Punjabi Ghazals Aashiq Lahore

ਪੰਜਾਬੀ ਗ਼ਜ਼ਲਾਂ ਆਸ਼ਿਕ ਲਾਹੌਰ

1. ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ

ਇਸ ਵਿੱਚ ਪੜ੍ਹ ਤੂੰ, ਇਸ ਵਿੱਚ ਲਿਖ ਤੂੰ, ਇਸ ਵਿੱਚ ਕਰ ਤਕਰੀਰਾਂ ।
'ਮਾਂ-ਬੋਲੀ' ਦਾ ਪੱਲਾ ਫੜ ਲੈ, ਬਣ ਜਾਸਨ ਤਕਦੀਰਾਂ ।

ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ, ਹੋਣੀ ਕਾਬਜ਼ ਹੋਈ,
'ਸੋਹਣੀਆਂ' ਵਿੱਚ ਝਨ੍ਹਾਂ ਦੇ ਡੁੱਬੀਆਂ, ਮਹੁਰਾ ਖਾਧਾ ਹੀਰਾਂ ।

ਸਾਥੋਂ ਚੜ੍ਹਦੀ ਧਰਤੀ ਖੁੱਸੀ, ਬੋਲੀ ਵੀ ਅੱਡ ਹੋਈ,
ਸਾਡੇ ਸਿਰ ਦੀ ਚੁੰਨੀ ਪਾਟੀ, ਪੱਗ ਵੀ ਲੀਰਾਂ ਲੀਰਾਂ ।

ਸਾਨੂੰ ਡੁਸਕਣ ਵੀ ਨਾ ਦਿੰਦੇ, ਮੂੰਹ 'ਤੇ ਜਿੰਦਰੇ ਲੱਗੇ,
ਸਾਨੂੰ ਹਿੱਲਣ ਵੀ ਨਾ ਦਿੰਦੇ, ਛਣਕਨ ਨਾ ਜ਼ੰਜੀਰਾਂ ।

ਰੰਗ-ਬਰੰਗੇ ਸੋਹਣੇ ਪੰਛੀ, ਏਥੋਂ ਤੁਰਦੇ ਹੋਏ,
ਥੋੜ੍ਹੇ ਉੱਲੂ-ਬਾਟੇ ਰਹਿ ਗਏ, ਬੈਠੇ ਜੰਡ-ਕਰੀਰਾਂ ।

ਅਪਣੀ ਬੋਲੀ, ਅਪਣੀ ਧਰਤੀ, ਛੱਡਿਆਂ ਕੁਝ ਨਹੀਂ ਰਹਿੰਦਾ,
ਕੁਦਰਤ ਮਾਫ਼ ਕਦੇ ਨਹੀਂ ਕਰਦੀ, 'ਆਸ਼ਿਕ' ਇਹ ਤਕਸੀਰਾਂ ।

2. ਲਾਂਬੂ ਸਾਡੇ ਸੀਨੇ ਦੇ ਵਿੱਚ

ਲਾਂਬੂ ਸਾਡੇ ਸੀਨੇ ਦੇ ਵਿੱਚ, ਬਲ਼-ਬਲ਼ ਉਠਦੇ ਹਾਵਾਂ ਨਾਲ ।
ਏਹ ਨਿਰਾਲੀ ਅੱਗ ਨਾ ਬੁੱਝਦੀ, ਯਾਰੋ ਠੰਢੀਆਂ ਛਾਵਾਂ ਨਾਲ ।

ਇਸ਼ਕ ਤਿਰੇ ਵਿੱਚ ਸਭ ਕੁਝ ਖੁੱਸਿਆ, ਦੀਨ ਈਮਾਨ ਤੇ ਦੁਨੀਆਂ ਵੀ,
ਅਪਣੀ ਜ਼ਾਤ-ਸਿਫ਼ਾਤ ਕੀ ਦੱਸੀਏ ? ਸਾਨੂੰ ਕੀ ਹੁਣ ਨਾਵਾਂ ਨਾਲ ।

ਲੱਖਾਂ ਸਾਲ ਇਬਾਦਤ ਕਰਨੀ, ਔਖਾ ਕੰਮ 'ਮਲਾਇਕ' ਦਾ,
ਹੁਕਮ ਕਰੇਂ ਤੇ ਮੈਂ ਵੀ ਰੱਬਾ, ਭਾਰੇ ਭਾਰ ਵੰਡਾਵਾਂ ਨਾਲ ।

ਮਸਜਿਦ-ਮੰਦਰ ਸਭ ਥਾਂ ਲੱਭਿਆ, ਲੱਭ-ਲੱਭ ਕੇ ਲਾਚਾਰ ਹੋਏ,
ਕਿਹੜਾ ਮੂੰਹ ਲੈ ਵਾਪਸ ਜਾਈਏ ? ਆਏ ਹੈਸਾਂ ਚਾਵਾਂ ਨਾਲ ।

ਅਸੀਂ ਨਿਮਾਣੇ ਸਾਦ-ਮੁਰਾਦੇ, ਭਾਰੇ ਦੁੱਖ ਜੁਦਾਈਆਂ ਦੇ,
ਇਸ਼ਕ ਨੇ ਸਾਡਾ ਸਭ ਕੁਝ ਲੁੱਟਿਆ, ਪੁੱਠਿਆਂ ਸਿੱਧਿਆਂ ਦਾਵਾਂ ਨਾਲ ।

ਕਾਸਿਦ ਨੂੰ ਕੀ ਸਾਰ ਹੈ 'ਆਸ਼ਿਕ', ਸਾਡੇ 'ਤੇ ਜੋ ਬੀਤੀ ਹੈ,
ਉਹਦੇ ਵਸ ਦੀ ਗੱਲ ਨਹੀਂ ਲੱਗਦੀ, ਲੱਗੇ ਤੇ ਮੈਂ ਜਾਵਾਂ ਨਾਲ ।

(ਮਲਾਇਕ=ਫ਼ਰਿਸ਼ਤੇ)

3. ਸੌ-ਸੌ ਸਾਲਾਂ ਉਮਰਾਂ ਹੋਈਆਂ

ਸੌ-ਸੌ ਸਾਲਾਂ ਉਮਰਾਂ ਹੋਈਆਂ, ਲੱਗਿਆ ਪਲ ਦਾ ਮੇਲਾ ਸੀ ।
ਜੀਵਨ ਦਾ ਕੋਈ ਮਕਸਦ ਨਾ ਸੀ, ਸਮਝੋ ਮਰਨ ਦਾ ਹੀਲਾ ਸੀ ।

ਅਪਣੇ ਆਪ ਨੂੰ ਕਿਦਾਂ ਬਦਲਾਂ ? ਜਾਨ ਛੁਡਾਵਾਂ ਦੁੱਖਾਂ ਤੋਂ,
ਜਿੱਧਰ ਜਾਵਾਂ ਉੱਧਰ ਅੱਗੇ, ਦੁਖੜਾ ਨਵਾਂ-ਨਵੇਲਾ ਸੀ ।

ਸਿਖਰ-ਦੁਪਹਿਰੇ ਦੁਨੀਆਂ ਦੇ ਵਿੱਚ, ਤੈਨੂੰ ਲੱਭ-ਲੱਭ ਹਾਰ ਗਏ,
ਆਖ਼ਰ ਸ਼ਾਮਾਂ ਪਈਆਂ ਸਾਨੂੰ, ਹੋਇਆ ਵਖ਼ਤ ਕੁਵੇਲਾ ਸੀ ।

ਆਖ਼ਰ ਤੇਰਾ ਦਰਸ਼ਨ ਹੋਇਆ, ਕਿੱਥੇ ਹੋਇਆ, ਸਾਨੂੰ ਕੀ ?
ਮਸਜਿਦ ਸੀ, ਮੰਦਰ ਸੀ, ਯਾ ਫਿਰ, 'ਬਾਲ-ਨਾਥ' ਦਾ ਟਿੱਲਾ ਸੀ ।

ਅਪਣੀ ਅੱਗ ਵਿੱਚ ਆਪੇ ਸੜਕੇ, ਆਖ਼ਰ ਕੁੰਦਨ ਹੋਇਆ ਮੈਂ,
ਉਸ ਦਾ ਰੁਤਬਾ ਉੱਚਾ ਹੋਇਆ, ਜਿਹੜਾ ਸਾਡਾ ਚੇਲਾ ਸੀ ।

ਮੈਨੂੰ ਵਹਿਸ਼ਤ ਦੇ ਵਿੱਚ 'ਆਸ਼ਿਕ', ਦੂਰ ਨਹੀਂ ਜਾਣਾ ਪੈਂਦਾ ਸੀ,
ਮੇਰੇ ਅਪਣੇ ਜ਼ਿਹਨ ਦੇ ਅੰਦਰ, ਵੱਡਾ ਜੰਗਲ-ਬੇਲਾ ਸੀ ।

4. ਦੁੱਖ ਦਰਿਆ ਸਮੁੰਦਰ ਬਣ ਗਏ

ਦੁੱਖ ਦਰਿਆ ਸਮੁੰਦਰ ਬਣ ਗਏ, ਟੁੱਟੇ ਸੱਭ ਸਹਾਰੇ ।
ਆਸਾਂ ਨੂੰ ਇੰਝ ਢਾਵਾਂ ਲੱਗੀਆਂ, ਖੁਰ-ਖੁਰ ਗਏ ਕਿਨਾਰੇ ।

ਹੁਣ ਤੇ ਦਿਲ ਵਿੱਚ ਕਿਧਰੇ ਵੀ ਕੋਈ, ਆਸਾ ਉਮੀਦ ਨਹੀਂ ਵਸਦੀ,
ਇੱਕ-ਇੱਕ ਕਰਕੇ ਬੁਝੇ ਆਖ਼ਰ, ਇਹ ਸਭ ਨੂਰ-ਮੁਨਾਰੇ ।

ਲੱਖ ਕਰੋੜਾਂ ਪੁੱਤਰ ਹੁੰਦਿਆਂ, ਰੁਲਾਂ ਮੈਂ ਕੱਲਮ-ਕੱਲੀ,
ਬੇਲੇ ਵਿੱਚ ਇਕ ਮਾਈ ਖਲੋਤੀ, ਰੋ-ਰੋ ਪਈ ਪੁਕਾਰੇ ।

ਹਰਫ਼ ਵਿਚਾਰੇ ਅੱਡੀਆਂ ਚੁੱਕ-ਚੁੱਕ ਏਧਰ-ਉੱਧਰ ਦੇਖਣ,
ਖ਼ੂਨ ਦਾ ਵੱਤਰ ਲਾਵੇ ਕਿਹੜਾ ? ਸਾਨੂੰ ਕੌਣ ਪੁਕਾਰੇ ?

ਅਪਣੀ ਜਾਨ ਤਲੀ 'ਤੇ ਧਰਕੇ, ਛਾਤੀ ਤਾਣ ਖਲੋਵੇ,
ਮਾਂ-ਬੋਲੀ 'ਤੇ ਪਹਿਰਾ ਦੇਵੇ ! ਕੋਈ ਨਾ ਪੱਥਰ ਮਾਰੇ ।

ਚਿਰ ਹੋਇਆ ਏ ਧਰਤੀ ਉੱਤੇ ਰੌਣਕ-ਮੇਲਾ ਲੱਗਿਆਂ,
ਆ ਜਾ ਸੂਲ਼ੀ ਚੜ੍ਹਕੇ ਨੱਚੀਏ, ਦੇਖਣ ਲੋਕ ਨਜ਼ਾਰੇ ।

ਜੋ ਕੁਝ ਕਰਨੈਂ ਅੱਜ ਹੀ ਕਰਲੈ, ਕੱਲ੍ਹ ਕਿਸੇ ਨਹੀਂ ਦੇਖੀ,
ਓੜਕ ਇਕ ਦਿਨ ਵੱਜ ਜਾਣੇ ਨੇ 'ਆਸ਼ਿਕ' ਕੂਚ-ਨਗਾਰੇ ।

5. ਚੱਲੋ ਬਾਗ਼ਾਂ ਦੇ ਵਿੱਚ ਚੱਲੀਏ

ਚੱਲੋ ਬਾਗ਼ਾਂ ਦੇ ਵਿੱਚ ਚੱਲੀਏ, ਆਈ ਰੁੱਤ ਬਹਾਰਾਂ ।
ਫੁੱਲ ਤੇ ਕਲੀਆਂ ਪਾਲਣ ਦੇ ਲਈ, ਡੋਲ੍ਹੇ ਰੱਤ ਫੁਹਾਰਾਂ ।

ਹੁਣ ਤੇ ਅਪਣਾ ਭਾਰ ਵੀ ਸਾਨੂੰ, ਚੁੱਕਣਾ ਔਖਾ ਹੋਇਆ,
ਕੱਪੜੇ ਲੀਰੋ-ਲੀਰ ਕਰੋ, ਤੇ ਗਲ਼ਮਾ ਚੀਰ ਲੰਗਾਰਾਂ ।

ਰੀਝਾਂ, ਸੱਧਰਾਂ ਨੇ ਸੁਪਨੇ ਵਿੱਚ, ਬਾਤ ਅਨੋਖੀ ਕੀਤੀ,
ਬਾਜ਼ ਤੇ ਸ਼ਿਕਰੇ ਰੁਲਦੇ ਫਿਰਦੇ, ਹੋਇਆ 'ਕੱਠ ਗੁਟਾਰਾਂ ।

ਜਿੰਦ ਵਿਚਾਰੀ ਰੋ ਰੋ ਹਾਰੀ, ਇਸ ਦੇ ਅੱਥਰੂ ਪੂੰਝੋ,
ਰੱਤ ਜਿਗਰ ਦੀ ਦੇ ਕੇ ਬਖ਼ਸ਼ੋ, ਜ਼ੀਨਤ, ਜ਼ੇਬ ਸ਼ਿੰਗਾਰਾਂ ।

'ਆਸ਼ਿਕ' ਕਿਧਰੇ ਸਾਡੇ 'ਤੇ ਕੋਈ, ਕਹਿਰ ਨਾ ਆਉਂਦਾ ਹੋਵੇ,
ਪੰਛੀ ਹਿਜਰਤ ਕਰ ਗਏ ਏਥੋਂ, ਭਲਕੇ ਬੰਨ੍ਹ ਕਤਾਰਾਂ ।