Abdul Hamid Nizami ਅਬਦੁਲ ਹਮੀਦ 'ਨਿਜ਼ਾਮੀ'

ਨਾਂ- ਅਬਦੁਲ ਹਮੀਦ, ਕਲਮੀ ਨਾਂ- ਅਬਦੁਲ ਹਮੀਦ ਨਿਜ਼ਾਮੀ,
ਜਨਮ ਵਰ੍ਹਾ- 1961, ਜਨਮ ਸਥਾਨ- ਭਾਈ ਫੇਰੂ ਜ਼ਿਲਾ ਕਸੂਰ,
ਵਿਦਿਆ- ਐਫ਼. ਏ. ਛਪੀਆਂ ਕਿਤਾਬਾਂ- ਰੁੱਖਾਂ ਅੱਗ ਵਰਾਈ (ਪੰਜਾਬੀ ਸ਼ਾਇਰੀ),
ਪਤਾ- ਫ਼ੈਸਲ ਮਾਰਕੀਟ ਭਾਈ ਫੇਰੂ, ਜ਼ਿਲਾ ਕਸੂਰ, ਪੰਜਾਬ।

ਪੰਜਾਬੀ ਗ਼ਜ਼ਲਾਂ (ਰੁੱਖਾਂ ਅੱਗ ਵਰਾਈ 2002 ਵਿੱਚੋਂ) : ਅਬਦੁਲ ਹਮੀਦ 'ਨਿਜ਼ਾਮੀ'

Punjabi Ghazlan (Rukkhan Agg Warhai 2002) : Abdul Hamid Nizami

ਆਪਣੀ ਕੀਤੀ ਆਪੇ ਬੰਦਾ ਫੜਿਆ ਫਿਰਦੈ

ਆਪਣੀ ਕੀਤੀ ਆਪੇ ਬੰਦਾ ਫੜਿਆ ਫਿਰਦੈ ।
ਐਵੇਂ ਕਿਸਮਤ ਦੇ ਨਾਲ ਝੱਲਾ ਲੜਿਆ ਫਿਰਦੈ ।

ਕੱਚੀ ਪੈਂਸਲ ਵਾਂਗੂੰ ਬੰਦਾ ਟੁੱਟਦਾ ਜਾਂਦਾ,
ਹਿਰਸ ਤਮੇ ਦੇ ਘਾੜੂ ਅੰਦਰ ਘੜਿਆ ਫਿਰਦੈ ।

ਮੈਂ ਇਕ ਬੁਲਬੁਲਾ ਡਿੱਠਾ ਮਿੱਟੀ ਤੇ ਪਾਣੀ ਦਾ,
ਖ਼ਬਰੈ ਕਿਹੜੀ 'ਵਾ ਦੇ ਘੋੜੇ ਚੜ੍ਹਿਆ ਫਿਰਦੈ ।

ਇਕ ਗ਼ਲਤੀ ਤੇ ਮੰਗ ਕੇ ਮਾਫ਼ੀ ਮੁੜ-ਮੁੜ ਭੁੱਲੇ,
ਅਜੇ ਵੀ ਆਪਣੀ ਗੱਲ ਦੇ ਉੱਤੇ ਅੜਿਆ ਫਿਰਦੈ ।

ਬਿਨ ਰਹਿਬਰ ਦੇ ਪੰਧ ਅਗਾਂਹ ਦਾ ਕਿੰਜ ਉਹ ਕਰਸੀਂ,
ਦੁਨੀਆ ਵਾਲੀ ਮੰਜ਼ਿਲ ਪਾ ਕੇ ਖੜਿਆ ਫਿਰਦੈ ।

ਪਿੰਜਰੇ ਵਿਚ ਬੇਅਮਰਾ ਥਾਂ-ਥਾਂ ਚੁੰਝਾਂ ਮਾਰੇ,
ਚਸ਼ਕੇਦਾਰ ਇਕ ਦਾਣਾ ਖਾ ਕੇ ਤੜਿਆ ਫਿਰਦੈ ।

ਕਿਤੇ ਵੀ ਟਿਕਣ ਨਾ ਦੇਵੇ ਉਹ ਤੇ ਯਾਰ 'ਨਿਜ਼ਾਮੀ',
ਜਦ ਦਾ ਸੱਜਣ ਦੋ ਚਾਰ ਅੱਖਰ ਪੜ੍ਹਿਆ ਫਿਰਦੈ ।

ਹਾਲੇ ਜਾਬਰ ਜ਼ਾਲਮ ਵੱਡਾ ਰੱਜਿਆ ਨਹੀਂ

ਹਾਲੇ ਜਾਬਰ ਜ਼ਾਲਮ ਵੱਡਾ ਰੱਜਿਆ ਨਹੀਂ ।
ਘਰ ਘਰ ਦੇ ਵਿਚ ਪਾ ਕੇ ਫੱਡਾ ਰੱਜਿਆ ਨਹੀਂ ।

ਕੰਠ ਫ਼ੌਲਾਦੀ ਵੇਖ ਕੇ ਜ਼ਾਲਮ ਜਰਿਆ ਨਾ,
ਉਹਦੇ ਉੱਤੇ ਪਾ ਕੇ ਵੱਢਾ ਰੱਜਿਆ ਨਹੀਂ ।

ਸਾਨੂੰ ਹੋਸ਼ ਨਈਂ ਆਵਣ ਦਿੱਤੀ ਓਸੇ ਨੇ,
ਸੱਧਰਾਂ ਅੱਗੇ ਮਾਰ ਕੇ ਖੱਡਾ ਰੱਜਿਆ ਨਹੀਂ ।

ਅੱਗੇ ਚੱਲ ਕੇ ਕੀ ਕਰਨਾ ਏਂ ਸਾਨੂੰ ਦੱਸ,
ਐਨੇ ਚਿਰ ਦਾ ਗਾਹ ਕੇ ਡੱਡਾ ਰੱਜਿਆ ਨਹੀਂ ।

ਸੋਚਾਂ ਦੇ ਵਿਚ ਪਾਏ ਬੰਦੇ ਕੁਰਸੀ ਨੇ,
ਵੇਖ 'ਨਿਜ਼ਾਮੀ' ਦਿਲ ਦਾ ਵੱਢਾ ਰੱਜਿਆ ਨਹੀਂ ।

ਆ ਗਈਆਂ ਨੇ ਫੇਰ ਬਹਾਰਾਂ

ਆ ਗਈਆਂ ਨੇ ਫੇਰ ਬਹਾਰਾਂ, ਹਸ ਦਿਲਾ ।
ਜੀ ਆਇਆਂ ਨੂੰ ਆਖਿਆ ਯਾਰਾਂ, ਹਸ ਦਿਲਾ ।

ਸੱਜਣਾ ਦੇ ਨਾਲ ਕੋਈ ਗਿਲਾ ਤੇ ਫਬਦਾ ਨਹੀਂ,
ਭਾਵੇਂ ਲੱਗਣ ਜ਼ਖ਼ਮ ਹਜ਼ਾਰਾਂ, ਹਸ ਦਿਲਾ ।

ਸੱਜਣਾ ਦੀ ਇਕ ਗੱਲ ਤੇ ਫੁੱਲ ਚੜ੍ਹਾ ਕੇ ਤੇ,
ਫੜ ਲਈਆਂ ਨੇ ਨੰਗੀਆਂ ਤਾਰਾਂ, ਹਸ ਦਿਲਾ ।

ਜੀਣ ਮਰਨ ਦੀਆਂ ਕਸਮਾਂ ਖਾ ਕੇ ਸਾਡੇ ਨਾਲ,
ਰਹਿ ਗਏ ਨੇ ਤੱਕ ਬੰਗਲੇ ਕਾਰਾਂ, ਹਸ ਦਿਲਾ ।

ਝਟ ਝਟ ਮਾਰ ਜੀਵਾਵਣ ਪਏ 'ਨਿਜ਼ਾਮੀ' ਨੂੰ,
ਯਾਰਾਂ ਕਰ ਛੱਡਿਆ ਕੋਈ ਕਾਰਾ, ਹਸ ਦਿਲਾ ।

ਅੱਗੇ ਅੱਗੇ ਭੱਜ ਗਵਾਚੇ

ਅੱਗੇ ਅੱਗੇ ਭੱਜ ਗਵਾਚੇ ।
ਜੀਵਨ ਵਾਲੇ ਚੱਜ ਗਵਾਚੇ ।

ਦਿਲ ਵਿਚ ਮਾਸਾ ਮੈਲ ਜੇ ਆਈ,
ਸਮਝੋ ਰੋਜ਼ੇ ਹੱਜ ਗਵਾਚੇ ।

ਉਹ ਦਿਨ ਕਰਨੀ ਵਾਲਾ ਜਿਸ ਦਿਨ,
ਨਾ ਕਰਨੀ ਦੇ ਪੱਜ ਗਵਾਚੇ ।

ਅੰਦਰ ਕਿੰਜ ਸਫ਼ਾਈਆਂ ਹੋਵਣ,
ਛੱਟਣ ਵਾਲੇ ਛੱਜ ਗਵਾਚੇ ।

ਪਾਣੀ ਤਾਂ ਫੇਰ ਸੜਣਾ ਈ ਸੀ,
ਜੇ ਕਰ ਖੂਹ ਦੀ ਲੱਜ ਗਵਾਚੇ ।

ਜੱਗ ਦੀ ਭੁੱਖ ਮਿਟਾਵਣ ਵਾਲੇ,
ਕਰਕੇ ਆਪਣਾ ਰੱਜ ਗਵਾਚੇ ।

ਅੱਜ ਕਲ ਕਾਹਦੇ ਯਾਰ 'ਨਿਜ਼ਾਮੀ',
ਆਏ, ਸੀਨੇ ਵੱਜ, ਗਵਾਚੇ ।

ਤੋੜੇ ਜਿੰਨੇ ਤਾਰੇ ਗਏ ਨੇ

ਤੋੜੇ ਜਿੰਨੇ ਤਾਰੇ ਗਏ ਨੇ ।
ਰੂਪ ਤੇਰੇ ਤੋਂ ਵਾਰੇ ਗਏ ਨੇ ।

ਇਸ਼ਕ ਦੇ ਟੇਟੇ ਚੜ੍ਹ ਕੇ ਏਥੇ,
ਬੜੇ ਵਿਚਾਰੇ ਮਾਰੇ ਗਏ ਨੇ ।

ਫੇਰ ਅੱਜ ਗਏ ਨੇ ਖ਼ੁਸ਼ ਦੀਵਾਨੇ,
ਫੇਰ ਅੱਜ ਸੁਣ ਕੇ ਲਾਰੇ ਗਏ ਨੇ ।

ਤੇਰੇ ਆਉਣ ਦਾ ਸੁਣ ਕੇ ਸੱਜਣਾ,
ਲਹਿ ਉਦਰੇਵੇਂ ਸਾਰੇ ਗਏ ਨੇ ।

ਇਸ਼ਕ ਤੇਰੇ ਵਿਚ ਵਾਂਗ ਪਤੰਗਾਂ,
ਕਈ ਲੁੱਟੇ ਕਈ ਮਾਰੇ ਗਏ ਨੇ ।

ਸਾਂਭ ਕੇ ਰੱਖੇ ਸਨ ਦੋ ਅੱਥਰੂ,
ਹਿਜਰ 'ਚ ਡੁੱਲ੍ਹ ਵਿਚਾਰੇ ਗਏ ਨੇ ।

ਹੁਣ ਤੇ ਹੱਸਣ-ਬੋਲਣ ਛੱਡਿਆ,
ਕਿੰਜ ਦੇ ਹੋ ਵਰਤਾਰੇ ਗਏ ਨੇ ।

ਪਿੱਛੇ ਪਿੱਛੇ ਆ 'ਨਿਜ਼ਾਮੀ',
ਕਰਕੇ ਉਹ ਇਸ਼ਾਰੇ ਗਏ ਨੇ ।

ਭਿਸ਼ਤੋਂ ਹੇਠ ਉਤਾਰੇ ਗਏ ਆਂ

ਭਿਸ਼ਤੋਂ ਹੇਠ ਉਤਾਰੇ ਗਏ ਆਂ ।
ਜੀਂਦੀ ਜਾਨੇ ਮਾਰੇ ਗਏ ਆਂ ।

ਫੇਰ ਵੀ ਹਸਦੇ ਵਸਦੇ ਫਿਰੀਏ,
ਲੱਖਾਂ ਝੱਲ ਖ਼ਸਾਰੇ ਗਏ ਆਂ ।

ਇਸ਼ਕੇ ਦਾ ਇਹ ਫ਼ਾਇਦਾ ਹੋਇਆ,
ਆਪਣੇ ਆਪ ਸਵਾਰੇ ਗਏ ਆਂ ।

ਰੱਬਾ ਤੇਰੀ ਦੁਨੀਆਂ ਉੱਤੇ,
ਕੱਖਾਂ ਵਾਂਗ ਖਿਲਾਰੇ ਗਏ ਆਂ ।

ਪਲ ਪਲ ਮਰਦੇ ਰਹੇ 'ਨਿਜ਼ਾਮੀ',
ਫੇਰ ਵੀ ਕਰੀ ਗੁਜ਼ਾਰੇ ਗਏ ਆਂ ।

ਦਿਲ ਦਾ ਵਿਹੜਾ ਵੱਸ ਪਵੇ ਜੇ

ਦਿਲ ਦਾ ਵਿਹੜਾ ਵੱਸ ਪਵੇ ਜੇ ।
ਇਕ ਵਾਰੀ ਉਹ ਹੱਸ ਪਵੇ ਜੇ ।

ਉਹਦੇ ਮੇਲ ਦੀ ਸੱਧਰ ਉਭਰੇ,
ਯਾਦਾਂ ਦਾ ਘੜਮੱਸ ਪਵੇ ਜੇ ।

ਮੈਂ ਦੁਨੀਆਂ ਤੇ ਜੰਨਤ ਦੇਖਾਂ,
ਦਿਲ ਦੇ ਬਾਗੀਂ ਰੱਸ ਪਵੇ ਜੇ ।

ਫੇਰ ਕੀ ਬਣਸੀ ਮੇਰੀ ਕੀਤੀ,
ਮੇਰੇ ਵੱਲ ਈ ਨੱਸ ਪਵੇ ਜੇ ।

ਯਾਰ 'ਨਿਜ਼ਾਮੀ' ਉਡ ਕੇ ਅੱਪੜਾਂ,
ਕਿਧਰੇ ਉਹਦੀ ਦੱਸ ਪਵੇ ਜੇ ।

ਦੱਖ ਸਿਆਲਣ ਹੀਰ ਜਿਹੀ ਏ

ਦੱਖ ਸਿਆਲਣ ਹੀਰ ਜਿਹੀ ਏ ।
ਉੱਤੋਂ ਤੱਕਣੀ ਤੀਰ ਜਿਹੀ ਏ ।

ਸ਼ੌਹ ਦਰਿਆ ਦੇ ਹੁੰਦੇ ਸੁੰਦੇ,
ਜਿੰਦੜੀ ਸੁੱਕੇ ਨੀਰ ਜਿਹੀ ਏ ।

ਉਹਦੇ ਨਾਂ ਦਾ ਪਤਾ ਨਾ ਕਾਈ,
ਨੈਣਾਂ ਵਿਚ ਤਸਵੀਰ ਜਿਹੀ ਏ ।

ਧਰਤੀ ਉੱਤੇ ਦਰਵੇਸ਼ਾਂ ਦੀ,
ਬਹਿਣੀ ਰੱਬ ਕਦੀਰ ਜਿਹੀ ਏ ।

ਲੋਕੀ ਆਖਣ ਯਾਰ 'ਨਿਜ਼ਾਮੀ',
ਤੇਰੀ ਗ਼ਜ਼ਲ ਅਖ਼ੀਰ ਜਿਹੀ ਏ ।