Ahmed Zafar
ਅਹਿਮਦ ਜ਼ਫ਼ਰ

Punjabi Ghazals

ਪੰਜਾਬੀ ਗ਼ਜ਼ਲਾਂ

1. ਛਪ ਗਈ ਏ ਮੇਰੀ ਗ਼ਜ਼ਲ ਦੀ ਕਿਤਾਬ

ਛਪ ਗਈ ਏ ਮੇਰੀ ਗ਼ਜ਼ਲ ਦੀ ਕਿਤਾਬ।
ਤੇਰੇ ਨਾਂ ਮੇਰੇ ਹੰਝੂਆਂ ਦਾ ਹਿਸਾਬ।

ਵੇਖ ਲੈ ਮੋਰ ਦੇ ਪਰਾਂ ਦੇ ਰੰਗ,
ਵੇਖ ਲੈ ਨਚਦਾ ਸੁਨਹਿਰੀ ਖ਼ਾਬ।

ਬਾਗ਼ ਵਿਚ ਹਸਕੇ ਦਸ ਰਹੀ ਏ ਤ੍ਰੇਲ,
ਨਾਲ ਈ ਰੋ ਰਿਹਾ ਏ ਕੋਈ ਗੁਲਾਬ।

ਖੋਲ੍ਹ ਬੂਹਾ ਸਵੇਰ ਦੀ ਅੱਖ ਦਾ,
ਸ਼ਾਮ ਦੇ ਹੋਂਠ 'ਤੇ ਸਜਾ ਮਤਾਬ।

ਰਾਤ ਲੰਘੀ 'ਜ਼ਫ਼ਰ' ਕਿਆਮਤ ਦੀ,
ਸਿਰ ਤੇ ਫੇਰ ਆ ਖਲਾ ਦਿਨ ਦਾ ਅਜ਼ਾਬ।

2. ਹਿਜਰ ਦੀ ਤਖ਼ਤੀ ਲਿਖਦਾ ਰਹਿੰਦਾ ਦਿਲ

ਹਿਜਰ ਦੀ ਤਖ਼ਤੀ ਲਿਖਦਾ ਰਹਿੰਦਾ ਦਿਲ।
ਬਾਲਾਂ ਵਾਂਗੂੰ ਅੱਖਰ ਪਾਂਦਾ ਦਿਲ।

ਫੁੱਲ ਗੁਲਾਬ ਦਾ ਖਿੜਿਆ ਹੋਇਆ ਵੇਖ,
ਪੁੱਛ ਨਾ ਕੀਕੂੰ ਟੋਟੇ ਹੋਇਆ ਦਿਲ।

ਮੇਰੀ ਗੱਲ ਨਾ ਪੱਲੇ ਉਹਦੇ ਪਈ,
ਜਿਸਦੇ ਹੱਥ ਵਿਚ ਰਹਿੰਦਾ ਮੇਰਾ ਦਿਲ।

ਸੱਧਰ ਮੈਨੂੰ ਵਾਂਗ ਭੰਵਰ ਦੇ ਸੀ,
ਦਿਲ ਦਰਿਆ ਵਿਚ ਡੁੱਬਾ ਹੋਇਆ ਦਿਲ।

ਸਾਰੀ ਰਾਤ ਨਾ ਮੈਨੂੰ ਦੇਵੇ ਸੌਣ,
ਪਿੰਜਰੇ ਵਿਚ ਪਖੇਰੂ ਵਰਗਾ ਦਿਲ।

ਹੋਰ 'ਜ਼ਫ਼ਰ' ਮੈਂ ਉਹਨੂੰ ਆਖਾਂ ਕੀ,
ਓਹੋ ਅੱਛਾ ਜਿਸਦਾ ਅੱਛਾ ਦਿਲ।

3. ਅਪਣੀ ਮੌਤ ਦਾ ਮੰਜ਼ਰ ਲੈ ਕੇ ਟੁਰਦਾ ਰਹੁ

ਅਪਣੀ ਮੌਤ ਦਾ ਮੰਜ਼ਰ ਲੈ ਕੇ ਟੁਰਦਾ ਰਹੁ।
ਸੀਨੇ ਅੰਦਰ ਖ਼ੰਜਰ ਲੈ ਕੇ ਟੁਰਦਾ ਰਹੁ।

ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ,
ਅੱਖਾਂ ਵਿਚ ਸਮੁੰਦਰ ਲੈ ਕੇ ਟੁਰਦਾ ਰਹੁ।

ਜ਼ੁਲਫ਼ਾਂ ਅੰਦਰ ਫੁੱਲ ਸਜਾਂਦਾ ਰਹਿੰਦਾ ਸੈਂ,
ਹੱਥਾਂ ਦੇ ਵਿਚ ਪੱਥਰ ਲੈ ਕੇ ਟੁਰਦਾ ਰਹੁ।

ਪਲਕਾਂ ਉੱਤੇ ਨਗ ਜੇ ਉਹਦੀ ਯਾਦ ਦੇ ਨੇ,
ਰਤ ਰੰਗੀ ਹਰ ਅੱਥਰ ਲੈ ਕੇ ਟੁਰਦਾ ਰਹੁ।

ਸੋਚ ਦੇ ਵਿੱਚ 'ਜ਼ਫ਼ਰ' ਜੇ ਵੰਡਾਂ ਪਾਈਆਂ ਨੇ,
ਅਪਣਾ ਵੱਖ ਮੁਕੱਦਰ ਲੈ ਕੇ ਟੁਰਦਾ ਰਹੁ।

4. ਧਰਤੀ ਸੁਪਨੇ ਵੇਖ ਰਹੀ ਸੀ ਕਲ ਸਹਿਰਾ ਦੇ ਵਾਂਗੂੰ

ਧਰਤੀ ਸੁਪਨੇ ਵੇਖ ਰਹੀ ਸੀ ਕਲ ਸਹਿਰਾ ਦੇ ਵਾਂਗੂੰ।
ਚਾਰ ਚੁਫੇਰੇ ਹੱਸਿਆ ਕੋਈ ਅੱਜ ਦਰਿਆ ਦੇ ਵਾਂਗੂੰ।

ਵਗਦੇ ਪਾਣੀ ਦੇ ਮੱਥੇ 'ਤੇ ਸੂਰਜ ਟਿੱਕਾ ਲਾਇਆ,
ਰੁੱਤ ਨੇ ਜ਼ਖ਼ਮਾਂ ਉੱਤੇ ਰੱਖੇ ਹੱਥ ਦਵਾ ਦੇ ਵਾਂਗੂੰ।

ਹਰਿਆਲੀ ਦੀ ਚੁੰਨੀ ਉੱਤੇ ਖ਼ੁਸ਼ਬੂ ਅੱਖਰ ਪਾਏ,
ਲੰਘ ਗਿਆ ਏ ਕੋਲੋਂ ਕੋਈ ਤੇਜ਼ ਹਵਾ ਦੇ ਵਾਂਗੂੰ।

ਅਪਣੀ ਅਪਣੀ ਬੋਲੀ ਦੇ ਵਿਚ ਪੰਛੀ ਗੱਲਾਂ ਕਰਦੇ,
ਨਵੀਂ ਸਵੇਰ ਦੇ ਬੁੱਲ੍ਹਾਂ ਉੱਤੇ ਹਰਫ਼ ਦਆ ਦੇ ਵਾਂਗੂੰ।

ਚਰਖੇ ਦੀ ਘੂਕਰ ਦੇ ਉੱਤੇ ਲੋਕ ਧਮਾਲਾਂ ਪਾਉਂਦੇ,
ਵਿੱਚ ਤ੍ਰਿੰਝਣਾਂ ਕੁੜੀਆਂ ਹੱਸੀਆਂ ਨਵੀਂ ਕਪਾਹ ਦੇ ਵਾਂਗੂੰ।