Aalami Saaz : Tara Singh Aalam
ਆਲਮੀ ਸਾਜ਼ (ਕਾਵਿ ਸੰਗ੍ਰਹਿ) : ਤਾਰਾ ਸਿੰਘ ਆਲਮ
ਮੁਖ ਬੰਦ
ਡਾ. ਤਾਰਾ ਸਿੰਘ ਆਲਮ ਜੀ ਦੀਆਂ ਲਿਖੀਆਂ ਕਵਿਤਾਵਾਂ ਮਨ ਨੂੰ ਸਕੂਨ ਦੇ ਨਾਲ-ਨਾਲ ਬਹੁਤ ਹੀ ਸੱਚੇ ਸੁੱਚੇ ਸੰਦੇਸ਼ ਦਿੰਦੀਆਂ ਹਨ। ਪ੍ਰਮਾਤਮਾ ਦੀ ਭਗਤੀ ਲਈ ਪ੍ਰੇਰਦੀਆਂ ਹਨ। ਦੁਨਿਆਵੀ ਸ਼ਾਨੋ ਸ਼ੌਕਤ ਦੀ ਫੋਕਟ ਦਾ ਪਰਦਾ ਪਾਸ਼ ਕਰਦੀਆਂ ਇਹ ਰਚਨਾਵਾਂ ਸਮੇਂ ਦੀ ਲੋੜ ਬਣ ਗਈਆਂ ਹਨ ਕਿਉਂਕਿ ਮਨੁੱਖ ਮੋਹ ਮਾਇਆ ਦੇ ਜਾਲ ਵਿੱਚ ਫਸ ਕੇ, ਝੂਠੀਆਂ ਸ਼ੋਹਰਤਾ ਅਤੇ ਦੌਲਤਾਂ ਦੇ ਚੱਕਰ ਵਿੱਚ ਫਸ ਚੁੱਕਾ ਹੈ। ਮਨੁੱਖ ਨੇ ਇਸ ਅਸਥਾਈ ਪ੍ਰਾਪਤੀ ਖ਼ਾਤਰ ਰਿਸ਼ਤਿਆਂ ਦੀ ਪਵਿੱਤਰਤਾ ਅਤੇ ਰੂਹ ਦੀ ਸ਼ਾਂਤੀ ਗੁਆ ਲਈ ਹੈ ਅਤੇ ਇਨਸਾਨੀ ਮਨ ਨੂੰ ਇਸ ਭਟਕਣ ਵਿੱਚੋਂ ਬਾਹਰ ਕੱਢਣ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਭਾਈਚਾਰੇ ਨੂੰ ਸ਼ਬਦ-ਗੁਰੂ ਦਾ ਵਰਦਾਨ ਬਖ਼ਸ਼ਿਆ ਜਿਸ ਨਾਲ ਹਰ ਮਨੁੱਖ ਦਾ ਸਰਬਪੱਖੀ ਕਲਿਆਣ ਹੋ ਸਕੇ। ਡਾ. ਤਾਰਾ ਸਿੰਘ ਆਲਮ ਨੇ ਆਪਣੀ ਕਲਮ ਨੂੰ ਇੱਕ ਸਾਰਥਿਕ ਕਾਰਜ ਲਈ ਵਰਤਿਆ ਹੈ।
ਸਿੱਖ ਵਿਰਸਾ ਮਹਾਨ ਹੈ ਅਤੇ ਵਿਸ਼ਵ ਵਿੱਚ ਸੱਚ ਅਤੇ ਹੱਕ ਦੀ ਰਖਵਾਲੀ ਦੀ ਪ੍ਰਤੀਨਿਧਤਾ ਕਰਦਾ ਹੈ ਪੰਜਾਬੀ ਵੀਰ ਖ਼ਾਸ ਤੌਰ ’ਤੇ ਸਿੱਖ, ਅੱਜ ਦੁਨੀਆਂ ਦੇ ਹਰ ਕੋਨੇ ਵਸਦੇ ਹਨ ਇਸ ਲਈ ਜ਼ਰੂਰੀ ਹੈ ਕਿ ਸਾਡੇ ਗੁਰੂਆਂ, ਪੀਰਾਂ, ਫ਼ਕੀਰਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਅਤੇ ਆਦੇਸ਼ ਦਾ ਵੱਧ ਤੋਂ ਵੱਧ ਪਸਾਰ ਹੋਵੇ ਕਿਉਂਕਿ ਜੇ ਦੁਨੀਆਂ ਦਾ ਹਰ ਨਾਗਰਿਕ ਸਿੱਖ ਪੰਥ ਦੀਆਂ ਅਮੀਰ ਅਤੇ ਸੱਚੀਆਂ ਸੁੱਚੀਆਂ ਪਰੰਪਰਾਵਾਂ ਤੋਂ ਜਾਣੂੰ ਹੋਵੇਗਾ ਤਾਂ ਹੀ ਅਸੀਂ ਦੁਨੀਆਂ ਵਿੱਚ ਇੱਜ਼ਤ ਅਤੇ ਮਾਣ ਨਾਲ ਰਹਿ ਸਕਾਂਗੇ।
ਇਸ ਕਾਵਿ-ਸੰਗ੍ਰਹਿ ‘ਆਲਮੀ ਸਾਜ਼’ ਵਿਚਲੀਆਂ ਰਚਨਾਵਾਂ ਰਾਹੀਂ ਡਾ. ਤਾਰਾ ਸਿੰਘ ਆਲਮ ਨੇ ਸਾਡੇ ਮਹਾਨ ਗੁਰੂਆਂ ਦੇ ਜੀਵਨ ’ਤੇ ਵੀ ਝਾਤ ਪੁਆਈ ਹੈ। ਉਹਨਾਂ ਦੇ ਸੰਦੇਸ਼ ਵੀ ਦਰਸਾਏ ਹਨ ਅਤੇ ਅਜੋਕੇ ਸਮੇਂ ਦੀਆਂ ਸਮਾਜਕ ਕੁਰੀਤੀਆਂ ਤੋਂ ਵੀ ਪਰਦਾ ਚੁੱਕਿਆ ਹੈ ਇਸ ਲਈ ਇਹ ਕਾਵਿ-ਸੰਗ੍ਰਹਿ ਆਉਣ ਵਾਲੀਆਂ ਪੀੜੀਆਂ ਲਈ ਇੱਕ ਅਜ਼ੀਮ ਤੋਹਫ਼ਾ ਹੈ ਜੋ ਹਮੇਸ਼ਾ ਆਪਣੇ ਵਿਰਸੇ ਦੀ ਰੌਸ਼ਨੀ ਅਤੇ ਨਿੱਘ ਸੰਗਤਾਂ ਵਿੱਚ ਵੰਡਦਾ ਰਹੇਗਾ। ਡਾ. ਆਲਮ ਨੇ ਨਾਮ ਜਪਣ, ਕਿਰਤ ਕਰਨ, ਵੰਡ ਛਕਣ ਤੋਂ ਲੈ ਕੇ ਆਪਣਾ ਆਪਾ ਵਾਰਨ ਤੱਕ ਦੀ ਘਾਲਣਾ ਦਾ ਹੋਕਾ ਆਪਣੀਆਂ ਰਚਨਾਵਾਂ ਰਾਹੀਂ ਦਿੱਤਾ ਹੈ। ਇਹਨਾਂ ਰਚਨਾਵਾਂ ਨੂੰ ਜ਼ਰੂਰ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕਰਕੇ ਛਪਵਾਉਣਾ ਚਾਹੀਦਾ ਹੈ। ਮੈਂ ਡਾ: ਤਾਰਾ ਸਿੰਘ ਆਲਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੋਇਆ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਸਵੱਛ ਸਿਹਤ ਅਤੇ ਲੰਮੀ ਉਮਰ ਬਖ਼ਸ਼ਣ ਅਤੇ ਉਹ ਆਪਣੀ ਕਾਬਲੀਅਤ ਸਦਕਾ ਮਾਨਵਤਾ ਦੇ ਭਲਾਈ ਕਾਰਜਾਂ ਵਿੱਚ ਹੋਰ ਵੱਧ ਮਾਣਜਨਕ ਭੂਮਿਕਾ ਨਿਭਾਉਂਦੇ ਰਹਿਣ।
ਡਾ. ਸਰੂਪ ਸਿੰਘ ਅਲੱਗ
ਚੇਅਰਮੈਨ
ਅਲੱਗ ਸ਼ਬਦ ਜੱਗ ਚੈਰੀਟੇਬਲ ਟਰੱਸਟ ਲੁਧਿਆਣਾ
ਡਾ. ਆਲਮ ਦੀ ਸੋਚ ਨੂੰ ਸਲਾਮ
ਡਾ. ਤਾਰਾ ਸਿੰਘ ਆਲਮ ਦੀ ਕਵਿਤਾ ਜ਼ਿੰਦਗੀ ਦੇ ਬਹੁਤ ਹੀ ਨੇੜੇ ਅਤੇ ਅਸਲੀਪਣ ਦੀ ਗੱਲ ਕਰਦੀ ਹੈ। ਮਨੁੱਖਤਾ ਦੀ ਭਲਾਈ ਅਤੇ ਚੜ੍ਹਦੀ ਕਲਾ ਕਈ ਦੁਆਵਾਂ ਤੋਂ ਲੈ ਕੇ ਮਨੁੱਖੀ ਪਰਵਿਰਤੀਆਂ ਨੂੰ ਸੇਵਾ ਸਿਮਰਨ ਨਾਲ ਜੋੜਣ ਤੱਕ ਦਾ ਸੁਨੇਹਾ ਡਾਕਟਰ ਆਲਮ ਨੇ ਆਪਣੀ ਕਵਿਤਾ ਰਾਹੀਂ ਦਿੱਤਾ ਹੈ।
‘ਆਲਮੀ ਸਾਜ਼’ ਵਿੱਚ ਸ਼ਾਮਲ ਕਵਿਤਾਵਾਂ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਹੈ ਕਿ ਡਾਕਟਰ ਤਾਰਾ ਸਿੰਘ ਆਲਮ ਜ਼ਿੰਦਗੀ ਦੇ ਤਲਖ ਤਜਰਬਿਆਂ ਵਿੱਚੋਂ ਗੁਜ਼ਰਦੇ ਹੋਏ, ਭਗਤੀ ਵਿੱਚ ਸ਼ਕਤੀ ਦੇ ਸੰਕਲਪ ’ਤੇ ਕਾਇਮ ਖੜੇ ਹਨ। ਕਿਸੇ ਆਲਮੀ ਸ਼ਕਤੀ ਦੇ ਜ਼ੋਰ ’ਤੇ ਹੀ ਉਹਨਾਂ ਦੀ ਰੂਹ ਜਿੱਥੇ ਗੁਰ ਦਰਸ਼ਨ ਲਈ ਦ੍ਰਿੜ੍ਹ ਹੈ ਉੱਥੇ ਸਮਾਜ ਵਿੱਚ ਹੁੰਦੇ ਗ਼ੈਰ ਮਨੁੱਖੀ ਵਰਤਾਰਿਆਂ ਲਈ ਲਲਕਾਰ ਹੈ। ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣਾ ਲੇਖਕ ਦਾ ਧਰਮ ਹੁੰਦਾ ਹੈ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਆਲਮ ਸਾਹਿਬ ਸਮਾਜਕ ਸਰੋਕਾਰਾਂ ਪ੍ਰਤੀ ਆਪਣਾ ਫ਼ਰਜ਼ ਬਾਖ਼ੂਬੀ ਨਿਭਾਅ ਰਹੇ ਹਨ।
ਪਿਛਲੇ ਲੰਮੇਂ ਸਮੇਂ ਤੋਂ ਡਾਕਟਰ ਆਲਮ ਇੰਗਲੈਂਡ ਵਿੱਚ ਰਹਿ ਰਹੇ ਹਨ ਪਰ ਉਹਨਾਂ ਦੀ ਲੇਖਣੀ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਆਪਣੀ ਮਿੱਟੀ ਆਪਣੇ ਵਿਰਸੇ ਅਤੇ ਸੱਭਿਆਚਾਰ ਦੇ ਨਾਲ-ਨਾਲ ਗੁਰੂਆਂ, ਪੀਰਾਂ, ਫ਼ਕੀਰਾਂ ਦੇ ਦਿੱਤੇ ਸੰਦੇਸ਼ ਆਪਣੇ ਲੜ ਬੰਨ੍ਹੀ ਬੈਠੇ ਹਨ, ਸਗੋਂ ਇਸ ਸਾਰੇ ਕੁਝ ਤੇ ਉਹ ਮਾਣ ਮਹਿਸੂਸ ਕਰਦੇ ਤੇ ਹਨ।
ਇਸ ਕਾਵਿ ਸੰਗ੍ਰਹਿ ਵਿੱਚ ਗੁਰੂ ਸਾਹਿਬਾਨਾਂ, ਭਗਤਾਂ, ਸੂਰਬੀਰਾਂ ਅਤੇ ਹੋਰ ਲੋਕ ਸ਼ਖ਼ਸੀਅਤਾਂ ਦੇ ਰੇਖਾ ਚਿੱਤਰ ਲਿਖ ਕੇ ਡਾਕਟਰ ਆਲਮ ਨੇ ਆਉਂਦੀਆਂ ਪੀੜੀਆਂ ਨੂੰ ਇਕ ਤੋਹਫ਼ਾ ਦਿੱਤਾ ਹੈ। ਉਹਨਾਂ ਨੇ ਸਮੇਂ ਦੀ ਬਦਲੀ ਨੁਹਾਰ ਨੂੰ ਖੂਬਸੂਰਤ ਜੁਗਤ ਨਾਲ ਫੜਿਆ ਹੈ ਅਤੇ ਆਪਣੇ ਸੋਹਲ ਜਿਹੇ ਵਿਅੰਗ ਰਾਹੀਂ ਪੇਸ਼ ਕਰਕੇ ਦਿਲਚਸਪੀ ਵੀ ਪੈਦਾ ਕੀਤੀ ਹੈ। ਮੈਂ ਉਹਨਾਂ ਦੀ ਸੋਚ ਨੂੰ ਸਲਾਮ ਕਰਦਾ ਹਾਂ।
ਕੰਵਰਜੀਤ ਸਿੰਘ ਸੰਧੂ,
ਏ.ਆਈ.ਜੀ. (ਪੰਜਾਬ)
ਮਨ ਦੀ ਗੱਲ
ਸਤਿਗੁਰ ਦੀ ਅਪਾਰ ਕਿਰਪਾ ਅਤੇ ਆਪਣੇ ਮਿੱਤਰਾਂ ਪਿਆਰਿਆਂ ਦੇ ਪਿਆਰ ਸਦਕਾ ਜੋ ਵੀ ਮੈਂ ਆਪਣੇ ਅਦੀਬ ਦੋਸਤਾਂ ਦੀ ਸੰਗਤ ’ਚੋਂ, ਗੁਰਮੁਖਾਂ, ਸੰਤਾਂ, ਮਹਾਂਪੁਰਖਾਂ ਤੋਂ ਸਿਖਦਾ ਹਾਂ, ਉਸਦਾ ਅਕਸ ਹਮੇਸ਼ਾ ਕਾਵਿ-ਰੂਪ ਵਿੱਚ ਪਾਠਕਾਂ ਨੂੰ, ਸਹਿਜ ਵਿੱਚ ਜੋ ਆਦਿ ਗੁਰੂ ਨਿਰੰਕਾਰ ਕਰਵਾਉਂਦਾ ਹੈ, ਮੈਂ ਇੱਕ ਪੁੱਤਲੀ ਵਾਂਗ ਲਿਖ ਕੇ ਪੇਸ਼ ਕਰਦਾ ਹਾਂ। ਇਹ ਮੇਰੀ ਛੇਵੀਂ ਪੁਸਤਕ ‘ਆਲਮੀ ਸਾਜ਼' ਆਪ ਸਭ ਦੇ ਸਨਮੁੱਖ ਹੈ।
ਪਿਛਲੀਆਂ ਦੋ ਕਿਤਾਬਾਂ ‘ਆਲਮੀ ਪਰਵਾਜ਼’ ਅਤੇ ‘ਬਲਿਸ ਆਫ਼ ਲਾਈਫ਼’ ਬਾਬਾ ਬੁੱਲ੍ਹੇ ਸ਼ਾਹ ਫਾਊਂਡੇਸ਼ਨ ਇੰਟਰਨੈਸ਼ਨਲ ਵੱਲੋਂ ਛਾਪ ਕੇ ਮਾਸਟਰ ਤਾਰਾ ਸਿੰਘ ਕਾਲਜ, ਲੁਧਿਆਣਾ ਵਿਖੇ ਸੁਚੱਜੇ ਢੰਗ ਨਾਲ ਰੀਲੀਜ਼ ਕੀਤੀਆਂ ਗਈਆਂ। ਫਾਊਂਡੇਸ਼ਨ ਦੇ ਚੇਅਰਮੈਨ ਸ. ਗੁਰਚਰਨ ਸਿੰਘ ਸ਼ਿੰਗਾਰ ਜੀ ਦੇ ਯਤਨਾਂ ਸਦਕਾ ਇਸ ਸਮਾਗਮ ਵਿੱਚ ਪਾਕਿਸਤਾਨ ਤੋਂ ਮੈਂਬਰ ਪਾਰਲੀਮੈਂਟ ਜਨਾਬ ਰਾਏ ਅਜ਼ੀਜ਼ ਉੱਲਾ ਖ਼ਾਨ (ਜਿਹੜੇ ਗੁਰੂ ਘਰ ਅਤੇ ਖ਼ਾਲਸਾ ਪੰਥ ਨਾਲ ਰੂਹਾਨੀ ਤੌਰ ’ਤੇ ਜੁੜੇ ਹਨ, ਜਿਨ੍ਹਾਂ ਕੋਲ ਗੁਰੂ ਗੋਬਿੰਦ ਜੀ ਵੱਲੋਂ ਦਿੱਤਾ ਗੰਗਾ ਸਾਗਰ ਆਪਣੀ ਜਾਨ ਤੋਂ ਵੱਧ ਸਾਂਭ ਕੇ ਰੱਖਿਆ ਹੋਇਆ ਹੈ) ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰਿੰਸੀਪਲ ਡਾ. ਮਦਨਜੀਤ ਕੌਰ ਸਹੋਤਾ ਅਤੇ ਸ. ਅਮਰਜੀਤ ਸਿੰਘ ਚਾਵਲਾ ਨੇ ਵੀ ਮਾਣ ਬਖ਼ਸ਼ਿਆ। ਮੈਂ ਪਾਤਰ ਸਾਹਿਬ ਦਾ ਇਸ ਗੱਲੋਂ ਵੀ ਧੰਨਵਾਦੀ ਹਾਂ ਕਿ ਉਹਨਾਂ ਨੇ ਇਹਨਾਂ ਦੋਵਾਂ ਕਿਤਾਬਾਂ ਦਾ ਨਾਮ ਵੀ ਰੱਖਿਆ ਅਤੇ ਮੁੱਖ ਬੰਦ ਵੀ ਲਿਖਿਆ। ਬਾਬਾ ਬੁੱਲ੍ਹੇ ਸ਼ਾਹ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਚੇਅਰਮੈਨ ਸ. ਗੁਰਚਰਨ ਸਿੰਘ ਸ਼ਿੰਗਾਰ, ਜਨਰਲ ਸਕੱਤਰ ਪ੍ਰੋਫੈਸਰ ਨਿਰਮਲ ਜੌੜਾ, ਐਕਸੀਅਨ ਸ. ਰਾਜਿੰਦਰ ਸਿੰਘ ਅਤੇ ਇੰਗਲੈਂਡ ਤੋਂ ਆਏ ਸ. ਬਲਜੀਤ ਸਿੰਘ ਜੀ ਮਠਾੜੂ ਨੇ ਇਹਨਾਂ ਕਿਤਾਬਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮਾਸਟਰ ਤਾਰਾ ਸਿੰਘ ਕਾਲਜ ਦੀਆਂ ਬੱਚੀਆਂ ਨੇ ਆਪਣੇ ਸੰਗੀਤ ਅਧਿਆਪਕਾਂ ਦੀ ਅਗਵਾਈ ਵਿੱਚ ਕੁਝ ਕਵਿਤਾਵਾਂ ਤਰੁੱਨਮ ਵਿੱਚ ਪੇਸ਼ ਕਰਕੇ ਇਸ ਸਮਾਗਮ ਦੀ ਸ਼ੋਭਾ ਵਧਾਈ। ‘ਬਲਿਸ ਆਵ ਲਾਈਵ’ ਵਿਚਲੀਆਂ ਕਵਿਤਾਵਾਂ ਦਾ ਅੰਗਰੇਜ਼ੀ ਤਰਜੁਮਾ ਡਾ. ਜਗਤਾਰ ਸਿੰਘ ਧੀਮਾਨ ਨੇ ਕੀਤਾ ਅਤੇ ਸ. ਤੇਜ ਪ੍ਰਤਾਪ ਸਿੰਘ ਸੰਧੂ ਵੱਲੋਂ ਖਿੱਚੀਆਂ ਫੋਟੋਆਂ ਨੇ ਇਹਨਾਂ ਕਿਤਾਬਾਂ ਦੀ ਖੂਬਸੂਰਤੀ ਨੂੰ ਵਧਾਇਆ। ਆਪਣੇ ਲੇਖਣ ਕਾਰਜ ਵਿੱਚ ਮਿਲਦੇ ਉਤਸ਼ਾਹ ਲਈ ਮੈਂ ਆਪਣੀ ਜੀਵਨ ਸਾਥਣ ਅਮਰਜੀਤ ਕੌਰ ਆਲਮ ਦਾ ਵੀ ਧੰਨਵਾਦੀ ਹਾਂ। ਕਿਉਂਕਿ ਉਹਨਾਂ ਮੈਨੂੰ ਹਮੇਸ਼ਾ ਉਤਸ਼ਾਹ ਵੀ ਦਿੱਤਾ ਅਤੇ ਵਿਹਲ ਵੀ। ਮੇਰੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਆਪਾਂ ਸਾਰੇ ਹਮੇਸ਼ਾ ਇਸੇ ਤਰ੍ਹਾਂ ਪਿਆਰ ਅਤੇ ਮਿਲਵਰਤਨ ਨਾਲ ਸਾਰਥਿਕ ਕਾਰਜ ਕਰਦੇ ਰਹੀਏ।
ਮੈਂ ਖ਼ਾਸ ਧੰਨਵਾਦੀ ਹਾਂ ਜੱਥੇਦਾਰ ਪ੍ਰੀਤਮ ਸਿੰਘ ਭਰੋਵਾਲ ਅਤੇ ਉਹਨਾਂ ਦੀ ਸੁਪਤਨੀ ਸਰਦਾਰਨੀ ਅਮਰਜੀਤ ਕੌਰ ਅਤੇ ਸਮੂਹ ਪਰਿਵਾਰ ਦਾ ਜਿਨ੍ਹਾਂ ਮੇਰੀ ਦਿਲੋਂ ਸੇਵਾ ਸੰਭਾਲ ਕੀਤੀ ਅਤੇ ਸੰਤ ਅਜਮੇਰ ਸਿੰਘ ਦੀ ਭਰਵਾਲ ਵਾਲਿਆਂ ਦੇ ਦਰਸ਼ਨ ਕਰਵਾਏ। ਇਸ ਕਿਤਾਬ ਦੀ ਮੁੱਢਲੀ ਦੇਖ-ਰੇਖ ਲਈ ਮੈਂ ਆਪਣੇ ਬੱਚਿਆਂ, ਰਮਨ ਜੋਤ ਸਿੰਘ, ਅਮਨ ਜੋਤ ਸਿੰਘ, ਮਿਸ ਅੰਮ੍ਰਿਤਾ ਸਿੰਘ, ਮਿਸ ਗੁਰਪ੍ਰੀਤ ਕੌਰ ਆਲਮ ਅਤੇ ਸਿਮਰ ਕੋਰ ਆਲਮ ਵੱਲੋਂ ਮਿਲੀ ਸਹਾਇਤਾ ਦਾ ਧੰਨਵਾਦੀ ਹਾਂ।
ਇਹ ਕਾਵਿ ਸੰਗ੍ਰਹਿ ‘ਆਲਮੀ ਸਾਜ਼’ ਦੀ ਫੋਟੋਗ੍ਰਾਫੀ ਕਮਲ ਫੋਟੋ ਪਲਾਜ਼ਾ ਲੁਧਿਆਣਾ ਵਿੱਚ ਹੋਈ। ਇਸ ਦਾ ਟਾਈਟਲ ਇਮਰੋਜ਼ ਜੀ ਨੇ ਬਣਾਇਆ ਜਿਨ੍ਹਾਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਮੈਨੂੰ ਸੁਹਿਰਦ ਪੰਜਾਬੀ ਪਾਠਕਾਂ ਦੇ ਕੀਮਤੀ ਵਿਚਾਰਾਂ ਦਾ ਇੰਤਜ਼ਾਰ ਰਹੇਗਾ।
ਇਕ ਨਜ਼ਰ ਮਿਹਰ ਦੀ ਹੋਈ ਮੇਰੇ ਤੀਰਥ ਹੋਏ ਲੱਖਾਂ।
ਮੈਨੂੰ ਅੰਨ੍ਹੇ ਲੋਭੀ ਬੌਰੇ ਨੂੰ ਮਿਲੀਆਂ ਗੈਬੀ ਅੱਖਾਂ।
ਇਹ ਅੱਖਾਂ ਦੇ ਵਿੱਚ ਲੱਖਾਂ ਸੂਰਜ ਕਿਥੇ ਢਕ ਕੇ ਰੱਖਾਂ।
ਨੀਚ ਕਮੀਨ ਆਲਮ ਹੋਇਆ ਕਦੇ ਸੀ ਕੌਡੀ ਕੱਖਾਂ।
ਤਾਰਾ ਸਿੰਘ ਆਲਮ
ਹੇ ਗੁਰੂ
ਗੁਰੂ ਨਰਹਰ ਨਰਾਇਣ, ਕਲ ਕਲੇਸ਼ ਦੁਖ ਰੋਗ ਮਿਟਾਉ। ਨਾਮ ਦਾਨ ਨੇਮ ਨਿਮਰਤਾ, ਸੇਵਕ ਦੀ ਝੋਲੀ ਵਿਚ ਪਾਉ। ਅਸੀਂ ਹਾਂ ਭੁੱਲੜ ਲੋਭੀ ਪਾਪੀ ਵਾਰ ਵਾਰ ਸਾਨੂੰ ਸਮਝਾਉ। ਕਾਮੀ ਕ੍ਰੋਧੀ ਲੋਭ ਮੋਹ ਫਾਸੇ ਹੰਕਾਰ ਅਸਾਡਾ ਦੂਰ ਭਜਾਉ। ਮਿਹਰ ਕਰੋ ਬਖ਼ਸ਼ ਲਉ ਸਾਨੂੰ ਲੇਖੇ ਵਿੱਚ ਨ ਲਿਆਉ। ਲੇਖੇ ਵਿੱਚ ਤਾਂ ਵਾਰ ਨਹੀਂ ਆਉਣੀ ਲੇਖੇ ਦਾ ਮੂਲ ਮੁਕਾਉ। ਪਾਪੀ ਮਨ ਨੂੰ ਪਾਵਨ ਕਰਕੇ ਮਨ ਵਿੱਚ ਆਪਣਾ ਆਸਣ ਲਾਉ। ਸਾਸ ਸਾਸ ਰੋਮ ਰੋਮ ਦੇ ਅੰਦਰ ਸੱਚੇ ਨਾਮ ਦੇ ਦੀਪ ਜਗਾਉ। ਆਲਮ ਦੀ ਇਸ ਭੀੜ ਦੇ ਅੰਦਰ ਸਾਡੀ ਫੜਕੇ ਬਾਂਹ ਬਚਾਉ। ਗ਼ਰੀਬ ਨਿਮਾਣੇ ਬਾਲਕ ਭੁੱਲੜ, ਆਪਣੀ ਗੋਦੀ ਫੜ ਬਿਠਾਉ।
ਮੁਹੰਮਦ ਸਾਹਿਬ ਦਾ ਫ਼ਰਮਾਨ
ਲਾਸਾਨੀ ਮੁਹੰਮਦ ਸਾਹਿਬ ਦਾ, ਏਹੋ ਫ਼ਰਮਾਨ ਹੈ। ਜੰਨਤ ਦੀ ਕੁੰਜੀ ਨਿਮਾਜ਼, ਨਿਤਨੇਮ ਕੁਰਾਨ ਹੈ। ਜ਼ਗਾਰੀ ਮੱਕਾ ਕਾਬਾ ਰੋਜ਼ਾ ਈਮਾਨ ਹੈ। ਦਇਆ ਇਬਾਦਤ ਮੁਹੱਬਤ ਜਿਸਦੀ ਜਿੰਦ ਜਾਨ ਹੈ। ਏਹੋ ਸੱਚੀ ਬੰਦਗੀ ਖ਼ੁਦਾ ਦਰ ਪਰਵਾਨ ਹੈ। ਲੋੜਵੰਦਾਂ ਨੂੰ ਵੰਡਣਾ ਸੱਚਾ ਸੁੱਚਾ ਦਾਨ ਹੈ। ਸਭ ਬੁਰਾਈਆਂ ਦਿਲੋਂ ਛੱਡੇ, ਰੋਜ਼ਾ ਏਹ ਮਹਾਨ ਹੈ। ਜੋ ਵੀ ਕਰਦਾ ਬਾਹਰ ਦਿਖਾਵੇ, ਬੰਦਾ ਉਹ ਨਾਦਾਨ ਹੈ। ਸਾਹ ’ਚ ਰੱਬ ਨੂੰ ਹਾਜ਼ਰ ਜਾਣੇ ਸੱਚਾ ਮੁਸਲਮਾਨ ਹੈ। ਜ਼ਾਤ ਧਰਮ ਦੇਸ਼ ਵਿਦੇਸ਼, ਜਿਸ ਲਈ ਇਕ ਸਮਾਨ ਹੈ। ਉਹੀ ਆਲਮ ਉਹੀ ਫੱਕਰ, ਸੱਚਾ ਉਹ ਇਨਸਾਨ ਹੈ।
ਮੇਰਾ ਦੇਸ਼ ਹੈ ਹਿੰਦੁਸਤਾਨ
ਮੈਂ ਵਾਸੀ ਹਾਂ ਪੰਜਾਬ ਦਾ, ਮੇਰਾ ਦੇਸ਼ ਹੈ ਹਿੰਦੋਸਤਾਨ। ਸਿੱਖਾਂ ਦੇ ਘਰ ਜੰਮਿਆ, ਮਨੁੱਖਤਾ ਮੇਰਾ ਈਮਾਨ। ਮੈਂ ਆਸ਼ਕ ਹਾਂ ਗੁਰ ਨਾਨਕ ਦਾ, ਧਰਮ ਮੇਰਾ ਇਨਸਾਨ। ਪੁਜਾਰੀ ਹਾਂ ਮੈਂ ਸ਼ਬਦ ਦਾ, ਨਿੱਜ ਦਾ ਧਰਾਂ ਧਿਆਨ। ਇਕੋ ਨੇ ਹੈ ਸਾਜਿਆ, ਖੰਡ ਬ੍ਰਹਮੰਡ ਜਹਾਨ। ਸਾਜੇ ਉਸਨੇ ਆਪ ਹੀ, ਸਾਰੇ ਵੇਦ ਪੁਰਾਣ। ਤਨ ਮਨ ਅੰਦਰ ਵਸਿਆ, ਇਕੋ ਹੀ ਭਗਵਾਨ। ਜੇ ਦਰਸ਼ਨ ਉਹਦਾ ਪਾਵਣਾ, ਮਨ ਨੂੰ ਦਰਪਣ ਜਾਣ। ਦਰਸ਼ਨ ਉਹਦਾ ਪਾਵਣਾ, ਏਹੀ ਗੱਲ ਮਹਾਨ। ਤੇਰੇ ਅੰਦਰ ਜੋ ਬੋਲਦਾ, ਏਹਨੂੰ ਉਹੀ ਜਾਣ। ਏਹ ਤੇ ਉਹੋ ਇਕ ਹੈ, ਸਤਿਗੁਰ ਦਾ ਗਿਆਨ। ਅੱਖ ਦੇ ਫੋਰ ਮਿਲੇਗਾ, ਛੱਡ ਦੇਹ ਮਾਣ ਤੇ ਤਾਣ। ਮਨ ਦੇ ਗ੍ਰੰਥ ਨੂੰ ਖੋਜ ਲੈ, ਦਰਗਹ ਪਰਵਾਣ। ਤਾਂ ਹੀ ਆਲਮ ਤਾਰਾ ਹੈਂ, ਜੇ ਸੁਰਤ ਕਰੇਂ ਅਸਮਾਨ।
ਗੁਰੂ ਹੈ ਦਿਲ ਅਸਾਡਾ
ਗੁਰੂ ਨਾਨਕ ਦਿਲ ਅਸਾਡਾ ਗੁਰੂ ਨਾਨਕ ਸਾਡੀ ਜਾਨ। ਗੁਰੂ ਨਾਨਕ ਵਸਦਾ ਵਿਚ ਨਨਕਾਣੇ, ਨਨਕਾਣਾ ਪਾਕਿਸਤਾਨ। ਲਾਇਲਪੁਰ ਦੀਆਂ ਰਾਹਾਂ ਜਿਥੇ ਮੀਂਹ ਪਿਆਰਾਂ ਦਾ ਪੈਂਦਾ। ਉਸ ਪੰਜਾਬ ਰਗ ਰਗ ਅੰਦਰ ਨਾਜ਼ਕ ਪਿਆਰਾ ਰਹਿੰਦਾ। ਦੋ ਮੁਲਕਾਂ ਦੇ ਸਿਆਸਤਦਾਨਾਂ, ਕਿਉਂ ਰੋਕਿਆ ਆਵਣ ਜਾਣ। ਗੁਰੂ ਨਾਨਕ ਹੈ ਦਿਲ ਅਸਾਡਾ ਜਿਸ ਨੇ ਏਹ ਫੁੱਟ ਹੈ ਪਾਈ, ਦਿਲਾਂ ’ਚ ਪਾਇਆ ਚੀਰ। ਨਾ ਦੋਜ਼ਕ ਨਾ ਜੰਨਤ ਮਿਲਣੀ ਉਹ ਸਦਾ ਵਹਾਉ ਨੀਰ। ਫੁੱਟਦੀ ਏਹ ਲਕੀਰ ਮੇਟਣ ਲਈ ਰਲ ਹੋਈਏ ਕੁਰਬਾਨ ਗੁਰੂ ਨਾਨਕ ਹੈ ਦਿਲ ਅਸਾਡਾ ਇਕੋ ਹੈ ਜੇ ਰੱਬ ਸਭਨਾਂ ਦਾ ਕਿਉਂ ਹੋ ਗਏ ਆਂ ਦੋਫਾੜ ਐਸੀ ਪੂਜਾ ਦਾ ਕੀ ਫਾਇਦਾ ਜੇ ਅੰਦਰ ਵੈਰ ਤੇ ਸਾੜ ਰਾਮ ਮੁਹੰਮਦ ਨਾਨਕ ਜੀ ਦਾ ਕੀ ਏਹੋ ਸੀ ਗਿਆਨ ਗੁਰੂ ਨਾਨਕ ਹੈ ਦਿਲ ਅਸਾਡਾ ਇਕੋ ਇੱਕ ਹੈ ਪੀਰ ਨਿਆਰਾ ਸਾਂਝਾ ਸਾਰੇ ਜੱਗੇ ਦਾ। ਹਿੰਦੂ ਮੁਸਲਮ ਸਿੱਖ ਈਸਾਈ ਸਭ ਨੂੰ ਆਪਣਾ ਲੱਗਦਾ। ਸਭਨਾਂ ਜੀਆਂ ਦਾ ਇਕੋ ਦਾਤਾ ਗੁਰੂ ਨਾਨਕ ਦਾ ਫ਼ਰਮਾਨ। ਗੁਰੂ ਨਾਨਕ ਹੈ ਦਿਲ ਅਸਾਡਾ ਦੋਹਾਂ ਮੁਲਕਾਂ ਦੀ ਸਾਂਝ ਜੇ ਹੋਵੇ, ਏਡੀ ਗੱਲ ਨਾ ਕੋਈ ਚੰਗੀ। ਪਿਆਰ ਅਮਨ ਤੇ ਏਕਤਾ ਅੰਦਰ ਜਾਵੇ ਦਿਲ ਦੀ ਧਰਤੀ ਰੰਗੀ ਪ੍ਰੇਮ ਦੇ ਰੰਗ ਦਾ ਆਲਮ ਰੰਗੀਏ ਬਣ ਜਾਈਏ ਇਨਸਾਨ। ਗੁਰੂ ਨਾਨਕ ਹੈ ਦਿਲ ਅਸਾਡਾ
ਨੀ ਸਹੀਉ
ਹਰ ਪਲ ਨਵੇਂ ਜੌਹਰ ਦਿਖਾਵੇ। ਪਲ ਵੀ ਮੈਥੋਂ ਦੂਰ ਨਾ ਜਾਵੇ। ਰਹਿੰਦਾ ਸਦਾ ਹਜ਼ੂਰ ਨੀਂ ਸਹੀਉ। ਸੱਚਾ ਮਾਲਕ ਮੇਰੇ ਘਰ ਦਾ ਉਹਦੇ ਬਾਝੋਂ ਪਲ ਨਾ ਸਰਦਾ। ਹੁੰਦਾ ਕਦੇ ਵੀ ਦੂਰ ਨੀ ਸਹੀਉ। ਮੇਰੇ ਨਾਲ ਉਹ ਰੋਂਦਾ ਹਸਦਾ। ਰੋਮ ਰੋਮ ਵਿਚ ਮੇਰੇ ਵਸਦਾ। ਮੈ ਮਾਹੀ ਦੀ ਹੂਰ ਨੀ ਸਹੀਉ। ਏਨਾ ਪਿਆਰਾ ਏਨਾ ਸੋਹਣਾ। ਉਹਦਾ ਵਰਗਾ ਹੋਰ ਨਾ ਹੋਣਾ। ਤਨ ਤਨ ਹੋਇਆ ਪੂਰ ਨੀ ਸਹੀਉ। ਏਹੋ ਬੁਲ੍ਹਾ ਬਾਹੂ ਕਹਿੰਦਾ। ਸੱਚ ਕਦੇ ਨਾ ਛੁਪਿਆ ਰਹਿੰਦਾ। ਰਹਿੰਦਾ ਸਦਾ ਸਰੂਰ ਨੀ ਸਹੀਉ। ਬੰਦ ਬੰਦ ਕਟਾਕੇ ਸੂਲੀ ਚੜ੍ਹਕੇ। ਰਾਖ ਹੋ ਗਿਆ ਅੱਗ ’ਚ ਸੜਕੇ। ਮੈਂ ਅੱਲਾ ਮਨਸੂਰ ਨੀ ਸਹੀਉ। ਉਹੀ ਮੇਰਾ ਆਲਮ ਜਾਨੀ। ਹੋਰ ਨਾ ਉਹਦਾ ਕੋਈ ਸਾਨੀ ਕਣ ਕਣ ਵਿੱਚ ਭਰਪੂਰ ਨੀ ਸਹੀਉ।
ਹਿੰਦੋਸਤਾਨੀਆਂ! ਪਾਕਿਸਤਾਨੀਆਂ!!
ਆ ਓਏ ਵੀਰਾ ਹਿੰਦੋਸਤਾਨੀਆਂ ਆ ਓਏ ਵੀਰਾ ਪਾਕਿਸਤਾਨੀਆਂ। ਏਕਤਾ ਪ੍ਰੇਮ ਕਰੀਏ ਛੱਡ ਕੇ ਨਾਦਾਨੀਆਂ ....... ਰਾਮ, ਮੁਹੰਮਦ, ਨਾਨਕ ਵਾਲਾ ਕੰਮ ਜਿਨ੍ਹਾਂ ਨੇ ਕੀਤਾ। ਪਿਆਰ ਏਕਤਾ ਕਾਇਮ ਰੱਖਣ ਲਈ ਜ਼ਹਿਰ ਪਿਆਲਾ ਪੀਤਾ। ਕਿਉਂ ਅਸੀਂ ਹਾਂ ਲੜਦੇ ਭੁੱਲਕੇ, ਉਹਨਾਂ ਦੀਆਂ ਕੁਰਬਾਨੀਆਂ। ਆ ਓਏ ਵੀਰਾ …........... ਸਾਡੇ ਜਿਸਮ ਦੇ ਟੁਕੜੇ ਕਰਕੇ, ਵੈਰੀ ਲਹੂ ਨਿੱਤ ਪੀਂਦੇ। ਰੋਜ਼ ਦਿਹਾੜੇ ਲੁੱਟਦੇ ਸਾਨੂੰ, ਫਿਰ ਵੀ ਸਾਧ ਅਖਾਂਦੇ। ਆਪਣੇ ਈਮਾਨ ਤੇ ਕਾਇਮ ਜੇ ਹੁੰਦੇ, ਹੁੰਦੀਆਂ ਨਾ ਸ਼ੈਤਾਨੀਆਂ। ਆ ਓਏ ਵੀਰਾ .............. ਦੇਸ਼ ਧਰਮ ਦੇ ਨਾਂ ਤੇ ਲੜਕੇ, ਸਭ ਕੁਝ ਅਸੀਂ ਗਵਾਇਆ। ਆਲਮ ਦੇ ਵਪਾਰੀ ਦੇਸ਼ਾਂ ਸਾਥੋਂ ਨਫ਼ਾ ਕਮਾਇਆ। ਅਸੀਂ ਵਿਦੇਸ਼ੀ ਪਿੰਜਰੇ ਕੈਦੀ, ਸਾਡੇ ਪਾਈਆਂ ਵਿਦੇਸ਼ੀ ਗਾਨੀਆਂ। ਆ ਓਏ ਵੀਰਾ………..
ਛੇਵਾਂ ਪਾਤਸ਼ਾਹ
ਛੇਵੇਂ ਪਾਤਸ਼ਾਹ ਸਤਿਗੁਰ ਪਿਆਰੇ ਸ਼ਾਹੀ ਦਸਤਾਰ ਸਜਾਈ। ਗਲ ਵਿੱਚ ਪਾਏ ਹੀਰੇ ਮੋਤੀ, ਮੱਥੇ ਕਲਗੀ ਲਾਈ। ਸ਼ਾਹੀ ਘੋੜਾ ਸ਼ਾਹੀ ਜੋੜਾ ਪਾਈਆਂ ਦੋ ਕਿਰਪਾਨਾਂ। ਸੱਚੇ ਪਾਤਸ਼ਾਹ ਬੈਠੇ ਤਖ਼ਤ ਤੇ ਕਰਦੇ ਪਏ ਫ਼ਰਮਾਨਾਂ ਨੂਰ ਇਲਾਹੀ ਬਸਤਰ ਸ਼ਾਹੀ ਰਾਜ ਜੋਗ ਦੇ ਮਾਹੀ। ਛੇਵੇਂ ਪਾਤਸ਼ਾਹ ………………… ਅਸੀਂ ਹੁਣ ਇਨਸਾਫ਼ ਕਰਾਂਗੇ ਏਹ ਐਲਾਨ ਕਰਾਇਆ। ਤਾਜ ਤਖ਼ਤ ਤੇ ਕੇਸਰੀ ਝੰਡਾ ਫੌਜੀ ਕਿਲਾ ਬਣਾਇਆ। ਵਜੇ ਸਾਰੰਗੀ ਗੂੰਜਣ ਢੱਡਾਂ ਮੁਰਦਾ ਰੂਹ ਜਗਾਈ। ਛੇਵੇਂ ਪਾਤਸ਼ਾਹ……………….. ਪੂਰਨ ਗੁਰੂ ਹੋਸ਼ ਜਗਾਈ, ਜੋਸ਼ ਵੀ ਉਠ ਖਲੋਇਆ। ਹਥਿਆਰ ਚਲਾਉਣੇ ਨਵੇਂ ਬਣਾਉਣੇ ਨਿਤਨੇਮ ਏਹ ਹੋਇਆ। ਦਸਿਆ ਗੁਰੂ ਜੀ ਆਲਮ ਤਾਂਈ ਹੁਣ ਏਹੋ ਨਾਮ ਕਮਾਈ। ਛੇਵੇਂ ਪਾਤਸ਼ਾਹ ..............
ਸਭ ਦਾ ਸਾਂਝਾ ਇਨਸਾਨ
(ਇਲਿਆਸ ਘੁੰਮਣ) ਗੁਰੂਆਂ ਦਾ ਸ਼ਰਧਾਵਾਨ ਇਲਿਆਸ ਘੁੰਮਣ। ਰੱਬੀ ਬਖ਼ਸ਼ਸ਼ ਤੇ ਬਰਦਾਨ ਇਲਿਆਸ ਘੁੰਮਣ। ਪੰਜਾਬੀ ਸਾਹਿਤ ਦੀ ਸ਼ਾਨ ਇਲਿਆਸ ਘੁੰਮਣ। ਅਦਬੀ ਸਾਗਰ ਦਾ ਅਸਮਾਨ ਇਲਿਆਸ ਘੁੰਮਣ। ਸਭ ਧਰਮਾਂ ਦਾ ਨਿਸ਼ਾਨ ਇਲਿਆਸ ਘੁੰਮਣ। ਗੁਰਸਿੱਖੀ ਦਾ ਵੰਡੇ ਗਿਆਨ ਇਲਿਆਸ ਘੁੰਮਣ। ਗੁਰਮੁਖ ਸਿੱਖ ਪ੍ਰਧਾਨ ਇਲਿਆਸ ਘੁੰਮਣ। ਸਿੱਖੀ ਦਾ ਮਾਣ ਸਨਮਾਨ ਇਲਿਆਸ ਘੁੰਮਣ। ਸਾਰੇ ਗ੍ਰੰਥਾਂ ਦਾ ਪ੍ਰਮਾਣ ਇਲਿਆਸ ਘੁੰਮਣ। ਆਖੇ ਮਾਂ ਬੋਲੀ ਈਮਾਨ ਇਲਿਆਸ ਘੁੰਮਣ। ਪੰਜਾਬੀ ਦੀ ਜਿੰਦ ਜਾਨ ਇਲਿਆਸ ਘੁੰਮਣ। ਬੇਜ਼ੁਬਾਨਾਂ ਦੀ ਜ਼ੁਬਾਨ ਇਲਿਆਸ ਘੁੰਮਣ। ਕਈ ਜ਼ੁਬਾਨਾ ਵਿੱਚ ਸੁਲਤਾਨ ਇਲਿਆਸ ਘੁੰਮਣ। ਧਰਮ ’ਚ ਪੱਕਾ ਮੁਸਲਮਾਨ ਇਲਿਆਸ ਘੁੰਮਣ। ਸਿੱਖੀ ਦਾ ਪੂਰਾ ਕਦਰਦਾਨ ਇਲਿਆਸ ਘੁੰਮਣ। ਆਲਮ ਇਲਮ ਦੀ ਕਮਾਨ ਇਲਿਆਸ ਘੁੰਮਣ।
ਕਰ ਲੈ ਬੰਦਗੀ
ਸੁੰਨੀਂ ਸੁੰਨੀ ਕਹੇ ਜ਼ਿੰਦਗੀ ਕਰ ਲੈ ਬੰਦਗੀ ਕਰ ਲੈ ਬੰਦਗੀ। ਦੁੱਖ ਸੁੱਖ ਕੱਤਦੀ, ਅਕਦੀ ਥੱਕਦੀ। ਡਿਗਦੀ ਢਹਿੰਦੀ, ਉਠਦੀ ਬਹਿੰਦੀ, ਖਾਹਸ਼ਾਂ ਦੀ ਰੂ ਪਿੰਜਦੀ ਰਹਿੰਦੀ। ਚੁਪ ਚਾਪ ਹੈ ਦੁਖੜੇ ਸਹਿੰਦੀ। ਇਕੋ ਸੁਣਦੀ ਇਕੋ ਕਹਿੰਦੀ ਇਕੋ ਗਾਉਂਦੀ ਇਕੋ ਧਿਆਉਂਦੀ। ਬਿਨਾਂ ਬੰਦਗੀ ਕਾਹਦੀ ਜ਼ਿੰਦਗੀ ਸੁੰਨੀ ਸੁੰਨੀ ਕਹੇ ਜ਼ਿੰਦਗੀ ਕਰ ਲੈ ਬੰਦਗੀ ਸਮੇਂ ਦੀ ਦੇਖੋ ਨਾਜ਼ੁਕ ਉਂਗਲੀ। ਸੰਜੋਗ ਵਿਯੋਗ ਦੀ ਫੇਰੇ ਹੱਥਲੀ। ਸੁਰਤਾਂ ਦੀ ਘੁੰਮੇ ਤੱਕਲੀ। ਵੱਟ ਖਾਵੇ ਤੇ ਪੱਕੇ ਤੰਦਲੀ। ਲੋਕੀ ਮੈਨੂੰ ਆਖਣ ਪਗਲੀ। ਭੁੱਲ ਗਈ ਮੈਂ ਤਾਂ ਪਿਛਲੀ ਅਗਲੀ। ਗੁਰ ਸੰਗਤ ਮੇਰੀ ਸੂਰਤ ਰੰਦਗੀ। ਸੁੰਨੀ ਸੁੰਨੀ ਕਹੇ ਜ਼ਿੰਦਗੀ ਕਰ ਲੈ ਬੰਦਗੀ।... ਮਾਲ੍ਹ ਕਰਮ ਦੀ ਗੇੜਾ ਪਾਵੇ। ਮਨ ਦਾ ਚਰਖਾ ਘੁੰਮਦਾ ਜਾਵੇ। ਜਨਮ ਜਨਮ ਦਾ ਗੀਤ ਸੁਣਾਵੇ। ਮੈਂ ਕਮਲੀ ਨੂੰ ਸਮਝ ਨਾ ਆਵੇ। ਆਲਮ ਸਾਰਾ ਆਵੇ ਜਾਵੇ। ਸ਼ਬਦ ਗੁਰੂ ਦਾ ਗੇੜ ਮੁਕਾਵੇ। ਹਰ ਪਲ ਜਦੋਂ ਤਾਂ ਜਾਏ ਮੁਛੰਦਗੀ।
ਮੁਹੱਬਤ
ਮੁਹੱਬਤ ਤਾਂ ਹੈ ਖੁਲ੍ਹੇ ਅਸਮਾਨ ਵਰਗੀ। ਮੁਹੱਬਤ ਤਾਂ ਹੈ ਅੱਧੀ ਰਾਤੀਂ ਅਜਾਨ ਵਰਗੀ। ਮੁਹੱਬਤ ਤਾਂ ਹੈ ਗੁਰੂ ਗ੍ਰੰਥ ਕੁਰਾਨ ਵਰਗੀ। ਮੁਹੱਬਤ ਤੀਰ ਵਰਗੀ ਨਾਲੇ ਕਮਾਨ ਵਰਗੀ। ਮੁਹੱਬਤ ਤਾਂ ਹੈ ਸੱਚੇ ਯੋਗੀ ਦੇ ਧਿਆਨ ਵਰਗੀ। ਮੋਹਲੇਧਾਰ ਮੀਂਹ ਵਰਗੀ, ਗਿਆਨ ਵਰਗੀ। ਨਾ ਏਹ ਆਲਮ ਵਰਗੀ ਨਾ ਵਿਗਿਆਨ ਵਰਗੀ। ਹਵਾ ਧਰਤੀ ਪਾਣੀ ਵਰਗੀ, ਨਹੀਂ ਕਿਸੇ ਈਮਾਨ ਵਰਗੀ।
ਤਾਰਾ ਨਾ ਅੰਬਰ ਰਿਹਾ
ਸਾਰੇ ਦਾ ਸਾਰਾ ਅੰਬਰ ਜਦੋਂ, ਧਰਤੀ ਤੇ ਪਸਰ ਗਇਆ। ਸੂਰਜਾਂ ਤੇ ਤਾਰਿਆਂ ਨੂੰ ਆਪਾ ਵਿਸਰ ਗਇਆ। ਧਰਤੀ ਧਰਤੀ ਨਾ ਰਹੀ ਅੰਬਰ ਅੰਬਰ ਨਾ ਰਿਹਾ। ਸਾਰੇ ਚਾਨਣ ਹੀ ਚਾਨਣ ਨਿਸਰ ਗਇਆ। ਚਾਨਣ ਦੇ ਲੂੰ ਲੂੰ ਜਦੋਂ ਨਸ਼ਾ ਉਤਰ ਗਇਆ। ਚਾਨਣ ਵੀ ਆਪਣੇ ਆਪ ਹੋ, ਬੇਖ਼ਬਰ ਗਇਆ ਸਿਫ਼ਰ ਤੋਂ ਜਦ ਵੀ ਕੋਈ ਸਿਖ਼ਰ ਗਇਆ। ਵਜੂਦ ਓਦੋਂ ਸਿਫ਼ਰ ਦਾ ਵੀ ਬਿਖਰ ਬਿਖਰ ਗਇਆ। ਨਾ ਕੋਈ ਆਲਮ ਨਾ ਕੋਈ ਤਾਰਾ, ਨਾ ਅੰਬਰ ਰਿਹਾ। ਮੁੱਕ ਗਏ ਮੈਂ ਤੂੰ ਦੇ ਫ਼ਾਸਲੇ ਜਿਥੇ ਵੀ ਏਹ ਅਸਰ ਗਇਆ।
ਵੈਲਨਟਾਈਨ
ਇਕ ਨਸ਼ਾ ਹੈ ਇਕ ਖੁਮਾਰ ਹੈ ਵੈਲਨਟਾਈਨ। ਦੋ ਦਿਲਾਂ ਦੀ ਇਕ ਤਾਰ ਹੈ ਵੈਲਨਟਾਈਨ। ਇਕ ਇਕ ਦਿਲ ਵਿੱਚ ਕਿੰਨੇ ਹੀ ਸੰਸਾਰ ਨੇ ਬੇਪਰਵਾਹ ਲਾਸਾਨੀ ਸੰਸਾਰ ਹੈ ਵੈਲਨਟਾਈਨ। ਪ੍ਰੇਮ ਸਾਗਰ ਡੁੱਬਦਾ ਤੈਰਦਾ ਕਦੇ ਗੁੰਮਦਾ। ਸੋਚਾਂ ਦੀਵਾਰਾਂ ਤੋਂ ਪਾਰ ਹੈ ਵੈਲਨਟਾਈਨ। ਵੈਲਨਟਾਈਨ ਸੱਚਾ ਸੁੱਚਾ ਇਕ ਪ੍ਰੇਮ ਹੈ ਲੈਣ ਦੇਣ ਦੇ ਚੱਕਰਾਂ ਤੋਂ ਬਾਹਰ ਹੈ ਵੈਲਨਟਾਈਨ। ਫੈਸ਼ਨਾਂ ਰੰਗਾਂ ਕੀਮਤਾਂ ਦਾ ਗੁਲਾਮ ਨਹੀਂ ਸਿੱਧਾ ਸਾਦਾ ਅਮਰ ਵਿਚਾਰ ਹੈ ਵੈਲਨਟਾਈਨ। ਜੇ ਗਰਜ਼ਾਂ ਦੇ ਵਿਚਕਾਰ ਹੈ ਵੈਲਨਟਾਈਨ। ਤਾਂ ਸਮਝੋ ਫਿਰ ਵਪਾਰ ਹੈ ਵੈਲਨਟਾਈਨ। ਜੋ ਧੜਕਨਾਂ ’ਚ ਬੋਲਦਾ ਮੱਥੇ ’ਚ ਉਕਰਿਆ। ਉਹੀ ਅਕਾਰ ਨਿਰਾਕਾਰ ਹੈ ਵੈਲਨਟਾਈਨ। ਸੱਚਾ ਸੁੱਚਾ ਜੱਗ ਤੇ ਇਕੋ ਰੱਬੀ ਪ੍ਰੇਮ ਹੈ। ਬਾਕੀ ਸਭ ਚਿੰਨ ਤੇ ਅਲੰਕਾਰ ਹੈ ਵੈਲਨਟਾਈਨ। ਜੀਂਦੇ ਜੀ ਮਰ ਜਾਣ ਦਾ ਮਰ ਕੇ ਜੀਵਨ ਪਾਣ ਦਾ, ਦੋ ਦਿਲਾਂ ਦਾ ਇਕਰਾਰ ਹੈ ਵੈਲਨਟਾਈਨ। ਮਨ ਵਿੱਚ ਮਨ ਟਿਕਾ ਦੇਵੇ ਇਕੋ ਇਕ ਦਿਖਾ ਦੇਵੇ ਬਸ ਓਹੀਓ ਸੱਚਾ ਯਾਰ ਹੈ ਵੈਲਨਟਾਈਨ। ਜੋ ਹੈ ਆਲਮ ਦੇ ਅੰਦਰ ਵੀ ਤੇ ਬਾਹਰ ਵੀ। ਉਹੀਓ ਅਮਰ ਲਾਸਾਨੀ ਪਿਆਰ ਹੈ ਵੈਲਨਟਾਈਨ।
ਅੱਲਾ ਮੈਨੂੰ ਘਰ ਦਿਸਦਾ
ਮੈਨੂੰ ਰੱਬ ਦਿਆਂ ਆਸ਼ਕਾਂ ਚੋਂ, ਅੱਲਾ ਈਸਾ ਹਰ ਦਿਸਦਾ। ਕੋਈ ਗੰਗਾ ਜਾਂਦਾ ਏ ਤਾਂ ਜਾਵੇ ਅੱਲਾ ਮੈਨੂੰ ਘਰ ਦਿਸਦਾ। ਭੰਗ ਤੇ ਸ਼ਰਾਬ ਪੀਂਦੇ ਲੋਕੀ, ਹੋਰ ਨਸ਼ੇ ਕਈ ਖਾਂਵਦੇ। ਖਾ ਕੇ ਪਾਨ ਤੇ ਤਮਾਕੂ, ਅੱਗ ਜ਼ਿੰਦਗੀ ਨੂੰ ਲਾਂਵਦੇ। ਮਾੜੀਆਂ ਕਰਨੀਆਂ ਦੇ ਫੁੱਲ, ਮਾੜੇ ਹੀ ਆਂਵਦੇ। ਨਾਮ ਦੇ ਅਮਲੀਆਂ ਨੂੰ, ਨਾਮ ਵਾਲਾ ਸਰ ਦਿਸਦਾ। ਕੋਈ ਗੰਗਾ ਜਾਂਦਾ……… ਜੇ ਨਾ ਮੰਦਾ ਖਾਵੇਂ, ਦਿਲ ਚੋਂ, ਬਾਣੀ ਨੂੰ ਵਿਚਾਰ ਲਏ। ਚੰਗਾ ਖਾਣਾ ਚੰਗਾ ਕਰਨਾ, ਮੰਨ ਵਿੱਚ ਧਾਰ ਲਏਂ। ਗੁਰੂ ਕੋਲੋਂ ਮਿਹਰਾਂ ਲੈ ਕੇ, ਕੁਲਾਂ ਨੂੰ ਤਾਰ ਲਏਂ। ਜੇ ਗੁਰੂ ਹੋਵੇ ਸੰਗ, ਨਹੀਂ ਅਗੇ ਪਿਛੇ ਡਰ ਦਿਸਦਾ। ਕੋਈ ਗੰਗਾ ਜਾਂਦਾ……………. ਮੰਗੀਆਂ ਮੁਰਾਦਾਂ ਪਾਵੇਂ, ਚਿੱਤ ਬਾਬੇ ਨਾਲ ਲਾਵੇਂ। ਸਾਸ ਸਾਸ ਤੂੰ ਧਿਆਵੇਂ, ਗੀਤ ਉਹਦੇ ਦਿਲੋਂ ਗਾਵੇਂ ਇਕ ਪ੍ਰੀਤ ਉਹਦੀ ਹੋਵੇ, ਦੂਜਾ iਖ਼ਆਲ ਨਾਂ ਲਿਆਵੇਂ। ਸਾਰੇ ਆਲਮ ਦਾ ਸਾਂਝਾ, ਇਕੋ ਮੈਨੂੰ ਦਰ ਦਿਸਦਾ। ਕੋਈ ਗੰਗਾ ਜਾਂਦਾ……….
ਮਦਰ ਡੇ
ਆਉ ਮਾਣੀਏ ਰਲਕੇ ਸਾਰੇ, ਮਾਂ ਦਾ ਸੱਚਾ ਪਿਆਰ। ਮਦਰ ਡੇ ਤੇ ਸਿਰ ਝੁਕਾਈਏ, ਦਿਲ ਚੋਂ ਕਰ ਸਤਿਕਾਰ। ਸੱਚੀ ਮਾਂ ਤਾਂ ਬੱਚਿਆਂ ਕੋਲੋਂ, ਕੋਈ ਚੀਜ਼ ਨਾ ਚਾਹੁੰਦੀ। ਨਾ ਹੀ ਆਪਣੇ ਬੱਚਿਆਂ ਕੋਲੋਂ, ਕੋਈ ਚੀਜ਼ ਲੁਕਾਉਂਦੀ। ਸਾਸ ਸਾਸ ਬੱਚਿਆਂ ਦੀ ਖਾਤਰ, ਦਿਲ ਚੋਂ ਖ਼ੈਰ ਮਨਾਉਂਦੀ। ਐਸੀ ਮਾਂ ਦੇ ਚਰਨਾਂ ਉੱਤੇ, ਲੱਖ ਵਾਰੀ ਨਮਸਕਾਰ। ਆਉ ਮਾਣੀਏ ਰਲਕੇ……………. ਰੱਬੀ ਸੱਚਾ ਪਿਆਰ ਮਾਂ ਦਾ, ਰੱਬ ਨੇ ਆਪ ਬਣਾਇਆ। ਜਦ ਕਦੇ ਵੀ ਰੱਬ ਸੱਚੇ ਨੇ, ਧਰਤੀ ਫੇਰਾ ਪਾਇਆ। ਅੱਲਾ ਈਸਾ ਰਾਮ ਜਾਂ ਨਾਨਕ, ਮਾਂ ਦੀ ਕੁੱਖ ਨੇ ਜਾਇਆ। ਗੁਰਦੇਵ ਮਾਤਾ, ਗੁਰਦੇਵ ਪਿਤਾ ਹੈ, ਬਾਣੀ ਕਹੇ ਪੁਕਾਰ। ਆਉ ਮਾਣੀਏ ਰਲਕੇ…………….. ਮਾਂ ਦਾ ਸੱਚਾ ਪਿਆਰ ਹੈ ਉਹੀ, ਅਮਨ ਏਕਤਾ ਸ਼ਾਂਤੀ ਦੇਵੇ। ਲੋੜ ਪਵੇ ਤਾਂ ਹੋਸ਼ ਜੋਸ਼ ਨਾਲ, ਅਗਾਂਹ ਵਧੂ ਕ੍ਰਾਂਤੀ ਦੇਵੇ। ਪ੍ਰੇਮਾ ਭਗਤੀ ਨਿਰਮਤਾ ਦੇਵੇ, ਉੱਚੀ ਸੋਚ ਵੇਦਾਂਤੀ ਦੇਵੇ। ਨਿੱਜ ਦੇ ਅੰਦਰ ਸੁਰਤ ਟਿਕਾਵੇ, ਕਰੇ ਸਾਹਾਂ ਵਿੱਚ ਧੁਨਕਾਰ। ਆਉ ਮਾਣੀਏ ਰਲਕੇ……………… ਐਸੀ ਮਾਂ ਦੇ ਸਦਕੇ ਜਾਈਏ, ਜਾਈਏ ਜੀ ਬਲਿਹਾਰ। ਐਸੀ ਮਾਂ ਦੇ ਗੁਣਾਂ ਦਾ ਕਰੀਏ, ਸੱਚਾ ਜੀ ਸਤਿਕਾਰ। ਐਸੀ ਮਾਂ ਦੇ ਗੁਣਾਂ ਨੂੰ ਲਈਏ, ਸਾਹਾਂ ਵਿੱਚ ਉਤਾਰ। ਆਲਮ ਦੇ ਵਿੱਚ ਮਾਂ ਦੇ ਰਹਿਣੇ, ਸਦਾ ਸਦਾ ਉਪਕਾਰ। ਆਉ ਮਾਣੀਏ ਰਲਕੇ…………….
ਫਾਦਰ ਡੇ
ਆਉ ਸਾਰੇ ਧੂਮ ਧਾਮ ਨਾਲ, ਫ਼ਾਦਰ ਡੇ ਮਨਾਈਏ। ਡੈਡੀ ਜੀ ਦਾ ਕਹਿਣਾ ਮੰਨ ਕੇ, ਬਲੈਸਿੰਗ ਸਦਾ ਪਾਈਏ। ਗਿਫ਼ਟਾਂ ਗੁਫ਼ਟਾਂ ਵਾਲੇ ਚੱਕਰ, ਐਵੇਂ ਨਾ ਵਧਾਈਏ। ਇੱਜ਼ਤ ਕਰੀਏ ਸ਼ਰਮ ਰੱਖੀਏ, ਏਹੋ ਗਿਫ਼ਟ ਬਣਾਈਏ। ਜੇ ਡੈਡੀ ਨਾਲੋਂ ਜ਼ਿਆਦਾ ਪੜ੍ਹ ਗਏ, ਆਕੜ ਵਿੱਚ ਨਾ ਆਈਏ। ਪੜ੍ਹਨ ਦਾ ਹੁੰਦਾ ਤਾਹੀਂ ਫ਼ਾਇਦਾ, ਜੇ ਲੋਭ ਹੰਕਾਰ ਹਟਾਈਏ। ਜੋ ਫ਼ਾਦਰ ਸਾਨੂੰ ਰੱਬ ਨੇ ਦਿੱਤਾ, ਉਸ ਨੂੰ ਸੀਸ ਝੁਕਾਈਏ। ਜਿਸ ਫ਼ਾਦਰ ਨੂੰ ਗੁਰਦੁਆਰੇ ਮੰਦਰ, ਚਰਚ ਲੱਭਣ ਜਾਈਏ। ਮਿੱਠੇ ਨੀਵੇਂ ਬਾਲਕ ਹੋ ਕੇ, ਉਹੀ ਘਰ ਵਿੱਚ ਪਾਈਏ। ਜਿਸਨੇ ਵੱਡਾ ਕੀਤਾ, ਪਾਲ ਪੋਸ ਕੇ, ਉਸਨੂੰ ਨਾ ਭੁਲਾਈਏ। ਜਿਸਨੇ ਪੜ੍ਹਾਇਆ ਖਰਚਾ ਕੀਤਾ, ਉਸਦਾ ਸ਼ੁਕਰ ਮਨਾਈਏ। ਸਭ ਕੁਝ ਲੈ ਕੇ ਫ਼ਾਦਰ ਕੋਲੋਂ, ਕਾਹਦਾ ਰੋਹਬ ਦਿਖਾਈਏ। ਫ਼ਾਦਰ ਦੇ ਸਦਾ ਗੁਣ ਹੀ ਤੱਕੀਏ, ਔਗੁਣ ਨਾ ਜਿਤਲਾਈਏ। ਬ੍ਰਹਮਾ ਬਿਸ਼ਨ ਮਹੇਸ਼ ਹੈ ਫ਼ਾਦਰ, ਸ਼ਰਧਾ ਏਹ ਬਣਾਈਏ। ਪਵਣ ਗੁਰੂ, ਪਾਣੀ ਪਿਤਾ, ਧਰਤੀ ਮਾਂ ਵਡਿਆਈਏ। ਜੇ ਪਾਣੀ ਦੇ ਨਾਲ ਪਾਣੀ ਹੋਣਾ, ਪਾਣੀ ਵਿੱਚ ਮਿਲ ਜਾਈਏ। ਪਿਆਰ ਅਤੇ ਸਤਿਕਾਰ ਫ਼ਾਦਰ ਦਾ, ਮਨ ਦੇ ਵਿੱਚ ਬਿਠਾਈਏ। ਸੁੱਖ ਜੇ ਪਾਉਣਾ ਆਲਮ ਦੇ ਵਿੱਚ, ਗੁਣਾਂ ਤੇ ਨਜ਼ਰ ਟਿਕਾਈਏ।
ਮੀਰੀ ਪੀਰ ਸਰਕਾਰ
ਸ਼ਾਹੀ ਚੋਲਾ ਮੱਥੇ ਕਲਗੀ, ਮੀਰੀ ਪੀਰੀ ਸਰਕਾਰ। ਚੋਰ ਕਰਦੇ ਦੇਵੀ ਦੇਵਤੇ ਛਤਰ ਸੁਨਹਿਰੀਦਾਰ। ਨੂਰ ਇਲਾਹੀ ਤੋੜਨ ਆਇਆ, ਗੁਲਾਮਾਂ ਦੇ ਜੰਜਾਰ ਹਰਿਗੋਬਿੰਦ ਜੀ ਅੱਲਾ ਈਸਾ ਸਭ ਦਾ ਤਾਰਨਹਾਰ। ਦੇਵ ਦਾਨਵ ਵੀਰ ਯੋਧੇ ਸਾਰੇ ਚਲਕੇ ਆਏ। ਪਉਣ ਪਾਣੀ ਬੈਸੰਤਰ, ਇੰਦਰ ਸਭਨਾ ਸੀਸ ਝੁਕਾਏ। ਬ੍ਰਹਮਾ ਬਿਸ਼ਨ ਮਹੇਸ਼ ਜੀ ਕਰਦੇ ਜੈ ਜੈ ਕਾਰ। ਜਤੀ ਸਤੀ ਬਲ ਸੂਰੇ, ਕਈ ਸੁਦਰਸ਼ਨਧਾਰੀ। ਕਾਲੀ ਚੰਡੀ, ਮਹਾਂ ਲਛਮੀ ਦੁਰਗਾ ਸ਼ਕਤੀ ਭਾਰੀ। ਅਸਤਰ ਸ਼ਸਤਰ ਹਾਜ਼ਰ ਹੋਏ ਯੋਧੇ ਬੇਸ਼ੁਮਾਰ। ਸ਼ਾਹੀ ਚੋਲਾ ........... ਜੰਗੀ ਸਮਾਨ ਭੇਟਾ ਲੈਣੀ ਗੁਰੂ ਅਰਜਨ ਰੀਤ ਚਲਾਈ। ਹਰਿਗੋਬਿੰਦ ਜੀ ਹੁਕਮ ਦੇ ਅੰਦਰ ਪੂਰੀ ਸੇਵ ਨਿਭਾਈ। ਸੱਚ ਝੂਠ ਦੀ ਹੋਈ ਲੜਾਈ ਮੁੱਕ ਗਏ ਸਭ ਵਿਚਾਰ। ਸ਼ਾਹੀ ਚੋਲਾ………….. ਬੱਜਣ ਨਗਾਰੇ ਹੋਵਣ ਦੰਗਲ ਢਾਡੀ ਗਾਵਣ ਵਾਰਾਂ। ਦੇਖ ਨਜ਼ਾਰੇ ਜ਼ਾਲਮ ਦੀਆਂ ਹਿੱਲ ਗਈਆਂ ਸਰਕਾਰਾਂ। ਆਲਮ ਸਾਰਾ ਜਾਗ ਖਲੋਇਆ ਹੋਇਆ ਪੱਬਾਂ ਭਾਰ। ਸ਼ਾਹੀ ਚੱਲਾ ਮੱਥੇ ਕਲਗੀ.......
ਜਨਮ ਦਿਨ
ਜਿਸਨੇ ਦਿੱਤੀ ਮਾਣਸ ਦੇਹੀ, ਉਹਨਾਂ ਦਾ ਸ਼ੁਕਰ ਮਨਾਈਏ। ਜਿਨ੍ਹਾਂ ਦੇ ਕਾਰਣ ਜੱਗ ਤੇ ਆਏ, ਮਾਂ ਬਾਪ ਨੂੰ ਸੀਸ ਝੁਕਾਈਏ। ਤੂੰ ਹੈਂ ਸੋਹਣਾ ਮਨਮੋਹਣਾ ਤੈਥੋਂ ਸਦਕੇ ਜਾਈਏ। ਤੇਰੇ (ਇਕੀਵੇਂ) ਜਨਮ ਦਿਨ ਤੇ ਰਲਕੇ ਨੱਚੀਏ ਗਾਈਏ, (ਭੰਗੜਾ ਪਾਈਏ) ਹਰ ਕੋਈ ਪਹਿਲਾਂ ਬੱਚਾ ਹੁੰਦਾ, ਪੜ੍ਹ ਲਿਖ ਕੇ ਫਿਰ ਬਣੇ ਸਿਆਣਾ। ਸੰਗਤ ਕਰਦਾ ਤਕਦਾ ਸੁਣਦਾ, ਮਿੱਠਾ ਬੋਲਕੇ ਪਾਵੇ ਮਾਣਾ। ਸੁਣਨਾ ਤਕਣਾ ਗ੍ਰਹਿਣ ਕਰਨਾ ਸਾਂਭ ਕੇ ਰਖਣਾ ਅਮੋਲ ਖਜ਼ਾਨਾ। ਰੱਬੀ ਬਖਸ਼ਸ਼ ਖੁਸ਼ੀ ਅਰੋਗਤਾ, ਰੌਸ਼ਨ ਹੋਵੇ ਅਕਲ ਮਹਾਨਾ। ਏਹ ਜੀਵਨ ਨਾ ਖੇਤੀਂ ਉਗਦਾ, ਨਾ ਏਹ ਮਿਲਦਾ ਵਿਚ ਬਜ਼ਾਰਾਂ। ਇਸਨੂੰ ਸਦਾ ਨਰਕ ਬਣਾਇਆ ਨਸ਼ਿਆਂ ਰੰਡੀਆਂ ਚੋਰਾਂ ਯਾਰਾਂ। ਦਰ ਦਰ ਭਟਕੇ ਅਨਦਿਨ ਕਲਪੇ ਵਿਹਲਾ ਕਰਦਾ ਸਦਾ ਵਗਾਰਾਂ। ਇਕ ਦੂਜੇ ਦਾ ਭਲਾ ਜੇ ਕਰੀਏ ਜੀਵਨ ਬਣਦਾ ਸਦਾ ਬਹਾਰਾਂ। ਜਿਸਦੀ ਖੁਸ਼ੀ ਮਨਾਵਣ ਆਏ, ਉਸਦੇ ਵਿਹੜੇ ਫੁੱਲ ਉਗਾਈਏ। ਸੇਵਾ ਸਿਮਰਨ ਸਭ ਸੁੱਖ ਹੋਵੇ ਲੰਮੀ ਉਮਰ ਦੀ ਖ਼ੈਰ ਮਨਾਈਏ। ਜੋ ਵੀ ਤਨ ਤੇ ਮਨ ਲਈ ਚੰਗਾ, ਉਹੀ ਰਲਕੇ ਪੀਈਏ ਖਾਈਏ। ਮਿੱਠੇ ਨੀਵੇਂ ਸਮੇਂ ਨਾਲ ਰਲਕੇ ਆਲਮ ਚਲਦੀ ਰੀਤ ਨਿਭਾਈਏ।
ਰਚਨਾ ਸਾਰੀ ਕਰਤੇ ਆਪ ਬਣਾਈ
ਗੁਰ ਈਸ਼ਰ ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਤ੍ਰੈ ਗੁਣ ਖੇਲੇ ਜੱਗ ਏਹ ਸਾਰਾ ਤੁਰੀਆ ਵਿਰਲੇ ਪਾਈ ਏਕਾ ਮਾਈ ਜੁਗਤ ਬਿਆਈ, ਤਿੰਨ ਚੇਲੇ ਪਰਵਾਣ। ਇਕ ਸੰਸਾਰੀ ਇਕ ਭੰਡਾਰੀ, ਇਕ ਲਾਏ ਦੀਬਾਣ। ਦੇਵੀ ਦੇਵਤੇ ਰਚਨਾ ਸਾਰੀ, ਕਰਤੇ ਆਪ ਬਣਾਈ। ਗੁਰ ਈਸ਼ਰ ........................... ਸ਼ਬਦ ਗੁਰੂ ਸੁਰਤ ਹੈ ਚੇਲੀ, ਦਸਦੇ ਗ੍ਰੰਥ ਨੇ ਸਾਰੇ। ਗੁਰੂ ਮਿਲੇ ਤਾਂ ਚੇਲਾ ਹੋ ਕੇ, ਕੀਮਤੀ ਗਲ ਵਿਚਾਰੇ। ਸੂਰਤ ਬਣ ਗਈ ਚੰਡੀ ਦੁਰਗਾ ਜਾ ਸ਼ਬਦ ਨੇ ਗਲ ਲਗਾਈ। ਗੁਰ ਈਸ਼ਰ…………….. ਕਰਤੇ ਰਚਨਾ ਆਪ ਬਣਾਈ, ਕਰਤਾ ਆਪ ਚਲਾਵੇ। ਜਿਸਤੇ ਮੇਹਰ ਕਰੇ ਗੁਰ ਪੂਰਾ, ਉਸਨੂੰ ਦਰਸ ਦਿਖਾਵੇ। ਸੇਵਾ ਉਹੀ ਪਰਵਾਣ ਹੈ ਪਿਆਰੇ, ਜਿਹੜੀ ਉਸਨੂੰ ਭਾਈ। ਗੁਰ ਈਸ਼ਰ…………………… ਸਤਿਗੁਰ ਬਾਝੋਂ ਜਪ ਤਪ ਸਾਰਾ, ਬਣਦਾ ਰੋਗ ਵਡੇਰਾ। ਰਹਿਣਾ ਪੂਰੇ ਗੁਰੂ ਦੇ ਬਾਝੋਂ, ਆਲਮ ਘੁੱਪ ਹਨੇਰਾ। ਕ੍ਰਿਪਾ ਕਰਕੇ ਚਰਨੀ ਲਾਵੇ, ਇਹ ਉਹਦੀ ਵਡਿਆਈ। ਗੁਰ ਈਸ਼ਰ………..
ਹੇ ਮਾਂ ਦੁਰਗਾ ਜੀ
ਸ਼ਕਤੀ ਦੋਵੋ ਭਗਤੀ ਦੋਵੋ, ਦੇਵੋ ਆਪਣਾ ਪਿਆਰ। ਹੇ ਮਾਂ ਪਾਰਬਤੀ ਤੇਰਾ ਸੇਵਕ ਤੇਰੇ ਦੁਆਰ ਹੇ ਮਾਂ ਦੁਰਗਾ ਜੀ ... ਲੱਭਦੇ ਲੱਭਦੇ ਮਾਤਾ ਤੈਨੂੰ, ਹੁਣ ਤਾਂ ਥੱਕੇ ਹਾਰੇ। ਕਦੇ ਕੋਈ ਨਾ ਖਾਲੀ ਜਾਂਦਾ, ਆਕੇ ਤੇਰੇ ਦੁਆਰੇ। ਸਭੇ ਆਸਾਂ ਪੂਰਨ ਕਰ ਦਿਉ, ਦੁਸ਼ਟਾਂ ਨੂੰ ਦਿਉ ਮਾਰ। ਅਸੀਂ ਹਾਂ ਪਾਪੀ ਅਸੀਂ ਲੋਭੀ, ਔਗਣ ਨਾ ਚਿਤਾਰੋ। ਸਾਡੇ ਪਾਪੀ ਤਨ ਮਨ ਅੰਦਰ, ਆਪਣਾ ਨਾਮ ਉਤਾਰੋ। ਅਨਦਿਨ ਸਾਡੇ ਰੋਮ ਰੋਮ ਚੋਂ, ਉੱਠੇ ਤੇਰੀ ਪੁਕਾਰ। ਸੁਖ ਮਾਇਆ ਦੀ ਲੋੜ ਹੈ ਸਾਨੂੰ, ਅਸੀਂ ਹਾਂ ਸੰਸਾਰੀ। ਤੂੰ ਹੈਂ ਦਾਤੀ ਕਰਮ ਵਿਧਾਤੀ, ਸਭ ਦੀ ਮਾਂ ਭੰਡਾਰੀ। ਤੇਰੇ ਬਾਝੋਂ ਪਿਆਰੀ ਮਾਤਾ, ਕੋਈ ਨਾ ਲੈਂਦਾ ਸਾਰ। ਆਪਣੇ ਨੂਰੀ ਦਰਸ਼ਨ ਦੋਵੋ ਆਪਣਾ ਸਾਨੂੰ ਬਣਾਉ। ਸਦਾ ਸਦਾ ਲਈ ਆਪਣੇ ਕਰ ਲਉ, ਆਧਿ ਬਿਆਧਿ ਮਿਟਾਉ। ਆਲਮ ਦੇ ਵਿੱਚ ਜੁਗ ਜੁਗ ਕਰੀਏ ਤੇਰੀ ਜੈ ਜੈਕਾਰ। ਹੇ ਮਾਂ ਪਾਰਬਤੀ………….
ਜੱਗ ਦੀ ਪਿਆਰੀ
ਜੱਗ ਦੀ ਪਿਆਰੀ, ਮਹਾਂ ਲਛਮੀ ਤੇਰਾ ਖੇਲ ਨਿਰਾਲਾ। ਚੰਡੀ, ਦੁਰਗਾ, ਵੈਸ਼ਨੋ, ਕਾਲੀ, ਮਨਸਾ ਦੇਵੀ, ਜਵਾਲਾ। ਆਪਣਿਆਂ ਭਗਤਾਂ ਦੇ ਮਾਂ, ਪੂਰ ਕਰੋ ਭੰਡਾਰੇ। ਤਨ ਮਨ ਅੰਦਰ ਤੇਰੇ ਨਾਮ ਦੇ ਹੋਵਣ ਜੈ ਜੈ ਕਾਰੇ। ਧਨ ਮਾਲ ਸਭ ਸੁਖ ਨੇ ਮਿਲਦੇ ਆਕੇ ਤੇਰੇ ਦੁਆਰੇ। ਬਸਤਰ ਚੁੰਨੀ ਲਲੇਰ ਦੇਵਾਂ, ਦੇਵਾਂ ਲਾਲ ਦੁਸ਼ਾਲਾ। ਜੱਗ ਦੀ ਪਿਆਰੀ, ਮਹਾਂ ਲੱਛਮੀ…………… ਤੇਰੀ ਹੋਵੇ ਕਿਰਪਾ ਜੇਕਰ, ਸੰਗਤ ਸੇਵ ਕਮਾਵਾਂ। ਦਿਨੇ ਰਾਤੀਂ ਸੇਵ ਕਰਾਂਗਾ, ਗੀਤ ਪ੍ਰਭੂ ਦੇ ਗਾਵਾਂ। ਸਦਾ ਸਦਾ ਲਈ ਪ੍ਰਭੂ ਚਰਨਾਂ ਵਿੱਚ, ਆਪਾ ਭੇਟ ਚੜਾਵਾਂ। ਸਾਰੀ ਮੈਨੂੰ ਸੁਧ ਬੁਧ ਦੇਵੋ, ਮੇਰੇ ਅੰਦਰ ਕਰੋ ਉਜਾਲਾ। ਜੱਗ ਦੀ ਪਿਆਰੀ, ਮਹਾਂ ਲੱਛਮੀ………………. ਸਾਸ ਸਾਸ ਵਿੱਚ ਰੋਮ ਰੋਮ ਮੇਰੇ, ਨਾਮ ਪ੍ਰਭੂ ਦਾ ਹੋਵੇ। ਤਨ ਮਨ ਬੁੱਧੀ ਸੁਰਤੀ ਮੇਰੀ, ਪਰਬਤ ਵਾਂਗ ਖਲੋਵੇ। ਹਰੀ ਦਾ ਦਿਲ ਚੋਂ ਨਾਮ ਨਾ ਵਿਸਰੇ, ਨਾਮ 'ਚ ਜਾਗੇ ਸੋਵੇ। ਆਲਮ ਦੇ ਵਿੱਚ ਮਸਤ ਰਹਾਂ ਮੈਂ, ਪੀਕੇ ਪ੍ਰੇਮ ਪਿਆਲਾ। ਜੱਗ ਦੀ ਪਿਆਰੀ, ਮਹਾਂ ਲੱਛਮੀ……………….
ਬੇਬੇ ਨਾਨਕੀ ਦਾ ਵੀਰ
ਬੇਬੇ ਨਾਨਕੀ ਦਾ ਵੀਰ ਲੋਕੀ ਆਖਦੇ ਫ਼ਕੀਰ। ਓ ਤਾਂ ਤਕਦੀਰ ਸਾਰੇ ਜੱਗ ਦੀ ਉਹਦੇ ਵਿਚੋਂ ਬੋਲਦੀ ਏ ਬਾਣੀ ਰੱਬ ਦੀ ਬੇਬੇ ਨਾਨਕੀ ਦਾ ਪਿਆਰ, ਜਾਂਦਾ ਅੰਬਰਾਂ ਤੋਂ ਪਾਰ। ਛੇੜੇ ਦਿਲਾਂ ਵਾਲੀ ਤਾਰ, ਬਾਬਾ ਸੁਣੇ ਤੱਤ ਸਾਰ ਉਥੇ ਪਲਾਂ ਵਿੱਚ ਜਾਣ ਜਿਥੇ ਭੈਣ ਯਾਦ ਕਰਦੀ। ਵਾਹੁ ਸਤਿਕਰਤਾਰ ਸਤਿਕਰਤਾਰ ਜਪਦੇ। ਭੋਜਨ ਪਕਾਇਆ ਭੈਣ ਕੋਲੇ ਜਾ ਛਕਦੇ। ਬੇਬੇ ਭੈਣ ਨਾਨਕੀ, ਤੂੰਹੀ ਬਾਬਾ, ਤੂੰਹੀ ਜਪਦੀ। ਵੇਂਈ ਨਦੀ ਸੀ ਪੁਕਾਰੀ ਬਾਬੇ ਲੰਮੀ ਚੁੱਭੀ ਮਾਰੀ ਰੌਲਾ ਪੈ ਗਿਆ ਭਾਰੀ ਬੇਬੇ ਨਾਨਕੀ ਪੁਕਾਰੀ ਉਹ ਤਾਂ ਜੋਤ ਨਿਰੰਕਾਰੀ ਉਹ ਨਾ ਕਦੇ ਡੁੱਬਦੀ। ਇਕੋ ਮਰਦਾਨਾ ਸੀ ਭਾਈ, ਸਾਰੀ ਉਮਰਾਂ ਨਿਭਾਈ। ਨੂਰੀ ਰਬਾਬ ਵਜਾਈ, ਨਾਲੇ ਬਾਣੀ ਸੁਣੀ ਗਾਈ। ਬਾਬੇ ਨਾਲ ਪ੍ਰੀਤ ਉਹਦੀ ਜਿਵੇਂ ਧੁਨ ਅਤੇ ਰੱਬ ਦੀ। ਗੁਰੂ ਨਦੀ ਵਿੱਚੋਂ ਆਏ, ਹੱਸੇ ਤੇ ਮੁਸਕਾਏ। ਬਾਬਾ ਓਂਕਾਰ ਗਾਏ, ਮਰਦਾਨਾ ਰਬਾਬ ਵਜਾਏ। ਬਾਬੇ ਨਾਨਕ ਦੀ ਭੈਣ, ਉਹ ਤਾਂ ਭੈਣ ਲਗੇ ਸਭ ਦੀ।
ਗੁਰੂ ਅਰਜਨ
ਗੁਰੂ ਅਰਜਨ ਸੀ ਰੂਪ ਰੱਬ ਦਾ ਰੰਗੀਂ ਮਹਿਕੀਂ ਭਰਿਆ। ਨੀਚ ਕਮੀਨੇ ਜ਼ਾਲਮ ਲੋਕਾਂ, ਭੇਂਟ ਅੱਗ ਦੀ ਕਰਿਆ। ਹਵਾ ਦੇ ਪਿੰਡੇ ਛਾਲੇ ਪੈ ਗਏ, ਅੰਬਰ ਨੇ ਰੱਤ ਚੋਈ। ਧਰਤੀ ਮੱਥੇ ਦਰਦਾਂ ਉੱਠੀਆਂ, ਵਾਹ ਚੱਲੀ ਨਾ ਕੋਈ। ਭੁੱਬਾਂ ਮਾਰ ਲਹੌਰ ਸੀ ਰੋਇਆ, ਦੁੱਖ ਗਿਆ ਨਾ ਜਰਿਆ। ਗੁਰੂ ਅਰਜਨ ਸੀ ਰੂਪ ਰੱਬ ਦਾ……………. ਮੀਆਂ ਮੀਰ ਜੀ ਗੁੱਸੇ ਅੰਦਰ, ਰੋਏ ਤੇ ਕੁਰਲਾਏ। ਭਾਣਾ ਮੰਨਣਾ, ਕੁਝ ਨਾ ਕਰਨਾ ਗੁਰੂ ਜੀ ਫ਼ਰਮਾਏ। ਮੀਆਂ ਮੀਰ ਜੀ ਹੁਕਮ ਮੰਨ ਕੇ ਦਿਲ ਨੂੰ ਪੱਥਰ ਕਰਿਆ। ਗੁਰੂ ਅਰਜਨ ਜੀ ਰੂਪ ਰੱਬ ਦਾ ………… ਅੰਦਰ ਅੰਦਰ ਬੇਚੈਨ ਸੀ ਗੁਰੂ ਦੀ ਸੰਗਤ ਸਾਰੀ। ਭਾਣੇ ਅੰਦਰ ਰਹਿਣਾ ਸਭ ਨੇ ਗੁਰੂ ਦਾ ਹੁਕਮ ਸੀ ਭਾਰੀ। ਤੱਕਦਾ ਰਿਹਾ ਆਲਮ ਸਾਰਾ, ਕਿਸੇ ਤੋਂ ਕੁਝ ਨਾ ਸਰਿਆ।
ਗੁਰੂ ਅਰਜਨ ਦਾ ਕੋਈ ਨਾ ਸਾਨੀ
ਸ਼ੇਅਰ ਧਰਤੀ ਅੰਬਰ ਸਜਦਾ ਕਰਦੇ ਗੁਰੂ ਅਰਜਨ ਦਾ ਕੋਈ ਨਾ ਸਾਨੀ ਅਮਰ ਸ਼ਹੀਦ ਸੱਚਾ ਸਤਿਗੁਰ ਗੁਰੂ ਗੰਥ ਦਾ ਬਾਨੀ। ਕਹਿਰ ਜਨੂੰਨੀ ਅੱਗਾਂ ਉਤੇ ਹੱਸ ਕੇ ਬਹਿ ਜਾਂਦੇ ਨੇ। ਓਹੀ ਮਸੀਹੇ ਤੇ ਪੈਗ਼ੰਬਰ ਜ਼ੁਲਮਾਂ ਨੂੰ ਠੱਲ ਪਾਂਦੇ ਨੇ। ਜਿਹੜੇ ਸੱਚ ਧਰਮ ਦੀ ਖ਼ਾਤਰ ਆਪਾ ਵਾਰ ਗਏ। ਸੀਤਲ ਨਾਮ ਦੀ ਜੋਤ ਜਗਾ ਕੇ ਹਿਰਦੇ ਠਾਰ ਗਏ। ਓਹੀ ਸੱਚੇ ਪਾਤਸ਼ਾਹ, ਪੂਰੇ ਗੁਰੂ ਕਹਾਂਦੇ ਨੇ। ਕਹਿਰ ਜਨੂੰਨੀ………….. ਓਹ ਸਭਨਾਂ ਵਿੱਚ ਇਕੋ ਰੱਬ ਦੇ ਨੂਰ ਨੂੰ ਤੱਕਦੇ ਨੇ। ਸੱਚ ਕਹਿਣ ਤੇ ਸੱਚ ਸੁਨਣ ਤੋਂ ਕਦੇ ਨਾ ਝੱਕਦੇ ਨੇ। ਸਾਰੇ ਜੱਗ ਲਈ ਸਾਂਝਾ ਇਕ ਉਪਦੇਸ਼ ਸੁਣਾਂਦੇ ਨੇ । ਕਹਿਰ ਜਨੂੰਨੀ……………. ਸਭ ਧਰਮਾਂ ਤੇ ਜ਼ਾਤਾਂ ਦੀ ਇਕ ਸਾਂਝ ਬਣਾਈ ਏ ਸਭ ਥਾਵਾਂ ਤੇ ਗੁਰ ਬਾਣੀ ਦੀ ਪੂਜ ਕਰਾਈ ਏ ਗੁਰੂ ਗ੍ਰੰਥ ਹੈ ਸਾਂਝਾ ਸਭਦਾ ਸਾਰੇ ਸੀਸ ਝੁਕਾਂਦੇ ਨੇ। ਕਹਿਰ ਜਨੂੰਨੀ ............ ਸਭ ਲਈ ਸੱਚੀ ਬਾਣੀ, ਸਾਂਝੀ ਬਾਣੀ ਕਹਿੰਦੇ ਨੇ। ਆਲਮ ਦੇ ਵਿੱਚ ਸਦਾ ਲਈ, ਓਹ ਦਿਲਾਂ ’ਚ ਰਹਿੰਦੇ ਨੇ। ਧਰਤੀ ਅੰਬਰ ਪਉਣ ਪਾਣੀ, ਗੀਤ ਉਹਨਾਂ ਦੇ ਗਾਂਦੇ ਨੇ। ਕਹਿਰ ਜਨੂਨੀ ਅੰਗਾਂ ਉੱਤੇ ਹੱਸ ਕੇ ਬਹਿ ਜਾਂਦੇ ਨੇ।
ਸੱਚਾ ਹੈ ਸੱਚਾ ਰੂਪ ਰੱਬ ਦਾ
ਪਾਣੀ ਡੋਬੇ ਨਾ ਅਗਨੀ ਸਾੜੇ, ਸੱਚ ਕਦੇ ਨਾ ਮਰਦਾ। ਤੱਤੀ ਤਵੀਆਂ, ਚਰਖੜੀਆਂ ਤੇ, ਹੱਸਕੇ ਸੂਲੀ ਚੜਦਾ। ਅੱਗ ਪਾਣੀ ਤੇ ਝੱਖੜ ਨੇਰ੍ਹ ਤੋਂ, ਡਰਿਆ ਨਾ ਘਬਰਾਇਆ। ਧਰੂੰ ਭਗਤ ਨੂੰ ਝਖੜ ਨੇਰ੍ਹੀ ਪਾਣੀ ਅੱਗ ਡਰਾਇਆ। ਨਿਰਭਉ ਹੋਕੇ ਧਿਆਨ ਲਗਾ ਕੇ ਧਰੂੰ ਨੇ ਹਰਿ ਨੂੰ ਪਾਇਆ। ਨਾਰਦ ਜੀ ਗਿਆਨ ਬਖਸ਼ਿਆ, ਲਾਹਿਆ ਝੂਠਾ ਪੜਦਾ। ਪਾਣੀ ਡੋਬੇ ਨਾ ਅਗਨੀ ਸਾੜੇ…………….. ਪਰਬਤੋਂ ਸੁੱਟਿਆ ਅੱਗ ਸਾੜਿਆ ਕਈ ਤਰ੍ਹਾਂ ਧਮਕਾਇਆ। ਰੱਤਾ ਵੀ ਪ੍ਰਹਿਲਾਦ ਨਾ ਝੁਕਿਆ, ਐਸਾ ਨਾਮ ਧਿਆਇਆ। ਸੱਚ ਹੈ ਸੱਚਾ ਰੂਪ ਰੱਬ ਦਾ, ਸੱਚ ਅੱਗੇ ਝੂਠ ਨਾ ਖੜਦਾ। ਪਾਣੀ ਡੋਬੇ ਨਾ ਅਗਨੀ ਸਾੜੇ……………..
ਸੁਣੋ ਪੁਕਾਰ
ਹੇ ਮੇਰੇ ਪਿਆਰੇ ਸਮਰਥ ਸਹਾਰੇ ਛੇਤੀ ਸੁਣੋ ਪੁਕਾਰ। ਨੱਕ ਕੰਨ ਅੱਖਾਂ ਕੰਠ ਸੁਰਾਂ ਨੂੰ, ਅਰੋਗ ਕਰੋ ਤਤਸਾਰ। ਸਾਰੇ ਰੋਗ ਮੁਕਾਉ, ਸਤਿਗੁਰ ਦੇਵੋ, ਨਾਮਦਾਨ ਤੇ ਪਿਆਰ। ਇਕ ਤੂੰਹੀਂ ਮਾਤ ਪਿਤਾ ਹੈਂ ਬੰਧਪ ਬੇਨਤੀ ਤੇਰੇ ਦੁਆਰ। ਤੂੰ ਹੈਂ ਊਜਲ ਸਦਾ ਦਇਆਲੂ ਹਮ ਪਾਪ ਭਰੇ ਹੰਕਾਰ। ਤਨ ਮਨ ਮੈਲਾ ਬੁੱਧੀ ਮੈਲੀ ਮੈਲ ਭਰੇ ਬਦਕਾਰ। ਅਵਗੁਣ ਮੇਟੋ ਸਭ ਗੁਣ ਦੇਵੋ ਦਇਆ ਕਰੋ ਸਰਕਾਰ। ਤਨ ਮਨ ਮੋੜੋ ਚਰਨੀ ਜੋੜੋ, ਕਰੋ ਪਾਪਾਂ ਦਾ ਸੰਘਾਰ। ਸਭ ਕੁਝ ਤੇਰੇ ਵੱਸ ਹੈ ਦਾਤਾ ਕਰਣ ਕਰਾਵਣਹਾਰ। ਰਿਧੀ ਸਿਧੀ ਆਲਮ ਤੂੰਹੀਂ ਸਰਬ ਕਲਾ ਅਵਤਾਰ।
ਤੇਰਾ ਵਿਰਸਾ
ਜਾਗ ਓਏ ਪੰਜਾਬੀਆ ਜਾਗ ਓਏ ਪੰਜਾਬੀਆਂ ਤੇਰਾ ਵਿਰਸਾ ਲੁੱਟ ਸ਼ੈਤਾਨ। ਲੋਭ ਮੋਹ ਤੇ ਕਾਮ ਦੇ ਬਿਸਤਰ ਕਿਉਂ ਸੌਂ ਗਿਆ ਲੰਮੀਆਂ ਤਾਣ। ਆਸ਼ਾ ਤ੍ਰਿਸ਼ਨਾ ਦੇ ਨ੍ਹੇਰੇ ਜੰਗਲ, ਕੀ ਤੂੰ ਲੱਭ ਰਿਹਾ। ਸੁਪਨਿਆਂ ਦੀ ਭੀੜ ਦੇ ਅੰਦਰ, ਤੇਰਾ ਆਪਾ ਗੁੰਮ ਗਿਆ। ਦੇਸ਼ ਧਰਮ ਜ਼ੁਬਾਨ ਗੁਆਈ, ਤੇਰੇ ਪੱਲੇ ਕੀ ਪਿਆ। ਆਪਣੇ ਦੇਸ਼ ਨੂੰ ਮਾੜਾ ਆਖੇਂ, ਨਾ ਤੂੰ ਬੰਦਾ ਨਾ ਹੈਵਾਨ। ਦੇਸ਼ ਬਦਲਿਆ ਵੇਸ ਬਦਲਿਆ ਬਣ ਗਿਆ ਸ਼ੇਖ ਚਿਲੀ। ਜਿਨ੍ਹਾਂ ਬੱਚਿਆਂ ਲਈ ਸਭ ਕੁਝ ਕੀਤਾ ਉਡਾਵਣ ਤੇਰੀ ਖਿੱਲੀ। ਕੱਲ੍ਹ ਸੀ ਜਿਹੜਾ ਸ਼ੇਰ ਗਰਜਦਾ, ਅੱਜ ਉਹ ਬਣਿਆ ਬਿੱਲੀ। ਯਾਦ ਰਹੇ ਮਾਂ ਬਾਪ ਨਾ ਤੈਨੂੰ, ਜਿਨ੍ਹਾਂ ਦਿੱਤਾ ਜੀਵਨ ਦਾਨ। ਆਪਣੇ ਦੇਸ਼ ਨੂੰ ਜਾਣ ਤੋਂ ਡਰਦੇ, ਹੋ ਗਏ ਏਨੇ ਝੱਲੇ। ਚੋਰ ਹਰਾਮੀ ਨਸ਼ੇ ਦੇ ਮਾਰੇ, ਦੇਖਣ ਨੂੰ ਸਭ ਭਲੇ। ਦਇਆ ਪ੍ਰੇਮ ਤੋਂ ਸੱਖਣੇ ਹੋ ਗਏ, ਕੁਝ ਰਿਹਾ ਨਾ ਪੱਲੇ। ਮਨ ਦੇ ਕਾਣੇ ਭਟਕਣ ਪੈ ਗਏ, ਹੋ ਗਈ ਸੋਚ ਵੀਰਾਨ। ਕੋਈ ਵੀ ਕਾਰ ਕਮਾਈ ਕਰ ਲਈਂ, ਆਪਣੇ ਦੇਸ਼ ਨੂੰ ਜਾਹ। ਆਪਣੇ ਦੇਸ਼ ਦੀਆਂ ਕੁੜੀਆਂ ਦੇ ਨਾਲ ਸ਼ਾਦੀ ਤੂੰ ਰਚਾ। ਆਪਣੇ ਦੇਸ਼ ਦੀ ਉੱਨਤੀ ਦੇ ਲਈ ਤੂੰ ਪੱਕਾ ਮਨ ਬਣਾ। ਆਲਮ ਦੇ ਵਿੱਚ ਨਾਮ ਹੈ ਤੇਰਾ, ਤੇਰੀ ਉੱਚੀ ਹੋਵੇ ਸ਼ਾਨ।
ਮੀਰੀ ਪੀਰ
ਮੀਰੀ ਪੀਰੀ ਦਾ ਤਖ਼ਤ ਲਾਸਾਨੀ, ਛੇਵੇਂ ਗੁਰੂ ਬਣਾਇਆ। ਪੰਜ ਗੁਰੂਆਂ ਦਾ ਜਪ ਤਪ ਸੰਜਮ ਨੀਹਾਂ ਦੇ ਵਿੱਚ ਪਾਇਆ। ਮੀਰੀ ਪੀਰੀ ਦੀਆਂ ਦੋ ਕ੍ਰਿਪਾਨਾਂ ਸੱਜੇ ਖੱਬੇ ਕੱਸੀਆਂ ਰਾਜਨੀਤਕ ਕਈ ਵਿਚਾਰਾਂ ਸੰਗਤ ਤਾਈਂ ਦੱਸੀਆਂ ਸਿੱਖੀ ਦਾ ਨਿਸ਼ਾਨ ਕੇਸਰੀ ਅੰਬਰ ਵਿੱਚ ਲਹਿਰਾਇਆ। ਜ਼ਾਲਮਾਂ ਜਦੋਂ ਜ਼ਮੀਰ ਨੂੰ ਕੋਹਿਆ ਜਨਮ ਲਿਆ ਹਥਿਆਰਾਂ ਹੋਸ਼ ਦੀ ਭੱਠੀ ਜੋਸ਼ ਢਾਲਿਆ ਅਣਖ ਦਿਆਂ ਅੰਗਿਆਰਾਂ ਨਾਂ ਹੀ ਡਰਨਾ ਨਹੀਂ ਡਰਾਉਣਾ ਗੁਰਾਂ ਨੇ ਸਬਕ ਸਿਖਾਇਆ। ਖ਼ੂਨ ਦਾ ਬਦਲਾ ਖ਼ੂਨ ਲਵਾਂਗੇ ਛੇਵੇਂ ਨਾਨਕ ਬੋਲੇ ਬੌਖਲਾ ਗਈ ਸਰਕਾਰ ਸਮੇਂ ਦੀ ਕੱਟੜ ਦਿਲ ਜੋ ਡੋਲੇ। ਜ਼ਾਲਮ ਲਈ ਚੱਟਾਨ ਅਸੀਂ ਹਾਂ ਆਲਮ ਨੂੰ ਦਰਸਾਇਆ।
ਛੇਵਾਂ ਨਾਨਕ
ਇਕ ਸੋਹਣਾ ਲੰਮਾ ਜਵਾਨ, ਸਿਰ ਕਲਗੀ ਹੱਥ ਕ੍ਰਿਪਾਨ। ਮੱਥੇ ਨੂਰ ਨਿਰਾਲੀ ਸ਼ਾਨ, ਪੈਰੀਂ ਧਰਤੀ ਹੱਥ ਅਸਮਾਨ। ਛੇਵਾਂ ਨਾਨਕ ਏਹ ਭਗਵਾਨ, ਆਇਆ ਸੋਧਣ ਲਈ ਸ਼ੈਤਾਨ। ਏਹਨੂੰ ਸਰਬ ਕਲਾ ਬਰਦਾਨ, ਏਹਨੇ ਲੜਨਾ ਵਿੱਚ ਮੈਦਾਨ। ਏਹਦੇ ਅੰਦਰ ਵੇਦ ਪੁਰਾਣ, ਏਹਨੂੰ ਸਾਂਝਾ ਸਭ ਜਹਾਨ। ਸਭ ਨੂੰ ਆਇਆ ਪਿਆਰ ਸਿਖਾਣ, ਸਭ ਦਾ ਇੱਕੋ ਹੈ ਭਗਵਾਨ।
ਮਸ਼ਾਲਚੀ
ਰੋਜ਼ ਵੇਖਦਾਂ ਏਥੇ ਓਥੇ ਸੜ ਗਏ ਮਸ਼ਾਲਚੀ। ਚਾਨਣਾ ਦੇ ਅੰਬਰੀਂ ਨੇਰਿਆਂ ਹੱਥ ਚੜ ਗਏ ਮਸ਼ਾਲਚੀ। ਮਸ਼ਾਲਾਂ ਲੈ ਕੇ ਨਿਕਲੇ ਰੱਬ ਦੇ ਘਰਾਂ ਚੋਂ ਤੇ ਸੁੱਟ ਕੇ ਮਸ਼ਾਲਾਂ ਨੂੰ ਔਹ ਵੇਖੋ ਮਹਿਖਾਨਿਆਂ ਵਿੱਚ ਵੜ ਗਏ ਮਸ਼ਾਲਚੀ। ਚੀਸਾਂ ਦਰਦਾਂ ਤੱਪਸ਼ਾਂ ਦੇ ਨਾਲ ਅਕਲ ਦੀ ਭੱਠੀ ਤੱਪੇ ਜ਼ੋਰੀ ਅੱਗ ਦਾ ਹੋਕਾ ਸੋਚਾਂ ਦੇ ਗਲ਼ ਮੁੜ੍ਹ ਗਏ ਮਸ਼ਾਲਚੀ। ਰੌਸ਼ਨੀ ਜਦੋਂ ਅੱਗ ਬਣੀਂ ਤਾਂ ਅੱਖਾਂ ਜ਼ਖ਼ਮੀ ਹੋ ਗਈਆਂ ਜੀਵਨ ਹਿਰਦੇ ਤੇਜ਼ ਤਲਖੀਆਂ ਜੁੜ ਗਏ ਮਸ਼ਾਲਚੀ। ਕੱਚੀਆਂ ਲਗਰਾਂ ਸੜੀਆਂ ਧੂੰਏ ਦੇ ਵਾਵਰੋਲੇ ਛਾ ਗਏ ਵਾਵਰੋਲਿਆ ’ਚ ਨਾਗਾਂ ਵਾਂਗੂੰ ਲੜ ਗਏ ਮਸ਼ਾਲਚੀ। ਰੱਬ ਹੀ ਰੱਖੇ ਤਾਂ ਰੱਖੇ ਹੁਣ ਆਲਮ ਦੀ ਖ਼ੈਰ ਨਹੀਂ, ਸੁਣਿਐ ਹੁਣ ਬਹੁਤ ਜ਼ਿਆਦਾ ਪੜ੍ਹ ਗਏ ਮਸ਼ਾਲਚੀ।
ਕੁਲਜੀਤ ਕਰਾਈਸਟ
ਪੱਚੀ ਦਸੰਬਰ, ਸੰਨ ਉਨੱਤਰ ਜੱਗ ਤੇ ਆਈ ਹੈ ਕੁਲਜੀਤ। ਪਿਆਰੀ ਹੈ ਬਿੰਦੇ ਦੀ ਬਿੰਦੀ ਸਭ ਨੂੰ ਭਾਈ ਹੈ ਕੁਲਜੀਤ। ਕ੍ਰਿਸਮਿਸ ਦੀਆਂ ਲਾਈਟਾਂ ਵਾਂਗੂੰ ਜਗ ਮਗ ਜਗ ਮਗ ਜਗਦੀ। ਨਿੱਕੀ ਨਿੱਕੀ ਡੌਲੀ ਵਰਗੀ ਸਭ ਨੂੰ ਪਿਆਰੀ ਲਗਦੀ। ਧਰਤੀ ਤੇ ਜੰਨਤ ਦੀ, ਮਹਿਕ ਲਿਆਈ ਹੈ ਕੁਲਜੀਤ। ਪਰਬਤ ਵਾਂਗੂੰ ਸ਼ਾਂਤ ਬੜੀ ਹੈ ਨਦੀਆਂ ਵਾਂਗੂ ਵਗਦੀ। ਫੁੱਲਾਂ ਵਰਗੀ ਰੰਗ ਰੰਗੀਲੀ ਈਸਾ ਵਾਂਗੂੰ ਲਗਦੀ। ਸ਼ਬਨਮ ਜੇਹੀਆਂ ਖੁਸ਼ੀਆਂ ਲੈ ਕੇ ਛਾਈ ਹੈ ਕੁਲਜੀਤ। ਆਉ ਹੱਸੀਏ ਆਉ ਨੱਚੀਏ ਆਉ ਰਲਕੇ ਗਾਈਏ। ਮੈਰੀ ਕ੍ਰਿਸਮਿਸ ਮੈਰੀ ਕ੍ਰਿਸਮਿਸ ਆਉ ਰਲ ਮਨਾਈਏ। ਆਲਮ ਦੇ ਅੰਬਰ ਤੇ ਟਿਮ ਟਿਮਾਈ ਹੈ ਕੁਲਜੀਤ।
ਬੋਲੇ ਛੇਵੇਂ ਪਾਤਸ਼ਾਹ, ਬੋਲੇ ਮੀਰੀ ਪੀਰੀ ਦੇ ਪਾਤਸ਼ਾਹ
ਖ਼ੂਨ ਦੇ ਬਦਲੇ ਖ਼ੂਨ ਕਰਾਂਗੇ, ਜ਼ਾਲਮ ਮਾਰ ਮਿਟਾਵਾਂਗੇ। ਦੱਬੇ ਕੁਚਲੇ ਲੋਕਾਂ ਨੂੰ ਅਸੀਂ ਤਖ਼ਤ ਉੱਤੇ ਬਿਠਾਵਾਂਗੇ। ਬੋਲੇ ਛੇਵੇਂ ਪਾਤਸ਼ਾਹ……..(ਕੋਰਸ) ਸੱਚਾ ਸੁੱਚਾ ਰਾਜ ਅਸਾਂ ਨੇ ਆਪਣਾ ਅੱਜ ਬਣਾਉਣਾ ਏ ਗੁਰੂ ਨਾਨਕ ਦੇ ਅਸੂਲਾਂ ਉੱਤੇ ਇਸਦਾ ਕੰਮ ਚਲਾਉਣਾ ਏ ਗੁਰੂ ਪ੍ਰੇਮ ਦੀ ਗਲੀ ਦੇ ਅੰਦਰ ਤਲੀ ਤੇ ਸੀਸ ਟਿਕਾਵਾਂਗੇ। ਬੋਲੇ ਛੇਵੇਂ ਪਾਤਸ਼ਾਹ.......(ਕੋਰਸ) ਜ਼ਾਲਮਾਂ ਨੇ ਜਨੂੰਨ ਦੇ ਅੰਦਰ ਹੋਰ ਜ਼ੁਲਮ ਵੀ ਕਰਨਾ ਏਂ। ਹੁਣ ਜ਼ਾਲਮ ਨਾਲ ਲੜਨਾ ਅਸੀਂ, ਹੋਰ ਕਹਿਰ ਨਾ ਜਰਨਾ ਏਂ। ਸਿੱਖ ਰਾਜ ਜੋ ਕਲ੍ਹ ਨੂੰ ਹੋਣਾ ਉਸਦੀ ਨੀਂਹ ਬਣਾਵਾਂਗੇ। ਬੋਲੇ ਛੇਵੇਂ ਪਾਤਸ਼ਾਹ ………….(ਕੋਰਸ) ਹੱਕ ਨਿਆਂ ਤੇ ਸੱਚ ਦੀ ਖ਼ਾਤਰ ਕੁਰਬਾਨ ਜੋ ਹੱਸ ਕੇ ਹੋਵਣਗੇ। ਮੌਤ ਦੇ ਸਾਹਵੇਂ ਤਾਣ ਕੇ ਸੀਨਾ ਸੂਰਮੇ ਜੋ ਖਲੋਵਣਗੇ। ਆਲਮ ਦੇ ਵਿੱਚ ਨਾਮ ਉਹਨਾਂ ਦਾ ਸੂਰਜ ਵਾਂਗ ਲਿਸ਼ਕਾਵਾਂਗੇ। ਬੋਲੇ ਛੇਵੇਂ ਪਾਤਸ਼ਾਹ.............(ਕੋਰਸ)
ਤਾਰਿਆ ਵੇ ਤਾਰਿਆ
ਤਾਰਿਆ ਵੇ ਤਾਰਿਆ, ਲੋਕ ਤੈਨੂੰ ਮਾਰਿਆ। ਖਿਲਾਰਾ ਤੂੰ ਖਿਲਾਰਿਆ, ਮਗਰੋਂ ਵਿਚਾਰਿਆ। ਗਾਰੇ ਵਿੱਚ ਆਪੇ ਨੂੰ ਘਸੋ, ਤੇਰੀ ਕੋਈ ਨਾ ਲਵੇ ਸੋ ਤੇਰੀ ਲਵੇ ਨਾ ਕੋਈ ਸੋ, ਤੇਰੀ ਸੁਣੇ ਨਾ ਕੋਈ ਹੋ ਤੇਰੀ ਚਿੱਕੜ ਡੁੱਬ ਗਈ ਲੋ ਤਾਰਿਆ ਵੇ ਤਾਰਿਆ, ਲੱਖ ਤੂੰ ਵਿਚਾਰਿਆ। ਰੱਬ ਨੂੰ ਪੁਕਾਰਿਆ, ਹੁਕਮ ਅੱਗੇ ਹਾਰਿਆ। ਜੋ ਹੋਣਾ ਹੋਈ ਜਾਣਾ, ਭਾਗਾਂ ਨਾਲ ਬਣਦੇ ਨੇ ਢੋ ਇਕ ਦਾ ਹੋਕੇ ਤੂੰ, ਇਕੋ ਵਿਚ ਸਮੋ, ਕਦੇ ਵੀ ਨਾ ਲੁਕੀ ਰਹਿੰਦੀ, ਇਤਰਾਂ ਦੀ ਖੁਸ਼ਬੋ। ਤਾਰਿਆ ਵੇ ਤਾਰਿਆ, ਇਕ ਨੂੰ ਜੇ ਧਾਰਿਆ। ਇਕ ਨੂੰ ਪਿਆਰਿਆ, ਜੇ ਆਪਾ ਉਹਤੋਂ ਵਾਰਿਆ। ਸ਼ੰਕਾ ਦੇ ਬੂਹੇ ਢੋ, ਸਾਬਣ ਸ਼ਬਦ ਮਲੋ ਮਨ ਦਾ ਸ਼ੀਸ਼ਾ ਧੋ, ਧਿਆਨ ਦਾ ਅੰਮ੍ਰਿਤ ਚੋ। ਤਾਰਿਆ ਵੇ ਤਾਰਿਆ, ਜੇ ਸਭ ਕੁਝ ਹਾਰਿਆ ਆਪਾ ਤੂੰ ਸਵਾਰਿਆ, ਜੇ ਹਉਮੈ ਨੂੰ ਮਾਰਿਆ। ਗੁਰੂ ਦੇ ਬਚਨ ਖਲੋ, ਆਪਣਾ ਆਪ ਮਕੋ ਨਾ ਰੱਖਦਾ ਕੋਈ ਲੁਕੋ, ਆਲਮ ਗੁਰੂ ਹੈ ਜੋ।
ਮੈਂ ਕਮਲੀ
ਮੈਂ ਕਮਲੀ ਤੂੰ ਰੱਖਿਆ ਨਾਲ ਹੋ ਗਈ ਸਹੀਓ ਬੜੀ ਕਮਾਲ ਹੋ ਗਈ ਸਹੀਓ ਬੜੀ ਕਮਾਲ ਸਿਰ ਮੇਰੇ ਤੇ ਪਲੂ ਧਰਿਆ ਪਲ ਵਿਚ ਮੇਰੀ ਗੋਦ ਨੂੰ ਭਰਿਆ। ਹੋ ਗਈ ਮਾਲਾ ਮਾਲ ਮੈਂ ਕਮਲੀ ਤੂੰ ਰਖਿਆ ਨਾਲ ਹੋ ਗਈ ਸਹੀਓ ਬੜੀ ਕਮਾਲ ਅਖਾਂ ਦੇ ਵਿੱਚ ਅੱਖਾਂ ਪਾਈਆਂ ਸਭੇ ਗਈਆਂ ਦੂਰ ਬਲਾਈਆਂ। ਮੈਨੂੰ ਲਾ ਲਿਆ ਸੀਨੇ ਨਾਲ ਮੈਂ ਕਮਲੀ ....... ਮੈਂ ਕਮਲੀ ਦੇ ਭਾਗ ਨੇ ਜਾਗੇ। ਸਾਰੇ ਢੁਕ ਢੁਕ ਬੈਠਣ ਲਾਗੇ ਮੈਂ ਗੁਣਾਂ ਦੇ ਭਰ ਗਈ ਨਾਲ ਮੈਂ ਕਮਲੀ ਨੂੰ……. ਰਿਧੀਆਂ ਸਿਧੀਆਂ ਨਾਲੇ ਨਿਧੀਆਂ ਕਾਮਧੇਨ ਵਿਚ ਆਈਆਂ ਵਿਧੀਆਂ ਮਾਇਆ ਦਾਸੀ ਸੇਵਾ ਮਾਲ। ਮੈਂ ਕਮਲੀ ਨੂੰ…………. ਉਹਦੇ ਬਿਨਾਂ ਮੈਂ ਜਾਵਾਂ ਮਰਦੀ ਹਰ ਪਲ ਉਹਦਾ ਦਰਸ਼ਨ ਕਰਦੀ ਲਾਸਾਨੀ ਹੈ ਨੂਰ ਜਲਾਲ ਮੈਂ ਕਮਲੀ ਨੂੰ………. ਬੇਅਥਾਹ ਅੰਗਮੀ ਨੂਰ ਸੋਹਣਾ ਪਿਆਰਾ ਸਦਾ ਹਜ਼ੂਰ ਹੋ ਗਈ ਆਲਮ ਮਿਲਿਆ ਲਾਲ। ਮੈਂ ਕਮਲੀ ਨੂੰ ........
ਅਕਾਲ ਤਖ਼ਤ
ਛੇਵੇਂ ਪਾਤਸ਼ਾਹ ਹਰਿਗੋਬਿੰਦ ਨੇ ਸਾਜਿਆ ਤਖ਼ਤ ਅਕਾਲ। ਮੀਰੀ ਪੀਰੀ ਦਾ ਤਖ਼ਤ ਲਾਸਾਨੀ ਮਜ਼ਲੂਮਾਂ ਦੀ ਰਖਵਾਲ। ਸਮੇਂ ਦੇ ਹਾਕਮ ਪੰਜਵੇਂ ਗੁਰਾਂ ਤੇ, ਹੱਦ ਜ਼ੁਲਮ ਦੀ ਕੀਤੀ। ਛੇਵੇਂ ਪਾਤਸ਼ਾਹ ਵਿਚਾਰ ਸਮੇਂ ਨੂੰ ਘੁੱਟ ਸਬਰ ਦੀ ਪੀਤੀ। ਹਰਿਗੋਬਿੰਦ ਜੀ ਛੋਟੀ ਉਮਰੇ, ਕੀਤੀ ਵਿਉਂਤ ਕਮਾਲ। ਛੇਵੇਂ ਪਾਤਸ਼ਾਹ ਹਰਿਗੋਬਿੰਦ ਨੇ……….. ਹਰਿਮੰਦਰ ਦੇ ਸਾਹਵੇਂ ਰੱਖਿਆ ਇਸ ਦਾ ਮੁੱਖ ਦੁਆਰਾ। ਕੋਈ ਨੀਤੀ ਕਰਨ ਤੋਂ ਪਹਿਲਾਂ ਲੈਣਾ ਗੁਰੂ ਇਸ਼ਾਰਾ। ਇਕੋ ਹਰੀ ਦੇ ਹੁਕਮ ਦੇ ਬਾਝੋਂ ਨਹੀਂ ਰੱਖਣਾ ਕੋਈ iਖ਼ਆਲ। ਛੇਵੇਂ ਪਾਤਸ਼ਾਹ ਹਰਿਗੋਬਿੰਦ ਜੀ……………. ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ, ਕੀਰਤਨ ਨਗਰ ਚਲਾਇਆ। ਘਰ ਘਰ ਜਾ ਕੇ ਸੰਗਤਾਂ ਤਾਂਈ ਸਿਮਰਨ ਜਾਪ ਕਰਾਇਆ। ਸੰਗਤਾਂ ਪੀੜਾ ਨੂਰੀ ਅਮ੍ਰਿਤ, ਉੱਠਿਆ ਅਮਰ ਜਲਾਲ। ਛੇਵੇਂ ਪਾਤਸ਼ਾਹ ਹਰਿਗੋਬਿੰਦ ਜੀ………….. ਲੈ ਕੇ ਆਉ ਬਾਰੂਦ ਬੰਦੂਕਾਂ ਗੁਰੂ ਜੀ ਹੁਕਮ ਸੁਣਾਇਆ। ਕਿਰਪਾਨਾਂ, ਬਰਛੇ, ਢਾਲਾਂ, ਭਾਲੇ ਇਹ ਸਾਡਾ ਸਰਮਾਇਆ। ਸਿਰ ਲੱਥ ਯੋਧੇ ਚਾਹੀਦੇ ਮੈਨੂੰ, ਜਿਹਨਾ ਤੋਂ ਕੰਬੇ ਮਹਾਂਕਾਲ ਛੇਵੇਂ ਪਾਤਸ਼ਾਹ ਹਰਿਗੋਬਿੰਦ ਜੀ………….. ਜੋਸ਼ ’ਚ ਆ ਕੇ ਨੂਰੀ ਸਤਿਗੁਰ ਸੰਗਤਾਂ ਨੂੰ ਇਹ ਦੱਸਿਆ। ਜਨੂੰਨੀ ਲੋਭੀ, ਵਹਿਸ਼ੀ ਲੋਕਾਂ, ਅਣਖ ਸਾਡੀ ਨੂੰ ਡੱਸਿਆ। ਆਓ ਠੱਲੀਏ ਆਲਮ ਵਿੱਚੋਂ ਜ਼ੁਲਮ ਦਾ ਅੰਨ੍ਹਾ ਕਾਲ ਛੇਵੇਂ ਪਾਤਸ਼ਾਹ ਹਰਿਗੋਬਿੰਦ ਜੀ ਨੇ…………
ਘਰ ਸੁਹਾਣਾ
ਦਾਤੇ ਦਿੱਤਾ ਘਰ ਸੁਹਾਣਾ, ਨਾਲੇ ਦਿਲੀ ਪਿਆਰ। ਆਉ ਰਲਕੇ ਰੱਬ ਸੱਚੇ ਦਾ ਕਰੀਏ ਸ਼ੁਕਰ ਗੁਜ਼ਾਰ। ਦੁਕਾਨਾਂ ਅਤੇ ਮਕਾਨਾਂ ਦੇ ਨਾਲ, ਭਰਿਆ ਏਹ ਜਹਾਨ। ਘਰ ਤਾਂ ਆਖਿਰ ਘਰ ਹੁੰਦਾ ਹੈ, ਘਰ ਦੀ ਆਪਣੀ ਸ਼ਾਨ। ਘਰ ਸਦਾ ਤੋਂ ਜਾਣਿਆ ਜਾਂਦਾ, ਸੇਵਾ ਸਿਮਰਨ ਦਾ ਵਰਦਾਨ। ਘਰ ਹੈ ਇੱਜ਼ਤ ਪਿਆਰ ਏਕਤਾ, ਘਰ ਹੈ ਪੂਜਾ ਮੰਦਰ ਦਾਨ। ਇਕ ਘਰ ਤੋਂ ਕੁਰਬਾਨ ਜੇ ਕਰੀਏ, ਲੱਖਾਂ ਹੀ ਮਕਾਨ। ਤਾਂ ਵੀ ਘਰ ਦਾ ਮੁੱਲ ਨਾ ਬਣਦਾ, ਘਰ ਹੈ ਬਹੁਤ ਮਹਾਨ। ਘਰ ਮਿਲਦਾ ਹੈ ਰਹਿਮਤ ਸਦਕਾ, ਨਾ ਮਿਲਦਾ ਵਿਚ ਬਜ਼ਾਰ। ਘਰ ਦੇ ਅੰਦਰ ਮੀਆਂ ਬੀਵੀ, ਬੱਚਿਆਂ ਦੀ ਮੁਸਕਾਨ। ਘਰ ਦੇ ਵਿਹੜੇ ਅੰਦਰ ਖਿਲਦੇ, ਬਜ਼ੁਰਗਾਂ ਦੇ ਅਰਮਾਨ। ਘਰ ਦੇ ਅੰਦਰ ਦਾਦਾ ਦਾਦੀ, ਨਾਨਾ ਨਾਨੀ ਸਭ ਦਾ ਆਵਣ ਜਾਣ। ਮੇਲ ਵਿਛੋੜਾ ਸੁਲਹ ਸਫ਼ਾਈਆਂ ਦਇਆ ਦਾ ਸੱਚਾ ਦਾਨ। ਉੱਥੇ ਅੱਲਾ ਈਸਾ ਨਾਨਕ, ਉਥੇ ਵਸਦਾ ਹੈ ਭਗਵਾਨ। ਆਲਮ ਆਖੋ ਬੇਘਰਾਂ ਨੂੰ, ਘਰ ਦੀ ਕਦਰ ਸੁਨਾਣ। ਸਭ ਨੂੰ ਹੀ ਰੱਬ, ਸਭ ਕੁਝ ਦੇਵੇ, ਰਲ ਕਰੀਏ ਜੀ ਪੁਕਾਰ। ਦਾਤੇ ਦਿੱਤਾ ਘਰ ਸੁਹਾਣਾ……………
ਜੇ ਦੁਨੀਆ ਵਿੱਚ ਵਿਆਹ ਨਾ ਹੁੰਦਾ
ਜੇ ਦੁਨੀਆਂ ਵਿੱਚ ਵਿਆਹ ਨਾ ਹੁੰਦਾ, ਵਿਆਹ ਵਿੱਚ ਜੇ ਕਦੇ ਪਿਆਰ ਨਾ ਹੁੰਦਾ। ਗਿੱਧੇ ਭੰਗੜੇ ਨੱਚਣਾ ਗਾਉਣਾ, ਏਹ ਸਾਰਾ ਸੰਸਾਰ ਨਾ ਹੁੰਦਾ। ਤੁਸੀਂ ਹੈ ਤਾਜ਼ਾ ਵਿਆਹ ਕਰਾਇਆ, ਤੁਹਾਨੂੰ ਦੋਵਾਂ ਲੱਖ ਵਧਾਈ। ਲੋੜ ਮੁਤਾਬਕ ਸੰਜਮ ਰੱਖਕੇ, ਜਾਇਉ ਬੱਚੇ ਖ਼ੂਬ ਬਣਾਈ। ਤਨ ਮਨ ਧਨ ਤੇ ਸੰਜਮ ਰੱਖਣਾ ਜੀਵਨ ਰੇਲ ਨਾ ਜਾਇਓ ਭਜਾਈ। ਬਰਥ ਕੰਟਰੋਲ ਕਰਨ ਦੀ ਖ਼ਾਤਰ ਉਲਟੀ ਨਾ ਕੋਈ ਖਾਇਓ ਦਵਾਈ। ਜ਼ਿਆਦਾ ਸਿਆਣਪ ਕਾਹਲਾਪਣ ਬਣ ਜਾਂਦਾ ਹੈ ਦੁਖਦਾਈ। ਵਿਆਹ ਕਰਾਉਣਾ ਬੱਚੇ ਬਣਾਉਣੇ, ਰੱਬ ਨੇ ਹੈ ਇਹ ਰੀਤ ਚਲਾਈ। ਬੱਚੇ ਪਾਲਕੇ ਜੱਗ ਚਲਾਉਣਾ, ਏਸੇ ਵਿੱਚ ਹੈ ਬਹੁਤ ਭਲਾਈ। ਪ੍ਰੇਮ ਦੇ ਅੰਦਰ ਜੀਵਨ ਬੀਤੇ, ਐਵੇਂ ਨਾ ਕਰਿਓ ਅੜਬਾਈ। ਓਹੋ ਘਰ ਵੀ ਕਾਹਦਾ ਘਰ ਹੈ ਜਿਥੇ ਮਾਂ ਪਿਉ ਦਾ ਸਤਿਕਾਰ ਨਾ ਹੁੰਦਾ। ਜੇ ਦੁਨੀਆਂ ਵਿੱਚ ਵਿਆਹ ਨਾ……………. ਵਿਆਹ ਹੈ ਗੰਗਾ ਜਮਨਾ ਸਰਸਵਤੀ, ਪਤੀ ਪਤਨੀ ਦਾ ਪਿਆਰ ਜੇ ਹੋਵੇ। ਦੋਹਾਂ ਕੋਲੋਂ ਪਿਆਰ ਨਿਮਰਤਾ, ਸੱਚਾ ਸੁੱਚਾ ਸ਼ਿੰਗਾਰ ਜੇ ਹੋਵੇ। ਇਕ ਦੂਜੇ ਤੋਂ ਮਰ ਮਿਟਣੇ ਦਾ ਸਿਦਕ ਰੰਗਿਆ ਇਕਰਾਰ ਜੇ ਹੋਵੇ। ਅੱਗੇ ਪਿੱਛੇ ਇਕ ਦੂਜੇ ਲਈ ਸੱਚੇ ਦਿਲੋਂ ਸਤਿਕਾਰ ਜੇ ਹੋਵੇ। ਬੇਪਰਵਾਹ ਹੋ ਕੇ ਦੁਨੀਆਂ ਕੋਲੋਂ ਦੋਹਾਂ ਦੀ ਇਕਤਾਰ ਜੋ ਹੋਵੇ। ਦੋਵਾਂ ਦੀ ਇਕ ਜੋਤ ਹੀ ਬਣ ਜੇ, ਖਲੋਤਾ ਵਿੱਚ ਕਰਤਾਰ ਜੇ ਹੋਵੇ। ਲੂੰ ਲੂੰ ਅੰਦਰ ਹੋਵਣ ਮਹਿਕਾਂ, ਦਿਲਾਂ ਅੰਦਰ ਬਹਾਰ ਜੇ ਹੋਵੇ। ਧਰਤੀ ਅੰਬਰ ਨੱਚੇ ਗਾਵੇ, ਰੂਹ ਅੰਦਰ ਖੁਮਾਰ ਜੇ ਹੋਵੇ। ਆਪਣੇ ਸੱਚੇ ਆਲਮ ਅੰਦਰ ਕੋਈ ਵੀ ਸ਼ਿਸ਼ਟਾਚਾਰ ਨਾ ਹੁੰਦਾ। ਜੇ ਦੁਨੀਆਂ ਵਿੱਚ ਵਿਆਹ ਨਾ ਹੁੰਦਾ……………….
ਧੁਰ ਕੀ ਜੋਤ ਗੁਰੂ ਅਰਜਨ
ਰੱਬ ਦਾ ਉਹ ਰੂਪ ਕਿਸੇ ਕਾਰਣ ਆਇਆ ਸੀ। ਪਾਪੀਆਂ ਤੇ ਜ਼ਾਲਮਾਂ ਨੂੰ ਭਾਰਣ ਆਇਆ ਸੀ। ਮਛ ਕਛ ਸੁਰ ਅਨਿਕ ਰੂਪ ਧਾਰਿਆ ਕਦੇ ਰਾਜਾ ਬਲ ਕਦੇ ਰਾਵਣ ਨੂੰ ਤਾਰਿਆ। ਨਰ ਸਿੰਘ ਰੂਪ ਹੋਕੇ ਹਰਨਾਖ਼ਸ਼ ਨੂੰ ਮਾਰਿਆ ਜੁਗੋ ਜੁਗ ਭਗਤਾਂ ਨੂੰ ਸਦਾ ਹੀ ਪਿਆਰਿਆ। ਓਹ ਤਾਂ ਜੱਗ ਦੇ ਦੁੱਖਾਂ ਨੂੰ ਨਿਵਾਰਣ ਆਇਆ ਸੀ। ਰੱਬ ਦਾ ਉਹ ਰੂਪ ਕਿਸੇ ਕਾਰਣ ਆਇਆ ਸੀ। ਪਾਪੀਆਂ ਤੇ ਜ਼ਾਲਮਾਂ ਨੂੰ ਤਾਰਣ ਆਇਆ ਸੀ। ਮੇਰਾ ਰੋਮ ਰੋਮ ਉਹਦੇ ਬਲਹਾਰਿਆ। ਪੂਤਨਾ ਨੂੰ ਮਾਰਿਆ ਮਾਂ ਕਹਿ ਤਾਰਿਆ। ਉਗਰਸੈਣ ਰਾਜ ਦਿੱਤਾ ਕੰਸ ਸੰਘਾਰਿਆ। ਯਸ਼ੋਦਰਾ ਦੇਵਕੀ ਦੋਹਾਂ ਨੂੰ ਪਿਆਰਿਆ। ਓਹ ਤਾਂ ਪ੍ਰੇਮ ਲਈ ਜਿੰਦ ਜਾਨ ਵਾਰਣ ਆਇਆ ਸੀ। ਰੱਬ ਦਾ ਉਹ ਰੂਪ ਕਿਸੇ ਕਾਰਣ ਆਇਆ ਸੀ। ਪਾਪੀਆਂ ਤੇ ਜ਼ਾਲਮਾਂ ਨੂੰ ਤਾਰਣ ਆਇਆ ਸੀ। ਕਦੇ ਈਸਾ ਮੁਹੰਮਦ ਕਬੀਰ ਹੋ ਗਏ। ਕਦੇ ਗੁਰੂ ਪੀਰ ਨਾਨਕ ਫ਼ਕੀਰ ਹੋ ਗਏ। ਅੰਗਦ ਅਮਰਦਾਸ ਨਾਨਕ ਤਾਸੀਰ ਹੋ ਗਏ। ਗੁਰੂ ਰਾਮਦਾਸ ਨਾਨਕ ਤਾਬੀਰ ਹੋ ਗਏ। ਪੰਜਵਾ ਏਹ ਨਾਨਕ ਗ੍ਰੰਥ ਰੂਪ ਧਾਰਣ ਆਇਆ ਸੀ ਰੱਬ ਦਾ ਉਹ ਰੂਪ ਕਿਸੇ ਕਾਰਣ ਆਇਆ ਸੀ। ਸਾਂਝਾ ਲਾਸਾਨੀ ਹਰਿਮੰਦਰ ਉਸਾਰਣ ਆਇਆ ਸੀ। ਰੱਬ ਨਿਰੰਕਾਰ ਨੂੰ ਕੌਣ ਸੀ ਡਰਾ ਸਕਦਾ ਤੱਤੀ ਤਵੀ ਉੱਤੇ ਕੌਣ ਸੀ ਬਿਠਾ ਸਕਦਾ। ਉਹ ਸੀ ਪਲਾਂ ਵਿੱਚ ਕਿਆਮਤਾਂ ਲਿਆ ਸਕਦਾ। ਪੂਰਨ ਬ੍ਰਹਮ ਨੂੰ ਕੌਣ ਸੀ ਝੁਕਾ ਸਕਦਾ। ਉਹ ਤਾਂ ਝੂਠ ਅਤੇ ਸੱਚ ਨੂੰ ਨਿਤਾਰਨ ਆਇਆ ਸੀ ਰੱਬ ਦੀ ਰਜ਼ਾ ਨਾਲ ਗੁਰੂ ਅੱਗ ਉੱਤੇ ਬਹਿ ਗਏ। ਆਲਮ ਦੇ ਦੁਖ ਸਾਰੇ ਆਪਣੇ ਤੇ ਲੈ ਗਏ। ਧਰਮਾਂ ਚੋਂ ਸ੍ਰੇਸ਼ਟ ਧਰਮ ਨਾਮ ਨੂੰ ਹੀ ਕਹਿ ਗਏ। ਜਲਾਦਾਂ ਅਤੇ ਜ਼ਾਲਮਾਂ ਨੂੰ ਸੱਚਖੰਡ ਲੈ ਗਏ। ਓਹ ਪ੍ਰੇਮ ਦਾ ਮਸੀਹਾ, ਪ੍ਰੇਮ ਹੀ ਸਿਖਾਵਣ ਆਇਆ ਸੀ।
ਕਹਿਰ ਜਨੂੰਨੂੀ
ਕਹਿਰ ਜਨੂੰਨੀ ਅੱਗਾਂ ਉੱਤੇ ਹੱਸ ਕੇ ਬਹਿ ਜਾਂਦੇ ਨੇ। ਓਹੀ ਮਸੀਹੇ ਤੇ ਪੈਗæੰਬਰ ਜ਼ੁਲਮ ਨੂੰ ਠੱਲ ਪਾਂਦੇ ਨੇ। ਜਿਹੜੇ ਸੱਚੇ ਧਰਮ ਦੀ ਖ਼ਾਤਰ ਆਪਾ ਵਾਰ ਗਏ। ਸੀਤਲ ਨਾਮ ਦੀ ਜੋਤ ਜਗਾ ਕੇ ਹਿਰਦੇ ਠਾਰ ਗਏ। ਓਹੀ ਸੱਚੇ ਪਾਤਸ਼ਾਹ, ਪੂਰੇ ਗੁਰੂ ਕਹਾਂਦੇ ਨੇ। ਕਹਿਰ ਜਨੂੰਨੀ…………………. ਓਹ ਸਭਨਾਂ ਵਿੱਚ ਇਕੋ ਨੂਰ ਨੂੰ ਤੱਕਦੇ ਨੇ। ਸੱਚ ਕਹਿਣ ਤੇ ਸੱਚ ਸੁਨਣ ਤੋਂ ਕਦੇ ਨਾ ਝੱਕਦੇ ਨੇ। ਸਾਰੇ ਜੱਗ ਲਈ ਸਾਂਝਾ ਉਪਦੇਸ਼ ਸੁਣਾਂਦੇ ਨੇ। ਕਹਿਰ ਜਨੂੰਨੀ………………….. ਸਭ ਧਰਮਾਂ ਤੇ ਜ਼ਾਤਾਂ ਦੀ ਇਕ ਸਾਂਝ ਬਣਾਈ ਏ ਸਾਰੇ ਜੱਗ ਵਿੱਚ ਬਾਣੀ ਦੀ ਉਹਨਾਂ ਪੂਜ ਕਰਾਈ ਏ। ਗੁਰੂ ਗ੍ਰੰਥ ਹੈ ਸਭ ਦਾ ਸਾਂਝਾ, ਸਾਰੇ ਸੀਸ ਝੁਕਾਂਦੇ ਨੇ। ਕਹਿਰ ਜਨੂੰਨੀ……………………….. ਸਭ ਲਈ ਸੱਚੀ ਬਾਣੀ, ਸਾਂਝੀ ਬਾਣੀ ਕਹਿੰਦੇ ਨੇ। ਆਲਮ ਦੇ ਵਿੱਚ ਸਦਾ ਲਈ ਓਹ ਦਿਲਾਂ ’ਚ ਰਹਿੰਦੇ ਨੇ। ਧਰਤੀ ਅੰਬਰ ਪਉਣ ਪਾਣੀ, ਗੀਤ ਉਹਨਾਂ ਦੇ ਗਾਂਦੇ ਨੇ। ਕਹਿਰ ਜਨੂੰਨੀ ਅੱਗਾਂ ਉੱਤੇ ਹੱਸ ਕੇ ਬਹਿ ਜਾਂਦੇ ਨੇ।
ਮੇਰੇ ਗੀਤ
ਏਹ ਗੀਤ ਮੇਰੇ ਜ਼ਿੰਦਗੀ ਨੂੰ ਸਦਾ ਰੌਸ਼ਨ ਕਰਨਗੇ। ਰੋਮ ਰੋਮ ਵਿੱਚ ਚਾਨਣੀ ਸਾਹਾਂ ’ਚ ਸੂਰਜ ਧਰਨਗੇ। ਦੁੱਖ ਸੁੱਖ ਤੋਂ ਪਰੇ ਆਨੰਦ ਦੇ ਵਿੱਚ ਰਹਿਣਗੇ। ਮੇਰੇ ਗੀਤ ਜੀਵਣਗੇ ਸਦਾ, ਨਾ ਕਦੇ ਮਰਨਗੇ। ਆਏਗੀ ਆਖ਼ੀਰ ਅੰਬਰ ਧਰਤੀ ਮਿਟਣਗੇ, ਇਕੋ ਦਾਤੇ ਦੀ ਅਮਰ ਧੁਨੀ ਬਣਨਗੇ। ਧੁਨੀ ਚੋਂ ਅੱਖਰਾਂ ਸ਼ਬਦਾਂ ਤੇ ਵਾਕਾਂ ਨੂੰ, ਸ਼ਬਦਾਂ ਚੋਂ ਫੇਰ ਦੁਨੀਆਂ ਜਨਣਗੇ। ਇੱਛਾਵਾਂ ਬਿੰਬਾਂ ਤੇ ਅਕਸ਼ਾਂ ਨੂੰ ਬੁਨਣਗੇ, ਅਕਸਾਂ ਬਿੰਬਾਂ ’ਚ ਹਲ ਚਲ ਭਰਨਗੇ। ਪਵਣ ਪਾਣੀ ਧਰਤ ਅੰਬਰ ਗਾਉਣਗੇ, ਖੰਡਾਂ ਬ੍ਰਹਿਮੰਡਾਂ ਦੇ ਸਾਜ਼ ਸਾਰੇ ਵਜਣਗੇ। ਫੇਰ ਆਲਮ ਬਣੇਗਾ, ਚਲੇਗਾ ਨਵਾਂ, ਗੁਰੂ ਪੀਰ ਰੰਗਾਂ ਭਾਵਨਾ ’ਚ ਢਲਣਗੇ।
ਗੁਰੂ ਅਰਜਨ ਦੀ ਕ੍ਰਿਪਾ
ਸਦਾ ਸਦਾ ਲਈ ਅਮਰ ਰਹਿਣੇ ਸੱਚੇ ਪਾਤਸ਼ਾਹ। ਲੱਖਾਂ ਮਿਟ ਗਏ ਲੱਖਾਂ ਮਿਟਣੇ ਕੂੜੇ ਬਾਦਸ਼ਾਹ। ਯੁਗਾਂ ਯੁਗਾਂ ਤੋਂ ਹੁੰਦਾ ਆਇਆ ਹੁੰਦਾ ਹੀ ਰਹਿਣਾ। ਲੋਭ ਈਰਖਾ ਖੁਆਰ ਕਰਨੇ ਫ਼ਕਰ ਖ਼ਾਮ ਖ਼ਾਹ। ਦਿਲਾਂ ਦੇ ਅਮਰ ਤਖ਼ਤ ਤੇ ਬੈਠਾ ਸ਼ਬਦ ਗੁਰੂ ਪਾਤਸ਼ਾਹ। ਸੱਚਾ ਤਖ਼ਤ ਗੁਰੂ ਅਰਜਨ ਦਾ ਹੈ ਰਹਿਣਾ ਸਦਾ ਸਦਾ। ਸਭ ਬਾਦਸ਼ਾਹੀਆਂ ਆਕੜ ਲੱਦੀਆਂ ਮਾਇਆ ਮਤੀਆਂ, ਹੁੰਦੀਆਂ ਆਈਆਂ ਹੋਣੀਆਂ ਸਦਾ ਹਉਮੈ ਵਿੱਚ ਤਬਾਹ ਗੁਰਾਂ ਦੀ ਜਿਥੇ ਨਜ਼ਰ ਪਈ ਪਾਪੀ ਜ਼ਾਲਮ ਤਰ ਗਏ, ਭਾਵੇਂ ਜ਼ਾਲਮਾਂ ਦਿੱਤੇ ਤਸੀਹੇ ਤੱਤੀ ਤਵੀ ਉੱਪਰ ਬਿਠਾ। ਮੀਆਂ ਮੀਰ ਜੀ ਹਰਿਮੰਦਰ ਦੀ ਪਹਿਲੀ ਇੱਟ ਟਿਕਾਈ, ਸਭ ਦਾ ਸਾਂਝਾ ਹਰਿਮੰਦਰ ਜੀ ਗੁਰੂ ਅਰਜਨ ਦਿਤਾ ਬਣਾ। ਅੱਗ ’ਚ ਸਾੜੇ ਜ਼ੁਲਮ ਲਿਤਾੜੇ ਸੂਲੀ ਚਾੜ੍ਹੇ ਗਏ, ਦਿੰਦੇ ਰਹੇ ਦੁਆਵਾਂ ਫਿਰ ਵੀ ਸਾਂਈ ਬੇਪਰਵਾਹ। ਮਹਿਕਾਂ ਵੰਡਦੇ ਸ਼ੋਖੀਆਂ ਵੰਡਦੇ ਰੋਗ ਵੰਡਦੇ ਰਹੇ, ਮਸਲੇ ਜਾਣ ਤਾਂ ਭੀ ਕਰਦੇ ਉਸਦਾ ਸ਼ੁਕਰ ਅਦਾ। ਅੱਖਰਾਂ ਨੂੰ ਗੁਰੂ ਬਣਾ ਗਏ, ਪੈਗ਼ੰਬਰ ਰਹਿਨੁਮਾ। ਗੁਰੂ ਗ੍ਰੰਥ ਦਾ ਅੰਗ ਅੰਗ ਸਾਗਰ ਅੰਬਰ ਬੇਅਥਾਹ। ਇਕੋ ਗ੍ਰੰਥ ਹੀ ਮੰਨਿਆ ਜਾਂਦਾ ਦੁਨੀਆਂ ਵਿੱਚ ਗੁਰੂ ਕਿਦਾਂ ਕਰੀਏ ਗੁਰੂ ਅਰਜਨ ਦਾ ਵੱਡਾ ਕਰਜ਼ ਅਦਾ। ਧਰਤੀ ਅੰਬਰ ਰਹਿਣਗੇ ਗਾਉਂਦੇ ਬਾਣੀ ਸਦਾ ਸਦਾ। ਸਭਨਾਂ ਜੀਆਂ ਦਾ ਇਕੋ ਦਾਤਾ ਇਕ ਹੀ ਦਾਤਾ। ਨਿਰੰਕਾਰ ਦੀ ਗਾਈ ਜਾਂਦੀ ਹਰ ਪਲ ਜਿਥੇ ਬਾਣੀ। ਆਲਮ ਦੇ ਵਿੱਚ ਪਾਕ ਸੁਨਹਿਰੀ ਇਕੋ ਇਕ ਦਰਗਾਹ।
ਪੰਜਵੇਂ ਗੁਰੂ ਨਾਨਕ
ਹਰੀਮੰਦਰ ਦੇ ਸਾਜਣਹਾਰੋ, ਗੁਰੂ ਗ੍ਰੰਥ ਦੇ ਬਾਨੀ। ਪੂਰਨ ਗੁਰੂ, ਕਵੀ ਪੈਗ਼ੰਬਰ, ਪੂਰਨ ਬ੍ਰਹਮ ਗਿਆਨੀ। ਪੰਜਵੇਂ ਨਾਨਕ ਸਤਿਗੁਰ ਪਿਆਰੇ, ਅਰਜਨ ਦੇਵ ਅਖਾਏ। ਪ੍ਰੇਮ ਦੇ ਸਾਗਰ ਗਿਆਨ ਦੇ ਅੰਬਰ, ਦਇਆ ਸਿਖਾਵਣ ਆਏ। ਸਾਰੇ ਜੱਗ ਲਈ ਗਿਆਨ ਦਾ ਚਾਨਣ, ਜਨਮੇ ਮਾਤਾ ਭਾਨੀ। ਹਰੀਮੰਦਰ ਦੇ ਸਾਜਣਹਾਰੇ……………………. ਗੁਰੂ ਅਰਜਨ ਦੇ ਦਰਸ਼ਨ ਦੇ ਲਈ ਅਕਬਰ ਵਰਗੇ ਆਏ। ਲਏ ਨਾ ਉਸ ਤੋਂ ਪੈਸੇ ਭੇਟਾ, ਗ਼æਰੀਬਾਂ ਨੂੰ ਵੰਡਵਾਏ। ਨਿਮਰਤਾ ਤਿਆਗ ਦੀ ਸੱਚੀ ਮੂਰਤ, ਵੱਡੇ ਧਰਮੀ ਵੱਡੇ ਦਾਨੀ। ਹਰੀਮੰਦਰ ਦੇ ਸਾਜਣਹਾਰੇ ..................... ਹਰੀਮੰਦਰ ਦੀ ਨੀਂਹ ਰੱਖਣ ਲਈ ਮੀਆਂ ਮੀਰ ਜੀ ਆਏ। ਚਹੁੰ ਵਰਣਾਂ ਲਈ ਹਰੀਮੰਦਰ ਦੇ ਚਾਰੋਂ ਦਰ ਬਣਾਏ। ਹਰੀਮੰਦਰ ਦਾ ਕਣ ਕਣ ਗਾਵੇ ਨਿਰੰਕਾਰ ਦੀ ਬਾਣੀ। ਹਰੀਮੰਦਰ ਦੇ ਸਾਜਣਹਾਰੇ ....................... ਖੁਸਰੋ ਦੀ ਮਦਦ ਕਰਕੇ, ਲੱਖਾਂ ਕਸ਼ਟ ਉਠਾਏ। ਨੀਚ ਕਮੀਨੇ ਚੰਦੂ ਪਾਪੀ, ਗੁਰੂ ਤੇ ਦੋਸ਼ ਲਗਾਏ। ਲਾ ਜੁਰਮਾਨਾ ਬਾਗ਼ੀ ਕਹਿਕੇ, ਘੜੀ ਸੀ ਅਜਬ ਕਹਾਣੀ। ਹਰੀਮੰਦਰ ਦੇ ਸਾਜਣਹਾਰੇ……………………. ਹਰਿਗੋਬਿੰਦ ਨੂੰ ਗੱਦੀ ਦੇ ਕੇ, ਗੁਰੂ ਲਾਹੌਰ ਨੂੰ ਚੱਲੇ ਜਾਣ ਗਏ ਸੀ ਗੁਰੂ ਜੀ ਪਹਿਲਾ ਹੋਣੇ ਕੰਮ ਅਵੱਲੇ। ਸਭ ਨੂੰ ਕਿਹਾ ਭਾਣਾ ਮੰਨਣਾ ਨਾ ਕਰਨੀ ਕੋਈ ਨਾਦਾਨੀ। ਹਰੀਮੰਦਰ ਦੇ ਸਾਜਣਹਾਰੇ ........................ ਤਾਨਾਸ਼ਾਹੀ ਜ਼ਹਿਰੀ ਅੱਗ ਨੂੰ ਗੁਰੂ ਜੀ ਹੱਸ ਕੇ ਪੀਤਾ ਆਪਣੀ ਨਿੱਜ ਪੂਰਤੀ ਖ਼ਾਤਰ ਜ਼ੁਲਮ ਚੰਦੂ ਨੇ ਕੀਤਾ। ਆਲਮ ਹੋਏ ਲਹੌਰ ਚੁੱਕਿਆ ਕੰਬੀ ਰੂਹ ਇਨਸਾਨੀ ਹਰੀਮੰਦਰ ਦੇ ਸਾਜਣਹਾਰੇ………………..
ਧੰਨ ਧੰਨ ਰਵਿਦਾਸ ਗੁਰੂ
ਧੰਨ ਧੰਨ ਹੈਂ ਰਵਿਦਾਸ ਗੁਰੂ, ਤੇਰੀ ਅਮਰ ਕਹਾਣੀ। ਦਾਸੀ ਹੋਕੇ ਗਾਈ ਜਾਵੇ ਪ੍ਰੇਮ ’ਚ ਮੀਰਾਂ ਰਾਣੀ। ਰਾਮਾਂ ਨੰਦ ਦੇ ਉੱਤਮ ਚੇਲੇ, ਰੱਬ ਨੂੰ ਸਭ ਤੋਂ ਪਿਆਰੇ। ਪਿਤਾ ਸੰਤੋਖ ਮਾਂ ਕਲਸਾਂ ਦੇ ਪੁੱਤਰ ਜੱਗ ਤੋਂ ਨਿਆਰੇ। ਕਾਸ਼ੀ ਦੇ ਵਿੱਚ ਸੂਰਜ ਚੜ੍ਹਿਆ, ਹੋਏ ਦੂਰ ਅੰਧਾਰੇ। ਉਸ ਨੂੰ ਪ੍ਰੇਮ ਸ਼ਾਂਤੀ ਦੇਵੇ, ਜੋ ਵੀ ਸੁਣਦਾ ਪ੍ਰਾਣੀ। ਧੰਨ ਧੰਨ ਹੈਂ ਰਵਿਦਾਸ ਗੁਰੂ……………….. ਮੀਰਾਂ ਲਈ ਤੂੰ ਕ੍ਰਿਸ਼ਨ ਗੋਪਾਲਾ ਮੀਰਾਂ ਤੈਨੂੰ ਪਿਆਰੀ। ਰੱਬ ਦੇ ਪ੍ਰੇਮ ’ਚ ਮੀਰਾਂ ਰੰਗੀ ਕੀ ਜਾਨਣ ਸੰਸਾਰੀ ਲੋਕ ਲਾਜ ਤੇ ਰਾਜ ਭਾਗ ਤੋਂ ਉੱਚੀ ਸੁੱਚੀ ਨਿਆਰੀ। ਪੀ ਗਈ ਹੱਸ ਕੇ ਜ਼ਹਿਰ ਪਿਆਲਾ ਹੋਈ ਸੀ ਦੀਵਾਨੀ। ਧੰਨ ਧੰਨ ਹੈਂ ਰਵਿਦਾਸ ਗੁਰੂ……………… ਜਾਤ ਪਾਤ ਤੋਂ ਉੱਚੇ ਹੋਵੇ, ਦੁਨੀਆਂ ਨੂੰ ਸਮਝਾਇਆ। ਪ੍ਰੇਮ, ਨਿਮਰਤਾ, ਸੇਵਾ, ਸਿਮਰਨ ਭਗਤੀ ਦਾ ਸਰਮਾਇਆ। ਆਪਣੇ ਆਪ ਨੂੰ ਬਾਣੀ ਅੰਦਰ ਦਾਸ ਚਮਾਰ ਸਦਾਇਆ। ਗੁਰੂ ਗ੍ਰੰਥ ਚੋਂ ਆਲਮ ਗਾਵੇ ਤੇਰੀ ਅਮ੍ਰਿਤ ਬਾਣੀ। ਧੰਨ ਧੰਨ ਹੈਂ ਰਵਿਦਾਸ ਗੁਰੂ……………
ਜਗ੍ਹਾ ਬਣਾ ਲਈ ਖ਼ਾਸ ਟੀਵੀ ਨੇ
ਕਈ ਘਰ ਕੀਤੇ, ਕਈ ਜੜ੍ਹਾਂ ਤੋਂ ਕਰਨ ਸਤਿਆਨਾਸ ਟੀ ਵੀ ਨੇ। ਦੁੱਖ ਕਲੇਸ਼ ਨਫ਼ਰਤ ਝਗੜੇ ਘਰ ਘਰ ਕੀਤੇ ਵਾਸ ਟੀ ਵੀ ਨੇ ਜਿਨ੍ਹਾਂ ਘਰਾਂ ਵਿਚ ਇਕ ਟੀਵੀ, ਕਈ ਪਸੰਦਾ, ਰੋਜ਼ ਲੜਾਈ ਪੈਂਦੀ। ਲੜਦਿਆਂ ਲੜਦਿਆਂ ਟੀਵੀਆਂ ਦੀ ਫਿਰ ਗਿਣਤੀ ਵਧਦੀ ਰਹਿੰਦੀ। ਹੁਣ ਬੰਦਿਆਂ ਦੇ ਦਿਲਾਂ ਅੰਦਰ, ਜਗ੍ਹਾ ਬਣਾ ਲਈ ਖ਼ਾਸ ਟੀ ਵੀ ਨੇ। ਕਈ ਘਰ ਕੀਤੇ ........................... ਖੇਡ ਸਿਆਸਤ ਦਾ ਪਤਾ ਕੁਝ ਨਹੀਂ, ਖੇਡਾਂ, ਖ਼ਬਰਾਂ ਰੋਜ਼ ਨੇ ਤੱਕਦੇ। ਫਿਲਮ ਡਰਾਮੇ ਵੇਖ ਵੇਖ ਕੇ, ਉਮਰ ਹੰਢਾ ਕੇ ਫੇਰ ਨਾ ਰੱਜਦੇ। ਗੰਦਾ ਮੰਦਾ ਦੇਖਣ ਸੁਨਣ ਦੀ, ਵਧਾ ਦਿੱਤੀ ਹੈ ਪਿਆਸ ਟੀ ਵੀ ਨੇ। ਕਈ ਘਰ ਕੀਤੇ ............................ ਟੀਵੀ ਦਾ ਕਸੂਰ ਕੀ ਲੋਕ, ਮਨ ਆਪਣੇ ਨੂੰ ਲਾਈਆਂ ਆਪੇ ਚਾਟਾਂ ਟੀਵੀ ਸੰਗਤ ਨੇ ਕਰ ਦਿੱਤੀਆਂ, ਕੁੜੀਆਂ ਜ਼ਹਿਰੀ ਜੀਵਨ ਵਾਟਾਂ। ਉਤੋਂ ਉਤੋਂ ਹਾਸਾ ਹੱਸਦੇ, ਅੰਦਰੋਂ ਸਭ ਕੀਤੇ ਉਦਾਸ ਟੀ ਵੀ ਨੇ। ਕਈ ਘਰ ਕੀਤੇ………………………………. ਦਿਲ ਦਿਮਾਗ ਦਾ ਭੋਜਨ ਬਣਿਆ, ਖੱਟਾ ਮਿੱਠਾ ਤੇਜ਼ ਕਰਾਰਾ। ਕਈ ਘੰਟਿਆਂ ਲਈ ਭੁੱਲ ਜੇ ਬੰਦਾ, ਨਕਲੀ ਝੂਠਾ ਵੇਖ ਨਜ਼ਾਰਾ ਡੂੰਘੇ ਮਨ ਵਿੱਚ ਬੀਜ ਦਿੱਤੇ ਨੇ, ਕੱਚੇ ਭੋਗ ਬਿਲਾਸ ਟੀ ਵੀ ਨੇ ਕਈ ਘਰ ਕੀਤੇ .............................. ਆਪ ਬਚੀਏ, ਬੱਚੇ ਬਚਾਈਏ, ਹੋਰਾਂ ਨੂੰ ਵੀ ਦੱਸੀਏ। ਚੰਗੇ ਗੁਣਾਂ ਨੂੰ ਸਾਂਭ ਕੇ ਰੱਖੀਏ ਮਾੜਿਆਂ ਵਿੱਚ ਨਾ ਫੱਸੀਏ। ਕਈ ਚੰਗੇ ਗੁਣ ਵੀ ਵੰਡਣ ਦੇ, ਕੀਤੇ ਪਰਿਆਸ ਟੀ ਵੀ ਨੇ। ਆਲਮ ਅੰਦਰ ਚੰਗਾ ਮਾੜਾ ਸਦਾ ਹੀ ਚਲਦਾ ਰਹਿਣਾ। ਦੋਹਾਂ ਸਿਰਿਆਂ ਦਾ ਆਪ ਸੁਆਮੀ, ਕਿਸੇ ਨੂੰ ਕੀ ਹੈ ਕਹਿਣਾ। ਸੱਚੇ ਦਿਲ ਜੇ ਗੁਰੂ ਦੇ ਬਣੀਏ, ਬਣ ਜਾਣਾ ਫਿਰ ਦਾਸ ਟੀ ਵੀ ਨੇ
ਬਣ ਜਾਈਏ ਇਨਸਾਨ
ਸ਼ੇਅਰ ਇਕ ਨੂਰ ’ਤੇ ਸਾਰੇ ਉਪਜੇ, ਵੱਖ ਵੱਖ ਪਹਿਚਾਣ ਵੱਖੋ ਵੱਖਰੇ ਨਾਮ ਨੇ ਰੱਬ ਦੇ ਇਕੋ ਹੈ ਭਗਵਾਨ ਪਿਆਰ ਹੀ ਭਗਤੀ ਪਿਆਰ ਹੀ ਪੂਜਾ ਪਿਆਰ ਹੀ ਦੀਨ ਈਮਾਨ। ਇਕੋ ਰੰਗ ਹੈ ਸਾਡੇ ਲਹੂ ਦਾ ਇਕੋ ਜਿੰਦੜੀ ਜਾਨ। ਇਕ ਨੂਰ ਤੋਂ ਸਭ ਜਗ ਉਪਜਿਆ ਵੱਖ ਵੱਖ ਪਹਿਚਾਣ। ਵੱਖ ਵੱਖਰੇ ਨਾਮ ਨੇ ਉਸਦੇ ਇਕੋ ਹੈ ਭਗਵਾਨ। ਜ਼ਾਤਾਂ ਪਾਤਾਂ ਨਸਲਾਂ ਛੱਡ ਕੇ ਬਣ ਜਾਈਏ ਇਨਸਾਨ। ਪਲ ਦੋ ਪਲ ਦੀ ਜਿੰਦ ਨਿਮਾਣੀ ਆਕੜ ਕਾਹਦੀ ਕਰੀਏ। ਸੱਚੇ ਨਾਮ ਦੀ ਬੇੜੀ ਚੜ੍ਹਕੇ ਭਵ ਸਾਗਰ ਨੂੰ ਤਰੀਏ। ਆiਖ਼ਰ ਮਿੱਟੀ, ਮਿੱਟੀ ਹੋਣਾ ਕਬਰੀਂ ਜਾਂ ਸ਼ਮਸ਼ਾਨ। ਪਿਆਰ ਹੀ ਭਗਤੀ………………….. ਸਰਹੱਦਾਂ ਤੇ ਧਰਮਾਂ ਦੀ, ਝੂਠੀ ਜੰਗ ਮੁਕਾਈਏ। ਕਰਕੇ ਨੀਅਤ ਸਾਫ਼ ਆਪਣੀ, ਘਰ ਬੈਠੇ ਜੋਗ ਕਮਾਈਏ। ਆਲਮ ਦੇ ਵਿੱਚ ਜੇ ਸੁਖ ਪਉਣਾ ਛਡੀਏ ਫੋਕੀ ਸ਼ਾਨ। ਪਿਆਰ ਭਗਤੀ ਪਿਆਰ ਹੀ ਪੂਜਾ, ਪਿਆਰ ਹੀ ਦੀਨ ਈਮਾਨ।
ਕਸ਼ਮੀਰ
ਸਭ ਕੁਝ ਲੁਟਾ ਕੇ ਲਾਸ਼ਾਂ ਵਿਛਾਕੇ ਜੇ ਲੈ ਲਿਆ, ਕਸ਼ਮੀਰ ਨੂੰ ਕੀ ਕਰੋਗੇ ਹਰ ਪਲ ਹਰ ਘੜੀ ਲਹੂ ਰੰਗੀ ਸਿਰ ਤੇ ਲਟਕਦੀ ਸ਼ਮਸ਼ੀਰ ਨੂੰ ਕੀ ਕਰੋਗੇ। ਇੰਦਰਾਂ ਅਜੂਬ ਕਨੇਡੀ ਵਰਗੇ ਹੈਂਕੜ ਲਾਲਚ ਕੱਚੇ ਚੱਬ ਲਏ, ਕਬਰਾਂ ਅਤੇ ਸ਼ਮਸ਼ਾਨਾਂ ਦੇ ਵਿੱਚ ਰੋਂਦੀ ਤਕਦੀਰ ਨੂੰ ਕੀ ਕਰੋਗੇ। ਢਲ ਜਾਉ ਦੋਵੇਂ ਰਲ ਜਾਉ ਦੋਵੇਂ ਮਨ ਆਪਣੇ ਨੂੰ ਸਾਫ਼ ਬਣਾ ਲਉ ਭਟਕੇ ਮਨ ਨੂੰ ਮੈਲੇ ਮਨ ਨੂੰ ਬੇਗੁਰੇ ਬੇਪੀਰ ਨੂੰ ਕੀ ਕਰੋਗੇ। ਦੇਸ਼ ਦੇ ਨਾਂ ਤੇ ਧਰਮ ਦੇ ਨਾਂ ਤੇ ਜਾਤ ਪਾਤ ਅਤੇ ਸਰਹੱਦ ਦੇ ਨਾਂ ਤੇ ਉਧਾਰੀ ਮੰਗੀ ਫੋਕੀ ਝੂਠੀ, ਉੱਚੀ ਲੁੱਚੀ ਤਕਦੀਰ ਨੂੰ ਕੀ ਕਰੋਗੇ। ਅੰਨ੍ਹੇ ਬੋਲੇ ਮਾਇਆਧਾਰੀ ਹਲਕੇ ਫਿਰਦੇ ਲੋਭੀ ਹਿਰਸੀ ਜਲਨ ਦੇ ਮਾਰੇ ਆਪਣੇ ਹੱਥੀਂ ਆਪੇ ਕੀਤੀ, ਅੰਨੀ ਬੋਲੀ ਗੂੰਗੀ ਰੋਂਦੀ ਜ਼ਮੀਰ ਨੂੰ ਕੀ ਕਰੋਗੇ। ਪਰਾਏ ਹੱਥੀਂ ਦੇਸ਼ ਵੇਚ ਕੇ ਜੰਤਾਂ ਲੁਟ ਕੇ ਧਨ ਬਚਾਕੇ ਆਪਣੀ ਲਾਸ਼ ਨੂੰ ਆਪੇ ਚੁੱਕ ਤੁਰੋਗੇ, ਤੁਸੀਂ ਅਖ਼ੀਰ ਨੂੰ ਕੀ ਕਰੋਗੇ। ਜਦੋਂ ਵੀ ਆਲਮੀ ਜੰਗ ਹੋਵੇਗੀ ਆਲਮ ਦੇ ਸ਼ੈਤਾਨ ਮਰਨਗੇ, ਪਛਤਾਵੇ ਦੀ ਅੱਗ ਵਿੱਚ ਸੜ ਗਈ ਮਰ ਗਈ ਮੁਰਦਾ ਤਾਬੀਰ ਨੂੰ ਕੀ ਕਰੋਗੇ।
ਗੁਰੂ ਨਾਨਾਕ ਪਿਆਰੇ
ਧੰਨ ਗੁਰੂ ਨਾਨਕ ਪਿਆਰਾ ਜੀ, ਉਹਨੇ ਮੋਹ ਲਿਆ ਜੱਗ ਸਾਰਾ ਜੀ। ਧੰਨ ਗੁਰੂ ਨਾਨਕ ਪਿਆਰਾ ਜੀ। ਜੱਗ ਸਾਰੇ ਤੋਂ ਨਿਆਰਾ ਜੀ। ਮਾਤਾ ਤ੍ਰਿਪਤਾ ਗੋਦ ਖਿਡਾਇਆ। ਪਿਤਾ ਕਾਲੂ ਨੇ ਲਾਡ ਲਡਾਇਆ ਦੌਲਾਂ ਦਾਈ ਇਹ ਸੁਣਾਇਆ ਪੈਗæੰਬਰ ਕੋਈ ਆਇਆ
ਪਾਂਧੇ ਨੂੰ ਉਪਦੇਸ਼
ਇਲਾਹੀ ਇਕ ਲਿਸ਼ਕਾਰਾ ਜੀ ਮੈਂ ਤੱਕਿਆ ਅਜਬ ਨਜ਼ਾਰਾ ਜੀ। ਕੌਣ ਅਲਫ਼ ਤੋਂ ਏਥੇ ਪਹਿਲਾਂ ਸੀ। ਰੱਬ ਦਾ ਨੂਰ ਹੀ ਇਕੱਲਾ ਸੀ। ਗੁਰੂ ਜੀ ਫੁਰਮਾਇਆ ਸੀ। ਪਾਂਧੇ ਸੀਸ ਝੁਕਾਇਆ ਸੀ। ਏਹ ਬਾਲਕ ਹੋਵਣਹਾਰਾ ਜੀ ਤਾਰੇਗਾ ਜੱਗ ਸਾਰਾ ਜੀ
ਜਨੇਊ ਨਾ ਪਾਉਣਾ
ਦਇਆ ਸੰਤੋਖ ਨੂੰ ਧਾਰੋ ਜੀ ਕੱਚੇ ਧਾਗੇ ਨੂੰ ਉਤਾਰੋ ਜੀ ਦਿਲ ਵਿੱਚ ਝਾਤੀ ਮਾਰ ਲਵੋ ਸੱਚ ਨੂੰ ਦਿਲ ਵਿੱਚ ਧਾਰ ਲਵੋ। ਬਿਨਾਂ ਸੱਚ ਤੋਂ ਨਹੀਂ ਛੁਟਕਾਰਾ ਜੀ ਸਾਨੂੰ ਤਾਂ ਸੱਚ ਹੀ ਪਿਆਰਾ ਜੀ ਕਰ ਲਉ ਉਸ ਨੂੰ ਪਿਆਰਾ ਜੀ ਗੁਰਾਂ ਪੜ੍ਹਨ ਤੋਂ ਜੀ ਹਟਾਇਆ ਸੀ ਪਿਤਾ ਮੱਝੀਆਂ ਚਾਰਨ ਲਾਇਆ ਸੀ। ਗੁਰੂ ਲੇਟੇ ਰੁੱਖ ਦੀ ਛਾਈ ਸੀ ਜਦ ਧੁੱਪ ਮੁਖੜੇ ਤੇ ਆਈ ਸੀ ਰਾਏ ਬੁਲਾਰ ਤਕਿਆ, ਕੌਤਕ ਸਾਰਾ ਸੀ ਸ਼ੇਸ਼ਨਾਗ ਫ਼ਨ, ਫੈਲਾਇਆ ਸੀ ਆਪਣਾ ਜੀਵਨ ਸੇਵਾ ਲਾਇਆ ਸੀ ਉਹ ਤਾਂ ਹੋ ਗਿਆ ਬੌਰਾ ਬਾਰਾ ਸੀ ਕਰਾਮਾਤੀ ਇਕ ਨਜ਼ਾਰਾ ਸੀ ਦਸਿਆ ਕਾਲੂ ਨੂੰ ਵਰਤਾਰਾ ਸੀ ਉਹ ਖੇਤ ਅਜੇ ਵੀ ਹਰਿਆ ਜੀ ਜੋ ਮੱਝਾਂ ਸੀਗਾ ਚਰਿਆ ਜੀ ਨਨਕਾਣੇ ਜਾ ਕੇ ਦੇਖੋ ਜੀ ਨਾਲੇ ਉਥੇ ਮੱਥਾ ਟੇਕੋ ਜੀ ਏਥੇ ਸਤਿਗੁਰ ਦਾ ਦੁਆਰਾ ਜੀ ਤੱਕ ਜ਼ਰਾ ਨਜ਼ਾਰਾ ਜੀ
ਇੰਦਰਜੀਤ ਹਸਨਪੁਰੀ
ਪਿਆਰ ਦਾ ਧਾਗਾ, ਅਕਲ ਦੀ ਸੂਈ ਹਰ ਮੋਤੀ ਵਿਚ ਪਾਈ ਜਾਵੇ ਹਸਨਪੁਰੀ। ਪੰਜਾਬ ਦੇ ਮੋਤੀ ਕਰ ਇਕੱਠੇ, ਮਾਲਾ ਰੂਪ ਬਣਾਈ ਜਾਵੇ ਹਸਨਪੁਰੀ। ਲੱਖਾਂ ਮੋਤੀ ਲੱਖਾਂ ਹੀਰੇ, ਸਭ ਜਾਤਾਂ ਦੇ ਸਭ ਧਰਮਾਂ ਦੇ ਸਭ ਦੇਸਾਂ ਦੇ, ਮਾਂ ਬੋਲੀ ਦੀ ਚੁੰਨੀ ਉਤੇ, ਸ਼ਾਇਰੀ ਨਾਲ ਸਜਾਈ ਜਾਵੇ ਹਸਨਪੁਰੀ। ਹਸਨਪੁਰ ਹੈ ਪਿੰਡ ਉਸਦਾ ਪਰ ਜਗਰਾਵਾਂ ਰੋਡ ਤੇ ਚੰੁਗੀ ਕੋਲੇ, ਲੁਧਿਆਣੇ ਵਿਚ ਕੋਠੀ ਉਤੇ ਗੜਵਾਂ ਚਾਂਦੀ ਦਾ ਲਿਸ਼ਕਾਈ ਜਾਵੇ ਹਸਨਪੁਰੀ ਗੀਤ ਪ੍ਰੇਮ ਦੇ ਗੀਤ ਇਸ਼ਕ ਦੇ ਗੀਤ ਧਰਮ ਦੇ ਗੀਤ ਬੜੇ ਹੀ ਰਚੇ ਉਹਨੇ, ਸੱਤਰ ਸਾਲਾਂ ਨੂੰ ਜਾ ਢੁਕਿਆ, ਅਜੇ ਵੀ ਕਲਮ ਚਲਾਈ ਜਾਵੇ ਹਸਨਪੁਰੀ ਰਫ਼ੀ, ਲਤਾ, ਆਸ਼ਾ, ਜਗਜੀਤ, ਕਈ ਸੁਰੀਲੇ ਗੁਲੂਕਾਰਾਂ ਰਾਹੀਂ, ਆਪਣਾ ਪ੍ਰੇਮ ਸੁਨੇਹਾ ਲੋਕਾਂ ਤਾਈਂ ਪਹੁੰਚਾਈ ਜਾਵੇ ਹਸਨਪੁਰੀ ਇੰਦਰਜੀਤ, ਨਾਮ ਹੈ ਉਸਦਾ, ਕਈ ਫ਼ਿਲਮਾਂ ਦਾ ਰਚਣਹਾਰਾ, ਪਿਆਰ ਏਕਤਾ ਆਸ਼ਾ ਉਤਸ਼ਾਹ ਦਿਲਾਂ ਵਿੱਚ ਜਗਾਈ ਜਾਵੇ ਹਸਨਪੁਰੀ। ਪੰਜਾਬੀ ਸੰਗਤ ਦਾ ਉਸਤਾਦ ਸ਼ਾਇਰ, ਲੋਕ ਗੀਤਾਂ ਦਾ ਸੂਫ਼ੀ ਬਾਬਾ, ਪੰਜਾਬੀ ਦੇ ਸੁੱਚੇ ਸ਼ਬਦਾਂ ਦਾ ਜਾਪ ਕਰਾਈ ਜਾਵੇ ਹਸਨਪੁਰੀ ਚਿਤਰਕਾਰ, ਕਹਾਣੀਕਾਰ, ਨਾਟਕਕਾਰ, ਕਈ ਫ਼ਿਲਮਾਂ ਦਾ ਲੇਖਕ, ਕਈ ਫ਼ਿਲਮਾਂ ਦੇ ਅੰਦਰੋ-ਅੰਦਰੀ ਸੀਨ ਬਣਾਈ ਜਾਵੇ ਹਸਨਪੁਰੀ। ਸ਼ਾਇਰੀ ਦੇ ਉੱਚੇ ਸੁੱਚੇ ਆਲਮ ਦੇ ਵਿੱਚ, ਸਾਂਝੇ ਰੱਬ ਦੀ ਪੂਜਾ ਲਈ, ਅਜ਼ਲਾਂ ਤੋਂ ਲੋਕਾਂ ਦੀ ਖ਼ਾਤਰ, ਗੀਤ ਨਵੇਂ ਰਚਾਈ ਜਾਵੇ ਹਸਨਪੁਰੀ।
ਮੈਂ ਆਲਮ ਨਹੀਂ
ਮੈਂ ਆਲਮ ਨਹੀਂ, ਮੈਂ ਤਾਰਾ ਨਹੀਂ। ਬੰਦਗੀ ਤੋਂ ਬਿਨਾ ਉਜਾਰਾ ਨਹੀਂ। ਏਹ ਸ਼ਕਲ ਨੇ ਸ਼ਰੀਰ ਨੇ ਸੋਚ ਨੇ, ਆਉਣਾ ਕਦੇ ਦੁਬਾਰਾ ਨਹੀਂ। ਹਿੰਦੂ ਨਹੀਂ ਸਿੱਖ ਨਹੀਂ ਮੈਂ ਕੁਝ ਨਹੀਂ, ਅੱਲਾ ਬਿਨ ਕਿਸੇ ਨੂੰ ਪਿਆਰਾ ਨਹੀਂ। ਝੂਠ ਵੀ ਸੱਚ ਵੀ ਦੋਨੋਂ ਹੀ ਅਮਰ ਨੇ, ਕਿਤੇ ਵੀ ਇਕ ਦਾ ਪਸਾਰਾ ਨਹੀਂ। ਰੱਬ ਨੂੰ ਵੀ ਲੋੜ ਹੈ ਪ੍ਰੇਮੀਆਂ ਆਸ਼ਕਾਂ ਦੀ, ਭਗਤਾਂ ਬਿਨ ਰੱਬ ਦਾ ਵੀ ਗੁਜ਼ਾਰਾ ਨਹੀਂ। ਕੋਈ ਨਾ ਰਹਿੰਦਾ ਓਸ ਥਾਂ ਤੇ ਦੋਸਤੋ ਜਿਥੇ ਹਲਚਲ ਨਹੀਂ ਖਿਲਾਰਾ ਨਹੀਂ। ਨੂਰੀ ਕਬਰਾਂ ਤੇ ਸਦਾ ਸਿਜਦੇ ਹੋਣਗੇ, ਬਿਨਾਂ ਉਹਦੀ ਮਿਹਰ ਤੋਂ ਨਜ਼ਾਰਾ ਨਹੀਂ। ਡੁੱਬਣਾ ਚਾਹੁੰਦਾ ਹਾਂ ਰੂਹ ਦੇ ਸਾਗਰੀਂ ਬਸ ਹੋਰ ਮੈ ਰਹਿਣਾ ਅਵਾਰਾ ਨਹੀਂ। ਫ਼ਾਨੀ ਅਫ਼ਾਨੀ ਆਪੇ ਆਲਮ ਆਪ ਹੈ ਅਕਲ ਤੇ ਤਾਲੀਮ ਦਾ ਉਥੇ ਚਾਰਾ ਨਹੀਂ।
ਆਸ਼ਾ ਦਾ ਦੀਪ ਗੁਰਦੀਪ ਪੁਰੀ
ਆਸ਼ਾ ਦੇ ਦੀਪ ਜਗਾਵੇ, ਰਸਤੇ ਰੁਸ਼ਨਾਂਦਾ ਜਾਵੇ, ਗੁਰਦੀਪ ਸਿੰਘ ਪੁਰੀ। ਅਮਨ ਲਈ ਜੰਗਾਂ ਲੜਦਾ, ਸੱਚ ਨੂੰ ਪਾਉਣਾ ਚਾਹਵੇ ਗੁਰਦੀਪ ਸਿੰਘ ਪੁਰੀ। ਖੁਲ੍ਹੀਆਂ ਕਵਿਤਾਵਾਂ ਲਿਖਦਾ, ਗੀਤ ਰੁਬਾਈਆਂ, ਗਾਉਂਦਾ, ਨਿੱਕੀ ਕਹਾਣੀ ਕਹਿੰਦਾ, ਬੋਧਕ ਜਿਹ ਲੇਖਾਂ ਰਾਹੀਂ ਸਾਹਿਬ ਦੀ ਸ਼ਾਨ ਬਣਾਵੇ, ਗੁਰਦੀਪ ਸਿੰਘ ਪੁਰੀ, ਸਭ ਦੀ ਹੈ ਮਦਦ ਕਰਦਾ, ਸੇਵਾ ਲਈ ਤੱਤਪਰ ਰਹਿੰਦਾ, ਪਿਆਰਾਂ ਦੇ ਨਗਮੇ ਗਾਵੇ ਗੁਰਦੀਪ ਸਿੰਘ ਪੁਰੀ ਸਭ ਨੂੰ ਹੈ ਬੜਾ ਪਿਆਰਾ, ਜ਼ਿੰਦਗੀ ਦੀ ਪੀੜਾ ਸਹਿੰਦਾ, ਫੱਕਰਾਂ ਜਿਹੀ ਬਿਰਤੀ ਵਾਲਾ, ਤਗਮਿਆਂ ਨੂੰ ਠੋਕਰ ਮਾਰੇ, ਕਿਸੇ ਦਾ ਡਰ ਨਾ ਮੰਨੇ, ਅਲਬੇਲੀ ਜਿਹੀ ਹਸਤੀ ਵਾਲਾ, ਅਲਬੇਲੇ ਹੀ ਰਾਹ ਬਣਾਵੇ ਗੁਰਦੀਪ ਸਿੰਘ ਪੁਰੀ। ਗਲਾਸਗੋ ਹੈ ਵਸਿਆ ਆਕੇ, ਰਹਿੰਦਾ ਹੈ ਧਾਕ ਜਮਾਕੇ, ਅਸਲੋਂ ਹੈ ਮੋਗਾ ਵਾਸੀ, ਕਵੀ ਸੰਮੇਲਨ ਕਰਦਾ, ਮੇਲਿਆਂ ਦੀ ਬਣਤ ਬਣਾਵੇ, ਗੁਰਦੀਪ ਸਿੰਘ ਪੁਰੀ। ਪਰਿਵਾਰ ਨੂੰ ਬੜਾ ਪਿਆਰਾ, ਜਾਣੇ ਏਹਨੂੰ ਆਲਮ ਸਾਰਾ, ਰਹਿੰਦਾ ਹੈ ਆਪਣੀ ਮਸਤੀ, ਮਸਤੀ ਚੋਂ ਰੱਬ ਦੀ ਮਸਤੀ, ਮਸਤੀ ਹੀ ਵੰਡਦਾ ਜਾਵੇ ਗੁਰਦੀਪ ਸਿੰਘ ਧੂਰੀ।
ਅੱਗ ਤੇ ਬੈਠਾ ਵੀ ਮੁਸਕਾਉਂਦਾ
ਗੁਰੂ ਸੰਤ ਫੁੱਲ ਨਾਲ ਜੇ, ਜ਼ੁਲਮ ਕਦੇ ਟਕਰਾਵੇ। ਰੱਬੀਂ ਬਖਸ਼ੀ ਦਾਤ ਦੇ ਵਿਚੋਂ ਮਹਿਕਾਂ ਸਦਾ ਖਿੰਡਾਵੇ। ਅੱਗ ਤੇ ਬੈਠਾ ਵੀ ਮੁਸਕਾਉਂਦਾ ਅੱਗਾਂ ਸਿਰ ਪੁਆਵੇ। ਅੱਗ ਰੇਤਲੀ ਸਿਰ ਪੁਆ ਕੇ ਨਾਨਕ ਨਾਨਕ ਗਾਵੇ। ਜਿਉਂ ਡਿੱਗੇ ਪਹਾੜੋਂ ਪਾਣੀ ਅੱਗ ਸਿਰ ਪਿੰਡੇ ਤੇ ਆਵੇ। ਏਨਾ ਸ਼ੀਤਲ ਗੁਰੂ ਲਾਸਾਨੀ ਅੱਗ ਨੂੰ ਬਰਫ਼ ਬਣਾਵੇ। ਈਰਖਾ ਨਫ਼ਰਤ ਬੰਜਰ ਅੰਦਰ, ਕੋਈ ਪ੍ਰੇਮ ਬੀਜਦਾ ਜਾਵੇ। ਝੂਠ ਜਨੂੰਨੀ ਸੋਚਾਂ ਅੰਦਰ ਗੁਰੂ ਸੱਚ ਦੀ ਚੋਭ ਲਗਾਵੇ। ਝੁਕੇ ਹੋਏ ਗਰੀਬਾਂ ਖ਼ਾਤਰ, ਗੁਰੂ ਆਪਣੀ ਰੱਤ ਚੁਆਵੇ। ਆਪਣੇ ਸਿੱਖਾਂ ਨੂੰ ਸਭ ਬਰ ਦੇਵੇ, ਆਪ ਕੁਝ ਨਾ ਚਾਹਵੇ। ਦਿਲ ਦੇ ਅੰਦਰੋਂ ਭਾਣਾ ਮੰਨੇ, ਹਿਰਦੇ ਹਰ ਹਰ ਧਿਆਵੇ। ਪੰਜਵਾਂ ਨਾਨਕ ਸੱਚਾ ਪਾਤਸ਼ਾਹ ਸਤਿਗੁਰੂ ਅਖਾਵੇ। ਉਹੀ ਆਲਮ ਓਹੀ ਸਾਲਮ ਜੋ ਰੱਬ ਸੱਚੇ ਨੂੰ ਭਾਵੇ। ਓਹੀ ਭਾਣਾ ਮੰਨੇ ਦਿਲ ਚੋਂ, ਜਿਸਨੂੰ ਆਪ ਮਨਾਵੇ।
ਰਮਨਾ ਓ ਰਮਨਾ
ਰਮਨਾ ਓ ਰਮਨਾ ਤੂ ਹੀਂ ਗੰਗਾ ਜਮਨਾ ਸਰਸਵਤੀ ਦੇ ਕੰਢੇ ਉੱਤੇ ਆ। ਰਾਮਾ ਗੁਰੂ ਕ੍ਰਿਸ਼ਨਾ ਗੁਰੂ ਸ਼ਿਵ ਭੋਲਾ ਬਾਬੇ ਨਾਨਕ ਨੂੰ ਸੀਸ ਝੁਕਾ। ਦੁਆਪਰ ਤਰੇਤਾ ਸਤਿਯੁਗ, ਸਿੱਧ ਯੁਗ ਸਾਰੇ ਲੰਘ ਗਏ। ਕਲਾਯੁਗ ਕਲਿਯੁਗ ਕੀ ਕਹਿ ਸਕਦੇ, ਅਕਲੋਂ ਪਾਰ ਪਏ। ਜ਼ਾਹਰਾ ਵਰਤੇ ਕਲਿਯੁਗ ਅੰਦਰ ਗੁਰੂ ਨਾਨਕ ਦੀ ਕਲਾ ਕੁਝ ਵੀ ਨਾ ਕੱਤਿਆ ਜਾਗ ਤੂੰ ਸੁੱਤਿਆ ਚੜ੍ਹ ਗਈ ਏ ਦੁਪਹਿਰ। ਹਾਜ਼ਰਾ ਹਜ਼ੂਰ ਹੈ, ਨਾਲ ਤੇਰੇ ਨੂਰ ਹੈ, ਸੱਚੇ ਦਿਲੋਂ ਏਹਦੇ ਨਾਲ ਠਹਿਰ। ਜੱਗ ਨੂੰ ਦਿਖਾ ਨਾ ਲੋਕ ਸਮਝਾ ਨਾ, ਆਪਣਾ ਦਿਲ ਸਮਝਾ। ਸਭ ਕੁਝ ਜਾਣਦਾ, ਸਭ ਨੂੰ ਪਛਾਣਦਾ, ਕਹਿਣ ਦੀ ਨਾ ਲੋੜ। ਬਿਨਾਂ ਮੰਗੇ ਕਰਦਾ ਨਕੋ ਨੱਕ ਭਰਦਾ ਰੱਖਦਾ ਨਾ ਕੋਈ ਥੋੜ। ਅੰਗ ਸੰਗ ਰਹਿੰਦਾ ਸੱਚਾ ਸੁੱਚਾ ਦਾਤਾ ਹਰ ਪਲ ਸ਼ੁਕਰ ਮਨਾ ਇਕੋ ਕੰਮ ਚੰਗਾ, ਇਕੋ ਕੰਮ ਵੱਡਾ, ਆਪਣਾ ਮੂਲ ਪਛਾਣ। ਜੋ ਵੱਡੇ ਵਡੇਰੇ ਨਾ ਕਰ ਸਕੇ, ਤੂੰ ਉਸਨੂੰ ਕਰਨ ਦੀ ਠਾਣ। ਏਹੋ ਹੈ ਵੇਲਾ ਉਮਰ ਏਹੋ ਹੈ, ਨਾ ਆਲਮ ਵਿੱਚ ਗਵਾ। ਰਮਨਾ ਓ ਰਮਨਾ ਤੂੰ ਹੀਂ ਗੰਗਾ ਜਮਨਾ ਗਿਆਨ ਦੇ ਤੱਟ ਉੱਤੇ ਆ ਰਾਮਾ ਗੁਰੂ ਕ੍ਰਿਸ਼ਨਾ ਗੁਰੂ ਸ਼ਿਵ ਭੋਲਾ, ਬਾਬੇ ਨਾਨਕ ਨੂੰ ਸੀਸ ਝੁਕਾ
ਸੱਚਾ ਇਹ ਸੰਸਾਰ
ਦੁਨੀਆਂ ਦੇ ਵਿੱਚ ਰਹਿਣਾ ਬੰਦਿਆ ਰਹਿ ਲੈ ਨਾਲ ਪਿਆਰ। ਪ੍ਰੇਮ ਹੈ ਰੱਬ ਦੇ ਦਿਲ ਦੀ ਚਾਬੀ ਰੱਬ ਦੇ ਦਿਲ ਦੀ ਤਾਰ। ਰੱਬ ਖੁਮਾਰੀ ਪ੍ਰੇਮ ਦੀ ਪੀਂਦਾ, ਪੀਂਦਾ ਪ੍ਰੇਮ ਪਿਆਲੇ। ਜੁਗਾਂ ਜੁਗਾਂ ਤੋਂ ਦਾਸ ਪ੍ਰੇਮ ਦਾ, ਰਹਿੰਦਾ ਪ੍ਰੇਮ ਹਵਾਲੇ। ਰੱਬ ਦੇ ਦਿਲ ਵਿੱਚ ਜੇ ਤੂੰ ਜਾਣਾ ਦਿਲੋਂ ਗਰੀਬੀ ਧਾਰ। ਦੁਨੀਆਂ ਦੇ ਵਿੱਚ ਰਹਿਣਾ…………… ਏਹ ਜੱਗ ਸੱਚੇ ਦੀ ਹੈ ਕੋਠੀ ਸੱਚੇ ਦਾ ਵਿੱਚ ਵਾਸ। ਸਭ ਕੁਝ ਸੱਚਾ ਹੋਵੇ ਤਾਂ ਹੀ ਜੇ ਜਦੋਂ ਸਾਸ ਗ੍ਰਾਸ। ਜਪਣ ਬਾਝੋਂ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਦੁਨੀਆਂ ਦੇ ਵਿੱਚ ਰਹਿਣਾ……………… ਅੰਬਰ ਧਰਤਾਂ ਸਾਗਰ ਨਦੀਆਂ ਸਾਰੇ ਮੰਡਲਤਾਰ। ਸਭ ਜਗ੍ਹਾ ਤੇ ਰੱਬ ਹੈ ਰਹਿੰਦਾ, ਦੂਜੀ ਨਹੀਂ ਵਿਚਾਰ। ਪ੍ਰੇਮ ਦੇ ਵੱਸ ਜੋ ਭਗਤੀ ਕਰਦੇ ਰੱਬ ਉਹਨਾਂ ਦਾ ਯਾਰ। ਦੁਨੀਆਂ ਦੇ ਵਿੱਚ ਰਹਿਣਾ…………………. ਓਹੀ ਆਲਮ ਜੋ ਨਿਮਾਣਾ ਸਭ ਦਾ ਸੇਵਾਦਾਰ। ਮੈਂ ਮੈਂ ਤੂੰ ਤੂੰ ਸਭ ਕੁਝ ਛੱਡੇ, ਛੱਡੇ ਸਭ ਤਕਰਾਰ। ਮਨ ਮੰਦਰ ਵਿੱਚ ਸੁਰਤ ਟਿਕਾਵੇਂ ਸਾਹ ਨੂੰ ਜੱਫੀ ਮਾਰ। ਦੁਨੀਆਂ ਦੇ ਵਿੱਚ ਰਹਿਣਾ ……………………
ਲੋਭੀ ਇਹ ਸੰਸਾਰ
ਲੋਭ ਮੋਹ ਦੇ ਚੱਕਰ ਫਸਿਆ, ਸਾਰਾ ਏਹ ਸੰਸਾਰ। ਲੂੰ ਲੂੰ ਅੰਦਰ ਧੱਸਿਆ ਇਹਦੇ ਕਾਮ ਕ੍ਰੋਧ ਹੰਕਾਰ। ਮੋਹ ਦੇ ਨਾਜ਼ੁਕ ਰੱਸੇ ਬੱਧਾ ਪਾਵੇ ਚੀਕ ਚਿਹਾੜੇ। ਲੋਭੀ ਮਨ ਏਹ ਕਾਮ ਕ੍ਰੋਧ ’ਚ ਪਾਵੇ ਨਵੇਂ ਪੁਆੜੇ। ਬਾਹਰੋਂ ਸਾਰੇ ਪਿਆਰ ਦਿਖਾਉਂਦੇ, ਮਤਲਬ ਦੇ ਸਭ ਯਾਰ। ਲੋਭ ਮੋਹ ਦੇ ਚੱਕਰ ਫਸਿਆ………………. ਆਸ਼ਾ ਤ੍ਰਿਸ਼ਨਾ ਮਿੱਠੀ ਮਦਰਾ ਹਰ ਪਲ ਬੰਦਾ ਪੀਵੇ। ਚਿੰਤਾ ਈਰਖਾ ਅੱਗ ਦੇ ਅੰਦਰ, ਸੜ ਸੜ ਬੰਦਾ ਜੀਵੇ। ਗੁੱਸੇ ਅੰਦਰ ਸੜਿਆ ਬਲਿਆ, ਚੁੱਕੀ ਫਿਰਦਾ ਹਊਮੈ ਭਾਰ। ਲੋਭ ਮੋਹ ਦੇ ਚੱਕਰ ਫਸਿਆ……………. ਸਾਧੂ ਸੰਗ ਨਾ ਕਦੇ ਕੀਤਾ, ਨਾ ਕੋਈ ਸੇਵ ਕਮਾਈ। ਕਿੱਦਾਂ ਸਾਰੇ ਬੰਧਨ ਕੱਟਣੇ ਨਾ ਏਹ ਜੁਗਤੀ ਪਾਈ। ਆਲਮ ਨੂੰ ਮੱਤਾਂ ਦੇਂਵੇਂ ਆਪ ਡੁੱਬਿਆ ਹੈ ਵਿਚਕਾਰ। ਲੋਭ ਮੋਹ ਦੇ ਚੱਕਰ ਫਸਿਆ……………
ਏਕੋ ਦੀ ਰੁਸ਼ਨਾਈ
ਧਰਤੀ ਅੰਬਰ ਸਾਰੇ ਛਾਈ ਗੁਰੂ ਨਾਨਕ ਦੀ ਵਡਿਆਈ। ਕਹਿਣ ਤੋਂ ਬਾਹਰੀ ਹੈ ਨਿਆਰੀ ਵੱਡੀ ਉਹਦੀ ਕਮਾਈ। ਆਪੇ ਗੋਰਖੁ ਆਪੇ ਬ੍ਰਹਮਾ ਗੁਰ ਪਾਬਤੀ ਮਾਈ। ਆਪੇ ਚੰਡੀ ਵੈਸ਼ਨੋ ਚਿੰਤਾ ਕਾਲੀ ਰੂਪ ਅਖਾਈ। ਆਪੇ ਜੋਗੀ ਬੀਰ ਮੁਨੀਬਰ ਆਪੇ ਸਿਧੀ ਪਾਈ। ਆਪੇ ਜੋਤੀ ਜੋਤ ਨਿਰੰਜਨ ਏਕੋ ਦੀ ਰੁਸ਼ਨਾਈ
ਸਭ ਆਪ ਕਰਾਇਆ ਤੂੰ ਹੀ
ਉਥੇ ਬੈਠਾ ਤੂੰ ਹੀ, ਹਿਰਦੇ ਆਇਆ ਤੂੰ ਹੀਂ ਮੈਂ ਨੂੰ ਤੂੰ, ਤੂੰ ਨੂੰ ਮੈਂ, ਆਪ ਬਣਾਇਆ ਤੂੰ ਹੀ। ਤੂੰ ਅੰਦਰ ਬਾਹਰ ਏਕੋ, ਭਰਮ ਮਿਟਾਇਆ ਤੂੰ ਹੀ ਦੁੱਖ ਸੁਖ ਪੁੰਨ ਪਾਪ ਵੀ, ਆਪ ਕਰਾਇਆ ਤੂੰ ਹੀਂ। ਜੇ ਸਿਮਰ ਕਰਾਇਆ ਤੂੰਹੀਂ, ਭੁਲਾਇਆ ਵੀ ਤੂੰ ਹੀਂ। ਜੇ ਮੌਨ ਕਰਾਇਆ ਤੂੰਹੀਂ, ਜੇ ਬੋਲਣ ਲਾਇਆ ਤੂੰ ਹੀ। ਜੋ ਵੀ ਹੋਇਆ ਜੋ ਵੀ ਹੁੰਦਾ ਸਭ ਕਰੇ ਕਰਾਇਆ ਤੂੰ ਹੀ। ਇਕਨਾ ਨੂੰ ਕੰਠ ਲਗਾਇਆ, ਜੇ ਔਝੜ ਪਾਇਆ ਤੂੰ ਹੀਂ। ਆਪੇ ਸੁਣੇ ਦੇਖੇ ਬੋਲੋ, ਦੂਜਾ ਭਰਮ ਚੁਕਾਇਆ ਤੂੰ ਹੀਂ।
ਨਾ ਅਜੇ ਹੋਈ ਦੇਰ ਹੈ
ਦਿਨੇ ਰਾਤ ਤੂੰ ਮੰਗੀ ਜਾਵੇਂ ਬਣਿਆ ਤੂੰ ਭਿਖਾਰੀ। ਆਪਣਾ ਲੇਖਾ ਕਦੇ ਨਾ ਕੀਤਾ ਕਾਹਦਾ ਤੂੰ ਲਿਖਾਰੀ। ਜੇ ਤੂੰ ਸੱਚੇ ਦਿਲੋਂ ਝੁਕਿਆ ਤੇਰੇ ਮਿਟਣੇ ਸਭ ਗੁਨਾਹ। ਛੋਟੇ ਛੋਟੇ ਮਨ ਦੇ ਲੋਕ ਜੋ ਜੀਂਦੇ, ਜੀਂਦੇ ਡਰਦੇ ਡਰਦੇ। ਲੋਭ ਈਰਖਾ ਨਫ਼ਰਤਾਂ ਮਾਰੇ ਜੀਉਂਦੇ ਦੋਜ਼ਕ ਭਰਦੇ। ਕੁੱਤੇ ਬਿੱਲੇ ਚੂਹਿਆਂ ਕੋਲੋਂ ਚੁੱਪ ਕਰਕੇ ਆਪ ਬਚਾ। ਕਾਹਦਾ ਸਿਆਣਾ ਮੰਨਦਾ ਨਾ ਭਾਣਾ, ਡਰ ਨਹੀਂ ਤੈਨੂੰ ਰੱਬ ਦਾ। ਜਦੋਂ ਕੁਝ ਚਾਹਵੇਂ ਰੱਬ ਨੂੰ ਧਿਆਵੇਂ ਮਾਲਕ ਹੈ ਜੋ ਸਭ ਦਾ। ਇਕ ਪੁੰਨ ਕਰਦਾ ਸੌ ਮੰਗ ਧਰਦਾ ਨਾ ਮਿਲੇ ਤਾਂ ਕਰੇ ਗਿਲਾ। ਸਤਿ ਸੰਗ ਜਾਵੇਂ, ਮਨ ਸਮਝਾਵੇਂ ਇਕ ਨੂੰ ਪਾਵੇਂ। ਬਾਣੀ ਸੁਣੇ ਬਾਣੀ ਵਿਚਾਰੇ ਬਾਣੀ ਗਾਵੇਂ। ਸਾਰਾ ਆਲਮ ਬਿਨਾਂ ਵਿਚਾਰਾਂ ਮਰਦਾ ਜਾ ਰਿਹਾ।
ਜ਼ਿੰਦਗੀ ਦੀ ਨਿੱਕੀ ਕਹਾਣੀ
ਏਹ ਜ਼ਿੰਦਗੀ ਨਿੱਕੀ ਕਹਾਣੀ ਪਲ ਵਿੱਚ ਏਹ ਮੁੱਕ ਜਾਣੀ। ਨਾ ਅਗਲੀ ਨਾ ਪਿਛਲੀ ਜਾਣੀ ਵਿਚਲੀ ਵਿੱਚ ਉਲਝੀ ਤਾਣੀ ਐਵੇਂ ਪਾਣੀ ਵਿੱਚ ਮਧਾਣੀ ਤੂੰ ਗੱਲ ਨਾ ਅਸਲੀ ਜਾਣੀ ਤੇਰੀ ਅਕਲ ਹੋਈ ਹੈ ਕਾਣੀ ਏਹ ਜ਼ਿੰਦਗੀ ਨਿੱਕੀ ਕਹਾਣੀ ਜਿਵੇਂ ਬੁਲਬੁਲਾ ਮੁੱਕੇ ਵਿੱਚ ਪਾਣੀ ਏਵੇਂ ਦੁਨੀਆਂ ਵੀ ਮੁੱਕ ਜਾਣੀ ਬਾਲ ਬੁਢਾਪਾ ਅਤੇ ਜਵਾਨੀ ਸਮੇਂ ਸਮੇਂ ਦੀ ਦੱਸਣ ਨਿਸ਼ਾਨੀ ਸਭ ਨੇ ਇਕ ਦਿਨ ਜਾਣਾ ਸਭ ਕੁਝ ਹੈ ਏਥੇ ਫਾਨੀ
ਏਹ ਜ਼ਿੰਦਗੀ
ਏਹ ਜ਼ਿੰਦਗੀ ਤੈਨੂੰ ਫੇਰ ਨਾ ਮਿਲਣੀ, ਆ ਜਾ ਹੱਸੀਏ ਗਾਈਏ। ਜੀਹਨੇ ਦਿੱਤਾ ਜੀਵਨ ਸੋਹਣਾ ਉਹਦਾ ਸ਼ੁਕਰ ਮਨਾਈਏ। ਰੋਂਦੇ ਨਾ ਰਹੀਏ ਜੱਗ ਤੇ ਹੱਸ ਕੇ ਉਮਰ ਬਿਤਾਈਏ। ਇਕ ਇਕ ਸਾਹ ਅਮੋਲਕ ਤੇਰਾ ਗਿਆ ਨਾ ਮੁੜਕੇ ਆਵੇ ਜਿਸ ਕਾਰਣ ਤੂੰ ਜੱਗ ਵਿੱਚ ਆਇਆ ਉਸਨੂੰ ਕਿਉਂ ਭੁਲਾਵੇਂ। ਜਿਹਨੇ ਦਿੱਤੀ ਜੀਭਾ ਤੈਨੂੰ ਗੀਤ ਉਹਦੇ ਹੀ ਗਾਈਏ। ਵੇਖ ਅੱਖਾਂ ਤੂੰ ਜੱਗ ਨਾ ਲਾਈਆਂ ਰੱਬ ਤੈਨੂੰ ਹੈ ਭੁੱਲਿਆ ਜੇ ਹੁੰਦੀਆਂ ਰੱਬ ਨਾ ਲਾਈਆਂ ਨਾ ਫਿਰਦਾ ਐਵੇਂ ਰੁਲਿਆ। ਅਜੇ ਵੀ ਵੇਲਾ ਮੁੜ ਕੇ ਆਜਾ ਨਾ ਐਵੇਂ ਸਮਾਂ ਗਵਾਈਏ। ਬਚਪਨ ਗਿਆ ਗਈ ਜਵਾਨੀ ਸਾਰਾ ਜੀਵਨ ਲੰਘਿਆ। ਆਜਾ ਮੇਰੇ ਸੋਹਣਿਆ ਰੱਬਾ ਦਿਲ ਸੂਲੀ ਤੇ ਟੰਗਿਆ। ਜਨਮ ਜਨਮ ਦੇ ਵਿਛੜੇ ਆਲਮ ਵਿਛੜੇ ਨਾ ਮਰ ਜਾਈਏ।
ਲੋਹੜੀਆਂ
ਆਉ ਸਾਰੇ ਕੱਠੇ ਹੋ ਕੇ ਮਨਾ ਲਈਏ ਲੋਹੜੀਆਂ। ਏਕਤਾ ਦਾ ਗੁੜ ਖਾਈਏ ਪ੍ਰੇਮ ਦੀਆਂ ਰਿਓੜੀਆਂ। ਸੱਚੇ ਸੁੱਚੇ ਦਿਲਾਂ ਦੀ ਚੁਰਾਹੇ ਧੂਣੀ ਬਾਲੀਏ। ਜਪਣੇ ਦੀ ਜੁਗਤੀ, ਪ੍ਰਹਿਲਾਦ ਕੋਲੋਂ ਪਾ ਲਈਏ। ਹੋਲਕਾਵਾਂ ਪਾਪਣਾ ਨੂੰ, ਬਾਲਣ ਬਣਾ ਲਈਏ। ਸੂਰਤ ਦੀ ਜ਼ਮੀਨ ਵਿੱਚ, ਸ਼ਬਦ ਉਗਾ ਲਈਏ। ਨੇਮ ਨਾਲ ਸਾਸ ਸਾਸ, ਚੜ੍ਹੀ ਜਾਈਏ ਪੌੜੀਆਂ। ਮੁਕਤਸਰ ਜਾ ਕੇ ਸਾਰੇ ਸੀਸ ਝੁਕਾ ਲਈਏ। ਜੰਮਣ ਮਰਨ ਦਾ, ਚੱਕਰ ਮੁਕਾ ਲਈਏ। ਰੰਗਾਂ ਤੇ ਨਸਲਾਂ ਦੇ ਭੇਦ ਮਿਟਾ ਲਈਏ। ਮਿੱਠੇ ਨੀਵੇਂ ਰਹਿਣ ਦਾ ਸਬਕ ਪਕਾ ਲਈਏ। ਗੁਣਾਂ ਨੂੰ ਕੱਠੇ ਕਰੀਏ ਛੱਡ ਗੱਲਾਂ ਕੌੜੀਆਂ ਪਰੀਆਂ ਦੀ ਬਾਤ ਪਾਵੇ ਨਾਨੀ ਨੂੰ ਮਨਾ ਲਈਏ। ਧੂਣੀ ਦੇ ਦੁਆਲੇ ਬਹਿ ਕੇ ਨਿੱਘ ਨੂੰ ਹੰਢਾ ਲਈਏ। ਸਰਬਤ ਦੇ ਭਲੇ ਲਈ ਫ਼ਤਹਿ ਗਜਾ ਲਈਏ। ਆਲਮ ਦੇ ਘਰ ਘਰ ਰੱਬ ਦੇਵੇ ਜੋੜੀਆਂ।
ਗੁਰੂ ਅਵਤਾਰ
ਦਸਵੇਂ ਨਾਨਕ, ਗੁਰੂ ਗੋਬਿੰਦ ਜੀ ਪੀਰ ਗੁਰੂ ਅਵਤਾਰ। ਹਰਿ ਕ੍ਰਿਸ਼ਨ ਹਰਿ ਰਾਏ ਬਣੇ ਸਬਰ ਦੇ ਵੱਡੇ ਭੰਡਾਰ ਅੰਗਦ ਅਮਰ ਰਾਮਦਾਸ ਦੇ ਵੱਡੇ ਸੇਵਾਦਾਰ ਗੁਰੂ ਅਰਜਨ ਸ਼ਹੀਦੀ ਦੇ ਜ਼ੁਲਮ ਨੂੰ ਪਾਈ ਤਾਰ। ਗੁਜਰੀ ਮਾਂ ਤੋਂ ਲੈ ਕੇ ਆਏ ਸਬਰ ਸਿਦਕ ਤੇ ਪਿਆਰ। ਤੇਗ ਬਹਾਦਰ ਦੇ ਬੇਟੇ ਭਗਤੀ ਸ਼ਕਤੀ ਦੇ ਭੰਡਾਰ। ਸਿੱਖੀ ਦਾ ਸਫ਼ਰ ਲੰਮੇਰਾ ਰਬਾਬ ਕਦੇ ਤਲਵਾਰ। ਚਮਕੌਰ ਗੜ੍ਹੀ ਸ਼ਹਾਦਤ ਪਾ ਗਏ ਅਜੀਤ ਅਤੇ ਜੁਝਾਰ ਜੋਰਾਵਰ ਤੇ ਫ਼ਤਹਿ ਸਿੰਘ ਦਿੱਤੇ ਨੀਹਾਂ ਵਿੱਚ ਖਲਾਰ। ਮਾਤਾ ਗੁਜਰੀ ਬੁਰਜ ਠੰਡੇ, ਵਿੱਚ ਗਈ ਧਰਮ ਤੋਂ ਜਿੰਦੜੀ ਵਾਰ। ਜੋਰਾਵਰ ਤੇ ਫ਼ਤਹਿ ਸਿੰਘ ਬਣੇ ਜ਼ੁਲਮ ਲਈ ਦੀਵਾਰ।
ਗੁਰਮੁਖ ਸਰਾਫ਼ ਲੱਭ ਕੇ
ਏਹ ਸੋਨਾ ਸੋਨਾ ਨਹੀਂ ਰਹਿਣਾ, ਏਹ ਮਿੱਟੀ ਹੋ ਜਾਣਾ ਵੇ। ਇਕ ਇਕ ਸਾਹ ਜੋ ਬੀਤੇ ਤੇਰਾ, ਲੱਖੀਂ ਹੱਥ ਨਾ ਆਣਾ ਵੇ। ਏਹ ਸੋਨੇ ਦਾ ਘੜਵਾ ਕੇ ਗਹਿਣਾ, ਸੁਰਤ ਦੇ ਪਿੰਡੇ ਪਾ ਲੈ ਵੇ। ਗੁਰਮੁਖ ਕੋਈ ਸਰਾਫ਼ ਛੱਡ ਕੇ ਉਸ ਕੋਲੋਂ ਘੜਵਾ ਲੈ ਵੇ। ਮੋਹ ਮਮਤਾ ਦੀ ਨੀਂਦ ਚੋਂ ਉੱਠ ਕੇ, ਮਨ ਨੂੰ ਪੈਣਾ ਜਗਾਣਾ ਵੇ।
ਰੱਬ ਦਾ ਰੂਪ
ਏਹ ਸਰੀਰ ਨੂੰ ਮਿੱਟੀ ਨਾ ਕਹੋ ਏਹ ਬੜਾ ਹੀ ਮਹਾਨ ਹੈ। ਏਹੋ ਚੰਦ ਸੂਰਜਾਂ ਤਾਰਿਆਂ ਦਾ ਗਿਆਨ ਹੈ। ਏਹੋ ਪਤਾਲ, ਸਾਗਰ, ਹਰਿਆਲੀ ਏਹੋ ਅਸਮਾਨ ਹੈ। ਰੱਬ ਦਾ ਰੂਪ ਹੈ ਰੱਬੀ ਬਖਸ਼ਸ਼ ਤੇ ਵਰਦਾਨ ਹੈ। ਇਹਦੇ ਸਦਕਾ ਸੂਰਤ ਸ਼ਬਦ ਸਾਰਾ ਜਹਾਨ ਹੈ। ਰਾਮ ਮੁਹੰਮਦ ਈਸਾ ਨਾਨਕ ਕਦੇ ਬੋਧੀ ਭਗਵਾਨ ਹੈ। ਗੀਤਾ ਬਾਈਬਲ ਗੁਰੂ ਗ੍ਰੰਥ ਕੁਰਾਣ ਪੁਰਾਣ ਹੈ। ਹਰਿਮੰਦਰ ਏਹੋ ਸਰੀਰ ਗੁਰੂ ਗ੍ਰੰਥ ਦਾ ਫ਼ੁਰਮਾਨ ਹੈ। ਤ੍ਰਿਕੁਟੀ ਸਰਵਰ ਦੇ ਡੂੰਘੇ ਪਾਣੀ ਇਸ਼ਨਾਨ ਹੈ। ਸਭ ਧਰਮਾਂ ਤੀਰਥਾਂ ਦਾ ਉੱਚਾ ਪੂਜ ਸਥਾਨ ਹੈ। ਉੱਤਮ ਧਿਆਨ ਇਸ ਨੂੰ ਦਿੰਦਾ ਅਭੈ ਦਾਨ ਹੈ। ਜਿਸ ਨੇ ਲਾਈ ਲਿਵ ਅੰਦਰ ਸਰੀਰ ਓਹੀ ਪਰਵਾਣ ਹੈ। ਆਲਮ ਨੂਰੋ ਨੂਰ ਏਹੋ ਅੱਲਾ ਦਾ ਮਕਾਨ ਹੈ। ਰੋਮ ਰੋਮ ਹੈ ਇਸਦਾ ਨੂਰ, ਏਹ ਨੂਰ ਦੀ ਸੰਤਾਨ ਹੈ। ਉਹ ਨੂਰੋ ਨੂਰ ਹੋਇਆ ਜਿਨ ਕੀਤੀ ਨੂਰ ਦੀ ਪਹਿਚਾਣ ਹੈ। ਜੋ ਆਪ ਨੂਰੋ ਨੂਰ ਹੋਇਆ ਕਰ ਸਕਦਾ ਉਹੀ ਐਲਾਨ ਹੈ।
ਸੁਣੋ ਪੁਕਾਰ
ਅਸੀਂ ਪਾਪੀ, ਤੁਸੀਂ ਬਖਸ਼ਣਹਾਰ। ਸਾਡੇ ਦਿਲ ਦੀ ਸੁਣੋ ਪੁਕਾਰ। ਬੇੜੇ ਪਾਪ ਦੇ ਲਾ ਦਿਉ ਪਾਰ। ਮੇਰੇ ਗੁਰੂ ਦੇਵ ਮੇਰੇ ਦੀਨ ਦਇਆਲ। ਸਾਡੀ ਪਾਪੀਆਂ ਦੀ ਕਰੋ ਰਖਵਾਲ। ਮੇਰੇ ਗੁਰੂ ਦੇਵ ਸਤਿਗੁਰੂ ਬਖਸ਼ਣਹਾਰ। ਸਾਡੇ ਦਿਲ ਦੀ ਸੁਣੋ ਹੂਕ ਪੁਕਾਰ। ਅਸੀਂ ਪਾਪੀ, ਤੁਸੀਂ ਬਖਸ਼ਣਹਾਰ। ਦਿਲ ਦੀ ਧਰਤੀ ਖੁਲ੍ਹਾ ਅਸਮਾਨ ਤੇਰੇ ਹੱਥ ਨੇ ਖਿਜ਼ਾਵਾਂ ਤੇ ਬਹਾਰ। ਅਸੀਂ ਪਾਪੀ, ਤੁਸੀਂ ਬਖਸ਼ਣਹਾਰ। ਹਉਂ ਪਾਪੀ ਤੂੰ ਬਖ਼ਸ਼ਣਹਾਰ ਦੇਂਦਾ ਆਇਆ ਸਦਾ ਹੀ ਪਿਆਰ। ਅਸੀਂ ਪਾਪੀ, ਤੁਸੀਂ ਬਖਸ਼ਣਹਾਰ।
ਗੁਰਦੇਵ ਪਿਆਰੇ
ਇਕ ਬੇਨਤੀ ਤੇਰੇ ਦੁਆਰੇ ਮੇਰੇ ਗੁਰਦੇਵ ਪਿਆਰੇ ਨਹੀਂ ਜਾਣ ਸਕਦੇ ਨਹੀਂ ਜਾਣ ਸਕਦੇ ਤੇਰੇ ਖੇਲ ਨਿਆਰੇ। ਤੈਨੂੰ ਅਸੀਂ ਹਾਂ ਚਾਹੁੰਦੇ, ਤੇਰੇ ਪਿਆਰ ਦੇ ਸ਼ੈਦਾਈ। ਤੇਰੇ ਪਿਆਰ ਦੀ ਜੋ ਕੀਮਤ ਨਾ ਜਾਣੀ ਕਦੇ ਚੁਕਾਈ। ਤੂੰ ਆਪੇ ਹੀ ਸੋਝੀ ਦੇ ਦੇ ਨਹੀਂ ਚਲਣੇ ਸਾਡੇ ਚਾਰੇ। ਇਕ ਬੇਨਤੀ………. ਪਹਿਲਾਂ ਤੋਂ ਕਰਦਾ ਆਇਆ, ਤੂੰ ਸਦਾ ਹੀ ਮੇਹਰਬਾਨੀ। ਤਨ ਮਨ ਧਨ ਸਭ ਤੇਰਾ, ਹੈ ਤੇਰੀ ਹੀ ਜ਼ਿੰਦਗਾਨੀ। ਸਾਡੀ ਮਾਫ਼ ਕਰ ਨਾਦਾਨੀ, ਕੂਕਰ ਹਾਂ ਤੇਰੇ ਦੁਆਰੇ। ਇਕ ਬੇਨਤੀ…………………. ਤੂੰ ਸਾਡੇ ਸਿਰ ਦਾ ਅੰਬਰ, ਸੂਰਜ ਚੰਦ ਤੇ ਤਾਰਾ। ਤੂੰ ਹੈਂ ਦਇਆ ਦਾ ਸਾਗਰ, ਤੂੰ ਬੇੜੀ ਤੂੰ ਕਿਨਾਰਾ। ਥੋੜ੍ਹਾ ਹੋਰ ਸਮਾਂ ਦੇਦੇ ਦੇ ਦੇ ਹੋਰ ਨਜ਼ਾਰੇ ਇਕ ਬੇਨਤੀ ਤੇਰੇ ਦੁਆਰੇ, ਮੇਰੇ ਗੁਰਦੇਵ ਪਿਆਰੇ
ਭਗਤੀ ਦੇਵੋ
ਪ੍ਰਿਥਮੇ ਮੈਨੂੰ ਪੂਰਨ ਭਗਤੀ, ਅਲੌਕਿਕ ਸ਼ਕਤੀ ਦੇਵੋ। ਤੇਰੇ ਬਾਝੋਂ ਹੋਰ ਨਾ ਤੱਕਾਂ, ਐਸੀ ਮੈਨੂੰ ਮਸਤੀ ਦੇਵੋ ਰੋਮ ਰੋਮ ਮੇਰੇ ਸੱਚੇ ਨਾਮ ਦੀ ਜੋਤ ਜਗਾਉ। ਤਨ ਮਨ ਸੁਰਤੀ ਚੋਂ ਸਾਰੇ ਬਿਕਾਰ ਮਿਟਾਉ। ਗੁਰੂ ਨਾਨਕ ਦੇ ਚਰਨਾਂ ਵਿੱਚ ਮੇਰੇ ਮਨ ਨੂੰ ਗੱਡ ਦੇਵੇ। ਭੈ ਫ਼ਿਕਰ ਸਭ ਮੇਰੇ ਮਨ ਦੇ ਅੰਦਰੋਂ ਕੱਢ ਦੇਵੋ। ਹੇ ਪਵਣ ਪੁੱਤਰ ਤੂੰ ਸੀਤਾ ਰਾਮ ਦਾ ਪੁਜਾਰੀ ਤੇਰੇ ਵਰਗਾ ਨ ਹੋਇਆ, ਦੂਜਾ ਕੋਈ ਨਰ ਨਾਰੀ। ਕਰੋ ਪਰਵਾਨ ਦਾਸ ਆਪਣੇ ਦੀ, ਅਰਦਾਸ ਪਿਆਰੇ। ਨਾਮ ਧਿਆਨ ਦੀ ਸ਼ਕਤੀ ਦੇਵੋ ਹੋਵਣ ਦੁਨੀਆਂ ਦੇ ਸੁਖ ਸਾਰੇ। ਕਲਯੁਗ ਦੇ ਵਿੱਚ ਸਭ ਆਲਮ ਨੂੰ ਤੁਸੀਂ ਨਾਮ ਜਪਾਉਣਾ। ਹਨੂਮਾਨ ਦੇ ਰਾਹੀਂ ਪਾ ਸਕਦੇ ਹੋ, ਰਾਮ ਨੂੰ ਜੇ ਹੈ ਪਾਉਣਾ।
ਭਗਵਾਨਾਂ ਦੇ ਭਗਵਾਨ- ਸਤਿਗੁਰੂ ਬਾਲਮੀਕ
ਤੇਰੀ ਮਹਿਮਾ ਤੇਰੀ ਮਹਿਮਾ, ਬੜੀ ਮਹਾਨ ਸਤਿਗੁਰੂ ਬਾਲਮੀਕ ਮਨ ਬੁੱਧ ਜੀਭਾ ਨਾ ਕਰ ਸਕੇ, ਬਿਆਨ ਸਤਿਗੁਰ ਬਾਲਮੀਕ। ਗੁਰੂਆਂ ਦੇ ਗੁਰੂ ਭਗਵਾਨਾਂ ਦੇ ਭਗਵਾਨ ਸਤਿਗੁਰ ਬਾਲਮੀਕ। ਨਿਮਰਤਾ ਦੇ ਸਾਗਰ ਸ਼ਕਤੀ ਦੇ ਅਸਮਾਨ ਸਤਿਗੁਰ ਬਾਲਮੀਕ। ਸੀਤਾ ਮਾਤਾ ਲਵ ਕੁਸ਼ ਦਾ ਦੀਨ ਈਮਾਨ ਸਤਿਗੁਰ ਬਾਲਮੀਕ। ਲਵਕੁਸ਼ ਲਈ ਸ਼ਕਤੀ ਦੇ ਵਰਦਾਨ ਸਤਿਗੁਰ ਬਾਲਮੀਕ। ਸਤਿਅਮ ਸ਼ਿਵਮ ਸੁੰਦਰਮ ਦਾ ਸਹਿਗਾਨ ਸਤਿਗੁਰ ਬਾਲਮੀਕ। ਸਰਬ ਕਲਾ ਨਿਪੁੰਨ ਨੀਤੀਵਾਨ ਸਤਿਗੁਰ ਬਾਲਮੀਕ। ਲਵਕੁਸ਼ ਨੂੰ ਦਿੱਤਾ ਪੂਰਨ ਗਿਆਨ ਸਤਿਗੁਰ ਬਾਲਮੀਕ। ਰਾਮ ਚੰਦਰ ਦੇ ਕੁਲ ਦੀ, ਰੱਖੀ ਆਨ ਸਤਿਗੁਰ ਬਾਲਮੀਕ। ਰਮਾਇਣ ਦੇ ਰਚੇਤਾ ਵੇਦਾਂ ਦੇ ਵਿਦਵਾਨ ਸਤਿਗੁਰ ਬਾਲਮੀਕ। ਨਾਰਦ ਮੁਨੀ ਬ੍ਰਹਮਾ ਜੀ ਦਾ ਮਾਣ ਸਤਿਗੁਰ ਬਾਲਮੀਕ। ਸੀਤਾ ਮਾਤਾ ਦੇ ਜਤ ਸਤ ਦਾ ਪ੍ਰਮਾਣ ਸਤਿਗੁਰ ਬਾਲਮੀਕ। ਅਮਰ ਅਡੋਲ ਕ੍ਰਾਂਤੀ ਦਾ ਐਲਾਨ ਸਤਿਗੁਰ ਬਾਲਮੀਕ। ਨਿਰਭਉ ਨਿਰਵੈਰ ਸੱਚੇ ਦਇਆਵਾਨ ਸਤਿਗੁਰ ਬਾਲਮੀਕ। ਹੁਣ ਤੱਕ ਰਹੇ ਗੁਪਤ ਹੋਵਣਗੇ ਪ੍ਰਧਾਨ ਸਤਿਗੁਰ ਬਾਲਮੀਕ। ਦੱਬੇ ਕੁਚਲੇ ਮੁਰਦਾ ਲੋਕਾਂ ਦੀ ਜਾਨ ਸਤਿਗੁਰ ਬਾਲਮੀਕ। ਤਿੰਨਾ ਲੋਕਾਂ ਵਿੱਚ ਅਨਦਿਨ ਗੁਣਗਾਨ ਸਤਿਗੁਰ ਬਾਲਮੀਕ। ਰਾਮ ਦੇ ਦਾਦਾ ਗੁਰੂ ਸੱਚੇ ਸੁਲਤਾਨ ਸਤਿਗੁਰ ਬਾਲਮੀਕ। ਸਾਰੇ ਆਲਮ ਨੂੰ ਕਰਨਗੇ ਚਾਨਣਦਾਨ ਸਤਿਗੁਰ ਬਾਲਮੀਕ। ਪੂਰਨ ਬ੍ਰਹਮ ਗਿਆਨੀ ਅਵਤਾਰਾਂ ਦੇ ਅਵਤਾਰ ਸਤਿਗੁਰ ਬਾਲਮੀਕ। ਤੇਰੇ ਚਰਨਾਂ ਤੇ ਡੰਡਉਤ ਬੰਦਨਾ ਅਨਿਕਵਾਰ ਸਤਿਗੁਰ ਬਾਲਮੀਕ। ਮਹਾਂ ਰਿਸ਼ੀ ਮਹਾਂ ਤਪੀ ਆਪ ਨਿਰੰਕਾਰ ਸਤਿਗੁਰ ਬਾਲਮੀਕ। ਤੇਰੇ ਨਾਮ ਤੋਂ ਸਾਰਾ ਆਲਮ ਦਿਆ ਵਾਰ ਸਤਿਗੁਰ ਬਾਲਮੀਕ।
ਨਵਾਂ ਜ਼ਮਾਨਾ
ਮਾਂ ਪਿਉ ਅੱਗੇ ਧੀਆਂ ਪੁੱਤਰ ਕਾਮ ’ਚ ਰੱਤੇ ਨੰਗੇ ਨੱਚਣ। ਅੱਗੇ ਬੈਠੇ ਧੌਲੇ ਸਿਆਣੇ ਮੋਹ ਵੱਸ ਹੋਏ ਹਾਸਾ ਹੱਸਣ। ਸ਼ਰਮ ਧਰਮ ਸਭ ਰਿਸ਼ਤੇ ਨਾਤੇ ਖਾ ਗਿਆ ਨਵਾਂ ਜ਼ਮਾਨਾ। ਮਾਇਆ ਤੇ ਮਹਾਂ ਮਾਇਆ ਦੋਵੇਂ ਹੱਸਣ ਗਾਵਣ ਇਸ਼ਕ ਤਰਾਨਾ। ਸਾਗ ਮਾਸ ਸਭ ਕਾਫ਼ਰ ਮੋਮਨ ਸਮੇਂ ਨੇ ਕੀਤਾ ਇਕ ਸਮਾਨੋ। ਟੀਵੀ ਉੱਤੇ ਕਦੇ ਵੀ ਵੇਖੋ ਘਰ ਘਰ ਅੰਦਰ ਕੰਜਰਖਾਨੇ। ਗਿਆਨੀ ਧਿਆਨੀ ਸਭ ਲੋਭੀ ਹੋ ਗਏ, ਰਿਹਾ ਨਾ ਕੋਈ ਦੀਨ ਈਮਾਨੇ। ਸੱਟੇ ਬਾਜ਼ਾਰ ਦੇ ਆਲਮ ਅੰਦਰ, ਕੋਈ ਗੱਲ ਨਾ ਪੈਂਦੀ ਖਾਨੇ। ਐਸੀ ਚੱਲੀ ਵਾ ਅਵੱਲੀ, ਕਿੱਥੇ ਭੱਜਣ ਕੀਹਨੂੰ ਦੱਸਣ। ਫ਼ੋਟੋ ਅਤੇ ਮੂਵੀ ਵਾਲੇ ਕਾਮੁਕ ਸਮੇਂ ਨੂੰ ਫ਼ਿਲਮ ’ਚ ਬੰਨ੍ਹਣ। ਐਸੀਆਂ ਕਾਮਕ ਫ਼ੋਟੋ ਫ਼ਿਲਮਾਂ ਟੱਬਰ ਸਾਰੇ ਰਲ ਕੇ ਤੱਕਣ। ਰੱਬ ਨੇ ਐਸੀ ਖੇਡ ਰਚਾਈ ਉੱਠੇ ਪਰਦੇ ਕਿੱਦਾਂ ਰੱਖਣ। ਆਲਮ ਸਾਰਾ ਐਸਾ ਹੋਇਆ, ਇਕ ਦੂਜੇ ਨੂੰ ਸਾਰੇ ਭੰਡਣ। ਇਕ ਦੂਜੇ ਦੇ ਮੂੰਹ ਦੇ ਉੱਤੇ ਝੂਠ ਦਾ ਮਲਦੇ ਤਾਜਾ ਮੱਖਣ। ਦਿਲ ਵਿਚਾਰਾ ਕੀ ਕਰੇਗਾ ਕੰਨ ਜੇ ਕਾਮ ਨੂੰ ਰੱਜ ਕੇ ਚੱਖਣ। ਈਰਖਾਲੂ ਅਤੇ ਚੋਰ ਲੁਟੇਰੇ ਧਰਮ ਦੇ ਥੱਲੇ ਆਪਾ ਢੱਕਣ।
ਤੇਰੇ ਗੀਤ ਗਾਵਾਂ
ਜੁਗ ਜੁਗ ਜਨਮ ਜਨਮ ਤੇਰੇ ਗੀਤ ਗਾਵਾਂ। ਰੋਮ ਰੋਮ ਸਵਾਸ-ਸਵਾਸ ਤੈਨੂੰ ਹੀ ਧਿਆਵਾਂ। ਵੀਰਾਨ ਏਹ ਦੁਨੀਆਂ ‘ਚ ਕੋਈ ਨਹੀਂ ਆਪਣਾ। ਧਿਆਨ ਨਾਲ ਨਾਭ ਕੁੰਡ ਹੋਵੇ ਜਾਪ ਜਪਣਾ। ਜਪਦਾ ਜਪਦਾ ਜਾਪ ਤੇਰਾ, ਤੇਰੇ ’ਚ ਖੋ ਜਾਵਾਂ। ਹੋਰ ਨਾ ਕੁਝ ਮੰਗਦਾ, ਆਪਣਾ ਪਿਆਰ ਦੇ ਦੇ। ਸਬਰ ਸ਼ੁਕਰ ਸਿਫ਼ਤ ਦਾ, ਮੈਨੂੰ ਭੰਡਾਰ ਦੇ ਦੇ। ਕਰਦਾ ਕਰਦਾ ਸਿਫ਼ਤ ਤੇਰੀ ਤੂਹੀ ਤੂੰ ਹੋ ਜਾਵਾਂ। ਤੇਰਾ ਪਿਆਰ ਖਾਵਾਂ ਤੇਰਾ ਪਿਆਰ ਪੀਵਾਂ। ਪਿਆਰ ਬਾਝੋਂ ਮਰਜਾਂ ਪਿਆਰ ਨਾਲ ਜੀਵਾਂ। ਤਨ ਮਨ ਧਨ, ਜੀਵਨ ਸਾਰਾ ਤੇਰੇ ਲੇਖੇ ਲਾਵਾਂ। ਦੇ ਦੇ ਤੂੰ ਮਸਤੀ, ਹੋ ਜਾਵਾਂ ਮਸਤਾਨਾ। ਆਲਮ ਤੋਂ ਬੇਗਾਨਾ ਮੈਂ ਤੇਰਾ ਦੀਵਾਨਾ। ਜੀਵਨ ਏਹ ਸਾਰਾ ਤੇਰੀ ਝੋਲੀ ਪਾਵਾਂ
ਕਬਰ ’ਚ ਬੁਲਾ ਰਹੇ ਹੋ
ਮੈਨੂੰ ਕਬਰ ‘ਚੋਂ ਬੁਲਾ ਰਹੇ ਹੋ, ਕਿਉਂ ਮਿੱਟੀ ਨੂੰ ਸਤਾ ਰਹੇ। ਹੈ। ਮੈਨੂੰ ਜੰਨਤ ਦਿਖਾ ਰਹੇ ਹੋ, ਜਾਂ ਦੋਜ਼ਕ ਲਿਜਾ ਰਹੇ ਹੋ। ਮੇਰੀ ਲਾਸ਼ ਨੂੰ ਜਲਾ ਰਹੇ ਹੋ, ਮੇਰਾ ਈਮਾਨ ਮਿਟਾ ਰਹੇ ਹੋ। ਮੁਸਲਮਾਂ ਅਖਾ ਰਹੇ ਹੋ, ਕਬਰਾਂ ਨੂੰ ਸਿਰ ਝੁਕਾ ਰਹੇ ਹੋ। ਜਿਉਂਦੇ ਜੀ ਨਫ਼ਰਤ ਕਰਦੇ ਰਹੇ, ਹੁਣ ਦੁਆਵਾਂ ਕਰਾ ਰਹੇ ਹੋ।
ਇਲੈਕਟਰੋਨ
ਇਲੈਕਟਰੋਨ ਅੰਦਰ ਪ੍ਰਗਟਿਆ ਕਲਿਯੁਗ ਦਾ ਭਗਵਾਨ। ਇਲੈਕਟਰੋਨ ਦਿਸਣ ਬੋਲਣ ਸਾਰੇ ਵੇਦ ਪੁਰਾਣ। ਹੌਲੀ ਹੌਲੀ ਠੰਡੀ ਹੋਣੀ ਪਰਚਾਰਕ ਭਾਈਆਂ ਦੀ ਦੁਕਾਨ। ਬੰਦੇ ਨੇ ਹੋਣਾ ਅਮਲੋਂ ਖਾਲੀ, ਜਿਉਂ ਕਿਰਪਾਨ ਬਿਨਾ ਮਿਆਨ।
ਆਉ ਰਲ ਕੇ
ਆਉ ਰਲ ਕੇ ਸਾਰੇ ਗੀਤ ਪ੍ਰੇਮ ਦੇ ਗਾ ਲਈਏ। ਹਉਮੈ ਦੇ ਅੰਬਰ ਨੂੰ ਸਾਗਰ ਵਿੱਚ ਨਵ੍ਹਾ ਲਈਏ। ਕਰ ਇਕੱਠੇ ਚੰਦ ਸੂਰਜ ਤਾਰੇ, ਧਰਤੀ ਗਗਨ ਬਣਾ ਲਈਏ। ਰੋਮ ਰੋਮ ਵਿੱਚ ਨਾਮ ਦੇ ਦੀਪ ਜਗਾ ਲਈਏ।
ਰੱਬ ਧਰਤੀ ਤੇ ਆਇਆ
ਨਾਨਕ ਨਾਮ ਧਰਾਇਆ ਸਾਂਝਾ ਪੀਰ ਅਖਾਇਆ ਮਰਦਾਨੇ ਨੂੰ ਹੱਜ ਕਰਾਇਆ। ਬਾਲੇ ਨੂੰ ਰਾਮ ਦਿਖਾਇਆ। ਉਹਨੇ ਸਾਂਝਾ ਪੰਥ ਚਲਾਇਆ। ਰੱਬ ਧਰਤੀ ਤੇ ਆਇਆ। ਉਹਨੇ ਇਕੋ ਨਾਮ ਜਪਾਇਆ। ਦਿਲ ਵਿੱਚ ਰੱਬ ਦਿਖਾਇਆ। ਵੰਡ ਛਕਣਾ ਸੀ ਸਮਝਾਇਆ। ਜਾਤ ਪਾਤ ਦਾ ਭੇਦ ਮਿਟਾਇਆ। ਰੱਬ ਧਰਤੀ ਤੇ ............ ਮਲਕ ਭਾਗੋ ਨੂੰ ਸਮਝਾਇਆ ਲਾਲੋ ਨੂੰ ਗਲ ਨਾਲ ਲਾਇਆ। ਉਹਨੇ ਖ਼ੂਨ ਦਾ ਸੋਹਲਾ ਗਾਇਆ ਬਾਬਰ ਦਾ ਮਨ ਬਦਲਾਇਆ। ਕਤਲੇਆਮ ਨੂੰ ਬੰਦ ਕਰਾਇਆ। ਰੱਬ ਧਰਤੀ ਤੇ……………. ਉਹਨੇ ਸਾਰੀ ਧਰਤ ਸੰਵਾਰੀ ਉਹਨੇ ਇੱਕ ਗੱਲ ਉਸਾਰੀ ਇਕ ਦੇ ਬਣੋ ਪੁਜਾਰੀ ਰਹੋ ਮਿਲਕੇ ਨਰ ਤੇ ਨਾਰੀ ਡਿੱਗੀ ਨਾਰੀ ਨੂੰ ਉਠਾਇਆ ਰੱਬ ਧਰਤੀ ਤੇ ……. ਉਹਨੇ ਸਿੱਧਾਂ ਨਾਲ ਗੋਸ਼ਟ ਕੀਤੀ ਉਹਨਾਂ ਨੂੰ ਦੱਸੀ ਸੱਚੀ ਨੀਤੀ ਛੱਡ ਦੇਵੋ ਤੁਸੀਂ ਬਦਨੀਤੀ ਨਹੀਂ ਹੋਵੇਗੀ ਬਹੁਤ ਪਲੀਤੀ ਉਹਨੇ ਸੱਚ ਸੱਚ ਸੁਣਾਇਆ। ਰੱਬ ਧਰਤੀ ਤੇ ਆਇਆ... ਉਹਨੇ ਸੀਸ ਤਲੀ ਤੇ ਧਰਿਆ। ਪ੍ਰੇਮ ਗਲੀ ਵਿੱਚ ਤੁਰਿਆ। ਤਨ ਮਨ ਪ੍ਰੇਮ ਨਾਲ ਭਰਿਆ। ਕਦੇ ਨਾ ਕਿਸੇ ਤੋਂ ਡਰਿਆ। ਨਾ ਕਿਸੇ ਨੂੰ ਕਦੇ ਡਰਾਇਆ। ਰੱਬ ਧਰਤੀ ਤੇ ...............
ਰੈਣ ਬਸੇਰਾ
ਇਕ ਦਮ ਦਾ ਏਹ ਰੈਣ ਬਸੇਰਾ, ਨਾ ਏਹ ਤੇਰਾ ਘਰਾਣਾ। ਇਕ ਦਿਨ ਤੈਨੂੰ ਛੱਡਣਾ ਪੈਣਾ ਏਹ ਦੁਨੀਆਂ ਬਾਗ਼ ਸੁਹਾਣਾ ਕੀ ਹੈ ਤੇਰਾ ਗੁੰਮ ਗਿਆ, ਜੋ ਸੀ ਨਾਲ ਲਿਆਇਆ। ਧੀਆਂ ਪੁੱਤਰ ਕਾਰਾਂ ਬੰਗਲੇ, ਤੂੰ ਆਪੇ ਜਾਲ ਬਣਾਇਆ। ਗੁਰੂ ਤੋਂ ਸੋਝੀ ਲੈ, ਤੈਨੂੰ ਮਿਲ ਜੂ ਅਸਲ ਠਿਕਾਣਾ। ਸੱਚੇ ਦਿਲੋਂ ਰੀਝ ਲਗਾ ਕੇ ਆਪਣਾ ਆਪ ਜੇ ਛਾਣੇ। ਦੁਨੀਆਂ ਵਲੋਂ ਧਿਆਨ ਹਟਾਕੇ ਆਪਣਾ ਆਪ ਜੇ ਜਾਣੇ। ਕਿਥੇ ਜਾਏਂਗਾ ਕਿਥੋਂ ਆਇਆ, ਪਤਾ ਨਾ ਕੋਈ ਠਿਕਾਣਾ। ਇਕ ਦਮ ਦਾ ਏਹ ਰੈਣ ਬਸੇਰਾ .............. ਜਿਸ ਜਗ੍ਹਾ ਤੂੰ ਰਹਿੰਦਾ ਬੰਦਿਆ ਲੱਖਾਂ ਰਹਿ ਰਹਿ ਤੁਰ ਗਏ। ਲੱਖ ਮਕਾਨ ਲੱਖਾਂ ਵਾਰੀ ਧਰਤੀ ਦੇ ਵਿੱਚ ਖੁਰ ਗਏ। ਨਾ ਕੁਝ ਸੀ ਤੂੰ ਨਾਲ ਲਿਆਇਆ ਨਾ ਕੁਝ ਨਾਲ ਲਿਜਾਣਾ। ਇਕ ਦਮ ਦਾ ਏਹ ਰੈਣ ਬਸੇਰਾ .............. ਜਿਨ੍ਹਾਂ ਲਈ ਤੂੰ ਸਮਾਂ ਗਵਾਵੇਂ ਫ਼ਿਕਰ ਜਿਨ੍ਹਾਂ ਲਈ ਕਰਦਾ। ਨਾਲ ਨਾ ਕੋਈ ਆਇਆ ਤੇਰੇ ਨਾਲ ਨਾ ਕੋਈ ਮਰਦਾ। ਰੱਬ ਦੀ ਸੱਚੀ ਯਾਦ ਬਿਨਾਂ ਤੂੰ ਕਾਹਦਾ ਆਲਮ ਸਿਆਣਾ।
ਤੂੰ ਤੇ ਮੈਂ
ਕਦੇ ਵੀ ਦੋਵੇਂ ਵੱਖ ਨਹੀਂ ਹੁੰਦੇ ਚਾਨਣ ਅਤੇ ਹਨੇਰਾ। ਏਵੇਂ ਜਿਵੇਂ ਨੂਰੀ ਪ੍ਰੀਤਮ ਕਰੋ ਸਾਹਾਂ ਵਿੱਚ ਵਸੇਰਾ। ਦਿਲ ਅਤੇ ਦਿਲ ਦੀ ਧੜਕਣ ਕਦੇ ਵੱਖ ਨਾ ਹੋਵੇ, ਸਾਹ ਜਿਵੇਂ ਨੇ ਜੀਵਨ ਸਾਥੀ ਸਾਥ ਰਹੇ ਇਉਂ ਤੇਰਾ। ਤੂੰ ਤੂੰ ਮੈਂ ਮੈਂ, ਮੈਂ ਮੈਂ ਤੂੰ ਤੂੰ, ਇਹ ਸ਼ਬਦਾਂ ਨੇ ਰਹਿਣਾ, ਮੈਂ ਤੇਰੀ ਰਾਤ ਹਾਂ ਕਾਲੀ, ਤੂੰ ਮੇਰਾ ਸੋਨ ਸਵੇਰਾ। ਮੈਂ ਧਰਤੀ ਦੀ ਖਾਕ ਨਿਮਾਣੀ ਹਰ ਪਲ ਤੈਨੂੰ ਚਾਹਵਾਂ, ਤੂੰ ਅੰਬਰ ਦਾ ਵਾਸੀ ਸਜਣਾ, ਤੇਰਾ ਥਾਨ ਉਚੇਰਾ। ਪੰਜ ਕੀਲੇ ਹੈ ਦਿਲ ਦੀ ਧਰਤੀ ਕੂੜੇ ਕਰਕਟ ਲੱਦੀ, ਚੁੱਕ ਕੇ ਸਾਰਾ ਕੂੜਾ ਕਰਕਟ ਆਪਣਾ ਲਾਦੇ ਡੇਰਾ।
ਆਦਿ ਜੁਗਾਦਿ
ਆਦ ਜੁਗਾਦੀ ਇਕੋ ਦਾਤਾ ਸਦਾ ਸਦਾ ਨਿਰੰਕਾਰ। ਆਪ ਬਣਾਵੇ ਆਪ ਚਲਾਵੇ ਆਪੇ ਮਾਰੇ ਮਾਰ। ਇਕ ਦੇ ਬਾਝੋਂ ਦੂਜਾ ਨਾਹੀਂ ਖੋਲ ਕਰੋ ਕਰਤਾਰ। ਸਭ ਕੁਝ ਦਾਤਾ ਆਪੇ ਕਰਦਾ ਪੱਕੀ ਮਨ ਵਿੱਚ ਧਾਰ। ਸਭ ਧਰਤਾਂ ਸਭ ਅੰਬਰਾਂ ਦੇ ਵਿੱਚ ਆਪ ਕਰੇ ਪਸਾਰ।
ਧੰਨ ਗੁਰੂ ਨਾਨਕ ਸਤਿਗੁਰ ਪਿਆਰੇ
ਧੰਨ ਗੁਰੂ ਨਾਨਕ ਸਤਿਗੁਰ ਪਿਆਰੇ। ਅਸੀਂ ਹਾਂ ਬਾਰਕ ਤੇਰੇ ਦੁਆਰੇ। ਦੁਖਾਂ ਦੇ ਸਮੁੰਦਰ ਨਾ ਆਵੇ ਕੋਈ ਨੇੜੇ। ਤੂਫ਼ਾਨ ਚਲ ਰਹੇ ਨੇ ਡਾਵਾਂ ਡੋਲ ਬੇੜੇ। ਆਪਣਾ ਏਹ ਬੇੜਾ, ਲਾਵੋ ਜੀ ਕਿਨਾਰੇ। ਧੰਨ ਗੁਰੂ ਨਾਨਕ ਸਤਿਗੁਰ ਪਿਆਰੇ। ਅਸੀਂ ਹਾਂ ਬਾਰਕ ……. ਅਸੀਂ ਤੇਰੇ ਬੱਚੇ ਤੈਥੋਂ ਏਹੋ ਮੰਗਦੇ। ਆਪਣੇ ਹੀ ਨਾਮ ਵਿੱਚ ਦਿਲ ਸਾਡਾ ਰੰਗਦੇ ਐਸਾ ਰੰਗ, ਰੰਗ ਸਾਨੂੰ ਰੰਗ ਜਾਈਏ ਸਾਰੇ। ਧੰਨ ਗੁਰੂ ਨਾਨਕ ਸਤਿਗੁਰ ਪਿਆਰੇ। ਅਸੀਂ ਹਾਂ ਬਾਰਕ …….. ਸਾਨੂੰ ਦਾਤਾ ਦੇਵੋ ਗਿਆਨ ਦੀਆਂ ਕਿਰਨਾਂ। ਨ੍ਹੇਰਿਆਂ ਦੇ ਸਾਗਰਾਂ ’ਚ, ਆ ਜਾਵੇ ਤਰਨਾਂ। ਸਾਹਾਂ ਵਿੱਚ ਬੀਜੋ ਚਾਨਣ ਸ਼ਰਾਰੇ। ਧੰਨ ਗੁਰੂ ਨਾਨਕ ਸਤਿਗੁਰ ਪਿਆਰੇ। ਅਸੀਂ ਹਾਂ ਬਾਰਕ ………... ਸਦੀਆਂ ਦੇ ਤਰਸੇ, ਜਨਮਾਂ ਤੋਂ ਉਦਾਸੇ। ਜਨਮਾਂ ਤੋਂ ਅਸੀਂ ਤੇਰੇ ਨੂਰ ਦੇ ਪਿਆਸੇ ਆਲਮ ਵਿਚਾਰਾ, ਬਾਬਾ ਤੈਨੂੰ ਹੀ ਪੁਕਾਰੇ। ਧੰਨ ਗੁਰੂ ਨਾਨਕ ਸਤਿਗੁਰ ਪਿਆਰੇ। ਅਸੀਂ ਹਾਂ ਬਾਰਕ....
ਮਿਹਰ ਕਰੋ
ਆਪਣੇ ਦਾਸ ਤੇ ਮਿਹਰ ਕਰੋ ਅਨਦਿਨ ਕਰਾਂ ਜਾਪ ਬਣਦੇ ਰਹਿਣ ਪੁੰਨ ਕਰਮ, ਪਾਪਾਂ ਦਾ ਹੋਵੇ ਨਾਸ ਜਾਣੇ ਅਣਜਾਣੇ ਚਿਤਵਦਾ ਮਨ ਜੇ ਉਲ ਜਲੂਲ। ਮਨ ਅੰਦਰ ਜੋ ਵਸਿਆ ਮੇਰੇ, ਕੂੜਾ ਕੱਢ ਫ਼ਜ਼ੂਲ। ਬਹੁਤ ਚਿਰਾਂ ਦੀ ਬੇਨਤੀ, ਦਾਤਾ ਕਰੋ ਮੇਰੀ ਕਬੂਲ। ਝੂਠਾ ਆਲਮ ਮਾਰ ਕੇ ਮੇਰਾ, ਕਰ ਚਰਨਾਂ ਦੀ ਧੂਲ। ਸਭ ਭੁੱਖਾਂ ਮਿਟਾਉ ਮੇਰੀਆਂ ਐਸਾ ਦਿਉ ਖੁਮਾਰ। ਬੇਖੁਮਾਰ ਜੋ ਕੋਈ ਮਿਲੇ, ਤਾਂ ਹੈ ਜੇ ਮਸਤ ਬਹਾਰ। ਖੁਮਾਰ ਏਹ ਤੇਰੇ ਨਾਮ ਦਾ ਬਣ ਜਾਏ ਮੇਰਾ ਅਧਾਰ। ਜੀਵਾਂ ਵਿੱਚ ਘੁਮਾਰ ਮੈਂ ਜੀਵਾਂ ਤੇਰੇ ਦੁਆਰ ਤਨ ਮਨ ਸਾਹ ਸਭ ਸੁਰਤੀਆਂ ਜਪਣ ਤੇਰਾ ਨਾਮ। ਰੋਮ ਰੋਮ ਮੇਰਾ ਸਦਾ ਹੀ ਤੈਨੂੰ ਕਰੇ ਪਰਨਾਮ। ਜਪਦਿਆਂ ਜਪਦਿਆਂ ਨਾਮ ਦਾ ਐਸਾ ਲਗੇ ਜਾਗ। ਸਰੀਰ ’ਚ ਰਹਿ ਕੇ ਪ੍ਰਭੂ ਜੀ, ਸਰੀਰ ਵੀ ਸਕਾਂ ਤਿਆਗ। ਸੱਚਖੰਡ ਮੈਂ ਜਾ ਵੱਸਾਂ ਇਸ਼ਨਾਨ ਕਰਾਂ ਪਰਾਗ। ਨਿਰੰਕਾਰ ਜੀ ਦਰਸ ਦਿਉ ਖੋਲ੍ਹੋ ਮੇਰੇ ਭਾਗ। ਕਰਮ ਧਰਮ ਕਿਸੇ ਵਿਧੀ ਦਾ ਮੈਨੂੰ ਨਹੀਂ ਗਿਆਨ। ਪ੍ਰਭੂ ਜੀ ਸੀਨੇ ਲਾਕੇ, ਦਿਉ ਨਾਮ ਦਾ ਸੱਚਾ ਦਾਨ। ਮੇਰੇ ਸਭੇ ਅਵਗੁਣ ਮੇਟ ਕੇ ਕਰ ਲਉ ਦਰ ਪ੍ਰਵਾਨ। ਮੈਂ ਲੇਖੇ ਵਿੱਚ ਨਹੀਂ ਛੁੱਟਣਾ ਮੈਂ ਪਾਪੀ ਬਹੁਤ ਮਹਾਨ। ਮੇਰੇ ਲੇਖੇ ਸਭੋ ਸਾੜ੍ਹ ਕੇ ਬਖਸ਼ ਲਊ ਮੇਰੀ ਜਾਨ। ਮੇਰੇ ਨੇੜੇ ਦੁਆਲੇ ਸਭ ਦਾ ਕਰ ਦਿਉ ਕਲਿਆਣ। ਸਦਾ ਹੀ ਰਹਿਣ ਬਖ਼ਸ਼ਸ਼ਾਂ ਦਿਉ ਏਹ ਵਰਦਾਨ। ਸੇਵਾ ਸਿਮਰਨ ਕਰਦਿਆਂ ਨਿਕਲੇ ਮੇਰੀ ਜਾਨ। ਹਿਮੜ ਦਿਉ ਸਭ ਸ਼ਕਤੀਆਂ ਨਾਮ ਧਨ ਸਭ ਮਾਲ। ਹੋਵਣ ਇਛਾਂ ਪੂਰੀਆਂ ਤਨ ਮਨ ਹੋਏ ਨਿਹਾਲ। ਦੁਨੀਆਂ ਦੇ ਵਿੱਚ ਮੈਂ ਰਹਾਂ ਨਾ ਫੜੇ ਕਈ ਜੰਜਾਲ। ਇਕ ਪ੍ਰਭੂ ਦਾ ਨਾਮ ਹੀ ਆਲਮ ਨਿਭੇ ਨਾਲ।
ਸੱਚ
ਗੁਣ ਜੋੜ ਅਵਗੁਣ ਛੱਡ, ਦਇਆ ਪ੍ਰੇਮ ਸੱਚ ਧਾਰ। ਸਤਿਸੰਗ ਚੋਂ ਮਿਲੇਗਾ ਆਲਮ ਤੱਤ ਵਿਚਾਰ। ਹੌਲੀ ਹੌਲੀ ਹੋਵੇਗੀ ਗੁਣਾਂ ਦੀ ਫ਼ਸਲ ਸ਼ੁਮਾਰ। ਗੁਣਾਂ ਨੇ ਤੈਨੂੰ ਦੇਵਣਾ ਧਨ ਮਾਣ ਸਤਿਕਾਰ। ਕੱਚੇ ਪਿਲੇ ਮਿੱਤਰਾਂ ਕਰਨਾ ਅੰਤ ਖੁਆਰ ਆਲਮ ਔਗੁਣ ਤੱਜ ਕੇ ਗੁਣਾਂ ਨੂੰ ਜੱਫ਼ੀ ਮਾਰ। ਆਲਮ ਦਇਆ ਕਰ ਆਪ ਤੇ ਆਪੇ ਦਾ ਕਰ ਧਿਆਨ। ਦਇਆ ਗਊ ਗਰੀਬ ਦੀ ਗੁਰੂ ਦਰ ਪਰਵਾਨ। ਆਲਮ ਸੱਚਾ ਪ੍ਰੇਮ ਹੈ ਪ੍ਰੇਮ ਪ੍ਰਭੂ ਦੇ ਨਾਲ। ਬਾਕੀ ਰਿਸ਼ਤੇ ਜਗਤ ਦੇ ਪੈਸੇ ਰੋਟੀ ਦਾਲ। ਸਭ ਪਾਪਾਂ ਨੂੰ ਧੋਣ ਦੀ ਆਲਮ ਦਾਰੂ ਸੱਚ। ਸੱਚ ਬਿਨਾਂ ਇਸ ਜੱਗ ਵਿਚ ਸਭ ਹੈ ਕੱਚ ਨਿਕੱਚ। ਸੱਚ ਸੁਣਨਾ ਬੋਲਣਾ ਦੋਵੇਂ ਪੱਖ ਮਹਾਨ। ਅਮਲ ਦੇ ਬਾਝੋਂ ਆਲਮਾ ਹੋ ਜਾਏ ਸੱਚ ਵੀਰਾਨ। ਸੱਚ ਤਕੜੀ ਇਨਸਾਫ਼ ਦੀ ਕੋਈ ਸਾਂਭੇ ਪੁਰਖ ਸੁਜਾਨ ਬਿਨਾ ਸੱਚ ਇਨਸਾਫ਼ ਤੋਂ ਆਲਮ ਹੈ ਪਰੇਸ਼ਾਨ। ਸੱਚ ਦਾਰੂ ਸੱਚ ਵੈਦ ਹੈ ਰੋਗਾਂ ਦਾ ਇਲਾਜ। ਮਨ ਤਨ ਅਰੋਗ ਬਣਾਂਵਦਾ ਸੁੱਖਾਂ ਦਾ ਸਿਰਤਾਜ। ਸੱਚ ਨਾ ਦਿੱਸ ਜੱਗ ਵਿੱਚ ਹੋਇਆ ਝੂਠ ਗੁਬਾਰ। ਆਲਮ ਭਰਿਆ ਪਾਪ ਦਾ ਸੱਚ ਬਿਨਾਂ ਬੀਮਾਰ।
ਪਾਕਿਸਤਾਨ ਦਿਲ- ਹਿੰਦੋਸਤਾਨ ਰਾਜ਼
ਪਾਕਿਸਤਾਨ ਜੇ ਦਿਲ ਹੋਵੇ ਤਾਂ, ਹਿੰਦੋਸਤਾਨ ਏਹਦਾ ਰਾਜ਼ ਹੋਵੇ। ਹਿੰਦੋਸਤਾਨ ਜੇ ਤਖ਼ਤ ਬਣੇ ਤਾਂ, ਪਾਕਿਸਤਾਨ ਏਹਦਾ ਤਾਜ ਹੋਵੇ। ਐਸੀ ਸੱਚੀ ਸਾਂਝ ਬਣੇ ਤਾਂ ਟੁੱਟ ਜਾਏਗੀ ਸਭ ਗੁਲਾਮੀ। ਮਿਟ ਜਾਏਗੀ ਰਹਿਬਰਾਂ ਖੱਟੀ, ਸਾਡੇ ਹਿੱਸੇ ਆਈ ਜੋ ਬਦਨਾਮੀ। ਸੱਚੇ ਦਿਲੋਂ ਜੇ ਰਲ ਕੇ ਰਹੀਏ, ਏਹੋ ਪੂਜਾ, ਏਹੀ ਨਵਾਜ਼ ਹੋਵੇ। ਪਾਕਿਸਤਾਨ ਜੇ ਦਿਲ ਹੋਵੇ ............. ਅਜੇ ਵੀ ਸਮਝੋ ਹੁਣ ਪਹਿਚਾਣੋ, ਚਾਲ ਓ ਵੱਡੇ ਸ਼ਾਹਾਂ ਦੀ। ਕੱਲ੍ਹ ਭੁੱਲ ਜਾਉ, ਕੱਲ੍ਹ ਲਈ ਬਣ ਜਾਉ, ਚਾਨਣੀ ਨਵੇਂ ਰਾਹਾਂ ਦੀ। ਇਕੋ ਹੋਵੇ ਧਰਤੀ ਅੰਬਰ, ਇਕੋ ਹੀ ਸਾਡੀ ਪਰਵਾਜ਼ ਹੋਵੇ। ਪਾਕਿਸਤਾਨ ਜੇ ਦਿਲ ਹੋਵੇ ................ ਸਭ ਨੂੰ ਇਕ ਦਿਨ ਮੌਤ ਹੈ ਆਉਣੀ, ਮਨ ਵਿੱਚ ਏਹ ਗੱਲ ਪਕਾਈਏ। ਛੱਡ ਕੇ ਕੂੜ ਲੋਭ ਈਰਖਾ, ਦੇਸ਼ ਕੌਮ ਲਈ ਜਿੰਦੜੀ ਲਾਈਏ। ਸਾਡਾ ਵੀ ਹੋਵੇ ਆਪਣਾ ਚਿਹਰਾ, ਆਲਮ ਵਿੱਚ ਆਵਾਜ਼ ਹੋਵੇ। ਪਾਕਿਸਤਾਨ ਜੇ ਦਿਲ ਹੋਵੇ ...............
ਦਿੱਲੀ ਲਾਹੌਰ
ਦਿੱਲੀ ਲਹੌਰ ਜੇ ਕੱਠੇ ਹੋ ਜਾਣ, ਦੁਨੀਆਂ ਕਰੂ ਕਹਾਣੀਆਂ। ਹੋਣਗੀਆਂ ਫੇਰ ਜੱਗ ਤੇ ਰੌਸ਼ਨ, ਸ਼ਹੀਦਾਂ ਦੀਆਂ ਕੁਰਬਾਨੀਆਂ। ਦੋਵੇਂ ਦੇਸ਼ ਇਕੱਠੇ ਹੋਕੇ ਕਰਨਗੇ ਨਵ ਉਸਾਰੀਆਂ। ਦੁਨੀਆਂ ਉੱਤੇ ਹੋਣਗੀਆਂ ਤਬਦੀਲੀਆਂ ਕਈ ਭਾਰੀਆਂ। ਵੱਡੇ ਸ਼ਾਹਾਂ ਨੂੰ ਦੰਦਲ ਪੈਣੀ ਰੋਊਗਾ ਵੱਡਾ ਬਾਣੀਆਂ। ਦਿੱਲੀ ਲਹੌਰ………………… ਲਾਇਲਪੁਰ ਲੁਧਿਆਣੇ ਅੰਦਰ, ਮੇਲੇ ਪੰਜਾਬੀ ਹੋਣਗੇ। ਚੰਡੀਗੜ੍ਹ ਕਰਾਚੀ ਦੇ ਵਿੱਚ ਲੋਕੀ ਭੰਗੜਾ ਪਾਉਣਗੇ। ਕਈ ਸਮੁੰਦਰੀਂ ਲਾਵਾ ਫੁੱਟੂ, ਕੱਠੇ ਹੋਣਾ ਪੰਜ ਪਾਣੀਆਂ। ਦਿੱਲੀ ਲਹੌਰ ......... ਅਸੀਂ ਹਾਂ ਗੁਲਾਮ ਜਿਨ੍ਹਾਂ ਦੇ, ਰਹਿੰਦੇ ਉਹਨਾਂ ਤੋਂ ਡਰਦੇ। ਏਕਤਾ ਹੋਵੇ ਮੁੱਕ ਜਾਵਣ ਫਿਰ, ਦੁੱਖ ਦਲਿੱਦਰ ਘਰ ਦੇ। ਵੱਡੀਆਂ ਤਾਕਤਾਂ ਆਲਮ ਦੀਆਂ, ਰਹਿਣਗੀਆਂ ਬਣਕੇ ਰਾਣੀਆਂ। ਦਿੱਲੀ ਲਹੌਰ………………
ਗੁਰੂ ਬਿਨ
ਡੂੰਘੀਆਂ ਡੂੰਘੀਆਂ ਗੱਲਾਂ ਕਰਕੇ ਹਉਮੈ ਨੂੰ ਵਧਾ ਲਿਆ। ਸਿਆਣਪਾ ਦਲੀਲ੍ਹਾਂ ਵਿੱਚ ਆਪਾ ਫਸਾ ਲਿਆ। ਗੱਲਾਂ ਤੇ ਬਹਿਸਾਂ ਨੂੰ ਮੈਂ ਅਮਲ ਬਣਾ ਲਿਆ। ਅਮਲਾਂ ਤੋਂ ਖਾਲੀ ਪੱਲੂ, ਪੱਲੂ ਵੀ ਗਵਾ ਲਿਆ। ਵਿਚਾਰਾਂ ਨੂੰ ਅਮਲ ਮੰਨ ਕੇ ਚਿੱਤ ਭਰਮਾ ਲਿਆ। ਬੰਦਾ ਨਹੀਂ ਗੁਰੂ ਹੁੰਦਾ ਝੂਠ ਪਕਾ ਲਿਆ। ਗੁਰੂ ਬਿਨ ਘਰ ਅੰਧੇਰਾ ਬਾਣੀ ਫੁਰਮਾਈ ਜਾਵੇ। ਗੁਰੂ ਬਿਨਾਂ ਖਪ ਖਪਾਈ ਗੁਰੂ ਬਿਨ ਸਮਝ ਨਾ ਆਵੇ।
ਸੁਣ ਮਨਾ ਮੇਰਿਆ
ਤਾਰਿਆ ਵੇ ਤਾਰਿਆ ਉਹਨੂੰ ਕਿਉਂ ਵਿਸਾਰਿਆ, ਜਿਹੜਾ ਏਹ ਜਗਾਵੇ ਤੇਰੀ ਲੋ। ਰੋਮ ਰੋਮ ਤੇਰੇ ਜਿਹਨੇ ਚਾਨਣ ਖਿਲਾਰਿਆ, ਸਾਹਾਂ ਵਿੱਚ ਕਿਰਨਾਂ ਪਰੋ। ਅੱਖਾਂ ਵਿੱਚੋਂ ਦੇਖਦਾ ਕੰਨਾਂ ਥਾਈਂ ਸੁਣਦਾ, ਬੋਲਾਂ ਚੋਂ ਵੰਡੇ ਖੁਸ਼ਬੋ। ਇਕ ਇਕ ਅੰਗ ਤੇਰਾ ਅਮੋਲ ਹੈ, ਸੱਜਣਾ, ਓਸ ਬਿਨਾਂ ਨਾ ਬਣਾ ਸਕੇ ਕੋ। ਆਦਿ ਜੁਗਦੀ, ਮੇਹਰਵਾਨ ਦਾਤਾ, ਸਦਾ ਅੰਗ ਸੰਗ ਰਹਿੰਦਾ ਜੋ। ਕਾਮਧੇਨ ਪਾਰਜਾਤ ਨੌਂ ਨਿਧ ਰਿਧ ਸਿਧ, ਸਭ ਸੁਖ ਮਾਲਕ ਉਹ। ਉਹਨੂੰ ਨਾ ਵਿਸਾਰ ਸਾਰਾ ਆਲਮ ਉਹਤੋਂ ਵਾਰ ਸਦਾ ਚਰਨਾਂ ਵਿੱਚ ਖਲੋ।
ਨਵੇਂ ਸਾਲ ਲਈ
ਬੀਤ ਗਏ ਤੋਂ ਵਿਦਾ ਲਈਏ, ਨਵਾਂ ਸਾਲ ਜੀ ਆਇਆਂ ਕਹੀਏ। ਰੰਗ ਬਰੰਗੇ ਫੁੱਲਾਂ ਵਾਂਗੂੰ ਸਾਰੇ ਰਲ ਕੇ ਇਕੱਠੇ ਰਹੀਏ। ਕਲ੍ਹ ਉਹ ਨਵਾਂ ਸਾਲ ਜੋ ਸੀਗਾ, ਮੁੱਕ ਗਿਆ ਉਹ ਸਾਲ ਪੁਰਾਣਾ। ਅੱਜ ਜੋ ਨਵਾਂ ਕੱਲ੍ਹ ਨਹੀਂ ਹੋਣਾ, ਕੱਲ੍ਹ ਨੂੰ ਇਸਨੇ ਵੀ ਮੁੱਕ ਜਾਣਾ। ਜ਼ਿੰਦਗੀ ਨੂੰ ਏਹ ਤੁਰਨਾ ਦਸਦਾ ਦਿਨ ਰਾਤ ਦਾ ਜਾਣਾ ਆਣਾ। ਸੰਜੋਗ ਵਿਯੋਗ ਨਾਲ ਚਲੇ ਦੁਨੀਆਂ, ਰੱਬ ਨੇ ਬੁਣਿਆ ਤਾਣਾ ਬਾਣਾ। ਬੀਤ ਗਏ ਤੋਂ ਵਿਦਾ ਲਈਏ……………………… ਹਰ ਇਕ ਬੁੱਢਾ ਰੁਕਿਆ ਝੁੱਕਿਆ, ਕਲ੍ਹ ਕਦੇ ਸੀ ਭੋਲਾ ਨਿਆਣਾ। ਹਰ ਇਕ ਖਿਲਿਆ ਸੋਨ ਸਵੇਰਾ ਰਾਤ ਦੀ ਬੁੱਕਲ ਵਿੱਚ ਸਮਾਣਾ। ਸਦਾ ਨਾ ਰਹਿਣਾ ਰੋਣਾ ਧੋਣਾ, ਸਦਾ ਨਾ ਹੱਸਣਾ ਤੇ ਮੁਸਕਾਣਾ। ਸਦਾ ਹੀ ਪਾਇਆ ਕੁਝ ਕੁਝ ਖੋਣਾ, ਸਦਾ ਹੀ ਖੋਕੇ ਕੁਝ ਕੁਝ ਪਾਣਾ। ਬੀਤ ਗਏ ਤੋਂ ਵਿਦਾ ਲਈਏ………………………. ਸਮੇਂ ਸਮੇਂ ਨਾਲ ਗਿੱਧਾ ਭੰਗਣਾ, ਸਮੇਂ ਸਮੇਂ ਨਾਲ ਨੱਚਣਾ ਗਾਣਾ। ਡਿੱਗਣਾ ਉੱਠਣਾ, ਉੱਠਣਾ ਡਿੱਗਣਾ, ਸਭ ਕੁਝ ਹੈ ਏਹ ਰੱਬ ਦਾ ਭਾਣਾ। ਜੀਵਨ ਸਾਰਾ ਕਰਮ ਦੀ ਖੇਤੀ, ਜੇਹਾ ਬੀਜਿਆ ਤੇਹਾ ਖਾਣਾ। ਸਾਰਾ ਆਲਮ ਰੂਪ ਹੈ ਉਹਦਾ, ਆਪੇ ਕਮਲਾ ਆਪੇ ਸਿਆਣਾ। ਬੀਤ ਗਏ ਤੋਂ ਵਿਦਾ ਲਈਏ…………..
ਤੂੰ ਹੈਂ, ਤੂੰ ਹੀ, ਤੂੰ ਹੈਂ
ਜਿੰਦ ਜਾਨ ਰੂਹ ਹੈਂ, ਬੀਜ ਹੈਂ, ਅਬੀਜ ਹੈਂ। ਫੁਲ ਹੈਂ, ਫਲ ਹੈਂ, ਸੁਗੰਧ ਹੈਂ, ਗੰਧ ਹੈ। ਟਿਹਕ ਹੈਂ, ਚਹਿਕ ਹੈਂ, ਫਿਜ਼ਾ ਹੈਂ, ਹਵਾ ਹੈਂ ਲੋ ਹੈਂ ਅਲੋ ਹੈਂ। ਸੂਰਜ ਹੈਂ, ਚੰਦ ਹੈਂ। ਦਿਨ ਹੈਂ, ਰਾਤ ਹੈਂ। ਸ਼ਾਮ ਹੈਂ, ਪ੍ਰਭਾਤ ਹੈਂ। ਗੀਤ ਹੈਂ, ਅਗੀਤ ਹੈਂ। ਛਾਂ ਹੈਂ, ਧੁੱਪ ਹੈਂ। ਸ਼ੋਰ ਹੈਂ, ਚੁੱਪ ਹੈਂ। ਝਲ ਹੈਂ, ਬਲ ਹੈਂ। ਅਜਲ ਹੈਂ, ਅਥਲ ਹੈਂ। ਨਾਮ ਹੈਂ, ਅਨਾਮ ਹੈਂ। ਆਸਤਕ ਹੈਂ, ਨਾਸਤਕ ਹੈਂ। ਥੱਕ ਹੈਂ, ਅਥੱਕ ਹੈਂ। ਡਰ ਹੈਂ, ਨਿਡਰ ਹੈਂ। ਵੈਰ ਹੈਂ, ਨਿਰਵੈਰ ਹੈਂ। ਵਫ਼ਾ ਹੈਂ, ਜਫ਼ਾ ਹੈਂ। ਧੋਖਾ ਹੈਂ ਅਧੋਖਾ ਹੈਂ। ਪਿਆਰ ਹੈਂ, ਸ਼ੱਕ ਹੈਂ। ਇਸ਼ਕ ਹੈਂ, ਆਸ਼ਕ ਹੈਂ। ਰਾਮ ਹੈਂ, ਸੀਤ ਹੈਂ। ਵੋਗੇ ਹੈਂ, ਮੀਤ ਹੈਂ। ਵੈਰੀ ਹੈਂ, ਵੈਰ ਹੈਂ। ਮੇਰੀ ਹੈਂ, ਖੈਰ ਹੈਂ। ਨੇੜੇ ਹੈਂ ,ਦੂਰ ਹੈਂ। ਅਨੂਰ ਹੈਂ, ਨੂਰ ਹੈਂ। ਗਿਆਨ ਹੈਂ, ਅਗਿਆਨ ਹੈਂ। ਧੁਨ ਹੈਂ, ਧਿਆਨ ਹੈਂ। ਆਨ ਹੈਂ, ਬੇ ਆਨ ਹੈਂ। ਸ਼ਾਨ ਹੈਂ, ਬੇਸ਼ਾਨ ਹੈਂ। ਰੰਗ ਹੈਂ, ਬੇਰੰਗ ਹੈਂ। ਪਤ ਹੈਂ, ਬੇਪਤ ਹੈਂ। ਲਗ ਹੈਂ, ਬੇ ਲਗ ਹੈਂ। ਰਾਗ ਹੈਂ, ਬੇ ਰਾਗ ਹੈਂ। ਰੋਗ ਹੈਂ, ਅਰੋਗ ਹੈਂ। ਸੋਗ ਹੈਂ, ਅਸੋਗ ਹੈਂ। ਸੰਗ ਹੈਂ, ਅਸੰਗ ਹੈਂ। ਜੰਗ ਹੈਂ, ਅਜੰਗ ਹੈਂ। ਜੰਗ ਹੈਂ, ਅਮਨ ਹੈਂ। ਅਚਲ ਹੈਂ, ਮਗਨ ਹੈਂ। ਹੰਝੂ ਹੈਂ, ਹਾਸਾ ਹੈਂ। ਮਦਾਰੀ ਹੈਂ, ਤਮਾਸ਼ਾ ਹੈਂ। ਖਿਡੌਣਾ ਹੈਂ, ਖੇਡ ਹੈਂ। ਵਿਧੀ ਹੈਂ, ਖੇਤ ਹੈਂ। ਖੇਡ ਹੈਂ, ਖਿਡਾਰੀ ਹੈਂ। ਉਸਤਾਦ ਹੈਂ, ਅਨਾੜੀ ਹੈਂ। ਏਕ ਹੈਂ, ਅਨੇਕ ਹੈਂ। ਟੇਕ ਹੈਂ, ਅਟੇਕ ਹੈਂ। ਗੁਰੂ ਹੈਂ, ਚੇਲਾ ਹੈਂ। ਗੁਰੂ ਹੈਂ, ਅਕੇਲਾ ਹੈਂ। ਅਕੇਲਾ ਹੈਂ, ਚੇਲਾ ਹੈਂ। ਮਸਤ ਹੈਂ, ਅਲਬੇਲਾ ਹੈਂ। ਨੀਂਦ ਹੈਂ, ਅਨੀਂਦ ਹੈਂ। ਸੁਪਨ ਹੈਂ, ਸਖੋਪਤ ਹੈਂ। ਮੋਹ ਹੈਂ, ਨਿਰਮੋਹ ਹੈਂ। ਛੋਹ ਹੈਂ, ਅਛੋਹ ਹੈਂ। ਸ਼ਾਂਤ ਚਿੱਤ ਰੋਹ ਹੈਂ। ਏਹ ਹੈਂ, ਓਹ ਹੈਂ। ਛੱਲ ਹੈਂ, ਅਛੱਲ ਹੈਂ। ਅੱਜ ਹੈਂ, ਕੱਲ ਹੈਂ। ਤੋਲ ਹੈਂ, ਅਤੋਲ ਹੈਂ। ਮੋਲ ਹੈਂ, ਅਮੋਲ ਹੈਂ। ਥਾਹ ਹੈਂ, ਅਥਾਹ ਹੈਂ। ਸ਼ਾਹ ਹੈਂ, ਅਸ਼ਾਹ ਹੈਂ। ਮੀਰ ਹੈਂ, ਅਮੀਰ ਹੈਂ। ਕਮੀਂ ਹੈਂ, ਬੀਰ ਹੈਂ। ਸ਼ਹਿਨਸ਼ਾਹ ਫ਼ਕੀਰ ਹੈ। ਅਨੁਭਵ ਜ਼ਮੀਰ ਹੈਂ। ਤਦਬੀਰ ਹੈਂ ਤਕਦੀਰ ਹੈਂ। ਰਾਹ ਹੈਂ ਰਾਹਗੀਰ ਹੈਂ। ਸੁਆਦ ਹੈਂ ਤਾਸੀਰ ਹੈਂ। ਬਲ ਹੈਂ, ਨਿਰਬਲ ਹੈਂ। ਭੁਲ ਹੈਂ, ਅਭੁੱਲ ਹੈਂ। ਝੱਲ ਹੈਂ, ਅਝੱਲ ਹੈਂ। ਟਲ ਹੈਂ, ਅਟਲ ਹੈਂ। ਰਾਮ ਹੈਂ, ਅਰਾਮ ਹੈਂ। ਹਲਾਲ ਹੈਂ, ਹਰਾਮ ਹੈਂ। ਸਿੱਖ ਹੈਂ, ਅਸਿੱਖ ਹੈਂ। ਦਿੱਖ ਹੈਂ, ਅਦਿੱਖ ਹੈਂ। ਧਰਮ ਹੈਂ, ਅਧਰਮ ਹੈਂ। ਸ਼ਰਮ ਹੈਂ, ਬੇਸ਼ਰਮ ਹੈਂ। ਕਰਮ ਹੈਂ, ਅਕਰਮ ਹੈਂ। ਭਰਮ ਹੈਂ, ਬੇ ਭਰਮ ਹੈਂ। ਗੁਰ¨ ਹੈਂ, ਅਵਤਾਰ ਹੈਂ। ਨਫ਼ਰਤ ਹੈਂ, ਪਿਆਰ ਹੈਂ ਕਰਾਰ ਬੇ ਕਰਾਰ ਹੈਂ। ਖਿਜ਼ਾ ਹੈਂ, ਬਹਾਰ ਹੈਂ। ਬਾਵਨ ਹੈਂ, ਰਾਮ ਹੈਂ। ਮੁਹੰਮਦ ਹੈਂ, ਸ਼ਿਆਮ ਹੈਂ। ਨਾਨਕ ਹੈਂ, ਈਸ ਹੈਂ। ਬਾਣੀ ਹੈਂ, ਹਦੀਸ ਹੈਂ। ਗੀਤਾ ਹੈਂ, ਕੁਰਾਨ ਹੈਂ। ਦੀਨ ਹੈਂ, ਈਮਾਨ ਹੈਂ। ਪਾਣੀ ਹੈਂ, ਪਿਆਸ ਹੈਂ। ਹਵਾ ਹੈਂ, ਸਵਾਸ ਹੈਂ। ਸਭ ਹੈਂ, ਸਬੱਬ ਹੈਂ। ਖ਼ੁਦਾ ਹੈਂ, ਰੱਬ ਹੈਂ। ਪਾਲ ਹੈਂ, ਗੋਪਾਲ ਹੈਂ। ਕਾਲ ਅਕਾਲ ਹੈ। ਹਾੜ ਹੈਂ, ਸਿਆਲ ਹੈਂ। ਜਵਾਬ ਹੈਂ, ਸਵਾਲ ਹੈਂ। ਕਮਾਲ ਹੀ ਕਮਾਲ ਹੈਂ। ਰੂਪ ਦਾ ਧੁਮਾਲ ਹੈਂ। ਅਕਾਰ ਹੈਂ, ਨਿਰੰਕਾਰ ਹੈਂ। ਨਿਰਗੁਣ ਹੈਂ, ਸਾਕਾਰ ਹੈਂ। ਅਲਮ ਹੈਂ, ਆਲਿਮ ਹੈਂ। ਇੱਕ ਤੂੰਹੀਂ ਤੂੰ ਸਾਲਮ ਹੈਂ। ਸਭ ਲਈ ਤੂੰ ਬਾਲਮ ਹੈਂ। ਆਦਿ ਅਤੇ ਆਖਿਰ ਤੂੰ ਸਦਾ ਸਦ ਜ਼ਾਹਰ ਹੈਂ।
ਆਵੇਗਾ ਕਿ ਨਹੀਂ ਆਵੇਗਾ
ਸਾਹ ਆਵੇਗਾ ਕਿ ਨਹੀਂ ਆਵੇਗਾ। ਕਦੋਂ ਕਿਥੇ ਏਹ ਰੁੱਕ ਜਾਵੇਗਾ। ਮਾਲਕ ਦੇ ਹੱਥ ਨੇ ਉਹਦੀਆਂ ਖੇਡਾਂ। ਉੱਥੇ ਨਾ ਚਲਣ ਹੁਜਤਾਂ ਝੇਡਾਂ। ਇਕ ਪਲ ਵਿੱਚ ਕੋਈ ਬਹਾਨਾ ਬਣਾਵੇਗਾ। ਸਾਹ ਆਵੇਗਾ……… ਕੋਈ ਇਸ ਨੂੰ ਜਾਣਦਾ ਨਹੀਂ। ਏਹ ਗਲ ਕੋਈ ਪਹਿਚਾਣਦਾ ਨਹੀਂ। ਉਹਦੇ ਹੱਥ ਹੈ ਸਾਹਾਂ ਦੀ ਡੋਰੀ। ਉਥੇ ਚਲਦੀ ਨਹੀਂ ਕੋਈ ਹੇਰਾ ਫੇਰੀ। ਜਾਣਾ ਪਵੇਗਾ ਜਦ ਉਹ ਬੁਲਾਵੇਗਾ। ਸਾਹ ਆਵੇਗਾ …………… ਆਪਣੀ ਮੱਤ ਛੱਡ ਗੁਰੂ ਮੱਤ ਲੈ ਲੈ। ਜੋ ਕੁਝ ਹੁੰਦੈ ਮੰਨ ਲੈ, ਤੇ ਸਹਿ ਲੈ। ਜੇ ਉਹ ਚਾਹੇ ਤਾਂ ਮੰਨਣਾ ਸਿਖਾਵੇਗਾ। ਸਾਹ ਆਵੇਗਾ…………… ਆਲਮ ਨੂੰ ਛੱਡਣਾ ਬੜਾ ਹੀ ਸੌਖਾ। ਉਹਦੇ ਲਈ ਕੁਝ ਨਹੀਂ ਔਖਾ। ਦਿਲੋਂ ਗੁਰੂ ਸ਼ਬਦ ਜੋ ਪਕਾਵੇਗਾ। ਸਾਹ ਆਵੇਗਾ ਕਿ ਨਹੀਂ ਆਵੇਗਾ। ਕਦੋਂ ਕਿਥੇ ਏਹ ਰੁੱਕ ਜਾਵੇਗਾ। ਸਾਹ ਆਵੇਗਾ……….
ਧੰਨ ਧੰਨ ਬਾਬਾ ਗੁਰਦੇਵ ਜੀ
ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ ਗੁਰੂ ਬਚਨ ਕਮਾਇਆ। ਥਾਂ ਥਾਂ ਉੱਤੇ ਦੁਨੀਆਂ ਅੰਦਰ ਨਾਨਕਸਰ ਰੁਸ਼ਨਾਇਆ। ਧੰਨ ਧੰਨ ਬਾਬਾ ਈਸ਼ਰ ਸਿੰਘ ਦੀ, ਉਹਨਾਂ ਸੱਚੀ ਸੇਵ ਕਮਾਈ। ਬਸਤਰ ਧੋਂਦੇ ਸੇਵਾ ਕਰਦੇ ਹੁਕਮ ’ਚ ਰਹਿੰਦੇ ਭਾਈ। ਪਿੰਡਾਂ ਦੇ ਵਿੱਚ ਸੰਗਤਾਂ ਤਾਈਂ ਉਹਨਾਂ ਅੰਮ੍ਰਿਤ ਪਾਨ ਕਰਾਇਆ। ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ ............. ਬਾਬਾ ਈਸ਼ਰ ਜੀ ਫਰਮਾਇਆ ਸਮਾਧ ਨੂੰ ਤੁਸੀਂ ਜਾਓ। ਸੰਗਤਾਂ ਨੂੰ ਤੁਸੀਂ ਨਾਮ ਜਪਾਓ ਬਾਣੀ ਦੇ ਲੜ ਲਾਓ। ਗੁਰੂ ਨਾਨਕ ਦੀ ਕਿਰਪਾ ਹੋਈ ਸਮਾਧ ਜਾ ਡੇਰਾ ਲਾਇਆ। ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ ............ ਸਾਦੇ ਰਹਿੰਦੇ ਕੀਰਤਨ ਕਰਦੇ ਨਾ ਆਪਣਾ ਆਪ ਜਣਾਂਦੇ। ਨਾ ਮਾਲਾ ਨਾ ਗੜਵਾ ਪਲਾ ਨਾ ਆਸਣ ਕੋਈ ਲਗਾਂਦੇ। ਜ਼ਾਹਰਾ ਵਰਤੇ ਕਲਾ ਸਾਹਮਣੇ ਪਰ ਆਪਣਾ ਆਪ ਛੁਪਾਇਆ। ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ ................ ਇੰਗਲੈਂਡ ਕਨੇਡਾ ਨਰੋਬੀ ਅਮਰੀਕਾ ਥਾਂ ਥਾਂ ਨੇ ਗੁਰੂਦੁਆਰੇ। ਹੋਰ ਵੀ ਬਣਨਗੇ ਗੁਰਦੁਆਰੇ ਗੁਰੂ ਨਾਨਕ ਦੇ ਸਹਾਰੇ। ਸਭ ਥਾਵਾਂ ਤੇ ਨਾਨਕਸਰ ਹੈ ਨਹੀਂ ਆਪਣਾ ਨਾਮ ਲਿਖਾਇਆ। ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ…………….. ਸਭ ਥਾਵਾਂ ਤੇ ਕਥਾ ਕੀਰਤਨ ਠੀਕ ਸਮੇਂ ਤੇ ਹੁੰਦੇ। ਨਿਸ਼ਕਾਮ ਸੇਵਕ, ਬਹਿੰਗਮ ਸਾਰੇ ਥੋੜਾ ਖਾਂਦੇ ਥੋੜਾ ਸੌਂਦੇ। ਨਾ ਕੋਈ ਏਥੇ ਗੋਲਕ ਰੱਖੀ, ਸਦਾ ਲੰਗਰ ਆਪੇ ਆਇਆ। ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ……………………… ਰੱਖੋ ਅਖੰਡ ਪਾਠ ਕਰੋ ਸੁਖਮਨੀ ਸੰਗਤ ਨੂੰ ਇਹ ਦੱਸਿਆ। ਹੁਰੀਕੇਨ ਹੂਸਟਨ ਨੂੰ ਚੁੰਮ ਕੇ, ਹੋਰ ਪਾਸੇ ਜਾ ਨਸਿਆ। ਨਿਰਕਾਰ ਨੇ ਲੱਜ ਪਤ ਰੱਖੀ ਉਸਦਾ ਸ਼ੁਕਰ ਮਨਾਇਆ। ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ.......... ਧੰਨ ਧੰਨ ਬਾਬਾ ਨੰਦ ਸਿੰਘ ਜੀ ਮਰਯਾਦਾ ਜੋ ਚਲਾਈ। ਗੁਰੂ ਨਾਨਕ ਦੀ ਮਿਹਰ ਦਾ ਸਦਕਾ ਬਾਬਾ ਜੀ ਨਿਭਾਈ। ਸਭ ਦੇ ਲਈ ਅਰਦਾਸ ਹਮੇਸ਼ਾਂ ਗੁਰੂ ਗ੍ਰੰਥ ਨੂੰ ਸੀਸ ਝੁਕਾਇਆ। ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ……………. ਗੁਰੂ ਗ੍ਰੰਥ ਦੇ ਸਿੱਖ ਬਣੋ ਭਾਈ, ਬਾਬਾ ਜੀ ਫੁਰਮਾਉਂਦੇ। ਜਾਤ ਪਾਤ ਤੇ ਵਹਿਮ ਭਰਮ ਤੋਂ ਸੰਗਤਾਂ ਨੂੰ ਬਚਾਉਂਦੇ। ਸੰਤ ਬਾਬਾ ਗੁਰਦੇਵ ਜੀ ਵਰਗਾ ਆਲਮ ਵਿਚ ਨਾ ਆਇਆ। ਧੰਨ ਧੰਨ ਬਾਬਾ ਗੁਰਦੇਵ ਸਿੰਘ ਜੀ………………..
ਤੂੰ ਵੀ ਜਾਣਾ ਬੰਦਿਆ
ਇਕ ਦਿਨ ਤੂੰ ਵੀ ਜਾਣਾ ਬੰਦਿਆ ਇਕ ਦਿਨ ਤੂੰ ਵੀ ਜਾਣਾ। ਏਹ ਨਾ ਤੇਰਾ ਟਿਕਾਣਾ ਬੰਦਿਆ ਏਹ ਨਾ ਤੇਰਾ ਟਿਕਾਣਾ। ਲੱਖ ਵਾਰੀ ਤੂ ਦੇਸ਼ ਬਦਲ ਲੈ ਲੱਖਾਂ ਭੇਸ ਬਣਾ ਲੈ। ਲੱਖਾਂ ਸੋਹਣੇ ਨਾਮ ਰੱਖ ਲੈ ਪਾਸ ਪੋਟ ਬਣਾ ਲੈ। ਸ਼ੀਆ ਸੁੰਨੀ ਈਸਾਈ ਹਿੰਦੂ ਭਾਵੇਂ ਸਿੱਖ ਅਖਾ ਲੈ। ਟਿੰਡ ਕਰਾ ਲੈ ਜਟਾਂ ਰਖਾ ਲੈ ਪੂਰਾ ਜ਼ੋਰ ਲਗਾ ਲੈ। ਮੌਤ ਨੇ ਕਦੋਂ ਕਿਹੜੇ ਪਲ ਤੈਨੂੰ, ਫੇਰ ਵੀ ਚੁੱਕ ਲਿਜਾਣਾ। ਇਕ ਦਿਨ ਤੂੰ ਵੀ…………….. ਲੱਖਾਂ ਆਏ, ਲੱਖਾਂ ਬੈਠੇ, ਲੱਖਾਂ ਅਜੇ ਨੇ ਆਉਣ। ਸਦਾ ਸਦਾ ਲਈ ਸਮੇਂ ਸਮੇਂ ਕਾਲ ਨੇ ਸਭ ਮੁਕਾਉਣੇ। ਆਪੇ ਦਾਤਾ ਚਰਨੀ ਜੋੜੇ ਆਪੇ ਪਾਏ ਭਵਾਉਣੇ। ਇਕ ਵਾਰ ਬਣਾਏ ਉਸਨੇ ਫੇਰਨਾ ਹੋਰ ਬਣਾਉਣੇ। ਜੇ ਉਹ ਸਮਝਾਵੇ ਤਾਂ ਹੀ ਸੁਲਝੇ ਤਾਣਾ ਬਾਣਾ। ਇਕ ਦਿਨ ਤੂੰ ਵੀ………………… ਦੁਨੀਆਂ ਅੰਦਰ ਬੜੇ ਭੁਲੇਖੇ, ਧਰਮ ਕਰਮ ਦੇ ਝਗੜੇ। ਡਰਦਾ ਡਰਦਾ ਵਹਿਮਾਂ ਅੰਦਰ, ਬੰਦਾ ਖਾਵੇ ਰਗੜੇ। ਕਦੇ ਵੀ ਉਹਦੇ ਹੁਕਮ ਦੇ ਬਾਝੋਂ, ਨਾ ਸੁਧਰੇ ਨਾ ਵਿਗੜੇ। ਆਪਣੀ ਜੇ ਮੇਹਰ ਕਰੇ ਤਾਂ ਆਪ ਮਨਾਵੇ ਭਾਣਾ। ਇਕ ਦਿਨ ਤੂੰ ਵੀ…………….
ਤੇਰੇ ਦੁਆਰੇ
ਮੈਂ ਆਇਆ ਤੇਰੇ ਦੁਆਰੇ। ਸਭ ਛੱਡਕੇ ਆਸ ਸਹਾਰੇ। ਪਿਛਲੇ ਔਗੁਣ ਮਿਟਾਵੋ। ਪ੍ਰਭ ਆਗੇ ਮਾਰਗ ਪਾਵੋ। ਮੈਨੂੰ ਲਾਵੋ ਆਪ ਕਿਨਾਰੇ ਮੈਂ ਆਇਆ ਤੇਰੇ ਦੁਆਰੇ। ਸਭ ਛੱਡਕੇ ਆਸ ਸਹਾਰੇ। ਮੈਂ ਹਾਂ ਤੇਰੇ ਦਰ ਭਿਖਾਰੀ। ਮੇਰੀ ਤਕੋ ਨੀਚ ਲਾਚਾਰੀ। ਮੇਰੇ ਬਖਸ਼ੋ ਅਵਗੁਣ ਸਾਰੇ। ਮੈਂ ਬੰਦਾ ਹਾਂ ਦੁਨਿਆਵੀ। ਤੂੰ ਨੂਰੀ ਹੈਂ ਮਾਇਆਵੀ। ਮੈਨੂੰ ਸੁੱਖ ਦੇ ਦਿਓ ਭੰਡਾਰੇ। ਮੈਂ ਆਇਆ ਤੇਰੇ ਦੁਆਰੇ। ਸਭ ਛੱਡਕੇ ਆਸ ਸਹਾਰੇ। ਚਰਨਾਂ ਦੇ ਨਾਲ ਜੋੜੀ ਰੱਖਣਾ। ਮੈਨੂੰ ਕਦੇ ਨਾ ਕਰਨਾ ਸੱਖਣਾ। ਤੇਰਾ ਆਲਮ ਤੈਨੂੰ ਪੁਕਾਰੋ। ਮੈਂ ਆਇਆ ਤੇਰੇ ਦੁਆਰੇ। ਸਭ ਛੱਡਕੇ ਆਸ ਸਹਾਰੇ।
ਮੇਰੇ ਦਾਤਾ
ਮੇਰੇ ਦਾਤਾ ਮੈਨੂੰ ਆਪਣਾ ਪਿਆਰ ਬਣਾ ਲੈ। ਤੇਰਾ ਮੇਰਾ, ਮੇਰਾ ਤੇਰਾ ਇਕ ਸਾਰ ਬਣਾ ਲੈ। ਨਾ ਮੇਰੀ ਮੈਂ ਮੁੱਕੇ ਨਾ ਤੇਰੀ ਭੁੱਖ ਮਿਟੇ ਮੇਰੀ ਮੈਂ ਨੂੰ ਆਪਣਾ ਆਹਾਰ ਬਣਾ ਲੈ। ਇਛਾਵਾਂ ਦੇ ਜੰਗਲ ਰੁਲਦੇ ਪੰਛੀ ਨੂੰ ਆਪਣੇ ਪ੍ਰੇਮ ਦਾ ਅਧਾਰ ਬਣਾ ਲੈ। ਮੇਰੇ ਦਾਤਾ ਮੈਨੂੰ……………….. ਹਰ ਇਕ ਪਲ ਜੋ, ਯਾਦਾਂ ਵਿੱਚ ਵੱਜੇ ਮੈਨੂੰ ਸੱਚੇ ਪ੍ਰੇਮ ਦੀ ਓਤਾਰ ਬਣਾ ਲੈ। ਮਿਟਾਣਾ ਜਾਂ ਬਣਾਣਾ ਏਹ ਤੇਰੀ ਮਰਜ਼ੀ ਰਾਖ ਕਰ ਦੇਹ ਜਾਂ ਅੰਗਾਰ ਬਣਾ ਲੈ। ਦਿਲ ਵਿੱਚ ਮੈਂ ਤੈਨੂੰ, ਮੈਂ ਤੈਨੂੰ ਹੀ ਦੇਖਾਂ। ਆਪਣੇ ਦਿਲ ਦਾ ਸ਼ਿੰਗਾਰ ਬਣਾ ਲੈ। ਮੇਰੇ ਦਾਤਾ ਮੈਨੂੰ …………… ਆਲਮ ’ਚ ਰੁਲਦੇ, ਅਵਾਰਾ ਦੀਵਾਨੇ ਨੂੰ ਆਪਣਾ ਦਿਲੀ, ਦਿਲਦਾਰ ਬਣਾ ਲੈ। ਮੈਂ ਹਾਂ ਤੇਰੀ ਰਾਧਾ, ਮੈਂ ਹਾਂ ਤੇਰੀ ਮੁਰਲੀ ਮੇਰੇ ਕ੍ਰਿਸ਼ਨਾ ਮੈਨੂੰ ਮੁਰਾਰ ਬਣਾ ਲੈ। ਥੱਲੇ ਉੱਪਰ ਪਸਰਿਆ ਮਮਤਾ ਦਾ ਗਾਰਾ, ਆਪਣੇ ਮੇਲ ਦੇ ਆਸਾਰ ਬਣਾ ਲੈ। ਮੇਰੇ ਦਾਤਾ ਮੈਨੂੰ………..
ਸੇਵਾਦਾਰ ਬਣਾ ਲੈ
ਨਾ ਮਰਦਾਨਾ ਨ ਮੈਂ ਸੁਦਾਮਾ ਨਾ ਹਨੂਮਾਨਾ। ਮੇਰੇ ਔਗੁਣ ਭੁਲਾਕੇ ਸੇਵਾਦਾਰ ਬਣਾ ਲੈ। ਕੋਈ ਬੁਝਾਰਤ ਨਾਵਲ, ਨਾਟਕ ਜਾਂ ਕਹਾਣੀ, ਆਪਣੀ ਖਾਸ ਚਿੱਠੀ ਜੋ ਅਖ਼ਬਾਰ ਬਣਾ ਲੈ। ਗਾਏ ਜਾਣ ਗੀਤ ਨਗਮੇ ਜਾਂ ਗ਼ਜ਼ਲਾਂ ਸ਼ੇਅਰੋ ਸ਼ਾਇਰੀ ਦਾ ਦਰਬਾਰ ਬਣਾ ਲੈ। ਤੈਨੂੰ ਰੱਜ ਕੇ ਤੱਕਣ ਨੂੰ ਬੜਾ ਜੀ ਕਰਦੈ ਸੋਹਣਾ ਦਰਸ਼ ਦਿਖਾ ਅਕਾਰ ਬਣਾ ਲੈ। ਮੈਂ ਧ੍ਰੋਹੀ ਲੋਭੀ ਕਾਮੀ, ਸੁਆਰਥੀ ਲਈ ਕੋਈ ਨਰ ਸਿੰਘ ਬਾਵਨ ਦਾ ਅਵਤਾਰ ਬਣਾ ਲੈ। ਖ਼ੂਨ, ਰੇਡੀਓ, ਟੀਵੀ ’ਤੇ ਮਿਲ ਲੈ ਕੁਝ ਲੈ ਦੇ ਕੇ ਕੋਈ ਵਪਾਰ ਬਣਾ ਲੈ ਹੱਦ ਹੋ ਗਈ ਹਰ ਪਾਸੇ ਹੁਣ ਮੇਰੇ ਦਾਤਾ ਆਲਮ ਨੂੰ ਤਾਰਨ ਦਾ ਵਿਚਾਰ ਬਣਾ ਲੈ।
ਛੇ ਮੁਖੀਆ ਦੀਵਾ
ਛੇ ਮੁਖੀਆ ਦੀਵਾ ਘਰੇ ਪਿਆ। ਅਦਭੁਤ ਚਾਨਣ ਕਰੋ ਪਿਆ। ਬਖ਼ਸ਼ਿਆ ਗੁਰੂ ਦੁਆਵਾਂ ਦਾ। ਏਹ ਮਾਲਕ ਚਾਰ ਦਿਸ਼ਾਵਾਂ ਦਾ ਜਤ ਸਤ ਦੇ ਤੇਲ ਦਾ ਭਰਿਆ ਹੈ ਇਹਨੇ ਆਪਾ ਚਾਨਣ ਕਰਿਆ ਹੈ ਇਹਦੇ ਥੱਲੇ ਵੀ ਰੱਤਾ ਹਨੇਰਾ ਨਹੀਂ। ਇਹਦੇ ਨੂਰ ’ਚ ਤੇਰਾ ਮੇਰਾ ਨਹੀਂ ਸਭ ਦੀਆਂ ਝੋਲਾਂ ਭਰੇ ਪਿਆ। ਛੇ ਮੁਖੀਆ…………. ਦੋ ਬੱਤੀਆਂ ਸ਼ਰਧਾ ਪਿਆਰ ਦੀਆਂ। ਦੋ ਬੱਤੀਆਂ ਅਕਾਰ ਨਿਰਾਕਾਰ ਦੀਆਂ ਛੇ ਗੁਰ ਛੇ ਘਰ ਖੋਲ੍ਹਦੀਆਂ। ਛੇ ਰੁੱਤਾਂ ਮਹਿਕਾਂ ਡੋਲਦੀਆਂ ਏਹ ਤੀਜਾ ਨੇਤਰ ਖੋਲਦੀਆਂ। ਅਡੋਲ ਕਦੇ ਨਾ ਡੋਲਦੀਆਂ। ਲੱਖ ਨ੍ਹੇਰੀ ਮੀਂਹ ਵਰ੍ਹੇ ਪਿਆ। ਛੇ ਮੁਖੀਆ……… ਏਹਦੀ ਲੋ ਵਿੱਚ ਕੀਤੇ ਅੰਬਰ ਨੇ ਕੇਤੇ ਪਉਣ ਪਾਣੀ ਬਸੰਤਰ ਨੇ। ਕੇਤੇ ਬ੍ਰਹਮਾ ਬਿਸ਼ਨ ਮਹੇਸਰ ਨੇ। ਕਈ ਗਿਆਨੀ ਧਿਆਨੀ ਤਪੀਸਰ ਨੇ। ਜੀਹਨੇ ਲੋ ਵਿੱਚ ਸੁਰਤ ਨੂੰ ਧਰਿਆ ਏ। ਉਹਨੇ ਰੱਬ ਦਾ ਦਰਸ਼ਨ ਕਰਿਆ ਏ। ਏਹ ਆਲਮ ਇਲਮ ਤੋਂ ਪਰੇ ਪਿਆ। ਛੇ ਮੁਖੀਆ ਦੀਵਾ ਘਰੇ ਪਿਆ।
ਪ੍ਰੇਮ ਦਾ ਹੋਲਾ
ਰੋਮ ਰੋਮ ਮੇਰੇ ਰੰਗਣ ਚੜ੍ਹਿਆ, ਐਸਾ ਚੜ੍ਹਿਆ ਰੰਗ ਵੇ। ਜਿਨ੍ਹਾਂ ਕੀਤਾ ਪ੍ਰੇਮ ਪ੍ਰਭੂ ਨਾਲ, ਪੂਰੀ ਹੋ ਗਈ ਮੰਗ ਵੇ। ਪੰਜਾਂ ਗੁਰੂਆਂ ਵਿਚਾਰ ਪਿਆਰ ਦਾ, ਕੀਤਾ ਸੀ ਵਰਤਾਰਾ। ਨਿਮਰਤਾ ਤੇ ਵਿਚਾਰ ਨਾਲ, ਹੋਇਆ ਨਾ ਗੁਜਾਰਾ। ਛੇਵੇਂ ਗੁਰੂ ਤਲਵਾਰ ਉਠਾ ਕੇ, ਬਦਲ ਲਿਆ ਫੇਰ ਢੰਗ ਵੇ। ਸਭ ਲੋਕਾਂ ਨੇ ਹੋਲੀ ਮਨਾਈ, ਸਿੱਖਾਂ ਮਨਾਇਆ ਹੋਲਾ। ਪੰਜਾਂ ਦੇ ਨਾਲ ਜੰਗ ਲੜਨ ਲਈ, ਰੰਗਿਆ ਬਸੰਤੀ ਚੋਲਾ। ਦਸਮ ਪਿਤਾ ਸਾਨੂੰ ਦੱਸ ਗਏ, ਜ਼ੁਲਮ ਮੇਟਣ ਲਈ ਜੰਗ ਵੇ। ਸੁੱਚਾ ਫੱਗਣ ਚੇਤ ਮਹੀਨਾ, ਦਿਲੋਂ ਬਸੰਤ ਜੇ ਗਾਵੇ। ਆਲਮ ਦੇ ਵਿੱਚ ਰਹਿੰਦਾ ਵਸਦਾ, ਜੇ ਪ੍ਰੀਤਮ ਦਿਲ ਵਸਾਵੇਂ। ਉਸਨੂੰ ਤਾਂ ਪਰਵਾਨ ਹੈ ਸਜਣਾ, ਜੇ ਜਾਣੇ ਸਦਾ ਹੀ ਸੰਗ ਵੇ।
ਜੀਵਨ ਚੱਕਰ
ਸਭ ਉਹੀਓ ਮੁੜ ਮੁੜ ਆਈ ਜਾਂਦਾ ਰੱਬ ਇਉਂ ਹੀ ਗੇੜ ਘੁਮਾਈ ਜਾਂਦਾ ਸਭ ਤੋਂ ਕੰਮ ਕਰਾਈ ਜਾਂਦਾ ਉਹ ਆਪੇ ਸਾਰੇ ਚੱਕਰ ਭੁਆਂਦਾ ਆਪੇ ਸਾਰੇ ਚੱਕਰ ਹਟਾਂਦਾ ਆਪੇ ਆਪਣੇ ਚਰਨੀਂ ਲਾਂਦਾ ਇਕ ਬੰਦਾ ਰੋਜ਼ ਕਮਾਈ ਜਾਂਦਾ। ਇਕ ਬੰਦਾ ਰੋਜ਼ ਗਵਾਈ ਜਾਂਦਾ। ਇਕ ਨਾ ਤੋਂ ਘਾਲ ਕਰਾਈ ਜਾਂਦਾ ਪੱਲੇ ਉਹਨਾ ਦੇ ਕੱਖ ਨਾ ਪਾਂਦਾ। ਇਕਨਾ ਨੂੰ ਮਾਲ ਲੁਟਾਈ ਜਾਂਦਾ। ਨਾ ਕੋਈ ਉਹਨਾਂ ਤੋਂ ਘਾਲ ਕਰਾਂਦਾ। ਇਕਨਾਂ ਨੂੰ ਫਾਕੇ ਕਰਾਈ ਜਾਂਦਾ। ਖੰਨੀ ਖੰਨੀ ਨੂੰ ਤਰਸਾਈ ਜਾਂਦਾ। ਉਹਦੀ ਲੀਲਾ ਉਹੀਓ ਜਾਣੇ। ਜੇ ਕੋਈ ਉਹਦਾ ਹੁਕਮ ਪਛਾਣੇ। ਇਕਨਾ ਦਾ ਮਨ ਭਟਕਾਈ ਜਾਂਦਾ। ਇਕ ਨਾ ਨੂੰ ਨਾਮ ਜਪਾਈ ਜਾਂਦਾ। ਰੋਜ਼ ਜੋ ਬੰਦਾ ਖਾਈ ਜਾਂਦਾ। ਮਲ ਮੂਤਰ ਉਹਦਾ ਬਣਾਈ ਜਾਂਦਾ। ਫਿਰ ਉਸਤੋਂ ਫ਼ਸਲ ਉਗਾਈ ਜਾਂਦਾ। ਸਭ ਓਹੀਓ ਮੁੜ ਮੁੜ ਆਈ ਜਾਂਦਾ। ਰੂਪ ਉਹਦੇ ਬਦਲਾਈ ਜਾਂਦਾ। ਨਵੇਂ ਨਵੇਂ ਰੂਪ ਬਣਾਈ ਜਾਂਦਾ।
ਹੋਲੀ ਮਨਾਈਏ
ਆਓ ਸਹੀਓ ਨੀ ਹੋਲੀ ਮਨਾਈਏ, ਆਓ ਨੀ ਹੋਲੀ ਮਨਾਈਏ। ਪ੍ਰੇਮ ਦੇ ਸਾਗਰ ਚੁੱਭੀ ਲਾਈਏ, ਮਾਹੀ ਨੂੰ ਮਨਾਈਏ। ਪ੍ਰੇਮ ਹੈ ਦਾਤਾ, ਪ੍ਰੇਮ ਵਿਧਾਤਾ, ਪ੍ਰੇਮ ਦੀ ਪੂਜਾ ਕਰੀਏ। ਪ੍ਰੇਮ ਹੀ ਗਾਈਏ ਪ੍ਰੇਮ ਹੀ ਜੀਵੀਏ ਪ੍ਰੇਮ ’ਚ ਹੱਸਕੇ ਮਰੀਏ। ਸਿਰ ਤਲੀ ਤੇ ਧਰ ਕੇ ਆਪਣਾ ਪ੍ਰੇਮ ਗਲੀ ਵਿੱਚ ਜਾਈਏ। ਆਉ ਨੀ ਸਹੀਓ ਹੋਲੀ………….. ਦਸਵੇਂ ਅੰਬਰ ਮਾਹੀ ਰਹਿੰਦਾ, ਆਉ ਅੰਬਰ ਚੜ੍ਹੀਏ। ਪਉਣ ਤੇ ਆਪਣੀ ਸੁਰਤ ਟਿਕਾ ਕੇ ਸ਼ਬਦ ਦਾ ਪੱਲਾ ਫੜੀਏ। ਨਿਤਨੇਮ ਦੀ ਡੋਰ ਨਾ ਬੰਨ੍ਹ ਕੇ ਧਿਆਨ ਪਤੰਗ ਚੜਾਈਏ। ਆਉ ਨੀ ਸਹੀਓ ਹੋਲੀ………….. ਕਿਹੜੇ ਰੰਗ ਗੁਰੂ ਨੂੰ ਭਾਉਂਦੇ ਗੁਰੂ ਤੋਂ ਸੋਝੀ ਲਈਏ। ਹੱਸ ਕੇ ਮੰਨੀਏ ਹੁਕਮ ਗੁਰੂ ਦਾ ਸਤਿ ਬਚਨ ਹੀ ਕਹੀਏ। ਜਦ ਤੱਕ ਆਲਮ ਦੇ ਵਿੱਚ ਰਹਿਣਾ ਕੁਝ ਸੁਣੀਏ ਤੇ ਸੁਣਾਈਏ। ਆਉ ਨੀ ਸਹੀਓ ਹੋਲੀ……………………..
ਸੱਚੇ ਨਾਮ ਦੀ ਹੋਲੀ
ਗੁਰੂ ਦੇ ਸੱਚੇ ਨਾਮ ’ਚ ਜਿਨ੍ਹਾਂ, ਆਪਣਾ ਮਨ ਰੰਗਾਇਆ। ਜੁਗਾਂ ਜੁਗਾਂ ਤੋਂ ਉਹਨਾਂ ਦੀ ਪੱਤ, ਮਾਲਕ ਰਖਦਾ ਆਇਆ। ਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਹਰਨਾਖ਼ਸ਼ ਦੁਸ਼ਟ ਮਾਰਿਆ, ਪ੍ਰਹਲਾਦ ਤਰਾਇਆ। ਕਈਆਂ ਪੀਤੀ ਭੰਗ ਕੱਚੇ ਡੋਲੇ, ਰੰਗ ਤੇ ਸਮਾਂ ਗਵਾਇਆ। ਇਕ ਦੂਜੇ ਨਾਲ ਛੇੜਾ ਛੇੜੀ ਕਰਕੇ, ਝਗੜ ਵਧਾਇਆ। ਤਨ ਮਨ ਦੋਵੇਂ ਫਿੱਕੇ ਹੋ ਗਏ, ਕੁਝ ਵੀ ਹੱਥ ਨਾ ਆਇਆ ਰੋਗ ਵਿੱਚ ਭੰਗ ਜਾ ਪਾਇਆ, ਬੜਾ ਨੁਕਸਾਨ ਉਠਾਇਆ। ਗੁਰੂ ਦੇ ਸੱਚੇ ਨਾਮ ’ਚ…………………. ਕਈਆਂ ਰੰਗ ਤੇ ਭੰਗ ਵੇਚ ਕੇ, ਚੰਗਾ ਨਫ਼ਾ ਕਮਾਇਆ ਕਈਆਂ ਗਾ ਕੇ ਭੰਗੜਾ ਪਾ ਕੇ, ਚੰਗਾ ਰੰਗ ਜਮਾਇਆ। ਕਈਆਂ ਨੇ ਪਤੰਗ ਉੜਾ ਕੇ, ਬਸੰਤ ਮੇਲਾ ਮਨਾਇਆ। ਸੰਤਾਂ ਨੇ ਬਸੰਤ ਨੂੰ ਗਾ ਕੇ, ਆਪਣਾ ਗੁਰੂ ਰਿਝਾਇਆ। ਗੁਰੂ ਦੇ ਸੱਚੇ ਨਾਮ ’ਚ…………….. ਦੁਨੀਆਂ ਦੇ ਵਿੱਚ ਚਲਦੇ ਰਹਿਣੇ, ਹੋਲੀ ਹੋਲੇ ਕਈ ਦਿਨ ਵਾਰ। ਓਨਾ ਚਿਰ ਕੋਈ ਰੰਗ ਨਹੀਂ ਚੜ੍ਹਨਾ, ਜਿਚਰ ਸ਼ਬਦ ਨਾ ਕਰੀ ਵਿਚਾਰ। ਕੱਚੇ ਪਿੱਲ ਰੰਗਾਂ ਦੇ ਨਾਲ, ਖੇਡਦਾ ਜਾਏ ਸਾਰਾ ਸੰਸਾਰ। ਆਲਮ ਇਲਮ ਦਾ ਰੰਗ ਹੈ ਸੱਚਾ, ਜੋ ਸ਼ਬਦ ਨਾਲ ਕਰੀਏ ਪਿਆਰ। ਗੁਰੂ ਦੇ ਸੱਚੇ ਨਾਮ ‘ਚ………………..
ਇਹ ਪ੍ਰਬੰਧਕ ਕੌਣ ਹੈ
ਏਹ ਪ੍ਰਬੰਧਕ ਕੌਣ ਹੈ ਦੁਨੀਆਂ ਦਾ, ਉਹ ਕਿਦਾਂ ਸਭ ਚਲਾਉਂਦਾ ਏ? ਪਉਣ ਪਾਣੀ ਤੇ ਦਿਵਸ, ਰਾਤ, ਕਿਵੇਂ ਰੁੱਤਾਂ ਨੂੰ ਬਦਲਾਉਂਦਾ ਏ? ਹਰ ਪਲ ਪਲ ਨਵਾਂ ਹੁੰਦਾ ਏ, ਉਹ ਅਜਬ ਖੇਡਾਂ ਕਰਦਾ ਏ? ਕਦੋਂ ਪਰਬਤ ਸਾਗਰ ਕਰ ਦਿੰਦਾ, ਕਦੇ ਸਾਗਰ ਪਰਬਤ ਕਰਦਾ ਏ। ਅੱਖਾਂ ਸਾਹਵੇਂ ਸਭ ਕੁਝ ਕਰਦਾ, ਉਹ ਨਜ਼ਰ ਕਿਸੇ ਨਾ ਆਉਂਦਾ ਏ। ਏਹ ਪ੍ਰਬੰਧਕ ਕੌਣ………………….. ਕਿਤੇ ਰੋਂਦੀ ਪਈ ਗ਼ਰੀਬੀ ਏ, ਕਿਤੇ ਐਸ਼ਾਂ ਵਿੱਚ ਅਮੀਰੀ ਏ। ਕਈ ਨਾਸਤਕ ਹੋਏ ਫਿਰਦੇ ਨੇ, ਕਿਤੇ ਸਿਖਰਾਂ ਦੀ ਫ਼ਕੀਰੀ ਏ। ਜਿਸਤੇ ਉਸਦੀ ਕਿਰਪਾ ਹੋ ਜਾਏ, ਉੱਥੇ ਹੀ ਦਰਸ ਦਿਖਾਉਂਦਾ ਏ। ਏਹ ਪ੍ਰਬੰਧਕ ਕੌਣ ਹੈ ਦੁਨੀਆਂ ਦਾ, ਉਹ ਕਿਦਾਂ ਸਭ ਚਲਾਉਂਦਾ ਏ? ਪਉਣ ਪਾਣੀ ਤੇ ਦਿਵਸ, ਰਾਤ, ਕਿਵੇਂ ਰੁੱਤਾਂ ਨੂੰ ਬਦਲਾਉਂਦਾ ਏ ? ਏਹ ਪ੍ਰਬੰਧਕ ਕੌਣ…………….. ਭੇਖ ਬਣਾਕੇ ਫਿਰਦੇ ਨੇ ਪਾਖੰਡੀ ਕਈ ਪੁਜਾਰੀ ਨੇ ਉਪਰੋਂ ਉਪਰੋਂ ਪੰਡਤ ਮੁੱਲਾ, ਉੱਪਰੋਂ ਅੰਮ੍ਰਿਤ ਧਾਰੀ ਨੇ। ਉਹ ਆਪੇ ਆਪਣੇ ਚਰਨੀ ਜੋੜੇ, ਆਪੇ ਹੀ ਭਲਾਉਂਦਾ ਏ। ਏਹ ਪ੍ਰਬੰਧਕ ਕੌਣ ਹੈ ਦੁਨੀਆਂ ਦਾ, ਉਹ ਕਿਦਾਂ ਸਭ ਚਲਾਉਂਦਾ ਏ? ਪਉਣ ਪਾਣੀ ਤੇ ਦਿਵਸ, ਰਾਤ, ਕਿਵੇਂ ਰੁੱਤਾਂ ਨੂੰ ਬਦਲਾਉਂਦਾ ਏ? ਏਹ ਪ੍ਰਬੰਧਕ ਕੌਣ………………. ਜੰਮਣ ਮਰਣ ਦਾ ਭੇਦ ਬਾਬੇ ਨੇ, ਆਪਣੇ ਹੱਥ ਹੀ ਰੱਖਿਆ ਏ। ਗੁਨਾਹਾਂ ਉੱਤੇ ਪਾਕੇ ਪੜਦਾ, ਬਾਬੇ ਆਪ ਹੀ ਢੱਕਿਆ ਏ। ਏਥੇ ਮਰਨਾ ਕੋਈ ਨਾ ਚਾਹੁੰਦਾ ਏ, ਮਰਕੇ ਵੀ ਜੀਣਾ ਚਾਹੁੰਦਾ ਹੈ। ਏਹ ਪ੍ਰਬੰਧਕ ਕੌਣ ਹੈ ਦੁਨੀਆਂ ਦਾ, ਉਹ ਕਿਦਾਂ ਸਭ ਚਲਾਉਂਦਾ ਏ? ਪਉਣ ਪਾਣੀ ਤੇ ਦਿਵਸ, ਰਾਤ, ਕਿਵੇਂ ਰੁਤਾਂ ਨੂੰ ਬਦਲਾਉਂਦਾ ਏ? ਏਹ ਪ੍ਰਬੰਧਕ ਕੌਣ………………….. ਆਲਮ ਏਹ ਸਰਾਂ ਹੈ ਸੋਹਣੀ, ਏਥੇ ਬੈਠ ਕਿਸੇ ਨਾ ਰਹਿਣਾ ਏ। ਜੇ ਸਤਿਗੁਰ ਆਪਣੀ ਮੇਹਰ ਕਰੇ, ਫੇਰ ਇਹ ਪੱਲੇ ਪੈਣਾ ਏ। ਹਰ ਕੋਈ ਏਥੇ ਪਾਂਧੀ ਹੈ, ਕੋਈ ਜਾਂਦਾ ਏ ਕੋਈ ਆਉਂਦਾ ਏ। ਏਹ ਪ੍ਰਬੰਧਕ ਕੌਣ ਹੈ ਦੁਨੀਆਂ ਦਾ, ਉਹ ਕਿਦਾਂ ਸਭ ਚਲਾਉਂਦਾ ਏ? ਪਉਣ ਪਾਣੀ ਤੇ ਦਿਵਸ, ਰਾਤ, ਕਿਵੇਂ ਰੁੱਤਾਂ ਨੂੰ ਬਦਲਾਉਂਦਾ ਏ? ਏਹ ਪ੍ਰਬੰਧਕ ਕੌਣ………………..
ਏਹੋ ਸਰੀਰ ਗੁਰਦੁਆਰਾ
ਏਹੋ ਸਰੀਰ ਮਸਜਦ ਮੰਦਰ ਗਿਰਜਾ ਤੇ ਗੁਰਦੁਆਰਾ। ਏਹੋ ਉਸਦਾ ਰੂਪ ਹੈ ਸੱਜਣਾ, ਉਹਦਾ ਨੂਰ ਹੈ ਸਾਰਾ। ਚੰਦ ਸੂਰਜ ਨੈਣ ਨੇ ਤੇਰੇ, ਏਹਨਾ ਉਪਰ ਮੰਡਲ ਤਾਰਾ। ਕੋਈ ਗੁਫ਼ਾ ਕੋਈ ਗੁੰਬਦ ਆਖੇ ਕੋਈ ਆਖੇ ਦਸਮ ਦੁਆਰਾ। ਆਪੇ ਸੁਣੇ ਆਪੇ ਬੋਲੇ, ਆਪੇ ਦੇਖੇ ਕਰੇ ਵਿਚਾਰਾ। ਆਪੇ ਗੁੱਝਾ ਆਪੇ ਬੁਝੇ ਆਪੇ ਕਰੇ ਵਿਸਥਾਰਾ। ਆਪੇ ਤੱਕੜੀ ਆਪੇ ਵੱਟੇ ਆਪੇ ਤੋਲਣਹਾਰਾ। ਆਪੇ ਛੱਪ ਕੇ ਅੰਦਰ ਬੈਠਾ ਆਪੇ ਦਿਸਦਾ ਜ਼ਾਹਰਾ ਆਪੇ ਸਾਗਰ, ਆਪੇ ਬੇੜੀ, ਆਪੇ ਮਾਂਝੀ ਆਪ ਕਿਨਾਰਾ। ਇਕੋ ਨੂਰ, ਨੂਰ ਹੈ ਘਟ ਘਟ, ਪਸਰਿਆ ਇਉਂ ਪਸਾਰਾ। ਇਕ ਵਾਰੀ ਜੋ ਬਣਾਇਆ ਦਾਤੇ ਬਣਦਾ ਨਹੀਂ ਦੁਬਾਰਾ। ਗੁਰ ਮੰਤਰ ਮਨ ਲਾ ਕੇ ਜਪਿਆ ਹੋਇਆ ਸਾਹਾਂ ਵਿੱਚ ਹਮਾਰਾ। ਮਰਨ ਜੀਵਣ ਦੀ ਸੋਝੀ ਹੋਈ ਤਕਿਆ ਅਜਬ ਨਜ਼ਾਰਾ। ਝੂਠਾ ਸੱਚਾ ਉੱਚਾ ਨੀਵਾਂ ਉਹ ਆਪੇ ਮਿੱਠਾ ਖਾਰਾ। ਅੰਦਰ ਬਾਹਰ ਆਲਮ ਦੇ ਵਿੱਚ ਵਰਤੇ ਆਪ ਵਰਤਾਰਾ। ਏਹ ਸਰੀਰ ਪਰਵਾਣ ਹੋਆ ਜਦ ਬੁਝਿਆ ਖੇਲ ਨਿਆਰਾ।
ਹਵਾ ਕੋਲੋਂ ਸਿੱਖ ਲੈ
ਹਵਾ ਕੋਲੋਂ ਸਿੱਖ ਲੈ ਏਕਤਾ ਤੇ ਪਿਆਰ। ਹਵਾ ਹੀ ਚਲਾਈ ਜਾਵੇ ਸਾਰਾ ਸੰਸਾਰ। ਸੁਰਤ ਸ਼ਬਦ ਇਕ ਕਰੇ ਪ੍ਰੇਮ ਵਾਲੀ ਤਾਰ। ਏਹ ਸੱਚ ਖੰਡ ਜੋੜ ਦੇਵੇ ਜਿਥੇ ਨਿਰੰਕਾਰ। ਖੰਡ ਬ੍ਰਹਮੰਡ ਸਾਰੇ ਹਵਾ ਦਾ ਪਸਾਰ। ਕਦੇ ਬਣੇ ਠੰਡ, ਕਦੇ ਹਵਾ ਹੀ ਅੰਗਾਰ। ਸ਼ੁੱਧ ਕਰ ਆਪਣਾ ਅਹਾਰ ਤੇ ਵਿਹਾਰ। ਗੁਰੂ ਕੋਲੋਂ ਸਿੱਖ ਲੈ, ਸੱਚੀ ਸਿੱਖਾਕਾਰ। ਸਤਿਗੁਰ ਦੱਸੇ ਏਹੋ ਉੱਤਮ ਵਿਚਾਰ। ਹਵਾ ਨੇ ਕੀਤਾ ਜਦੋਂ ਸ਼ਬਦ ਦਾ ਆਹਾਰ। ਅਨਹਦ ਨਾਦ ਵਜੇ ਦਸਮੇ ਦੁਆਰ। ਗੁਰੂ ਦੀ ਸਿੱਖ ਪੱਕੀ ਮਨ ਵਿੱਚ ਧਾਰ। ਸਾਖਸ਼ਾਤ ਹੋਇਆ ਫਿਰ ਪ੍ਰਭ ਦਾ ਅਉਤਾਰ। ਲੱਖਾਂ ਹੀ ਨਜ਼ਾਰੇ ਆਏ ਅਪਰ ਅਪਾਰ। ਨੂਰੋ ਨੂਰ ਹੋਇਆ ਜਦ ਅੰਦਰ ਅਤੇ ਬਾਹਰ। ਗਿਣਗਿਣ ਅਖਰਾਂ ਦਾ ਚੁੱਕਿਆ ਸੀ ਹਾਰ। ਗੁਰੂ ਨੇ ਝਾੜ ਦਿੱਤਾ, ਕਰਮ ਕਾਂਡ ਜੋ ਬੇਕਾਰ। ਗੁਰੂ ਦੇ ਗੁਰ ਬਾਝੋਂ ਹੋਇਆ ਸੀ ਖੁਆਰ। ਵਿਖਾਵਿਆਂ ਨੇ ਕੀਤਾ ਸਦਾ ਮਨ ਬੀਮਾਰ। ਮੈਂ ਮਰਿਆ ਹਾਂ ਮੁੱਕਿਆ, ਏਹ ਪੱਕੀ ਮਨ ਧਾਰ। ਲੱਖਾਂ ਆਉਣੇ ਪੀਰ ਬਲੀ, ਆਏ ਕਈ ਅਵਤਾਰ। ਮੋਹ ਵੱਸ ਕਿਉਂ ਕਰੇ, ਝੂਠੇ ਕੰਮਕਾਰ। ਹਰ ਪਲ ਆਪਣੇ ਅੰਦਰ ਝਾਤੀ ਮਾਰ। ਆਲਮ ਨਾ ਜਾਣ ਸਕੇ ਏਹ ਉੱਤਮ ਵਿਚਾਰ।
ਮੰਨੀਏ ਉਸਦੇ ਭਾਣੇ
ਸਦਾ ਨਾ ਰਹਿੰਦੋ ਦਿਨ ਧੁਪੇਰੇ ਸਦਾ ਨਾ ਚਾਨਣ ਰਾਤਾਂ। ਕਦੇ ਕੱਲਾ ਹੀ ਬੱਦਲ ਗਰਜੇ ਕਦੇ ਹੋਣ ਬਰਸਾਤਾਂ। ਸਦਾ ਨਾ ਰਹੇ ਜਵਾਨੀ ਬਚਪਨ, ਅੰਤ ਕਾਲ ਬੁਢਾਪਾ। ਸਦਾ ਨਾ ਰਹੇ ਹੱਸਣ ਖੇਡਣ ਸਦਾ ਨਾ ਰਹੇ ਸਿਆਪਾ। ਸਦਾ ਨਾ ਇਕੋ ਚੀਜ਼ ਕੋਈ ਖਾਵੇ ਮੰਗੇ ਵੰਨ ਸੁਵੰਨੀ। ਇਕਨਾ ਕੋਲੋਂ ਸਾਂਭ ਨਾ ਹੋਵੇ ਇਕ ਤਰਸਣ ਖੰਨੀ ਖੰਨੀ। ਕੁਦਰਤ ਵਿਚੋਂ ਤਕੀਏ ਰੱਬ ਨੂੰ ਮੰਨੀਏ ਉਸਦੇ ਭਾਣੇ। ਬਲਿਹਾਰੀ ਕੁਦਰਤ ਵਸਿਆ ਗੁਰਬਾਣੀ ਅਮਰ ਲਿਖਾਣੇ। ਕੁਦਰਤ ਤਕੀਏ ਕਰੀਏ ਵਾਹ ਵਾਹ ਤਾਂ ਆਵੇ ਚਿੱਤ ਟਿਕਾਣੇ। ਆਲਮ ਦੇ ਵਿੱਚ ਥਿਰ ਨਾ ਕੋਈ ਕਹਿ ਗਏ ਗੱਲ ਸਿਆਣੇ। ਸਹਿਜੇ ਜੀਣਾ ਸਹਿਜੇ ਮਰਨਾ ਸਹਿਜੇ ਆਵਣ ਜਾਣੇ। ਜਿਸਨੇ ਸੁਰਤ ਸ਼ਬਦ ਨਾਲ ਜੋੜੀ ਸਦਾ ਜਵਾਨੀ ਮਾਣੇ।
ਵਡਿਆਈ
ਗੁਰੂ ਨਾਨਕ ਦੀ ਵਡਿਆਈ ਗੁਰੂ ਨਾਨਕ ਦੀ ਵਡਿਆਈ। ਉਹਨੇ ਮੇਰੀ ਝੋਲੀ ਪਾਈ.......... ਤੂੰ ਤੂੰ ਮੈਂ ਮੈਂ ਛੱਡ ਦੇ ਤਾਰੇ ਮਨ ਦੀ ਅੱਖ ਨਾਲ ਵੇਖ ਨਜ਼ਾਰੇ ਏਹੋ ਗੱਲ ਸਮਝਾਈ ਬਾਬੇ, ਏਹੋ ਗੱਲ ਸਮਝਾਈ। ਬਾਬੇ ਮੈਨੂੰ ਇਕ ਦਿਖਾਇਆ ਸਾਰਾ ਹੀ ਭਰਮ ਮਿਟਾਇਆ ਆਪੇ ਹਿੰਦੂ ਮੁਸਲਮਾਨ ਆਪੇ ਸਿੱਖ ਈਸਾਈ। ਸੱਚ ਸਭਨਾਂ ਦੀ ਹੋਏ ਦਾਰੂ ਪਾਪ ਕੱਢੇ ਧੋਏ ਸੱਚ ਤਾਂਹੀਂ ਪਾਪ ਧੋਏ ਜੇ ਅਮਲ ਪੂਰਾ ਹੋਇ ਨਾਨਕ ਜੀ ਨੇ ਅਮਲਾਂ ਦੇ ਵਿੱਚ ਕੀਤੀ ਆਪ ਕਮਾਈ ਕੀਤੀ ਆਪ ਕਮਾਈ। ਨਾਨਕ ਮੇਰਾ ਮਾਤ ਪਿਤਾ ਹੈ ਸਭੇ ਕਾਜ ਸਵਾਰੇ। ਸਭੇ ਕਾਜ ਸਵਾਰੇ ਨਾਨਕ ਮੈਨੂੰ ਆਪੇ ਦੱਸੇ ਗੁੱਝੀਆਂ ਰਮਜ਼ਾਂ ਪਿਆਰੇ। ਮੈਂ ਤਾਂ ਨਾਨਕ ਨਾਨਕ ਹੋਇਆ ਮੇਰੀ ਮੈਂ ਮਿਟਾਈ। ਏਹੋ ਗੱਲ ਸਮਝਾਈ, ਉਹਨਾ ਏਹ ਗੱਲ ਸਮਝਾਈ। ਗੁਰੂ ਨਾਨਕ ਦੀ ਵਡਿਆਈ.............
ਨਾਨਕ ਪਿਆਰੇ
ਸਤਿਗੁਰ ਨਾਨਕ ਪਿਆਰੇ ਜਿਵੇਂ ਲੱਖਾਂ ਪਾਪੀ ਤਾਰੇ। ਸਾਡੇ ਵੀ ਦੁਖ ਦੂਰ ਕਰੋ ਕਰ ਦੋ ਵਾਰੇ ਨਿਆਰੇ। ਜਿਵੇਂ ਸੱਜਣ ਠੱਗ ਨੂੰ ਰਸਤੇ ਪਾਇਆ। ਮਰਦਾਨਾ ਕੌਡੇ ਕੋਲੋਂ ਛੁਡਾਇਆ। ਸਾਡੇ ਵੀ ਬੰਧਨ ਕੱਟੋ ਆਏ ਤੇਰੇ ਦੁਆਰੇ। ਚੰਗੇ ਮੰਦੇ ਤੇਰੇ ਗੋਲੇ, ਹਾਂ ਤੇਰੇ ਘਰ ਦੇ। ਭੁਖ ਰਹੇ ਨਾ ਕੋਈ ਝੋਲੀ ਸਾਡੀ ਭਰ ਦੇ। ਤੂੰ ਦੀਨ ਦੁਨੀ ਦਾ ਮਾਲਕ ਅਸੀਂ ਗਰੀਬ ਵਿਚਾਰੇ। ਆਪਣਾ ਨਾਮ ਅਸਾਨੂੰ ਬਖ਼ਸ਼ੋ ਸਾਡੀ ਏਹ ਅਰਜੋਈ। ਨਾਮ ਦੇ ਤੁੱਲ ਨਹੀਂ ਬਾਬਾ ਹੋਰ ਚੀਜ਼ ਵੀ ਕੋਈ। ਤੂੰ ਵਪਾਰੀ ਨਾਮ ਦਾ ਅਸੀਂ ਕੌਡਾਂ ਦੇ ਵਣਜਾਰੇ। ਕਈ ਜਨਮਾਂ ਦੇ ਵਿਛੜੇ ਬਾਬਾ ਹੁਣ ਤੇ ਦਰਸ ਦਿਖਾਵੋ। ਮੈਂ ਨਿਮਾਣੇ ਪਾਪੀ ਨੂੰ ਆਪਣੇ ਵਿੱਚ ਮਿਲਾਵੋ। ਨਾਨਕ ਜੀ ਤੁਸੀਂ ਆਪ ਬਣਾਵੋ, ਆਪਣੇ ਸਾਨੂੰ ਪਿਆਰੇ। ਸਤਿਗੁਰ ਨਾਨਕ ਪਿਆਰੇ ਜਿਵੇਂ ਲੱਖਾਂ ਪਾਪੀ ਤਾਰੇ। ਸਾਡੇ ਵੀ ਦੁਖ ਦੂਰ ਕਰੋ ਕਰ ਦੋ ਵਾਰੇ ਨਿਆਰੇ।
ਇਕ ਦਾਤਾ
ਸਭਨਾਂ ਜੀਆਂ ਦਾ ਇਕ ਦਾਤਾ ਸਦਾ ਸਦਾ ਅਕਾਲ ਹੈ। ਜਿਸਨੂੰ ਤੂੰ ਬਾਹਰੋਂ ਟੋਲੇ ਸਦਾ ਸਦਾ ਤੇਰੇ ਨਾਲ ਹੈ। ਉਹ ਅੰਦਰ ਵੀ ਹੈ ਬਾਹਰ ਵੀ ਹੈ। ਉਹ ਲੁਕਿਆ ਵੀ ਹੈ ਜਾਹਰ ਵੀ ਹੈ। ਉਹ ਛਲੀਆ ਵੀ ਹੈ ਪਾਵਨ ਵੀ ਹੈ, ਏਹੋ ਉਹਦੀ ਕਮਾਲ ਹੈ। ਉਹ ਸਰੀਰ ਵੀ ਹੈ ਉਹੀਓ ਜਿੰਦੜੀ ਜਾਨ ਹੈ। ਉਹੀ ਮੂੜ ਅਮੂੜ ਓਹੀ ਚਤੁਰ ਸੁਜਾਨ ਹੈ। ਹਰ ਗੱਲ ਦਾ ਜਵਾਬ ਹੈ, ਹਰ ਜਵਾਬ ਵਿੱਚ ਸਵਾਲ ਹੈ। ਸੰਗਤ ਬਿਨਾ ਅੰਧੇਰ ਹੈ ਸੰਗਤ ਬਿਨਾ ਅਗਿਆਨ ਹੈ ਗੁਰੂ ਮਿਲੇ ਤਾਂ ਸੰਗਤ ਹੈ ਗੁਰੂ ਮਿਲੇ ਤਾਂ ਗਿਆਨ ਹੈ ਨਾਨਕ ਦਾ ਹੈ ਆਲਮ ਸਾਰਾ ਨਾਨਕ ਦਾ ਸੱਚਾ iਖ਼ਆਲ ਹੈ।
ਪੰਜਾਬ
ਹਰਿਆ ਭਰਿਆ ਉਜੜ ਰਿਹਾ ਏ ਮੇਰਾ ਜੋ ਪੰਜਾਬ ਕਈ ਤਰ੍ਹਾਂ ਦੇ ਨਸ਼ਿਆਂ ਖਾਧਾ ਅੱਜ ਸਾਰਾ ਸ਼ਬਾਬ। ਸੁਕਦਾ ਜਾਵੇ ਪਾਣੀ ਧਰਤੋਂ ਅੰਬਰੋਂ ਮੀਂਹ ਨਾ ਵਰਸੇ। ਦੋ ਨਦੀਆਂ ਪਹਿਲਾਂ ਖੁਸ ਗਈਆਂ ਰਾਵੀ ਤੇ ਚਨਾਬ। ਅੱਧਾ ਮੇਰੇ ਦਾ ਦਿਲ ਦਾ ਹਿੱਸਾ ਸਰਹਦਾਂ ਨੇ ਕੱਟਿਆ। ਇਕ ਪਾਸੇ ਹੈ ਰੂਹ ਨਾਨਕ ਦੀ ਇਕ ਪਾਸੇ ਰਬਾਬ। ਦੇਸ਼ ਦੇ ਠੇਕੇਦਾਰਾਂ, ਜਾਂ ਵਿਦੇਸ਼ਾਂ ਨੂੰ ਦੇਈਏ ਦੋਸ਼ ਰੋਜ਼ ਦਿਹਾੜੀ ਵਧਦੀ ਜਾਵੇ ਖ਼ੁਦਗਰਜ਼ੀ ਦੀ ਕਿਤਾਬ। ਨੇਤਾਵਾਂ ਤੇ ਚੌਧਰੀਆਂ ਨੇ ਖਾ ਲਈ ਪੱਤੀ ਪੱਤੀ ਉੱਡੀਆਂ ਮਹਿਕਾਂ ਰਹਿ ਗਏ ਕੰਡੇ ਬਿਖਰ ਗਿਆ ਗੁਲਾਬ। ਆਲਮ ਦੇ ਵਿੱਚ ਉਤੋਂ ਉਤੋਂ ਵੈਸ਼ਨੋ ਅਤੇ ਪੁਜਾਰੀ ਪੀਵਣ ਦਾਰੂ ਅਤੇ ਤਮਾਕੂ, ਖਾਂਦੇ ਭੁੰਨ ਕਬਾਬ।
ਨਾਨਕ ਦਾ ਸੱਚਾ ਮਿੱਤਰ
ਦਾਨੇ ਨੇ ਕੀਤੀ ਦਾਨਾਈ, ਦਾਨੇ ਤੋਂ ਮਰਦਾਨਾ ਬਣ ਗਿਆ। ਨਾਨਕ ਦਾ ਮਿੱਤਰ ਭਾਈ, ਨਾਨਕ ਦਾ ਦੀਵਾਨਾ ਬਣ ਗਿਆ। ਨਾਨਕ ਦਾ ਮੰਨ ਕੇ ਹੁਕਮ ਨਾਨਕ ਦੇ ਨਾਲ ਤੁਰ ਪਿਆ, ਸੁਣ ਸੁਣ ਕੇ ਨਾਨਕ ਦੀ ਬਾਣੀ ਉਹ ਮਸਤਾਨਾ ਬਣ ਗਿਆ।
ਸੱਚਾ ਸਿੱਖ
ਗੁਰੂ ਨਾਨਕ ਦਾ ਸੱਚਾ ਸਿੱਖ ਮਰਦ ਸੂਰਾ ਇਲਾਹੀ ਮਰਦਾਨਾ। ਗੁਰੂ ਨਾਨਕ ਦਾ ਰਬਾਬੀ ਸੁਰਾਂ ਛੇੜੇ ਦਰਗਾਹੀ ਮਰਦਾਨਾ। ਬਾਬਾ ਬਾਣੀ ਉਚਾਰੇ ਰਬਾਬੀ ਸ਼ਿਗਾਰੇ ਦੁਨੀਆਂ ਨੂੰ ਤਾਰੇ। ਉਹੀ ਸੁਰ ਛੇੜੇ ਬਾਬਾ ਜੋ ਚਾਹਵੇ, ਉਮਰਾਂ ਦਾ ਰਾਹੀ ਮਰਦਾਨਾ। ਤੂੰ ਮੇਰਾ ਬਾਬਾ ਸਭ ਤੋਂ ਹੈ ਪਿਆਰਾ ਸਦਾ ਮੇਰੇ ਨਾਲੇ ਜਿਥੇ ਤੂੰ ਹੋਵੇਂਗਾ, ਮੈਂ ਹੋਵਾਂਗਾ ਉਥੇ, ਤੂੰ ਮੇਰਾ ਭਾਈ ਮਰਦਾਨਾ। ਕੌਣ ਕਾਫ਼ਰ ਕੌਣ ਹੈ ਮੋਮਨ, ਏਹ ਗੱਲ ਬੰਦਾ ਕਿੰਜ ਜਾਣੇ। ਜਿਹਦੇ ਕੋਲ ਹੈ ਇਲਮ ਅੱਲਾ ਦਾ ਉਹੀ ਏਹ ਪਛਾਣੇ। ਬਾਬੇ ਤੇ ਮੋਮਨ ਦੀ ਜੋੜੀ ਲਾਸਾਨੀ, ਅੱਲਾ ਨੇ ਬਣਾਈ। ਸਦਾ ਸਦਾ ਲਈ ਬਾਬੇ ਦਾ ਹੋਇਆ, ਰਬਾਬੀ ਮਰਦਾਨਾ।
ਜਿਸਮ
ਇਕ ਨੇ ਕੀਤਾ ਖੇਲ ਨਿਆਰਾ ਇਕ ਨੇ ਕੀਤਾ ਸਭ ਪਸਾਰਾ। ਇਕੋ ਆਪੇ ਜਿਸਮ ਬਣਾਵੇ ਜਿਸਮਾਂ ਅੰਦਰ ਜਿਸਮ ਲੁਕਾਵੇ। ਜਿਸਮਾਂ ਨੇ ਜਿਸਮ ਹੰਢਾਏ। ਜਿਸਮ ਹੀ ਆਏ ਜਿਸਮ ਹੀ ਜਾਏ। ਜਿਸਮਾਂ ਦਾ ਹੈ ਸਾਰਾ ਸੰਸਾਰ। ਜਿਸਮ ਜਿਸਮ ਨੂੰ ਕਰੇ ਪਿਆਰ। ਜਿਸਮ ਜਿਸਮ ਦਾ ਕਰੇ ਸ਼ਿਕਾਰ। ਜਿਸਮ ਜਿਸਮ ਦਾ ਕਰੇ ਉਧਾਰ। ਜਿਸਮ ਜਿਸਮ ਦਾ ਬਣੇ ਆਹਾਰ। ਜਿਸਮ ਜਿਸਮ ਤੇ ਕਰੇ ਹੰਕਾਰ ਜਿਸਮ ਜਿਸਮ ਨੂੰ ਮਾਰੇ ਮਾਰ। ਜਿਸਮ ਜਿਸਮ ਲਈ ਬਣੇ ਭਾਰ। ਜਿਸਮ ਜਿਸਮ ਨੂੰ ਦੇਵੇ ਹਾਰ। ਏਹੋ ਜਿਸਮ ਰੂਹ ਆਕਾਰ ਰੂਹ ਦਾ ਬਣੇ ਏਹੋ ਸ਼ਿਗਾਰ। ਏਥੇ ਹੀ ਜ਼ਾਹਿਰ ਸਿਰਜਣਹਾਰ। ਏਹੋ ਜਿਸਮ ਪੈਗæੰਬਰਾਂ ਧਾਰੇ। ਜਿਸਮਾਂ ਅੰਦਰ ਸ਼ੈਤਾਨ ਵੀ ਸਾਰੇ। ਜਿਸਮ ਰੂਹ ਦੀ ਸਮਝ ਜੇ ਆਵੇ। ਦੁਨੀਆਂ ਸਾਰੀ ਸੁਪਨਾ ਭਾਵੇ। ਵਿਰਲਾ ਕੋਈ ਗੱਲ ਪਕਾਵੇ। ਸਭ ਨੂੰ ਏਹ ਮੌਕਾ ਆਵੇ। ਜਿਸਨੂੰ ਉਹ ਆਪ ਛੁਡਾਵੇ ਉਹੀ ਏਹੇ ਗੱਲ ਹੰਢਾਵੇ। ਜਿਸਮ ਹੈ ਸਾਰੇ ਧੀਆਂ ਪੁੱਤਰ ਜਿਸਮ ਹੀ ਕਰਦਾ ਸਵਾਲ ਤੇ ਉੱਤਰ ਜਿਸਮ ਚਲਾਵੇ ਸਾਰਾ ਸੰਸਾਰ ਜਿਸਮ ਹੀ ਨਫ਼ਰਤ ਜਿਸਮ ਹੀ ਪਿਆਰ। ਜਿਸਮ ਜਿਸਮ ਦਾ ਕਰੇ ਸੰਘਾਰ . ਕਰਦਾ ਸਾਰੇ ਕਾਰ ਵਿਹਾਰ ਜਿਸਮ ਬਿਨਾ ਗਿਆਨ ਨਾ ਹੋਵੇ। ਜਿਸਮ ਬਿਨਾ ਧਿਆਨ ਨਾ ਹੋਵੇ। ਰੂਹ ਕੋਈ ਪਰਵਾਨ ਨਾ ਹੋਵੇ। ਰੂਹ ਦਾ ਜੇ ਮਕਾਨ ਨਾ ਹੋਵੇ। ਜਿਸਮ ਦੇ ਰਾਹੀਂ ਹੱਸੇ ਰੋਵੇ। ਜਿਸਮ ਦੇ ਰਾਹੀਂ ਨੀਵਾਂ ਹੋਵੇ। ਜਿਸਮ ਦੇ ਰਾਹੀਂ ਤੁਰੇ ਖਲੋਵੇ। ਜਿਸਮ ਦੇ ਰਾਹੀਂ ਪਾਪ ਨੂੰ ਧੋਵੇ। ਜਿਸਮ ਨੂੰ ਧੋਤੇ ਪਾਪ ਨਾ ਜਾਏ। ਮਨ ਵੀ ਨਿਖਰੇ ਜਿਸਮ ਪਰਥਾਏ ਮਨ ਧੋਣ ਦਾ ਜਿਸਮ ਸਹਾਰਾ। ਮਨ ਸਾਗਰ ਲਈ ਜਿਸਮ ਕਿਨਾਰਾ। ਮਨੁ ਸਾਧਣ ਲਈ ਤੀਰਥ ਭਾਰਾ। ਮਨ ਦੇ ਲਈ ਹੈ ਦੀਪ ਉਜਾਰਾ। ਰੂਹ ਨੇ ਉਡਣਾ ਜਿਸਮ ਨੇ ਮਰਨਾ ਡੇਰਾ ਮੁੜ ਕੇ ਜਿਸਮ ਦਾ ਕਰਨਾ ਜੇਕਰ ਇਸ ਨੂੰ ਮਰਨਾ ਆਵੇ ਮਰ ਕੇ ਸਾਰੇ ਗਿਆਨ ਨੂੰ ਪਾਵੇ। ਮਰਕੇ ਹੀ ਏਹ ਜੀਣ ਹੰਢਾਵੇ। ਗੱਲਾਂ ਨਾਲ ਨਾ ਮਰਿਆ ਜਾਵੇ। ਸੁਰਤ ਨੂੰ ਅਸਮਾਨ ਚੜਾਵੇ ਸੂਰਤ ਸ਼ਬਦ ਦੇ ਵਿਚ ਸਮਾਵੇ। ਬਾਕੀ ਸਭ ਮੰਨੇ ਪਰਛਾਵੇਂ। ਗੀਤ ਪ੍ਰਭੂ ਦੇ ਹਰ ਪਲ ਗਾਵੇ। ਰੇਣ ਬਣੇ ਪੈਰਾਂ ਤੋਂ ਥੱਲੇ। ਧਰਤੀ ਹੇਠ ਜਿਉਂ ਪਾਣੀ ਚੱਲੇ। ਜੋ ਇਜ ਹੋਵੇ ਮੀਤ ਬਣਾਵੇ। ਉਸ ਨੂੰ ਚੁੰਮੇ ਗਲ ਨਾਲ ਲਾਵੇ। ਬਾਬਾ ਫ਼ਰੀਦ ਦੀ ਗਲ ਕਮਾਵੇ। ਨਾ ਉਹ ਆਵੇ ਨਾ ਉਹ ਜਾਵੇ। ਜਿਸਮ ਤੋਂ ਬਾਹਰ ਜਿਸਮ ਬਣਾਏ। ਜਿਸਮਾਂ ਅੰਦਰ ਖੇਡ ਰਚਾਵੇ। ਕਣ ਕਣ ਅੰਦਰ ਦਰਸ ਦਿਖਾਵੇ। ਇਕ ਬਿਨਾਂ ਨਾ ਦੂਜਾ ਭਾਏ ਇਕੋ ਅੰਦਰ ਬਾਹਰ ਹੈ ਸੋਏ ਪਕਾ ਏਹ ਪਰਪੱਕ ਜਾ ਹੋਏ। ਤਾਂ ਇਹ ਜਿਉਂਦਾ ਸੱਚੀਂ ਮੋਏ। ਸੱਚੇ ਮੰਦਰ ਵਿੱਚ ਖਲੋਏ। ਸੱਚਾ ਮੰਦਰ ਦਸਮ ਦੁਆਰਾ। ਦਸਮ ਦੁਆਰਾ ਅਗਮ ਅਪਾਰਾ। ਨੌ ਮੁੰਦੇ ਤਾਂ ਦਸਮਾਂ ਪਾਵੇ। ਆਪਣੇ ਆਪ ਨੂੰ ਨੀਚ ਸਦਾਵੇ। ਪਲ ਪਲ ਆਪਣੀ ਮੌਤ ਹੰਢਾਵੇ। ਤਾਂ ਫਿਰ ਸੱਚ ਦਾ ਦਰਸ਼ਨ ਪਾਵੇ। ਪਾਪ ਪੁੰਨ ਨੂੰ ਬਸਤਰ ਜਾਣੇ ਸਦਾ ਵਸੇ ਉਸਦੇ ਭਾਣੇ ਤਾਂ ਮਨ ਟਿਕੇ ਇਕ ਟਿਕਾਣੇ ਇਕੋ ਜਾਣੇ ਕਮਲੇ ਸਿਆਣੇ। ਤੇਰੀ ਪੂਰੀ ਜੇ ਕਿਰਪਾ ਹੋਵੇ। ਸਾਰਾ ਭੈ ਭਰਮ ਤਾਂ ਖੋਵੇ। ਸੱਚੇ ਹੋ ਜਾਣ ਸਾਰੇ ਧਾਮ। ਸੱਚਾ ਲੋਭ ਮੋਹ ਤੇ ਕਾਮ ਸੂਰਤ ਸੀਰਤ ਸੱਚੇ ਨਾਮ। ਇਕੋ ਆਦਿ ਅੰਤ ਵਿਸਰਾਮ। ਆਪੇ ਧਰਤਾਂ ਗਗਨ ਬਣਾਏ। ਆਪੇ ਸਾਰੇ ਜੰਤ ਰਚਾਏ। ਸਾਗਰ ਨਦੀਆਂ ਖੂਬ ਸਜਾਏ। ਕਦੇ ਬਣਾਏ ਕਦੇ ਮਿਟਾਏ। ਚੰਗਾ ਜੀਣਾ ਚੰਗਾ ਮਰਨਾ। ਚੰਗਾ ਮੰਦਾ ਤੂੰਹੀਓ ਕਰਨਾ। ਅੰਦਰ ਬਾਹਰ ਦਰਸ ਦਿਖਾ ਦੇ ਭੁਲੇ ਆਲਮ ਨੂੰ ਸਮਝਾ ਦੇ।
ਗੁਰੂ ਨਾਨਕ ਦੇਵ ਦੇ ਪ੍ਰਕਾਸ ਦਿਵਸ ਤੇ
ਕਲ੍ਹ ਨੂੰ ਕੀ ਹੋਵੇਗਾ ਦੂਰ ਦੀ ਗੱਲ ਹੈ, ਪਲ ਨੂੰ ਕੀ ਹੋਵੇਗਾ ਕੁਝ ਪਤਾ ਨਹੀਂ ਜਨਮ ਤੋਂ ਪਹਿਲਾਂ ਕਿਥੇ ਸੀ? ਮਰਨ ਤੋਂ ਬਾਅਦ ਕਿਥੇ ਹੋਵਾਂਗੇ ਪਤਾ ਨਹੀਂ ਦਿਸਦਾ ਕੁਝ ਵੀ ਨਹੀਂ ਸੌ ਪਰਸੈਂਟ ਤੋਂ ਵੀ ਜ਼ਿਆਦਾ ਅੰਨੇ ਹਾਂ ਦਾਅਵੇ ਕਰਦੇ ਹਾਂ ਸੁਜਾਖੇ ਹੋਣ ਦੇ ਕੋਈ ਚੀਜ਼ ਏਥੇ ਪੁੰਨ ਹੈ, ਉਥੇ ਪਾਪ ਹੈ ਸ਼ਰਾਬ ਕਬਾਬ ਕਿਸੇ ਦਾ ਸਭਿਆਚਾਰ ਹੈ, ਕਈਆਂ ਲਈ ਡਰ ਪਾਪ ਤੇ ਸਰਾਪ ਰਿਸ਼ਤਿਆਂ ਦਾ ਜੋੜ ਅਜੋੜ ਜੋ ਵੀ ਦਿਸਦੀ ਹੈ ਤੋੜ ਮਰੋੜ ਸਭ ਨੇ ਦਿੱਸ ਰਹੇ ਸੰਸਾਰ ਦੀਆਂ ਗੱਲਾਂ ਸਰੀਰੀ ਅੱਖ ਕਿਨੀ ਕੁ ਦੂਰ ਦੇਖ ਸਕਦੀ ਹੈ ਦੱਸ ਵੀਹ ਮੀਲ ਦੂਰ ਦਿਸਹੱਦੇ ਤੀਕਰ ਮਨ ਦੀ ਅੱਖ ਬੰਦ ਪਈ ਹੈ ਯੁਗਾਂ ਤੋਂ ਤਨ ਦੀ ਅੱਖ ਨੂੰ ਸਭ ਕੁਝ ਮੰਨ ਬੈਠੇ ਹਾਂ ਅਸੀਂ ਤਨ ਰੂਪੀ ਅੱਖਾਂ ਵਸਤੂਆਂ ਦੇ ਗੁਲਾਮ ਹੋ ਗਏ ਹਾਂ। ਟੈਲੀਫ਼ੋਨ ਟੀ.ਵੀ. ਕੰਪਿਊਟਰ ਨੇ ਸੰਸਾਰ ਨੂੰ ਹੀ ਨਹੀਂ ਮਨੁੱਖੀ ਮਨ ਨੂੰ ਵੀ ਸਮੇਟ ਕੇ ਆਪਣੇ ਵਰਗਾ ਗਿੱਠ ਮੁਠੀਆ ਬਣਾ ਦਿੱਤਾ ਹੈ। ਅੱਜ ਦਾ ਆਦਮੀ ਇਛਾਵਾਂ ਦੇ ਤਪਦੇ ਰੇਗਿਸਤਾਨ ਵਿਚ ਤੜਪਦਾ ਕਲਪਦਾ ਰੋਜ਼ ਨਵੀਂ ਭਟਕਣਾ ਸਿਰਜਦਾ ਆਪਣੇ ਆਪੇ ਤੋਂ ਦੂਰ ਕਈ ਪਾਖੰਡਾਂ ਦੀਆਂ ਉੱਚੀਆਂ ਪਹਾੜੀਆਂ ਤੇ ਗੁਰੂ ਬਣ ਕੇ ਖੜਾ ਆਪਣੇ ਹੱਥੀਂ ਮਾਰੀ ਆਪਣੀ ਜ਼ਮੀਰ ਤੋਂ ਕਦੇ ਕੁਝ ਬੁਲਵਾਉਂਦਾ ਹੈ ਕਦੇ ਕੁਝ ਦਿਖਾਉਂਦਾ ਹੈ ਨਵੇਂ ਯੁਗ ਵਿੱਚ ਨਵੀਆਂ ਤਕਨੀਕੀਆਂ ਨਾਲ ਲੁੱਟ ਰਹੇ ਹਨ ਅੱਜ ਵੀ ਬੇਵਾਕੂਫ਼ ਬਣ ਰਹੇ ਨੇ ਬੜੇ ਕਾਬਲ ਪੜ੍ਹੇ ਲਿਖੇ ਲੋਕ ਅੱਜ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਦਿਵਸ ਤੇ ਤ੍ਰਿਕੁਟੀ ਤੋਂ ਲੈ ਕੇ ਦਸਮ ਦੁਆਰ ਤੱਕ ਇਕ ਲਾਸਾਨੀ ਅਸੀਮ ਪ੍ਰਕਾਸ਼ ਉਮੜਿਆ ਮਨ ਦਾ ਆਤਮਾ ਨਾਲ ਵਿਚਾਰ ਛਿੜਿਆ ਮਨ ਨੇ ਸਿਫ਼ਤਾਂ ਕੀਤੀਆਂ ਅਕਲੀ ਪਸਾਰ ਦੀਆਂ ਆਤਮਾ ਨੇ ਪਰਮਾਤਮਾ ਦਾ ਰੂਪ ਧਾਰਿਆ ਪ੍ਰਸੰਨ ਹੋ ਕੇ ਕਿਹਾ ਮੇਰੇ ਪਿਆਰੇ, ਮੇਰੇ ਮਿੱਤਰ ਤੈਨੂੰ ਪਤਾ ਹੈ ਸਮੁੰਦਰ ਦੇ ਇਕ ਕਿਨਾਰੇ ਦੇ ਇਕ ਕੋਣੇ ਵਿੱਚ ਲੱਖਾਂ ਬੇੜੇ ਲੱਖਾਂ ਹਵਾਈ ਜਹਾਜ਼ ਗੁੰਮ ਗਏ ਕੁਝ ਵੀ ਪਤਾ ਨਹੀਂ ਲੱਗਾ ਸਭ ਅਕਲਾਂ ਹਾਰ ਗਈਆਂ ਆਹ ਤੇਰੇ ਸਾਹਮਣੇ ਡਿਸਕਵਰੀ ਵਿੱਚ ਆਦਮੀ ਤੇਜ਼ਾਬ ਵਿੱਚ ਚੁਭੀਆਂ ਮਾਰ ਰਿਹਾ ਲੋਹਾ ਲੱਕੜ ਕੱਚ ਖਾ ਰਿਹਾ ਪੋਟਾਸ਼ੀਅਮ ਸਾਇਓਨੇਟ ਖਾ ਗਿਆ ਸਭ ਕੁਝ ਸਾਹਮਣੇ ਦਿਸ ਰਿਹਾ ਹੈ ਮਨ ਅਜੇ ਵੀ ਨਹੀਂ ਮੰਨਦਾ ਕਈ ਸਵਾਲ ਖੜੇ ਹਨ ਕਿਵੇਂ ਹੋ ਸਕਦਾ ਹੈ? ਜੇ ਇਹ ਸਭ ਕੁਝ ਹੋ ਸਕਦਾ ਹੈ ਤਾਂ ਕੁਝ ਵੀ ਕਰ ਸਕਦਾ ਹੈ ਉਹ ਮਾਲਕ, ਉਹ ਕਰਤਾਰ, ਮਨ ਅਜੇ ਮੰਨਿਆ ਹੀ ਸੀ ਪਰਮ ਸ਼ਕਤੀ ਨੇ ਮੇਰੀ ਸੁਰਤ ਨੂੰ ਫੜ ਕੇ ਮੇਰੇ ਖੱਬ ਹੱਥ ਦੇ ਇਕ ਰੋਮ ਵਿੱਚ ਪਾਇਆ ਅਤੇ ਕੀ ਦਿਖਾਇਆ ਇਕ ਰੋਮ ਵਿੱਚ ਲੱਖਾਂ ਸਮੁੰਦਰ ਅਕਾਸ਼ ਤਾਰਿਕਾ ਮੰਡਲ ਅਨੇਕਾਂ ਰੰਗ ਅਨੇਕਾਂ ਰੰਗਾਂ ਦਾ ਪਾਣੀ ਹਵਾਵਾਂ ਫੇਰ ਲਿਆਂਦਾ ਬਾਹਰ ਅਕਲੀ ਸੰਸਾਰ ਵਿੱਚ ਫੇਰ ਸੱਜੇ ਹੱਥ ਦੀ ਹਥੇਲੀ ਦੇ ਰੋਮ ਵਿੱਚ ਪਾਇਆ- ਤੇ ਦਿਖਾਇਆ ਪਰਬਤ ਸਮੁੰਦਰ ਬਣ ਰਹੇ ਨੇ ਕਦੇ ਸਮੁੰਦਰ ਰੇਗਿਸਤਾਨ ਦਰਖ਼ ਬੋਲਦੇ ਨੇ ਜਾਨਵਰ ਗਾ ਰਹੇ ਨੇ ਹੱਸ ਰਹੇ ਨੇ ਆਦਮੀ ਰੇਤ ਦੇ ਟਿੱਬੇ ਖਿੰਗਰਾਂ ਬਣੇ, ਕੰਡਿਆਲੀਆਂ ਝਾੜੀਆਂ ਬਣੇ, ਚੀਖਦੇ ਨੇ, ਕੁਝ ਜਲ ਰਹੇ ਨੇ, ਸਭ ਦੇਖ ਕੇ, ਮੇਰੀ ਰੂਹ ਕੰਬੀ, ਮੇਰੀ ਰੂਹ ਜਾਗ ਉੱਠੀ ਤਾਂ ਪਰਮਸ਼ਕਤੀ ਨੇ ਕਿਹਾ ਇਹ ਤਨ ਤੇਰਾ ਵਾਹਨ ਹੈ ਮਕਾਨ ਹੈ ਇਹ ਤੂੰ ਨਹੀਂ, ਇਸ ਦੇ ਰੋਮ ਰੋਮ ਵਿੱਚ ਤੇਰੀ ਤੇ ਮੇਰੀ ਰੋਸ਼ਨੀ ਹੈ ਆ ਬੈਠ ਜਾਹ ਇਸ ਰੋਸ਼ਨੀ ਦੇ ਜਹਾਜ਼ ਵਿੱਚ ਆ ਬੈਠ ਮੇਰੇ ਨਾਲ ਉਹਨਾਂ ਮੰਡਲਾਂ ਦੀ ਸੈਰ ਕਰੀਏ ਜਿਥੇ ਵਿਦਿਆ ਅਵਿਦਿਆ ਪਾਪ ਪੁੰਨ ਸਭ ਸੀਮਾਵਾਂ ਮੁੱਕ ਜਾਂਦੀਆਂ ਹਨ ਹੁਣ ਮੈਂ ਤੈਨੂੰ ਸਭ ਚੱਕਰਾਂ ਸਭ ਖਿੱਚਾਂ ਤੋਂ ਪਾਰ ਲਿਆਂਦਾ ਹੈ, ਆਹ ਵੇਖ ਸਭ ਇਕ ਹੀ ਨੇ, ਰਾਮ ਈਸਾ ਮੁਹੰਮਦ, ਬੁੱਧ ਅਤੇ ਗੁਰੂ ਨਾਨਕ ਬ੍ਰਹਮਾ ਬਿਸ਼ਨ ਮਹੇਸ਼, ਭਗਵਤੀ ਗੋਰੀ ਸ਼ੰਕਰ ਪਾਰਬਤੀ, ਲੱਛਮੀ ਮਰੀਅਮ ਦੇਵਕੀ, ਯਸ਼ੋਦਰਾ, ਮਾਤਾ ਤ੍ਰਿਪਤਾ ਸਭ ਮੇਰਾ ਹੀ ਰੂਪ ਨੇ ਸਭ ਮੇਰਾ ਹੀ ਰੂਪ ਨੇ