Ajmal Wajih
ਅਜਮਲ ਵਜੀਹ

ਨਾਂ-ਮੁਹੰਮਦ ਅਜਮਲ, ਕਲਮੀ ਨਾਂ-ਅਜਮਲ ਵਜੀਹ,
ਜਨਮ ਤਾਰੀਖ਼-3 ਅਕਤੂਬਰ 1947, ਜਨਮ ਸਥਾਨ-ਗੁੱਜਰਾਂ ਵਾਲਾ,
ਪਿਤਾ ਦਾ ਨਾਂ-ਸੂਫ਼ੀ ਅਬਦੁਲ ਅਜ਼ੀਜ਼,
ਵਿਦਿਆ-ਐਮ.ਏ. (ਪੰਜਾਬੀ, ਉਰਦੂ), ਕਿੱਤਾ-ਅਧਿਆਪਨ,
ਛਪੀਆਂ ਕਿਤਾਬਾਂ-ਚਾਦਰ ਜ਼ਖ਼ਮਾਂ ਦੀ (ਪੰਜਾਬੀ ਸ਼ਾਇਰੀ), ਦਿਲਚਸਪ ਕਹਾਣੀਆਂ, ਪਹਿਲਾ ਛੱਲਾ,
ਪਤਾ-ਗੁਜਰਾਂਵਾਲਾ ।

ਪੰਜਾਬੀ ਗ਼ਜ਼ਲਾਂ (ਚਾਦਰ ਜ਼ਖ਼ਮਾਂ ਦੀ 1979 ਵਿੱਚੋਂ) : ਅਜਮਲ ਵਜੀਹ

Punjabi Ghazlan (Chadar Zakhman Di 1979) : Ajmal Wajihਅੱਖਾਂ ਦੇ ਵਿਚ ਹੰਝੂ ਭਰ ਭਰ

ਅੱਖਾਂ ਦੇ ਵਿਚ ਹੰਝੂ ਭਰ ਭਰ ਮੁਸਕਰਾਵਣ ਲੋਕੀ । ਕਿਸਰਾਂ ਕਿਸਰਾਂ ਆਪਣੇ ਦਿਲ ਦੇ ਰੋਗ ਛੁਪਾਵਣ ਲੋਕੀ । ਚੁੱਪ-ਚੁਪੀਤਾ ਤੱਕਦਾ ਜਾਵਾਂ, ਮੀਲ ਦੇ ਪੱਥਰ ਵਾਂਗੂੰ, ਮੇਰੇ ਅੱਗੇ ਹਸਦੇ-ਰੋਂਦੇ, ਆਵਣ ਜਾਵਣ ਲੋਕੀ । ਹਲਦੀ ਵਰਗੇ ਦੇਖ ਕੇ ਚਿਹਰੇ ਇੰਜ ਲਗਦਾ ਏ ਮੈਨੂੰ, ਜਿਸਰਾਂ ਆਪਣੀਆਂ ਲਾਸ਼ਾਂ ਚੁੱਕ ਕੇ, ਟੁਰਦੇ ਜਾਵਣ ਲੋਕੀ । ਸੂਰਜ ਨਿਕਲੇ, ਬੱਦਲ ਹੋਵੇ 'ਵਾ ਦਾ ਝੱਖੜ ਝੁੱਲੇ, ਬੱਚਿਆਂ ਵਾਂਗੂੰ ਐਵੇਂ ਰੋਵਣ, ਹੱਸਣ, ਗਾਵਣ, ਲੋਕੀ । ਜਿਹੜਾ ਸੱਚਾ ਰੱਖਦਾ ਨਹੀਂ ਏ, ਦਿਲ ਵਿਚ ਕੋਈ ਖੋਟ, ਉਹਦੇ ਨਾਲ ਕਦੀ ਨਾ 'ਅਜਮਲ' ਅੱਖ ਮਿਲਾਵਣ ਲੋਕੀ ।

ਉਂਜ ਤੇ ਡਾਢੇ ਸੋਹਣੇ ਬੜੇ ਸੁਹਾਣੇ ਸਨ

ਉਂਜ ਤੇ ਡਾਢੇ ਸੋਹਣੇ ਬੜੇ ਸੁਹਾਣੇ ਸਨ । 'ਅਜਮਲ' ਪਰ ਉਹ ਮਨਜ਼ਰ ਬਹੁਤ ਪੁਰਾਣੇ ਸਨ । ਇਕ ਵਾਰੀ ਤੇ ਯਾਰ ਕਦੀ ਅਜ਼ਮਾ ਲੈਂਦਾ, ਮੈਂ ਕੀਤੇ ਸੀ ਜਿਹੜੇ ਕੌਲ ਨਿਭਾਣੇ ਸਨ । ਹਾਲੀ ਹੋਰ ਹਵਾਵਾਂ ਸ਼ੋਰ ਮਚਾਨਾ ਸੀ, ਹਾਲੀ ਹੋਰ ਗ਼ਮਾਂ ਦੇ ਬੱਦਲ ਛਾਣੇ ਸਨ । ਮੈਂ ਵੀ ਉਸ ਬੇਦਰਦੀ ਦਾ ਸੌਦਾਈ ਸਾਂ, ਆਖ਼ਰ ਇਕ ਨਾ ਇਕ ਦਿਨ ਪੱਥਰ ਖਾਣੇ ਸਨ । 'ਅਜਮਲ' ਆਪਣਾ ਆਪ ਬਚਾਂਦਾ ਕਿਸਰਾਂ ਮੈਂ, ਸਾਰੇ ਲੋਕ ਮਿਰੇ ਜਾਣੇ ਪਹਿਚਾਣੇ ਸਨ ।

ਲੋਕਾਂ ਵਾਂਗੂੰ ਉਹ ਵੀ ਮਿਹਣਾ ਮਾਰ ਗਿਆ

ਲੋਕਾਂ ਵਾਂਗੂੰ ਉਹ ਵੀ ਮਿਹਣਾ ਮਾਰ ਗਿਆ । 'ਅਜਮਲ' ਅੱਜ ਮੈਂ ਹਾਰ ਗਿਆ ਮੈਂ ਹਾਰ ਗਿਆ । ਪਾ ਕੇ ਆਪਣੇ ਤਨ ਤੇ ਚਾਦਰ ਜ਼ਖ਼ਮਾਂ ਦੀ, ਇਕ ਦੀਵਾਨਾ ਖ਼ੁਸ਼ੀਆਂ ਦੇ ਦਰਬਾਰ ਗਿਆ । ਮੈਨੂੰ ਕਿਸੇ ਨੇ 'ਵਾਜ਼ ਨਾ ਦਿੱਤੀ ਉਸ ਵੇਲੇ, ਮੈਂ ਜਦ ਪੀੜਾਂ ਦੇ ਜੰਗਲ ਵਿਚਕਾਰ ਗਿਆ । ਰੱਬਾ ਹੋਰ ਨਾ ਹੋਵੇ ਕੋਈ ਮੇਰੇ ਵਾਂਗ, ਨਾ ਮੈਂ ਡੁੱਬਿਆ ਨਾ ਦਰਿਆ ਦੇ ਪਾਰ ਗਿਆ । ਖ਼ਵਰੇ ਕਿਹੜੀ ਸ਼ੈ ਵੇ ਪਾਰ ਹਿਆਤੀ ਏ, ਮੁੜਕੇ ਨਾ ਉਹ ਆਇਆ ਜੋ ਇਕ ਵਾਰ ਗਿਆ ।

ਦਿਲ ਦੀਆਂ ਸੱਧਰਾਂ ਨੂੰ ਪਰਚਾ ਨਹੀਂ

ਦਿਲ ਦੀਆਂ ਸੱਧਰਾਂ ਨੂੰ ਪਰਚਾ ਨਹੀਂ ਸਕਦਾ ਮੈਂ । ਫੇਰ ਵੀ ਏਥੋਂ ਉੱਠ ਕੇ ਜਾ ਨਹੀਂ ਸਕਦਾ ਮੈਂ । ਭਾਵੇਂ ਸਾਰੀ ਦੁਨੀਆਂ ਦੁਸ਼ਮਣ ਹੋ ਜਾਵੇ, ਹੁਣ ਤੇ ਪਿੱਛੇ ਪੈਰ ਹਟਾ ਨਹੀਂ ਸਕਦਾ ਮੈਂ । ਇਕ ਨਾ ਇਕ ਦਿਨ ਕੋਈ ਮੈਨੂੰ ਡੰਗੇਗਾ ਯਾਰਾਂ ਕੋਲੋਂ ਜਾਨ ਬਚਾ ਨਹੀਂ ਸਕਦਾ ਮੈਂ । ਯਾਰੋ ਮੈਨੂੰ ਐਨਾ ਨਾ ਮਜਬੂਰ ਕਰੋ, ਅੱਖੀਂ ਵੇਖ ਕੇ ਮੱਖੀ ਖਾ ਨਹੀਂ ਸਕਦਾ ਮੈਂ । ਉੱਚੀਆਂ-ਉੱਚੀਆਂ ਕੰਧਾਂ ਦੇਖ ਕੇ ਸੋਚ ਰਿਹਾਂ, 'ਅਜਮਲ'ਇਨ੍ਹਾਂ ਨੂੰ ਕਿਉਂ ਢਾ ਨਹੀਂ ਸਕਦਾ ਮੈਂ ।

ਕੋਈ ਭਾਰ ਇਹ ਚਾ ਸਕਦਾ ਏ

ਕੋਈ ਭਾਰ ਇਹ ਚਾ ਸਕਦਾ ਏ ਮੇਰੇ ਵਾਂਗ । ਗ਼ਮ ਨੂੰ ਸੀਨੇ ਲਾ ਸਕਦਾ ਏ ਮੇਰੇ ਵਾਂਗ । ਆਪੇ ਆਪਣੀ ਜਿੰਦੜੀ ਦੀ ਤਸਵੀਰ ਕੋਈ, ਜ਼ਖ਼ਮਾਂ ਨਾਲ ਸਜਾ ਸਕਦਾ ਏ ਮੇਰੇ ਵਾਂਗ । ਪਲਕਾਂ ਉੱਤੇ ਬਾਲ ਕੇ ਦੀਵੇ ਹੰਝੂਆਂ ਦੇ, ਕਿਹੜਾ ਜਸ਼ਨ ਮਨਾ ਸਕਦਾ ਏ ਮੇਰੇ ਵਾਂਗ । ਤੇਰੀ ਤਨਹਾਈ ਦੀ ਸੁੰਝੀ ਮਹਫ਼ਿਲ ਵਿਚ, ਹੋਰ ਵੀ ਕੋਈ ਆ ਸਕਦਾ ਏ ਮੇਰੇ ਵਾਂਗ । 'ਅਜਮਲ' ਆਪਣੇ ਹੱਥੀਂ ਆਪਣੀਆਂ ਸੱਧਰਾਂ ਦੇ, ਦੀਵੇ ਕੌਣ ਬੁਝਾ ਸਕਦਾ ਏ ਮੇਰੇ ਵਾਂਗ ।

ਦਿਲ ਸ਼ੀਸ਼ੇ ਤੇ ਗ਼ਮ ਦੀਆਂ 'ਵਾਵਾਂ

ਦਿਲ ਸ਼ੀਸ਼ੇ ਤੇ ਗ਼ਮ ਦੀਆਂ 'ਵਾਵਾਂ ਵੱਜੀਆਂ ਨੇ । ਬੱਦਲਾਂ ਵਾਂਗੂੰ ਹੱਥ ਦੀਆਂ ਲੀਕਾਂ ਗੱਜੀਆਂ ਨੇ । ਦੇਖਾਂ ਤੇ, ਦੋ ਧੂੜ ਉਡਾਉਂਦੇ ਵੀਰਾਨੇ, ਕਹਿਣ ਨੂੰ ਚਿਹਰੇ ਤੇ ਦੋ ਅੱਖਾਂ ਸੱਜੀਆਂ ਨੇ । ਭਾਵੇਂ ਕਿੰਨੇ ਜਿਸਮ ਖ਼ਵਾਓ ਫੇਰ ਵੀ ਇਹ, ਖ਼ੂਨੀ ਗਿਰਝਾਂ ਹਿਰਸ ਦੀਆਂ ਕਦ ਰੱਜੀਆਂ ਨੇ । ਕੌਣ ਆਇਆ ਏ ਸੱਧਰਾਂ ਦੇ ਵੀਰਾਨੇ ਵਿਚ, ਕੀਹਨੇ ਵਿਚ ਲਾਵਾਰਸ਼ ਲਾਸ਼ਾਂ ਕੱਜੀਆਂ ਨੇ । 'ਅਜਮਲ' ਯਾਰਾ! ਅੱਜ ਤੇ ਤੇਰੀਆਂ ਗੱਲਾਂ ਵੀ, ਮੇਰੇ ਦਿਲ ਤੇ ਪੱਥਰ ਵਾਂਗੂੰ ਵੱਜੀਆਂ ਨੇ ।

ਆਪਣੇ ਕੋਲੋਂ ਕਦ ਤੱਕ ਆਪ ਲੁਕਾਉਗੇ

ਆਪਣੇ ਕੋਲੋਂ ਕਦ ਤੱਕ ਆਪ ਲੁਕਾਉਗੇ । ਚਿਹਰਿਆਂ ਉੱਤੇ ਕਿੰਨੇ ਖ਼ੋਲ ਝੜ੍ਹਾਉਗੇ । ਯਾਰੋ! ਕਦ ਤੱਕ ਬਾਲ ਕੇ ਦੀਵੇ ਹੰਝੂਆਂ ਦੇ, ਆਪਣੀ ਬਰਬਾਦੀ ਦਾ ਜਸ਼ਨ ਮਨਾਉਗੇ । ਜੇ ਨਾ 'ਵਾਜ਼ ਪਛਾਣੀ ਯਾਰੋ ਵੇਲੇ ਦੀ, ਕੱਖਾਂ ਵਾਂਗੂੰ ਸੜਕਾਂ ਤੇ ਰੁਲ ਜਾਉਗੇ । ਆਖ਼ਰ ਐਨੀ ਖ਼ਲਕਤ ਏ ਕੋਈ ਬੋਲੇਗਾ, ਕਿੰਨਿਆਂ ਬੁੱਲਾਂ ਉੱਤੇ ਜਿੰਦਰੇ ਲਾਉਗੇ । ਹੁਣ ਤੇ ਕਰ ਦਿਉ ਪਾਸੇ 'ਅਜਮਲ' ਪੱਥਰ ਨੂੰ, ਨਈਂ ਤੇ ਫਿਰ ਇਕ ਵਾਰੀ ਠੋਕਰ ਖਾਉਗੇ ।

ਸ਼ਾਮ-ਸਵੇਰੇ ਸੀਨੇ ਲਾ ਕੇ ਰੋਨਾ ਵਾਂ

ਸ਼ਾਮ-ਸਵੇਰੇ ਸੀਨੇ ਲਾ ਕੇ ਰੋਨਾ ਵਾਂ । ਮੈਂ ਉਹਦੀ ਤਸਵੀਰ ਬਣਾ ਕੇ ਰੋਨਾ ਵਾਂ । ਥਾਂਈ-ਥਾਂਈ ਮੈਨੂੰ ਭੰਡਦਾ ਫਿਰਦਾ ਏ, ਉਹਨੂੰ ਆਪਣਾ ਯਾਰ ਬਣਾ ਕੇ ਰੋਨਾ ਵਾਂ । ਪਹਿਲਾਂ ਬਜ਼ਮਾਂ ਅੰਦਰ ਖਿੜ-ਖਿੜ ਹਸਦਾ ਸਾਂ, ਹੁਣ ਮੈਂ ਸਭ ਤੋਂ ਲੁੱਕ-ਲੁਕਾ ਕੇ ਰੋਨਾ ਵਾਂ । ਮੇਰੇ ਦਿਲ ਨੂੰ ਕਿੰਨਾਂ ਚਾਅ ਸੀ ਬਦਲਣ ਦਾ, ਹੁਣ ਮੈਂ ਆਪਣਾ ਭੇਸ ਵਟਾ ਕੇ ਰੋਨਾ ਵਾਂ । ਖ਼ਵਰੇ 'ਅਜਮਲ' ਰੋਣ ਦੀ ਮੈਨੂੰ ਆਦਤ ਏ, ਹਸਦੇ ਫੁੱਲਾਂ ਨੂੰ ਗਲ ਲਾ ਕੇ ਰੋਨਾ ਵਾਂ ।

ਲੱਖ ਕਰੋੜਾਂ ਤਾਰੇ ਚਮਕਣ

ਲੱਖ ਕਰੋੜਾਂ ਤਾਰੇ ਚਮਕਣ, ਫੇਰ ਵੀ ਕਾਲੀ ਲੱਗੇ । 'ਅਜਮਲ' ਅੱਜ ਦੀ ਰਾਤ ਕਦੇ ਨਾ ਮੁੱਕਣ ਵਾਲੀ ਲੱਗੇ । ਅੱਖਾਂ ਵਿਚ ਪਰਛਾਵੇਂ ਨੱਚਣ, ਦਿਲ ਵਿਚ ਧੂੜਾਂ ਉੱਡਣ, 'ਅਜਮਲ' ਫੇਰ ਗ਼ਮਾਂ ਦੀ ਨ੍ਹੇਰੀ ਝੁੱਲਣ ਵਾਲੀ ਲੱਗੇ । ਸੁੱਕੇ ਪੱਤਰ ਕਿਹੜੀਆਂ ਅੱਖਾਂ ਨਾਲ ਮੈਂ ਉਸ ਦੇ ਦੇਖਾਂ, 'ਅਜਮਲ' ਜਿਹੜੇ ਬੂਟੇ ਨੂੰ ਨਹੀਂ ਫੁੱਲ ਵੀ ਹਾਲੀ ਲੱਗੇ । ਮਸਲ ਰਿਹਾ ਏ ਜਿਹੜਾ ਪੈਰਾਂ ਥੱਲੇ ਗ਼ੁਨਚਾ-ਗ਼ੁਨਚਾ, 'ਅਜਮਲ' ਉਹੋ ਮੈਨੂੰ ਉਸ ਗੁਲਸ਼ਨ ਦਾ ਮਾਲੀ ਲੱਗੇ । ਲੋਕਾਂ ਨੂੰ ਜੋ ਲਗਦੈ ਲੱਗੇ, ਜੋ ਦਿਸਦਾ ਏ ਦਿੱਸੇ, 'ਅਜਮਲ' ਮੈਨੂੰ ਤੇ ਚੰਨ ਉਹਦੇ ਕੰਨ ਦੀ ਵਾਲੀ ਲੱਗੇ ।

ਕੁਝ ਹੋਰ ਰਚਨਾਵਾਂ : ਅਜਮਲ ਵਜੀਹਪਾਣੀ ʼਤੇ ਤਸਵੀਰ ਬਣਾਵੇ

ਪਾਣੀ ʼਤੇ ਤਸਵੀਰ ਬਣਾਵੇ। ਕੋਈ ਅਜਮਲ ਨੂੰ ਸਮਝਾਵੇ। ਆਪੇ ਝੱਲਾ ਦੀਵੇ ਬਾਲ਼ੇ, ਆਪੇ ਫੂਕਾਂ ਮਾਰ ਬੁਝਾਵੇ। ਏਧਰ ਨ੍ਹੇਰਾ, ਓਧਰ ਨ੍ਹੇਰਾ, ਜਾਵੇ ਤੇ ਕੋਈ ਕਿੱਧਰ ਜਾਵੇ। ਉਹਦੀ ਅੱਖ ਪੁਰਸ਼ੋਰ ਸਮੁੰਦਰੀ, ਦਿਲ ਦੀਵਾਨਾ ਡੁੱਬਦਾ ਜਾਵੇ। ਮੇਰੇ ਵਿਹੜੇ ਸੂਰਜ ਉੱਗੇ, ਮੇਰੇ ਘਰ ਵੀ ਚਾਨਣ ਆਵੇ। ਯਾਦ ਕਿਸੇ ਦੀ ਬਦਲੀ ਬਣਕੇ, ਖੁਸ਼ਬੂਆਂ ਦਾ ਮੀਂਹ ਬਰਸਾਵੇ। ਜਿੰਨ੍ਹਾਂ ਮੈਨੂੰ ਸਾੜ ਮੁਕਾਇਐ, 'ਅਜਮਲ' ਮੁੜ ਉਹ ਮੌਸਮ ਆਵੇ।

ਓੜਕ ਹਾਲ ਇਹ ਹੋਇਆ ਮੇਰਾ

ਓੜਕ ਹਾਲ ਇਹ ਹੋਇਆ ਮੇਰਾ। ਕਿਧਰੇ ਜੀ ਨਾ ਲਗਦਾ ਮੇਰਾ। ਖ਼ੁਸ਼ੀਆਂ ਦਾ ਹਰ ਚਾਨਣ ਤੇਰਾ, ਦੁਖ ਦਾ ਘੁੱਪ ਹਨੇਰਾ ਮੇਰਾ। ਫੇਰ ਬੁਝਾ ਨਾ ਦੇਵੇ ਦੀਵਾ, 'ਵਾ ਦਾ ਕੋਈ ਬੁੱਲਾ ਮੇਰਾ। ਸੁੰਝਾ ਸੁੰਝਾ ਜਾਪੇ ਮੈਨੂੰ, ਅਜ ਤੇ ਜਿੰਦ ਬਨੇਰਾ ਮੇਰਾ। ਜੇ ਉਹ ਮੇਰਾ ਸੱਜਣ ਹੁੰਦਾ, ਹਾਲ ਕਦੀ ਤੇ ਪੁਛਦਾ ਮੇਰਾ। ਤੈਨੂੰ ਕੀ ਮੈਂ ਦੱਸਾਂ 'ਅਜਮਲ', ਸਾਂਝਾ ਦੁਖ ਏ ਤੇਰਾ ਮੇਰਾ।

ਕੰਮ ਗ਼ਜ਼ਬ ਦਾ ਕਰਦਾ ਏ

ਕੰਮ ਗ਼ਜ਼ਬ ਦਾ ਕਰਦਾ ਏ। ਰੋਜ਼ ਉਹ ਜੀਉਂਦਾ ਮਰਦਾ ਏ। ਯਾਰੋ ਹੱਸਣ ਗਾਵਣ ਨੂੰ, ਮੇਰਾ ਜੀ ਵੀ ਕਰਦਾ ਏ। ਇਕ ਤੇ ਫ਼ਿਕਰ ਪਰਿੰਦੇ ਦਾ, ਦੂਜਾ ਦੁੱਖ ਸ਼ਜਰ ਦਾ ਏ। ਉਹਦੇ ਪੈਰੀਂ ਜ਼ੰਜੀਰਾਂ, ਜਿਹਨੂੰ ਸ਼ੌਕ ਸਫ਼ਰ ਦਾ ਏ। ਅਜ ਵੀ ਅੱਖਾਂ ਵਿੱਚ ਅਬਾਦ, ਮੰਜ਼ਰ ਓਸ ਨਗਰ ਦਾ ਏ। 'ਅਜਮਲ' ਮੈਨੂੰ ਮੁੱਦਤਾਂ ਬਾਅਦ, ਚੇਤਾ ਆਇਆ ਘਰਦਾ ਏ।

ਅਜਮਲ ਉਹ ਵੀ ਬੇਘਰ ਏ

ਅਜਮਲ ਉਹ ਵੀ ਬੇਘਰ ਏ। ਯਾਨੀ ਮੇਰੇ ਵਾਂਗਰ ਏ। ਸੱਚਾਈ ਦਾ ਆਈਨਾ, ਮੇਰਾ ਇਕ ਇਕ ਅੱਖਰ ਏ। ਵਰਕਾ ਵਰਕਾ ਮਾਜ਼ੀ ਦਾ, ਮੈਨੂੰ ਅਜ ਵੀ ਅਜਬਰ ਏ। ਠਹਿਰੇ ਹੋਏ ਪਾਣੀ ਵਿਚ, ਕੀਹਨੇ ਸੁਟਿਆ ਪੱਥਰ ਏ। ਮੈਂ ਤੇ ਅਪਣੇ ਵਿਹੜੇ ਵਿਚ, ਆਪੇ ਲਾਇਆ ਕਿੱਕਰ ਏ। ਸੰਨਾਟਾ ਈ ਸੰਨਾਟਾ, 'ਅਜਮਲ' ਸ਼ਹਿਰਾਂ ਅੰਦਰ ਏ।