Abdi Qadri Kaisarshahi
ਅਬਦੀ ਕਾਦਰੀ ਕੈਸਰਸ਼ਾਹੀ

ਅਬਦੀ ਕਾਦਰੀ ਕੈਸਰਸ਼ਾਹੀ ਅਖਵਾਉਂਦੇ ਸਨ । ਆਪ ਗੁਜਰਾਂਵਾਲੇ ਦੇ ਰਹਿਣ ਵਾਲੇ ਸਨ । ਇਨ੍ਹਾਂ ਦੀ ਇੱਕ ਹੀ ਸੀਹਰਫ਼ੀ ਛਪੀ ਮਿਲਦੀ ਹੈ ।

ਪੰਜਾਬੀ ਕਲਾਮ/ਕਵਿਤਾ ਅਬਦੀ ਕਾਦਰੀ ਕੈਸਰਸ਼ਾਹੀ

ਸੀਹਰਫ਼ੀ

(੧)
ਅਲਫ਼ ਅੰਤ ਨਾ ਰਬ ਦਾ ਆਂਵਦਾ ਏ
ਪਾਏ ਰਬ ਦੇ ਭੇਤ ਨੂੰ ਕੌਣ ਯਾਰਾ
ਰੱਬ ਆਪ ਮੌਜੂਦ ਹੈ ਕੋਲ ਸਾਡੇ
ਪੱਖੇ ਵਿਚ ਜਿਉਂ ਹੋਂਦੀ ਏ ਪੌਣ ਯਾਰਾ
ਬਾਝ ਆਪਣਾ ਆਪ ਪਛਾਨਣੇ ਦੇ
ਜਾਏ ਉਮਰ ਸਾਰੀ ਆਵਾਗੌਣ ਯਾਰਾ
ਅਬਦੀ ਰੱਬ ਨੂੰ ਭਾਲਿਆ ਜਿਨਹਾਂ ਬਾਹਰ
ਦੇਂਦਾ ਉਨਹਾਂ ਨੂੰ ਹਿਜਰ ਨਾ ਸੌਣ ਯਾਰਾ

(੨)
ਮੀਮ ਮੌਲਾ ਨੂੰ ਜਦੋਂ ਪਛਾਣਿ ਬੰਦਾ
ਹੋਇਆ ਸਾਫ਼ ਸਫ਼ਾ ਮਲੰਗ ਯਾਰਾ
ਇਕਸੇ ਡੀਕ ਹੀ ਸਾਰਿਆਂ ਮਜ਼ਹਬਾਂ ਨੂੰ
ਪੀਤਾ ਘੋਲ ਕੇ ਓਸ ਨਿਸ਼ੰਗ ਯਾਰਾ
ਹੋਇਆ ਓਸ ਦਾ ਰੰਗ ਜਾਂ ਸਿਬਗ਼ਾ ਤੁੱਲਾ
ਚੜ੍ਹੇ ਓਸ ਤੇ ਹੋਰ ਨਾ ਰੰਗ ਯਾਰਾ
'ਅਬਦੀ' ਪਰਤ ਕੇ ਫੇਰ ਨਾ ਮੂਲ ਆਵਣ
ਗਈਆਂ ਹੱਡੀਆਂ ਵਿਚ ਜੇ ਗੰਗ ਯਾਰਾ

(੩)
ਨੂਨ ਨੂਰ ਖ਼ੁਦਾ ਮਨਸੂਰ ਆਸ਼ਕ
ਵੇਖੇ ਇਕ ਨਾ ਜਾਂਵਦਾ ਗ਼ੈਰ ਯਾਰਾ
ਨਾਹਰਾ ਮਾਰਿਆ ਅਨਲਹਕ ਪੁਗਿਆ ਓਹ
ਕੀਤਾ ਸੂਲੀ ਦਾ ਓਸ ਨੇ ਸੈਰ ਯਾਰਾ
ਪਾੜੇ ਅੜਤਣੇ ਪੜਤਣੇ ਓਸ ਸਾਰੇ
ਆਓ ਚੁੱਮੀਏਂ ਓਸ ਦੇ ਪੈਰ ਯਾਰਾ
'ਅਬਦੀ' ਏਹੋ ਏ ਹੱਕ ਦਾ ਰਾਹ ਸੱਚਾ
ਲੋਕਾਂ ਏਸਦੇ ਨਾਲ ਕਿਉਂ ਵੈਰ ਯਾਰਾ

(੪)
ਵਾਓ ਵਾਹ ਏ ਸ਼ੈਖ਼ ਅੱਤਾਰ ਪੂਰਾ
ਜਿਹੜਾ ਆਸ਼ਕਾਂ ਵਿੱਚ ਪਰਵਾਨ ਯਾਰਾ
ਆਲਮ ਇਲਮ ਤੌਹੀਦ ਦਾ ਓਹ ਕਾਮਲ
ਹਾਦੀ ਰਾਹ ਈਮਾਨ ਇਰਫ਼ਾਨ ਯਾਰਾ
ਬੋਲ ਉੱਠਿਆ ਓਹ ਮਿਨ ਖ਼ੁਦਾ ਓੜਕ
ਭਾਂਡਾ ਭੰਨਿਆ ਵਿੱਚ ਮਦਾਨ ਯਾਰਾ
'ਅਬਦੀ' ਵਾਂਗ ਸੁਣਾਈ ਏ ਓਸ ਸੱਚੀ
ਓਹਦੀ ਗੱਲ ਤੋਂ ਵਾਰੀਏ ਜਾਨ ਯਾਰਾ

(੫)
ਹੇ ਹੋਰ ਨਾ ਰੱਬ ਦੇ ਬਾਝ ਕੋਈ
ਓਹਾ ਸਾਡੜੀ ਜਿੰਦੜੀ ਜਾਨ ਯਾਰਾ
ਜਦੋਂ ਆਖਦੇ ਅਸੀਂ ਸੁਬਹਾਨ ਅੱਲਾ
ਓਹ ਭੀ ਆਖਦਾ ਨਾਲ ਸੁਬਹਾਨ ਯਾਰਾ
ਵੱਸੇ ਵਿਚ ਤੇ ਪਤਾ ਨ ਦੇਇ ਜ਼ਾਹਰ
ਛਪਣ ਛੋਤੀਆਂ ਓਸਦੀ ਬਾਨ ਯਾਰਾ
ਅਬਦੀ ਜਾਨ ਦਿਲ ਅੱਖੀਆਂ ਆਪ ਓਹਾ
ਦੱਸੇ ਪੁੱਛਿਆਂ ਲਾ ਮਕਾਨ ਯਾਰਾ

(੬)
ਅਲਫ਼ ਓਸਨੂੰ ਪਾਉਂਦਾ ਕੋਈ ਚਾਤਰ
ਗੁਰੂ ਪੀਰ ਵਾਲਾ ਇਸ਼ਕ ਬਾਜ਼ ਯਾਰਾ
ਕਰਦਾ ਆਪ ਓਹ ਨਾਜ਼ ਮਾਸ਼ੂਕ ਵਾਲੇ
ਆਪੇ ਆਸ਼ਕੀ ਵਾਂਗ ਨਿਆਜ਼ ਯਾਰਾ
ਆਪੋ ਆਪਣੀ ਨਹਾਇ ਕੇ ਕਰੇ ਪੂਜਾ
ਆਪੇ ਆਪਣੀ ਪੜ੍ਹੇ ਨਮਾਜ਼ ਯਾਰਾ
'ਅਬਦੀ' ਆਪ ਨੂੰ ਆਪ ਛਪਾਂਵਦਾ ਓਹ
ਆਪੇ ਆਪਣਾ ਖੋਹਲਦਾ ਰਾਜ਼ ਯਾਰਾ