨੂੰ ਭਾਵਕ ਕਰ ਦਿੱਤਾ ਸੀ । ਉਹ ਜਲੂਸ ਦੇ ਅੱਗੇ ਖੜੀ ਹੋ ਗਈ ਸੀ । ਅਸੀ ਵੀ ਉਸ ਨੂੰ ਵੇਖ ਕੇ ਰੁਕ ਗਏ ਸਾਂ । ਉਸਨੇ ਕੁੜੀਆਂ ਤੋ ਸੱਜਰੇ ਫੁੱਲਾਂ ਦੇ ਹਾਰ ਫੜ ਕੇ ਸਾਡੇ ( ਜੋ ਜਲੂਸ ਦੀ ਅਗਵਾਈ ਕਰ ਰਹੇ ਸਨ , ਗਲਾਂ ਵਿੱਚ ਪਾ ਦਿੱਤੇ ਸਨ। ਉਸਦੀਆਂ ਗੱਲਾਂ ਤੇ ਹੰਝੂ ਵਹਿ ਤੁਰੇ ਸਨ ਤੇ ਉਸ ਦੀ ਠੋਡੀ ਤੇ ਬੁੱਲ ਕੰਬ ਰਹੇ ਸਨ ।

“ ਪਿਆਰੇ ਦੋਸਤੋ, ਤੁਸੀ ਇੰਨੀ ਜਲਦੀ ਇੰਨਾਂ ਅੱਖਾਂ ਵਿਚ ਛਲਕਦੀ ਕਹਾਣੀ ਨੂੰ ਪੜ ਨਹੀ ਸਕਦੇ , ਇਸ ਵਾਸਤੇ ਬਹੁਤ ਜਿਗਰੇ ਅਤੇ ਸਮੇਂ ਦੀ ਲੋੜ ਹੈ ।” ਇਹ ਸ਼ਬਦ ਪਤਾ ਨੀ ਕਿਸ ਨੇ ਆਖੇ ਸੀ - ਪਰ ਇੰਨਾਂ ਸ਼ਬਦਾਂ ਦੀ ਗੂੰਜ ਮੈਂ ਸੁਣੀ ਜ਼ਰੂਰ ਸੀ । ਇਹ ਸੱਚ ਸੀ ਕਿ ਉਸਦੀਆਂ ਅੱਖਾਂ ਵਿਚ ਛਲਕਦੀ ਕਹਾਣੀ ਨੂੰ , ਇੰਨਾਂ ਜਲਦੀ ਕੋਈ ਵੀ ਨਹੀ ਸੀ ਪੜ ਸਕਦਾ । ਸਭ ਨੇ ਜੋ ਵੇਖਿਆ ਸੀ , ਉਹ ਇਹੀ ਸੀ ਕਿ ਉਸਦੀਆਂ ਗੱਲਾਂ ਤੇ ਕੋਸੇ ਤੇ ਖਾਰੇ ਹੰਝੂ ਲਟਕੇ ਹੋਏ ਸਨ ਤੇ ਸ਼ਾਇਦ ਕੁੜੀਆਂ ਨੇ ਆਪਣੇ ਗਲਾਂ ਦੁਆਲੇ ਬੇਬੇ ਦੇ ਹੱਥਾਂ ਦੀ ਛੂਹ ਵੀ ਅਨੁਭਵ ਕੀਤੀ ਸੀ । ਉਹ ਪਿੱਛੇ ਹਟ ਗਈ ਸੀ ਤੇ ਡੁੱਬ-ਡੁੱਬਾਈਆਂ ਨਜ਼ਰਾਂ ਨਾਲ ਸਾਡੇ ਵੱਲ ਵੇਖਦੀ ਰਹੀ ਸੀ। ਫਾਤਮਾ ਬੀਬੀ , ਜਿਸ ਦੇ ਗੋਰੇ ਚਿਹਰੇ ਵਿੱਚ ਲਾਲੀ ਦੀ ਕੁਦਰਤੀ ਭਾਹ ਸੀ ਤੇ ਕਣਕ- ਵੰਨੇਂ ਰੰਗ ਵਾਲੀ ਦਰੋਪਤੀ ਉਸਦੇ ਸੱਜੇ ਖੱਬੇ ਸੱਜਰੇ ਫੁੱਲਾਂ ਦੇ ਹਾਰ ਲਈ ਖੜੀਆਂ ਸਨ। ਬੇਬੇ ਧਰਮ ਕੌਰ ਦੁਹਾਂ ਬੁੱਲਾਂ ਨਾਲ ਫੁੱਲ- ਪੱਤੀਆਂ ਮੁਜਾਹਰਾਕਾਰੀਆਂ ਉੱਤੇ ਵਰਸਾਉਣ ਲੱਗ ਪਈ ਸੀ ।

“ ਬੇਬੇ ਭਾਵਕ ਹੋ ਗਈ ਹੈ ਂ।” ਕਿਸੇ ਨੇ ਪਿੱਛੋਂ ਕਿਹਾ-“ਉਹ ਭਾਵਕ ਹੋਏ ਬਿਨਾਂ ਰਹਿ ਵੀ ਨਹੀ ਸਕਦੀ ਸਾਥੀ, ਨਾਲੇ ਇਹੋ ਜਿਹੇ ਮੌਕੇ ਤੇ ਭਾਵਕ ਹੋਣਾ ਵੀ ਚਾਹੀਦਾ ਹੈ ।” ਮੈਂ ਉਸ ਨੂੰ ਨਵਾਂ ਮੌੜ ਦਿੰਦਿਆਂ ਕਿਹਾ ,” ਜੇ ਕਰ ਇਸ ਭਾਵਕਤਾਵਿੱਚ ਨੇਕੀ, ਹੱਕ-ਸੱਚ ਤੇ ਇੰਨਸਾਫ ਦੀ ਭਾਵਨਾਂ ਰਲੀ ਹੋਵੇ ।”

“ਖੂਬ।” ਪਰਮੇਸ਼ਰ ਸਿੰਘ, ਜਿਸ ਨੇ ਪੀਲੀ ਫਿਫਟੀ ਦੇ ਉੱਤੇ ਕਾਲੀ ਪਗੜੀ ਚਿਣ ਚਿਣ ਕੇ ਬੰਨੀ ਹੋਈ ਸੀ , ਨੇ ਵੀ ਭਾਵਕਤਾ ਵੱਸ, ਮੁੱਕੀ ਹਵਾ ਵਿਚ ਉਲਾਰਦਿਆਂ ਕਿਹਾ ਸੀ । ਮੈਂ ਹੁਣ ਉਸਦੀ ਕੰਘੇ ਨਾਲ ਵਾਹੀ ਭਰਵੀਂ ਤੇ ਸੁਹਣੀ ਦਾਹੜੀ ਵੱਲ ਵੇਖਿਆ । ਉਹ ਕਿਸੇ ਬਰਾਬਰ ਤੁਰ ਰਹੇ ਸਾਥੀ ਨੂੰ ਸੰਬੋਧਨ ਕਰ ਕੇ ਕਹਿ ਰਿਹਾ ਸੀ - “ ਸਾਥੀ ! ਤੈਨੂੰ ਪਤੈ ਇਸ ਘਟਨਾ ਦਾ ਰਾਜ ਕੀ ਹੈ ?”

“ ਸਿੰਘ ਸਾਹਿਬ ! ਇਹ ਗੱਲਾਂ ਫੇਰ ਕਰਾਂਗੇ। ਮੈਂ ਆਪਣੀ ਫਰ ਦੀ ਟੋਪੀ ਲਾਹ ਕੇ ਹੱਥ ਵਿਚ ਫੜ ਕੇ ਹਵਾ ਵਿੱਚ ਲਹਿਰਾਈ -‘ ਹਿੰਦੂ , ਮੁਸਲਿਮ, ਸਿੱਖ , ਇਸਾਈ ।’ ਸਾਰਿਆਂ ਨੇ ਇਕ ਸੁਰ ਹੋ ਕੇ ਜਵਾਬ ਦਿੱਤਾ’ ਅਸੀ ਹਾਂ ਸਾਰੇ ਭਾਈ ਭਾਈ ।’

ਜਲੂਸ ਅੱਗੇ ਤੁਰ ਪਿਆ ।ਬੀਬੀ ਫਾਤਮਾ ਅਤੇ ਦਰੋਪਤੀ ਨੇ ਸਾਡੇ ਵਾਲਾ ਬੈਨਰ ਫੜ ਲਿਆ । ਉਨਾਂ ਦੇ ਮਗਰ ਹੋਰ ਬੀਬੀਆਂ ਅਤੇ ਉਨਾ ਤੋਂ ਮਗਰੋਂ ਅਸੀ ਬੇਬੇ ਧਰਮ ਕੌਰ ਇਕ ਪਾਸੇ ਤੁਰ ਰਹੀ ਸੀ ।

ਉਹ ਦਰਮਿਆਨੇ ਜੇਹੇ ਸਰੀਰ ਤੇ ਕੱਦ ਵਾਲੀ ਪੰਜਾਹ ਪਚਵੰਜਾ ਨੂੰ ਢੁੱਕੀ ਹੋਈ ਔਰਤ ਸੀ । ਪਰ ਡੀਲ ਡੌਲ ਤੇ ਰੰਗ ਰੂਪ ਪੱਖੋਂ ਉਹ ਅਜੇ ਚਾਲੀਆਂ ਕੁ ਦੀ ਲੱਗਦੀ ਸੀ । ਉਸਦੇ ਸਿਰ ਵਿੱਚ ਹਾਲੇ ਕੋਈ ਬਹੁਤੇ ਧੌਲੇ ਨਹੀ ਸਨ ਆਏ । ਉਸ ਦੇ ਰੰਗਵਿਚ ਅਜੇ ਵੀ ਗੁਲਾਬੀ ਭਾਹ ਕਾਇਮ ਸੀ ਤੇ ਪਤਲੇ ਬੁੱਲਾਂ ਵਿਚ ਅਜੇ ਵੀ ਗੁਲਾਬੀ ਫੁੱਲਾਂ ਜਿਹੀ ਰੰਗਤ ‘ਤੇ ਮਹਿਕ ਸੀ । ਉਸ ਬਾਰੇ ਬਹੁਤੇ ਲੋਕਾਂ ਨੂੰ ਏਦੂੰ ਵੱਧ ਕੁਝ ਵੀ ਪਤਾ ਨਹੀ ਸੀ ਕਿ ਉਹ ਇਸੇ ਸ਼ਹਿਰ ਦੀ ਇੱਕ ਸੁੰਨੀ ਜਿਹੀ ਨੁੱਕਰ ਵਿਚ ਰਹਿੰਦੀ ਹੈ ਤੇ ਉਸਦੇ ਜਾਣੂ -ਪਛਾਣੂ ਤੇ ਗਲੀ ਮੁਹੱਲੇ ਦੇ ਤੀਵੀਆਂ -ਮਰਦ ਉਸ ਨੂੰ ਬੇਬੇ ਕਹਿ ਕੇ ਬੁਲਾਉਂਦੇ ਸਨ । ਜਿਸਬੱਚੇ ਦੀ ਜੁਬਾਨ ਤੇ ਮਾਂ ਬੋਲੀ ਪੰਜਾਬੀ ਦਾ ਪਹਿਲਾ ਸ਼ਬਦ ਥਰਕਿਆ ਹੋਵੇਗਾ-ਉਸਨੇ ਵੀ ਉਸਨੂੰ ਬੇਬੇ ਕਹਿ ਕੇ ਬੁਲਾਇਆ ਹੋਵੇਗਾ । ਉਹ ਪਰਮੇਸ਼ਰ ਸਿੰਘ, ਫਾਤਮਾ ਬੀਬੀ, ਦਰੋੋਪਤੀ ,ਰਾਮ ਚੰਦ,ਤੇਅੱਲਾ ਦੀਨ ਸਭ ਦੀ ਬੇਬੇ ਸੀ।

ਉਹ ਰੋਜ ਸਵੇਰੇ ਉੱਠਦੀ ਸੀ ਤੇ ਆਪਣੇ ਬੇਟੇ ਬੇਟੀਆਂ ਨੂੰ ਜਗਾਉਂਦੀ ਸੀ । ਉਹ ਸਾਰਿਆਂ ਨੂੰ ਗੁਰਦੁਆਰੇ, ਮੰਦਰ,ਮਸੀਤ ਤੇ ਸਾਰੀਂ ਦੀ ਦਰਗਾਹ ਵੱਲ ਤੋਰਦੀ ਸੀ। ਗੁਰਦੁਆਰਿਓ ਂ ਆਇਆ ਭੋਗ, ਮੰਦਰੋਂ ਆਈਆਂ ਖਿੱਲਾਂ ਤੇ ਦਰਗਾਹ ਤੋਂ ਆਏ ਪਤਾਸੇ ਉਹ ਆਪਣੇ ਹੱਥੀਂ ਸਭ ਨੂੰ ਵਰਤਾਉਂਦੀ ਸੀ । ਕਈ ਵਾਰ ਆਪ ਵੀ ਉਨਾਂ ਨਾਲ ਚਲੀ ਜਾਂਦੀ ਸੀ ।

ਜਲੂਸ ਅੱਗੇ ਅੱਗੇ ਤੁਰਿਆ ਜਾਂਦਾ ਸੀ । ਸਵਾ ਕੁ ਸੌ ਲੋਕਾਂ ਦਾ ਇੱਕ ਨਿੱਕਾ ਜਿਹਾ ਕਾਫਲਾ , ਗਲੀਆਂ- ਬਾਜ਼ਾਰਾਂ ਵਿਚੋਂ ਦੀ ਨਾਰੇ ਮਾਰਦਾ ਅੱਗੇ ਵਧ ਰਿਹਾ ਸੀ -ਹਿੰਦੂ ,ਮੁਸਲਿਮ ,ਸਿੱਖ ,ਇਸਾਈ , ਅਸੀਂ ਹਾਂ ਸਾਰੇ ਭਾਈ ਭਾਈ ।” ਬੇਬੇ ਹੁਣ ਵੀ ਇੱਕ ਪਾਸੇ ਤੁਰ ਰਹੀ ਸੀ । ਗਾਤਰੇ ਪਾਈ ਕਿਰਪਾਨ ਉਸਦੇ ਆਪਣੇ ਹੀ ਹੱਥ ਨਾਲ ਕਦੇ ਕਦਾਈਂ ਅੱਗੇ ਪਿੱਛੇ ਝੂਲ ਜਾਂਦੀ ਸੀ । ਕਦੇ ਕਦਾਈਂ ਉਹ ਕਿਸੇ ਅਨੋਖੇ ਜਿਹੇ ਰੰਗ ਵਿਚ ਆ ਜਾਂਦੀ - ਕਦੀ ਵਿਸਮਾਦ ਵਿਚ ਆ ਕੇ ਅੱਖਾਂ ਮੀਟ ਲੈਂਦੀ । ਬੂਹਿਆਂ ਅੱਗੇ ਜਾਂ ਕੋਠਿਆਂ ਦੀਆਂ ਛੱਤਾਂ ਤੇ ਖੜੇ ਲੋਕਾਂ ਨੂੰ ਉਹ ਇਕੋ ਵਾਰ ਹੱਥ ਜੋੜ ਕੇ ਫਤਹਿ ਬੁਲਾਉਂਦੀ , ਨਮਸਕਾਰ ਕਰਦੀ , ਸਿਜਦਾ ਕਰਦੀ ਤੇ ਆਸਮਾਨ ਵੱਲ ਹੱਥ ਫੈਲਾ ਕੇ ਦੁਆ ਕਰਦੀ । ਬੇਬੇ ਦੀ ਇਸ ਵਿਉਂਤਬੰਦੀ ਦਾ ਕੇਵਲ ਉਸੇ ਨੂੰ ਹੀ ਪਤਾ ਸੀ।

ਪੀਲੇ, ਲਾਲ ਤੇ ਹਰੇ ਝੰਡਿਆਂ ਵਾਲਾ ਇਹ ਛੋਟਾ ਜਿਹਾ ਜਲੂਸ ਅੱਗੇ ਤੁਰਦਾ ਜਾ ਰਿਹਾ ਸੀ।

“ਹੁਣ ਤਾਂ ਖੁਸ਼ ਏ ਅੱਲਾਦੀਨ?” ਰਾਮ ਚੰਦ ਨੇ ਖੁਸ਼ੀ ਵਿੱਚ ਅਤੇ ਮਾਣ ਵਿੱਚ ਵਰਾਛਾਂ ਫੈਲਾਉਂਦਿਆਂ ਮੇਰੇ ਵੱਲ ਵੇਖ ਕੇ ਕਿਹਾ।

“ ਹੁਣ ਤਾਂ ਇਉਂ ਜਾਪਦਾ ਹੈ ਜਿਵੇਂ ਸਾਡੀ ਗਿਣਤੀ ਦਸ ਗੁਣਾ ਹੋ ਗਈ ਹੈ।” ਮੈਂ ਸੱਚੇ ਦਿਲੋਂ ਆਪਣੇ ਅੰਦਰਲੇ ਭਾਵ ਪਰਗਟ ਕੀਤੇ ਸਨ । ਅੱਗੇ ਅੱਗੇ ਜਾ ਰਹੇ ਸਪੀਕਰ ‘ਚੋਂ ਆਵਾਜ਼ ਆ ਰਹੀ ਸੀ ਸਾਰੇ ਸ਼ਹਿਰ ਨਿਵਾਸੀਆਂ ਅਤੇ ਸੜਕ ਉੱਤੇ ਖੜੋਤੇ ਸਭ ਭੈਣ- ਭਰਾਵਾਂ ਤੇ ਬਜੁਰਗਾਂ ਨੂੰ ਬੇਨਤੀ ਹੈ ਕਿ ਉਹ ਇਸ ਸਾਂਝੇ ਜਲੂਸ ਦੀ ਰੋਣਕ ਵਧਾਉਣ ਲਈ ਜਲੂਸ ਵਿੱਚ ਸ਼ਾਮਲ ਹੋ ਜਾਣ ਤਾਂ ਜੋ ਅਸੀ ਇਕ ਸ਼ੁਰੂ ਹੋ ਕੇ ਦੱਸ ਸਕੀਏ ਕਿ ਸਾਡੀ ਫਿਰਕੂ ਸਦਭਾਵਨਾ ਤੇ ਏਕਤਾ ਨੂੰ ਕੋਈ ਖੋਹ ਨਹੀ ਸਕਦਾ ।

ਪਰ ਲੋਕ ਸਨ , ਤਮਾਸ਼ਾਬੀਨਾਂ ਦੀ ਤਰਾਂ ਮੂੰਹ ਚੁੱਕ ਚੁੱਕ ਵੇਖੀ ਜਾ ਰਹੇ ਸਨ। ਕੁਝ ਲੋਕ ਸਾਡੇ ਮਗਰ ਵੀ ਤੁਰੇ ਸਨ ਪਰ ਜਲੂਸ ਤੋਂ ਕਾਫੀ ਪਿੱਛੇ ਰਹਿ ਕੇ ਚਲ ਰਹੇ ਸਨ । ਜਿਵੇਂ ਕਿਤੇ ਨੇੜੇ ਆਉਣ ਨਾਲ ਉਨਾਂ ਨੂੰ ਕੋਈ ਛੂਤ ਦਾ ਰੋਗ ਚਿੰਬੜਨ ਦਾ ਡਰ ਹੋਵੇ ਜਾਂ ਕਿਸੇ ਅੱਤਵਾਦੀ ਤਾਕਤ ਤੋਂ ਤਰਾਹੇ ਹੋਏ ਉਸ ਦੀਆਂ ਨਜ਼ਰਾਂ ਵਿੱਚ ਨਾ ਚੜਨਾਂ ਚਾਹੁੰਦੇ ਹੋਣ ।

ਫਾਤਮਾ ਤੇ ਦਰੋਪਤੀ ਸਾਡੀ ਸਭਾ ਵਾਲਾ ਬੈਨਰ ਚੁੱਕੀ ਸਭ ਤੋਂ ਅੱਗੇ ਜਾ ਰਹੀਆਂ ਸਨ। ਬੇਬੇ ਧਰਮ ਕੌਰ ਦੇ ਜੀ ਵਿੱਚ ਪਤਾ ਨਹੀ ਕੀ ਆਇਆ , ਉਸ ਨੇ ਮੇਰੇ ਕੋਲ ਸਾਡੇ ਦੀਨ ਦਾ ਹਰਾ ਝੰਡਾ ਫੜ ਲਿਆ ।

“ਤੁਸੀ ਕੇਸਰੀ ਝੰਡਾ ਫੜੋ ਮਾਂ ਜੀ “ ਮੈਂ ਅਰਜ਼ ਕੀਤੀ ।

‘ਰੰਗਾ ਵਿਚ ਕੀ ਪਿਆ ਹੈ ਅੱਲਾ ਦੀਨ ਪੁੱਤਰ।’ ਬੇਬੇ ਨੇ ਗਾਤਰਾ ਠੀਕ ਕਰਕੇ ਝੰਡਾ ਮੇਰੇ ਕੋਲੋ ਛੁਡਾ ਲਿਆ -‘ਕੇਸਰੀ ਝੰਡਾ ਤੇਰੇ ਹੱਥਾਂ ਵਿਚ ਸੁਹਣਾ ਲੱਗੇਗਾ।’ ਇਸ ਤਰਾਂ ਝੰਡੇ ਤਬਦੀਲ ਕਰਨ ਨਾਲ ਮੇਰੇ ਅੰਦਰ ਜਜ਼ਬਿਆਂ ਦਾ ਇਕ ਹੜ ਹੀ ਆ ਗਿਆ ਸੀ । ਖੁਸ਼ੀ ਦੇ ਮਾਰੇ ਮੇਰੀਆਂ ਅੱਖਾਂ ਵਿਚ ਅੱਥਰੂ ਟੱਪਕ ਪਏ ਸਨ। ਜਦੋਂ ਬੇਬੇ ਦੇ ਕਹਿਣ ‘ਤੇ ਪਰਮੇਸ਼ਰ ਸਿੰਘ ਨੇ ਕੇਸਰੀ ਝੰਡਾ ਮੈਨੂੰ ਦੇ ਦਿੱਤਾ। ਮੈਂ ਫਰ ਵਾਲੀ ਟੋਪੀ ਸਿਰ ‘ਤੇ ਰੱਖੀ ਤੇ ਕੇਸਰੀ ਨਿਸ਼ਾਨ ਨੂੰ ਮੱਥੇ ਨਾਲ ਲਾ ਲਿਆ । ਪਰਮੇਸ਼ਰ ਸਿੰਘ ਨੇ ਬੇਬੇ ਕੋਲੋਂ ਹਰਾ ਝੰਡਾ ਫੜ ਲਿਆ ਤੇ ਉਸਨੂੰ ਚੁੰਮ ਕੇ ਸਿਜਦਾ ਕੀਤਾ । ਇਕ ਵਾਰ ਫੇਰ ਜਜ਼ਬਿਆਂ ਦੀ ਰੋਂਅ ਮੇਰੀ ਕੰਗਰੋੜ ਵਿਚੀਂ ਗੁਜ਼ਰ ਗਈ ਜਿਸ ਦੀ ਕੰਬਣੀ ਮੈਂ ਸਿਰ ਤੋਂ ਪੈਰਾਂ ਤੱਕ ਮਹਿਸੂਸ ਕੀਤੀ।

ਮੈਨੂੰ ਤੁਰੇ ਜਾਂਦਿਆਂ ਹੀ ਯਾਦ ਆਇਆ ਜਦੋਂ ਇਕ ਦਿਨ ਬੇਬੇ ਨੇ ਸਾਈਂ ਂ ਮੀਆਂ ਮੀਰ ਵਲੋਂ ਹਰਮਿੰਦਰ ਦੀ ਨੀਂਹ ਰੱਖੇ ਜਾਣ ਵਾਲੀ ਸਾਖੀ ਸੁਣਾਈ ਸੀ। ਬੇਬੇ ਦਾ ਸਿੱਖੀ ਇਤਿਹਾਸ ਬਾਰੇ ਹੀ ਕਾਫੀ ਗਿਆਨ ਨਹੀ ਸੀ , ਉਹ ਹੋਰ ਧਰਮਾਂ ਬਾਰੇ ਵੀ ਬਹੁਤ ਕੁੱਝ ਜਾਣਦੀ ਸੀ ।

ਬਾਜ਼ਾਰ ਵਿਚੋਂ ਇਕ ਥਾਂ ਤੋਂ ਪੰਜ ਸੱਤ ਜਣੇ ਸਾਡੇ ਨਾਲ ਹੋਰ ਸ਼ਾਮਲ ਹੋ ਗਏ। ਉਸ ਤੋਂ ਅੱਗੇ ਜਾ ਕੇ ਕੁੱਝ ਅਧਿਆਪਕ, ਵਿਦਿਆਰਥੀ ਤੇ ਹੋਰ ਵਰਗਾਂ ਦੇ ਪੰਜਾਹ ਕੁ ਜਣੇ ਸਾਡੇ ਨਾਲ ਹੋਰ ਰਲ ਗਏ। ਸਾਡੇ ਹੋਂਸਲੇ ਹੋਰ ਬੁਲੰਦ ਹੋ ਗਏ। ਨਾਹਰੇ ਹੋਰ ਉਚੀ ਆਵਾਜ਼ ਵਿਚ ਗੂੰਜਣ ਲੱਗੇ “ਹਿੰਦੂ, ਮੁਸਲਿਮ, ਸਿੱਖ, ਇਸਾਈ ਏਕਤਾ ਜਿੰਦਾਬਾਦ। ਅਗੋਂ ਦੋ ਵਾਰ ਜ਼ਿੰਦਾਬਾਦ!ਜ਼ਿੰਦਾਬਾਦ !! ਦਾ ਜਵਾਬ ਖਾਸ ਕਿਸਮ ਦੀ ਸੰਗੀਤਮਈ ਲੈਅ ਤੇ ਜੋਸ਼ ਉਤਪੰਨ ਕਰ ਗਿਆ।

ਰਸਤੇ ਵਿਚ ਕੀਤੇ ਗਏ ਪੜਾਵਾਂ ‘ਤੇ ਕੁੱਝ ਬੁਲਾਰੇ ਬੋਲੇ। ਬੇਬੇ ਨੇ ਵੀ ਸੰਬੋਧਨ ਕੀਤਾ। ਬੇਬੇ ਨੇ ਦੇਸ਼ ਦੀ ਅਖੰਡਤਾ ਤੇ ਫਿਰਕੂ ਸਦਭਾਵਨਾ ਬਾਰੇ ਭਾਵਪੂਰਤ ਸ਼ਬਦ ਆਖੇ। ਖਾਸ ਕਰਕੇ ਉਦੋਂ ਬਹੁਤ ਲੋਕਾਂ ਦੀਆਂ ਅੱਖਾਂ ਸੇਜਲ ਹੋ ਗਈਆਂ ਜਦੋਂ ਉਸਨੇ ਆਪਣੇ ਪਿੰਡੇ ਨਾਲ, ਸੰਤਾਲੀ ਦੀ ਵੰਡ ਸਮੇਂ ਦੇ ਹੰਢਾਏ ਸਦਮੇਂ ‘ਤੇ ਤਸੀਹੀਆ ਦਾ ਸੰਖੇਪ ਜਿਹਾ ਜ਼ਿਕਰ ਕੀਤਾ,

“ਤੁਸੀ ਉਹ ਸਮਾਂ ਵੇਖਿਆ ਨਹੀ ਪੁੱਤਰੋ!ਤੁਹਾਡੇ ਚੋਂ ਕੁਝ ਵਡੇਰੀ ਉਮਰ ਦੇ ਲੋਕਾਂ ਨੂੰ ਥੋੜਾ ਬਹੁਤ ਯਾਦ ਹੋਵੇਗਾਕਿਵੇਂ ਭਰਾਵਾਂ ਨੇ ਭਰਾਵਾਂ ਦੇ ਖੂਨ ਵਹਾਏ ਤੇ ਆਪਣੀਆਂ ਹੀ ਭੈਣਾ ਦੀਆਂ ਇੱਜਤਾਂ ਨਾਲ ਖੇਡੇ। ਮੈਂ ਕਹਿਨੀ ਆਂ ਜੇ ਤੁਸੀ ਵੇਖ ਲੈਦੇ ... ਤੇ ਜੇ ਅੱਜ ਉਹੋ ਜਿਹਾ ਕੁਝ ਹੋ ਜਾਵੇ ਤਾਂ ਤੁਹਾਡੇ ਸਭ ਦੇ ਕਲੇਜੇ ਪਾਟ ਜਾਣਗੇ .... ਮੈਨੂੰ ਵਿਸ਼ਵਾਸ ਹੈ ...ਮੈਂ ਜਾਣਦੀ ਹਾਂ , ਤੁਸੀ ਉਹ ਕੁਝ ਨਹੀ ਹੋਣ ਦਿਉਗੇ।”ਜਲੂਸ ਅੱਗੇ ਤੁਰ ਪਿਆ ਸੀ ਨਾਰੇ ਗੁਜਾਉਂਦਾ। ਮੈਨੂੰ ਤੇ ਰਾਮ ਚੰਦ ਨੂੰ ਬਾਜ਼ਾਰ ਵਿਚਲੇ ਲੋਕਾਂ ਤੇ ਗੁੱਸਾ ਆ ਰਿਹਾ ਸੀ ।

“ਗਿੱਦੜ ਦੀ ਔਲਾਦ ਨੇ ਇਹ। ਸਮਝੇ ਮੈਂ ਕੀ ਕਿਹਾ ਹੈ?” ਰਾਮ ਚੰਦ ਤੋਂ ਰਿਹਾ ਨਾ ਗਿਆ ਮੈਂ ਆਪਣੇ ਬੁੱਲਾਂ ਤੇ ਉੰਗਲ ਰੱਖ ਕੇ ‘ਹਿਸ਼ਤ’ ਕਹਿ ਕੇ ਉਸ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਪਰ ਉਹ ਚੁੱਪ ਹੋਣ ਦੀ ਬਜਾਏ ਆਪਣੇ ਸ਼ਬਦਾਂ ਦੀ ਵਿਆਖਿਆ ਵਿਚ ਪੈ ਗਿਆ ‘ਹਾਂ ਬਿਲਕੁਲ ਗਿੱਦੜ ਦੀ ਔਲਾਦ ਨੇ ਸਾਥੀ । ਕੀ ਤੁਸੀ ਸਮਝਦੇ ਹੋ ਕਿ ਇੰਨਾ ਨੂੰ ਇਸ ਵਿਚ ਆਪਣਾ ਹਿੱਤ ਨਜ਼ਰ ਨਹੀ ਆਉਂਦਾ ?’

“ਨਹੀ! ਸਾਥੀਆ ਨਹੀ ! ਭਾਵਕ ਨਾ ਹੋ । ਉਹ ਵੀ ਸਮਾਂ ਆਵੇਗਾ- ਜ਼ਰੂਰ ਆਵੇਗਾ ਜਦ ਇਹ ਲੋਕ ਆਪਣੇ ਨਾਲ ਤੁਰਨਗੇ ।”

“ਕਦੇ ਵੀ ਨਹੀ -ਦੁਨੀਆਂ ਇੱਧਰ ਤੋਂ ਉਧਰ ਹੋ ਜਾਵੇ , ਇਹ ਨਹੀ ਤੁਰਨਗੇ ਤੁਹਾਡੇ ਨਾਲ।”

“ਅਸੀਂ ਆਪਣੇ ਕਿਸੇ ਪ੍ਰੋਗਰਾਮ ਨੂੰ ਇੰਨਾਂ ਦੀ ਸੋਚ ਦਾ ਹਿੱਸਾ ਬਣਾਉਣ ਸਮਰੱਥ ਹੀ ਕਦੋਂ ਹੋਏਂ ਆਂ । ਇੰਨਾਂ ਦਾ ਕਸੂਰ ਨਹੀ । ਹਾਲੇ ਗਰੀਬ ਲੋਕ ਵੀ ਸਾਡੇ ਨਾਲ ਕਿੰਨਾਂ ਕੁ ਜੁੜੇ ਨੇ ?”

ਮੇਰਾ ਰੋਂਅ ਉਦੋਂ ਹੀ ਬਦਲਿਆ ਜਦੋਂ ਅਸੀ ਗੁਰੂ ਨਾਨਕ ਧਾਗਾ ਫੈਕਟਰੀ ਦੇ ਕਾਮੇ ਵੀ ਸਾਡੇ ਸੁਆਗਤ ਲਈ ਗੇਟ ਤੇ ਆ ਕੇ ਹਿੰਦੂ ਸਿੱਖ ਏਕਤਾ ਦੇ ਨਾਰੇ ਲਾਉਣ ਲੱਗ ਪਏ । ਫੈਕਟਰੀ ਦਾ ਮੈਨੇਜ਼ਰ , ਠੇਕੇਦਾਰ ਇੱਥੋਂ ਤੱਕ ਕਿ ਕਾਲੀ ਪੱਗ ਦੇ ਉਪਰਲੇ ਲੜ ਵਿਚ ਲਿਸ਼ਕਵਾਂ ਪੰਨਾ ਵਿਖਾਉਂਦਾ , ਫੈਕਟਰੀ ਦਾ ਮਾਲਕ ਗੁਰਕਿਰਪਾਲ ਸਿੰਘ ‘ਅਨੰਦ’ ਤਿੰਨ ਚਾਰ ਬੰਦੂਕ ਧਾਰੀਆਂ ਸਮੇਤ ਆ ਧਮਕੇ -

“ਸਾਥੀ ਕਾਮਿਓ !ਇਹ ਨਾਸਤਕ ਲੋਕ ਨੇ ਜੋ ਦੇਸ਼ ਦਾ ਅਮਨ- ਅਮਾਨ ਵਿਗਾੜ ਰਹੇ ਹਨ “- ਗੁਰਸਿੱਖੀ ਵਿੱਚ ਸੰਪੂਰਨ ਗੁਰਇਕਬਾਲ ਸਿੰਘ ‘ਅਨੰਦ’ ਕਾਮਿਆਂ ਨੂੰ ਸੰਬੋਧਨ ਕਰਨ ਲੱਗੇ ।” ਤੁਸੀ ਵਾਪਿਸ ਕੰਮ ਤੇ ਚਲੇ ਜਾਓ.... ਨਹੀਂਤਾਂ ਅੱਜ ਦੀ ਤਨਖਾਹ ਵੀ ਨਹੀ ਮਿਲੇਗੀ ਤੇ ਕੰਮ ਤੋਂ ਵੀ ਛੁੱਟੀ ਕਰ ਦਿੱਤੀ ਜਾਵੇਗੀ ।”

ਕਾਮੇਂ, ਜਿੰਨਾਂ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਵੀ ਸਨ ਇਕ ਸੁਰ ਹੋ ਕੇ ਏਕਤਾ ਦੇ ਨਾਰੇ ਗੁਜਾਉਣ ਲੱਗੇ । ਬੇਬੇ ਥੋੜੇ ਹੀ ਸਮੇਂ ਵਿੱਚ ਸਪੀਕਰ ਤੱਕ ਅੱਪੜ ਗਈ । ਉਸਨੇ ਰਿਕਸ਼ੇ ਵਿੱਚ ਬੈਠੇ ਮੁੰਡੇ ਤੋਂ ਮਾਇਕ ਫੜ ਲਿਆ -“ ਤੁਸੀਂ ਤਾਂ ਆਸਤਕ ਲੋਕ ਓ ਨਾਂ?” ਬੇਬੇ ਨੇ ਬੋਲਣਾ ਸ਼ੁਰੂ ਕੀਤਾ-“ ਜੇ ਤੁਸੀਂ ਆਸਤਕ ਓ ਤਾਂ ਫੜੋ ਆਹ ਕੇਸਰੀ ਨਿਸ਼ਾਨ , ਆਹ ਲਾਲ ਨਿਧਾਨ ਤੇ ਆਹ ਹਰਾ ਨਿਸ਼ਾਨ ।”

ਉਹ ਲਪਕ ਕੇ ਸਾਡੇ ਤਿਹਾਂ ਕੋਲੋ ਝੰਡੇ ਫੜ ਕੇ ਉਨਾਂ ਵੱਲ ਵਧੀ “ਫੜੋ ਆਹ ਝੰਡੇ! ਕਰੋ ਦਲੇਰੀ ! ਗੱਲੀਂ ਗੱਲੀਂ ਆਸਤਕ ਨਹੀ ਬਣਿਆ ਜਾਦਾਂ ‘ਗੁਰਮੁੱਖੋ!’ ਦੋ ਮਿੰਟ ਉਥੇ ਰੁਕਣ ਮਗਰੋਂ ਬੇਬੇ ਸਾਡੇ ਵੱਲ ਮੁੜ ਆਈ -“ਨਹੀਂ ਤੁਸੀਂ ਇਹ ਨਹੀ ਕਰ ਸਕਦੇ ! ਤੁਹਾਡੇ ਸੀਨੇ ਵਿਚ ਉਹ ਦਿਲ ਨਹੀ ਹੈ। ਤੁਸੀਂ ਤਾਂ ਬੱਸ ਅੱਗਾਂ ਲਾ ਸਕਦੇ ਹੋ.. ਅੱਗਾਂ ਬੁਝਾਉਣ ਦੀ ਤੁਹਾਡੇ ਵਿਚ ਹਿੰਮਤ ਕਿੱਥੇ ... ਜੋ ਦੀਨ ਬੰਧੂ ਬਣ ਸਕੇ । ਤੁਸੀਂ ਲੋਕ ਨਹੀਂ ਬਣ ਸਕਦੇ ... ਕਦੇ ਵੀ ਨਹੀਂ ।’

ਬਸ ਫੇਰ ਕੀ ਸੀ ?- ਫੁੱਟ ਪਾਉ ਤਾਕਤਾਂ ਵਿਰੋਧੀ ਨਾਹਰੇ ਲੱਗੇ। ਸਾਮਰਾਜੀ ਤਾਕਤਾਂ ਦੀ ਖਿਹ ਉੱਡਣ ਲੱਗੀ ।

‘ਹਿੰਦੂ - ਮੁਸਲਿਮ - ਸਿੱਖ- ਇਸਾਈ । ਇਕ ਪਾਸੇ ਨਾਰਾ ਗੂੰਜਿਆ। ‘ਸਾਰੇ ਕਿਰਤੀ ਭਾਈ ,ਭਾਈ ।’ ਨਾਰਿਆਂ ਨੇਨਿੱਖੜਵਾਂ ਰੂਪ ਅਖਤਿਆਰ ਕਰ ਲਿਆ।

ਜਲੂਸ ਅੱਗੇ ਤੁਰਿਆ ਤਾਂ ਸੁੱਤੇ ਸਿੱਧ ਹੀ ਬੀਬੀਆਂ ਦੇ ਪਿੱਛੇ ਫੈਕਟਰੀ ਦੇ ਕਾਮੇ ਲੱਗ ਤੁਰੇ। ਇਥੇ ਹੀ ਸਾਨੂੰ ਪਤਾ ਲੱਗਾ ਕਿ ਸਾਰੇ ਕਾਮਿਆਂ ਨੂੰ ਜਲੂਸ ਵਿਚ ਸ਼ਾਮਲ ਕਰਨ ਦਾ ਇਹ ਦਾਅ ਪੇਚ ਸੀ , ਕਿਉਂਕਿ ਬਹੁਤੇ ਕਾਮੇ ਮਾਲਕ ਦੇ ਸਖਤ ਹੁਕਮ ਤੋਂ ਡਰੇ ਹੋਏ ਸਨ ਤੇ ਛੁੱਟੀ ਕਰਨ ਨੂੰ ਤਿਆਰ ਨਹੀ ਸਨ ਹੋਏ । ਲੋਕਾਂ ਦੇ ਜੋਸ਼ ਤੇ ਉਮਾਹ ਨੂੰ ਵੇਖ ਕੇ ਹੁਣ ਤਕਰੀਬਨ ਸਾਰੇ ਹੀ ਬਾਹਰ ਆ ਗਏ ਸਨ।

ਜਲੂਸ ਸੌ ਕੁ ਗਜ਼ ਹੀ ਅੱਗੇ ਗਿਆ ਸੀ ਕਿ ਇਕ ਦਮ ਤਣਾਅ ਵਾਲਾ ਮਹੌਲ ਪੈਦਾ ਹੋ ਗਿਆ , ਜਦੋਂ ਲੋਕਾਂ ਨੇ ਵੇਖਿਆ ਕਿ ਅੱਗੋਂ ਉਹ ‘ਮੰਦਰ’ ਤੇ ‘ਗੁਰਦੁਆਰਾ’ ਨੇ ਜੋ ਇਸ ਜਿਹੇ ਕਸਬੇ ਵਿਚ ਵਿਵਾਦ ਦਾ ਕਾਰਨ ਬਣੇ ਹੋਏ ਸਨ, ਜਿੰਨਾਂ ਦੀ ਕੰਧ ਸਾਂਝੀ ਸੀ ਤੇ ਦੋਵੇਂ ਹੀ ਇਕ ਦੂਜੇ ਦੀ ਉੱਚੀ ਇਮਾਰਤ ਨੂੰ ਆਪਣੇ ਧਰਮ ਦੀ ਤੌਹੀਨ ਹੋਣ ਦਾ ਢੰਡੋਰਾ ਪਿਟਦੇ ਸਨ।

‘ਲੋਗੋਂ ਕੋ ਹੁਕਮ ਦਿਆ ਜਾਤਾ ਹੈ , ਫੋਰਨ ਵਾਪਸ ਚਲੇ ਜਾਓ’- ਪੁਲਸ ਅਧਿਕਾਰੀ ਫੇਰ ਗੜਕਿਆ । ਮੇਰੇ ਨਾਲ ਰਾਮ ਚੰਦ , ਪਰਮੇਸ਼ਰ ਸਿੰਘ ਤੇ ਬੇਬੇ ਅੱਗੇ ਵਧੇ। ਸਾਡੇ ਵੱਲੋਂ ਕੁਝ ਉਜਰ ਕਰਨ ਤੋਂ ਪਹਿਲਾਂ ਹੀ ਬੇਬੇ ਅੱਗੇ ਲੱਗ ਕੇ ਪੁਲਸ ਅਧਿਕਾਰੀ ਕੋਲ ਪਹੁੰਚ ਗਈ -“ ਇਸ ਵਿਚ ਹਰਜ਼ ਕੀ ਹੈ ਜਨਾਬ ।” ਬੇਬੇ ਨੇ ਅਧਿਕਾਰੀ ਦੀਆਂ ਅੱਖਾਂ ਵਿਚ ਸਿੱਧਾ ਝਾਕਦਿਆਂ ਕਿਹਾ । ਉਸਦੀਆਂ ਅੱਖਾਂ ਵਿਚ ਲੋਹੜੇ ਦਾ ਜਲਾਲ ਟਪਕ ਰਿਹਾ ਸੀ-“ ਅਸੀ ਧਾਰਮਿਕ ਏਕਤਾ ਦਾ ਪ੍ਰਗਟਾਵਾ ਕਰਨ ਆਏ ਹਾਂ ਤੁਸੀ ਵੇਖ ਹੀ ਰਹੇ ਹੋ।’

“ਨਹੀ।” ਅਧਿਕਾਰੀ ਨੇ ਕੜਕ ਕੇ ਕਿਹਾ -“ ਵਾਪਸ ਚਲੇ ਜਾਓ, ਇਸ ਕੇ ਆਗੇ ਦਫਾ ਚੁਤਾਲੀ ਲੱਗੀ ਹੂਈ ਹੈ।”

“ਇਸ ਤਰਾਂ ਦੇ ਇੱਕਠ ਤੇ ਜਲੂਸ ਨਾਸਤਕ ਲੋਕਾਂ ਦੀ ਬੁਰਛਾਗਰਦੀ ਹੈ।”ਘਿਉ ਨਾਲ ਚੋਪੜੀ ਖੁਲੀ ਚਿੱਟੀ ਦਾਹੜੀ ਵਾਲੇ, ਚੂੜੀਦਾਰ ਪਜਾਮਾਂ ਤੇ ਅਚਕਣ ਪਹਿਨੇ ‘ਗੁਰਮੁਖ’ ਦੀ ‘ਮਿੱਠੀ’ਆਵਾਜ਼ ਸੀ । ਕੁਝ ਕੁ ਲੋਕਾਂ ਦੀਆਂ ਨਜ਼ਰਾਂ ਉਸ ਨੂੰ ਘੂਰਨ ਲੱਗੀਆਂ । ਉਸਦੀ ਦਾੜੀ ਤੇ ਅੱਖਾਂ ਵਿਚੋਂ ਤਾਂ ਜਿਵੇਂ ਅੱਗ ਹੀ ਵਰਦੀ ਸੀ ।

“ਜਥੇਦਾਰ ਸਾਹਿਬ! ਇਹ ਕੀ ਕਹਿ ਰਹੇ ਹੋ ?’ਬੇਬੇ ਧਰਮ ਕੌਰ ਦੇ ਨਾਲ ਤਿੰਨ ਚਾਰ ਸਿੱਖ ਮਜ਼ਦੂਰ ਅੱਗੇ ਹੋਏ , ਜਿੰਨਾਂ ਦੇ ਸਿਰਾਂ ਤੇ ਗੁਲਾਈ ਵਿੱਚ ਚੁਣ ਚੁਣ ਕੇ ਬੰਨੀਆਂ ਕਾਲੀਆਂ ਤੇ ਨੀਲੀਆਂ ਪੱਗਾਂ ਸਨ।

‘ਬਾਈ’ ਤੁਮ ਲੋਗ ਤੋ ਹਮ ਧਰਮ ਵਾਲੇ ਲੋਗੋਂ ਕੇ ਖਿਲਾਫ ਨਫਰਤ ਭੜਕਾ ਰਹੇ ਹੋ - ਯਹ ਤੋ ਏਕਦਮ ਪਾਪ ਹੈ ।’ਲਾਂਗੜ ਵਾਲੀ ਧੋਤੀ ਪਹਿਨੇ ਮੱਥੇ ਤਿਲਕ ਸਜਾਈ ਪੰਡਤ ਜੀ ਨੇ ਫਰਮਾਇਆ। ਪ੍ਰਦਰਸ਼ਨਕਾਰੀ ਜੋਸ਼ ਵਿਚ ਆਏ ਆਪ ਮੁਹਾਰੇ ਹੀ ਨਾਰੇਗੁੰਜਾਉਣ ਲੱਗੇ। ਜੋਸ਼ ਵਿਚ ਮੇਰਾ ਦਿਲ ਤੇਜ਼ ਤੇਜ਼ ਧੜਕ ਰਿਹਾ ਸੀ ਤੇ ਮੈਂ ਅੱਗੋਂ ਹੋਣ ਵਾਲੀ ਘਟਨਾ ਬਾਰੇ ਕੋਈ ਕਿਆਸ ਵੀ ਨਹੀ ਕਰ ਸਕਿਆ ਸਾਂ ਕਿ ਇੱਕ ਪਾਸੇ ਰੌਲਾ ਗੌਲਾ ਮੱਚ ਗਿਆ । ਰਾਮ ਚੰਦ ਤੇ ਕੁਝ ਚਿੱਟੀਆਂ ਟੋਪੀਆਂ ਵਾਲੇ ਪੰਡਤ ਜੀ ਨਾਲ ਬਹਿਸ ਰਹੇ ਸਨ।

“ਅਹੁ ਗੁੰਡਿਆਂ ਨੇ ਪੁਲਸ ਦੀ ਜੀਪ ਸਾੜ ਦਿੱਤੀ ।”

“ਅਹੁ ਕਿਸੇ ਨੇ ਭੀੜ ਵਿੱਚ ਗਊ ਦੀ ਪੂਛ ਤੇ ਸਿੰਗ ਸੁੱਟ ਦਿੱਤੇ ਨੇ।”

“ ਅਹੁ ਗ੍ਰੰਥ ਸਾਹਿਬ ਦੇ ਪੱਤਰੇ..... ਬਾਬੇ ਦੀ ਬਾਣੀ ਦੀ ਘੋਰ ਬੇਅਦਬੀ।”

ਭੀੜ ਵਿਚ ਇਕ ਤਰਾਂ ਨਾਲ ਹੋ ਹੱਲਾ ਮੱਚ ਗਿਆ। ਸਾਡੇ ‘ਚ ਬਹੁਤ ਸਾਰੇ ਲੋਕਾਂ ਨੇ ਵੇਖਿਆ ‘ਪੰਡਾ ਜੀ’ ਤੇ ‘ਜਥੇਦਾਰ ਸਾਹਿਬ’ ਇੱਕੋ ਰਸਤੇ ਭੱਜੇ ਜਾ ਰਹੇ ਸਨ। ‘ਪੰਡਤ ਜੀ’ ਦੀ ਧੋਤੀ ਖੁੱਲ ਗਈ ਸੀ, ‘ਜਥੇਦਾਰ’ ਦੀ ਪੱਗ ਲੱਥ ਗਈ ਸੀ , ਪਰ ਉਹ ਅਜੇ ਵੀ ਭੱਜੇ ਜਾ ਰਹੇ ਸਨ ਬਗੈਰ ਪਿਛਾਂਹ ਵੇਖੇ ।

ਭੀੜ ਵਿੱਚੋਂ ਆਪ- ਮੁਹਾਰੀਆਂ ਆਵਾਜ਼ਾਂ ਆਉਣ ਲੱਗੀਆਂ । ਲੱਗਦਾ ਸੀ ਕੋਈ ਸਾਨ੍ਵ ਭੀੜ ਵਿੱਚ ਆਣ ਵੜਿਆ ਹੈ। ਲੋਕ ਕਦੀ ਇੱਧਰ , ਕਦੀ ਉੱਧਰ ਨੂੰ ਦੌੜ ਰਹੇ ਸਨ। ਅਸੀਂ ਉੱਚੀ ਥਾ ਤੇ ਖੜੋ ਕੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਾਂ -“ ਭਾਰਤ ਦੇ ਅਮਨ ਪਸੰਦ ਜਮੂਹਰੀ ਲੋਕੋ। ਬਹਿਕਾਵੇ ਵਿਚ ਨਾ ਆਉ - ਦੁਸ਼ਮਣ ਦੀ ਚਾਲ ਸਮਝੋ। ਸਾਡਾ ਜਲੂਸ ਪੁਰਅਮਨ ਹੈ ਤੇ ਸੀ ਪੁਰਅਮਨ ਰਹਿੰਦਿਆਂ ਫਿਰਕੂ ਸਦਭਾਵਨਾ ਦਾ ਪ੍ਰਗਟਾਵਾ ਕਰਨਾ ਹੈ।.... ਪਰ ਲੋਕ ਤਾਂ ਜਿਵੇਂ ਧੱਕ-ਮ-ਧੱਕਾ ਹੋਈ ਜਾ ਰਹੇ ਸਨ। ਅਗਲੀ ਗਲੀ ਵਿਚੋਂ ਕੁਝ ਲੋਕ ਭੀੜ ਵਿੱਚ ਆ ਵੜੇ ਸਨ ਤੇ ਉਨਾ ਦੇ ਆਂਉਦਿਆਂ ਹੀ ਇਹ ਕੁਝ ਹੋਣ ਲੱਗ ਪਿਆ ਸੀ ।

ਪੁਲਸ ਨੇ ਬਿਨਾ ਚਿਤਾਵਨੀ ਦਿੱਤਿਆ ਹੰਝੂ ਗੈਸ ਤੇ ਲਾਠੀ ਚਾਰਜ਼ ਸ਼ੁਰੂ ਕਰ ਦਿੱਤਾ । ਲੋਕ ਕਿਸੇ ਪਾਸੇ ਵੀ ਭੱਜ ਨਹੀ ਸੀ ਸਕਦੇ । ਅਗਲੇ ਪਾਸਿਉਂ ਜਿਵੇਂ ਕੋਈ ਉਨਾਂ ਨੂੰ ਪਿਛਾਂਹ ਵੱਲ ਧੱਕ ਰਿਹਾ ਸੀ ਤੇ ਪਿਛਲੇ ਪਾਸਿਓਂ ਸੀ.ਆਰ.ਪੀ ਦੇ ਬੰਦੇ ਆ ਝਪਟੇ ਸਨ।
............
...........

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਤਰਜੀਤ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ