Alvida Ton Pehlan : Dr Harbhajan Singh
ਅਲਵਿਦਾ ਤੋਂ ਪਹਿਲਾਂ : ਡਾ. ਹਰਿਭਜਨ ਸਿੰਘ
ਅਲਵਿਦਿਆ ਕਹਿਣ ਤੋਂ ਪਹਿਲਾਂ ਤੁਰ ਜਾਣਾ ਹੈ ਅਪਣਾ ਤਾਂ ਰਸਤਾ ਹੈ ਬਾਕੀ ਬਿਗਾਨਾ ਹੈ ਜੋ ਕੁਝ ਵੀ ਸਾਜਿਆ ਉਸ ਤੋਂ ਕੀ ਆਗਿਆ ਮੇਰਾ ਤੁਰ ਜਾਣਾ ਵੀ ਸਿਰਜਨ ਬਹਾਨਾ ਹੈ ਹੇ ਮੇਰੀ ਜੁਸਤਜੂ ਮੇਰੀ ਤੂੰ ਆਬਰੂ ਜੇਕਰ ਤੂੰ ਸੰਗ-ਸਾਥ ਅਪਣਾ ਜ਼ਮਾਨਾ ਹੈ *** *** ਮੈਂ ਰਾਹਾਂ ਦੀ ਮੰਗਦਾ ਹਾਂ ਖ਼ੈਰ ਰਾਹ ਅਨਾਦੀ ਰਾਹ ਅਨੰਤਾ ਰਾਹ ਨਿਰਭਉ ਨਿਰਵੈਰ ਰਾਹ ਸਤਿਗੁਰ ਜੋ ਮੱਤਾਂ ਦੇਂਦਾ ਕਿਸੇ ਪੜਾਅ ਨਾ ਠਹਿਰ ਠਹਿਰ ਨ ਜਾਈਂ ਤਖ਼ਤ ਹਜ਼ਾਰੇ ਭਾਈ ਕਰਨਗੇ ਵੈਰ ਝੰਗ ਸਿਆਲੀਂ ਹੀਰ ਤੇਰੀ ਨੂੰ ਅਜ ਵੀ ਕਲ੍ਹ ਵੀ ਜ਼ਹਿਰ ਜੁਗ ਜੀਵਨ ਡੰਡੀਆਂ ਪਗਡੰਡੀਆਂ ਤੁਰਨ ਜੋ ਪੈਰੋ ਪੈਰ ਨਾ ਕੋਈ ਏਥੇ ਸਾਕ ਸਰੀਕਾ ਨਾ ਅਪਣਾ ਨਾ ਗ਼ੈਰ ਤੋੜ ਲਟਾਕੇ ਛੱਡ ਛੁਡਾ ਕੇ ਨਿਕਲੀ ਪਹਿਲੇ ਪਹਿਰ ਸੰਗ ਤੇਰੇ ਨਿਤ ਚਿੜੀਆਂ ਚੂਕਣ ਸ਼ਾਮ ਸਵੇਰ ਦੁਪਹਿਰ ਪੈੜ ਤੇਰੀ ਤੇ ਤੁਰਦੀ ਆਊ ਇਸ਼ਕ ਝਨਾਂ ਦੀ ਲਹਿਰ ਆਸੇ ਪਾਸੇ ਸਦਾ ਨਿਥਾਵੇਂ ਦਰਵੇਸ਼ਾਂ ਦਾ ਸ਼ਹਿਰ ਮੈਂ ਰਾਹਾਂ ਦੀ ਮੰਗਦਾ ਹਾਂ ਖ਼ੈਰ *** *** 1 ਮਿਲੋ ਪ੍ਰਭੂ ਜੀ ਹਸਦੇ ਹਸਦੇ ਬਹੁਤ ਵਾਰ ਤੁਸੀਂ ਮਿਲੇ ਅਸਾਨੂੰ ਅੱਥਰੂ ਅੱਥਰੂ ਤਿਪ ਤਿਪ ਡੁਲ੍ਹਦੇ ਛਮ ਛਮ ਵਸਦੇ ਬਹੁਤ ਵਾਰ ਤੁਸੀਂ ਬਹੁਤ ਉਦਾਸੇ ਬਹੁਤ ਇਕੱਲੇ ਮਨ ਦੀ ਵਿਥਿਆ ਮੂਲ ਨ ਦਸਦੇ ਬਹੁਤ ਵਾਰ ਹੋ ਧਰਮ-ਖੇਤ ਵਲ ਜਾਂਦੇ ਡਿੱਠੇ ਤੇ ਫਿਰ ਧਰਮ-ਖੇਤ 'ਚੋਂ ਨਸਦੇ ਬਹੁਤ ਵਾਰ ਤੁਸੀਂ ਕ੍ਰੋਧਵਾਨ ਹੋ ਫਣੀਅਰ ਕਾਲੇ ਆਸੇ ਪਾਸੇ ਡਸਦੇ ਡਸਦੇ ਬਹੁਤ ਵਾਰ ਤੁਸੀਂ ਚਿੜੀ ਗੁਲੇਲਾ ਖਾ ਕੇ ਡਿੱਗੇ ਮੌਤ ਅਞਾਈਂ ਦੇ ਵਿਚ ਫਸਦੇ ਕਦੋਂ ਮਿਲੋਗੇ ਚਾਨਣ-ਚਾਨਣ ਡੁਲ੍ਹਦੇ ਡੁਲ੍ਹਦੇ ਮਿਹਰ ਸਰੂਪੀ ਵਸਦੇ ਵਸਦੇ ਹਸਦੇ ਹਸਦੇ 2 ਕੌਣ ਵਡਾ ਤੂੰ ਲਭ ਜੀ ਲਭ ਜੀ ਬਹੁਤ ਵਡਾ ਮੇਰਾ ਦੁਖ ਜੀ ਦੁਖ ਜੀ ਬਹੁਤ ਵਡਾ ਕਹਿੰਦੇ ਰੱਬ ਜੀ ਰੱਬ ਜੀ ਕੌਣ ਵਡਾ ਤੂੰ ਲਭ ਜੀ ਲਭ ਜੀ ਦੁਖ ਜੀ ਉਪਜੇ ਰੱਬ ਜੀ ਧਿਆਵਾਂ ਦੁਖ ਬਿਣਸੇ ਰੱਬ ਨੂੰ ਭੁਲ ਜਾਵਾਂ ਦੁਖ ਜੀ ਰੱਬ ਜੀ ਜੌੜੇ ਭਾਈ ਕੌ ਣ ਵਡਾ ਕੁਝ ਕਹਿਣ ਨ ਜਾਈ ਇਕ ਮੂਰਤ ਇਕ ਸੂਰਤ ਛਬ ਜੀ ਕੌਣ ਵਡਾ ਤੂੰ ਲਭ ਜੀ ਲਭ ਜੀ ਅੱਖੀਆਂ 'ਚੋਂ ਜਦ ਦੁਖ ਜੀ ਚੋਵੇ ਬੁਲ੍ਹੀਆਂ 'ਚ ਰੱਬ ਜੀ ਹਾਜ਼ਰ ਹੋਵੇ ਭਉ ਤੇ ਨਿਰਭਉ ਦੋਵੇਂ ਸੰਗੀ ਦੂਹਰੀ ਵਸਤ ਮਿਲੇ ਬਿਨ ਮੰਗੀ ਜਿਥੇ ਜਿਥੇ ਦੁਖ ਜੀ ਉਥੇ ਉਥੇ ਪ੍ਰਭ ਜੀ ਕੌਣ ਵਡਾ ਤੂੰ ਲਭ ਜੀ ਲਭ ਜੀ ਹੇ ਮੇਰੇ ਦੁਖ ਜੀ ਪ੍ਰਭ ਜੀ ਹੋਵੋ ਮਿੱਟੀ ਮੇਰੀ ਨੂੰ ਮਲ ਮਲ ਧੋਵੋ ਪ੍ਰਭ ਜੀ ਹੋ ਕੇ ਜੇ ਕੋਈ ਪੀਵੇ ਦੁਖ ਦਾ ਸਾਗਰ ਅੰਮਿ੍ਤ ਥੀਵੇ ਮੈਂ ਕਾਹਦਾ ਦੁਖੀਆ ਦੁਖੀਆ ਸਭ ਜੀ ਕੌਣ ਵਡਾ ਤੂੰ ਲਭ ਜੀ ਲਭ ਜੀ 3 ਵਾਹ ਪ੍ਰਭ ਨਰਕਾਂ ਸੁਰਗਾਂ ਵਾਲੇ ਸੁਰਗ ਤਾਂ ਤੇਰਾ ਅਜੇ ਨ ਬਣਿਆ ਨਰਕ ਹਮੇਸ਼ਾ ਆਲੇ-ਦੁਆਲੇ ਉਹ ਵੀ ਸੁਣਿਐ ਅੱਧ-ਅਧੂਰਾ ਕੁਝ ਬਣਿਆ ਕੁਝ ਬਣਨਾ ਹਾਲੇ ਸਾਡੀ ਖ਼ਾਤਰ ਅਕਲ ਬਣਾਈ ਅਕਲਾਂ ਨੂੰ ਜੜ ਦਿੱਤੇ ਤਾਲੇ ਅੰਦਰ ਅਕਲਾਂ ਬਾਹਰ ਤਾਲੇ ਬੰਦਾ ਦੋਹਾਂ ਵਿਚ ਵਿਚਾਲੇ ਅੰਦਰ ਬਾਹਰ ਦੋਵੇਂ ਤੇਰੇ ਵਿਚ ਵਿਚਾਲੇ ਕੌਣ ਹਵਾਲੇ ਅੰਤਰਜਾਮੀ ਬਾਹਰਜਾਮੀ ਮਾਨੁਖਜਾਮੀ ਬਣੋ ਦਿਆਲੇ ਨਿਰਭਉ ਦੇ ਵੀ ਭਉ ਵਿਚ ਰਹੀਏ ਦੁਖ ਸਹੀਏ ਸ਼ੁਕਰਾਨਾ ਕਹੀਏ ਹੇ ਨਿਰਵੈਰ ਤੁਹਾਡੀ ਖ਼ਾਤਰ ਕਾਹਨੂੰ ਵੈਰ ਜੁਗਾਂ ਨੇ ਪਾਲੇ 4 ਸਿਮਰੋ ਸਿਮਰ ਸਿਮਰ ਪ੍ਰਭ ਦੁਖੀਆ ਸੋ ਮੇਰਾ ਪ੍ਰਭ ਹੋ ਨਹੀਂ ਸਕਦਾ ਸਰਬ ਦੂਖ ਵਿਚ ਜਿਹੜਾ ਸੁਖੀਆ ਦੁੱਖ ਅਨਾਦੀ ਦੁੱਖ ਅਨੰਤਾ ਹੈ ਭੀ ਹੋਸੀ ਦੁਖ ਭਗਵੰਤਾ ਆਪੇ ਦੁਖ ਦੁਖੀਆ ਵੀ ਆਪੇ ਆਪ ਅਗਨ ਵਿਚ ਆਪੇ ਧੁਖੀਆ ਚਾਨਣ ਵਿਚ ਜੋ ਦੀਵਾ ਬਲਦਾ ਸੋ ਪ੍ਰਭ ਨਾਹੀ ਮੇਰੇ ਵਲ ਦਾ ਚਹੁੰ-ਕੂੰਟੀਂ ਚੌਤਰਫ਼ ਹਨੇਰੇ ਵਿਚ ਜਗ-ਮਗ ਪ੍ਰਭ ਜੀ ਚੌਮੁਖੀਆ 5 ਸੋਹਣੀ ਸੋਹਣੀ ਰਚਨਾ ਪ੍ਰਭ ਜੀ ਸੋਹਣੀ ਸੋਹਣੀ ਰਚਨਾ ਸੋਹਣਾ ਮਨ ਸੋਹਣੇਰੀ ਕਰਨੀ ਸੋਹਣੇ ਸੋਹਣੇ ਬਚਨਾ ਸੋਹਣੇ ਬੋਲ ਖ਼ਮੋਸ਼ੀ ਸੋਹਣੀ ਨਾ-ਸੋਹਣਾ ਕੋਈ ਸੱਚ ਨਾ ਡਾਲੀ ਡਾਲੀ ਜੋ ਫੁਲ ਖਿੜਿਆ ਜੂੜੇ ਜੂੜੇ ਮਚਣਾ ਤੂੰ ਬਹੁਰੂਪੀ ਸਗਲ ਸਰੂਪੀ ਤੂੰ ਹਰ ਥਾਈਂ ਜਚਣਾ ਨਿੱਕੇ ਨਿੱਕੇ ਪਾਣੀ ਨਿੱਕੀ ਨਿੱਕੀ ਪੌਣੇ ਨਚਣਾ ਪ੍ਰਭ ਜੀ ਨਚਣਾ 6 ਚਲ ਖ਼ੁਸ਼ਬੋਏ ਹੁਣ ਹੋਰ ਕਿਤੇ ਚੱਲੀਏ ਬਹੁਤ ਚਿਰ ਬੈਠ ਲਿਆ ਹੁਣ ਏਥੋਂ ਹੱਲੀਏ ਕਿਹਦੀਆਂ ਉਡੀਕਾਂ ਏਥੇ ਕਿਸੇ ਨਹੀਉਂ ਆਵਣਾ ਕੱਲਿਆਂ ਦੀ ਜੂਨ ਉਠ ਭੋਗ ਲੈ ਨੀ ਕੱਲੀਏ ਹਉਕੇ ਵਾਂਗੂੰ ਉੱਠ ਜਾ ਤੇ ਹੰਝੂ ਹੋ ਕੇ ਡੁਲ੍ਹ ਜਾ ਤੂੰਬਾ ਤੂੰਬਾ ਟੁਟਦੀ ਜਾ ਬੈਠ ਨਾ ਨਿਚੱਲੀਏ ਥਾਵਾਂ ਵਾਲੇ ਥਾਓਂ ਥਾਈਂ ਏਥੇ ਬੈਠੇ ਰਹਿਣਗੇ ਅਸੀਂ ਤਾਂ ਨਿਥਾਵੇਂ ਐਵੇਂ ਥਾਵਾਂ ਕਾਹਨੂੰ ਮੱਲੀਏ ਦੂਰ ਜਦੋਂ ਕੋਈ ਦੁਖੀ ਹੋਵੇ ਵਾਜਾਂ ਮਾਰਦਾ ਆਪ ਤੁਰ ਜਾਈਏ ਕਿਸੇ ਹੋਰ ਨੂੰ ਨ ਘੱਲੀਏ 7 ਜਿਸ 'ਲੇ ਸੁਣਿਆ ਸਾਡੇ ਹਰਿ ਜੀ ਅੱਜ ਕਲ੍ਹ ਨੂੰ ਤੁਰ ਜਾਣਾ ਹੈ ਗੋਸ਼ੇ ਗੋਸ਼ੇ ਹੋਈ ਚਿਰਾਗਾਂ ਜਗਮਗ ਜੋਤ ਜ਼ਮਾਨਾ ਹੈ ਕਲ੍ਹ ਰਾਤੀਂ ਤਾਂ ਉਇ ਅੱਗ ਵਾਲੇ ਤੇਰੀ ਲੋੜ ਸੀ ਤੂੰ ਬਲਿਆ ਅੱਜ ਉਸ ਦਾ ਵਾਰਾ ਪਹਿਰਾ ਹੈ ਜਿਸ ਨੇ ਦੀਪ ਬੁਝਾਣਾ ਹੈ ਅਪਣੇ ਮਨ ਦੀ ਇਕ ਮੂਰਤ ਸੀ ਮੰਦਰ 'ਚੋਂ ਲੈ ਆਏ ਹਾਂ ਸੁਣਿਐ ਜਿੱਥੇ ਬੁਤਖ਼ਾਨਾ ਸੀ ਹੁਣ ਓਥੇ ਮੈਖ਼ਾਨਾ ਹੈ ਆਏ ਸਾਂ ਜਗ ਜਸ਼ਨ ਜਿਹਾ ਸੀ ਰੌਣਕ ਸੀ ਦਿਲਦਾਰਾਂ ਦੀ ਜਾਣ ਸਮੇਂ ਮਹਿਫ਼ਿਲ ਦਿਲਖ਼ਾਰਾਂ ਵਿਚ ਸਾਡਾ ਅਫ਼ਸਾਨਾ ਹੈ ਬੋਲ ਕਬੋਲ ਜੋ ਨਾਲ ਅਸਾਡੇ ਹਮਰਾਹੀ ਹੋ ਤੁਰਿਆ ਸੀ ਵਿਦਿਆ ਵੇਲੇ ਕੀ ਪੁਛਣਾ ਏਂ ਅਪਣਾ ਜਾਂ ਬੇਗਾਨਾ ਹੈ ਅਪਣੀ ਪਿੱਠ ਤੇ ਲਿਖੀ ਇਬਾਰਤ ਅਪਣੇ ਮੂੰਹੋਂ ਪੜ੍ਹਦਾ ਚਲ ਇਹ ਤੇਰੀ ਕਰਨੀ ਦੀ ਭਰਨੀ ਮਿਹਨਤ ਦਾ ਇਵਜ਼ਾਨਾ ਹੈ ਗ਼ੈਰਾਂ ਨੇ ਵੈਰਾਂ ਨੇ ਮਿਲ ਕੇ ਕੈਸੀ ਕਲਾ ਵਿਖਾਈ ਹੈ ਮਾਤਮ ਨੂੰ ਮੁਸਕਾਨਾਂ ਆਈਆਂ ਸੋਗ ਵਜੇ ਸ਼ਦਿਆਨਾ ਹੈ ਜਾਂਦੀ ਵਾਰੀਂ ਕਿਰਤਘਣਾਂ ਦੀ ਝੋਲ ਅਸੀਸਾਂ ਪਾ ਕੇ ਜਾ ਉਇ ਦੀਵਾਨੇ ਕੀ ਹੋਇਆ ਜੇ ਆਖਣਗੇ ਦੀਵਾਨਾ ਹੈ 8 ਚੱਲੋ ਹਰਿ ਜੀ ਦੇਸ ਨੂੰ ਚਲੀਏ ਧੁਰੋਂ ਬੁਲਾਵਾ ਆਇਆ ਹੈ ਜਿਸ ਨੂੰ ਸੁਣ ਕੇ ਸਾਥੋਂ ਪਹਿਲਾਂ ਨਚ ਉਠਿਆ ਹਮਸਾਇਆ ਹੈ ਕਿਸ ਆਸਣ 'ਤੇ ਬੈਠੇ ਜਿਸ ਦੇ ਦਾਹਵੇਦਾਰ ਹਜ਼ਾਰਾਂ ਨੇ ਕੋਈ ਇਕੱਲਾ ਰਸਤਾ ਹੈ ਜੋ ਰਾਹੀ ਬਿਨ ਉਦਰਾਇਆ ਹੈ ਉਪਹਾਸਾ ਭਾਵੇਂ ਕੌੜਾ ਹੈ ਕਾਲਾ ਹੈ ਪਰ ਹਾਸਾ ਹੈ ਆਖਣਗੇ ਹਸਦੀ ਦੁਨੀਆਂ ਨੂੰ ਛਡ ਕੇ ਕੋਈ ਸਿਧਾਇਆ ਹੈ ਦੀਵਾ ਬਾਲ ਕੇ ਧਰ ਜਾ ਇਸ ਦੇ ਬੁਝ ਜਾਵਣ ਦਾ ਗ਼ਮ ਨਾ ਲਾ ਸਮਝ ਲੈਣਗੇ ਕਿਸੇ ਜਗਾਇਆ ਸੀ ਜੋ ਕਿਸੇ ਬੁਝਾਇਆ ਹੈ ਰਾਤ ਪਈ ਕੁਲ ਸਕੇ ਸਨੇਹੀ ਰੋ ਧੋ ਕੇ ਸੌਂ ਚੱਲੇ ਨੇ ਪਰ ਇਕ ਗ਼ੈਰ ਨਹੀਂ ਸੌਂਦਾ ਜੋ ਸੁਣਿਆ ਤੁਸਾਂ ਜਗਾਇਆ ਹੈ 9 ਨੀ ਮੋਈਏ ਭੁੰਨ ਦੇ ਫ਼ਕੀਰਾਂ ਦੇ ਦਾਣੇ ਫਕਰਾਂ ਨਾਲ ਨ ਝੇਡਾਂ ਕਰੀਏ ਫਕਰ ਤਾਂ ਆਉਣੇ ਜਾਣੇ ਅਹਿ ਜਿਹੜੇ ਵਾਰੀਓ ਵਾਰੀ ਬੈਠੇ ਇਹਨਾਂ ਤਾਂ ਘਰੀਂ ਲਿਜਾਣੇ ਅਸਾਂ ਫ਼ਕੀਰਾਂ ਹੁਣੇ ਭੁੰਨਾ ਕੇ ਏਥੇ ਵੰਡ ਵੰਡ ਖਾਣੇ ਸੁੰਨ ਸਰਾਂ ਤਕ ਸਾਡੇ ਪੈਂਡੇ ਰਸਤੇ ਨੀ ਬਹੁਤ ਬਿਗਾਨੇ ਵਕਤ ਨ ਸਾਡਾ ਕੋਲ ਨ ਸਾਡੇ ਬੈਠਣ ਜੋਗ ਬਹਾਨੇ ਵਸਦੇ ਰਹਿਣ ਤੇਰੇ ਮਹਿਲ ਮੁਹੱਲੇ ਨਾਲੇ ਗਾਹਕ ਪੁਰਾਣੇ ਤੋਰ ਫ਼ਕੀਰਾਂ ਇਨ੍ਹਾਂ ਹਕੀਰਾਂ ਅਉਸਰ ਜਿਨ੍ਹਾਂ ਵਿਹਾਣੇ ਨਾ ਮੋਈਏ ਅਸੀਂ ਸੁਘੜ ਸਿਆਣੇ ਨਾ ਅਸੀਂ ਨਿਪਟ ਅਞਾਣੇ ਨਾ ਅਸੀਂ ਜੋਗ ਅਜੋਗ ਵੀ ਨਾਹੀਂ ਲੋਕ ਦੇਣੀਗੇ ਤਾਹਨੇ ਭੁੰਨ ਦੇ ਫ਼ਕੀਰਾਂ ਦੇ ਦਾਣੇ ਫਕਰਾਂ ਨਾਲ ਨ ਝੇਡਾਂ ਕਰੀਏ ਫਕਰ ਤਾਂ ਆਉਣੇ ਜਾਣੇ 10 ਓਸ ਗਲੀ 'ਚੋਂ ਲੰਘ ਫ਼ਕੀਰਾ ਜਿਥੇ ਭੌਂਕਣ ਕੁੱਤੇ ਕੁੱਤਿਆਂ ਤਾਈਂ ਮੂਲ ਨ ਨਿੰਦੀਏ ਕੁੱਤੇ ਸਾਥੋਂ ਉੱਤੇ ਕੁੱਤਿਆਂ ਫਕਰਾਂ ਸੰਗ ਚਿਰੋਕਾ ਹਰ ਮੌਸਮ ਹਰ ਰੁੱਤੇ ਦੁਨੀਆਂ ਸੌਂ ਗਈ ਤੇਰੀ ਖ਼ਾਤਰ ਕੁੱਤੇ ਅਜੇ ਨ ਸੁੱਤੇ ਸਾਥੋਂ ਉੱਤੇ ਚਲ 'ਕੱਲਿਆ ਤੈਨੂੰ ਕਿਸੇ ਨ ਝੱਲਿਆ ਲੋਕੀਂ ਤਾਂ ਐਸ਼ ਵਿਗੁੱਤੇ ਪਿੰਡੋਂ ਬਾਹਰ ਛੱਡਣ ਆਏ ਕੁੱਤੇ ਧੂੜਾਂ ਲੁੱਤੇ ਸਾਥੋਂ ਉੱਤੇ ਜਿਸ ਮੌਲਾ ਨੇ ਕਮਲੀ ਦਿੱਤੀ ਹੱਥੀਂ ਤੇਰੇ ਉੱਤੇ ਓਸੇ ਮੌਲਾ ਤੇਰੇ ਪਿੱਛੇ ਲਾਏ ਕਮਲੇ ਕੁੱਤੇ ਸਾਥੋਂ ਉੱਤੇ ਓਸ ਗਲੀ 'ਚੋਂ ਲੰਘ ਫ਼ਕੀਰਾ ਜਿਥੇ ਭੌਂਕਣ ਕੁੱਤੇ ਕੁੱਤਿਆਂ ਤਾਈਂ ਮੂਲ ਨ ਨਿੰਦੀਏ ਕੁੱਤੇ ਸਾਥੋਂ ਉੱਤੇ 11 ਕਾਲੀ ਰਾਤੀਂ ਕਿਤੇ ਕਤੂਰਾ ਹੌਲੀ ਹੌਲੀ ਟੌਂਕੇ ਉਡਦਾ ਆਇਆ ਪੱਛ ਪੁਰਾਣਾ ਪਿੰਡੇ ਚਿਣਗ ਤਰੌਂਕੇ ਦੂਰ ਵਣਾਂ ਵਿਚ ਮੁਸ਼ਕੀ ਸਪਣੀ ਹਾਣੀ ਬਾਝ ਨਿਤਾਣੀ ਇੱਕੋ ਅੰਨ੍ਹਾ ਡੰਗ ਚਲਾਏ ਨ੍ਹੇਰੇ ਤੇ ਭਉਂ-ਚਉਂ ਕੇ ਪੀੜ ਤਾਂ ਮੇਰੀ ਨਿਤ ਕਹਿੰਦੀ ਏ ਮੈਂ ਪੇਕੇ ਤੁਰ ਜਾਣੈ ਉਹੀਓ ਸੂਰਜ ਧੁਖੇ ਸਿਰ੍ਹਾਣੇ ਜਦ ਉਠਦਾ ਹਾਂ ਸੌਂ ਕੇ 12 ਪੀੜ ਮੇਰੀ ਨੇ ਆਖਿਆ ਹੋਣੈ ਕੱਲ੍ਹ ਵਿਦਾ ਤੇਰਾ ਕੀਕਣ ਹੋਇਗਾ ਮੇਰੇ ਬਾਝ ਨਿਭਾਹ ਚੁੱਲ੍ਹਾ ਤੇਰਾ ਸੱਖਣਾ ਨੰਗ ਮੁਨੰਗ ਪਿਆ ਬਿਨ ਬਾਲਣ ਬਿਨ ਲਾਟ ਦੇ ਦੇਵੇ ਕੌਣ ਭਖਾ ਤਪਦੇ ਥਲ ਦੇ ਹਾਣ ਦਾ ਸਜਰਾ ਟੁੱਕ ਪਕਾ ਕੌਣ ਕਹੇ ਵੇ ਦਰਦੀਆ ਮੈਂ ਖਾਵਾਂ ਤੂੰ ਖਾਹ ਨਾਲ ਤਿਰੇ ਕਿਹੜਾ ਤੁਰੇ ਬਲਦੇ ਸਿਵੇ ਜਿਹਾ ਸਿਰ ਤੇ ਸੂਰਜ ਕੂਕਦਾ ਪੈਰੀਂ ਭਖੜਾ ਰਾਹ ਮੇਰੇ ਬਾਝੋਂ 'ਕੱਲਿਆ ਤੇਰਾ ਕੌਣ ਖ਼ੁਦਾ ਪੀੜ ਮੇਰੀ ਨੇ ਆਖਿਆ ਹੋਣੈ ਕਲ੍ਹ ਵਿਦਾ 13 ਕੈਸੀ ਵਿਦਿਆ ਕੈਸੇ ਦਰਸ਼ਨ ਖਿਮਾ ਕਰੋ ਮਾਹਰਾਜ ਇਕ ਚੁਪ ਤੇਰੀ ਇਕ ਚੁਪ ਮੇਰੀ ਜੀਵੰਦਿਆਂ ਦੀ ਸਾਂਝ ਇਕ ਚੁਪ ਤੇਰੀ ਇਕ ਚੁਪ ਮੇਰੀ ਮਰਨ ਸਮੇਂ ਦੀ ਲਾਜ ਖਿਮਾ ਕਰੋ ਮਾਹਰਾਜ ਅਪਣੇ ਤੋਂ ਅਪਣੇ ਤਕ ਅਪਣੇ ਮਹਿਰਮ ਦੀ ਆਵਾਜ਼ ਦਰਿਆਵਾਂ ਦਾ ਪਾਣੀ ਬਾਝੋਂ ਕਿਹੜਾ ਦਰਦ ਇਲਾਜ ਖਿਮਾ ਕਰੋ ਮਾਹਰਾਜ ਚਿੜੀਆਂ ਤਾਂ ਚੰਬੇ ਵਿਚ ਉਡਣਾ ਕਾਗਾਂ ਦੇ ਸੰਗ ਕਾਗ ਚੰਗਿਆੜੇ ਨੇ 'ਕੱਲਿਆਂ ਉਡਣਾ 'ਕੱਲਿਆਂ ਹੀ ਸ਼ਾਹਬਾਜ਼ ਖਿਮਾ ਕਰੋ ਮਾਹਰਾਜ 14 ਕਦੀ ਕਦੀ ਮਨ ਪਰਦੇਸੀ ਹੋਏ ਨਿੰਮਾ ਨਿੰਮਾ ਸੋਚੇ ਤੇ ਨਿੰਮਾ ਲੋਚੇ ਨਿੰਮਾ ਨਿੰਮਾ ਤੁਰਦਾ ਏ ਨਿੰਮੀ ਨਿੰਮੀ ਲੋਏ ਹਾਸੀ ਤੇ ਉਦਾਸੀ ਦੋਵੇਂ ਫਿੱਕੇ ਫਿੱਕੇ ਲਗਦੇ ਕਾਹਨੂੰ ਕੋਈ ਹਸਦਾ ਏ ਕਾਹਨੂੰ ਕੋਈ ਰੋਏ ਨਿੱਕੀ ਨਿੱਕੀ ਉਮਰਾ ਦੇ ਵੱਡੇ ਵੱਡੇ ਸੁਪਨੇ ਹੁੰਦੇ ਹੁੰਦੇ ਹੋ ਗਏ ਸੱਭੇ ਅਣਹੋਏ ਸੋਹਣੇ ਸੋਹਣੇ ਮਿੱਤਰਾਂ ਦੇ ਸੱਚੇ ਸੁੱਚੇ ਵਾਅਦੇ ਅੱਧੋਂ ਘਟ ਜੀਉਂਦੇ ਨੇ ਅਧੋਂ ਵਧ ਮੋਏ ਇਕ ਚੰਨ ਚਾੜ੍ਹਿਆ ਸੀ ਓਹ ਨਹੀਂ ਦਿੱਸਦਾ ਲੱਖਾਂ ਤਾਰੇ ਦਿਸਦੇ ਨੇ ਜਿਹੜੇ ਸੀ ਲੁਕੋਏ ਪੈਰਾਂ ਹੇਠ ਧਰਤੀ ਵੀ ਹੌਲੀ ਹੌਲੀ ਸਰਕੇ ਧਰਤੀ ਤੋਂ ਪਰ੍ਹਾਂ ਬੰਦਾ ਕਿਥੇ ਜਾ ਖਲੋਏ 15 ਜੀ ਨਾ ਦੁਖੇ ਤਾਂ ਸਾਨੂੰ ਯਾਦ ਕਰਨਾ ਸਾਡਾ ਕੀ ਕਸੂਰ ਸਾਨੂੰ ਪਿਆ ਮਰਨਾ ਜੂਨ ਤੇਰੀ ਬਾਗ਼ ਸਾਡੀ ਜੂਨ ਹਰਨਾ ਹੁਣ ਤੇਰੇ ਬੰਨੇ ਅਸੀਂ ਨਹੀਉਂ ਚਰਨਾ ਸੱਥ ਉੱਤੇ ਬੈਠੇ ਤੁਸੀਂ ਕਾਹਨੂੰ ਚੁਪ ਜੇ ਕੀਤਾ ਅਣਕੀਤਾ ਅਸੀਂ ਸੱਭੇ ਭਰਨਾ ਗੋਸ਼ੇ ਗੱਲਾਂ ਕਰਦੇ ਵੀ ਤੁਸੀਂ ਡਰਦੇ ਅਸੀਂ ਤਾਂ ਨਗੋਸ਼ੇ ਸਾਨੂੰ ਕੋਈ ਡਰ ਨਾ ਤੇਰੇ ਤੇ ਨਤੇਰੇ ਜਗ ਇੱਕੋ ਜਿਹੇ ਨੇ ਇਹ ਵੀ ਅਸਾਂ ਜਰਿਆ ਤੇ ਉਹ ਵੀ ਜਰਨਾ ਭਉਜਲਾ ਜੇ ਪਾਣੀ ਹੁੰਦਾ ਡੁਬ ਤਰਦੇ ਤੇਰੇ ਮਾਰੂਥਲਾਂ ਵਿਚ ਕੀਹਨੇ ਤਰਨਾ ਥਾਵਿਆਂ ਨਥਾਵਿਆਂ ਦਾ ਮੇਲ ਕੋਈ ਨਾ ਤੁਸੀਂ ਘਰਾਂ ਵਾਲੇ ਸਾਡਾ ਕੋਈ ਘਰ ਨਾ 16 ਦੋ ਚਾਰ ਸਫ਼ੇ ਦਰਦਾਂ ਨੇ ਲਿਖੇ ਬਾਕੀ ਹਰ ਪਤਰਾ ਖ਼ਾਲੀ ਹੈ ਹੁਣ ਕੌਣ ਲਿਖੇਗਾ ਬਾਕੀ ਨੂੰ ਇਹ ਪੀੜ ਤਾਂ ਮੁੱਕਣ ਵਾਲੀ ਹੈ ਨਾ-ਹੋਵਣ ਤੋਂ ਨਾ-ਹੋਵਣ ਤਕ ਕਿੱਸਾ ਸੀ ਪਲ ਛਿਣ ਹੋਵਣ ਦਾ ਦੋ ਚਾਰ ਕਦਮ ਹੀ ਅਸਾਂ ਮਸਾਂ ਸਾਹਾਂ ਦੀ ਬੱਤੀ ਬਾਲੀ ਹੈ ਇਸ ਖੁਰਦੀ ਭਰਦੀ ਝਜਰੀ ਵਿਚ ਮੂੰਹ ਜ਼ੋਰ ਹੜ੍ਹਾਂ ਦਾ ਪਾਣੀ ਸੀ ਓਥੋਂ ਤਕ ਰੁੜ੍ਹਦੀ ਲੈ ਆਏ ਜਿਥੋਂ ਤਕ ਈ ਸੰਭਾਲੀ ਹੈ ਇਸ ਧੁਖਦੀ ਬੁਝਦੀ ਦੁਨੀਆਂ ਵਿਚ ਇਕ ਜਗਦਾ ਮਘਦਾ ਮੁਖੜਾ ਸੀ ਇਸ ਗੂੜ੍ਹ ਹਨੇਰੇ ਅੰਦਰ ਵੀ ਉਹ ਦੇਂਦਾ ਅਜੇ ਵਿਖਾਲੀ ਹੈ ਹੁਣ ਦੂਰ ਸਰਾਂ ਨੂੰ ਜਾਣਾ ਹੈ ਜੋ ਪਾਣੀ ਬਾਝ ਪਿਆਸੇ ਨੇ ਤੇ ਉਸ ਅੰਬਰ ਤੇ ਚੜ੍ਹਨਾ ਹੈ ਜੋ ਸੂਰਜ ਲਈ ਸੁਆਲੀ ਹੈ 17 ਦੁਨੀਆਂ ਵਿਚ ਜੋ ਵੀ ਆਇਆ ਹੈ ਦੁਨੀਆਂ ਤੋਂ ਕੀਕਣ ਜਾਵੇਗਾ ਕੁਝ ਮਿੱਟੀ ਵਿਚ ਕੁਝ ਪੌਣਾਂ ਵਿਚ ਕੁਝ ਜੋਤਾਂ ਵਿਚ ਸਮਾਵੇਗਾ ਕਲ੍ਹ ਪੌਣਾਂ ਵਿਚ ਜੋ ਮਹਿਕੇਗਾ ਉਸ ਵਿਚ ਕੁਝ ਮੈਂ ਵੀ ਹੋਵਾਂਗਾ ਉਸ ਨਾਲ ਵੀ ਮੇਰਾ ਰਿਸ਼ਤਾ ਹੈ ਜੋ ਸੀਨੇ ਚੋਭ ਚੁਭਾਵੇਗਾ ਅਜ ਜਿਹੜਾ ਸੂਰਜ ਡੁਬਿਆ ਹੈ ਕਲ੍ਹ ਓਸੇ ਸੂਰਜ ਚੜ੍ਹਣਾ ਹੈ ਚਿੱਟੇ ਦਿਨ ਜਿਸ ਨੂੰ ਕੋਹਿਆ ਜੋ ਉਹ ਨੀਂਦਰ ਵਿਚ ਬਰੜਾਵੇਗਾ ਮੱਥੇ ਤੇ ਲੇਖ ਜੋ ਲਿਖਿਆ ਸੀ ਉਸ ਤਾਈਂ ਪਏ ਮਿਟਾਉਂਦੇ ਹੋ ਪਿੱਠ ਤੇ ਜੋ ਲਿਖਿਆ ਲੇਖ ਤੁਸਾਂ ਉਸ ਤਾਈਂ ਕੌਣ ਮਿਟਾਵੇਗਾ ਅੱਗ ਵਾਂਗ ਬਲੇ ਤਾਂ ਬਹੁਤ ਦੁਖੇ ਬਲ ਕੇ ਜੇ ਬੁਝੇ ਤਾਂ ਹੋਰ ਦੁਖੇ ਦੁਖ ਤੋਂ ਦੁਖ ਤੀਕਰ ਆਪਣੀ ਥਾਂ ਇਸ ਥਾਓਂ ਕੌਣ ਉਠਾਵੇਗਾ ਮਿੱਟੀ ਵਿਚ ਜੀ ਕੇ ਵੇਖ ਲਿਆ ਹੁਣ ਜੀਭ ਜੀਭ ਤੇ ਜੀਣਾ ਹੈ ਜੁਗ ਜੀਵੇ ਬੋਲ ਸ਼ਰੀਕਾਂ ਦਾ ਜੋ ਸਾਨੂੰ ਜੀਭ ਵਸਾਵੇਗਾ 18 ਕਿਸ ਦੀ ਕਹਾਣੀ ਰੌਸ਼ਨ ਰੌਸ਼ਨ ਅਗ ਬਲਦੀ ਏ ਵਿਹੜੇ ਵਿਹੜੇ ਕੌਣ ਕਿਸੇ ਦੀ ਖ਼ਾਤਰ ਜਗਦੇ ਦੁਖਦੇ ਧੁਖਦੇ ਕਿਹੜੇ ਕਿਹੜੇ ਹੋ-ਸਕਣੇ ਇਲਜ਼ਾਮ ਨੇ ਜਿਹੜੇ ਉਹ ਤਾਂ ਅਪਣੇ ਸਕੇ ਸਨੇਹੀ ਉਹ ਵੀ ਕੁਝ ਅਪਣੇ ਲਗਦੇ ਨੇ ਨਾ-ਹੋ-ਸਕਣੇ ਜਿਹੜੇ ਜਿਹੜੇ ਮੱਥੇ ਵਿਚ ਜੋ ਜਗਮਗ ਤਾਰਾ ਰਾਂਝਣ ਯਾਰ ਨਸੀਬ ਆਪਣਾ ਤਲੀਆਂ ਵਿਚ ਜੋ ਲੂਸਣ ਲੀਕਾਂ ਅਪਣੇ ਕੈਦੋਂ ਅਪਣੇ ਖੇੜੇ ਆਪਣਿਆਂ ਨਾ-ਆਪਣਿਆਂ ਵਿਚ ਕਿੰਨੀ ਕੁ ਦੂਰੀ ਕਿੰਨਾ ਕੁ ਨੇੜਾ ਉਹੀਓ ਦੂਰ ਦੂਰ ਲਗਦੇ ਨੇ ਜੋ ਦਿਸਦੇ ਨੇ ਨੇੜੇ ਨੇੜੇ ਏਸ ਜਹਾਨੀ ਔਸ ਜਹਾਨੀ ਰੌਸ਼ਨ ਅਪਣੀ ਦਰਦ ਕਹਾਣੀ ਏਸ ਜਨਮ ਜੋ ਦਰਦ ਸਹੇੜੇ ਕਿਸੇ ਜਨਮ' ਨਾ ਜਾਣ ਨਿਬੇੜੇ 19 ਜਲਣਾ ਨਹੀਂ ਹੈ ਦੋਸਤਾ ਪਰਵਾਨਿਆਂ ਦੇ ਵਾਂਗ ਰਹਿਣਾ ਏਂ ਤੇਰੇ ਸ਼ਹਿਰ ਵਿਚ ਬੇਗਾਨਿਆਂ ਦੇ ਵਾਂਗ ਪੱਥਰ ਤੇਰੇ ਤੇ ਲੀਕ ਹੋ ਟਿਕਣਾ ਨਹੀਂ ਅਸਾਂ ਤੁਰਨਾ ਏਂ ਜੀਭ ਜੀਭ ਤੇ ਅਫ਼ਸਾਨਿਆਂ ਦੇ ਵਾਂਗ ਅਪਣਾ ਜੇ ਨਾਸ਼ਨਾਸ ਏ ਸਾਨੂੰ ਨਹੀਂ ਗਿਲਾ ਮਿਲਦਾ ਏ ਕੋਈ ਗ਼ੈਰ ਵੀ ਪਹਿਚਾਨਿਆਂ ਦੇ ਵਾਂਗ ਦਿਲ ਵਾਲਿਆਂ ਦੇ ਵਾਂਗ ਤੂੰ ਮਿਲਿਆ ਨਹੀਂ ਕਦੀ ਤੈਨੂੰ ਕਿਉਂ 'ਵਾਜ ਮਾਰੀਏ ਦੀਵਾਨਿਆਂ ਦੇ ਵਾਂਗ ਦਿਲਦਾਰ ਨਹੀਂ ਦਿਲਦਰਦ ਨਹੀਂ ਦਿਲ ਦੀ ਦਵਾ ਨਹੀਂ ਸਜੀਆਂ ਨੇ ਯਾਰੋ ਮਹਿਫ਼ਿਲਾਂ ਵੀਰਾਨਿਆਂ ਦੇ ਵਾਂਗ ਇਕ ਵਾਰ ਨੈਣੋ ਨੈਣ ਹੋ ਦੁਨੀਆਂ ਨੂੰ ਜੀ ਲਿਆ ਹੁਣ ਵੇਖੀਏ ਜਹਾਨ ਕਿਉਂ ਅਖਵਾਨਿਆਂ ਦੇ ਵਾਂਗ ਮੈਖ਼ਾਨਿਆ ਬੁਤਖ਼ਾਨਿਆ ਤੇਰੇ ਭਲਾ ਉਹ ਕੀ ਉਕਰੇ ਹੋਏ ਦੀਵਾਰ ਤੇ ਜੋ ਖ਼ਾਨਿਆਂ ਦੇ ਵਾਂਗ ਹੰਝੂ ਤਾਂ ਬਦਨਸੀਬ ਸੀ ਘਰ ਵਿਚ ਹੀ ਰਹਿ ਗਿਆ ਅੱਖੀਆਂ ਨੇ ਭਾਵੇਂ ਭੇਜਿਆ ਤੁਰਜਾਣਿਆਂ ਦੇ ਵਾਂਗ ਮਿਲਿਆ ਨ ਸਾਰੇ ਸ਼ਹਿਰ 'ਚੋਂ ਮਸ਼ਹੂਰ ਦਾ ਪਤਾ ਪੁਛਦੇ ਹਾਂ ਐਰ ਗ਼ੈਰ ਤੋਂ ਭੁਲ ਜਾਣਿਆਂ ਦੇ ਵਾਂਗ ਸ਼ਾਇਰ ਜੋ ਸਾਡਾ ਯਾਰ ਸੀ ਉਸਤਾਦ ਹੋ ਗਿਆ ਚੱਲੋ ਗ਼ਜ਼ਲ ਵੀ ਹੋ ਗਈ ਸਨਮਾਨਿਆਂ ਦੇ ਵਾਂਗ 20 ਮੇਰੀ ਮਿੱਟੀ 'ਚ ਗੁਨ੍ਹਾ ਪਹਿਲੇ ਗੁਨ੍ਹਾ ਤੋਂ ਪਹਿਲਾਂ ਮੇਰੇ ਤੇ ਹੋਈ ਨਿਗ੍ਹਾ ਤੇਰੀ ਨਿਗ੍ਹਾ ਤੋਂ ਪਹਿਲਾਂ ਮੈਂ ਤਾਂ ਪਿੰਜਰੇ 'ਚ ਤੁਸੀਂ ਕੈਦ ਕਰੋ ਪਿੰਜਰੇ ਸਣੇ ਬਹੁਤ ਭੋਗੀ ਏ ਸਜ਼ਾ ਹੋਈ ਸਜ਼ਾ ਤੋਂ ਪਹਿਲਾਂ ਮੈਥੋਂ ਪੁਛਦਾ ਸੀ ਮਿਰੇ ਚਿਤਵੇ ਨਚਿਤਵੇ ਦਾ ਹਿਸਾਬ ਕੋਈ ਨਾ–ਹੁੰਦਾ ਖ਼ੁਦਾ ਹੁੰਦੇ ਖ਼ੁਦਾ ਤੋਂ ਪਹਿਲਾਂ ਬਲਣ ਜੋਗੇ ਨੂੰ ਵੀ ਪੁਛਦੇ ਹੋ ਕਿ ਕਿਉਂ ਬਲਦਾ ਏਂ ਸ੍ਵਾਸ ਲੈਂਦਾ ਏਂ ਕਿਵੇਂ ਸਾਡੀ ਹਵਾ ਤੋਂ ਪਹਿਲਾਂ ਜੀਣ ਵਾਲੇ ਦੀ ਰਤਾ ਮੌਤ ਤੇ ਵੀ ਗੌਰ ਕਰੋ ਇਹ ਦਵਾ ਦੇਣ ਤੋਂ ਪਹਿਲਾਂ ਤੇ ਦੁਆ ਤੋਂ ਪਹਿਲਾਂ ਟੁਟ ਚੁਕੇ ਲੋਕ ਅਸੀਂ ਕਾਹਨੂੰ ਤੁਸੀਂ ਫ਼ਿਕਰ ਕਰੋ ਭਾਣੇ ਤਾਂ ਵਰਤ ਗਏ ਤੇਰੀ ਰਜ਼ਾ ਤੋਂ ਪਹਿਲਾਂ ਮੁਖ਼ਬਰਾਂ ਦਾ ਤਾਂ ਅਜੇ ਕਾਲ ਨਹੀਂ ਯੋਗ ਤਾਂ ਹੋ ਹਰ ਸੁਬ੍ਹਾ ਤੇਰੀ ਖ਼ਬਰ ਤੇਰੀ ਸੁਬ੍ਹਾ ਤੋਂ ਪਹਿਲਾਂ ਮੇਰੇ ਤੁਰ ਜਾਣ ਦੀ ਰੌਣਕ ਵੀ ਬਹੁਤ ਖ਼ੂਬ ਰਹੀ ਅਲਵਿਦਾ ਆਪ ਕਹੀ ਵਕਤਿ ਵਿਦਾ ਤੋਂ ਪਹਿਲਾਂ 21 ਅਸਾਂ ਕਿਹਾ ਸੀ ਖਿਲਾਰ ਸਾਨੂੰ ਤਾਰਿਆਂ ਦੇ ਵਾਂਗ ਕਿਸੇ ਪੈਰ ਹੇਠ ਆਈਏ ਨਾ ਅੰਗਾਰਿਆਂ ਦੇ ਵਾਂਗ ਭਾਵੇਂ ਫ਼ਾਸਲੇ ਹਜ਼ਾਰ ਰਾਹ ਬੜੇ ਦੁਸ਼ਵਾਰ ਦੂਰੋ ਦੂਰ ਤਾਂ ਵੀ ਲੱਗੀਏ ਪਿਆਰਿਆਂ ਦੇ ਵਾਂਗ ਪੈਰ ਦੂਜਿਆਂ ਦੇ ਲੂਹੀਏ ਨਾਲੇ ਆਪ ਬੁਝੀਏ ਕਾਹਨੂੰ ਐਸੀ ਖੇਡ ਖੇਡੀਏ ਨਕਾਰਿਆਂ ਦੇ ਵਾਂਗ ਇਕ ਦੂਜੇ ਨਾਲੇ ਤਣੇ ਤਣੇ ਤੁਰੀ ਜਾਵੀਏ ਢਿੱਲੇ ਹੋ ਨ ਡੁਲ੍ਹ ਜਾਈਏ ਬੇਸਹਾਰਿਆਂ ਦੇ ਵਾਂਗ ਇਕ ਦੂਜੇ ਦੀਆਂ ਰਾਹਾਂ ਵਿਚ ਆਪ ਜਗੀਏ ਕਿਉਂ ਹਨੇਰਿਆਂ 'ਚ ਡੁਲ੍ਹੀਏ ਵਿਚਾਰਿਆਂ ਦੇ ਵਾਂਗ ਇੱਕੋ ਜਾਨ ਇੱਕੋ ਜੋਤ ਸਾਡੇ ਵਿਚੋਂ ਲੰਘਦੀ ਭਾਵੇਂ ਅੱਡੋ ਅੱਡ ਤਾਂ ਵੀ ਅਸੀਂ ਸਾਰਿਆਂ ਦੇ ਵਾਂਗ ਅਸੀਂ ਜਗੇ ਜਗੇ ਜਿੱਤੇ ਜਿੱਤੇ ਜੋਤਾਂ ਜੇਹੇ ਲੋਕ ਬੁਝੇ ਬੁਝੇ ਨਹੀਂ ਰਹਿਣਾ ਜਿੰਦ-ਹਾਰਿਆਂ ਦੇ ਵਾਂਗ ਸਾਂਝਾ ਦੇਸ ਤੇ ਜਹਾਨ ਰੋਸ਼ਨਾਇਆ ਆਸਮਾਨ ਪਾੜ ਪਾੜ ਕੇ ਨ ਸੁਟੀਏ ਲੰਗਾਰਿਆਂ ਦੇ ਵਾਂਗ ਜੱਗਮੱਗੀਏ ਤੇ ਸਭਨਾਂ ਦੀ ਖ਼ੈਰ ਮੰਗੀਏ ਅੱਗ ਲਾਵੀਏ ਨਾ ਘਰੋ ਘਰੀ ਨਾਹਰਿਆਂ ਦੇ ਵਾਂਗ ਤਾਰਾ ਮੱਥੇ 'ਚ ਨਸੀਬ ਤਾਰਾ ਹੋਣੀ ਦੇ ਕਰੀਬ ਕਾਹਨੂੰ ਬਣੀਏ ਰਕੀਬ ਰੱਬ-ਮਾਰਿਆਂ ਦੇ ਵਾਂਗ ਚੰਗਾ ਨਿੰਮਾ ਨਿੰਮਾ ਸੱਚ ਚੁੱਪ ਚੁੱਪ ਮਚਦਾ ਮੰਦਾ ਰਿੱਝੀ ਜਾਣਾ ਝੂਠਿਆਂ ਬੁਲਾਰਿਆਂ ਦੇ ਵਾਂਗ ਬਨ ਸੰਘਣਾ ਹਨੇਰੀ ਰਾਤ ਵਿਚੋਂ ਲੰਘਣਾ ਆਉ ਅੱਗ ਬਾਲ ਲਈਏ ਵਣਜਾਰਿਆਂ ਦੇ ਵਾਂਗ 22 ਏਸ ਸ਼ਹਿਰ ਵਿਚ ਜੀਉਂਦੇ ਹਾਂ ਮੁਸਾਫ਼ਰਾਂ ਦੇ ਵਾਂਗ ਸੋਹਣੇ ਦੂਰੋਂ ਦੂਰੋਂ ਵੇਖਦੇ ਹਾਂ ਵਾਫ਼ਰਾਂ ਦੇ ਵਾਂਗ ਦਿਨੇ ਧੁੱਪ ਦੀ ਅਲਾਣੀ ਮੰਜੀ ਉਤੇ ਲੇਟੀਏ ਰਾਤੀਂ ਅੰਬਰਾਂ ਨੂੰ ਤਾਣ ਲਈਏ ਚਾਦਰਾਂ ਦੇ ਵਾਂਗ ਨਾ ਤਾਂ ਕਾਦਰਾਂ ਦੇ ਵਾਂਗ ਨਾ ਅਕਾਬਰਾਂ ਦੇ ਵਾਂਗ ਅਸੀਂ ਦੁਨੀਆਂ ਨੂੰ ਭੋਗਦੇ ਹਾਂ ਨਾਬਰਾਂ ਦੇ ਵਾਂਗ ਜਿਹੜੇ ਜਗ ਵਿਚ ਛਾਂਗੇ ਤੇ ਨਿਰਾਦਰੇ ਜਿਹੇ ਅਸੀਂ ਉਹਨਾਂ ਦੀ ਕਤਾਰ 'ਚ ਬਿਰਾਦਰਾਂ ਦੇ ਵਾਂਗ ਅਸੀਂ ਰੱਬ ਤਾਈਂ ਲਭਦੇ ਮਸੀਤ ਵੀ ਗਏ ਓਥੇ ਅੱਲਾ ਵਾਲੇ ਮਿਲੇ ਸਾਨੂੰ ਕਾਫ਼ਰਾਂ ਦੇ ਵਾਂਗ ਸਾਰੀ ਵੱਥ ਜਿਨ੍ਹਾਂ ਛਾਬੜੇ ਜੋ ਸਦਾ ਹਾਬੜੇ ਸਾਨੂੰ ਦੇਣ ਉਪਦੇਸ ਜੀਉ ਸਾਬਰਾਂ ਦੇ ਵਾਂਗ ਉਹੀਓ ਸੱਚ ਦੇ ਕਰੀਬ ਉਹੀਓ ਜੱਗ ਦੇ ਨਸੀਬ ਅੱਜ ਰਾਹੀਂ ਜਿਹੜੇ ਰੁਲਦੇ ਨਿਰਾਦਰਾਂ ਦੇ ਵਾਂਗ ਤੇਰੇ ਵਾਂਗ ਕਿਸੇ ਪਿਆਰਾ ਜੇਹਾ ਸ਼ਿਅਰ ਨਾ ਕਿਹਾ ਭਾਵੇਂ ਮਿਲੇ ਨੇ ਹਜ਼ਾਰ ਸਾਨੂੰ ਰਾਹਬਰਾਂ ਦੇ ਵਾਂਗ 23 ਜੰਗਲ ਦੇ ਵਿਚ ਜਿਹੜੇ ਰੁਖ ਤੇ ਪੰਛੀ ਤਿਰਵਿਰ ਬੋਲੇ ਉਹ ਰੁਖ ਮੇਰਾ ਚੱਲ ਮਨਾ ਇਸ ਰੁਖ ਨੂੰ ਆਪਣੇ ਘਰ ਲੈ ਆਈਏ ਜਿਹੜੇ ਘਰ ਵਿਚ ਜਗਦਾ-ਬੁਝਦਾ ਦੀਵਾ ਮੁਸਮੁਸ ਰੋਵੇ ਉਹ ਘਰ ਮੇਰਾ ਚੱਲ ਮੰਨਾ ਦੀਵੇਂ ਮੁਖ ਹਸਣੀ ਜੋਤ ਜਗਾਈਏ ਤਿਰਵਿਰ ਬੋਲਣਹਾਰਾ ਪੰਛੀ ਮੁਸਮਸ ਰੋਵਣਹਾਰਾ ਦੀਵਾ ਦੋਵੇਂ ਮੇਰੇ ਚੱਲ ਮਨਾ ਦੋਹਾਂ ਵਿਚ ਕੋਈ ਬਾਤ ਕਰਾਈਏ ਤਿਰਵਰ ਨੂੰ ਕਹੀਏ ਕਿ ਥੋੜ੍ਹੀ ਅੱਗ ਫੱਕ ਲੈ ਅਪਣੀ ਅੱਗ ਨੂੰ ਥੋੜ੍ਹਾ ਤਿਰਵਿਰ ਗੀਤ ਸਿਖਾਈਏ ਰੁਖ ਦੇ ਸਿਰ ਤੇ ਅਪਣਾ ਦੀਵਾ ਜਗਮਗ ਧਰੀਏ ਲਾਟ ਸ਼ੂਕਦੀ ਬਣ ਕੇ ਜੰਗਲ 'ਚੋਂ ਲੰਘ ਜਾਈਏ 24 ਜਿਸ ਨਗਰੀ ਵਿਚ ਦਇਆ ਧਰਮ ਨਹੀਂ ਚਲ ਹੁਣ ਓਥੇ ਰਹੀਏ ਜਿਹੜੇ ਬਿਰਛ ਦੀ ਛਾਂ ਨਹੀਂ ਕੋਈ ਉਸ ਹੇਠਾਂ ਵੀ ਬਹੀਏ ਜਿਨ੍ਹਾਂ ਆਪਣੀ ਜੀਭਾਂ ਉੱਤੇ ਸਾਡੇ ਪਾਪ ਵਸਾਏ ਉਹਨਾਂ ਦਾ ਸ਼ੁਕਰਾਨਾ ਕਰੀਏ ਉਹਨਾਂ ਦੀ ਜੈ ਕਹੀਏ ਸਾਰੀ ਉਮਰਾ ਸਰਕੰਡਾ ਹੋ ਚੀਰ ਹਵਾ ਨੂੰ ਪਾਏ ਉਸ ਨੰਗੇ ਤਲਵਾਰੇ ਤਨ ਤੇ ਤੁਬਕਾ ਬਣ ਡਿਗ ਪਈਏ ਗੋਸ਼ੇ ਗੋਸ਼ੇ ਜਿਹੜੇ ਲੋਕੀਂ ਮੁਖਬਰੀਆਂ ਨੇ ਕਰਦੇ ਭਰੀ ਸਭਾ ਵਿਚ ਉਹਨਾਂ ਮੂੰਹੋਂ ਦਿਲਬਰੀਆਂ ਵੀ ਸਹੀਏ ਜੋ ਦਰਬਾਰੀ ਤੱਕ ਗਲੇ ਵਿਚ ਤਕਮੇ ਵਾਂਗ ਹੰਢਾਉਂਦੇ ਉਹਨਾਂ ਦੀ ਥਾਂ ਸ਼ਰਮ ਮਨਾਈਏ ਸਿਰ ਨੀਵਾਂ ਕਰ ਲਈਏ ਕੋਈ ਬਿਧਰਮੀ ਅੱਗ ਡੋਲ੍ਹਦਾ ਇਸ ਨਗਰੀ 'ਚੋਂ ਲੰਘਿਆ ਸਭ ਕੁਝ ਸੜਿਆ, ਹੁਣ ਸੜਿਆਂ 'ਚੋਂ ਕਿਸ ਕਿਸ ਨੂੰ ਛਡ ਦੇਈਏ 25 ਕਰ ਮਨ ਕਰ ਮਨ ਅਪਣਾ ਕਰਨਾ ਖ਼ਬਰ ਖ਼ਬਰ ਤੇਰਾ ਸਿਰਨਾਵਾਂ ਮੁਖ਼ਬਰ ਤੋਂ ਕੀ ਡਰਨਾ ਓਸ ਸ਼ਹਿਰ ਵਸਣਾ ਕੀ ਵਸਣਾ ਜਿਸ ਦੀ ਕੋਈ ਖਬਰ ਨਾ ਓਸ ਖ਼ਬਰ ਨੂੰ ਖ਼ਬਰ ਨ ਕਹੀਏ ਜਿਹੜੀ ਹੋਇ ਨਸ਼ਰ ਨਾ ਪਰ੍ਹਿਆਂ ਦੀ ਗੱਲ ਗੋਸ਼ੇ ਪਹੁੰਚੀ ਕਾਹਨੂੰ ਪਿਆ ਮੁਕਰਨਾ ਪਰ੍ਹਿਆਂ ਵਾਲੇ ਗੋਸ਼ੇ ਵਾਲੇ ਜਿਸ ਕੀਤਾ ਤਿਸ ਭਰਨਾ ਘਰੋ ਘਰੀਂ ਕੁਲ ਵੈਰੀ ਪਹੁੰਚੇ ਬਾਕੀ ਰਿਹਾ ਸਫ਼ਰ ਨਾ ਸ਼ੁਕਰ ਸ਼ੁਕਰ ਕਰ ਮਿਤਰਾਂ ਬਾਝੋਂ ਹੋਰ ਨਹੀਂ ਕੁਝ ਜਰਨਾ ਕੀ ਮਿਤਰਾਨੇ ਕੀ ਬੇਗਾਨੇ ਹਾਣੀ ਕੋਈ ਬਸ਼ਰ ਨਾ ਆਪੇ ਮਾਰੂ ਦਰਿਆ ਸਾਜੇ ਆਪ ਇਨ੍ਹਾਂ ਨੂੰ ਤਰਨਾ 26 ਨਾਲ ਤੁਰੇ ਮੇਰੇ ਹੌਲੀ ਹੌਲੀ ਇਹ ਦੁਨੀਆਂ ਹੈ ਬਹੁਤ ਪਿਆਰੀ ਰਹੇ ਨ ਕੋਈ ਸ਼ੈ ਅਣਗੌਲੀ ਦਰ ਦਰਵਾਜ਼ੇ ਅਲਖ ਜਗਾਈਏ ਰੂਪ ਦੀ ਭਿਛਿਆ ਕੌਲੀ ਕੌਲੀ ਮਸਾਂ ਕੁ ਪਿੰਡੇ ਤੀਕ ਗਏ ਹਾਂ ਅਜੇ ਤਾਂ ਐਵੇਂ ਝਾਉਲਾ ਝਾਉਲੀ ਪਿੰਡਿਓਂ ਪਾਰ ਹਜ਼ਾਰ ਜਜ਼ੀਰੇ ਬਣਦੇ ਜਾਂਦੇ ਹੌਲੀ ਹੌਲੀ ਅਜੇ ਤਾਂ ਦੁਨੀਆਂ ਅੱਧ-ਅਧੂਰੀ ਰਬ ਤੋਂ ਪੂਰੀ ਗਈ ਨ ਡੌਲੀ ਰੀਝਾਂ ਨਾਲ ਜੇ ਅਸਾਂ ਨ ਵੇਖੀ ਕਿਵੇਂ ਬਣਾਊ ਰਬ ਹੈ ਘੌਲੀ ਸਾਜ਼ ਵੀ ਆਪਣੀ ਬਾਤ ਕਹੇਗਾ ਮੁੱਕ ਲੈਣ ਦੇ ਕਾਵਾਂ-ਰੌਲੀ ਸਿਖਰ ਦੁਪਹਿਰਾ ਕਟ ਕੇ ਤੁਰੀਏ ਇਹ ਥਾਂ ਠੰਡੀ ਠੰਡੀ ਬੌਲੀ ਐਨੀ ਵੀ ਕੀ ਕਾਹਲੀ ਹੋਈ ਕੀ ਕਰਨੈ ਬਣ ਮੀਰੀ ਦੌਲੀ 27 ਕਲ੍ਹ ਦੇ ਮੀਤਾ ਅੱਜ ਨਾ ਆ ਕਲ੍ਹ ਮੇਰਾ ਜੀ ਸੀ ਮਘਿਆ ਮਘਿਆ ਅੱਜ ਮੇਰੇ ਜੀ ਦਾ ਕੌਣ ਵਸਾਹ ਬੁਝ ਗਈ ਕਲ੍ਹ ਦੀ ਅੱਗ ਵਣਜਾਰਣ ਬਾਕੀ ਤਾਂ ਠੰਡੜੀ ਠਾਰ ਸੁਆਹ ਕਲ੍ਹ ਦੀ ਬਦਲੀ ਅੱਜ ਨਹੀਂ ਵਰ੍ਹਣਾ ਨਾਲ ਕਦੋਂ ਤੁਰਦੇ ਦਰਿਆ ਰਾਹ ਵਿਚ ਚੰਬੜੇ ਘਗਰੀ ਨੂੰ ਛਾਪੇ ਇਨ੍ਹਾਂ ਨ ਤੁਰਨਾ ਸਾਰਾ ਰਾਹ ਰਾਹ ਤਾਂ ਕਦੇ ਵੀ ਹੋਇ ਨ ਪੂਰਾ ਹੋਰ ਅਗਾਂਹ ਤੋਂ ਹੋਰ ਅਗਾਂਹ ਬੰਦਾ ਨਹੀਉਂ ਰੁਖ ਉਇ ਬੰਦਿਆ ਇਸ ਦੀ ਛਾਵੇਂ ਬੈਠ ਨ ਜਾ ਚਾਰ ਕਦਮ ਤੇਰੀ ਧੁੱਪ ਤੁਰੇ ਜੋ ਸਾਰੀ ਉਮਰ ਨ ਯਾਰ ਬਣਾ ਕਲ ਤੈਨੂੰ ਦਿਤੜੇ ਕੁਲ ਚੰਗਿਆੜੇ ਬਾਕੀ ਨ ਰਖਿਆ ਕੋਲ ਬਚਾ ਅੱਜ ਚੰਗਿਆੜੇ ਹੋਰ ਕਿਸੇ ਦੇ ਅੱਜ ਦੀ ਅੱਗ ਦੇ ਅੱਜ ਦੇ ਚਾਅ ਹਾਰ ਗੁੰਦਾਈਏ ਗਲ ਵਿਚ ਪਾਈਏ ਚਾਹੀਏ ਤਾਂ ਸੁਟੀਏ ਤੋੜ ਵਗਾਹ ਬਹੇ ਫੁਲਾਂ ਦਾ ਹੇਜ ਨ ਕਰੀਏ ਸਿਰ ਤੇ ਨ ਚੁਕੀਏ ਸਦਾ ਗੁਨਾਹ ਜਿਸ ਪਲ ਲਾਈਏ ਰੱਜ ਹੰਢਾਈਏ ਹੰਢ ਜਾਵੇ ਤਾਂ ਸੁਟੀਏ ਲਾਹ ਦਿਲ ਦੌਲਤ ਦਾ ਅੰਤ ਨ ਕੋਈ ਰੋਜ਼ ਕਮਾ ਨਿਤ ਨਵੀਆਂ ਖਾਹ ਇਸ਼ਕ ਜੇ ਕੋਈ ਕਤੂਰਾ ਹੋਵੇ ਤੂੰ ਘਰ ਰਖ ਲੈ ਸੰਗਲੀ ਪਾ ਇਸ਼ਕ ਤਾਂ ਸਾਡਾ ਸ਼ੇਰ ਬਘੇਲਾ ਉਸ ਤੇ ਨ ਸਕੀਏ ਕਾਠੀ ਪਾ ਕਲ੍ਹ ਦੇ ਮੀਤਾ ਅੱਜ ਨਾ ਆ ਕਲ੍ਹ ਮੇਰਾ ਜੀ ਸੀ ਮਘਿਆ ਮਘਿਆ ਅੱਜ ਮੇਰੇ ਜੀ ਦਾ ਕੌਣ ਵਸਾਹ 28 ਯਾਰਾ, ਇਸ਼ਕ ਮੇਰਾ ਲੋਹਾਰਾ ਦਿਨ ਦੇ ਪੈਂਡੇ ਪਿਛੋਂ ਪਿੰਡਾ ਭਖਦਾ ਗਰਮ ਪਹਾਰਾ ਨੀਂਦਰ ਦੇ ਵਿਚ ਸੁਪਨਾ ਜਾਗੇ ਲਾਲ ਲਾਲ ਚੰਗਿਆੜਾ ਲੋਹੇ ਵਰਗਾ ਜੋਬਨ ਮੇਰਾ ਭੱਠੀ ਸੁਲਗਣਹਾਰਾ ਕਦੀ ਤਾਂ ਸੰਨ੍ਹੀ ਅੱਗ 'ਚੋਂ ਕੱਢੇ ਸੁੱਟੇ ਕਦੀ ਦੁਬਾਰਾ ਚੋਟ ਵਦਾਣੀ ਹੇਠਾਂ ਨੱਚੇ ਤੱਤਾ ਜਿਸਮ ਪਿਆਰਾ ਯਾਰਾ, ਇਸ਼ਕ ਮੇਰਾ ਲੋਹਾਰਾ 29 ਜੇ ਯਾਰਾ ਤੂੰ ਘੋੜਾ ਹੋਵੇਂ ਖੁਰੀਆਂ ਬਣ ਕੇ ਤੇਰੇ ਪੈਰਾਂ ਨੂੰ ਲਗ ਜਾਵਾਂ ਜੇ ਯਾਰਾ ਤੂੰ ਗੰਨਾ ਹੋਵੇਂ ਤਿਖੀ ਦਾਤਰ ਬਣ ਕੇ ਤੈਨੂੰ ਵੱਢ ਲਿਆਵਾਂ ਪੋਰੀ ਪੋਰੀ ਚਿੱਥ ਚਿੱਥ ਕੇ ਤੈਨੂੰ ਚੂਪਾਂ ਤੂੰ ਮੁਕ ਜਾਵੇਂ ਤਾਂ ਵੀ ਤੈਨੂੰ ਚੂਪੀ ਜਾਵਾਂ ਜੇ ਯਾਰਾ ਤੂੰ ਲੋਹਾ ਹੋਵੇਂ ਤਿੱਖੀ ਅੱਗੇ ਤੈਨੂੰ ਤਾਵਾਂ ਸੰਨ੍ਹੀ ਦੇ ਵਿਚ ਫੜ ਕੇ ਆਪ ਵਦਾਣ ਚਲਾਵਾਂ ਜੇ ਹੋਵੇਂ ਤੂੰ ਬੇਇਤਬਾਰਾ ਤੇਰਾ ਕਦੇ ਵਸਾਹ ਕਰਾਂ ਨਾ ਤਾਪ ਸ਼ੂਕਦਾ ਬਣ ਕੇ ਮੈਂ ਤੈਨੂੰ ਚੜ੍ਹ ਜਾਵਾਂ ਜੇ ਯਾਰਾ ਤੂੰ ਟਪਰੀ ਹੋਵੇਂ ਝੱਖੜ ਝੁੱਲੇ ਬੱਦਲ ਚੋਏ ਚੁਪਚਾਪ ਅੰਦਰ ਆ ਜਾਵਾਂ 30 ਨਿੱਕੀ ਨਿੱਕੀ ਅੱਗ ਦੇ ਲਾਗੇ ਗੁੱਦੜ ਕੰਧੋਲੀ 'ਚ ਪਿੰਡਾ ਮੇਰਾ ਅੱਧ ਸੁੱਤਾ ਅੱਧ ਜਾਗੇ ਸਿਰ ਮੇਰੇ ਤੇ ਨਜ਼ਰੀ ਆਵੇ ਵਿਰਲਾ ਵਿਰਲਾ ਤਾਰਾ ਜਿਵੇਂ ਪਹਾੜਾਂ ਦੀ ਟੀਸੀ ਤੇ ਬੈਠੇ ਸਾਧੂ ਨਾਂਗੇ ਗੁੱਦੜ ਕੰਧੋਲੀ 'ਚ ਨਾਲ ਆਪਣੇ ਅਪਣਾ ਯਾਰ ਸੁਆਇਆ ਤੂੰ ਵੀ ਸਾਧਾ ਆ ਕੇ ਸੌਂ ਜਾ ਤੂੰ ਕਿਉਂ ਪਾਲਾ ਝਾਗੇਂ ਚਹੁੰ ਕਦਮਾਂ ਦੀ ਵਿਥ ਤੇ ਠਰਦੀ ਨੰਗੀ ਨਦੀ ਨਿਮਾਣੀ ਕੱਕਰ ਦੇ ਤਨ ਕੋਈ ਨ ਕੱਪੜ ਮਰਨਾ ਏਸ ਅਭਾਗੇ ਜੇ ਨਦੀਏ ਅੱਜ ਰਾਤੀਂ ਮੇਰੀ ਟਪਰੀ ਥਾਣੀ ਲੰਘੇਂ ਕੱਕਰ ਵੀ ਕੋਸਾ ਹੋ ਜਾਵੇ ਬੁਲਬਲ ਬੋਲੇ ਬਾਗੇ ਨਿੱਕੀ ਨਿੱਕੀ ਅੱਗ ਦੇ ਲਾਗੇ 31 ਨੀ ਮੈਂ ਸੁਤੜਾ ਯਾਰ ਜਗਾਇਆ ਵਾੜੇ ਦੇ ਵਿਚ ਮਾਖਿਓਂ ਦਾ ਬੂਟਾ ਰਾਤੀਂ ਤੋੜ ਮੰਗਾਇਆ ਟੁੱਟੀ ਗਾਨੀ ਦੇ ਮਣਕਿਆਂ ਵਾਂਗੂੰ ਏਧਰ ਓਧਰ ਡੁਲ੍ਹਦਾ ਨੀ ਉਹ ਸੁਤਨੀਂਦਾ ਉਠ ਧਾਇਆ ਯਾਰ ਮੇਰਾ ਜਦ ਵਾੜ ਜੁ ਟਪਿਆ ਕੰਡਿਆਂ ਨੇ ਫੜ ਲਏ ਲੀੜੇ ਉਹਨਾਂ ਹਾਲ ਪਾਹਰਿਆ ਪਾਇਆ ਕੰਡਿਆਂ ਤਾਈਂ ਪੂਜ ਕੇ ਲੀੜੇ ਉਹ ਪਿੰਡਾ ਲੈ ਕੇ ਤੁਰਿਆ ਨੀ ਉਹ ਸਾਏ ਦੇ ਵਿਚ ਸਾਇਆ ਨੰਗੇ ਰੁਖ ਦੇ ਬੂਹੇ ਪਹੁੰਚਾ ਯਾਰ ਵੀ ਮੇਰਾ ਨੰਗਾ ਉਹਨੂੰ ਲੱਗਾ ਮਾਂ-ਪਿਓ ਜਾਇਆ ਸਿਰ ਪੈਰਾਂ ਤਕ ਫਲ ਫੁਲ ਪੱਤਰ ਉੱਗ ਪਏ, ਸਣ ਖ਼ੁਸ਼ਬੋਈ ਵਿਚ ਮਾਖਿਓਂ ਖ਼ੂਬ ਚੁਆਇਆ ਸਿਰ ਤੋਂ ਪੈਰਾਂ ਤਕ ਖ਼ੁਸ਼ਬੋਈਆਂ ਰਗ ਰਗ ਸ਼ਹਿਦ ਫੁਹਾਰਾਂ ਨੀ ਉਹ ਰੁਖ ਬਣ ਕੇ ਘਰ ਆਇਆ ਸਾਰਾ ਦਿਨ ਸੰਘਣੀ ਛਾਂ ਬਣ ਕੇ ਅੰਗ ਸੰਗ ਤੁਰਿਆ ਜਾਵੇ ਸਾਨੂੰ ਧੁੱਪ ਨ ਕਦੇ ਸਤਾਇਆ ਰਾਤ ਪਿਆਂ ਜੋ ਪਿੰਡਾ ਹੋ ਕੇ ਉਸ ਦੇ ਬੂਹੇ ਜਾਵਾਂ ਨੀ ਉਹਨੇ ਸ਼ਹਿਦੋ ਸ਼ਹਿਦ ਨੁਹਾਇਆ 32 ਹੰਢ ਗਈ ਮੈਂ ਤੁਰਦੀ ਤੁਰਦੀ ਧੁੱਪ ਤੁਰੇ ਪਰਛਾਵੇਂ ਤੁਰਦੇ ਦੋਵੇਂ ਤੁਰਦੇ ਬੁਰਦੋ ਬੁਰਦੀ ਅੰਗਾਂ ਦੇ ਵਿਚ ਤੁਰੇ ਥਕੇਵਾਂ ਤੁਰੀ ਗਈ ਮੈਂ ਭੁਰਦੀ ਭੁਰਦੀ ਠੰਡੀ ਰਾਤੇ ਨਦੀ ਨਿਮਾਣੀ ਸੁੱਤੀ ਸੁੱਤੀ ਜਾਏ ਤੁਰਦੀ ਜਿਸ ਨੇ ਤੁਰਦੇ ਤੁਰਦੇ ਜੀਉਣਾ ਉਹਦੇ ਭਾ ਕੀ ਸਰਦੀ ਸੁਰਦੀ ਤੁਰਨ-ਦੇਵਤਾ ਖ਼ੁਸ਼ ਨਾ ਹੋਇਆ ਪੂਰੀ ਹੋ ਗਈ ਤੋਰ ਉਮਰ ਦੀ ਉਮਰੋਂ ਪਰ੍ਹਾਂ ਵੀ ਤੁਰਦੇ ਜਾਣਾ ਖ਼ਬਰ ਨਹੀਂ ਅਪਣੇ ਘਰ ਘੁਰ ਦੀ ਕਬਰੋਂ ਬਾਹਰ ਨਿਕਲ ਕੇ ਰਾਤੀਂ ਤਾਹੀਓਂ ਤੁਰਦੇ ਮੁਰਦਾ ਮੁਰਦੀ ਤੁਰਦੇ ਤੁਰਦੇ ਪਿਆਰ ਗਿਆ ਉਹ ਯਾਦ ਕਰਾਂ ਮੈਂ ਝੁਰਦੀ ਝੁਰਦੀ 33 ਹੁਣ ਤੈਨੂੰ ਬਹੁਤ ਕਰਾਰਾਂ ਕੌਣ ਮੇਰੇ ਪਿੰਡੇ 'ਚੋਂ ਲੰਘਿਆ ਬਣ ਤਿੱਖੀਆਂ ਤਲਵਾਰਾਂ ਕਿਸ ਨੇ ਦਘਦਾ ਮਘਦਾ ਕੋਲਾ ਮੇਰੇ ਬੁਲ੍ਹ ਛੁਹਾਇਆ ਰਹਿੰਦੀ ਉਮਰਾ ਏਸ ਅੱਗ ਦੀ ਛਾਵੇਂ ਬੈਠ ਗੁਜ਼ਾਰਾਂ ਕਿਸ ਨੇ ਮੇਰੀ ਮਿੱਟੀ ਵਾਹੀ ਵਿਚ ਬੀਜੇ ਚੰਗਿਆੜੇ ਰੋਮ ਰੋਮ ਵਿਚ ਸਦਾ ਸੁਲਗਦੇ ਸੂਰਜ ਖਿੜੇ ਹਜ਼ਾਰਾਂ ਕਿਸ ਨੇ ਖੜਾ ਖੜੋਤਾ ਪਾਣੀ ਵਢਿਆ ਅਧ ਵਿਚਕਾਰੋਂ ਅਪਣੇ ਆਪ ਨੂੰ ਲੱਭਣ ਤੁਰਿਆ ਮੈਂ ਬਣ ਕੇ ਅਬਸ਼ਾਰਾਂ 34 ਤਿਰਿਆ ਨੀ ਤਿਰਿਆ ਤੇਰੇ ਬਿਨ ਸਗਲੇ ਵਾਕ ਅਵਾਕੇ ਲਖ ਨਾਵਾਂ ਵਿਚ ਤੂੰ ਇਕ ਕਿਰਿਆ ਤੇਰੇ ਬਿਨ ਰੰਗੁ ਨ ਪਹਿਨਣ ਰਤੀਆਂ ਰਹੇ ਫੁੱਲ ਮਿੱਟੀ ਵਿਚ ਘਿਰਿਆ ਸਾਰੀਆਂ ਧੁੱਪਾਂ ਤੁਧ ਬਿਨ ਚੁੱਪਾਂ ਕਿਸੇ ਮਿਲਣ ਦੀ ਕੋਈ ਨ ਬਿਰੀਆ ਤੁਧ ਬਿਨ ਰਚਨਾ ਹੁੰਦੀ ਸਚ ਨਾ ਮਨ ਵੀ ਰਹਿੰਦਾ ਮਨ ਤੋਂ ਫਿਰਿਆ ਰੱਬ ਦੀ ਕਰਨੀ ਸਿਰੇ ਨਾ ਚੜ੍ਹਨੀ ਸਭ ਨੂੰ ਅਪਣਾ ਆਪ ਵਿਸਰਿਆ ਤਿਰਿਆ ਨੀ ਤਿਰਿਆ 35 ਅਸਾਂ ਤਾਂ ਰਹਿਣਾ ਏਂ ਪਿੰਜਰੇ ਪਿੰਜਰੇ ਮਾਰ ਤੇ ਭਾਵੇਂ ਮਾਰ ਨ ਜਿੰਦਰੇ ਚਿੜੀਆਂ ਦਾ ਚੰਬਾ ਉਡਣਾ ਚਾਹੇ ਉਡੀਏ ਤਾਂ ਉਡੀਏ ਕਿਹੜੀ ਰਾਹੇ ਬਾਬਲ ਹੱਥੀਂ ਆਪ ਉਡਾਏ ਤਾੜ ਕੇ ਪਿੰਜਰੇ ਮਾਰ ਕੇ ਜਿੰਦਰੇ ਪਲ ਭਰ ਉਡਦੇ ਆਂ ਟਾਹਣੀਓਂ ਟਾਹਣੀ ਟਾਹਣੀਉਂ ਟਾਹਣੀ ਹਾਣੀਉਂ ਹਾਣੀ ਓਥੇ ਵੀ ਆਖ਼ਰ ਗੱਲ ਪੁਰਾਣੀ ਹਾਣ ਨੂੰ ਪਿੰਜਰੇ ਜਾਨ ਨੂੰ ਜਿੰਦਰੇ ਅਪਣੇ 'ਚੋਂ ਅਪਣੀਆਂ ਅੱਖੀਆਂ ਪੁਟੀਆਂ ਪਿੰਜਰੇ 'ਚੋਂ ਬਾਹਰ ਵਗਾਹ ਕੇ ਸੁਟੀਆਂ ਚੁਕ ਲਈਆਂ ਲੋਕਾਂ ਡਿਗੀਆਂ ਤੇ ਟੁੱਟੀਆਂ ਰਖ ਲਈਆਂ ਪਿੰਜਰੇ ਡਕ ਲਈਆਂ ਜਿੰਦਰੇ ਪਿੰਜਰੇ ਤੋਂ ਬਾਹਰ ਪੈਰ ਜਾਂ ਪਾਇਆ ਪਿੰਜਰਾ ਹੀ ਸਾਨੂੰ ਲੈਣ ਨੂੰ ਆਇਆ ਪਿੰਜਰੇ ਸੰਗ ਪਿੰਜਰਾ ਟਕਰਾਇਆ ਰੰਗ ਵੀ ਪਿੰਜਰੇ ਜੰਗ ਵੀ ਜਿੰਦਰੇ ਅਸਾਂ ਤਾਂ ਰਹਿਣਾ ਏਂ ਪਿੰਜਰੇ ਪਿੰਜਰੇ ਮਾਰ ਤੇ ਭਾਵੇਂ ਮਾਰ ਨ ਜਿੰਦਰੇ 36 ਕਿੱਥੇ ਗਈਆਂ ਭੈਣਾਂ ਤੇ ਕਿੱਥੇ ਗਈਆਂ ਮਾਵਾਂ ? ਥਲ ਵਿਚ ਸੱਸੀਆਂ ਝਲ ਵਿਚ ਹੀਰਾਂ ਸੋਹਣੀਆਂ ਪਈਆਂ ਵਿਚ ਦਰਿਆਵਾਂ ਕਿੱਥੇ ਗਈਆਂ ਗਲੀਆਂ ਉਹ ਭਲੀਆਂ ਭਲੀਆਂ ਜਿਸ ਘਰ ਚਾਹਾਂ ਆਵਾਂ ਜਾਵਾਂ ਹਰ ਇਕ ਘਰ ਦੀ ਖ਼ਾਸ ਨਿਸ਼ਾਨੀ ਹਰ ਇਕ ਜੀ ਦਾ ਅਪਣਾ ਨਾਵਾਂ ਹੁਣ ਤਾਂ ਇਕੋ ਜਹੀਆਂ ਸਜੀਆਂ ਸ਼ਕਲਾਂ ਪਤਾ ਨ ਕਿਹੜੇ ਨਾਉਂ ਬੁਲਾਵਾਂ ਭੈਣ ਕਹਾਂ ਤਾਂ ਦਸਣਾ ਪੈਂਦੈ ਅਪਣੀ ਨੀਅਤ ਦਾ ਸਿਰਨਾਵਾਂ ਸਭ ਜਗ ਹੋਇਆ ਮਰਦ ਜ਼ਨਾਨੀ ਬਾਕੀ ਸਭ ਛਾਵਾਂ ਪਰਛਾਵਾਂ ਕਿੱਥੇ ਗਈਆਂ ਭੈਣਾਂ ਕਿੱਥੇ ਗਈਆਂ ਮਾਵਾਂ ? 37 ਮਿਟੀਏ ਨੀ ਮਿਟੀਏ ਕਾਲੀਏ ਨੀ ਚਿਟੀਏ ਤੈਨੂੰ ਕਿੱਥੇ ਰਖੀਏ ਨੀ ਤੈਨੂੰ ਕਿੱਥੇ ਸਿੱਟੀਏ ਜਿਹੜੀ ਤੈਨੂੰ ਲੱਗੀ ਕਿਸੇ ਹੀਲੇ ਨਹੀਊਂ ਬੁਝਦੀ ਪਾਣੀ ਵਿਚ ਡੋਬੀਏ ਕਿ ਭੋਇੰ ਵਿਚ ਲਿੱਟੀਏ ਤੇਰੇ ਅੰਗ ਸੰਗ ਕਿਵੇਂ ਸੁੱਚੇ ਸੁੱਚੇ ਹੋਵੀਏ ਤੈਥੋ ਵਖ ਹੋ ਕੇ ਹੋਰ ਕਿਹਦੇ ਸੰਗ ਭਿੱਟੀਏ ਆਪਣੇ ਹੀ ਸ਼ਹਿਰ ਨੂੰ ਬਿਦਾਵਾ ਕਿਵੇਂ ਦੇਵੀਏ ਆਪਣੇ 'ਚ ਜਿਉਂਦੇ ਕਿਵੇਂ ਆਪ ਤਾਈਂ ਪਿੱਟੀਏ ਮਿੱਟੀ ਤੋਂ ਬਗ਼ੈਰ ਕਿਹੜੀ ਜੂਨ ਕਿਵੇਂ ਜੀਵੀਏ ਭਾਵੇਂ ਫੁਲ ਹੋਈਏ ਭਾਵੇਂ ਹੋਈਏ ਮਨਛਿੱਟੀਏ 38 ਜੰਗਲ ਵਿਚ ਦਾਵਾਨਲ ਭੜਕੀ ਇਸ ਨੂੰ ਪਾਵਾਂ ਕਿਹੜੇ ਪਿੰਜਰੇ ਕਿਸ ਦਰਿਆਏ ਉਹਨੂੰ ਡੋਬਾਂ ਅੱਗ ਬੁਝਾਵਾਂ ਕਿਹੜੇ ਪਿੰਜਰੇ ਬਲਦਾ ਜੰਗਲ ਜਿਸ ਵਿਚ ਡੋਬਾਂ ਉਸ ਦਰਿਆ ਨੂੰ ਆਉਣ ਉਬਾਲੇ ਕਿਵੇਂ ਅਸੀਲਾਂ ਹੜ੍ਹ ਦੇ ਪਾਣੀ ਚੁਪ ਬਿਠਾਵਾਂ ਕਿਹੜੇ ਪਿੰਜਰੇ ਘੜਿਆਂ ਵਿਚ ਬੱਝਾ ਜਲ ਸਿੰਮੇ ਵਿਹੜੇ ਵਿਚ ਡੁਲ੍ਹਾ ਵੀ ਉੱਡੇ ਨਾ ਅੱਗ ਬੱਝਦੀ ਨਾ ਅੱਗ ਬੁਝਦੀ ਜਿੰਦ ਬਚਾਵਾਂ ਕਿਹੜੇ ਪਿੰਜਰੇ ਜਿਹੜੀ ਅੱਗ ਪਿੰਡੇ ਵਿਚ ਸਾਂਭੀ ਜਿਹੜੀ ਪਿੰਡਿਓਂ ਕੀਤੀ ਲਾਂਭੀ ਇਕ ਅੱਗ ਸਾੜੇ ਇਕ ਅੱਗ ਠਾਰੇ ਮੈਂ ਬਹਿ ਜਾਵਾਂ ਕਿਹੜੇ ਪਿੰਜਰੇ ਜੰਗਲ ਵਿਚ ਦਾਵਾਨਲ ਭੜਕੀ ਇਸ ਨੂੰ ਪਾਵਾਂ ਕਿਹੜੇ ਪਿੰਜਰੇ 39 ਇਛਿਆ ਇਛਿਆ ਇਛਿਆ ਪੂਰਨ ਬੇਪੂਰਨ ਹੋ ਮੰਗਦਾ ਦਰ ਦਰਵਾਜ਼ੇ ਭਿਛਿਆ ਅਧਰਾਹੇ ਸੁਟ ਆਇਆ ਮੁੰਦਰਾਂ ਤੇ ਗੋਰਖ ਦੀ ਸਿਛਿਆ ਤਨ ਆਪਣੇ ਦਾ ਰਸਤਾ ਸਿੱਧਾ ਨਾ ਪੁੱਛਿਆ ਨਾ ਗਿਛਿਆ ਵਾਜਾਂ ਮਾਰ ਮਾਰ ਕੇ ਹਾਰੇ ਗੁਰਮੰਤਰ ਗੁਰਦਿਛਿਆ ਇਸ ਰਸਤੇ ਤੇ ਤੁਰ ਪਏ 'ਕੱਲੇ ਇਛਿਆ ਤੇ ਅਭਲਿਛਿਆ ਪਰਬਤ ਤੋਂ ਸਾਗਰ ਮਾਰੂਥਲ ਇਸ ਰਾਹੇ ਜੋ ਵਿਛਿਆ ਹਰ ਅੱਧਾ ਅੱਧੇ ਤੋਂ ਮੰਗਦਾ ਪਰ ਅੱਧੇ ਦੀ ਭਿਛਿਆ ਮਿੱਟੀ ਦੀ ਜੇ ਪੂਰੀ ਹੋ ਗਈ ਹੋਰ ਮਿੱਟੀ ਦੀ ਇਛਿਆ ਮਰਜਾਣੀ ਨੂੰ ਮਰਜਾਣੀ ਦਾ ਕੀ ਉਹਲਾ ਕੀ ਰਿਛਿਆ ਜਨਮ-ਮਿੱਟੀ ਤੋਂ ਮਰਨ-ਮਿੱਟੀ ਤਕ ਕੀ ਪਹਿਲਾਂ ਕੀ ਪਿਛਿਆ ਇਛਿਆ ਤੋਂ ਮੁੜ-ਇਛਿਆ ਤੀਕਣ ਭਿਛਿਆ ਤੇ ਮੁੜ-ਭਿਛਿਆ 40 ਗੁੰਝਲਾਂ ਗੁੰਝਲਾਂ ਗੁੰਝਲਾਂ ਅੱਖੀਆਂ ਨੂੰ ਗੁੰਝਲਾਂ ਕੰਨਾਂ ਨੂੰ ਗੁੰਝਲਾਂ ਤਕੀਆਂ ਤੇ ਸੁਣੀਆਂ ਗੁੰਝਲਾਂ ਧੁਰ-ਅੰਦਰ ਤੋਂ ਧੁਰ-ਬਾਹਰ ਤਕ ਗੁੰਝਲਾਂ ਤੇ ਮੁੜ-ਗੁੰਝਲਾਂ ਜੋ ਦੱਸਾਂ ਸੋ ਗੁੰਝਲੋ ਗੁੰਝਲਾਂ ਸੋ ਗੁੰਝਲਾਂ ਜੋ ਬੁਝ ਲਾਂ ਚਿੱਠੀਆਂ ਲਿਖਾਂ ਤਾਂ ਅਖਰਾਂ ਦੀ ਥਾਵੇਂ ਮੈਥੋਂ ਪੈਂਦੀਆਂ ਖੁੰਝਲਾਂ ਅਣਖੁੰਝਲੇ ਕਾਗ਼ਜ਼ ਵੀ ਪਾਉਂਦੇ ਸੌ ਗੁੰਝਲਾਂ ਸੌ ਪੁੰਝਲਾਂ ਮੈਂ ਵੀ ਚਾਹਿਆ ਤੂੰ ਵੀ ਚਾਹਿਆ ਕੁਝ ਗੁੰਝਲਾਂ ਤਾਂ ਸੁੰਝਲਾਂ ਗੁੰਝਲਾਂ ਦੀਆਂ ਪੜ-ਗੁੰਝਲਾਂ ਪਈਆਂ ਦੂਣੀਆਂ ਚੌਣੀਆਂ ਉਂਝਲਾਂ ਗੁੰਝਲਾਂ ਦੇ ਰਸਤੇ ਤੁਰਦਾ ਤੁਰਦਾ ਅੱਜ ਖੁੰਝਲਾਂ ਕਲ੍ਹ ਖੁੰਝਲਾਂ ਖੁੰਝਲ ਖੁੰਝਲਦਾ ਸੱਖਣਾ ਸੱਖਣਾ ਅੱਜ ਝੁੰਝਲਾਂ ਕਲ੍ਹ ਝੁੰਝਲਾਂ ਰੰਗ ਤਾਂ ਡੁੱਲ੍ਹਾ ਮਿੱਟੀਉ ਮਿੱਟੀ ਇਹਨੂੰ ਕੀਕਣ ਹੁੰਝਲਾਂ ਬੋਲ ਦੇ ਪੰਛੀ ਕਿੜਬਿੜ ਬੋਲਣ ਚੁੰਝਲਾਂ 'ਚ ਫਸੀਆਂ ਚੁੰਝਲਾਂ ਗੁੰਝਲਾਂ ਗੁੰਝਲਾਂ ਗੁੰਝਲਾਂ 41 ਯਾਰ ਮੇਰਾ ਚੜ੍ਹ ਗਿਆ ਬਿਰਖ ਜੋ ਬਿਰਖ ਨਹੀਂ ਸੀ ਰਿਛ ਨੇ ਕਿਹਾ ਕਿ ਲੋੜ ਮੈਨੂੰ ਬਸ ਤੇਰੀ ਹੀ ਸੀ ਧੁੱਪੇ ਕਿਉਂ ਸੌਂਦਾ ਏਂ ਆ ਤੁਰ ਮੇਰੀ ਛਾਵੇਂ ਇਹ ਛਾਂ ਤੇਰੇ ਜੋਗੀ ਹੀ ਬਸ ਮਸਾਂ ਬਚੀ ਸੀ ਮੇਰੇ ਨਾਲ ਤੁਰਨ ਤੋਂ ਵੀ ਲੋਕੀਂ ਕਤਰਾਂਦੇ ਕੱਲਮੁਕੱਲੀ ਓਦਰ ਮੇਰੀ ਜਾਨ ਗਈ ਸੀ ਮਚਲ ਮਾਰ ਕੇ ਪਿਆ ਰਹਿਓਂ ਤਾਂ ਮਾਰ ਦਿਆਂਗਾ ਮਚਲਾ ਪੈਣ ਲਈ ਇਹ ਦੁਨੀਆ ਨਹੀਂ ਬਣੀ ਸੀ ਇਹ ਸੁਣ ਕੇ ਉਠ ਪਿਆ ਤੁਰਤ ਤੇ ਤੁਰ ਪਿਆ ਅੱਗੇ ਓਥੇ ਕੋਈ ਰੱਖ ਬਿਰਖ ਜਾਂ ਰਿੱਛ ਨਹੀਂ ਸੀ 42 ਘਰ ਨੂੰ ਕੀਕਣ ਤੁਰਾਂ ਕਿ ਪੱਥਰ ਅਜੇ ਨ ਆਏ ਪੱਥਰ ਚਟਿਆਂ ਬਾਝ ਨ ਵਾਪਸ ਮੁੜਿਆ ਜਾਵੇ ਅਸੀਂ ਤਾਂ ਬੇਬਿਰਛੇ ਮਾਰੂਥਲ ਵਿੱਚੋਂ ਲੰਘੇ ਕੌਣ ਬਿਰਛ ਤੇ ਚੜ੍ਹੇ ਤੇ ਸਾਡਾ ਯਾਰ ਕਹਾਏ ਮੈਂ ਤੇ ਰਿਛ ਦੋਵੇਂ ਹੀ ਨਾਲੋ ਨਾਲ ਤੁਰੇ ਸਾਂ ਇਕ ਦੂਜੇ ਦੀ ਛਾਵੇਂ ਪੈਂਡੇ ਬਹੁਤ ਮੁਕਾਏ ਮਾਰੂਥਲ ਵਿਚ ਕਿਤੇ ਕਿਤੇ ਕੁਝ ਰੁਖ ਵੀ ਬੀਜੇ ਬੇਤੁਰਨੇ ਬੰਦੇ ਉਹਨਾਂ ਦੇ ਹੇਠ ਬਿਠਾਏ ਜੋ ਪੱਥਰ ਵੀ ਚੱਲੇ ਰੁੱਖਾਂ ਹੇਠੋਂ ਚੱਲੇ ਏਦਾਂ ਹੀ ਬੇਤੁਰਨੇ ਸਾਡੇ ਤਕ ਤੁਰ ਆਏ ਇਹ ਪੱਥਰ ਚਟ ਕੇ ਵੀ ਵਾਪਸ ਘਰ ਨਹੀਂ ਜਾਣਾ ਅਜੇ ਤਾਂ ਰੁਖ ਮਾਰੂ ਵਿਚ ਜਾਣੇ ਬਹੁਤ ਉਗਾਏ 43 ਹਸਨਾ ਹਸਨਾ ਹਸਨਾ ਜੋ ਨਾਂ ਤੇਰਾ ਮਾਪਿਆਂ ਨੇ ਧਰਿਆ ਉਹ ਨਾਂ ਭਾਵੇਂ ਦਸ ਨਾ ਜਿਸ ਨਾਂ ਤੈਨੂੰ ਕੰਤ ਬੁਲਾਵੇ ਸਾਡੀ ਜੀਭ ਨ ਵਸਣਾ ਅਸਾਂ ਤਾਂ ਦਿਲ ਦੀ ਬੀੜ ਖੋਲ੍ਹ ਕੇ ਹੋਰ ਨਾਉਂ ਤੇਰਾ ਰਖਣਾ ਵਾਕ ਲਿਆ ਤਾਂ ਸ਼ਬਦ ਨਿਕਲਿਆ ਹਸਣਾ ਪ੍ਰਭ ਜੀ ਹਸਣਾ ਕਦੀ ਤੂੰ ਹਸਦੀ ਏਂ ਕਿਣਮਿਣ ਕਦੀ ਤੂੰ ਵਾਛੜ ਵਸਣਾ ਮੱਥਾ ਵੀ ਹਸਦਾ ਏ ਬੁੱਲ੍ਹ ਵੀ ਹਸਦੇ ਨੇ ਤੇ ਚੁਪ ਰਹਿੰਦੀ ਅੱਖ ਨਾ ਲੂੰ ਲੂੰ ਤੇਰਾ ਕਿਰਨ ਕਿਰਨ ਹੈ ਹਾਸੇ ਤੋਂ ਕੁਝ ਵਖ ਨਾ ਸ਼ਾਲਾ ਸਦਾ ਸਲਾਮਤ ਥੀਵੇ ਹਾਸਾ ਹੋਵੇ ਬਸ ਨਾ ਇਹ ਹਾਸਾ ਤਾਂ ਧੁਰ ਤੋਂ ਆਇਆ ਇਸ ਦੇ ਜੇਡ ਨ ਕੋਈ ਇਹ ਹਾਸਾ ਤਾਂ ਰੱਬ ਦੀ ਬਾਣੀ ਨਿਰੀ ਪੁਰੀ ਖ਼ੁਸ਼ਬੋਈ ਮੈਂ ਜੋਗੀ ਇਕ ਕਿਣਕਾ ਦੇ ਕੇ ਮੈਨੂੰ ਜੋਗ ਕੀਤੋਈ ਇਹ ਕਿਣਕਾ ਮੈਂ ਥਾਂ ਥਾਂ ਵੰਡਣਾ ਅਪਣੇ ਪਾਸ ਨ ਰਖਣਾ ਹਸਨਾ ਹਸਨਾ ਹਸਨਾ ਹਸਣਾ ਪ੍ਰਭ ਜੀ ਹਸਣਾ 44 ਅੱਜ ਮੈਂ ਟਪੀਆਂ ਤੀਹਾਂ ਕਿਰਨ ਮਕਿਰਨੀ ਡੁਲ੍ਹ ਗਏ ਸਾਰੇ ਕੁਝ ਊਹਾਂ ਕੁਝ ਈਹਾਂ ਉਹ ਵੀ ਡੁੱਲ੍ਹਿਆ ਜੋ ਕਹਿੰਦਾ ਸੀ ਤੇਰੀ ਖ਼ਾਤਰ ਜੀਆਂ ਤੇਰੇ ਸੁਆਸ ਵਿਚ ਵਾਸ ਕਰਾਂ ਮੈਂ ਤੇਰਾ ਪੀਤਾ ਪੀਆਂ ਹਰ ਦਮ ਉਸ ਦੇ ਨਾਲ ਤੁਸੀਂ ਮੈਂ ਵਿਚ ਧੁੱਪਾਂ ਵਿਚ ਮੀਹਾਂ ਦਾਗੀ ਚੰਨ ਸਿਰ ਮੱਥੇ ਚੁਕਿਆ ਕਿਹਾ ਕਿ ਮੈਂ ਇਸ ਦੀ ਹਾਂ ਹਰ ਤੁਹਮਤ ਨੂੰ ਕਿਹਾ ਤੂੰ ਸੱਚੀ ਮੈਂ ਭਾਵੇਂ ਕੁਝ ਵੀ ਹਾਂ ਆਖਰ ਉਸ ਨੇ ਡੁਲ੍ਹ ਜਾਣਾ ਸੀ ਪਰਤ ਗਿਆ ਵਲ ਲੀਹਾਂ ਮੈਂ ਬੇਰਾਹੇ ਖੜੀ ਇਕੱਲੀ ਰਾਹ ਤਾਂ ਮੱਲੇ ਸ਼ੀਹਾਂ ਸ਼ੀਂਹ ਜੇ ਹੋਵਣ ਪਿਆਰ ਦੇ ਭੁੱਖੇ ਪ੍ਰੀਤਾਂ ਨਾਲ ਪਰੀਹਾਂ ਸ਼ੀਹ ਤਾਂ ਸਾਰੇ ਚਿੱਕੜ ਖਾਣੇ ਚਿੱਕੜ ਕੀਕਣ ਥੀਆਂ ? 45 ਡਾਲੀ ਦਿਆ ਫੁੱਲਾ ਤੇਰੀ ਮਹਿਕ ਦਾ ਕੀ ਨਾਂ ਵੇ ਦੂਰੋਂ ਦੂਰੋਂ ਵੇਖ ਲਵਾਂ ਹਾਂ ਵੇ ਕਿ ਨਾਂਹ ਵੇ ਡਾਲੀ ਦਿਆ ਫੁੱਲਾ ਅੱਗ-ਰੰਗੀਆਂ ਨੀ ਪੱਤੀਆਂ ਦਿਲੇ ਵਿਚ ਰਖੀਆਂ ਨੀ ਕਾਹਨੂੰ ਗੱਲਾਂ ਰੱਤੀਆਂ ਕਿਹਦੇ ਲਈ ਡਾਹੀ ਏ ਤੂੰ ਲਾਲ ਲਾਲ ਛਾਂ ਵੇ ਡਾਲੀ ਦਿਆ ਫੁੱਲਾ ਤੈਨੂੰ ਕੰਡਿਆਂ ਦੀ ਵਾੜ ਵੇ ਬੂਹਿਓਂ ਬਾਹਰ ਖੜੀ ਤੇਰੀ ਮਹਿਕਦੀ ਹਵਾੜ ਵੇ ਅੱਧਾ ਕਿਤੇ ਅੱਧਾ ਕਿਤੇ ਇਹ ਵੀ ਕੀ ਨਿਆਂ ਵੇ ਡਾਲੀ ਦਿਆ ਫੁੱਲਾ ਤੇਰੀ ਗੱਲ ਤੇਰੇ ਵੱਸ ਨਾ ਰਾਹੀਆਂ ਪਰਦੇਸੀਆਂ ਤੇ ਐਵੇਂ ਪਿਆ ਹਸ ਨਾ ਕੱਟ ਲਾਂਗੇ ਅਸੀਂ ਕਿਸੇ ਹੋਰ ਥਾਂ ਕੁਥਾਂ ਵੇ ਡਾਲੀ ਦਿਆ ਫੁੱਲਾਂ ਡਾਲੀ ਉਤੇ ਕੁਮਲਾਵੇਂਗਾ ਫੇਰ ਸਾਨੂੰ ਕਿਹਦੇ ਹੱਥ ਸੁਨੇਹਾ ਪੁਚਾਵੇਂਗਾ ਅਸੀਂ ਪਰਦੇਸੀ ਸਾਡਾ ਥਾਂ ਨਾ ਗਿਰਾਂ ਵੇ ਡਾਲੀ ਦਿਆ ਫੁੱਲਾ ਤੇਰੀ ਮਹਿਕ ਦਾ ਕੀ ਨਾਂ ਵੇ ਦੂਰੋਂ ਦੂਰੋਂ ਵੇਖ ਲਵਾਂ ਹਾਂ ਵੇ ਕਿ ਨਾਂਹ ਵੇ 46 ਭਾਵੇਂ ਐਸ ਬੂਹੇ ਆ ਭਾਵੇਂ ਔਸ ਬੂਹੇ ਆ ਬੂਹੇ ਦੇ ਅੱਗੇ ਅੱਖ ਬੂਹੇ ਦੇ ਪਿੱਛੇ ਅੱਖ ਕਾਲੀ ਕਾਲੀ ਜਾਗਦੀ ਨਿਗਾਹ ਜਿਥੇ ਜਿਥੇ ਬੂਹਾ ਓਥੇ ਓਥੇ ਕੰਧ ਉਸਰੀ ਹੈ ਆਉਣ ਜਾਣ ਹੋਵੇ ਕਿਹੜੇ ਰਾਹ ਪਿਆਰ ਦਾ ਪਰਾਹੁਣਾ ਕਦੀ ਅੱਗੇ ਕਦੀ ਪਿੱਛੇ ਗਿਆ ਦੋਹੀਂ ਥਾਈਂ ਬੂਹੇ ਖੜਕਾ ਭਾਵੇਂ ਐਸ ਬੂਹੇ ਆ ਭਾਵੇਂ ਔਸ ਬੂਹੇ ਆ ਮੱਕੇ ਦੀ ਦਲੀਜ਼ ਤੇ ਖਲੋ ਕੇ ਜੋ ਮੁਰਾਦ ਮੰਗੀ ਉਹੀਓ ਸਾਡਾ ਪਿਆਰ ਏ ਗੁਨਾਹ ਆਸ਼ਕਾਂ ਨਮਾਜ਼ੀਆਂ ਨੂੰ ਸੱਭੋ ਥਾਂ ਨਮੋਸ਼ੀਆਂ ਨੇ ਏਥੇ ਓਥੇ ਕੋਈ ਨਾ ਖ਼ੁਦਾ ਭਾਵੇਂ ਐਸ ਬੂਹੇ ਆ ਭਾਵੇਂ ਔਸ ਬੂਹੇ ਆ ਚਾਨਣੇ 'ਚ ਜਗ ਸਾਹਵੇਂ ਨੰਗੇ ਤੇ ਹਨੇਰੇ ਸਾਨੂੰ ਆਪਣੇ ਤੋਂ ਆਪਣਾ ਲੁਕਾ ਜਿਹੜਾ ਜਿਹੜਾ ਡਿੰਗ ਕਦੀ ਮੇਰੇ ਵਲ ਪੁਟਿਆ ਤੂੰ ਉਹੀਉ ਮੈਥੋਂ ਦੂਰ ਤੇ ਜੁਦਾ ਭਾਵੇਂ ਐਸ ਬੂਹੇ ਆ ਭਾਵੇਂ ਔਸ ਬੂਹੇ ਆ 47 ਕਾਲੀ ਰਾਤ ਵਿਚ ਚਿੱਟਾ ਪੰਛੀ ਉਡਦਾ ਚਲਾ ਗਿਆ ਕਾਲੇ ਰਾਹੀਂ ਗੋਰੀ ਗੋਰੀ ਲੀਕ ਗਿਆ ਇਕ ਵਾਹ ਹਟਕ ਰਿਹਾ ਮੈਂ ਹੋੜ ਰਿਹਾ ਤੂੰ ਕਾਲੇ ਦੇਸ ਨਾ ਜਾ ਓਸ ਦੇਸ ਦੀਆਂ ਕਾਲੀਆਂ ਵਾਵਾਂ ਕਾਲੇ ਕਾਲੇ ਸਾਹ ਕਾਲੇ ਬਾਜ਼ਾਰਾਂ ਵਿਚ ਵਿਕਦਾ ਸੌਦਾ ਕਾਲਾ ਸ਼ਾਹ ਕਾਲੇ ਵੱਟੇ, ਤੋਲ ਰਿਹਾ ਈ ਬੰਦਾ ਕਾਲਖ਼ ਦਾ ਕਾਲੇ ਮੁਲਖ ਤੇ ਮੌਸਮ ਕਾਲੇ ਵਿਚ ਕਾਲਾ ਦਰਿਆ ਇਸ ਰਾਹੀਂ ਜਿਹੜਾ ਵੀ ਲੰਘੇ ਸੋ ਕਾਲਾ ਹੋ ਜਾ ਇਸ ਪੰਛੀ ਨੂੰ ਰੱਬ ਦੀਆਂ ਰੱਖਾਂ ਇਸ ਦੇ ਲਈ ਦੁਆ ਅੰਬਰ ਚੜ੍ਹੇ, ਚੜ੍ਹੇ ਨਾ ਸਿਰ ਤੇ ਕਾਲਾ ਜਿਹਾ ਸ਼ੁਦਾ ਚਿਟਿਆ ਬਾਜ਼ਾ ਕਲ੍ਹ ਕਲਾਂ ਨੂੰ ਜਦ ਘਰ ਆਵੇਂਗਾ ਵੇਖੀਂ ਖੰਭਾਂ ਤੇ ਨਾ ਆਵੀਂ ਕਾਲਾ ਦਾਗ ਲੁਆ 48 ਤੇਰੇ ਦਰ ਆਏ ਤਰਿਹਾਏ ਇਕ ਬੁਕ ਪੁੰਨ ਦਾ ਪਿਆਲ ਗੋਰੀਏ ਅਸੀਂ ਦੂਰ ਵਲਿੱਖੋਂ ਆਏ ਰਾਹ ਸਾਡੇ ਵਿਚ ਆਈਆਂ ਤਰੇਲਾਂ ਗੋਰੇ ਗੋਰੇ ਅੰਗ ਨਛੋਹ ਉਹਨਾਂ ਤਲੀਆਂ ਨੂੰ ਨੈਣ ਛੁਹਾਏ ਰਾਹ ਵਿਚ ਆਡਾਂ ਦਾ ਨਿੱਕਾ ਨਿੱਕਾ ਪਾਣੀ ਗੋਡੇ ਗੋਡੇ ਲਕ ਲਕ ਸੂਏ ਸਾਡਾ ਮਨ ਡਾਢਾ ਲਲਚਾਏ ਰਾਹ ਵਿਚ ਖੂਹਾਂ ਦਾ ਮਿੱਠਾ ਮਿੱਠਾ ਪਾਣੀ ਰਾਹ ਵਿਚ ਪੈਣ ਝਲਾਰਾਂ ਹਾਏ ਟਿੰਡਾਂ ਨੇ ਅੰਗ ਛਲਕਾਏ ਰਾਹ ਵਿਚ ਨਦੀਆਂ, ਨਦੀਆਂ 'ਚ ਕਾਂਗਾਂ ਨਾ ਕੋਈ ਤੁਲਾ ਨ ਬੇੜੀ ਪਰ ਅੰਗ ਨ ਅਸਾਂ ਛੁਹਾਏ ਤੇਰੇ ਦਰ ਆਏ ਤਰਿਹਾਏ ਇਕ ਬੁਕ ਪੁੰਨ ਦਾ ਪਿਆਲ ਗੋਰੀਏ ਅਸੀਂ ਦੂਰ ਵਲਿੱਖੋਂ ਆਏ 49 'ਕਿਰਚ ਕਿਰਚ ਇਹ ਕੌਣ ਨੀ ਬੋਲੇ ?' "ਪੀਲੇ ਪੀਲੇ ਪੱਤ ਵੇ" ‘ਪੋਲਾ ਪੋਲਾ ਤਲੀਆਂ ਨੂੰ ਕੌਣ ਪਪੋਲੇ ?' "ਪੀਲੇ ਪੀਲੇ ਪੱਤ ਵੇ" 'ਕੌਣ ਨੀ ਇਹ ਰਾਹਾਂ ਵਿਚ ਸੁੱਤਾ ਜੀਕਣ ਟੁੱਟੀਆਂ ਵੰਗਾਂ ਅੱਡੀਆਂ 'ਚ ਨਿੱਕੇ ਨਿੱਕੇ ਨਹੁੰਦਰ ਵਜਦੇ ਤਲੀਆਂ 'ਚ ਉਠਦੀਆਂ ਸੰਗਾਂ ਪੈਰਾਂ 'ਚ ਚੁੰਮਣ ਕਿਸ ਨੇ ਘੋਲੇ ?' "ਪੀਲੇ ਪੀਲੇ ਪੱਤ ਵੇ" "ਨਾ ਇਹ ਚੁੰਮਣ ਨਾ ਇਹ ਵੰਗਾਂ ਇਹ ਬਿਰਛਾਂ ਦੇ ਵੈਣ ਜਾਂ ਬਿਰਛਾਂ ਨੂੰ ਹਉਕਾ ਆਵੇ ਇਹ ਤਤੜੇ ਡਿਗ ਪੈਣ ਸਾਵੇ ਸਾਵੇ ਰੂਪ ਜ਼ਿਮੀਂ ਵਿਚ ਰੋਲੇ "ਪੀਲੇ ਪੀਲੇ ਪੱਤ ਵੇ।" ' 'ਵਾ ਵਿਚ ਸੌਂ ਗਈ ਛਮਕ ਹਵਾ ਦੀ ਡਰਦੀ ਪੰਖ ਨ ਮਾਰੇ ਜਿਉਂ ਸਪਣੀ ਅਲਸਾਈ ਕੋਈ ਪੋਲੇ ਪੋਲੇ ਕੁੰਜ ਉਤਾਰੇ 'ਵਾ ਡਰ ਡਰ ਕੇ ਪੱਤ ਫਰੋਲੇ' "ਪੀਲੇ ਪੀਲੇ ਪੱਤ ਵੇ" “ਸਦੀਆਂ ਦੇ ਇਕਵਾਸੇ ਸੁੱਤੇ ਇਹ ਬਿਰਛਾਂ ਦੇ ਥੱਲੇ ਅੰਬੇ ਅੰਗ ਇਨ੍ਹਾਂ ਪਤਿਆਂ ਦੇ ਸਹਿਜੇ ਹਵਾ ਉਥੱਲੇ ਮਤ ਭੁਰ ਜਾਣ ਇਨ੍ਹਾਂ ਦੇ ਚੋਲੇ "ਪੀਲੇ ਪੀਲੇ ਪੱਤ ਵੇ।" ‘ਕਿਰਚ ਕਿਰਚ ਇਹ ਕੌਣ ਨੀ ਬੋਲੇ ?' "ਪੀਲੇ ਪੀਲੇ ਪੱਤ ਵੇ" ‘ਪੋਲਾ ਪੋਲਾ ਤਲੀਆਂ ਨੂੰ ਕੌਣ ਪਪੋਲੇ ?' "ਪੀਲੇ ਪੀਲੇ ਪੱਤ ਵੇ" 50 ਉਠ ਨੀ ਸਈਏ ਸੁੱਤੀਏ ਚਨ ਨੂੰ ਦੇਹੁ ਵਿਦਾਈ ਉਠ ਨੀ ਨੀਂਦ ਵਿਗੁੱਤੀਏ ਚੰਨ ਜਾਂਦਾ ਈ ਪੱਲਾ ਛੁਡਾਈ ਜਿਸ ਲੂੰ ਲੂੰ ਸ਼ਹਿਦ ਤਰੌਂਕਿਆ ਜਿਸ ਸੇਜੀਂ ਫੁਲ ਧਰੇ ਜਿਹੜਾ ਚੁੰਘ ਚੁੰਘ ਕੁਲ ਥਕਾਵਟਾਂ ਤਨ ਚੰਦਨ ਲੇਪ ਕਰੇ ਜਿਸ ਪੂੰਝੇ ਬੁਲ੍ਹ ਸੁਗੰਧ ਨਾਲ ਜਿਸ ਸੁਪਨੇ ਨੈਣ ਭਰੇ ਜਿਹੜਾ ਸੰਦਲੀ ਉਂਗਲਾਂ ਨਾਲ ਨੀ ਤੇਰੇ ਕੇਸੀਂ ਕੇਲ ਕਰੇ ਉਹ ਸੇਜ ਮਾਣ ਉਠ ਚੱਲਿਆ ਤੈਨੂੰ ਸੁਰਤ ਨਾ ਭੋਰਾ ਰਾਈ ਉਠ ਨੀ ਸਈਏ ਸੁੱਤੀਏ ਚੰਨ ਨੂੰ ਦੇਹੁ ਵਿਦਾਈ ਚੰਨ ਤੁਰ ਚਲਿਆ ਵੇਖ ਕੇ ਤਾਰਿਆਂ ਨੇ ਨੈਣ ਭਰੇ ਹਿਕ ਲਾ ਲਾ ਲਹਿਰਾਂ ਆਂਹਦੀਆਂ ਰਹੁ ਏਥੇ ਕੋਟ ਵਰ੍ਹੇ ਇਕ ਹਉਕਾ ਭਰਿਆ ਧੂੜ ਨੇ ਸਾਡੇ ਅੰਗ ਨ ਅਜੇ ਠਰੇ 'ਵਾ ਉਠੀ ਨੀਂਦਰ ਛਿਣਕ ਕੇ ਤੇ ਚੰਨ ਦੇ ਪੈਰ ਫੜੇ ਫੁਲ ਤ੍ਰਭਕੇ ਤੁਬਕੇ ਡੋਲ ਗਏ ਰਤ ਰੁੰਨੀ ਕੁੱਲ ਲੁਕਾਈ ਉਠ ਨੀ ਸਈਏ ਸੁੱਤੀਏ ਚੰਨ ਨੂੰ ਦੇਹੁ ਵਿਦਾਈ ਨੀ ਸਦਾ ਸੁਹਾਗਣ ਸੋਹਣੀਏ ਤੇਰਾ ਸਾਈਂ ਚਲਿਐ ਦੂਰ ਉਠ ਨੀ ਨੀਂਦ ਵਿਗੁੱਤੀਏ ਇਸ ਚੰਨ ਦਾ ਜਾਣ ਜ਼ਰੂਰ ਚੰਨ ਨ ਰੁਕਦੇ ਰੋਕਿਆਂ ਇਹ ਅਜ਼ਲਾਂ ਦਾ ਦਸਤੂਰ ਇਕ ਦੇਸ਼ ਪਹਾੜੋਂ ਪਾਰ ਵੀ ਜਿਥੇ ਵਿਛੇ ਹਨੇਰੇ ਗੂੜ੍ਹ ਜਿਥੇ ਸੀਖੇ ਅੰਗ ਹਵਾ ਦੇ ਜਿਥੇ ਧੂੜਾਂ ਗਰਮ ਮਨੂਰ ਚੰਨ ਤਪਸ਼ਾਂ ਠਾਰਨ ਚੱਲਿਆ ਤੁਸੀਂ ਹਸ ਹਸ ਜਰੋ ਜੁਦਾਈ ਉਠ ਨੀ ਸਈਏ ਸੁੱਤੀਏ ਚੰਨ ਨੂੰ ਦੇਹੁ ਵਿਦਾਈ ਉਠ ਨੀ ਨੀਂਦ ਵਿਗੁੱਤੀਏ ਚੰਨ ਜਾਂਦਾ ਈ ਪੱਲਾ ਛੁਡਾਈ 51 ਉਇ ਗੁਰੂਆ ਕਿਉਂ ਮੁੰਨਦਾ ਏਂ ਚੇਲੇ ਨਾ ਚੁਕ ਸਿਰ ਤੇ ਕੂੜ ਕਬਾੜਾ ਨਿਰੇ ਮਿੱਟੀ ਦੇ ਢੇਲੇ ਪੈਸੇ ਪੈਸੇ ਚੇਲਾ ਵਿਕਦਾ ਚੇਲੀ ਧੇਲੇ ਧੇਲੇ ਇਕ ਦੇਹੀ ਲਈ ਸੌ ਪਰਛਾਵੇਂ ਨਾ ਪਿਆ ਬੰਨ੍ਹ ਤਬੇਲੇ ਗੁਰ ਚੇਲੇ ਦੀ ਸਾਕਾਦਾਰੀ ਇਸ ਵਿਚ ਬਹੁਤ ਝਮੇਲੇ ਗੁਰਿਆਈ ਨੂੰ ਪਏ ਲੋਚਦੇ ਇਹ ਚੇਲੇ ਨੀ ਵਿਹਲੇ ਚੰਨ ਚੜ੍ਹਿਆ ਕੁਲ ਆਲਮ ਵੇਖੇ ਹਰ ਮੌਸਮ ਹਰ ਵੇਲੇ ਚਾਨਣ ਦਾ ਨਾ ਬਣ ਵਾਪਾਰੀ ਚੰਨ ਨ ਤੇਰੀ ਜੇਲ੍ਹੇ ਮੱਥੇ ਵਿਚ ਇਕ ਅੱਖ ਸੁਣੀਦੀ ਸੁੱਤੀ ਪਈ ਅਕੇਲੇ ਅਪਣੀ ਅੱਖ ਜਗਾ ਲੈ ਚੋਭ ਨ ਹੋਰ ਕਿਸੇ ਦੇ ਡੇਲੇ ਨਾ ਗੁਰ ਦਿਖਿਆ ਨਾ ਗੁਰ ਭਿਖਿਆ ਨਾ ਮਨ ਜੰਗਲ ਬੇਲੇ ਗੁਰੂ ਤਾਂ ਹਰਿ ਜੀ ਨੇਮ ਨੇਮ ਹੈ ਆਪਣ ਆਪੇ ਖੇਲੇ 52 ਅਜੇ ਤੂੰ ਨ ਹੋਇਆ ਸ਼ੁਰੂ ਅਜੇ ਕੁਝ ਨ ਸਿਖਿਆ ਨਸਿਖਿਆ ਹੀ ਲਿਖਿਆ ਤੂੰ ਚੇਲੇ ਤੋਂ ਪਹਿਲਾਂ ਗੁਰੂ ਤੂੰ ਨਿਰੀਆਂ ਹਵਾਵਾਂ 'ਚ ਲਿਖਿਆ ਏ ਨਾਵਾਂ ਇਹ ਨਾਵਾਂ ਤਾਂ ਅੱਜ ਕਲ੍ਹ ਭੁਰੂ ਤੂੰ ਜੋੜੇ ਨ ਪਹੀਏ ਤੇ ਕਹਿੰਦਾ ਏਂ ਬਹੀਏ ਤੇਰੀ ਗੱਡ ਕੀਕਣ ਤੁਰੂ ਤੁਰੇਂ ਪੈਰ ਨੰਗੇ ਤੇ ਸਪ ਕਿਉਂ ਨ ਡੰਗੇ ਇਹਦਾ ਜ਼ਹਿਰ ਸਰਪਰ ਚੜ੍ਹੂ ਸਦਾ ਸੱਪ ਜਾਗੇ ਸਦਾ ਤੇਰੇ ਲਾਗੇ ਇਹ ਵੈਰੀ ਊ ਤੇਰਾ ਗੁਰੂ ਤੇਰੇ ਭਾਗ ਚੰਗੇ ਗੁਰੂ ਗਿਆਨ ਡੰਗੇ ਤੇਰੀ ਗੱਲ ਹੋਈ ਸ਼ੁਰੂ 53 ਹਰਿ ਜੀ ਹੋਰ ਲਿਖੋ ਹੁਣ ਬਾਣੀ ਬੋਧ ਬਿਚਾਰੋ ਸੋਧ ਸੁਧਾਰੋ ਜੋ ਲਿਖਿਆ ਹੁਣ ਤਾਣੀ ਸੋਚ ਕਹੇ ਤਾਂ ਪੋਚ ਵੀ ਦੇਵੋ ਤਖ਼ਤੀ ਫੇਰੋ ਪਾਣੀ ਉਮਰ ਵਿਹਾਈ ਲੀਕ ਜੂ ਵਾਹੀ ਹੁਣ ਤੀਕਰ ਅਭਿਮਾਨੀ ਏਸ ਲੀਕ ਦੇ ਬਣੋ ਨ ਕੈਦੀ ਲਾਹੋ ਕੁੰਜ ਪੁਰਾਣੀ ਡਰ ਡਰ ਕੇ ਤੁਸਾਂ ਬੋਲ ਉਚਾਰੇ ਮਰ ਮਰ ਲਿਖਿਆ ਕਾਨੀ ਭੇਖੀ ਬਾਤ ਕਹੀ ਮੂੰਹ ਵੇਖੀ ਅੱਖਰ ਜੋੜ ਜਬਾਨੀ ਇਹ ਪੰਡਤਾਈ ਇਹ ਚਤਰਾਈ ਕਿਤੇ ਨ ਆਵਣ ਜਾਣੀ ਮਹਾਂਗਿਆਨੀ ਤੱਤ ਸਮਝ ਲੈ ਜੀਵਨ ਹੈ ਅਗਿਆਨੀ ਨਾ ਬੋਲੋ ਤੁਸੀਂ ਧੁਰ ਪਾਤਾਲੋਂ ਨਾ ਬੋਲੋ ਅਸਮਾਨੀ ਧੁਰ ਆਪੇ 'ਚੋਂ ਬੋਲੋ ਹਰਿ ਜੀ ਛੱਡੋ ਬਾਤ ਬਿਗ਼ਾਨੀ 54 ਅਜ ਦੀ ਅਜ ਮੈਂ ਜੀਣਾ ਅਜ ਦੀ ਅਜ ਤੂੰ ਜੀਣਾ ਤੇਰੀ ਰੁਤ ਮੇਰੇ ਸਾਹ ਤੁਰ ਆਏ ਦੋਸ਼ ਨ ਮੇਰਾ ਕਾਈ ਮੇਰੀ ਰੁਤ ਤੈਨੂੰ ਜੋਬਨ ਚੜ੍ਹਿਆ ਇਹ ਕਿਸ ਦੀ ਵਡਿਆਈ ਨਾ ਤੂੰ ਅਪਣਾ ਰੂਪ ਸਾਜਿਆ ਨਾ ਮੈਂ ਇਸ਼ਕ ਕਮਾਇਆ ਅਣਚਾਹੇ ਕੁਲ ਮਿੱਟੀ ਮੌਲੀ ਕੋਸੀ ਰੁਤ ਦੀ ਮਾਇਆ ਭਲੇ ਬੁਰੇ ਅਸੀਂ ਇਕ ਦੂਜੇ ਦੇ ਬਲਵਾਨਾ ਬਲਹੀਨਾ ਇਕ ਤਾਂ ਸਜਣ ਸਾਡੀ ਉਮਰ ਕੁਵੇਲੇ ਦੂਜੇ ਮਿਲਣ ਕੁਥਾਵਾਂ ਇਕ ਬਿਰਛਾਂ ਤੋਂ ਪੱਤੀਆਂ ਰੁਸੀਆਂ ਇਕ ਪੱਤੀਆਂ ਤੋਂ ਛਾਵਾਂ ਵਗਦੀਆਂ ਰਾਹਵਾਂ ਤੇ ਲੁੰਞੀਆਂ ਛਾਵਾਂ ਨਾ ਕੋਈ ਕੱਜਣ ਚੋਲਾ ਨੰਗ ਮੁਨੰਗੀ ਤੇਹ ਸਾਡੇ ਤਨ ਦੀ ਇਕ ਚਾਨਣ ਸਾਡਾ ਉਹਲਾ ਬਿਨ ਅਧਿਕਾਰੋਂ ਇਕ ਦੂਜੇ ਦੇ ਤਨ ਦਾ ਪਾਣੀ ਪੀਣਾ ਇਕ ਸਾਡੇ ਤਨ ਨੂੰ ਉਮਰਾ ਬਖ਼ਸ਼ੀ ਇਕ ਬਖ਼ਸ਼ੀ ਖ਼ੁਸ਼ਬੋਈ ਮਹਿਕ ਬੇਉਮਰੀ ਉਮਰ ਬੇਮਹਿਕੀ ਇਹ ਕੀ ਵੈਰ ਕੀਤੋਈ ਬਾਬਲ ਸਾਡੇ ਕਾਜ ਰਚਾਇਆ ਲੱਭ ਉਮਰ ਦਾ ਹਾਣੀ ਮਹਿਕਾਂ ਦੇ ਵੀ ਅੰਗ ਤਿਹਾਏ ਇਹ ਕਿਸੇ ਸਾਰ ਨ ਜਾਣੀ ਮਨ ਕੰਜਕ ਤਨੁ ਕਾਮਣਿ ਜੋਬਨ ਕੰਤੇ ਲਈ ਪਰੀਹਣਾ ਅੱਜ ਦੀ ਅੱਜ ਤੂੰ ਜੀਣਾ ਅੱਜ ਦੀ ਅੱਜ ਮੈਂ ਜੀਣਾ 55 ਚੁੱਪ ਕਰ ਜਾ ਮੇਰੀ ਜੀਭ ਨਜੀਭੇ ਤੂੰ ਬੋਲੇਂ ਤਾਂ ਮੀਤ ਅਮੀਤੇ ਉਇ ਮੇਰੇ ਬੋਲ ਅਬੋਲੇ ਹੋ ਜਾ ਹੋਣ ਤੋਂ ਪਹਿਲਾਂ ਹੋਏ ਬੀਤੇ ਬਿਨ ਬੋਲੇ ਵੀ ਸਰ ਜਾਏਗੀ ਬਾਤ ਚਲੇਗੀ ਚੁਪ ਚੁਪੀਤੇ ਚੁਪ ਚੁਪੀਤੀ ਨੇ ਜੋ ਡੰਗਿਆ ਕੌਣ ਕਹੂ ਇਹਦੇ ਬੁਲ੍ਹ ਸੀਤੇ ਤੂੰਹੀਓਂ ਮਰ ਜਾ ਮੇਰੀਏ ਬਾਤੇ ਕੀ ਖਟਿਆ ਮੈਂ ਬਾਤੇ ਚੀਤੇ ਮੈਂ ਹੀ ਨਾ-ਹੋਇਆ ਹੋ ਜਾਵਾਂ ਏਦਾਂ ਹੀ ਮੁੜਣੇ ਜੇ ਮੀਤੇ ਮੀਤ ਆਏ ਘਰ ਮੈਂ ਨਾ ਹੋਇਆ ਕੀ ਆਖਣਗੇ ਮੇਰੀਏ ਪ੍ਰੀਤੇ ? 56 ਮੈਂ ਦਿਵਸ ਨਹੀਂ ਜੋ ਅੱਜ ਵੀ ਆਇਆ ਕਲ੍ਹ ਵੀ ਆਵਾਂਗਾ ਇਕਰਾਰ ਨਹੀਂ ਇਕ ਵਾਰ ਨਿਭਾਂ ਸੌ ਵਾਰ ਨਿਭਾਵਾਂਗਾ ਇਹ ਸੂਰਜ ਆਪਣਾ ਗੋਰਾ ਮੁਖੜਾ ਰੋਜ਼ ਵਿਖਾਂਦਾ ਹੈ ਇਹ ਰੋਜ਼ ਸਮੇਂ ਸਿਰ ਆਉਂਦਾ ਬਹਿੰਦਾ ਤੇ ਤੁਰ ਜਾਂਦਾ ਹੈ ਇਸ ਨੇਮ ਦੀਆਂ ਗਲਬਾਹੀਆਂ ਵਿਚ ਮੈਂ ਕਿਵੇਂ ਸਮਾਵਾਂਗਾ ਇਹ ਵੇਲ ਬਹਾਰਾਂ ਅੰਦਰ ਇਕੋ ਫੁਲ ਖਿੜਾਂਦੀ ਹੈ ਤੇ ਪਤਝੜ ਦੇ ਵਿਚ ਸਿਰਨੰਗੀ ਹੋ ਰੋਂਦੀ ਜਾਂਦੀ ਹੈ ਮੈਂ ਵੇਲ ਨਹੀਂ ਜੀ ਚਾਹੇ ਜੀਵਾਂ ਯਾ ਮਰ ਜਾਵਾਂਗਾ ਤੂੰ ਹੁਸਨ ਤੈਨੂੰ ਤਾਂ ਇੱਕੋ ਰੁਤ ਦੀ ਸਦਾ ਗਵਾਹੀ ਹੈ ਪਰ ਇਸ਼ਕ ਮੇਰੇ ਨੂੰ ਕਿਸੇ ਉਮਰ ਦੀ ਕਦੋਂ ਮਨਾਹੀ ਹੈ ਮੈਂ ਇਕ ਦੀਵੇ ਵਿਚ ਚੌਰਾਸੀ ਲਖ ਜੋਤ ਜਗਾਵਾਂਗਾ ਮੈਂ ਤਨ ਦੀ ਰਾਹੀਂ ਮੁੜ ਮੁੜ ਲੰਘਾਂ ਇਹ ਤਾਂ ਆਸ ਨਹੀਂ ਤੇ ਬਾਰ ਬਾਰ ਚੁੰਮਣ ਹੀ ਡੀਕਾਂ ਏਨੀ ਪਿਆਸ ਨਹੀਂ ਮੈਂ ਕਦੇ ਅਜੀਵਨ ਜੀਵਾਂ ਅਣਚਾਹਿਆ ਵੀ ਚਾਹਾਂਗਾ ਮੈਂ ਦਿਵਸ ਨਹੀਂ ਜੋ ਅੱਜ ਵੀ ਆਇਆ ਕਲ੍ਹ ਵੀ ਆਵਾਂਗਾ ਇਕਰਾਰ ਨਹੀਂ ਇਕ ਵਾਰ ਨਿਭਾਂ ਸੌ ਵਾਰ ਨਿਭਾਵਾਂਗਾ