Aadha ਆਢਾ

ਆਢਾ ਲੱਖੀ ਜੰਗਲ ਦੇ ਕਵੀ ਦਰਬਾਰ ਵਿਚ ਸ਼ਾਮਿਲ ਸੀ । ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਦੱਖਣ ਵੱਲ ਗਿਆ ਸੀ । ਇੱਕ ਕਵੀ ਆਡਤ ਦੀ ਰਚਨਾ 'ਸੱਸੀ' ਵੀ ਮਿਲਦੀ ਹੈ । ਕਈ ਵਿਦਵਾਨ ਆਢਾ ਤੇ ਆਡਤ ਨੂੰ ਇੱਕੋ ਮੰਨਦੇ ਹਨ ।

ਛੰਦ

੧.

ਗੋਬਿੰਦ ਸਿੰਘ ਗੁਰਾਂ ਗੁਰ ਸੂਰੇ, ਮਿਹਰ ਆਪਣੀ ਕੀਤੀ
ਜਿਤ ਵਲ ਨਜ਼ਰ ਉਤੇ ਵਲਿ ਮੇਹਰ, ਮਿਹਰ ਅਸਾਂ ਲੈ ਲੀਤੀ
ਕਾਹਦੇ ਇਸ਼ਕ ਤੇ ਸਿਦਕ ਅਸਾਡੇ, ਸਾਡੀ ਭੱਲ ਪ੍ਰੀਤੀ
ਨਾਮ, ਦਾਨ, ਇਸਨਾਨ ਦਾਤ ਦੇ, ਕਮੀ ਨ ਕੋਈ ਕੀਤੀ ।੧।

੨.

ਗੁਰੂ ਗੋਬਿੰਦ ਜਿਨ੍ਹਾਂ ਦੇ ਸਿਰ ਤੇ, ਤਿਨ੍ਹਾਂ ਕਮੀ ਨ ਕਾਈ
ਕਰਨ ਅਰਦਾਸਿ ਸੰਗਤਿ ਕੈ ਆਗੈ, ਸਤਿਗੁਰ ਹੋਇੰ ਸਹਾਈ
ਆਢਾ ਮੈਂ ਕੁਰਬਾਨ ਤਿਨ੍ਹਾਂ ਨੋ, ਜਿਨ੍ਹਾਂ ਮਨ ਪ੍ਰਤੀਤਿ ਵਸਾਈ ।੨।

੩.

ਮਨ ਪ੍ਰਤੀਤਿ ਜਿਨ੍ਹਾਂ ਦੇ ਵੁੱਠੀ, ਕੰਮ ਉਨ੍ਹਾਂ ਦੇ ਹੋਏ
ਜਿਨ੍ਹਾਂ ਗੁਰੂ ਗੋਬਿੰਦ ਕਾ ਦਰਸਨ ਕੀਤਾ, ਸੇ ਮੁਕਤਿ ਪ੍ਰਾਪਤ ਹੋਏ ।੩।

ਸਲੋਕ

ਆਢਾ ਸਤਿਗੁਰ ਬਾਹਰਾ, ਭਜਨ ਸੁਨਿ ਖਣੀਅੰਮ
ਰਤਨ ਜੁ ਲੱਧਾ ਬਾਂਦਰਾਂ, ਸੋ ਆਇਆ ਕਿਤੈ ਨ ਕੰਮੁ ।੧।

ਰਤਨ ਜੁ ਲੱਧਾ ਬਾਂਦਰਾਂ, ਸੋ ਲੱਧਾ ਭੀ ਗਇਓਮੁ
ਅੰਧਾ ਵੜਿਆ ਚਿਤ੍ਰਸ਼ਾਲ, ਉਸ ਕੀ ਸੁਖ ਡਿਠਿਓਮੁ ।੨।

ਆਢਾ ਲੋੜੈ ਸਿਪਰੀ, ਤਬ ਸਰਫੇ ਦਿਲ ਗੱਡ
ਅਣਡਿਠੇ ਮਹਿਬੂਬ ਦੀ, ਪਈ ਮੁਹੱਬਤਿ ਹੱਡਿ ।੩।

ਅਣਡਿਠਾ ਮਹਿਬੂਬ, ਅਸਾਂ ਕਰਿ ਜਾਤਾ ਸਾਹਿਬੋ
ਸੂਰਤਿ ਕਹੀਐ ਖੂਬ, ਵੇਖਣ ਕੋ ਮਨ ਸਿੱਕਦਾ ।੪।

(ਆਢਾ) ਇਹ ਦਿਲ ਅਜਬ ਕਿਤਾਬ, ਜਿਥੇ ਹਰਫ ਨ ਦੂਜਾ ਲਿਖੀਐ
ਸੋ ਦਮ ਕਿਤ ਹਿਸਾਬੁ, ਜੈ ਦਮੁ ਸਾਈਂ ਵਿਸਰਹਿ ।੫।

ਆਢਾ ਸਿਕ ਪਿਰੰਨ ਕੀ, ਜੇ ਦਿਲ ਘੇਰੇ ਆਇ
ਪੜ੍ਹਿਆ ਸੁਣਿਆ ਸਿਖਿਆ, ਸਭਹੁ ਵਿਸਰਿ ਜਾਇ ।੬।

ਮਨਿ ਮੁਹਬਤਿ ਉਗਵਹਿ, ਭੁਲਨ ਸਭੇ ਥੋਕ
ਆਢਾ ਵਾਸਲ ਨ ਥੀਵਨ, ਗਾਲੀ ਵਾਲੇ ਲੋਕ ।੭।

ਗੱਲਾਂ ਕਰਨ ਬਣਾਇ, ਇਸ਼ਕ ਹਕੀਕਤਿ ਸੰਦੀਆਂ
ਆਢਾ ਤਿਖਾ ਨ ਜਾਇ, ਪਾਣੀ ਪੀਤਿਆਂ ਬਾਹਰੇ ।੮।

ਤਬ ਲਗ ਚੇਰੋ ਜਗਤ ਕੋ, ਚਾਹ ਤਲੇ ਹੈ ਮੀਤ
ਆਢਾ ਗਈ ਗ਼ੁਲਾਮੀ ਤਾਂ, ਭਇਓ ਅਚਾਹੀ ਚੀਤ ।੯।

ਕਥਨਾ ਬਕਨਾ ਚਾਤੁਰੀ, ਆਢਾ ਸਭਿ ਅਭਿਮਾਨ
ਜਿਉਂ ਦਾੜ੍ਹੀ ਮੁਖ ਤ੍ਰਿਯਾ ਕੈ, ਤਿਉਂ ਵਿਸ਼ਯਨ ਕੋ ਜਾਨ ।੧੦।

ਸਾਚੀ ਘਟਿ ਉਪਜੀ ਨਹੀਂ, ਮੁਖ ਸਿਉਂ ਕਥਹਿ ਗਿਆਨ
ਆਢਾ ਕਿਆ ਹਾਸਲ ਸੇਵਤੇ, ਸਤਰੰਜ਼ ਕੇ ਸੁਲਤਾਨ ।੧੧।

ਜੇ ਸਿਰ ਵਟਹੁੰ ਪਾਈਐ, ਘਿੰਨ ਨ ਵੰਞੇ ਭੁੱਲਿ
ਆਢਾ ਨੇਹੁ ਪਿਰੰਨ ਦਾ, ਸਿਰ ਦੇ ਸਸਤੇ ਮੁੱਲਿ ।੧੨।

ਇਕ ਸੰਤਾਂ ਸੰਗਿ ਵਸੰਨਿ, ਅਰੁ ਮਨ ਮਹਿ ਵਿੰਗਰੀਆਂ
ਆਢਾ ਉਹ ਕਦੇ ਨ ਮਿਲੰਨਿ, ਪਾਰ ਸਮੁੰਦ੍ਰ ਵਸਨੇ ।੧੩।

ਇਕ ਪਾਰ ਸਮੁੰਦਰੋਂ ਵਸਨੇ, ਮਨ ਮਹਿ ਬਈ ਨ ਕਾਇ
ਆਢਾ ਉਹ ਸਦਹੀ ਸੰਗਿ ਹੈ, ਨਿਤ ਮਿਲੰਦੇ ਆਇ ।੧੪।

ਸੱਸੀ-ਆਡਤ

ਸਾਰ ਸਮਾਲਿ ਪਿਆਰਾ ਦਿਲਬਰ, ਦੇ ਗਲਿ ਬਾਂਹਿ ਸਵਾਇਆ
ਮੂ ਤਨ ਖਬਰ ਨਹੀਂ ਮਤਵਾਲੀ, ਹੋਤਾਂ ਸਰਾ ਪਿਲਾਇਆ
ਪੀ ਪਿਆਲੇ ਪਲੰਘੀਂ ਸੁਤੇ, ਉਨ੍ਹਾਂ ਲਾਹਿ ਉੱਠ ਤੇ ਪਾਇਆ
ਆਡਤ ਗਾਫਲ ਸੇਤੀ ਸੱਸੀ, ਸੁਤੀ ਪਿਰੀ ਵੰਞਾਇਆ ।੧।

(ਸਰਾ=ਸੁਰਾ,ਸ਼ਰਾਬ)

ਸੁਤੀ ਸਾਰ ਲਹੇ ਜਾਂ ਸੱਸੀ, ਹੋਤ ਨ ਕੋਲ ਦਿਸੀਵੇ
ਭੜਕਾਂ ਖਾਇ ਉਠੀ ਜਾਂ ਸੇਜੇ, ਪਲਕ ਨ ਪਾਣੀ ਪੀਵੇ
ਜਿਉਂ ਜਿਉਂ ਵਿਥ ਪਵੇ ਸ਼ਹੁ ਨਾਲੋਂ, ਤਿਉਂ ਤਿਉਂ ਮਰੈ ਨ ਜੀਵੇ
ਆਡਤ ਮਿਲਾਂ ਥੀਵਾਂ ਸ਼ਹੁ ਦਾਖਲ, ਮੁੜਾਂ ਤ ਇਸ਼ਕ ਲਜੀਵੇ ।੨।

ਸੱਸੀ ਉਠ ਦੇਖਾਂ ਜਾਂ ਹੋਤਾਂ, ਸੇ ਤਾਂ ਲੱਡ ਸਿਧਾਏ
ਨਾਹ ਮੈਂਡੇ ਪੀੜ ਵਲੇ ਸੂ, ਸੁਤੀ ਕੌਣ ਜਗਾਏ
ਬਾਬ ਸੱਸੀ ਦੇ ਏਹੋ ਆਹਾ, ਲਿਖਿਆ ਕਉਣ ਮਿਟਾਏ
ਆਡਤ ਸਾਬਤ ਨੇਹੁ ਸੱਸੀ ਦਾ, ਜਿਨ ਸਟੇ ਕਦਮ ਸਵਾਏ ।੩।

ਕਾਰਣਿਆਰੀ ਕਾਰਣ ਕੀਤਾ, ਕਾਰਣ ਹੋਤ ਪਿਆਰੇ
ਦਰਦ ਕੋਲੋਂ ਜੀਉ ਰਹੈ ਨ ਮੂਲੇ, ਪਲਕ ਪਲਕ ਜੀਅ ਸਾਰੇ
ਡੁਖਾਂ ਸੇਤੀ ਡੀਹੁੰ ਗਵਾਇਆ, ਰਾਤਿ ਗਿਣੰਦੀ ਤਾਰੇ
ਆਡਤ ਘਿੰਨ ਗਏ ਸ਼ਹੁ ਪੁੰਨੂੰ, ਹੋਤ ਸੁੰਞੇ ਹਰਕਾਰੇ ।੪।

ਚੜਿ ਚੜਿ ਦੇਖੈ ਰੋਹ ਡੂਗਰ ਤੇ, ਸਹੀ ਨ ਕੇਚ ਕਿਡਾਹੀਂ
ਕਿਆ ਜਾਣਾ ਕਿਤ ਗਏ ਨਿਰਾਸੇ, ਘਿੰਨ ਹੋਤ ਸਿਰ ਸਾਈਂ
ਜ਼ਾਲਮ ਦਰਦ ਫ਼ਿਰਾਕ ਕਸਾਈ, ਦੇ ਗਏ ਦਿਲ ਤਾਈਂ
ਆਡਤ ਸੱਸੀ ਮਰਣ ਕਬੂਲਮ, ਮੁੜਾਂ ਤਾਂ ਦੋਜ਼ਕ ਪਾਈਂ ।੫।

(ਡੂਗਰ=ਪਹਾੜ)

ਦਰਦਾਂ ਕਰ ਦਰਮਾਂਦੀ ਸੱਸੀ, ਕਰਦੀ ਜ਼ੋਰ ਅਗੂਹਾ
ਨਾ ਕੋ ਮੈਂਡਾ ਸੰਗ ਨ ਸਾਥੀ, ਨਾ ਕੋ ਥਲ ਦਾ ਸੂਹਾ
ਅੰਦਰਿ ਆਹੀਂ ਦੁਖੀ ਦੱਧਾ, ਬਾਹਰ ਦੁਖਣ ਲੂਹਾ
ਆਡਤ ਸੱਸੀ ਨੇਹੁ ਸਚਾਣਾ, ਮੁੜੈ ਨ ਕਦਮ ਪਿਛੂਹਾ ।੬।

ਡੂਗਰ ਰੋਹ ਬਿਆ ਥਲ ਮਾਰੂ, ਜਾਲਿ ਆਈ ਵਿਚ ਤਿਸੇ
ਚਾਈ ਕਦਮ ਕੰਬੇ ਸਭ ਜਾਮਾ, ਮਤ ਪੈਰ ਕਿਥਾਊਂ ਖਿਸੇ
ਕੱਢੀ ਆਹਿ ਸੁਣਾਈ ਕੈਨੂੰ, ਕੋਲ ਨ ਕੋਈ ਦਿਸੇ
ਆਡਤ ਸੱਸੀ ਬਾਬੁ ਜੋ ਆਹਾ, ਇਕ ਪਲਕ ਨ ਹੋਤਹਿ ਹਿੱਸੇ ।੭।

ਬਕਰਵਾਲ ਚਰੇਂਦਾ ਡਿਠਸੁ, ਕੀਤੁਸੁ ਰੁਕ ਉਦਾਈਂ
ਮੰਨ ਸੁਆਲ ਸੁਕੰਤੀ ਵਾਲਾ, ਭੋਰੀ ਆਬ ਪਿਲਾਈਂ
ਕਉਣ ਥਾਉਂ ਕਉਣ ਨਾਂਉ ਤੁਸਾਂਦਾ, ਫਿਰੈ ਇਵੇਹੀ ਜਾਈਂ
ਆਡਤ ਜੀਵਣ ਜੋਗਾ ਕਾਕਾ, ਮੈਂਡੇ ਮਿਲਓ ਨ ਹੋਤ ਕਿਦਾਈਂ ?੮।

ਆਖ ਡਿਖਾ ਤੂੰ ਕਿਥਹੁ ਆਈਏਂ, ਡੂਗਰ ਰੋਹ ਚਰੇਂਦੀ
ਆਦਮ ਜਾਤ ਕਿ ਜੋਨ ਪਰੀਆਂ ਦੀ, ਕੈ ਛਲਵਲ ਮੁਝ ਕਰੇਂਦੀ
ਤੈਂਡੈ ਪੱਲੇ ਖਰਚ ਨ ਕੂਜੇ ਪਾਣੀ, ਕੇਹੇ ਹਾਲ ਜਲੇਂਦੀ
ਆਡਤ ਇਕੇ ਤੂੰ ਦੇਵ ਰਞਾਣੀ, ਇਕੇ ਤਾਂ ਤਾਂਘ ਪਿਰੀਆ ਦੀ ।੯।

ਮੈਂ ਆਈ ਸ਼ਹਿਰ ਭੰਬੋਰ ਸੁਹਾਇਓਂ, ਜਿਥੈ ਡੇਖਣ ਦੀਆਂ ਜਾਈਂ
ਕਿਸਮਤ ਤੋਰ ਅਸਾਥੇ ਆਂਦਾ, ਕੇਚ ਸ਼ਹਿਰ ਦਾ ਸਾਈਂ
ਲਿਖੇ ਆਣ ਨਸੀਬਤ ਜੋੜੀ, ਦੁਖ ਪਾਵਣ ਦੇ ਤਾਈਂ
ਆਡਤ ਛਡਿ ਸਿ ਮੈਨੂੰ ਸੁਤੀ, ਘਿੰਨ ਗਏ ਹੋਤ ਸਿਰ ਸਾਈਂ ।੧੦।

ਸੇ ਕਿਉਂ ਸੁਖ ਅਸਾਇਸ਼ ਮੰਗਣ, ਨੇਹੁ ਲਾਇਨ ਨਾਲ ਬਲੋਚਾਂ
ਪਹਿਲੇ ਪਹਿਰ ਉਤਾਰਾ ਜੈਂਦਾ, ਸੁਬਹੀ ਸੰਝ ਪਹੋਚਾ
ਭੰਨਿਆ ਪਿਛੇ ਭੱਜਣ ਕੂੜਾ, ਲਧਾ ਸਚੁ ਨ ਸੋਚਾ
ਆਡਤ ਸੱਸੀ ਸਮਝ ਨ ਡਿਠੇ, ਆਇਓ ਹੱਡ ਵਿਗੋਚਾ ।੧੧।

ਹਡ ਵਿਗੋਚਾ ਤਿਨਾਂ ਕੇਹਾ ਕਾਕਾ, ਜਿਨ੍ਹਾਂ ਆਪੇ ਫੂਕ ਧੁਖਾਈ
ਭਖੈ ਭਾਹਿ ਤਨ ਬਿਰਹੋ ਸੰਦੀ, ਬੂਝੈ ਨਾਹ ਬੁਝਾਈ
ਦੁਖੀਂ ਆਣਿ ਘਤਿਆ ਸੇ ਥਲ ਵਿਚ, ਦੁਖ ਦੁਹੇਲੇ ਤਾਈ
ਆਡਤ ਜਿਤ ਤਨ ਲਗੀ ਸੋਈ ਜਾਣੈ, ਕੈ ਸੋ ਜਾਣੈ ਜਿਨ ਲਾਈ ।੧੨।

ਆਉ ਸੱਸੀ ਤੂੰ ਵਲਿ ਅਸਾਡੀ, ਨ ਕਰਿ ਜੀਉ ਅਜਾਇਆ
ਪੁਨੂੰ ਜੇਹੇ ਲਖ ਫਿਰੰਦੇ, ਇਕ ਦੂੰ ਇਕ ਸਵਾਇਆ
ਭੰਨਿਆ ਪਿਛੇ ਭੱਜਣਾ ਕੂੜਾ, ਫਿਰੈ ਨਾਹੀ ਫੇਰਾਇਆ
ਆਡਤ ਸੱਸੀ ਉਹ ਪੁੰਨੂੰ ਜਿਨ ਤੈਕੂੰ ਥਲ ਵਿਚ ਆਣ ਰੁਲਾਇਆ ।੧੩।

ਬੇਪਰਵਾਹ ਸਾਹਿਬ ਉਹੁ ਡਾਢਾ, ਜੇ ਭਾਵਸਿ ਤਾਂ ਫਿਰ ਭਾਲੇ
ਇਕਸ ਦੇ ਲਖ ਦੇਵਾਂ ਸਦਕੇ, ਜੇ ਰੱਬ ਇਕ ਵਿਖਾਲੇ
ਮੁੜਨ ਮੁਹਾਲ ਅਸਾਨੂੰ ਕਾਕਾ, ਸਿਰੁ ਕੀਤਾ ਕਟਿ ਹਵਾਲੇ
ਆਡਤ ਪਲਕ ਨ ਰਹਿਸੀ ਪੁੰਨੂੰ, ਜਾਂ ਤੁਟਸਿ ਕੈਫ਼ ਪਿਆਲੇ ।੧੪।

ਕੈਫ਼ ਲਥੀ ਜਾ ਆਵੈ ਪੁੰਨੂੰ, ਤਾਂ ਤਾਂ ਜਾਲ ਇਥਾਈਂ
ਥਲ ਮਾਰੂ ਦੀਆਂ ਮਾਣੈ ਰਲੀਆਂ, ਮੈਂਡੀਆਂ ਮੰਨ ਰਜਾਈਂ
ਅਗੇ ਰੋਹ ਬਿਆ ਥਲ ਮਾਰੂ, ਕੇਹਰ ਬਾਘ ਬਲਾਈਂ
ਆਡਤ ਸੱਸੀ ਸਮਝ ਕਰਾਹੀ, ਕਾਈ ਆਖੀਂ ਗੱਲ ਅਸਾਈਂ ।੧੫।

ਰੱਬਾ ਬਕਰਵਾਲ ਦਿਲ ਮੈਲੀ ਕੀਤੀ, ਕੀਤੋਸੁ ਸੁਖ਼ਨ ਅਵੱਲਾ
ਬਾਝੁ ਸਾਈਂ 'ਮੈਂ ਕੁਸ ਨ ਜਾਣਾ', ਪੁੰਨੂੰ ਬਾਝ ਨ ਭਲਾ
ਨ ਕੋਈ ਮੈਂਡਾ ਵਸ ਨ ਚਾਰਾ, ਨਾ ਕੋਈ ਹਥ ਹਥਲਾ
ਆਡਤ ਸੱਸੀ ਸਮਝ ਡਿਠਾ ਮਨ, ਗਰਕ ਥੀਵੇ ਤਾਂ ਭਲਾ ।੧੬।

ਗਹਿਲੀ ਗੱਲ ਅਲਾਈਆ ਸੱਸੀ, ਗਰਕ ਹੋਇਆਂ ਕਿਆ ਥੀਸੀ
ਮਿਟੀ ਸਿਉਂ ਮਿਟੀ ਰਲਿ ਵੈਸੀ, ਵਤਿ ਨ ਮਿਟੀ ਥੀਸੀ
ਜਿਨ੍ਹਾਂ ਦੀ ਖ਼ਾਤਰ ਆਜਜ਼ ਹੋਈਐ, ਉਨਾ ਤਬ ਤੇਰੀ ਕਛੁ ਨੀਸੀ
ਜੀਂਵਦਿਆਂ ਨਹੀਂ ਤਾਂਘ ਜਿਨ੍ਹਾਂ ਦੀ ਮੁਇਆਂ ਨ ਸੱਦ ਪੁਛੀਸੀ ।੧੭।

ਕਰੇ ਫ਼ਰਿਆਦ ਸੱਸੀ ਸ਼ਹੁ ਅਗੇ, ਤੂੰ ਸੁਣ ਸਚੇ ਸਾਈਂ
ਜੋ ਕਛੁ ਬਖਰੇ ਜ਼ਿਮੀਂ ਅਸਾਡੇ, ਸੋ ਅਜ ਦੇਹਿ ਇਥਾਈਂ
ਬੱਕਰਵਾਲ ਖਯਾਲ ਨ ਛਡੈ, ਕਿਚਰਕੁ ਹੋਰ ਡਰਾਈ
ਆਡਤ ਹੁਕਮ ਹੋਆ ਧਰਤੀ ਨੂੰ, ਫਾਟ ਹੁਈ ਦੁਹ ਥਾਈਂ ।੧੮।

ਬੱਕਰਵਾਲ ਵਲ ਪੁਛੈ ਸੱਸੀ, ਅਉ ਸੱਸੀ ਪਛੁਤਾਸੀ
ਵੜਸੀ ਗੋਰ ਅੰਧੈਰੀ ਕੋਠੀ, ਤੜਫ ਤੜਫ ਮਰਿ ਜਾਸੀ
ਏਹੋ ਮੇਲਾ ਤੇ ਏਹੋ ਵਿਛੋੜਾ, ਵਤ ਨ ਮੇਲ ਥਿਆਸੀ
ਆਡਤ ਪਲਕ ਕੁ ਜੀਵੇ ਸੱਸੀ, ਤ ਪੁੰਨੂੰ ਫੇਰ ਮਿਲਾਸੀ ।੧੯।

ਇਕ ਸਨੇਹਾ ਦਿਲਬਰ ਵਾਹੇ, ਦੈਈਂ ਬਰਾ ਖ਼ੁਦਾਈਓਂ
ਪੁੰਨੂੰ ਪੁੰਨੂੰ ਨਾਉਂ ਕੂਕੇਂਦੀ, ਹੋਈਆਂ ਗਰਕ ਇਥਾਈਓਂ
ਸਿਕਣ ਸੂਲ ਅਤੇ ਝੁਗਣਾ, ਛੁਟਦੀ ਦਰਦ ਕਸਾਈਓਂ
ਆਡਤ ਜੀਵਦਿਆਂ ਤਾਂਘ ਜਿਨ੍ਹਾਂ ਦੀ, ਮੁਇਆਂ ਭੀ ਤਾਂਘ ਉਦਾਈਓਂ ।੨੦।

ਬੱਕਰਵਾਲ ਪੁਛੇ ਸੱਸੀ ਥੋਂ ਆਉ ਸੱਸੀ ਮਤ ਥੋੜੀ
ਕੋ ਮੈਂ ਕਾਮੁ ਲਗੋ ਪੁੰਨੂੰ ਦਾ, ਹਟਕੀ ਰਹੀ ਨ ਹੋੜੀ
ਜਿਨ੍ਹਾਂ ਦੀ ਖ਼ਾਤਰ ਆਜਜ਼ ਹੋਈਐਂ, ਸੋ ਸਹੁ ਗਇਓਂ ਵਿਛੋੜੀ
ਬੱਕਰਵਾਲ ਸਮਝਾਇ ਰਹਿਓਸਿ, ਸੱਸੀ ਪਿਠ ਨ ਮੋੜੀ ।੨੧।

ਪੁੰਨੂੰ ਪੁੰਨੂੰ ਨਾਉਂ ਕੂਕੇਂਦੀ, ਸੱਸੀ ਗਰਕ ਸਮਾਣੀ
ਗੁੱਝਾ ਨੇਹੁ ਕੀਤੋਈ ਪਾਲਾ ਪੱਲੂ ਰਹਿਆ ਨੀਸਾਣੀ
ਘਿੰਨ ਕਿਤਾਬ ਵੜੀ ਵਿਚ ਕਬਰੇ, ਪੜ੍ਹਦੀ ਕਲਮ ਰਬਾਣੀ
ਏਹੁ ਸਨੇਹਾ ਹੋਤਾਂ ਵਾਹੇ, ਜੋ ਮੈਂ ਬਾਬ ਵਿਹਾਣੀ ।੨੨।

ਸੱਸੀ ਥਾਉਂ ਹਿਸਾਬ ਘਿੰਨਣ ਕੂ ਧੁਰਹੁ ਮਲਾਇਕ ਆਏ
ਬਾਂਹਹੁੰ ਪਕੜ ਉਠਾਈ ਸੱਸੀ, ਜਿਉਂ ਸੁਤੇ ਗਉਂਸ ਜਗਾਏ
ਆਖ ਡਿਖਾ ਤੂੰ ਆਪੇ ਸੱਸੀ, ਤੈਂ ਕੇਹੇ ਅਮਲ ਕਮਾਏ
ਆਡਤ ਸੱਸੀ ਪੁਛੇ ਵਲ ਓਨਾ, 'ਮੈਂਡੇ ਪੁੰਨੂੰ ਕੁ ਘਿੰਨ ਆਏ' ।੨੩।

ਦੇਖਿ ਮਲਾਇਕ ਥੀਏ ਹੈਰਾਨੀ, ਓਨਾ ਫਿਰਿ ਫਿਰਿ ਆਵੈ ਹਾਸਾ
ਅਜੁਣ ਤਾਂਘ ਪੁੰਨੂੰ ਦੀ ਸੱਸੀ, ਵਿਚ ਕਬਰੇ ਪਾਇਓ ਵਾਸਾ
ਮੀਰ ਪੁਰਸ਼ ਸਭ ਪੜਦੇ ਹੋਏ, ਭਲੇ ਭਲੇ ਯਾਰ ਖਾਸਾ
ਆਡਤ ਏ ਵਲ ਪੁਛੈ ਅਸਾਥੋਂ, ਏਹ ਭੀ ਅਜਬ ਤਮਾਸ਼ਾ ।੨੪।

ਜੋ ਭਰਵੁੜੀ ਨ ਮੁੜੀ ਪਿਛਾਂਹਾ, ਬਾਬ ਜੇਹੇ ਦੇ ਤੇਹੀ
ਅਸਾਂ ਨੇਕੀ ਬਦੀ ਕਿਛੁ ਨਾਲਿ ਨ ਆਂਦੀ, ਪੁੱਛਹੁ ਜਾਇ ਪਿਛੇਹੀ
ਸਿਕ ਤੇ ਸੂਲ ਆਹੀਂ ਦਾ ਤੋਸਾ, ਆਕਬਤ ਮਿਲਿਆ ਇਸਿ ਦੇਹੀ
ਆਡਤ ਆਣਹੁ ਦੈਹ ਸਨੇਹਾ, ਜੋ ਡਿਠਾ ਹੋਤਿ ਸਨੇਹੀ ।੨੫।

ਮਲਾਇਕ ਵੰਞ ਕਹਿਆ ਸਾਹਿਬ ਦਰ, ਸੱਸੀ ਏਵ ਅਲਾਏ
ਆਸ਼ਕ ਨਾਲ ਜਵਾਬ ਕਿ ਲਗੈ, ਤੁਸੀਂ ਜਿ ਪੁਛਣ ਆਏ
ਆਸ਼ਕ ਦਰ ਸਾਹਿਬ ਦੇ ਸੱਚੇ, ਜਿਨ੍ਹਾਂ ਪੈਰ ਅਲੂਦ ਨ ਲਾਏ
ਆਡਤ ਵਲ ਪੁਛੇ ਅਸਾਥੋਂ, 'ਮੇਰੇ ਪੁੰਨੂੰ ਕੂੰ ਘਿੰਨ ਆਏ' ।੨੬।

ਸਚੇ ਸਾਹਿਬ ਇਉਂ ਫੁਰਮਾਇਆ, ਮੇਰੇ ਆਸ਼ਕ ਜਗ ਡਢੇਰੇ
ਮੈਂ ਕਾਦਰ ਕੁਦਰਤ ਦਾ ਕਰਤਾ, ਤਾਂ ਭੀ ਵਸ ਨ ਮੇਰੇ
ਦੇਖ ਪਤੰਗ ਥੀਵਨ ਸਭ ਆਸ਼ਕ, ਪੀਰ ਪੁਰਸ਼ ਬਹੁਤੇਰੇ
ਆਡਤ ਆਸ਼ਕ ਨਾਲਿ ਜਬਾਬ ਕਿ ਲਗੈ, ਸਿਕ ਜਿਨ੍ਹਾਂ ਦੇ ਜੇਰੇ ।੨੭।

ਜੈਂਦੀ ਸਿਕ ਤਹੀਂ ਦਾ ਸਿਕਾ, ਬਿਆ ਸਿਕਾ ਫਿਕਾ ਲਗੈ
ਜੈਂਦਾ ਦਰਦ ਤਹੀਂ ਦਾ ਦਾਰੂ, ਬਿਆ ਦਰਦ ਕਿ ਦਾਰੂ ਲਗੈ
ਜੈਂਦਾ ਨਾਉਂ ਨੀਸਾਣ ਤਹੀਂ ਦਾ, ਵੱਜ ਰਹਿਆ ਵਿਚਿ ਜਗੈ
ਆਡਤ ਆਸ਼ਕ ਜੇਡਾ ਗਉਂਸ ਨ ਕੋਈ, ਤਿਸ ਦੋਜ਼ਕ ਨਾਲਿ ਕਿ ਲਗੈ ।੨੮।

ਉਡਿਆ ਭਉਰ ਸੱਸੀ ਦੇ ਕੋਲੋਂ, ਚਲਿਆ ਤਰਫ਼ ਹੋਤਾਂ ਦੀ
ਪਿਛੈ ਵੈਂਦਿਆਂ ਕੂੰ ਵੰਞ ਮਿਲਿਆ, ਖੜੇ ਹੋ ਜਮਾਤ ਠੱਗਾਂ ਦੀ
ਜੈਂਦੇ ਸਿਰ ਤੇ ਮਿਹਰ ਮੁਹੱਬਤਿ, ਕੌਣ ਠਾਕੇ ਬਾਂਹ ਤਿਨਾ ਦੀ
ਆਡਤ ਕੌਲ ਕੂੜਾਵੇ ਹੋਤਾਂ, ਲੱਜ ਨ ਪਈ ਕਉਲਾਂ ਦੀ ।੨੯।

ਕਰ ਹਟਕਾਉ ਨ ਡਿਠਾ ਹੋਤਾਂ, ਡਾਢੀ ਕਹਾ ਕੀਤਿਆ ਨੇ
ਕੇਚ ਕੋਲੋਂ ਇਕ ਮਜਲ ਉਰੇਰੇ, ਵਢ ਕਰਹਿ ਝੁਕਿਆ ਨੇ
ਪੁਛੇ ਮਿਲਨ ਕੋਈ ਕਰਨ ਕੁਬਾਹਤ, ਅਸੀਂ ਨੀਸੀ ਪੁਜ ਸਮਾਨੇ
ਆਡਤ ਕੈ ਫ਼ਲ ਥੀ ਜਾ ਪੁੰਨੂੰ, ਤਾਂ ਹੋਏ ਹੋਤ ਦਿਵਾਨੇ ।੩੦।

ਮਿਲਿਆ ਭੌਰ ਪੁੰਨੂੰ ਦੇ ਤਾਈਂ, ਕਹਰੀ ਕਹਰ ਕੀਤੋਈ
ਸੱਸੀ ਲੈ ਮੁਈਆ ਵਿਚ ਥਲ ਦੇ, ਜੈਂਦਾ ਵਾਰਸ ਥੀਆ ਨ ਕੋਈ
ਬੱਕਰਵਾਲ ਉਸ ਖਿਆਲ ਨ ਛਡੇ, ਉਹ ਨਖਸਿਖ ਆਜਜ਼ ਹੋਈ
ਆਡਤ ਦਿਲ ਦੇ ਮਹਿਰਮ ਬਾਝਹੁ, ਕੌਣ ਕਰੇ ਦਿਲਜੋਈ ।੩੧।

ਆਪ ਸਮਾਲ ਹੋਸ਼ ਕਰ ਏਥੇ, ਸੱਸੀ ਨਹੀਂ ਕੋਲ ਮੇਰੇ
ਦੇ ਸ਼ਰਾਬ ਘਿੰਨ ਆਏ ਮੈਕੂੰ, ਉਹ ਪਈ ਛੋਡੀਆ ਨੇ ਡੇਰੇ
ਧੂਹਸੁ ਮਿਸਰੀ ਕੱਢੀ ਮਿਆਨੋਂ, ਤੁਸਾਂ ਕਰਸਾਂ ਬੇਰੇ ਬੇਰੇ
ਆਡਤ ਸੁਰਤਿ ਸਮਾਲੀ ਪੁੰਨੂੰ, ਧੁਕਿ ਲਗਾ ਫਿਰਿ ਪੈਰੇ ।੩੨।

ਜੈਂਦੇ ਨੈਣ ਕਰਨ ਅਸਨਾਈ, ਜਿਥੇ ਜਾਤ ਨ ਪਾਤ ਪੁਛੀਵੇ
ਪੁਛਣ ਭੌਰ ਗੁਲਾਂ ਦੇ ਤਾਈਂ, ਜਿਥੇ ਮੁਸ਼ਕ ਕਢੀਵੇ
ਪੁਛੋ ਜਾਇ ਪਤੰਗਾਂ ਵਾਹੈ, ਤੁਸੀਂ ਕਿਉਂ ਸੜਦੇ ਦੀਵੇ
ਆਡਤ ਰਾਹ ਤ੍ਰਿਹਾਂ ਦਾ ਇਕੋ, ਮੁੜਨ ਤ ਇਸ਼ਕ ਲਜੀਵੇ ।੩੩।

ਪਕੜਿ ਮੁਹਾਰ ਪੁਛੇ ਸੁ ਪੁੰਨੂੰ, ਕਹੁ ਕਰਹਾ ! ਕਿਆ ਕਰੀਐ
ਸੈ ਕੋਹਾਂ ਦੀ ਵਿਥ ਜਿਨ੍ਹਾਂ ਵਿਚ, ਬਿਨ ਡਿਠੇ ਤਿਨ ਮਰੀਐ
ਯਾਰ ਉਪਕਾਰ ਮਦਦ ਦਾ ਵੇਲਾ, ਕਦਮ ਜ਼ਯਾਦਾ ਧਰੀਐ
ਆਡਤ ਸੱਸੀ ਨੂੰ ਅੱਖੀਂ ਵੇਖਾਂ, ਤਾਂ ਦਮ ਸ਼ੁਕਰਾਨਾ ਭਰੀਐ ।੩੪।

ਸਚੁ ਆਖਾਂ ਸਚੁ ਆਖ ਨ ਸਕਾਂ, ਸਚੁ ਆਖੇ ਬਾਝੁ ਨ ਸਰਦੀ
ਕਿਉਂ ਤੂੰ ਕੇਚ ਨ ਥੀਵੇ ਦਾਖਲ, ਖ਼ਬਰ ਨ ਲਹੈਂ ਘਰ ਦੀ
ਰਾਜ ਛੋਡ ਮੁਹਤਾਜ ਕਿਉਂ ਹੋਵਹਿੰ, ਸੇਵ ਕਰੇਂ ਪਰ ਦਰ ਦੀ
ਆਡਤ ਸੱਸੀ ਤੈਨੂੰ ਕਾਮਣ ਪਾਏ, ਕੈ ਪਈਆ ਕਾਈ ਜ਼ਰ ਦੀ ।੩੫।

ਨ ਪਇ ਗੋਤ ਣ ਨਾਨ ਕਬੀਲਾ, ਤੂੰ ਕੇਹੇ ਸੁਖ਼ਨ ਬਫਾਵੈਂ
ਤੂੰ ਤਾਂ ਪਸੂ ਪ੍ਰੀਤਿ ਕਿਆ ਜਾਣੈ, ਛਾਉਂ ਬਹੈਂ ਫਿਰ ਖਾਵੈਂ
ਭਠਿ ਕੇਚ ਨਹੀਂ ਕੰਮੁ ਅਸਾਡੇ, ਦਿਸਦੇ ਰੁੱਖ ਡਰਾਵੇ
ਆਡਤ ਸੇ ਕਿਉਂ ਚਲਨ ਅਗਾਂਹਾਂ, ਜਿਨ ਕੀਤੇ ਕਉਲ ਸਚਾਵੇ ।੩੬।

ਜੇ ਤੈਂ ਕਉਲ ਸਚਾਵੇ ਕੀਤੇ, ਤਾਂ ਵਿਥ ਕਿਉਂ ਪਾਈ ਦੁਹਾਂ ਨੂੰ
ਗੁੱਝਾ ਨੇਹੁ ਕੀਤਾ ਈ ਪਾਲਾ, ਨਾਲ ਪੁਤ੍ਰਾਂ ਲੋਆਂ ਨੂੰ
ਕਿਥੇ ਸੱਸੀ ਕਿਥੇ ਹੋਰ ਸੁਹੇਰੇ, ਸਿਕਦੇ ਰੂਹ ਰੂਹਾਂ ਨੂੰ
ਆਡਤ ਹੋਤ ਹੋਇਆ ਦੀਵਾਨਾ, ਸੱਸੀ ਸੁਣ ਰੂਹਾਂ ਨੂੰ ।੩੭।

ਕਾਰੀ ਲਗਾ ਹੋਤ ਤਮਾਚਾ, ਬੋਲਣ ਜਾਇ ਨ ਕਾਈ
ਅਚਣਚੇਤੇ ਵਿਸਰ ਭੋਲੇ, ਨਿਜ ਲਗੀ ਕਿਉਂ ਲਾਈ,
ਜੇ ਜਾਣਾਂ ਦੁਖ ਇਤੀ ਹੋਈ, ਠੱਗ ਠਗਉਰੀ ਪਾਈ
ਆਡਤ ਦਮ ਚੜ੍ਹਿਆ ਸ਼ਹੁ ਪੁੰਨੂੰ, ਜੋ ਦੇਵੈ ਰਬਿ ਦਿਖਾਈ ।੩੮।

ਕਰਕੇ ਆਸ ਚੜ੍ਹਿਆ ਸਹੁ ਪੁੰਨੂੰ, ਅਗੇ ਜੋ ਰਜਾਇ ਰੱਬਾਣੀ
ਦੇਖ ਹੈਰਾਨ ਥੀਆ ਥਲ ਮਾਰੂ, ਜਿਥੇ ਰੁਖ ਨ ਪਾਣੀ
ਪੁੰਨੂੰ ਜਾਇ ਉਥਾਈਂ ਵੜਿਆ, ਜਿਥੇ ਕਬਰ ਨੀਸਾਣੀ
ਕਰਹ ਤੇ ਲਾਹਿ ਦਿਤਾ ਫਾਇਤਾ, ਮਿਲਿਆ ਰੂਹ ਰੂਹਾਣੀ ।੩੯।

ਬੱਕਰਵਾਲ ਚਰੇਂਦਾ ਡਿਠੋਸੁ, ਘਿੰਨ ਸਲਾਮ ਹੋਤਾਂ ਦਾ
ਨ ਮੈਂ ਡਿਠਾ ਨ ਮੈਂ ਸੁਣਿਆ, ਏਹੁ ਮਕਾਮੁ ਕਿਨ੍ਹਾਂ ਦਾ
ਸਚੁ ਆਖ ਸਿਕ ਲਹੇ ਅਸਾਡੀ, ਮੈਂ ਆਜਜ਼ ਘਣਿਆਂ ਦਿੰਹਾਂ ਦਾ
ਆਡਤ ਇਕ ਭੁਲਾਵਾ ਮੈ ਕੂੰ ਥਲ ਵਿਚ, ਸੁਣਿਆ ਨਾਉਂ ਮਿਤ੍ਰਾਂ ਦਾ ।੪੦।

ਪੁੰਨੂੰ ਹੋਤ ਤੁਹੈਂ ਸੁਣੀਂਦਾ, ਅਗੈ ਆਵੈ ਤਾਂ ਗੱਲ ਅਖਾਈਂ
ਇਕ ਮਿਹਰੀ ਰੂਪ ਫਿਰੈ ਥਲ ਮਾਰੂ, ਭਰਿ ਭਰਿ ਕਢਦੀ ਆਹੀਂ
ਜੋ ਕਿਛੁ ਜ਼ੋਰੁ ਅਕੂਤ ਅਕਲ ਦਾ, ਦੇ ਰਹਿਆ ਉਸ ਤਾਈਂ
ਪੁੰਨੂੰ ਪੁੰਨੂੰ ਨਾਉਂ ਕੂਕੇਂਦੀ, ਹਈਆ ਗਰਕ ਇਥਾਈਂ ।੪੧।

ਹੋਹੁ ਸੱਤਾਰ ਤੂੰ ਸੱਚੇ ਸਾਈਂ, ਅਸੀਂ ਪਿਰੀ ਦੀਦਾਰ ਕਰਾਹੇ
ਦੁਖੀਂ ਮਾਰ ਕੀਤੇ ਦਰਮਾਂਦੇ, ਲਹੇ ਅਜਾਬ ਦਿਲਾਹੇ
ਪਾਟੀ ਗੋਰ ਹੋਈ ਦੁੰਹ ਥਾਈਂ, ਦੇ ਮਿਲਿਆ ਗਲ ਬਾਂਹੇ
ਆਡਤ ਦੁਹਾਂ ਦਾ ਨੇਂਹੁ ਸਚਾਵਾ, ਪਏ ਕਬੂਲ ਦਰਗਾਹੇ ।੪੨।