Akram Saqib ਅਕਰਮ 'ਸਾਕਿਬ'
ਨਾਂ: ਮੁਹੰਮਦ ਅਕਰਮ
ਕਲਮੀ ਨਾਂ: ਅਕਰਮ ਸਾਕਿਬ
ਜਨਮ ਸਥਾਨ: ਲਾਹੌਰ
ਵਿਦਿਆ: ਬੀ. ਏ.
ਕਿੱਤਾ: ਵਿਦੇਸ਼ ਵਿਚ ਨੌਕਰੀ
ਛਪੀਆਂ ਕਿਤਾਬਾਂ: ਦਿਲ ਸਮੁੰਦਰ ਥਾ (ਉਰਦੂ ਸ਼ਾਇਰੀ), ਰਾਤ, ਝਨ੍ਹਾਂ ਤੇ ਚਾਨਣੀ (ਪੰਜਾਬੀ ਸ਼ਾਇਰੀ)
ਪਤਾ: ਲਾਹੌਰ, ਪਾਕਿਸਤਾਨ ।
ਪੰਜਾਬੀ ਗ਼ਜ਼ਲਾਂ (ਰਾਤ, ਝਨ੍ਹਾਂ ਤੇ ਚਾਨਣੀ 2009 ਵਿੱਚੋਂ) : ਅਕਰਮ 'ਸਾਕਿਬ'
Punjabi Ghazlan (Raat, Jhanha Te Chanani 2009) : Akram Saqib
੧. ਜੇ ਵਰਦੀ ਐਦਕੀਂ ਬਾਰਸ਼
ਜੇ ਵਰਦੀ ਐਦਕੀਂ ਬਾਰਸ਼ ਤਾਂ ਜਾਂਦਾ ਬੱਦਲਿਆਂ ਦਾ ਕੀ ।
ਅਸੀਂ ਬੈਠੇ ਹਾਂ ਉਂਜ ਬੰਜਰ ਤੇ ਸਾਡੇ ਟਿੱਬਿਆਂ ਦਾ ਕੀ ।
ਜੁਦਾਈ ਦਰਦ ਬਣ ਕੇ ਰਚ ਗਈ ਏ ਪੂਰ ਪੂਰ ਅੰਦਰ,
ਕਿਤੇ ਹੋਵੇ ਕੋਈ ਮੌਸਮ ਅਸਾਂ ਨੂੰ ਮੌਸਮਾਂ ਦਾ ਕੀ ।
ਇਹ ਤੇਰੀ ਯਾਦ ਦੇ ਵਿਚ ਜਗਦੇ ਬੁਝਦੇ ਰਹਿਣਗੇ ਆਪੇ,
ਮੇਰੀ ਪਿਲਕਨ ਦੇ ਪੱਤਰ ਹੇਠ ਇਨ੍ਹਾਂ ਜੁਗਨੂਆਂ ਦਾ ਕੀ ।
ਮੁਸਾਫ਼ਿਰ ਨੂੰ ਤੇ ਛਾਂ ਦੇਣੀ ਇਨ੍ਹਾਂ ਦਾ ਫ਼ਰਜ਼ ਹੁੰਦਾ ਏ,
ਕੋਈ ਆਵੇ ਨਾ ਆਵੇ ਪਿੱਪਲਾਂ ਦੇ ਟਹਿਣਿਆਂ ਦਾ ਕੀ ।
ਮੈਂ ਉਹਨੂੰ ਯਾਦ ਕਰਨਾਂ ਵਾਂ ਤੇ ਮਨਜ਼ਰ ਜਾਗ ਜਾਂਦੇ ਨੇ,
ਜੋ ਵਰ ਆਈਆਂ ਨੇ ਮੇਰੀ ਅੱਖ 'ਚ ਉਨ੍ਹਾਂ ਬਾਰਸ਼ਾਂ ਦਾ ਕੀ ।
ਮੈਂ ਸੀਨੇ ਵਿਚ ਅੰਗੀਠੀ ਲੈ ਕੇ ਵੀ ਤੇ ਸੌਂ ਨਹੀਂ ਸਕਦਾ,
ਭੜਕ ਉੱਠਣ ਕਿਸੇ ਵੇਲੇ ਤੇ ਇਨ੍ਹਾਂ ਕੋਲਿਆਂ ਦਾ ਕੀ ।
ਕਦੇ ਤੇ ਯਾਰ 'ਸਾਕਿਬ' ਸ਼ਿਅਰ ਮੇਰੇ ਦਾਦ ਪਾਵਣਗੇ,
ਗੁਜ਼ਰ ਜਾਵਣਗੇ ਇਹ ਵੇਲੇ ਵੀ ਇਨ੍ਹਾਂ ਵੇਲਿਆਂ ਦਾ ਕੀ ।
੨. ਦਿਲ ਵਿਚ ਮੇਰੇ ਵਸਦੀ ਏ ਉਹ
ਦਿਲ ਵਿਚ ਮੇਰੇ ਵਸਦੀ ਏ ਉਹ ਰਾਤ ਝਨ੍ਹਾਂ ਤੇ ਚਾਨਣੀ ।
ਗਲ ਨਾਲ ਲੱਗ ਕੇ ਹਸਦੀ ਏ ਉਹ ਰਾਤ ਝਨ੍ਹਾਂ ਤੇ ਚਾਨਣੀ ।
ਰਾਤ ਨੂੰ ਖ਼ਾਬਾਂ ਦੇ ਵਿਚ ਹਰ ਦਮ ਲੱਭਦਾ ਰਹਿਨਾ ਉਹਨੂੰ,
ਅੱਖਾਂ ਦੇ ਵਿਚ ਰਚਦੀ ਏ ਉਹ ਰਾਤ ਝਨ੍ਹਾਂ ਤੇ ਚਾਨਣੀ ।
ਰੋਜ ਖ਼ਿਆਲਾਂ ਦੇ ਵਿਚ ਜੀਹਨੂੰ ਕੋਲ ਬੁਲਾਂਦਾ ਰਹਿਨਾ,
ਅੱਗੇ ਲੱਗ ਕੇ ਨੱਸਦੀ ਏ ਉਹ ਰਾਤ ਝਨ੍ਹਾਂ ਤੇ ਚਾਨਣੀ ।
ਅੱਖਾਂ ਨਾਲ ਨਿਭਾਣਾ ਵੀ ਤੇ ਕੰਮ ਅਵੱਲਾ ਹੁੰਦਾ,
ਦੂਰੋਂ ਦੂਰੋਂ ਹਸਦੀ ਏ ਉਹ ਰਾਤ ਝਨ੍ਹਾਂ ਤੇ ਚਾਨਣੀ ।
ਅੱਖਰ ਕਿਣਮਿਣ-ਕਿਣਮਿਣ ਜਦ ਵੀ ਦਿਲ ਤੇ ਵਰ੍ਹਦੇ ਨੇ,
ਪਿਆਰ ਸੁਨੇਹਾ ਘੱਲਦੀ ਏ ਉਹ ਰਾਤ ਝਨ੍ਹਾਂ ਤੇ ਚਾਨਣੀ ।
ਸੂਲਾਂ ਪੈਣ ਕਲੇਜੇ ਨਾਲੇ ਦਿਲ ਪਿਆ ਜ਼ੋਰੀਂ ਧੜਕੇ,
ਹੰਝੂਆਂ ਵਾਂਗੂੰ ਵਗਦੀ ਏ ਉਹ ਰਾਤ ਝਨ੍ਹਾਂ ਤੇ ਚਾਨਣੀ ।
ਜਿੱਧਰ ਜਾਵਾਂ ਨਾਲ ਵਿਛੋੜਾ ਉਸ ਦਾ ਹਰ ਦਮ ਰਹਿੰਦਾ,
ਦਿਲ ਨੂੰ ਚੰਗੀ ਲਗਦੀ ਏ ਉਹ ਰਾਤ ਝਨ੍ਹਾਂ ਤੇ ਚਾਨਣੀ ।
ਬੇਲੇ ਦੇ ਵਿਚ ਸੂਰਜ ਵਾਂਗੂੰ ਸਾਕਿਬ ਅੰਤ ਗਵਾਚਾ,
ਬੱਦਲ ਵਾਂਗੂੰ ਗੱਜਦੀ ਏ ਉਹ ਰਾਤ ਝਨ੍ਹਾਂ ਤੇ ਚਾਨਣੀ ।
੩. ਕਿਹੜੇ ਵਿਰਦ ਤੇ ਮੰਤਰ ਗਾਵਾਂ
ਕਿਹੜੇ ਵਿਰਦ ਤੇ ਮੰਤਰ ਗਾਵਾਂ ਆਪਣਾ ਭੇਤ ਮੈਂ ਪਾਵਾਂ ।
ਇਸ ਦੁਨੀਆਂ ਤੋਂ ਜਾਨ ਛੁਡਾਵਾਂ ਆਪਣਾ ਭੇਤ ਮੈਂ ਪਾਵਾਂ ।
ਕੋਈ ਤੇ ਮੇਰੀਆਂ ਲੀਕਾਂ ਅੰਦਰ ਛਾਤੀ ਪਾ ਕੇ ਦੱਸੇ,
ਕਿਹੜੇ ਵੈਦ ਨੂੰ ਜਾ ਵਿਖਾਵਾਂ ਆਪਣਾ ਭੇਤ ਮੈਂ ਪਾਵਾਂ ।
ਯਾਂ ਤੇ ਆਪਣੇ ਜੰਗ ਨੂੰ ਅੰਦਰੋਂ ਖੁਰਚ ਕੇ ਕੱਢ ਦਵਾਂ ਮੈਂ,
ਯਾਂ ਫੇਰ ਰੱਜ ਕੇ ਨੱਚਾਂ ਗਾਵਾਂ ਆਪਣਾ ਭੇਤ ਮੈਂ ਪਾਵਾਂ ।
ਹਰ ਆਵਾਜ਼ ਹੀ ਜਾਪੇ ਮੈਨੂੰ ਜੀਵੇਂ ਇੱਕੋ ਵਰਗੀ,
ਕਿਹੜੇ ਆਖ਼ਰ ਕਰਮ ਕਮਾਵਾਂ ਆਪਣਾ ਭੇਤ ਮੈਂ ਪਾਵਾਂ ।
ਹਰ ਚੌਖਟ ਤੇ ਜਾ ਕੇ ਦੇਖਾਂ ਰੋਜ਼ ਇਕ ਨਵਾਂ ਤਮਾਸਾ,
ਕਿੱਥੇ ਜਾ ਕੇ ਡੇਰੇ ਲਾਵਾਂ ਆਪਣਾ ਭੇਤ ਮੈਂ ਪਾਵਾਂ ।
ਮੰਦਰ ਜਾਵਾਂ ਮਸਜਿਦ ਜਾਵਾਂ ਯਾ ਗਿਰਜੇ ਵਲ ਜਾਵਾਂ,
ਗੰਗਾ ਜਾ ਮੈਂ ਪਾਪ ਧੁਆਵਾਂ ਆਪਣਾ ਭੇਤ ਮੈਂ ਪਾਵਾਂ ।
ਯਾ ਫਿਰ ਆਪਣੇ ਮਨ ਦੀ ਮੰਨਾਂ ਕਿਵੇਂ ਖ਼ਲਾਸੀ ਹੋਵੇ,
ਸ਼ਰ ਤੋਂ ਆਪਣਾ ਆਪ ਬਚਾਵਾਂ ਆਪਣਾ ਭੇਤ ਮੈਂ ਪਾਵਾਂ ।
ਉੱਠ ਦਿਲਾ ਹੁਣ ਇਸ ਤੋਂ ਅੱਗੇ ਪੈਂਡੇ ਲੰਮ-ਲਮੇਰੇ,
'ਸਾਕਿਬ' ਆਪਣਾ ਆਪ ਗਵਾਵਾਂ ਆਪਣਾ ਭੇਤ ਮੈਂ ਪਾਵਾਂ ।
੪. ਖ਼ਬਰੈ ਕੀ ਕੁਝ ਬੋਲ ਰਿਹਾ ਸੀ
ਖ਼ਬਰੈ ਕੀ ਕੁਝ ਬੋਲ ਰਿਹਾ ਸੀ ਰਾਤ ਝਨ੍ਹਾਂ ਦਾ ਪਾਣੀ ।
ਕਿਹੜੇ ਦੁਖੜੇ ਫੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਜੀਵੇਂ ਪੂਰੇ ਚੰਨ ਦੀ ਪਿਆਸ ਸੀ ਉਹਦੇ ਮਨ ਦੇ ਅੰਦਰ,
ਉੱਡਣ ਨੂੰ ਪਰ ਤੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਮੇਰੇ ਵਾਂਗਰ ਖ਼ਵਰੇ ਉਹ ਵੀ ਮੀਤ ਗਵਾ ਬੈਠਾ ਸੀ,
ਲਹਿਰਾਂ ਲਹਿਰਾਂ ਫੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਜੁਗਨੂੰ, ਮੌਸਮ ਚੰਨ ਹਵਾ ਦਾ ਮੁਨਸਫ਼ ਬਣ ਬੈਠਾ ਸੀ,
ਤਾਰੇ ਹੱਥੀਂ ਤੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਉਂਜ ਤੇ ਵਤਨਾਂ ਦੀ ਹਰ ਇਕ ਸ਼ੈ ਵੱਸੇ ਮੇਰੇ ਅੰਦਰ,
ਯਾਦਾਂ ਦੇ ਵਿਚ ਡੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਪੈਰੀਂ ਮੇਰੇ ਪੈਂਡੇ ਬਣ ਕੇ ਦੂਰ ਉਦਾਸ ਖੜਾ ਸੀ,
ਮੈਨੂੰ ਟਾਲ-ਮਟੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਕਾਨਿਆਂ ਨਾਲ ਉਹ ਬੈਠਾ ਜੀਵੇਂ ਘੁੱਪ ਹਨੇਰੇ ਦੇ ਵਿਚ,
ਕਿਹੜੀ ਗੁੰਝਲ ਖੋਲ੍ਹ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
ਮੈਨੂੰ ਰੋਕਣ ਖ਼ਾਤਰ ਬਹਿਕੇ ਮੇਰੇ ਪੈਰਾਂ ਦੇ ਵਿਚ,
ਹੰਝੂ ਅਪਣੇ ਡੋਲ੍ਹ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
'ਅਕਰਮ ਸਾਕਿਬ' ਦੂਰੀ ਦੇ ਵਿਚ ਅਕਸਰ ਸੋਚਣਾ ਵਾਂ ਮੈਂ,
ਕਿੰਨਾਂ ਮੇਰੇ ਕੋਲ ਰਿਹਾ ਸੀ ਨਾਲ ਝਨ੍ਹਾਂ ਦਾ ਪਾਣੀ ।
੫. ਯਾਦ ਤੇਰੀ ਨਾਲ ਦਿਲ ਵਿਚ ਮਹਿਕੀ
ਯਾਦ ਤੇਰੀ ਨਾਲ ਦਿਲ ਵਿਚ ਮਹਿਕੀ ਮਿੱਟੀ ਦੀ ਖ਼ੁਸ਼ਬੂ ।
ਮੇਰੇ ਚਾਰ ਚੁਫ਼ੇਰੇ ਫੈਲੀ ਮਿੱਟੀ ਦੀ ਖ਼ੁਸ਼ਬੂ ।
ਰਾਤ ਦੀ ਰਾਣੀ ਦੇ ਵਾਲਾਂ ਨਾਲ ਕਣੀਆਂ ਖੇਡਦੀਆਂ,
ਵੇਲੇ ਦੇ ਆਂਗਨ ਵਿਚ ਉਤਰੀ ਮਿੱਟੀ ਦੀ ਖ਼ੁਸ਼ਬੂ ।
ਪਹਿਲਾਂ ਤੈਨੂੰ ਫੁੱਲਾਂ ਦਾ ਇਕ ਹਾਰ ਪਵਾਇਆ ਫੇਰ,
ਖ਼ਾਬ ਮੇਰੇ ਨਾਲ ਆ ਕੇ ਲਿਪਟੀ ਮਿੱਟੀ ਦੀ ਖ਼ੁਸ਼ਬੂ ।
ਉੱਚਿਆਂ ਮਹਿਲਾਂ ਦੇ ਜੰਗਲ ਵਿਚ ਜਦ ਸਾਂ ਵਿੱਸਰ ਗਇਆ,
ਜੁਗਨੂੰ ਬਣ ਕੇ ਸਾਹ ਵਿਚ ਚਮਕੀ ਮਿੱਟੀ ਦੀ ਖ਼ੁਸ਼ਬੂ ।
ਲੱਖ ਜ਼ਮੀਨਾਂ ਵੇਖ ਲਈਆਂ ਨੇ ਫੇਰ ਵੀ 'ਸਾਕਿਬ' ਜੀ,
ਨਹੀਂ ਭੁੱਲਦੀ ਉਹ ਦੇਸ ਮੇਰੇ ਦੀ ਮਿੱਟੀ ਦੀ ਖ਼ੁਸ਼ਬੂ ।