Ali Muhammad Malook
ਅਲੀ ਮੁਹੰਮਦ 'ਮਲੂਕ'

ਨਾਂ-ਅਲੀ ਮੁਹੰਮਦ, ਕਲਮੀ ਨਾਂ-ਅਲੀ ਮੁਹੰਮਦ 'ਮਲੂਕ',
ਪਿਤਾ ਦਾ ਨਾਂ-ਨਵਾਬ ਦੀਨ,
ਜਨਮ ਵਰ੍ਹਾ-1935, ਜਨਮ ਸਥਾਨ-ਤਰਨਤਾਰਨ,
ਪਤਾ-116-ਈ ਬੂਰੇਵਾਲਾ, ਜ਼ਿਲਾ ਵਿਹਾੜੀ, ਪੰਜਾਬ,
ਛਪੀਆਂ ਕਿਤਾਬਾਂ- ਸਾਹਵਾਂ ਦਰਦ ਸਮੁੰਦਰ ਪੁਣਿਆ (ਗ਼ਜ਼ਲਾਂ) ਮੋਰ ਮਚਲਦੀਆਂ ਸੋਚਾਂ (ਨਜ਼ਮਾਂ)

ਪੰਜਾਬੀ ਗ਼ਜ਼ਲਾਂ (ਸਾਹਵਾਂ ਦਰਦ ਸਮੁੰਦਰ ਪੁਣਿਆਂ 1994 ਵਿੱਚੋਂ) : ਅਲੀ ਮੁਹੰਮਦ 'ਮਲੂਕ'

Punjabi Ghazlan (Sahwan Dard Samundar Punia 1994) : Ali Muhammad Malookਕਿਧਰੋਂ ਵੀ ਨਾ ਆਵੇ 'ਵਾਜ਼ ਜ਼ਮੀਰਾਂ ਦੀ

ਕਿਧਰੋਂ ਵੀ ਨਾ ਆਵੇ 'ਵਾਜ਼ ਜ਼ਮੀਰਾਂ ਦੀ । ਲੰਬੀ ਤਾਨ ਕੇ ਸੋ ਗਈ ਰੱਤ ਸਰੀਰਾਂ ਦੀ । ਭਾਵੇਂ ਸਿਰ ਤੇ ਬਾਹਵਾਂ ਧਰਕੇ ਰੋਂਦੇ ਰਹੇ, ਕੰਧੋਂ ਬਾਹਰ ਨਾ ਨਿਕਲੀ ਵਾਜ਼ ਅਸੀਰਾਂ ਦੀ । ਸਾਰਾ ਸ਼ਹਿਰ ਬਚਾਵਾਂ ਦੁੱਖ-ਤੂਫ਼ਾਨਾਂ ਤੋਂ, ਹਿੱਕ ਤੇ ਝੱਲਾਂ ਵਾਛੜ ਗ਼ਮ ਦੇ ਤੀਰਾਂ ਦੀ । ਵੇਲੇ ਨੇ ਤੇ ਸਾਰੇ ਨਕਸ਼ ਭੁਲਾ ਛੱਡੇ, ਸ਼ਕਲ ਪਛਾਣੀ ਜਾਂਦੀ ਨਹੀਂ ਤਸਵੀਰਾਂ ਦੀ । ਇਕ ਦਿਨ ਯਾਦ ਕਰੇਂਗਾ ਯਾਰ ਵਫ਼ਾਵਾਂ ਨੂੰ, ਹੁਣ ਤੇ ਕਦਰ ਨਹੀਂ ਕਰਦਾ ਵਗਦੇ ਨੀਰਾਂ ਦੀ । ਲੋਕ 'ਮਲੂਕ' ਦਾ ਹਸਦਾ ਚਿਹਰਾ ਵਿਹੰਦੇ ਨੇ, ਗਿਣਤੀ ਕੌਣ ਕਰੂਗਾ ਗ਼ਮ ਦੇ ਤੀਰਾਂ ਦੀ?

ਮਸਤ ਹਵਾਵਾਂ ਖੁਸ਼ਬੂ ਭਰੀਆਂ

ਮਸਤ ਹਵਾਵਾਂ ਖੁਸ਼ਬੂ ਭਰੀਆਂ, ਜਦ ਵੀ ਆਉਣ ਸਵੇਰੇ । ਦਿਲ ਦੇ ਵਿਹੜੇ ਕਿੰਨੀਆਂ ਯਾਦਾਂ, ਡੇਰੇ ਲਾਉਣ ਸਵੇਰੇ । ਕਿਸੇ ਦੀ ਅੱਖੋਂ ਕਦੇ ਨਾ ਸੁੱਕੇ, ਅੱਥਰੂਆਂ ਦਾ ਪਾਣੀ, ਕਿਸੇ ਦੇ ਬੂਹੇ ਖ਼ੁਸ਼ੀਆਂ ਹਾਸੇ, ਝੂਮਰ ਪਾਉਣ ਸਵੇਰੇ । ਏਹੋ ਜਿਹੇ ਤੇ ਇਸ ਧਰਤੀ ਤੇ, ਲੱਭਦੇ ਟਾਵੇਂ ਟਾਵੇਂ, ਜੋ ਝੋਲੀ ਵਿੱਚ ਖ਼ੁਸ਼ੀਆਂ ਭਰ ਕੇ, ਪਏ ਵਰਤਾਉਣ ਸਵੇਰੇ । ਬੇਖ਼ਬਰਾਂ ਦੇ ਸੱਜਣ ਜਦ ਲੈ, ਜਾਂਦੇ ਊਠਾਂ ਵਾਲੇ, ਮਿੱਠੀਆਂ ਨੀਂਦਾ ਦੇ ਵਣਜਾਰੇ, ਫਿਰ ਪਛਤਾਉਣ ਸਵੇਰੇ । ਓਸ 'ਮਲੂਕ' ਦੇ ਤਾਅਬੇਦਾਰ ਨੇ, ਸੂਰਜ ਚੰਨ ਸਿਤਾਰੇ, ਮੇਰੇ ਵਿਹੜੇ ਕਿਰਨਾਂ ਲੈ ਕੇ ਆਵੇ ਕੌਣ ਸਵੇਰੇ ।

ਗ਼ਮ ਦੀ ਧੁੱਪੋਂ ਪਿਆਰ ਨਗਰ ਦਾ

ਗ਼ਮ ਦੀ ਧੁੱਪੋਂ ਪਿਆਰ ਨਗਰ ਦਾ, ਰੰਗ ਸਲਾਮਤ ਰੱਖੀਂ । ਇਹ ਮੇਰੇ ਚਾਵਾਂ ਦੀ ਰੱਬਾ, ਮੰਗ ਸਲਾਮਤ ਰੱਖੀਂ । ਧੜਕਣ-ਧੜਕਣ ਲੂੰ- ਲੂੰ ਮੇਰਾ, ਹਰ ਦਮ ਕਰੇ ਦੁਆਵਾਂ, ਰਹਿੰਦੀ ਦੁਨੀਆਂ ਤੀਕਰ ਦਿਲ ਦਾ, ਸੰਗ ਸਲਾਮਤ ਰੱਖੀਂ । ਦੇਸ ਦੀਆਂ ਮੁਟਿਆਰਾਂ ਰੀਝਾਂ, ਚਾਵਾਂ ਨਾਲ ਹੰਢਾਵਣ, ਸੱਧਰ ਸੋਨੇ ਨਾਲ ਘੜਾਈ, ਵੰਗ ਸਲਾਮਤ ਰੱਖੀਂ । ਜਿੱਥੇ ਹੀਰ ਸਲੇਟੀ ਨੇ ਸੀ, ਸੱਧਰ ਪੀਘਾਂ ਪਾਈਆਂ, ਉਹ ਰਾਂਝੇ ਦਾ ਚਾਵਾਂ ਭਰਿਆ, ਝੰਗ ਸਲਾਮਤ ਰੱਖੀਂ । ਭਾਵੇਂ ਬਦਨ'ਮਲੂਕ'ਜਿਹਾ ਇਹ, ਲਹੂ ਵਿਚ ਰੰਗਿਆ ਜਾਵੇ, ਉਹਦਿਆਂ ਹੱਥਾਂ ਦੇ ਵਿਚ ਰੱਬਾ, ਸੰਗ ਸਲਾਮਤ ਰੱਖੀਂ ।

ਘਰ ਘਰ ਕਿੰਨੇ ਹੈਨ ਪਵਾੜੇ ਧਰਤੀ 'ਤੇ

ਘਰ ਘਰ ਕਿੰਨੇ ਹੈਨ ਪਵਾੜੇ ਧਰਤੀ 'ਤੇ । ਮੈਂ ਲੀਕਾਂ ਕਿਸ ਕਿਸ ਦੇ ਹਾੜ੍ਹੇ ਧਰਤੀ 'ਤੇ । ਜ਼ਰਦਾਰਾਂ ਨੇ ਚੰਨ ਤੇ ਪੀਘਾਂ ਪਾ ਲਈਆਂ, ਰਹਿ ਗਏ ਮੇਰੇ ਵਰਗੇ ਮਾੜੇ ਧਰਤੀ 'ਤੇ । ਆਜਾ ਮੁੱਕ ਨਾ ਜਾਵੇ ਰਾਤ ਵਿਸਾਲਾਂ ਦੀ, ਸੱਜਣਾ! ਜੀਵਨ ਚਾਰ ਦਿਹਾੜੇ ਧਰਤੀ 'ਤੇ । ਰਾਤ ਨੇ ਅੱਖ ਚੋਂ ਅੱਥਰੂ ਕੇਰੇ ਸ਼ਬਨਮ ਦੇ, ਜਦ ਧੁੱਪਾਂ ਨੇ ਫੁੱਲ ਲਿਤਾੜੇ ਧਰਤੀ 'ਤੇ । ਉਸ ਹਾਕਮ ਨੂੰ ਠੱਲ ਪਈ ਨਾ ਪਰਜਾ ਤੋਂ, ਰੋਜ਼ ਨਵਾਂ ਚੰਨ ਜਿਹੜਾ ਚਾੜ੍ਹੇ ਧਰਤੀ 'ਤੇ । ਮੁਨਸਫ਼ ਜੇ ਕਰ ਦਿਲੋਂ ਤੇ ਜਾਨੋਂ ਅਦਲ ਕਰੇ, ਬੰਦਾ ਕਿਸੇ ਦਾ ਕੱਖ ਨਾ ਸਾੜੇ ਧਰਤੀ ਤੇ । ਚਾਵਾਂ ਵਾਲੀ ਮਹਿੰਦੀ ਸੱਜਰੀ ਰਹਿੰਦੀ ਏ, ਲੁੱਟੇ ਜਾਂਦੇ ਰੀਝ ਦੇ ਲਾੜ੍ਹੇ ਧਰਤੀ 'ਤੇ । ਕਿੰਨੇ ਮੁੱਖ'ਮਲੂਕ' ਸੀ ਗਿਣ ਗਿਣ ਦੱਸਾਂ ਮੈਂ, ਗ਼ਮ ਨੇ ਕਿੰਨੇ ਸੂਲੀ ਚਾੜ੍ਹੇ ਧਰਤੀ 'ਤੇ ।

ਜਦ ਹਵਾਵਾਂ ਦੀ ਕੁੱਛੜ ਚੜ੍ਹੀ ਵਾਸ਼ਨਾ

ਜਦ ਹਵਾਵਾਂ ਦੀ ਕੁੱਛੜ ਚੜ੍ਹੀ ਵਾਸ਼ਨਾ । ਫੇਰ ਧਰਤੀ ਤੇ ਖਿੰਡੀ ਬੜੀ ਵਾਸ਼ਨਾ । ਲ਼ੋਕ ਫੁੱਲਾਂ ਦੇ ਗਜਰੇ ਬਣਾ ਲੈ ਗਏ, ਵਿਹੰਦੀ ਰਹਿ ਗਈ ਖੜ੍ਹੀ ਦੀ ਖੜ੍ਹੀ ਵਾਸ਼ਨਾ । ਸੋਚਨਾਂ ਵਾਂ ਬਹਾਰਾਂ ਤੋਂ ਮੂੰਹ ਮੋੜ ਕੇ, ਕੀਵੇਂ ਗੁਲਦਾਨ ਅੰਦਰ ਤੜੀ ਵਾਸ਼ਨਾ । ਤੋੜ ਸੱਕੀ ਨਾ ਰਸਮਾਂ ਦੀ ਜੰਜ਼ੀਰ ਨੂੰ, ਅੰਤ ਜ਼ੁਲਮਾਂ ਦੀ ਸੂਲੀ ਚੜ੍ਹੀ ਵਾਸ਼ਨਾ । ਸਾਂਭ ਰੱਖੀ 'ਮਲੂਕ' ਇਹ ਜੀਹਦੇ ਵਾਸਤੇ, ਵੇਖ ਜਾਵੇ ਘੜੀ ਦੀ ਘੜੀ ਵਾਸ਼ਨਾ ।

ਲਿਤਾੜੀ ਗ਼ਮਾਂ ਭਾਵੇਂ ਸਾਰੀ ਹਿਆਤੀ

ਲਿਤਾੜੀ ਗ਼ਮਾਂ ਭਾਵੇਂ ਸਾਰੀ ਹਿਆਤੀ । ਗ਼ਮਾਂ ਸਾਹਵੇਂ ਫਿਰ ਵੀ ਨਾ ਹਾਰੀ ਹਿਆਤੀ । ਤੇਰੇ ਹਿਜਰ ਅੰਦਰ ਪਈ ਸਹਿਕਦੀ ਏ, ਇਹ ਦੁੱਖਾਂ ਦੀ ਮਾਰੀ ਵਿਚਾਰੀ ਹਿਆਤੀ । ਕਿਵੇਂ ਰਹਿ ਸਕੇਗਾ ਉਹ ਗੁਲਸ਼ਨ ਤੋਂ ਪਾਸੇ, ਜਿਨ੍ਹੇ ਨਾਲ ਫੁੱਲਾਂ ਗੁਜ਼ਾਰੀ ਹਿਆਤੀ । ਮੇਰੀ ਉਮਰ ਗੁਜ਼ਰੀ ਭਲੀ ਕਾਰ ਕਰਕੇ, ਮੈਂ ਅੱਖਰ ਸਮੇਟੇ ਖਿਲਾਰੀ ਹਿਆਤੀ । ਕਫ਼ਸ ਖ਼ਾਲੀ ਤੱਕ ਕੇ ਭਲਾ ਕੀ ਕਰੂਗਾ, ਗਈ ਮਾਰ ਜਦ ਇਹ ਉਡਾਰੀ ਹਿਆਤੀ । ਅਜੇ ਉਹਦੇ ਦਿਲ ਚੋਂ ਵਿਚਾਰਾਂ ਨਾ ਗਈਆਂ, ਜਿਦੇ ਤੋਂ ਮੈਂ ਸਾਰੀ ਹੀ ਵਾਰੀ ਹਿਆਤੀ । ਉਹਦੇ ਨਾਵੇਂ ਲਾਈ ਮੈਂ ਰਹਿੰਦੀ ਜੋ ਬਾਕੀ, 'ਮਲੂਕ' ਅਪਣੀ ਸੋਹਣੀ ਤੇ ਪਿਆਰੀ ਹਿਆਤੀ ।

ਹਰਫ਼ਾਂ ਹੱਥ ਕਟਾਰਾਂ ਦੇਕੇ

ਹਰਫ਼ਾਂ ਹੱਥ ਕਟਾਰਾਂ ਦੇਕੇ, ਘੱਲਾਂ ਹੋਰ ਜ਼ਮੀਨਾਂ ਤੇ । ਹੁਣ ਨਹੀਂ ਲੱਭਦੇ ਪੈਲਾਂ ਪਾਉਂਦੇ ਰੰਗਲੇ ਮੋਰ ਜ਼ਮੀਨਾਂ ਤੇ । ਚੱਲ ਦਿਲਾ ਕੋਈ ਅੰਬਰ ਮੱਲੀਏ, ਬਚੀਏ ਖ਼ੂਨੀ ਲਹਿਰਾਂ ਤੋਂ, ਕਾਹਨੂੰ ਕੁੰਢੀਆਂ ਵਾਂਗੂੰ ਬੈਠੇਂ, ਜੀਵਨ ਖ਼ੋਰ ਜ਼ਮੀਨਾਂ ਤੇ । ਸਾਡੇ ਵਰਗੇ ਮਾੜੇ-ਧੀੜੇ ਬੰਦੇ ਏਥੇ ਈ ਵੱਸਣਗੇ, ਏਥੇ ਜੀਣਾ, ਏਥੇ ਮਰਨਾ, ਰਹਿਣੀ ਗੋਰ ਜ਼ਮੀਨਾਂ ਤੇ । ਅੱਖ ਦੇ ਸ਼ੀਸ਼ੇ ਵਿੱਚੋਂ ਜਦ ਵੀ, ਪਿਆਰ ਸਵੇਰੇ ਫੁੱਟਣਗੇ, ਥਾਂ-ਥਾਂ ਉੱਤੇ ਜਾਂਦੀ ਦੇਖੀਂ ਫਿਰ ਲਿਸ਼ਕੋਰ ਜ਼ਮੀਨਾਂ ਤੇ । ਬੱਚਾ-ਬੱਚਾ ਕੁਸਦਾ ਰਹਿੰਦਾ, ਚੁੱਲੇ ਤਰਸਣ ਧੂਏਂ ਨੂੰ, ਉਹਦਾ ਭਰੇ ਭੜੋਲਾ ਜੋ ਨਾ ਲਾਵੇ ਜ਼ੋਰ ਜ਼ਮੀਨਾਂ ਤੇ । ਇਕ ਦੂਜੇ ਵਿਚ ਘਿਉ-ਖੰਡ ਹੋਈਏ, ਤੇ ਅੰਬਰ ਦੇ ਵਾਸੀ ਵੀ, ਅਸਮਾਨਾਂ ਤੋਂ ਲਹਿ ਕੇ ਦੇਖਣ, ਸਾਡੀ ਟੋ੍ਹਰ ਜ਼ਮੀਨਾਂ ਤੇ । ਹਰ ਕੋਈ ਬੰਦਾ ਹੁਣ ਤੇ ਚਾਹਵੇ, ਸਿਰ ਤੇ ਅੰਬਰ ਤਾਣਾਂ ਮੈਂ, ਐਨੇ ਆਪਣੇ ਪੈਰ ਪਸਾਰੇ, ਬਣ ਗਏ ਚੋਰ ਜ਼ਮੀਨਾਂ ਤੇ । ਸਾਂਵਲ ਸੋਚਾਂ ਖਿੜਦੀਆਂ ਰਹੀਆਂ ਨਾਲ'ਮਲੂਕ' ਬਹਾਰਾਂ ਦੇ, ਤਾਹੀਉਂ ਰੋਜ਼ ਮਚਲਦਾ ਰਹਿੰਦਾ, ਮਨ ਦਾ ਮੋਰ ਜ਼ਮੀਨਾਂ ਤੇ ।

ਕੁਝ ਹੋਰ ਰਚਨਾਵਾਂ : ਅਲੀ ਮੁਹੰਮਦ 'ਮਲੂਕ'ਗ਼ਮ ਨੇ ਵੀ ਜਦ ਦਾ ਕਿਨਾਰਾ ਕਰ ਲਿਆ

ਗ਼ਮ ਨੇ ਵੀ ਜਦ ਦਾ ਕਿਨਾਰਾ ਕਰ ਲਿਆ। ਜਿਸ ਤਰ੍ਹਾਂ ਹੋਇਐ ਗ਼ੁਜ਼ਾਰਾ ਕਰ ਲਿਆ। ਉਹਦਿਆਂ ਰ੍ਹਾਵਾਂ ਨੂੰ ਰੌਸ਼ਨ ਕਰਨ ਲਈ, ਸਾੜਨਾਂ ਘਰ ਨੂੰ ਗਵਾਰਾ ਕਰ ਲਿਆ। ਸ਼ਹਿਦ ਤੋਂ ਮਿੱਠਾ ਸੀ ਧਰਤੀ ਦਾ ਲਹੂ, ਖਾਦ ਪਾ ਲੋਭਾਂ ਦੀ ਖਾਰਾ ਕਰ ਲਿਆ। ਮੈਂ ਤਿਰੇ ਆਖ਼ਿਰ ਖ਼ਿਆਲੀਂ ਡੁੱਬ ਕੇ, ਸੋਚ ਦਾ ਉੱਚਾ ਮੁਨਾਰਾ ਕਰ ਲਿਆ। ਅਪਣੇ ਦਿਲ ਦਾ ਮਾਂਜ ਕੇ ਸ਼ੀਸ਼ਾ 'ਮਲੂਕ', ਹਸ਼ਰ ਦਾ ਮੈਂ ਵੀ ਨਜ਼ਾਰਾ ਕਰ ਲਿਆ।

ਕੱਚੀਆਂ ਕੰਧਾਂ ਕੋਲੋਂ ਹੜ ਘਬਰਾ ਜਾਂਦੇ

ਕੱਚੀਆਂ ਕੰਧਾਂ ਕੋਲੋਂ ਹੜ ਘਬਰਾ ਜਾਂਦੇ। ਮੀਂਹ ਦੇ ਕਤਰੇ ਪੱਕੇ ਕੋਠੇ ਢ੍ਹਾ ਜਾਂਦੇ। ਮੈਂ ਤੇ ਟੁਟਕੇ ਧਰਤੀ ਉੱਤੇ ਡਿੱਗਾਂਗਾ, ਟ੍ਹਾਣੀ ਉੱਤੇ ਲੱਗੇ ਫੁਲ ਘਬਰਾ ਜਾਂਦੇ। ਇਸ ਜੀਵਨ ਦੇ ਵਿੰਗੇ ਟੇਢੇ ਰ੍ਹਾਵਾਂ ਤੇ, ਅੱਖਾਂ ਵਾਲੇ ਬੰਦੇ ਠੇਡੇ ਖਾ ਜਾਂਦੇ। ਰੋਜ਼ ਭੁਲਾਵਣ ਦਾ ਮੈਂ ਚਾਰਾ ਕਰਦਾ ਵਾਂ, ਰੋਜ਼ ਕਿਸੇ ਗੱਲ 'ਤੇ ਉਹ ਚੇਤੇ ਆ ਜਾਂਦੇ। ਜਦੋਂ ਸੰਝਾਪਾ ਹੱਦੋਂ ਗੂੜ੍ਹਾ ਹੋ ਜਾਵੇ, ਹਿਰਸ ਦੇ ਸੂਰਜ ਸਵਾ ਕੁ ਨੇਜ਼ੇ ਆ ਜਾਂਦੇ। ਮੰਗਿਆਂ ਵੀ ਨਈਂ ਮਿਲਦੀ ਸਾਨੂੰ ਮੌਤ 'ਮਲੂਕ', ਹਸਦੇ ਚਿਹਰੇ ਧਰਤੀ ਹੇਠ ਸਮਾ ਜਾਂਦੇ।

ਜਦੋਂ ਵੀ ਰੀਝਾਂ ਦਾ ਬਾਗ਼ ਫੁੱਲਿਆ

ਜਦੋਂ ਵੀ ਰੀਝਾਂ ਦਾ ਬਾਗ਼ ਫੁੱਲਿਆ ਤਾਂ ਮੌਸਮਾਂ ਦੇ ਮਜਾਜ ਬਦਲੇ। ਕੌਣ ਸਮਿਆਂ ਦੀ ਵਾਗ ਫੜਕੇ ਕਦੀਮ ਰਸਮੋਂ ਰਵਾਜ ਬਦਲੇ। ਖ਼ਿਜਾਂ ਨੇ ਰੁੱਖਾਂ ਦੇ ਜੁੱਸਿਆਂ ਤੋਂ ਜਾਂ ਸਬਜ਼ ਬਾਣੇ ਦਾ ਨੂਰ ਖੋਹਿਆ, ਤਾਂ ਪੱਤਾ ਪੱਤਾ ਸ਼ਹੀਦ ਹੋਇਐ ਸਿਰਫ਼ ਗੁਲਸ਼ਨ ਦੀ ਲਾਜ ਬਦਲੇ। ਪਰਣ ਤੋੜੇ ਨੇ ਤਨ ਦੇ ਸਾਰੇ ਇਹ ਕਹਿਤ ਕਹਿਰੀ ਨੇ ਕਹਿਰ ਕੀਤਾ, ਕਿ ਮਾਂ ਨੇ ਬੱਚੇ ਵੀ ਵੇਚ ਖਾਧੇ ਨੇ ਦੋ ਦਿਨਾਂ ਦੇ ਅਨਾਜ ਬਦਲੇ। ਮੁਆਸ਼ਰੇ ਵਿਚ ਕੀ ਲੋਭ ਵਾਲੀ ਇਹ ਰੀਤ ਤੁਰ ਪਈ 'ਮਲੂਕ' ਵੇਖੀ, ਗ਼ਰੀਬ ਘਰ ਦੀ ਜਵਾਨ ਬੇਟੀ ਅਜ਼ਾਬ ਬਣ ਗਈ ਏ ਦਾਜ ਬਦਲੇ।

ਓਸਦਾ ਚਿਹਰਾ ਸੀ ਸ੍ਹਾਵੇਂ

ਓਸਦਾ ਚਿਹਰਾ ਸੀ ਸ੍ਹਾਵੇਂ ਮੈਂ ਗ਼ਜ਼ਲ ਲਿਖਦਾ ਰਿਹਾ। ਐਨ ਉਸਦੇ ਹੁਸਨ ਦਾ ਨੇਮ-ਉਲ-ਬਦਲ ਲਿਖਦਾ ਰਿਹਾ। ਇਸ ਤਰ੍ਹਾਂ ਵੀ ਆ ਗਿਆ ਸੀ ਦਰਦ ਤੋਂ ਕੁਝ ਕੁ ਸਕੂਨ, ਮੈਂ ਜਦੋਂ ਕਾਗ਼ਜ਼ 'ਤੇ ਉਹਦਾ ਨਾਮ ਕਲ੍ਹ ਲਿਖਦਾ ਰਿਹਾ। ਡਾਇਰੀ 'ਤੇ ਦਿਨ, ਘੜੀ, ਤਾਰੀਖ਼ ਸਭ ਕੁਝ ਲੀਕਿਆ, ਜੋ ਵੀ ਮਿਲਿਆ ਪਿਆਰ ਦਾ ਮੈਨੂੰ ਏ ਫਲ ਲਿਖਦਾ ਰਿਹਾ। ਬੇਵਫ਼ਾ ਕਹਿ ਕੇ ਬੁਲਾਇਆ ਫੇਰ ਵੀ ਉਹਨੇ 'ਮਲੂਕ', ਮੈੱ ਜਿਦ੍ਹੇ ਨਾਂ ਨੂੰ ਕਲੀ ਲਿਖਿਆ, ਕੰਵਲ ਲਿਖਦਾ ਰਿਹਾ।