Alaf Dopahar : Dr Harbhajan Singh

ਅਲਫ਼ ਦੁਪਹਿਰ : ਡਾ. ਹਰਿਭਜਨ ਸਿੰਘ


ਮਾਂ ਬੋਲੀ ਵੀ ਮਾਂ ਦੇਸ ਵੀ ਹੈ

ਮਾਂ ਬੋਲੀ ਵੀ ਮਾਂ ਦੇਸ ਵੀ ਹੈ ਮਾਂ ਅਪਣੇ ਦੇਸ ਦਾ ਵੇਸ ਵੀ ਹੈ ਮਾਂ ਧਰਮ ਧਰਮ ਤੋਂ ਪਾਰ ਵੀ ਹੈ ਇਕਰਾਰ ਲਈ ਇਨਕਾਰ ਵੀ ਹੈ ਛਾਂ ਗੂੜ੍ਹੀ ਜਗ ਦੀ ਖ਼ੈਰ ਵੀ ਹੈ ਮਾਂ ਤੱਤੀ ਤਲਖ਼ ਦੁਪਹਿਰ ਵੀ ਹੈ ਇਸ ਕਰਾਮਾਤ ਨੂੰ ਸਮਝ ਜ਼ਰਾ ਮਾਂ ਹਾਜ਼ਰ ਨਾਜ਼ਰ ਆਪ ਖ਼ੁਦਾ

ਪਦਮਾ

ਪਦਮਾ ਰਤਾ ਕੁ ਨੀਵੀਂ ਹੋ ਜਾ ਅਸਾਂ ਪਾਰਲੇ ਕੰਢੇ ਜਾਣਾ ਓਥੇ ਜਿੱਥੇ ਸ਼ਹਿਰ ਦੀ ਸ਼ਾਹਰਗ ਤੇ ਤਲਵਾਰ ਕਿਸੇ ਰੱਖ ਦਿੱਤੀ ਓਥੇ ਜਿੱਥੇ ਸੜਕਾਂ ਸੁੱਤੀਆਂ ਨਗਨ ਯੋਨੀਆਂ ਵਿਚ ਹਾਕਮਾਂ ਕੀੜ ਮਕੌੜੇ ਬਾਲ ਧਰੇ ਨੇ ਜਿੱਥੇ ਬੱਚੇ ਗੁੱਸੇ ਵਿਚ ਚੁਰਾਹਿਆਂ ਸੁੱਤੇ ਠੰਡੀ ਰਾਤੇ ਕਹਿੰਦੇ ਅਸੀਂ ਨਹੀਂ ਜਾਗਾਂਗੇ ਪਾਸਾ ਤਕ ਵੀ ਨਹੀਂ ਪਰਤਾਂਗੇ ਜਦ ਤਕ ਸਾਡੀਆਂ ਮਾਵਾਂ ਨਾਲ ਸਿਪਾਹੀਆਂ ਗਈਆਂ ਅਪਣੇ ਘਰਾਂ ਨੂੰ ਮੁੜ ਨਾ ਆਵਣ ਆ ਕੇ ਸਾਨੂੰ ਆਪ ਜਗਾਵਣ ਓਥੇ ਜਿੱਥੇ ਸੜਦੇ ਘਰਾਂ 'ਚੋਂ ਨੂੰਹਾਂ ਧੀਆਂ ਬਾਹਰ ਨਾ ਨਿਕਲਣ ਆਖਣ ਅੰਦਰ ਬਲਦੀ ਅੱਗ ਦਾ ਭੋਛਣ ਚੰਗਾ ਬਾਹਰ ਨੰਗੀ ਨਜ਼ਰ ਖਲੋਤੀ ਪਦਮਾ ਰਤਾ ਕੁ ਨੀਵੀਂ ਹੋ ਜਾ ਵਰਨਾ ਸਾਡੇ ਸ਼ਹਿਰ ਦੀ ਸ਼ਾਹਰਗ ਵੱਢੀ ਜਾਊ ਸੜਕਾਂ ਉੱਤੇ ਨਗਨ ਯੋਨੀਆਂ ਜੇ ਜਣ ਦਿੱਤੇ ਕੀੜ-ਮਕੌੜੇ ਨਸਲ ਮਨੁੱਖ ਦੀ ਕੀੜ-ਮਕੌੜਾ ਹੋ ਜਾਵੇਗੀ ਰੁੱਸੇ ਬੱਚੇ ਵਿਚ ਚੁਰਾਹਿਆਂ ਰਹਿਣਗੇ ਸੁੱਤੇ ਹੋਰ ਰਤਾ ਜੇ ਦੇਰ ਹੋ ਗਈ ਨਾਲ ਸਿਪਾਹੀਆਂ ਗਈਆਂ ਮਾਵਾਂ ਫੇਰ ਘਰਾਂ ਨੂੰ ਨਹੀਂ ਪਰਤਣਾ ਘਰ ਤੇ ਬੂਹੇ ਉਪਰ ਨੰਗੀ ਨਜ਼ਰ ਰਹੀ ਜੇ ਹੋਰ ਖਲੋਤੀ ਨੂੰਹਾਂ ਧੀਆਂ ਅੱਗ ਦੇ ਭੋਛਣ ਵਿਚੋਂ ਬਾਹਰ ਨਹੀਂ ਨਿਕਲਣਾ ਪਦਮਾ ਰਤਾ ਕੁ ਨੀਵੀਂ ਹੋ ਜਾ ਅਸਾਂ ਪਾਰਲੇ ਕੰਢੇ ਜਾਣਾ

ਚੁਰਾਹਾ

ਏਸ ਚੁਰਾਹੇ ਦਾ ਮਨ ਠਹੁਰੇ ਅਜੇ ਨਹੀਂ ਹੈ ਅੱਭੜਵਾਹੇ ਉਠ ਕੇ ਡੂੰਘੇ ਵੈਣ ਕਰੇ ਦਰਿਆਵਾਂ ਦੇ ਮਰੇ ਮੁਹੱਬਤੀ ਮੁੰਡਿਆਂ ਦੇ ਨਾਂ ਗਿਣਦਾ ਗਿਣਦਾ ਭੁੱਲ ਜਾਂਦਾ, ਚੁਪ ਹੋ ਜਾਂਦਾ ਹੈ ਜਾਪੇ ਜੀਕਣ ਹੁਣੇ ਉਬਲਦਾ ਕੋਈ ਸਮੁੰਦਰ ਫ਼ੌਤ ਹੋ ਗਿਆ ਕਦੇ ਅਚਾਨਕ ਹਸਦਾ ਹੈ ਤਾਂ ਲਗਦਾ ਹੈ ਮੀਲਾਂ ਤੀਕਰ ਧਰਤੀ ਤਿੜਕ ਰਹੀ ਹੈ ਏਸ ਚੁਰਾਹੇ ਦਾ ਮਨ ਠਹੁਰੇ ਅਜੇ ਨਹੀਂ ਹੈ ਅੱਧਾ ਸਿਰ ਤਾਂ ਤਿੱਖੀ ਦਾਤਰ ਹੂੰਝ ਗਈ ਅੱਧੇ ਵਿਚ ਕੀਟਾਣੂ ਰਿਝਦੇ ਗੜ੍ਹਕ ਰਹੇ ਪਤਾ ਨਹੀਂ ਕਦ ਉਬਲ ਪੈਣਗੇ ਕੰਢਿਆਂ ਤੋਂ ਏਸ ਚੁਰਾਹੇ ਦਾ ਮਨ ਠਹੁਰੇ ਅਜੇ ਨਹੀਂ ਹੈ ਇਸ ਅੱਬਾ ਨੇ ਆਪਣੀ ਧੀ ਅਗ਼ਵੇ ਤੋਂ ਪਹਿਲਾਂ ਏਸੇ ਥਾਵੇਂ ਨੰਗਮੁਨੰਗੀ ਵੇਖੀ ਸੀ ਸੋਚ ਰਿਹਾ ਹੈ : ਨੰਗੇ ਧੜ ਅਗ਼ਵਾ ਹੋ ਜਾਣ ਦਾ ਕੀ ਮਤਲਬ ਹੈ ?

ਹਿਜਰਤ 1

ਹਿਜਰਤ ਦੇ ਵਕਤ ਖ਼ਬਰੇ ਕਿਸ ਨੇ ਕਿਹਾ : ਪਰਖ ਲੈ ਹੁਣੇ ਹੁਣੇ ਆਪਣੀ ਨਵੀਂ ਤਾਕਤ ਨੂੰ ਚੁਕ ਲੈ ਮਲਕੜੇ ਢਠੀਆਂ ਦੀਵਾਰਾਂ ਮਘੋਰੀਆਂ ਛੱਤਾਂ ਸੜਦੇ ਬੂਹੇ ਬਾਰੀਆਂ ਦੇ ਇੰਜਰ-ਪਿੰਜਰ ਰਸਤੇ ਵਿਚ ਸਭ ਨੂੰ ਜੋੜ ਲਵਾਂਗੇ ਡੋਬ ਕੇ ਨਦੀ ਵਿਚ ਸੜਦੀਆਂ ਹਵੇਲੀਆਂ ਅੱਗ ਬੁਝਾ ਲਵਾਂਗੇ ਰਾਤ ਸੁਖ ਦੀ ਬੀਤੇਗੀ ਇਕ ਦੀਵਾਰ ਸਾਰੀ ਦੀ ਸਾਰੀ ਮੈਂ ਖੜੀ ਵੀ ਕੀਤੀ ਮੇਰੇ ਗਿੱਟੇ ਤਕ ਆਉਂਦੀ ਸੀ ਅੰਦਰ ਦੇ ਭਾਂਬੜ ਹੋਰ ਮਚ ਕੇ ਕਿਹਾ : ਸੂਰਜ ਦੇ ਸਿਰ ਤੇ ਮਲਬਾ ਮੈਂ ਚੁੱਕਣ ਨਹੀਂ ਦੇਣਾ ਪਹਿਲੀ ਵਾਰ ਮੈਨੂੰ ਮੇਰਾ ਕੱਦ ਮਿਲਿਆ ਹੈ ਕਤਰ ਕੇ ਛਾਂਗ ਕੇ ਹੁਣ ਨਹੀਂ ਕਰਨਾ ਮੱਧਰੀ ਦੀਵਾਰ ਦੇ ਮੇਚ ਉਗਿਆ ਦਿਉਦਾਰ ਮੈਂ ਰਾਤੀਂ ਨਹੀਂ ਸੌਣਾ ਸੁੰਗੜ ਕੇ ਅੱਠ ਗੁਣਾ ਅੱਠ ਦੇ ਕਮਰੇ ਵਿਚ ਕਮਰੇ ਵਿਚ ਸੌਂ ਕੇ ਅੰਬਰ ਬੁਝ ਜਾਂਦਾ ਹੈ ਹਿਜਰਤ ਦੇ ਵਕਤ ਮੈਨੂੰ ਨੰਗਾ ਹੀ ਜਾਣ ਦਿਓ ਅੱਗ ਦੇ ਪਿੰਡੇ ਨੇ ਝੱਗਾ ਨਹੀਂ ਪਾਉਣਾ

ਹਿਜਰਤ 2

ਹਿਜਰਤ ਦੇ ਵਕਤ ਮੈਨੂੰ ਸ਼ਹਿਰ ਨੇ ਕਿਹਾ ਮੇਰੇ ਰਸੂਲ ਜਾਣ ਤੋਂ ਪਹਿਲਾਂ ਮੈਨੂੰ ਇਹ ਤਾਂ ਦਸ ਜਾ ਤੇਰੇ ਮੁੜ ਆਉਣ ਤਕ ਮੈਂ ਬਲਦਾ ਰਹਾਂ ਕਿ ਬੁਝ ਜਾਵਾਂ ? ਵਰ੍ਹਿਆ ਤੋਂ ਮੈਂ ਸਿੱਲ੍ਹਾ ਮੇਰੇ ਅੰਗ ਪਾਣੀ-ਮਾਰ ਕਾਇਆ ਗਿੱਲੇ ਬਾਲਣ ਵਿਚ ਸੂਹੀ ਅੱਗ ਭੜਕੀ ਪਹਿਲੀ ਵਾਰ ਤੇ ਤੂੰ ਤੁਰ ਚਲਿਐਂ ! ਤੂੰ – ਮੇਰੀ ਅੱਗ ਵਿਚੋਂ ਨਿਕਲਿਆ ਸੜਦਾ-ਬਲਦਾ ਸੂਰਜ ਮੇਰੇ ਰਸੂਲ ਜਾਣ ਤੋਂ ਪਹਿਲਾਂ ਮੈਨੂੰ ਇਹ ਤਾਂ ਦਸ ਜਾ ਨਦੀ ਪਾਰ ਜਾ ਕੇ ਜੀਉਂਦੀ ਅੱਗ ਵੰਡ ਦੇਵੇਂਗਾ ਜਾਂ ਉਰਲੇ ਕਿਨਾਰੇ ਮੇਰੀ ਅੱਗ ਦਫ਼ਨਾ ਕੇ ਵਾਪਸ ਮੁੜ ਆਵੇਂਗਾ ? ਔਹ ਜੋ ਮੇਰੀ ਸੜਕ ਉਤੇ ਪਿੰਜਰ ਇਕ ਦਿਸਦਾ ਹੈ ਜ਼ਿੰਦਾ ਹੈ ਉਹ ਮੇਰੀ ਧੀ ਹੈ ਹਾਕਮਾਂ ਨੇ ਉਹਦੇ ਜਿਸਮ ਤੋਂ ਕਪੜੇ ਨਹੀਂ ਲਾਹੇ ਕਪੜੇ ਸਮੇਤ ਪੂਰਾ ਜਿਸਮ ਲਾਹ ਦਿੱਤਾ ਹੈ ਕਿਹੜੀ - ਸ਼ਰਮ ਹੈ, ਕਿਹੜੀ ਬੇਸ਼ਰਮ ਹੈ ? ਸ਼ੁਕਰ ਹੈ ਰੱਬ ਦਾ ਕੋਈ ਪਹਿਚਾਨ ਬਾਕੀ ਨਹੀਂ ਰਹੀ ਬਾਕੀ ਹੈ ਹਾਲੇ ਵੀ ਪਿੰਜਰ ਵਿਚ ਲੱਜਿਆ ਓਸ ਸ਼ੋਹਦੀ ਨੇ ਨੰਗੀ ਚੀਚੀ ਤੇ ਮੁੰਦਰੀ ਪਹਿਨ ਰੱਖੀ ਹੈ ਮੇਰੇ ਰਸੂਲ ਜਾਣ ਤੋਂ ਪਹਿਲਾਂ ਮੈਨੂੰ ਇਹ ਤਾਂ ਦਸ ਜਾ ਤੇਰੇ ਮੁੜ ਆਉਣ ਤਕ ਉਹ ਮੁੰਦਰੀ ਪਹਿਨ ਰੱਖੇ ਜਾਂ ਉਤਾਰ ਕੇ ਸੁਟ ਦੇਵੇ ?

ਪਿੱਤਲ ਦਾ ਘੋੜਾ

ਵੱਡੇ ਚੌਰਾਹੇ ਦੇ ਐਨ ਵਿਚਕਾਰ ਪਿੱਤਲ ਦਾ ਘੋੜਾ ਸੀ ਘੋੜੇ ਦੀ ਪਿੱਠ ਤੇ ਸਵਾਰ ਪੁਰਾਣੇ ਵਕਤਾਂ ਦਾ ਹਾਕਮ ਜਿਸ ਦਾ ਨਾਮ ਨਾ ਮੈਨੂੰ ਪਤਾ ਨਾ ਘੋੜੇ ਨੂੰ ਚੌਕ 'ਚੋਂ ਲੰਘਿਆ ਕਲ੍ਹ ਅੱਗਾਂ ਦਾ ਜਲੂਸ ਮਗਰੇ ਮਗਰ ਉਧਲੀਆਂ ਆਂਦਰਾਂ ਦਾ ਕਾਫ਼ਲਾ ਬੰਦੂਕਾਂ ਦੇ ਬਰਛਿਆਂ ਤੇ ਬੱਚਿਆਂ ਦੀ ਸਵਾਰੀ ਤੇ ਉਸ ਦੇ ਬਾਦ — ਇਕ ਖ਼ੌਫ਼ਨਾਕ ਖ਼ਾਮੋਸ਼ੀ...... ਪਿੱਤਲ ਦਾ ਘੋੜਾ ਖਾ ਗਿਆ ਹਲੂਣ ਦੂਰ ਤਕ ਡੁਲ੍ਹਦੀ ਗਈ ਉਸ ਦੀ ਹਿਣਕਾਰ ਮਾਰ ਕੇ ਅੱਗ ਦਾ ਫੁਰਕੜਾ ਪੁੱਟ ਲਏ ਪੱਥਰ 'ਚੋਂ ਚਾਰੇ ਦੇ ਚਾਰੇ ਪੌੜ ਹੋ ਗਿਆ ਸੀਖਪੌਲ ਸਿੱਧਾ ਨੇਜ਼ੇ ਵਾਂਗ ਛੱਡ ਪਰ੍ਹਾਂ ਸੁੱਟਿਆ ਪਿੱਠ ਤੋਂ ਪੁਰਾਣੇ ਵਕਤਾਂ ਦਾ ਹਾਕਮ ਪਾਗਲ ਘੋੜਾ ਸਾਰਾ ਦਿਨ ਸਾਰੀ ਰਾਤ ਸੜਕਾਂ ਤੇ ਦੌੜਦਾ ਰਿਹਾ ਅੱਗ ਵਾਂਗ ਹਿਣਕਦਾ ਬੇਲਗਾਮ, ਬੇਸਵਾਰ ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਘੋੜੇ ਦੀ ਬਾਤ ਸੁਣਦਾ ਹੀ ਕੌਣ ਹੈ ! ਜੋ ਸੜਕਾਂ ਤੇ ਸੁੱਤੇ ਸਨ ਉਹ ਜਾਗੇ ਨਾ ਜੋ ਘਰਾਂ 'ਚ ਜਾਗਦੇ ਸਨ ਉਹ ਬਾਹਰ ਨਾ ਆਏ ਪਰ ਘੋੜਾ ਪਾਗਲ ਹੈ ਬਾਰ ਬਾਰ ਬਕਦਾ ਹੈ : ਨੰਗੀ ਪਿੱਠ ਦੀ ਜੋ ਵੀ ਕੀਮਤ ਹੈ ਮੈਂ ਤਾਰ ਦਿੱਤੀ ਹੈ ਆਪਣੀ ਪਿੱਠ ਦਾ ਸਵਾਰ ਵੀ ਕੀ ਏਥੇ ਕੀਮਤ ਤੇ ਮਿਲਦਾ ਹੈ ? ਕੀ ਇਸ ਸ਼ਹਿਰ ਦੇ ਸਾਰੇ ਲੋਕ ਅਜੇ ਵੀ ਪਿੱਤਲ ਦੇ ਨੇ ? ਜਿਸ ਨੇ ਬੈਠਣਾ ਮੇਰੀ ਪਿੱਠ ਤੇ ਉਹ ਅਜ ਬੈਠੇ ਕਲ੍ਹ ਨੂੰ ਕੀ ਪਤਾ ਏਥੇ ਸਰਕੜਾ ਹੀ ਉਗ ਖਲੋਵੇ ?

ਮਾਛੀ

ਇਸ ਮਾਛੀ ਨੂੰ ਕੀ ਹੋਇਆ ਹੈ ? ਕਿਸ ਨੇ ਧੜ ਤੋਂ ਖੋਪੜ ਲਾਹ ਕੇ ਖ਼ੂਬ ਹਿਲਾ ਕੇ ਫੇਰ ਇਹਦੇ ਧੜ ਤੇ ਰਖ ਦਿੱਤਾ ? ਖੋਪੜ ਅੰਦਰ ਵਾਵਰੋਲੇ ਸ਼ੂਕ ਰਹੇ ਨੇ ਕਿਸੇ ਨੇ ਸਾਡਾ ਬੁੱਢ-ਸਰੋਵਰ ਕੁੱਜੇ ਪਾ ਕੇ ਲੂਣ ਰਲਾ ਕੇ ਖ਼ੂਬ ਹਿਲਾ ਕੇ ਸੁਟ ਦਿੱਤਾ ਹੈ ਇਸ ਦੀ ਤਹਿ ਵਿਚ ਸਦੀਆਂ ਸੁੱਤੀ ਬੁੱਢੀ ਮਿੱਟੀ ਉਪਰ ਆ ਕੇ ਗੰਧਲ ਗਈ ਇਹਦੇ ਨਿਤਰੇ ਪਾਣੀ ਡੂੰਘੀ ਰਾਤੀਂ ਪਿੰਡੋਂ ਬਾਹਰ ਨਦੀ ਤਕ ਜਾਵੇ ਮੋਢੇ ਵਹਿੰਗੀ ਵਹਿੰਗੀ ਦੇ ਵਿਚ ਜਾਲ ਮੱਛੀਆਂ ਕਲ੍ਹ ਦੀਆਂ ਮੱਛੀਆਂ- ਇਕ ਇਕ ਕਰਕੇ ਫੇਰ ਨਦੀ ਵਿਚ ਸੁੱਟੀ ਜਾਵੇ ਨਾਲੇ ਆਖੇ : ਜਾਵੋ ਪਾਣੀ ਵਿਚ ਨਹਾਵੋ ਜ਼ਿੰਦਾ ਹੋ ਕੇ ਵਾਪਸ ਆਵੋ ਨਾਲ ਤੁਹਾਡੇ ਮੇਰਾ ਪਿੰਡ ਵੀ ਜ਼ਿੰਦਾ ਹੋਵੇ ਵੇਖੋ ਛੇਤੀ ਹੀ ਮੁੜ ਆਉਣਾ ਨਹੀਂ ਤਾਂ ਵਾਵਰੋਲਾ ਬਣ ਕੇ ਰਿੜਕ ਦਿਆਂਗਾ ਸਾਰੇ ਪਾਣੀ ਸੂਰਜ ਚੜ੍ਹੇ ਪਿੰਡ ਮੁੜ ਆਵੇ ਹਰ ਬੂਹੇ ਤੇ ਦਸਤਕ ਦੇਵੇ ਬੂਹੇ ਜਿਨ੍ਹਾਂ ਦੇ ਪਿਛੇ ਨੰਗੀ ਧੁਪ ਵਸਦੀ ਹੈ ਕੰਧਾਂ ਤੀਕਣ ਦੇ ਪਰਛਾਵੇਂ ਉਜੜ ਗਏ ਨੇ ਡਿੱਗੇ ਬੂਹੇ ਨੂੰ ਪੁਚਕਾਰ ਕੇ ਪਿਆ ਜਗਾਵੇ : ਉਠ ਬਹੁ ਪੁੱਤਰਾ ਤੇਰੇ ਨਾਮ ਦੀ ਮੱਛੀ ਪਾਣੀ ਵਿਚ ਸੁੱਤੀ ਏ ਤੂੰ ਜਾਗੇਂ ਤਾਂ ਮੱਛੀ ਜਾਗੇ ਉਠ ਬਹੁ ਮੇਰੇ ਪੁੱਤ ਦੀਏ ਭੁੱਖੇ ਤੇਰੇ ਬਿਨਾਂ ਨਮਾਣੀ ਮੱਛੀ ਮਰ ਜਾਵੇਗੀ ਇਸ ਮਾਛੀ ਨੂੰ ਕੀ ਹੋਇਆ ਹੈ ?

ਸੂਰਜਬਾਣੀ

ਹਾਕਮ ਸਾਡੇ ਮਿਹਰਬਾਨ ਸਨ ਉਹਨਾਂ ਕਿਹਾ ਕਿ ਸਾਰੇ ਅਪਣੀ ਮਨਮਰਜ਼ੀ ਦੀ ਮੌਤ ਚੁਣ ਲਵੋ ਜੀ ਚਾਹੇ ਤਾਂ ਘਰ ਨੂੰ ਚਿਤਾ ਬਣਾ ਕੇ ਲੇਟੋ ਸਾੜ ਦਿਆਂਗੇ ਦੋਹਾਂ ਨੂੰ ਹੀ ਬੀਤੀ ਹੋਈ ਜੂਨ ਸਮਝ ਕੇ ਜੀ ਚਾਹੇ ਤਾਂ ਸ਼ਹਿਰੋਂ ਬਾਹਰ ਨਦੀ ਤਕ ਪਹੁੰਚੋ ਸਣੇ ਬੇੜੀਆਂ ਡੋਬ ਦਿਆਂਗੇ ਕਬਰਾਂ ਪੁੱਟੋ ਜ਼ਿੰਦਾ ਦਫ਼ਨ ਵੀ ਕਰ ਸਕਦੇ ਹਾਂ ਬਾਕੀ— ਅਸੀਂ ਤਾਂ ਛੱਟਾ ਦਾਂਗੇ ਸੜਕਾਂ, ਛੱਤਾਂ, ਫ਼ੁਟਪਾਥਾਂ ਤੇ ਗਲੀ, ਥੜ੍ਹੇ, ਚੌਰਾਹਿਆਂ ਉਤੇ ਜਿੱਥੇ ਕਿਤੇ ਨਸੀਬ ਕਿਸੇ ਦੇ ਡੁੱਲ੍ਹ ਪਵੇਗਾ ਪਰ ਪਰਜਾ ਗੁਸਤਾਖ਼ ਬੜੀ ਹੈ ਵਾਂਗ ਪੈਗ਼ੰਬਰ ਉਚੇ ਟਿਬੇ ਚੜ੍ਹ ਕੇ ਕੋਈ ਉਚਾਰ ਰਿਹਾ ਸੀ ਸੂਰਜਬਾਣੀ : ਨਾ ਅਸੀਂ ਮਰਨਾ ਉੱਚੀ ਅੱਗੇ ਨਾ ਅਸੀਂ ਮਰਨਾ ਡੂੰਘੇ ਪਾਣੀ ਗੋਰ 'ਚ ਵੀ ਜ਼ਿੰਦਾ ਰਹਿਣਾ ਹੈ ਅਸੀਂ ਤੇਰੇ ਪਿੰਡੇ ਤੇ ਛੱਟਾ ਅੰਗਿਆਰਾਂ ਦਾ ਅਸੀਂ ਤੇਰੇ ਮੱਥੇ ਤੇਰੀ ਸ਼ੁਹਰਤ ਦਾ ਟਿੱਕਾ ਅਸੀਂ ਆਪਣਾ ਭਾਗ-ਉਦੈ ਹਾਂ

ਕਵੀ

ਸ਼ਾਇਰ ਦਾ ਸਿਰ ਨਦੀ ਦਾ ਪਾਣੀ ਉਤਰ ਗਏ ਦੋਵੇਂ ਇਕ ਸਾਥ ਸਿਰ ਵਿਚ ਵਗਦੀ ਸੀ ਸ਼ੂਕਦੀ ਨਦੀ ਨਦੀ ਵਿਚ ਰਿੱਝਦੇ ਸਨ ਕਵੀ ਦੇ ਬੋਲ ਅਸਤ ਗਏ ਪਾਣੀ ਕੰਢੇ ਤੇ ਚਿੱਕੜ ਚਿੱਕੜ ਵਿਚ ਛਾਂਗਿਆ ਕਵੀ ਦਾ ਮੁੰਡ ਚੁੱਪ ਹੈ ਪਰ ਅਜੇ ਵੀ ਤੱਤਾ ਤੱਤਾ ਬੁੜ੍ਹਕਦਾ ਆਪਣੀ ਬਰੇਤੀ ਵਿਚ ਸੌਂ ਗਏ ਪਾਣੀ ਪਰ ਕੰਢੇ ਤੇ ਖਲੋਤਾ ਧੜ ਮੁੜ ਗਿਆ ਸ਼ਹਿਰ ਨੂੰ ਡੋਲ੍ਹਦਾ ਆਪਣੇ ਲਹੂ ਦੀਆਂ ਆਇਤਾਂ

ਜਨਮ ਦਿਨ

ਇਸ ਬਾਲਕ ਦੇ ਜਨਮ ਦਿਵਸ ਤੇ ਕੇਹੋ ਜਹੇ ਮੁਹੱਬਤੀ ਆਏ ਇਕ ਤਾਂ ਆਏ ਮੋਢਿਆਂ ਉਪਰ ਚੁਕ ਸਲੀਬਾਂ ਝੱਲੀ ਖ਼ੁਸ਼ੀ 'ਚ ਹਰ ਪਿੰਡੇ ਤੇ ਜੰਗਲ ਉੱਗਾ ਸਾਡੇ ਘਰ ਦੀ ਸਭ ਤੋਂ ਸੁਹਣੀ ਇੱਜ਼ਤ ਉਹਨਾਂ ਪੋਟਾ ਪੋਟਾ ਵੰਡੀ ਕੋਈ ਸਲੀਬ ਰਹੀ ਨਾ ਨੰਗੀ ਚਿੱਟੀ ਧੁੱਪੇ ਸੜਦੇ ਚੌਰਾਹਿਆਂ ਵਿਚ ਘਰ ਦੀ ਆਂਦਰ ਆਂਦਰ ਉਨ੍ਹਾਂ ਖਿਲਾਰੀ ਏਦਾਂ ਸਾਡੇ ਘਰ ਵਿਚ ਕੋਈ ਮਸੀਹਾ ਆਇਆ ਹਰ ਚੌਰਾਹਾ ਝੂਣ ਜਗਾਇਆ ਮਗਰੇ ਮਗਰ ਉਨ੍ਹਾਂ ਦੇ ਆਏ ਜੀਉਂਦੀ ਆਤਸ਼ਬਾਜ਼ੀ ਵਾਲੇ ਢੋਲੇ ਗਾਉਂਦੇ ਲੁੱਡੀ ਪਾਉਂਦੇ ਚਾਰ ਚੁਫੇਰੇ ਫ਼ਾਇਰ ਕਰਦੇ, ਮੀਂਹ ਵਰ੍ਹਾਉਂਦੇ ਵਸਦੇ ਰਾਹ ਵਿਚ ਕੋਈ ਮਕਾਨ ਰਿਹਾ ਨਾ ਐਸਾ ਵਾਂਗ ਚੌਮੁਖੀਏ ਦੀਵੇ ਜੋ ਨਾ ਉਨ੍ਹਾਂ ਜਗਾਇਆ ਸਣਕਪੜੇ ਰਾਹਗੀਰ ਜਲਾ ਕੇ ਵਾਂਗ ਅਨਾਰਾਂ ਰੌਸ਼ਨ ਕੀਤੇ ਕੋਈ ਕੋਈ ਬੰਦਾ ਅੱਗ ਚੁਕਾ ਕੇ ਵਾਂਗ ਹਵਾਈ ਸੜਕਾਂ ਦੇ ਉਤੇ ਚਲਵਾਇਆ ਜਨਮ ਦਿਵਸ ਤੇ ਕੋਈ ਰਿਹਾ ਨਾ ਐਸਾ ਰਜ ਕੇ ਅੱਗ ਨਾ ਜਿਸ ਨੇ ਖਾਧੀ ਐਸੀ ਆਤਿਸ਼ਬਾਜ਼ੀ ਪਹਿਲਾਂ ਸੁਣੀ ਨਾ ਡਿੱਠੀ ਅੱਗ ਦੇ ਹਰਫ਼ਾਂ ਵਿਚ ਕਹਾਣੀ ਸਾਡੀ ਅੰਕਿਤ ਹੋਈ ਉਹਨਾਂ ਪਿਛੋਂ ਉਹ ਵੀ ਆਏ ਸਾਡੀਆਂ ਬਾਹਾਂ ਵਿਚੋਂ ਤੋੜ ਕੇ ਫੁਲ ਅਸਾਡੇ ਪੱਤੀ ਪੱਤੀ ਕਰਕੇ ਸਾਡੇ ਵਿਹੜੇ ਭਰ ਗਏ ਸਾਨੂੰ ਆਪਣੀ ਮਹਿਕ ਦਾ ਪਹਿਲਾਂ ਪਤਾ ਨਹੀਂ ਸੀ ਇਨ੍ਹਾਂ ਮੁਹੱਬਤੀ ਲੋਕਾਂ ਦੇ ਸਦਕਾ ਹੀ ਯਾਰੋ ਮਹਿਕ ਅਸਾਡੀ ਜ਼ਿੰਦਾ ਹੋਈ ਅੱਗ ਪਹਿਨ ਕੇ ਖਾ ਕੇ ਅੱਗ ਦੇ ਹਰਫ਼ ਪਛਾਣੇ ਚੜ੍ਹੇ ਸਲੀਬਾਂ ਉਤੇ ਅਸੀਂ ਬਿਗਿਣਤੀ ਈਸਾ

ਅਲੂਣਾ ਟੁੱਕਰ

ਨੀਂਦ ਖੁਲ੍ਹੀ ਮੇਰੀ ਅਲਫ਼ ਦੁਪਹਿਰੇ ਜਦ ਸੂਰਜ ਮੇਰੇ ਪਿੰਡੇ ਤੇ ਹੱਥ ਫੇਰਨ ਲੱਗਾ ਸਿਖਰ 'ਸਮਾਨੋਂ ਉਤਰ ਕੇ ਨੇਜ਼ਾ-ਵਿਥ ਤੇ ਆਇਆ ਝੁਲਸ ਕੇ ਉਤਰੀ ਪਪੜੀ ਧਰਤੀ ਦੀ ਪਿੱਠ ਉਤੋਂ ਵੱਖੀ ਵਿਚੋਂ ਭੰਨ ਗਰਾਹੀ ਆਖਣ ਲੱਗਾ : ਖਾ ਲੈ ਅੱਗ ਅਲੂਣਾ ਟੁੱਕਰ ਇਸ ਧਰਤੀ ਤੇ ਇਸ ਤੋਂ ਉਪਰ ਮੇਵਾ ਹੋਰ ਨਾ ਕੋਈ

ਅੱਗ

ਅੱਧੀ ਅੱਧੀ ਰਾਤੀਂ ਮੈਨੂੰ ਅੰਮਾਂ ਝੂਣ ਜਗਾਇਆ ਕਹਿੰਦੀ ਤੇਰੇ ਘਰ ਨੂੰ ਕਿਸੇ ਨੇ ਲਾਂਬੂ ਲਾਇਆ ਅੱਗ ਦਲੀਜ਼ਾਂ ਟੱਪ ਕੇ ਅੰਦਰ ਆਣ ਖੜੀ ਹੈ ਕੰਧਾਂ ਛੱਤਾਂ ਚੱਟ ਰਹੀ ਹੈ ਅੱਗ ਟੱਪ ਮੈਂ ਬਾਹਰ ਨਿਕਲਿਆ ਨੰਗੇ ਲਲਕਾਰੇ ਦੇ ਵਾਂਗੂੰ ਬਾਹਰ ਗਲੀ ਵਿਚ ਵਰ੍ਹਣ ਗੋਲੀਆਂ ਵਾਛੜ ਦੇ ਵਿਚ- ਸਹਿਮ ਗਿਆ ਮੇਰਾ ਲਲਕਾਰਾ ਅੱਗ ਟੱਪ ਅੰਦਰ ਜਾ ਵੜਿਆ ਆਪਣੇ ਬੱਚੇ ਨੂੰ ਗਲ ਲਾ ਕੇ ਮੀਟੀਆਂ ਅੱਖਾਂ ਮਨ ਵਿਚ ਆਈ ਸਾਰੀ ਉਮਰ ਹੰਢਾਈ ਚਿੰਤਾ-ਚਿੰਗਿਆੜਾਂ ਤੇ ਮਰਨ ਸਮੇਂ ਤਾਂ ਦੋ ਘੜੀਆਂ ਨਿਸਚਿੰਤ ਲੇਟ ਲਾਂ ਨਿੱਸਲ ਹੋ ਕੇ ਏਸ ਅੱਗ ਸਾਡਾ ਕੀ ਕਰਨੈ ਅਸੀਂ ਤਾਂ ਰੋਜ਼ ਅਲੂਣੀ ਅੱਗ ਦੀ ਰੋਟੀ ਖਾਈਏ ਅਪਣੇ ਹੱਡ ਸੇਕਦੇ ਅਪਣੀ ਜੂਨ ਹੰਢਾਈਏ ਰਾਤ ਸਵੇਰੇ ਰਿੱਝਣ ਵਾਲੇ ਸਾਨੂੰ ਅੱਗ ਨੇ ਕੀ ਕਹਿਣਾ ਏ ?

ਸ਼ਹਿਰ

ਮੈਂ ਆਪਣੇ ਸ਼ਹਿਰ ਨੂੰ ਵਾਪਸ ਚਲੇ ਜਾਣੈ ਨਦੀ ਕੰਢੇ ਖਲੋਤਾ ਸ਼ਹਿਰ ਮੇਰਾ ਉਸ ਆਪਣੇ ਤਨ ਬਦਨ ਨੂੰ ਆਪਣੇ ਹੱਥੀਂ ਅਗਨ ਦਾ ਸ਼ਿੰਗਾਰ ਕੀਤਾ ਨਦੀ ਵਿਚ ਛਾਲ ਮਾਰਨ ਲੋਚਦਾ ਹੈ ਮੈਂ ਆਪਣੇ ਸ਼ਹਿਰ ਨੂੰ ਅਧਛਾਲ ਵਿਚੋਂ ਬੋਚ ਲੈਣਾ ਹੈ ਉਹਨੂੰ ਕਹਿਣੈਂ ਅਜੇ ਬੁਝ ਜਾਣ ਦਾ ਵੇਲਾ ਨਹੀਂ ਹੈ ਮੈਂ ਆਪਣੇ ਸ਼ਹਿਰ ਨੂੰ ਵਾਪਸ ਚਲੇ ਜਾਣੈਂ

ਉਹ ਸ਼ਹਿਰ ਮੇਰਾ ਹੈ ?

ਸਵੇਰਾ ਸੀ ਮੈਂ ਆਪਣੇ ਸ਼ਹਿਰ ਵਿਚੋਂ ਲੰਘ ਆਇਆ ਚੋਰ ਵਾਂਗੂੰ ਮੈਨੂੰ ਲੱਗਾ ਮੈਂ ਆਪਣਾ ਤਨ ਚੁਰਾ ਲੈ ਜਾ ਰਿਹਾ ਹਾਂ ਸ਼ਹਿਰ ਸਾਰਾ ਬੰਦ ਸੀ ਚੁੱਪਚਾਪ ਹਰਿਕ ਬੂਹੇ ਦੇ ਮੂੰਹ ਤੇ ਜੰਦਰਾ ਲੱਗਾ ਹਨੇਰੀ ਰਾਤ ਆਪਣੇ ਸ਼ਹਿਰ ਨੂੰ ਮੈਂ ਪਰਤ ਆਇਆ ਚੋਰ ਵਾਂਗੂੰ ਮੈਨੂੰ ਲੱਗਾ ਕਿ ਮੇਰਾ ਤਨ ਜੋ ਕੱਲੇ ਘਰ 'ਚ ਨੰਗਾ ਰਹਿ ਗਿਆ ਸੀ ਚੁਰਾ ਕੇ ਫੇਰ ਆਪਣੇ ਨਾਲ ਲੈ ਆਵਾਂ ਸ਼ਹਿਰ ਗ਼ਾਇਬ ਸੀ ਨਾ ਕੋਈ ਘਰ, ਗਲੀ, ਬੂਹਾ ਸਿਰਫ਼ ਥਾਂ ਥਾਂ ਤੇ ਮਿਧੇ ਮੂੰਹ ਪਏ ਸਨ ਤੇ ਹਰ ਇਕ ਮੂੰਹ ਉਪਰ ਜੰਦਰਾ ਲੱਗਾ ਕੋਈ ਦਸਦਾ ਨਹੀਂ ਇਕੱਲਾ ਘਰ ਮੇਰਾ ਕਿੱਥੇ ? ਇਕੱਲੇ ਘਰ 'ਚ ਨੰਗਾ ਬਦਨ ਕਿੱਥੇ ਹੈ ? ਮੈਂ ਆਪਣੇ ਸ਼ਹਿਰ ਨੂੰ ਵਾਪਸ ਚਲਾ ਜਾਣੈਂ ਮੈਂ ਮੰਨਿਆ ਹਰ ਦਿਸ਼ਾ ਗੁੰਮ ਹੋ ਗਈ ਹੈ ਘਰ ਗੁਆਚੇ ਸ਼ਹਿਰ ਕਿਧਰੇ ਨਸ ਗਏ ਨੇ ਤੇ ਹਰ ਨੰਗੇ ਬਦਨ ਪਹਿਚਾਨ ਆਪਣੀ ਪੂੰਝ ਦਿੱਤੀ ਹੈ ਮੈਂ ਆਪਣਾ ਸ਼ਹਿਰ ਤਾਂ ਵੀ ਲਭ ਲਵਾਂਗਾ ਉਹ ਥਾਂ ਜਿੱਥੇ ਕਿ ਢੇਰ ਮਿੱਧੇ ਮੂੰਹ ਪਏ ਨੇ ਤੇ ਹਰ ਇਕ ਮੂੰਹ ਉਪਰ ਜੰਦਰਾ ਲੱਗਾ ਉਸੇ ਥਾਂ ਸ਼ਹਿਰ ਮੇਰਾ ਹੈ ਮੈਂ ਹਰ ਇਕ ਮੂੰਹ ਉਤੋਂ ਜੰਦਰੇ ਨੂੰ ਤੋੜ ਦੇਣਾ ਹੈ

ਤੁਰਿਆ ਅਣਤੁਰਿਆ ਰਸਤਾ

ਜਿਹੜਾ ਰਸਤਾ ਮੈਂ ਲੰਘ ਆਈ ਉਹੀਓ ਰਸਤਾ ਮੈਥੋਂ ਅੱਗੇ ਨਿਕਲ ਗਿਆ ਹੈ ਸ਼ਾਮ ਪਈ ਮੈਂ ਦੋ ਘੜੀਆਂ ਹੀ ਉਂਘਲਾਈ ਸਾਂ ਪੈਰਾਂ ਹੇਠੋਂ ਸਰਕ ਗਿਆ ਰਸਤਾ ਤੈਅ ਕੀਤਾ ਰੱਬਾ ਮੈਨੂੰ ਅਜ ਤੋਂ ਬਾਅਦਾਂ ਨੀਂਦ ਨਾ ਆਵੇ ਮੇਰਾ ਤੁਰਿਆ ਮੁੜ ਨਾ ਅਣਤੁਰਿਆ ਹੋ ਜਾਵੇ ਅਗ ਜਦੋਂ ਧੁਰ ਅੰਦਰ ਤੀਕਣ ਪਹੁੰਚ ਗਈ ਤਾਂ ਸੜਦੇ ਕੰਧ ਪਿਛਵਾੜੇ ਨੂੰ ਸੰਨ੍ਹ ਲਾ ਕੇ ਸਾਰੇ ਘਰੋਂ ਨਿਕਲ ਪਏ ਪਤਾ ਨਾ ਲੱਗੇ ਸਾਨੂੰ ਜਾਂ ਸਾਡੇ ਘਰ ਨੂੰ ਬਹੁਤੀ ਅੱਗ ਲੱਗੀ ਇਕ ਦੂਜੇ ਨੂੰ ਵਾਜਾਂ ਦੇਂਦੇ ਇਕ ਦੂਜੇ ਤੋਂ ਪਹਿਲਾਂ ਸਾਰੇ ਸੰਨ੍ਹ 'ਚੋਂ ਨਿਕਲੇ ਅਪਣੇ ਅਪਣੇ ਚੋਰ ਅੰਨ੍ਹੇ ਦਰਿਆ ਵਾਂਗ ਸ਼ੂਕਦਾ ਰਸਤਾ ਵੱਗੇ ਬੱਚੇ ਬੁੱਢੇ ਸਭ ਇਕ ਤੋਰੇ ਰੁੜ੍ਹਦੇ ਜਾਂਦੇ ਇਕ ਦੂਜੇ ਤੋਂ ਟੁੱਟੇ ਵਿਛੜੇ ਏਸ ਰੋੜ੍ਹ ਵਿਚ ਕੌਣ ਕਿਸੇ ਦਾ ਸਾਥੀ ਨਦੀ ਪਹਾੜੀ ਦੇ ਵਿਚ ਡੁੱਲ੍ਹਾ ਟੱਬਰ ਖੇਰੂੰ ਖੇਰੂੰ ਹੋ ਕੇ ਮਾਂ ਦੇ ਹੱਥੋਂ ਮੈਂ ਕਦ ਟੁੱਟੀ ਮੇਰੇ ਹੱਥੋਂ ਵੀਰਾ ਕਿਸ ਪਰਦੇਸੀ ਪੱਤਣ ਕਿਸ ਨੇ ਕਦੋਂ ਪਹੁੰਚਣਾ ਕਿਸ ਨੇ ਵਿਚੋਂ ਹੀ ਖੁਰ ਜਾਣਾ ਇਸ ਦਾ ਕੁਝ ਵੀ ਪਤਾ ਨਹੀਂ ਸੀ ਏਸ ਧਾਰ ਦੇ ਆਡੇ ਰੁਖ਼ ਇਕ ਕੈਂਚੀ ਚਲਦੀ ਅਪਣੇ ਜੋਗਾ ਕੱਟ ਕਤਰ ਲੈ ਜਾਵੇ ਮੈਂ ਵੀ ਕੈਂਚੀ ਕਾਟ 'ਚ ਫਾਥੀ ਅੰਗਿਆਰੇ ਪੈਰਾਂ ਦੀ ਤਿੱਖੀ ਤੋਰੇ ਤੁਰਦੀ ਓਥੇ ਪਹੁੰਚੀ ਜਿੱਥੇ ਸ਼ਾਮੀਂ ਰੋਜ਼ ਆਪਣੇ ਰਾਂਝੇ ਨੂੰ ਮਿਲਦੀ ਸਾਂ ਕੀ ਮੈਂ ਏਸ ਕਿਆਮਤ ਦਿਨ ਵੀ ਅੱਬਾ ਅੰਮਾ ਤੋਂ ਚੋਰੀ ਰਾਂਝਣ ਨੂੰ ਮਿਲਣ ਆ ਗਈ ? ਤੋਬਾ ! ਤੋਬਾ!! ਮੇਰੇ ਜੇਹੀਆਂ ਹੋਰ ਵੀ ਕੈਂਚੀ-ਕਾਟ 'ਚ ਫਸੀਆਂ ਰੋਵਣ ਪਈਆਂ ਗਿੱਲੀਆਂ 'ਵਾਜਾਂ ਮਾਰ ਕੇ ਮਾਵਾਂ ਤਾਈਂ ਬੁਲਾਵਣ ਮਾਵਾਂ ਰੁੜ੍ਹੀਆਂ ਪਤਾ ਨਹੀਂ ਕਿਥੇ ਤੁਰ ਗਈਆਂ ਏਸ ਧਾਰ ਦੇ ਚੜ੍ਹਦੇ ਰੁਖ਼ ਕੋਈ ਆ ਨ ਸੱਕੇ ਅੱਗ ਜਦੋਂ ਬੰਕਰ ਦੇ ਧੁਰ ਅੰਦਰ ਤਕ ਪਹੁੰਚੀ ਵੱਖੀ ਨੂੰ ਸੰਨ੍ਹ ਲਾ ਕੇ ਸਾਰੇ ਫੇਰ ਨਿਕਲ ਪਏ ਰਾਤ ਬਰਾਤੇ ਤੁਰੇ ਸਫ਼ਰ 'ਤੇ ਮੁੜ ਕੇ ਆਪੋ ਆਪਣੇ ਤਨ ਨੂੰ ਸੰਨ੍ਹ ਲਵਾ ਕੇ ਵੱਢੀ ਵੱਖੀ ਥਾਣੀ ਕਿਸ ਨੇ ਮੇਰੇ ਅੰਦਰ ਕੌੜੇ ਕੋਲੇ ਬਾਲ ਧਰੇ ਸਨ ? ਅੰਦਰ ਡੰਗਾਂ ਦੀ ਖੇਤੀ ਸੀ ਲਗਦੈ ਜੀਉਂਦੇ ਬਿੱਛੂਆਂ ਦੇ ਗੁੱਛੇ ਦੇ ਗੁੱਛੇ ਅਣਚਿੱਥੇ ਮੈਂ ਸੰਘੋਂ ਹੇਠ ਲੰਘਾਏ ਆਪਣੇ ਪਿੰਡੇ ਵਿਚ ਅਜਨਬੀ ਸੂਰਜ ਰਿੱਝੇ ਇੱਕੋ ਅਲਫ਼ ਦੁਪਹਿਰ ਬਚੀ ਹੈ ਪੂਰਬ ਪੱਛਮ ਮਰ ਚੁੱਕੇ ਨੇ ਗੁੰਝਲੋਂ ਗੁੰਝਲ ਰਸਤੇ ਦਾ ਉਰਵਾਰ ਪਾਰ ਨਾ ਕੋਈ ਉਹੋ ਪੁਰਾਣਾ ਰਿਝਦੇ ਦਰਿਆ ਵਾਂਗ ਸ਼ੂਕਦਾ ਸਾਡਾ ਰਸਤਾ ਉਹੋ ਧਾਰ ਤੇ ਆਡੇ ਰੁਖ਼ ਇਕ ਕੈਂਚੀ ਚਲਦੀ ਹਰ ਦਿਨ ਸੰਨ੍ਹ ਲੁਆ ਕੇ ਸੰਨ੍ਹਾਂ ਵਿਚੋਂ ਲੰਘੀਏ ਅੰਮਾਂ ਦੀ ਆਵਾਜ਼ ਦੂਰ ਰੁੜ੍ਹਦੀ ਜਾਂਦੀ ਹੈ ਅਪਣੇ ਜੋਗਾ ਆਪੇ ਚੁਣਿਆ ਸਾਥੀ ਮਿਧ-ਮਧੋਲੇ ਵਿਚ ਗੁਆਚਾ ਹੁਣ ਸਾਡੇ ਉਰਵਾਰ ਪਾਰ ਆਵਾਜ਼ ਪਹੁੰਚ ਨਹੀਂ ਸਕਦੀ ਜਿਹੜਾ ਰਸਤਾ ਮੈਂ ਲੰਘ ਆਈ ਉਹੀਓ ਰਸਤਾ ਤੈਅ ਕਰਨਾ ਹੈ ਵੱਢੀ ਵੱਖੀ ਦੇ ਵਿਚ ਕੌੜਾ ਬਲਦਾ ਬੁੱਥਾ ਹੋਰ ਬਾਲਣਾ ਜੀਉਂਦੇ ਬਿੱਛੂ ਮੁੜ ਕੇ ਖਾਣੇ ਰੱਬਾ ਮੈਨੂੰ ਅੱਜ ਤੋਂ ਬਾਅਦਾਂ ਨੀਂਦ ਨ ਆਵੇ ਤੁਰਿਆ ਰਸਤਾ ਮੁੜ ਕੇ ਪਵੇ ਨ ਤੁਰਨਾ

ਆਰਾਮ

ਆ ਨਾ ਧੀਏ ਐਥੇ ਬਹੀਏ ਪਲ ਭਰ ਦੋਵੇਂ ਸਾਹ ਲੈ ਲਈਏ ਤੇਰੇ ਨਾਲ ਦੋ ਦਿਨਾਂ ਤੋਂ ਲੱਗਾ ਮੇਰਾ ਮੋਢਾ ਥੱਕ ਗਿਆ ਏ ਤੂੰ ਵੀ ਥਕ ਗਈ ਹੋਵੇਂਗੀ ਵਗਦੇ ਰਾਹ ਤੋਂ ਪੋਟਾ ਵਿਥ ਤੇ ਰਾਹੀਆਂ ਨੂੰ ਪਿੱਠ ਦੇ ਕੇ ਬਹੀਏ ਹੁਣ ਤਾਂ ਨੰਗੀ ਪਿੱਠ ਦਾ ਉਹਲਾ ਹੀ ਕਾਫ਼ੀ ਏ ਅੱਛਾ ਅੱਛਾ ਮੈਂ ਬਹਿੰਦੀ ਹਾਂ ਤੂੰ ਲੇਟੀ ਰਹੁ, ਨੰਗੀ ਭੋਂ ਤੇ ਕੁੱਲ ਘਰਾਂ ਦੀਆਂ ਕੰਧਾਂ ਟੁੱਟੀਆਂ ਰੜਾ ਮੈਦਾਨ ਹੀ ਸਭ ਦਾ ਘਰ ਏ ਦੋ ਦਿਨ ਤੋਂ ਅਸੀਂ ਤੁਰੀਏ ਤੁਰੀਏ ਨਾ ਮੈਂ ਪੱਕੀ ਨਾ ਤੂੰ ਖਾਧੀ ਧੀਏ ਤੈਨੂੰ ਭੁਖ ਨ ਲੱਗੀ ? ਤੈਨੂੰ ਪਤੈ ਕਿ ਤੇਰਾ ਅੱਬਾ, ਤੇਰਾ ਵੀਰਾ ਦੋਵੇਂ ਕਿੱਥੇ ਜਾ ਸੁੱਤੇ ਨੇ ਸਾਡੇ ਘਰ ਦੇ ਐਨ ਸਾਹਮਣੇ ਚੌੜੀ ਸੜਕੇ, ਬਿਜਲੀ ਦੇ ਖੰਭੇ ਦੀ ਛਾਵੇਂ ਨਹੀਂ ਨਹੀਂ, ਓਥੇ ਕਾਹਦਾ ਡਰ ਹੈ ਹੁਣ ਸੜਕਾਂ ਤੇ ਮੋਟਰ ਰਿਕਸ਼ੇ ਕੋਈ ਨ ਚਲਦੇ ਹੁਣ ਓਥੇ ਗੋਲੀ ਚਲਦੀ ਏ ਕਲ-ਮੁਕੱਲੀ ਗੋਲੀ ਤਾਂ ਅਸਲੋਂ ਨਿਕੜੀ ਏ ਮੇਰੀਏ ਧੀਏ ਤੇਰਾ ਵੀਰਾ ਨਹੀਂ ਇਕੱਲਾ ਪਿਓ ਪੁਤ ਦੋਵੇਂ ਇਕ ਦੂਜੇ ਦੀ ਗਲਵਕੜੀ ਵਿਚ ਡੂੰਘੇ ਸੁੱਤੇ ਗੋਲੀ ਖਾ ਕੇ ਤੜਕ ਸਵੇਰੇ ਉਠ ਕੇ ਘਰ ਨੂੰ ਤੁਰ ਜਾਵਣਗੇ ਆ ਤੈਨੂੰ ਕਰਦਾਂ ਰਤਾ ਕੁ ਵੱਖੀ ਪਰਨੇ, ਧੀਏ ਪਈ ਪਈ ਦਾ ਪਾਸਾ ਐਵੇਂ ਅੰਬ ਜਾਏਗਾ ਤੇਰਾ ਅੱਬਾ ਟੁੱਟੇ ਘਰ ਦੀ ਸਭ ਮੁਰੰਮਤ ਕਰਵਾਏਗਾ ਘਰ ਦੀ ਨੰਗੀ ਵੱਖੀ ਥਾਣੀ ਆਉਂਦੇ ਜਾਂਦੇ ਅੰਦਰ ਐਵੇਂ ਪਾਉਣ ਝਾਤੀਆਂ ਕੰਧ ਮੁਰੰਮਤ ਕਰ ਕੇ ਸਾਨੂੰ ਲਭਦਾ ਆਊ

ਕਾਲੀ ਅੱਗ

ਇਹ ਕਾਲੀ ਅੱਗ ਦਾ ਦਰਿਆ ਮੇਰੇ ਘਰ ਆਣ ਬੈਠਾ ਹੈ ਲੈ ਆਇਆ ਆਪਣੇ ਨਾਲ ਰੋੜ੍ਹ ਕੇ ਤਿੜਕੇ ਹੋਏ ਪਰਬਤ ਦੀਆਂ ਫਾੜੀਆਂ ਕਤਰੇ ਹੋਏ ਸੂਰਜ ਦੀਆਂ ਕਾਤਰਾਂ ਕਾਲੀ ਕਦੀਮ ਮਿੱਟੀ ਦਾ ਅੱਗ ਦੇ ਜੰਗਲ ਥਾਣੀ ਲੰਘਿਆ ਇਕ ਕਾਫ਼ਲਾ ਸੜਦਾ ਸੁਲਗਦਾ ਚੀਖ਼ਦਾ ਚਿੰਘਾੜਦਾ ਬੈਠ ਗਿਆ ਮੇਰੇ ਬਰੂਹਾਂ ਉਤੇ ਆਣ ਕੇ

ਅਸੀਂ ਨਹੀਂ ਆਏ

ਅਸੀਂ ਨਹੀਂ ਆਏ ਸਾਡੀ ਮਰਜ਼ੀ ਨਹੀਂ ਆਉਣ ਦੀ ਗੰਢੜੀ ਪਹਾੜ ਦੀ ਖੁਲ੍ਹ ਗਈ ਚੁਰਾਹੇ ਰਿੜ੍ਹਦੇ ਤੁਰੇ ਆਏ ਢੇਲੇ ਅੰਨ੍ਹੀ ਢਲਵਾਨ ਤੇ ਸੂਰਜ ਦੇ ਗਲੋਂ ਟੁੱਟੀ ਧਰਤੀ ਪਹਿਲੀ ਵਾਰ ਅਸੀਂ ਨਹੀਂ ਆਏ ਸਾਡੇ ਸੁੰਗੜ ਗਏ ਦਰਿਆ ਨੇ ਪਹਿਲੀ ਵਾਰ ਲਈ ਅੰਗੜਾਈ ਤੇ ਆਬਸ਼ਾਰ ਟੁੱਟੀ ਅਧਵਾਟਿਓਂ ਲੁੰਞੇ ਲੰਗਾਰੇ ਦਰਿਆ ਦੇ ਟੁਕੜੇ ਅਸੀਂ ਤੇਰੇ ਘਰ ਡੁੱਲ੍ਹੇ ਜਿਵੇਂ ਪਰਲੋ ਦੀਆਂ ਵਾਛੜਾਂ ਅਸੀਂ ਨਹੀਂ ਆਏ ਨੰਗੇ ਪਿੰਡੇ ਖ਼ਾਲੀ ਹੱਥ, ਦਿਲੋਂ ਸਖਣੇ ਮਸਖਣੇ ਜ਼ਿੱਲਤ ਦੀ ਅਮੀਰੀ ਸਾਡੇ ਅੰਗ ਸੰਗ ਸਦਾ ਹੈ ਪਿੰਡੇ ਤੇ ਚੁਕ ਲਿਆਏ ਹਾਂ ਇਕ ਸੜਦਾ ਬਲਦਾ ਜੰਗਲ ਜੋ ਅਸਾਂ ਨਹੀਂ ਸਾਡੇ ਹਾਕਮਾਂ ਨੇ ਬਾਲਿਆ ਅਪਣੀ ਅੱਗ ਦਾ ਸੇਕ ਅਪਣਾ ਚਾਨਣ ਸਰਮਾਇਆ ਹੈ ਅੱਖੀਆਂ ਵਿਚ ਅਜੇ ਦਹਿਕਦਾ ਹੈ ਉਹ ਚੁਰਾਹਾ ਨੰਗੀ ਮਾਤ-ਗੁਫ਼ਾ ਵਿਚ ਦਾਖ਼ਲ ਦੁਨਾਲੀ ਗੜ੍ਹਕਦਾ ਬਾਰੂਦ ਪਰਨਾਲਾ ਉਛਲੇ ਹੋਏ ਬੱਚੇ ਨੂੰ ਜੁਪਦੀ ਸੰਗੀਨ ਸੜਦੇ ਮਕਾਨ ਵਿਚ ਚੀਖ਼ਦੀ ਪੁਕਾਰ : ਹੁਣ ਮੈਨੂੰ ਨਾ ਬਚਾਉਣਾ ਮੇਰੇ ਪਿਆਰ ਹੁਣ ਤਾਂ ਮੈਂ ਔਰਤ ਵੀ ਨਹੀਂ ਰਹੀ ਪਿੰਡੇ ਦੀ ਕਿਹੜੀ ਥਾਂ ਲਜਿਆ ਕਿਹੜੀ ਨਿਰਲਜਿਆ ਫ਼ਰਕ ਮਿਟ ਚੁਕੇ ਨੇ ਕੁਝ ਵੀ ਕਜਿਆ ਨਹੀਂ ਰਿਹਾ

ਜੰਗਲ ਦਾ ਫ਼ੈਸਲਾ

ਸਾਡੇ ਜੰਗਲ ਵਿਚ ਸਾਨੂੰ ਕੋਈ ਖ਼ਤਰਾ ਨਹੀਂ ਇਸ ਵਿਚ ਵਸਦੇ ਨੇ ਹੁਣੇ ਹੁਣੇ ਬਣੇ ਦਰਿੰਦੇ ਜਿਨ੍ਹਾਂ ਦੇ ਢਿਡ ਨਹੀਂ ਸਿਰਫ਼ ਪੰਜੇ ਨੇ, ਨਹੁੰਦਰ ਨੇ, ਸੂਏ-ਦੰਦ ਨੇ ਅੱਖੀਆਂ ਅੰਗਿਆਰ ਨੇ ਇਨ੍ਹਾਂ ਦੇ ਚਿਹਰੇ ਤਾਂ ਨੋਚੇ ਜਾ ਚੁਕੇ ਨੇ ਨੁਚਣ ਲਈ ਬਾਕੀ ਹੁਣ ਕੁਝ ਨਹੀਂ ਬਚਿਆ ਦੋਸਤਾਂ ਨੇ ਪਾੜ ਕੇ ਤਨ ਤੋਂ ਸਭ ਲੀੜੇ ਪਿੰਡੇ ਨੂੰ ਨੰਗਾ ਅੰਬਰ ਕਰ ਦਿਤਾ ਹੈ ਜਿਥੋਂ ਜਦ ਚਾਹੇ ਸੂਰਜ ਉਗ ਖਲੋਂਦਾ ਹੈ ਜੰਗਲ ਪਾਸ ਕੁਝ ਨਹੀਂ ਸਿਰਫ਼ ਇਕ ਫ਼ੈਸਲਾ : ਜਦ ਤਕ ਬੇਕਾਰ ਹੋ ਪੰਜਿਆਂ ਨੂੰ ਤੇਜ਼ ਕਰੋ ਸੂਰਜ ਸੀਖਦੇ ਰਹੋ ਤਿੱਖੇ ਰਹੋ, ਤੱਤੇ ਰਹੋ ਪਤਾ ਨਹੀਂ ਕਦੋਂ ਆਪਣੇ ਕੰਮ ਤੇ ਜਾਣਾ ਪਵੇ

ਅਜ਼ਾਨ

ਢਠੀਆਂ ਦੀਵਾਰਾਂ ਵਿਚੋਂ ਉਸਰੀ ਮੀਨਾਰਾਂ ਦੀ ਭੀੜ ਸਿਰਫ਼ ਸੂਰਜ਼ ਤਕ ਉੱਚੀ ਹੁਣ ਨਹੀਂ ਭੇਜਦਾ ਖ਼ੁਦਾ ਧਰਤੀ ਤੇ ਰਸੂਲ ਪੈਗ਼ੰਬਰ ਪੈਦਾ ਹੁੰਦਾ ਸਿਰਫ਼ ਪੀੜ ਦੀ ਕੁੱਖੋਂ ਹਰੇਕ ਮੀਨਾਰ ਦੀ ਟੀਸੀ ਤੇ ਅਜ਼ਾਨ : ਸਭ ਤੋਂ ਵੱਡਾ ਖ਼ੁਦਾ ਹੈ ਆਜ਼ਾਦੀ ਇਸ ਤੋਂ ਉਪਰ ਨਹੀਂ ਖ਼ੁਦਾ ਕੋਈ ਉਠੋ ਉਠੋ ਜਿਸ ਦੀ ਵੀ ਭੁੱਬਲ ਵਿਚ ਚਿਣਗ ਹੈ ਜਿਸ ਦਾ ਸਿਰ ਬਲਦਾ ਹੈ ਉਹ ਨਹੀਂ ਸੌਂਦਾ ਢੱਠੀ ਹੋਈ ਮਿੱਟੀ ਵਿਚ ਟੁੱਟੀ ਦੀਵਾਰ ਦਾ ਮਾਤਮ ਨ ਮਨਾਓ ਇਸ ਦੇ ਘਰ ਦੇਵ-ਕੱਦ ਪੁੱਤਰ ਦਾ ਜਨਮ ਹੈ

ਸਿਰਫ਼ ਤਪਸ਼

ਸੜ ਗਏ ਸ਼ਹਿਰ ਦਾ ਇਕ ਜੰਗਲ ਹੀ ਬਾਕੀ ਸੀ ਜੋ ਆਪਣੇ ਨਾਲ ਲੈ ਆਏ ਹਾਂ ਮਧਰੇ ਮਕਾਨਾਂ ਦੇ ਮਲਬੇ ਵਿਚੋਂ ਨਿਕਲਿਆ ਸੜਦੇ ਬਲਦੇ ਦਿਓਦਾਰਾਂ ਦਾ ਕਾਫ਼ਲਾ ਅੱਜ ਦੀ ਰਾਤ ਜੰਗਲ ਏਥੇ ਹੀ ਟਿਕੇਗਾ ਮਿੱਟੀ ਤੁਹਾਡੀ ਵਿਚ ਸਿੰਜਰ ਕੇ ਲਾਵਾਂ ਕਲ੍ਹ ਚਲਾ ਜਾਵੇਗਾ ਅੱਗ ਨਹੀਂ ਪਿੱਛੇ ਸਿਰਫ਼ ਤਪਸ਼ ਛਡ ਜਾਵੇਗਾ

ਭੁੱਖੇ ਸੂਰਜ

ਤੜਕ ਸਵੇਰੇ ਤੋਂ ਵੀ ਪਹਿਲਾਂ ਦੋਵੇਂ ਉਠ ਬਹਿੰਦੇ ਹਾਂ ਭੁੱਖੇ ਸੂਰਜ ਵਾਂਗੂੰ ਬਾਸੀ ਅੰਗਾਂ ਅੰਦਰ ਤਾਜ਼ਾ ਭੁੱਖ ਚਮਕਦੀ ਨੀਂਦਰ ਦੇ ਵਿਚ ਵੱਟੋ ਵਟ ਜਿਸਮ ਨੂੰ ਲੈ ਕੇ ਡਿੱਕੋ ਡੋਲੇ ਖਾਂਦੇ ਦੋ ਪਰਛਾਵੇਂ ਸਿਰ 'ਤੇ ਚੁੱਕੀ ਆਪੋ ਆਪਣੇ ਛਾਬੇ ਖਾਲੀ ਮੂਧੇ ਮੁੱਢੋਂ ਸੁੱਢੋਂ ਧੁਖਦੇ : ਅੱਜ ਫਿਰ ਰੋਜ਼ੀ ਮਿਲ ਜਾਵੇਗੀ ? ਇਹ ਰੋਜ਼ੀ ਹੈ ਜਾਂ ਚੋਰੀ ਹੈ ? ਰੋਟੀ ਖਾਂਦੇ ਹਾਂ ਬੁਰਕਦੇ ਹਾਂ ਢਿਡ ਕੋਈ ਨਾ ਕੋਈ ਬੁਰਕੋ ਜਾਂ ਬੁਰਕਾਵੋ ਭੁੱਖੇ ਰਹੋ ਜਾਂ ਰੱਖੋ ਇਸ ਬਿਨ ਕੋਈ ਚਾਰਾ ਹੋਰ ਨਹੀਂ ਹੈ ਖ਼ਾਵੰਦ ਬੀਵੀ ਵੱਢੇ ਟੁੱਕੇ ਸੂਰਜ ਇਕ ਦੂਜੇ ਨੂੰ ਤੱਕਦੇ ਹਾਂ ਅੱਗਾਂ ਸਿੰਮਦੇ ਹਾਂ ਇਕ ਦੂਜੇ ਦੇ ਨਾਲ ਜਦੋਂ ਗੱਲਾਂ ਕਰਦੇ ਹਾਂ ਇਕ ਦੂਜੇ 'ਤੇ ਬਲਦੇ ਬਲਦੇ ਚੋ ਸੁਟਦੇ ਹਾਂ ਸਾਰਾ ਦਿਨ ਅੱਗ ਭੌਂਕ ਭੌਂਕ ਕੇ ਘਰ ਮੁੜਦੇ ਹਾਂ ਦੇਹੀ ਸਿਰ ਤੋਂ ਪੈਰਾਂ ਤੀਕਰ ਭੁੱਬਲ ਭੜਥਾ ਹੋ ਚੁਕਦੀ ਹੈ ਰਾਤ ਸੁਆਹ ਵਾਂਗੂੰ ਸੌਂਦੇ ਹਾਂ ਕੋਸਾ ਕੋਸਾ ਧੁਖਦੇ ਜੀ ਚਾਹੁੰਦਾ ਏ ਇਕ ਦੂਜੇ ਦੀਆਂ ਚਿਣਗਾਂ ਚੁਗੀਏ ਪਰ ਜੀ ਚਾਹੁੰਦੀ ਕੋਈ ਗੱਲ ਅਸਾਂ ਕਦ ਕੀਤੀ ? ਕੋਈ ਅੰਬਰ ਨਹੀਂ ਕਿ ਜਿਸ ਨੂੰ ਅਪਣੇ ਚੁਭਦੇ ਤਾਰੇ ਦੇਈਏ ਨੀਂਦਰ ਵਿਚ ਵੀ ਅੱਗ ਦੇ ਛੋਟੇ ਛੋਟੇ ਕੀੜੇ ਪਿੰਡੇ ਉਪਰ ਰਹਿਣ ਰੀਂਗਦੇ ਜਦੋਂ ਕਦੀ ਬਰੜਾ ਕੇ ਉਠੀਏ ਵੱਢੇ ਟੁੱਕੇ ਭੁੱਖੇ ਸੂਰਜ ਖ਼ਾਲੀ ਮੂਧੇ ਛਾਬੇ ਚੁਕ ਕੇ ਤੁਰ ਪੈਂਦੇ ਹਾਂ ਏਹੋ ਸਾਡੀ ਬਾਤ ਜਿਦਾ ਹੁੰਗਾਰਾ ਕੋਈ ਨਹੀਂ ਹੈ ਬਹੁਤ ਸ਼ਹਿਰ ਵੇਖੇ, ਪਰ ਹਰ ਥਾਂ ਸੂਰਜ ਭੁੱਖਾ ਮਿਹਨਤ ਹਰ ਥਾਂ ਬੁਰਕ ਰਹੀ ਢਿੱਡ ਕੋਈ ਨਾ ਕੋਈ ਮਜ਼ਦੂਰਾਂ ਦਾ ਇਸ਼ਕ ਦੁਪਹਿਰੇ ਇਕ ਦੂਜੇ ਤੇ ਬਲਦੇ ਬਲਦੇ ਚੋ ਸੁਟਦਾ ਹੈ ਏਸ ਰਿਫੂਜੀ ਕੈਂਪ 'ਚ ਕੁਝ ਤਸਕੀਨ ਜਹੀ ਹੈ ਸੂਰਜ ਏਥੇ ਘਟ ਭੁੱਖਾ ਏ ਮਜ਼ਦੂਰੀ 'ਤੇ ਪਾਬੰਦੀ ਏ ਹੋਰ ਕਿਸੇ ਦਾ ਢਿੱਡ ਬੁਰਕ ਕੇ ਹੁਣ ਨਹੀਂ ਖਾਣੀ ਪੈਂਦੀ ਬੁਰਕੀ ਫੇਰ ਵੀ ਲੋਕੀਂ ਬੁਝੇ ਬੁਝੇ ਰਉਂ ਰਉਂ ਕਰਦੇ ਨੇ ਇਕ ਦਿਨ ਆਪੋ ਅਪਣੇ ਸ਼ਹਿਰੀਂ ਤੁਰ ਹੀ ਜਾਣੈ ਮਜ਼ਦੂਰਾਂ ਦੀ ਫ਼ਸਲ ਵਾਢੀਆਂ ਨਾਲ ਭਲਾ ਕਦ ਮੁਕ ਸਕਦੀ ਹੈ ਯਾਰੋ ਐਵੇਂ ਗ਼ਮ ਨ ਲਾਵੋ ਅਸੀਂ ਹਮੇਸ਼ਾ ਜ਼ਿੰਦਾ ਸਾਡੀ ਭੁੱਖ ਸਲਾਮਤ ਭੁੱਖੇ ਸੂਰਜ ਮਰ ਨਹੀਂ ਸਕਦੇ

ਕੀ ਲੈਣਾ ਏਂ ?

ਅੱਧੀ ਤੋਂ ਬਹੁਤੀ ਉਸ ਤੋਂ ਵੀ ਬਹੁਤੀ ਉਮਰਾ ਬੀਤ ਗਈ ਹੈ ਰੱਬ ਨੇ ਮੈਨੂੰ ਤੇ ਮੈਂ ਰੱਬ ਨੂੰ ਯਾਦ ਕਦੇ ਨਹੀਂ ਕੀਤਾ ਉਸ ਨੂੰ ਪਤਾ ਨਹੀਂ ਕਿ ਮੈਂ ਹਾਂ ਮੈਨੂੰ ਪਤਾ ਨਹੀਂ ਕਿ ਉਹ ਹੈ ਕਦੀ ਕਦਾਈਂ ਭੁੱਲ ਭੁਲੇਖੇ ਇਕ ਦੂਜੇ ਨੂੰ ਮਿਲੇ ਸੜਕ 'ਤੇ ਝੂਠ ਵਾਂਗਰਾਂ ਇਕ ਦੂਜੇ ਨੂੰ ਪਿੱਠਾਂ ਦੇ ਕੇ ਲੰਘ ਜਾਵਾਂਗੇ ਰੱਬ ਨੇ ਮੈਥੋਂ ਕੀ ਲੈਣਾ ਏਂ ਤੇ ਮੈਂ ਰੱਬ ਪਾਸੋਂ ਕੀ ਲੈਣਾ ?

ਮੰਤਰ-ਬਲ

ਇਕ ਤੋਂ ਅੱਧੀ ਅੱਧੀ ਤੋਂ ਵੀ ਅੱਧੀ ਸਦੀ ਹੁਣੇ ਜੋ ਬੀਤੀ ਉਸ ਵਿਚ ਸਾਡੇ ਸੱਚੇ ਰੱਬ ਦਾ ਬੜਾ ਜ਼ੋਰ ਸੀ ਵਾਹਦ ਰੱਬ ਦਾ ਨਾਮ ਧਿਆ ਕੇ ਇਕ ਮੁਲਕੋਂ ਦੋ ਮੁਲਕ ਬਣਾਏ ਕਾਗ਼ਜ਼ ਦੇ ਇਕ ਪੁਰਜ਼ੇ ਨਾਲ ਜ਼ਿਮੀਂ ਵਢ ਦਿੱਤੀ ਧਰਤੀ ਦੇ ਵਿਚ ਰੁੱਖਾਂ ਵਾਂਗੂੰ ਗੱਡੇ ਹੋਏ ਬੰਦੇ ਜੜ੍ਹਾਂ ਸਮੇਤ ਅਸਾਂ ਮਿੱਟੀ 'ਚੋਂ ਪੁੱਟੇ ਦੂਜੀ ਧਰਤੀ ਵਿਚ ਗਡਵਾਏ ਕੈਸੀ ਕਰਾਮਾਤ ਕਰਤੇ ਦੀ ਕਈ ਮਹੀਨੇ ਬੰਦੇ ਕੱਟੇ, ਵੱਢੇ ਬਾਲਣ ਵਾਂਗੂੰ ਬਾਲੇ ਤਾਂ ਵੀ ਗਿਣਤੀ ਮੂਲ ਘਟੀ ਨਾ ਮਸਜਿਦ ਦੇ ਮੀਨਾਰ ਕਲਸ ਉਚੇ ਮੰਦਰ ਦੇ ਗਤਕੇ ਵਾਂਗੂੰ ਇਕ ਦੂਜੇ ਦੇ ਨਾਲ ਭਿੜਾਏ ਜਿੰਨੇ ਫੱਟੜ ਕਲਸ ਓਨਾ ਸਾਡਾ ਜੀ ਰਾਜ਼ੀ ਜ਼ਖ਼ਮੀ ਮੀਨਾਰਾਂ ਨੇ ਸਾਡੇ ਮਨ ਹਰਸ਼ਾਏ ਗੁਰੂਦੁਆਰੇ ਵਾਂਗ ਖਿਡੌਣੇ ਇਕ ਦੂਜੇ ਤੋਂ ਖੋਹੇ ਖਿੱਚੇ ਖ਼ੂਬ ਉਛਾਲੇ ਰੱਬ ਨੂੰ ਮੰਤਰ ਵਾਂਗ ਅਸਾਂ ਨੇ ਸਾਧ ਲਿਆ ਸੀ ਅਪਣੀ ਧਰਤੀ ਦਰਿਆਵਾਂ ਵਿਚ ਮਲ ਮਲ ਧੋਤੀ ਆਪ ਹੰਗਾਲ ਨਿਚੋੜੀ ਛੰਡੀ ਸਾਡਾ ਮੰਤਰ ਸੁਣ ਧਰਤੀ ਸੁੰਗੜ ਵੀ ਜਾਏ ਰਿੱਧੀ ਸਿੱਧੀ ਵੱਸ ਅਸਾਡੇ ਵਰਤਮਾਨ ਨੂੰ ਚੁਕ ਕੇ ਬੀਤੇ ਵਿਚ ਲੈ ਗਏ ਹੁਣ ਜੰਮੇ ਤਾਜ਼ਾ ਬਿਲਕੁਲ ਤਾਜ਼ਾ ਦਿਨ ਅਪਣੇ ਮਹਾ ਪੁਰਾਣੇ ਐਂਟੀਕਾਂ ਦੇ ਮੁੱਲ ਵੇਚੇ ਨੇ ਕਰਤੇ ਦੀ ਕਿਰਪਾ ਦੀ ਕੋਈ ਤੋਟ ਨਹੀਂ ਹੈ ਸਾਰੀ ਉਮਰਾ ਮੱਧਕਾਲ ਵਿਚ ਜੀ ਚੱਲੇ ਹਾਂ ਸਾਨੂੰ ਕੋਈ ਪਛਾਣ ਨ ਸਕਿਆ ਰੱਬ ਵਰਗਾ ਜਾਦੂ ਨਹੀਂ ਕੋਈ ਇਕ ਤੋਂ ਅੱਧੀ ਅੱਧੀ ਤੋਂ ਵੀ ਅੱਧੀ ਸਦੀ ਹੁਣੇ ਜੋ ਬੀਤੀ ਮਨ ਮਰਜ਼ੀ ਦੇ ਨਾਲ ਭੋਗ ਕੇ, ਖਾ ਖ਼ਰਚ ਕੇ ਤੁਰ ਚੱਲੇ ਹਾਂ ਜਾਂਦੀ ਵਾਰੀ ਕੁਲ ਸਰਮਾਇਆ ਆਉਣ ਵਾਲੀਆਂ ਜੱਦਾਂ ਦੇ ਹੱਥ ਧਰ ਚੱਲੇ ਹਾਂ ਵਿਦਿਆ ਵੇਲੇ ਇਕ ਮੁਲਕੋਂ ਦੋ ਮੁਲਕ ਦੂਸਰੀ ਵਾਰ ਬਣੇ ਨੇ ਧਰਤੀ ਦੇ ਵਿਚ ਰੁੱਖਾਂ ਵਾਂਗੂੰ ਗੱਡੇ ਹੋਏ ਬੰਦੇ ਜੜ੍ਹਾਂ ਸਮੇਤ ਅਸਾਂ ਮੁੜ ਕੇ ਪੁੱਟੇ ਨੇ ਫੇਰ ਐਤਕੀਂ ਬੰਦੇ ਕੱਟੇ, ਵੱਢੇ, ਬਾਲਣ ਵਾਂਗੂੰ ਬਾਲੇ ਕਈ ਮਹੀਨੇ ਦਰਿਆਵਾਂ ਵਿਚ ਧਰਤੀ ਨੂੰ ਮੁੜ ਕੇ ਧੋਤਾ ਏ ਫੇਰ ਹੰਗਾਲ, ਨਿਚੋੜ, ਫੰਡ ਕੇ ਸੁਕਣੇ ਪਾਈ ਯਾਰ, ਐਤਕੀਂ ਮੰਤਰ ਦਾ ਬਲ ਕੁਝ ਘਟਿਆ ਏ ਇਕ ਮੁਲਕੋਂ ਦੋ ਮੁਲਕ ਬਣੇ ਪਰ ਰੱਬ ਦਾ ਨਾਮ ਕਿਸੇ ਨਹੀਂ ਲੀਤਾ ਰੁੱਖਾਂ ਵਾਂਗੂੰ ਪੁੱਟੇ ਬੰਦੇ ਦੂਰ ਦੁਰਾਡੇ ਸੁੱਟੇ ਬੰਦੇ ਮੁੜ ਅਪਣੇ ਘਰ ਤੁਰ ਚੱਲੇ ਨੇ ਦਰਿਆਵਾਂ ਵਿਚ ਧੋਤੀ ਧਰਤੀ ਖੂਬ ਨਿਚੋੜੀ ਫੰਡੀ ਧਰਤੀ ਪੋਟਾ ਭਰ ਵੀ ਨਹੀਂ ਸੁੰਗੜੀ ਡਰ ਲਗਦਾ ਏ ਵੱਢੀ ਧਰਤੀ ਜੁੜ ਨਾ ਜਾਏ ਸੁੰਗੜਣ ਦੀ ਥਾਂ ਫੈਲ ਨਾ ਜਾਏ ਐਤਕ ਵਾਰੀਂ ਮੀਨਾਰਾਂ ਨੇ ਮੀਨਾਰਾਂ ਦੇ ਨਾਲ ਵੀ ਗਤਕੇਬਾਜ਼ੀ ਕੀਤੀ ਯਾਰਾ ਮੈਨੂੰ ਡਰ ਲਗਦਾ ਏ ਕਿਤੇ ਅਸਾਡਾ ਰੱਬ ਹੀ ਜ਼ਖ਼ਮੀ ਹੋ ਨਾ ਜਾਏ ਅਪਣੇ ਨਾਲ ਹੀ ਲੜਦਾ ਲੜਦਾ ਮਰ ਨਾ ਜਾਏ

ਧੜ ਅਪਣਾ ਹੈ

ਅੱਧੀ ਤੋਂ ਬਹੁਤੀ ਉਸ ਤੋਂ ਵੀ ਬਹੁਤੀ ਉਮਰਾ ਬੀਤ ਗਈ ਤਾਂ ਸੋਝੀ ਆਈ ਅਪਣੇ ਪਾਸ ਤਾਂ ਅਪਣਾ ਧੜ ਹੈ ਇਸ ਉੱਪਰ ਸਿਰ ਹੋਰ ਕਿਸੇ ਦਾ ਭੁੱਲ ਭੁਲੇਖੇ ਕੱਲ੍ਹ ਸੜਕ 'ਤੇ ਕਾਹਲੀ ਕਾਹਲੀ ਤੁਰਦੇ ਤੁਰਦੇ ਨਾਲ ਖ਼ੁਦਾ ਦੇ ਟੱਕਰ ਹੋਈ ਮੈਂ ਤਾਂ ਯਾਰੋ ਸਿਰ ਨਿਹੁੜਾ ਕੇ ਬਿਨਾਂ ਪਛਾਣੇ, ਬਿਨਾਂ ਸਲਾਮ ਹੀ ਲੰਘ ਚਲਿਆ ਸਾਂ ਉਸ ਨੇ ਮੇਰੇ ਮੋਢੇ ਉਪਰ ਸਹਿਵਨ ਅਪਣਾ ਹੱਥ ਧਰ ਦਿੱਤਾ ਅੱਖੀਆਂ ਦੇ ਵਿਚ ਅੱਖੀਆਂ ਗੱਡ ਕੇ ਮੈਨੂੰ ਤੁਰਤ ਖੜਾ ਕਰ ਦਿੱਤਾ ਮੁਸ਼ਕਲ ਨਾਲ ਪਛਾਣ ਕੇ ਮੈਨੂੰ ਆਖਣ ਲਗਾ : ਵਾਹ ਉਇ ਬੰਦਿਆ ਤੂੰ ਵੀ ਅਪਣੇ ਧੜ ਦੇ ਉਤੇ ਸੀਸ ਪਰਾਇਆ ਚੁੱਕੀ ਫਿਰਨੈਂ ਮੈਨੂੰ ਆਪ–ਬਣਾਈ ਖ਼ਲਕਤ ਉਪਰ ਮਾਯੂਸੀ ਹੁੰਦੀ ਏ ਮੈਂ ਧੜ ਤੀਕ ਬਣਾ ਕੇ ਬੰਦੇ ਦੁਨੀਆਂ ਦੇ ਵਲ ਘਲ ਦੇਂਦਾ ਹਾਂ ਏਸ ਆਸ 'ਤੇ ਆਪਣਾ ਸੀਸ ਰਚਨਗੇ ਆਪੇ ਤਾਕਿ ਬੰਦੇ ਦੇ ਸਿਰ ਉਪਰ ਮੇਰਾ ਕੋਈ ਹਸਾਨ ਨਾ ਹੋਵੇ ਪਰ ਬੰਦਿਆਂ ਨੂੰ ਅਜਬ ਕਾਹਲ ਏ ਅਪਣਾ ਸੀਸ ਰਚਨ ਦੀ ਥਾਵੇਂ ਅਪਣੇ ਧੜ 'ਤੇ ਸੀਸ ਪਰਾਇਆ ਧਰ ਕੇ ਹੀ ਕੰਮ ਸਾਰੀ ਜਾਂਦੇ ਕੰਮ ਸਾਰਨ ਨੂੰ ਜੀਊਣਾ ਕਹਿੰਦੇ ਇਉਂ ਕਹਿ ਕੇ ਉਸ ਮੇਰੇ ਸਿਰ ਨੂੰ ਹੌਲਾ ਜਿਹਾ ਹਲੂਣਾ ਦਿੱਤਾ ਚੁੱਲ੍ਹੇ ਉਤੋਂ ਹਾਂਡੀ ਵਾਂਗੂੰ ਮੇਰਾ ਸੀਸ ਅਲਗ ਕਰ ਦਿੱਤਾ ਸਿਰ ਨੰਗੇ ਚੁੱਲ੍ਹੇ ਦੇ ਵਾਂਗੂੰ ਖ਼ਲਕਤ ਵਿਚੋਂ ਲੰਘ ਰਿਹਾ ਹਾਂ ਅਪਣੇ ਪਾਸ ਤਾਂ ਕੋਰੀ ਅੱਗ ਹੈ ਅਜੇ ਰੌਸ਼ਨੀ ਪੈਦਾ ਕਰਨੀ

ਸੁਪਨਾ

ਜੰਗ ਦੇ ਦੂਜੇ ਹਫ਼ਤੇ ਸ਼ਾਇਦ ਚੌਥਾ ਦਿਨ ਸੀ ਜਾਂ ਸ਼ਾਇਦ ਇਹ ਪੰਜਵਾਂ ਦਿਨ ਸੀ ਸਾਡੇ ਵੈਰੀ ਅੱਚਨਚੇਤੇ ਤੋਪਾਂ ਤੀਕਣ ਚੜ੍ਹ ਆਏ ਸਨ ਫੇਰ ਅਸਾਂ ਉਹ ਵਾਛੜ ਪਾਈ ਕੁਝ ਤਾਂ ਓਸੇ ਥਾਵੇਂ ਡੁੱਲ੍ਹ ਗਏ ਬਾਕੀ ਲਹਿੰਦੇ ਪਾਣੀ ਰੁੜ੍ਹ ਗਏ ਧੂੰਆਂ ਲੱਥਾ 'ਵਾ ਸੀ ਨਿੱਤਰੀ ਨਿੱਤਰੀ ਨਿੱਘੀ ਧਰਤੀ ਉਪਰ ਟੁੱਟੀਆਂ ਕਚਰਾ ਹੋਈਆਂ ਦੇਹੀਆਂ ਕਿਸੇ ਕਬਾੜੀ ਦਾ ਕੂੜਾ ਜਿਉਂ ਉੱਘੜ ਦੁੱਘੜ ਅਸਾਂ ਸੋਚਿਆ ਇਕ ਘੰਟੇ ਤਕ ਅਮਨ ਚੈਨ ਹੈ ਉਸ ਦਿਨ ਅਪਣੀ ਖੰਦਕ ਦੇ ਵਿਚ ਬੈਠੇ ਬੈਠੇ ਊਂਘ ਆ ਗਈ ਸਾਡੇ ਘਰ ਦੇ ਧੁਰ ਕੋਠੇ 'ਤੇ ਦੂਰ ਦੂਰ ਤਕ ਵਿਛਿਆ ਰੇਗਿਸਤਾਨ ਪਿਆਸਾ ਕਿਧਰੇ ਕੋਈ ਜਨੌਰ ਨ ਬੰਦਾ ਬਿਰਛ ਨ ਬੂਟਾ ਨਾ ਪਾਣੀ ਦੀ ਬੂੰਦ ਹੀ ਕਿਧਰੇ ਨਜ਼ਰੀਂ ਆਏ ਗੰਜੇ ਰੇਗਿਸਤਾਨ ਦੇ ਸਿਰ 'ਤੇ ਚੰਨ ਨ ਸੂਰਜ ਏਥੇ ਜੇ ਕੋਈ ਆ ਆਏ ਅਪਣੇ ਤਕ ਵੀ ਪਹੁੰਚ ਨ ਪਾਏ ਦੂਰ ਝਾਵਲਾ ਨਜ਼ਰੀਂ ਆਇਆ ਕਦੀ ਇਹ ਜਾਪੇ ਘੋਨ ਮੋਨ ਰੁੱਖ ਰੁੰਡ ਮਰੁੰਡਾ ਕਦੀ ਕੋਈ ਸਿਰਨੰਗੀ ਲੰਮੀ ਲੰਮੀ ਗੋਰੀ ਬਿਨ ਪਰਨਾਇਆ ਹੀ ਮੈਂ ਜਿਸ ਨੂੰ ਰੇਗਿਸਤਾਨ 'ਚ ਛਡ ਆਇਆ ਹਾਂ ਇਸ ਦੇ ਵਲ ਮੈਂ ਵਧਣ ਜਾਂ ਲੱਗਾ ਦੂਰੋਂ ਆਈ 'ਵਾਜ ਕਿ ਮੁੰਡਿਆ ਵਾਪਸ ਮੁੜ ਜਾ ਤੇਰਾ ਮੇਰਾ ਸਾਥ ਅਜੇ ਨਾ ਹੁਣੇ ਖੜਾ ਸੈਂ ਤੂੰ ਬੂਹੇ 'ਤੇ ਵੈਰੀ ਗਲੀ ਦੀ ਨੁੱਕਰ 'ਤੇ ਸੀ ਹੁਣੇ ਤੂੰ ਕੋਠੇ 'ਤੇ ਚੜ੍ਹ ਆਇਐਂ ਰੇਗਿਸਤਾਨ 'ਚ ਗੁੰਮ ਜਾਇੰਗਾ... ਫੇਰ ਅਚਾਨਕ ਅੱਖ ਖੁੱਲ੍ਹ ਗਈ ਵੈਰੀ ਸਿਰ 'ਤੇ ਫੇਰ ਖੜਾ ਸੀ ਫੇਰ ਅਸਾਂ ਉਹ ਵਾਛੜ ਪਾਈ ਕੁਝ ਤਾਂ ਓਸੇ ਥਾਵੇਂ ਡੁਲ੍ਹ ਗਏ ਬਾਕੀ ਲਹਿੰਦੇ ਪਾਣੀ ਰੁੜ੍ਹ ਗਏ

ਮੁਨੱਵਰ ਤਵੀ

ਤਵੀਏ ਤੱਤੀ ਤਿੱਖੀ ਹੋ ਜਾ ਤੈਨੂੰ ਤਰ ਕੇ ਪਰਲੇ ਪਾਰ ਜ਼ਰੂਰਤ ਜਾਣਾ ਜਿੱਥੇ ਅੱਜ ਦੈਂਤ ਦਾ ਠਾਣਾ ਓਸ ਦੈਂਤ ਨੂੰ ਤੱਤੇ ਤਿੱਖੇ ਵੇਗ 'ਚ ਹੀ ਯਾਰਾਂ ਮਿਲਣਾ ਏ ਪਰਸੋਂ ਪਰਵਾਨਾ ਆਇਆ ਸੀ : ਦੈਂਤ ਪਿਆਸਾ ਭਲਕ ਦੁਪਹਿਰੇ ਏਸ ਤਵੀ ਨੂੰ ਢਾਈ ਚੁਲੀਆਂ ਵਿਚ ਪੀ ਸੁਟਣੈਂ ਲੀਕ ਮਹੀਨ ਜਿਹੀ ਪਾਣੀ ਦੀ ਦੋਜ਼ਖ਼-ਅੱਗ ਵਿਚ ਭੁੰਨ ਦਿਆਂਗੇ ਨਕਸ਼ੇ ਉਪਰ ਵਾਹੀ ਕਾਲੀ ਸ਼ਾਹੀ ਦੀ ਇਹ ਰੇਖਾ ਮੇਟ ਦਿਆਂਗੇ ਕਲ੍ਹ ਨੂੰ ਕਿਸੇ ਸਿਆਣ ਨਹੀਂ ਸਕਣਾ ਏਥੇ ਕਦੇ ਨਦੀ ਵਗਦੀ ਸੀ ਅਪਣੇ ਵੇਲਿਓਂ ਰਤਾ ਪਛੜ ਕੇ ਦੈਂਤ ਆਇਆ ਸੀ ਨਾਲ ਆਪਣੇ ਅਪਣੀ ਦੋਜ਼ਖ ਅੱਗ ਲਿਆਇਆ ਆਦਮ-ਪਾਣੀ ਆਦਮ-ਪਾਣੀ ਕਰਦਾ ਕਰਦਾ ਤੇਰੇ ਵਾਂਗੂੰ ਅਸੀਂ ਵੀ ਤਵੀਏ ਤੱਤੇ ਤਿੱਖੇ ਉਸ ਦੀ ਜੀਭ ਲਮਕਦੀ ਪਿਆਸੀ ਕਤਰ ਲਈ ਪੋਟਾ ਦੋ ਪੋਟੇ ਸਿਰ ਤੋਂ ਪੈਰਾਂ ਤੀਕ ਅਸਾਡੀ ਅੱਗ ਵਿਚ ਨ੍ਹਾਤਾ ਪਲਟ ਗਿਆ ਉਹ ਹਾਏ ਪਾਣੀ ਪਾਣੀ ਕਰਦਾ ਥਾਂ ਪਰਥਾਵੇਂ ਅੱਗ ਨੁਚੜਦੀ ਛਡ ਗਿਆ ਉਹ ਰਸਤੇ ਦੇ ਸਭ ਕੰਕਰ ਪੱਥਰ ਭੁੱਬਲ ਹੋਏ ਅਜ ਉਸ ਦਾ ਪਰਵਾਨਾ ਆਇਆ ਨਦੀਓਂ ਪਰ੍ਹਾਂ ਮੁਹਬਤੀ ਵਿਥ 'ਤੇ ਸਾਡੀ ਸੜਕ ਜੋ ਤਿੱਖੀ ਤੋਰੇ ਨਿਤ ਵਗਦੀ ਏ ਕਹਿੰਦੈ ਉਸ ਨੂੰ ਛੱਲੀ ਵਾਂਗੂੰ ਮੈਂ ਚਬ ਜਾਣੈ ਨੰਗਾ ਤੁੱਕਾ ਤੋੜ ਭੰਨ ਕੇ ਇਉਂ ਸੁਟ ਦੇਣੈ ਬੰਜਰ ਬੇਆਬਾਦ ਜਗ੍ਹਾ ਜਿਉਂ ਖਿਲਰੇ ਪੁਲਰੇ ਟਿੱਬੇ ਹੋਏ ਭਲਕੇ ਕਿਸੇ ਪਛਾਣ ਨਹੀਂ ਸਕਣਾ ਏਥੇ ਕਦੀ ਕੋਈ ਲਾਂਘਾ ਸੀ ਵਾਂਗ ਪਹਾੜੀ ਨਾਲੇ ਵਗਦਾ ਤਿੱਖੀ ਤੋਰੇ ਅਧਵਾਟੇ ਹੀ ਰਣਤੱਤੇ ਵਿਚ ਓਸ ਦੈਂਤ ਨੂੰ ਮੁੜ ਕੇ ਮਿਲਣੈ ਅਸੀਂ ਐਂਤਕੀ ਉਸ ਦੇ ਮੂੰਹ 'ਚੋਂ ਦੰਦ ਉਧਾਰੇ ਤੋੜ ਸੁੱਟਣੇ ਤਵੀਏ ਤੱਤੀ ਤਿੱਖੀ ਹੋ ਜਾ ਤੈਨੂੰ ਤਰ ਕੇ ਪਰਲੇ ਪਾਰ ਜ਼ਰੂਰਤ ਜਾਣਾ

ਮੀਨਾਰ

ਮਸਜਿਦ ਦਾ ਮੀਨਾਰ ਮੇਰੇ ਮੋਢੇ 'ਤੇ ਧਰ ਕੇ ਮੈਨੂੰ ਹਾਕਮ ਕਿਹਾ ਕਿ ਜਾ ਮੈਦਾਨ ਜੰਗ ਵਿਚ ਤੂੰ ਗਾਜ਼ੀ ਹੈਂ ਇਹ ਮੀਨਾਰ ਤੇਰਾ ਬਰਛਾ ਬੰਦੂਕ ਫਰੇਰਾ ਇਸ ਦੇ ਸਾਏ ਹੇਠ ਹਮੇਸ਼ਾ ਮੌਤ ਸ਼ਹਾਦਤ ਮੋਢੇ 'ਤੇ ਮੀਨਾਰ ਟਿਕਾ ਕੇ ਬੈਰਕ-ਬੈਰਕ ਬੰਕਰ-ਬੰਕਰ ਮੈਂ ਭੰਵਿਆਂ ਹਾਂ ਮੋਰਚਿਆਂ ਅੰਦਰ ਡਟਿਆ ਹਾਂ ਗਲੀਆਂ ਚੌਰਾਹਿਆਂ ਵਿਚ ਲਹੂ-ਤਰੌਂਕੇ ਦਿੱਤੇ ਮੈਂ ਇਸ ਦੀ ਆਵਾਜ਼ 'ਤੇ ਬੱਚੇ ਬੁੱਢੇ ਔਰਤ ਅੰਦਰ ਕੋਈ ਤਮੀਜ਼ ਨ ਕੀਤੀ ਮੇਰੇ ਅੰਦਰ ਬਾਹਰ ਵਹਦਤ ਦਾ ਜਲਵਾ ਸੀ ਮੋਢੇ 'ਤੇ ਮੀਨਾਰ ਖ਼ੁਦਾਈ ਯਕਜਿਹਤੀ ਦਾ ਪੈਰਾਂ ਦੇ ਵਿਚ ਸਾਰੀ ਦੁਨੀਆਂ ਮੁਸ਼ਰਿਕ, ਮੁਲਹਦ, ਕਾਫ਼ਰ, ਕੱਚੀ ਤੇ ਬੇਦੀਨੀ ਇਸ ਮੀਨਾਰ ਦੀ ਟੀਸੀ ਉੱਤੇ ਹਰ ਪਲ ਨਾਜ਼ਲ ਹੁੰਦਾ ਰਿਹਾ ਕਲਾਮ ਇਲਾਹੀ ਹਰ ਪਲ ਬੰਦਾ ਅੱਲਾ ਵਾਲਾ ਮੈਨੂੰ ਕਰਦਾ ਰਿਹਾ ਹਿਦਾਇਤਾਂ : ਹਾਕਮ ਦਾ ਇਰਸ਼ਾਦ ਹੁਕਮ ਅੱਲਾ ਤਾਅਲਾ ਦਾ ਜਿੱਧਰ ਹੁਕਮ ਕਹੇ ਉਸੇ ਪਾਸੇ ਤੁਰਿਆ ਜਾ ਮੈਨੂੰ ਹੁਕਮ ਅਦੂਲੀ ਤੋਂ ਬਹੁਤਾ ਹੀ ਡਰ ਆਉਂਦਾ ਹੈ ਏਹੋ ਡਰ ਮੇਰੀ ਹਿੰਮਤ ਹੈ ਏਸੇ ਹਿੰਮਤ ਦੇ ਸਦਕੇ ਮੈਂ ਖੜੇ ਖੜੋਤੇ ਬੱਚੇ ਬੁੱਢੇ ਅੱਖ ਮੀਟ ਕੇ ਕੱਚੇ ਨੜਿਆਂ ਵਾਂਗੂੰ ਵੱਢੇ ਵੱਢ ਕਤਰ ਕੇ ਚੌਰਾਹਿਆਂ ਦੇ ਵਿਚ ਖਲਾਰੇ ਸਾਡਾ ਜੰਗਮਦਾਨ ਕਦੇ ਚੌਰਾਹਿਆਂ ਵਿਚ ਸੀ ਕਈ ਘਰਾਂ ਦੀਆਂ ਪੜਛਤੀਆਂ ਤੇ ਕਦੀ ਕਿਸੇ ਆਰਾਮਗਾਹ ਵਿਚ ਸ਼ਰਮਗਾਹ ਵਿਚ ਮੋਢੇ 'ਤੇ ਮੀਨਾਰ ਟਿਕਾ ਕੇ ਹਰ ਥਾਂ ਪਹੁੰਚਾ ਇਸ ਮੀਨਾਰ ਦੀ ਟੀਸੀ ਤੋਂ ਜੋ ਹੁਕਮ ਵੀ ਮਿਲਿਆ ਡਰਦਾ, ਹਿੰਮਤ ਕਰਦਾ ਹੁਕਮ ਨਿਭਾ ਹੀ ਦਿੱਤਾ ਓੜਕ ਵਾਰੀਂ ਇਸ ਨੇ ਕਿਹਾ ਕਿ ਪਾੜ ਕੇ ਫ਼ੀਤਾ, ਮਿੱਟੀ ਚੱਟ ਲੈ, ਹਾਰ ਮੰਨ ਜਾ ਉਹ ਵੀ ਕੀਤਾ ਮਸਜਿਦ ਦਾ ਮੀਨਾਰ ਮੇਰੇ ਮੋਢੇ ਤੋਂ ਕਿਸੇ ਉਤਾਰ ਲਿਆ ਹੈ ਕੱਲਮਕੱਲਾ ਸਹਿਰਾ ਦੇ ਵਿਚ ਚੁੱਪ ਖੜਾ ਹਾਂ ਨਾ ਕੋਈ ਮੇਰਾ ਰਹਿਬਰ ਨਾ ਕੋਈ ਮੀਰ ਕਾਰਵਾਂ ਜੰਗ ਖ਼ਤਮ ਹੈ ਪਰ ਅੰਦਰ ਘਮਸਾਣ ਸ਼ੁਰੂ ਹੈ ਵੱਢੇ ਕੁਤਰੇ ਬੰਦੇ ਮੁੜ ਕੇ ਜੀ ਉਠੇ ਨੇ

ਪੜਛਤੀਆਂ 'ਤੇ ਜੰਗ

ਉਠੋ ਗ਼ਾਜ਼ੀਓ ਮੋਰਚਿਆਂ ਵਿਚ ਕਿਉਂ ਬੈਠੇ ਹੋ ? ਅਸਲੀ ਜੰਗ ਤਾਂ ਪੜਛਤੀਆਂ 'ਤੇ ਲੜੀ ਜਾਏਗੀ ਵਧੋ ਪਿਛਾਂਹ ਨੂੰ ਬੰਗਾਲੀ ਪੜਛਤੀਆਂ ਉਪਰ ਧਾਵਾ ਬੋਲੋ ਬੰਦੂਕਾਂ ਕਰ ਲੋਡ ਮੋਢਿਆਂ 'ਤੇ ਲਟਕਾਉ ਹੱਥਾਂ ਵਿਚ ਮਸਾਲਾਂ ਫੜ ਲਉ ਆਪ ਬਾਲ ਕੇ ਸਭ ਤੋਂ ਅਫ਼ਜ਼ਲ ਅਜ ਸਾਡਾ ਹਥਿਆਰ ਅੱਗ ਹੈ ਰਸਤੇ ਵਿਚ ਅਜਨਬੀ ਨਦੀਆਂ ਨਾਲ ਪੁਲਾਂ ਦੇ ਕਜੀਆਂ ਹੋਈਆਂ ਪਾਰ ਉਤਰ ਕੇ ਤੋੜ ਦਿਓ ਬੇਸ਼ਰਮ ਪੁਲਾਂ ਦੀ ਹਰ ਗਲਵਕੜੀ ਰਹਿਣ ਦਿਓ ਇਹ ਕਾਫ਼ਰ ਨਦੀਆਂ ਅਲਫ਼ ਦੁਪਹਿਰੇ ਅਲਫ਼ ਨੰਗੀਆਂ ਉਇ ਬੁਤਸ਼ਿਕਨੋ ਅੱਵਲ ਫਰਜ਼ ਤੁਹਾਡਾ ਅਜ ਦੇ ਦਿਨ ਪੁਲਸ਼ਿਕਨੀ ਰਸਤੇ ਦੇ ਵਿਚ ਕਸਬੇ, ਪਿੰਡ ਸ਼ਹਿਰ ਆਵਣਗੇ ਸ਼ਹਿਰ ਖ਼ਮੋਸ਼ਾਂ ਵਰਗੇ ਏਥੇ ਹਰ ਆਬਾਦੀ ਹਰ ਇਕ ਬੂਹਾ ਬੰਦ ਬੰਗਾਲੀ ਬੰਦੇ ਵਰਗਾ ਲੱਗੇਗਾ ਜਿਉਂ ਹਵਾ ਵੀ ਏਥੇ ਸਾਹ ਨਹੀਂ ਲੈਂਦੀ ਯਾਰ ਗ਼ਾਜ਼ੀਓ ਵੇਖੋ ਕਿਤੇ ਖ਼ਤਾ ਨਾ ਖਾਣਾ ਇਹਨਾਂ ਕਬਰਾਂ ਦੇ ਅੰਦਰ ਮੁਰਦੇ ਜੀਊਂਦੇ ਨੇ ਸਾੜ ਦਿਓ ਖ਼ਾਮੋਸ਼ ਮੀਸਣੇ ਇਹ ਦਰਵਾਜ਼ੇ ਤਾਕ ਦੇ ਪਿੱਛੇ ਕੋਈ ਨ ਕੋਈ ਲੁਕਿਆ ਸਾਜ਼ਸ਼ ਵਰਗਾ ਬੰਦਾ ਇਹਨਾਂ ਦਾ ਇਸਲਾਮ ਵੀ ਯਾਰੋ ਇਕ ਸਾਜ਼ਸ਼ ਹੈ ਫ਼ਰਜ਼ੀ ਦਾਹੜੀ ਹੇਠਾਂ ਅਸਲੀ ਕਾਫ਼ਰ ਚੇਹਰਾ ਪੁੱਛਣ 'ਤੇ ਕੁਝ ਨਹੀਂ ਦੱਸੇਗਾ ਮੋਮੋਠਗਣਾ ਹੋਰ ਕੱਸ ਕੇ ਮੀਟ ਲਵੇਗਾ ਬੁੱਲ੍ਹ ਆਪਣੇ ਪਹਿਨ ਲਵੇ ਸਲਵਾਰ ਜਿਵੇਂ ਕੋਈ ਜ਼ੰਖਾ ਮਾਰ ਕੇ ਸੌ ਗੰਢਾਂ ਆਜ਼ਾਰਬੰਦ ਨੂੰ ਝੁਲਸ ਦਿਓ ਇਹਨਾਂ ਦੇ ਸੁਥਣਾਂ ਵਰਗੇ ਬੂਥੇ ਕੱਢ ਲਵੋ ਉਹਨਾਂ 'ਚੋਂ ਸ਼ੈ ਅਪਣੇ ਮਤਲਬ ਦੀ ਵਧਦੇ ਜਾਵੋ ਵਿਹੜਾ ਜੇਕਰ ਬਿਆਬਾਨ ਵੀਰਾਨਾ ਦਿੱਸੇ ਸੱਚ ਨਾ ਜਾਣੋ ਵਿਹੜੇ ਦੀ ਖੂਹੀ ਨੂੰ ਚੁੱਕੋ ਤੇ ਉਲਟਾਓ ਹੋ ਸਕਦਾ ਹੈ ਪਾਣੀ ਵਿਚ ਦਮ ਰੋਕ ਕੇ ਕੋਈ ਲੁਕਿਆ ਹੋਵੇ ਧੁਰ ਅੰਦਰਲੀ ਕੋਠੀ ਤੀਕਣ ਵਧਦੇ ਜਾਵੋ ਅਸਲੀ ਜੰਗ ਏਥੇ ਹੀ ਹੋਊ ਲੱਗੇਗਾ ਜਿਉਂ ਕੋਠੀ ਨੇ ਸਾਹ ਰੋਕੇ ਹੋਏ ਘਰ ਵਾਲੇ ਸਭ ਤੁਰ ਗਏ ਵਾਂਢੇ ਨਹੀਂ ਨਹੀਂ ਬੰਗਾਲੀ ਬਹੁਤ ਘਰੇਲੂ ਵਾਂਢੇ ਕਦੇ ਨ ਜਾਂਦੇ ਸਿੱਲ੍ਹੀ ਭੋਂ ਵਿਚ ਤੁਰਦੀਆਂ ਸੁੰਡੀਆਂ ਘਰ ਤੋਂ ਦੂਰ ਇਨ੍ਹਾਂ ਕੀ ਜਾਣੈ ਬਿਸਮਿੱਲਾ ਕਹਿ ਚੜ੍ਹ ਜਾਵੋ ਪੜਛਤੀਆਂ ਉਤੇ ਏਥੇ ਲੁਕੀ ਮਿਲੇਗੀ ਫ਼ੌਜ ਯਜ਼ੀਦੀ ਨੁੱਕਰੇ ਲੱਗੀ ਡੋਲ੍ਹ ਇਹਨਾਂ 'ਤੇ ਕੁੱਲ ਮਸ਼ਾਲਾਂ ਸਾੜ ਦਿਉ ਇਸ ਕੀੜਨਗਰ ਨੂੰ ਪਰ ਸਾੜਣ ਤੋਂ ਪਹਿਲਾਂ ਸ਼ੈ ਆਪਣੇ ਮਤਲਬ ਮੇਰੇ ਮਤਲਬ ਦੀ ਆਪਣੇ ਕਾਬੂ ਵਿਚ ਕਰ ਲੈਣਾ

ਨਮਾਜ਼

ਅਪਣੇ ਯਾਰਾਂ ਨਾਲ ਜਦੋਂ ਇਕ ਸਫ਼ ਵਿਚ ਖੜ ਕੇ ਝੁਕਿਆ ਮੈਂ ਬੰਦੂਕ ਧਰਨ ਲਈ ਖ਼ਾਲਮਖ਼ਾਲੀ ਮੈਨੂੰ ਲੱਗਾ ਪਹਿਲੀ ਵਾਰ ਨਮਾਜ਼ ਪੜ੍ਹੀ ਮੈਂ ਸਜਦਾ ਕੀਤਾ ਯਾ ਇਲਾਹੀ ਮਸਜਦ ਦਾ ਮੀਨਾਰ ਤੇਰੇ ਕਦਮਾਂ ਵਿਚ ਰਖਿਐ ਫੇਰ ਨਾ ਮੇਰੇ ਮੋਢੇ ਰਖੀਂ ਤੇਰੀ ਖ਼ਾਤਰ ਹੋਰ ਲੜਾਈ ਮੈਂ ਨਹੀਂ ਲੜਣੀ

ਅਹਿਮਦ ਸਲੀਮ

ਆਪਣਾ ਵਤਨ ਗ਼ਲਤ ਨਹੀਂ ਹੁੰਦਾ ਅਸੀਂ ਤਾਂ ਮੁੱਢੋਂ ਏਹੋ ਪੜ੍ਹਿਆ ਅਪਣਾ ਵਤਨ ਆਪਣਾ ਅੱਬਾ ਅੱਬਾ ਗ਼ਲਤੀ ਕਰ ਨਹੀਂ ਸਕਦਾ ਅਪਣੇ ਵਤਨ ਦੇ ਸਾਰੇ ਦਰਿਆ ਖ਼ਾਸ ਬਹਿਸ਼ਤੋਂ ਜਾਰੀ ਹੁੰਦੇ ਪਾਣੀ ਪਿਘਲੀ ਚਾਂਦੀ ਵਰਗੇ ਮਿੱਟੀ ਭਰਿਆ ਭਰਿਆ ਸੋਨਾ ਏਥੇ ਅੰਬਰ ਡੂੰਘੇ ਨੀਲੇ ਖ਼ਾਸ ਰੰਗ ਦੇ ਚੰਨ ਸਿਤਾਰੇ ਸੂਰਜ ਖ਼ਾਸੁਲਖ਼ਾਸ ਪਾਣੀਆਂ ਦੇ ਵਿਚ ਧੋਤੇ ਅਪਣੇ ਦੇਸ਼ 'ਚ ਨੰਗਾ ਪਿੰਡਾ ਵੀ ਰੇਸ਼ਮ ਪਟ ਵਰਗਾ ਕੂਲਾ ਦੇਸ 'ਚ ਭੁੱਖੇ ਢਿੱਡ ਨੂੰ ਵੀ ਤਸਕੀਨ ਬੜੀ ਏ ਏਥੇ ਜ਼ੁਲਮ ਵੀ ਸਹੀਏ ਤਾਂ ਕੁਰਬਾਨੀ ਕਹੀਏ ਅਪਣੇ ਹਾਕਮ ਮਾਰਨ ਵੀ ਤਾਂ ਲਾਸ਼ ਕਦੇ ਨਾ ਧੁੱਪੇ ਸੁੱਟਣ ਅਪਣੇ ਵਤਨ ਦੇ ਹਰ ਵੇਲੇ ਦੀ ਪਿੱਠ ਦੇ ਉੱਤੇ ਅਪਣੇ ਲੋਕਾਂ ਦਾ ਧੱਕਾ ਏ ਅਪਣੇ ਵਤਨ ਦੀ ਖ਼ੈਰ ਮਨਾਵੋ ਧੱਕੇ ਦੇ ਵਿਚ ਧੱਕਾ ਹੋ ਕੇ ਰਿੜ੍ਹਦੇ ਜਾਵੋ, ਰੁੜ੍ਹਦੇ ਜਾਵੋ ਇਸ ਸੈਲਾਬ 'ਚ ਅਪਣੇ ਪੈਰਾਂ ਉਪਰ ਖੜ੍ਹਣਾ ਮੂਰਖਤਾ ਹੈ ਯਾਰ ਅਹਿਮਿਆ ਇਹ ਕੀ ਹੋਇਆ ? ਤੂੰ ਲਹਿੰਦੇ ਪੰਜਾਬ ਦਾ ਵਾਸੀ ਲਗਦੈ ਜੀਕਣ ਚੜ੍ਹਦੇ ਵੱਲੋਂ ਨਵਾਂ ਨਵਾਂ ਸੂਰਜ ਤੂੰ ਉਗਿਆ ਸੜਦੀ ਸੂਹੀ ਰੌਸ਼ਨ ਬੋਲੀ ਵਿਚ ਕਿਹਾ ਤੂੰ : ਅੱਬਾ ਤੇਰੀ ਲਾਮ ਗ਼ਲਤ ਹੈ ਅਪਣੇ ਦੇਸ ਦੇ ਦਰਿਆਵਾਂ ਦੇ ਨਾਲ ਨ ਕੱਟੋ ਦੂਜੇ ਦਰਿਆ ਅਪਣੇ ਪਰਬਤ ਦੂਰ ਦੁਰਾਡੇ ਦੇਸ ਨਾ ਭੇਜੋ ਉਹਨਾਂ ਦੇ ਅਪਣੇ ਪਰਬਤ ਨੇ ਪਰਬਤ ਪਰਬਤ ਭਾਵੇਂ ਲੜਦੇ ਰਹਿਣ ਹਜ਼ਾਰਾਂ ਸਾਲਾਂ ਤਾਈਂ ਕੋਈ ਨਾ ਜਿੱਤੇ ਕੋਈ ਨਾ ਹਾਰੇ ਅਪਣੇ ਮਜਮੇ ਨਾਲ ਕਰੋ ਤਕਸੀਮ ਨ ਦੂਜੀ ਥਾਂ ਦੇ ਮਜ਼ਮੇ ਗ਼ਲਤ ਰਿਆਜ਼ੀ ਦਾ ਇਹ ਕਾਇਦਾ ਪਿਛਲੇ ਜੁਗ ਦਾ ਅਸੀਂ ਨਹੀਂ ਬੀਤੇ ਮਦਰੱਸਿਆਂ ਦੇ ਵਿਚ ਪੜ੍ਹਣਾ ਹੜ੍ਹ ਦਾ ਪਾਣੀ ਬੜਾ ਤੇਜ਼ ਸੀ ਤੂੰ ਚੜ੍ਹਦੇ ਨੂੰ ਤਰਨਾ ਚਾਹਿਆ ਧੱਕੇ ਦੇ ਵਿਚ ਧੱਕਾ ਹੋ ਕੇ ਰੁੜ੍ਹਦੇ ਜਾਣਾ ਤੂੰ ਰੱਦ ਕੀਤਾ ਕਲਮੁਕੱਲਾ ਰੋੜ੍ਹੂ ਮਜਮਾ ਚੀਰ ਕੇ ਤੂੰ ਉਪਰ ਵਲ ਤੁਰਿਆ ਯਾਰ ਅਹਿਮਿਆ ਆਸੇ ਪਾਸੇ ਅਜੇ ਵੀ ਏਹੋ ਰੌਲਾ-ਗੌਲਾ ਅਪਣਾ ਦੇਸ਼ ਆਪਣਾ ਅੱਬਾ ਅੱਬਾ ਗ਼ਲਤੀ ਕਰ ਨਹੀਂ ਸਕਦਾ ਪਰ ਮੈਨੂੰ ਤੇਰੀ ਗੁਸਤਾਖ਼ੀ ਚੰਗੀ ਲਗਦੀ ਰੋੜ੍ਹ ਮਜਮਾ ਚੀਰ ਕੇ ਚੜ੍ਹਦੇ ਵੱਲੇ ਜਾਂਦਾ ਅਪਣੀ ਕਾਇਆਂ ਵਿਚੋਂ ਅਪਣਾ ਸੂਰਜ ਚੜ੍ਹਦਾ ਮੈਨੂੰ ਸੋਹਣਾ ਸੋਹਣਾ ਲਗਦੈ

ਸ਼ੇਖ਼ ਮੁਜੀਬ

ਕਾਲਕੋਠੜੀ ਦੇ ਵਿਚ ਡਕਿਆ ਡਕਿਆ ਸੂਰਜ ਨਿਕਲ ਗਿਆ ਕੱਲਮੁਕੱਲੀ ਕਾਲਕੋਠੜੀ 'ਵਾਜਾਂ ਮਾਰੇ ਵੇ ਤੁਰਜਾਣਿਆ ਆ ਜਾ ਤੇਰੇ ਮਰ ਜਾਵਣ ਦਾ ਵੇਲਾ ਲੰਘ ਨ ਜਾਵੇ ਕਾਲ ਕੋਠੜੀ ਦੇ ਮੂੰਹ ਉੱਪਰ ਕੱਲਮੁਕੱਲਾ ਤਾਲਾ ਲੱਗਾ ਸੀਖ਼ਾਂ ਸਿਧੀਆਂ ਕੰਧਾਂ ਵਿਚ ਮਘੋਰ ਨ ਕੋਈ ਅੱਗ ਦਾ ਪਰਬਤ ਪਾਣੀ ਬਣ ਕੇ ਸਿੰਮ ਗਿਆ ਚੜ੍ਹਦੇ ਰੁਖ ਦੀ ਡਾਲ 'ਤੇ ਬੈਠਾ ਸੂਹਾ ਸੂਰਜ ਲੰਮੇ ਢਾਂਗੇ ਨਾਲ ਛਾਂਗ ਕੇ ਲੈ ਆਏ ਸਾਂ ਲਹਿੰਦੇ ਘਰ ਵਿਚ ਫੂਕ ਮਾਰ ਕੇ ਕਿਹਾ : ਸੂਰਜਾ ਬੀਬਾ ਰਾਣਾ ਬਣ ਕੇ ਬੁਝ ਜਾ ਜਾਂ ਲਹਿੰਦੇ ਪਾਣੀ ਵਿਚ ਡੁੱਬ ਜਾ ਚੜ੍ਹਦੇ ਲੋਕਾਂ ਦੇ ਸਿਰ ਉਪਰ ਸੜਦੀ ਬਲਦੀ ਕਲਗੀ ਬਣ ਕੇ ਬੈਠ ਗਿਆ ਸਿਰ ਵਢ ਵਢ ਕੇ ਥਕ ਲੱਥੇ ਹਾਂ ਕਲਗੀ ਵਾਲੇ ਸਿਰ ਮੁੱਕਣ ਵਿਚ ਨਹੀਂ ਆਉਂਦੇ ਫੇਰ ਅਸਾਂ ਤਹਿਖ਼ਾਨੇ ਵਿਚ ਲੋਕਾਂ ਤੋਂ ਚੋਰੀ ਸੂਲੀ ਗੱਡੀ ਤੇ ਸਮਝਾਇਆ ਬਣ ਕੇ ਦੇਸ ਗ਼ਦਾਰ ਝੂਲ ਜਾ ਠੰਡੇ ਕਰ ਲੈ ਏਸ ਬਹਾਨੇ ਕੋਲੇ ਅਪਣੇ ਤਹਿਖ਼ਾਨੇ ਨੂੰ ਸੁੰਨਾ ਛਡ ਕੇ ਦੌੜ ਗਿਆ ਆਸੇ ਪਾਸੇ ਜੁੜੀ ਭੀੜ 'ਚੋਂ ਲੰਘਦਾ ਲੰਘਦਾ ਲੀਕ ਅੱਗ ਦੀ ਬਾਲ ਗਿਆ ਸੁੰਨੀ ਸੂਲੀ ਸਿਰ ਮੰਗਦੀ ਏ ਆਪੋ ਅਪਣੀ ਫ਼ਿਕਰ ਪਈ ਏ ਦੱਸੋ ਯਾਰੋ ਏਸ ਕਬਰ ਦਾ ਕੀ ਕਰੀਏ ? ਉਸ ਦੀ ਖ਼ਾਤਰ ਪੱਕੇ ਵਿਹੜੇ ਨੂੰ ਪੁਟਵਾ ਕੇ ਕਬਰ ਬਣਾਈ ਹਾਏ ਉਹ ਵੀ ਕੰਮ ਨ ਆਈ ਬਾਹਰ ਖਲੋਤੀ ਭੀੜ ਵੀ ਸਾਨੂੰ ਮੱਤਾਂ ਦੇਵੇ ਅੱਗ ਦੇ ਦਰਿਆ ਪੰਡ 'ਚ ਬੰਨ੍ਹ ਕੇ ਤਹਿਖ਼ਾਨੇ ਵਿਚ ਕਿਸ ਰੱਖੇ ਨੇ ? ਜਿਨ੍ਹਾਂ ਦੇ ਸਿਰ ਕਲਗੀ ਸੂਰਜ ਦੀ ਫਾੜੀ ਦੀ ਲਹਿੰਦੇ ਘਰ ਵਿਚ ਉਹਨਾਂ ਨੂੰ ਕੀਕਣ ਰੱਖੋਗੇ ? ਕਬਰਾਂ ਵਿਚ ਸੂਰਜ ਕਦ ਸੁੱਤੇ ? ਸੁੰਨੀ ਕਬਰ ਅਵਾਜ਼ਾਂ ਦੇਵੇ ਦੱਸੋ ਯਾਰ ਏਸ ਕਬਰ ਦਾ ਕੀ ਕਰੀਏ ਸੁੰਞ ਏਸਦਾ ਕੀਕਣ ਭਰੀਏ ?

ਖ਼ਤ 1

ਮਾਏ ਹੁਣ ਤਾਂ ਜੰਗ ਖ਼ਤਮ ਹੈ ਤੇਰਾ ਪੁੱਤਰ ਅਜੇ ਵੀ ਜੀਵੇ ਭਾਵੇਂ ਛਾਪਿਆਂ ਥਾਣੀ ਲੰਘਦੀ ਅੱਧੀ ਤੋਂ ਵੀ ਉਤੇ ਪਲਟਣ ਗਈ ਝਰੀਟੀ ਤੇਰੇ ਪੁੱਤਰ ਦੇ ਸਾਰੇ ਅੰਗ ਨੌਂ ਬਰ ਨੌਂ ਨੇ ਪਰ, ਅੰਦਰ ਕਿਸੇ ਬੁਰਕ ਸੁਟਿਆ ਹੈ ਮੈਨੂੰ ਅਪਣਾ ਆਪ ਓਪਰਾ ਜਾਪ ਰਿਹਾ ਹੈ ਮਾਏ ਤੇਰੇ ਕੋਲ ਜੇ ਆਇਆ ਅਪਣਾ ਪੁੱਤ ਸਿਆਣ ਲਈਂ ਤੂੰ ਮਾਏ ਹੁਣ ਤਾਂ ਜੰਗ ਖ਼ਤਮ ਹੈ ਦਰਿਆ ਦੇ ਪਰਲੇ ਕੰਢੇ ਤੇ ਅਸੀਂ ਖੜੇ ਹਾਂ ਦਰਿਆਵਾਂ ਦੀਆਂ ਲੀਕਾਂ ਅਸਾਂ ਮਿਟਾ ਦਿਤੀਆਂ ਨੇ ਹੁਣ ਬੰਦਿਆਂ ਨੂੰ ਦਰਿਆ ਦੀ ਥਾਂ ਵਾਂਗ ਲਕੀਰਾਂ ਵਗਣਾ ਪੈਣਾ ਸਾਥੋਂ ਪਰਾਂ ਖੜੇ ਨੇ ਸਾਡੇ ਕਲ੍ਹ ਦੇ ਵੈਰੀ ਹੰਭੇ ਟੁੱਟੇ ਹਾਰੇ ਹੋਏ ਸਾਥੋਂ ਵੱਧ ਝਰੀਟੇ ਝੰਬੇ ਦੋਹਾਂ ਦੇ ਵਿਚਕਾਰ ਖਲੋਤੇ ਫੱਟੜ ਟੈਂਕ ਤੇ ਜ਼ਖਮੀ ਤੋਪਾਂ ਧਰਤੀ ਦੀ ਵੱਖੀ ਵਿਚ ਟੋਏ ਏਧਰ ਓਧਰ ਡੁਲ੍ਹਿਆ ਹੋਇਆ ਬੰਦੇ ਦੀ ਦੇਹੀ ਦਾ ਨਿਕਸੁਕ ਨਕਸ਼ ਤਾਂ ਸਾਰੇ ਘਾਣੀ ਹੋਏ ਅਪਣੇ ਬੂਟਾਂ ਵਾਲੀਆਂ ਲੱਤਾਂ ਅਪਣੀ ਵਰਦੀ ਵਾਲੀਆਂ ਬਾਹਾਂ ਖੱਖਰ-ਖਾਧੀ ਧਰਤੀ ਵਿਚੋਂ ਚੁੱਕ ਲਿਆਏ ਅਜੇ ਵੀ ਮਾਏ ਬਹੁਤ ਪਿਆ ਹੈ ਬੰਦੇ ਦੀ ਦੇਹੀ ਦਾ ਮਲਬਾ ਅਜ ਨਹੀਂ ਤਾਂ ਕਲ੍ਹ ਹੂੰਝਾਂਗੇ ਮਾਏ ਹੁਣ ਤਾਂ ਜੰਗ ਖ਼ਤਮ ਹੈ ਪਹਿਲੀ ਛੁੱਟੀ ਮੈਂ ਆ ਜਾਊਂ ਵੇਖੀਂ ਮੇਰੀਏ ਭੋਲੀਏ ਮਾਏ ਹੁਣ ਨਾ ਕਿਤੇ ਜਗਾਈਂ ਮੈਨੂੰ ਤੜਕ ਸਵੇਰੇ ਕੱਕਰ ਪਾਣੀ ਵਿਚ ਨਹਾ ਕੇ ਪੋਹ ਮਹੀਨੇ ਬਾਹਰ ਸੁਤੀਆਂ ਗਲੀਆਂ ਕਛ ਕੇ ਮੈਂ ਨਹੀਂ ਜਾਣਾ ਪਾਠ ਕਰਨ ਪਿੰਡ ਦੇ ਗੁਰਦਾ'ਰੇ ਮੋਰਚਿਆਂ ਵਿਚ ਰੱਬ ਨੂੰ ਬਹੁਤ ਧਿਆਇਆ ਹੁਣ ਜੇ ਕੋਈ ਸਹਿਵਨ ਰੱਬ ਦਾ ਨਾਮ ਉਚਾਰੇ ਲੱਗੇ ਜੀਕਣ ਖ਼ਤਮ ਜੰਗ ਨੂੰ ਮੁੱਢੋਂ ਸੁੱਢੋਂ ਫੇਰ ਲੜਾਂਗੇ ਬਾਪੂ ਦੇ ਪੈਰਾਂ ’ਤੇ ਪੁੱਤਰ ਮੱਥਾ ਟੇਕੇ ਮਾਏ ਬਾਪੂ ਨੂੰ ਸਮਝਾਈਂ ਘਰ ਆਵਾਂ ਤਾਂ ਜੰਗ ਦੀਆਂ ਘੋਖਾਂ ਨਾ ਘੋਖੇ ਅਸੀਂ ਸਿਪਾਹੀ ਜੰਗਾਂ ਲੜਦੇ ਜੰਗ ਦੀਆਂ ਖ਼ਬਰਾਂ ਨਹੀਂ ਘੜਦੇ ਅਖ਼ਬਾਰਾਂ ਦੇ ਵਾਂਗ ਬੋਲਣਾ ਹਾਲੀਂ ਤੀਕ ਨਹੀਂ ਮੈਂ ਸਿੱਖਿਆ ਉਂਞ ਬਰੂਹਾਂ ਵੜਣ ਤੋਂ ਪਹਿਲਾਂ ਪੈਂਦੀ ਸੱਟੇ ਬੇਸ਼ਕ ਮੇਰਾ ਪਾੜ ਕੇ ਝੱਗਾ ਮੇਰੀ ਪਿਠ ਨੂੰ ਵੇਖੇ ਪਰਖੇ ਉਸ 'ਤੇ ਕੋਈ ਦਾਗ਼ ਨਾ ਹੋਊ

ਖ਼ਤ 2

ਅੱਬਾ ਹੁਣ ਤਾਂ ਜੰਗ ਖ਼ਤਮ ਹੈ ਪਾੜ ਕੇ ਫ਼ੀਤਾ ਲਾਹ ਕੇ ਵਰਦੀ ਚਿੱਟੇ ਝੱਗੇ ਅੰਦਰ ਨੰਗਾ ਜਿਸਮ ਮੇਰਾ ਸ਼ਰਮਿੰਦਾ ਹੋ ਕੇ ਸਿਮਟ ਗਿਆ ਹੈ ਕੁਲ ਹਥਿਆਰ ਅਸਾਂ ਸੁੱਟ ਦਿਤੇ ਟੁੰਡੇ ਬਾਜ਼ੂ ਟੁੱਟੀ ਟਾਹਣੀ ਵਾਂਗ ਲਮਕਦੇ ਲਗਦੈ ਮੇਰਾ ਸੱਜਾ ਬਾਜ਼ੂ ਧੋਤੀ, ਸੁੱਕੀ, ਸੁੰਗੜੀ ਖ਼ਾਲੀ ਆਸਤੀਨ ਹੈ ਟੰਗਣੇ ਉਪਰ ਟੰਗੀ ਹੋਈ ਅੱਬਾ ਮੇਰੇ ਖ਼ਤ ਨੂੰ ਪੜ੍ਹ ਕੇ ਫ਼ੌਰਨ ਧੁਖਦੀ ਚਿਲਮ 'ਤੇ ਰਖ ਕੇ ਕਰੀਂ ਫਨਾਹ ਫਿੱਲਾ ਬਿਲਕੁਲ ਹੀ ਕਿਸੇ ਗੁਆਂਢੀ ਨੂੰ ਨਾ ਦੱਸੀਂ ਤੇਰਾ ਪੁੱਤਰ ਜੋ ਸਭਨਾਂ ਨੂੰ ਕੁੱਟ ਕੁਟਾ ਕੇ ਰੋਜ਼ ਸ਼ਾਮ ਨੂੰ ਘਰ ਮੁੜਦਾ ਸੀ ਗ਼ੈਰ ਇਲਾਕੇ ਦੇ ਵਿਚ ਘਿਰਿਆ ਅਧ-ਪਚੱਧੇ ਬੰਦਿਆਂ ਹੱਥੋਂ ਪਿਠ ਲੁਆ ਕੇ ਡੁਸਕ ਰਿਹਾ ਹੈ

ਖ਼ਤ 3

ਅੱਬਾ ਹੁਣ ਤਾਂ ਜੰਗ ਖ਼ਤਮ ਹੈ ਕਸਮ ਖ਼ੁਦਾ ਦੀ ਜੰਗ ਖ਼ਤਮ ਹੋ ਜਾਣ ਤੋਂ ਪਹਿਲਾਂ ਜੰਗ ਸ਼ੁਰੂ ਬਿਲਕੁਲ ਨਾ ਹੋਈ ਅਸੀਂ ਅਜੇ ਸਾਂ ਨਿੱਕੀਆਂ ਨਿੱਕੀਆਂ ਛੇੜਾਂ ਕਰਦੇ ਗ਼ੈਬੀ ਬਾਜ਼ ਦਾ ਝਪਟਾ ਵੱਜਾ ਤੇਰੇ ਨਕਸ਼ਾਂ ਉਪਰ ਚਲਦੇ ਗ਼ੈਰ ਕਬੀਲੇ ਦੀ ਇਕ ਔਰਤ ਮੈਂ ਵੀ, ਅੱਬਾ, ਅਗ਼ਵਾ ਕੀਤੀ ਪਰ ਏਥੋਂ ਦੀ ਔਰਤ ਤਾਂ ਅਸਲੋਂ ਨਾਕਸ ਏ ਸਾਡੇ ਨਾਲ ਉਹ ਦੋ ਰਾਤਾਂ ਵੀ ਜਾਗ ਨ ਸੱਕੀ ਅਧ ਸ਼ੁਗ਼ਲ ਵਿਚ ਕੂਚ ਕਰ ਗਈ ਅਸੀਂ ਓਸ ਦੀ ਨੰਗੀ, ਭੋਗੀ, ਲਿਬੜੀ ਮਈਅਤ ਵਿਚ ਚੁਰਾਹੇ ਸੁੱਟਣ ਚੱਲੇ ਤਾਂ ਜੁ ਏਥੋਂ ਦੇ ਲੋਕਾਂ ਨੂੰ ਇਬਰਤ ਹੋਵੇ ਅਜੇ ਕੰਧਿਆਂ ਉਪਰ ਸੀ ਨਾਪਾਕ ਜਨਾਜ਼ਾ ਜਦੋਂ ਸਿਪਾਹਸਾਲਾਰ ਦਾ ਤਾਬੜ ਹੁਕਮ ਪਹੁੰਚਿਆ ਜੰਗ ਖ਼ਤਮ ਹੈ ਸੁੱਟ ਦਿਉ ਹਥਿਆਰ ਤੁਸੀਂ ਜਿੱਥੇ ਕਿੱਥੇ ਹੋ ਹਥਿਆਰਾਂ ਦੀ ਸੋਟ-ਸੁਟਾਈ ਦੇ ਵਿਚ ਆਪਣੇ ਕੰਧੇ ਬੈਠੀ ਮਈਅਤ ਭੁੱਲ ਗਏ ਅੱਬਾ ਮੇਰੇ ਕੰਧੇ ਉਪਰ ਲਿਬੜੀ ਲਾਸ਼ ਅਜੇ ਤਕ ਬੈਠੀ ਹਰਦਮ ਡਰਦੈਂ ਕਿਸੇ ਵਕਤ ਇਹ ਬੋਲ ਪਵੇਗੀ ਅੱਬਾ ਮੇਰੀ ਅੰਮਾਂ ਨੂੰ ਇਹ ਗੱਲ ਨ ਦੱਸੀਂ ਕੀ ਆਖੇਗੀ ਉਸ ਦਾ ਪੁੱਤਰ ਗ਼ੈਰ ਕਬੀਲੇ ਦੀ ਇਕ ਨੰਗੀ ਚਗਲੀ ਔਰਤ ਅਪਣੇ ਕੰਧੇ ਉਪਰ ਥਾਂ ਥਾਂ ਚੁੱਕੀ ਫਿਰਦੈ ?

ਝਨਾਂ

ਵੀਰਾ ਰਾਹੀਆ ਜੇ ਚਲਿਐਂ ਤੂੰ ਦੇਸ ਬੰਗਾਲੇ ਇਕ ਦੋ ਲੜੇ ਝਨਾਂ ਸਾਡੇ ਦੇ ਲੈਂਦਾ ਜਾਈਂ ਵਰ੍ਹਿਆਂ ਤੋਂ ਅਣਵਰਤੇ ਪਾਣੀ ਇਸ਼ਕ ਝਨਾਂ ਦੇ ਲੋਕਾਂ ਭਾਣੇ ਬੁਸ ਚੱਲੇ ਨੇ ਇਸ ਦਰਿਆ ਦੇ ਕੰਢੇ ਉਤੇ ਵਸਦੇ ਬੰਦੇ ਅਪਣੇ ਆਪ ਤੋਂ ਰੁਸ ਚੱਲੇ ਨੇ ਮੈਂ ਸੁਣਿਆ ਹੈ ਦੇਸ ਬੰਗਾਲੇ ਥਾਣੀ ਸਾਡੇ ਲੋਕੀਂ ਲੰਘੇ ਹੱਥਿਓਂ ਟੁੱਟੇ ਟੋਕੇ ਵਾਂਗੂੰ ਗਏ ਕੁਤਰਦੇ ਓਥੋਂ ਦੇ ਲੋਕਾਂ ਨੂੰ ਪੱਠਿਆਂ ਦੱਥਿਆਂ ਵਾਂਗੂੰ ਰਾਹਾਂ ਉਪਰ ਲੇਥੂੰ ਪੇਥੂੰ ਮਿੱਝ ਮਾਸ ਦੀ ਤੱਤੀ ਘਾਣੀ ਸੜਕਾਂ ਉਪਰ ਨੰਗੀ ਪਈ ਨਮੋਸ਼ੀ ਸਾਡੀ, ਵੀਰਾ ਰਾਹੀਆ ਉਹਨੀਂ ਰਾਹੀਂ ਡੁੱਲ੍ਹਣ ਦੇਵੀਂ ਇਸ ਦਰਿਆ ਨੂੰ ਵਰ੍ਹਿਆਂ ਤੋਂ ਅਣਵਰਤੇ ਪਾਣੀ ਲੱਗਣ ਦੇਵੀਂ ਅਪਣੀ ਆਹਰੇ ਆਪੇ ਲੋਕ ਪਛਾਣ ਲੈਣਗੇ ਇਸ਼ਕ ਕਦੇ ਨਾ ਜਾਣ ਜੰਗਾਲੇ ਅਜੇ ਝਨਾਂ ਦੇ ਕੰਢੇ ਵੱਸਣ ਬੰਦੇ ਮਿਹਰ ਮੁਹੱਬਤ ਵਾਲੇ ਵੀਰਾ ਰਾਹੀਆ ਜੇ ਚਲਿਐਂ ਤੂੰ ਦੇਸ ਬੰਗਾਲੇ ਇਕ ਦੋ ਲੜੇ ਝਨਾ ਸਾਡੇ ਦੇ ਲੈਂਦਾ ਜਾਈਂ ਸਾਨੂੰ ਆਪਣੇ ਪਾਣੀ ਉਤੇ ਬੜੀ ਆਸ ਹੈ

ਸੁਪਨਾ

ਅੱਜ ਅਸਾਡੇ ਸ਼ਹਿਰ ਵਿਚ ਸੁਪਨੇ ਨੇ ਆਉਣਾ ਸੀ ਮੱਠੇ ਮੱਠੇ ਸੇਕ ਸਾਡੇ ਖ਼ੂਨ ਵਿਚ ਰਿਝਦਾ ਰਿਹਾ ਸੀ ਜੋ ਚਿਰਾਂ ਤੋਂ ਬੁਝ ਗਈ ਮਿੱਟੀ 'ਚ ਸਜਰੀ ਪੀੜ ਵਾਂਗੂੰ ਚੁਭਕਦਾ ਸੀ ਅਜ ਖ਼ਬਰ ਸੀ ਉਹ ਕਿਰਨ ਦੀ ਨੋਕ 'ਤੇ ਅਸਵਾਰ ਆਵੇਗਾ, ਅਜ ਤੋਂ ਬਾਅਦ ਉਸ ਦੀ ਆਮਦ ਦੇ ਸਮੇਂ ਸੂਰਜ ਉਦੈ ਹੋਇਆ ਕਰੇਗਾ

ਜੰਗ ਖ਼ਤਮ ਹੈ

ਕੀ ਮੈਂ ਜੰਗ ਨਹੀਂ ਕੀਤਾ ਹੈ ? ਅਪਣੇ ਘਰ ਨੂੰ ਤਲੀ 'ਤੇ ਰਖ ਕੇ ਪਹਿਲੀ ਪੰਗਤ ਤਕ ਵਧਿਆ ਸਾਂ ਵਾਪਸ ਆਵਣ ਦੇ ਸਭ ਰਸਤੇ ਪੂੰਝ ਗਿਆ ਸਾਂ ਸਾੜ ਗਿਆ ਸਾਂ ਤੇਰੇ ਤਨ ਵਿਚ ਚਰਲ ਚਰਲ ਕਰਦੈ ਅਧਮ੍ਹੀਨੇ ਦਾ ਜਗਰਾਤਾ ਅਧਮ੍ਹੀਨੇ ਤਕ ਮਿੱਟੀ ਦੀ ਰੋਟੀ ਮੈਂ ਖਾਧੀ ਸੜਦੀ ਅੱਗ ਦਾ ਪਾਣੀ ਪੀਤਾ ਸਾਰੇ ਸੂਰਜ ਚੰਨ ਸਿਤਾਰੇ ਅਪਣੀ ਹੱਥੀਂ ਆਪ ਬੁਝਾਏ ਏਨਾ ਕਹਿ ਕੇ- ਫੇਰ ਕਦੀ ਜੇ ਮੌਕਾ ਮਿਲਿਆ ਇਹਨਾਂ ਨੂੰ ਵੀ ਬਾਲ ਲਵਾਂਗੇ ਲੱਖ ਵਾਰੀ ਦੇਹ ਟੁੱਟੀ ਟੁੱਟੀ ਗਾਂਢੇ ਲਾ ਲਾ ਕੇ ਮੁੜ ਜੋੜੀ ਲੱਖ ਵਾਰੀ ਸਿਰ ਬੁਝਦਾ ਬੁਝਦਾ ਸੀਖ਼ ਸੀਖ਼ ਕੇ ਮਸਾਂ ਜਗਾਇਆ ਮਰਨ ਕਿਨਾਰੇ ਜਿਗਰੀ ਯਾਰ ਦੇ ਮੂੰਹ ਵਿਚ ਤੁਪਕਾ ਪਾਣੀ ਚੋਵਾਂ ਇਤਨੀ ਵਿਹਲ ਭਲਾ ਕਿਥੇ ਸੀ ? ਅੰਗਿਆਰਾਂ ਦੇ ਝਾੜਾਂ ਵਿਚੋਂ ਖਹਿਸਰ ਕੇ ਲੰਘਿਆ ਵਧਿਆ ਸਾਂ ਅੱਗ ਦੇ ਖੂਹੇ ਡੀਕ ਚੁਕਾ ਹਾਂ ਹੋਰ ਅੱਗ ਨਾ ਡੀਕੀ ਜਾਏ ਹੁਣ ਤਾਂ ਯਾਰੋ ਜੰਗ ਖ਼ਤਮ ਹੈ ਜੰਗ ਦੀਆਂ ਬਾਤਾਂ ਨਾ ਪੁੱਛੋ ਇਕ ਦਿਨ ਬਸ ਇਕੋ ਦਿਨ ਲਈ ਮੈਨੂੰ ਰਜ ਕੇ ਸੌਣ ਦਿਉ ਬਸ ਕੀ ਮੈਂ ਜੰਗ ਨਹੀਂ ਕੀਤਾ ਹੈ ?

ਪੰਜਟੰਗੀ ਦੌੜ

ਇਸ ਪੰਜਟੰਗੀ ਦੌੜ 'ਚ ਮੈਂ ਸ਼ਾਮਲ ਨਹੀਂ ਹੋਣਾ ਪੰਚਾਂ ਨੇ ਤਾਂ ਆਪਣੀ ਟੰਗ ਅਸੀਲੀ ਹੋਈ ਸਦਾ ਵਿਸਲ ਦੀ ਇੰਤਜ਼ਾਰ ਵਿਚ ਦੌੜਣ ਲਈ ਤਈਆਰ ਲੀਕ 'ਤੇ ਰਹੇ ਖਲੋਤੀ ਇਕ ਲੀਕ ਤੋਂ ਦੂਜੀ ਤੀਕਰ ਇਹਦਾ ਸਫ਼ਰ ਹੈ ਮਾਚਸ-ਡੁੱਬੀ ਜਿਤਨੇ ਲੰਮੇ ਏਸ ਸਫ਼ਰ ਤੋਂ ਮੈਂ ਕੀ ਲੈਣਾ ਅਪਣੇ ਸਿਰ ਵਿਚ ਠੰਡੀ ਅੱਗ ਨੂੰ ਘੂਕ ਸੁਆ ਕੇ ਤੀਲਾਂ ਵਿਚ ਇਕ ਤੀਲੀ ਬਣ ਕੇ ਮੈਂ ਨਹੀਂ ਰਹਿਣਾ ਲੇਬਲ ਵਾਲੀ ਡੱਬੀ ਅੰਦਰ

ਕਤਲ ਤੋਂ ਬਾਅਦ

ਕਤਲ ਤੋਂ ਬਾਅਦ ਦੂਸਰੇ ਕਤਲ ਤੀਕਰ ਆਓ ਬੈਠੋ ਮੇਰੇ ਨਾਲ ਕੋਈ ਬਾਤ ਕਰੋ ਮੈਂ ਕੋਈ ਜੇਲ ਨਹੀਂ, ਜਾਸੂਸ ਨਹੀਂ ਹੜਬੜਾ ਕੇ ਤੁਸੀਂ ਜੋ ਬਕ ਦਿੱਤਾ ਮੈਂ ਉਸ ਨੂੰ ਦਿਲ 'ਚ ਸੰਭਾਲਾਂਗਾ ਜੀਊਂਦੀ ਛਿਲਤਰ ਵਾਂਗ ਤੇ ਮੇਰੀ ਪੀੜ ਜਿਊਂਦੀ ਏ ਛਿਲਤਰਾਂ ਦੇ ਲਈ ਕਤਲ ਤੋਂ ਬਾਅਦ ਦੂਸਰੇ ਕਤਲ ਤੀਕਰ ਆਓ ਬੈਠੋ ਮੇਰੇ ਨਾਲ ਮੇਰੀ ਚੁੱਪ ਬਣ ਕੇ ਸ਼ਰਾਬ, ਔਰਤ ਤੇ ਦੋਸਤਾਂ ਤੋਂ ਪਰ੍ਹਾਂ ਤੁਸੀਂ ਜੋ ਕਹਿਣੈਂ ਸੋ ਆਖੋ ਖ਼ਮੋਸ਼ ਬੋਲੀ ਵਿਚ ਕਿ ਇਸ ਜ਼ਬਾਨ ਦਾ ਮੈਂ ਹੀ ਇਕੱਲਾ ਮਾਲਕ ਹਾਂ ਕਤਲ ਦੇ ਬਾਅਦ ਵੀ ਜਿਹੜੀ ਜ਼ਮੀਰ ਮਰਦੀ ਨਹੀਂ ਮੈਂ ਸਿਰਫ਼ ਸੁਣਦਾ ਹਾਂ ਉਹੀਓ ਲੁਕਾਇਆ ਜਾਂਦੈ ਜੋ ਤੁਹਾਡੇ ਕਤਲ 'ਚ ਸ਼ਾਮਲ ਨਾ ਸਾਂ ਨ ਹੋਵਾਂਗਾ ਤੁਹਾਡੇ ਦਰਦ 'ਚੋਂ ਖ਼ਾਰਜ ਵੀ ਮੈਂ ਨਹੀਂ ਹੋ ਸਕਦਾ ਚਲੇ ਵੀ ਆਓ ਜੀਊਂਦੇ ਸਮੇਂ ਦਾ ਸਾਹ ਬਣ ਕੇ ਕਤਲ ਤੋਂ ਬਾਅਦ ਦੂਸਰੇ ਕਤਲ ਤੀਕਰ ਜੋ ਮਹਿਕ ਮੌਲੀ ਹੈ ਉਸ ਨੂੰ ਜ਼ਖ਼ਮ 'ਤੇ ਬਹਿਣ ਦਿਓ

ਇਹ ਵੀ ਕਿਹੜਾ ਸੌਖਾ ਹੈ ?

ਅਪਣਾ ਸਿਰ ਕਟਾ ਕੇ ਤਲੀ 'ਤੇ ਟਿਕਾ ਕੇ ਜੀਣਾ ਬਹੁਤ ਮੁਸ਼ਕਿਲ ਹੈ ਪਰ ਆਪਣੇ ਮੱਥੇ ਵਿਚ ਜੋਤ ਇਕ ਜਗਾ ਕੇ ਦੁਨੀਆਂ ਦੇ ਝੱਖੜ 'ਚੋਂ ਅਣਬੁਝੇ ਹੀ ਲੰਘ ਜਾਣਾ ਇਹ ਵੀ ਕਿਹੜਾ ਸੌਖਾ ਹੈ ? ਖੰਡੇ ਦੀ ਨੋਕ ਨਾਲ ਦੁਨੀਆ ਨੂੰ ਚੀਰਦੀ ਹੋਈ ਜੋ ਲਕੀਰ ਖਿੱਚੀ ਗਈ ਉਸ ਦੇ ਉਰਵਾਰ ਪਾਰ ਮੈਂ ਕਿਤੇ ਖਲੋਤਾ ਨਹੀਂ ਜ਼ਾਲਮ ਮਜ਼ਲੂਮ ਤੋਂ ਬਗ਼ੈਰ ਵਖਰੀ ਵੀ ਦੁਨੀਆ ਹੈ ਨਿੱਕਾ ਜਿਹਾ ਵਰਤਮਾਨ ਬੀਤ ਚੁਕੇ ਵੈਰੀ ਦੇ ਲੇਖੇ ਨਹੀਂ ਲਗ ਸਕਦਾ ਵਿਛੜ ਗਏ ਮਿੱਤਰਾਂ ਨੂੰ ਅਰਪਣ ਨਹੀਂ ਹੋ ਸਕਦਾ ਅਪਣੇ ਅਣਕਟੇ ਸਿਰ ਦਾ ਸਫ਼ਰ ਅਜੇ ਮੁੱਕਾ ਨਹੀਂ ਕਿਸੇ ਦੇ ਕਟੇ ਸਿਰ ਨੂੰ ਤਲੀ 'ਤੇ ਟਿਕਾ ਕੇ ਕਰਾਮਾਤ ਕਰਨ ਲਈ ਮੈਂ ਅਜੇ ਨਹੀਂ ਰੁਕ ਸਕਦਾ ਅਪਣੀ ਅਪਣੀ ਮੁਸ਼ਕਲ ਹੀ ਅਪਣੀ ਅਪਣੀ ਦੌਲਤ ਹੈ ਕਰਾਮਾਤ ਤੋਂ ਬਗ਼ੈਰ ਅਗਨ ਸਹਿਤ ਜੀਣਾ ਹੈ ਜਿਤਨਾ ਵੀ ਜ਼ਹਿਰ ਹੈ ਆਪਣੀ ਡੀਕ ਪੀਣਾ ਹੈ ਅਪਣੀ ਅਪਣੀ ਜੰਗ ਦਾ ਅਪਣਾ ਹਥਿਆਰ ਹੈ ਬੀਤ ਗਿਆ ਖੰਡਾ ਮੇਰੇ ਕਿਸ ਕੰਮ ਆਏਗਾ ਅਜ ਤਾਂ ਉਹੀ ਜੂਝੇਗਾ ਅਪਣੇ ਮੱਥੇ ਵਿਚ ਅਪਣੀ ਜੋਤ ਜੋ ਜਗਾਏਗਾ ਅਪਣਾ ਸਿਰ ਕਟਾ ਕੇ ਤਲੀ 'ਤੇ ਟਿਕਾ ਕੇ ਜੀਣਾ ਬਹੁਤ ਮੁਸ਼ਕਿਲ ਹੈ ਪਰ, ਅਪਣੇ ਮੱਥੇ ਵਿਚ ਜੋਤ ਇਕ ਜਗਾ ਕੇ ਦੁਨੀਆਂ ਦੇ ਝੱਖੜ 'ਚੋਂ, ਅਣਬੁਝੇ ਹੀ ਲੰਘ ਜਾਣਾ ਇਹ ਵੀ ਕਿਹੜਾ ਸੌਖਾ ਹੈ ?

ਲਹੂ

ਲਹੂ ਜੋ ਡੁਲ੍ਹ ਗਿਆ ਮਿੱਟੀ 'ਚ ਉਹ ਮਿੱਟੀ ਦਾ ਹੈ, ਮੇਰਾ ਨਹੀਂ ਮੈਂ ਡੁਲ੍ਹੇ ਖ਼ੂਨ ਦਾ ਕੋਈ ਮੁੱਲ ਨਹੀਂ ਲੈਣਾ ਕਿਸੇ ਮੱਥੇ 'ਤੇ ਉਸ ਦਾ ਤਿਲਕ ਨਹੀਂ ਲਾਉਣਾ ਲਹੂ ਦੇ ਰੰਗ ਦਾ ਪਰਚਮ ਕਿਸੇ ਦੇ ਸਿਰ ਨਹੀਂ ਟੰਗਣਾ ਮੇਰੇ ਪਿੱਛੋਂ ਜੋ ਮੇਰੇ ਯਾਰ ਜੀਊਂਦੇ ਨੇ ਉਹ ਮੇਰੇ ਯਾਰ ਨੇ ਵਾਂਸ ਦੀ ਪੋਰੀ ਨਹੀਂ ਲਹੂ ਜੋ ਡੁਲ੍ਹ ਗਿਆ ਮਿੱਟੀ 'ਚ ਸੂਰਜ ਸੋਖ ਲਏਗਾ ਜਾਂ ਮਿੱਟੀ ਡੀਕ ਲਏਗੀ ਮੇਰੇ ਯਾਰਾਂ ਦੇ ਪੈਰਾਂ ਹੇਠ ਉਮਰਾ ਭੋਗ ਲਏਗਾ ਲਹੂ ਜੋ ਡੁੱਲ੍ਹਿਆ ਉਹ ਜ਼ਿੰਦਗਾਨੀ ਵਾਸਤੇ ਸੀ ਕਹਾਣੀ ਵਾਸਤੇ ਨਹੀਂ ਜੋ ਹਾਲੇ ਵੀ ਰਗਾਂ ਵਿਚ ਦੌੜਦਾ ਹੈ ਉਹ ਖੂਨ ਮੇਰਾ ਹੈ ਘਰਾਂ ਵਿਚ ਫੇਰ ਜਦ ਚੁੱਲ੍ਹੇ ਤਪਣਗੇ ਪੁਰਾਣੇ ਜੁੱਲਿਆਂ ਵਿਚ ਫੇਰ ਜਦ ਬੇਖ਼ੌਫ਼ ਬੱਚੇ ਨਿੱਘ ਮਾਨਣਗੇ ਮੇਰੀ ਪਿਆਰੀ ਦੇ ਅਧਮੋਏ ਜਿਸਮ ਵਿਚ ਫੇਰ ਸੂਰਜ ਉਦੈ ਹੋਏਗਾ ਸਬੂਤਾਂ ਸੁਲਗਦਾ ਪੂਰਾ ਜਦੋਂ ਉਹ ਜਾਣ ਜਾਏਗੀ ਕਿ ਪਿਆਰ ਜੀਊਂਦੀ ਹੁਣ ਲਈ ਹੈ ਮਰੇ ਇਤਿਹਾਸ ਦੇ ਲਈ ਨਹੀਂ ਉਦੋਂ ਆਖਾਂਗਾ ਮੈਂ, ਲਹੂ ਜੋ ਡੁਲ੍ਹ ਗਿਆ ਮਿੱਟੀ 'ਚ ਉਹ ਮਿੱਟੀ ਦਾ ਹੈ, ਮੇਰਾ ਨਹੀਂ ਮੈਂ ਕਬਰ ਵਿਚ ਕੈਦ ਨਹੀਂ ਰਗਾਂ ਵਿਚ ਦੌੜਦਾ ਹਾਂ

ਕੱਲਰੇ ਮੈਦਾਨ

ਕੱਲਰੇ ਮੈਦਾਨ ਏਥੇ ਕਿਨ ਵਿਛਾਏ ਹਨ ? ਕੌਣ ਇਨ੍ਹਾਂ ਨੂੰ ਪਾ ਕੇ ਸੁੱਕਣੇ ਇਕ ਵਾਰ ਭੁੱਲ ਗਿਆ ਕਿ ਇਹ ਵੀ ਕੁਝ ਹਨ ? ਨਾ ਹਰਿਆ ਘਾਹ, ਨਾ ਸੁੱਕੇ ਕੰਡਿਆਂ ਦੇ ਝਾੜ ਇਹ ਦੱਦਰੇ ਪਿੰਡੇ ਇਨ੍ਹਾਂ 'ਤੇ ਨਾ ਕੋਈ ਜ਼ਖ਼ਮ, ਨਾ ਜ਼ਖ਼ਮ ਦੀ ਦਾਸਤਾਨ ਕਿ ਜਿਸ ਦੀ ਛਾਵੇਂ ਬੈਠ ਜਾਈਏ ਕੋਈ ਬੂਝਾ ਨਹੀਂ ਕਿ ਟਪਰੀਵਾਸ ਬਾਲ ਕੇ ਰਾਤ ਭਰ ਠਾਰ ਹੀ ਭੰਨ ਲੈਣ ਤਾਂ ਵੀ ਏਸ ਬੰਜਰ ਦੇ ਦੁਆਲੇ ਵਾੜ ਕਿਉਂ ਹੈ ?

ਤਿੜਕਿਆ ਸੂਰਜ

ਕੱਲ੍ਹ ਕਿਸੇ ਨੇ ਧਰਤੀ ਦਾ ਇਕ ਭਖਦਾ ਕੋਲਾ ਰਖ ਦਿਤਾ ਸੂਰਜ ਦੀ ਵੱਖੀ ਰਾਤ ਦਿਹਾੜੇ ਏਨੀ ਅੱਗ ਸਹਾਰਨ ਵਾਲਾ ਜਰ ਨਾ ਸਕਿਆ ਬੰਦੇ ਦੀ ਨਿੱਕੀ ਜਿਹੀ ਛਿਲਤਰ ਸੂਰਜ ਕੱਚ ਦਾ ਨਹੀਂ ਫੇਰ ਵੀ ਇਕ ਚਿੰਗਿਆੜਾ ਵਿੱਤੋਂ ਬਾਹਰ ਸਹਾਰ ਨ ਸਕਿਆ ਸਾਡੇ ਵੇਂਹਦੇ ਵੇਂਹਦੇ ਤਿੜਕ ਦੁਖੰਡ ਹੋ ਗਿਆ ਵਿੰਗ ਤੜਿੰਗੀਆਂ ਦੋਵੇਂ ਖੰਨੀਆਂ ਆਪਸ ਦੇ ਵਿਚ ਕਰਨ ਲੜਾਈ ਇਕ ਦੂਜੇ ਵਲ ਤੋਰਨ ਅੱਗ ਦੇ ਸੂਹੇ ਦਰਿਆ ਚਾਨਣ ਆਖੇ ਮੈਂ ਨਹੀਂ 'ਕਲਿਆਂ ਧਰਤੀ ਜਾਣਾ ਸੇਕ ਆਖਦਾ, ਪਹਿਲਾਂ ਤੂੰ ਜਾ ਤੇਰੇ ਮਗਰੋਂ ਰਤਾ ਪਛੜ ਕੇ ਮੈਂ ਆਵਾਂਗਾ ਧਰਤ ਨਿਮਾਣੀ ਭਲਾ ਕੀ ਆਖੇ ਉਸ ਦੇ ਸਿਰ 'ਤੇ ਇੱਕੋ ਸੂਰਜ ਸੂਰਜ ਜਿਸ ਦਾ ਅੱਗ ਚਾਨਣਾ ਇਕ ਦੂਜੇ ਤੋਂ ਰੁੱਸੇ ਹੋਏ

ਕੋਈ ਹਾਦਸਾ

ਏਸ ਸੜਕ 'ਤੇ ਕੋਈ ਹਾਦਸਾ ਹੋਵੇ ਮੈਂ ਘਰ ਜਾਵਾਂ ਬਹੁਤ ਚਿਰਾਂ ਤੋਂ ਏਸ ਚੁਰਾਹੇ ਉੱਪਰ ਖੜਾ ਉਡੀਕਾਂ ਸ਼ਾਇਦ ਕੁਝ ਹੋ ਜਾਵੇ ਕਿਤੇ ਕੋਈ ਚਿੱਪਰ ਨਹੀਂ ਟੁੱਟੀ ਏਸ ਸ਼ਹਿਰ ਦੇ ਅਜਬ ਨਮਰਜ਼ੀ ਬੰਦੇ ਬੱਤੀ ਆਖੇ ਤਾਂ ਰੁਕ ਜਾਂਦੇ ਬੱਤੀ ਆਖੇ ਤਾਂ ਤੁਰ ਪੈਂਦੇ ਥੱਕੇ ਥੱਕੇ ਤੁਰਦੇ ਬੁੱਸੇ ਬੱਸੇ ਪਾਣੀ ਕਿਸ ਸਾਜ਼ਿਸ਼ ਨੇ ਸਾਰਾ ਸ਼ਹਿਰ ਅਸੀਲ ਲਿਆ ਹੈ ? ਕਿਸ ਨੇ ਕੀਲੀ ਤੋਰ ਸ਼ਹਿਰ ਦੀ ? ਹੁਣ ਤਾਂ ਏਸ ਸ਼ਹਿਰ ਵਿਚ ਕੁਝ ਵੀ ਹੋ ਨਹੀਂ ਸਕਦਾ ਕਿਸੇ ਦੇ ਮੱਥੇ ਵਿਚ ਅਪਣੀ ਬੱਤੀ ਨਹੀਂ ਜਗਦੀ ਕਿਸੇ ਦੀ ਆਪਣੀ ਤੋਰ ਨਹੀਂ ਹੈ...... ਸੋਚ ਰਿਹਾ ਹਾਂ ਕੁਝ ਤਾਂ ਹੋਵੇ ਕੋਈ ਅਚਾਨਕ ਕਿਸੇ ਕਾਰ ਦੇ ਹੇਠਾਂ ਮਿਧਿਆ ਜਾਵੇ ਅਚਨਚੇਤ ਮੱਥੇ ਵਿਚ ਜਾਗੇ ਜੋਤ ਅਵਗਿਆਕਾਰੀ ਮੈਂ ਹੀ ਵਹਿਸ਼ੀ ਕਰੋਧ 'ਚ ਆ ਕੇ ਲਾਲ ਹਰੀ ਬੱਤੀ ਚਬ ਜਾਵਾਂ ਧੁੰਦੂਕਾਰੇ 'ਚੋਂ ਮੁੜਕੇ ਨਵ ਰਚਨਾ ਜਾਗੇ ਏਸ ਸੜਕ 'ਤੇ ਕੋਈ ਹਾਦਸਾ ਹੋਵੇ ਮੈਂ ਘਰ ਜਾਵਾਂ

ਦੀਵਾਲੀ (1)

ਅੱਜ ਤਾਂ ਦੀਵਾਲੀ ਦਾ ਦਿਨ ਹੈ ਮਾਂ ਮੇਰੀ ਨੇ ਥਾਲੀ ਵਿਚ ਟਿਕਾਏ ਦੀਵੇ ਜਗਮਗ ਕਰਦੇ ਮੇਰਾ ਖ਼ਿਆਲ ਸੀ ਧਰੇ ਜਾਣਗੇ ਕੁਝ ਦੀਵੇ ਸਾਡੀ ਮਮਟੀ ਉਤੇ ਕੁਝ ਕਾਨਸ 'ਤੇ ਕੁਝ ਬਨੇਰੇ ਕੁਝ ਪੁਰਾਣੀ ਖੂਹੀ ਉਤੇ, ਕੁਝ ਚੌਰਾਹੇ ਮਾਂ ਨੇ ਜਗਮਗ ਥਾਲੀ ਚੁੱਕੀ ਮੈਨੂੰ ਆਪਣੀ ਉਂਗਲੀ ਲਾ ਕੇ ਚੌਰਾਹੇ ਤੀਕਣ ਲੈ ਆਈ ਇਕ ਦੀਵਾ ਮੇਰੇ ਸਿਰ ਦੇ ਆਲੇ ਇਕ ਦੀਵਾ ਦਿਲ ਦੇ ਕਿੰਗਰੇ 'ਤੇ ਕੁਝ ਮੇਰੇ ਮੋਢੇ, ਕੁਝ ਬਾਹਾਂ 'ਤੇ ਬਾਕੀ ਜਗਮਗ ਤਲੀਆਂ ਉਤੇ ਵਾਂਗ ਅਸੀਸ ਮੇਰੀ ਮਾਂ ਬੋਲੀ ਜਾ ਮੇਰੇ ਪੁੱਤਰਾ ਤੈਨੂੰ ਤੇਰੀ ਅੱਗ ਦੀਆਂ ਰੱਖਾਂ ਏਸ ਸੜਕ ਇਨ੍ਹਾਂ ਗਲੀਆਂ ਥਾਣੀ ਕਾਲੇ ਮੀਂਹ ਹਨੇਰੀ ਵਿਚੋਂ ਤੂੰ ਲੰਘਣਾ ਹੈ ਜੀਉਂਦਾ-ਜਗਦਾ ਚਾਨਣ ਲੈ ਕੇ ਦੀਵੇ ਤੁਰਦੇ ਹੀ ਚੰਗੇ ਨੇ ਖੜੀ ਰੌਸ਼ਨੀ ਬੁਸ ਜਾਂਦੀ ਹੈ ਵੇਖੀਂ ਕਿਧਰੇ ਥਿੜਕ ਨਾ ਜਾਈਂ ਆਪਣੇ ਸਿਰ, ਪਿੰਡੇ ਵਿਚ ਜਗਦਾ ਕੋਈ ਦੀਵਾ ਬੁੱਝਣ ਨਾ ਦੇਵੀਂ ਸਾਰੀ ਰਾਤ ਤੂੰ ਤੁਰਨਾ ਤੁਰਨਾ ਨਾ ਰੁਕਣਾ ਨਾ ਮੁੜ ਕੇ ਕਦੀ ਪਿਛਾਂਹ ਵਲ ਤੱਕਣਾ ਦੀਵੇ ਦੇ ਚਾਨਣ ਤੋਂ ਸੂਰਜ ਦੇ ਚਾਨਣ ਤਕ ਤੇਰਾ ਸਫ਼ਰ ਹੈ ਜਿਥੇ ਤੇਰੀ ਇੰਤਜ਼ਾਰ ਵਿਚ ਸੂਰਜ ਬਲਦਾ ਉਥੇ ਖੜੀ ਮਿਲਾਂਗੀ ਤੈਨੂੰ ਜਾ ਮੇਰੇ ਪੁੱਤਰਾ ਤੈਨੂੰ ਤੇਰੀ ਅੱਗ ਦੀਆਂ ਰੱਖਾਂ

ਦੀਵਾਲੀ (2)

ਕਾਲੀ ਰਾਤ ਦੀਵਾਲੀ ਦੀਵਾ ਖੰਭਾਂ ਵਾਲਾ ਵਿਚ ਹਨੇਰੇ ਉੱਡਦਾ ਉੱਡਦਾ ਆਇਆ ਸਾਡੇ ਛਤ-ਬਨੇਰੇ ਜਗਮਗ ਦੀਪਮਾਲ ਵਿਚ ਆਣ ਬੈਠਿਆ ਆਦਿ ਜੁਗਾਦੀ ਸਾਡੇ ਦੀਵੇ ਚੁੱਪਚੁਪੀਤੇ ਜਾਗ ਰਹੇ ਸਨ ਸਾਡੇ ਘਰ ਵਿਚ ਬੜਾ ਅਸੀਲ, ਘਰੇਲੂ ਚਾਨਣ ਅਪਣੇ ਆਪ 'ਚ ਰਾਜ਼ੀ ਬਾਜ਼ੀ ਏਸ ਉੱਡਦੇ ਦੀਵੇ ਨੇ ਕੁਝ ਐਸੀ ਘੁਸਮੁਸ ਕੀਤੀ ਅਚਨਚੇਤ ਸਾਡੇ ਸਭ ਦੀਵੇ ਬੋਲਣ ਲੱਗੇ ਇਕ ਦੂਜੇ ਦੇ ਨਾਲ ਜੋੜ ਕੇ ਚੁੰਝਾਂ ਕਰਨ ਸਲਾਹਾਂ ਚਿਣਗਾਂ ਵਾਂਗੂੰ ਨਿੱਕਾ ਨਿੱਕਾ ਕੂੰਦੇ ਵਿਚ ਵਿਚ ਮਾਰ ਭਮਾਕਾ ਅਪਣੇ ਆਪ ਤੋਂ ਉੱਚਾ ਉਠਦੇ ਇਸ ਬੋਲੀ ਦੀ ਸਾਨੂੰ ਤਾਂ ਕੁਝ ਸਮਝ ਨਾ ਆਏ ਤਾਂ ਵੀ ਇਤਨਾ ਜਾਣ ਗਏ ਸਾਂ ਹੁਣ ਇਹ ਨਹੀਂ ਅਸੀਲ ਪਾਲਤੂ ਪਹਿਲਾਂ ਵਰਗੇ ਹੁਣ ਸਾਡੇ ਘਰ ਹਰ ਦੀਵੇ ਨੂੰ ਦੂਰ ਦਿਸਾਵਰ ਉੱਡ ਜਾਵਣ ਦੀ ਤਿੱਖੀ ਤੇਹ ਹੈ ਹਰ ਚਾਨਣ ਨੂੰ ਅਪਣੇ ਵਿਚੋਂ ਪੰਖ ਨਿਕਲਦੇ ਜਾਪ ਰਹੇ ਨੇ ਤਿੱਖੀਆਂ ਤਿੱਖੀਆਂ ਹੋਣ ਸਲਾਹਾਂ ਚਿਣਗਾਂ ਹੋਰ ਉਚੇਰੇ ਚੂਕਣ ਹੁਣ ਨਹੀਂ ਦੀਵੇ ਪਾਲ 'ਚ ਬੈਠੇ ਚੋਗਾਂ ਚੁਗਦੀਆਂ ਚਿੜੀਆਂ ਵਾਂਗੂੰ ਨੰਨ੍ਹੀਆਂ ਮੁੰਨੀਆਂ ਹਿੱਲਣ ਲਾਟਾਂ ਅੱਜ ਕਲ੍ਹ ਇਹਨਾਂ ਉੱਡ ਜਾਣਾ ਹੈ ਕਾਲੇ ਅੰਬਰ ਦੇ ਵਿਚ ਲੀਕਾਂ ਵਾਹੁੰਦੇ ਪਤਾ ਨਹੀਂ ਕਿਹੜੀ ਛਤਨਾਰ ਤੇ ਇਹ ਬੈਠਣਗੇ

ਦੀਵਾਲੀ (3)

ਮੇਰੇ ਸਾਰੇ ਬੂਹੇ ਬਾਰੀਆਂ ਖੋਲ੍ਹ ਦਿਓ ਜੇਕਰ ਮੇਰੇ ਨਸੀਬ ਨਾ ਕੋਈ ਬੂਹਾ ਬਾਰੀ ਮੇਰੀ ਵੱਖੀ ਵੱਢੋ, ਮੈਨੂੰ ਸੰਨ੍ਹ ਲਾ ਦਿਓ ਅੱਜ ਦੀਵਾਲੀ ਮੇਰੇ ਅੰਦਰ ਕੋਈ ਅਨਾਰ ਫੁੱਟ ਸਕਦਾ ਹੈ ਕੋਈ ਹਵਾਈ ਅੰਦਰੋਂ ਉੱਡ ਕੇ ਸ਼ਾਇਦ ਬਾਹਰ ਸ਼ੂਕਦੀ ਨਿਕਲੇ ਅੰਦਰ ਦੀਪਮਾਲ ਦੀ ਸੋਭਾ ਕੋਈ ਤਾਂ ਵੇਖੇ ਜੇ ਮੈਂ ਬੱਜਰ ਬੰਦ ਰਿਹਾ ਤਾਂ ਅੱਗ ਦੀ ਸਾਰੀ ਮਹਿਮਾ ਅੰਦਰ ਦੀ ਅੰਦਰ ਹੀ ਬੁਝ ਜਾਵੇਗੀ ਦਮ ਘੁਟ ਕੇ ਮਰ ਜਾਊ ਰੌਸ਼ਨੀ ਮੇਰੇ ਸਾਰੇ ਬੂਹੇ ਬਾਰੀਆਂ ਖੋਲ੍ਹ ਦਿਓ.....

ਹੁੰਮਸ ਟੁੱਟਾ

ਹੁੰਮਸ ਟੁੱਟਾ ਬਹੁਤ ਚਿਰਾਂ ਤੋਂ ਬਾਅਦ ਹਵਾ ਵਿਚ ਹਰਕਤ ਆਈ ਠਹਿਰੇ ਠਹਿਰੇ ਪਾਣੀ ਲਹਿਰੇ ਅੱਜ ਤਾਂ ਜੀਣ ਨੂੰ ਜੀਅ ਕਰਦਾ ਹੈ ਚਲ ਅਪਣੇ 'ਚੋਂ ਬਾਹਰ ਨਿਕਲੀਏ ਪਿੰਡੇ ਦੇ ਸਾਰੇ ਦਰਵਾਜ਼ੇ ਖੋਲ੍ਹ ਦੇਵੀਏ ਬਾਹਰ ਜ਼ਿੰਦਾ ਜ਼ਿੰਦਾ ਮੌਸਮ ਸੈਣਤ ਕਰਦੇ ਚਲੋ ਜੀਣ ਦੇ ਸਫ਼ਰ 'ਤੇ ਚਲੀਏ ਆਪੋ ਆਪਣੇ ਮੁਰਦੇ ਏਥੇ ਦਫ਼ਨਾ ਜਾਈਏ ਅਪਣੇ ਪਿੰਡੇ ਦੇ ਚੋਂਦੇ ਜ਼ਖ਼ਮਾਂ ਨੂੰ ਏਥੇ ਹੀ ਛਡ ਜਾਈਏ ਚਿੱਟੇ ਚਾਨਣ ਵਾਂਗੂੰ ਘਰੋਂ ਨਿਕਲੀਏ ਕਰਮਕੋਰੇ ਰਾਹ ਦੀਆਂ ਲੋੜਾਂ ਰਾਹ ਵਿਚੋਂ ਹੀ ਸਾਰ ਲਵਾਂਗੇ ਤੇਰੇ ਮੇਰੇ ਜ਼ਖ਼ਮਾਂ ਜੇਕਰ ਅਪਣੀ ਕਥਾ-ਕਹਾਣੀ ਛੇੜੀ ਸਭ ਰਸਤੇ ਗੁੰਝਲਾ ਜਾਵਣਗੇ ਫਿਰ ਹੁੰਮਸ ਵਿਚ ਆਪਣਾ ਆਪ ਹੁਮਕ ਜਾਵੇਗਾ ਫੇਰ ਜਿਸਮ 'ਚੋਂ ਬੁੱਸੀ ਬੁੱਸੀ ਬੋਅ ਆਵੇਗੀ

ਖ਼ੁਸ਼ੀ ਆਕਰਣ

ਨੀਂਦ ਖੁੱਲ੍ਹੀ ਮੇਰੀ ਤੜਕੇ ਤੜਕੇ ਨਿੰਮੇ ਨਿੰਮੇ ਚਾਨਣ ਵਾਂਗੂੰ ਮੈਂ ਉਠ ਬੈਠਾ ਧਰਤੀ ਦੇ ਪਹਿਲੇ ਦਿਨ ਵਰਗੀ ਚੁੱਪਚਾਣ ਸੀ ਮੇਰੇ ਅੰਦਰ ਕੋਸੇ ਪਾਣੀ ਦਾ ਇਕ ਚਸ਼ਮਾ ਆਪਣੀ ਕਾਇਆ ਚੰਗੀ ਚੰਗੀ ਲੱਗੇ ਜੀਅ ਕਰਦਾ ਸੀ ਆਪਣੇ ਆਪ ਨੂੰ ਜੱਫੀਆਂ ਪਾਵਾਂ ਛੱਤ ਪਾੜ ਮੀਨਾਰ ਜਿਹਾ ਉੱਚਾ ਉੱਠ ਜਾਵਾਂ ਉੱਚੀ ਸਾਰੀ ਬਾਂਗ ਦਿਆਂ ਪੈਗ਼ੰਬਰ ਵਾਂਗੂੰ ਆਪਣੇ ਸ਼ਹਿਰ ਦੇ ਸਿਰ ਤੇ ਕਲਗੀ ਵਾਂਗ ਖਲੋਆਂ ਕੰਧਾਂ ਸਰਕਣ ਲਗੀਆਂ ਤੇ ਛਤ ਆਸਮਾਨ ਦੇ ਵਾਂਗੂੰ ਫੈਲੀ ਕਾਇਆ ਵਿਚੋਂ ਗੰਧ ਅਜਨਬੀ ਤੂੰਬਾ ਤੂੰਬਾ ਟੁੱਟ ਕੇ ਦੂਰ ਦਿਸੌਰੀਂ ਫੈਲੀ ਸਾਗਰ ਦੇ ਵਿਚ ਮਿਸ਼ਰੀ ਘੋਲੀ ਤੇ ਮੈਂ ਖਿੜ ਖਿੜ ਹੱਸਿਆ ਮੇਰੇ ਮੂੰਹੋਂ ਸੂਰਜ ਟੋਟੇ ਟੋਟੇ ਹੋ ਕੇ ਡਿੱਗ ਰਿਹਾ ਸੀ..... ਮੇਰੇ ਰੋਸ਼ਨਦਾਨ 'ਚ ਸੁੱਤਾ ਚਿੜੀ-ਆਲ੍ਹਣਾ ਉਸ ਦੇ ਵਿਚੋਂ ਚੁਹਰ ਚੁਹਰ ਚੁਹ ਜਾਗੀ ਹੁਣ ਮੈਂ ਚਾਹਾਂ ਅਪਣਾ ਆਪ ਸਮੇਟਾਂ ਸਾਂਭਾਂ ਨਿੱਕੇ ਤੋਂ ਨਿੱਕਾ ਹੋ ਜਾਵਾਂ ਵਿਚ ਆਲ੍ਹਣੇ ਬੈਠਾਂ ਚੁਹਰ ਚੁਹਰ ਚੁਹ ਗਾਵਾਂ ਨੀਂਦ ਖੁਲ੍ਹੀ ਮੇਰੀ ਤੜਕੇ ਤੜਕੇ ਨਿੱਕੇ ਨਿੱਕੇ ਚਾਨਣ ਵਾਂਗੂੰ ਮੈਂ ਉੱਠ ਬੈਠਾ

ਅਲਫ਼ ਦੁਪਹਿਰ

ਅਲਫ਼ ਦੁਪਹਿਰੇ ਸ਼ਾਮ ਪਈ ਏ ਅੱਲਾ ਜਾਣੇ ਅੱਜ ਦੀ ਸ਼ਾਮ ਕਿਵੇਂ ਬੀਤੇਗੀ ਅਜੇ ਸਵੇਰੇ ਤੱਤੀ ਉਮਰਾ ਵਾਲੇ ਮੁੰਡੇ ਇਉਂ ਲਗਦੇ ਸਨ ਲਾਵੇ ਵਿਚ ਨਹਾ ਕੇ ਆਏ ਪਿੰਡੇ ਵਿਚੋਂ ਮੱਚੀ ਅੱਗ ਝਾਤੀਆਂ ਮਾਰੇ ਕੋਲ ਬੈਠਿਆਂ ਅਪਣੇ ਲੀੜੇ ਲੂਸ ਰਹੇ ਸਨ ਹੁਣ ਸਾਰੇ ਪਾਲੇ ਦੀ ਮਾਰੀ ਫ਼ਸਲ ਵਾਂਗਰਾਂ ਅਪਣੇ ਅੰਦਰ ਬੈਠ ਗਏ ਨੇ ਝੁੰਬ ਮਾਰ ਕੇ **ਹੁਣੇ ਤਾਂ ਏਥੇ ਬਲਦਾ ਜੰਗਲ ਵਿਚੋਂ ਲੰਘਦੇ ਜਾਣ ਸ਼ੂਕਦੇ 'ਵਾ-ਵਰੋਲੇ ਹੁਣੇ ਤਾਂ ਜੀਕਣ ਮੀਲਾਂ ਤੀਕ ਸੁਆਹ ਸੁੱਤੀ ਏ ਰੋਕ ਲਏ ਸਾਹ ਅੱਜ ਹਵਾ ਨੇ ਏਸ ਸੁਆਹ ਦੇ ਉਡਣ 'ਤੇ ਵੀ ਪਾਬੰਦੀ ਏ *ਅਲਫ਼ ਦੁਪਹਿਰੇ ਸ਼ਾਮ ਪਈ ਏ ਸਾਡੇ ਬਣੇ ਬਣਾਏ ਸੂਰਜ ਸਾਰੇ ਕੀ ਜਾਲੀ ਸਨ ? ਕਿਸ ਨੇ ਸਾਡੇ ਸੂਰਜ ਹੇਠ ਉਤਾਰੇ ਇਕ ਦੋ ਫੂਕਾਂ ਨਾਲ ਬੁਝਾ ਕੇ ਕੀ ਉਹਨਾਂ ਵਿਚ ਅੱਗ ਨਹੀਂ ਅੱਗ ਦਾ ਧੋਖਾ ਸੀ ? ** ਫ਼ੌਜ ਪਈ ਏ ਝੰਬੀ ਹੋਈ ਨਿਖਸਮੀ ਟਾਹਣੀ ਤੋਂ ਜਿਉਂ ਭੁੰਞੇ ਡਿਗੀਆਂ ਗੋਹਲਾਂ ਨਾ ਕੋਈ ਸਾਡਾ ਮਾਲਕ ਸਾਂਭ-ਸੰਭਾਲੇ ਹੂੰਝ ਬਹਾਰੇ ਨਾ ਕੋਈ ਚੋਰ ਚੁਰਾਵੇ *ਹਾਇ ਨਿਗੂਣੀ ਏਨੀ ਹੋਈ ਹਯਾਤੀ ਦੁਸ਼ਮਨ ਤਕ ਵੀ ਖ਼ਬਰ ਲੈਣ ਨਾ ਆਏ ਸਾਡੀ ਕੀਤੀ ਕਤਰੀ ਨਾਲ ਮਸ਼ਕਰੀ ਕਰੇ ਖ਼ਮੋਸ਼ੀ **ਰੇਗਿਸਤਾਨ ਖ਼ਮੋਸ਼ੀ ਦਾ ਵਿਚ ਮੈਂ ਪਰਛਾਵਾਂ, ਸਿਰ 'ਤੇ ਬਿਰਛ ਨ ਕੋਈ * ਅਪਣੇ ਅਪਣੇ ਰੁੱਖ ਤੋਂ ਟੁੱਟੇ ਸਭ ਪਰਛਾਵੇਂ ਮਿੱਟੀ ਦੇ ਵਿਚ ਮਿੱਟੀ-ਰੰਗੇ ਕੌਣ ਪਛਾਣੇ ** ਆਪੋ ਵਿਚ ਇਕ ਸਾਂਝ : ਨਮੋਸ਼ੀ ਇਕ ਦੂਜੇ ਦੀ ਅੱਖ ਵਿਚ ਝਾਕ ਨ ਸਕੀਏ ਐਸੀ ਕੋਈ ਮਰਗ ਵਾਪਰੀ ਪਤਾ ਨ ਲਗਦਾ ਕਿਸ ਨੂੰ ਰੋਈਏ ਕਿਸ ਦੇ ਵੈਣ ਅਲਾਈਏ *ਜਿਸ ਦੇ ਮਾਤਮ ਲਈ ਜੁੜੇ ਹਾਂ ਉਹੀਓ ਨਜ਼ਰ ਨ ਆਵੇ ਕਬਰ ਕਿਤੇ ਤਈਯਾਰ ਪ੍ਰਾਹੁਣੇ ਅਪਣੇ ਤਾਈਂ 'ਵਾਜ਼ਾਂ ਮਾਰੇ ਹਰ ਕੋਈ ਡਰਦਾ ਮੈਨੂੰ ਮਰਿਆ ਸਮਝ ਕੇ ਹੀ ਨਾ ਯਾਰ ਮੇਰਾ ਮੈਨੂੰ ਦਫ਼ਨਾਵੇ ** ਏਸ ਮਰਗ ਨੂੰ ਯਾਰੋ ਤੁਰਤ ਪਛਾਣੋ ਨਹੀਂ ਤਾਂ ਸਾਰੇ ਇਕ ਦੂਜੇ ਨੂੰ ਦਫ਼ਨ ਕਰਾਂਗੇ *ਅਲਫ਼ ਦੁਪਹਿਰੇ ਸ਼ਾਮ ਪਈ ਏ ਮੁਖ਼ਬਰ ਯਾਰ 'ਚ ਫ਼ਰਕ ਨਾ ਦਿੱਸੇ ਕੋਈ **ਮਜਮਾ ਸੁੰਗੜ ਗਿਆ ਖ਼ਮੋਸ਼ੀ ਦੇ ਕੱਕਰ ਵਿਚ ਇਸ ਦੀ ਇਕੋ ਅੱਖ ਤੇ ਉਹ ਵੀ ਨੀਵੀਂ ਜੀਕਣ ਕਿਸੇ ਤਲੀ ਵਿਚ ਉੱਗੀ ਇਸ ਦਾ ਇਕੋ ਕੰਨ ਤੇ ਉਹ ਵੀ ਕੁਤਰ ਸੁੱਟਿਆ ਹੋਣੀ ਇਸ ਮਾਤਮ ਵਿਚ ਬਾਤ ਮਰੀ ਹੁੰਗਾਰਾ ਮਰਿਆ ਨਜ਼ਰ ਨਜ਼ਾਰਾ ਕੂਚ ਕਰ ਗਏ ਦੋਵੇਂ ** ਮੌਲਾ ਅਜ ਮਹਸ਼ਰ ਦਾ ਦਿਨ ਹੈ ? ਇਉਂ ਲਗਦੈ ਜਿਉਂ ਅਪਣੀ ਅਪਣੀ ਕਬਰ ਖੁਲ੍ਹਣ ਦੇ ਇੰਤਜ਼ਾਰ ਵਿਚ ਬੈਠੇ 'ਕਲਮੁਕੱਲੇ ਕਬਰ ਅਜ਼ਾਬ ਤਾਂ ਭੋਗ ਰਹੇ ਹਾਂ ਕਬਰੋਂ ਬਾਅਦ ਹਿਸਾਬ ਤੋਂ ਸਾਡੀ ਰੂਹ ਫ਼ਨਾਹ ਹੈ **ਸਾਲਮ ਫ਼ੌਜ 'ਚ ਪੌਣਾ ਅਧ-ਪਚੱਧਾ ਬੰਦਾ ਮੈਂ ਯਾਰਾਂ ਵਿਚ ਬੈਠਾ ਜੀਕਣ ਕਿਸੇ ਉਜਾੜ 'ਚੋਂ ਲੰਘਾ ਕਲਮੁਕੱਲਾ ਜੰਗਲ-ਰਾਤੇ ਅਪਣਾ ਬੋਝ ਨਾ ਚੁਕਿਆ ਜਾਵੇ ਜੀ ਕਰਦਾ ਹੈ ਹੁਣੇ ਕਿਸੇ ਬਘਿਆੜ ਨੂੰ ਕਰਦਾਂ ਪੇਸ਼ ਆਪਣਾ ਆਪਾ ** 'ਕੱਲਾ ਮਰਨ ਕਿਸੇ ਨਹੀਂ ਦੇਣਾ ਸਾਂਝੀ ਮੁਸ਼ਕਲ ਵੇਲੇ 'ਕੱਲਿਆਂ ਵਾਂਢੇ ਜਾਣਾ ਦਗਾ ਕਮਾਣਾ ਦਗ਼ਾਬਾਜ਼ ਨੂੰ 'ਕੱਲਿਆਂ ਕੌਣ ਮਰਨ ਦੇਵੇਗਾ ? * ਇਸ ਦੋਜ਼ਖ਼ 'ਚੋਂ ਨਿਕਲਣ ਦਾ ਇੱਕੋ ਰਸਤਾ ਹੈ ਇਕ ਦੂਜੇ ਦੀ ਮਈਅਤ ਚੁਕ ਕੇ ਤੁਰਦੇ ਜਾਵੋ ** ਯਾਰੋ ਇਹ ਖ਼ਾਮੋਸ਼ੀ ਤੋੜੋ ਨਹੀਂ ਤਾਂ ਮੇਰੀ ਪਾੜ ਕੇ ਵੱਖੀ ਇਕ ਬਘਿਆੜ ਨਿਕਲ ਆਵੇਗਾ ਮੈਥੋਂ ਅਪਣਾ ਆਪ ਨ ਜਰਿਆ ਜਾਵੇ *ਦੱਸੋ ਯਾਰੋ ਏਸ ਹਯਾਤੀ ਦਾ ਕੀ ਕਰੀਏ ਅਪਣੇ ਜਿਸਮ 'ਚੋਂ ਕਾਰਤੂਸ ਤਾਂ ਕਢ ਲਏ ਨੇ ਵੇਖ ਪਰਖ ਕੇ ਖ਼ਾਲਮਖ਼ਾਲੀ ਆਪਣੇ ਆਪ ਨੂੰ ਕਿੱਲੀ ਉਤੇ ਵੀ ਲਟਕਾਇਐ ਤਾਂ ਵੀ ਡਰਦੈਂ ਜਿਸਮ ਇਕੱਲਾ ਖ਼ਾਲਮਖ਼ਾਲੀ ਚੱਲ ਨ ਜਾਵੇ ** ਯਾਰੋ ਇਹ ਖ਼ਾਮੋਸ਼ੀ ਤੋੜੋ ਅਪਣੇ ਆਪ ਨੂੰ ਖ਼ਾਲਮਖ਼ਾਲੀ ਸਮਝ ਰਹੇ ਹੋ ਇਕ ਦੂਜੇ 'ਤੇ ਚਲ ਜਾਵੋਗੇ *ਯਾਰੋ ਇਹ ਕੈਸੀ ਖ਼ਾਮੋਸ਼ੀ ਅੰਦਰ ਸਾਡੇ ਬਰਲ ਪਿਆ ਹੈ ਚਿੱਬ-ਖੜੱਬੇ ਸੂਰਜ ਇਕ ਦੂਜੇ 'ਤੇ ਵਰ੍ਹਦੇ, ਮੱਥਾ ਭੰਨਦੇ ਚੀਕ-ਚਿਹਾੜੇ ਦੇ ਵਿਚ ਟੁੱਟਣ ਅੱਗਾਂ **ਯਾਰੋ ਇਹ ਖ਼ਾਮੋਸ਼ੀ ਤੋੜੋ ਨਹੀਂ ਤਾਂ ਤਿੜਕ ਤਰੇੜੇ ਜਾਂ ਗੇ ਭਖ਼ਦੇ ਅੰਗਿਆਰਾਂ ਦੀ ਗੰਢੜੀ ਚੌਰਾਹੇ ਵਿਚ ਡੁਲ੍ਹ ਜਾਵੇਗੀ * ਕਿਸ ਨੇ ਸਾਨੂੰ ਖ਼ਾਲੀ ਕਰ ਕੇ ਕਿੱਲੀ 'ਤੇ ਲਟਕਾਇਐ ? **ਕਿਸੇ ਨੇ ਸਾਨੂੰ ਚੁੱਪ ਕਰਾ ਕੇ ਸਾਡੇ ਅੰਦਰ ਗਰਮ ਗੜ੍ਹਕਦੇ ਦਰਿਆਵਾਂ ਦੇ ਖੋਲ੍ਹੇ ਰੱਸੇ ? *ਅੰਦਰ ਉਬਲੀਏ, ਪਰ ਕੰਢਿਆਂ ਤੋਂ ਮੂਲ ਨਾ ਡੁਲ੍ਹੀਏ ਸੰਘੋਂ ਹੇਠਾਂ ਤਿੱਖਾ ਤੱਤਾ ਖੰਜਰ ਆਪ ਲੰਘਾਈਏ ਪਰ ਚਿਹਰੇ 'ਤੇ ਸ਼ਿਕਨ ਨ ਪਾਈਏ * ਯਾਰੋ ਇਹ ਖ਼ਾਮੋਸ਼ੀ ਤੋੜੋ ** ਯਾਰੋ ਇਹ ਖ਼ਾਮੋਸ਼ੀ ਤੋੜੋ *ਬਾਹਰ ਇਕ ਪਰਵਾਨਾ ਆਇਆ ਹਫ਼ਿਆ ਹਫ਼ਿਆ ਸਾਹ ਲੈਂਦਾ ਹੈ **ਪਰ ਉਸ ਤੋਂ ਵੀ ਪਹਿਲਾਂ ਹੁਕਮ ਜ਼ਰੂਰੀ ਪਹੁੰਚਾ ਕਹਿੰਦੈ ਮੈਂ ਪਰਵਾਨੇ ਦੇ ਪਿਛੋਂ ਤੁਰਿਆ ਪਹਿਲਾਂ ਪਹੁੰਚਾ ਹਾਂ * ਦੱਸੋ ਯਾਰੋ ਪਹਿਲਾਂ ਪਰਵਾਨਾ ਜਾਂ ਪਹਿਲਾਂ ਹੁਕਮ ਸੁਣੋਗੇ *** ਅਸੀਂ ਫ਼ੀਤੀਆਂ ਪਾੜ ਚੁਕੇ ਹਾਂ ਸਾਡੇ ਉਪਰ ਹੁਕਮ ਨਹੀਂ ਚਲਦਾ ਅਸੀਂ ਤਾਂ ਖ਼ਾਲਮਖ਼ਾਲੀ ਬੰਦੇ ਕਿੱਲੀਆਂ ਉਪਰ ਲਟਕਣ ਫ਼ੀਤੇ ਹੁਕਮ ਕਿੱਲੀਆਂ ਨੂੰ ਸੁਣਵਾਓ **** ਯਾਰੋ ਠਪ ਦਿਉ ਦਰਵਾਜ਼ਾ ਬਾਹਰ-ਕਿਤਾਬ ਅਸੀਂ ਨਹੀਂ ਪੜ੍ਹਣੀ ***ਮਸਾਂ ਮਸਾਂ ਅਪਣੇ ਤਕ ਪਹੁੰਚੇ ਅਪਣੇ ਅੰਦਰਲੇ ਕਾਅਬੇ ਦੀ ਅਜੇ ਜ਼ਿਆਰਤ ਨਹੀਂ ਮੁਕੰਮਲ **** ਅਜੇ ਤਾਂ ਅਪਣੇ ਅੰਦਰ ਸੂਰਜ ਨਾਜ਼ਲ ਹੋਇਆ ਉਸ ਦਾ ਚਾਨਣ ਸੁਣਨ ਦਿਓ ***ਬਾਹਰ ਸਲੀਬਾਂ ਛਡ ਆਏ ਹਾਂ *** ਉਹਨਾਂ ਉਪਰ ਮੇਖ ਦਿਓ ਆਪਣੇ ਪਰਵਾਨੇ **** ਬਾਹਰ-ਕਿਤਾਬਾਂ ਫਿਰ ਪੜ੍ਹ ਲਾਂਗੇ ਯਾਰੋ ਆਓ ਆਪੋ ਅਪਣੇ ਅੰਦਰ ਵੜੀਏ ਅੰਦਰ ਕਈ ਕਤੇਬਾਂ ਖੁਲ੍ਹੀਆਂ ਆਓ ਉਨ੍ਹਾਂ ਦੀ ਆਇਤ ਪੜ੍ਹੀਏ

ਆਇਤ ਪਹਿਲੀ

ਸ਼ੋਰ ਨਮਾਜ਼ਾ ਕਦੇ ਪੜ੍ਹੋ ਨਾ ਜਦੋਂ ਜਮਾਇਤ ਵਿਚ ਵੀ ਉੱਮਤ 'ਕੱਠੀ ਹੋਵੇ ਉਤਰ ਜਾਇ ਹਰ ਫ਼ਰਦ ਆਪਣੀ ਖ਼ਾਮੋਸ਼ੀ ਵਿਚ ਹਕ ਹਦਾਇਤ ਦੀ ਬੋਲੀ ਤਾਂ ਖ਼ਾਮੋਸ਼ੀ ਹੈ ਚੁੱਪ ਦੇਸ ਵਿਚ ਬੰਦਾ ਆਪ ਖ਼ੁਦਾ ਹੁੰਦਾ ਹੈ

  • ਮੁੱਖ ਪੰਨਾ : ਪੰਜਾਬੀ ਕਵਿਤਾਵਾਂ - ਹਰਿਭਜਨ ਸਿੰਘ ਡਾ.
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ