Ahsan Rana
ਅਹਿਸਾਨ ਰਾਣਾ

ਨਾਂ-ਰਾਣਾ ਅਹਿਸਾਨ ਅਲੀ ਖ਼ਾਂ, ਕਲਮੀ ਨਾਂ-ਅਹਿਸਾਨ ਰਾਣਾ,
ਜੰਮਣ ਵਰ੍ਹਾ-1948 ਜਨਮ ਸਥਾਨ-ਮੁਹੱਲਾ ਘਰਜਾਖ਼, ਗੁਜਰਾਂਵਾਲਾ,
ਪਿਤਾ ਦਾ ਨਾਂ-ਰਾਣਾ ਰਸ਼ੀਦ ਅਹਿਮਦ ਖ਼ਾਂ,
ਵਿਦਿਆ-ਐਫ਼. ਏ. ਬੀ. ਕਾਮ, ਕਿੱਤਾ-ਨੌਕਰੀ,
ਛਪੀਆਂ ਕਿਤਾਬਾਂ -ਕਰਜ਼ ਏ ਸ਼ਜਰ (ਉਰਦੂ ਸ਼ਾਇਰੀ), ਰਕਸ਼ ਏ ਬਹਾਰ (ਉਰਦੂ ਸ਼ਾਇਰੀ), ਬਾਰਾ ਦਰੀ ਸੇ ਚਾਂਦ (ਉਰਦੂ ਸ਼ਾਇਰੀ), ਗੱਲਾਂ ਕਰਦੀ ਸ਼ਾਮ (ਪੰਜਾਬੀ ਸ਼ਾਇਰੀ), ਮੇਰੇ ਅੱਖਰ ਮੇਰੇ ਸੂਰਜ (ਪੰਜਾਬੀ ਸ਼ਾਇਰੀ), ਮੋਤੀ ਮੇਰੀ ਅੱਖ ਦੇ (ਪੰਜਾਬੀ ਸ਼ਾਇਰੀ),
ਪਤਾ-ਪਾਕਿ ਟਾਉਨ, ਜੀ ਟੀ ਰੋਡ, ਕਾਮੋਕੀ, ਗੁਜਰਾਂਵਾਲਾ, ਪੰਜਾਬ ।

ਪੰਜਾਬੀ ਗ਼ਜ਼ਲਾਂ (ਗੱਲਾਂ ਕਰਦੀ ਸ਼ਾਮ 2007 ਵਿੱਚੋਂ) : ਅਹਿਸਾਨ ਰਾਣਾ

Punjabi Ghazlan (Gallan Kardi Sham 2007) : Ahsan Rana



ਵਸ ਚੱਲੇ ਮੈਂ ਹਰ ਇਕ ਰੁੱਤ ਨੂੰ

ਵਸ ਚੱਲੇ ਮੈਂ ਹਰ ਇਕ ਰੁੱਤ ਨੂੰ ਚੇਤਰ ਰੁੱਤ ਬਣਾਵਾਂ । ਏਸ ਵਤਨ ਦੀ ਮਿੱਟੀ ਗੋਵਾਂ ਸੁੱਚੇ ਫੁੱਲ ਉਗਾਵਾਂ । ਉਸ ਵੇਲੇ ਕਿਉਂ ਸਾਡੇ ਮੂੰਹ ਨੂੰ ਚੁੱਪ ਦੇ ਜਿੰਦਰੇ ਲੱਗੇ ਚਿੜੀਆਂ ਦਾ ਜਦ ਭੱਪਾ ਖਾ ਖਾ ਸ਼ੋਰ ਮਚਾਇਆ ਕਾਵਾਂ । ਭਾਦੋਂ ਦੀ ਉਹ ਬਦਲੀ ਹੈਸੀ ਛਮ ਛਮਾ ਛਮ ਵੱਸੀ, ਫੇਰ ਉਦਾਸੀ ਕੁੱਛੜ ਚਾ ਲਈ ਸਾਰੇ ਸ਼ਹਿਰ ਗਰਾਵਾਂ । ਇਨ੍ਹਾਂ ਲਈ ਤੇ ਸਾਡੇ ਸਿਰ ਵੀ ਕਾਲੀ ਹਾਂਡੀ ਹੋਈ, ਅੰਨ੍ਹਿਆਂ ਹੱਥ ਬਟੇਰੇ ਆਏ ਕਿਸਰਾਂ ਗੱਲ ਵਲਾਵਾਂ । ਸੱਧਰਾਂ ਤਾਂਘਾਂ ਆਸ ਉਮੀਦਾਂ ਘੋਲ ਮਥੋਲਾ ਹੋਈਆਂ, ਅੱਗੇ ਪਿੱਛੇ ਹੋ ਹੋ ਮਿਲਦਾ ਮੇਰਾ ਈ ਪਰਛਾਵਾਂ । ਖੂਹ ਪੁਰਾਣਾ ਗੇੜੇ 'ਰਾਣਾ' ਅੱਥਰ ਅੱਥਰ ਕੇਰੇ, ਜਿੱਥੇ ਜਿੱਥੇ ਅੱਥਰ ਕੇਰੇ ਬਲ ਬਲ ਨਿਕਲਣ ਹਾਵਾਂ ।

ਤੇਰੀ ਯਾਦ ਦੇ ਝੱਖੜ ਕੀਤਾ

ਤੇਰੀ ਯਾਦ ਦੇ ਝੱਖੜ ਕੀਤਾ ਦਿਲ ਨੂੰ ਲੀਰਾਂ-ਲੀਰਾਂ । ਅੱਖ ਦੇ ਮੈਂਟਲਪੀਸ ਤੋਂ ਡਿੱਗੀਆਂ ਸਤ ਰੰਗੀਆਂ ਤਸਵੀਰਾਂ । ਸੁੱਕੇ ਹੋਏ ਫੁੱਲ ਵੀ ਇਕ ਦਿਨ ਕੰਡੇ ਬਣ ਕੇ ਚੁਭਦੇ, ਰੇਸ਼ਮ ਦੇ ਗੁੱਛੇ ਵੀ ਇਕ ਦਿਨ ਬਣ ਜਾਂਦੇ ਜ਼ੰਜੀਰਾਂ । ਵੇਲੇ ਦੇ ਫੁਟਪਾਥ ਤੇ ਬੈਠਾ ਸਿਰ ਦਾ ਕਾਸਾ ਭੰਨਾਂ, ਫਿਰ ਤਹਿਜ਼ੀਬ ਦੀ ਚਾਦਰ ਉੱਤੇ ਪੈਂਦੀਆਂ ਜਾਣ ਲਕੀਰਾਂ । ਬਕਸੇ ਵਿਚ ਕਸ਼ਮੀਰ ਮਹਿਲ ਦੇ ਗੁਲ ਬਕਾਉਲੀ ਹੱਸੇ, ਸੁਫ਼ਨਾ ਜਾਣ ਕੇ ਦੇਖਣ ਦੇ ਲਈ ਉਂਗਲੀ ਆਪਣੀ ਚੀਰਾਂ । ਮੁਖੜੇ ਦੇ ਤਸਬੀ ਗੁਲਦਾਨ 'ਚ ਸਜਿਆ ਫੁੱਲ ਗੁਲਾਬੀ, ਜੁੱਸੇ ਦਾ ਸਿਰਨਾਵਾਂ ਟੇਬਲ ਲੈਂਪ ਦੀਆਂ ਤਨਵੀਰਾਂ ।

ਬੇਰੰਗ ਸਾਡੇ ਪੱਤੇ ਯਾਰੋ

ਬੇਰੰਗ ਸਾਡੇ ਪੱਤੇ ਯਾਰੋ ਉਹਦੇ ਹੱਥ ਵਿਚ ਯੱਕੇ ਨੇ । ਸਾਡੇ ਸਿਰ ਤੋਂ ਪੀਹ ਨਾਂ ਲੱਥੀ ਹੱਥ ਪੀਹ-ਪੀਹ ਕੇ ਥੱਕੇ ਨੇ । ਸੱਧਰਾਂ ਵਾਂਗ ਖਜੂਰਾਂ ਖਿਲੀਆਂ, ਪੁੰਨੂੰ ਲੱਦ ਕਚਾਵੇ ਤੁਰਿਆ, ਹੋਰ ਕਿਸੇ ਨੇ ਬਾਂਹ ਕੀ ਫੜਣੀ ਹੰਝੂ ਵਲ-ਵਲ ਡੱਕੇ ਨੇ । ਸੋਚ ਵਿਚਾਰਾਂ ਸ਼ਾਮੋਂ-ਸ਼ਾਮੀ ਹੱਥੋਂ ਬੁਰਕੀ ਡਿਗਦੀ ਏ, ਰਾਤ ਫ਼ਿਰਾਕ ਝਨਾਂ ਦੀਆਂ ਛੱਲਾਂ ਕੌਲ-ਕਰਾਰ ਵੀ ਪੱਕੇ ਨੇ । ਏਸ ਜੁਰਮ ਦੀ ਦੇਖੋ ਹੁਣ ਤਾਜ਼ੀਰ ਨਵੀਂ ਕੀ ਲਾਵੇਗਾ, ਸੱਧਰਾਂ ਦੇ ਮੈਂ ਘੁੱਟ ਭਰੇ ਸਨ ਉੱਤੋਂ ਮਾਰੇ ਫੱਕੇ ਨੇ । ਰਾਤ-ਬਰਾਤੇ ਸੰਨ੍ਹਾਂ ਲਾਈਆਂ ਚੋਰਾਂ ਦੇ ਫ਼ਰਮਾਨਾਂ ਤੇ, ਚੋਰ ਉਚੱਕੇ ਘਰ ਵਿਚ ਬੈਠੇ ਬੱਚੇ ਬਾਹਰ ਧੱਕੇ ਨੇ ।

ਗੁੱਛੀ-ਮੁੱਛੀ ਡੋਰ ਨਹੀਂ ਤੇ ਚੰਗਾ ਏ

ਗੁੱਛੀ-ਮੁੱਛੀ ਡੋਰ ਨਹੀਂ ਤੇ ਚੰਗਾ ਏ । ਵੋਹ-ਕਾਟੇ ਦਾ ਸ਼ੋਰ ਨਹੀਂ ਤੇ ਚੰਗਾ ਏ । ਪੈਰਾਂ ਵੱਲੇ ਵੇਖੇਗਾ ਫਿਰ ਰੋਵੇਗਾ, ਪੈਲਾਂ ਪਾਂਦਾ ਮੋਰ ਨਹੀਂ ਤੇ ਚੰਗਾ ਏ । ਅੱਥਰੂ ਅੱਥਰੂ ਤਸਬੀ ਕਰਦਾ ਟੁਰਿਆ ਜਾ, ਜੰਗਲ ਆਦਮ ਖ਼ੋਰ ਨਹੀਂ ਤੇ ਚੰਗਾ ਏ । ਉੱਚੀ ਲੰਮੀ ਕੰਧ ਉਸਾਰੀ ਜਾਣੀ ਸੀ, ਚਲਦਾ ਤੇਰਾ ਜ਼ੋਰ ਨਹੀਂ ਤੇ ਚੰਗਾ ਏ । ਚੁੱਪ ਬੈਠਾਂ ਤੇ ਚੁੱਪ ਵੀ ਗੱਲਾਂ ਕਰਦੀ ਏ, ਕਰਦਾ ਗੱਲ ਤੇ ਗ਼ੌਰ ਨਹੀਂ ਤੇ ਚੰਗਾ ਏ । ਕਿਸਮਤ ਤੇਰੇ ਘਰ ਤੱਕ ਰਾਣਾ ਆਵੇਗੀ, ਕੀੜੀ ਵਾਲੀ ਟੋਰ ਨਹੀਂ ਤੇ ਚੰਗਾ ਏ ।

ਹਸ ਕੇ ਗੱਲ ਜੋ ਟਾਲ ਗਿਆ ਵਾਂ

ਹਸ ਕੇ ਗੱਲ ਜੋ ਟਾਲ ਗਿਆ ਵਾਂ । ਚੱਲ ਮੈਂ ਇਹ ਵੀ ਚਾਲ ਗਿਆ ਵਾਂ । ਦੁਨੀਆ ਮੇਰੀ ਹਾਣੀ ਨਿਕਲੀ, ਗਿਣਦਾ ਮਹੀਨੇ ਸਾਲ ਗਿਆ ਵਾਂ । ਉਹਦੀ ਮੰਜੀ ਘੁੰਮਦੀ ਦੇਖੋ, ਬਣ ਕੇ ਇਕ ਭੂਚਾਲ ਗਿਆ ਵਾਂ । ਰਾਤਾਂ ਆਪਣੀ ਬੁੱਕਲ ਖੋਲ੍ਹਣ, ਮੈਂ ਵੀ ਦੀਵਾ ਬਾਲ ਗਿਆ ਵਾਂ । ਅੱਡੀ ਮਾਰਿਆਂ ਚਸ਼ਮਾ ਨਿਕਲੇ, ਪਾਉਂਦਾ ਇੰਜ ਧਮਾਲ ਗਿਆ ਵਾਂ । ਉਹ ਤੇ ਲਾਜਵਾਬ ਹੀ ਹੈਸੀ, ਲੈ ਕੇ ਲੱਖ ਸਵਾਲ ਗਿਆ ਵਾਂ । ਆਦਮ ਖ਼ੋਰ ਬੇਸਬਰੇ ਹੈ ਸਨ, ਜਿਉਂਦੀ ਜਾਨੇ ਪਾਲ ਗਿਆ ਵਾਂ । ਸਾਰੀਆਂ ਚਾਲਾਂ ਵੇਲੇ ਦੱਸੀਆਂ, ਖਿੱਚ ਲਗਾਮ ਰਵਾਲ ਗਿਆ ਵਾਂ । ਕੈਸਰੋ ਕਿਸਰਾ 'ਰਾਣਾ' ਪੁੱਛੇ, ਲਿਖ ਕਿਉਂ ਹਰਫ਼ ਜ਼ਵਾਲ ਗਿਆ ਵਾਂ

ਨਜ਼ਰਾਂ ਕਿੱਥੇ ਠਹਿਰ ਦੀਆਂ

ਨਜ਼ਰਾਂ ਕਿੱਥੇ ਠਹਿਰ ਦੀਆਂ । ਸਫ਼ਰੀ ਅੱਠੇ ਪਹਿਰ ਦੀਆਂ । ਕੰਨੋ ਬੋਲੇ ਹੋ ਗਏ ਆਂ, ਗੱਲਾਂ ਸੁਣ ਸੁਣ ਸ਼ਹਿਰ ਦੀਆਂ । ਫੁੱਲਾਂ ਵਾਂਗੂੰ ਲੱਗੀਆਂ ਸਨ, ਗ਼ਜ਼ਲਾਂ ਨਿੱਕੀ ਬਹਿਰ ਦੀਆਂ । ਮੇਰਾ ਪਿੰਡ ਵੀ ਕਰਦਾ ਏ, ਰੀਸਾਂ ਤੇਰੇ ਸ਼ਹਿਰ ਦੀਆਂ । 'ਰਾਣਾ' ਬਾਰੀ ਢੋਈ ਰੱਖ, ਝੜੀਆਂ ਲੱਗੀਆਂ ਕਹਿਰ ਦੀਆਂ ।

ਰਿਸ਼ਤਾ ਭੈਣਾਂ-ਭਾਈਆਂ ਦਾ

ਰਿਸ਼ਤਾ ਭੈਣਾਂ-ਭਾਈਆਂ ਦਾ । ਰੌਲਾ ਖੇਸ ਰਜਾਈਆਂ ਦਾ । ਮਾਂ ਮੈਂ ਕਿਸਰਾਂ ਲਿੱਖਾਂਗਾ, ਕਿੱਸਾ ਦਰਦ ਜੁਦਾਈਆਂ ਦਾ । ਮੁਨਸਫ਼ ਵੀ ਕੁਝ ਦੱਸੇਗਾ, ਉੱਚਾ ਮੁੱਲ ਗਵਾਹੀਆਂ ਦਾ । ਇਕ ਦੋ ਫੂਕਾਂ ਬੜੀਆਂ ਸਨ, ਲਾ ਨਾ ਢੇਰ ਦਵਾਈਆਂ ਦਾ । 'ਰਾਣਾ' ਧੂੜਾਂ ਪੁੱਟੇਗਾ, ਅਗਲਾ ਪੰਧ ਜੁਦਾਈਆਂ ਦਾ ।

ਸੁੱਤਾ ਸ਼ਹਿਰ ਵਿਖਾਇਆ ਉਹਨੇ

ਸੁੱਤਾ ਸ਼ਹਿਰ ਵਿਖਾਇਆ ਉਹਨੇ । ਰਸਤਾ ਇੰਜ ਲੁਭਾਇਆ ਉਹਨੇ । ਖੰਭੋਂ ਡਾਰਾਂ ਬਣੀਆਂ ਹੈਸਨ, ਰੱਸੀਉਂ ਸੱਪ ਬਣਾਇਆ ਉਹਨੇ । ਚਾਰ-ਚੁਫ਼ੇਰੇ ਭਾਦੋਂ ਵੱਸੀ, ਸਾਨੂੰ ਸੁਕਣੇ ਪਾਇਆ ਉਹਨੇ । ਮੇਰੀ ਅੱਖੋਂ ਉਹਲੇ ਉਹਲੇ, ਕੀ ਕੀ ਰੂਪ ਵਟਾਇਆ ਉਹਨੇ । ਦਮ ਦਮ ਨਵੀਆਂ ਤਾਂਘਾਂ 'ਰਾਣਾ', ਦਿਲ ਨੂੰ ਦਿਲ ਬਣਾਇਆ ਉਹਨੇ ।

ਅੱਲਾ ਸੋਹਣੇ ਦਿੱਤੀਆਂ ਜੇ ਅੱਥਰਾਂ ਉਧਾਰੀਆਂ

ਅੱਲਾ ਸੋਹਣੇ ਦਿੱਤੀਆਂ ਜੇ ਅੱਥਰਾਂ ਉਧਾਰੀਆਂ । ਪਾਣੀ ਵਿਚ ਲੀਕਾਂਗਾ ਮੈਂ ਸ਼ਕਲਾਂ ਪਿਆਰੀਆਂ । ਪਾਣੀ ਪੀ ਪੰਜਾਬ ਦਾ ਪੰਜਾਬੀ ਰੰਗ ਛਾ ਗਿਆ, ਦਿੱਲੀ ਵਾਲੇ ਭੁੱਲ ਗਏ ਹਮਾਰੀਆਂ ਤੁਮਹਾਰੀਆਂ । ਗੰਨਾ ਮੰਗ ਚੂਪਦਾ ਤੇ ਕਿੱਡੀ ਸੋਹਣੀ ਗੱਲ ਸੀ, ਤੋਤੇ ਵਾਂਗੂੰ ਟੁੱਕਦੈ ਅਲ਼ੈਚੀਆਂ-ਸੁਪਾਰੀਆਂ । ਵੇਖੋ ਹੁਣ ਕਿਹੜੇ ਕਿਹੜੇ ਨਾਗ ਨੂੰ ਹੈ ਕੀਲਦਾ, ਲੋਕਾਂ ਨੇ ਵੀ ਰਾਹਵਾਂ ਵਿਚ ਖੋਲ੍ਹੀਆਂ ਪਟਾਰੀਆਂ । ਚੰਨਾਂ ਤੇਰੀ ਯਾਦ ਦੇ ਸ਼ਹਿਤੂਤ ਝੜ ਗਏ ਨੇ, ਸੰਗ ਕੂੜਾ ਕੂੜਾ ਏ ਤੇ ਖੁੱਜੀਆਂ ਬੀਮਾਰੀਆਂ । ਪੱਬਾਂ ਭਾਰ ਟੁਰਿਆਂ ਤੇ ਟੋਰ ਭੁੱਲ ਗਈ ਏ, ਗਿੱਠ ਗਿੱਠ ਉਚੀਆਂ ਨੇ ਢਾਰੀਆਂ ਚੁਬਾਰੀਆਂ । ਝੱਲੇ ਸਾਂ ਤੇ ਝੱਲਿਆਂ ਨੇ ਚੁੱਪ ਵੱਟ ਲਈ ਏ, ਮੁਸੀਬਤਾਂ ਤੇ ਸਾਰੀਆਂ ਵਜ਼ਾਹਤਾਂ ਖਿਲਾਰੀਆਂ । ਇੰਜ ਲੱਗਾ ਰੁੱਖਾਂ ਨੂੰ ਹਲੂਣਾ ਜਿਹਾ ਆਗਿਆ, ਆਂਦਾ ਦੇਖ ਉਨੂੰ 'ਰਾਣੇ' ਬਾਹਵਾਂ ਸੀ ਖਿਲਾਰੀਆਂ ।