Abdul Karim Qudsi
ਅਬਦੁਲ ਕਰੀਮ 'ਕੁਦਸੀ'

ਨਾਂ-ਅਬਦੁਲ ਕਰੀਮ, ਕਲਮੀ ਨਾਂ-ਅਬਦੁਲ ਕਰੀਮ 'ਕੁਦਸੀ',
ਪਿਤਾ ਦਾ ਨਾਂ-ਮੀਆਂ ਅੱਲਾਹ ਦਿੱਤਾ,
ਜਨਮ ਤਾਰੀਖ਼-6 ਜੂਨ 1946,
ਜਨਮ ਸਥਾਨ-ਕਰਤੂ ਨੇੜੇ ਨਾਰੰਗ ਮੰਡੀ, ਤਹਿਸੀਲ ਫ਼ੀਰੋਜ਼ ਵਾਲਾ, ਜ਼ਿਲਾ ਸ਼ੇਖ਼ੂਪੁਰਾ,
ਵਿਦਿਆ-ਦਸਵੀਂ, ਫ਼ਾਜ਼ਿਲ ਪੰਜਾਬੀ,
ਕਿੱਤਾ-ਸੇਵਾ ਮੁਕਤ ਕਵਾਲਟੀ ਕੰਟਰੋਲਰ ਇੰਸਪੈਕਟਰ,
ਛਪੀਆਂ ਕਿਤਾਬਾਂ-ਪੀੜ ਦੇ ਪੱਥਰ (ਨਜ਼ਮਾਂ), ਸਰਦਲ (ਪੰਜਾਬੀ ਗ਼ਜ਼ਲਾਂ), ਬਿਰਹੋਂ ਦੀ ਰੜਕ (ਪੰਜਾਬੀ ਗੀਤ), ਨਿਉਂਦਰਾ (ਪੰਜਾਬੀ ਨਜ਼ਮਾਂ), ਹੰਗਾਲ (ਪੰਜਾਬੀ ਨਜ਼ਮਾਂ),
ਪਤਾ-ਰਚਨਾ ਟਾਉਨ, ਬਰਾਸਤਾ ਫ਼ੀਰੋਜ਼ਵਾਲਾ, ਜੀ. ਟੀ. ਰੋਡ, ਸ਼ਾਹਦਰਾ ਲਾਹੌਰ, ਪਹੁੰਚਣ ਅਮਰੀਕਾ ਚਲੇ ਗਏ ਸੇ ।

ਪੰਜਾਬੀ ਗ਼ਜ਼ਲਾਂ (ਸਰਦਲ 1995 ਵਿੱਚੋਂ) : ਅਬਦੁਲ ਕਰੀਮ 'ਕੁਦਸੀ'

Punjabi Ghazlan (Sardal 1995) : Abdul Karim Qudsiਇਸ ਪੱਥਰ ਦਿਲ ਦੁਨੀਆਂ ਅੰਦਰ

ਇਸ ਪੱਥਰ ਦਿਲ ਦੁਨੀਆਂ ਅੰਦਰ, ਬਹੁਤੇ ਨਾ ਤੂੰ ਯਾਰ ਬਣਾ । ਜ਼ਿੰਦਾ ਦਿਲ ਇਨਸਾਨਾਂ ਅੰਦਰ, ਆਪਣਾ ਇਕ ਦਿਲਦਾਰ ਬਣਾ । ਜਿਉਣ ਲਈ ਹਰ ਇਕ ਬੰਦੇ ਨੂੰ, ਕੁਝ ਤੇ ਕਰਨਾ ਪੈਂਦਾ ਏ, ਸੱਧਰਾਂ ਦੀ ਬੰਜਰ ਧਰਤੀ ਵਿਚ, ਗੁਲਸ਼ਨ ਦੇ ਆਸ਼ਾਰ ਬਣਾ । ਗ਼ਰਜ਼ਾਂ ਦੇ ਵਾਇਰਸ ਨੇ ਤੈਨੂੰ, ਏਨਾ ਰੋਗੀ ਕੀਤਾ ਏ, ਲਾਲਚ ਦੀ ਨਗਰੀ ਤੋਂ ਵੱਧ ਕੇ, ਵੱਖ ਆਪਣਾ ਘਰ ਬਾਰ ਬਣਾ । ਸੱਚ ਦਾ ਜੁਗਨੂੰ ਹੋ ਕੇ ਚਮਕਾਂ, ਮੈਂ ਤਾਂ ਕਾਲੀਆਂ ਰਾਤਾਂ ਵਿੱਚ, ਚੜ੍ਹਦੇ ਸੂਰਜ ਵਾਂਗਰ ਸੱਜਣਾਂ, ਤੂੰ ਵੀ ਕੁਝ ਲਿਸ਼ਕਾਰ ਬਣਾ । ਮਾਂ ਬੋਲੀ ਦੀ ਤਾਂਘ ਹੀ ਤੈਨੂੰ, ਏਥੇ ਤੱਕ ਲੈ ਆਈ ਏ, ਇਹਦੇ ਵਿਚ ਮੈਂ ਲਿਖਦਾਂ ਤਾਂ ਜੋ, ਤੂੰ ਵੀ ਇਹ ਰਫ਼ਤਾਰ ਬਣਾ । ਗੁੰਗੇ ਬੋਲ਼ੇ ਲੋਕਾਂ ਵਿਚ ਬਸ, ਕੱਲਾ ਫਿਰਦਾ ਰਹਿੰਦਾ ਏਂ, ਕਦ ਤਕ ਕੱਲਾ ਰਹੇਂਗਾ 'ਕੁਦਸੀ', ਤੂੰ ਕੋਈ ਗ਼ਮਖ਼ਾਰ ਬਣਾ ।

ਰੰਗ-ਬਰੰਗੇ ਮਹਿਲਾਂ ਕੋਲ

ਰੰਗ-ਬਰੰਗੇ ਮਹਿਲਾਂ ਕੋਲ, ਖਲੋਣ ਦਾ ਫ਼ਾਇਦਾ ਕੋਈ ਨਹੀਂ । ਅੱਡੀਆਂ ਚੁੱਕ ਕੇ ਐਵੇਂ ਵੱਡੇ, ਹੋਣ ਦਾ ਫ਼ਾਇਦਾ ਕੋਈ ਨਹੀਂ । ਜਿਹੜੀ ਸ਼ੈ ਦੀ ਮਰਦਾਂ ਵਾਂਗੂੰ, ਰਾਖੀ ਕਰ ਨਹੀਂ ਸਕਦਾ ਤੂੰ, ਉਹਦੇ ਲਈ ਹੁਣ ਬੁੱਢਿਆਂ ਵਾਂਗੂੰ, ਰੋਣ ਦਾ ਫ਼ਾਇਦਾ ਕੋਈ ਨਹੀਂ । ਗੱਲੀਂ-ਬਾਤੀਂ ਭੁੱਖ ਨਹੀਂ ਮਰਦੀ, ਕਾਲ ਨਾ ਕੱਟੇ ਜਾਂਦੇ ਨੇ, ਮਿੱਟੀ ਆਟੇ ਰੰਗੀ ਕਰਕੇ, ਗੋਣ ਦਾ ਫ਼ਾਇਦਾ ਕੋਈ ਨਹੀਂ । ਪਤਾ ਨਹੀਂ ਸੀ ਇਕ ਦੂਜੇ ਦੇ, ਬਣ ਜਾਵਾਂਗੇ ਵੈਰੀ ਵੀ, ਇਹ ਤੇ ਪਤਾ ਸੀ ਵੱਖੋ-ਵੱਖੀ, ਹੋਣ ਦਾ ਫ਼ਾਇਦਾ ਕੋਈ ਨਹੀਂ । 'ਕੁਦਸੀ' ਜਿਹੜੇ ਆਪ ਨਾ ਬੋਲਣ, ਗ਼ਜ਼ਲਾਂ ਤੇ ਨਜ਼ਮਾਂ ਅੰਦਰ, ਉਹਨਾਂ ਹਰਫ਼ਾਂ ਤੇ ਲਫ਼ਜ਼ਾਂ ਦੀ, ਚੋਣ ਦਾ ਫ਼ਾਇਦਾ ਕੋਈ ਨਹੀਂ ।

ਮਾਂ ਮਹਿਟਰਾਂ ਜਿਹੇ ਲਫ਼ਜ਼ ਉਲੀਕੇ

ਮਾਂ ਮਹਿਟਰਾਂ ਜਿਹੇ ਲਫ਼ਜ਼ ਉਲੀਕੇ ਸਹਿਕਦੇ ਰਹੇ ਇਜ਼ਹਾਰ ਲਈ । ਰੋਂਦਿਆਂ-ਧੋਂਦਿਆਂ ਅਸਾਂ ਵੀ ਏਥੇ, ਅੱਧੀ ਸਦੀ ਗੁਜ਼ਾਰ ਲਈ । ਦੀਨ ਤੇ ਦੁਨੀਆਂ ਵਿਚ ਤਵਾਜ਼ਨ, ਰੱਖਣਾ ਸਾਨੂੰ ਆਇਆ ਨਾ, ਕੁੱਝ ਵੀ ਜੋੜਾ ਜੋੜ ਨਾ ਸਕੇ, ਆਰ ਲਈ ਨਾ ਪਾਰ ਲਈ । ਸਾਡੇ ਤੇ ਇਲਜ਼ਾਮ-ਤਰਾਸ਼ੀ, ਕਰਨ ਦੀ ਖੁੱਲ੍ਹੀ ਛੂਟ ਰਹੀ, ਸਾਡਾ ਕੋਈ ਮਜ਼ਮੂਨ ਵੀ ਛਪਣਾ, ਜ਼ੁਲਮ ਰਿਹਾ ਅਖ਼ਬਾਰ ਲਈ । ਘਰ ਆਏ ਮਹਿਮਾਨ ਦੀ ਰੱਜਕੇ, ਸੇਵਾ ਕਰਨੀ ਔਖੀ ਏ, ਦਰਵਾਜ਼ੇ ਤੋਂ ਆਪਣੇ ਨਾਂ ਦੀ, ਤਖ਼ਤੀ ਆਪ ਉਤਾਰ ਲਈ । ਪੱਗ ਚੁਰਾਵਣ ਵਾਲੇ ਖ਼ਵਰੇ, ਇਹ ਵੀ ਸੋਚਿਆ ਹੋਵੇਗਾ, ਸਿਰ ਵੀ ਅੱਤ ਜ਼ਰੂਰੀ ਹੁੰਦਾ ਏ 'ਕੁਦਸੀ' ਦਸਤਾਰ ਲਈ ।

ਸੱਜੇ ਹੱਥ ਨੂੰ, ਖੱਬੇ ਦਾ ਵੀ

ਸੱਜੇ ਹੱਥ ਨੂੰ, ਖੱਬੇ ਦਾ ਵੀ, ਅਜ ਕਲ ਤਾਂ ਇਤਬਾਰ ਨਹੀਂ । ਹੁਣ ਤੇ ਦੋਵੇਂ, ਰਲ ਕੇ ਤਾੜੀ, ਮਾਰਨ ਨੂੰ ਤੱਯਾਰ ਨਹੀਂ । ਮੇਰਾ ਜੁੱਸਾ ਪੋਹ ਦੀ ਚਾਦਰ, ਪੈਰ ਨੇ ਧੁੱਪਾਂ ਹਾੜ੍ਹ ਦੀਆਂ, ਜੋ ਮੇਰੇ ਜਜ਼ਬੇ ਨੂੰ ਚੀਰੇ, ਉਹ ਕਿਧਰੇ ਤਲਵਾਰ ਨਹੀਂ । ਜੋ ਅਹਿਸਾਨ ਹੈ ਹੰਝੂਆਂ ਦਾ ਹੈ, ਜੋ ਖ਼ੁਸ਼ਬੂ ਹੈ ਮੁੜਕੇ ਦੀ, ਸ਼ਿਅਰ ਦੀ ਖੇਤੀ ਵਿੱਚ ਪਰਾਈ, ਬਾਰਸ਼ ਦੀ ਹੁੰਮਕਾਰ ਨਹੀਂ । ਜਿਸ ਨੂੰ ਕੁਦਰਤ ਵੱਲੋਂ ਖਰੀਆਂ ਗੱਲ੍ਹਾਂ ਦੀ ਤੌਫ਼ੀਕ ਮਿਲੇ, ਉਹ ਅਵਤਾਰ ਤੋਂ ਘੱਟ ਵੀ ਨਾਹੀਂ, ਜੇ ਕਰ ਉਹ ਅਵਤਾਰ ਨਹੀਂ । ਗ਼ਰਜ਼ਾਂ ਦੀ ਕੰਧ ਢਾਅ ਕੇ ਸੌਨਾਂ, ਫ਼ਜਰੇ ਉਸਰੀ ਹੁੰਦੀ ਏ, ਖ਼ਾਹਸ਼ਾਂ ਦੀ ਜ਼ੇਲੋਂ ਨਿਕਲਣ ਦੇ, ਕੋਈ ਵੀ ਆਸਾਰ ਨਹੀਂ । ਸਿਰ ਤੇ ਪੰਡ ਨਾ ਧੁੱਪ ਦੀ ਹੋਵੇ, ਮਜ਼ਾ ਸਫ਼ਰ ਦਾ ਆਉਂਦਾ ਨਹੀਂ, ਪੈਰਾਂ ਨੂੰ ਉਹ ਰਾਹ ਨਹੀਂ ਲੱਭਦਾ, ਜਿਸ ਰਸਤੇ ਵਿਚ ਖ਼ਾਰ ਨਹੀਂ । ਹਰ ਮੈਲ਼ਾ ਇਨਸਾਨ ਤੇ 'ਕੁਦਸੀ', ਅੰਦਰੋਂ ਮੈਲਾ ਨਹੀਂ ਹੁੰਦਾ, ਉੱਚੇ ਸ਼ਮਲੇ ਵਾਲਾ ਹਰ ਇੱਕ, ਬੰਦਾ ਇੱਜ਼ਤਦਾਰ ਨਹੀਂ ।

ਮੁਫ਼ਲਸੀ ਨੇ ਸਬਰ ਦੇ ਉੱਚੇ ਹਿਮਾਲੇ

ਮੁਫ਼ਲਸੀ ਨੇ ਸਬਰ ਦੇ ਉੱਚੇ ਹਿਮਾਲੇ ਖੋਹ ਲਏ! ਮੇਰੇ ਹੱਥਾਂ ਨੇ ਮੇਰੇ ਮੂੰਹ ਦੇ ਨਿਵਾਲੇ ਖੋਹ ਲਏ!! ਤੈਨੂੰ ਮੰਜ਼ਿਲ ਦੀ ਪਰੀ ਦਾ ਕਰਬ ਦੇਵਣ ਵਾਸਤੇ, ਮੇਰੇ ਪੈਰਾਂ ਨੇ ਤੇਰੇ ਪੈਰਾਂ ਦੇ ਛਾਲੇ ਖੋਹ ਲਏ । ਆਉਣ ਵਾਲੇ ਖ਼ੌਫ਼ ਦੇ ਤੇਸੇ ਨੇ ਜੁੱਸੇ ਛਾਂਗ ਕੇ, ਜਿਸਮ ਦੀ ਪਹਿਚਾਣ ਦੇ ਸਾਰੇ ਹਵਾਲੇ ਖੋਹ ਲਏ । ਪੋਲੇ ਹੱਥੀਂ, ਹੌਲੀ-ਹੌਲੀ ਮਗ਼ਰਬੀ ਤਹਿਜ਼ੀਬ ਨੇ, ਮਸ਼ਰਕੀ ਤਹਿਜ਼ੀਬ ਦੇ ਕੰਨਾਂ ਚੋਂ ਵਾਲੇ ਖੋਹ ਲਏ । ਮੇਰੀਆਂ ਅੱਖਾਂ ਚੋਂ ਤੇਰੀ ਅੱਖ ਉਲਾਹਮੇ ਚੁਣ ਲਏ, ਤੇਰੇ ਬੁੱਲਾਂ ਤੋਂ ਮੇਰੇ ਬੁੱਲ੍ਹਾਂ ਸੁਖਾਲੇ ਖੋਹ ਲਏ । ਬਾਰਸ਼ਾਂ ਦਾ ਸੱਪ ਲੜਿਆ ਮੇਰੇ ਘਰ ਦੀ ਛੱਤ ਨੂੰ, ਮਾਲ ਚੋਰਾਂ ਲੁੱਟਿਆ ਸਾਧਾਂ ਨੇ ਬਾਲੇ ਖੋਹ ਲਏ । ਕੀਨ੍ਹੇ 'ਕੁਦਸੀ' ਖੋਹ ਲਿਆ ਵਿਰਸਾ ਮੇਰੀ ਤਹਿਜ਼ੀਬ ਦਾ, ਵਸ ਨੇ ਪਾ ਦਿੱਤੇ ਹਨੇਰੇ ਤੇ ਉਜਾਲੇ ਖੋਹ ਲਏ ।

ਜਦ ਦੇ ਅਸੀਂ ਅਟੇਰਨ ਕੱਤਣ

ਜਦ ਦੇ ਅਸੀਂ ਅਟੇਰਨ ਕੱਤਣ ਭੁੱਲ ਗਏ ਹਾਂ । ਸਾਰੇ ਰਸਤੇ ਸਾਰੇ ਪੱਤਣ ਭੁੱਲ ਗਏ ਹਾਂ । ਰਿਜ਼ਕ ਵਧੇਰੇ ਲਈ ਪਰਦੇਸੀਂ ਭਟਕ ਗਏ, ਜੰਮਣ ਭੋਏਂ ਦੇ ਵੱਲ ਪਰਤਣ ਭੁੱਲ ਗਏ ਹਾਂ । ਉਚੇ ਮਹਿਲ ਕੀ ਦੇਖੇ ਜਾ ਕੇ ਲਹਿੰਦੇ ਦੇ, ਆਪਣੀ ਕੁੱਲੀ ਆਪਣੀ ਛੱਤਣ ਭੁੱਲ ਗਏ ਹਾਂ । ਦੌਲਤ ਪਿੱਛੇ ਭੱਜਦੇ ਭੱਜਦੇ ਹਫ਼ ਗਏ ਹਾਂ, ਆਪਸ ਦੀ ਨਿੱਘ ਤੇ ਮਿਲਵਰਤਣ ਭੁੱਲ ਗਏ ਹਾਂ । ਰੋਗ ਅਵੱਲੇ ਲਾਏ ਰੂਹਾਂ ਜਿਸਮਾਂ ਨੂੰ, ਆਪਣੀ ਮਿੱਟੀ ਦੇ ਕੀ ਬਰਤਨ ਭੁੱਲ ਗਏ ਹਾਂ । ਸਾਡੇ ਤੋਂ ਵੱਧ 'ਕੁਦਸੀ' ਕਿਹੜਾ ਕੱਬਾ ਸੀ, ਪਰ ਹੁਣ ਸਾਰੀ ਕੌੜ-ਕੜੱਤਣ ਭੁੱਲ ਗਏ ਹਾਂ ।

ਜੇ ਨਾ ਤੂੰ ਆਵੇਂ ਤੇ ਵਲ ਆਵਣ ਨਾ

ਜੇ ਨਾ ਤੂੰ ਆਵੇਂ ਤੇ ਵਲ ਆਵਣ ਨਾ ਹੰਝੂ ਪੀਣ ਦੇ । ਤੂੰ ਮਿਲੇਂ ਤੇ ਹੌਸਲੇ ਮਿਲਦੇ ਨੇ ਸਾਨੂੰ ਜੀਣ ਦੇ । ਲੋਕ ਅਸਮਾਨਾਂ ਤੋਂ ਟਾਕੀ ਲਾਹ ਕੇ ਲਾ ਆਏ ਨੇ ਫੇਰ, ਸਾਨੂੰ ਵਲ ਆਏ ਨਾ ਹਾਲੀ ਪਾਟੇ ਗਲਮੇ ਸੀਣ ਦੇ । ਦੀਨ ਦੁਨੀਆਂ ਨਾਲ ਸੀ ਰਿਸ਼ਤਾ ਤਰਾਜ਼ੂ ਵਾਂਗਰਾਂ, ਤੇਰੇ ਲੜ ਲੱਗੇ ਤੇ ਦੁਨੀਆਂ ਦੇ ਰਹੇ ਨਾ ਦੀਨ ਦੇ । ਸਾਡੀ ਪੈਲੀ ਵਿਚ ਜਦੋਂ ਉੱਗੀ ਤੇ ਉਹ ਹੈ ਸੀ ਫ਼ਜ਼ੂਲ, ਤੂੰ ਜਦੋਂ ਬੀਜੀ ਤੇ ਗੁਣ ਲੱਭੇ ਨੇ ਸੋਇਆਬੀਨ ਦੇ । ਐ ਗ਼ਜ਼ਲ! ਭੁੱਲੀਂ ਨਾ'ਕੁਦਸੀ' ਜਿਹੇ ਨਿਮਾਣੇ ਯਾਰ ਨੂੰ, ਲੈ ਰਿਹਾ ਏ ਬਦਲੇ ਗਿਣ-ਗਿਣ ਕੇ ਤੇਰੀ ਤੌਹੀਨ ਦੇ ।

ਜੀਅ ਕਰਦਾ ਏ ਧੋਖਾ ਤੇਰੇ ਨਾਲ ਕਰਾਂ

ਜੀਅ ਕਰਦਾ ਏ ਧੋਖਾ ਤੇਰੇ ਨਾਲ ਕਰਾਂ! ਐਪਰ ਜੇਰਾ ਕਿਸ ਦਾ ਇਸਤੇਮਾਲ ਕਰਾਂ? ਜਿਨ੍ਹਾਂ ਦੀ ਲੋ ਮੇਰੀ ਕਿਸਮਤ ਵਰਗੀ ਏ, ਉਹ ਦੀਵੇ ਕੀ ਮਹਿਫ਼ਿਲ ਦੇ ਵਿਚ 'ਬਾਲ' ਕਰਾਂ । ਤੇਰੀ ਯਾਦ ਦੇ ਬਾਲ ਗੁਆਚੇ ਭੀੜਾਂ ਵਿੱਚ, ਹੁਣ 'ਕਿਸਮਤ' ਮੈਂ ਤੇਰਾ ਇਸਤਕਬਾਲ ਕਰਾਂ । ਪੈਸੇ ਦੀ ਥਾਂ ਖੀਸਾ ਭਰਿਆ ਗ਼ਜ਼ਲਾਂ ਨਾਲ, ਆਪਣੇ ਬੱਚਿਆਂ ਦਾ ਕੀ ਹੋਰ ਖ਼ਿਆਲ ਕਰਾਂ । ਦਰਦ ਸਮੇਟ ਕੇ ਆਖਿਆ ਮੇਰੇ ਖ਼ਾਲਿਕ ਨੇ, ਆ ਹੁਣ 'ਕੁਦਸੀ' ਤੈਨੂੰ ਮਾਲਾ-ਮਾਲ ਕਰਾਂ ।

ਕੁਝ ਹੋਰ ਰਚਨਾਵਾਂ : ਅਬਦੁਲ ਕਰੀਮ 'ਕੁਦਸੀ'ਮਿਜਾਜ਼ ਮੌਸਮ ਦਾ ਖ਼ੌਰੇ ਕੀਹਨੇ

ਮਿਜਾਜ਼ ਮੌਸਮ ਦਾ ਖ਼ੌਰੇ ਕੀਹਨੇ ਸ਼ਦੀਦ ਕੀਤਾ । ਖ਼ਿਜ਼ਾਂ ਦੇ ਖੰਜਰ ਨੇ ਪੱਤਾ ਪੱਤਾ ਸ਼ਹੀਦ ਕੀਤਾ । ਹਵਾ ਨੇ ਉਹਦੇ ਸ਼ਰੀਰ ਵਿੱਚੋਂ ਮਿਠਾਸ ਚੁਣ ਲਈ, ਅਸਾਂ ਗ਼ਰੀਬਾਂ ਨੇ ਜਿਹੜਾ ਮੇਵਾ ਖ਼ਰੀਦ ਕੀਤਾ । ਤਿਰੀ ਨਜ਼ਰ ਦੀ ਫ਼ਰਾਤ ਕੰਢੇ ਨਾ ਪਿਆਸ ਬੁੱਝੀ, ਤੂੰ ਪਿਆਰ ਦਰਿਆ ਦਾ ਕਤਰਾ ਕਤਰਾ ਬਦੀਦ ਕੀਤਾ । ਅਦਬ ਦੀ ਖੇਤੀ 'ਚ ਵੰਨ ਸੁਵੰਨੇ ਖ਼ਿਆਲ ਬੀਜੇ, ਅਸਾਂ ਅਦਬ ਦਾ ਕਦੀਮ ਲਹਿਜ਼ਾ ਜਦੀਦ ਕੀਤਾ । ਜਦੋਂ ਵੀ ਨਿਕਲੀ ਮੁਨਾਫ਼ਕਤ ਦੀ ਸ਼ਰਾਬ ਨਿਕਲੀ, ਖਲੂਸ ਜਦ ਵੀ ਮੈਂ ਦੋਸਤਾਂ ਦਾ ਕਸੀਦ ਕੀਤਾ । ਇਹ ਯਾਰੀਆਂ ਵੀ ਜ਼ਰੂਰਤਾਂ ਦੇ ਤਬਾਦਲੇ ਨੇ, ਜ਼ਰੂਰਤਾਂ ਨੇ ਇਹ ਪਾਕ ਜਜ਼ਬਾ ਪਲੀਦ ਕੀਤਾ । ਅਸੀਂ ਆਂ 'ਕੁਦਸੀ' ਉਹ ਲੋਕ ਜਿਨ੍ਹਾਂ ਗ਼ਜ਼ਲ ਘਰਾਣਾ- ਅਦਬ ਦੇ ਪੈਰਾਂ ਤੋਂ ਖੋਹਕੇ ਅਪਣਾ ਮੁਰੀਦ ਕੀਤਾ ।

ਮੂੰਹ ਦਾ ਜ਼ਾਇਕਾ ਕੌੜਾ-ਕੌੜਾ

ਮੂੰਹ ਦਾ ਜ਼ਾਇਕਾ ਕੌੜਾ-ਕੌੜਾ ਖੀਸੇ ਸਾਡੇ ਸੱਖਣੇ । ਅਸਾਂ ਗਰੀਬਾਂ ਨਵੀਂ ਬਹਾਰ ਦੇ ਮੇਵੇ ਕਾਦ੍ਹੇ ਚੱਖਣੇ ? ਭਾਗਾਂ ਵਾਲੀ ਧਰਤੇ ਦੇ ਪੁੱਤ ਸੜਿਆਂ ਭਾਗਾਂ ਵਾਲੇ, ਸਾਰੀ ਉਮਰ ਮੁਸ਼ੱਕਤ ਕਰਦੇ ਫੇਰ ਭੜੋਲੇ ਸੱਖਣੇ । ਘੁੱਪ ਹਨੇਰੇ ਅੰਦਰ ਕਿਹੜਾ ਵਧ ਕੇ ਦੀਵੇ ਬਾਲੇ, ਰੌਸ਼ਨੀਆਂ ਨੂੰ ਤਰਸ ਗਏ ਨੇ ਇਹ ਅੱਖੀਆਂ ਦੇ ਰਖਣੇ। ਸਾਡੇ ਜਿਸਮ ਦਾ ਨੰਗ ਲੁਕਾਂਦੀ ਧੂੜ ਮੁਸ਼ੱਕਤ ਵਾਲੀ, ਅਸੀਂ ਨੇ ਅਪਣੇ ਜੁੱਸੇ ਕਾਦ੍ਹੇ ਸਾਂਭ-ਸੰਭਾਲ ਕੇ ਰੱਖਣੇ । ਲੰਮੀਆਂ-ਲੰਮੀਆਂ ਕਾਰਾਂ ਦੇ ਵਿਚ ਬੈਠੀਆਂ ਦਿੱਸਣ ਡੈਣਾਂ, ਨੰਗੇ ਪੈਰੀਂ ਕੋਲੇ ਚੁਗਦੇ 'ਕੁਦਸੀ' ਜਿਸਮ ਸੁਲੱਖਣੇ ।

ਸੁਘੜ ਸਿਆਣੀ ਬਣ ਜਾਂਦੀ ਉਹ

ਸੁਘੜ ਸਿਆਣੀ ਬਣ ਜਾਂਦੀ ਉਹ ਭਾਵੇਂ ਝੱਲੀ ਹੋਵੇ । ਜਿਸ ਖ਼ੁਸ਼ਕਿਸਮਤ ਤੇ ਮੁਰਸ਼ਦ ਦੀ ਨਜ਼ਰ ਸਵੱਲੀ ਹੋਵੇ । ਗੱਲ ਅਮਲਾਂ ਤੇ ਮੁਕਦੀ ਸਾਰੀ ਜ਼ਾਤਾਂ ਤੇ ਨਹੀਂ ਮੁਕਦੀ, ਸੱਯਦ ਹੋਵੇ ਭਾਵੇਂ ਕਿਸੇ ਦੀ ਜ਼ਾਤ ਮੁਸੱਲੀ ਹੋਵੇ । ਖ਼ੈਰ ਖ਼ਬਰ ਲੋਕਾਂ ਦੇ ਮੂੰਹੋਂ ਸੁਣਕੇ ਚੈਨ ਨਾ ਆਵੇ । ਖੱਤ ਆਵੇ ਸੱਜਣਾਂ ਦਾ ਦਿਲ ਨੂੰ ਫੇਰ ਤਸੱਲੀ ਹੋਵੇ ।

ਉਨ੍ਹਾਂ ਅੱਗੇ ਭਰੇ ਪਿਆਲੇ ਪਏ ਹੋਏ ਨੇਂ

ਉਨ੍ਹਾਂ ਅੱਗੇ ਭਰੇ ਪਿਆਲੇ ਪਏ ਹੋਏ ਨੇਂ ਸਾਨੂੰ ਆਪਣੀ ਜਾਨ ਦੇ ਲਾਲੇ ਪਏ ਹੋਏ ਨੇਂ ਸ਼ੇਅਰਾਂ ਦੀ ਮੁੰਦਰੀ ਵਿੱਚ ਲਾਈਏ ਨਗ ਵਾਂਗੂੰ ਜਿਹੜੇ ਦੁਖੜੇ ਆਲ਼ ਦਵਾਲ਼ੇ ਪਏ ਹੋਏ ਨੇਂ ਕੁਝ ਸ਼ੇਅਰਾਂ ਦੀ ਹਾਂਡੀ ਵਿੱਚ ਤਲਖ਼ੀ ਦਾ ਤੜਕਾ ਕੁਝ ਹਾਲਾਤ ਦੇ ਗਰਮ ਮਸਾਲੇ ਪਏ ਹੋਏ ਨੇਂ ਅੰਨਿਆਏ ਦੇ ਪੱਥਰਾਂ ਰਸਤੇ ਡੱਕੇ ਨੇਂ ਸਦੀਆਂ ਬਾਅਦ ਵੀ ਓਥੇ ਹਾਲੇ ਪਏ ਹੋਏ ਨੇਂ ਨਿੱਕਿਆਂ ਹੁੰਦਿਆਂ ਤੂੰ ਜੋ ਮੈਨੂੰ ਖ਼ਤ ਲਿਖੇ ਮੇਰੇ ਕੋਲ ਉਹ ਅਜੇ ਸੰਭਾਲੇ ਪਏ ਹੋਏ ਨੇਂ ਰੱਜ ਬੈਠੇ ਨਾ ਦਿਲ ਦੀ ਗੱਲ ਕੋਈ ਕੀਤੀ ਉਹ ਜਾਵਣ ਲਈ ਐਂਵੇਂ ਕਾਹਲ਼ੇ ਪਏ ਹੋਏ ਨੇਂ ਗ਼ੁਰਬਤ ਵਾਲੀ ਧੂੜ ਵਿੱਚ ਰਸਤਾ ਦਿਸਦਾ ਨਹੀਂ ਅੱਖੀਂ ਬੇ ਸਿੱਮਤੀ ਦੇ ਜਾਲੇ ਪਏ ਹੋਏ ਨੇਂ ਤੋਹਮਤ ਲਾਉਣ ਤੋਂ ਪਹਿਲਾਂ ਇਹ ਵੀ ਸੋਚ ਲਵੋ ਕੁਦਸੀ ਕੋਲ ਵੀ ਬੜੇ ਹਵਾਲੇ ਪਏ ਹੋਏ ਨੇਂ

ਜਿਹੜੇ ਘਰ ਦੇ ਘੜੇ ਤਰੇੜੇ ਜਾਂਦੇ ਨੇਂ

ਜਿਹੜੇ ਘਰ ਦੇ ਘੜੇ ਤਰੇੜੇ ਜਾਂਦੇ ਨੇਂ ਪਿਆਸੇ ਪੰਛੀ ਕੱਦ ਉਸ ਵਿਹੜੇ ਜਾਂਦੇ ਨੇਂ ਰਾਂਝਣ ਦੇ ਕਿਸ ਕਾਰ ਤਪੱਸਿਆ ਉਮਰਾਂ ਦੀ ਹੀਰ ਵਿਆਹਵਨ ਦੇ ਲਈ ਖੇੜੇ ਜਾਂਦੇ ਨੇਂ ਸਾਨੂੰ ਮਿਲੇ ਨਾ ਸੱਦਾ ਉਹਦੀ ਮਹਿਫ਼ਲ ਦਾ ਉਸ ਮਹਿਫ਼ਲ ਵਿੱਚ ਖ਼ੌਰੇ ਕਿਹੜੇ ਜਾਂਦੇ ਨੇਂ ਨੀਵੇਂ ਨੀਵੇਂ ਕਿਰਦਾਰਾਂ ਲਈ ਦੁਨੀਆ ਵਿੱਚ ਉੱਚੇ ਉੱਚੇ ਸਾਕ ਸਹੇੜੇ ਜਾਂਦੇ ਨੇਂ ਲੀਡਰ ਲੰਮੀਆਂ ਕਾਰਾਂ ਦੇ ਵਿੱਚ ਨੱਸ ਜਾਂਦੇ ਮਕਤਲ ਵੱਲੇ ਲੋਕ ਮਰੇੜੇ ਜਾਂਦੇ ਨੇਂ ਸਾਕਾਦਾਰੀ ਰਹਿ ਗਈ ਕੁਦਸੀ ਦੌਲਤ ਦੀ ਨੌਹਾਂ ਦੇ ਨਾਲੋਂ ਮਾਸ ਨਖੇੜੇ ਜਾਂਦੇ ਨੇਂ

ਚਾਨਣ ਦਾ ਕੋਈ ਭਰਿਆ ਥਾਲ

ਚਾਨਣ ਦਾ ਕੋਈ ਭਰਿਆ ਥਾਲ ਉਲਟ ਦੇ ਸਾਈਂ ਬੱਦਲ ਹਨੇਰੇ ਵਾਲ਼ੇ ਨਹੀਂ ਪਏ ਹਟਦੇ ਸਾਈਂ ਆਲ੍ਹਣਿਆਂ ਦੀ ਰੌਣਕ ਜਿਹਨਾਂ ਖੋਹ ਲਈ ਸਾਰੀ ਉਨ੍ਹਾਂ ਜ਼ਾਲਮ ਬਾਜ਼ਾਂ ਦੇ ਪਰ ਕੱਟ ਦੇ ਸਾਈਂ ਕੋਹਝ ਇਨ੍ਹਾਂ ਦੇ ਸਾਰੀ ਦੁਨੀਆ ਦੇਖੇ ਜੇਕਰ ਉੱਖਲੀ ਪਾ ਕੇ ਕੋਈ ਇਨ੍ਹਾਂ ਨੂੰ ਛੱਟ ਦੇ ਸਾਈਂ ਇਲਮ ਖ਼ਜ਼ਾਨੇ ਦੇ ਵਿੱਚ ਵਾਧਾ ਕਰਦਾ ਜਾਈਂ ਦੌਲਤ ਭਾਵੇਂ ਬਹੁਤੀ ਦੇ ਯਾ ਘੱਟ ਦੇ ਸਾਈਂ ਦੀਨ ਫ਼ਰੋਸ਼ਾਂ ਲਿੱਸੀ ਸਾਮੀ ਸਮਝ ਲਿਆ ਏ ਸਾਡੇ ਵੱਲੇ ਆਉਂਦੇ ਧੂੜਾਂ ਪੱਟ ਦੇ ਸਾਈਂ ਅਸਾਂ ਤੇ ਕਲਮ ਕਬੀਲੇ ਰਲ਼ ਕੇ ਘਾਟੇ ਖਾਧੇ ਲੋਕ ਤੇ ਇਧਰ ਢੇਰ ਮੁਨਾਫ਼ੇ ਖੱਟ ਦੇ ਸਾਈਂ ਕੁਦਸੀ ਮੇਰਾ ਪਰਦੇਸੀ ਘਰ ਆਉਂਦਾ ਪਿਆ ਏ ਇਹ ਖ਼ੁਸ਼ਖ਼ਬਰੀ ਝੱਬ ਦੇ ਸਾਈਂ ਝੱਟ ਦੇ ਸਾਈਂ

ਕੰਡਿਆਂ ਨੂੰ ਗੁਲਾਬ ਕੀ ਲਿਖਣਾ

ਕੰਡਿਆਂ ਨੂੰ ਗੁਲਾਬ ਕੀ ਲਿਖਣਾ ਪਾਣੀਆਂ ਨੂੰ ਸ਼ਰਾਬ ਕੀ ਲਿਖਣਾ ਦੇਣ ਵਾਲ਼ਾ ਜੇ ਬੇਹਿਸਾਬ ਦੇਵੇ ਖਰਚ ਦਾ ਮੁੜ ਹਿਸਾਬ ਕੀ ਲਿਖਣਾ ਜਿੱਤ ਗਿਆ ਰੋਂਦ ਮਾਰ ਕੇ ਜਿਹੜਾ ਓਸ ਨੂੰ ਕਾਮਯਾਬ ਕੀ ਲਿਖਣਾ ਜੋ ਨਾ ਬਦਲੇ ਗ਼ਰੀਬ ਦੀ ਕਿਸਮਤ ਓਸ ਨੂੰ ਇਨਕਲਾਬ ਕੀ ਲਿਖਣਾ ਜਿਹੜਾ ਇੱਜ਼ਤ ਗ਼ਰੀਬ ਦੀ ਨਾ ਕਰੇ ਉਹਨੂੰ ਇੱਜ਼ਤ ਮਆਬ ਕੀ ਲਿਖਣਾ ਕਾਲ਼ਜੇ ਨੂੰ ਨਾ ਜਿਹੜੀ ਹੱਥ ਪਾਵੇ ਓਸ ਗ਼ਜ਼ਲ ਦਾ ਜਵਾਬ ਕੀ ਲਿਖਣਾ ਜਿਹੜੀ ਤੜਪਾ ਨਾ ਦੇਵੇ ਕੁਦਸੀ ਨੂੰ ਐਸ ਤਰ੍ਹਾਂ ਦੀ ਕਿਤਾਬ ਕੀ ਲਿਖਣਾ

ਹਰ ਮੌਸਮ ਵਿੱਚ ਹੱਸਣ ਦਾ

ਹਰ ਮੌਸਮ ਵਿੱਚ ਹੱਸਣ ਦਾ ਵੇਲਾ ਕੀ ਸੀ ਬਚਪਨ ਦਾ ਅੱਗ ਲੱਗੀ ਏ ਮੋਰਾਂ ਨੂੰ ਸ਼ੌਕ ਏ ਚੜ੍ਹਿਆ ਨੱਚਣ ਦਾ ਹੜ੍ਹ ਆਇਆ ਤੇ ਬੱਦਲਾਂ ਨੂੰ ਚੇਤਾ ਆਇਆ ਵੱਸਣ ਦਾ ਜੰਮ ਜੰਮ ਹੱਸੋ ਪਰ ਸਾਥੋਂ ਹੱਕ ਨਾ ਖੋਹਵੋ ਹੱਸਣ ਦਾ 'ਕੁਦਸੀ' ਓਸ ਮੁਸਾਫ਼ਿਰ ਨੂੰ ਵਿਹਲ ਮਿਲੇ ਕੁਝ ਲਿੱਖਣ ਦਾ

ਅੱਲਾ ਵਾਲੀ ਤੇਰਾ ਮੇਰਾ

ਅੱਲਾ ਵਾਲੀ ਤੇਰਾ ਮੇਰਾ ਅੱਲਾ ਵਾਲੀ ਸਭਦਾ ਏ । ਜੋ ਕੁਝ ਨਜ਼ਰਾਂ ਵੇਖਣ ਪਈਆਂ ਮੇਰੇ ਸੁਹਣੇ ਰੱਬ ਦਾ ਏ । ਜਿੰਨਾ ਸ਼ੁਕਰ ਵੀ ਕਰੀਏ ਉਹਦਾ, ਫੇਰ ਵੀ ਸ਼ੁਕਰ ਅਦਾ ਨਾ ਹੋਵੇ, ਕੀ ਕਰੀਏ ਜੇ ਮਿਲੇ ਨਾ ਪਾਣੀ, ਕੀ ਕਰੀਏ ਜੇ ਵਾਅ ਨਾ ਹੋਵੇ । ਉਸਨੂੰ ਜੇਕਰ ਲੱਭਣਾ ਹੋਵੇ ਹਰ ਜ਼ਰਰੇ 'ਚੋਂ ਲਭਦਾ ਏ । ਜਿਥੋਂ ਤੀਕਰ ਨਜ਼ਰਾਂ ਜਾਵਣ ਉਸਦੇ ਜਲਵੇ ਨਜ਼ਰੀਂ ਆਵਣ । ਪੱਥਰਾਂ ਵਿਚ ਵੀ ਬੈਠੇ ਕੀੜੇ ਉਸਦੀ ਦਿੱਤੀ ਰੋਜ਼ੀ ਖਾਵਣ । ਬਿਨ ਮੰਗਿਆਂ ਜੋ ਦੇਵੇ ਉਹੋ ਰੱਬ ਅਖਵਾਂਦਾ ਸਭਦਾ ਏ ।