Adil Siddiqui
ਆਦਿਲ ਸਿੱਦੀਕੀ

ਨਾਂ-ਮੁਹੰਮਦ ਸ਼ੱਬੀਰ ਸਿੱਦੀਕੀ, ਕਲਮੀ ਨਾਂ-ਆਦਿਲ ਸਿੱਦੀਕੀ,
ਪਿਤਾ ਦਾ ਨਾਂ-ਅਬਦੁਲ ਅਜ਼ੀਮ ਸਿੱਦੀਕੀ,
ਜਨਮ ਤਾਰੀਖ਼-5 ਦਸੰਬਰ 1954,
ਜਨਮ ਸਥਾਨ-ਬਰਹਾਨਪੁਰ, ਤਹਿਸੀਲ ਪਸਰੂਰ, ਜ਼ਿਲਾ ਸਿਆਲਕੋਟ,
ਵਿਦਿਆ-ਐਮ. ਏ. (ਪੰਜਾਬੀ, ਉਰਦੂ), ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਪਾਲੇ ਠਰਦੇ ਪੰਛੀ (ਗ਼ਜ਼ਲਾਂ), ਬਰਫ਼ਾਂ ਵੰਡੇ ਸੂਰਜ (ਨਜ਼ਮਾਂ), ਕੱਲਰ ਵਿਚ ਗੁਲਾਬ (ਗ਼ਜ਼ਲਾਂ),
ਪਤਾ-ਬੁਰਹਾਨ ਪੁਰ, ਤਹਿਸੀਲ ਪਸਰੂਰ, ਜ਼ਿਲਾ ਸਿਆਲ ਕੋਟ, ਪੰਜਾਬ ।

ਪੰਜਾਬੀ ਗ਼ਜ਼ਲਾਂ (ਕੱਲਰ ਵਿਚ ਗੁਲਾਬ ਵਿੱਚੋਂ) : ਆਦਿਲ ਸਿੱਦੀਕੀ

Punjabi Ghazlan (Kallar Vich Gulab) : Adil Siddiquiਰੁੱਖ ਨੇ ਜਦ ਵੀ ਸਹਿਮ ਕੇ ਪਾਏ

ਰੁੱਖ ਨੇ ਜਦ ਵੀ ਸਹਿਮ ਕੇ ਪਾਏ ਕਜ਼ਾ ਦੇ ਵਾਸਤੇ । ਪੱਤਰ ਵੀ ਪਾਵਣ ਲੱਗ ਪਏ ਪਾਗਲ ਹਵਾ ਦੇ ਵਾਸਤੇ । ਪਾਣੀ ਦੀ ਇਕ ਵੀ ਬੂੰਦ ਨਹੀਂ ਆਉਂਦੀ ਜ਼ਮੀਨ ਵਲ ਪਈ, ਪਾਉਂਦੇ ਨੇ ਸੁੱਕੇ ਖੇਤ ਪਏ ਉਡਦੀ ਘਟਾ ਦੇ ਵਾਸਤੇ । ਲੱਗਦਾ ਏ ਸਾਡਾ ਰੱਬ ਵੀ ਬਿਲਕੁਲ ਵਿਚਾਰਾ ਏ, ਜਿਵੇਂਮੰਗਦਾ ਏ ਕੋਈ ਜਦ ਕਿਤੇ ਭਿੱਖਿਆ ਖ਼ੁਦਾ ਦੇ ਵਾਸਤੇ । ਦੁਨੀਆ ਤੇ ਆਪਣੇ ਟੌਹਰ ਦਾ ਜਜ਼ਬਾ ਤੇ ਹੈ ਬੜਾ ਪਰ, ਕਰਨੇ ਆ ਕਿੰਨੇ ਫੇਲ ਪਏ ਆਪਣੀ ਵਕਾਅ ਦੇ ਵਾਸਤੇ। ਬੁਤ ਨੇ ਅਸਾਡੇ ਜ਼ਿਹਨਾਂ 'ਚ ਮਤਲਬ ਪਰਸਤੀਆਂ ਦੇ, ਰੱਬ ਦੇ ਹਜ਼ੂਰ ਸਿਜਦੇ ਵੀ ਸਾਡੇ ਜਜ਼ਾ ਦੇ ਵਾਸਤੇ । ਆਉਂਦੀ ਏ ਸ਼ਰਮ ਅਪਣਿਆਂ ਐਬਾਂ ਨੂੰ ਦੇਖ ਕੇ ਤੇ, ਉੱਠਣ ਜੇ ਮੇਰੇ ਹੱਥ ਕਦੇ 'ਆਦਿਲ' ਦੁਆ ਦੇ ਵਾਸਤੇ ।

ਜਿਹੜੇ ਲੋਕੀ ਲੇਖਾਂ ਦੇ ਸੰਗ ਲੜਦੇ

ਜਿਹੜੇ ਲੋਕੀ ਲੇਖਾਂ ਦੇ ਸੰਗ ਲੜਦੇ ਘੁਲਦੇ ਰਹਿੰਦੇ ਨੇ । ਰੁੱਖ ਤੋਂ ਟੁੱਟੇ ਪੱਤਰਾਂ ਵਾਂਗੂੰ ਰੁਲਦੇ-ਖੁਲਦੇ ਰਹਿੰਦੇ ਨੇ । ਗ਼ਮ ਦਾ ਕੱਲਰ ਖਾਂਦਾ ਰਹਿੰਦੈ ਮੇਰੇ ਦਿਲ ਦੀ ਧਰਤੀ ਨੂੰ, ਉਮੀਦਾਂ ਦੇ ਬੂਟੇ ਫਿਰ ਵੀ ਵਧਦੇ ਫੁਲਦੇ ਰਹਿੰਦੇ ਨੇ । ਮੈਥੋਂ ਜਿਹੜੀ ਗ਼ਲਤੀ ਹੋਵੇ ਮੈਂ ਉਹ ਹਸ ਕੇ ਮੰਨਣਾਂ ਵਾਂ, ਕਿਉਂ ਜੇ ਮੈਂ ਵੀ ਬੰਦਾ ਹਾਂ ਤੇ ਬੰਦੇ ਭੁੱਲਦੇ ਰਹਿੰਦੇ ਨੇ । ਵਿਰਲੇ ਵਾਂਝੇ ਲੋਕ ਨੇ ਜਿਹੜੇ ਪੜ੍ਹਨ ਕਿਤਾਬ ਹਿਆਤੀ ਦੀ, ਬਹੁਤੇ ਲੋਕੀ ਅੱਖੀਆਂ ਮੀਟ ਕੇ ਵਰਕੇ ਥਲਦੇ ਰਹਿੰਦੇ ਨੇ । ਪਲ ਵਿਚ ਏਥੇ ਪਲ ਵਿਚ ਉੱਥੇ ਇਹ ਵੇ ਕਾਗ ਬਨੇਰੇ ਦਾ, ਇਸ ਦੌਲਤ ਦੀ ਸ਼ਹਿ ਤੇ ਬੰਦੇ ਐਵੇਂ ਫੁਲਦੇ ਰਹਿੰਦੇ ਨੇ । ਉਹਨੂੰ ਫੇਰ ਇਨਸਾਫ਼ ਤਰਾਜ਼ੂ ਦੱਸੋ ਕਿਸਰਾਂ ਮੰਨ ਲਈਏ, ਜਿਸ ਤੱਕੜੀ ਵਿਚ ਫੁੱਲ ਤੇ ਕੰਡੇ ਸਾਵੇਂ ਤੁਲਦੇ ਰਹਿੰਦੇ ਨੇ । ਬੇਸ਼ਕ ਕੋਈ ਨਾ ਵਾਕਫ਼ ਹੁੰਦਾ'ਆਦਿਲ'ਗੁੱਝੀਆਂ ਪੀੜਾਂ ਦਾ, ਭੇਦ ਦਿਲਾਂ ਦੇ ਅੱਖੀਆਂ ਰਾਹੀਂ ਆਪੇ ਖੁੱਲ੍ਹਦੇ ਰਹਿੰਦੇ ਨੇ ।

ਤੂੰ ਏਂ ਕਿਸ ਹਾਲ ਤੇਰਾ ਇਸ਼ਕ

ਤੂੰ ਏਂ ਕਿਸ ਹਾਲ ਤੇਰਾ ਇਸ਼ਕ ਪਤਾ ਦਿੰਦਾ ਏ । ਮੇਰੀ ਹਰ ਹਿਸ ਨੂੰ ਤੇਰਾ ਦਰਦ ਜਗਾ ਦਿੰਦਾ ਏ । ਜ਼ਿੰਦਗੀ ਰੂਪ ਵਟਾਂਦੀ ਏ ਕਈ ਹਰ ਵੇਲੇ, ਵਸਲ ਬੇਕੈਫ਼ ਕਦੇ ਹਿਜਰ ਮਜ਼ਾ ਦਿੰਦਾ ਏ । ਉਹਦੀ ਹਰ ਬਾਤ 'ਚ ਆ ਜਾਂਦਾ ਏ ਤਕੱਬਰ ਆਪੇ, ਰਿਜ਼ਕ ਅਨਹਦ ਜੇ ਕਿਸੇ ਨੂੰ ਵੀ ਖ਼ੁਦਾ ਦਿੰਦਾ ਏ । ਯਾਦ ਰੱਖੇ ਨਾ ਜੋ ਨੇਕੀ ਉਹ ਵੀ ਇਨਸਾਨ ਨਹੀਂ, ਉਹ ਵੀ ਕਮ ਜ਼ਰਫ਼ ਏ ਜੋ ਅਹਿਸਾਨ ਜਤਾ ਦਿੰਦਾ ਏ । ਵਕਤ ਅਨਮੋਲ ਹੈ ਦੁਨੀਆ ਤੇ ਬਦਲ ਇਸ ਦਾ ਨਹੀਂ, ਵਕਤ ਇਨਸਾਨ ਨੂੰ ਇਨਸਾਨ ਬਣਾ ਦਿੰਦਾ ਏ । ਮੈਂ ਹਾਂ ਖ਼ੁਸ਼ਬਖ਼ਤ ਜ਼ਮਾਨੇ ਤੇ ਯਕੀਣਨ 'ਆਦਿਲ', ਮੇਰਾ ਦੁਸ਼ਮਣ ਵੀ ਪਿਆ ਮੈਨੂੰ ਦੁਆ ਦਿੰਦਾ ਏ ।

ਵਸਾਲ ਲਮਹਾ ਨਸੀਬ ਹੋਇਆ

ਵਸਾਲ ਲਮਹਾ ਨਸੀਬ ਹੋਇਆ ਤੇ ਜੀ ਪਵਾਂਗੇ । ਜੇ ਉਹਦਾ ਮਿਲਣਾ ਨਸੀਬ ਹੋਇਆ ਤੇ ਜੀ ਪਵਾਂਗੇ । ਅਜੇ ਤੇ ਮੇਰੀ ਹਿਆਤ ਉੱਤੇ ਖ਼ਿਜ਼ਾਂ ਏ ਤਾਰੀ, ਗੁਲਾਬ ਮੁੱਖੜਾ ਨਸੀਬ ਹੋਇਆ ਤੇ ਜੀ ਪਵਾਂਗੇ । ਮੈਂ ਉਹਦੇ ਹੋਠਾਂ ਤੇ ਮੁਸਕਰਾਹਟ ਦਾ ਆਸਮੰਦ ਹਾਂ, ਅਗਰ ਉਹ ਵੇਲਾ ਨਸੀਬ ਹੋਇਆ ਤੇ ਜੀ ਪਵਾਂਗੇ । ਹਜ਼ਾਰ ਦੁੱਖਾਂ ਦੀ ਧੁੱਪ ਹੋਵੇ ਤੇ ਫੇਰ ਕੀ ਏ, ਇਕ ਉਹਦਾ ਸਾਇਆ ਨਸੀਬ ਹੋਇਆ ਤੇ ਜੀ ਪਵਾਂਗੇ । ਉਜਾਲਿਆਂ ਦੀ ਤਲਾਸ਼ ਵਿਚ ਹਾਂ ਅਜਲ ਤੋਂ ਮੈਂ ਤੇ, ਕੋਈ ਸਿਤਾਰਾ ਨਸੀਬ ਹੋਇਆ ਤੇ ਜੀ ਪਵਾਂਗੇ । ਅਨਾ ਪ੍ਰਸਤ ਆਂ ਕਿਸੇ ਦਾ ਅਹਿਸਾਨ ਮੈਂ ਨਹੀਂ ਚੁਕਣਾ, ਜੇ ਮੈਨੂੰ ਜੀਣਾ ਨਸੀਬ ਹੋਇਆ ਤੇ ਜੀ ਪਵਾਂਗੇ । ਬਸ ਉਹਦੀ ਕੁਰਬਤ ਹੈ ਮੇਰੇ ਜੀਵਨ ਦਾ ਰਾਜ਼ 'ਆਦਿਲ' ਉਹ ਸ਼ਖ਼ਸ਼ ਮੇਰਾ ਨਸੀਬ ਹੋਇਆ ਤੇ ਜੀ ਪਵਾਂਗੇ ।

ਜ਼ਿੰਦਗੀ ਦੇ ਸਫ਼ਰ ਵਿਚ ਨਿਰੇ ਮਸਅਲੇ

ਜ਼ਿੰਦਗੀ ਦੇ ਸਫ਼ਰ ਵਿਚ ਨਿਰੇ ਮਸਅਲੇ । ਪੇਸ਼ ਆਉਂਦੇ ਨੇ ਹਰ ਪੈਰ ਤੇ ਮਸਅਲੇ । ਸਾਡੇ ਸਿਰ ਤੇ ਨਵੀਂ ਕੋਈ ਬਿਪਤਾ ਨਹੀਂ, ਸਾਨੂੰ ਵਿਰਸੇ ਦੇ ਵਿਚ ਈ ਮਿਲੇ ਮਸਅਲੇ । ਹੱਲ ਹੋ ਵੀ ਗਿਆ ਜੇ ਕੋਈ ਮਸਅਲਾ, ਹੋਰ ਵੀ ਹੋ ਗਏ ਦੋ ਖੜ੍ਹੇ ਮਸਅਲੇ । ਖੇਡ ਬਾਲਾਂ ਦੀ ਨਈਂ ਇਹ ਮੁਹੱਬਤ ਕੋਈ, ਏਸ ਰਸਤੇ ਦੇ ਵਿਚ ਨੇ ਬੜੇ ਮਸਅਲੇ । ਦਰਦ ਵੰਡਾਂ ਕਿਸੇ ਦੇ ਮੈਂ ਕਿਸਰਾਂ ਭਲਾ, ਮੇਰੇ ਆਪਣੇ ਬੜੇ ਨੇ ਅਜੇ ਮਸਅਲੇ । ਮੇਰੀ ਮੁਸ਼ਕਿਲ ਅਜੀਬ ਮੋੜ ਤੇ ਆ ਗਈ, ਮੈਂ ਘਟਾਂਦਾ ਰਿਹਾ ਵਧ ਗਏ ਮਸਅਲੇ । ਜੋ ਵੀ ਔਕੜ ਸੀ'ਆਦਿਲ' ਉਹ ਔਕੜ ਰਹੀ, ਸਾਰੇ ਉਵੇਂ ਦੇ ਉਵੇਂ ਰਹੇ ਮਸਅਲੇ ।

ਰੰਗ ਖ਼ੁਸ਼ਬੂ ਤੇ ਰੋਸ਼ਨੀ ਚਾਹਨਾਂ

ਰੰਗ ਖ਼ੁਸ਼ਬੂ ਤੇ ਰੋਸ਼ਨੀ ਚਾਹਨਾਂ । ਦੂਜੇ ਲਫ਼ਜ਼ਾਂ 'ਚ ਜ਼ਿੰਦਗੀ ਚਾਹਨਾਂ । ਲੋਕ ਹਸਦੇ ਨੇ ਮੇਰੀ ਹਿਕਮਤ ਤੇ, ਕਿ ਮੈਂ ਦੁਸ਼ਮਣ ਤੋਂ ਦੋਸਤੀ ਚਾਹਨਾਂ । ਮੈਂ ਵੀ ਮੰਜ਼ਿਲ ਨੂੰ ਸਹਿਕਦਾ ਰਹਿਸਾਂ, ਰਾਹਵਾਂ ਖੁੰਝੀਆਂ ਤੋਂ ਰਾਹਬਰੀ ਚਾਹਨਾਂ । ਦੂਰ ਰਹਿਣਾ ਵਾਂ ਹਰ ਤਕੱਲਫ਼ ਤੋਂ, ਖ਼ੁਦ ਵੀ ਸਾਦਾ ਹਾਂ ਸਾਦਗੀ ਚਾਹਨਾਂ । ਬੁਰਾ ਮੰਗਦਾ ਏ ਉਹ ਮੇਰਾ ਭਾਵੇਂ, ਖ਼ੈਰ ਭੂੰ-ਝੂੰ ਕੇ ਓਸ ਦੀ ਚਾਹਨਾਂ । ਬਣ ਕੇ ਮੁਖਲਿਸ ਮਿਲੇ ਜੋ ਨਿੱਤ 'ਆਦਿਲ', ਇਕ ਅੱਧ ਐਸਾ ਵੀ ਆਦਮੀ ਚਾਹਨਾਂ ।

ਅਦਾ ਇਕ ਸ਼ਾਨ ਬਣ ਜਾਵੇ

ਅਦਾ ਇਕ ਸ਼ਾਨ ਬਣ ਜਾਵੇ । ਹਿਆ ਬਿਸਤਾਨ ਬਣ ਜਾਵੇ । ਉਹ ਮੇਰੇ ਮਨ ਦੇ ਵਿਚ ਉਤਰੇ, ਮੇਰੀ ਜ਼ਿੰਦ-ਜਾਨ ਬਣ ਜਾਵੇ । ਨਾ ਬਦਲੇ ਧਰਮ ਉਹ ਭਾਵੇਂ, ਮਗਰ ਇਨਸਾਨ ਬਣ ਜਾਵੇ । ਮੈਂ ਛੇੜਾਂ ਮਿਸਰ ਦਾ ਕਿੱਸਾ, ਤੇ ਦਿਲ ਕਨਿਆਨ ਬਣ ਜਾਵੇ । ਅੱਜ ਉਹਦੇ ਆਉੇਣ ਦਾ 'ਆਦਿਲ', ਕੋਈ ਅਮਕਾਨ ਬਣ ਜਾਵੇ ।

ਕੁਝ ਹੋਰ ਰਚਨਾਵਾਂ : ਆਦਿਲ ਸਿੱਦੀਕੀਧੁੱਪਾਂ ਕੋਲੋਂ ਠੰਢੀਆਂ ਛਾਵਾਂ ਮੰਗਦੇ ਰਏ

ਧੁੱਪਾਂ ਕੋਲੋਂ ਠੰਢੀਆਂ ਛਾਵਾਂ ਮੰਗਦੇ ਰਏ। ਇੰਜ ਵੀ ਸਾਡੇ ਜੀਵਨ ਦੇ ਦਿਨ ਲੰਘਦੇ ਰਏ। ਅੱਖੀਆਂ ਦੇ ਵਿਚ ਗ਼ਮ ਦੀ ਧੁੱਦਲ ਉਡਦੀ ਰਈ, ਦਿਲ ਦੀ ਜੂਹ 'ਚੋਂ ਯਾਦ ਦੇ ਲਸ਼ਕਰ ਲੰਘਦੇ ਰਏ। ਮੈਂ ਧੰਨਵਾਦੀ ਵੇਲੇ ਦੇ ਜੱਲਾਦਾਂ ਦਾ, ਜਿਹੜੇ ਮੇਰੀਆਂ ਸੋਚਾਂ ਸੂਲ਼ੀ ਟੰਗਦੇ ਰਏ। ਆਵਣ ਵਾਲੀ ਆਫ਼ਤ ਫਿਰ ਵੀ ਆ ਗਈ ਏ, ਲੋਕੀਂ ਭਾਵੇਂ ਰੋਜ਼ ਦੁਆਵਾਂ ਮੰਗਦੇ ਰਏ। ਸੋਚ ਰਿਹਾਂ ਕਿਉਂ ਫੁੱਲ ਤੇ ਤਿਤਲੀ ਏਸ ਸਮੇਂ, ਇਕ ਦੂਜੇ ਤੋਂ ਪਲ ਪਲ ਝਕਦੇ ਸੰਗਦੇ ਰਏ। ਮੈਂ ਖ਼ਸਿਆਨਾ ਹਾਸਾ ਹੱਸੀ ਜਾਂਦਾ ਸਾਂ, ਬਾਲ ਵਿਚਾਰੇ ਰੋ ਰੋ ਪੈਸੇ ਮੰਗਦੇ ਰਏ। ਕੋਈ ਕੋਈ ਦੁਖ ਦੀਆਂ ਕੰਧਾਂ ਢਾਹ ਸਕਿਐ, ਬਹੁਤੇ ਲੋਕੀ ਐਵੇਂ ਮੱਥੇ ਰੰਗਦੇ ਰਏ। 'ਆਦਿਲ' ਭੁੱਖ ਨਾ ਮੁੱਕੀ ਸ਼ਰਮਾਂ ਵਾਲਿਆਂ ਦੀ, ਚਾਤਰ ਠੱਗੀਆਂ ਲਾ ਲਾ ਕੇ ਹਥ ਰੰਗਦੇ ਰਏ।

ਮੇਰੇ ਘਰ ਵੀ ਸੋਨ-ਸਵੇਰਾ ਹੋ ਜਾਵੇ

ਮੇਰੇ ਘਰ ਵੀ ਸੋਨ-ਸਵੇਰਾ ਹੋ ਜਾਵੇ। ਰੱਬਾ ! ਹੁਣ ਤੇ ਦੂਰ ਹਨੇਰਾ ਹੋ ਜਾਵੇ। ਮੈਨੂੰ ਕੀ ਫਿਰ ਲੋੜ ਏ ਹੋਰ ਸਹਾਰੇ ਦੀ, ਜੇਕਰ ਮੇਰਾ ਦਿਲ ਈ ਮੇਰਾ ਹੋ ਜਾਵੇ। ਫਿਰ ਤੂੰ ਜਾਣੇਂ ਦੁਨੀਆਂ ਕਿੱਥੇ ਵਸਦੀ ਏ, ਮੇਰੇ ਵਰਗਾ ਹਾਲ ਜੇ ਤੇਰਾ ਹੋ ਜਾਵੇ। ਉਹਨੂੰ ਦੁਨੀਆਂ ਉਜੜੀ ਪੁਜੜੀ ਲਗਦੀ ਏ, ਸੁੰਝਾ ਜਿਸਦੀ ਆਸ ਦਾ ਡੇਰਾ ਹੋ ਜਾਵੇ। ਉਹਨੂੰ ਸਾਰੇ ਲੋਕੀ ਬੌਣੇ ਦਿਸਦੇ ਨੇ, ਜਦ ਵੀ ਕੋਈ ਸ਼ਖ਼ਸ ਵਡੇਰਾ ਹੋ ਜਾਵੇ। ਮੈਂ ਇਹ ਸੋਚ ਕੇ ਦਸਦਾ ਨਈਂ ਦੁਖ ਯਾਰਾਂ ਨੂੰ, ਕਿਧਰੇ ਰੋਗ ਨਾ ਹੋਰ ਵਧੇਰਾ ਹੋ ਜਾਵੇ। 'ਆਦਿਲ' ਜੇਕਰ ਰਾਹ ਵਿਚ ਸੰਗੀ ਹੋਵੇ ਨਾ, ਛੋਟਾ ਪੰਧ ਵੀ ਬਹੁਤ ਲੰਮੇਰਾ ਹੋ ਜਾਵੇ।