Aalami Parwaz : Tara Singh Aalam

ਆਲਮੀ ਪਰਵਾਜ਼ (ਕਾਵਿ ਸੰਗ੍ਰਹਿ) : ਤਾਰਾ ਸਿੰਘ ਆਲਮ

ਸਮਰਪਣ

ਗੁਰੂਆਂ, ਪੀਰਾਂ, ਫ਼ਕੀਰਾਂ
ਅਤੇ ਸੂਫ਼ੀ ਸ਼ਾਇਰਾਂ ਵਲੋਂ
ਉਚਾਰੇ ਸੱਚ ਦੇ ਨਾਂ

ਦੋ ਸ਼ਬਦ

ਆਲਮ ਤਾਰਾ ਸਿੰਘ ਮੇਰਾ ਮੋਹਵੰਤ ਦੋਸਤ ਹੈ। ਰਬਾਬ ਤੋਂ ਲੈ ਕੇ ਰੱਬ ਤੱਕ ਨੂੰ ਉਹ ਆਪਣੀ ਕਵਿਤਾ ਦੀਆਂ ਸਤਰਾਂ ਵਿਚ ਸਮੋਣਾ ਚਾਹੁੰਦਾ ਹੈ।

ਉਸ ਵਿਚ ਮਾਸੂਮੀਅਤ ਵੀ ਹੈ, ਬਾਲਾਂ ਵਰਗਾ ਚਾਅ ਵੀ ਹੈ ਤੇ ਸਿਆਣਿਆਂ ਵਾਲਾ ਠਰ੍ਹੰਮਾ ਵੀ। ਮੈਂ ਉਸਨੂੰ ਕਦੀ ਬੇਸਬਰਾ ਹੁੰਦਾ ਜਾਂ ਕਹਾਲਾ ਪੈਂਦਾ ਨਹੀਂ ਦੇਖਿਆ। ਉਸ ਦੇ ਕੋਲ ਬੈਠਿਆਂ ਉਦਾਸੀ ਜਾਂ ਨਿਰਾਸ਼ਾ ਦੇ ਸਾਏ ਦੂਰ ਰਹਿੰਦੇ ਹਨ।

ਉਸ ਦੀ ਸ਼ਾਇਰੀ ਵਿਚ ਵੀ ਉਸਦੇ ਸੁਭਾਅ ਦੇ ਗੁਣ ਰਮੇ ਹੋਏ ਹਨ। ਉਹ ਖ਼ੁਦਾ ਬਾਰੇ ਵੀ ਕਵਿਤਾ ਲਿਖਦਾ ਹੈ, ਖ਼ੁਦ ਬਾਰੇ ਵੀ, ਸੂਰਜ ਚੰਦ ਬਾਰੇ ਵੀ, ਟੈਲੀਵਿਯਨ ਬਾਰੇ ਵੀ, ਰੇਡੀਓ ਬਾਰੇ ਵੀ। ਉਸ ਦਾ ਅੰਦਾਜ਼ ਨਿਰਛਲ ਖਿਲੰਦੜੇਪਨ ਦਾ ਧਾਰਨੀ ਹੈ।

ਧਰਮ ਤੋਂ ਉਹ ਰੌਸ਼ਨੀ ਲੈਂਦਾ ਹੈ, ਵਲਗਣ ਜਾਂ ਫਿਰਕਾਪ੍ਰਸਤੀ ਨਹੀਂ। ਧਰਮ ਤੋਂ ਉਹ ਸਭ ਕੁਝ ਨੂੰ ਆਪੇ ਵਿਚ ਸਮੋਣ ਦੀ ਵਿਸ਼ਾਲਤਾ ਲੈਂਦਾ ਹੈ। ਧਰਮ ਤੋਂ ਉਹ ਜ਼ਿੰਦਗੀ, ਕੁਦਰਤ ਤੇ ਮਾਨਵ ਦੀ ਬੁਨਿਆਦੀ ਚੰਗਿਆਈ ਦਾ ਵਿਸ਼ਵਾਸ ਲੈਂਦਾ ਹੈ।

ਸੰਗੀਤ ਉਸਦਾ ਪਹਿਲਾ ਪ੍ਰੇਮ ਹੈ। ਇਸੇ ਲਈ ਉਸਦੀ ਸਾਰੀ ਕਵਿਤਾ ਸੰਗੀਤ ਤੋਂ ਰਵਾਨੀ ਲੈਂਦੀ ਹੈ, ਅਰੂਜ਼ ਜਾਂ ਛੰਦ ਤੋਂ ਨਹੀਂ।

ਉਸਦੀ ਆਲਮੀ ਪਰਵਾਜ਼ ਲਈ ਮੁਬਾਰਕਾਂ ਤੇ ਦੁਆਵਾਂ

ਸੁਰਜੀਤ ਪਾਤਰ

ਆਲਮ ਦੀ ਕਵਿਤਾ ਸੱਚ ਦਾ ਹੋਕਾ ਹੈ।

ਡਾਕਟਰ ਤਾਰਾ ਸਿੰਘ ਆਲਮ ਦੀ ਕਵਿਤਾ ਪੜ੍ਹਦਿਆਂ ਜ਼ਿੰਦਗੀ ਦੀ ਅਸਲੀਅਤ ਦਾ ਝਲਕਾਰਾ ਜਿਹਾ ਪੈਂਦਾ ਹੈ। ਜਿਵੇਂ ਕਦੇ ਕਦੇ ਕਿਸੇ ਸੁਪਨੇ ਵਿਚ ਮਨ ਦੀ ਅੰਦਰਲੀ ਅਵਸਥਾ ਕਿਸੇ ਨਾ ਕਿਸੇ ਘਟਨਾ ਦੇ ਰੂਪ ਵਿਚ ਸਾਹਮਣੇ ਆ ਜਾਂਦੀ ਹੈ, ਬਿਲਕੁਲ ਉਸੇ ਤਰ੍ਹਾਂ ਡਾਕਟਰ ਆਲਮ ਵਲੋਂ ਆਪਣੀ ਕਵਿਤਾ ਰਾਹੀਂ ਸਾਡੇ ਅੰਦਰ ਨੂੰ ਫਰੋਲ ਕੇ ਸਾਡੇ ਸਾਹਮਣੇ ਰੱਖਿਆ ਗਿਆ ਹੈ। ਆਲਮ ਸਾਹਿਬ ਨੇ ਆਪਣੀ ਕਵਿਤਾ ਰਾਹੀਂ ਜਿਥੇ ਦੁਨਿਆਵੀ ਪਰਦਿਆਂ ਦੇ ਉਹਲੇ ਵਿਚਰ ਰਹੀ ਜਿੰਦਗੀ ਦੇ ਦਰਸ਼ਨ ਕਰਵਾਏ ਹਨ, ਉਥੇ ਸਮੇਂ ਦੀਆਂ ਪ੍ਰਸਥਿਤੀਆਂ ਦੇ ਸਨਮੁੱਖ ਹੁੰਦਿਆਂ ਮਨੁੱਖਤਾ ਦੇ ਅਰਥਾਂ ਨੂੰ ਲੱਭਣ, ਵਿਚਾਰਣ ਅਤੇ ਪ੍ਰੈਕਟੀਕਲ ਤੌਰ ਤੇ ਉਹਨਾਂ ਦੀ ਪਾਲਣਾ ਕਰਨ ਦਾ ਸੰਦੇਸ਼ ਦਿੱਤਾ ਹੈ :

ਇਸ ਮਨ ਦੇ ਕੱਚੇ ਭੱਠੇ ਨੂੰ
ਗੁਰ ਸੰਗਤ ਨਾਲ ਤਪਾ ਲਈਏ।
ਸੁਰਤੀ ਦੀਆਂ ਕੱਚੀਆਂ ਇੱਟਾਂ ਨੂੰ
ਸਿਮਰਨ ਨਾਲ ਪਕਾ ਲਈਏ।

ਮਨ ਦੀ ਕਚਿਆਈ ਸਾਡੇ ਦਿਲੋ ਦਿਮਾਗ ਤੇ ਐਸਾ ਅਸਰ ਕਰਦੀ ਹੈ ਕਿ ਅਸੀਂ ਨਿੱਕੇ ਨਿੱਕੇ ਲਾਲਚ ਵੱਸ ਗਲਤ-ਰਸਤਿਆਂ ਤੇ ਤੁਰਦੇ ਹਾਂ, ਇੱਕ ਬਾਰ ਅਜਿਹੇ ਗਲਤ ਰਸਤੇ ਪੈ ਕੇ ਪਿਛੇ ਮੁੜਣ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਹਨ ਅਤੇ ਨਾ ਚਾਹੁੰਦਿਆਂ ਵੀ ਅੱਗੇ ਤੁਰਨਾ ਪੈਂਦਾ ਹੈ। ਜਿਵੇਂ ਇੱਕ ਝੂਠ ਤੋਂ ਬਾਅਦ ਬੇਵਸੀ ਵਿਚ ਹੀ ਕਈ ਝੂਠ ਮਾਰਨੇ ਪੈਂਦੇ ਹਨ। ਆਲਮ ਸਾਹਿਬ ਨੇ ਦੁਨੀਆਂ ਦੀ ਮਤਲਬਪਰਸਤੀ ਨੂੰ ਨੇੜਿਓਂ ਮਹਿਸੂਸ ਕਰਦਿਆਂ ਸਾਫæ ਕਿਹਾ ਹੈ ਕਿ

ਜੇਬ ਤੇਰੀ ਜੋ ਪੌਂਡ ਜਾਂ ਡਾਲਰ, ਸਭ ਨੇੜੇ ਹੋ ਹੋ ਬਹਿੰਦੇ।
ਕਰਦੇ ਤੇਰੀ ਚਾਪਲੂਸੀ, ਜੀ ਜੀ ਤੈਨੂੰ ਕਹਿੰਦੇ।
ਮੀਆਂ ਬੀਵੀ ਸਭ ਧੀਆਂ ਪੁੱਤਰ ਪੈਸੇ ਦਾ ਸੰਸਾਰ ਵੇ।
ਦੁਨੀਆ ਮਤਲਬ ਦੀ ਕੋਈ ਨਾ ਕਿਸੇ ਦਾ ਯਾਰ ਵੇ

ਪੈਸੇ ਅਤੇ ਲਾਲਚ ਨਾਲ ਜੁੜੇ ਮਤਲਬ ਖੋਰਾਂ ਨੂੰ ਵੀ ਇਕ ਹਲ¨ਣਾ ਮਾਰਦਿਆਂ ਆਲਮ ਨੇ ਇਸ ਨਾਸ਼ਵਾਨ ਦੁਨੀਆਂ ਬਾਰੇ ਚਾਨਣਾ ਪਾਇਆ ਹੈ:

ਮਿੱਟੀ ਮਿੱਟੀ ਨੂੰ ਜੀਵਨ ਦੇਵੋ, ਮਿੱਟੀ ਮਿੱਟੀ ਨੂੰ ਮਾਰੇ।
ਮਿੱਟੀ ਮਿੱਟੀ ਅੰਬਰ ਧਰਤੀ, ਮਿੱਟੀ ਚੰਦ ਸੂਰਜ ਤੇ ਤਾਰੇ।
ਮਿੱਟੀ ਤੋਂ ਹੀ ਉਪਜਿਆ ਸਾਰਾ, ਮਿੱਟੀ ਹੋਣਾ ਸੰਸਾਰ ਹੈ।

ਸ਼ਾਇਦ ਇਸੇ ਕਰਕੇ ਡਾਕਟਰ ਆਲਮ ਆਪਣੀ ਪਹਿਚਾਣ ਕਰਵਾਂਦਿਆਂ ਜਾਤ ਪਾਤ, ਊਚ-ਨੀਚ ਦੋ ਪਰਦਿਆਂ ਚੋਂ ਨਿਭਾਈ ਸਪਸ਼ਟ ਰੂਪ ਵਿਚ ਉਸ ਪਰਵਦਗਾਰ ਦੇ ਹਥੀਂ ਫੜੀ ਡੋਰ ਨਾਲ ਜੁੜਿਆ ਪਤੰਗ ਮਹਿਸੂਸ ਕਰਦਾ ਹੈ, ਜਿਹੜਾ ਕੁਦਰਤ ਦੀ ਇਸ ਸੁਗੰਧ ਵਿਚ ਪਿਆਰ ਦੀਆਂ ਰੰਗੀਨ ਫੁਹਾਰਾਂ ਨਾਲ ਰੰਗ ਭਰਨ ਦੇ ਯਤਨ ਵਿਚ ਹੈ:

ਨਾ ਮੈਂ ਹਿੰਦੂ ਸਿੱਖ ਈਸਾਈ ਨਾ ਮੈਂ ਮੁਸਲਮਾਨ।
ਰੱਬ ਦੇ ਬੰਦਿਆਂ ਨਾਲ ਮੁਹੱਬਤ ਹੈ ਮੇਰਾ ਈਮਾਨ।
ਜੋ ਬੁਲਾਵੇ ਉਹੀ ਬੋਲਾਂ ਮੈਂ ਤਾਂ ਬੰਦਾ ਹਾਂ ਨਾਦਾਨ।

ਤਾਰਾ ਸਿੰਘ ਆਲਮ ਦੀ ਕਵਿਤਾ ਪੜ੍ਹਦਿਆਂ ਇਕ ਹੋਰ ਖੂਬਸੂਰਤ ਅਹਿਸਾਸ ਹੁੰਦਾ ਹੈ ਕਿ ਲੰਮੇ ਅਰਸੇ ਤੋਂ ਤੋਂ ਬਰਤਾਨੀਆਂ ਵਿਚ ਰਹਿੰਦੇ ਉਹ ਅੰਦਰੂਨੀ ਤੌਰ ਤੇ ਆਪਣੀ ਧਰਤੀ, ਆਪਣੀ ਜਨਮ ਭੂਮੀ ਨਾਲ ਜੁੜਕੇ ਪੰਜਾਬ ਜਾਂ ਇਸਦੇ ਆਲੇ-ਦੁਆਲੇ ਵਾਪਰਦੀ ਹਰ ਘਟਨਾ ਮਹਿਸੂਸ ਕਰਦਾ ਹੈ:

ਜੇ ਰਲਕੇ ਰਹਿੰਦੇ ਹੁਣ ਤਾਈਂ ਸਾਰੇ ਜੱਗ ਵਿਚ ਨਾਮ ਕਮਾ ਲੈਂਦੇ।
ਤੁਸੀਂ ਇਕ ਕਸ਼ਮੀਰ ਲਈ ਲੜਦੇ ਹੋ, ਕਈ ਕਸ਼ਮੀਰ ਬਣਾ ਲੈਂਦੇ।

ਜਿਥੇ ਆਪਣੀ ਕਵਿਤਾ ਵਿਚ ਡਾਕਟਰ ਆਲਮ ਨੇ ਹਰ ਰੰਗ ਭਰਿਆ ਹੈ ਉਥੇ ਇਕ ਹੋਰ ਵੀ ਸ਼ਲਾਘਾਯੋਗ ਕੰਮ ਕੀਤਾ ਹੈ ਕਿ ਉਹਨਾਂ ਨੇ ਗੁਰੂ ਸਾਹਿਬਾਨਾਂ, ਭਗਤਾਂ, ਸੂਰਬੀਰਾਂ ਅਤੇ ਸਮਾਜਕ ਹਸਤੀਆਂ ਦੇ ਕਾਵਿ ਚਿਤਰ ਲਿਖਕੇ ਆਉਂਦੀਆਂ ਪੀੜ੍ਹੀਆਂ ਲਈ ਇਕ ਵਿਰਾਸਤੀ ਤੋਹਫਾ ਤਿਆਰ ਕੀਤਾ ਹੈ। ਸਮੇਂ ਦੇ ਬਦਲਦੇ ਰੰਗਾਂ ਨੂੰ ਵੀ ਉਹਨਾਂ ਨੇ ਆਪਣੀ ਕਵਿਤਾ ਵਿਚ ਪਰੋਇਆ ਹੈ।

ਮੇਰੇ ਅਜ਼ੀਜ਼ ਅਤੇ ਬਾਬਾ ਬੁੱਲ੍ਹੇ ਸ਼ਾਹ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਸਕੱਤਰ ਨਿਰਮਲ ਜੌੜਾ ਦੇ ਉਦਮ ਸਦਕਾ ਡਾ. ਤਾਰਾ ਸਿੰਘ ਆਲਮ ਦੇ ਇਸ ਕਾਵਿ ਸੰਗ੍ਰਹਿ ਨੂੰ ਪ੍ਰਕਾਸ਼ਤ ਕਰਨ ਦਾ ਉਪਰਾਲਾ ਅਸੀਂ ਫਾਊਂਡੇਸ਼ਨ ਵੱਲੋਂ ਇਸ ਕਰਕੇ ਵੀ ਕਰ ਰਹੇ ਹਾਂ। ਡਾ. ਆਲਮ ਨੇ ‘ਸੱਚ ਦਾ ਹੋਕਾ’ ਦਿੱਤਾ ਹੈ ਜੋ ਸਾਡੀ ਫਾਊਂਡੇਸ਼ਨ ਦਾ ਮੁੱਖ ਉਦੇਸ਼ ਹੈ।

ਗੁਰਚਰਨ ਸਿੰਘ
ਚੇਅਰਮੈਨ
ਬਾਬਾ ਬੁੱਲ੍ਹੇ ਸ਼ਾਹ ਫਾਊਂਡੇਸ਼ਨ ਇੰਟਰਨੈਸ਼ਨਲ


ਬੇਨਤੀ

ਰਖੋ ਆਪਣੇ ਚਰਣਾਂ ਪਾਸ। ਤੇਰੇ ਸੇਵਕ ਕੀ ਅਰਦਾਸ। ਸਭ ਰੋਗਾਂ ਦਾ ਕਰੇ ਨਾਸ। ਮੇਰੇ ਦਿਲ ਵਿਚ ਕਰ ਲਉ ਵਾਸ। ਆਧ ਬਿਆਧ ਨੂੰ ਜੜੋਂ ਮਿਟਾਉ। ਸਭ ਬਲਾਵਾਂ ਹਟਾਓ। ਸੇਵਕ ਆਪਣਾ ਭਗਤੀ ਲਾਉ। ਨਿਰਭਉ ਕਰਕੇ ਨਾਮ ਜਪਾਉ। ਭੂਤ ਪ੍ਰੇਤ ਸੂਕਰ ਮ੍ਰਿਗਾਚ। ਦੇਵ ਦੈਂਤ ਕਿੰਨਰ ਪਿਸਾਚ। ਤੇਰੇ ਸੇਵਕ ਦੇ ਹੋਵਣ ਦਾਸ। ਪੂਰਨ ਹੋਵੇ ਸਾਰੀ ਆਸ। ਸਦਾ ਸਦਾ ਰਹੇ ਤੇਰਾ ਪਿਆਰ। ਧਨ, ਪੁੱਤ, ਸੁੱਖ ਦਿਓ ਅਪਾਰ। ਗੁਰੂ ਨਾਨਕ ਜੀ ਕਿਰਪਾ ਧਾਰ। ਤੇਰੇ ਜੋਗਾ ਤੇਰੇ ਦੁਆਰ। ੴ ਸਤਿਨਾਮ ਆਗਮ ਨਿਗਮ ਰਾਮ। ਰੋਮ ਰੋਮ ਸਵਾਸ ਸਵਾਸ ਜਪੀਏ ਤੇਰਾ ਨਾਮ ਰਿਧ ਸਿਧ ਨਵਨਿਧ ਤੱਤ ਬੁੱਧ ਪ੍ਰਗਾਸ। ਕਾਮ ਧੇਨ ਪਾਰਜਾਤ ਆਵਣ ਸਭੇ ਪਾਸ। ਨਜ਼ਰ ਕਸਰ ਆਧਿ ਬਿਆਧ ਦਾ ਨਾਸ। ਭੂਤ ਪ੍ਰੇਤ ਭੈਅ ਭੁਲੇਖੇ ਹੋ ਜਾਣ ਖਾਲਾਸ। ਸਤਿਗੁਰ ਨਾਨਕ ਤੇਰੇ ਸੇਵਕ ਦੀ ਅਰਦਾਸ। ਸਦਾ ਸਦਾ ਰਖੋ, ਆਪਣੇ ਚਰਨਾਂ ਪਾਸ। ਸਗਲੇ ਕਾਰਜ ਕਰ ਦਿਉ ਰਾਸ।

ਬੇਨਤੀ ਤੇਰੇ ਦੁਆਰ

ਸੱਚੇ ਸਾਂਈਂ ਸੱਚੇ ਸਤਿਗੁਰ ਸਭ ਦੇ ਪਾਲਣਹਾਰੇ। ਇਕੋ ਤੇਰੀ ਓਟ ਅਸਾਨੂੰ ਬੇਨਤੀ ਤੇਰੇ ਦੁਆਰੇ। ਦੁਸ਼ਟ ਦੈਂਤ ਸ਼ੈਤਾਨ ਬਲਾਵਾਂ, ਸਭ ਨੂੰ ਪਰ੍ਹੇ ਹਟਾਉ। ਸੁਰਤ ਅਸਾਡੀ ਪਾਕ ਬਣਾ ਕੇ ਹਿਰਦੇ ਵਿਚ ਵੱਸ ਜਾਉ। ਅਕਾਸ਼ ਪਤਾਲੀਂ ਸਭਨੀਂ ਥਾਈਂ ਹੁਕਮ ਤੇਰਾ ਹੀ ਚੱਲੇ। ਪਰਾ-ਅਪਰਾ ਜਾਦੂ ਟੂਣਾ ਸਭ ਤੇਰੇ ਹੁਕਮ ਦੇ ਥੱਲੇ। ਤੰਤਰ ਮੰਤਰ ਜੰਤਰ ਸਭ ਨੂੰ ਆਪੇ ਵਾਪਸ ਮੋੜੋ। ਕਰਨ ਕਰਵਾਣ ਵਾਲੇ ਦੁਸ਼ਟਾਂ ਦੇ ਮੂੰਹ ਤੋੜੋ। ਗੈਬੀ ਸ਼ਕਤੀਆਂ, ਦੇਵੀ, ਦੋਵਾਂ ਨੂੰ ਫੁਰਮਾਉ। ਭਗਤਾਂ ਦੀ ਰੱਖਿਆ ਦੇ ਲਈ ਤਤਕਾਲ ਭਿਜਵਾਉ। ਆਪਣੇ ਭਗਤਾਂ ਦੀ ਪੱਤ ਰਖੋ ਰਹਿਣ ਬਲਾਵਾਂ ਦੂਰ ਆਪਣੇ ਸੇਵਕ ਦੇ ਕਾਜ ਸਵਾਰੋ, ਰਹੋ ਸਦਾ ਹਜ਼ੂਰ। ਗੁਰ ਨਾਨਕ ਤੇਰਾ ਨਾਮ ਹੈ ਸੱਚਾ, ਰੱਬ ਸੱਚੇ ਦਾ ਨੂਰ। ਬਖਸ਼ੋ ਆਲਮ ਆਪਣਾ, ਦੇਵੋ ਸਦਾ ਸਰੂਰ।

ਕਾਰਜ ਸਭ ਸਵਾਰੇ

ਕਾਰਜ ਸਭ ਸਵਾਰੋ ਸਤਿਗੁਰ। ਆਪਣੇ ਸੇਵਕ ਤਾਰੋ ਸਤਿਗੁਰੁ। ਸਾਰੇ ਗ੍ਰਹਿ ਸਿੱਧੇ ਹੋ ਜਾਵਣ। ਦੇਵ ਦੈਂਤ ਸਭ ਦਰ ਤੇ ਆਵਣ। ਆਪਣਾ ਆਪਣਾ ਭੋਜਨ ਖਾਵਣ। ਸਾਰੀਆਂ ਗਲਤੀਆਂ ਨੂੰ ਬਖਸ਼ਾਵਣ। ਆਪੇ ਆਪਣੀ ਵਿਧੀ ਸਿਖਾਵਣ। ਜੋ ਕਰਾਉਣਾ ਆਪ ਕਰਾਵਣ। ਸਤਿਗੁਰ ਜਦੋਂ ਪ੍ਰਸੰਨ ਹੋ ਜਾਵੇ। ਰਿਧੀ ਸਿਧੀ ਸਭ ਉਥੇ ਆਵੇ। ਸਤਿਗੁਰੁ ਨਾਨਕ ਆਪ ਨਿਰੰਕਾਰ। ਸਦਾ ਹੀ ਕਰਦਾ ਹੈ ਬੇੜੇ ਪਾਰ।

ਰਬਾਬ

ਸਿਦਕ ਦੇ ਦੇ ਸਵਰ ਦੇ ਦੇ, ਲਗਨ ਦੀ ਰਬਾਬ ਦੇ ਦੇ। ਰੋਮ ਰੋਮ ਤਾਰ ਛੇੜੇ ਅਹਿਸਾਸ ਦੀ ਮਿਜਰਾਬ ਦੇ ਦੇ। ਹਰ ਪਲ ਤੇਰਾ ਹੀ ਖਿਆਲ ਹੋਵੇ ਘੁਮਾਰ ਹੋਵੇ, ਆਪਣੀ ਬੁਕਲ ਵਿਚ ਨੀਂਦ ਦੇ ਦੇ, ਆਪਣੇ ਹੀ ਖਾਬ ਦੇ ਦੇ। ਬਦਲਾਂ ਵਾਂਗ ਵਰਨਾਂ ਤੋਂ ਬਰਫ਼ ਵਾਂਗ ਕਿਰਨਾ। ਅੰਬਰ ਜੇਹਾ ਦਿਲ ਦੋ ਦੇ ਚੰਦ ਜੇਹਾ ਸ਼ਬਾਬ ਦੇ ਦੇ। ਪਿਆਰ ਪਿਆਰ ਕਰਦੇ ਤਨ ਮਨ ਮੇਰਾ ਖੁਮਾਰ ਕਰਦੇ। ਪਵਣ ਵਾਂਗੂੰ ਪਾਕ ਕਰਦੇ, ਸੂਰਜ ਵਾਂਗੂੰ ਤਾਬ ਦੇ ਦੇ। ਕੋਈ ਖਾਹਸ਼ ਨਾ ਰਹੇ, ਕੋਈ ਵੀ ਤਲਾਸ਼ ਨਾ ਰਹੇ, ਤੜਪਦੇ ਆਲਮ ਨੂੰ ਕੋਈ, ਐਸਾ ਜਵਾਬ ਦੇ ਦੇ। ਮਛਲੀ ਪਾਣੀ ਤੋਂ ਬਿਨਾਂ, ਚਕੋਰ ਚੰਦ ਤੋਂ ਬਿਨਾਂ, ਵਸਲ ਵਿਚ ਤਪਦੇ ਹਿਜਰਾਂ ਨੂੰ ਆਬ ਦੇ ਦੇ। ਸਾਰਾ ਆਲਮ ਅੰਬਰ ਧਰਤੀ ਜੀ ਜਾਨ ਲੈ ਲੈ। ਮੈਨੂੰ ਮੇਰਾ ਨਨਕਾਣਾ ਰਾਵੀ ਤੇ ਝਨਾਬ ਦੇ ਦੇ।

ਰੱਬ ਜੀ ਰੱਬ ਜੀ

ਮੇਰੇ ਪਿਆਰੇ ਪਿਆਰੇ ਰੱਬ ਜੀ ਮੇਰੇ ਪਿਆਰੇ ਪਿਆਰੇ ਰੱਬ ਜੀ। ਅਸੀਂ ਕਰਦੇ ਤੈਨੂੰ ਲਵ ਜੀ ਅਸੀਂ ਕਰਦੇ ਤੈਨੂੰ ਲਵ ਜੀ। ਕੀ ਹੈ ਤੇਰਾ ਧਰਮ ਵੇ ਰੱਬਾ, ਉਹੀ ਮੈਂ ਅਪਣਾਵਾਂ। ਕੀ ਤੇਰਾ ਸਰਨੇਮ ਹੈ ਰੱਬਾ ਕੀ ਤੇਰਾ ਸਿਰਨਾਵਾਂ। ਦੀਦ ਤੇਰੇ ਦੀ ਪਿਆਸੀ ਰੱਬਾ ਕਿੰਜ ਮੈਂ ਦਰਸ਼ਨ ਪਾਵਾਂ। ਤੇਰੇ ਮੇਲ ਦੇ ਬਾਂਝ ਰੱਬਾ ਕਮਲੀ ਹੁੰਦੀ ਜਾਵਾਂ। ਹਰ ਜਗ੍ਹਾ ਤੇ ਤੂੰ ਹੈਂ ਰਹਿੰਦਾ ਗੱਲਾਂ ਕਰਦੇ ਸਭ ਜੀ, ਮੇਰੇ ਪਿਆਰੇ ਪਿਆਰੇ ਰੱਬ ਜੀ... ਜੇ ਤੂੰ ਰਹਿੰਦਾ ਮੰਦਰ ਦੇ ਵਿਚ ਹਿੰਦੂ ਮੈਂ ਬਣ ਜਾਵਾਂ। ਜੇ ਤੂੰ ਰਹਿੰਦਾ ਗੁਰਦੁਆਰੇ ਸਿੱਖੀ ਮੈਂ ਅਪਣਾਵਾਂ। ਜੇ ਤੂੰ ਰਹਿੰਦਾ ਮਸਜਦ ਅੰਦਰ ਮੁਸਲਮਾਨ ਹੋ ਜਾਵਾਂ। ਜੇ ਤੂੰ ਰਹਿੰਦਾ ਗਿਰਜੇ ਅੰਦਰ ਈਸਾ ਮੈਂ ਧਿਆਵਾਂ। ਲੱਖਾਂ ਰਸਤੇ ਲੱਖਾਂ ਗਲੀਆਂ ਕੀ ਬਣੇ ਸਬੱਬ ਜੀ, ਮੇਰੇ ਪਿਆਰੇ ਪਿਆਰੇ ਰੱਬ ਜੀ... ਸੁਣ ਤੂੰ ਮੇਰੇ ਸੋਹਣੇ ਸੱਜਣਾ ਸੁਣ ਤੂੰ ਮੀਤ ਪਿਆਰੇ। ਮੈਂ ਤਾਂ ਤੇਰੇ ਅੰਦਰ ਬੈਠਾ ਤੂੰ ਫਿਰਦਾ ਦੁਆਰੇ ਦੁਆਰੇ। ਮੈਂ ਤਾਂ ਤੈਥੋਂ ਕਦੇ ਨਾ ਵਿਛੜਾਂ ਤੂੰ ਹੀ ਮੈਨੂੰ ਵਿਸਾਰੇਂ। ਪਲ ਵਿਚ ਮੈਂ ਤਾਂ ਦਰਸ਼ਨ ਦੋਵਾਂ ਜੇ ਦਿਲ ਵਿਚ ਝਾਤੀ ਮਾਰੇਂ। ਮੈਂ ਤਿਆਗੇਂ ਸੁੱਤਾ ਜਾਗੇਂ ਆਲਮ ਹੋਵੇ ਤਬ ਜੀ, ਮੇਰੇ ਪਿਆਰੇ ਪਿਆਰੇ ਰੱਬ ਜੀ..

ਗੁਰੂ ਗ੍ਰੰਥ ਜੀ ਪਿਆਰੇ

ਹਾਜ਼ਰ ਨਾਜ਼ਰ ਸਤਿਗੁਰ ਪੂਰੇ, ਗੁਰੂ ਗ੍ਰੰਥ ਜੀ ਪਿਆਰੇ। ਸਭੇ ਸੂਰਜ, ਧਰਤਾਂ, ਮੰਡਲ ਪੂਜਣ ਤੈਨੂੰ ਸਾਰੇ। ਤੂੰ ਸਭਨਾਂ ਦਾ ਸਭ ਤੇਰੇ ਨੇ, ਤੇਰੀ ਏਹੋ ਵਡਿਆਈ। ਸਭ ਧਰਮਾਂ ਦੀ ਸੋਚ ਉਚੇਰੀ ਤੇਰੇ ਵਿਚ ਸਮਾਈ। ਸੱਚੇ ਸੁੱਚੇ ਪਿਆਰ ਤੇਰੇ ਨੂੰ ਗਾਵੇ ਸਭ ਲੁਕਾਈ। ਸਭ ਧਰਮਾਂ ਦੀ, ਸਭ ਸੰਤਾਂ ਦੀ ਸਾਂਝੀ ਇਕ ਖੁਦਾਈ। ਦੇਵੀ ਦੇਵਤੇ ਅਰਜ਼ਾਂ ਕਰਦੇ, ਝੁਕਦੇ ਤੇਰੇ ਦੁਆਰੇ, ਹਾਜ਼ਰ ਨਾਜ਼ਰ ਸਤਿਗੁਰੂ ਪੂਰੇ... ਬਾਬਾ ਫ਼ਰੀਦ ਜੀ ਤੇਰੇ ਵੇਹੜੇ ਪੰਜ ਨਵਾਜਾਂ ਪੜ੍ਹਦੇ। ਕਬੀਰ ਸਾਹਿਬ ਜੀ ਲਾਹੀ ਜਾਵਣ ਭਰਮਾਂ ਦੇ ਸਭ ਪੜਦੇ। ਧੰਨਾ ਜੀ ਪੱਥਰ ਵਿਚੋਂ, ਕ੍ਰਿਸ਼ਨ ਦੇ ਦਰਸ਼ਨ ਕਰਦੇ। ਤੇਰੀ ਭਗਤੀ ਜੋ ਵੀ ਰੁੱਤੇ, ਕਦੋਂ ਕਿਸੇ ਤੋਂ ਡਰਦੇ। ਜਿਨ੍ਹਾਂ ਤੇ ਤੂੰ ਕਰਦਾ ਕਿਰਪਾ ਉਹ ਸਮਝਣ ਤੇਰੇ ਇਸ਼ਾਰੇ, ਹਾਜ਼ਰ ਨਾਜ਼ਰ ਸਤਿਗੁਰੂ ਪੂਰੇ...

ਦਇਆ

ਸਤਿਗੁਰੁ ਦਇਆ ਕਰੋ ਆਪਣਾ ਨਾਮ ਜਪਾਵੇ। ਨਵੇਂ ਸਾਲ ਦਾ ਪਲ ਪਲ ਹੱਸੇ ਤੇ ਮੁਸਕਾਵੇ। ਪ੍ਰੇਮ ਏਕਤਾ, ਅਮਨ ਨਸ਼ੇ ਵਿਚ ਹਰ ਕੋਈ ਨੱਚੇ ਗਾਵੇ। ਸਭਨਾਂ ਜੀਆਂ ਦਾ ਇਕੋ ਦਾਤਾ ਏਹੋ ਯਾਦ ਰਹਿ ਜਾਵੇ। ਜੋ ਜੋ ਹੋਣਾ ਸੋ ਸੋ ਹੋਵੇ ਜੋ ਜੋ ਉਹਨੂੰ ਭਾਵੇ। ਆਪਣੀ ਰਜ਼ਾ ਵਿਚ ਰਾਜੀ ਰਹਿਣਾ ਸਾਨੂੰ ਆਪ ਸਿਖਾਵੇ। ਅਵੱਲ ਅੱਲਾ ਨੂਰ ਦੇ ਅੰਦਰ ਜਿੰਦੜੀ ਏਹ ਡੁੱਬ ਜਾਵੇ। ਰੋਮ ਰੋਮ ਸਵਾਸ ਸਵਾਸ ਵਿਚ ਉਹਦੀ ਯਾਦ ਸਮਾਵੇ। ਇੱਛਾ ਪੂਰਕ ਸਰਬ ਸੁਖ ਦਾਤਾ ਸਭ ਦੀ ਇੱਛਾ ਪੁਜਾਵੇ। ਆਪਣੇ ਸੇਵਕ ਭਗਤਾਂ ਦਾ ਉਹ ਆਪੇ ਬਿਰਦ ਰਖਾਵੇ। ਦੁੱਖ ਦਲਿੱਦਰ ਦੂਰ ਕਰੇ, ਆਧਿ ਬਿਆਧਿ ਹਟਾਵੇ। ਜੰਤਰ ਮੰਤਰ ਤੰਤਰ ਕੋਲੋਂ ਆਪਣੇ ਸਿੱਖ ਛੁਡਾਵੇ। ਆਪਣੇ ਸੱਚੇ ਭਗਤਾਂ ਨੂੰ ਉਹ ਸਦਾ ਵਿਗਾਸ ਕਰਾਵੇ। ਸਤਿਗੁਰ ਨਾਨਕ ਆਲਮ ਦੀਆਂ ਭੁੱਲਾਂ ਸਭ ਬਖਸ਼ਾਵੇ।

ਖ਼ਾਲਸਾ ਅਮਰ ਰਹੇਗਾ

ਸਦੀਆਂ ਦੇ ਸਫ਼ਰ ਨੇ, ਬੇ ਆਹ ਸਬਰ ਨੇ। ਜਨਮਾਂ ਦੀ ਭਗਤੀ ਨੇ, ਅਕਾਲੀ ਸ਼ਕਤੀ ਨੇ। ਆਪਣੀ ਅਕਲ ਨੂੰ ਆਪਣੀ ਸ਼ਕਲ ਨੂੰ। ਸਿੱਖੀ ਸਰੂਪ ਨਾਲ ਖਾਲਸੇ ਦੇ ਰੂਪ ਨਾਲ। ਸਮੇਂ ਦੇ ਕਹਿਰ ਨੇ। ਨਾਨਕ ਦੀ ਮਿਹਰ ਨੇ। ਜਨਮਿਆਂ ਵੈਸਾਖ ਨੂੰ ਖਾਲਸੇ ਏਹ ਖਾਸ ਨੂੰ। ਭੇਖ ਤੋਂ ਨਿਆਰੇ ਨੂੰ ਗਰੀਬਾਂ ਦੇ ਸਹਾਰੇ ਨੂੰ। ਨਿਮਾਣਿਆਂ ਦੇ ਮਾਣ ਨੂੰ, ਨਿਤਾਣਿਆਂ ਦੇ ਤਾਣ ਨੂੰ। ਗੋਬਿੰਦ ਜੀ ਫੁਰਮਾਇਆ ਸੀ ਹੁਕਮ ਧੁਰੋਂ ਆਇਆ ਸੀ। ਐ ਮੇਰੇ ਖ਼ਾਲਸਾ, ਛੱਡ ਕੇ ਤੂੰ ਲਾਲਸਾ। ਖੁੱਲ੍ਹੇ ਵਿਚਾਰ ਰਖੀਂ, ਸਭ ਨਾਲ ਪਿਆਰ ਰੱਖੀਂ। ਵਿਚਾਰ ਨੂੰ ਈਮਾਨ ਸਮਝੀਂ, ਅਮਲ ਨੂੰ ਪ੍ਰਧਾਨ ਸਮਝੀਂ। ਊਚ ਨੀਚ ਨਾ ਕੋਈ ਜਾਣੀ, ਆਪਣਾ ਆਪ ਤੂੰ ਪਹਿਚਾਣੀ। ਗੋਲਕ ਨਾ ਆਪਣੀ ਜਾਣੀ ਵੰਡ ਨਾ ਕਦੇ ਕਰੀਂ ਕਾਣੀ। ਜੇ ਗ਼ਰੀਬ ਨੂੰ ਗਲ ਲਾਵੇਂਗਾ ਤਾਂ ਮੇਰਾ ਸਿੱਖ ਅਖਾਏਂਗਾ। ਹੁਕਮ ਤੋਂ ਪਾਸੇ ਜਾਵੇਂਗਾ ਤਾਂ ਸਿੱਖੀ ਨੂੰ ਢਾ ਲਾਏਂਗਾ। ਸਮਾਜ ਨੂੰ ਗੰਧਲਾ ਕਰੇਂਗਾ, ਤਾਂ ਕੀਤਾ ਆਪੇ ਭਰੇਂਗਾ। ਮੇਰਾ ਜੋ ਖ਼ਾਲਸਾ ਜੀਏਗਾ ਓ ਨਾਮ ਅੰਮ੍ਰਿਤ ਪੀਏਗਾ। ਦਾਹੜੀ ਕੇਸ ਧਰੇਗਾ, ਅਕਾਲ ਉਸਤਤ ਕਰੇਗਾ। ਕੇਸਾਂ ਨੂੰ ਵਾਹੇਗਾ, ਸੂਰਤ ਸ਼ਬਦ ਵਿਚ ਲਾਹੇਗਾ। ਸੋਹਣੀ ਦਸਤਾਰ ਸਜਾਏਗਾ, ਸਭ ਦੇ ਦਿਲ ਨੂੰ ਭਾਏਗਾ। ਸਦਾ ਸੱਚ ਖੰਡ ਰਹੇਗਾ, ਸਦਾ ਸੱਚ ਸੱਚ ਕਹੇਗਾ। ਸੋਚ ਨੂੰ ਕਦੇ ਵੀ ਲੋਹਾ ਨਾ ਕਰੀਂ, ਸੱਚ ਹੱਥ ਲੋਹਾ ਫੜੀਂ।

ਤੇਰਾ ਸੱਚਾ ਨਾਮ ਧਿਆਵਾਂ

ਸਤਿਗੁਰ ਆਪਣੀ ਕਲਾ ਵਰਤਾਉ। ਸਭ ਸ਼ੈਤਾਨਾਂ ਨੂੰ ਸਮਝਾਉ। ਸਭ ਅੜਿਕੇ ਦੂਰ ਕਰਾਉ। ਵੈਰੀ ਸਾਰੇ ਮਿੱਤਰ ਬਣਾਉ। ਦੇਵ ਦੈਤਾਂ ਤੋਂ ਕੰਮ ਕਰਵਾਉ। ਸਾਰੀਆਂ ਗੁੱਥੀਆਂ ਆਪ ਸੁਲਝਾਉ। ਆਪਣੇ ਸੇਵਕ ਨੂੰ ਆਪ ਬਚਾਉ। ਆਪਣੇ ਹੁਕਮ ’ਚ ਕਾਰ ਕਰਵਾਉ। ਤੇਰਾ ਸੱਚਾ ਨਾਮ ਧਿਆਵਾਂ। ਜੋ ਜੋ ਆਖੇਂ ਭੇਟ ਚੜ੍ਹਾਵਾਂ। ਜੋ ਜੋ ਨਾਨਕ ਸੋਝੀ ਪਾਵੇ। ਸੇਵਕ ਤੇਰੀ ਸੇਵ ਕਮਾਵੇ।

ਕੁਦਰਤੀ ਗੁਣਾਂ ਦਾ ਧਾਰਨੀ

ਮਾਣ ਤਾਣ ਤਜੇਗਾ ਸੂਰਜ ਵਾਂਗ ਜਗੇਗਾ। ਹਵਾ ਵਾਂਗ ਵਗੇਗਾ, ਬੱਦਲ ਵਾਂਗੂ ਵਰ੍ਹੇਗਾ। ਬਿਜਲੀ ਵਾਂਗ ਲਿਸ਼ਕੇਗਾ, ਕੰਮ ਤੋਂ ਨਾ ਖਿਸਕੇਗਾ। ਅੰਬਰ ਵਾਂਗ ਖੜ੍ਹੇਗਾ, ਪਰਬਤ ਵਾਂਗ ਅੜੇਗਾ। ਨਾ ਝੁਕੇਗਾ ਨਾ ਝੁਕਾਵੇਗਾ, ਸਭ ਕੁੜੱਤਣਾ ਪੀ ਜਾਵੇਗਾ। ਮੇਰਾ ਖ਼ਾਲਸਾ ਉਹ ਹੋਏਗਾ ਜੋ ਮਨ ਦੀ ਮੈਲ ਧੋਵੇਗਾ। ਮਿੱਠਾ ਧੀਮਾ ਬੋਲੇਗਾ, ਕਦੇ ਵੀ ਨਾ ਡੋਲੇਗਾ। ਦੁੱਖ ਸੁੱਖ ਪੀਏਗਾ, ਹੱਸਦਾ ਹੱਸਦਾ ਜੀਵੇਗਾ। ਮਹਿਕਾਂ ਦਾਨ ਕਰੇਗਾ, ਬਾਣੀ ਇਸ਼ਨਾਨ ਕਰੇਗਾ। ਜੋ ਦੁਖੀਆਂ ਦੇ ਦੁੱਖ ਹਰੇਗਾ ਬਾਣੀ ਚਿੱਤ ਧਰੇਗਾ। ਓਹੀ ਰੂਪ ਮੇਰਾ ਹੋਏਗਾ, ਉਹ ਸਦਾ ਸਵੇਰਾ ਹੋਵੇਗਾ। ਸਾਰਾ ਆਲਮ ਏਹੋ ਕਹੇਗਾ, ਖ਼ਾਲਸਾ ਅਮਰ ਰਹੇਗਾ।

ਗੁਰੂਆਂ ਦੇ ਦਿਨ ਵਾਰ

ਜੁੱਗਾਂ ਜੁੱਗਾਂ ਤੋਂ ਮਨਾਉਂਦੇ ਹਾਂ, ਅਸੀਂ ਲੱਖਾਂ ਹੀ ਤਿਉਹਾਰ। ਈਦ, ਵੈਸਾਖੀ, ਲੋਹੜੀ, ਕ੍ਰਿਸਮਿਸ, ਗੁਰੂਆਂ ਦੇ ਦਿਨ-ਵਾਰ ਘਰ ਬਾਰ ਤੇ ਸੜਕਾਂ ਉੱਤੋਂ, ਦੁਕਾਨਾਂ ਖੂਬ ਸਜਾਉਂਦੇ। ਸੱਜ ਸਜਾਕੇ ਰਾਹਾਂ ਉੱਤੇ, ਧਰਮ ਦੇ ਭੇਖ ਦਿਖਾਉਂਦੇ। ਕੀ ਪੀਰਾਂ ਗੁਰੂਆਂ ਏਹੋ ਦੱਸਿਆ, ਜੋ ਲਗਾਤਾਰ ਨਿਭਾਉਂਦੇ? ਅੰਦਰ ਸਾਡੇ ਘੁੱਪ ਹਨੇਰਾ, ਲਾਈਟਾਂ ਬਾਹਰ ਜਗਾਉਂਦੇ। ਸੰਗਤਾਂ ਦੀ ਏਹ ਮਾਇਆ ਸਾਰੀ, ਹੋਵੇ ਮਿੱਟੀ ਸਰੇ-ਬਾਜ਼ਾਰ, ਜੁੱਗਾਂ ਜੁੱਗਾਂ ਤੋਂ ਮਨਾਉਂਦੇ ਹਾਂ... ਲਾਊਡ ਸਪੀਕਰ ਲਾ ਕੇ ਅਸੀਂ, ਉੱਚੀ ਉੱਚੀ ਗਾਉਂਦੇ। ਦਿਲ ਦੇ ਅੰਦਰ ਰੱਬ ਹੈ ਵਸਦਾ, ਕਿਸ ਨੂੰ ਅਸੀਂ ਸੁਣਾਉਂਦੇ? ਗੁਰਦੁਆਰੇ, ਮੰਦਰ, ਮਸਜਿਦ, ਅਸੀਂ ਸੋਨੇ ਵਿਚ ਮੜਾਉਂਦੇ। ਵੇਦ, ਗ੍ਰੰਥ, ਪੁਰਾਣ, ਕੁਰਾਨਾਂ, ਮਸ਼ੀਨਾਂ ਵਾਂਗ ਚਲਾਉਂਦੇ। ਪਾਠ ਪੜ੍ਹਾ ਕੇ ਅਰਦਾਸਾਂ ਕਰਕੇ, ਪੈਸੇ ਪਏ ਕਮਾਉਂਦੇ। ਅੱਠੇ ਪਹਿਰ ਰੇਡੀਓ, ਟੀ ਵੀ ਰੱਬ ਦੇ ਗੀਤ ਪਏ ਗਾਉਂਦੇ। ਫੇਰ ਵੀ ਵਧਦੇ ਜਾਵਣ ਝਗੜੇ, ਦੁੱਖ-ਕਲੇਸ਼ਾਂ ਦੇ ਭੰਡਾਰ, ਜੁਗਾਂ ਜੁੱਗਾਂ ਤੋਂ ਮਨਾਉਂਦੇ ਹਾਂ... ਸਚੋ ਸੱਚ, ਜੋ ਸਦਾ ਸੱਚ ਹੈ, ਗੁਰੂ ਜੀ ਏਹੋ ਸੁਣਾਵੇ। ਲੱਖਾਂ ਮੰਦਰ ਲੱਖ ਗੁਰਦੁਆਰੇ, ਜੇ ਸੋਨੇ ਦੇ ਬਣਾਵੇਂ। ਲੱਖ ਮਸੀਤਾਂ ਲੱਖਾਂ ਗਿਰਜੇ, ਜੇ ਹੀਰਿਆਂ ਨਾਲ ਸਜਾਵੇਂ। ਆਪਣੇ ਆਪ ਨੂੰ ਲੱਖਾਂ ਵਾਰੀ, ਅਗਨੀ ਵਿਚ ਜਲਾਵੇਂ। ਲੱਖਾਂ ਕਰੇਂ ਹੋਮ ਯੱਗ ਭਾਵੇਂ, ਤਿਲ ਤਿਲ ਆਪ ਕਟਾਵੇਂ। ਏਹੇ ਸਭ ਕੁਝ ਕਰਕੇ ਬੰਦਿਆ, ਹਉਮੈ ਨੂੰ ਵਧਾਵੇਂ। 'ਆਲਮ' ਇਲਮ ਤੋਂ ਬਾਹਰੀ ਗੱਲਾਂ, ਗੁਰੂਆਂ ਕਿਹਾ ਵਿਚਾਰ, ਜੁੱਗਾਂ ਜੁੱਗਾਂ ਤੋਂ ਮਨਾਉਂਦੇ ਹਾਂ, ਅਸੀਂ ਲੱਖਾਂ ਹੀ ਤਿਉਹਾਰ। ਈਦ, ਵੈਸਾਖੀ, ਲੋਹੜੀ, ਕ੍ਰਿਸਮਿਸ, ਗੁਰੂਆਂ ਦੇ ਦਿਨ-ਵਾਰ।

ਨਾਨਕ ਪਿਆਰ

(ਕੋਰਸ ਤੂਹੀਂ ਨਿਰੰਕਾਰ) ਜਿੱਥੇ ਹੋਵੇ ਨਾਨਕ ਨਾਮ ਜਿਥੇ ਹੋਵੇ ਨਾਨਕ ਪਿਆਰ। ਤਨ ਮਨ ਉਥੇ ਸੀਤਲ ਹੋਵੇ, ਹਰ ਪਲ ਮਹਿਕੇ ਨਵੀਂ ਬਹਾਰ। ਜਿਥੇ ਨਾਨਕ ਪ੍ਰੀਤ ਨਾ ਹੋਵੇ ਉਹ ਨਾ ਭਾਵੇ ਮੈਨੂੰ ਥਾਂ। ਨਾਨਕ ਨਾਨਕ ਜਪਦਾ ਜਪਦਾ, ਚਰਨਾਂ ਵਿਚ ਮਰ ਜਾਂ। ਰਲ ਜੇ ਜਪੀਏ ਨਾਨਕ ਨਾਨਕ ਸੁਹਣਾ ਲਗਦਾ ਏ ਸੰਸਾਰ। ਜਿਥੇ ਹੋਵੇ ਨਾਨਕ ਨਾਮ... ਉਹੀ ਮੈਨੂੰ ਸੁਹਣਾ ਲੱਗੇ ਘਰ ਬਾਰ ਤੇ ਸ਼ਹਿਰ ਗਰਾਂ। ਉਹੀ ਲੱਗੇ ਕੰਮ ਪਿਆਰਾ, ਜਿਥੇ ਹੋਵੇ ਨਾਨਕ ਨਾਂ। ਬਾਬਾ ਤੇਰੀ ਪ੍ਰੀਤ ਦੇ ਬਾਝੋਂ ਜੀਵਨ ਸਾਰਾ ਕੂੜ ਪਸਾਰ। ਜਿਥੇ ਹੋਵੇ ਨਾਨਕ ਨਾਮ... ਉਹ ਸਮਾਂ ਹੈ ਭਾਗਾਂ ਵਾਲਾ, ਜਪਣ ਹੋਵੇ ਤੇਰਾ ਨਾਂ। ਨਾਨਕ ਨਾਮ ਮਿਲੇ ਤਾਂ ਜੀਵਾਂ ਨਾਮ ਬਿਨਾਂ ਮੈਂ ਝਟ ਮਰਾਂ। ਗ਼ਰਜ਼ਾਂ ਦਾ ਏਹ ‘ਆਲਮ’ ਸਾਰਾ ਝੂਠੇ ਸਾਰੇ ਰਿਸ਼ਤੇਦਾਰ। ਜਿਥੇ ਹੋਵੇ ਨਾਨਕ ਨਾਮ ਜਿੱਥੇ ਹੋਵੇ ਨਾਨਕ ਪਿਆਰ। ਤਨ ਮਨ ਉਥੇ ਸੀਤਲ ਹੋਵੇ ਹਰ ਪਲ ਮਹਿਕੇ ਨਵੀਂ ਬਹਾਰ।

ਬਾਬਾ ਤੂੰ ਨਿਰੰਕਾਰ

ਸਤਿਗੁਰ ਨਾਨਕ ਹਾਜ਼ਰ ਨਾਜ਼ਰ, ਬਾਬਾ ਤੂੰ ਨਿਰੰਕਾਰ। ਸੱਚਖੰਡ ਹੈ ਆਸਣ ਤੇਰਾ, ਅੰਤ ਨਾ ਪਾਰਾਵਾਰ। ਉਥੇ ਤੇਰਾ ਹੁਕਮ ਚਲਦਾ, ਸੱਚੀ ਤੇਰੀ ਸਰਕਾਰ। ਕਰਮ ਧਰਮ ਗਿਆਨ ਤੋਂ ਉੱਚਾ, ਸੱਚਾ ਤੇਰਾ ਦਰਬਾਰ। ਸੱਚੇ ਸੁੱਚੇ ਭਗਤ ਤੇਰੇ ਜੋ, ਕਰਨ ਤੇਰਾ ਦੀਦਾਰ। ਸਤਿਗੁਰ ਨਾਨਕ ਹਾਜ਼ਰ... ਸੱਚਾ ਤੇਰਾ ਖਾਵਣ ਪੀਵਣ, ਸੱਚਾ ਪਹਿਨਣ ਖਾਣ। ਸੱਚੀ ਤੇਰੀ ਸੂਰਤ ਸੀਰਤ, ਸੱਚ ਤੇਰੀ ਪਹਿਚਾਣ। ਸੱਚੇ ਸਭ ਅਕਾਰ ਨੇ ਤੇਰੇ, ਤੂੰ ਆਪੇ ਹੀ ਨਿਰਅਕਾਰ। ਸਤਿਗੁਰ ਨਾਨਕ ਹਾਜ਼ਰ... ਇਕ ਤੇਰੀ ਪਹਿਚਾਣ ਦਸਦੇ ਸਾਰੇ ਵੇਦ ਪੁਰਾਣ। ਤੂੰ ਬੇਅੰਤ ਹੈਂ ਅਖਰੋਂ ਬਾਹਰਾ, ਹੋਵੇ ਇੰਜ ਬਿਆਨ। ਸੱਚ ਹੀ ਤੇਰਾ ਲੈਣਾ ਦੇਣਾ, ਸੱਚ ਹੀ ਤੇਰਾ ਵਿਹਾਰ। ਸਤਿਗੁਰ ਨਾਨਕ ਹਾਜ਼ਰ.... ਜਿਨ੍ਹਾਂ ਨੂੰ ਤੂੰ ਆਪ ਕਰਾਇਆ ਤੇਰੀ ਮਹਿਮਾ ਗਾਉਣ। ਜਿਨ੍ਹਾਂ ਨੂੰ ਤੂੰ ਆਪ ਤਵਾਇਆ ਏਧਰ ਉਧਰ ਭਾਉਣ। ‘ਆਲਮ’ ਦੇ ਸਭ ਔਗਣ ਬਖਸ਼ੇ ਦਿਤੀ ਜਿੰਦ ਸਵਾਰ। ਸਤਿਗੁਰ ਨਾਨਕ ਹਾਜ਼ਰ ..

ਧੰਨ ਗੁਰੁ ਨਾਨਕ ਪਿਆਰਾ ਜੀ

ਧੰਨ ਗੁਰੂ ਨਾਨਕ ਪਿਆਰਾ ਜੀ। ਜੀਹਨੇ ਮੋਹ ਲਿਆ ਜੱਗ ਸਾਰਾ ਸੀ। ਜੱਗ ਸਾਰੇ ਤੋਂ ਨਿਆਰਾ ਸੀ। ਪਰ ਜੱਗ ਨਾਲ ਵਰਤਾਰਾ ਸੀ। ਮਾਤਾ ਤ੍ਰਿਪਤਾ ਗੋਦ ਖਿਡਾਇਆ ਸੀ। ਪਿਤਾ ਕਾਲੁ ਲਾਡ ਲਡਾਇਆ ਸੀ। ਦੌਲਾਂ ਦਾਈ ਇਹ ਦਰਸਾਇਆ ਸੀ। ਉਹਨੇ ਤਕਿਆ ਇਕ ਨਜ਼ਾਰਾ ਸੀ। ਇਲਾਹੀ ਇਕ ਨਜ਼ਾਰਾ ਸੀ। ਜਦੋਂ ਪਾਂਧੇ ਪੜ੍ਹਾਉਣਾ ਚਾਹਿਆ ਸੀ ਤਾਂ ਨਾਨਕ ਸਵਾਲ ਏਹ ਪਾਇਆ ਸੀ ਕੌਣ ਅਲਫ਼ ਤੋਂ ਏਥੇ ਪਹਿਲਾਂ ਸੀ? ਰੱਬ ਦਾ ਨੂਰ ਹੀ, ਇਕ ਇਕੱਲਾ ਸੀ। ਜਦ ਗੁਰੂ ਜੀ ਏਹ ਫੁਰਮਾਇਆ ਸੀ। ਤਾਂ ਪਾਂਧੇ ਸੀਸ ਝੁਕਾਇਆ ਸੀ। ਏਹ ਬਾਲ ਹੈ ਹੋਵਣਹਾਰਾ। ਨਾਨਕ ਤਾਰੇਗਾ ਜਗ ਸਾਰਾ ਜੀ ਧੰਨ ਗੁਰੂ ਨਾਨਕ ਪਿਆਰਾ ਜੀ।

ਸਭਨਾਂ ਜੀਆਂ ਕਾ ਇਕ ਦਾਤਾ

ਗੁਰੂ ਨਾਨਕ ਨੇ ਏਹ ਫੁਰਮਾਇਆ ਸਭਨਾਂ ਜੀਆਂ ਦਾ ਇਕੋ ਦਾਤਾ। ਮਹਾਂ ਮੰਤਰ ਏਹ ਯਾਦ ਰਖਣਾ ਗੁਰੂ ਨਾਨਕ ਨੇ ਸਮਝਾ ’ਤਾ। ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਅੱਗ, ਪਾਣੀ, ਅਕਾਸ਼ ਤੇ ਮਿੱਟੀ ਪਾਉਣ ਨੇ ਖੇਡ ਰਚਾਈ। ਇਕੋ ਹੈ ਬਾਪ ਅਸਾਡਾ ਇਕੋ ਸਾਡੀ ਮਾਤਾ। ਗੁਰੂ ਨਾਨਕ ਨੇ ਏਹ ਫੁਰਮਾਇਆ... ਦਿਲ ਹੀ ਮੰਦਰ ਦਿਲ ਮਸਜਦ ਦਿਲ ਹੀ ਹੈ ਗੁਰਦੁਆਰਾ। ਦਿਲ ਦੀ ਗੱਲ ਸਮਝਾਵਣ ਖਾਤਰ ਸੀ ਕੀਤਾ ਬਾਹਰ ਪਸਾਰਾ। ਰੰਗਾਂ, ਨਸਲਾਂ, ਧਰਮਾਂ ਦਾ ਸਭ, ਚੱਕਰ ਗੁਰੂ ਮੁਕਾਤਾ। ਗੁਰੂ ਨਾਨਕ ਨੇ ਏਹ ਫੁਰਮਾਇਆ... ਉਹੀ ਮੇਰਾ ਸਿੱਖ ਹੈ ਭਾਈ, ਜੋ ਸਿੱਖੀ ਨੂੰ ਅਪਣਾਵੇ। ਬਾਹਰ ਦਾ ਝੂਠਾ ਭੇਖ ਬਣਾਉਣਾ ਕਦੇ ਨਾ ਮੈਨੂੰ ਭਾਵੇ। ਜਿਸ ਕਿਸੇ ਵੀ ਅਮਲ ਹੈ ਕੀਤਾ, ਆਲਮ ਵਿਚ ਪਛਾਤਾ। ਗੁਰੂ ਨਾਨਕ ਨੇ ਏਹ ਫੁਰਮਾਇਆ...

ਗੁਰੂ ਨਾਨਕ ਫੇਰ ਤੋਂ ਆਜਾ

ਆ ਗੁਰੂ ਨਾਨਕ ਫੇਰ ਤੋਂ ਆ ਜਾ, ਰੋਸ਼ਨ ਕਰ ਜ਼ਮੀਰਾਂ। ਸਭ ਨੂੰ ਦੇ ਦੇ ਪਿਆਰ ਏਕਤਾ, ਬਦਲ ਦੇਹ ਤਕਦੀਰਾਂ। ਰੱਬ ਦੇ ਨਾਂ ਤੇ ਆਪੋ ਆਪਣੇ, ਬੰਦਿਆ ਮਹਿਲ ਉਸਾਰੇ। ਕਈ ਜ਼ਾਤਾਂ ਦੇ ਮੰਦਰ ਮਸਜਦ, ਗਿਰਜੇ ਤੇ ਗੁਰਦੁਆਰੇ। ਜਿਹੜੀਆਂ ਤੂੰ ਮੇਟ ਗਿਆ ਸੈਂ ਵਧ ਗਈਆਂ ਹੋਰ ਲਕੀਰਾਂ, ਆ ਗੁਰੂ ਨਾਨਕ... ਜੇ ਤੂੰ ਈਸਾ ਬਣ ਕੇ ਆਇਆ ਕਾਫਰਾਂ ਸੂਲੀ ਚੜ੍ਹਾਉਣਾ। ਰਾਮ ਚੰਦਰ ਜਾਂ ਗੋਬਿੰਦ ਬਣ ਕੇ ਪਊਗਾ ਤੈਨੂੰ ਆਉਣਾ। ਨਹੀਂ ਤਾਂ ਧਰਮ ਦੇ ਠੇਕੇਦਾਰਾਂ ਕਰ ਦੇਣਾ ਜੀਵਨ ਲੀਰਾਂ, ਆ ਗੁਰੂ ਨਾਨਕ... ਭੋਲੇ ਅਤੇ ਅਨਪੜ੍ਹ ਲੋਕੀ ਕਰ ਸਕਦੇ ਕੀ ਵਿਚਾਰੇ। ਜਦ ਵੀ ਕੀਤੇ ਜਿਨੇ ਕੀਤੇ, ਪੜ੍ਹਿਆ ਪੁੱਠੇ ਕਾਰੇ। ਆਲਮ ਲੋਕੀ ਸਭ ਖਰੀਦੇ, ਸ਼ੈਤਾਨਾਂ ਅਤੇ ਅਮੀਰਾਂ, ਆ ਗੁਰੂ ਨਾਨਕ...

ਤੇਰੇ ਗੀਤਾ ਗਾਵਾਂ

(ਕੋਰਸ) ਜੁਗ ਜੁਗ ਜਨਮ ਜਨਮ ਤੇਰੇ ਗੀਤ ਗਾਵਾਂ। ਰੋਮ ਰੋਮ ਸਾਸ ਸਾਸ ਤੈਨੂੰ ਹੀ ਧਿਆਵਾਂ। ਵੀਰਾਨ ਏਹ ਦੁਨੀਆਂ ਵਿਚ ਕੋਈ ਨਹੀਂ ਆਪਣਾ। ਧਿਆਨ ਨਾਲ ਨਾਭ ਕੁੰਡ ਹੋਵੇ ਜਾਪ ਜਪਣਾ। ਜਪਦਾ ਜਪਦਾ ਜਾਪ ਤੇਰਾ, ਤੇਰੇ ਵਿਚ ਖੋ ਜਾਵਾਂ। ਜੁਗ ਜੁਗ... ਤੇਰਾ ਪਿਆਰ ਖਾਵਾਂ ਤੇਰਾ ਪਿਆਰ ਪੀਵਾਂ। ਪਿਆਰ ਬਾਝੋਂ ਮਰਜਾਂ ਪਿਆਰ ਨਾਲ ਜੀਵਾਂ। ਸਵਾਸ ਸਵਾਸ ਜ਼ਿੰਦਗੀ ਏਹ, ਤੇਰੇ ਲੇਖੇ ਲਾਵਾਂ। ਜੁਗ ਜੁਗ... ਦੇ ਦੇ ਤੂੰ ਮਸਤੀ ਹੋ ਜਾਵਾਂ ਮਸਤਾਨਾ। ਆਲਮ ਤੋਂ ਬੇਗਾਨਾ ਮੈਂ ਤੇਰਾ ਦੀਵਾਨਾ।

ਸਾਂਝਾ ਏਹ ਦਰਬਾਰ

ਗੁਰੂ ਨਾਨਕ ਦਾ ਖੁਲ੍ਹਾ ਵਿਹੜਾ, ਵੰਡਦਾ ਜਾਏ ਪਿਆਰ। ਜਿਉਂ ਧਰਤੀ ਤੇ ਅੰਬਰ ਸਾਂਝੇ, ਸਾਂਝਾ ਏਹ ਦਰਬਾਰ। ਬਾਲਾ, ਮਰਦਾਨਾ, ਭਾਈ ਲਾਲੋ, ਗੁਰੂ ਦਾ ਹੁਕਮ ਵਜਾਉਂਦੇ। ਗੁਰੂ ਗ੍ਰੰਥ ਦੀ ਬੁੱਕਲ ਦੇ ਵਿਚ, ਗੀਤ ਪਿਆਰ ਦੇ ਗਾਉਂਦੇ। ਸਭ ਲਈ ਸਾਂਝਾ ਉਪਦੇਸ਼ ਬਾਬੇ ਦਾ, ਰਬਾਬ ਦੀ ਬੋਲੇ ਤਾਰ, ਗੁਰੂ ਨਾਨਕ ਦਾ ਖੁਲਾ ਵਿਹੜਾ.... ਧੰਨ ਬਾਬਾ ਫ਼ਰੀਦ ਜਿਨ੍ਹਾਂ ਪੰਜਾਬੀ ਨੂੰ ਅਪਣਾਇਆ। ਗੁਰੂ ਅੰਗਦ ਜੀ ਸਾਜੇ ਅੱਖਰ ਮਾਲਾ ਰੂਪ ਬਣਾਇਆ। ਅੱਖਰਾਂ ਨੇ ਫਿਰ ਸ਼ਬਦ ਉਚਾਰੇ ਇਕ ਓਂਕਾਰ ਇਕ ਓਂਕਾਰ, ਗੁਰੂ ਨਾਨਕ ਦਾ ਖੁਲ੍ਹਾ ਵਿਹੜਾ... ਜਿਸ ਮਰਨੇ ਤੇ ਜੱਗ ਡਰੇ, ਆਨੰਦ ਦਾ ਉਹੀ ਰਾਹਾ। ਜਿਉਂਦਾ ਮਰੇ ਤਾਂ ਆਨੰਦ ਮਿਲੇ, ਕਹੇ ਕਬੀਰ ਜੁਲਾਹਾ। ਏਹ ਜਨਮ ਤੁਮਾਰੇ ਲੇਖੇ ਮਾਧੋ, ਕਹੇ ਰਵਿਦਾਸ ਚਮਾਰ, ਗੁਰੂ ਨਾਨਕ ਦਾ ਖੁਲ੍ਹਾ ਵਿਹੜਾ... ਗੁਰੂ ਸੰਤ ਸਭ ਕੱਠੇ ਬੈਠੇ, ਇਕੋ ਸਬਕ ਸਿਖਾਉਂਦੇ। ਗੁਰੂ ਗ੍ਰੰਥ ਦੇ ਦਿਲ 'ਚੋਂ ਗਾ ਕੇ, ਸਭ ਨੂੰ ਹੈ ਸਮਝਾਉਂਦੇ। ਦਿਲ ਦੀ ਦਰਗਾਹ ਰੱਬ ਹੈ ਰਹਿੰਦਾ ਸਭ ਦਾ ਪਾਲਣਹਾਰ, ਗੁਰੂ ਨਾਨਕ ਦਾ ਖੁਲ੍ਹਾ ਵਿਹੜਾ... ਸਭਨਾਂ ਦਾ ਰੱਬ ਇਕੋ ਭਾਈ, ਰੱਬ ਨਾ ਭੇਖ ਬਣਾਇਆ। ਪੰਡਤ, ਮੁੰਨੀ, ਨਾ ਈਸਾਈ, ਰੱਬ ਨਾ ਸਿੱਖ ਅਖਾਇਆ। ਸਾਰਾ ਆਲਮ ਰੂਪ ਹੈ ਉਹਦਾ, ਏਹੋ ਪੱਕੀ ਧਾਰ, ਗੁਰੂ ਨਾਨਕ ਦਾ ਖੁੱਲ੍ਹਾ ਵਿਹੜਾ…..

ਸਿੱਖੀ ਦੇ ਰੁੱਖ

ਆਉ ਸਿੱਖੀ ਦੇ ਲਾਈਏ ਰੁੱਖ। ਮੇਟਣ ਸਿੱਖੀਏ ਮਨ ਦੇ ਦੁੱਖ। ਹਉਮੈ ਦਾ ਜੇ ਟੁੱਟੇ ਧਨੁੱਖ। ਬਣ ਜਾਈਏ ਫਿਰ ਸੱਚੇ ਮਨੁੱਖ। ਸ਼ਬਦ ਗੁਰੂ ਨੂੰ ਅੰਗ ਲਗਾਈਏ। ਭਰੀਏ ਸੁਰਤ ਦੀ ਖਾਲੀ ਕੁੱਖ। ਜੇ ਇਕੋ ਇਕ, ਇਕ ਧਿਆਈਏ, ਜਨਮ ਮਰਨ ਨਾ ਭਟਕਣ ਧੁੱਖ। ਆਪਾ ਤੱਕੀਏ, ਆਪਾ ਘੜੀਏ, ਹੋ ਜਾਈਏ ਫਿਰ ਪੁਖਤਾ ਪੁਖ। ਹੁਕਮ ਗੁਰੂ ਦਾ ਜੇ ਬੁੱਝ ਜਾਈਏ, ਮਨ ਤਨ ਦੀ ਫਿਰ ਉਤਰੇ ਭੁੱਖ। ਮਨ ਦੀ ਧਰਤੀ ਗੋਡੀ ਕਰੀਏ। ਕੰਡੇ ਚੁਗੀਏ ਵੰਡੀਏ ਸੁੱਖ। ਉਹੀ ਆਲਮ ਉਹੀ ਸਾਲਮ, ਗੁਰੂ ਦੇ ਵੱਲ ਜੋ ਕਰਦਾ ਮੁੱਖ।

ਖ਼ਾਲਸਾ

ਰੋਮ ਰੋਮ ਜਪੇ, ਸਵਾਸ ਸਵਾਸ ਧਰੇ ਧਿਆਨ ਖ਼ਾਲਸਾ। ਜਪ ਜਪ ਪੀਵੇ ਅੰਮ੍ਰਿਤ ਨਾਮੁ ਨਿਧਾਨ ਖ਼ਾਲਸਾ। ਦੀਨ ਦੁਖੀਆਂ ਦਾ ਦਰਦੀ, ਦਇਆਵਾਨ ਖ਼ਾਲਸਾ। ਗੁਰੂ ਦੇ ਪਿਆਰ ਲਈ ਸਦਾ ਕੁਰਬਾਨ ਖ਼ਾਲਸਾ। ਨਾ ਭੇਖ ਮੰਨੇ ਨਾ ਧਰੇ ਭੇਖ, ਗਿਆਨਵਾਨ ਖ਼ਾਲਸਾ। ਜ਼ਾਤਪਾਤ ਨਾ ਗੋਤ ਮੰਨੇ ਬਲਵਾਨ ਖ਼ਾਲਸਾ। ਸਦਾ ਗੁਰੂ ਅੰਗ ਸੰਗ ਜਾਣੇ ਇਨਸਾਨ ਖ਼ਾਲਸਾ। ਅੰਦਰ ਬਾਹਰ ਇਕ ਦੇਖੇ, ਉਹੀ ਪਰਵਾਨ ਖ਼ਾਲਸਾ। ਨਾ ਡਰੇ ਨਾ ਡਰਾਵੇ, ਨਿਰਵੈਰ ਨੀਤੀਵਾਨ ਖ਼ਾਲਸਾ। ਆਪ ਜਪੇ ਤੇ ਜਪਾਵੇ, ਕਰੇ ਨਾਮ ਦਾਨ ਖ਼ਾਲਸਾ। ਆਲਮ ਤੋਂ ਹੈ ਨਿਆਰਾ, ਆਲਮ ਦੀ ਸ਼ਾਨ ਖ਼ਾਲਸਾ। ਗੁਰੂ ਰੂਪ ਖ਼ਾਸ, ਖ਼ਾਸ ਗੁਰੂ ਦੀ ਪਹਿਚਾਣ ਖ਼ਾਲਸਾ।

ਮਨ ਦੇ ਕੱਚੇ ਭੱਠੇ ਨੂੰ

ਏਹ ਮਨ ਦੇ ਕੱਚੇ ਭੱਠੇ ਨੂੰ, ਗੁਰ ਸੰਗਤ ਨਾਲ ਤਪਾ ਲਈਏ। ਸੁਰਤੀ ਦੀਆਂ ਕੱਚੀਆਂ ਇੱਟਾਂ ਨੂੰ, ਸਿਮਰਨ ਨਾਲ ਪਕਾ ਲਈਏ। ਏਹ ਤਨ ਦੀ ਕੱਚੀ ਮਿੱਟੀ ਨੂੰ, ਸ਼ਬਦ ਦੇ ਪਾਣੀ ਗੁੰਨੀਏ ਜੀ। ਪਲ ਪਲ ਆਪਣੇ ਰੋਮ ਰੋਮ ਚੋਂ, ਸ਼ਬਦ ਧੁਨੀ ਨੂੰ ਸੁਣੀਏ ਜੀ। ਮਨ ਮੰਦਰ ਵਿਚ ਟਿੱਕ ਬਹੀਏ, ਧਿਆਨ ਨੂੰ ਧੁਨ ਵਿਚ ਲਾ ਲਈਏ। ਏਹ ਮਨ ਦੇ ਕੱਚੇ ਭੱਠੇ ਨੂੰ.... ਏਹ ਦੇਹੀ ਹੈ ਹਰਿਮੰਦਰ ਜੀ, ਇਸ ਵਿਚ ਰਤਨ ਜਵਾਹਰ ਜੀ। ਸਭ ਕੁਝ ਸਿਮਰਨ ਸੰਗਤ ਜੀ, ਨਾ ਲਭੀਏ ਐਵੇਂ ਬਾਹਰ ਜੀ। ਗੁਰੂ ਦੇ ਦਰ ਤੇ ਜਾ ਕੇ ਜੀ, ਸੱਚ ਨਾਮ ਦੀ ਕ੍ਰਿਤ ਕਮਾ ਲਈਏ। ਏਨ ਮਨ ਦੇ ਕੱਚੇ ਭੱਠੇ ਨੂੰ.... ਜੇ ਪ੍ਰੇਮ ਭਾਵਨਾ ਰੱਖਾਂਗੇ, ਤਾਂ ਹੀ ਆਲਮ ਰਾਮ ਪਛਾਣਾਂਗੇ। ਜੇ ਇਕ ਨੂੰ ਮਨ ਵਿਚ ਤਕਾਂਗੇ, ਤਾਂ ਹੀ ਇਕੋ ਜਾਣਾਂਗੇ। ਕੋਈ ਦੂਜਾ ਹੈ ਨਾ ਹੋਵੇਗਾ, ਬਸ ਏਹੋ ਮਨ ਬਣਾ ਲਈਏ। ਏਹ ਮਨ ਦੇ ਕੱਚੇ ਭੱਠੇ ਨੂੰ...

ਅੰਮ੍ਰਿਤ ਬਾਣੀ

ਹਿੰਦੂ ਸਿੱਖਾਂ ਪਾਰਸੀ ਮੁਸਲਮਾਨਾਂ ਦੀ ਬਾਣੀ। ਈਸਾਈ ਬੋਧੀ ਜੈਨੀ ਹਰ ਇਨਸਾਨਾਂ ਦੀ ਬਾਣੀ। ਏਹ ਤਾਂ ਸਾਂਝੀ ਹੈ ਸਾਰੇ ਜਹਾਨ ਦੀ ਬਾਣੀ। ਅੱਲਾ ਈਸਾ ਵਾਹਿਗੁਰੂ ਭਗਵਾਨ ਦੀ ਬਾਣੀ। ਜ਼ਿੰਦਗੀ ਨੁਹਾਰ ਹੈ ਅੰਮ੍ਰਿਤ ਬਾਣੀ। ਖੁਸ਼ੀਆਂ ਦੀ ਬਹਾਰ ਹੈ ਅੰਮ੍ਰਿਤ ਬਾਣੀ। ਸਭ ਦਿਲਾਂ ਦੀ ਤਾਰ ਹੈ ਅੰਮ੍ਰਿਤ ਬਾਣੀ। ਆਲਮ ਦਾ ਪਿਆਰ ਹੈ ਅੰਮ੍ਰਿਤ ਬਾਣੀ। ਮਨ ਜਗਾਵੇ ਅੰਮ੍ਰਿਤ ਬਾਣੀ। ਨਾਮ ਜਪਾਵੇ ਅੰਮ੍ਰਿਤ ਬਾਣੀ। ਰੱਬ ਮਿਲਾਵੇ ਅੰਮ੍ਰਿਤ ਬਾਣੀ। ਰੋਗ ਮਿਟਾਵੇ ਅੰਮ੍ਰਿਤ ਬਾਣੀ। ਵਿਛੜੇ ਆਣ ਮਿਲਾਉਂਦੀ ਅੰਮ੍ਰਿਤ ਬਾਣੀ। ਜੀਵਨ ਜਾਚ ਸਿਖਾਉਂਦੀ ਅੰਮ੍ਰਿਤ ਬਾਣੀ। ਸੱਚਾ ਰਾਹ ਦਿਖਾਉਂਦੀ ਅੰਮ੍ਰਿਤ ਬਾਣੀ। ਅੰਮ੍ਰਿਤ ਵੇਲੇ ਜਗਾਉਂਦੀ ਅੰਮ੍ਰਿਤ ਬਾਣੀ । ਇਥੇ ਉਥੇ ਸਾਥ ਨਿਭਾਉਂਦੀ ਅੰਮ੍ਰਿਤ ਬਾਣੀ। ਔਕੜ ਵੇਲੇ ਕੰਮ ਆਉਂਦੀ ਅੰਮ੍ਰਿਤ ਬਾਣੀ। ਭੁਲਿਆਂ ਨੂੰ ਰਾਹ ਪਾਉਂਦੀ ਅੰਮ੍ਰਿਤ ਬਾਣੀ। ਰੱਬ ਦਾ ਨਾਮ ਜਪਾਉਂਦੀ ਅੰਮ੍ਰਿਤ ਬਾਣੀ। ਵੱਡੇ ਭਾਗ ਬਣਾਉਂਦੀ ਅੰਮ੍ਰਿਤ ਬਾਣੀ। ਸੰਤਾਂ ਨਾਲ ਮਿਲਾਉਂਦੀ ਅੰਮ੍ਰਿਤ ਬਾਣੀ। ਨਿਜ ਪਹਿਚਾਣ ਕਰਾਉਂਦੀ ਅੰਮ੍ਰਿਤ ਬਾਣੀ। ‘ਆਲਮ’ ਅਮਲ ਸਿਖਾਉਂਦੀ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਗੁਰ ਕੀ ਬਾਣੀ। ਅੰਮ੍ਰਿਤ ਬਾਣੀ ਧੁਰ ਕੀ ਬਾਣੀ। ਅੰਮ੍ਰਿਤ ਬਾਣੀ ਸਭ ਦੀ ਬਾਣੀ। ਅੰਮ੍ਰਿਤ ਬਾਣੀ ਰੱਬ ਦੀ ਬਾਣੀ। ਅੰਮ੍ਰਿਤ ਬਾਣੀ ਮਿੱਠੀ ਬਾਣੀ। ਸੰਤਾਂ ਚੱਖੀ ਡਿੱਠੀ ਬਾਣੀ। ਜੋ ਜੋ ਸੁਣੇ ਗਾਵੇ ਬਾਣੀ। ਸੱਚਾ ਰਾਹ ਦਿਖਾਵੇ ਬਾਣੀ। ਤੱਤ ਹੈ ਬਾਣੀ ਅੰਮ੍ਰਿਤ ਬਾਣੀ। ਸਤ ਹੈ ਬਾਣੀ ਅੰਮ੍ਰਿਤ ਬਾਣੀ। ਸਭ ਦੀ ਸਾਂਝੀ ਅੰਮ੍ਰਿਤ ਬਾਣੀ। ਗਰਦਸ਼ ਮਾਂਝੀ ਅੰਮ੍ਰਿਤ ਬਾਣੀ। ਨਿਮਾਣਿਆ ਦਾ ਮਾਣ ਹੈ ਅੰਮ੍ਰਿਤ ਬਾਣੀ। ਨਿਤਾਣਿਆਂ ਦਾ ਤਾਣ ਹੈ ਅੰਮ੍ਰਿਤ ਬਾਣੀ। ਨਿਓਟਿਆਂ ਦੀ ਓਟ ਹੈ ਅੰਮ੍ਰਿਤ ਬਾਣੀ। ਨਿਪੱਤਿਆਂ ਦੀ ਪੱਤ ਹੈ ਅੰਮ੍ਰਿਤ ਬਾਣੀ।

ਧੰਨ ਧੰਨ ਗੁਰੂ ਅੰਗਦ ਦੇਵ ਜੀ

ਧੰਨ ਧੰਨ ਗੁਰੂ ਅੰਗਦ ਜੀ, ਗੁਰੂ ਨਾਨਕ ਅੰਗ ਲਗਾਇਆ। ਲਹਿਣੇ ਦਾ ਦੇ ਕੇ ਦੇਣਾ ਗੁਰ ਗੱਦੀ ਤੇ ਬਿਠਾਇਆ। ਧੰਨ ਧੰਨ ਗੁਰੂ ਅੰਗਦ ਜੀ, ਕੀਤੀ ਗੁਰੂ ਨਾਨਕ ਦੀ ਸੰਗਤ ਜੀ। ਮਾਤਾ ਦਇਆ ਪਿਤਾ ਫੇਰੂਮਲ ਜੀ, ਸੱਚ ਖੋਜਣ ਦਾ ਉਹਨਾਂ ਨੂੰ ਝੱਲ ਸੀ। ਹਰ ਸਾਲ ਦੇਵੀ ਦਰਸ਼ਨ ਲਈ ਜਾਂਦੇ, ਕਾਫੀ ਸੰਗਤ ਨਾਲ ਲਿਜਾਂਦੇ। ਮਨ ਵਿਚ ਚਾਅ ਸੀ ਪ੍ਰਭੂ ਦਰਸ਼ਨ ਲਈ, ਸਤਿਗੁਰੂ ਦੇ ਚਰਨਾਂ ਨੂੰ ਪਰਸਣ ਲਈ। ਚਲੇ ਇਕ ਦਿਨ ਦੇਵੀ ਦੇ ਚਾਲੇ ਜੀ, ਹਾਲਾਤ ਬਣਾਏ ਰੱਬ ਨਿਰਾਲੇ ਜੀ। ਏਹ ਕੌਤਕ ਹੋਇਆ ਅਚਾਨਕ ਜੀ, ਰਸਤੇ ਵਿਚ ਮਿਲ ਪਏ ਨਾਨਕ ਜੀ। ਉਹਨਾਂ ਆਪਣਾ ਸੀਸ ਝੁਕਾਇਆ ਜੀ, ਸਤਿਗੁਰੂ ਦੇ ਲੇਖੇ ਲਾਇਆ ਜੀ। ਸਿਰ ਗੁਰਚਰਨਾਂ ਤੇ ਰਖਿਆ ਜੀ, ਮੁੜ ਪਿਛੇ ਵੱਲ ਨਾ ਤਕਿਆ ਜੀ। ਗੁਰਮੁਖੀ ਅੱਖਰ ਉਹਨਾਂ, ਬਣਾਏ ਸੀ, ਸਾਰੀ ਸੰਗਤ ਤਾਈਂ ਪੜ੍ਹਾਏ ਸੀ। ਖਡੂਰ ਸਾਹਿਬ ਡੇਰੇ ਲਾਏ ਸੀ, ਬਾਣੀ ਦੇ ਗੁਟਕੇ ਬਣਵਾਏ ਸੀ। ਆਪਣੇ ਹੱਥੀਂ ਸਭ ਕਾਜ ਕਰਵਾਏ ਸੀ, ਸੰਗਤਾਂ ਕੋਲੋਂ ਵੀ ਲਿਖਵਾਏ ਸੀ। ਗੁਰ ਨਾਨਕ ਬਾਣੀ ਗਾਉਂਦੇ ਸੀ, ਸਾਰੀ ਸੰਗਤ ਤਾਂਈਂ ਸੁਣਾਉਂਦੇ ਸੀ। ਤੰਦਰੁਸਤੀ ਲਈ ਖੇਡਾਂ ਵੀ ਕਰਾਉਂਦੇ ਸੀ, ਵਿਧੀ ਧਿਆਨ ਸਿਖਾਉਂਦੇ ਸੀ। ਸਦਾ ਹੀ ਚਲਦਾ ਗੁਰਬਾਣੀ ਵਿਚਾਰ ਸੀ, ਸਿਖਾਉਂਦੇ ਨਿਮਰਤਾ ਸੇਵਾ ਪਿਆਰ ਸੀ। ਉਹ ਤੇਰਾਂ ਸਾਲ ਪੂਰੇ ਸੇਵ ਨਿਭਾ ਗਏ ਜੀ, ਮਾਰਚ ਪੰਦਰਾਂ ਸੌ ਬਵੰਜਾ ਨੂੰ ਜੋਤੀ ਜੋਤ ਸਮਾ ਗਏ ਜੀ।

ਧੰਨ ਧੰਨ ਗੁਰੂ ਰਾਮਦਾਸ ਜੀ

ਧੰਨ ਧੰਨ ਗੁਰੂ ਰਾਮਦਾਸ ਜੀ। ਮਾਤਾ ਦਇਆ ਪਿਤਾ ਹਰਦਾਸ ਜੀ। ਸੱਤ ਸਾਲ ਦੀ ਅਜੇ ਤਾਂ ਉਮਰ ਸੀ। ਬਚਪਨ ਦੀ ਕੱਚੀ ਲਗਰ ਸੀ। ਮਾਂ ਬਾਪ ਹੋਏ ਸਵਰਗਵਾਸ ਸੀ, ਧੰਨ ਧੰਨ ਗੁਰੂ... ਪਹਿਲਾਂ ਸੀ ਨਾਮ ਉਹਨਾਂ ਦਾ ਜੇਠਾ ਜੀ। ਜੇਠਾ ਹੁੰਦਾ ਹੈ ਪੁੱਤਰ ਪਲੇਠਾ ਜੀ। ਜੇਠਾ ਜੀ ਤੇ ਮਿਹਰ ਕੀਤੀ ਅਮਰਦਾਸ ਜੀ, ਧੰਨ ਧੰਨ ਗੁਰੂ.... ਨਾਨੀ ਕੋਲ ਰਹਿੰਦੇ ਗੋਇੰਦਵਾਲ ਸੀ। ਓਦੋਂ ਤਾਂ ਉਮਰ ਸਿਰਫ਼ ਬਾਰਾਂ ਸਾਲ ਸੀ। ਘੁੰਗਣੀਆਂ ਵੇਚਦੇ ਜਪਦੇ ਸ੍ਵਾਸ ਸ੍ਵਾਸ ਜੀ, ਧੰਨ ਧੰਨ ਗੁਰੂ.... ਗੁਰੂ ਅਮਰਦਾਸ ਜੀ ਪੁੱਤਰੀ ਵਾਹ ਵਾਹ ਜੀ। ਬੀਬੀ ਭਾਨੀ ਜੀ ਦੇ ਨਾਲ ਹੋਇਆ ਵਿਆਹ ਜੀ। ਗੁਰੂ ਘਰ ਨਾਲ ਜੁੜਿਆ ਰਿਸ਼ਤਾ ਖਾਸ ਜੀ, ਧੰਨ ਧੰਨ ਗੁਰੂ... ਪ੍ਰਿਥੀ ਚੰਦ, ਮਹਾਂਦੇਵ, ਅਰਜਨ ਦੇਵ ਜੀ। ਤਿੰਨੋਂ ਆਪ ਜੀ ਦੇ ਪੁੱਤਰ ਸਨ ਦੇਵ ਜੀ। ਅਰਜਨ ਬਣੇ ਗੁਰੂ ਹੋ ਗਏ ਪਾਸ ਸੀ। ਬਿਨੈ ਸੁਣੀ ਗੁਰੂ ਆ ਗਏ ਪਾਸ ਜੀ, ਧੰਨ ਧੰਨ ਗੁਰੂ .. ਗੁਰੂ ਰਾਮਦਾਸ ਕੀਤਾ ਸ਼ੁਰੂ ਸਰੋਵਰ ਸੀ। ਗੁਰੂ ਅਰਜਨ ਬਣਾਇਆ ਹਰੀ ਮੰਦਰ ਸੀ। ਧੰਨ ਤੇਰਾ ਦਰਬਾਰ ਧੰਨ ਧੰਨ ਰਾਮਦਾਸ ਜੀ, ਧੰਨ ਧੰਨ ਗੁਰੂ …

ਧੰਨ ਗੁਰੂ ਅਰਜਨ

ਤੂੰ ਨਾਨਕ ਅਵਤਾਰ ਧੰਨ ਗੁਰੂ ਅਰਜਨ। ਤੂੰ ਆਪ ਨਰਾਇਣ ਨਿਰੰਕਾਰ ਧੰਨ ਗੁਰੂ ਅਰਜਨ। ਤੇਰੀ ਮਹਿਮਾ ਅਪਰ ਅਪਾਰ ਧੰਨ ਗੁਰੂ ਅਰਜਨ। ਦੇਵ ਦਾਨਵ ਤੇਰੇ ਦੁਆਰ ਧੰਨ ਗੁਰੂ ਅਰਜਨ। ਗੁਰੂ ਗ੍ਰੰਥ ਦੇ ਸਿਰਜਣਹਾਰ ਧੰਨ ਗੁਰੂ ਅਰਜਨ। ਕਈ ਰਾਗਾਂ ਦੇ ਸ਼ਾਹਕਾਰ ਧੰਨ ਗੁਰੂ ਅਰਜਨ। ਨਵ ਸਾਜ਼ਾਂ ਦੇ ਜਣਨਹਾਰ ਧੰਨ ਗੁਰੂ ਅਰਜਨ। ਤੂੰ ਸੱਚਾ ਸ਼ਾਂਤ ਪਿਆਰ ਧੰਨ ਗੁਰੂ ਅਰਜਨ। ਹਰ ਮੰਦਰ ਦੇ ਉਸਵਾਰ ਧੰਨ ਗੁਰੂ ਅਰਜਨ। ਤੈਨੂੰ ਕੋਟਿ ਕੋਟਿ ਨਮਸਕਾਰ ਧੰਨ ਗੁਰੂ ਅਰਜਨ। ਕੀ ਕਰੀਏ ਜੀ ਅਨੁਮਾਨ ਧੰਨ ਗੁਰੂ ਅਰਜਨ। ਅਸੀਂ ਬੱਚੇ ਹਾਂ ਨਾਦਾਨ ਧੰਨ ਗੁਰੂ ਅਰਜਨ। ਸੱਚਾ ਪੁਰਖ ਮਹਾਨ ਧੰਨ ਗੁਰੂ ਅਰਜਨ। ਵੰਡ ਦੇ ਸਭ ਨੂੰ ਵਰਦਾਨ ਧੰਨ ਗੁਰੂ ਅਰਜਨ। ਗੀਤਾ ਗ੍ਰੰਥ ਕੁਰਾਨ ਧੰਨ ਗੁਰੂ ਅਰਜਨ। ਸਭ ਧਰਮਾਂ ਦੀ ਸ਼ਾਨ ਧੰਨ ਗੁਰੂ ਅਰਜਨ। ਪ੍ਰੇਮ ਦਾ ਧਰਤ ਅਸਮਾਨ ਧੰਨ ਗੁਰੂ ਅਰਜਨ। ਮੈਨੂੰ ਦੋਵੋ ਨਾਮ ਦਾ ਦਾਨ ਧੰਨ ਗੁਰੂ ਅਰਜਨ। ਜੋ ਜੋ ਕਹਿੰਦੇ ਧੰਨ ਗੁਰੂ ਅਰਜਨ। ਉਹਨਾਂ ਸੰਗ ਰਹਿੰਦੇ ਧੰਨ ਗੁਰੂ ਅਰਜਨ। ਜੋ ਜੋ ਧਿਆਉਂਦੇ ਧੰਨ ਗੁਰੂ ਅਰਜਨ। ਖੁਸ਼ੀਆਂ ਪਾਉਂਦੇ ਧੰਨ ਗੁਰੂ ਅਰਜਨ। ਜੋ ਜੋ ਗਾਉਂਦੇ ਧੰਨ ਗੁਰੂ ਅਰਜਨ। ਨਿਜ ਸਮਾਉਂਦੇ ਧੰਨ ਗੁਰੂ ਅਰਜਨ। ਜੋ ਜੋ ਕਰਦੇ ਧੰਨ ਗੁਰੂ ਅਰਜਨ। ਸਾਗਰ ਤਰਦੇ ਧੰਨ ਗੁਰੂ ਅਰਜਨ। ਰਾਮ ਕ੍ਰਿਸ਼ਨ ਮੁਹਾਰੇ ਧੰਨ ਗੁਰੂ ਅਰਜਨ। ਬਾਵਨ ਮੱਛ ਪਿਆਰੇ ਧੰਨ ਗੁਰੂ ਅਰਜਨ। ਰਾਮਸਰ ਕਿਨਾਰੇ ਧੰਨ ਗੁਰੂ ਅਰਜਨ। ਆਦਿ ਬੀੜ ਜਿਲਦਾਰੇ ਧੰਨ ਗੁਰੂ ਅਰਜਨ। ਸਭ ਜੱਗ ਦੇ ਪਿਆਰੇ ਧੰਨ ਗੁਰੂ ਅਰਜਨ। ਝੂਠ ਸੱਚ ਨਿਤਾਰੇ ਧੰਨ ਗੁਰੂ ਅਰਜਨ। ਦੀਨਾਂ ਦੇ ਸਹਾਰੇ ਧੰਨ ਗੁਰੂ ਅਰਜਨ। ਬਖਸ਼ੋ ਬਖਸ਼ਣਹਾਰੇ ਧੰਨ ਗੁਰੂ ਅਰਜਨ। ਕੀਤਾ ਪਰਉਪਕਾਰ ਧੰਨ ਗੁਰੂ ਅਰਜਨ। ਸੁਖਮਨੀ ਸਿਰਜਣਹਾਰ ਧੰਨ ਗੁਰੂ ਅਰਜਨ। ਅੱਖਰ ਲਿਖੇ ਚੌਵੀ ਹਜ਼ਾਰ ਧੰਨ ਗੁਰੂ ਅਰਜਨ। ਕੀਤਾ ਸਾਹਾਂ ਦਾ ਉਧਾਰ ਧੰਨ ਗੁਰੂ ਅਰਜਨ। ਬੀਜੇ ਸਾਹਾਂ ਵਿਚ ਖੁਮਾਰ ਧੰਨ ਗੁਰੂ ਅਰਜਨ। ਸਿਮਰਨ ਦੀ ਬਹਾਰ ਧੰਨ ਗੁਰੂ ਅਰਜਨ। ਸਿਮਰਨ ਦੀ ਫੁਹਾਰ ਧੰਨ ਗੁਰੂ ਅਰਜਨ। ਸ਼ਾਂਤੀ ਦੇ ਅਵਤਾਰ ਧੰਨ ਗੁਰੂ ਅਰਜਨ। ਸਿਮਰਨ ਦੇ ਭਗਵਾਨ ਧੰਨ ਗੁਰੂ ਅਰਜਨ। ਸਿਮਰਨ ਦੀ ਖਾਨ ਧੰਨ ਗੁਰੂ ਅਰਜਨ। ਸਿਮਰਨ ਪਹਿਚਾਣ ਧੰਨ ਗੁਰੂ ਅਰਜਨ ਸਿਮਰਨ ਦੀ ਚਟਾਨ ਧੰਨ ਗੁਰੂ ਅਰਜਨ। ਸਿਮਰਨ ਪਹਿਨਣ ਖਾਣ ਧੰਨ ਗੁਰੂ ਅਰਜਨ। ਸਿਮਰਨ ਹੀ ਹੰਢਾਣ ਧੰਨ ਗੁਰੂ ਅਰਜਨ। ਸਿਮਰਨ ਜੀਵਨ ਜਾਨ ਧੰਨ ਗੁਰੂ ਅਰਜਨ।

ਧੰਨ ਗੁਰੂ ਤੇਗ ਬਹਾਦਰ ਜੀ

ਸੋਹਣਾ ਸੁਨਹਿਰੀ ਮਹਿਲ ਸੀ। ਰੂਹਾਨੀ ਧੁਨਾਂ ਦੀ ਚਹਿਲ ਪਹਿਲ ਸੀ। ਬੜੀ ਅਜਬ ਰੂਹਾਨੀ ਰਾਤ ਸੀ। ਜਗਮਗਾਉਂਦੀ ਨੂਰਾਨੀ ਰਾਤ ਸੀ। ਹਵਾ ਦੇ ਪਿੰਡੇ ਮਹਿਕ ਦਾ ਲਿਬਾਸ ਸੀ। ਇਕ ਮਿਕ ਹੋਇਆ ਧਰਤੀ ਤੇ ਅਕਾਸ਼ ਸੀ। ਸੁਭਾ ਦੀ ਪਹਿਲੀ ਕਿਰਨ ਦਾ ਵਕਤ ਸੀ। ਮਹਿਲ ਅੰਦਰ ਪਾਤਸ਼ਾਹ ਦੇ ਪਾਤਸ਼ਾਹ ਦਾ ਤਖ਼ਤ ਸੀ। ਪਾਤਸ਼ਾਹ ਦੇ ਰੂਪ ਦਾ ਇੱਕ ਐਸਾ ਐਲਾਨ ਸੀ। ਗੁਰੂ ਦੇ ਦਰਬਾਰ ਨਾਮ ਦਾ ਫੁਰਮਾਨ ਸੀ। ਸਭ ਰਾਹਾਂ ਤੇ ਤਾਰੇ ਵਿਛੇ ਸਨ ਇਸ ਤਰ੍ਹਾਂ ਸਭ ਗਾ ਉੱਠੇ ਮਨ ਨੱਚ ਉੱਠੇ ਇਸ ਤਰ੍ਹਾਂ। ਧਰਤੀ ਤੇ ਅਕਾਸ਼ ਦਾ ਮਿਲਾਪ ਸੀ। ਅਗੰਮੀ ਧੁਨਾਂ ਨਿਰੰਤਰ ਜਾਪ ਸੀ। ਅੰਬਰੋਂ ਉਤਰਿਆ ਇਕ ਵਿਮਾਨ ਸੀ। ਕੀ ਦੱਸਾਂ ਮੈਂ ਕੀ ਉਸ ਦੀ ਸ਼ਾਨ ਸੀ। ਜੁੜੇ ਸਨ ਸੱਤ ਘੋੜੇ ਉਸ ਵਿਮਾਨ ਨੂੰ। ਬਿਆਨ ਕਿੰਜ ਕਰਾਂ ਮੈਂ ਘੋੜਿਆਂ ਦੀ ਸ਼ਾਨ ਨੂੰ। ਚਾਨਣ ਚਿੱਟੇ ਘੋੜਿਆਂ ਦੇ ਸੁਨਹਿਰੀ ਕਲਗੀਆਂ। ਪੈਰਾਂ ਵਿਚ ਉਨ੍ਹਾਂ ਦੇ ਝਾਂਜਰਾਂ ਸੀ ਕੜਿਆਂ ਵਰਗੀਆਂ। ਮੱਥੇ ਸਭ ਘੋੜਿਆਂ ਦੇ ਕੇਸਰ ਸੀ ਡਲਕਦਾ। ਰੇਸ਼ਮੀ ਪਰਾਂ ਵਿਚ ਦਿਲ ਸੀ ਇਕ ਧੜਕਦਾ। ਹੀਰਿਆਂ ਤੇ ਮੋਤੀਆਂ ਦਾ ਬਣਿਆ ਵਿਮਾਨ ਸੀ। ਵਿਸ਼ਨੂੰ ਦੇ ਸਿੰਘਾਸਨ ਜੇਹੀ ਉਸਦੀ ਸ਼ਾਨ ਸੀ। ਪਹੀਏ ਉਸਦੇ ਜਿਉਂ ਪੂਰਨਮਾਸ਼ੀ ਦਾ ਚੰਦ ਸੀ। ਸਾਰੀ ਬਣਾਵਟ ਉਸ ਦੀ ਹਾਥੀ ਦਾ ਦੰਦ ਸੀ। ਹੁਸਨ ਉਸ ਰਥਵਾਨ ਤੇ ਬੜਾ ਬੇਹਿਸਾਬ ਸੀ। ਮੱਥੇ ਮਹਿਤਾਬ ਸੀ ਅੱਖਾਂ ਆਫ਼ਤਾਬ ਸੀ। ਚੇਹਰਾ ਕੀ ਦੱਸਾਂ ਉਸਦਾ, ਨਹੀਂ ਝਲ ਹੁੰਦੀ ਤਾਬ ਸੀ। ਸਮਾਂ ਸੀ ਪੂਰਾ ਹੋ ਗਿਆ ਤੁਰਨ ਲਈ ਬੇਤਾਬ ਸੀ। ਫਿਰ ਅਕਾਸ਼ੀਂ ਘੋੜਿਆਂ ਭਰੀ ਇਕ ਉਡਾਨ ਸੀ। ਅੱਖ ਝਮਕਣ ਨਾਲ ਉਹ ਗਏ ਵਿਚ ਅਸਮਾਨ ਸੀ। ਪਲਾਂ ਵਿਚ ਰੱਥ ਓਹੋ ਗੁਰੂ ਦੇ ਅਸਥਾਨ ਸੀ। ਲਾ ਕੇ ਸਿਰ ਦਹਲੀਜ਼ ਤੇ ਕੀਤਾ ਸਭ ਨੇ ਮਾਣ ਸੀ। ਦੁਨੀਆਂ ਦੇ ਸਭ ਸ਼ਹੀਦ ਇਕੱਠੇ ਅੰਮ੍ਰਿਤ ਵੇਲੇ ਆਉਂਦੇ। ਸੀਸ ਗੰਜ ਅਸਥਾਨ ਤੇ ਆ ਕੇ ਸਾਰੇ ਸੀਸ ਝੁਕਾਉਂਦੇ। ਦੇਵੀ ਦੇਵ ਸ਼ਹੀਦ ਸਾਰੇ ਅਨਹਦ ਨਾਦ ਵਜਾਉਂਦੇ। ਅਗੰਮੀ ਅਲੌਕਿਕ ਸਾਜ਼ਾਂ ਦੇ ਨਾਲ ਗੁਰੂ ਦਾ ਜਸ ਗਾਉਂਦੇ। ਕਈ ਅਕਾਸ਼ੀ ਨਦੀਆਂ ਦਾ ਉਹ ਅੰਮ੍ਰਿਤ ਨਾਲ ਲਿਆਉਂਦੇ। ਪਾਕ ਮਖਮਲੀ ਹੱਥਾਂ ਦੇ ਨਾਲ ਗੁਰੂ ਦਾ ਤਖਤ ਸਜਾਉਂਦੇ। ਧੰਨ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਗਾਉਂਦੇ। ਸੇਵਾ ਸਿਮਰਨ ਪ੍ਰੇਮਾਂ ਭਗਤੀ ਆਲਮ ਨੂੰ ਸਿਖਾਉਂਦੇ। ਅੰਮ੍ਰਿਤ ਵੇਲੇ ਜਾਗਣ ਗੁਰਮੁਖ ਗੁਰੂ ਦੇ ਮਨ ਨੂੰ ਭਾਉਂਦੇ।

ਧੰਨ ਗੁਰੂ ਗੋਬਿੰਦ ਸਿੰਘ ਜੀ

ਧੰਨ ਗੁਰੂ ਗੋਬਿੰਦ ਸਿੰਘ ਗਰੀਬ ਨਵਾਜ਼ ਹੇ ਕ੍ਰਿਪਾ ਨਿਧਾਨ। ਸਾਨੂੰ ਆਪਣੇ ਚਰਨੀਂ ਲਾ ਲਉ ਅਸੀਂ ਭੁੱਲੜ ਹਾਂ ਨਾਦਾਨ। ਸਿੱਖਿਆ ਹਾਲੇ ਕੁਝ ਵੀ ਨਹੀਂ ਭੇਖ ਸਿੱਖੀ ਦਾ ਧਰਿਆ। ਮਨ ਧਰੋਹੀ ਮਾਇਆ ਧਾਰੀ, ਕਾਮ ਕ੍ਰੋਧ ਨਾਲ ਭਰਿਆ। ਚਿਹਰੇ ਸਾਡੇ ਭੋਲੇ ਭਾਲੇ, ਭਲਾ ਕਦੇ ਨਹੀਂ ਕਰਿਆ। ਗੱਲਾਂ ਕਰੀਏ ਚੌਥੇ ਪਦ ਦੀਆਂ, ਮਨ ਰੱਤਾ ਨਹੀਂ ਮਰਿਆ। ਧੰਨ ਗੁਰੂ ਗੋਬਿੰਦ ਸਿੰਘ……… ਥਾਂ ਥਾਂ ਉਤੇ ਤੇਰੇ ਸੇਵਕ ਤੇਰਾ ਜਨਮ ਦਿਨ ਮਨਾਉਂਦੇ। ਅੰਮ੍ਰਿਤ ਛਕਾਉਂਦੇ, ਕੀਰਤਨ ਗਾਉਂਦੇ, ਲਾਈਟਾਂ ਬਹੁਤ ਜਗਾਉਂਦੇ। ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਲੰਗਰ ਬਹੁਤ ਛਕਾਉਂਦੇ। ਸੋਹਣੇ ਸੋਹਣੇ ਵਰਤ ਕੇ ਅੱਖਰ ਭਾਸ਼ਨ ਬਹੁਤ ਸੁਣਾਉਂਦੇ। ਅਮਲੋਂ ਖ਼ਾਲੀ ਉੱਚ iਖ਼ਆਲੀ ਅਸੀਂ ਹਾਂ ਬਹੁਤ ਮਹਾਨ। ਧੰਨ ਗੁਰੂ ਗੋਬਿੰਦ ਸਿੰਘ……. ਜਾਤ-ਪਾਤ ਤੇ ਭੇਖ ਦੀਆਂ ਹੋਈਆਂ ਉਚੀਆਂ ਹੋਰ ਦੀਵਾਰਾਂ। ਖੁਲ੍ਹ ਕੇ ਤੇਰੇ ਨਾਮ ਨੂੰ ਵੇਚਣ ਰੇਡੀਓ, ਟੈਲੀ ਤੇ ਅਖਬਾਰਾਂ। ਸੱਚ ਕਿਸੇ ਨੂੰ ਹਜ਼ਮ ਨਾ ਆਵੇ, ਹੁੰਦੀਆਂ ਬਹੁਤ ਵਿਚਾਰਾਂ। ਨਾਮ ਧਰੀਕ ਮਸੰਦਾਂ ਦੀਆਂ ਅੱਜ ਗਲੀ ਗਲੀ ਨੇ ਡਾਰਾਂ। ਕ੍ਰਿਪਾਨ ਬੰਦੂਕ ਕੁਝ ਨਹੀਂ ਕਰਨਾ, ਕਰਨਾ ਪੈਣਾ ਨਵਾਂ ਪਲਾਨ। ਧੰਨ ਗੁਰੂ ਗੋਬਿੰਦ ਸਿੰਘ……… ਗੋਲਕ ਪਿਛੋਂ ਹੋਣ ਲੜਾਈਆਂ ਹੋ ਗਈ ਹੁਣ ਅਖੀਰ। ਘਰ ਘਰ ਅੰਦਰ ਬਣੇ ਬੈਠੇ ਨੇ ਝੂਠੇ ਗੁਰੂ ਕਈ ਪੀਰ। ਤੇਰਾ ਭੇਸ ਬਣਾ ਬਣਾ ਲੁੱਟਦੇ ਲੈ ਹੱਥਾਂ ਵਿਚ ਸ਼ਮਸ਼ੀਰ। ਹੁਣ ਤੇ ਆਜਾ ਸਤਿਗੁਰ ਪਿਆਰੇ ਸਭ ਹੋ ਗਿਆ ਲੀਰੋ ਲੀਰ। ਤੇਰੇ ਸਹਾਰੇ ਸਤਿਗੁਰੂ (ਪਿਆਰੇ), ਆਲਮ ਦੀ ਏਹ ਜਾਨ। ਧੰਨ ਗੁਰੂ ਗੋਬਿੰਦ ਸਿੰਘ……..

ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ

ਵਾਹ ਵਾਹ ਗੋਬਿੰਦ ਸਿੰਘ ਸੱਚਾ ਗੁਰੂ ਸੱਚੀ ਸਰਕਾਰ। ਪਟਨੇ ਦੇ ਵਿਚ ਧਾਰਿਆ ਅੱਜ ਸੱਚ ਨੇ ਅਵਤਾਰ। ਅੱਜ ਭੀਖਮ ਸ਼ਾਹ ਨੇ ਕੀਤੀ ਚੜਦੇ ਵਲ ਨਮਾਜ਼। ਅਲ੍ਹਾ ਨੇ ਉਹਦੇ ਕੰਨ ਵਿਚ ਦਸਿਆ ਗੁੱਝਾ ਕੋਈ ਰਾਜ। ਆ ਛੇਤੀ ਆ ਕੇ ਦੇਖ ਲੈ ਮੇਰੇ ਨੂਰ ਦਾ ਆਗਾਜ਼। ਇਕ ਰਾਜਾ ਜੋਗੀ ਸੂਰਮਾ ਏਹਨੇ ਬਦਲਣੇ ਤਖਤੋ ਤਾਜ। ਉਹ ਡੌਰਾ ਭੌਰਾ ਹੋ ਗਿਆ, ਉਹਦੇ ਬਦਲ ਗਏ ਅੰਦਾਜ਼। ਚੇਲੇ ਸਾਰੇ ਹੈਰਾਨ ਹੋਏ ਦੇਖ ਦੇਖ ਗੁਰੂ ਦੇ ਚਾਜ। ਸਭ ਸੇਵਕਾਂ ਤੇ ਚੇਲਿਆਂ ਮਚਾਈ ਹਾਹਾਕਾਰ। ਵਾਹ ਵਾਹ ਗੋਬਿੰਦ ਸਿੰਘ…… ਸੰਗ ਸੇਵਕਾਂ ਤੇ ਚੇਲਿਆਂ ਫ਼ਕੀਰ ਜੀ ਪਟਨੇ ਦੇ ਵਿਚ ਆਏ। ਦਿਲ ਗਦਗਦ ਉਦੋਂ ਹੋ ਗਿਆ ਜਦ ਰੱਬੀ ਬਾਲ ਦੇ ਦਰਸ਼ਨ ਪਾਏ। ਦੁਧ ਭਰੇ ਦੋ ਕੁੱਜੇ ਸਨ ਜਦ ਗੁਰੂ ਜੀ ਅਗੇ ਧਰਾਏ। ਬਾਲ ਗੁਰੂ ਦਸ਼ਮੇਸ਼ ਨੇ ਦੋਵਾਂ ਉਪਰ ਨੰਨ੍ਹੇ ਹੱਥ ਟਿਕਾਏ। ਗੁਰੂ ਜੀ ਮੇਹਰਾਂ ਵੰਡੀਆਂ ਉਚੀ ਹੱਸੇ ਤੇ ਮੁਸਕਾਏ। ਚੇਲੇ ਅਤੇ ਫ਼ਕੀਰ ਜੀ ਕੀਤਾ ਸਜਦਾ ਸਿਰ ਝੁਕਾਏ। ਕਹਿੰਦੇ ਸੱਚਾ ਰੱਬੀ ਨੂਰ ਹੈ, ਸਭ ਦਾ ਤਾਰਨਹਾਰ। ਵਾਹ ਵਾਹ ਗੋਬਿੰਦ ਸਿੰਘ……… ਗੁਰੂ ਜੀ ਖੇਡਦੇ, ਪੜ੍ਹਦਿਆਂ ਕਿੰਨੇ ਹੀ ਚੋਜ ਦਿਖਾਏ। ਪੰਡਤ ਸ਼ਿਵਦੱਤ ਨੂੰ ਕ੍ਰਿਸ਼ਨ ਜੀ ਬਣਕੇ ਦਰਸ ਦਿਖਾਏ। ਰਾਣੀ ਫਤਹਿ ਚੰਦ ਦੀ ਗੋਦੀ ਖੇਡੇ, ਪੁੱਤਰ ਅਖਵਾਏ। ਰਾਜਾ ਰਾਣੀ, ਸ਼ਿਵਦੱਤ ਨੂੰ ਗੋਬਿੰਦ ਗੋਬਿੰਦ ਨਾਮ ਜਪਾਏ। ਬਾਲ ਗੁਰੂ ਜੀ ਖੇਡਾਂ ਖੇਡਦੇ ਕਈ ਰਮਜ਼ਾਂ ਨੂੰ ਸਮਝਾਏ। ਹਿੰਦੂਆਂ ਦੇ ਗੁਰੂ ਜੀ ਮੁਸਲਮਾਨਾਂ ਦੇ ਪੀਰ ਅਖਵਾਏ। ਨਵਾਬ ਕਰੀਮ, ਰਹੀਮ ਦੋਵੇਂ ਕਰਦੇ ਅਲ੍ਹਾ ਦਾ ਸ਼ੁਕਰਗੁਜ਼ਾਰ। ਵਾਹ ਵਾਹ ਗੋਬਿੰਦ ਸਿੰਘ...

ਦਸਵੇਂ ਨਾਨਕ

ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ ਤੇਰੀ ਮਹਿਮਾ ਅਪਰ ਅਪਾਰ। ਦਸਵੇਂ ਨਾਨਕ ਪਟਨੇ ਦੇ ਵਿਚ ਧਾਰ ਲਿਆ ਅਵਤਾਰ। ਰੂਪ ਅਗੰਮੀ ਨਿਰਭਉ ਨਿਰਵੈਰ ਧਰਤੀ ਉਤੇ ਆਇਆ। ਇਕ ਦੀ ਪੂਜਾ ਇਕ ਨੂੰ ਮੰਨਣਾ ਏਹੋ ਸੀ ਸਮਝਾਇਆ। ਮਾਣਸ ਦੀ ਸਭ ਜਾਤ ਹੈ ਇਕੋ ਏਹੋ ਸੀ ਫੁਰਮਾਇਆ। ਸਮੇਂ ਦੇ ਜ਼ੁਲਮ ਨੂੰ ਮੇਟਣ ਖਾਤਰ ਖੰਡਾ ਸੀ ਖੜਕਾਇਆ। ਦੁਸ਼ਟ ਦਮਨ ਏਹ ਨੂਰੀ ਸਤਿਗੁਰ ਧਰਮ ਕਾਜ ਲਈ ਆਇਆ। ਤਨ ਮਨ ਪਰਵਾਰ ਵਾਰਿਆ, ਧਰਮ ਦੇ ਲੇਖੇ ਲਾਇਆ। ਮੁਰਦਾ ਕੌਮ ਨੂੰ ਜ਼ਿੰਦਾ ਕਰਕੇ ਬਦਲ ਗਏ ਨੁਹਾਰ। ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ... ਹਵਾ ਦੀ ਹਿੱਕ ਤੇ ਪੈੜਾਂ ਕਰ ਗਏ ਦਿਲਾਂ 'ਚ ਜੋਤ ਜਗਾ ਗਏ। ਹੱਸ ਕੇ ਜੇ ਜੀਣਾ, ਹੱਸ ਕੇ ਮਰਨਾ ਏਹੋ ਗੱਲ ਸਮਝਾ ਗਏ। ਅਮਲ ਸ਼ਬਦ ਹੈ ਸ਼ਬਦ ਅਮਲ ਹੈ ਏਹ ਵਿਚਾਰ ਸਿਖਾ ਗਏ। ਸਿੱਖ ਗੁਰੂ ਹੈ, ਗੁਰੂ ਸਿੱਖ ਹੈ ਭਰਮ ਭੇਖ ਤੋਂ ਪਰ੍ਹੇ ਹਟਾ ਗਏ। ਅਸੀਂ ਅਜੇ ਵੀ ਬੜੇ ਪਾਖੰਡੀ ਉਹ ਜੀਵਨ ਲੇਖੇ ਲਾ ਗਏ। ਭਰਮ ਪਾਖੰਡ ਅਡੰਬਰ ਸਾਰੇ ਸਾਥੋਂ ਅੱਜ ਸ਼ਰਮਾ ਗਏ। ਆਲਮ ਜੇ ਤੂੰ ਆਮਿਲ ਹੋਣਾ ਸ਼ਬਦ ਗੁਰੂ ਦੀ ਕਰ ਵਿਚਾਰ। ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ...

ਗਿਆਨੀ ਸੰਤ ਸਿੰਘ ਮਸਕੀਨ

ਗਿਆਨ ਦਾ ਸਾਗਰ, ਪ੍ਰੇਮ ਦਾ ਅੰਬਰ ਸੰਤ ਸਿੰਘ ਮਸਕੀਨ। ਗੁਰ ਸਿੰਘ, ਰਾਮ, ਈਸਾ, ਅਕਬਰ, ਸੰਤ ਸਿੰਘ ਮਸਕੀਨ। ਤੱਤ ਸੱਤ ਬੋਲੇ ਐਸਾ ਨਿਡਰ ਸੰਤ ਸਿੰਘ ਮਸਕੀਨ। ਸਦਾ ਸਿਖਾਏ ਟਿੱਕ ਜਾਊ ਅੰਦਰ ਸੰਤ ਸਿੰਘ ਮਸਕੀਨ। ਗੁਰੂ ਗ੍ਰੰਥ ਦਾ ਆਸ਼ਕ, ਬਾਣੀ ਵਿਚਾਰੇ, ਸੰਤ ਸਿੰਘ ਮਸਕੀਨ। ਗੁਰੂ ਦੇ ਪਿਆਰੇ, ਗੁਰੂ ਸਤਿਕਾਰੇ, ਸੰਤ ਸਿੰਘ ਮਸਕੀਨ। ਬਾਣੀ ਮਹਿਕਾਂ ਜੰਗ ਵਿਚ ਖਿਲਾਰੇ, ਸੰਤ ਸਿੰਘ ਮਸਕੀਨ। ਨਰਕਾਂ ਵਿਚ ਲੜਦੇ ਲੱਖਾਂ ਦਿਲ ਤਾਰੇ, ਸੰਤ ਸਿੰਘ ਮਸਕੀਨ। ਮਨਾਂ ਤੋਂ ਲਾਹੇ ਭਰਮ ਪਾਖੰਡ ਸੰਤ ਸਿੰਘ ਮਸਕੀਨ। ਸਿੱਖੀ ਲਈ ਕੀਤਾ ਕਰਮ ਆਖੰਡ ਸੰਤ ਸਿੰਘ ਮਸਕੀਨ। ਵਿਚਾਰ ਨਾਲ ਕੀਤੀ ਸੋਚ ਪਰਚੰਡ ਸੰਤ ਸਿੰਘ ਮਸਕੀਨ। ਵੇਦ ਪ੍ਰਮਾਣਾਂ ਨਾਲ ਦਿੱਤਾ ਮਨ ਚੰਡ ਸੰਤ ਸਿੰਘ ਮਸਕੀਨ। ਸਵੈ ਸਰੂਪ ਵਿਚ ਲਿਖਿਆ ਅੱਖਰ ਸੰਤ ਸਿੰਘ ਮਸਕੀਨ। ਨਿਝੱਕ ਬੁਲਾਰਾ, ਅਣਥਕ ਮੁਸਾਫਰ ਸੰਤ ਸਿੰਘ ਮਸਕੀਨ। ਨਾਮ ਧਿਆਨ ਦੀ ਸੱਚੀ ਸਿਖਰ ਸੰਤ ਸਿੰਘ ਮਸਕੀਨ। ਸੁਰਤ ਸ਼ਬਦ ਨਾਲ ਜੁੜਿਆ ਸਿਖਰ ਸੰਤ ਸਿੰਘ ਮਸਕੀਨ। ਇਕ ਮਸਕੀਨ ਜੀ ਅਨੇਕ ਸਜਾਏ ਸੰਤ ਸਿੰਘ ਮਸਕੀਨ। ਅਨੇਕਾਂ ਭਟਕੇ ਗੁਰ ਚਰਨੀਂ ਲਾਏ ਸੰਤ ਸਿੰਘ ਮਸਕੀਨ। ਗੂੜੀ ਨੀਦਰੋਂ ਮਨ ਜਗਾਏ ਸੰਤ ਸਿੰਘ ਮਸਕੀਨ। ਧਿਆਨ ਦੇ ਨਵੇਂ ਰਾਹ ਬਣਾਏ ਸੰਤ ਸਿੰਘ ਮਸਕੀਨ। ਗੁਰਮੁਖ ਨਾਦੰਗ ਗੁਰਮੁਖ ਵੇਦੰਗ ਸੰਤ ਸਿੰਘ ਮਸਕੀਨ। ਬ੍ਰਹਮਾ, ਬਿਸ਼ਨੂੰ, ਸ਼ਿਵ ਨਾਦੰਗੁ ਸੰਤ ਸਿੰਘ ਮਸਕੀਨ। ਅੱਖਰ ਨਿਅੱਖਰ ਧਰਮ ਅਧਰਮੰਗ ਸੰਤ ਸਿੰਘ ਮਸਕੀਨ। ਗੁਰਮੁਖ ਗੁਰਸਿੱਖ ਪ੍ਰਗਟ ਗੁਪਤੰਗ ਸੰਤ ਸਿੰਘ ਮਸਕੀਨ। ਗਿਆਨੀ ਧਿਆਨੀ ਸੰਤ ਸਿਪਾਹੀ, ਸੰਤ ਸਿੰਘ ਮਸਕੀਨ। ਗੁਰਚਰਨਾਂ ਨਾਲ ਪ੍ਰੀਤ ਨਿਬਾਹੀ ਸੰਤ ਸਿੰਘ ਮਸਕੀਨ। ਨਿਮਰਤਾ ਭਿੱਜਾ ਓ ਸੱਚਾ ਰਾਹੀ ਸੰਤ ਸਿੰਘ ਮਸਕੀਨ। ‘ਆਲਮ’ ਇਲਮ ਦਾ ਨੂਰ ਇਲਾਹੀ ਸੰਤ ਸਿੰਘ ਮਸਕੀਨ।

ਸੂਬੇ ਨੇ ਲਾਲਚ ਦਿੱਤੇ

ਜੇਕਰ ਮੰਨ ਲਉਂ ਸਾਡਾ ਇਸਲਾਮ ਤੁਸੀਂ, ਅਸੀਂ ਮੰਨਾਂਗੇ ਸੱਚੀ ਸਰਕਾਰ ਤੁਹਾਨੂੰ। ਮੂੰਹ ਮੰਗਿਆ ਤੁਹਾਨੂੰ ਰਾਜ ਦਿਆਂਗੇ, ਸਲਾਮਾਂ ਕਰੇਗਾ ਸਾਰਾ ਸੰਸਾਰ ਤੁਹਾਨੂੰ। ਸ਼ਾਦੀ ਕਰਨ ਲਈ ਇਹਨਾਂ ਬੱਚਿਆਂ ਦੀ, ਦੌਲਤ ਦਿਆਂਗੇ ਬੇਸ਼ੁਮਾਰ ਤੁਹਾਨੂੰ। ਜੇਕਰ ਸੁਖੀ ਰਹਿਣਾ ਤਾਂ ਮੰਨ ਜਾਵੋ, ਕਹਿਣਾ ਨਹੀਂ ਏ ਵਾਰ ਵਾਰ ਤੁਹਾਨੂੰ। ਤਸੀਹੇ ਜਲਾਦਾਂ ਦੇ ਥੋਤੋਂ ਨਹੀਂ ਝੱਲ ਹੋਣੇ, ਅੰਤ ਮੌਤ ਨੇ ਲੈਣਾ ਨਿਘਾਰ ਤੁਹਾਨੂੰ। ਬੜਾ ਸੌਖਾ ਰਾਹ ਤੁਹਾਨੂੰ ਦੱਸਿਆ ਏ ਕਾਹਦੀ ਲਗੀ ਵੇ ਸੋਚ ਵਿਚਾਰ ਤੁਹਾਨੂੰ।

ਮਾਤਾ ਜੀ ਨੇ ਅੱਗੋਂ ਨਰਮੀ ਨਾਲ…

ਮਾਤਾ ਜੀ ਨੇ ਅਗੋਂ ਨਰਮੀ ਨਾਲ ਜਵਾਬ ਦਿੱਤਾ ਅਸੀਂ ਹੁਕਮ ਗੁਰੂ ਨਾਨਕ ਦਾ ਮੰਨਣਾ ਏ ਜ਼ਿਆਦਾ ਆਉਂਦੇ ਨਾ ਐਵੇਂ ਵਿਚਾਰ ਸਾਨੂੰ। ਰਾਜ ਭਾਗ ਤੇ ਲਾਲਚ ਦੌਲਤਾਂ ਦਾ ਨਹੀਂ ਭਾਉਂਦਾ ਏਹ ਤੇਰਾ ਹੰਕਾਰ ਸਾਨੂੰ। ਨਾ ਫਿਕਰ ਹੈ ਆਪਣਾ, ਨਾ ਬੱਚਿਆਂ ਦਾ, ਬੇਫਿਕਰੀ ਦਿੱਤੀ ਕਰਤਾਰ ਸਾਨੂੰ। ਖੇਡਦੇ ਆਏ ਹਾਂ ਪੁਸ਼ਤਾਂ ਤੋਂ ਮੌਤ ਦੇ ਨਾਲ ਕੋਹ ਕੋਹ ਕੇ ਬੇਸ਼ਕ ਮਾਰ ਸਾਨੂੰ। ਜ਼ੁਲਮ ਕਰੋਗੇ ਭਰੋਗੇ ਜ਼ਰੂਰ ਤੁਸੀਂ, ਲਾਹਣਤਾ ਪਾਵੇਗਾ ਸਾਰਾ ਸੰਸਾਰ ਤੁਹਾਨੂੰ। ਸਾਰੇ ਆਲਮ ਦੀ ਸਰਕਾਰ ਹੈ ਰੱਬ ਇਕੋ, ਨਹੀਂ ਮੰਨਦੇ ਅਸੀਂ ਸਰਕਾਰ ਤੁਹਾਨੂੰ।

ਨਵਾਬ ਮਲੇਰਕੋਟਲਾ ਨੇ…..

ਨਵਾਬ ਮਾਲੇਰਕੋਟਲਾ ਨੇ ਸੱਚ ਆਖਿਆ ਮਾਸੂਮਾਂ ਤੇ ਜ਼ੁਲਮ ਕਮਾਵੇਂ ਨਾ ਆਏ ਤੈਨੂੰ ਸੰਗ ਸੂਬਿਆ। ਜੇ ਸੂਰਾ ਧਰਮੀ ਪੂਰਾ ਕਰ ਗੋਬਿੰਦ ਸਿੰਘ ਨਾਲ ਜੰਗ ਸੂਬਿਆ। ਆਪਣੇ ਆਪ ਨੂੰ ਯੋਧਾ ਆਖੇਂ ਕੰਮ ਕਰੇਂ ਤੂੰ ਕਾਇਰਾਂ ਵਾਲੇ। ਰਾਜਾ ਹੋ ਕੇ ਕਨੂੰਨ ਤੂੰ ਤੋੜੇ, ਕਰੇਂ ਇਤਿਹਾਸ ਦੇ ਪੰਨੇ ਕਾਲੇ। ਛੱਡ ਦੇਹ ਬੱਚੇ ਬੇਕਸੂਰੇ, ਇਕੋ ਮੇਰੀ ਹੈ ਮੰਗ ਸੂਬਿਆ। ਮਾਸੂਮਾਂ ਤੇ ਜ਼ੁਲਮ ਕਮਾਵੇਂ.... ਇਕੋ ਇਕ ਕਸੂਰ ਏਹਨਾਂ ਦਾ, ਏਹ ਗੋਬਿੰਦ ਸਿੰਘ ਦੇ ਬੱਚੇ। ਅੱਧ ਖਿੜੇ ਨੇ ਫੁੱਲ ਵਿਚਾਰੇ, ਧਰਮ ਕਰਮ ਤੋਂ ਉੱਚੇ ਸੁੱਚੇ। ਬਿਨਾਂ ਕਾਰਨ ਤੇ ਦੋਵੇਂ ਸਜ਼ਾਵਾਂ ਚੰਗਾ ਨਹੀਂ ਏਹ ਢੰਗ ਸੂਬਿਆ। ਮਸੂਮਾਂ ਤੇ ਜ਼ੁਲਮ ਕਮਾਵੇਂ... ਦਿੱਲੀ ਰਾਜ ਤੋਂ ਵਾਹਵਾ ਲੈਣ ਲਈ ਕਰੇਂ ਤੂੰ ਕਾਰਗੁਜ਼ਾਰੀ। ਕੋਈ ਵੀ ਕਿਸੇ ਤੇ ਜ਼ੁਲਮ ਕਰੇ ਤਾਂ, ਪੈਂਦਾ ਏ ਉਸਨੂੰ ਭਾਰੀ। ਆਲਮ ਦੇ ਵਿਚ ਨਿੰਦਿਆ ਜਾਊ, ਨਜ਼ਰੀਆ ਤੇਰਾ ਤੰਗ ਸੂਬਿਆ। ਮਸੂਮਾਂ ਤੇ ਜ਼ੁਲਮ ਕਮਾਵਾਂ……

ਮਾਤਾ ਗੁਜਰੀ ਨੇ ਜਵਾਬ ਦਿੱਤਾ

ਸਾਂਝੀ ਹੈ ਇਹ ਧਰਤੀ ਤੇ ਸਾਂਝਾ ਹੈ ਅਸਮਾਨ ਰਾਜਿਆ। ਸਭ ਧਰਮਾਂ ਦਾ ਸਭ ਜਾਤਾਂ ਦਾ ਸਾਂਝਾ ਹਿੰਦੋਸਤਾਨ ਰਾਜਿਆ। ਸਾਂਝੀਵਾਲਤਾ ਧਰਮ ਹੈ ਸਾਡਾ ਪ੍ਰੇਮ ਹੈ ਸਾਡੀ ਜਾਨ ਰਾਜਿਆ। ਸੱਚ ਲਈ ਮਰਨਾ ਜੀਣਾ ਸਾਨੂੰ ਅੱਲਾ ਦਾ ਵਰਦਾਨ ਰਾਜਿਆ। ਸਾਰੇ ਧਰਮ ਪਿਆਰੇ ਸਾਨੂੰ ਹਿੰਦੂ ਜਾਂ ਮੁਸਲਮਾਨ ਰਾਜਿਆ। ਗੁਰੂ ਨਾਨਕ ਦੇ ਪਿਆਰੇ ਹੋਏ ਇਸੇ ਰਾਹ ਕੁਰਬਾਨ ਰਾਜਿਆ। ਸਾਡੇ ਦਾਦੇ ਤੇ ਪੜਦਾਦੇ ਅਮਨ ਲਈ ਵਾਰੀ ਜਾਨ ਰਾਜਿਆ। ਜ਼ੁਲਮ ਜਬਰ ਨੂੰ ਮੇਟਣ ਲਈ ਸਾਨੂੰ ਚੁਕਣੀ ਪਈ ਕਿਰਪਾਨ ਰਾਜਿਆ। ਰੱਬ ਦੇ ਕੋਈ ਅਸੂਲ ਜੋ ਤੋੜੇ, ਰੱਬ ਨੂੰ ਨਹੀਂ ਪਰਵਾਨ ਰਾਜਿਆ। ਸਾਨੂੰ ਸਾਰੇ ਗ੍ਰੰਥ ਨੇ ਪਿਆਰੇ ਪਿਆਰਾ ਹੈ ਕੁਰਾਨ ਰਾਜਿਆ। ਇਕੋ ਰੱਬ ਹੈ ਰਮਿਆ ਸਾਰੇ ਉਹਦੀ ਪੂਜਾ ਹੈ ਈਮਾਨ ਰਾਜਿਆ। ਵੱਖੋ ਵੱਖਰੇ ਢੰਗ ਪੂਜਾ ਦੇ, ਪਰ ਇਕੋ ਹੈ ਭਗਵਾਨ ਰਾਜਿਆ। ਰਾਜੇ ਪੀਰ ਪੈਗੰਬਰ ਸਾਰੇ ਧਰਤੀ ਤੇ ਮਹਿਮਾਨ ਰਾਜਿਆ। ਭੁੱਲ ਗਿਆ ਤੂੰ ਮੌਤ ਆਪਣੀ ਕਰੇਂ ਧਨ ਦੌਲਤ ਤੇ ਮਾਣ ਰਾਜਿਆ। ਲੋਭ ਨੇ ਤੇਰੀ ਮੱਤ ਹੈ ਮਾਰੀ ਕਰੇਂ ਰਾਜ ਭਾਗ ਦਾ ਤਾਣ ਰਾਜਿਆ। ਆਲਮ ਦੇ ਵਿਚ ਹੋਏ ਕਲੰਕੀ ਦੋਨੋਂ ਤੇਰੇ ਜਹਾਨ ਰਾਜਿਆ।

ਜ਼ਿੰਦਾਬਾਦ

ਜ਼ੋਰਾਵਰ ਤੇ ਫਤਹਿ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ। ਗੁਲਾਮੀ ਦੇ ਤੋੜ ਕੇ ਬੰਧਨ, ਕਰ ਗਏ ਦੇਸ਼ ਆਜ਼ਾਦ। ਸਦਾ ਸਦਾ ਲਈ ਅਮਰ ਹੋ ਗਈ, ਸਰਹੰਦ ਦੀ ਦੀਵਾਰ। ਸਿਦਕ ਦੇ ਮੂਹਰੇ ਹਾਰ ਗਈ, ਤਾਨਾਸ਼ਾਹ ਸਰਕਾਰ। ਸਿੱਖਾਂ ਦੇ ਨਿਸ਼ਾਨ ਝੂਲਦੇ, ਹੋ ਗਈ ਜੈ ਜੈ ਕਾਰ। ਕੱਟੜ ਧਰਮੀ, ਜ਼ਾਲਿਮ ਸਾਰੇ ਹੋ ਗਏ ਬਰਬਾਦ। ਜ਼ੋਰਾਵਾਰ ਤੇ ਫਤਹਿ ਸਿੰਘ ਜੀ... ਕੋਹਲੂ ਵਿਚ ਪਰਵਾਰ ਪੀੜਿਆ, ਦਿੱਤਾ ਸੱਚ ਤੇ ਪਹਿਰਾ। ਸੱਚੇ ਦਿਲੋਂ ਸੇਵ ਕਮਾ ਗਏ, ਮੋਤੀ ਰਾਮ ਜੀ ਮਹਿਰਾ। ਕੁਰਬਾਨੀ ਦਾ ਬੀਜ, ਬੀਜ ਗਏ, ਦਿਲਾਂ ਦੇ ਅੰਦਰ ਗਹਿਰਾ, ਟੋਡਰਮਲ ਤੇ ਸ਼ੇਰ ਮੁਹੰਮਦ ਸਦਾ ਰਹਿਣਗੇ ਯਾਦ। ਜ਼ੋਰਾਵਰ ਤੇ ਫਤਹਿ ਸਿੰਘ ਜੀ... ਲਗਣਗੇ ਦੀਵਾਨ ਸ਼ਹੀਦੀ ਜਦ ਤਕ ਚੰਦ ਸਿਤਾਰੇ। ਗਾਏ ਜਾਣਗੇ ਗੀਤ ਸਦਾ ਹੀ ਆਲਮ ਦੇ ਵਿਚ ਸਾਰੇ। ਨਿਰਭਉ, ਨਿਰਵੈਰ, ਆਦਿ ਸਚ ਦੇ ਗੂੰਜਣਗੇ ਜੈਕਾਰੇ। ਰੂਹਾਂ ਦੇ ਵਿੱਚ ਲਿਖ ਕੇ ਤੁਰ ਗਏ ਅਮਰ ਸ਼ਹੀਦੀ ਯਾਦ। ਜ਼ੋਰਾਵਰ ਤੇ ਫਤਹਿ ਸਿੰਘ ਜੀ…………

ਇਤਿਹਾਸ ਦਾ ਚਿਹਰਾ

ਇਕ ਸੂਰਜ ਇਕ ਚੰਦਾ, ਦੋ ਜੋਤਾਂ ਨੇ ਅਸਮਾਨੀ। ਨੂਰੋ ਨੂਰ ਖਿੰਡਾ ਗਏ ਸਾਰੇ ਗੁਰੂ ਦੇ ਲਾਲ ਰੂਹਾਨੀ। ਸਿੱਖੀ ਦੇ ਅਸਮਾਨ ਦੇ ਅੰਦਰ, ਅੱਜ ਵੀ ਜਗ ਮਗ ਕਰਦੇ। ਅਤੀ ਡਰਾਉਣੇ ਜ਼ੁਲਮ ਦੇ ਸਾਹਵੇਂ ਸਬਰ ਦਾ ਹਾਸਾ ਹੱਸਦੇ। ਸੱਚ ਸਿਦਕ ਲਈ ਕਿਵੇਂ ਹੈ ਜੀਣਾ ਸਦਾ ਰਹਿਣਗੇ ਦਸਦੇ। ਬਣ ਗਏ ਨੇ ਇਤਿਹਾਸ ਦਾ ਚਿਹਰਾ, ਦੋ ਬੱਚੇ ਨੂਰਾਨੀ। ਲਹੂ ਚਰਬੀ ਤੇ ਹੱਡੀਆਂ ਪਾ ਕੇ, ਪੱਕੀਆਂ ਕਰ ਗਏ ਨੀਹਾਂ। ਆਪਣੇ ਮੱਥੇ ਕਾਲਖ ਲਾਈ ਮੁਕੱਦਮ ਰਾਜੇ ਸ਼ੀਹਾਂ। ਸਿਦਕ ਸਬਰ ਬੁਲੰਦ ਹੌਸਲੇ ਦਿਲ ਤੇ ਪਾ ਗਏ ਲੀਹਾਂ। ਦੁਨੀਆਂ ਅੰਦਰ ਕਦੇ ਨਾ ਹੋਣੀ ਐਸੀ ਦਰਦ ਕਹਾਣੀ। ਕੋਮਲ ਸੂਹੇ ਫੁੱਲ ਜਦੋਂ ਜ਼ੁਲਮ ਨੇ ਫੜ ਲਤਾੜੇ। ਧਰਤੀ ਮਥੇ ਕਿੱਲਾਂ ਠੁਕੀਆਂ, ਹਵਾ ਵਿਚ ਪੈ ਗਏ ਪਾੜੇ। ਸਦੀਆਂ ਤੋਂ ਆਲਮ ਦੇ ਵਿਚ ਹੰਕਾਰ ਦੇ ਸਭ ਪੁਆੜੇ। ਹੰਕਾਰ ਨੂੰ ਝਟਪਟ ਧੋਂਦਾ ਜਾਵੇ, ਅਮਲ ਦਾ ਸੱਚਾ ਪਾਣੀ।

ਮਾਤਾ ਸਹਿਬ ਕੌਰ ਜੀ

ਧੰਨ ਧੰਨ ਮਾਤਾ ਸਾਹਿਬ ਕੌਰ ਜੀ, ਤੂੰ ਖ਼ਾਲਸੇ ਦੀ ਮਾਂ। ਸਦਾ ਸਦਾ ਲਈ ਅਮਰ ਰਹੂਗਾ, ਜੱਗ ਤੇ ਤੇਰਾ ਨਾਂ। ਮਾਤਾ ਜੀਤੋ ਦੇ ਲਾਲ ਪਿਆਰੇ, ਚਮਕੌਰ ਗੜ੍ਹੀ ਵਿਚ ਵਾਰੇ। ਮਾਤਾ ਸੁੰਦਰੀ ਜਿਗਰ ਦੇ ਟੋਟੇ, ਨੀਹਾਂ ਵਿਚ ਖਲ੍ਹਾਰੇ। ਦਾਦੀ ਜੀ ਠੰਢੇ ਬੁਰਜ ਵਿਚ ਕਰ ਗਏ ਜਾਨ ਕੁਰਬਾਨ। ਧੰਨ ਧੰਨ ਮਾਤਾ ਸਾਹਿਬ ਕੌਰ ਜੀ..... ਮੇਰੀ ਗੋਦੀ ਪੁੱਤਰ ਖੇਡੇ ਮਨ ’ਚ ਵਿਚਾਰ ਸੀ ਆਇਆ। ਪੰਥ ਖ਼ਾਲਸਾ ਦਸਮ ਪਿਤਾ ਨੇ ਤੁਹਾਡੀ ਝੋਲੀ ਪਾਇਆ। ਖ਼ਾਲਸਾ ਤੁਹਾਡਾ ਪੁੱਤਰ ਅੱਜ ਤੋਂ ਗੁਰੂ ਜੀ ਏਹ ਫੁਰਮਾਇਆ। ਜਿੰਨੇ ਵੀ ਸੇਵਕ ਪੁੱਤਰ ਤੇਰੇ, ਤੇਰਾ ਰਹੂਗਾ ਉੱਚਾ ਥਾਂ। ਧੰਨ ਧੰਨ ਮਾਤਾ ਸਾਹਿਬ ਕੌਰ ਜੀ... ਤੇਰੀ ਮਮਤਾ ਮੁਰਦੇ ਮਸਤਕ ਸੁਤੇ ਆਣ ਜਗਾਏ। ਮਿੱਠਾ ਬੋਲਣ, ਗੁਣ ਹੀ ਚਖਣੇ, ਏਹ ਅਸੂਲ ਸਿਖਾਏ। ਸਭ ਜਾਤਾਂ ਦੇ ਔਰਤ ਬੰਦੇ, ਇਕੋ ਕਤਾਰ ਬਿਠਾਏ। ਉਹੀ ਆਲਮ ਤੱਤ ਖ਼ਾਲਸਾ, ਜਿਹੜਾ ਦੇਵੇ ਸਭ ਨੂੰ ਛਾਂ। ਧੰਨ ਧੰਨ ਮਾਤਾ ਸਾਹਿਬ ਕੌਰ ਜੀ...

ਧੀ ਨੂੰ ਗੁਰੂ ਸ਼ਬਦ ਦੀ ਲੋਰੀ

ਪਿਆਰੀ ਮਾਂ ਧਰਤੀ ਮਾਂ ਸਭ ਦੀ ਸਾਂਝੀ ਮਾਂ। ਤੂੰ ਘੁੰਮਦੀ ਏਂ ਸੂਰਜ ਦੁਆਲੇ ਚਲੇ ਦੁਨੀਆਂ ਚਲੇ ਸਮਾਂ। ਆ ਧੀਏ ਤੈਨੂੰ ਲੋਰੀ ਦਿਆਂ, ਪਿਆਰ ਦੀ ਗੋਦ ਬਿਠਾਵਾਂ। ਲੋਰੀ ਦਿਆਂ ਤੈਨੂੰ ਸੱਚੀ ਸੁੱਚੀ, ਗੁਰੂ ਦਾ ਸ਼ਬਦ ਸੁਣਾਵਾਂ। ਸੁੱਖਾਂ ਦੀ ਤੈਨੂੰ ਨੀਂਦਰ ਆਵੇ ਸੁੱਖਾਂ ਨਾਲ ਤੂੰ ਜਾਗੇ। ਇਕ ਧਿਆਵੇਂ ਇਕੋ ਸੋਚੇ ਬਾਕੀ ਸਭ ਤਿਆਗੇ। ਕਾਮ, ਕ੍ਰੋਧ ਤੇਰੇ ਨੇੜ ਨਾ ਆਵੇ ਦੇਵਾਂ ਏਹੋ ਦੁਆਵਾਂ, ਪਿਆਰੀ ਮਾਂ ਧਰਤੀ ਮਾਂ......... ਬੇਅਥਾਹ ਖਜ਼ਾਨੇ ਤੇਰੇ ਥਾਹ ਕਿਸੇ ਨਾ ਪਾਈ। ਸਭ ਨੂੰ ਦੋਵੇਂ ਦੇਈ ਜਾਵੇਂ ਰੱਤਾ ਨਾ ਉਕਤਾਈ। ਕੀ ਕੀ ਦੋਵੇਂ, ਕਿੱਦਾਂ ਦਸਾਂ ਕਿੱਦਾਂ ਮੈਂ ਗਿਣਾਂ। ਪਿਆਰੀ ਮਾਂ ਧਰਤੀ ਮਾਂ... ਤੇਰੇ ਕੋਲ ਲੱਖਾਂ ਜਵਾਹਰ, ਲੱਖਾਂ ਗੁਪਤ ਖਜ਼ਾਨੇ। ਤੇਰੇ ਖਜ਼ਾਨੇ ਲੱਭਦੇ ਲੱਭਦੇ ਹੋਏ ਕਈ ਦੀਵਾਨੇ। ਸਾਗਰ ਪਰਬਤ ਖੇਤ ਹਰਿਆਲੀ ਕਿੰਜ ਮੈਂ ਕਰਾਂ ਬਿਆਂ, ਪਿਆਰੀ ਮਾਂ ਧਰਤੀ ਮਾਂ…. ਸਭ ਕੁਝ ਸਹਿੰਦੀ ਕੁਝ ਨਾ ਕਹਿੰਦੀ ਭਾਈ ਗੁਰਦਾਸ ਉਚਾਰੇ। ਅਸੰਖ ਮਣਾਂ ਭਾਰ ਤੂੰ ਸਹਿੰਦੀ ਝੂਠ ਨਾ ਰਤਾ ਸਹਾਰੇ। ਸੱਚ ਹੀ ਲੇਵੇ ਸੱਚ ਹੀ ਦੇਵੋ। ਸੱਚ ਹੀ ਤੇਰੀ ਜ਼ੁਬਾਂ, ਪਿਆਰੀ ਮਾਂ ਧਰਤੀ ਮਾਂ... ਹਰ ਇਕ ਸ਼ੈ ਮਰ ਮੁੱਕ ਜਾਵੇ ਜੇ ਤੇਰੀ ਖਿੱਚ ਨਾ ਹੋਵੇ। ਹਰ ਕੋਈ ਤੇਰੀ ਬੁੱਕਲ ਦੇ ਵਿਚ, ਹੱਸੇ ਖੇਲੇ ਸੌਂਵੋ। ਤੇਰੇ ਪਿਆਰ ਦੇ ਆਲਮ ਵਿਚ ਸਭ ਜੀਵਾਂ ਦੀ ਜਿੰਦ ਜਾਂ, ਪਿਆਰੀ ਮਾਂ ਧਰਤੀ ਮਾਂ... ਜਦ ਜਦ ਵੀ ਪੁਕਾਰੇ ਕੋਈ ਮਾਂ, ਜਪੇ ਰੱਬ ਦਾ ਜਿਵੇਂ ਕੋਈ ਨਾਂ। ਮਾਵਾਂ ਰੱੱਬ ਹੋਂਦੀਆਂ ਪਿਆਰ ਸਿਖਾਉਂਦੀਆਂ। ਜਦ ਰੱਬ ਧਰਤੀ ਤੇ ਆਇਆ ਉਹਨੇ ਮਾਂ ਨੂੰ ਸੀਸ ਝੁਕਾਇਆ। ਰਾਮ ਮੁਹੰਮਦ ਈਸਾ ਨਾਨਕ ਹੋਵੇ ਕੋਈ ਵੀ ਨਾਂ, ਪਿਆਰੀ ਮਾਂ ਧਰਤੀ ਮਾਂ,,,

ਪਿਆਰੀਆਂ ਮਾਵਾਂ

ਰੋਜ਼ ਰੋਜ਼ ਨਾ ਹੋਣੀਆਂ ਜੱਗ ਤੇ ਐਸੀਆਂ ਪਿਆਰੀਆਂ ਮਾਵਾਂ। ਪਿਆਰੀਆਂ ਪਿਆਰੀਆਂ ਮਾਵਾਂ ਨੂੰ, ਪਲ ਪਲ ਸੀਸ ਝੁਕਾਵਾਂ। ਜਦੋਂ ਵੀ ਐਸੀ ਪਿਆਰੀ ਮਾਂ ਕੋਈ ਧਰਤੀ ਉਤੇ ਆਵੇ। ਚੰਦ ਚਾਂਦਨੀ ਠੰਢ ਵਰਤਾਵੇ, ਤਾਰਿਕਾ ਮੰਡਲ ਲੋਅ ਖਿੰਡਾਵੇ। ਮਾਂ ਦੀ ਮਹਿਮਾ, ਰੱਬ ਦੀ ਮਹਿਮਾ, ਕਹਿਣ ਵਿਚ ਨਾ ਆਵੇ। ਪ੍ਰੇਮ ਦੀ ਧਰਤੀ ਗਿਆਨ ਦਾ ਸੂਰਜ, ਲੱਖ ਲੱਖ ਦੇਵੇ ਦੁਆਵਾਂ, ਰੋਜ਼ ਰੋਜ਼ ਨਾ ਹੋਣੀਆਂ ਜੱਗ ਤੇ... ਧੰਨ ਉਹ ਮਾਤਾ, ਧੰਨ ਉਹ ਦੇਵੀ, ਸ਼ਿਵਜੀ ਜਿਸਨੇ ਜਾਇਆ। ਧੰਨ ਉਹ ਮਾਤਾ ਬ੍ਰਹਮਾ ਜੀ ਦੀ, ਸਾਰਾ ਜਗਤ ਰਚਾਇਆ। ਧੰਨ ਮਾਤਾ ਵਿਸ਼ਨੂੰ ਜੀ ਦੀ ਸਭ ਨੂੰ ਕਾਰੇ ਲਾਇਆ। ਧਰਤੀ ਅੰਬਰ ਵਾਂਗੂੰ ਮਾਵਾਂ, ਕਿੰਜ ਮੈਂ ਆਖ ਸੁਣਾਵਾਂ, ਰੋਜ਼ ਰੋਜ਼ ਨਾ ਹੋਣੀਆਂ ਜੱਗ ਤੇ... ਧੰਨ ਦੇਵਕੀ, ਤ੍ਰਿਪਤਾ ਮਾਤਾ, ਭਗਵਾਨ ਜਿਨ੍ਹਾਂ ਦੇ ਆਏ। ਮੁਹੰਮਦ, ਬੁੱਧ, ਫ਼ਰੀਦ, ਕਬੀਰਾ, ਧੰਨ ਜਿਨ੍ਹਾਂ ਨੇ ਜਾਏ। ਧੰਨ ਉਹ ਮੇਰੀ ਜੱਗ ਤੋਂ ਨਿਆਰੀ ਜੀਹਨੇ ਈਸਾ ਗੋਦ ਖਿਡਾਏ। ਇਕ ਇਕ ਮਾਂ ਵਿਚ ਕਿੰਨੇ ਆਲਮ, ਕਿਦਾਂ ਮੈਂ ਗਿਣਾਵਾਂ। ਰੋਜ਼ ਰੋਜ ਨਾ ਹੋਣੀਆਂ ਜੱਗ ਤੇ...

ਸਦਾ ਰਹੂਗੀ ਯਾਦ

ਸਦਾ ਰਹੂਗੀ ਯਾਦ ਉਨ੍ਹਾਂ ਦੀ ਪਿਆਰ ਜਿਨ੍ਹਾਂ ਨੇ ਕਰਿਆ ਏ। ਮਰ ਮਰ ਕੇ ਯਾਰ ਦੀ ਖਾਤਰ, ਪ੍ਰੇਮ ਦਾ ਸਾਗਰ ਤਰਿਆ ਏ। ਰਾਧਾ, ਸੋਹਣੀ, ਸੱਸੀ ਲੈਲਾ, ਯਾਦ ਸਦਾ ਹੀ ਰਹਿਣਗੀਆਂ। ਮੀਰਾ, ਹੀਰ, ਸ਼ੀਰੀ, ਸਾਹਿਬਾਂ ਨਦੀਆਂ ਵਾਂਗੂੰ ਵਹਿਣਗੀਆਂ। ਸਦਾ ਹੀ ਆਪਣੀ ਪ੍ਰੇਮ ਕਹਾਣੀ ਹਰ ਪਾਲ ਹਰ ਜੁਗ ਕਹਿਣਗੀਆਂ। ਸੱਚਾ ਜਿਨ੍ਹਾਂ ਨੇ ਪ੍ਰੇਮ ਹੈ ਕੀਤਾ, ਸੀਸ ਤਲੀ ਤੇ ਧਰਿਆ ਏ, ਸਦਾ ਰਹੂਗੀ ਯਾਦ... ਜਾਤ ਨਾ ਹੋਵੇ ਧਰਮ ਨਾ ਹੋਵੇ, ਨਾ ਕੋਈ ਹੋਵੇ ਨਾਂ। ਘਰ ਨਾ ਹੋਵੇ ਦਰ ਨਾ ਹੋਵੇ ਨਾ ਕੋਈ ਹੋਵੇ ਥਾਂ। ਸੂਰਤ ਨਾ ਹੋਵੇ ਉਮਰ ਨਾ ਹੋਵੇ ਨਾ ਕੋਈ ਹੋਵੇ ਸਮਾਂ। ਆਸ਼ਕ ਕਦੇ ਨਾ ਊਣਾ ਹੋਵੇ, ਹਰ ਵੇਲੇ ਰਹਿੰਦਾ ਭਰਿਆ ਏ, ਸਦਾ ਰਹੂਗੀ ਯਾਦ... ਸਦਾ ਉਹਨਾਂ ਦੇ ਪਿਆਰ ਦੇ ਨਗਮੇ, ਗਾਉਂਦੀਆਂ ਰਹਿਣ ਹਵਾਵਾਂ। ਦਿਲਾਂ ਦੇ ਉੱਤੇ ਲਿਖਿਆ ਜਿਨ੍ਹਾਂ ਨੇ ਲਹੂ ਨਾਲ ਸਿਰਨਾਵਾਂ। ਉਛਲਣਾਂ ਦੱਸਿਆ ਸਾਗਰ ਤਾਂਈ, ਵਹਿਣ ਵਹਿਣਾ ਦਰਿਆਵਾਂ। ਆਲਮ ਦੇ ਵਿਚ ਅਮਰ ਹੈ ਓਹੀ, ਯਾਰ ਲਈ ਜੋ ਮਰਿਆ ਏ, ਸਦਾ ਰਹੂਗੀ ਯਾਦ…..

ਵੈਸਾਖ ਮਹੀਨਾ

ਹਰਿਆ ਭਰਿਆ ਵੈਸਾਖ ਮਹੀਨਾ ਵੰਡਦਾ ਜਾਏ ਪਿਆਰ। ਆ ਸੋਚਾਂ ਦੀ ਧਰਤੀ ਉੱਤੇ, ਛੇੜ ਕੋਈ ਦਿਲ ਦੀ ਤਾਰ। ਮੱਕਾ ਮੰਦਰ ਚਰਚ ਗੁਰਦੁਆਰਾ ਸੁੱਚੇ ਦਿਲ ਦਾ ਵਿਹੜਾ। ਦਿਲ ਨੂੰ ਢਾਹਕੇ, ਮੈਂ ਜਿਤਾ ਕੇ ਤੂੰ ਰੱਬ ਨੂੰ ਮਨਾਵੇਂ ਕਿਹੜਾ। ਇਕੋ ਰੱਬ ਹੈ, ਰਮਿਆ ਸਾਰੇ ਨਾ ਦੂਜੀ ਕੋਈ ਵਿਚਾਰ, ਹਰਿਆ ਭਰਿਆ... ਸਭ ਧਰਮਾਂ ਦਾ ਇਕ ਸੁਨੇਹਾ ਰੱਬ ਹੈ ਦਿਲ ਵਿਚ ਰਹਿੰਦਾ। ਖਿਮਾ, ਪਿਆਰ ਦੀ ਗੋਦ ਜੇ ਕੋਈ ਨਾਲ ਭਰੋਸੇ ਬਹਿੰਦਾ। ਜ਼ੱਰੇ ਜ਼ੱਰੇ ਉਹੀ ਦਿਸਦਾ, ਰਾਮ ਰਹੀਮ ਕਰਤਾਰ, ਹਰਿਆ ਭਰਿਆ... ਮੱਕਾ ਕਾਬਾ ਗੰਗਾ ਜਮਨਾ ਦਿਲ ਵਿਚ ਤੀਰਥ ਸਾਰੇ। ਆਪਣੇ ਆਪ ਨੂੰ ਖੋਜ ਵੇ ਸੱਜਣਾਂ ਫਿਰਦਾਂ ਦੁਆਰੇ ਦੁਆਰੇ। ਸਾਰਾ ਆਲਮ ਤੇਰਾ ਤੇਰਾ, ਆਪਣਾ ਆਪ ਸੰਵਾਰ, ਹਰਿਆ ਭਰਿਆ ...

ਇਕੋ ਹੀ ਖੁਦਾ

ਇਕੋ ਅੰਬਰ ਇਕੋ ਧਰਤੀ, ਇਕੋ ਹੀ ਖੁਦਾ। ਸਦਾ ਸਦਾ ਲਈ ਇਕ ਹੋ ਜਾਈਏ ਕਰੀਏ ਰਲ ਦੁਆ। ਐ ਮੇਰੇ ਪਾਕ ਖ਼ੁਦਾ ਕਬੂਲ ਕਰੀਂ ਦੁਆ ਕਬੂਲ ਕਰੀਂ ਦੁਆ। ਨਾ ਮੈਂ ਦਾਨਾ, ਨਾ ਮੈਂ ਸ਼ਾਇਰ ਨਾ ਜਾਣਾ ਕੋਈ ਅਦਾ। ਧਰਤੀ ਧੌਲਰ ਏਥੇ ਰਹਿਣੇ ਕਿਉਂ ਲੜੀਏ ਬੇਵਜ੍ਹਾ। ਹੱਕ ਸੱਚ ਇਬਾਦਤ ਏਹੋ ਕੋਈ ਕਰੀਏ ਕੰਮ ਭਲਾ। ਅੜੀਆਂ ਤੜੀਆਂ ਹਉਮੈ ਛੱਡੀਏ ਨਾ ਆਵੇ ਨੇੜ ਬਲਾ। ਮੁੜ ਕੇ ਫੇਰ ਨਾ ਝਗੜਾ ਹੋਵੇ, ਕਰੀਏ ਨੇਕ ਸੁਲ੍ਹਾ। ਅੰਦਰੋਂ ਬਾਹਰੋਂ ਇਕ ਹੋ ਜਾਈਏ, ਰਖੀਏ ਸ਼ਰਮ ਹਿਯਾ। ਛੱਡ ਚਲਾਕੀ ਨੀਵੇਂ ਹੋਈਏ ਰਖੀਏ ਖੌਫ਼ ਖ਼ੁਦਾ। ਪਿਆਰ ਮੁਹੱਬਤ ਖੈਰਾਂ ਮੰਗੀਏ, ਦਿਲ ਦੀ ਝੋਲ ਫੈਲਾਅ। ਪਿਆਰ ਦਾ ਆਲਮ ਅੰਬਰ ਵਾਂਗੂੰ ਨਾ ਕੋਈ ਸ਼ਰਤ ਸ਼ਰਾ।

ਗੀਤ

(22 ਜਨਵਰੀ 2002 ਨੂੰ ਹਰਚਰਨ ਸਿੰਘ ਰੂਪਾਲ ਉਰਫ਼ ਚੰਨੀ ਸਿੰਘ ਅਲਾਪ ਗਰੁੱਪ ਦੇ 50ਵੇਂ ਜਨਮ ਦਿਨ ਤੇ ਉਨ੍ਹਾਂ ਦੀ ਸੁਪਤਨੀ ਧੰਨ ਕੌਰ ਵਲੋਂ ਇਹ ਗੀਤ ਭੇਟ ਕੀਤਾ ਗਿਆ।) ਤੇਰੀ ਤਾਰਿਆਂ ਨਾਲ ਯਾਰੀ, ਤੇਰੇ ਨ੍ਹੇਰੇ ਨੇ ਪੁਜਾਰੀ, ਤੂੰ ਗੋਪੀਆਂ ਵਿਚ ਕਾਨ੍ਹ ਚੰਨ ਵੇ। ਤੂੰ ਰਾਤਾਂ ਦਾ ਸ਼ਿੰਗਾਰ ਸੱਚੇ ਆਸ਼ਕਾਂ ਦਾ ਪਿਆਰ, ਚਕੋਰੀਆਂ ਦੀ ਜਾਨ ਚੰਨ ਵੇ। ਪਿਆਰ ਹਵਾ ਵਿਚ ਖਿਲੇਰੇਂ ਜਾਵਾਂ ਸਦਕੇ ਮੈਂ ਤੇਰੇ, ਸਦਾ ਰਹੇਂ ਤੂੰ ਹੱਸਦਾ। ਮਿੱਠਾ ਫਲਾਂ ਵਿਚ ਪਾਵੇਂ ਨਾਲੇ ਫੁੱਲ ਮਹਿਕਾਵੇਂ, ਰੰਗਾਂ ਦਾ ਤੂੰ ਰੂਪ ਰੰਗਦਾ। ਤੂੰ ਸੁਭਾ ਵਿਚ ਬੋਲੋਂ, ਨਾਲੇ ਤਾਲਾਂ ਨੂੰ ਵੀ ਤੋਲੋਂ, ਧੁਨਾਂ ਦੀ ਤੂੰ ਸ਼ਾਨ ਚੰਨ ਵੇ। ਤੇਰੀ ਹਾਂ ਮੈਂ ਤੇਰੀ ਚਾਨਣੀ, ਮੈਂ ਗੋਰੀ, ਤੂੰ ਹੈਂ ਚੰਨ ਮੈਂ ਚਕੋਰੀ ਵੇ। ਧੰਨ ਧੰਨ ਤੂੰ ਵੇ ਚੰਨਾ, ਤੇਰੀ ਗੱਲ ਸਦਾ ਮੰਨਾਂ, ਤੂੰ ਹੈਂ ਦੁੱਧ ਮੈਂ ਕਟੋਰੀ ਵੇ। ਮੈਨੂੰ ਤੇਰੇ ਉਤੇ ਮਾਣ ਤੂੰ ਹੀ ਜ਼ਿੰਦਗੀ ਦਾ ਤਾਣ ਰੱਖੀਂ ਮੇਰੀ ਆਨ ਚੰਨ ਵੇ। ਤੇਰੀ ਤਾਰਿਆਂ ਨਾਲ ਯਾਰੀ... ਅੱਗ ਸਾਗਰਾਂ ਨੂੰ ਲਾਵੇਂ, ਸਾਰਾ ਆਲਮ ਤੈਨੂੰ, ਚਾਹਵੇ ਤੇਰੀ ਚਾਨਣੀ ਹੈ ਧੰਨ ਧੰਨ ਵੇ। ਤੂੰ ਹੀ ਈਦ, ਤੂੰ ਹੀ ਦੂਜ ਤੂੰ ਹੀ ਚੌਂਦਵੀਂ ਦਾ ਚੰਨ ਤੂੰ ਹੀ ਪੁੰਨਿਆ ਦਾ ਚੰਨ ਚੰਨ ਵੇ। ਤੈਨੂੰ ਗਾਉਂਦੀਆਂ ਬਹਾਰਾਂ ਸਾਰੀ ਧਰਤੀ ਵੀ ਗਾਵੇ, ਗਾਵੇ ਅਸਮਾਨ ਚੰਨ ਵੇ।

ਸਰਹੰਦ ਦੀ ਮਿੱਟੀ

ਅੰਬਰ ਦੇ ਤਾਰੇ ਬਣ ਗਏ ਜੋ ਤੂੰ ਮਿੱਟੀ ਵਿਚ ਮਿਲਾਏ। ਸਰਹੰਦ ਦੀ ਮਿੱਟੀ ਅੰਮ੍ਰਿਤ ਹੋ ਗਈ ਹਰ ਕੋਈ ਸੀਸ ਝੁਕਾਏ। ਨਿੱਕੀਆਂ ਜਿੰਦਾਂ ਵੱਡੇ ਸਾਕੇ, ਕਰ ਅਨੋਖੇ ਕੰਮ ਗਈਆਂ। ਨਾਲ ਅਣਖ ਦੇ ਨਾਲ ਸਿਦਕ ਦੇ ਜ਼ਾਲਮ ਦਾ ਮੂੰਹ ਭੰਨ ਗਈਆਂ। ਹੱਸ ਕੇ ਪੀ ਗਏ ਜਾਮ ਸ਼ਹੀਦੀ ਰੱਤਾ ਨਾ ਘਬਰਾਏ, ਸਰਹੰਦ ਦੀ ਮਿੱਟੀ ਅੰਮ੍ਰਿਤ... ਲੱਖਾਂ ਲਾਲਚ ਡਰ ਭੈ ਦਿੱਤੇ ਉਹ ਨਾ ਰੱਤਾ ਡੋਲੇ। ਅੰਦਰੋਂ ਬਾਹਰੋਂ ਨਾਮ ’ਚ ਰੰਗੇ ਉਹਨਾਂ ਪਾਏ ਸ਼ਹੀਦੀ ਚੋਲੇ। ਰੋਮ ਰੋਮ ਉਨ੍ਹਾਂ ਦਾ, ਹਰ ਵੇਲੇ ਗੀਤ ਗੁਰੂ ਦੇ ਗਾਏ। ਸਰਹੰਦ ਦੀ ਮਿੱਟੀ ਅੰਮ੍ਰਿਤ……. ਸਿੱਖੀ ਦੇ ਉਹ ਸੁੱਚੇ ਹੀਰੇ ਅਮਰ ਸਦਾ ਲਈ ਹੋ ਗਏ। ਕੁਰਬਾਨੀ ਸਿਦਕ ਤੇ ਸੱਚ ਧਰਮ ਦੇ ਬੀਜ ਦਿਲਾਂ ਵਿਚ ਬੋ ਗਏ। ਉਹੀ ਆਲਮ ਸੰਤ ਸਿਪਾਹੀ ਜਿਨ੍ਹਾਂ ਗੁਰੂ ਦੇ ਬਚਨ ਕਮਾਏ। ਸਰਹੰਦ ਦੀ ਮਿੱਟੀ ਅੰਮ੍ਰਿਤ...

ਮੌਤ ਵੀ ਤੂੰ ਦੇਵੀਂ

ਤੂੰ ਜਿੰਦ ਮੈਨੂੰ ਦਿੱਤੀ ਸੁਹਣੀ ਤੇ ਨੂਰਾਨੀ, ਮੌਤ ਵੀ ਤੂੰ ਦੇਵੀਂ ਜੋ ਹੋਵੇ ਲਾਸਾਨੀ। ਇਹ ਜਿੰਦੜੀ ਨਿਮਾਣੀ ਲਗ ਜਾਵੇ ਲੇਖੇ, ਮੈਂ ਹੱਸ ਹੱਸ ਮਰਾਂ ਜੱਗ ਰੋ ਰੋ (ਕੇ) ਦੇਖੇ। ਮੈਂ ਔਗਣਾਂ ਦਾ ਭਾਰੀ ਨਾ ਕਰੀਂ ਮੇਰੇ ਲੇਖੇ, ਮੈਂ ਵਿਚੇ ਵਿਚ ਪੀਵਾਂ ਹੰਝੂਆਂ ਦਾ ਪਾਣੀ, ਤੂੰ ਜਿੰਦ ਮੈਨੂੰ ਦਿੱਤੀ ਸੁਹਣੀ ਤੇ ਨੂਰਾਨੀ, ਮੌਤ ਵੀ ਤੂੰ ਦੇਵੀਂ ਜੋ ਹੋਵੇ ਲਾਸਾਨੀ। ਮੇਰੇ ਲਈ ਹੋਵੇ ਮੌਤ ਇਉਂ ਸ਼ਿੰਗਾਰੀ, ਸਜੀ ਧਜੀ ਹੋਵੇ ਕਾਮਨੀ ਜਿਉਂ ਨਾਰੀ। ਲਵੇ ਮੇਰੇ ਨਾਲ ਫੇਰੇ ਕਾਮਨੀ ਕੁਮਾਰੀ। ਮੈਂ ਓਹਦੇ ਲਈ ਹੋਵਾਂ ਉਹੋ ਮੇਰੀ ਦੀਵਾਨੀ, ਤੂੰ ਜਿੰਦ ਮੈਨੂੰ ਦਿੱਤੀ ਸੁਹਣੀ ਤੇ ਨੂਰਾਨੀ, ਮੌਤ ਵੀ ਤੂੰ ਦੇਵੀਂ ਜੋ ਹੋਵੇ ਲਾਸਾਨੀ। ਤੂੰ ਉਹੀ ਮੈਨੂੰ ਦਿੱਤਾ ਜੋ ਵੀ ਮੈਂ ਚਾਹਿਆ, ਦੁੱਖ ਸੁੱਖ ਵੇਲੇ ਗਲ ਨਾਲ ਲਾਇਆ। ਬੇਅੰਤ ਤੇਰੀ ਲੀਲਾ ਬੇਅੰਤ ਤੇਰੀ ਮਾਇਆ, ਹੈ ਇਕੋ ਮੰਗ ਮੇਰੀ, ਮੇਰੀ ਰਹੇ ਨਾ ਨਿਸ਼ਾਨੀ, ਤੂੰ ਜਿੰਦ ਮੈਨੂੰ ਦਿੱਤੀ ਸੁਹਣੀ ਤੇ ਨੂਰਾਨੀ, ਮੌਤ ਵੀ ਤੂੰ ਦੇਵੀਂ ਜੋ ਹੋਵੇ ਲਾਸਾਨੀ। ਮੌਤ ਐਸੀ ਹੋਵੇ, ਹਵਾ ਮਹਿਕ ਜਾਵੇ, ਅੰਬਰ ਖੁਸ਼ ਹੋ ਕੇ ਇਤਰ ਬਰਸਾਵੇ। ਅਗੇ ਤੇਰੀ ਮਰਜ਼ੀ ਜੋ ਵੀ ਤੈਨੂੰ ਭਾਵੇਂ, ਮੈਂ ਹਾਂ ਬੰਦਾ ਹਾਂ ਤੇਰਾ ਆਲਮ ਨਾਦਾਨੀ, ਤੂੰ ਜਿੰਦ ਮੈਨੂੰ ਦਿੱਤੀ ਸੁਹਣੀ ਤੇ ਨੂਰਾਨੀ, ਮੌਤ ਵੀ ਤੂੰ ਦੇਵੀਂ ਜੋ ਹੋਵੇ ਲਾਸਾਨੀ।

ਨਾਨਕਸਰ ਦੀ ਧਰਤੀ

ਧੰਨ ਧੰਨ ਬਾਬਾ ਨੰਦ ਸਿੰਘ ਜੀ ਕੀਤੀ ਏਥੇ ਭਗਤੀ। ਜਪ ਤਪ ਸੰਜਮ ਕਰਮਾਂ ਵਾਲੀ ਨਾਨਕਸਰ ਦੀ ਧਰਤੀ। ਸ਼ੇਰਪੁਰੇ ਅਵਤਾਰ ਧਾਰਿਆ ਬਚਪਨ ਤੋਂ ਵੈਰਾਗੀ। ਘਰ ਬਾਰ ਤੇ ਰਿਸ਼ਤੇ ਨਾਤੇ ਛੱਡ ਕੇ ਹੋ ਗਏ ਤਿਆਗੀ। ਦਿਨ ਵੇਲੇ ਉਹ ਇੱਟਾਂ ਚਿਣਦੇ ਰਾਤ ਨੂੰ ਫੇਰਨ ਮਾਲਾ। ਖੁਦ ਨੂੰ ਉਹ ਤ੍ਰਖਾਣ ਅਖਾਉਂਦੇ ਕੀਲੇ ਘੜਨ ਵਾਲਾ। ਬਾਬੇ ਦੇ ਵੈਰਾਗੀ ਹੱਥਾਂ ਤਪ ਦਾ ਤੇਸਾ ਫੜਿਆ। ਮਨ ਲਕੜੀ ਦਾ ਨਾਲ ਹੱਠ ਦੇ ਨਾਮ ਦਾ ਕੀਲਾ ਘੜਿਆ। ਨਿਤਨੇਮ ਦੀਆਂ ਇੱਟਾਂ ਲਾ ਕੇ ਲਾਇਆ ਪ੍ਰੇਮ ਦਾ ਗਾਰਾ। ਸੱਚ ਤਿਆਗ ਦੀ ਨੀਂਹ ਬਣਾਈ ਜਤ ਦਾ ਮਹਿਲ ਪਿਆਰਾ। ਗੁਰੂ ਨਾਨਕ ਦਾ ਮੱਤ ਚਲਾਇਆ ਕੀਤਾ ਅਜਬ ਨਜ਼ਾਰਾ। ਬਹਿੰਗਮੀ ਠਾਠ ਬਣਾਇਆ ਕੀਤਾ ਕੰਮ ਨਿਆਰਾ। ਨਾ ਕੋਈ ਪੈਸੇ ਦਾ ਮੱਥਾ ਟੇਕੇ ਹੈ ਮਾਇਆ ਏਥੇ ਦਾਸੀ। ਪੱਕਿਆ ਪਕਾਇਆ ਲੰਗਰ ਆਵੇ ਮੁੱਕੇ ਨਾ ਦਿਨ ਰਾਤੀ। ਵੱਡੀ ਕਮਾਈ ਤੇਰੀ ਬਾਬਾ ਤੇਰੀ ਹੈ ਉੱਚੀ ਹਸਤੀ। ਧੰਨ ਧੰਨ ਬਾਬਾ ਨੰਦ ਸਿੰਘ ਜੀ ਕੀਤੀ ਏਥੇ ਭਗਤੀ। ਹਜ਼ੂਰ ਸਾਹਿਬ ਜੀ ਸੇਵਾ ਕੀਤੀ ਬਣਕੇ ਦਾਸ ਨਿਮਾਣਾ। ਬਾਬੇ ਅੰਦਰ ਲਗਨ ਸੀ ਇੱਕੋ ਰੱਬ ਦਾ ਦਰਸ਼ਨ ਪਾਣਾ। ਲਹਿਰੇ ਖਾਨੇ ਗੁਰੂ ਦੇ ਕੋਲੋਂ ਵਿਦਿਆ ਹਾਸਿਲ ਕੀਤੀ। ਗੁਰੂ ਮੰਤਰ ਦੇ ਵੇਦਾਂ ਵਿਚੋਂ ਨਾਮ ਖੁਮਾਰੀ ਪੀਤੀ। ਪੜ੍ਹਦੇ ਪੜ੍ਹਦੇ ਇੱਕ ਦਿਨ ਉਨ੍ਹਾਂ ਸਵਾਲ ਗੁਰੂ ਨੂੰ ਕੀਤਾ। ਬ੍ਰਹਮ ਗਿਆਨੀ ਆਪ ਪਰਮੇਸ਼ਰ ਹੈ ਕੋਈ ਪਤਿਤ ਪੁਨੀਤਾ। ਬਾਬਾ ਜੀ ਨੇ ਗੁਰੂ ਜੀ ਕੋਲੇ ਇੰਜ ਗੁਜ਼ਾਰਿਸ਼ ਕੀਤੀ। ਗੁਰੂ ਨਾਨਕ ਨੂੰ ਮਿਲਣ ਦੀ ਦੱਸੋ ਕੋਈ ਸੱਚੀ ਨੀਤੀ। ਬ੍ਰਹਮ ਗਿਆਨ ਆਪ ਪਰਮੇਸ਼ਰ ਕੋਈ ਹੈ ਤਾਂ ਮੈਨੂੰ ਮਿਲਾਵੋ। ਮੈਂ ਬਿਰਹਾ ਦਾ ਜੰਗਲ ਸੁਆਮੀ ਵਸਲ ਦਾ ਦੀਪ ਜਗਾਵੋ। ਐਸਾ ਕੋਈ ਸਤਿਗੁਰ ਦਸੋ ਮੈਨੂੰ ਮਿਲ ਜਾਏ ਰੱਬੀ ਮਸਤੀ। ਧੰਨ ਧੰਨ ਬਾਬਾ ਨੰਦ ਸਿੰਘ ਜੀ ਕੀਤੀ ਏਥੇ ਭਗਤੀ।

ਧਰਤੀਆਂ

ਧਰਤੀ, ਅੰਬਰ, ਸਾਗਰ, ਸੂਰਜ, ਬੱਦਲ ਤੇ ਚੰਨ ਤਾਰੇ। ਮਾਂ ਦੇ ਸੱਚੇ ਪਿਆਰ ਦੇ ਸਾਹਵੇਂ ਨਿੱਕੇ ਜਾਪਣ ਸਾਰੇ। ਰੱਬੀ ਨੂਰ ਕਹਾਂ ਜਾਂ ਰੱਬ ਦੀ ਤੈਨੂੰ ਮਾਂ ਕਹਾਂ। ਪਉਣ, ਪਾਣੀ, ਕੁਦਰਤ ਕਹਾਂ, ਜਾਂ ਮੈਂ ਤੈਨੂੰ ਸਮਾਂ ਕਹਾਂ। ਦਿਨ ਰਾਤ ਗ੍ਰਹਿ ਮੰਡਲ ਸਾਰੇ ਝੁਕਦੇ ਤੇਰੇ ਦੁਆਰੇ, ਧਰਤੀ, ਅੰਬਰ……. ਤੈਨੂੰ ਕੀ ਦੇ ਸਕਦੇ ਹਾਂ ਤੇਰੇ ਦਰ ਤੇ ਅਸੀਂ ਭਿਖਾਰੀ। ਸਦਾ ਤੇਰੇ ਪ੍ਰੇਮ ਦੇ ਪਿਆਸੇ, ਸਦਾ ਤੇਰੇ ਆਭਾਰੀ। ਸਾਡਾ ਮਾਂਝੀ ਸਾਡਾ ਚਪੂ ਸਾਡੀ ਬੇੜੀ ਤੇਰੇ ਸਹਾਰੇ, ਧਰਤੀ, ਅੰਬਰ.......... ਤਿਆਗੀ, ਵੈਰਾਗੀ, ਰਿਸ਼ੀ, ਯੋਗੀ ਸਭ ਕਰਦੇ ਤੇਰੀ ਭਗਤੀ। ਦੇਵ, ਦਾਨਵ, ਸੰਤ, ਸੂਫੀ, ਮੰਗਦੇ ਤੈਥੋਂ ਸ਼ਕਤੀ। ਇਲਮ ਆਲਿਮ, ਆਲਮ ਸਾਰੇ ਤਨ ਮਨ ਤੈਥੋਂ ਵਾਰੇ, ਧਰਤੀ, ਅੰਬਰ...

ਊਧਮ ਸਿੰਘ ਸ਼ਹੀਦ

ਸਾਰੇ ਜੱਗ ਤੇ ਨਾਮ ਹੈ ਉਹਦਾ ਊਧਮ ਸਿੰਘ ਸਰਦਾਰ। ਰੋਮ ਰੋਮ ਸੀ ਉਹਦੇ ਬਲਦਾ ਸੱਚਾ ਦੇਸ਼ ਪਿਆਰ। ਜਲਿ੍ਹਆਂਵਾਲੇ ਬਾਗ ਦੇ ਅੰਦਰ ਜ਼ਾਲਮ ਅਤਿ ਮਚਾਈ। ਲੋਕੀ ਮਾਰੇ ਗਏ ਨਿਹੱਥੇ ਅਡਵਾਇਰ ਗੋਲੀ ਚਲਵਾਈ। ਗੋਰੇ ਤੋਂ ਲੈਣ ਲਈ ਬਦਲਾ, ਊਧਮ ਦਿਲ ਵਿਚ ਧਾਈ। ਗੁਰੂ ਤੋਂ ਮੁਕਤੀ ਮੰਗੀ ਜਾ ਕੇ ਰਾਮਦਾਸ ਦਰਬਾਰ, ਸਾਰੇ ਜੱਗ ਤੇ......... ਊਧਮ ਸਿੰਘ ਨੇ ਬਦਲਾ ਲੈਣ ਲਈ ਕਰ ਕਮਾਲ ਦਿਖਾਇਆ। ਡਾਇਰ ਸੀ ਉਦੋਂ ਭਾਸ਼ਨ ਕਰਦਾ ਖੁਸ਼ੀ ਵਿਚ ਸਮਾਇਆ। ਅਠਾਰਾਂ ਸਾਲਾਂ ਮਗਰੋਂ ਡਾਇਰ ਗੋਲੀਆਂ ਨਾਲ ਉਡਾਇਆ। ਵਿਚ ਅਸੰਬਲੀ ਹਫੜਾ ਦਫੜੀ, ਮੱਚ ਗਈ ਹਾਹਾਕਾਰ, ਸਾਰੇ ਜੱਗ ਤੇ... ਊਧਮ ਸਿੰਘ ਪੁਕਾਰੇ ਖੜ੍ਹਾ ਫੜ ਲਉ ਮੈਨੂੰ ਆ ਕੇ। ਅਣਖ ਲਈ ਜੀਣਾ ਮਰਨਾ ਗੁਰੂ ਜੀ ਗਏ ਸਿਖਾ ਕੇ। ਰੱਬ ਅੱਗੇ ਹੀ ਮਨ ਝੁਕਾਉਣਾ ਜੀਣਾ ਸਿਰ ਉਠਾ ਕੇ। ਜ਼ਾਲਿਮ ਲਈ ਤਲਵਾਰ ਅਸੀਂ ਹਾਂ ਆਲਮ ਦੇ ਲਈ ਪਿਆਰ, ਸਾਰੇ ਜੱਗ ਤੇ... ਰਾਮ ਮੁਹੰਮਦ ਸਿੰਘ ਉਹ ਬਣਿਆ ਸਾਰੇ ਭੇਦ ਮਿਟਾਕੇ। ਵੀਹ ਸਾਲ ਉਹਨੇ ਕਰੀ ਤਪੱਸਿਆ ਆਪਣਾ ਆਪ ਮਚਾਕੇ। ਦੁਸ਼ਮਣ ਨੂੰ ਉਹਨੇ ਮਾਰ ਮੁਕਾਇਆ ਆਪਣਾ ਆਪ ਮੁਕਾਕੇ। ਅੰਦਰੇ ਅੰਦਰ ਬਲਦਾ ਰਿਹਾ ਉਹ ਇਕੋ ਗੱਲ ਨੂੰ ਦਿਲ ਵਿਚ ਧਾਰ, ਸਾਰੇ ਜੱਗ ਤੇ ....

ਗ਼ਜ਼ਲ

ਰੋਕੋ ਕੋਈ ਵੱਧ ਰਹੀ ਜਲਨ ਨੂੰ, ਫੂਕ ਦੇਵੇਗੀ ਸਾਰੇ ਚਮਨ ਨੂੰ। ਲਹੂ ਪਿਆਸੇ ਹਥਿਆਰਾਂ ਵਿਚ ਲਿਪਟੇ, ਕੀ ਕਰਨਾ ਹੈ ਐਸੇ ਅਮਨ ਨੂੰ। ਲਾਸ਼ਾਂ ਵਿਛਾ ਕੇ ਹੱਦਾਂ ਬਣਾ ਕੇ, ਕੇਹਾ ਪਿਆਰ ਕਰਦੇ ਹੋ ਵਤਨ ਨੂੰ। ਦਿਲ ਦੀ ਭਾਸ਼ਾ ਸਿਖਾਉ ਏਹਨੂੰ, ਸਕੂਨ ਮਿਲ ਜਾਏਗਾ ਜਿਹਨ ਨੂੰ। ਬੜੇ ਬੇ ਸਬਰੇ ਬੜੇ ਬੇ ਸ਼ੁਕਰੇ, ਚੰਗੇ ਬੜੇ ਹਾਂ ਉਂਜ ਤਾਂ ਕਹਿਣ ਨੂੰ। ਆਪਣੇ ਆਪ ਤੋਂ ਬਚੇਂਗਾ ਕਿਵੇਂ, ਕਰ ਜਿੰਨੇ ਮਰਜ਼ੀ ਹੀਲੇ ਬਚਣ ਨੂੰ। ਫੇਰ ਮੁਰਲੀ ਬਜਾਏਂ ਰਾਧਾ ਲਈ, ਆਖੇਂ ਸ਼ਾਮ ਜਿਹੀ ਪਵਨ ਨੂੰ। ਧਰਤੀ ਦੀ ਕੁੱਖ ਤੇ ਦੁੱਖ ਨੂੰ ਮਿਟਾਉ, ਕਿਉਂ ਉਡੇ ਜਾ ਰਹੇ ਹੋ ਗਗਨ ਨੂੰ। ਮਿਟ ਗਏ ਮਰ ਗਏ ਮੁੱਕ ਗਏ ਉਹਨਾਂ ਕੀ ਕਰਨਾ ਏ ਕਫ਼ਨ ਨੂੰ। ਸਾਰਾ ਆਲਮ ਹੈ ਸੱਚੀ ਸਰਾਂ, ਤੱਤਪਰ ਰਹਿ ਤੂੰ ਯਾਰਾ ਤੁਰਨ ਨੂੰ।

ਪਿਆਰ ਹੀ ਈਮਾਨ

ਪਿਆਰ ਹੀ ਭਗਤੀ ਪਿਆਰ ਹੀ ਪੂਜਾ, ਪਿਆਰ ਹੀ ਦੀਨ ਈਮਾਨ। ਇਕੋ ਰੰਗ ਹੈ ਸਾਡੇ ਲਹੂ ਦਾ, ਇਕੋ ਜਿੰਦ ਤੇ ਜਾਨ। ਇਕ ਨੂਰ ਤੋਂ ਸਭ ਜੱਗ ਉਪਜਿਆ ਵੱਖੋ ਵੱਖ ਪਹਿਚਾਣ। ਵੱਖੋ ਵੱਖਰੇ ਨਾਮ ਨੇ ਉਸਦੇ, ਇਕੋ ਹੈ ਭਗਵਾਨ। ਜਾਤਾਂ ਪਾਤਾਂ ਨਸਲਾਂ ਛੱਡਕੇ ਬਣ ਜਾਈਏ ਇਨਸਾਨ, ਪਿਆਰ ਹੀ ਭਗਤੀ... ਸੱਚੇ ਨਾਮ ਦੀ ਬੇੜੀ ਚੜ੍ਹ ਕੇ ਭਵ ਸਾਗਰ ਨੂੰ ਤਰੀਏ। ਪਲ ਦੋ ਪਲ ਦੀ ਜਿੰਦ ਨਿਮਾਣੀ ਆਕੜ ਕਾਹਦੀ ਕਰੀਏ। ਆਖਿਰ ਮਿੱਟੀ, ਮਿੱਟੀ ਹੋਣਾ, ਕਬਰੀਂ ਜਾਂ ਸ਼ਮਸ਼ਾਨ, ਪਿਆਰ ਹੀ ਭਗਤੀ.. ਸਰਹੱਦਾਂ ਅਤੇ ਧਰਮਾਂ ਦੀ ਝੂਠੀ ਜੰਗ ਮੁਕਾਈਏ। ਕਰਕੇ ਨੀਅਤ ਸਾਫ਼ ਆਪਣੀ ਘਰ ਬੈਠੇ ਜੋਗ ਕਮਾਈਏ। ਆਲਮ ਦੇ ਵਿਚ ਜੇ ਸੁੱਖ ਪਾਉਣਾ ਛੱਡੀਏ ਫੋਕੀ ਸ਼ਾਨ, ਪਿਆਰ ਹੀ ਭਗਤੀ...

ਨਵਾਂ ਸਾਲ

ਇਉਂ ਨਵਾਂ ਸਾਲ ਮਨਾਉ ਭਾਈ। ਆਪਣੀ ਮੈਂ ਮੁਕਾਉ ਭਾਈ। ਧੁਰ ਕੀ ਬਾਣੀ ਗਾਉ ਭਾਈ। ਪ੍ਰੇਮ, ਸ਼ਿੰਗਾਰ ਬਣਾਉ ਭਾਈ। ਗੁਰੂ ਦੇ ਬਚਨ ਕਮਾਉ ਭਾਈ। ਏਵੇਂ ਪੁਰਬ ਮਨਾਉ ਭਾਈ। ਚਰਨ ਧੂੜ ਹੋ ਜਾਉ ਭਾਈ। ਮਨਮੰਦਰ ਵਿਚ ਆਉ ਭਾਈ। ਮਨ ਦੀ ਜੋਤ ਜਗਾਉਂ ਭਾਈ। ਮਨ ਆਪਣਾ ਸਮਝਾਉ ਭਾਈ। ਦੁਖ ਸੁਖ ਪਹਿਨੋ ਖਾਉ ਭਾਈ। ਦ੍ਰਿਸ਼ਟੀ ਸਮ ਬਣਾਉ ਭਾਈ। ਮਨ ਦੇ ਖੇਤ ਨੂੰ ਵਾਹੋ ਭਾਈ। ਜਤ ਸਤ ਖੇਤ ਉਗਾਉ ਭਾਈ। ਸਬਰ ਦਾ ਪਾਣੀ ਲਾਉ ਭਾਈ। ਧਿਆਨ ਵਾੜ ਬਣਾਉ ਭਾਈ। ਨਾ ਆਲਮ ਨੂੰ ਸਮਝਾਉ ਭਾਈ। ਗੁਰੂ ਨਾਨਕ ਦੇ ਹੋ ਜਾਉ ਭਾਈ।

ਕਾਲੂ ਜੀ ਫਿਕਰ ਵਿਚ

ਨਾ ਪੜ੍ਹਦਾ ਨਾ ਕੰਮ ਕਰਦਾ ਜੀ। ਨਾ ਫਿਕਰ ਏਹਨੂੰ ਕੋਈ ਘਰ ਦਾ ਜੀ। ਇਕੋ ਇਕ ਪੁੱਤਰ ਲਗੇ ਨਾ ਕਹਿਣੇ ਜੀ। ਸੁਣ ਸੁਣ ਲੋਕਾਂ ਦੇ ਤਾਹਨੇ ਮੇਹਣੇ ਜੀ। ਕਾਲੂ ਜੀ ਏਹ ਗੱਲ ਵਿਚਾਰੀ ਸੀ। ਉਹਨਾਂ ਦੇ ਮਨ ਦਾ ਚਾਉ ਏਹ ਭਾਰੀ ਸੀ। ਉਹ ਇਲਾਕੇ ਦੇ ਪਟਵਾਰੀ ਸੀ। ਲੇਖੇ ਜੋਖੇ ਵਿਚ ਬੜੇ ਮਹਾਰੀ ਸੀ। ਜੇ ਨਾਨਕ ਬਣ ਜਾਵੇ ਇਕ ਵਪਾਰੀ। ਤਾਂ ਪੈਸਾ ਕਮਾਵੇਗਾ ਭਾਰੀ। ਨਹੀਂ ਤਾਂ ਜੀਵਨ ਬਣੇਗਾ ਭਾਰਾ ਜੀ। ਬਿਨਾਂ ਕੰਮ ਤੋਂ ਕੀ ਗੁਜ਼ਾਰਾ ਜੀ। ਕਿਵੇਂ ਜੀਵਨ ਬੀਤੂ ਸਾਰਾ ਜੀ। ਹੋਵੇ ਵਿਹਲਾ ਮਨ ਖੁਆਰਾ ਜੀ। ਪਰ ਨਾਨਕ ਬਾਲਕ ਸੀ ਨਿਆਰਾ ਜੀ। ਸ਼ਕਤੀ ਦਾ ਉਹ ਭੰਡਾਰਾ ਜੀ। ਧੰਨ ਗੁਰੂ ਨਾਨਕ ਪਿਆਰਾ ਜੀ।

ਨੇਤਾ ਜੀ

ਨੇਤਾ ਜੀ ਸਭ ਨੂੰ ਪਿਆਰ ਕਰਦੇ ਨੇ। ਨੇਤਾ ਜੀ ਬੜਾ ਪਰਉਪਕਾਰ ਕਰਦੇ ਨੇ। ਚੋਰਾਂ ਚਕਾਰਾਂ ਲਈ, ਮੋਹਣੀਆਂ ਨਾਰਾਂ ਲਈ। ਚਕਲਿਆਂ ਦੇ ਠੇਕੇਦਾਰਾਂ ਤੇ ਸਰਦਾਰਾਂ ਲਈ। ਜੇਬ ਕਤਰਿਆਂ ਅਫ਼ਸਰਾਂ ਖਚਰਿਆਂ ਲਈ। ਅਵਾਰਾ ਗੁੰਡਿਆਂ ਅਤੇ ਫੁਕਰਿਆਂ ਲਈ। ਖੁਲ੍ਹਾ ਡੁਲ੍ਹਾ ਮਾਇਆ ਦਾ ਵਰਤਾਰ ਕਰਦੇ ਨੇ, ਨੇਤਾ ਜੀ ਸਭ ਨੂੰ... ਖੁਸ਼ ਕਰਦੇ ਨੇ ਸਭ ਭਗਵਾਨਾਂ ਨੂੰ। ਇਕ ਸਮਝਦੇ ਨੇ ਸਭ ਇਨਸਾਨਾਂ ਨੂੰ। ਕੁਰਸੀ ਲਈ ਦੰਗੇ ਵੀ ਕਰਵਾ ਦਿੰਦੇ ਨੇ। ਜਿਸ ਨੂੰ ਜੀ ਚਾਹੇ, ਉਹਨੂੰ ਮਰਵਾ ਦਿੰਦੇ ਨੇ। ਬੜੇ ਨਿਰਪੱਖ ਨੇ ਧਰਮ ਨਿਰਪੱਖਤਾ ਲਈ। ਕੁਝ ਵੀ ਕਰ ਸਕਦੇ ਨੇ ਕੁਰਸੀ ਦੀ ਏਕਤਾ ਲਈ। ਮਾਰ ਧਾੜ ਕਰਕੇ, ਸਮਾਜ ਦਾ ਉਧਾਰ ਕਰਦੇ ਨੇ, ਨੇਤਾ ਜੀ ਸਭ ਨੂੰ... ਵੋਟਾਂ ਲੈਣ ਜਾਂਦੇ ਨੇ ਸੌਹਾਂ ਵੀ ਖਾਂਦੇ ਨੇ। ਸ਼ਰਾਬ, ਅਫ਼ੀਮ ਡੋਡੇ ਪੈਸਾ ਲੁਟਾਂਦੇ ਨੇ। ਧਾਰਮਕ ਚੋਣਾਂ ਲਈ ਏਹੋ ਪਰਸ਼ਾਦ ਵਰਤਾਂਦੇ ਨੇ। ਨਵੇਂ ਯੁੱਗ ਦੇ ਲੋਕ ਅੱਗੇ ਨੂੰ ਵਧਦੇ ਜਾਂਦੇ ਨੇ। ਬੁੱਧੀਜੀਵੀ ਆਲਮ ਬੇਚੈਨ ਤੇ ਖੁਆਰ ਨੇ। ਬੀਜਣੇ ਸੀ ਫੁੱਲ ਏਹਨਾਂ ਬੀਜ ਰਹੇ ਖਾਰ ਨੇ। ਲੋਭੀ ਤੇ ਲੂੰਬੜ ਸਭ ਪਸਾਰ ਕਰਦੇ ਨੇ। ਨੇਤਾ ਜੀ ਸਭ ਨੂੰ...

ਦੁਨੀਆਂ ਮਤਲਬ ਦੀ

ਦੁਨੀਆਂ ਮਤਲਬ ਦੀ ਕੋਈ ਨਾ ਕਿਸੇ ਦਾ ਯਾਰ ਵੇ। ਸਮੇਂ ਦੇ ਸਾਜ਼ ਤੇ ਬੋਲੇ ਸੱਚ ਦੀ ਤਾਰ ਵੇ। ਜੇਬ ਤੇਰੀ ਜੇ ਪੌਂਡ ਜਾਂ ਡਾਲਰ ਸਭ ਨੇੜੇ ਹੋ ਹੋ ਬਹਿੰਦੇ। ਕਰਦੇ ਤੇਰੀ ਚਾਪਲੂਸੀ, ਜੀ ਜੀ ਤੈਨੂੰ ਕਹਿੰਦੇ। ਮੀਆਂ ਬੀਵੀ ਸਭ ਧੀਆਂ ਪੁੱਤਰ ਪੈਸੇ ਦਾ ਸੰਸਾਰ ਵੇ... ਧਰਮ ਵਿਖਾਵਾ ਕਰਦੇ ਨੇ ਜੋ ਡਾਕੂ ਚੋਰ ਲੁਟੇਰੇ ਨੀਵੇਂ ਹੋ ਕੇ ਮਿੱਠੇ ਹੋ ਕੇ ਪੈਰ ਚੁੰਮਣ ਜੋ ਤੇਰੇ। ਏਹ ਪਾਖੰਡੀ ਲੋਕਾਂ ’ਤੇ ਨਾ ਕਰੀਂ ਤੂੰ ਇਤਬਾਰ ਵੇ। ਦੁਨੀਆਂ ਮਤਲਬ ਦੀ ਕੋਈ ਨਾ ਕਿਸੇ ਦਾ ਯਾਰ ਵੇ... ਲੋਭ ਕਾਮ ਦੀਆਂ ਚੌਕੀਆਂ ਦੋਵੇਂ ਘੁੰਮਦੀਆਂ ਜ਼ੋਰੋ ਜ਼ੋਰ। ਚੋਰ ਉਚੱਕੇ ਚੌਧਰੀ ਗੁੰਡੀਆਂ ਰੰਨਾਂ ਆਦਮ ਖੋਰ। ਕੋਈ ਗੁਰਮੁਖ ‘ਆਲਮ' ਯਾਦ ਕਰੇ ਸੱਚਾ ਉਹ ਕਰਤਾਰ ਵੇ। ਦੁਨੀਆਂ ਮਤਲਬ ਦੀ, ਕੋਈ ਨਾ ਕਿਸੇ ਦਾ ਯਾਰ ਵੇ...

ਸ਼ਹੀਦੀ ਮੇਲੇ

ਉਹਨਾਂ ਦੇ ਲਗਣ ਸ਼ਹੀਦੀ ਮੇਲੇ ਜੋ ਵਾਰ ਗਏ ਨੇ ਜਾਨਾਂ ਨੂੰ। ਹੱਕ ਸੱਚ ਦਾ ਬੀਜ, ਬੀਜ ਗਏ, ਪ੍ਰਣਾਮ ਉਹਨਾਂ ਜਵਾਨਾਂ ਨੂੰ। ਜ਼ਾਲਮ ਦੀ ਛਾਤੀ ਦੇ ਉੱਤੇ, ਅਣਖ ਦੀ ਫ਼ਸਲ ਉਗਾ ਗਏ। ਦੇਸ਼ ਧਰਮ ਲਈ ਕੀਤੇ ਵਾਅਦੇ, ਆਖਿਰ ਤੱਕ ਨਿਭਾ ਗਏ। ਹੱਸਦੇ ਹੱਸਦੇ ਤਨ ਮਨ ਆਪਣਾ ਦੇਸ਼ ਦੇ ਲੇਖੇ ਲਾ ਗਏ। ਆਉ ਰਲਕੇ ਸੀਸ ਝੁਕਾਈਏ, ਜ਼ਿੰਦਾ ਦਿਲ ਇਨਸਾਨਾਂ ਨੂੰ, ਉਹਨਾਂ ਦੇ ਲਗਣ ਸ਼ਹੀਦੀ ਮੇਲੇ... ਕਬਰਾਂ ਵਰਗੇ ਦਿਲਾਂ ਉਤੇ ਇਸ਼ਕ ਦਾ ਦੀਵਾ ਧਰ ਗਏ। ਅਮਲ ਤੇ ਸੱਚ ਦਾ ਲਾ ਕੇ ਲਾਂਬੂ ਜ਼ਮੀਰਾਂ ਰੌਸ਼ਨ ਕਰ ਗਏ। ਮੌਤ ਮਸ਼ੂਕਾ ਮਾਂਗ ਦੇ ਅੰਦਰ ਰੰਗ ਸੰਧੂਰੀ ਭਰ ਗਏ। ਪ੍ਰੇਮ ਦੇ ਸਾਗਰ ਲਾ ਗਏ ਚੁੱਭੀ, ਕਰ ਗਏ ਪਾਰ ਅਸਮਾਨਾਂ ਨੂੰ। ਉਹਨਾਂ ਦੇ ਲਗਣ ਸ਼ਹੀਦੀ ਮੇਲੇ... ਸਾਰੇ ਜੱਗ ਵਿਚ ਸਭ ਲੋਕਾਂ ਨੂੰ, ਯਾਦ ਸਦਾ ਹੀ ਆਉਣੇ। ਸਭ ਥਾਵਾਂ ਤੇ ਕਦਰਦਾਨਾਂ, ਗੀਤ ਉਹਨਾਂ ਦੇ ਗਾਉਣੇ। ਆਉ ਜਿਨ੍ਹਾਂ ਨੇ ਦਿਲ ਆਪਣੇ ਨੂੰ ਸੂਹੇ ਰੰਗ ਚੜ੍ਹਾਉਣੇ। ‘ਆਲਮ ਦੇ ਵਿਚ ਹੋਣਗੇ ਸਜਦੇ, ਉਹਨਾਂ ਦੇ ਅਰਮਾਨਾਂ ਨੂੰ, ਉਹਨਾਂ ਦੇ ਲਗਣ ਸ਼ਹੀਦੀ ਮੇਲੇ...

ਸਿਰੜੀ ਦੇ ਸਾਈਂ ਬਾਬਾ

ਸਿਰੜੀ ਕੇ ਸਾਈਂ ਬਾਬਾ, ਦਰਸ਼ਨ ਦਿਉ ਦਿਖਾਏ। ਆਸਾਂ ਲੈ ਕੇ ਸ਼ਰਧਾ ਲੈ ਕੇ ਦੂਰ ਦੂਰ ਤੋਂ ਆਏ। ਸਭ ਦਾ ਮਾਲਕ ਇਕੋ ਸੱਚਾ ਸਬਰ ਕਰੋ ਰੇ ਪ੍ਰਾਣੀ। ਸਭ ਨੂੰ ਏਹ ਉਪਦੇਸ਼ ਸੁਣਾਇਆ, ਸੱਤੇ ਬਾਬਾ ਸੁਆਮੀ। ਤੇਰੀ ਸ਼ਕਤੀ ਭਗਤਾਂ ਨੂੰ ਖਿੱਚ ਦੂਰੋਂ ਲਿਆਏ। ਸੌ ਜਨਮ ਤੂੰ ਜਪ ਤਪ ਕੀਤਾ ਸੌ ਜਨਮ ਤੂੰ ਭਗਤੀ। ਸੌ ਜਨਮ ਤੂੰ ਸੇਵਾ ਕੀਤੀ ਮਿਟਾ ਕੇ ਆਪਣੀ ਹਸਤੀ। ਮੂੰਹ ਮੰਗੇ ਬਰ ਸਭ ਨੂੰ ਦੇਵੇਂ ਜੋ ਜੋ ਤੈਨੂੰ ਧਿਆਏ। ਭਾਗਾਂ ਵਾਲੀ ਸਿਰੜੀ ਧਰਤੀ, ਵੇ ਜਿਥੇ ਡੇਰਾ ਲਾਇਆ। ਸਦੀਆਂ ਦੀ ਗੁਪਤ ਜੋਤ ਨੂੰ ਆ ਕੇ ਤੂੰ ਪ੍ਰਗਟਾਇਆ। ਸਾਰਾ ‘ਆਲਮ’ ਤੈਨੂੰ ਜਾਣੇ, ਚਰਨੀਂ ਸੀਸ ਝੁਕਾਏ।

ਲੋਕ ਕਹਿਣ ਘੁਮਿਆਰ

ਅਸੀਂ ਮਿੱਟੀ ਦੇ ਭਾਂਡੇ ਘੜਦੇ, ਲੋਕ ਕਹਿਣ ਘੁਮਿਆਰ ਵੇ। ਰੱਬ ਮਾਸ ਦੇ ਪੁਤਲੇ ਘੜਦਾ, ਜੱਗ ਦਾ ਸਾਜਣਹਾਰ ਵੇ। ਅਸੀਂ ਮਿੱਟੀ ਦੇ ਘਰ ਬਣਾਉਂਦੇ, ਮਿੱਟੀ ਦੇ ਬੁੱਤ ਘੜਦੇ। ਨਾਲ ਮਿੱਟੀ ਦੇ ਪਿਆਰ ਵੀ ਕਰਦੇ, ਮਿੱਟੀ ਦੇ ਨਾਲ ਲੜਦੇ। ਮਿੱਟੀ ਦੇ ਮਾਂ ਤੇ ਬਾਪੂ, ਮਿੱਟੀ ਦੇ ਰਿਸ਼ਤੇਦਾਰ ਵੇ, ਅਸੀਂ ਮਿੱਟੀ ਦੇ ਭਾਂਡੇ ਘੜਦੇ...... ਏਹ ਮਿੱਟੀ ਹੈ ਕਿਰਤ ਅਸਾਡੀ, ਮਿੱਟੀ ਲਈ ਮਿੱਟੀ ਜੀਉਂਦੀ। ਮਿੱਟੀ ਸਾਡੇ ਹਾਸੇ ਹੰਝੂ, ਮਿੱਟੀ ਨੂੰ ਹੈ ਮਿੱਟੀ ਭਾਉਂਦੀ। ਮਿੱਟੀ ਸਾਡਾ ਲੈਣਾ ਦੇਣਾ ਮਿੱਟੀ ਸਾਡਾ ਘਰ ਬਾਰ ਵੇ, ਅਸੀਂ ਮਿੱਟੀ ਦੇ ਭਾਂਡੇ ਘੜਦੇ..... ਮਿੱਟੀ ਮਿੱਟੀ ਨੂੰ ਜੀਵਨ ਦੇਵੇ, ਮਿੱਟੀ ਮਿੱਟੀ ਨੂੰ ਮਾਰੇ। ਮਿੱਟੀ ਮਿੱਟੀ ਅੰਬਰ ਧਰਤੀ, ਮਿੱਟੀ ਚੰਦ ਸੂਰਜ ਤੇ ਤਾਰੇ। ਮਿੱਟੀ ਤੋਂ ਹੀ ਉਪਜਿਆ ਸਾਰਾ, ਮਿੱਟੀ ਹੋਣਾ ਸੰਸਾਰ ਵੇ। ਅਸੀਂ ਮਿੱਟੀ ਦੇ ਭਾਂਡੇ ਘੜਦੇ ..... ਮਿੱਟੀ ਸਾਡੇ ਸੋਚਾਂ ਜਜ਼ਬੇ ਮਿੱਟੀ ਕਾਵਿ ਕਹਾਣੀ। ਸਦਾ ਸਦਾ ਨਾਮ ਜੋ ਜਪਦੀ ਮਿੱਟੀ ਪੜ੍ਹਦੀ ਬਾਣੀ। ਉਹੀ ਆਲਮ ਪਰਵਾਨ ਹੈ ਮਿੱਟੀ, ਸਤਿਗੁਰ ਦੇ ਦਰਬਾਰ ਵੇ, ਅਸੀਂ ਮਿੱਟੀ ਦੇ ਭਾਂਡੇ ਘੜਦੇ ..

ਸਾਡੀ ਵੀ ਹੋ ਜੇ ਵਾਹ ਵਾਹ ਜੀ

ਸਾਡੇ ਵੀ ਆਵੋ ਚਰਨ ਪਾਵੋ, ਸਾਡੀ ਹੋ ਜੇ ਵਾਵਾ ਵਾਵਾ ਜੀ। ਸਾਨੂੰ ਵੀ ਸਤਿਗੁਰੂ ਬਖ਼ਸ਼ ਲਉ, ਸਾਡੇ ਮਨ ਦਾ ਪੱਕ ਜੇ ਆਵਾ ਜੀ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਉਹ ਗਰਭਾਸਨਾ ਪਰਿਆ ਜੀ। ਜਿਸਨੂੰ ਹੋਵੇ ਕਿਰਪਾ ਤੇਰੀ, ਨਾ ਡਰਿਆ ਨਾ ਹਰਿਆ ਜੀ। ਜਿਸਤੇ ਹੋਵੇ ਕਿਰਪਾ ਤੇਰੀ, ਉਹਨੂੰ ਹਰ ਥਾਂ ਮਿਲਦੀ ਸ਼ਾਬਾ ਜੀ। ਸਾਡੇ ਵੀ ਆਵੋ ਚਰਨ ਪਾਉ, ਸਾਡੀ ਹੋ ਜੇ ਵਾਵਾ ਵਾਵਾ ਜੀ। ਮਿੱਟੀ ਦੇ ਪੁਤਲੇ ਬਾਬਾ ਜੀ ਅਸੀਂ ਤਾਂ ਤੇਰੇ ਬੱਚੇ ਜੀ। ਅਸੀਂ ਮਿੱਟੀ ਦੀ ਕਿਰਤ ਕਰੇਂਦੇ ਮਿੱਟੀ ਵਰਗੇ ਕੱਚੇ ਜੀ। ਏਹ ਕੱਚੀ ਮਿੱਟੀ ਪਲ ਪਲ ਲੋੜੇ ਮਿਹਰ ਤੇਰੀ ਦਾ ਲਾਵਾ ਜੀ। ਸਾਡੇ ਵੀ ਆਵੋ ਚਰਨ ਪਾਉ, ਸਾਡੀ ਹੋ ਜੇ ਵਾਵਾ ਵਾਵਾ ਜੀ। ਝੂਠੇ ਸਭ ਸਰਦਾਰ ਚੌਧਰੀ, ਤੇਰੇ ਨਾਮ ਦੀ ਸੱਚੀ ਅਮੀਰੀ ਜੀ। ਆਲਮ ਨੂੰ ਘੁਮਿਆਰ ਬਣਾ ਕੇ, ਬਖਸ਼ੀ ਤੂੰ ਫ਼ਕੀਰੀ ਜੀ। ਤੇਰੇ ਸੱਚੇ ਨਾਮ ਬਿਨਾਂ, ਸਭ ਰੰਗ ਨੇ ਕੂੜ ਦਿਖਾਵਾ ਜੀ। ਸਾਡੇ ਵੀ ਆਵੋ ਚਰਨ ਪਾਉ ਸਾਡੀ ਹੋ ਜੇ ਵਾਵਾ ਵਾਵਾ ਜੀ।

ਸਵੈ ਚਿੱਤਰ

ਸਮਝੇ ਆਲਮ ਆਪ ਨੂੰ ਜਾਤ ਤੇਰੀ ਤਰਖਾਣ। ਮਾਂ ਦਾ ਨਾਂ ਚੰਦ ਕੌਰ ਸੀ, ਨੂਰੀ ਸ਼ਾਂਤ ਮਹਾਨ। ਬਾਪ ਗਿਆਨ ਸਿੰਘ ਲੋਕ ਸੇਵਾ ਵਿਚ ਧਿਆਨ। ਅਗਵਾੜ ਡਾਲਾ ਜਗਰਾਉਂ, ਹੈਂ ਮੇਰਾ ਜਨਮ ਸਥਾਨ। ਸ਼ਾਮ ਸੀ ਮੇਲਾ ਰੌਸ਼ਨੀ ਛੇ ਵਜੇ ਦਾ ਅਗਾਨ। ਸੀਹਰਾ ਮੇਰਾ ਗੋਤ ਹੈ, ਰਖਿਆ ਨਹੀਂ ਮੋਹ ਮਾਣ। ਆਪਣਾ ਮੈਨੂੰ ਬਣਾ ਲਿਆ, ਰੱਬ ਹੋਇਆ ਮੇਹਰਵਾਨ। ਜੋ ਜੋ ਸੋਝੀ ਪਾਏਗਾ, ਮੈਂ ਕਰਾਂਗਾ ਉਹੀ ਬਿਆਨ। ਪੰਜ ਪੀਰਾਂ ਵਾਲਾ ਸ਼ਹਿਰ ਹੈ ਬੜਾ ਹੀ ਆਲੀਸ਼ਾਨ। ਲਪੇ ਸ਼ਾਹ ਜ਼ਾਹਰ ਬਲੀ, ਮੋਹਕਮਦੀਨ ਮਹਾਨ। ਬਾਬਾ ਨੰਦ ਸਿੰਘ, ਬਾਬਾ ਈਸ਼ਰ ਸਿੰਘ ਲਾਉਂਦੇ ਰਹੇ ਦੀਵਾਨ। ਜਗਰਾਉਂ ਹੈ ਸਾਡਾ ਆਪਣਾ ਉਹਨਾਂ ਕੀਤਾ ਸੀ ਫੁਰਮਾਨ। ਲਾਲਾ ਲਾਜਪਤ ਸ਼ਹੀਦ ਨੇ ਇਸਦੀ ਉੱਚੀ ਕੀਤੀ ਸ਼ਾਨ। ਗਨਿਪਤ ਸੁਰ ਦੇ ਬਾਦਸ਼ਾਹ ਗਾਇਕਾ ਇਲਾਹੀ ਜਾਨ। ਪੀਰ ਫ਼ਕੀਰ ਕਈ ਔਲੀਏ ਇਸ ਧਰਤੀ ਦੀ ਸੰਤਾਨ। ਅਲੌਕਿਕ ਸਾਹਿਤਕਾਰ ਕਈ ਉਚੇ ਸੁੱਚੇ ਸੰਤ ਮਹਾਨ। ਕਿਸ਼ੋਰ ਚੰਦ ਕਿੱਸਾਕਾਰ ਜਿਹੇ, ਕਰ ਗਏ ਜਿੰਦੜੀ ਦਾਨ। ਉਹਨਾਂ ਕੋਲ ਫ਼ਕੀਰੀ ਸਾਦਗੀ ਰੱਬੀ ਸੀ ਵਰਦਾਨ। ਗਨਿਪਤ ਜੀ ਗਾਣਿਕ ਸੁਰੀਲੇ ਸਾਜ਼ਾਂ ਦੇ ਸੁਲਤਾਨ। ਉਹ ਬੜੇ ਉਸਤਾਦ ਸੀ ਵਜੰਤਰ ਬੜੇ ਮਹਾਨ। ਗਾਣੇ ਵਜਾਣ ਦਾ ਸ਼ੌਕ ਸੀ ਧਾਰੇ ਸੀ ਉਸਤਾਦ। ਗੁੰਮਿਆ ਆਲਮ ਭੀੜ ਵਿਚ ਹੋਇਆ ਨਾ ਆਬਾਦ।

ਉਲਟੇ ਤੀਰ

ਸਮੇਂ ਦੇ ਉਲਟੇ ਚੱਲ ਗਏ ਤੀਰ। ਨਿਸ਼ਾਨੇ ਬਾਦ ਦੀ ਹੋਈ ਅਖੀਰ। ਚੇਲੇ ਬੈਠੇ ਰੱਜ ਰੱਜ ਖਾਂਦੇ, ਦਰ ਦਰ ਮੰਗਦੇ ਫਿਰਦੇ ਪੀਰ। ਸ਼ਕਲਾਂ ਹੋਈਆਂ ਲੀਰੋ ਲੀਰ, ਭਟਕਣਾਂ ਦੀ ਨਾ ਬਣੇ ਤਸਵੀਰ। ਗ਼ਰੀਬੀ ਮਜਬੂਰੀ ਤੇ ਤਕਦੀਰ, ਬਦਲ ਸਕੇ ਸਿਦਕੀ ਤਦਬੀਰ। ਹੀਰ ਬਦਲਦੀ ਰੋਜ਼ ਰੰਝੇਟੇ, ਰਾਂਝੇ ਵੀ ਨਿੱਤ ਬਦਲਣ ਹੀਰ। ਰਾਣੀਆਂ ਹੋਈਆਂ ਮਾਸਾਹਾਰੀ, ਸ਼ੇਰ ਖਾਵਣ ਘਾਹ ਤੇ ਖੀਰ। ਗਿਆਨੀ ਧਿਆਨੀ ਤੇ ਬੁੱਧੀਜੀਵੀ, ਖਾਲੀ ਹੋ ਗਏ ਵੇਚ ਜ਼ਮੀਰ। ਆਵੇ ਕੋਈ ਮਰਦ ਅਗੰਮੜਾ, ਆਲਮ ਦਾ ਜੋ ਬਣੇ ਪੀਰ।

ਕੁੱਟ ਤੀ ਭਾਬੀ

ਕੁੱਟ ਤੀ ਭਾਬੀ ਹੋਈ ਸ਼ਰਾਬੀ, ਅੰਦਰ ਕੁੰਡਾ ਮਾਰ ਬੇਬੇ ਨੇ। ਤਕੜੀ ਹੋ ਕੇ ਹਿੰਮਤ ਕਰਕੇ, ਸਾਂਭ ਲਿਆ ਪਰਵਾਰ ਬੇਬੇ ਨੇ। ਵੀਰ ਮੇਰੇ ਨੂੰ ਨੌਕਰ ਸਮਝੇ, ਟੀਟੂ ਰਾਣੀ ਰੁਲਦੇ ਫਿਰਦੇ। ਨਾਲ ਫਰੈਂਡਾਂ ਫਿਰਦੀ ਰਹਿੰਦੀ ਕੰਮ ਨਾ ਕਰਦੀ ਘਰ ਦੇ। ਪੋਤਾ, ਪੋਤੀ, ਪੁੱਤ ਆਪਣਾ, ਕਰ ਲਏ ਹੁਸ਼ਿਆਰ ਬੇਬੇ ਨੇ। ਵੱਡੇ ਘਰ ਦੀ ਪੜ੍ਹੀ ਹੋਈ ਉਹ ਸਦਾ ਫਿਰੇ ਹੰਕਾਰੀ। ਐਸੀ ਵਿਦਿਆ ਚੁਲ੍ਹੇ ਪਾਉ ਜੋ ਬਣ ਜਾਏ ਬੀਮਾਰੀ। ਹੱਕ ਸੱਚ ਦਾ ਡੰਡਾ ਲੈ ਕੇ ਲਾਹ ਦਿੱਤਾ ਬੁਖਾਰ ਬੇਬੇ ਨੇ। ਉਹੀ ਭਾਬੀ ਬੱਚੇ ਸਾਂਭੇ, ਆਪ ਪੜ੍ਹਾਉਂਦੀ ਆਪ ਨਲ੍ਹਾਉਂਦੀ। ਵੀਰ ਮੇਰੇ ਨੂੰ ਜੀ ਜੀ ਆਖੇ, ਬੇਬੇ ਦੇ ਹੱਥ ਪੈਰੀਂ ਲਾਉਂਦੀ। ਨੂੰਹ ਆਪਣੀ ਧੀ ਬਣਾ ਕੇ, ਕੀਤਾ ਹੈ ਉਪਕਾਰ ਬੇਬੇ ਨੇ। ਜੋ ਅਨਪੜ੍ਹਾਂ ਦੀ ਸੇਵ ਕਮਾਵੇ ਉਹੀ ਅਸਲ ਸਿਆਣਾ। ਉਹੀ ਉੱਚਾ ਉਹੀ ਆਲਮ ਹੋਵੇ ਜਿੰਨਾ ਕੋਈ ਨਿਮਾਣਾ। ਵੀਰਾ ਆਖੇ ਮੈਨੂੰ ਦਿੱਤਾ, ਸੱਚਾ ਤੇ ਸੁੱਚਾ ਪਿਆਰ ਬੇਬੇ ਨੇ।

ਹਿੰਦ ਪਾਕ ਸਰਕਾਰਾਂ ਨੂੰ

ਮੈਂ ਏਹ ਗੀਤ ਮੁਖਾਤਬ ਕਰਦਾ ਹਾਂ, ਹਿੰਦ ਪਾਕ ਦੀਆਂ ਸਰਕਾਰਾਂ ਨੂੰ। ਸੁਣੋ ਦਿਲ ਵਿਚੋਂ ਉਠਦੀਆਂ ਆਹਾਂ ਨੂੰ, ਦੁਖੀ ਜਨਤਾ ਦੀਆਂ ਪੁਕਾਰਾਂ ਨੂੰ। ਜੋ ਰਲਕੇ ਰਹਿੰਦੇ ਹੁਣ ਤਾਈਂ, ਸਾਰੇ ਜੱਗ ਵਿਚ ਨਾਮ ਕਮਾ ਲੈਂਦੇ। ਤੁਸੀਂ ਇਕ ਕਸ਼ਮੀਰ ਲਈ ਲੜਦੇ ਹੋ, ਕਈ ਕਸ਼ਮੀਰ ਬਣਾ ਲੈਂਦੇ। ਰਲ ਕੇ ਬੈਠੋ ਹੁਣ ਤੋੜ ਦਿਉ, ਸਰਹੱਦ ਤੇ ਲਗੀਆਂ ਤਾਰਾਂ ਨੂੰ, ਮੈਂ ਏਹ ਗੀਤ ਮੁਖਾਤਬ ਕਰਦਾ ਹਾਂ... ਸਾਡੇ ਦੇਸ਼ ਅਜੇ ਆਜ਼ਾਦ ਨਹੀਂ, ਪੂੰਜੀ ਦੀ ਅਜੇ ਗ਼ੁਲਾਮੀ ਹੈ। ਸਾਨੂੰ ਹਿੰਦੀ ਪਾਕੀ ਕਹਿੰਦੇ ਨੇ, ਇਹ ਬੜੀ ਨੀਚ ਬਦਨਾਮੀ ਹੈ। ਸਾਨੂੰ ਅਜੇ ਵਿਦੇਸ਼ੀ ਹੱਕਦੇ ਨੇ, ਮਾਰ ਕੇ ਤਿਖੀਆਂ ਆਰਾਂ ਨੂੰ, ਮੈਂ ਏਹ ਗੀਤ ਮੁਖਾਤਬ ਕਰਦਾ ਹਾਂ... ਅਸੀਂ ਕਹਿਣ ਨੂੰ ਉੱਚੇ ਧਰਮੀ ਹਾਂ, ਸਾਡਾ ਮੁੱਲ ਵਿਦੇਸ਼ੀ ਸਿੱਕੇ ਨੇ। ਸਾਡੇ ਸਿਆਸੀ ਧਰਮੀ ਨੇਤਾ ਜੀ, ਲੋਭ ਦੀ ਮੰਡੀ ਵਿੱਕੇ ਨੇ। ਜਿਨ੍ਹਾਂ ਵੇਚੇ ਦੇਸ਼ ਵਿਦੇਸ਼ਾਂ ਨੂੰ, ਕੀ ਕਹੀਏ ਗ਼ਦਾਰਾਂ ਨੂੰ, ਮੈਂ ਏਹ ਗੀਤ ਮੁਖਾਤਬ ਕਰਦਾ ਹਾਂ... ਸਾਡੇ ਦੇਸ਼ ਵੇਸ ਦੀ ਪਾਸਪੋਰਟ ਦੀ ਕਿਤੇ ਵੀ ਕੋਈ ਕਦਰ ਨਹੀਂ। ਸਾਨੂੰ ਇਜ਼ਤ ਨਾਲ ਬਲਾਉਂਦੇ ਨਹੀਂ, ਸਾਨੂੰ ਦੇਖਦੇ ਚੰਗੀ ਨਜ਼ਰ ਨਹੀਂ। ਜ਼ਮੀਰਾਂ ਕੋਹ ਕੋਹ ‘ਆਲਮ’ ਵਿਚ, ਜੀ ਜੀ ਸਹੀਏ ਮਾਰਾਂ ਨੂੰ, ਮੈਂ ਏਹ ਗੀਤ ਮੁਖਾਤਬ ਕਰਦਾ ਹਾਂ...

ਹਿੰਦੋਸਤਾਨ ਪਾਕਿਸਤਾਨ

ਹਿੰਦੋਸਤਾਨ ਪਾਕਿਸਤਾਨ, ਪਾਕਿਸਤਾਨ ਹਿੰਦੋਸਤਾਨ। ਇਕੋ ਮਾਂ ਦੀ ਕੁਖੋਂ ਜਾਏ ਇਕੋ ਬਾਪੂ ਦੀ ਸੰਤਾਨ। ਆਪਸ ਦੇ ਵਿਚ ਰਲ ਨਾ ਬੈਠਣ ਆਪੋ ਆਪਣੀ ਜ਼ਿਦ ਪੁਗਾਣ। ਏਸ ਅਜ਼ਾਦੀ ਵੰਡਿਆ ਸਾਨੂੰ ਲੱਖਾਂ ਲੈ ਕੇ ਬਲੀਦਾਨ। ਵੰਡੇ ਦਰਿਆ ਵੰਡੀਆਂ ਹੱਦਾਂ ਅਸੀਂ ਵੰਡ ਲਏ ਭਗਵਾਨ। ਲੋਭੀ ਹੋ ਗਏ ਲਹੂ ਦੇ ਪਿਆਸੇ ਕੈਸੇ ਨੇ ਇਹ ਇਨਸਾਨ। ਸਭ ਧਰਮਾਂ ਦਾ ਕਹਿਣਾ ਏਹੋ ਇਕੋ ਹੈ ਭਗਵਾਨ। ਜੇ ਰੱਬ ਨਾ ਬਣਾਇਆ, ਆਪਣਾ ਨਿੱਜੀ ਕੋਈ ਸਥਾਨ। ਵੱਖੋ ਵੱਖਰੇ ਕਿਉਂ ਬਣਾਏ ਬੰਦੇ ਦੀਨ ਈਮਾਨ। ਬੰਦੋ ਨੂੰ ਭਰਮਾਉਣ ਦੀ ਖਾਤਰ ਕੀਤਾ ਕੰਮ ਸ਼ੈਤਾਨ। ਧਰਮਾਂ ਭੇਖਾਂ ਰੰਗਾਂ ਦੇ ਵਿੱਚ ਵੰਡ ਦਿੱਤਾ ਇਨਸਾਨ। ਰੱਬ ਤਾਂ ਦਿਲ ਦੀ ਦਰਗਾਹ ਬੈਠਾ ਭੁਲ ਗਿਆ ਜਹਾਨ। ਸਾਂਝੀ ਹੈਂ ਏਹ ਧਰਤੀ ਸਾਰੀ, ਸਾਂਝਾ ਹੈ ਅਸਮਾਨ। ਈਸਾ, ਰਾਮ, ਮੁਹੰਮਦ, ਨਾਨਕ ਸਭ ਦੀ ਇਕੋ ਜਿੰਦੜੀ ਜਾਨ। ਸਾਰੇ ਰੰਗ ਰੱਬ ਬਣਾਏ, ਆਪਣਾ ਆਪਣਾ ਮਨ ਸਮਝਾਈਏ। ਰੰਗ ਬਰੰਗਾ ਬਾਗ਼ ਏਹ ਦੁਨੀਆਂ ਨਾ ਰੰਗ ਕੋਈ ਬਦਲਾਈਏ। ਲੈ ਕੇ ਸ਼ਰਧਾ ਪਿਆਰ ਏਕਤਾ ਸੱਚ ਦੀ ਨੀਂਹ ਖੁਦਵਾਈਏ। ਨੀਅਤ ਸਾਫ਼ ਹਲੀਮੀ ਵਾਲਾ, ਰੱਬ ਦਾ ਘਰ ਬਣਾਈਏ। ਤਾਂ ਹੀ ਆਲਮ ਤਾਹੀਓਂ ਧਰਮੀ ਜੇ ਰੱਬ ਦਾ ਹੁਕਮ ਬਜਾਈਏ। ਜੇ ਇਕ ਰੱਬ ਹੈ ਇਕੋ ਥਾਂ ਤੇ, ਪਿਆਰ ਵਿਚ ਘੁਲ ਮਿਲ ਜਾਈਏ।

ਟੈਲੀਫੂਨ ਦਿਲੀ ਯਾਰ

ਸੱਚਾ ਸੁੱਚਾ ਦਿਲੀ ਯਾਰ, ਬੜਾ ਹੈ ਕਮਾਲ ਟੈਲੀਫੂਨ। ਦਿਨੇ ਰਾਤੀਂ ਹਰ ਵੇਲੇ ਰਹਿੰਦਾ ਨਾਲ ਨਾਲ ਟੈਲੀਫੂਨ। ਵਪਾਰੀਆਂ ਦੀ ਸ਼ਾਨ ਤੇ ਵਰਦਾਨ ਟੈਲੀਫੂਨ। ਪ੍ਰੇਮਕਾਵਾਂ ਪ੍ਰੇਮੀਆਂ ਦੀ ਜਾਨ ਟੈਲੀਫੂਨ। ਵੇਹਲਿਆਂ ਲਈ ਬਰਬਾਦੀ ਦਾ ਸਮਾਨ ਟੈਲੀਫੂਨ। ਅਮੀਰ ਜੋ ਸ਼ੌਕੀਨ ਬਦਲ ਲੈਂਦੇ ਹਰ ਸਾਲ ਟੈਲੀਫੂਨ। ਸੱਚਾ ਸੁੱਚਾ ਦਿਲੀ ਯਾਰ, ਬੜਾ ਹੈ ਕਮਾਲ ਟੈਲੀਫੂਨ ਜਦੋਂ ਚਾਹੋਂ ਫੋਟੋ ਖਿੱਚੋ ਚਾਹੇ ਮੂਵੀ ਬਣਾ ਲਵੋ। ਅਲਾਰਮ ਲਾਉ, ਟਾਈਮ ਦੇਖੋ, ਰੇਡੀਓ ਲਗਾ ਲਵੋ। ਹਰ ਸਵਾਲ ਦਾ ਜਵਾਬ, ਜਵਾਬ ਦਾ ਸਵਾਲ ਟੈਲੀਫੂਨ। ਸੱਚਾ ਸੁੱਚਾ ਦਿਲੀ ਯਾਰ, ਬੜਾ ਹੈ ਕਮਾਲ ਟੈਲੀਫੂਨ। ਦੁੱਖ ਸੁੱਖ ਕਰੋ ਦੁਨੀਆਂ ਵਿਚ ਕਿਤੇ ਵੀ ਦੂਰ ਨੇੜੇ। ਬੈਠੇ ਬਠਾਏ ਮੁਕਾ ਦਿੰਦਾ ਗੱਲਾਂ ਵਾਲੇ ਝਗੜੇ ਝੇੜੇ। ਬਲੈਂਕ ਕਾਲਾਂ ਰਾਹੀਂ ਛੇੜਨ, ਸ਼ੈਤਾਨ ਕਈ ਛੇੜਾ ਛੇੜੇ। ਹਰਾਮੀਆਂ ਲਈ ਹਰਾਮ ਹਲਾਲੀਆਂ ਲਈ ਹਲਾਲ ਟੈਲੀਫੂਨ। ਸੱਚਾ ਸੁੱਚਾ ਦਿਲੀ ਯਾਰ ਬੜਾ ਹੈ ਕਮਾਲ ਟੈਲੀਫੂਨ। ਕਈਆਂ ਦਾ ਚਲਾਵੇ ਪੂਰਾ ਰੋਜ਼ਗਾਰ ਟੈਲੀਫੂਨ। ਜੋ ਕਰਾਉ ਉਹੀ ਕਰੇ ਸਚਾ ਆਗਿਆਕਾਰ ਟੈਲੀਫੂਨ। ਅੱਜ ਦੇ ਜੀਵਨ ਦੀ ਲੋੜ ਫੈਸ਼ਨ ਤੇ ਸ਼ਿੰਗਾਰ ਟੈਲੀਫੂਨ। ਚਾਹੀਦਾ ਪ੍ਰੇਮੀਆਂ ਵਪਾਰੀਆਂ ਨੂੰ ਹਰ ਹਾਲ ਟੈਲੀਫੂਨ। ਸੱਚਾ ਸੁੱਚਾ ਦਿਲੀ ਯਾਰ ਬੜਾ ਹੈ ਕਮਾਲ ਟੈਲੀਫੂਨ। ਰੱਬ ਨੂੰ ਲਵਾਉਣਾ ਪੈਣਾ ਹੁਣ ਆਪਣੇ ਦਰਬਾਰ ਵਿਚ। ਉਹਦੇ ਪਿਆਰਿਆਂ ਨੇ ਜਦੋਂ ਜ਼ੋਰ ਪਾਇਆ ਪਿਆਰ ਵਿਚ। ਰੱਬ ਤੋਂ ਕੁਝ ਵੀ ਕਹਿ ਨਹੀਂ ਹੋਣਾ ਇਨਕਾਰ ਵਿੱਚ। ਰੱਬ ਨਾਲ ਸਿੱਧੀ ਸਲਾਮ ਕਰੇਗਾ, ਸਤਿ ਸ੍ਰੀ ਅਕਾਲ ਟੈਲੀਫੂਨ। ਕਰ ਸਕਦਾ ਹੈ ਸਭ ਕੁਝ ਜੋ ਵੀ ਤੁਸੀਂ ਕਹਿ ਲਵੋ। ਫਿਲਮਾਂ ਗਾਣੇ ਰੀਕਾਰਡ ਸਿੱਧੇ ਇੰਟਰਨੈੱਟ ਤੋਂ ਲੈ ਲਵੋ। ਤੁਹਾਡੀ ਹੈ ਮਰਜ਼ੀ, ਇਸ ਤੋਂ ਮੁਕਤ ਰਹਿਣਾ ਰਹਿ ਲਵੋ। ਆਲਮ ਰੱਬ ਜਾਣੇ ਹੋਰ ਕਿੰਨਾ ਹੋਵੇਗਾ ਵਿਸ਼ਾਲ ਟੈਲੀਫੂਨ। ਸੱਚਾ ਸੁੱਚਾ ਦਿਲੀ ਯਾਰ, ਬੜਾ ਹੈ ਕਮਾਲ ਟੈਲੀਫੂਨ

ਟੈਲੀਵਿਯਨ

ਦੇਸ਼ਾਂ, ਘਰਾਂ, ਕਲੱਬਾਂ ਅੰਦਰ ਪੂਰਾ ਬਰਖੁਰਦਾਰ ਹੈ ਟੀ ਵੀ। ਹਰ ਪਰਿਵਾਰ ਦਾ ਮੁਖੀ ਮੈਂਬਰ, ਸਭ ਦਾ ਦਿਲੀ ਪਿਆਰ ਹੈ ਟੀ ਵੀ। ਗੱਲਾਂ ਕਰੋ ਜਾਂ ਰੋਟੀ ਖਾਵੋ, ਰਹਿੰਦਾ ਵਿਚ ਵਿਚਕਾਰ ਹੈ ਟੀ ਵੀ। ਬੰਦਿਆਂ ਕੋਲੇ ਵਿਹਲ ਨਹੀਂ, ਬਣਾ ਲਿਆ ਅਸਾਂ ਯਾਰ ਹੈ ਟੀ ਵੀ। ਹਰ ਤਰ੍ਹਾਂ ਦੇ ਗਿਆਨ ਧਿਆਨ ਦਾ, ਵੱਡਾ ਇੱਕ ਭੰਡਾਰ ਹੈ ਟੀ ਵੀ। ਜੋ ਜੋ ਜਦ ਵੀ ਦੇਖਣਾ ਚਾਹੋ, ਕਰਦਾ ਸਭ ਪਰਸਾਰ ਹੈ ਟੀ ਵੀ। ਪਹਿਲਾਂ ਬੜਾ ਹੀ ਮੋਟਾ ਸੀਗਾ, ਘਟਾਅ ਬੈਠਾ ਹੁਣ ਭਾਰ ਹੈ ਟੀ ਵੀ। ਮੋਬਿਲ, ਪੀਸੀ, ਪੈਡ ਦੇ ਅੰਦਰ, ਕਰ ਗਿਆ ਹੱਦਾਂ ਪਾਰ ਹੈ ਟੀ ਵੀ। ਪੈਸੇ ਭਰੋ ਤੇ ਕੁਝ ਵੀ ਦੋਖੋ, ਕਰਦਾ ਨਹੀਂ ਉਧਾਰ ਹੈ ਟੀ ਵੀ। ਸਭ ਕਰਮ ਧਰਮ ਹੈ ਦੱਸਦਾ, ਦਿੰਦਾ ਬਾਣੀ ਵਿਚਾਰ ਹੈ ਟੀ ਵੀ। ਬੇਸ਼ਰਮਾਂ ਲਈ ਬੇਸ਼ਰਮ ਬੜਾ ਹੈ, ਲੁੱਚਿਆਂ ਦਾ ਸਰਦਾਰ ਹੈ ਟੀ ਵੀ। ਜੇ ਤੁਸੀਂ ਚਾਹੋ ਤਾਂ ਹੀ ਚਲਦਾ, ਬੜਾ ਹੀ ਆਗਿਆਕਾਰ ਹੈ ਟੀ ਵੀ। ਰਾਮ, ਮੁਹੰਮਦ, ਈਸਾ, ਬੁੱਧ, ਨਾਨਕ ਸਭ ਦਾ ਪੈਰੋਕਾਰ ਹੈ ਟੀ ਵੀ। ਜਦੋਂ ਘਰ ਵਿਚ ਕੋਈ ਨਾ ਹੋਵੇ, ਬਣਦਾ ਪਹਿਰੇਦਾਰ ਹੈ ਟੀ ਵੀ। ਸ਼ੀਸ਼ੇ ਵਾਂਗੂ ਕੰਧ ਤੇ ਲਟਕੇ, ਮਾਡਰਨ ਫੈਸ਼ਨਦਾਰ ਹੈ ਟੀ ਵੀ। ਇਕੱਲੇ ਬੱਚੇ ਬੁੱਢਿਆਂ ਦਾ ਬੜਾ ਹੀ ਮਦਦਗਾਰ ਹੈ ਟੀ ਵੀ। ਰੋਟੀ ਵਾਂਗੂੰ ਲੋੜ ਬਣ ਗਿਆ, ਨਿਤਨੇਮ ਕਰਾਰ ਹੈ ਟੀ ਵੀ। ਇਸ ਨੇ ਵੱਡੇ ਵੱਡੇ ਕੈਦੀ ਕੀਤੇ, ਮੋਹਣੀ ਸੋਹਣੀ ਨਾਰ ਹੈ ਟੀ ਵੀ। ਸਰਕਾਰਾਂ ਅਤੇ ਨੇਤਾਵਾਂ ਦਾ ਵੱਡਾ ਇੱਕ ਹਥਿਆਰ ਹੈ ਟੀ ਵੀ। ਵੱਡੇ ਅਮੀਰਾਂ, ਕੰਪਨੀਆਂ ਲਈ, ਵੱਡਾ ਇਕ ਵਪਾਰ ਹੈ ਟੀ ਵੀ। ਰਾਤੋ ਰਾਤ ਜਿਸ ਨੂੰ ਚਾਹਵੇ, ਬਣਾ ਦਿੰਦਾ ਏਹ ਸਟਾਰ ਹੈ ਟੀ ਵੀ। ਕਾਰਾਂ, ਜੇਬਾਂ, ਹੋਟਲਾਂ ਅੰਦਰ, ਛੋਟਾ ਵੱਡਾ ਅਕਾਰ ਹੈ ਟੀ ਵੀ। ਵੰਡੇ ਪੁੰਨਾਂ ਅਤੇ ਭਾਗਾਂ ਵਾਲਾ ਜ਼ਾਹਰਾ ਚਮਤਕਾਰ ਹੈ ਟੀ ਵੀ। ਐਵੇਂ ਨਾ ਪੂਜੇ ਦੁਨੀਆਂ ਏਹਨੂੰ ਰੱਬ ਦਾ ਰਿਸ਼ਤੇਦਾਰ ਹੈ ਟੀ ਵੀ। ਘਰ ਤਾਂ ਕਬਰਸਤਾਨ ਹੈ ਲੱਗਦਾ ਜੇ ਹੁੰਦਾ ਕਦੇ ਬਿਮਾਰ ਹੈ ਟੀ ਵੀ। ਸ਼ੌਪਿੰਗ ਟਿਕਟਾਂ ਟੂਰਇਜ਼ਮ ਲਈ ਬੜਾ ਹੀ ਕਾਰਾਗਰ ਹੈ ਟੀ ਵੀ। ਦੁਨੀਆਂ ਭਰ ਦਾ ਗਿਆਨ ਹੈ ਦਿੰਦਾ ਬੜਾ ਹੀ ਹੁਸ਼ਿਆਰ ਹੈ ਟੀ ਵੀ। ਪਹਿਲਾਂ ਸੀ ਕਾਲਾ ਚਿੱਟਾ ਹੋ ਗਿਆ ਹੁਣ ਰੰਗਦਾਰ ਹੈ ਟੀ ਵੀ। ਪਰਿਵਾਰ ਅਤੇ ਸਮਾਜ ਨੂੰ ਕੱਟੇ, ਤਿੱਖੀ ਇਕ ਕਟਾਰ ਹੈ ਟੀ ਵੀ। ਕਲ੍ਹ ਕੀ ਹੋਣਾ? ਅੱਲਾ ਜਾਣੇ, ਆਲਮ ਦੀ ਸਰਕਾਰ ਹੈ ਟੀ ਵੀ।

ਟੀ ਵੀ ਤੇ ਰੇਡੀਓ

ਪਲ ਪਲ ਹੋ ਰਹੀਆਂ ਅਰਦਾਸਾਂ। ਲੰਮੀਆਂ ਲੰਮੀਆਂ ਨੇ ਦੁਰਖਾਸਾਂ। ਟੀ ਵੀ ਰੇਡੀਓ ਕਰਦੇ ਕਮਾਲ। ਹਰ ਹਾਲ ਵੇਚਣ ਆਪਣਾ ਮਾਲ। ਕਹਿੰਦੇ ਸਾਡੇ ਕੋਲæੇ ਹੱਕ ਹਲਾਲ। ਲੇਖੇ ਵਿਚ ਲਾਉ ਸਾਰਾ ਸਾਲ। ਸ਼ਹੀਦਾਂ ਗੁਰੂਆਂ ਸਿੱਖਾਂ ਦੇ ਨਾਂ ਤੇ। ਸੰਤਾਂ ਫ਼ਕੀਰਾਂ ਭਗਤਾਂ ਦੇ ਨਾਂ ਤੇ। ਛੇਤੀ ਛੇਤੀ ਅਰਦਾਸ ਕਰਾਉ। ਆਪਣਾ ਜੀਵਨ ਲੇਖੇ ਲਾਉ। ਆਪਣੀ ਕਮਾਈ ਸਫਲ ਬਣਾਉ। ਛੇਤੀ ਸਾਡਾ ਨੰਬਰ ਮਿਲਾਉ। ਸਾਡਾ ਨੰਬਰ ਹੈ ਦਰਗਾਹੀ। ਇਹ ਅਸਲੀ ਨਾਨਕਸ਼ਾਹੀ। ਦੇਖ ਕੇ ਸਾਰਾ ਕਾਰੋਬਾਰ। ਮੰਗਤੇ ਵੀ ਹੋ ਗਏ ਸ਼ਰਮਸਾਰ।

ਪੁਜਾਰੀ ਸਭ ਤਸਵੀਰਾਂ ਦੇ

ਨੂਰੋ ਨੂਰ ਤਸਵੀਰ ਤੇਰੀ ਤਸਵੀਰਾਂ ਬਣਾਵਣ ਵਾਲਿਆ। ਹਰ ਜ਼ੱਰੇ ਵਿਚ ਭਿੰਨ ਭਿੰਨ ਰੰਗ ਰੂਪ ਸਜਾਵਣ ਵਾਲਿਆ। ਹਰ ਸ਼ਕਲ ਹਰ ਅਕਲ ਦੇ ਆਪਣੇ ਆਪਣੇ ਰੰਗ ਨੇ। ਹਰ ਜੀਂਵਦੇ ਜੀਉਣ ਦੇ ਮਰਨ ਦੇ ਵਖਰੇ ਵਖਰੇ ਢੰਗ ਨੇ। ਵਖਰੇ ਵਖਰੇ ਨੈਣ ਨਕਸ਼ ਸਭ ਦੇ ਵੱਖਰੇ ਅੰਗ ਨੇ। ਹਰ ਅੰਗ ਅੰਗ ਵਿਚ ਰੰਗ, ਰੰਗ ਰੰਗ ਵਿਚ ਅੰਗ ਨੇ। ਹਰ ਅੰਗ ਵਿਚ ਕਈ ਕਈ ਸੂਰਤਾਂ ਨੇ। ਸੂਰਤਾਂ ਵਿਚ ਜਾਨ ਪਾਵਣ ਵਾਲਿਆਂ, ਨੂਰੋ ਨੂਰ ਤਸਵੀਰ ਤੇਰੀ... ਤਸਵੀਰ ਆਪਣੀ ਆਪਣੀ ਵੇਦ ਦੀ ਪ੍ਰਾਣ ਦੀ। ਬਾਈਬਲ ਗੁਰੂ ਗ੍ਰੰਥ ਦੀ ਗੀਤਾ ਅਤੇ ਕੁਰਾਨ ਦੀ। ਤਸਵੀਰਾਂ ਨਾਲ ਝੋਲ ਭਰੀ ਧਰਤੀ ਤੇ ਅਸਮਾਨ ਦੀ। ਸਭ ਤਸਵੀਰ ਹੀ ਤਸਵੀਰ ਹੈ ਤਸਵੀਰ ਏਹ ਜਹਾਨ ਦੀ। ਜ਼ਰੇ ਜ਼ਰੇ ਵਿਚ ਭਿੰਨ ਭਿੰਨ ਨਕਸ਼ ਘੜਾਵਣ ਵਾਲਿਆ, ਨੂਰੋ ਨੂਰ ਤਸਵੀਰ ਤੇਰੀ... ਅੱਖਰ ਸਾਰੇ ਸ਼ਬਦ ਸਾਰੇ ਰਾਗ ਸੁਰ ਤੇ ਤਾਲ ਦੇ। ਆਪਣੇ ਆਪਣੇ ਰੂਪ ਨੂੰ ਅਕਾਰ ਨੂੰ ਵਿਖਾਲਦੇ। ਆਪਣੇ ਖ਼ਿਆਲ 'ਚ ਤਸਵੀਰ ਹੈ ਤਸਵੀਰ ਵਿਚ ਖਿਆਲ ਦੇ। ਕਾਦਰ ਅਤੇ ਕੁਦਰਤ ਦੇ ਕੰਮ ਬੜੇ ਕਮਾਲ ਦੇ। ਫੁੱਲ ਫਲ ਪੇੜ ਪੌਦੇ ਉਗਾਵਣ ਮਿਟਾਵਣ ਵਾਲਿਆ, ਨੂਰੋ ਨੂਰ ਤਸਵੀਰ ਤੇਰੀ... ਦੁਨੀਆਂ ਦੇ ਜੀਵ ਜੋ ਸਾਰੇ ਪੁਜਾਰੀ ਨੇ ਤਸਵੀਰਾਂ ਦੇ। ਹੀਰਾਂ ਚਾਹਵਣ ਰਾਂਝੇ, ਰਾਂਝੇ ਆਸ਼ਕ ਹੀਰਾਂ ਦੇ। ਬਿਨਾਂ ਸ਼ਕਲ ਤੋਂ ਪ੍ਰੀਤ ਨਾ ਹੋਵੇ ਸੱਚੇ ਬਚਨ ਫਕੀਰਾਂ ਦੇ। ਚਿਹਰਾ ਸਾਰੇ ਰੋਜ਼ ਸਜਾਵਣ ਵਰਤਣ ਢੰਗ ਅਖੀਰਾਂ ਦੇ। ਆਲਮ ਦੇ ਤੂੰ ਅੰਦਰ ਬਾਹਰ ਜਲਵੇ ਦਿਖਾਵਣ ਵਾਲਿਆ, ਨੂਰੋ ਨੂਰ ਤਸਵੀਰ ਤੇਰੀ...

ਰੋਜ਼ੇ

ਰਖਿਆ ਰੋਜ਼ਾ ਨਮਾਜ਼ ਵੀ ਕੀਤੀ ਜੀਉਂਦੇ ਜੀ ਦਿਲ ਮੋਇਆ। ਭੁੱਖ ਦੇ ਦੁੱਖ ਦਾ ਹੱਸ ਹੱਸ ਕੇ ਦਿਲ ਵਿਚ ਦੁੱਖ ਲਕੋਇਆ। ਰੋਜੇ ਲੰਘ ਗਏ ਈਦ ਵੀ ਲੰਘ ਗਈ, ਦਿਲ ਨਾ ਮੇਰਾ ਖਲੋਇਆ। ਜਿਸ ਮਾਹੀ ਲਈ ਸਭ ਕੁਝ ਕੀਤਾ ਦੀਦ ਨਾ ਉਸਦਾ ਹੋਇਆ। ਜੋ ਨਾ ਦਿਸਿਆ ਸਾਰੀ ਉਮਰੋ, ਮੁਰਸ਼ਦ ਝੱਟ ਦਿਖਾਇਆ। ਲੱਭਦੇ ਰਹੋ ਜੋ ਬਾਹਰੋਂ ਆਲਮ, ਬੁੱਕਲ ਦੇ ਵਿਚ ਪਾਇਆ। ਲੱਖ ਚੰਦਰਮਾ, ਲੱਖਾਂ ਸੂਰਜ ਲੱਖ ਅੰਬਰ ਤਾਰੇ। ਮੇਰੇ ਸ਼ਹੁ ਦੀ ਇਕੋ ਨਜ਼ਰੇ ਮਿਲ ਗਏ ਮੈਨੂੰ ਸਾਰੇ ਰੋਜ਼ਾ ਰੱਖ ਪੜ੍ਹ ਨਮਾਜ਼ਾਂ ਕਰ ਚੰਗੀ ਕਾਰਗੁਜਾਰੀ। ਜਿਸਮ ਜਾਨ ਰੂਪ ਤੇ ਸ਼ੋਹਰਤ ਰੱਬ ਦੀ ਦੌਲਤ ਸਾਰੀ। ਸਬਰ ਦਇਆ ਤੇ ਬੰਦਗੀ ਬਾਝੋਂ ਸਭ ਕੁਝ ਹੈ ਬੇਕਾਰੀ। ਉਹੀ ਸੱਚਾ ਮੁਸਲਮਾਨ ਹੈ ਜਿਹਨੇ ਅੰਦਰ ਝਾਤੀ ਮਾਰੀ। ਹਿੰਦੂਆਂ ਰਖੇ ਵਰਤੋਂ ਤੇ ਰੋਜ਼ੇ ਮੁਸਲਮਾਨਾਂ। ਸਿੱਖਾਂ ਛਕੇ ਲੰਗਰ, ਖੜਕਾਣੀਆਂ ਕਿਰਪਾਨਾਂ। ਆਪਣੇ ਆਪਣੇ ਢੰਗ ਬਣਾ ਕੇ ਰੱਬ ਦੇ ਠੇਕੇਦਾਰਾਂ, ਰੱਬ ਦੇ ਨਾਂ ਦੇ ਬੋਰਡ ਲਗਾਕੇ ਖੋਲ੍ਹੀਆਂ ਅਜਬ ਦੁਕਾਨਾਂ। ਸਿੱਧੇ ਸਾਦੇ ਭੋਲੇ ਭਾਲੇ ਸਭ ਦੇ ਸਾਂਝੇ ਰੱਬ ਨੂੰ ਯਾਰੋ, ਸ਼ਰੇਆਮ ਵੇਚ ਕੇ ਖਾਧਾ ਖੁਦਗ਼ਰਜ਼ ਇਨਸਾਨਾਂ। ਗਰਜ਼ਾਂ ਵਾਲੇ ਪਾ ਕੇ ਰੰਗ ਬਰੰਗੇ ਕਪੜੇ, ਸੱਚੇ ਰੱਬ ਦੇ ਨੂਰ ਨੂੰ ਢਕਿਆ ਸ਼ੇਖਾਂ ਤੇ ਸ਼ੈਤਾਨਾਂ। ਭੁੱਖ ਸੀ ਜਿਹਨਾਂ ਅੰਦਰ ਇਲਾਹੀ ਨੂਰ ਦੇ ਦਰਸ਼ਨ ਦੀ, ਖੋਜ ਲਿਆ ਉਹਨਾਂ ਆਲਮ ਸੱਚਾ ਭੁੱਲ ਕੇ ਦੀਨ ਈਮਾਨਾਂ।

ਓਮ ਨਮੋ ਸ਼ਿਵਾ

ਓਮ ਨਮੋ ਸ਼ਿਵਾ ਓਮ ਨਮੋ ਸ਼ਿਵਾ। ਜੈਂਹ ਜੈਂਹ ਦੇਖਾਂ ਰੂਪ ਤੇਰਾ, ਰੂਪ ਹੈ ਤੇਰਾ। ਆਪਣਾ ਬਣਾ ਕੇ ਬਾਬਾ ਆਪਣਾ ਪਿਆਰ ਦੇ ਦੇ। ਭਗਤੀ ਸ਼ਕਤੀ ਸਬਰ ਦਾ ਅਥਾਹ ਭੰਡਾਰ ਦੇ ਦੇ। ਇਕ ਲਗਨ ਇਕੋ ਵਿਚਾਰ ਦੇ ਦੇ। ਚੰਗਾ ਮੰਦਾ ਤੇਰਾ ਹਾਂ ਮੈਂ ਹਾਂ ਦਾਸ ਤੇਰਾ। ਉਸਨੂੰ ਹੋਵੇ ਤੇਰਾ ਦਰਸ਼ਨ ਜਿਸਦੇ ਪਟ ਖੋਲ੍ਹੇ। ਸਭ ਦੇ ਸੁਆਮੀ ਅੰਤਰਯਾਮੀ ਨਾਮ ਦੇ ਸ਼ਿਵਜੀ ਭੋਲੇ। ਸੋ ਸੋ ਸਦਾ ਸੱਚ ਹੋਵੇ। ਜੋ ਜੋ ਮੁੱਖ ਤੋਂ ਬੋਲੇ! ਝੋਲੀ ਭਰਦੇ ਨਾ। ਹੇ ਦੁਨੀਆਂ ਦੇ ਰਚਨਹਾਰ ਤੂੰ ਹੀ ਪਾਲਣਹਾਰਾ। ਕਾਲ ਮਹਾਂਕਾਲ ਵੀ ਤੂੰ ਹੈਂ ਤੇਰਾ ਖੇਲ੍ਹ ਨਿਆਰਾ। ਸਾਡੇ ਲਈ ਹੈਂ ਇਕੋ ਤੂਹੀ ਇਕੋ ਤੇਰਾ ਦੁਆਰਾ। ਅੰਬਰ ਆਲਮ ਧਰਤੀ ਤੇਰੀ ਤੂੰ ਹੀ ਹੈਂ ਖੁਦਾ। ਨੀਲ ਕੰਠ ਨਰ ਹਰ ਨਰਾਇਣ, ਨਾਥ ਨਾਗਧਾਰੀ। ਬ੍ਰਹਮਾ, ਬਿਸ਼ਨੂੰ ਪਰੀ ਪੂਰਣ, ਤੂੰ ਆਪੇ ਹੀ ਨਰ-ਨਾਰੀ। ਤ੍ਰਿਸ਼ੂਲ ਨਾਦ, ਮ੍ਰਿਗਸ਼ਾਲਾ ਨਦੀ ਤੇਰੀ ਸਵਾਰੀ ਨੰਦੀ। ਬੇਲ ਪੱਤਰ ਦੁੱਧ ਮਖਾਣੇ ਸੋਮਵਾਰ ਹੈ ਦਿਨ ਤੇਰਾ।

ਕੁਝ ਨਿੱਕੀਆਂ ਕਵਿਤਾਵਾਂ

ਇਨਸਾਨ ਮੇਰਾ ਹੈ ਜੇ ਮੈਂ ਇਨਸਾਨ ਹਾਂ ਤਾਂ ਹਰ ਇਨਸਾਨ ਮੇਰਾ ਹੈ। ਧਰਤੀ ਅੰਬਰ, ਚੰਦ, ਸੂਰਜ ਸਾਰਾ ਜਹਾਨ ਮੇਰਾ ਹੈ। ਸ਼ੀਆ, ਸੁੰਨੀ, ਸੂਫੀ, ਹਰ ਮੁਸਲਮਾਨ ਮੇਰਾ ਹੈ। ਗੁਰੂ ਨਾਨਕ, ਈਸਾ, ਚਿੰਗਸੂਣੀ, ਭਗਵਾਨ ਮੇਰਾ ਹੈ। ਮੇਰਾ ਈਮਾਨ ਨਾ ਮੈਂ ਆਲਮ ਨਾ ਮੈਂ ਤਾਰਾ ਨਾ ਕੋਈ ਅਸਮਾਨ। ਨਾ ਮੈਂ ਹਿੰਦੂ ਸਿੱਖ ਈਸਾਈ, ਨਾ ਮੈਂ ਮੁਸਲਮਾਨ। ਰੱਬ ਦੇ ਬੰਦਿਆਂ ਨਾਲ ਮੁਹੱਬਤ ਏਹੋ ਮੇਰਾ ਈਮਾਨ। ਜੋ ਬੁਲਾਵੇ, ਉਹੀ ਬੋਲਾਂ, ਮੈਂ ਤਾਂ ਬੰਦਾ ਹਾਂ ਨਾਦਾਨ। ਮਨ ਸ਼ਾਂਤ ਏਹ ਮਨ ਸੁੰਨ ਸ਼ਾਂਤ ਗਹਿਰੀ ਗੁਫ਼ਾ ਹੈ। ਅੰਬਰਾਂ ਸਾਗਰਾਂ ਦਾ, ਬੇਅਥਾਹ ਕਾਫ਼ਲਾ ਹੈ। ਜੇ ਮਨ ਅੰਦਰ ਪਿਆਰ ਦਇਆ ਖਿਮਾ ਹੈ। ਤਾਂ ਏਹੋ ਮਨ ਰੌਸ਼ਨ, ਬੁਲੰਦ ਖੁਦਾ ਹੈ। ਜੇ ਮਨ ਵਿਚ ਹਉਮੈ ਜਲਨ ਈਰਖਾ ਹੈ। ਤਾਂ ਏਹੋ ਮਨ ਦੁੱਖਾਂ ਵਿਚ ਧੁਖਦਾ ਧੂੰਆਂ ਹੈ। ਏਥੇ ਹੀ ਹਰਿਮੰਦਰ, ਕਾਸ਼ੀ ਮਥੁਰਾ ਹੈ। ਈਸਾ ਬੁੱਧਾ ਬਾਹੂ ਵਾਰਿਸ ਮੱਕਾ ਹੈ। ਨਾਮ ਤਾਂ ਹਰ ਜਗ੍ਹਾ ਵਿਚਾਰੇ ਰੱਬ ਦਾ ਹੈ। ਅਮਲ ਵਿਚ ਹਰ ਕੋਈ ਖੁਦ ਨੂੰ ਪੂਜਦਾ ਹੈ। ਕੈਲਾਸ਼ ਪਰਬਤ ਕੈਲਾਸ਼ ਪਰਬਤ ਹੈ ਉੱਚਾ ਪਰਬਤ ਸ਼ਿਵ ਸ਼ਕਤੀ ਦਾ ਸੱਚਾ ਪਰਬਤ। ਚਿੱਟਾ ਚਿੱਟਾ ਬਰਫ਼ ਨਾਲ ਭਰਿਆ। ਉੱਥੇ ਸ਼ਕਤੀ ਆਸਣ ਧਰਿਆ। ਧੰਨ ਗੁਰੂ ਅਰਜਨ ਦੇਵ ਜੀ ਅਖੰਡ ਅਥਾਹ ਧੰਨ ਗੁਰੂ ਅਰਜਨ। ਬੇਪਰਵਾਹ ਧੰਨ ਗੁਰੂ ਅਰਜਨ। ਸ਼ਾਹਾਂ ਦੇ ਸ਼ਾਹ ਧੰਨ ਗੁਰੂ ਅਰਜਨ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ। ਗਰੀਬ ਨਵਾਜ ਧੰਨ ਗੁਰੂ ਅਰਜਨ। ਸੁੱਖਾਂ ਦੇ ਸਾਜ ਧੰਨ ਗੁਰੂ ਅਰਜਨ। ਆਪ ਨਿਰੰਕਾਰ ਧੰਨ ਗੁਰੂ ਅਰਜਨ। ਕਲਿਯੁਗ ਅਵਤਾਰ ਧੰਨ ਗੁਰੂ ਅਰਜਨ। ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਜੀ ਸਭ ਨੂੰ ਦਸਦੇ, ਰੱਬ ਦੀ ਕਥਾ ਪਿਆਰੀ। ਪ੍ਰੇਮ ਭਗਤੀ ਨਾਲ ਮਿਲੇਗੀ, ਗਿਆਨ ਤੇ ਸ਼ਕਤੀ ਭਾਰੀ। ਸਭ ਦੁਨੀਆਂ ਨੂੰ ਵੰਡੀ ਜਾਂਦੇ, ਨਾਮ ਦਾ ਅੰਮ੍ਰਿਤ ਸਾਂਝਾ। ਸੱਚੇ ਪ੍ਰਸਾਦਿ ਨਾਮ ਦਾਨ ਤੋਂ, ਕੋਈ ਰਹੇ ਨਾ ਵਾਂਝਾ। ਪਵਣ ਗੁਰੂ ਤੇ ਧਿਆਨ ਟਿਕਾਏ, ਸ਼ਬਦ ਦੀ ਕਰੋ ਸਵਾਰੀ। ਸੁਨਹਿਰੀ ਮੰਦਰ ਗੁਰੂ ਰਾਮਦਾਸ ਦਰਬਾਰ, ਚਾਰ ਨੇ ਇਸਦੇ ਦਵਾਰ। ਮਸ਼ਹੂਰ ਹੈ ਵਿਚ ਸੰਸਾਰ, ਅੰਮ੍ਰਿਤ ਬਰਸੇ ਕਿਰਪਾ ਧਾਰ। ਸਭ ਦਾ ਸਾਂਝਾ ਸੁਨਹਿਰੀ ਮੰਦਰ, ਕੀਰਤਨ ਹੋਏ ਕਣ ਕਣ ਅੰਦਰ। ਕੋਈ ਵੀ ਏਥੇ ਸੀਸ ਝੁਕਾਵੇ, ਮੰਗੀਆਂ ਮੁਰਾਦਾਂ ਏਥੋਂ ਪਾਵੇ। ਸਾਹਿਬੇ-ਮੁਹੰਮਦ ਸਾਹਿਬੇ ਮੁਹੰਮਦ, ਪੈਗ਼ੰਬਰ ਏ ਖੁਦਾ। ਕਬੂਲ ਕਰਨਾ ਨਾਚੀਜ਼ ਕਾ ਸਜਦਾ। ਤੂੰ ਖੁਦਾ ਕਾ ਨੂਰ, ਨੂਰੇ ਇਲਾਹੀ, ਮੈਂ ਤੇਰੀ ਦਰਗਾਹ ਕਾ ਸੱਚਾ ਰਾਹੀਂ। ਮੈਂ ਤੋ ਨਾਪਾਕ ਹੂੰ ਭੂਲਾ ਭਟਕਾ। ਨਾਨਕ ਕਾ ਦੀਵਾਨਾ ਨਾਨਕ ਪੇ ਫਿਦਾ। ਅਵਲ ਅਲਾ ਨੂਰ ਹੈ ਸਭ ਜਗਾ। ਤੂੰ ਸਦਾ ਮੇਹਰਬਾਂ ਮੈਂ ਕਰਤਾ ਹੂੰ ਖਤਾ। ਤੇਰੀ ਮੇਹਰ ਸੇ ਯੇ ਆਲਮ ਚਲ ਰਿਹਾ। ਆਦਮੀ ਸਦੀਆਂ ਤੋਂ ਸਦੀਆਂ ਜੀਣ ਲਈ ਤੱਤਪਰ ਹੈ ਆਦਮੀ। ਕਦੇ ਹਿਟਲਰ, ਕਦੇ ਪੋਰਸ, ਕਦੇ ਸਿਕੰਦਰ ਹੈ ਆਦਮੀ। ਕਦੇ ਥਲ, ਕਦੇ ਪਰਬਤ, ਕਦੇ ਸਮੁੰਦਰ ਹੈ ਆਦਮੀ। ਕਦੇ ਮਿੱਟੀ, ਕਦੇ ਪਾਣੀ, ਕਦੇ ਅੰਬਰ ਹੈ ਆਦਮੀ। ਕਦੇ ਰੰਗ, ਕਦੇ ਫੁੱਲ, ਕਦੇ ਮਹਿਕ ਕਦੇ ਸ਼ੋਖੀਆਂ। ਕਦੇ ਕੰਡੇ ਕਦੇ ਮਿੱਟੀ ਕਦੇ ਪੱਥਰ ਹੈ ਆਦਮੀ। ਗਿਣਤੀ ਇਕ ਦੋ ਤਿੰਨ ਚਾਰ, ਸਭ ਨੂੰ ਕਰੀਏ ਪਿਆਰ। ਪੰਜ ਛੇ ਸੱਤ, ਸੁਣੀਏ ਬੋਲੀਏ ਸੱਚ। ਅੱਠ ਨੌ ਦੱਸ। ਰੱਬ ਦਾ ਕਰੀਏ ਜੱਸ।

ੴ ਸਤਿਗੁਰ ਪ੍ਰਸਾਦਿ-ਸਲੋਕ

ਆਲਮ ਦਿਲ ਅੰਦਰ ਵੀ ਜਪ ਤੂੰ ਮੁੱਖ ਤੋਂ ਵਾਹਿਗੁਰੂ ਬੋਲ। ਉਹ ਸਤਿਗੁਰ ਦਇਆਵਾਨ ਹੈ ਭਰੇਗਾ ਤੇਰੀ ਝੋਲ। ਆਲਮ ਬਹਿਸ ਵਿਚਾਰਾਂ ਛੱਡ ਕੇ, ਮਨ ਦੀ ਪੱਤਰੀ ਫੋਲ। ਹੌਲੀ ਹੌਲੀ ਨਿਤ ਨੇਮ ਨਾਲ, ਆਵੇਗਾ ਤੇਰੇ ਕੋਲ। ਆਲਮ ਪੱਲਾ ਫੜ ਲੈ ਰਾਮ ਦਾ, ਮੈਂ ਆਪਣੀ ਤੂੰ ਛੱਡ। ਸਭ ਕੁਝ ਲੇਖੇ ਪਵੇਗਾ ਮਾਸ ਚਰਬੀ ਤੇ ਹੱਡ। ਆਪੇ ਨੂੰ ਆਲਮ ਆਖ ਕੇ, ਮੈਂ ਨੂੰ ਕਰਨਾ ਵੱਡ। ਅਗਨੀ ਮਿੱਟੀ ਪਾਣੀਆਂ ਰੁਲਣਗੇ ਦੇਹੀ ਹੱਡ। ਤੂੰ ਨੀਚ ਹੈਂ, ਤੂੰ ਕਮੀਨ ਹੈਂ ਜ਼ਾਤ ਤੇਰੀ ਤਰਖਾਣ। ਪੜ੍ਹ ਕੇ ਚਾਰ ਦਵਾਈਆਂ, ਬਣ ਨਾ ਵੈਦ ਮਹਾਨ। ਮਨ ਸੁਪਨੇ ਜਾਲ ਬਣਾਂਵਦਾ ਮਨ ਨੂੰ ਅੰਦਰੋਂ ਜਾਣ। ਗੁਰੂ ਦੇ ਸ਼ਬਦ ਨੂੰ ਜਪ ਕੇ ਮਨ ਦੀ ਕਰ ਪਹਿਚਾਣ। ਮਨ ਅਲੌਕਿਕ ਸੁਪਨੇ ਸਾਜਦਾ ਸੁਪਨਿਆਂ ਦਾ ਸੁਲਤਾਨ। ਏਹ ਰਾਜਸ ਤਾਮਸ ਖਾਂਵਦਾ ਰਹਿੰਦਾ ਸਦਾ ਜਵਾਨ। ਮਨ ਕਰਦਾ ਹੈ ਬੇਈਮਾਨੀਆਂ ਚੋਰ ਹਰਾਮੀ ਠੱਗ। ਏਹਨੇ ਚਾਲਾਂ ਚੱਲ ਕੇ ਤਿਖੀਆਂ, ਵੱਸ ਕੀਤਾ ਸਾਰਾ ਜੱਗ। ਸੁੰਨਤ ਕਰ, ਚਾਹੇ ਬੋਦੀ ਰੱਖ, ਰੱਖ ਲੈ ਦਾਹੜੀ ਪੱਗ। ਜਿਹਨੇ ਮਨ ਜਿਤਿਆ ਆਪਣਾ, ਉਹਨੇ ਜਿਤਿਆ ਜੱਗ। ਵਿਗਿਆਨ ਨੇ ਵਿਗਾੜਿਆ ਅਹਾਰ ਵਿਹਾਰ ਆਚਾਰ। ਲਾਇਲਾਜ ਹੋ ਗਿਆ ਆਲਮ ਸਭ ਬੀਮਾਰ। ਬਾਬੇ ਨਾਨਕ ਆਖਿਆ ਐਸਾ ਖਾਣਾ ਖੁਸ਼ੀ ਖੁਆਰ। ਜਿਤ ਖਾਧਿਆਂ ਤਨ ਪੀੜੀਐ ਮਨ ਮਹਿ ਚਲੈ ਬਿਕਾਰ। ਛੱਡ ਦੇਹ ਦੁਨੀਆਂ ਦੇਖਣੀ, ਆਪਣੇ ਆਪ ਨੂੰ ਦੇਖ ਆਲਮ ਦਿਖਾਵਾ ਛੱਡ ਕੇ, ਧਾਰ ਲੈ ਸੱਚ ਦਾ ਭੇਖ। ਭੇਖ ਬਣਾਕੇ ਭੇਖੀਆਂ ਲੁੱਟਿਆ ਸਾਰਾ ਜੱਗ। ਆਲਮ ਦੇ ਵਿਚ ਰਹਿ ਕੇ ਮਨ ਨੂੰ ਰੱਖ ਅਲੱਗ। ਨਾਨਕ ਗੁਰੂ ਜੀ ਕਹਿ ਗਏ, ਆਪਣੇ ਮਨ ਨੂੰ ਖੋਜ। ਮਨ ਵਿਚ ਮਨ ਟਿਕਾਏ ਕੇ ਈਦ ਮਨਾ ਲੈ ਰੋਜ਼। ਕਾਮ ਕ੍ਰੋਧ ਅਤੇ ਲੋਭ ਦਾ ਬੱਕਰਾ ਕਰ ਹਲਾਲ ਮੱਕੇ ਦਾ ਹੱਜ ਆਲਮਾ ਸਦਾ ਹੀ ਤੇਰੇ ਨਾਲ। ਦਇਆ ਕਰ ਗਰੀਬ ਤੇ, ਥੋੜ੍ਹੀ ਖਾ ਲੈ ਆਪ। ਕਿਸੇ ਦਾ ਦੁੱਖ ਵੰਡਣਾ ਏਹੋ ਸਿਮਰਨ ਜਾਪ। ਤਾਰਾ ਉਹਨੂੰ ਆਖਦੇ, ਜੋ ਚਾਨਣ ਕਰਦਾ ਦਾਨ। ਧਰਤੀ ਤੇ ਲੋ ਵੰਡਦਾ ਆਪ ਰਹੇ ਅਸਮਾਨ। ਨਾ ਤੂੰ ਆਲਮ ਤਾਰਾ ਹੈਂ ਨਾ ਤੈਨੂੰ ਕੋਈ ਗਿਆਨ। ਆਪਣਾ ਆਪ ਤੂੰ ਮਾਰ ਲੈ ਜੇ ਹੋਣੈ ਦਰ ਪਰਵਾਨ। ਛੱਡ ਸਿਆਣਪਾਂ ਸਾਰੀਆਂ ਭੁੱਲ ਜਾ ਗਿਆਨ ਧਿਆਨ। ਪੂਰਨ ਜੋਤ ਬ੍ਰਹਮ ਦੀ ਅੰਦਰ ਆਪਣੇ ਜਾਣ। ਛੱਡ ਦੇਹ ਮੱਤਾਂ ਦੇਣੀਆਂ ਆਪਣਾ ਆਪ ਪਹਿਚਾਣ। ਨਾਨਕ ਨਾਨਕ ਜੱਪ ਕੇ ਤੇਰਾ ਹੋ ਜਾਊ ਕਲਿਆਣ। ਵੱਡੀ ਰਹਿਮਤ ਰੱਬ ਦੀ ਮਰਨਾ ਜਿਸਨੂੰ ਯਾਦ। ਯਾਦ ਮੌਤ ਦੀ ਰੂਹ ਨੂੰ ਪੂਰਨ ਕਰੇ ਅਜ਼ਾਦ। ਸੱਚੀ ਇਬਾਦਤ ਰੱਬ ਦੀ ਸੱਚੀ ਏਹ ਫ਼ਰਿਆਦ ਮੁਰਦਾ ਹੋਏ ਮੁਰੀਦ ਜਦ ਪੂਰਨ ਹੋਏ ਮੁਰਾਦ। ਮੌਤ ਬਣੇ ਜਦ ਜ਼ਿੰਦਗੀ, ਸੱਚਾ ਏਹ ਵਿਸਮਾਦ। ਏਹੋ ਸਿਮਰਨ ਧਿਆਨ ਹੈ ਰਹੇ ਅੰਤ ਤੇ ਆਦਿ। ਵਾਰੀ ਆਪੋ ਆਪਣੀ, ਸਭ ਨੇ ਇਕ ਦਿਨ ਜਾਣਾ। ਮੋਹ ਮਮਤਾ ਵਿਚ ਫਸਿਆ, ਰੋਂਦਾ ਫਿਰੇ ਜ਼ਮਾਨਾ। ਸ਼ੋਹਰਤਾਂ ਤੇ ਚੌਧਰਾਂ ਕੀਤਾ ਮਨ ਦੀਵਾਨਾ। ਚਲਣੀਆਂ ਨਹੀਂ ਸਿਆਣਪਾਂ ਬਣਨਾ ਕੋਈ ਬਹਾਨਾ। ਸਰਾਂ ਨੂੰ ਮੰਨ ਕੇ ਬੈਠ ਗਿਐ ਪੱਕਾ ਏਹ ਠਿਕਾਣਾ। ਵਸਤੂਆਂ ਵਿਚ ਬਾਂਵਰਾ ਬਣਿਐ ਫਿਰਦੈ ਦਾਨਾ। ਖਾਹਸ਼ਾਂ ਦੇ ਵਿਚ ਉਲਝਿਆ ਕਰਦੈਂ ਕੰਮ ਬਚਕਾਨਾ। ਆਲਮ ਰੋਜ਼ ਦਿਹਾੜੇ ਦੇਖ ਤੂੰ ਦੁਨੀਆਂ ਆਵਣ ਜਾਣਾ। ਵਿਰਲੇ ਗੁਰਮੁਖ ਜਪਣਗੇ ਲਾਏ ਅੰਤਰ ਧਿਆਨਾ। ਕੁਲ ਜੁਗ ਦੇ ਵਿਚ ਹੋਏਗਾ, ਕੀਰਤਨ ਹੀ ਪਰਧਾਨਾ। ਸਤਿਗੁਰ ਜੀ ਵਰਤਾਇਆ, ਅਮੋਲ ਅਥਾਹ ਗਿਆਨਾ। ਮੌਤ ਲਈ ਨਹੀਂ ਆਪਣਾ, ਨਾ ਕੋਈ ਬੇਗਾਨਾ। ਉਹੀ ਆਲਮ ਸੂਰਮਾ, ਜਿਨ ਏਹ ਤੱਤ ਪਹਿਚਾਨਾ। ਹਰ ਪਲ ਏਹੋ ਯਾਦ ਰੱਖ ਤੂੰ ਵੀ ਇਕ ਦਿਨ ਜਾਣਾ। ਆਲਮ ਗ਼ਰਜ਼ਾਂ ਦਾ ਸੰਸਾਰ ਹੈ ਏਹੋ ਆਖਰੀ ਸੱਚ। ਰਾਹ ਏਹਦੇ ਪਰਛਾਈਆਂ ਵਿਚ ਕਿਰਚਾਂ ਕਚੋ ਕੱਚ। ਧੀਆਂ ਪੁੱਤਰ ਧਨ ਬੰਗਲੇ ਨਾ ਰਹਿਣਾ ਕੋ ਅਖੀਰ। ਸਦਾ ਹੈ ਤੇਰੇ ਨਾਲ ਜੋ ਰਹਿਣਾ ਨਹੀਂ ਸਰੀਰ। ਰਾਜੇ ਰੰਕ ਸਭ ਜੋਤਸ਼ੀ ਤੁਰ ਗਏ ਸਭ ਫ਼ਕੀਰ। ਲੇਖਾ ਆਪੋ ਆਪਣਾ ਲਿਖਿਆ ਜੋ ਤਕਦੀਰ। ਸਭ ਨੂੰ ਮੌਤ ਹੈ ਆਵਣੀ ਕਦੇ ਨਾ ਸਕਦੀ ਟਲ। ਕਿਹੜੇ ਥਾਂ ਕਦ ਆਵਣੀ ਕਿਸ ਘੜੀ ਕਿਸ ਪਲ। ਕੋਈ ਜਾਣੇ ਪਿਆਰਾ ਰੱਬ ਦਾ, ਪੂਰਾ ਬਲੀ ਬੋਲ। ਜੋ ਟਪੂੰ ਟਪੂੰ ਸੀ ਕਰਦੀ ਉਹ ਦੇਹੀ ਹੋਣੀ ਅਚੱਲ। ਤੈਥੋਂ ਡਰ ਡਰ ਭੱਜਣਗੇ ਜੋ ਖਾਂਦੇ ਰਹੇ ਤੇਰੀ ਖੱਲ। ਵਸੀਅਤਾਂ ਸਭੇ ਸਾਂਭ ਕੇ, ਰੋ ਰੋ ਕਰਨ ਦਿਖੱਲ। ਸਭ ਕੁਝ ਸਾਹਵੇਂ ਵੇਖ ਕੇ ਮੋਹ ਵਿਚ ਹਰਿਆ ਬੱਲ। ਆਲਮ ਸੰਗਤ ਕਰ ਲੈ ਸੰਤ ਦੀ ਜੋ ਪੂਰੀ ਦੇਵੇ ਅਕਲ। ਮਨ ਆਪਣੇ ਘਰ ਵਿਚ ਆਂਵਦਾ ਓਦੋਂ ਪੈਂਦੀ ਠੱਲ। ਅੰਤ ਵੇਲੇ ਏਹ ਹੋਵਣਾ, ਕੁਝ ਹੋਣਾ ਨਹੀਂ ਨਵਾਂ। ਯਾ ਕਬਰ ਤੇਰੀ ਬਣਾਉਣਗੇ ਜਾ ਅੱਗ ਦੇਣਗੇ ਲਾ। ਰਾਖ ਤੇ ਹੱਡੀਆਂ ਸੁਟਣਗੇ ਡੂੰਘੇ ਵਿਚ ਦਰਿਆ। ਅੰਤ ਵੇਲੇ ਸਭ ਕਹਿਣਗੇ ਗੁਰਮੁਖ ਸੀ ਬੜਾ। ਭਾਵੇਂ ਨਰਕਾਂ ਦੇ ਵਿਚ ਭੋਗਦਾ, ਹੋਵੇ ਪਿਆ ਸਜ਼ਾ। ਅਰਦਾਸਾਂ ਏਹੋ ਹੋਣੀਆਂ ਬੰਦਾ ਸਵਰਗ ਗਿਆ। ਨਾ ਭਾਈ ਪੰਡਤ ਜਾਣਦੇ, ਨਾ ਮੁੱਲਾਂ ਨੂੰ ਪਤਾ। ਕਿੰਨੀ ਵਾਰ ਆਇਆ ਜੱਗ ਤੇ, ਹੈ ਕਿਥੇ ਜਾ ਰਿਹਾ। ਪਿਛਲੇ ਜਨਮਾਂ ਦੀ ਪੂੰਜੀ ਲੈ ਕੇ ਜੋ ਵੀ ਜਗ ਤੇ ਆਏ। ਨਾ ਕੋਈ ਕਰਦੇ ਘਾਲਣਾ ਬੈਠੇ ਹੀ ਫਿਰ ਖਾਏ। ਕੱਖਾਂ ਦਾ ਸੀ ਉਹ ਮਾਲਕ ਲੱਖਾਂ ਦਾ ਬਣ ਜਾਵੇ। ਆਲਮ ਏਹੋ ਕੌਤਕ ਦਾਤਾ ਆਪੇ ਆਪ ਰਚਾਏ। ਇਹ ਤਾਂ ਉਹੀ ਸਮਝਦਾ ਜੀਹਨੂੰ ਉਹ ਸਮਝਾਏ। ਹਰ ਹਾਲ ਵਿਚ ਉਸਦਾ, ਉਹੋ ਸ਼ੁਕਰ ਮਨਾਏ। ਇਕ ਦਿਨੇ ਰਾਤੀ ਗਾਂਵਦੇ ਆਪਣੇ ਚਰਨੀਂ ਲਾਏ। ਇਕ ਫਿਰਦੇ ਭਟਕਦੇ ਚਕਰੀਂ ਪਾਏ। ਕਈ ਕਈ ਪਾਪੜ ਵੇਲਦੇ ਕੁਝ ਹੱਥ ਨਾ ਆਏ। ਉਹ ਆਲਮ ਮੌਜਾਂ ਮਾਣਦੇ ਜੋ ਰੱਬ ਬਖਸ਼ਾਏ। ਕੋਈ ਕਬਰੀਂ ਫੁੱਲ ਬੀਜਦਾ ਕੋਈ ਚਿਰਾਗ ਰਿਹਾ ਜਲਾ। ਬਿਨਾਂ ਸੋਚੇ ਨਾਮ ਤੋਂ, ਬੰਦਾ ਚੱਕਰ ਵਿਚ ਪਿਆ। ਭੇਦ ਏਹ ਜੰਮਣ ਮਰਨ ਦਾ ਰੱਖਿਆ ਹੱਥ ਖੁਦਾ। ਆਲਮ ਕਿਆਮਤ ਹੋ ਜਾਏਗੀ ਜੇ ਪੜਦਾ ਉਠ ਗਿਆ। ਸਦ ਕੇ ਵਾਰੀ ਉਹਨਾਂ ਤੋਂ ਜਿਨ੍ਹਾਂ ਘੜਿਆ ਆਪ। ਦਿਲ ਵਿਚ ਹਾਜ਼ਰ ਮੰਨਕੇ ਦਿਲ ਵਿਚ ਕਰਦੇ ਜਾਪ। ਦੁਨੀਆਂ ਐਸੀ ਚੀਜ਼ ਹੈ ਮੋਹ ਮਮਤਾ ਦੀ ਚੀਕ। ਆਲਮ ਸਦਕੇ ਉਨ੍ਹਾਂ ਦੇ ਜੋ ਸਮਝੇ ਗੱਲ ਬਰੀਕ। ਏਹ ਐਸੀ ਜਿੰਦ ਪ੍ਰਾਹੁਣੀ ਜਿਉਂ ਪਾਣੀ ਤੇ ਲੀਕ। ਅਚਾਨਕ ਏਹ ਤੁਰ ਜਾਵੇਗੀ ਨਾ ਕੋਈ ਸਮਾਂ ਤਰੀਕ। ਆਲਮ ਮੁਕਾਇਆ ਮੁੱੱਕਦੀ ਜੇ ਮੁਕਾਵੇਂ ਆਪ। ਸਮਾਂ ਸਾਂਭ ਲੈ ਕੀਮਤੀ ਜੱਪ ਲੈ ਸੱਚਾ ਜਾਪ। ਏਹੋ ਗੁਰੂ ਏਹ ਲਾਲ ਨੇ ਜੋ ਚੱਲਣ ਤੇਰੇ ਸਾਹ। ਆਲਮ ਕੋਈ ਨਾ ਸਕਦਾ ਏਹਨਾਂ ਦੀ ਕੀਮਤ ਪਾ। ਗੁਰੂ ਦੀ ਸ਼ਰਨ ਵਿਚ ਹੋ ਜਾਹ ਆਲਮ ਤੂੰ ਫਿਦਾ। ਤਨੁ ਮਨੁ ਧਨੁ ਸਭ ਸੌਂਪ ਕੇ, ਟਿਕ ਜਾਹ ਵਿਚ ਰਜ਼ਾ। ਸੰਗਤ ਕਰ ਤੂੰ ਸਾਧ ਦੀ ਜਿਨ੍ਹਾਂ ਸਾਧਿਆ ਆਪ। ਕਈ ਜਨਮਾਂ ਦੇ ਮਿਟ ਜਾਣਗੇ ਜੋ ਤੈਂ ਕੀਤੇ ਪਾਪ। ਸਾਧੂ ਮੂਰਤ ਰੱਬ ਦੀ ਗੁਰੂ ਨਾਨਕ ਦਾ ਫੁਰਮਾਨ। ਸੁਰਤ ਸ਼ਬਦ ਨੂੰ ਜੋੜ ਕੇ ਦਿੰਦੇ ਨਿੱਜ ਦਾ ਧਿਆਨ। ਸਾਧੂ ਉਹੀ ਆਖੀਏ ਜੋ ਦੁਨੀਆਂ ਤੋਂ ਨਿਰਲੇਪ। ਉਹ ਪੀਂਦੇ ਅੰਮ੍ਰਿਤ ਨਾਮ ਦਾ, ਨਾ ਕਿਸੇ ਦੀ ਮੰਨਦੇ ਝੇਪ। ਆਲਮ ਮਹਿਮਾ ਸਾਧ ਦੀ ਵੇਦ ਕਤੇਬੋਂ ਬਾਹਰ। ਗੁਰੂ ਅਰਜਨ ਫੁਰਮਾਇਆ, ਸਾਧੂ ਹੋ ਨਿਰੰਕਾਰ। ਆਲਮ ਸੱਚੇ ਸਾਧ ਨੂੰ ਜਾਣ ਸਕਣ ਨਾ ਲੋਗ। ਦਰਸ਼ਨ ਕਰਕੇ ਸਾਧ ਦੇ ਹੋ ਜਾਏ ਮਨ ਅਰੋਗ। ਨਿੰਦਾ ਕਰਨ ਜੋ ਸਾਧ ਦੀ, ਸਦਾ ਉਠਾਵਣ ਦੁੱਖ। ਨਿੰਦਕ ਨੂੰ ਸਤਾਵੰਦੀ ਲੋਭ ਮੋਹ ਦੀ ਭੁੱਖ। ਸੰਤ ਹੋਏ ਕਿਰਪਾਲ ਜੋ ਦੇਵੇ ਨਿੰਦਕ ਨੂੰ ਸੁੱਖ। ਉਥੇ ਭਾਈ ਬੈਠੇ ਦੁੱਖ ਭੋਗਦੇ ਜਿਥੋਂ ਆਲਮ ਭਾਲੇਂ ਸੁੱਖ। ਉਸਤਤਿ ਨਿੰਦਾ ਤਿਆਗੀਏ, ਬਚਨ ਕਮਾਈਏ ਸੰਤ ਤਤਪਰ ਹਿਰਦੇ ਵਸ ਜਾਏ, ਸੱਚਾ ਉਹ ਭਗਵੰਤ। ਸੋਈ ਸੰਤ ਸੋਈ ਸੂਰਮਾ ਜਿਸ ਤੋਂ ਪ੍ਰਸੰਨ ਉਹ ਆਪ। ਰੋਗ ਸੋਗ ਨਾ ਚਿੰਤਾ ਹੋਵੇ, ਨਾ ਹੋਵੇ ਕੋਈ ਸੰਤਾਪ। ਸੇਵਕ ਦੀ ਸੁਣ ਬੇਨਤੀ ਹਿਰਦੇ ਵੱਸੇ ਆਪ। ਉਹੀ ਬੈਸ਼ਨੂੰ ਓਹੀ ਸੂਫੀ ਜੇ ਕਿਰਪਾ ਆਪ ਕਰੇ। ਸਾਸ ਸਾਸ ਉਹਦੀ ਯਾਦ ਵਿਚ ਜੀਉਂਦੇ ਜੀ ਮਰੇ। ਮੱਛੀ ਵਾਂਗੂੰ ਹਰੀ ਵਿਛੋੜਾ, ਇਕ ਪਲ ਨਾ ਜੀ ਕਰੇ। ਆਲਮ ਜਪ ਲੈ ਨਾਮ ਤੂੰ ਆਪਣੇ ਬੈਠ ਘਰੇ। ਆਲਮ ਤੇਰਾ ਕੋਈ ਨਹੀਂ, ਤੂੰ ਜਪ ਲੈ ਤੂਹੀਂ ਤੂੰ। ਆਪਣੇ ਆਪ ਨੂੰ ਮਾਰ ਕੇ, ਛੱਡ ਦੇਰ ਮੈਂ ਮੈਂ ਹੂੰ। ਤੇਰਾ ਤੁਰ ਗਿਆ, ਤੁਰ ਗਈ ਤੇਰੀ ਮਾਂ। ਤੂੰ ਵੀ ਆਲਮ ਛੱਡਣਾ ਇਕ ਦਿਨ ਏਹ ਗਰਾਂ। ਆਲਮ ਤੇਰਾ ਕੋਈ ਨਹੀਂ, ਮਤਲਬ ਦੇ ਸਭ ਲੋਕ। ਅੱਲਾ ਨੂੰ ਮਨ ਵੇਚ ਦੇਹ ਲੋਕ ਸਮਝ ਪਰਲੋਕ। ਮਨ ਤੇ ਦੇਹੀ ਭੋਗਦੇ ਸਵਾਦਾਂ ਨਾਲ ਜਦ ਭੋਗ। ਮਨ ਦੇਹੀ ਦੇ ਸਵਾਦ ਤੋਂ ਹੋਵਣ ਸਾਰੇ ਰੋਗ। ਬ੍ਰਹਿਮੰਡ ਨੂੰ ਚਲਾ ਰਹੇ ਸੰਜੋਗ ਅਤੇ ਵਿਯੋਗ। ਸੁਰਤ ਸ਼ਬਦ ਨੂੰ ਜੋੜਨਾ ਏਹੋ ਸੱਚਾ ਜੋਗ ਸਤਿਸੰਗ ਵਿਚ ਚੁਗਦੇ ਗੁਰਮੁਖ ਸੱਚਾ ਚੋਗ। ਉਹੀ ਆਲਮ ਸੰਤ ਹੈ ਨਾ ਖੁਸ਼ੀ ਮੰਨੇ ਨਾ ਸੋਗ। ਜੋਤ ਘਟੀ ਅੱਖਾਂ ਦੀ ਨਿਕਲਣ ਲੱਗੇ ਦੰਦ। ਮੁਰਦਾ ਹੋ ਗਏ ਅੰਗ ਸਭ ਕੋਈ ਨਾ ਕਰੇ ਪਸੰਦ। ਅਜੇ ਵੀ ਵੇਲਾ ਛੱਡ ਲੈ, ਕਾਮ, ਕ੍ਰੋਧ, ਲੋਭ, ਮੋਹ। ਆਲਮ ਕੰਮ ਨਾ ਆਵਣੇ ਜਿਨ੍ਹਾਂ ਲਈ ਕਰੇਂ ਧ੍ਰੋਹ। ਆਲਮ ਲੱਖਾਂ ਜੋੜਿਆਂ, ਅਜੇ ਨਾ ਆਇਆ ਰੱਜ। ਸਭ ਨੂੰ ਪੈਣਾ ਜਾਵਣਾ ਅੰਤ ਕਾਲ ਸਭ ਤੱਜ। ਆਲਮ ਮਰਨਾ ਸਭ ਕਹਿਣ, ਚਿਤੋਂ ਨਾ ਕੋਈ ਮਰੇ। ਕੋਈ ਵਿਰਲਾ ਸਿਮਰੇ ਮੌਤ ਨੂੰ ਆਪਣੇ ਚਿੱਤ ਧਰੇ। ਆਲਮ ਮਮਤਾ ਮੋਹ ਤਜਿਆ ਜਪਿਆ ਹਰੇ ਹਰੇ। ਤਤਕਾਲ ਪ੍ਰਭੂ ਆਇਆ ਸੇਵਕ ਦੇ ਘਰੇ। ਹਰ ਪਲ ਸੁੱਤਾ ਜਾਗਦਾ ਹਰ ਹਰ ਜਾਪ ਕਰੇ। ਆਲਮ ਉਥੇ ਹਰੀ ਆਪ ਹੈ, ਹਟਦਾ ਨਾ ਪਰੇ। ਲੱਖ ਪੁਰਾਣੇ ਧਰਮ ਨੇ, ਨਵਿਆਂ ਦੀ ਭਰਮਾਰ। ਲੱਖਾਂ ਬਣਦੇ ਬਣਨਗੇ, ਕਰਨਗੇ ਹੋਰ ਪਸਾਰ। ਏਹਨਾਂ ਸਾਰੇ ਮਹੌਲ ਨੂੰ ਕੀਤਾ ਧੁੰਧ ਗੁਬਾਰ। ਰੱਬ ਦੇ ਨਾਂ ਤੇ ਚਲ ਰਿਹਾ, ਜ਼ੋਰਾਂ ਦਾ ਕਾਰੋਬਾਰ। ਆਲਮ ਅੰਤ ਨੂੰ ਹੋਵਣਾ ਦਰਗਾਹ ਪੂਰਾ ਹਿਸਾਬ। ਚੋਰ ਫ਼ਕੀਰ ਅਮੀਰ ਦੀ, ਖੁਲ੍ਹਣੀ ਉਥੇ ਕਿਤਾਬ। ਖਾਵਣ ਮੱਛੀ, ਬੱਕਰੇ, ਪੀਂਦੇ ਜੋ ਸ਼ਰਾਬ। ਧਰਮ ਰਾਜ ਨੇ ਮੰਗਣਾ, ਉਹਨਾਂ ਕੋਲੋਂ ਹਿਸਾਬ। ਜੋ ਪੀਂਦੇ ਖੂਨ ਮਜ਼ਲੂਮ ਦਾ ਸਭਨਾਂ ਨਾਲੋਂ ਖਰਾਬ। ਉਹ ਨਰਕਾਂ ਅੰਦਰ ਸੜਣਗੇ, ਭੁਜਦਾ ਜਿਉਂ ਕਬਾਬ। ਆਲਮ ਇਕ ਧਿਆਏਂਗਾ ਤਾਂ ਆਊਗਾ ਇਕੋ ਨਜ਼ਰ। ਉਹ ਆਪੇ ਰਜ਼ਾ ਸਿਖਾਏਗਾ ਦਏਗਾ ਵੱਡੀ ਸਬਰ। ਉਹ ਇਕੋ ਮਨ ਬਣਾਏਗਾ ਕੀ ਜ਼ਿੰਦਗੀ ਦੀ ਕਬਰ। ਉਹ ਸਭ ਕੁਝ ਆਪੇ ਆਪ ਹੈ ਮਜ਼ਲੂਮ ਜ਼ਾਲਮ ਜਬਰ। ਘਰ ਵਿਚ ਕਰੇਂ ਕਲੇਸ ਤੂੰ, ਜਾਵੇਂ ਗੁਰਦੁਆਰ। ਕੀ ਤੂੰ ਕਰਮ ਕਮਾ ਰਿਹਾ, ਮਨ ਵਿਚ ਝਾਤੀ ਮਾਰ। ਤੂੰ ਕਾਹਦਾ ਸਿੱਖ ਅਖਾਂਵਦਾ ਕੀ ਏਹ ਸਿੱਖੀ ਦੀ ਕਾਰ? ਸਿੱਖੀ ਰੱਖ ਸਰੂਪ ਤੂੰ ਖਿਮਾ ਨੂੰ ਦਿਲ ਵਿਚ ਧਾਰ। ਘਰ ਵਿਚ ਮਾਂ ਬੀਮਾਰ ਹੈ ਬਾਪੂ ਤੜਪ ਰਿਹਾ। ਏਹਨਾਂ ਦੀ ਕਰ ਸੇਵ ਤੂੰ ਹੈ ਏਹੋ ਸਿਮਰਨ ਦਇਆ। ਪਤੀ ਦੀ ਪੱਤ ਪਤਨੀ, ਪਤੀ, ਪਤਨੀ ਦੀ ਪੱਤ। ਜੇ ਇਕ ਦੂਜੇ ਦੇ ਬਚਨ ਨੂੰ ਮੰਨਣ ਕਰਕੇ ਸੱਤ। ਹਰ ਹਰ ਉਥੇ ਆਪ ਹੈ ਜਿਥੇ ਏਹੋ ਮੱਤ। ਸਿੱਖੀ ਨਾਮ ਹੈ ਅਮਲ ਦਾ, ਸਿੱਖੀ ਸਿਖਿਆ ਗੁਰ ਵੀਚਾਰ। ਸਿੱਖੀ ਸਭ ਦਾ ਧਰਮ ਹੈ ਸਾਂਝਾ ਵਿਚ ਸੰਸਾਰ। ਸਾਂਝਾ ਗੁਰੂ ਗ੍ਰੰਥ ਹੈ ਏਹਦਾ ਕੋਈ ਨਾ ਠੇਕੇਦਾਰ। ਸਭ ਨੂੰ ਸਾਂਝਾ ਵੰਡਦਾ ਇਕੋ ਜਿਹਾ ਪਿਆਰ। ਕੋਈ ਪੜ੍ਹੇ ਕੋਈ ਖੋਜ ਲਏ, ਬਾਣੀ ਹੈ ਨਿਰੰਕਾਰ। ਕਮੀਨੇ ਬੌਣੇ ਬੰਦਿਆਂ, ਏਹਨੂੰ ਬੰਨਿ੍ਹਆ ਵਿਚ ਆਕਾਰ। ਬੰਨ੍ਹ ਕਿਵੇਂ ਕੋਈ ਸਕਦਾ, ਹਵਾ ਨੂੰ ਗੰਢਾਂ ਮਾਰ। ਜੋ ਪਾਣੀ ਪਾਉਣ ਮਧਾਣੀਆਂ ਹੋਣਗੇ ਅੰਤ ਖੁਆਰ। ਜੋ ਅੰਦਰੋਂ ਖਾਂਦੇ ਧਰਮ ਨੂੰ ਧਰਮ ਦੇ ਪਹਿਰੇਦਾਰ। ਆਲਮ ਰੱਬ ਸੱਚਾ ਹੈ ਜਾਣਦਾ, ਲਉ ਇਹਨਾਂ ਦੀ ਸਾਰ। ਗੁਰਦੁਆਰਿਆਂ ਵਿਚ ਵੱਧ ਰਹੀ ਚੌਧਰ ਦੀ ਵੱਡੀ ਭੁੱਖ। ਈਰਖਾ ਨਫਰਤ ਲੋਭ ਵੀ ਉਥੇ ਅੱਗ ਰਹੀ ਹੈ ਧੁੱਖ। ਕੁਰਸੀ ਖਾਤਰ ਕਰ ਰਹੇ, ਧਰਮ ਦਾ ਕਾਰੋਬਾਰ। ਜੱਗ ਨੂੰ ਸਿਖਿਆ ਦੇ ਰਹੇ ਰੇਡੀਓ, ਟੀ ਵੀ ਤੇ ਅਖਬਾਰ ਬਾਹਰੀ ਭੇਖ ਪਾਖੰਡ ਦੀ ਗੁਰੂਆਂ ਕੀਤੀ ਝੰਡ। ਪਹਿਲਾਂ ਨਾਲੋਂ ਵੀ ਵੱਧ ਗਿਆ ਸਿੱਖਾਂ ਵਿਚ ਪਾਖੰਡ। ਜਨੇਊ ਨੂੰ ਜੋ ਆਖਿਆ ਜਤ ਗੰਢੀ ਸਤ ਵੱਟ। ਪੰਜ ਕਕਾਰ ਪਹਿਨ ਕੇ ਅਸੀਂ ਕੀ ਕਰਦੇ ਘੱਟ? ਸ਼ਰਾਬਾਂ ਪੀ ਪੀ ਝਗੜਦੇ ਮਾਸ ਵੀ ਖਾਈਏ ਰੱਜ। ਪਗੜੀ ਦਾਹੜੀ ਰੱਖ ਕੇ ਪੁੱਠੇ ਕਰੀਏ ਚੱਜ। ਧਰਮ 'ਚ ਕੋਈ ਨਹੀਂ ਪੁੱਛਦਾ, ਕਿਸੇ ਨੂੰ ਮੁਢਲਾ ਗਿਆਨ। ਵਰਦੀ ਪਹਿਲਾਂ ਪੁਆ ਕੇ ਫਿਰ ਕਰਾਉਂਦੇ ਅੰਮ੍ਰਿਤ ਪਾਨ। ਨਾ ਪੰਜ ਤੱਤਾਂ ਬਾਰੇ ਖੋਲ੍ਹ ਕੇ ਕਰਦਾ ਕੋਈ ਵਿਖਿਆਨ। ਮਾਰੇ ਸਾਰੇ ਹਵਸ ਦੇ ਕਾਮ ’ਚ ਹੋਏ ਗਲਤਾਨ। ਅਮਲ ਤੋਂ ਖਾਲੀ ਰਟਦੇ ਸਤਿਗੁਰ ਦੇ ਫੁਰਮਾਨ। ਬੋਲੇ ਹੋਏ ਲੋਭ ਵਿਚ, ਕਰਦੇ ਫਿਰਨ ਗਿਆਨ। ਆਲਮ ਰਾਹ ਦਿਖਾਉਣ ਲਈ ਆਏ ਕੋਈ ਭਗਵਾਨ। ਵਿਦਿਆ ਪੜ੍ਹਕੇ ਬਣ ਗਿਆ ਬੰਦਾ ਹੋਰ ਸ਼ੈਤਾਨ। ਜਿਉਂ ਜਿਉਂ ਵਿਦਿਆ ਵੱਧ ਰਹੀ ਹੋ ਰਿਹਾ ਕੰਮ ਵੀਰਾਨ। ਸਭ ਕੁਝ ਉਲਟਾ ਹੋ ਰਿਹਾ ਕੀ ਰੱਬ ਨੂੰ ਏਹ ਪਰਵਾਨ? ਜੇ ਪੜ੍ਹਨੀ ਹੋਵੇ ਵਿਦਿਆ ਹੋਈਏ ਦਾਖਲ ਸਕੂਲ। ਕਈ ਵਾਰ ਜਗ੍ਹਾ ਨੀਂ ਹੋਂਵਦੀ ਗੱਲਾਂ ਕਰਨ ਫ਼ਜ਼ੂਲ। ਜੇ ਹੋਵੇ ਕਾਬਲ ਪਾੜਕੂ ਕਰ ਲੈਂਦੇ ਫੇਰ ਕਬੂਲ। ਉਹ ਪੈਸੇ ਲੈ ਕੇ ਦਸਦੇ, ਕਰੜੇ ਕਈ ਅਸੂਲ। ਦੁਨੀਆਵੀ ਲੈਣ ਲਈ ਵਿਦਿਆ ਕਰੀਏ ਬੜਾ ਬਾਬੂਲ। ਰੂਹਾਨੀ ਕਿਸੇ ਸਕੂਲ ਵਿਚ ਹੈ ਨਹੀਂ ਕੋਈ ਅਸੂਲ। ਸਭ ਤੋਂ ਪਹਿਲਾਂ ਦੇਖਦੇ ਬੱਚੇ ਦਾ ਮੁੱਢਲਾ ਗਿਆਨ। ਬੋਲ ਚਾਲ ਉਹਦੀ ਦੇਖਦੇ, ਉਹਦਾ ਕੈਸਾ ਖਾਨਦਾਨ। ਫੀਸ ਜਮ੍ਹਾਂ ਕਰਾਂਵਦੇ, ਹਥੋਂ ਹੱਥੀਂ ਲੈਂਦੇ ਦਾਨ। ਫੇਰ ਵਰਦੀ ਉਹਨੂੰ ਦੇਂਵਦੇ ਦੱਸਣ ਸਮੇਂ ਦਾ ਫੁਰਮਾਨ। ਸਮੇਂ ਤੋਂ ਢਿੱਲੇ ਸ਼ਿਸ਼ ਨੂੰ, ਭਰਨਾ ਪਵੇ ਲਗਾਣ। ਜਿਥੇ ਫਾਇਦਾ ਦਿਸੇ ਸਾਹਮਣੇ ਉਥੇ ਨਿਤਨੇਮ ਪੁੱਗ ਜਾਣ। ਕਲ੍ਹ ਨੂੰ ਕੀ ਹੈ ਹੋਵਣਾ ਸੁਨਣ ਕਹਿਣ ਤੋਂ ਬਾਹਰ। ਸਾਰੇ ਗ੍ਰੰਥ ਜਹਾਨ ਦੇ, ਅੱਜ ਕੰਪਿਊਟਰ ਵਿਚਕਾਰ। ਜੋ ਮਰਜ਼ੀ ਉਸ ਤੋਂ ਸੁਣ ਲਵੋ, ਬੋਲੇ ਨਾਲ ਪਿਆਰ। ਨਾ ਗੁੱਸੇ ਕਦੇ ਹੋਂਵਦਾ ਨਾ ਹੁੰਦਾ ਕਦੇ ਖੁਆਰ। ਪੱਕਾ ਕਰੈਟਰ ਉਸਦਾ, ਨਾ ਕਦੇ ਹੁੰਦਾ ਬਦਕਾਰ। ਮੋਬਾਇਲ ਫੋਨ ਵਿਚ ਗੁਰੂ ਗ੍ਰੰਥ ਜੀ, ਪੜ੍ਹੋ ਸੁਣੋ ਵਾਰ ਵਾਰ। ਚਿੱਪ ਦੇ ਵਿਚ ਪ੍ਰਕਾਸ਼ ਹੈ, ਜਿਹਦਾ ਅੱਖ ਤੋਂ ਛੋਟਾ ਅਕਾਰ। ਅਜੇ ਹੋਰ ਵੀ ਲੀਲਾ ਹੋਵਣੀ, ਰੱਖੀ ਪੜਦੇ ਵਿਚ ਕਰਤਾਰ। ਸਭ ਕੀਰਤਨ ਪਾਠ ਹੋਣਗੇ, ਨਾ ਜੂਠ ਦਾ ਕੋਈ ਡਰ। ਆਪਣੀ ਮਰਜ਼ੀ ਨਾਲ ਕਰ ਸਕੋਗੇ, ਉੱਚਾ ਨੀਵਾਂ ਸਵਰ। ਤੁਰਦੇ ਫਿਰਦੇ ਜੇਬ ਵਿਚ, ਚਾਹੇ ਰੱਖੋ ਬਾਬਾ ਘਰ। ਆਲਮ ਸਭ ਚਲਦਾ, ਰੱਬ ਦਾ ਚਲਾਇਆ ਚੱਕਰ। ਹੁੰਦਾ ਆਇਆ ਯੁਗਾਂ ਤੋਂ ਹੁੰਦਾ ਹੀ ਰਹਿਣਾ। ਬਾਹਰੀ ਏਹ ਸੰਸਾਰ ਹੈ ਬਾਹਰ ਹੀ ਇਹਨੇ ਬਹਿਣਾ। ਬਾਹਰੋਂ ਸਭ ਕੁਝ ਦਿਸਦਾ, ਕੁਝ ਦਿੱਸੇ ਨਾ ਅੰਦਰ। ਉਹਨੂੰ ਅੰਦਰ ਬਾਹਰ ਦਿਸਦਾ, ਜੇ ਚਾਹਵੇ ਆਪ ਪਤੰਦਰ। ਉਹ ਆਪੇ ਪੜਦਾ ਚੁੱਕਦਾ, ਆਪੇ ਪੜਦਾ ਪਾਉਂਦਾ। ਆਲਮ ਆਪੇ ਅੰਦਰ ਲਾਂਵਦਾ, ਆਪੇ ਬਾਹਰ ਭਵਾਉਂਦਾ। ਉਥੇ ਉਥੇ ਸਭ ਲੱਗੇ ਨੇ, ਜਿਥੇ ਜਿਥੇ ਉਹ ਚਾਹੁੰਦਾ। ਮੁਕਤ ਜੋ ਅੰਦਰ ਬਾਹਰ ਤੋਂ, ਰੱਬ ਦਾ ਰੂਪ ਅਖਾਉਂਦਾ। ਘਰ ਘਰ ਅੰਦਰ ਟੈਲੀਵਿਜਨ ਤਸਵੀਰਾਂ ਕਰੇ ਪਸਾਰ। ਸਦਾ ਹੋਵੇ ਤਸਵੀਰ ਦੀ ਪੂਜਾ, ਪਰ ਮੰਨਣ ਤੋਂ ਇਨਕਾਰ। ਧਰਮੀ ਲੋਕ ਸਭ ਫਿਲਮ ਬਣਾਉਂਦੇ, ਬਣਦੇ ਨੇ ਕਿਰਦਾਰ। ਫ਼ਿਲਮ ਦਾ ਕੈਦੀ ਨਾਲੇ ਪੁਜਾਰੀ ਅੱਜ ਸਾਰਾ ਸੰਸਾਰ। ਰੱਤਾ ਇਸ ਵਿਚ ਝੂਠ ਨਹੀਂ ਹੈ ਕਿਹਾ ਸੋਚ ਵਿਚਾਰ। ਬੰਦੇ ਦੇ ਕੁਝ ਵੱਸ ਨਾ ਆਲਮ ਲੀਲਾ ਕਰੇ ਕਰਤਾਰ। ਆਲਮ ਮਨ ਨੂੰ ਧੋ ਕੇ ਕਰ ਲੈ ਇਕੋ ਰੰਗ। ਕਰਮ ਧਰਮ ਗਿਆਨ ਦਾ ਬਦਲ ਜਾਊ ਫੇਰ ਢੰਗ। ਫੋਕਟ ਰਸਮਾਂ ਬੰਧਨਾਂ ਕੀਤਾ ਮਨ ਅਪੰਗ ਆਪਣੇ ਆਪ ਨੂੰ ਮਾਰ ਲੈ, ਛੇੜ ਕੇ ਸੱਚੀ ਜੰਗ। ਆਪਣਾ ਆਪ ਪੜਚੋਲ ਕੇ ਮਨ ਦੀ ਕਰ ਤੂੰ ਚੰਭ। ਸਭ ਭਰਮ ਭੁਲੇਖੇ ਮਿਟਣਗੇ ਕਦੇ ਨਾ ਹੋਊ ਹੰਭ। ਮਨ ਅੰਬਰੋਂ ਪਾਰ ਉਡਿਆ ਲਾ ਕੇ ਪਿਆਰ ਦੇ ਖੰਭ। ਆਲਮ ਹਰ ਹਰ ਹੋਇਆ ਮਿਟ ਗਈ ਸਭ ਅਚੰਭ ਆਲਮ ਕਾਲ ਨੂੰ ਜਪ ਲੈ, ਜੇ ਪਾਉਣਾ ਮਹਾਂ ਕਾਲ ਧਿਆਨ ਦਾ ਲਾਂਬੂ ਲਾਇਕੇ ਪਲ ਪਲ ਆਪਾ ਜਾਲ। ਤਨ ਮਨ ਲੂੰ ਲੂੰ ਬਲੇਗਾ ਜਦ ਲੱਗੀ ਨਾਮ ਦੀ ਅੱਗ। ਏਹ ਖੁਮਾਰੀ ਨਾਮ ਦੀ, ਹੰਢਾ ਸਕੇ ਨਾ ਜੱਗ। ਜਦ ਆਲਮ ਵਾਹਿਗੁਰੂ ਹੋ ਗਿਆ ਕੋਈ ਨਾ ਸਕੂ ਠੱਗ। ਤਨ ਮਨ ਸੂਰਤ ਵਿਚ ਰਚਿਆ, ਫੇਰ ਨਾ ਹੋਣਾ ਅਲੱਗ। ਆਲਮ ਚਿੱਟੇ ਕੱਪੜੇ, ਦਿਲ ਹੋਇਆ ਕਾਲਾ ਸਿਆਹ। ਲੋਕੀਂ ਬਾਹਰੋਂ ਬਾਹਰੋਂ ਆਖਦੇ ਵਾ ਵਾ ਵਾ ਵਾ। ਆਲਮ ਦਿਲ ਦੀ ਗੱਲ ਨੂੰ ਦਿਲ ਵਾਲਾ ਕੋਈ ਜਾਣੇ। ਦਿਲ ਉਹਦੇ ਕੋਲੇ ਖੋਲ੍ਹੀਏ ਜੋ ਦਿਲ ਦੀ ਰਮਜ਼ ਪਛਾਣੇ। ਆਲਮ ਖਾਲੀ ਦਿਲ ਵਾਲੜਾ, ਸੁਣੇਗਾ ਦਿਲ ਦਾ ਹਾਲ। ਦੁੱਖ ਹਰ ਕੇ ਸੁੱਖ ਦਏਗਾ ਸਾਈਂ ਜਿਸਦੇ ਨਾਲ। ਉਦੀਆਂ ਉਹੀ ਜਾਣਦਾ, ਜਿਸਨੂੰ ਆਪ ਜਣਾਏ। ਉਹ ਬੁਝੇ ਰਮਜ਼ਾਂ, ਜੀਹਨੂੰ ਆਪ ਬੁਝਾਏ। ਉਹਨੂੰ ਦਰਸ਼ਨ ਹੋਂਵਦੇ ਜਿਸ ਨੂੰ ਆਪ ਦਿਖਾਏ। ਜਿਸ ਤੇ ਹੋਏ ਦਇਆਲ ਉਹ ਉਸ ਨੂੰ ਅਲਖ ਲਖਾਏ। ਉਹ ਰੂਪ ਰੰਗ ਤੋਂ ਬਾਹਰਾ, ਆਪੇ ਰੂਪ ਬਣਾਏ। ਉਹ ਉਹੀ ਰੂਪ ਬਣਾ ਲਵੇ, ਜਿਹੋ ਜਿਹਾ ਸੇਵਕ ਚਾਹੇ। ਆਲਮ ਦੀ ਕਰੇਂ ਚਾਕਰੀ, ਸਿਰ ਨੂੰ ਚੜਾਵੇਂ ਭਾਰ। ਸੇਵਾ ਕਰੇਂ ਜੇ ਰੱਬ ਦੀ ਕੁੱਲਾਂ ਦੇਵੇ ਤਾਰ। ਆਲਮ ਦੀ ਕਰ ਚਾਕਰੀ, ਸਿਰ ਨੂੰ ਚੜੇ ਹੰਕਾਰ। ਲੋਕੀ ਵਾਹ ਵਾਹ ਕਰਣਗੇ, ਦਰਗਾਹੋਂ ਪੈਣੀਂ ਮਾਰ। ਆਲਮ ਹੋਇਆ ਚੌਧਰੀ, ਸੂਬੇ ਦਾ ਸਰਦਾਰ। ਏਥੇ ਕੀਤੀਆਂ ਭੋਗੇਂਗਾ ਸਾਈਂ ਦੇ ਦਰਬਾਰ। ਆਲਮ ਪਾਠੀ ਹੋ ਗਿਆ ਵੱਡਾ ਕਥਾਕਾਰ। ਬੜਾ ਸੁਰੀਲਾ ਕੀਰਤਨੀਆਂ ਸੰਗਤਾਂ ਦੇ ਵਿਚਕਾਰ ਬਾਣੀ ਰਾਗ ਵਿਚ ਗਾਂਵਦਾ ਗੁਰੂ ਦਾ ਪੈਰੋਕਾਰ। ਲੋਕਾਂ ਨੂੰ ਦਿਖਾਂਵਦਾ ਰੱਬ ਨਾਲ ਮੇਰਾ ਪਿਆਰ। ਜੇ ਆਪਣੇ ਆਪ ਨੂੰ ਤੱਕਿਆ, ਨਾ ਕੀਤੀ ਕਦੇ ਵਿਚਾਰ। ਪਰਵਾਨ ਕਦੇ ਨਾ ਹੋਵਣਾ ਜਾਣਾ ਸਭ ਬੇਕਾਰ। ਜੇ ਮਨ ਪੂਰਾ ਪੂਰਾ ਢਹਿ ਪਿਆ ਸਾਈਂ ਦੇ ਦੁਆਰ। ਫੇਰ ਨੂਰੋ ਨੂਰ ਦਿਸੇਗਾ, ਅੰਦਰ ਨਾਲੇ ਬਾਹਰ। ਦਇਆ, ਖਿਮਾ, ਸੱਚ, ਨਿਮਰਤਾ ਪੰਜਵਾਂ ਤਿਆਗ ਨਿਸ਼ਾਨ। ਕਾਮ, ਕਰੋਧ, ਲੋਭ, ਮੋਹ ਹੰਕਾਰ ਦੀ ਕਰ ਲੈ ਤੂੰ ਪਛਾਣ। ਆਲਮ ਸ਼ੋਹਰਤ ਤਿਆਗ ਦੇ, ਦਰ ਸੱਚੇ ਹੋ ਪਰਵਾਣ। ਹੱਸ ਹੱਸ ਕੇ ਪ੍ਰਭੂ ਪਿਆਰ ਲਈ ਹੋ ਜਾਹ ਕੁਰਬਾਨ। ਪੰਜ ਪਹਿਨੇ ਪੰਜ ਛੱਡ ਦਏ, ਉਹੀ ਸਿੱਖ ਮਹਾਨ। ਮਨ ਦੇ ਗ੍ਰੰਥ ਨੂੰ ਖੋਲ੍ਹ ਕੇ ਖੋਜੇ ਸੱਚਾ ਗਿਆਨ। ਸਦਾ ਰਹੇ ਵਿਚ ਨਿਮਰਤਾ ਛੱਡ ਕੇ ਮਾਣ ਤੇ ਤਾਣ। ਸੱਚ ਸਭਨਾਂ ਦੀ ਦਾਰੂ ਹੈ ਗੁਰੂ ਨਾਨਕ ਦਾ ਫੁਰਮਾਨ। ਉਸਦਾ ਪਰਮਾਰਥ ਸ਼ੁਧ ਹੈ ਜਿਸਦਾ ਸ਼ੁਧ ਵਿਹਾਰ। ਬਾਬਾ ਨੰਦ ਸਿੰਘ ਕਹਿ ਗਏ ਆਲਮ ਇਹ ਵਿਚਾਰ। ਸੁੰਨਤ ਕਰ ਯਾ ਜਨੇਉ ਪਾ, ਕਰ ਲੈ ਅੰਮ੍ਰਿਤ ਪਾਨ। ਅੰਨ੍ਹਾ ਬੋਲਾ ਹੋ ਜਾਵੇਂਗਾ ਜੇ ਮਨ ਵਿਚ ਧਰੇ ਗੁਮਾਨ। ਬੰਦਾ ਆਖਿਰ ਬੰਦਾ ਹੈ, ਸਿੱਖ, ਈਸਾਈ ਜਾਂ ਮੁਸਲਮਾਨ। ਜੇ ਸਾਰਿਆਂ ਦਾ ਰੱਬ ਇਕ ਹੈ, ਕੀ ਰੱਬ ਦਾ ਧਰਮ ਈਮਾਨ? ਰੰਗ ਰੂਪ ਨਾ ਉਸਦਾ, ਨਾ ਕੋ ਧਰਮ ਈਮਾਨ। ਉਹ ਵੈਸੀ ਸੂਰਤ ਧਾਰਦਾ, ਧਰੇ ਕੋ ਜੈਸਾ ਧਿਆਨ। ਰੱਬ ਦੇ ਸੱਚੇ ਪਿਆਰਿਆਂ ਉਹ ਬੰਨਿ੍ਹਆ ਪ੍ਰੇਮ ਦੇ ਨਾਲ। ਪਿਆਰਿਆਂ ਦੀ ਪੱਤ ਰਖਦਾ ਕਰਦਾ ਆਇਆ ਨਿਹਾਲ। ਉਹਦੇ ਭਗਤ ਬਲਾਉਂਦੇ ਬੋਲਦਾ, ਦੇਵੇ ਦਰਸ ਦਿਖਾਲ। ਦਿਸਦਾ ਕਿਸੇ ਕਿਸੇ ਨੂੰ, ਪਰ ਰਹਿੰਦਾ ਸਭ ਦੇ ਨਾਲ। ਮਿਲਦਾ ਸਹਜੇ ਕਈਆਂ ਨੂੰ ਕਈ ਥੱਕੇ ਘਾਲਣ ਘਾਲ। ਕਈ ਜਾਗਣ ਕਰਨ ਇਬਾਦਤਾਂ ਕਈ ਸੁਪਨੇ ਵਿਚ ਨਿਹਾਲ। ਉਹ ਵਾਰੇ ਨਿਆਰੇ ਕਰ ਦਏ, ਹੋ ਜਾਏ ਜਿਸ ਤੇ ਦਇਆਲ। ਜੁਗਾਂ ਜੁਗਾਂ ਤੋਂ ਕਰਦਾ ਆਇਆ ਭਗਤਾਂ ਦੀ ਰਖਵਾਲ। ਜਦੋਂ ਦਰਸ਼ਨ ਉਹਦੇ ਹੋਂਵਦੇ, ਮੁੱਕ ਜਾਣ ਸਭੇ ਸਵਾਲ। ਦਿਲ ਵਿਚ ਆਲਮ ਵੱਸ ਜਾਏ ਨੇੜ ਨਾ ਆਵੇ ਕਾਲ। ਗੁਰੂ ਨਾਨਕ ਸੀ ਸਾਜਿਆ, ਸਭ ਦਾ ਸਾਂਝਾ ਗ੍ਰੰਥ। ਅੰਬਰ ਸਾਗਰ ਰਿੜਕ ਕੇ ਵਿਚ ਰੱਖੇ ਲਾਲ ਅਨੰਤ। ਸਰਬ ਧਰਮ ਤੇ ਬੋਲੀਆਂ, ਗੁਰੂ ਭਗਤ ਤੇ ਸੰਤ। ਇਹਦਾ ਅੱਖਰ ਅੱਖਰ ਗੁਰੂ ਹੈ, ਮਹਿਮਾ ਬੜੀ ਬੇਅੰਤ। ਏਹ ਜੀਵਨ ਐਵੇਂ ਜਾ ਰਿਹਾ ਰਹੀਏ ਨਾਲ ਪਿਆਰ। ਜੀਵਨ ਦੇ ਵਿਚ ਢਾਲੀਏ ਗੁਰੂ ਦੀ ਗਹਿਨ ਵਿਚਾਰ। ਅਸੀਂ ਪੜਕੇ ਮੱਥਾ ਟੇਕ ਕੰਮ ਰਹੇ ਹਾਂ ਸਾਰ। ਆਲਮ ਬਿਨਾਂ ਅਮਲ ਤੋਂ ਨਹੀਂ ਹੋਣਾ ਬੇੜਾ ਪਾਰ। ਮਨ ਤੂੰ ਜੋਤ ਸਰੂਪ ਹੈਂ ਆਪਣਾ ਮੂਲ ਪਛਾਣ। ਆਲਮ ਹਰ ਜੀ ਤੇਰੇ ਨਾਲ ਹੈ ਬਾਣੀ ਦਾ ਫੁਰਮਾਨ। ਮਮਾ ਤਤਾ ਜੋੜ ਕੇ ਤੂੰ ਗੁਰੂ ਦੀ ਮਤ ਅਪਣਾ। ਮੈਂ ਤੂੰ ਦੇ ਝਗੜੇ ਛੱਡ ਕੇ ਹੋ ਜਾਹ ਬੇਪਰਵਾਹ। ਆਲਮ ਇਕੋ ਮੌਤ ਹੈ ਉਸਦੀ, ਇਕੋ ਉਸਦਾ ਰਾਹ। ਜਿਸ ਤੇ ਹੋਏ ਦਇਆਲ ਉਹ, ਉਸਨੂੰ ਦਏ ਜਣਾ। ਆਲਮ ਗੁਰਦੁਆਰੇ ਜਾਇਕੇ, ਕਰਦਾ ਫਿਰੇ ਚੁਗਲ। ਜਲਦਾ ਰਹੇ ਵਿਚ ਈਰਖਾ ਮਾਰੇ ਅਲ ਪਲਲ। ਕੌਡੀ ਦੇ ਭਾ ਜਾ ਰਹੀ, ਆਲਮ ਤੇਰੀ ਉਮਰ। ਜਿਸਦਾ ਹੀਰਾ ਜਨਮ ਏਹ, ਉਹਨੂੰ ਤੂੰ ਸਿਮਰ। ਦੇਹੀ ਕਿਤੇ ਨਹੀਂ ਮਿਲਣੀ, ਮੁੱਲ ਕਿਸੇ ਬਜ਼ਾਰ। ਇਕ ਵਾਰੀ ਜੋ ਬਣ ਗਈ, ਨਹੀਂ ਬਣਨੀ ਦੂਜੀ ਵਾਰ। ਤੇਰਾ ਇਕ ਇਕ ਅੰਗ ਜੋ, ਨਹੀਂ ਸਕਦਾ ਕੋਈ ਬਣਾ। ਆਲਮ ਏਹੋ ਤੂੰ ਸੋਚ ਕੇ, ਰੱਬ ਦਾ ਸ਼ੁਕਰ ਮਨਾ ਗੁਰਦੁਆਰਾ ਸਕੂਲ ਹੈ, ਆਲਮ ਤੂੰ ਨਿੱਤ ਜਾਹ। ਜੋ ਸਿੱਖਿਆ ਪੂਰੀ ਹੋ ਗਈ, ਘਰ ਬਹਿ ਕੇ ਮੌਜ ਮਨਾ। ਜੇ ਅਜੇ ਵੀ ਮਨ ਨਹੀਂ ਠਹਿਰਿਆ, ਨਾ ਏਥੇ ਸਮਾਂ ਗਵਾ। ਕੋਈ ਗੁਰਮੁਖ ਪੂਰਾ ਟੋਲ ਤੂੰ, ਜੋ ਦੇਵੇ ਸ਼ਬਦ ਸੁਰਤ ਵਿਚ ਪਾ। ਆਲਮ ਗੁਰਦੁਆਰੇ ਜਾਹ ਤੂੰ ਬਾਣੀ ਦਾ ਲੜ ਫੜ ਐਵੇਂ ਲੜਦਾ ਫਿਰੇਂ ਖਲਕ ਨਾਲ ਆਪਣੇ ਆਪ ਨਾਲ ਲੜ ਆਲਮ ਗੁਰਦੁਆਰੇ ਜਾਹ ਤੂੰ, ਗੁਰੂ ਜੀ ਗਏ ਫੁਰਮਾ। ਹਰਿਮੰਦਰ ਏਹੋ ਸਰੀਰ ਹੈ, ਇਸ ਵਿਚ ਸੁਰਤ ਟਿਕਾ। ਉਹ ਹਰ ਪਲ ਤੇਰੇ ਨਾਲ ਹੈ, ਪੱਕੀ ਕਰਕੇ ਮੰਨ। ਆਲਮ ਸਾਰਾ ਭੁੱਲ ਕੇ ਸੁਰਤ ਸ਼ਬਦ ਨਾਲ ਬੰਨ੍ਹ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਤਾਰਾ ਸਿੰਘ ਆਲਮ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ